੭ ਭਾਦਰੋਂ ੨੦੧੬ ਬਿਕ੍ਰਮੀ ਨਰਾਇਣ ਸਿੰਘ ਦੇ ਘਰ ਪਿੰਡ ਗੁਮਾਨ ਪੁਰ ਜ਼ਿਲਾ ਅੰਮ੍ਰਿਤਸਰ
ਗੁਰਸਿਖਾਂ ਨਾਮ ਭੰਡਾਰ, ਹਰੀ ਹਰਿ ਆਪ ਵਰਤਾਇੰਦਾ। ਗੁਰਮੁਖਾਂ ਸੁਹਾਏ ਬੰਕ ਦੁਵਾਰ, ਨਿਝ ਮੰਦਰ ਵੇਖ ਵਖਾਇੰਦਾ। ਸੰਤ ਸੁਹੇਲੇ ਪਾਵੇ ਸਾਰ, ਨਿਰਮਲ ਜੋਤੀ ਜੋਤ ਜਗਾਇੰਦਾ। ਭਗਤ ਭਗਵੰਤ ਖੇਲ ਅਪਾਰ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇੰਦਾ। ਭਗਤਨ ਮੀਤਾ ਬੇਅੰਤ, ਪਰਮ ਪੁਰਖ ਸੁਲਤਾਨਿਆ। ਵੇਖਣਹਾਰਾ ਸਾਚੇ ਸੰਤ, ਗੁਣ ਦੇਵੇ ਨਾਮ ਨਿਧਾਨਿਆ। ਗੁਰਮੁਖਾਂ ਬਣਾਏ ਆਪੇ ਬਣਤ, ਸ਼ਬਦ ਜਣਾਈ ਧੁਰ ਫ਼ਰਮਾਣਿਆ। ਗੁਰਮੁਖਾਂ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਕਰ ਕਿਰਪਾ ਮੇਲ ਮਿਲਾਨਿਆ। ਜਗਤ ਵਿਚੋਲਾ ਸ੍ਰੀ ਭਗਵੰਤ, ਸ਼ਬਦ ਸੁਣਾਏ ਰਾਗੀ ਨਾਦ ਤਰਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਦੋ ਜਹਾਨਿਆ। ਗੁਰਮੁਖ ਮੇਲਾ ਗੁਣ ਨਿਧਾਨ, ਹਰਿ ਗੋਬਿੰਦ ਮੇਲ ਮਿਲਾਇੰਦਾ। ਗੁਰਮੁਖ ਸੱਜਣ ਚਤੁਰ ਸੁਜਾਣ, ਦਰ ਸਾਚੇ ਸੋਭਾ ਪਾਇੰਦਾ। ਸੰਤ ਸੁਹੇਲੇ ਕਰ ਪਛਾਣ, ਆਪ ਆਪਣੀ ਗੋਦ ਬਿਠਾਇੰਦਾ। ਭਗਤਾਂ ਦੇਵੇ ਇਕ ਨਿਸ਼ਾਨ, ਸਚ ਦੁਵਾਰੇ ਆਪ ਝੁਲਾਇੰਦਾ। ਸਚਖੰਡ ਬੈਠ ਸ੍ਰੀ ਭਗਵਾਨ, ਏਕੰਕਾਰਾ ਰੰਗ ਰੰਗਾਇੰਦਾ। ਅਲੱਖ ਨਿਰੰਜਣ ਬੋਲ ਜੈਕਾਰ, ਆਪਣੀ ਅਲੱਖ ਜਗਾਇੰਦਾ। ਸਤਿ ਪੁਰਖ ਨਿਰੰਜਣ ਸਾਚੀ ਧਾਰ, ਸਤਿ ਸਤਿਵਾਦੀ ਆਪ ਨਿਭਾਇੰਦਾ। ਪ੍ਰਗਟ ਹੋ ਵਿਚ ਸੰਸਾਰ, ਲੋਕਮਾਤੀ ਵੇਸ ਵਟਾਇੰਦਾ। ਗੁਰਮੁਖਾਂ ਕਰੇ ਇਕ ਪਿਆਰ, ਏਕਾ ਬੂਝ ਬੁਝਾਇੰਦਾ। ਗੁਰਮੁਖ ਨੇਤਰ ਦਏ ਉਘਾੜ, ਏਕਾ ਬ੍ਰਹਮ ਜਣਾਇੰਦਾ। ਸਾਚੇ ਸੰਤ ਸੁੱਤ ਦੁਲਾਰ, ਆਪ ਆਪਣੇ ਰੰਗ ਰੰਗਾਇੰਦਾ। ਭਗਤਨ ਮੀਤਾ ਭੇਵ ਨਿਆਰ, ਆਦਿ ਅੰਤ ਹਰਿ ਭਗਵੰਤ ਸਾਚਾ ਸੰਗ ਨਿਭਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਖੇਲੇ ਖੇਲ ਅਗੰਮ ਅਪਾਰ, ਨਿਝ ਘਰ ਵਾਸੀ ਆਸਣ ਲਾਇੰਦਾ। ਸ਼ਾਹੋ ਸ਼ਾਬਾਸ਼ੀ ਮੰਡਲ ਰਾਸੀ ਜੋਤ ਉਜਿਆਰ, ਨੂਰੋ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਵੰਤਾ ਏਕੰਕਾਰ, ਜੁਗਾ ਜੁਗੰਤਰ ਕਰੇ ਸਾਚੀ ਕਾਰ, ਜੁਗ ਕਰਤਾ ਆਪ ਅਖਵਾਇੰਦਾ । ਕਰਤਾ ਪੁਰਖ ਹਰਿ ਕਰਤਾਰ, ਗੁਰਮੁਖਾਂ ਵੇਖ ਵਖਾਈਆ। ਗੁਰਮੁਖਾਂ ਦੇਵੇ ਚਰਨ ਪਿਆਰ, ਆਪ ਆਪਣਾ ਦਰ ਵਖਾਈਆ। ਸੰਤ ਸੁਹੇਲੇ ਕਰ ਤਿਆਰ, ਲੋਕਮਾਤ ਕਰੇ ਰੁਸ਼ਨਾਈਆ। ਭਗਤਾਂ ਦੇਵੇ ਸਚ ਭੰਡਾਰ, ਸਾਚਾ ਨਾਮ ਵਰਤਾਈਆ। ਆਪੇ ਵਸੇ ਸਭ ਤੋਂ ਬਾਹਿਰ, ਆਪੇ ਹਰ ਘਟ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਕਿਰਪਾ ਝੋਲੀ ਪਾਈਆ। ਗੁਰ ਕਿਰਪਾ ਹਰਿ ਜਾਣਿਆ, ਪਰਮ ਪੁਰਖ ਕਰਤਾਰ। ਗੁਰਸਿਖ ਆਪਣਾ ਆਪ ਪਛਾਣਿਆ, ਤਜਿਆ ਕਾਮ ਕਰੋਧ ਲੋਭ ਮੋਹ ਹੰਕਾਰ। ਗੁਰਮੁਖ ਚੜ੍ਹਿਆ ਸ਼ਬਦ ਬਿਬਾਨਿਆ, ਜਗਤ ਤ੍ਰਿਸ਼ਨਾ ਭੁੱਖ ਨਿਵਾਰ। ਸੰਤਾਂ ਪਾਇਆ ਪਦ ਨਿਰਬਾਨਿਆ, ਘਰ ਚੌਥੇ ਮੇਲਾ ਕੰਤ ਭਤਾਰ। ਭਗਤਨ ਵੇਖੇ ਗੁਣ ਨਿਧਾਨਿਆ, ਨਿਰਗੁਣ ਸਰਗੁਣ ਕਰ ਪਿਆਰ। ਸ਼ਾਹੋ ਭੂਪ ਸੱਚਾ ਸੁਲਤਾਨਿਆ, ਇਕ ਇਕੱਲਾ ਏਕੰਕਾਰ। ਜੁਗ ਜੁਗ ਖੇਲੇ ਖੇਲ ਦੋ ਜਹਾਨਿਆ, ਗਗਨ ਮੰਡਲ ਬੰਨ੍ਹੇ ਧਾਰ। ਪ੍ਰਿਥਮੀ ਅਕਾਸ਼ ਹੋ ਪ੍ਰਧਾਨਿਆ, ਰਵ ਸਸ ਪਾਏ ਸਾਰ। ਲੱਖ ਚੁਰਾਸੀ ਵੇਖ ਵਖਾਨਿਆ, ਕਰਮ ਧਰਮ ਕਰੇ ਵਿਚਾਰ। ਆਦਿ ਜੁਗਾਦੀ ਖੇਲ ਮਹਾਨਿਆ, ਖੇਲੇ ਖੇਲ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਵਿਗਸੇ ਕਰੇ ਵਿਚਾਰ। ਗੁਰਸਿਖ ਗੁਰ ਸਲਾਹੀਆ, ਰਸਨਾ ਜਿਹਵਾ ਹਰਿ ਹਰਿ ਨਾਉਂ। ਗੁਰਮੁਖਾਂ ਵਡ ਵਡਿਆਈਆ, ਘਰ ਪਾਇਆ ਬੇਪਰਵਾਹੋ। ਘਰ ਸੰਤਨ ਵੱਜੇ ਵਧਾਈਆ, ਕੰਤ ਮਿਲਾਵਾ ਸ਼ਹਿਨਸ਼ਾਹੋ। ਭਗਤ ਭਗਵੰਤ ਨਾ ਹੋਏ ਜੁਦਾਈਆ, ਨਿਰਗੁਣ ਸਰਗੁਣ ਵਸੇ ਏਕਾ ਥਾਉਂ। ਗੁਰ ਸ਼ਬਦ ਸੱਚੀ ਕੁੜਮਾਈਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਕਰੇ ਸਚ ਨਿਆਉਂ। ਸਚ ਨਿਆਉਂ ਸਚ ਘਰ, ਹਰਿ ਸੱਚਾ ਆਪ ਕਰਾਇੰਦਾ। ਆਪੇ ਗੁਰਸਿਖ ਦੇਵੇ ਵਰ, ਆਪੇ ਪੂਰ ਕਰਾਇੰਦਾ। ਆਪੇ ਗੁਰਮੁਖਾਂ ਅੰਦਰ ਜਾਏ ਵੜ, ਆਪੇ ਆਪਣਾ ਭੇਵ ਖੁਲ੍ਹਾਇੰਦਾ। ਆਪੇ ਸੰਤਾਂ ਚੋਟੀ ਜਾਏ ਚੜ੍ਹ, ਆਪਣਾ ਗੜ੍ਹ ਸੁਹਾਇੰਦਾ। ਆਪੇ ਹਰਿ ਭਗਤਾਂ ਲਏ ਫੜ, ਆਪ ਆਪਣਾ ਸੰਗ ਨਿਭਾਇੰਦਾ। ਜੁਗਾ ਜੁਗੰਤਰ ਘਾੜਣ ਘੜ, ਘੜੇ ਭੰਨੇ ਭੰਨ ਵਖਾਇੰਦਾ। ਆਪਣੇ ਨਾਲ ਆਪੇ ਲੜ, ਆਪੇ ਵੇਖ ਵਖਾਇੰਦਾ। ਆਪਣੀ ਵਿਦਿਆ ਆਪੇ ਪੜ੍ਹ, ਆਪੇ ਹੁਕਮ ਚਲਾਇੰਦਾ। ਆਪੇ ਤੋੜਣਹਾਰਾ ਗੜ੍ਹ, ਆਪੇ ਖੰਡਾ ਨਾਮ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਿਮੰਡਾਂ ਵੇਖ ਵਖਾਇੰਦਾ। ਬ੍ਰਹਿਮੰਡ ਖੰਡ ਹਰਿ ਕਰ ਪਸਾਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਲੋਕਮਾਤ ਲਏ ਅਵਤਾਰਾ, ਗੁਰਮੁਖ ਬਾਲ ਅੰਞਾਣੇ ਲਏ ਉਠਾਈਆ। ਦੇਵੇ ਨਾਮ ਸ਼ਬਦ ਸਚ ਭੰਡਾਰਾ, ਗੁਰਮੁਖਾਂ ਝੋਲੀ ਪਾਈਆ। ਸੰਤ ਸੁਹੇਲਾ ਬਣ ਵਰਤਾਰਾ, ਆਪਣੀ ਭਿਛਿਆ ਰਿਹਾ ਵਖਾਈਆ। ਭਗਤਨ ਸੋਹੇ ਸਤਿ ਦੁਵਾਰਾ, ਸਤਿ ਸਤਿਵਾਦੀ ਵੇਖ ਵਖਾਈਆ। ਨਿਰਗੁਣ ਜੋਤੀ ਕਰ ਉਜਿਆਰਾ, ਆਦਿ ਜੁਗਾਦੀ ਡਗਮਗਾਈਆ। ਖੜਗ ਖੰਡਾ ਤੇਜ ਕਟਾਰਾ, ਚੰਡ ਪ੍ਰਚੰਡ ਨਾਮ ਰਖਾਈਆ। ਮਨਮੁਖ ਮਨਮਤ ਕਰੇ ਖੁਵਾਰਾ, ਕੂੜੀ ਕਿਰਿਆ ਦਏ ਗਵਾਹੀਆ। ਨਾਤਾ ਤੋੜ ਜਗਤ ਹੰਕਾਰਾ, ਹਉਮੇ ਹੰਗਤਾ ਰਹਿਣ ਨਾ ਪਾਈਆ। ਚਾਰ ਕੁੰਟ ਦਹਿ ਦਿਸ਼ਾ ਹਰਿ ਪਾਵੇ ਸਾਰਾ, ਨੌ ਸਤ ਫੇਰਾ ਪਾਈਆ। ਗੁਰਮੁਖਾਂ ਬਖ਼ਸ਼ੇ ਚਰਨ ਪਿਆਰਾ, ਗੁਰਮੁਖ ਸਾਚੀ ਸੇਵ ਕਮਾਈਆ। ਸੰਤ ਸੰਗ ਰੰਗ ਰਲੀਆਂ ਮਾਣੇ ਕੰਤ ਭਤਾਰਾ, ਆਤਮ ਸੇਜਾ ਸਚ ਹੰਡਾਈਆ। ਜਨ ਭਗਤਾਂ ਅੰਦਰ ਸੁੱਤਾ ਪੈਰ ਪਸਾਰਾ, ਆਪ ਆਪਣਾ ਆਸਣ ਲਾਈਆ। ਜੁਗਾ ਜੁਗੰਤਰ ਅਵੱਲੜੀ ਕਾਰਾ, ਆਪ ਆਪਣੀ ਰਿਹਾ ਕਰਾਈਆ। ਕਲਜੁਗ ਅੰਤਮ ਲਏ ਅਵਤਾਰਾ, ਨਿਹਕਲੰਕਾ ਨਾਉਂ ਰਖਾਈਆ। ਬ੍ਰਹਿਮੰਡਾਂ ਖੰਡਾਂ ਦਏ ਹੁਲਾਰਾ, ਲੋਆਂ ਪੁਰੀਆਂ ਰਿਹਾ ਹਿਲਾਈਆ। ਗੁਰਮੁਖਾਂ ਦੇਵੇ ਇਕ ਸਹਾਰਾ, ਅੰਮ੍ਰਿਤ ਆਤਮ ਜਾਮ ਪਿਆਈਆ। ਗੁਰਮੁਖਾਂ ਤਨ ਵਜਾਏ ਨਗਾਰਾ, ਅਨਹਦ ਢੋਲ ਸੁਣਾਈਆ। ਸੰਤਾਂ ਮੰਦਰ ਹੋ ਉਜਿਆਰਾ, ਨਿਰਗੁਣ ਜੋਤੀ ਨੂਰ ਕਰੇ ਰੁਸ਼ਨਾਈਆ। ਭਗਤਨ ਮੰਗੇ ਦਰ ਬਣ ਭਿਖਾਰਾ, ਪਾਰਬ੍ਰਹਮ ਵੱਡੀ ਵਡਿਆਈਆ। ਅਲੱਖ ਅਗੋਚਰ ਭੇਵ ਨਿਆਰਾ, ਬੋਧ ਅਗਾਧ ਸ਼ਬਦ ਜਣਾਈਆ। ਰਥ ਰਥਵਾਹੀ ਵਿਚ ਸੰਸਾਰਾ, ਜੁਗ ਜੁਗ ਆਪਣਾ ਰਥ ਚਲਾਈਆ। ਕਲਜੁਗ ਵੇਖੇ ਡੂੰਘੀ ਗਾਰਾ, ਚਾਰੋਂ ਕੁੰਟ ਫੋਲ ਫੁਲਾਈਆ। ਲੱਖ ਚੁਰਾਸੀ ਮਾਰੇ ਨਾਅਰਾ, ਹਾਹਾਕਾਰ ਰਹੀ ਮਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਜੋਤ ਉਜਾਲਾ, ਜੋਤੀ ਜੋਤ ਜੋਤ ਜਗਾਇੰਦਾ। ਗੁਰਮੁਖਾਂ ਕਰੇ ਸਦਾ ਪ੍ਰਿਤਪਾਲਾ, ਪ੍ਰਿਤਪਾਲਕ ਨਾਉਂ ਧਰਾਇੰਦਾ। ਗੁਰਮੁਖਾਂ ਗਲ ਪਾਏ ਮਾਲਾ, ਨਾਮ ਆਪਣਾ ਆਪ ਸੁਹਾਇੰਦਾ। ਸੰਤਨ ਤੋੜ ਜਗਤ ਜੰਜਾਲਾ, ਜਾਗਰਤ ਜੋਤ ਇਕ ਵਖਾਇੰਦਾ। ਭਗਤਨ ਮੇਲਾ ਸਚ ਸੱਚੀ ਧਰਮਸਾਲਾ, ਘਰ ਮੰਦਰ ਇਕ ਵਖਾਇੰਦਾ। ਘਰ ਦਰ ਘਰ ਖੇਲ ਨਿਰਾਲਾ, ਹਰਿ ਸਾਚਾ ਆਪ ਖਲਾਇੰਦਾ। ਜੋਤ ਸਰੂਪੀ ਜੋਤੀ ਦੀਪਕ ਬਾਲਾ, ਅਗਿਆਨ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮੰਦਰ ਹਰਿ ਸੁਹਾਇੰਦਾ। ਘਰ ਮੰਦਰ ਹਰਿ ਮਾਣਕ ਮੋਤੀ, ਰਤਨ ਜਵਾਹਰ ਜੋੜ ਜੁੜਾਇਆ। ਭਗਤ ਚੜ੍ਹਾਏ ਆਪਣੀ ਚੋਟੀ, ਆਪੇ ਰਾਹ ਵਖਾਇਆ। ਸੰਤਾਂ ਵਾਸਨਾ ਕੱਢੇ ਖੋਟੀ, ਨਿਰਮਲ ਨਿਰਮਲ ਰੂਪ ਸਮਾਇਆ। ਗੁਰਸਿਖ ਉਭਾਰੇ ਵਿਚੋਂ ਕੋਟੀ, ਕੋਟਨ ਕੋਟਾਂ ਫੋਲ ਫੁਲਾਇਆ। ਗੁਰਮੁਖਾਂ ਹੱਥ ਫੜਾਏ ਨਾਮ ਸੋਟੀ, ਸਚ ਮਾਰਗ ਏਕਾ ਲਾਇਆ। ਮਨਮੁਖ ਕਰੇ ਬੋਟੀ ਬੋਟੀ, ਕਲਜੁਗ ਭੁੰਨ ਕਬਾਬ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਅਹਿਬਾਬ ਰਬਾਬ ਇਕ ਵਜਾਇਆ। ਸਚ ਰਬਾਬ ਹਰਿ ਸਤਾਰ, ਨਾਮਾ ਨਾਮ ਵਜਾਈਆ। ਗੁਰਮੁਖਾਂ ਕਰ ਇਕ ਪਿਆਰ, ਏਕਾ ਰੰਗ ਰੰਗਾਈਆ। ਦੂਜਾ ਦਰ ਵੇਖ ਵਿਚਾਰ, ਗੁਰਮੁਖ ਸਾਚੇ ਲਏ ਜਗਾਈਆ। ਤੀਜਾ ਨੇਤਰ ਖੋਲ੍ਹ ਕਿਵਾੜ, ਹਰਿ ਸੰਤਨ ਵੇਖ ਵਖਾਈਆ। ਭਗਤ ਭਗਵੰਤ ਦਰ ਘਰ ਸਾਚੇ ਦੇਵੇ ਵਾੜ, ਪੰਚਮ ਵੱਜਦੀ ਰਹੇ ਵਧਾਈਆ। ਆਪੇ ਸੋਹੇ ਸਚ ਦੁਵਾਰ, ਛੱਪਰ ਛੰਨ ਨਾ ਕੋਈ ਛੁਹਾਈਆ। ਰੰਗ ਰੰਗੀਲਾ ਸਾਂਝਾ ਯਾਰ, ਪਰਵਰਦਿਗਾਰ ਆਪ ਅਖਵਾਈਆ। ਲੋਕਮਾਤੀ ਲੈ ਅਵਤਾਰ, ਕਲਜੁਗ ਅੰਤਮ ਵੇਸ ਵਟਾਈਆ। ਨਿਹਕਲੰਕਾ ਨਾਉਂ ਉਚਾਰ, ਆਪਣਾ ਡੰਕ ਆਪ ਵਜਾਈਆ। ਭਗਤਾਂ ਦੇਵੇ ਇਕ ਅਧਾਰ, ਏਕਾ ਘਰ ਵਖਾਈਆ। ਸੰਤ ਸੁਹਾਏ ਬੰਕ ਦੁਵਾਰ, ਸੋਭਾਵੰਤ ਵੱਡੀ ਵਡਿਆਈਆ। ਗੁਰਮੁਖ ਮੰਗੇ ਬਣ ਭਿਖਾਰ, ਸਾਚੀ ਭਿਛਿਆ ਝੋਲੀ ਪਾਈਆ। ਗੁਰਮੁਖਾਂ ਗੇੜਾ ਦਏ ਨਿਵਾਰ, ਆਵਣ ਜਾਵਣ ਫੰਦ ਕਟਾਈਆ। ਰਾਏ ਧਰਮ ਨਾ ਕਰੇ ਖ਼ਵਾਰ, ਲਾੜੀ ਮੌਤ ਨਾ ਲਏ ਪ੍ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਥਾਉਂ ਥਾਈਂਆ। ਗੁਰਸਿਖ ਸੱਜਣ ਹਰਿ ਹਰਿ ਪਾਇਆ, ਆਤਮ ਭਇਆ ਅਨੰਦ। ਗੁਰਮੁਖ ਸਹਿੰਸਾ ਰੋਗ ਮੁਕਾਇਆ, ਨਿਝ ਅੰਤਰ ਨਿਝਾ ਨੰਦ। ਹਰਿ ਸੰਤਨ ਸੰਗ ਨਿਭਾਇਆ, ਅਬਿਨਾਸ਼ੀ ਕਰਤਾ ਵਸਿਆ ਸੰਗ। ਭਗਤਾਂ ਭਗਤੀ ਜੋਗ ਕਮਾਇਆ, ਘਰ ਨਾਮ ਵੱਜੇ ਮਰਦੰਗ। ਪੁਰਖ ਅਬਿਨਾਸ਼ੀ ਖੇਲ ਖਲਾਇਆ, ਆਪੇ ਹੋਏ ਬਾਲ ਭੁਯੰਗ। ਨੌਜਵਾਨ ਵੇਸ ਵਟਾਇਆ, ਜੋਧਾ ਸੂਰਾ ਸੂਰਬੀਰ ਸਰਬੰਗ। ਕਲਜੁਗ ਬੁੜੇਪਾ ਵੇਖਣ ਆਇਆ, ਲੱਖ ਚੁਰਾਸੀ ਹੋਈ ਨੰਗ। ਗੁਰਮੁਖਾਂ ਜਗਤ ਰੰਡੇਪਾ ਦਏ ਕਟਾਇਆ, ਸਤਿਜੁਗ ਮੰਗੇ ਸਾਚੀ ਮੰਗ। ਸਤਿਗੁਰ ਪੂਰੇ ਸਗਨ ਮਨਾਇਆ, ਹੱਥੀਂ ਮਹਿੰਦੀ ਲਾਲ ਰੰਗ। ਸੋਹੰ ਜੋੜਾ ਆਪ ਜੁੜਾਇਆ, ਨਿਰਗੁਣ ਸਰਗੁਣ ਹੱਥੀ ਪਾਈ ਵੰਗ। ਲਾਲ ਸਾਲੂ ਇਕ ਰੰਗਾਇਆ, ਪੁਰਖ ਅਬਿਨਾਸ਼ੀ ਚਾੜ੍ਹਿਆ ਰੰਗ। ਸਾਚਾ ਗਾਨਾ ਹੱਥ ਬੰਧਾਇਆ, ਫੜਿਆ ਤਾਲ ਢੋਲ ਮਰਦੰਗ। ਸੋਲਾਂ ਸ਼ਿੰਗਾਰ ਤਨ ਵਖਾਇਆ, ਬਸਤਰ ਭੂਸ਼ਨ ਲਾਏ ਅੰਗ। ਹਰਿ ਕਾ ਨਾਮ ਜ਼ੇਵਰ ਪਾਇਆ, ਆਪੇ ਪਰਖੇ ਬਣ ਸਰਾਫ ਮੰਦਾ ਚੰਗ। ਨੇਤਰ ਕਜਲਾ ਧਾਰ ਬੰਧਾਇਆ, ਤ੍ਰੈਗੁਣ ਮਾਇਆ ਨਾ ਮਾਰੇ ਡੰਗ। ਮਸਤਕ ਬਿੰਦੀ ਇਕ ਵਿਖਾਇਆ, ਜੋਤ ਨਿਰੰਜਣ ਲਾਏ ਅੰਗ। ਸੋਹਣਾ ਸੀਸ ਆਪ ਗੁੰਦਾਇਆ, ਖੇਲੇ ਖੇਲ ਹਰਿ ਬ੍ਰਹਿਮੰਡ। ਸਾਚਾ ਵਟਣਾ ਤਨ ਛੁਹਾਇਆ, ਗੁਰਸਿਖਾਂ ਕੋਲੋਂ ਚਰਨ ਧੂੜ ਪ੍ਰੀਤੀ ਮੰਗ। ਆਪਣੀ ਹੱਥੀ ਮਲ ਮਲ ਸੇਵ ਕਮਾਇਆ, ਨਾਈ ਨੈਣ ਨਾ ਰੱਖਿਆ ਕੋਈ ਸੰਗ। ਅੰਮ੍ਰਿਤ ਭਰ ਕਟੋਰਾ ਧੁਰ ਦਰਗਾਹੋਂ ਲੈ ਕੇ ਆਇਆ, ਗੁਰਸਿਖਾਂ ਪੂਰੀ ਕਰੇ ਮੰਗ। ਸਾਚੇ ਖਾਰੇ ਆਪ ਚੜ੍ਹਾਇਆ, ਆਪ ਵਿਛਾਇਆ ਨਾਮ ਪਲੰਘ। ਪਹਿਲੀ ਛਾਲ ਇਕ ਲਵਾਇਆ, ਕਲਜੁਗ ਭਾਂਡਾ ਦੇਵੇ ਭੰਨ। ਦੂਜੇ ਘੋੜੇ ਨਾਮ ਚੜ੍ਹਾਇਆ, ਸਖੀਆਂ ਵੇਖਣ ਚੜ੍ਹਿਆ ਚੰਨ। ਜੋਤ ਨਿਰੰਜਣ ਬਣ ਕੇ ਭਾਬੀ ਸੁਰਮਾ ਪਾਇਆ, ਖੇਲੇ ਖੇਲ ਹਰਿ ਨਿਰੰਕਾਰ ਆਪ ਆਪਣਾ ਬੇੜਾ ਬੰਨ੍ਹ। ਸਾਚੇ ਅਸਵ ਤੰਗ ਕਸਾਇਆ, ਲੋਆਂ ਪੁਰੀਆਂ ਆਪੇ ਲੰਘ। ਗੁਰਮੁਖ ਭੈਣਾਂ ਸਰਬ ਬਣਾਇਆ, ਵਾਗ ਗੁੰਦਣ ਅੱਗੇ ਲੰਘ। ਸਾਚੀ ਭਿਛਿਆ ਝੋਲੀ ਪਾਇਆ, ਦੋ ਜਹਾਨਾਂ ਰੱਖੇ ਸੰਗ। ਕਲਜੁਗ ਵੇਲਾ ਅੰਤਮ ਵੇਖਣ ਆਇਆ, ਲੋਕਮਾਤ ਨਾ ਗਿਆ ਸੰਗ। ਸਿੰਘ ਨਰਾਇਣ ਆਪਣੇ ਕੰਠ ਲਗਾਇਆ, ਜਗਤ ਹੰਕਾਰੀ ਭਾਂਡਾ ਭੰਨ। ਚਾਰ ਜੁਗ ਹੱਥ ਕਿਸੇ ਨਾ ਆਇਆ, ਨਾਨਕ ਕਬੀਰਾ ਕਹਿ ਕਹਿ ਗਿਆ ਧੰਨ ਧੰਨ। ਨਰ ਨਰਾਇਣ ਨਰਾਇਣ ਆਪਣੇ ਦਰ ਖ਼ਾਕੀ ਖ਼ਾਕ ਵਿਚ ਰਲਾਇਆ, ਨਾ ਕੋਈ ਦਿਸੇ ਮਹੱਲ ਅਟੱਲ। ਪੁਰਖ ਅਬਿਨਾਸ਼ੀ ਫੇਰਾ ਪਾਇਆ, ਲੱਖ ਚੁਰਾਸੀ ਕਰਿਆ ਵਲ ਛਲ। ਜੁਗ ਚੌਥੇ ਅੰਤ ਨਿਬੇੜਾ ਆਪ ਕਰਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕੰਤ ਹਰਿ ਭਗਵੰਤ, ਗੁਰਮੁਖ ਨਾਰੀ ਕਰ ਪਿਆਰੀ, ਲੋਕਮਾਤ ਮਾਰ ਝਾਤ ਇਕ ਇਕਾਂਤ ਹਰਿ ਸੰਗਤ ਨਾਲ ਰੱਖ ਬਰਾਤ, ਘਰ ਸਚ ਵਿਹਾਵਣ ਆਇਆ। ਤਨ ਕਪੜਾ ਰੂਪ ਸ਼ਿੰਗਾਰ, ਜਗਤ ਜੁਗ ਸੁਹਾਵਣਾ। ਬਿਨ ਹਰਿ ਦਰਸ ਕੋਈ ਨਾ ਉਤਰੇ ਪਾਰ, ਆਰ ਪਾਰ ਨਾ ਕੋਈ ਕਰਾਵਣਾ। ਬਿਨ ਹਰਿ ਨਾਮ ਨਾ ਕੋਈ ਅਧਾਰ, ਘਰ ਅਵਰ ਨਾ ਕੋਈ ਸੁਹਾਵਣਾ। ਬਿਨ ਹਰਿ ਹੋਰ ਨਾ ਕੋਈ ਜੈਕਾਰ, ਹਰਿ ਬਿਨ ਨਾਮ ਨਾ ਹੋਰ ਧਿਆਵਣਾ। ਬਿਨ ਹਰਿ ਹੋਰ ਨਾ ਜੋਤ ਆਕਾਰ, ਨਿਰਗੁਣ ਜੋਤ ਨਾ ਕੋਈ ਜਗਾਵਣਾ। ਬਿਨ ਹਰਿ ਹੋਰ ਨਾ ਕੋਏ ਦੁਵਾਰ, ਦਰ ਦਰਬਾਰ ਨਾ ਕੋਈ ਵਖਾਵਣਾ। ਬਿਨ ਹਰਿ ਹੋਰ ਨਾ ਕੋਈ ਭਤਾਰ, ਨਾਰ ਕੰਤ ਨਾ ਕੋਈ ਹੰਢਾਵਣਾ। ਬਿਨ ਹਰਿ ਹੋਰ ਨਾ ਕੋਈ ਦਿਦਾਰ, ਮੁਖ ਘੁੰਗਟ ਕਿਸੇ ਨਾ ਲਾਹਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਆਪ ਸਮਝਾਵਣਾ। ਹਰਿ ਬਿਨ ਅਵਰ ਨਾ ਕੋਈ ਘਾਟ, ਸਾਚੀ ਘਾਟੀ ਨਾ ਕੋਈ ਜਣਾਈਆ। ਹਰਿ ਬਿਨ ਅਵਰ ਨਾ ਕੋਈ ਹਾਟ, ਨਾਮ ਹੱਟ ਨਾ ਕੋਈ ਖੁਲ੍ਹਾਈਆ। ਹਰਿ ਬਿਨ ਅਵਰ ਨਾ ਕੋਈ ਨਾਥ, ਦੀਨਾਂ ਅਨਾਥਾਂ ਹੋਏ ਸਹਾਈਆ। ਹਰਿ ਬਿਨ ਅਵਰ ਨਾ ਕੋਈ ਸਾਥ, ਸਗਲਾ ਸਗਲਾ ਸੰਗ ਦਏ ਨਿਭਾਈਆ। ਹਰਿ ਸੰਤ ਨਾ ਗਾਏ ਕੋਈ ਗਾਥ, ਆਪਣੇ ਅੱਖਰ ਕਰੇ ਪੜ੍ਹਾਈਆ। ਹਰਿ ਬਿਨ ਨਾ ਕੋਈ ਸਮਰਾਥ, ਸਰਬ ਕਲ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਆਪ ਸਮਝਾਈਆ। ਹਰਿ ਬਿਨ ਅਵਰ ਨਾ ਕੋਈ ਦਾਤ, ਸਾਚੀ ਵਸਤ ਨਾ ਕੋਈ ਰਖਾਇੰਦਾ। ਹਰਿ ਬਿਨ ਅਵਰ ਨਾ ਕੋਈ ਪਿਤਾ ਮਾਤ, ਗੁਰਮੁਖ ਕੋਇ ਨਾ ਗੋਦ ਉਠਾਇੰਦਾ। ਹਰਿ ਬਿਨ ਕੋਇ ਨਾ ਉਤਮ ਜ਼ਾਤ, ਵਰਨ ਬਰਨ ਨਾ ਕੋਇ ਜਣਾਇੰਦਾ। ਹਰਿ ਬਿਨ ਅਵਰ ਨਾ ਖੋਲ੍ਹੇ ਕੋਈ ਤਾਕ, ਨਿਝ ਨੇਤਰ ਦਰਸ ਨਾ ਕੋਈ ਵਖਾਇੰਦਾ। ਹਰਿ ਬਿਨ ਅਵਰ ਨਾ ਕਰੇ ਕੋਈ ਪੂਰਾ ਵਾਕ, ਗੁਰ ਪੂਰਾ ਨਾ ਕੋਈ ਅਖਵਾਇੰਦਾ। ਹਰਿ ਬਿਨ ਅਵਰ ਨਾ ਕੋਈ ਸਾਕ, ਸਾਕ ਸੈਣ ਨਾ ਕੋਈ ਅਖਵਾਇੰਦਾ । ਹਰਿ ਬਿਨ ਕੋਈ ਨਾ ਸਕੇ ਰਾਖ, ਸਿਰ ਹੱਥ ਨਾ ਕੋਈ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਸੰਤਾਂ ਆਪ ਦਰਸਾਇੰਦਾ। ਹਰਿ ਬਿਨ ਅਵਰ ਨਾ ਕੋਈ ਮੀਤ, ਮੀਤ ਮੁਰਾਰਾ ਆਪ ਅਖਵਾਈਆ। ਹਰਿ ਬਿਨ ਅਵਰ ਨਾ ਵਸੇ ਚੀਤ, ਬਿਨ ਹਰਿ ਨਾਮ ਨਾ ਹੋਰ ਧਿਆਈਆ। ਹਰਿ ਬਿਨ ਅਵਰ ਨਾ ਕੋਈ ਗੀਤ, ਛੱਤੀ ਰਾਗ ਗਾ ਗਾ ਰਹੇ ਸਲਾਹੀਆ। ਹਰਿ ਬਿਨ ਅਵਰ ਨਾ ਕੋਈ ਅਤੀਤ, ਥਿਰ ਘਰ ਬੈਠਾ ਬੇਪਰਵਾਹੀਆ। ਹਰਿ ਬਿਨ ਅਵਰ ਨਾ ਠੰਡਾ ਸੀਤ, ਸਾਂਤਕ ਸਤਿ ਸਤਿ ਵਰਤਾਈਆ। ਹਰਿ ਬਿਨ ਅਵਰ ਨਾ ਪਤਿਤ ਪੁਨੀਤ, ਪਤਿਤ ਪਾਵਨ ਨਾ ਕੋਈ ਅਖਵਾਈਆ। ਹਰਿ ਬਿਨ ਅਵਰ ਨਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਨਾ ਏਕਾ ਧਾਮ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦਏ ਵਡ ਵਡਿਆਈਆ। ਹਰਿ ਬਿਨ ਅਵਰ ਨਾ ਕੋਇ ਰੱਖੇ ਲੱਜਣ, ਲਾਜਾਵੰਤ ਕੋਈ ਦਿਸ ਨਾ ਆਇੰਦਾ। ਹਰਿ ਬਿਨ ਕੋਈ ਨਾ ਦਿਸੇ ਸੱਜਣ, ਸਾਚਾ ਸੰਗ ਨਾ ਕੋਈ ਨਿਭਾਇੰਦਾ। ਹਰਿ ਬਿਨ ਨਾ ਕੋਈ ਮਜਨ, ਦੁਰਮਤ ਮੈਲ ਨਾ ਕੋਈ ਗਵਾਇੰਦਾ। ਹਰਿ ਬਿਨ ਨਾ ਪਾਏ ਕੋਈ ਅੰਜਨ, ਨੇਤਰ ਗਿਆਨ ਨਾ ਕੋਈ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਆਪ ਸਮਝਾਇੰਦਾ। ਹਰਿ ਬਿਨ ਅਵਰ ਨਾ ਕੋਈ ਸਚਖੰਡ, ਥਿਰ ਘਰ ਨਾ ਡੇਰਾ ਲਾਈਆ। ਹਰਿ ਬਿਨ ਨਾ ਕੋਈ ਵਿਚ ਬ੍ਰਹਿਮੰਡ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਹਰਿ ਬਿਨ ਨਾ ਕਰੇ ਕੋਈ ਆਪਣੀ ਵੰਡ, ਰਵ ਸਸ ਨਾ ਕੋਈ ਉਪਾਈਆ। ਹਰਿ ਬਿਨ ਨਾ ਉਪਜਾਏ ਜੇਰਜ ਅੰਡ, ਉਤਭੁਜ ਸੇਹਤਜ ਵੇਖ ਵਖਾਈਆ। ਹਰਿ ਬਿਨ ਨਾ ਖੇਲੇ ਖੇਲ ਵਿਚ ਵਰਭੰਡ, ਵਰਭੰਡੀ ਰਚਨ ਰਚਾਈਆ। ਹਰਿ ਬਿਨ ਗੁਰਮੁਖਾਂ ਕੋਈ ਨਾ ਬੰਨ੍ਹੇ ਪੱਲੇ ਨਾਮ ਗੰਢ, ਆਪਣਾ ਨਾਤਾ ਜੋੜ ਜੁੜਾਈਆ। ਹਰਿ ਬਿਨ ਅਵਰ ਨਾ ਕੋਈ ਪਾਏ ਠੰਡ, ਅੰਮ੍ਰਿਤ ਧਾਰ ਨਾ ਮੁਖ ਚੁਆਈਆ। ਹਰਿ ਬਿਨ ਹਰਿ ਕਾ ਨਾਉਂ ਨਾ ਸਕੇ ਕੋਈ ਵੰਡ, ਗੁਰ ਸੰਤ ਸੇਵਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਮੇਲ ਮਿਲਾਈਆ। ਹਰਿ ਬਿਨ ਅਵਰ ਨਾ ਕੋਈ ਗੁਰ, ਸਤਿਗੁਰ ਨਾ ਕੋਈ ਅਖਵਾਈਆ। ਹਰਿ ਬਿਨ ਅਵਰ ਨਾ ਕੋਈ ਘੋੜ, ਹਰਿ ਸ਼ਬਦੀ ਘੋੜ ਚੜ੍ਹਾਈਆ। ਹਰਿ ਬਿਨ ਅਵਰ ਨਾ ਜਾਏ ਕੋਈ ਬੌਹੜ, ਲਹਿਣਾ ਦੇਣਾ ਦਏ ਮੁਕਾਈਆ। ਹਰਿ ਬਿਨ ਅਵਰ ਨਾ ਲਾਏ ਕੋਈ ਪੌੜ, ਦੋ ਜਹਾਨਾਂ ਵੇਖ ਵਖਾਈਆ। ਹਰਿ ਬਿਨ ਅਵਰ ਨਾ ਜਾਣੇ ਕੋਈ ਪੈਂਡਾ ਲੰਮਾ ਚੌੜ, ਲੋਆਂ ਪੁਰੀਆਂ ਚਰਨਾਂ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਵੰਤ ਦਏ ਵਡਿਆਈਆ। ਹਰਿ ਬਿਨ ਅਵਰ ਨਾ ਕੋਈ ਸੰਗ, ਸਾਚਾ ਸੰਗ ਨਾ ਕੋਈ ਨਿਭਾਇੰਦਾ। ਹਰਿ ਬਿਨ ਅਵਰ ਨਾ ਕੋਈ ਮਰਦੰਗ, ਨਾਮ ਮਰਦੰਗ ਨਾ ਕੋਈ ਵਜਾਇੰਦਾ । ਹਰਿ ਬਿਨ ਅਵਰ ਨਾ ਕੋਈ ਰੰਗ, ਰੰਗ ਚਲੂਲ ਨਾ ਕੋਈ ਚੜ੍ਹਾਇੰਦਾ। ਹਰਿ ਬਿਨ ਅਵਰ ਨਾ ਕੱਟੇ ਕੋਈ ਭੁੱਖ ਨੰਗ, ਸਚ ਭੰਡਾਰ ਨਾ ਕੋਈ ਵਰਤਾਇੰਦਾ। ਹਰਿ ਬਿਨ ਅਵਰ ਨਾ ਕੋਈ ਧਾਰ ਵਹਾਏ ਸਾਚੀ ਗੰਗ, ਸਰ ਸਰੋਵਰ ਅੰਮ੍ਰਿਤ ਤਾਲ ਭਰਾਇੰਦਾ। ਹਰਿ ਬਿਨ ਅਵਰ ਨਾ ਕੋਈ ਭਗਤ ਦੁਵਾਰਾ ਮੰਗੇ ਮੰਗ, ਬਣ ਭਿਖਾਰੀ ਝੋਲੀ ਅੱਗੇ ਡਾਹਿੰਦਾ। ਹਰਿ ਬਿਨ ਕੋਈ ਨਾ ਆਤਮ ਸੇਜਾ ਬਹੇ ਪਲੰਘ, ਸਚ ਸਿੰਘਾਸਣ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮੇਲੇ ਸਾਚੇ ਘਰ, ਘਰ ਸਾਚਾ ਸਿਫ਼ਤ ਸਲਾਹੀਆ। ਹਰਿ ਬਿਨ ਅਵਰ ਨਾ ਕੋਈ ਦਰ, ਦਰਗਹਿ ਦਰ ਸਾਚਾ ਸਚ ਵਖਾਇੰਦਾ। ਹਰਿ ਬਿਨ ਅਵਰ ਨਾ ਕੋਈ ਮਲਾਹ, ਗੁਰ ਸਤਿਗੁਰ ਮੇਲ ਮਿਲਾਇੰਦਾ। ਹਰਿ ਬਿਨ ਅਵਰ ਨਾ ਜਪਾਏ ਕੋਈ ਨਾ, ਨਾਮ ਵਸਤ ਨਾ ਝੋਲੀ ਪਾਇੰਦਾ। ਹਰਿ ਬਿਨ ਅਵਰ ਨਾ ਕੋਈ ਪਕੜੇ ਬਾਂਹ, ਗ਼ਰੀਬ ਨਿਮਾਣੇ ਨਾ ਗਲੇ ਲਗਾਇੰਦਾ। ਹਰਿ ਬਿਨ ਅਵਰ ਨਾ ਕੋਈ ਹੰਸ ਬਣਾਏ ਕਾਂ, ਮਾਣਕ ਮੋਤੀ ਨਾ ਚੋਗ ਚੁਗਾਇੰਦਾ। ਹਰਿ ਬਿਨ ਅਵਰ ਨਾ ਕੋਈ ਨਿਥਾਵਿਆਂ ਦੇਵੇ ਥਾਂ, ਥਾਨ ਥਨੰਤਰ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤਨ ਵੇਖ ਵਖਾਇੰਦਾ। ਹਰਿ ਬਿਨ ਅਵਰ ਨਾ ਕੋਈ ਓਟ, ਨਾ ਕੋਈ ਆਸ ਤਕਾਈਆ। ਹਰਿ ਬਿਨ ਅਵਰ ਨਾ ਲਾਏ ਕੋਈ ਚੋਟ, ਤਨ ਨਗਾਰਾ ਸ਼ਬਦ ਵਜਾਈਆ। ਹਰਿ ਬਿਨ ਅਵਰ ਨਾ ਭਰੇ ਕੋਈ ਪੋਟ, ਤ੍ਰਿਸ਼ਨਾ ਭੁੱਖ ਗਵਾਈਆ। ਹਰਿ ਬਿਨ ਅਵਰ ਨਾ ਕੱਢੇ ਕੋਈ ਖੋਟ, ਝੂਠੀ ਵਾਸਨਾ ਦਏ ਤਜਾਈਆ। ਹਰਿ ਬਿਨ ਅਵਰ ਨਾ ਚੜ੍ਹੇ ਕੋਈ ਚੋਟ, ਕੋਟੀ ਕੋਟ ਰਾਹ ਵਿਚ ਬੈਠੇ ਢੇਰੀਆਂ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਮੇਲਾ ਸਹਿਜ ਸੁਭਾਈਆ। ਹਰਿ ਬਿਨ ਅਵਰ ਨਾ ਕੋਇ ਸੂਰਬੀਰ, ਜੋਧਾ ਬਲ ਬਲੀ ਬਲਕਾਰਿਆ। ਹਰਿ ਬਿਨ ਅਵਰ ਨਾ ਕੋਈ ਤੀਰ, ਨਾਮ ਚਿੱਲਾ ਆਪ ਉਠਾ ਲਿਆ। ਹਰਿ ਬਿਨ ਅਵਰ ਨਾ ਕੋਈ ਕੱਟੇ ਭੀੜ, ਪੀਰ ਫ਼ਕੀਰ ਨਾ ਕੋਈ ਅਖਵਾ ਲਿਆ। ਹਰਿ ਬਿਨ ਕੱਟੇ ਨਾ ਕੋਈ ਜੰਜ਼ੀਰ, ਲੱਖ ਚੁਰਾਸੀ ਫੰਦ ਕਟਾ ਲਿਆ। ਹਰਿ ਬਿਨ ਅਵਰ ਨਾ ਬਖ਼ਸ਼ੇ ਕੋਈ ਗੰਗਾ ਸੀਰ, ਭਗਤ ਕਬੀਰ ਦਿਵਸ ਰੈਣ ਕੁਰਲਾ ਰਿਹਾ। ਹਰਿ ਬਿਨ ਅਵਰ ਨਾ ਕੋਈ ਚੋਟੀ ਚੜ੍ਹੇ ਅਖ਼ੀਰ, ਸਾਚੀ ਮੰਜ਼ਲ ਨਾ ਕੋਈ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾ ਲਿਆ। ਹਰਿ ਬਿਨ ਅਵਰ ਨਾ ਕੋਈ ਸੰਜੋਗ, ਨਾ ਕੋਈ ਸੰਗ ਨਿਭਾਈਆ। ਹਰਿ ਬਿਨ ਅਵਰ ਨਾ ਕੋਈ ਵਿਜੋਗ, ਬਿਰਹੋਂ ਰੋਗ ਗਵਾਈਆ। ਹਰਿ ਬਿਨ ਅਵਰ ਨਾ ਕੋਈ ਭੋਗੇ ਭੋਗ, ਸਾਚੀ ਸੇਜ ਨਾ ਕੋਈ ਹੰਢਾਈਆ। ਹਰਿ ਬਿਨ ਅਵਰ ਨਾ ਕੋਈ ਪਾਰ ਕਰਾਏ ਤੀਨੋਂ ਲੋਕ, ਚੌਥੇ ਪਦ ਨਾ ਕੋਈ ਸਮਾਈਆ। ਹਰਿ ਬਿਨ ਸਚ ਸੁਣਾਏ ਨਾ ਕੋਈ ਸਲੋਕ, ਆਪਣਾ ਢੋਲਾ ਆਪੇ ਗਾਈਆ। ਹਰਿ ਬਿਨ ਅਵਰ ਨਾ ਦੇਵੇ ਕੋਈ ਮੋਖ, ਮੁਕਤੀ ਚਰਨਾਂ ਹੇਠ ਦਬਾਈਆ। ਹਰਿ ਬਿਨ ਅਵਰ ਨਾ ਦੀਸੇ ਕੋਈ ਜੋਗ, ਏਕਾ ਜਗਤ ਨਾਮ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਮੁਖ ਸਲਾਹੀਆ। ਹਰਿ ਬਿਨ ਅਵਰ ਨਾ ਕੋਈ ਧਾਰ, ਧਰਨੀ ਧਰਤ ਵਹਾਇੰਦਾ। ਹਰਿ ਬਿਨ ਅਵਰ ਨਾ ਕੋਈ ਪਿਆਰ, ਨਾਰ ਭਤਾਰ ਨਾ ਕੋਈ ਅਖਵਾਇੰਦਾ। ਹਰਿ ਬਿਨ ਅਵਰ ਨਾ ਕੋਈ ਸ਼ਿੰਗਾਰ, ਬਸਤਰ ਭੂਸ਼ਣ ਨਾ ਕੋਈ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਘਰ, ਗੁਰਮੁਖ ਸਾਚੇ ਲੇਖ ਲਖਾਇੰਦਾ। ਹਰਿ ਬਿਨ ਅਵਰ ਨਾ ਕੋਈ ਲਾੜਾ, ਨਾ ਕੋਈ ਕੰਤ ਸੁਹਾਗੀਆ। ਹਰਿ ਬਿਨ ਅਵਰ ਨਾ ਕੋਈ ਸਚ ਅਖਾੜਾ, ਨਾ ਕੋਈ ਗਾਏ ਰਾਗ ਬੈਰਾਗੀਆ। ਹਰਿ ਬਿਨ ਕੋਈ ਨਾ ਪਰਖੇ ਚੰਗਾ ਮਾੜਾ, ਸਚ ਘਸਵਟੀ ਨਾ ਕੋਈ ਲਾਈਆ। ਹਰਿ ਬਿਨ ਅਵਰ ਨਾ ਦੇਵੇ ਕੋਈ ਮਾਣ ਸਤਾਰਾਂ ਹਾੜਾ, ਨਿਰਗੁਣ ਜੋਤੀ ਜੋਤ ਮਾਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਾਚਾ ਵਰ, ਚਰਨ ਧੂੜੀ ਬਖ਼ਸ਼ੇ ਮਜਨ ਹਰਿ ਹਰਿ ਸਾਚਾ ਮਾਘੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਹੋਕਾ ਦੇਵੇ ਘਰੋ ਘਰ, ਫੜ ਫੜ ਹੰਸ ਬਣਾਏ ਕਾਗੀਆ।
