੨ ਭਾਦਰੋਂ ੨੦੧੬ ਬਿਕ੍ਰਮੀ ਹਜ਼ਾਰਾ ਸਿੰਘ ਪਿੰਡ ਛੀਨੇ ਜ਼ਿਲਾ ਅੰਮ੍ਰਿਤਸਰ
ਇਕ ਇਕੱਲਾ ਏਕਓਅੰਕਾਰ, ਆਦਿ ਜੁਗਾਦਿ ਸਮਾਇਆ। ਖੇਲੇ ਖੇਲ ਅਗੰਮ ਅਪਾਰ, ਪਾਰਬ੍ਰਹਮ ਭੇਵ ਨਾ ਰਾਇਆ। ਅਦਿ ਨਿਰੰਜਣ ਜੋਤ ਉਜਿਆਰ, ਨੂਰੋ ਨੂਰ ਡਗਮਗਾਇਆ। ਏਕਾ ਵਸੇ ਧਾਮ ਨਿਆਰ, ਅਟੱਲ ਮਹੱਲ ਆਪ ਸੁਹਾਇਆ। ਥਿਰ ਘਰ ਬੈਠ ਸੱਚੀ ਸਰਕਾਰ, ਦੀਵਾ ਬਾਤੀ ਇਕ ਜਗਾਇਆ। ਕਮਲਾਪਾਤੀ ਖੇਲ ਅਪਾਰ, ਨਿਰਗੁਣ ਆਪਣਾ ਵੇਸ ਵਟਾਇਆ। ਦਿਵਸ ਰਾਤੀ ਨਾ ਕੋਈ ਧਾਰ, ਸੂਰਜ ਚੰਨ ਨਾ ਕੋਇ ਚੜ੍ਹਾਇਆ। ਮੰਡਲ ਮੰਡਪ ਨਾ ਕੋਇ ਪਸਾਰ, ਧਰਤ ਧਵਲ ਨਾ ਕੋਇ ਵਖਾਇਆ। ਅਕਾਸ਼ ਪਰਕਾਸ਼ ਨਾ ਕੋਇ ਉਜਿਆਰ, ਲੋਆਂ ਪੁਰੀਆਂ ਨਾ ਰਚਨ ਰਚਾਇਆ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਪਿਆਰ, ਨਿਰਗੁਣ ਨਾਉਂ ਨਾ ਕੋਇ ਧਰਾਇਆ। ਪੰਜ ਤੱਤ ਨਾ ਕੋਇ ਅਕਾਰ, ਲੱਖ ਚੁਰਾਸੀ ਨਾ ਬਣਤ ਬਣਾਇਆ। ਸਾਧ ਸੰਤ ਨਾ ਕੋਇ ਗੁਰ ਪੀਰ ਅਵਤਾਰ, ਜੀਵ ਜੰਤ ਨਾ ਕੋਇ ਵਖਾਇਆ। ਜਲ ਥਲ ਨਾ ਕੋਇ ਧਾਰ, ਤੀਰਥ ਤੱਟ ਨਾ ਕੋਇ ਸੁਹਾਇਆ। ਵੇਦ ਪੁਰਾਨ ਨਾ ਕੋਇ ਉਧਾਰ, ਗੀਤਾ ਗਿਆਨ ਨਾ ਕੋਇ ਦ੍ਰਿੜਾਇਆ। ਅੰਜੀਲ ਕੁਰਾਨ ਨਾ ਵਜਾਏ ਕੋਇ ਸਤਾਰ, ਕਲਮੀ ਕਲਮਾ ਨਾ ਕੋਇ ਪੜ੍ਹਾਇਆ। ਖਾਣੀ ਬਾਣੀ ਨਾ ਕੋਇ ਕਿਵਾੜ, ਸ਼ਬਦੀ ਸ਼ਬਦ ਨਾ ਕੋਇ ਅਲਾਇਆ। ਰਾਮ ਕ੍ਰਿਸ਼ਨ ਨਾ ਕੋਇ ਪਿਆਰ, ਈਸਾ ਮੂਸਾ ਨਾ ਰੰਗ ਰੰਗਾਇਆ। ਸੰਗ ਮੁਹੰਮਦ ਨਾ ਚਾਰ ਯਾਰ, ਐਨਲਹੱਕ ਨਾ ਕੋਇ ਵਖਾਇਆ। ਨਾਨਕ ਗੋਬਿੰਦ ਨਾ ਕੋਇ ਧਾਰ, ਤੱਤਵ ਤੱਤ ਨਾ ਕੋਇ ਸੁਹਾਇਆ। ਅਬਿਨਾਸ਼ੀ ਕਰਤਾ ਖੇਲ ਅਪਾਰ, ਆਪ ਆਪਣਾ ਰਿਹਾ ਕਮਾਇਆ। ਏਕਓਅੰਕਾਰਾ ਜੋਤ ਉਜਿਆਰ, ਨਿਰਗੁਣ ਬੈਠਾ ਬੇਪਰਵਾਹਿਆ। ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਨਾਮ ਧਰਾਇਆ। ਆਪਣੀ ਕਰੇ ਆਪੇ ਕਾਰ, ਕਰਤਾ ਪੁਰਖ ਆਪ ਅਖਵਾਇਆ। ਅਜੂਨੀ ਰਹਿਤ ਭੇਵ ਨਿਆਰ, ਮੂਰਤ ਅਕਾਲ ਆਪ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇਆ। ਆਦਿ ਪੁਰਖ ਏਕਓਅੰਕਾਰਾ, ਏਕਾ ਰੰਗ ਸਮਾਈਆ। ਨਾ ਕੋਈ ਦੂਸਰ ਮੀਤ ਮੁਰਾਰਾ, ਨਾ ਕੋਈ ਸੰਗ ਨਿਭਾਈਆ। ਨਾ ਕੋਈ ਖੋਲ੍ਹੇ ਦਰ ਕਿਵਾੜਾ, ਨਾ ਕੋਈ ਬੰਕ ਸੁਹਾਈਆ। ਨਾ ਕੋਈ ਜੰਗਲ ਜੂਹ ਉਜਾੜ ਪਹਾੜਾ, ਡੂੰਘੀ ਕੰਦਰ ਨਾ ਕੋਈ ਵਖਾਈਆ। ਨਾ ਕੋਈ ਮੰਦਰ ਮਸਜਿਦ ਮੱਠ ਦਿਸੇ ਗੁਰਦੁਵਾਰਾ, ਗਹਿਰ ਗੰਭੀਰ ਨਾ ਕੋਈ ਸਹਾਈਆ। ਅਠਸਠ ਨਾ ਕੋਈ ਜਲ ਜਲਧਾਰਾ, ਗੰਗਾ ਗੋਦਾਵਰੀ ਨਾ ਕੋਇ ਵਹਾਈਆ। ਰਾਜ ਰਾਜਾਨ ਨਾ ਕੋਈ ਦਿਸੇ ਸਿਕਦਾਰਾ, ਰਾਜ ਜੋਗ ਨਾ ਕੋਇ ਕਮਾਈਆ। ਤੀਸ ਬਤੀਸ ਨਾ ਕੋਇ ਪੁਕਾਰਾ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਸੀਸ ਜਗਦੀਸ਼ ਨਾ ਕੋਇ ਨਿਮਸਕਾਰਾ, ਦੋਏ ਜੋੜ ਨਾ ਕੋਇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਏਕਓਅੰਕਾਰ, ਜੋਤੀ ਨੂਰ ਕਰ ਉਜਿਆਰ, ਅਗੰਮ ਅਥਾਹ ਬੇਪਰਵਾਹ, ਦਰ ਘਰ ਸਾਚੇ ਬੈਠਾ ਬੇਪਰਵਾਹੀਆ। ਦਰ ਘਰ ਸੱਚਾ ਬੇਪਰਵਾਹ, ਹਰਿ ਹਰਿ ਆਪ ਉਪਾਇਆ। ਨਾ ਕੋਈ ਦੂਸਰ ਦਏ ਸਲਾਹ, ਨਾ ਕੋਈ ਸੰਗ ਨਿਭਾਇਆ। ਨਾ ਕੋਈ ਰਚਨ ਰਿਹਾ ਰਚਾ, ਨਾ ਕੋਈ ਲੇਖ ਲਿਖਾਇਆ। ਨਾ ਕੋਈ ਮੰਗਲ ਰਿਹਾ ਗਾ, ਨਾ ਕੋਈ ਰਾਗ ਅਲਾਇਆ। ਨਾ ਕੋਈ ਤਖ਼ਤ ਤਾਜ ਰਿਹਾ ਸੁਹਾ, ਚੋਬਦਾਰ ਨਾ ਕੋਇ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਖੇਲ ਅਪਾਰ, ਜੋਤੀ ਨੂਰ ਨੂਰ ਉਜਿਆਰ, ਨੂਰੋ ਨੂਰ ਡਗਮਗਾਇਆ। ਨੂਰੋ ਨੂਰ ਪੁਰਖ ਅਕਾਲ, ਏਕਾ ਰੰਗ ਸਮਾਈਆ। ਆਦਿ ਜੁਗਾਦੀ ਦੀਨ ਦਿਆਲ, ਭੇਵ ਅਭੇਦਾ ਭੇਵ ਛੁਪਾਈਆ। ਆਪੇ ਚਲੇ ਆਪਣੀ ਚਾਲ, ਵਡ ਦਾਤਾ ਬੇਪਰਵਾਹੀਆ। ਆਪਣਾ ਦੀਪਕ ਆਪੇ ਬਾਲ, ਆਪੇ ਕਰੇ ਰੁਸ਼ਨਾਈਆ। ਆਪ ਸੁਹਾਏ ਆਪਣੀ ਸਚ ਸੱਚੀ ਧਰਮਸਾਲ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਰ ਸਾਚੇ ਆਸਣ ਲਾਈਆ। ਆਪੇ ਮੰਡਲ ਪਾਵੇ ਰਾਸੀ, ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਖੇਲਣਹਾਰਾ ਆਪ ਅਖਵਾਈਆ। ਆਪਣਾ ਖੇਲ ਹਰਿ ਖਲੰਤਾ, ਖੇਲਣਹਾਰ ਏਕਓਅੰਕਾਰਾ। ਜੋਤੀ ਨੂਰ ਸ੍ਰੀ ਭਗਵੰਤਾ, ਆਦਿ ਜੁਗਾਦੀ ਜੋਤ ਉਜਿਆਰਾ। ਆਪੇ ਨਾਰੀ ਆਪੇ ਕੰਤਾ, ਆਪੇ ਸੇਜ ਸੁੱਤਾ ਸਚ ਭਤਾਰਾ। ਆਪ ਬਣਾਏ ਆਪਣੀ ਬਣਤਾ, ਆਪੇ ਮਾਤ ਪਿਤ ਸੁੱਤ ਦੁਲਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਖੇਲ ਨਿਆਰਾ। ਖੇਲਣਹਾਰ ਪੁਰਖ ਸੁਲਤਾਨਾ, ਏਕਾ ਏਕਓਅੰਕਾਰਿਆ। ਆਦਿ ਜੁਗਾਦੀ ਨੂਰ ਨੁਰਾਨਾ, ਨੂਰੋ ਨੂਰ ਡਗਮਗਾ ਰਿਹਾ। ਏਕਾ ਮੰਦਰ ਇਕ ਮਕਾਨਾ, ਏਕਾ ਘਰ ਸੁਹਾ ਰਿਹਾ। ਏਕਾ ਰੂਪ ਸ੍ਰੀ ਭਗਵਾਨਾ, ਏਕਾ ਰੰਗ ਰੰਗਾ ਰਿਹਾ। ਏਕਾ ਦੇਵਣਹਾਰਾ ਦਾਨਾ, ਏਕਾ ਝੋਲੀ ਅੱਗੇ ਡਾਹ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾ ਲਿਆ। ਵੇਸ ਵਟੰਦੜਾ ਹਰਿ ਭਗਵਾਨ, ਪਾਰਬ੍ਰਹਮ ਵੱਡੀ ਵਡਿਆਈਆ। ਆਪਣਾ ਦੇਵੇ ਆਪੇ ਦਾਨ, ਆਪਣੀ ਇਛਿਆ ਭਿਛਿਆ ਆਪੇ ਪਾਈਆ। ਸਚ ਵਸਤ ਇਕ ਮਹਾਨ, ਨਿਰਗੁਣ ਆਪਣੀ ਆਪ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤ ਕਰੇ ਰੁਸ਼ਨਾਈਆ। ਏਕਾ ਜੋਤੀ ਨੂਰ ਉਜਿਆਰ, ਹਰਿ ਹਰਿ ਆਪ ਕਰਾਇੰਦਾ। ਆਪੇ ਵੇਖੇ ਵੇਖਣਹਾਰ, ਆਪ ਆਪਣੀ ਖੇਲ ਖਲਾਇੰਦਾ। ਆਪਣੇ ਰੰਗ ਰਵੇ ਕਰਤਾਰ, ਕਰਨੀ ਕਰਤਾ ਆਪ ਅਖਵਾਇੰਦਾ। ਸਾਜਣ ਮੀਤਾ ਕਰ ਪਿਆਰ, ਇਕ ਅਤੀਤਾ ਵੇਸ ਵਟਾਇੰਦਾ। ਆਪੇ ਜਾਣੇ ਆਪਣੀ ਰੀਤਾ, ਆਪੇ ਮਾਰਗ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਧਾਮ ਸੁਹਾਇੰਦਾ। ਹਰਿ ਹਰਿ ਧਾਮ ਇਕ ਅਵੱਲਾ, ਹਰਿ ਸਾਚੀ ਜੋਤ ਜਗਾਈਆ। ਬੈਠਾ ਰਹੇ ਇਕ ਇਕੱਲਾ, ਏਕਓਅੰਕਾਰਾ ਬੇਪਰਵਾਹੀਆ। ਆਪੇ ਨੂਰ ਖ਼ੁਦਾਈ ਅੱਲਾ, ਰਾਮ ਰਹੀਮ ਆਪ ਅਖਵਾਈਆ। ਆਪੇ ਆਪਣੇ ਅੰਦਰ ਹੋਇਆ ਬਿਸਮਿਲਾ, ਬਿਸਮਿਲ ਰੂਪ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਲਵਾ ਜਲਾਲ ਵੇਖ ਵਖਾਈਆ। ਜਲਵਾ ਜਲਾਲ ਨੂਰ ਪਰਵਰਦਿਗਾਰ, ਏਕਾ ਰੰਗ ਸਮਾਇਆ। ਅਲੱਖ ਅਗੋਚਰ ਭੇਵ ਅਪਾਰ, ਭੇਵ ਕੋਇ ਨਾ ਰਾਇਆ। ਆਦਿ ਆਦੀ ਖੇਲ ਨਿਆਰ, ਜੁਗਾ ਜੁਗਾਦੀ ਵੇਸ ਵਟਾਇਆ। ਆਪੇ ਸਾਜਣ ਮੀਤ ਮੁਰਾਰ, ਆਪੇ ਸਗਲਾ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਘਰ ਸੁਹੰਜਣਾ ਜੋਤ ਜਗਾਏ ਆਦਿ ਨਿਰੰਜਣਾ, ਏਕਾ ਨਾਉਂ ਰਖਾਇਆ। ਏਕਓਅੰਕਾਰਾ ਨਾਉਂ ਰੱਖ, ਆਪਣੇ ਹੱਥ ਰੱਖੇ ਵਡਿਆਈਆ। ਆਪਣੀ ਜੋਤ ਕਰ ਪ੍ਰਤੱਖ, ਆਪੇ ਵੇਖ ਵਖਾਈਆ। ਆਪੇ ਸਰਬ ਕਲਾ ਸਮਰਥ, ਸਮਰਥ ਪੁਰਖ ਆਪ ਹੋ ਜਾਈਆ। ਆਪੇ ਜਾਣੇ ਆਪਣੀ ਗਥ, ਆਪੇ ਕਰੇ ਪੜ੍ਹਾਈਆ। ਆਪ ਚਲਾਏ ਆਪਣਾ ਰਾਥ, ਰਥ ਰਥਵਾਹੀ ਆਪ ਹੋ ਜਾਈਆ। ਆਪੇ ਪੂਜਾ ਆਪੇ ਪਾਠ, ਆਪਣਾ ਗੁਣ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵਸਿਆ ਸਚ ਘਰ, ਸਚ ਘਰ ਉਚ ਮਹੱਲਾ ਇਕ ਇਕੱਲਾ ਬੈਠਾ ਆਸਣ ਲਾਈਆ। ਇਕ ਇਕੱਲਾ ਪੁਰਖ ਅਬਿਨਾਸ਼ਣ, ਪਾਰਬ੍ਰਹਮ ਰਘੁਰਾਇਆ। ਖੇਲੇ ਖੇਲ ਸ਼ਾਹੋ ਸ਼ਾਬਾਸ਼ਣ, ਸ਼ਾਹ ਸੁਲਤਾਨ ਨਾਮ ਧਰਾਇਆ। ਆਦਿ ਜੁਗਾਦੀ ਏਕਾ ਰਾਸਨ, ਆਪ ਆਪਣੀ ਰਿਹਾ ਰਚਾਇਆ। ਆਪਣੇ ਮੰਦਰ ਕਰਿਆ ਵਾਸਣ, ਘਰ ਆਪਣਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਨਾਉਂ ਰਖਾਇਆ। ਨਿਰਗੁਣ ਨੂਰ ਹਰਿ ਕਰਤਾਰ, ਅਕਲ ਕਲਾ ਕਲ ਧਾਰਿਆ। ਆਪੇ ਪਾਏ ਆਪਣੀ ਸਾਰ, ਆਪ ਆਪਣੇ ਵਿਚ ਸਮਾ ਰਿਹਾ। ਆਪੇ ਖੋਲ੍ਹ ਸਚ ਕਿਵਾੜ, ਆਪਣਾ ਮੰਦਰ ਆਪ ਸੁਹਾ ਲਿਆ। ਸਚਖੰਡ ਵਖਾਏ ਇਕ ਦਵਾਰ, ਚਾਰ ਦਵਾਰ ਨਾ ਕੋਇ ਬਣਾ ਲਿਆ। ਛੱਪਰ ਛੰਨ ਨਾ ਕੋਇ ਸਹਾਰ, ਰਵ ਸਸ ਨਾ ਕੋਇ ਚੜ੍ਹਾ ਲਿਆ। ਨਿਰਗੁਣ ਬਾਤੀ ਕਰ ਉਜਿਆਰ, ਆਦਿ ਜੁਗਾਦੀ ਡਗਮਗਾ ਰਿਹਾ। ਕਮਲਾਪਾਤੀ ਖੇਲ ਅਪਾਰ, ਘਰ ਸਾਚੇ ਆਪ ਖਲਾ ਲਿਆ। ਥਿਰ ਘਰ ਬੈਠ ਸੱਚੇ ਦਰਬਾਰ, ਸਚ ਸਿੰਘਾਸਣ ਇਕ ਸੁਹਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਵੰਡ ਵੰਡਾ ਲਿਆ। ਸਚਖੰਡ ਦਵਾਰਾ ਹਰਿ ਨਿਰੰਕਾਰ, ਆਪਣਾ ਆਪ ਸੁਹਾਇੰਦਾ। ਥਿਰ ਘਰ ਵੇਖੇ ਉਚ ਮੁਨਾਰ, ਉਚ ਅਟੱਲਾ ਨਾਉਂ ਧਰਾਇੰਦਾ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਰ ਆਪ ਹੋ ਜਾਇੰਦਾ। ਆਪੇ ਨਾਰੀ ਕੰਤ ਭਤਾਰ, ਆਪੇ ਸੇਜ ਹੰਢਾਇੰਦਾ। ਆਪੇ ਪੂਤ ਸਪੂਤਾ ਕਰ ਤਿਆਰ, ਸੁੱਤ ਦੁਲਾਰਾ ਸ਼ਬਦ ਉਪਾਇੰਦਾ। ਆਪ ਵਜਾਏ ਸਚ ਸਤਾਰ, ਆਪ ਆਪਣਾ ਨਾਮ ਅਲਾਇੰਦਾ। ਆਪੇ ਗਾਏ ਗਾਵਣਹਾਰ, ਗਾਵਣਹਾਰਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਸੋਹੇ ਬੰਕ, ਪੁਰਖ ਅਬਿਨਾਸ਼ੀ ਏਕਾ ਅੰਕ, ਏਕਾ ਡੰਕ ਵਜਾਇੰਦਾ। ਹਰਿ ਹਰਿ ਸ਼ਬਦ ਸਾਚਾ ਡੰਕ, ਹਰਿ ਹਰਿ ਆਪ ਵਜਾਈਆ। ਹਰਿ ਹਰਿ ਸੁਹਾਏ ਸਾਚਾ ਬੰਕ, ਹਰਿ ਹਰਿ ਵੇਖ ਵਖਾਈਆ। ਹਰਿ ਹਰਿ ਖੇਲੇ ਖੇਲ ਬਾਰ ਅਨਕ, ਅਨਕ ਕਲਾ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏੇਕਓਅੰਕਾਰ, ਅਕਲ ਕਲ ਧਾਰੀ ਆਪ ਹੋ ਜਾਈਆ। ਅਕਲ ਕਲਾ ਹਰਿ ਆਪੇ ਧਰ, ਆਪਣੇ ਹੱਥ ਰੱਖੇ ਵਡਿਆਈਆ। ਆਪਣੀ ਵਰਨੀ ਆਪੇ ਵਰ, ਆਪ ਕਰੇ ਕੁੜਮਾਈਆ। ਆਪਣੀ ਸਰਨੀ ਆਪੇ ਪੜ੍ਹ, ਆਪੇ ਸੀਸ ਝੁਕਾਈਆ। ਨਾ ਕੋਈ ਸੀਸ ਨਾ ਕੋਈ ਧੜ, ਪਾਰਬ੍ਰਹਮ ਵੱਡੀ ਵਡਿਆਈਆ। ਆਪਣੇ ਮੰਦਰ ਬੈਠਾ ਵੜ, ਥਿਰ ਘਰ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਲਾਈਆ। ਖੇਲੇ ਖੇਲ ਹਰਿ ਮਿਹਰਵਾਨ, ਆਪਣੀ ਦਇਆ ਕਮਾਇੰਦਾ। ਆਪਣਾ ਦੇਵੇ ਧੁਰ ਫ਼ਰਮਾਣ, ਆਪੇ ਹੁਕਮ ਸੁਣਾਇੰਦਾ। ਆਪੇ ਹੋਏ ਜਾਣੀ ਜਾਣ, ਜਾਨਣਹਾਰ ਆਪ ਹੋ ਜਾਇੰਦਾ। ਆਪੇ ਰੱਖੇ ਆਪਣਾ ਮਾਣ, ਆਪੇ ਥਾਨ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਅੰਗ ਕਟਾਇੰਦਾ। ਆਪਣਾ ਅੰਗ ਨਿਰਗੁਣ ਕੱਟ, ਨਿਰਗੁਣ ਵੇਸ ਵਟਾਇਆ। ਜੋਤੀ ਨੂਰ ਲਟ ਲਟ, ਨੂਰ ਨੁਰਾਨਾ ਡਗਮਗਾਇਆ। ਆਪਣਾ ਖੋਲ੍ਹ ਆਪੇ ਹੱਟ, ਆਪੇ ਵਸਤ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਾਕਾਰ ਨਿਰਗੁਣ ਰੂਪ ਸਤਿ ਸਰੂਪ, ਸਰਗੁਣ ਆਪਣਾ ਵੇਸ ਵਟਾਇਆ। ਨਿਰਗੁਣ ਸਰਗੁਣ ਵੇਸ ਧਰ, ਆਪਣੀ ਕਲ ਵਰਤਾਈਆ। ਭਗਵਨ ਜੋਤੀ ਨੂਰ ਨੂਰ ਕਰ, ਨੂਰੋ ਨੂਰ ਆਪ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਈਆ। ਰਚਨ ਰਚਾਏ ਹਰਿ ਭਗਵਾਨ, ਆਪਣਾ ਖੇਲ ਖਲਾਇਆ। ਆਪੇ ਦੇਵੇ ਆਪਣਾ ਦਾਨ, ਆਪਣੀ ਝੋਲੀ ਆਪ ਭਰਾਇਆ। ਆਪੇ ਵਿਸ਼ਨੂੰ ਹੋ ਪਰਧਾਨ, ਆਪ ਆਪਣਾ ਵੇਸ ਵਟਾਇਆ। ਆਪੇ ਕਵਲ ਕਵਲਾ ਖੇਲ ਮਹਾਨ, ਆਪੇ ਨਾਭੀ ਫੁੱਲ ਖਲਾਇਆ। ਆਪੇ ਪਾਰਬ੍ਰਹਮ ਪ੍ਰਭ ਮਾਰ ਧਿਆਨ, ਬ੍ਰਹਮ ਰੂਪ ਆਪ ਹੋ ਜਾਇਆ। ਆਪੇ ਦੇਵੇ ਸ਼ਬਦ ਗਿਆਨ, ਅੰਤਰ ਮੰਤਰ ਆਪ ਦ੍ਰਿੜਾਇਆ। ਆਪੇ ਵੇਖੇ ਮਾਰ ਧਿਆਨ, ਆਪ ਆਪਣਾ ਹੁਕਮ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦੀਪਕ ਆਪੇ ਆਪ ਜਗਾਇਆ। ਆਪਣਾ ਦੀਪਕ ਆਪ ਜਗਾ, ਆਪ ਕਰੇ ਰੁਸ਼ਨਾਈਆ। ਆਪੇ ਵੇਖੇ ਥਾਉਂ ਥਾਂ, ਬ੍ਰਹਮਾ ਵਿਸ਼ਨ ਦਏ ਟਿਕਾਈਆ। ਸ਼ੰਕਰ ਲੇਖਾ ਆਪ ਗਣਾ, ਧੁੰਧੂਕਾਰ ਸਮਾਈਆ। ਏਕਾ ਰੂਪ ਲਏ ਵਟਾ, ਤ੍ਰੈ ਤ੍ਰੈ ਨਾਉਂ ਰਖਾਈਆ। ਤ੍ਰੈ ਤ੍ਰੈ ਮੇਲਾ ਆਪ ਕਰਾ, ਆਪਣੀ ਡੋਰ ਬੰਧਾਈਆ। ਸੱਜਣ ਸੁਹੇਲਾ ਬੇਪਰਵਾਹ, ਖੇਲ ਖੇਲੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਰਿਹਾ ਕਮਾਈਆ। ਬ੍ਰਹਮਾ ਵਿਸ਼ਨ ਸ਼ਿਵ ਅਕਾਰ, ਨਿਰਗੁਣ ਨਿਰਾਕਾਰ ਕਰਾਇਆ। ਸ਼ਬਦ ਸਰੂਪੀ ਬੰਨ੍ਹੇ ਧਾਰ, ਸਤਿ ਪੁਰਖ ਨਿਰੰਜਣ ਖੇਲ ਖਲਾਇਆ। ਏਕਾ ਵਸਤ ਕਰ ਤਿਆਰ, ਤ੍ਰੈਗੁਣ ਝੋਲੀ ਆਪ ਭਰਾਇਆ। ਪੰਜ ਤੱਤ ਮੀਤ ਮੁਰਾਰ, ਏਕਾ ਰੂਪ ਦਰਸਾਇਆ। ਹੰ ਬ੍ਰਹਮ ਖੇਲ ਕਰ, ਲੱਖ ਚੁਰਾਸੀ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਇਆ। ਲੱਖ ਚੁਰਾਸੀ ਹਰਿ ਮਿਹਰਵਾਨ, ਲੋਕਮਾਤ ਬਣਤ ਬਣਾਈਆ। ਵਿਸ਼ਨੂੰ ਵੰਸੀ ਖੇਲ ਮਹਾਨ, ਜੀਆ ਦਾਤਾ ਰਿਜ਼ਕ ਸੁਬਾਈਆ। ਬ੍ਰਹਮਾ ਵੇਤਾ ਇਕ ਗਿਆਨ, ਏਕਾ ਮਾਰਗ ਲਾਈਆ। ਸ਼ਿਵ ਸ਼ੰਕਰ ਅੰਤਮ ਵੇਖੇ ਮਾਰ ਧਿਆਨ, ਭੁੱਲ ਰਹੇ ਨਾ ਰਾਈਆ। ਤਿੰਨਾਂ ਦਾਤਾ ਹਰਿ ਭਗਵਾਨ, ਪਾਰਬ੍ਰਹਮ ਆਪ ਅਖਵਾਈਆ। ਜੁਗਾ ਜੁਗੰਤਰ ਖੇਲ ਮਹਾਨ, ਜੁਗ ਕਰਤਾ ਆਪ ਕਰਾਈਆ। ਸਤਿਜੁਗ ਤ੍ਰੇਤਾ ਦੁਵਾਪਰ ਆਪੇ ਦੇਵੇ ਦਾਨ, ਕਲਜੁਗ ਵੰਡ ਵੰਡਾਈਆ। ਚਾਰ ਜੁਗ ਕਰ ਪਰਵਾਨ, ਆਪਣੇ ਨਾਮ ਕਰੇ ਵਡਿਆਈਆ। ਆਪੇ ਅੰਤਮ ਮੇਟੇ ਸਰਬ ਨਿਸ਼ਾਨ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਨਹਾਰ ਹਰਿ ਕਰਤਾਰਾ, ਕਰਨੀ ਕਰਤਾ ਆਪ ਕਰਾਈਆ। ਕਰਨਹਾਰ ਹਰਿ ਹਰਿ, ਏਕਾ ਏਕ ਸਮਾਇਆ। ਆਦਿ ਜੁਗਾਦੀ ਖੋਲ੍ਹ ਦਰ, ਆਪੇ ਵੇਖ ਵਖਾਇਆ। ਆਪ ਰਖਾਏ ਆਪਣਾ ਡਰ, ਆਪ ਆਪਣਾ ਭੌ ਚੁਕਾਇਆ। ਆਪੇ ਹਰ ਘਟ ਅੰਦਰ ਬੈਠਾ ਵੜ, ਆਪੇ ਮੁਖ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਨਾਉਂ ਧਰਾਇਆ। ਜੁਗ ਜੁਗ ਨਾਮ ਹਰਿ ਕਰਤਾਰਾ, ਆਪਣਾ ਆਪ ਚਲਾਇੰਦਾ। ਆਪੇ ਵਰਤੇ ਵਿਚ ਸੰਸਾਰਾ, ਵਡ ਸੰਸਾਰੀ ਆਪ ਹੋ ਜਾਇੰਦਾ। ਆਪੇ ਭਗਤਨ ਮੀਤਾ ਬਣ ਪਿਆਰਾ, ਸਾਚਾ ਮਾਰਗ ਲਾਇੰਦਾ। ਆਪੇ ਦੇਵੇ ਨਾਮ ਆਧਾਰਾ, ਆਪੇ ਸ਼ਬਦ ਸੁਣਾਇੰਦਾ। ਆਪੇ ਜੋਤ ਕਰ ਉਜਿਆਰਾ, ਅਗਿਆਨ ਅੰਧੇਰ ਮਿਟਾਇੰਦਾ। ਆਪੇ ਰਾਮ ਕ੍ਰਿਸ਼ਨ ਬਣ ਅਵਤਾਰਾ, ਭਗਤ ਵਛਲ ਨਾਉਂ ਰਖਾਇੰਦਾ। ਆਪੇ ਨਾਨਕ ਗੋਬਿੰਦ ਬੋਲ ਜੈਕਾਰਾ, ਏਕਾ ਨਾਅਰਾ ਲਾਇੰਦਾ। ਆਪੇ ਈਸਾ ਮੂਸਾ ਖੇਲ ਸੱਚੀ ਸਰਕਾਰਾ, ਕਾਲਾ ਸੂਸਾ ਤਨ ਛੁਹਾਇੰਦਾ। ਆਪੇ ਮੁਹੰਮਦ ਮੁਹੰਮਦੀ ਹੋਏ ਪਿਆਰਾ, ਆਪ ਆਪਣਾ ਵੇਸ ਵਟਾਇੰਦਾ। ਜੁਗਾ ਜੁਗੰਤਰ ਸਾਚੀ ਕਾਰਾ, ਹਰਿ ਸਾਚਾ ਆਪ ਕਰਾਇੰਦਾ। ਵੇਦ ਪੁਰਾਨ ਕਤੇਬ ਨਾ ਪਾਵਣ ਸਾਰਾ, ਭੇਵ ਅਭੇਦਾ ਭੇਵ ਛੁਪਾਇੰਦਾ। ਸਾਧ ਸੰਤ ਭਗਤ ਭਗਵੰਤ ਏਕਾ ਧਾਰਾ, ਏਕਾ ਮਾਰਗ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੁਗ ਜੁਗ ਹਰਿ ਵੇਸ ਵਟਾਇਆ, ਅਚਰਜ ਬਣਤ ਬਣਾਈਆ। ਕਲਜੁਗ ਵੇਲਾ ਅੰਤਮ ਆਇਆ, ਖੇਲੇ ਖੇਲ ਬੇਪਰਵਾਹੀਆ। ਸਾਧ ਸੰਤ ਕਿਸੇ ਭੇਵ ਨਾ ਪਾਇਆ, ਭਰਮੇ ਭੁੱਲੀ ਸਰਬ ਲੋਕਾਈਆ। ਹਉਮੇ ਹੰਗਤਾ ਰੋਗ ਵਧਾਇਆ, ਕਾਮ ਕਰੋਧ ਲੋਭ ਮੋਹ ਹੰਕਾਰ ਹੋਈ ਹਲਕਾਈਆ। ਆਸਾ ਤ੍ਰਿਸ਼ਨਾ ਨਾ ਕੋਇ ਬੁਝਾਇਆ। ਸਾਂਤਕ ਸਤਿ ਨਾ ਕੋਇ ਵਰਤਾਈਆ। ਸਾਚੇ ਮੰਦਰ ਨਾ ਦੇਵੇ ਕੋਈ ਚੜ੍ਹਾਇਆ, ਦਰਸ ਨਾ ਪਾਇਆ ਸਾਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਵਟਾਈਆ। ਕਲਜੁਗ ਅੰਤਮ ਵੇਸ ਅਵੱਲਾ, ਹਰਿ ਹਰਿ ਆਪ ਕਰਾਇੰਦਾ। ਆਪੇ ਵੇਖੇ ਰਾਣੀ ਅੱਲਾ, ਆਪੇ ਹੂ ਹੂ ਨਾਅਰਾ ਲਾਇੰਦਾ। ਆਪੇ ਪਾਵੇ ਸਾਰ ਜਲਾ ਥਲਾ, ਡੂੰਘੀ ਕੰਦਰ ਫੋਲ ਫੁਲਾਈਆ। ਆਪੇ ਮੇਟੇ ਗੁਰਮੁਖਾਂ ਦੂਈ ਦਵੈਤੀ ਸਲਾ, ਸਾਚਾ ਰੰਗ ਇਕ ਚੜ੍ਹਾਇੰਦਾ। ਆਪੇ ਸਚ ਸਿੰਘਾਸਣ ਆਸਣ ਮੱਲਾ, ਆਤਮ ਸੇਜਾ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਅੰਤ ਭਗਵੰਤ ਗੁਰਮੁਖ ਸਾਜਣ ਸੰਤ ਆਪ ਜਗਾਇੰਦਾ। ਸੰਤ ਸੁਹੇਲਾ ਇਕ ਅਤੀਤਾ, ਏਕਾ ਏਕਓਅੰਕਾਰਿਆ। ਗੁਰਮੁਖਾਂ ਦੱਸੇ ਚਰਨ ਪ੍ਰੀਤਾ, ਸਾਚੀ ਰੀਤੀ ਮਾਰਗ ਇਕ ਵਖਾ ਲਿਆ। ਏਕਾ ਰੰਗ ਰੰਗਾਏ ਹਸਤ ਕੀਟਾ, ਊਚਾਂ ਨੀਚਾਂ ਭੇਵ ਚੁਕਾ ਲਿਆ। ਸ਼ਬਦ ਜਣਾਏ ਨਾਮ ਅਨਡੀਠਾ, ਮਿੱਠਾ ਰਸ ਇਕ ਖਵਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪ ਤਰਾ ਲਿਆ। ਤਾਰਨਹਾਰ ਹਰਿ ਗੁਰਦੇਵ, ਏਕਾ ਏਕ ਏਕ ਅਖਵਾਈਆ। ਜਿਸ ਜਨ ਗਾਇਆ ਰਸਨਾ ਜੇਹਵ, ਆਸਾ ਮਨਸਾ ਪੂਰ ਕਰਾਈਆ। ਕੌਸਤਕ ਮਣੀਆ ਮਸਤਕ ਥੇਵ, ਚੌਦਾਂ ਰਤਨ ਮੁਖ ਸ਼ਰਮਾਈਆ। ਅਬਿਨਾਸ਼ੀ ਕਰਤਾ ਅਲੱਖ ਅਭੇਵ, ਬ੍ਰਹਮ ਪਾਰਬ੍ਰਹਮ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚਾ ਵੇਖ ਵਖਾਈਆ। ਘਰ ਸਾਚਾ ਹਰਿ ਸੁਹਾਇਆ, ਪਾਇਆ ਪਰਮ ਪੁਰਖ ਕਰਤਾਰ। ਗੁਰਮੁਖ ਮੇਲਾ ਮੇਲ ਮਿਲਾਇਆ, ਨਾਤਾ ਤੁੱਟਾ ਸਰਬ ਸੰਸਾਰ। ਗੁਰ ਚੇਲਾ ਏਕਾ ਰੰਗ ਰੰਗਾਇਆ, ਗੁਰ ਗੋਬਿੰਦ ਮੀਤ ਮੁਰਾਰ। ਆਪੇ ਸਗਲਾ ਸੰਗ ਨਿਭਾਇਆ, ਸਗਲਾ ਸਾਥੀ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਲ ਕਲਕੀ ਇਕ ਅਵਤਾਰ। ਕਲ ਕਲਕੀ ਹਰਿ ਅਵਤਾਰਾ, ਨਿਰਗੁਣ ਜੋਤ ਜਗਾਈਆ। ਬ੍ਰਹਿਮੰਡਾਂ ਖੰਡਾਂ ਪਾਵੇ ਸਾਰਾ, ਲੋਆਂ ਪੁਰੀਆਂ ਫੋਲ ਫੁਲਾਈਆ। ਜਨ ਭਗਤਾਂ ਕਰੇ ਸਤਿ ਪਿਆਰਾ, ਸਤਿ ਸਰੂਪ ਆਪ ਹੋ ਜਾਈਆ। ਬ੍ਰਹਮ ਮਤ ਏਕਾ ਧਾਰਾ, ਏਕਾ ਰੰਗ ਰੰਗਾਈਆ। ਮਨ ਮਤ ਹੋਏ ਖ਼ਵਾਰਾ, ਚਾਰੋਂ ਕੁੰਟ ਕੂਕੇ ਦਏ ਦੁਹਾਈਆ। ਨਾਰ ਵਿਭਚਾਰ ਨਾ ਹਾਹਾਕਾਰਾ, ਸਾਚਾ ਕੰਤ ਨਾ ਕੋਇ ਮਨਾਈਆ। ਹਰਿ ਕਾ ਭੇਵ ਨਾ ਪਾਏ ਜੀਵ ਗਵਾਰਾ, ਰਸਨਾ ਜਿਹਵਾ ਨਾ ਕੋਇ ਵਖਾਈਆ। ਗੁਰਮੁਖ ਵਿਰਲਾ ਉਤਰਿਆ ਪਾਰਾ, ਜਿਸ ਜਨ ਆਪਣੀ ਦਇਆ ਕਮਾਈਆ। ਏਕਾ ਵਣਜ ਕਰਾਏ ਸੱਚਾ ਵਣਜਾਰਾ, ਏਕਾ ਨਾਮ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਪੂਰਾ ਇਕ ਅਖਵਾਈਆ। ਸਤਿਗੁਰ ਪੂਰਾ ਠਾਂਡਾ ਸੀਤ, ਏਕਾ ਰੰਗ ਸਮਾਇਆ। ਪਤਿਤ ਪਾਪੀ ਕਰੇ ਪੁਨੀਤ, ਪਤਿਤ ਪਾਵਣ ਨਾਉਂ ਧਰਾਇਆ। ਜਿਸ ਜਨ ਰੱਖਿਆ ਹਰਿ ਹਰਿ ਚੀਤ, ਵੇਲੇ ਅੰਤਮ ਮੇਲ ਮਿਲਾਇਆ। ਕਲਜੁਗ ਕੂੜਾ ਰਿਹਾ ਬੀਤ, ਹਰਿ ਸਾਚੇ ਵੇਸ ਵਟਾਇਆ। ਵਸਣਹਾਰਾ ਧਾਮ ਅਨਡੀਠ, ਲੋਕਮਾਤ ਫੇਰਾ ਪਾਇਆ। ਲੱਖ ਚੁਰਾਸੀ ਰਿਹਾ ਜੀਤ, ਆਪ ਆਪਣਾ ਡੰਕ ਵਜਾਇਆ। ਗੁਰਮੁਖ ਵਿਰਲਾ ਗਾਏ ਸੁਹਾਗੀ ਗੀਤ, ਸੋਹੰ ਢੋਲਾ ਇਕ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਲਏ ਵਰ, ਆਪ ਆਪਣੀ ਦਇਆ ਕਮਾਇਆ। ਗੁਰਮੁਖ ਸੱਜਣ ਬੇਪਰਵਾਹ, ਹਰਿ ਹਰਿ ਲੱਧਾ ਰਾਮ। ਪਾਰਬ੍ਰਹਮ ਅਬਿਨਾਸ਼ੀ ਕਰਤਾ ਦੇਵਣਹਾਰਾ ਸਚ ਸਲਾਹ, ਅੰਮ੍ਰਿਤ ਨਾਮ ਪਿਆਏ ਜਾਮ। ਦੋ ਜਹਾਨੀ ਬਣ ਮਲਾਹ, ਕਲਜੁਗ ਅੰਤਮ ਪੂਰਨ ਕਰੇ ਕਾਮ। ਨਿਧਾਵਿਆਂ ਦੇਵੇ ਸਾਚਾ ਥਾਂ, ਸਚਖੰਡ ਦਵਾਰਾ ਸਾਚਾ ਧਾਮ। ਆਪੇ ਪਕੜਣਹਾਰਾ ਬਾਂਹ, ਵੇਖ ਵਖਾਏ ਨਗਰ ਗਰਾਮ। ਸਦਾ ਸੁਹੇਲਾ ਦੇਵੇ ਠੰਡੀ ਛਾਂ, ਲੇਖੇ ਲਾਏ ਹੱਡ ਮਾਸ ਨਾੜੀ ਚਾਮ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਮੇਟੇ ਅੰਧੇਰੀ ਸ਼ਾਮ। ਹਰਿਜਨ ਅੰਧੇਰਾ ਜਾਏ ਚੁੱਕ, ਸਤਿਗੁਰ ਪੂਰਾ ਆਪ ਚੁਕਾਈਆ। ਸਫਲ ਕਰਾਏ ਮਾਤ ਕੁੱਖ, ਧੰਨ ਧੰਨ ਧੰਨ ਜਣੇਂਦੀ ਮਾਈਆ। ਉਲਟਾ ਗਰਭ ਨਾ ਹੋਏ ਰੁਖ, ਲੱਖ ਚੁਰਾਸੀ ਫੰਦ ਕਟਾਈਆ। ਕਰ ਦਰਸ ਉਤਰੇ ਭੁੱਖ, ਹਰਿ ਸਾਚਾ ਤਰਸ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਆਪ ਉਠਾਏ ਲੁਕ ਲੁਕ, ਮਨਮੁਖਾਂ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਜੀਆ ਦਾਨ, ਜੀਆ ਦਾਤਾ ਵਡ ਵਡਿਆਈਆ। ਅੰਤਰਜਾਮੀ ਪੁਰਖ ਬਿਧਾਤਾ, ਹਰ ਘਟ ਵੇਖ ਵਖਾਇੰਦਾ। ਜਨ ਭਗਤਾਂ ਦੇਵੇ ਸਾਚੀ ਦਾਤਾ, ਆਤਮ ਬ੍ਰਹਮ ਜਣਾਇੰਦਾ। ਮੇਟੇ ਰੈਣ ਅੰਧੇਰੀ ਰਾਤਾ, ਸਾਚਾ ਚੰਨ ਚੜ੍ਹਾਇੰਦਾ। ਸ਼ਬਦ ਸੁਣਾਏ ਏਕਾ ਗਾਥਾ, ਅਨਹਦ ਤਾਲ ਵਜਾਇੰਦਾ। ਕਾਇਆ ਮੰਦਰ ਪੂਜਾ ਪਾਠਾ, ਏਕਾ ਰਾਗ ਸੁਣਾਇੰਦਾ। ਸਰ ਸਰੋਵਰ ਤੀਰਥ ਤਾਟਾ, ਅੰਤਰ ਆਤਮ ਆਪ ਨੁਹਾਇੰਦਾ। ਨੂਰੀ ਨੂਰ ਜੋਤ ਲਲਾਟਾ, ਜੋਤ ਨਿਰੰਜਣ ਡਗਮਗਾਇੰਦਾ। ਆਪੇ ਸੁੱਤਾ ਸਾਚੀ ਖਾਟਾ, ਆਸਣ ਸਿੰਘਾਸਣ ਆਪ ਵਛਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਟ ਘਟ ਆਪੇ ਵੇਖ ਵਖਾਇੰਦਾ। ਅੰਤਰਜਾਮੀ ਪੁਰਖ ਸੁਜਾਣ, ਏਕਾ ਏਕ ਓਅੰਕਾਰਿਆ। ਆਦਿ ਜੁਗਾਦੀ ਖੇਲ ਮਹਾਨ, ਜੁਗ ਜੁਗ ਖੇਲੇ ਵਿਚ ਸੰਸਾਰਿਆ। ਜਨ ਭਗਤਾਂ ਦੇਵੇ ਭਗਤੀ ਦਾਨ, ਏਕਾ ਮੰਤਰ ਨਾਮ ਦ੍ਰਿੜਾ ਰਿਹਾ। ਆਤਮ ਦਰਸੀ ਦਰਸ ਮਹਾਨ, ਸਵਛ ਸਰੂਪੀ ਰੂਪ ਵਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਮਾਰ ਝਾਤ, ਇਕ ਇਕਾਂਤ ਖੇਲ ਖਲਾ ਰਿਹਾ। ਅੰਤਰਜਾਮੀ ਖੇਲ ਅਪਾਰਾ, ਗੁਣ ਅਵਗੁਣ ਨਾ ਕੋਇ ਜਣਾਈਆ। ਪਾਰਬ੍ਰਹਮ ਬ੍ਰਹਮ ਰੂਪ ਪਸਾਰਾ, ਬ੍ਰਹਮ ਬ੍ਰਹਮ ਬ੍ਰਹਮ ਵੱਡੀ ਵਡਿਆਈਆ। ਨਿਰਗੁਣ ਸਰਗੁਣ ਬੰਨ੍ਹੇ ਧਾਰਾ, ਏਕਾ ਅੰਕ ਸਮਾਈਆ। ਆਪੇ ਸੋਹੇ ਸਚ ਦਵਾਰਾ, ਬੰਕ ਦਵਾਰੀ ਡੇਰਾ ਲਾਈਆ। ਨਿਜ ਘਰ ਵਸੇ ਵਸਣਹਾਰਾ, ਨਿਜ ਆਤਮ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਟ ਮੇਲਾ ਮੇਲ ਮਿਲਾਈਆ। ਘਟ ਘਟ ਬ੍ਰਹਮ ਵਸਿਆ, ਪਾਰਬ੍ਰਹਮ ਗੁਰ ਕਰਤਾਰ। ਆਦਿ ਜੁਗਾਦੀ ਫਿਰੇ ਨੱਸਿਆ, ਆਪ ਆਪਣੀ ਕਿਰਪਾ ਧਾਰ। ਜਨ ਭਗਤਾਂ ਰੈਣ ਅੰਧੇਰੀ ਮੇਟੇ ਮੱਸਿਆ, ਨਿਰਮਲ ਜੋਤ ਕਰੇ ਉਜਿਆਰ। ਸਾਚੇ ਮੰਦਰ ਬਹਿ ਬਹਿ ਹੱਸਿਆ, ਆਪੇ ਕਾਇਆ ਖੋਲ੍ਹ ਕਿਵਾੜ। ਸ਼ਬਦ ਤੀਰ ਨਿਰਾਲਾ ਕਸਿਆ, ਹਉਮੇ ਹੰਗਤਾ ਦੇਵੇ ਮਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਟ ਘਟ ਖੇਲੇ ਖੇਲ ਅਪਾਰ। ਘਟ ਘਟ ਅੰਤਰ ਨੂਰ ਉਜਿਆਰਾ, ਹਰਿ ਹਰਿ ਆਪ ਕਰਾਈਆ। ਅਲੱਖ ਅਗੋਚਰ ਅਗੰਮ ਅਪਾਰਾ, ਬੋਧ ਅਗਾਧ ਵੱਡੀ ਵਡਿਆਈਆ। ਪਾਵਣਹਾਰਾ ਸਾਚੀ ਸਾਰਾ, ਸਾਚੀ ਸਿਖਿਆ ਸਿਖ ਸਮਝਾਈਆ। ਆਪੇ ਜਾਣੇ ਆਰ ਪਾਰ ਕਿਨਾਰਾ, ਮੰਜਧਾਰ ਆਪ ਸੁਹਾਈਆ। ਆਪੇ ਵਸੇ ਖੰਡ ਸਚ ਦਵਾਰਾ, ਥਿਰ ਘਰ ਸਾਚੇ ਡੇਰਾ ਲਾਈਆ। ਆਪੇ ਵਿਸ਼ਨੂੰ ਰੂਪ ਅਪਾਰਾ, ਆਪੇ ਬ੍ਰਹਮ ਜੋਤ ਪ੍ਰਗਟਾਈਆ। ਆਪੇ ਸ਼ੰਕਰ ਖੇਲ ਅਪਾਰਾ, ਖੇਲਣਹਾਰਾ ਆਪ ਖਿਲਾਈਆ। ਆਪੇ ਤ੍ਰੈਗੁਣ ਤੱਤ ਕਰੇ ਉਧਾਰ, ਪੰਚਮ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖਲੇ ਅਗੰਮ ਅਪਾਰ, ਮਨ ਮਤ ਬੁੱਧ ਆਪਣਾ ਅੰਕ ਵਖਾਈਆ। ਅੰਤਰਜਾਮੀ ਹਰਿ ਹਰਿ ਮੀਤਾ, ਏਕਾ ਰੰਗ ਸਮਾਇਆ। ਆਦਿ ਜੁਗਾਦੀ ਠੰਡਾ ਸੀਤਾ, ਤੱਤਵ ਤੱਤ ਨਾ ਕੋਇ ਵਖਾਇਆ। ਕਰੇ ਕਰਾਏ ਪਤਿਤ ਪੁਨੀਤਾ, ਪਤਿਤ ਪਾਪੀ ਲਏ ਤਰਾਇਆ। ਏਕਾ ਰੰਗ ਰੰਗਾਏ ਹਸਤ ਕੀਟਾ, ਊਚ ਨੀਚ ਨਾ ਕੋਇ ਜਣਾਇਆ। ਆਪਣਾ ਭਾਣਾ ਜਾਣੇ ਮੀਠਾ, ਆਪਣੇ ਭਾਣੇ ਆਪ ਰਹਾਇਆ। ਆਪੇ ਵਸੇ ਧਾਮ ਅਨਡੀਠਾ, ਨੇਤਰ ਲੋਚਣ ਨੈਣ ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਟ ਘਟ ਅੰਦਰ ਕਾਇਆ ਮੰਦਰ, ਨਿਜ ਘਰ ਵਾਸੀ ਪੁਰਖ ਅਬਿਨਾਸ਼ੀ ਏਕਓਅੰਕਾਰਾ ਨਿਰਾਕਾਰਾ ਨਿਰਗੁਣ ਬੈਠਾ ਜੋਤ ਜਗਾਇਆ। ਘਟ ਅੰਦਰ ਹਰਿ ਖੇਲ ਅਪਾਰਾ, ਘਟ ਘਟ ਜੋਤ ਜਗਾਈਆ। ਗੁਰਮੁਖਾਂ ਕਰੇ ਸਚ ਪਿਆਰਾ, ਆਪ ਆਪਣੀ ਬੂਝ ਬੁਝਾਈਆ। ਏਕਾ ਵਣਜ ਕਰੇ ਕਰਾਏ ਸਚ ਵਣਜਾਰਾ, ਏਕਾ ਵਸਤ ਝੋਲੀ ਪਾਈਆ। ਏਕਾ ਰੰਗ ਰੰਗੇ ਕਰਤਾਰਾ, ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਟ ਮੇਲਾ ਖੇਲੇ ਖੇਲ ਬੇਪਰਵਾਹੀਆ। ਘਟ ਅੰਦਰ ਹਰਿ ਹਰਿ ਵਾਸਾ, ਆਪਣਾ ਆਪ ਕਰਾਇੰਦਾ। ਖੇਲੇ ਖੇਲ ਪ੍ਰਿਥਮੀ ਅਕਾਸ਼ਾ, ਗਗਨ ਮੰਡਲ ਵੇਖ ਵਖਾਇੰਦਾ। ਲੋਆਂ ਪੁਰੀਆਂ ਪਾਏ ਰਾਸਾ, ਰਵ ਸਸ ਆਪ ਨਚਾਇੰਦਾ। ਜਨ ਭਗਤਾਂ ਹੋਏ ਦਾਸੀ ਦਾਸਾ, ਜੁਗ ਜੁਗ ਵੇਸ ਵਟਾਇੰਦਾ। ਪੂਰਨ ਕਰੇ ਆਪੇ ਆਸਾ, ਆਪ ਆਪਣਾ ਸੰਗ ਨਿਭਾਇੰਦਾ। ਸ਼ਾਹ ਸੁਲਤਾਨ ਸ਼ਾਹੋ ਸ਼ਾਬਾਸ਼ਾ, ਸਤਿਗੁਰ ਪੂਰਾ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਟ ਭੀਤਰ ਡੇਰਾ ਲਾਇੰਦਾ। ਘਟ ਘਟ ਅੰਦਰ ਹਰਿ ਵਸੇਰਾ, ਹਰਿ ਹਰਿ ਜੋਤ ਜਗਾਈਆ। ਗੁਰਮੁਖਾਂ ਦਿਸੇ ਨੇਰਨ ਨੇਰਾ, ਆਪ ਆਪਣੀ ਬੂਝ ਬੁਝਾਈਆ। ਮਨਮੁਖਾਂ ਅੰਦਰ ਕਰ ਅੰਧੇਰਾ, ਬੈਠਾ ਮੁਖ ਛੁਪਾਈਆ। ਆਪੇ ਜਾਣੇ ਹੇਰਾ ਫੇਰਾ, ਵਲ ਛਲ ਧਾਰੀ ਖੇਲ ਖਲਾਈਆ। ਆਦਿ ਜੁਗਾਦੀ ਜੁਗਾ ਜੁਗੰਤਰ ਕਰੇ ਕਰਾਏ ਹੱਕ ਨਬੇੜਾ, ਭੁੱਲ ਰਹੇ ਨਾ ਰਾਈਆ। ਲੱਖ ਚੁਰਾਸੀ ਦੇਵਣਹਾਰਾ ਆਪਣਾ ਗੇੜਾ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਉਤਭੁਜ ਸੇਹਤਜ ਆਪ ਭਵਾਈਆ। ਗੁਰਮੁਖ ਵਸਾਏ ਕਾਇਆ ਖੇੜਾ, ਹਰਿ ਮੰਦਰ ਡੇਰਾ ਲਾਈਆ। ਪੰਚ ਵਿਕਾਰਾ ਚੁੱਕੇ ਝੇੜਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ। ਮਨ ਮਤ ਨਾ ਕਰੇ ਵਸੇਰਾ, ਆਸਾ ਤ੍ਰਿਸ਼ਨਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਟ ਘਟ ਬੈਠਾ ਬੇਪਰਵਾਹੀਆ। ਘਟ ਘਟ ਵਸਿਆ ਊਚ ਨੀਚ, ਹਸਤ ਕੀਟ ਏਕਾ ਰੰਗ ਸਮਾਇਆ। ਖੇਲੇ ਖੇਲ ਜਗਤ ਜਗਦੀਸ਼, ਜਗਤ ਜਗਦੀਸ਼ਰ ਵੇਸ ਵਟਾਇਆ। ਆਪਣਾ ਪੀਸਣ ਰਿਹਾ ਪੀਸ, ਆਪਣੀ ਚੱਕੀ ਆਪ ਚਲਾਇਆ। ਆਦਿ ਜੁਗਾਦੀ ਸ਼ਰਅ ਹਦੀਸ, ਆਪ ਆਪਣਾ ਹੁਕਮ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਅੰਦਰ ਵੜ, ਨਾ ਕੋਈ ਸੀਸ ਨਾ ਕੋਈ ਧੜ, ਆਪ ਆਪਣਾ ਆਸਣ ਲਾਇਆ। ਘਟ ਅੰਦਰ ਹਰਿ ਕਰ ਕਰ ਵਾਸਾ, ਹਰਿ ਆਪਣਾ ਖੇਲ ਖਲਾਇੰਦਾ। ਗੁਰਮੁਖ ਦੇਵੇ ਨਾਮ ਧਰਵਾਸਾ, ਨਾਮ ਨਾਮਾ ਰਸਨਾ ਜੇਹਵਾ ਮੁਖ ਸਲਾਹਿੰਦਾ। ਲੇਖਾ ਜਾਣੇ ਸਵਾਸ ਸਵਾਸਾ, ਸਗਲਾ ਸੰਗ ਨਿਭਾਇੰਦਾ। ਮਨਮੁਖਾਂ ਖ਼ਾਲੀ ਕਰੇ ਕਾਇਆ ਕਾਸਾ, ਨਾਮ ਵਸਤ ਨਾ ਝੋਲੀ ਪਾਇੰਦਾ। ਦੋਹਾਂ ਵੇਖੇ ਜਗਤ ਤਮਾਸ਼ਾ, ਆਪ ਆਪਣੀ ਰਚਨ ਰਚਾਇੰਦਾ। ਆਦਿ ਜੁਗਾਦਿ ਨਾ ਕਦੇ ਵਿਨਾਸਾ, ਵਿਸ਼ਵ ਰੂਪ ਸਰਬ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਬਿਧ ਜਾਣੇ ਅੰਤਰ, ਤਨ ਬੁਝਾਏ ਲੱਗੀ ਬਸੰਤਰ, ਅੰਮ੍ਰਿਤ ਆਤਮ ਸਾਚਾ ਜਾਮ ਪਿਆਇੰਦਾ। ਅੰਤਰ ਬਿਧ ਹਰਿ ਹਰਿ ਜਾਣੇ, ਭੁੱਲ ਰਹੇ ਨਾ ਰਾਈਆ। ਦਿਵਸ ਰੈਣ ਵੇਖ ਵਖਾਣੇ, ਅੱਠੇ ਪਹਿਰ ਸੇਵ ਕਮਾਈਆ। ਜੋ ਜਨ ਹਰਿ ਹਰਿ ਰੱਖੇ ਚਰਨ ਧਿਆਨੇ, ਚਰਨ ਚਰਨੋਦਕ ਮੁਖ ਪਿਆਈਆ। ਆਪ ਚਲਾਏ ਆਪਣੇ ਭਾਣੇ, ਸਿਰ ਆਪਣਾ ਹੱਥ ਟਿਕਾਈਆ। ਦਰ ਦਵਾਰੇ ਦੇਵੇ ਮਾਣੇ, ਦਰ ਘਰ ਸਾਚੇ ਸੋਭਾ ਪਾਈਆ। ਮਨਮੁੱਖ ਭੁੱਲੇ ਜੀਵ ਅੰਞਾਣੇ, ਹਰਿ ਕਾ ਭੇਵ ਕੋਇ ਨਾ ਪਾਈਆ। ਗੁਰਮੁਖ ਵਿਰਲੇ ਚਤੁਰ ਸੁਘੜ ਸਿਆਣੇ, ਜਗਤ ਤ੍ਰਿਸ਼ਨਾ ਰਹੇ ਮਿਟਾਈਆ। ਦੋਹਾਂ ਵਿਚੋਲਾ ਸ੍ਰੀ ਭਗਵਾਨੇ, ਸੰਤ ਕੰਤ ਭਗਵੰਤ ਜੀਵ ਜੰਤ ਆਦਿ ਅੰਤ ਜੁਗਾ ਜੁਗੰਤ ਜਾਗਰਤ ਜੋਤ ਨਾ ਕੋਈ ਵਰਨ ਨਾ ਕੋਈ ਗੋਤ, ਆਤਮ ਬ੍ਰਹਮ ਬ੍ਰਹਮ ਪਛਾਣ, ਪ੍ਰਭ ਪਾਰਬ੍ਰਹਮ ਇਕ ਧਿਆਨ, ਇਸ਼ਟ ਦੇਵ ਹਰਿ ਸਾਚਾ ਮਾਣ, ਆਦਿ ਸ਼ਕਤੀ ਰੂਪ ਮਹਾਨ, ਨੂਰ ਇਲਾਹੀ ਬੇਐਬ ਪਰਵਰਦਿਗਾਰ, ਸਰਬ ਜੀਆਂ ਦਾ ਯਾਂਝਾ ਯਾਰ, ਖ਼ਾਲਕ ਖ਼ਲਕ ਕਰੇ ਪਿਆਰ, ਓਅੰ ਰੂਪ ਆਪ ਨਿਰਾਕਾਰ, ਸਰਗੁਣ ਪਸਰੇ ਸਰਬ ਪਸਾਰ, ਹੰ ਬ੍ਰਹਮ ਦਏ ਅਧਾਰ, ਸ਼ਬਦ ਡੰਕਾ ਬਾਰ ਅਨਕਾ, ਅਕਲਕਲ ਕਲ ਧਾਰ ਆਪਣਾ ਆਪ ਸੁਣਾਈਆ। ਅੰਤਰਜਾਮੀ ਉਚ ਅਗੰਮਾ, ਏਕਾ ਏਕ ਅਖਵਾਇੰਦਾ। ਨਾ ਮਰੇ ਨਾ ਕਦੇ ਜੰਮਾ, ਜੁਗਾ ਜੁਗੰਤਰ ਵੇਸ ਵਟਾਇੰਦਾ। ਪਵਣ ਸਵਾਸ ਨਾ ਲਏ ਦਮਾਂ, ਨੇਤਰ ਨੀਰ ਨਾ ਕੋਇ ਵਹਾਇੰਦਾ। ਕਰੇ ਕਰਾਏ ਆਪਣਾ ਕੰਮਾ, ਕਰਨੀ ਕਰਤਾ ਆਪ ਅਖਵਾਇੰਦਾ। ਨਾ ਕੋਈ ਖ਼ੁਸ਼ੀ ਨਾ ਕੋਈ ਗਮਾ, ਹਰਖ ਸੋਗ ਨਾ ਕੋਇ ਰਖਾਇੰਦਾ। ਨਾ ਕੋਈ ਹੱਡ ਮਾਸ ਨਾੜੀ ਦਿਸੇ ਚੰਮਾ, ਪੰਜ ਤੱਤ ਨਾ ਕੋਇ ਹੰਢਾਇੰਦਾ। ਜਿਸ ਜਨ ਗਾਇਆ ਦਮ ਦਮਾਂ, ਕਰ ਕਿਰਪਾ ਮੇਲ ਮਿਲਾਇੰਦਾ। ਲੋਕਮਾਤ ਭਗਤ ਵਛਲ ਜਗ ਆਏ ਭੰਨਾ, ਆਪ ਆਪਣਾ ਰੂਪ ਵਟਾਇੰਦਾ। ਕਰੇ ਸੇਵ ਜਿਉਂ ਮਾਲ ਚਰਾਏ ਧੰਨਾ, ਸੇਵਕ ਸੇਵਾ ਆਪ ਕਮਾਇੰਦਾ। ਅਨਾਦੀ ਨਾਦ ਵਜਾਏ ਰਾਗ ਸੁਣਾਏ ਕੰਨਾ, ਤਾਲ ਤਲਵਾੜਾ ਆਪਣੇ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰਜਾਮੀ ਅੰਤਰ ਜਾਨਤ, ਭਲੇ ਬੁਰੇ ਦੀ ਪੀਰ ਪਛਾਣਤ, ਪਰਮ ਪੁਰਖ ਹਰਿ ਕਰ ਪਿਆਰ, ਗੁਰਮੁਖ ਸੱਜਣ ਜਾਏ ਤਾਰ, ਮਨਮੁਖਾਂ ਕਰੇ ਜਗਤ ਖੁਵਾਰ, ਲੱਖ ਚੁਰਾਸੀ ਜੰਮ ਕੀ ਫਾਸੀ ਰਾਏ ਧਰਮ ਸੇਵ ਲਗਾਇੰਦਾ। ਅੰਤਰਜਾਮੀ ਜਿਸ ਜਨ ਵੇਖਿਆ, ਮਿਟਿਆ ਜਗਤ ਅੰਧੇਰ। ਏਕਾ ਨੇਤਰ ਆਪਣੇ ਪੇਖਿਆ, ਸਹਿੰਸਾ ਚੁਕਿਆ ਸੰਞ ਸਵੇਰ। ਨਾ ਕੋਈ ਮੁੱਛ ਦਾੜ੍ਹੀ ਨਾ ਕੇਸਿਆ, ਮੂੰਡ ਮੁੰਡਾਏ ਨਾ ਲਾਏ ਢੇਰ। ਆਦਿ ਜੁਗਾਦੀ ਏਕਾ ਜੋਤ ਜੋਤ ਪ੍ਰਵੇਸਿਆ, ਨਿਰਗੁਣ ਨੂਰ ਨੂਰ ਉਜਿਆਰ। ਆਪੇ ਲਿਖਣਹਾਰਾ ਲੇਖਿਆ, ਬੈਠਾ ਧਰਮ ਸੱਚੇ ਦਰਬਾਰ। ਬ੍ਰਹਮਾ ਵਿਸ਼ਨ ਮਹੇਸ਼ ਕਰਨ ਆਦੇਸਿਆ, ਕੋਟਨ ਕੋਟ ਰਹੇ ਪੁਕਾਰ। ਕਲਜੁਗ ਅੰਤਮ ਅੰਤ ਹਰਿ ਭਗਵੰਤ, ਗੁਰਮੁਖਾਂ ਜਾਣੇ ਅਗਲੀ ਪਿਛਲੀ ਰੇਖਿਆ, ਮੇਲ ਮਿਲਾਏ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਵਰਤੇ ਵਰਤਾਵੇ ਆਪਣੀ ਧਾਰ। ਧਾਰ ਨਿਰਾਲੀ ਜੋਤ ਅਕਾਲੀ, ਆਪਣੀ ਕਲ ਵਰਤਾਇੰਦਾ। ਜਨ ਭਗਤਾਂ ਦਵਾਰੇ ਬਣੇ ਸਵਾਲੀ, ਆਪ ਆਪਣੀ ਭਿਖਿਆ ਮੰਗ ਮੰਗਾਇੰਦਾ। ਮਨਮੁਖਾਂ ਦਰ ਰੱਖੇ ਖ਼ਾਲੀ, ਸਾਚੀ ਵਸਤ ਨਾ ਕੋਇ ਟਿਕਾਇੰਦਾ। ਦੋਹਾਂ ਕਰੇ ਜਗਤ ਦਲਾਲੀ, ਆਪ ਆਪਣਾ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਟ ਘਟ ਅੰਦਰ ਵੇਖੇ ਵੜ, ਆਪਣੀ ਚੋਟੀ ਆਪੇ ਚੜ੍ਹ, ਆਪਣੀ ਵਿਦਿਆ ਅੱਖਰ ਆਪੇ ਪੜ੍ਹ, ਹਰਿਜਨ ਸਾਚੇ ਕਰੇ ਪੜ੍ਹਾਈਆ। ਸਤਿਗੁਰ ਪੂਰਾ ਦੀਨ ਦਿਆਲ, ਦਇਆਨਿਧ ਅਖਵਾਇੰਦਾ। ਗੁਰਮੁਖ ਵੇਖੇ ਸਾਚੇ ਲਾਲ, ਕਾਰਜ ਸਿਧ ਵਖਾਇੰਦਾ। ਸੰਤ ਸੁਹੇਲੇ ਆਪੇ ਭਾਲ, ਆਪ ਆਪਣਾ ਮੇਲ ਮਿਲਾਇੰਦਾ। ਸ਼ਬਦ ਸਰੂਪੀ ਬਣ ਦਲਾਲ, ਸਾਚਾ ਵਣਜ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਇੰਦਾ। ਸਤਿਗੁਰ ਪੂਰਾ ਮੀਤੜਾ, ਪਾਰਬ੍ਰਹਮ ਗੁਰ ਕਰਤਾਰ। ਗੁਰਸਿਖ ਕਾਇਆ ਚੋਲੀ ਰੰਗੇ ਚੀਥੜਾ, ਚਾੜ੍ਹੇ ਰੰਗ ਨਾਮ ਅਪਾਰ। ਦੇਵੇ ਨਾਮ ਸ਼ਬਦ ਅਨਡੀਠੜਾ, ਲੇਖਾ ਜਾਣੇ ਨਾ ਕੋਇ ਸੰਸਾਰ। ਸੁਣਾਏ ਸਚ ਸੱਚਾ ਸੁਹਾਗੀ ਗੀਤੜਾ, ਕਾਇਆ ਮੰਦਰ ਸੁਹਾਏ ਬੰਕ ਦਵਾਰ। ਕਰੇ ਕਰਾਏ ਪਤਿਤ ਪੁਨੀਤੜਾ, ਪਤਿਤ ਪਾਪੀ ਜਾਏ ਤਾਰ। ਮਿਠਾ ਕਰੇ ਕੌੜਾ ਰੀਠੜਾ, ਜੋ ਜਨ ਮੰਗੇ ਨਾਮ ਬਣ ਭਿਖਾਰ। ਆਦਿ ਜੁਗਾਦੀ ਠੰਡਾ ਸੀਤੜਾ, ਅਗਨੀ ਤੱਤ ਮਿਟਾਏ ਝੂਠੀ ਧਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਬਖ਼ਸ਼ੇ ਚਰਨ ਪਿਆਰ। ਸਤਿਗੁਰ ਸਾਚਾ ਏਕ ਹੈ, ਏਕਾ ਏਕ ਓਅੰਕਾਰ। ਗੁਰਮੁਖ ਬਖ਼ਸ਼ੇ ਸਾਚੀ ਟੇਕ ਹੈ, ਚਰਨ ਕਵਲ ਪਿਆਰ। ਕਰੇ ਕਰਾਏ ਬੁੱਧ ਬਬੇਕ ਹੈ, ਨਿਰਗੁਣ ਬਾਤੀ ਜੋਤ ਉਜਿਆਰ। ਤ੍ਰੈਗੁਣ ਮਾਇਆ ਨਾ ਲਾਏ ਸੇਕ ਹੈ, ਪੰਚਮ ਤੱਤ ਨਾ ਕਰੇ ਖੁਵਾਰ। ਹਰਿਜਨ ਸਾਚੇ ਆਪ ਆਪਣੇ ਵੇਖ ਹੈ, ਜੁਗ ਜੁਗ ਮੇਲੇ ਮੇਲਣਹਾਰ। ਆਪੇ ਪੂਰਬ ਲਹਿਣਾ ਰਿਹਾ ਪੇਖ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਰਸ ਅਗੰਮ ਅਪਾਰ। ਸਤਿਗੁਰ ਪੂਰਾ ਤੁਠਿਆ, ਵਡ ਦਾਤਾ ਹਰਿ ਮਿਹਰਵਾਨ। ਏਕਾ ਨਾਮ ਅੰਮ੍ਰਿਤ ਪਿਆਏ ਸਾਚਾ ਘੁਟਿਆ, ਦੂਈ ਦਵੈਤੀ ਮੇਟੇ ਝੂਠ ਨਿਸ਼ਾਨ। ਗੁਰਸਿਖ ਆਪ ਉਠਾਏ ਸੁਤਿਆ, ਆਲਸ ਨਿੰਦਰਾ ਗਵਾਏ ਜਗਤ ਦੁਕਾਨ। ਸਚ ਸੁਹਾਏ ਏਕਾ ਰੁਤਿਆ, ਦੇਵੇ ਆਤਮ ਜੀਆ ਦਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਕਰੇ ਦਰ ਪਰਵਾਨ। ਕਿਰਪਾ ਕਰੇ ਹਰਿ ਮਿਹਰਵਾਨਾ, ਆਪਣੀ ਦਇਆ ਕਮਾਇੰਦਾ। ਪਤਿਤ ਪਾਪੀ ਕਰ ਧਿਆਨਾ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਏਕਾ ਦੇਵੇ ਨਾਮ ਨਿਧਾਨਾ, ਸਾਚੀ ਵਸਤ ਝੋਲੀ ਪਾਇੰਦਾ। ਜੋਗ ਅਭਿਆਸ ਨਾ ਕੋਇ ਵਖਾਣਾ, ਜਪ ਤਪ ਹੱਠ ਨਾ ਕੋਇ ਕਰਾਇੰਦਾ। ਨਜ਼ਰੀ ਨਜ਼ਰ ਨਦਰ ਕਰੇ ਭਗਵਾਨਾ, ਹਰਿਜਨ ਸਾਚੇ ਪਾਰ ਕਰਾਇੰਦਾ। ਧੁਰਦਰਗਾਹੀ ਦੇਵੇ ਸਚ ਪਰਵਾਨਾ, ਆਪਣਾ ਨਾਮ ਹੱਥ ਫੜਾਇੰਦਾ। ਸ਼ਬਦੀ ਬੰਨ੍ਹੇ ਏਕਾ ਗਾਨਾ, ਏਕਾ ਕੰਤ ਸਗਨ ਮਨਾਇੰਦਾ। ਨਾਰੀ ਕੰਤ ਕੰਤੂਹਲ ਪੁਰਖ ਸੁਲਤਾਨਾ, ਬ੍ਰਹਮ ਪਾਰਬ੍ਰਹਮ ਪਰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਸੱਜਣ ਮੀਤ ਅਤੀਤ ਲਏ ਵਰ, ਮੰਦਰ ਮਸੀਤ ਨਾ ਕੋਇ ਜਣਾਇੰਦਾ। ਹਰਿ ਸੰਗਤ ਸੋਹੇ ਦਰ, ਵਡ ਵੱਡੀ ਵਡਿਆਈਆ। ਸਤਿਗੁਰ ਪੂਰਾ ਕਿਰਪਾ ਦਏ ਕਰ, ਮਨਮਤ ਰਹਿਣ ਨਾ ਪਾਈਆ। ਆਪਣੀ ਇਛਿਆ ਅੰਦਰ ਧਰ, ਸਾਚੀ ਭਿਛਿਆ ਇਕ ਵਖਾਈਆ। ਜਗਤ ਵਿਕਾਰਾ ਤੋੜ ਗੜ੍ਹ, ਹਉਮੇ ਰੋਗ ਗਵਾਈਆ। ਸੋ ਪੁਰਖ ਨਿਰੰਜਣ ਫੜਾਏ ਲੜ, ਨਾਮ ਸਤਿ ਸਤਿ ਕੁੜਮਾਈਆ। ਏਕਾ ਅੱਖਰ ਏਕਓਅੰਕਾਰਾ ਜਾਣਾ ਪੜ੍ਹ, ਏਕਾ ਸਿਖਿਆ ਸਿਖ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਲਏ ਵਰ, ਜੋ ਜਨ ਮੰਗੇ ਸਰਨ ਸਰਨਾਈਆ। ਆਏ ਦਰ ਦਰ ਸਵਾਲੀ, ਮੰਗੇ ਨਾਮ ਭਿਖਾਰੀ। ਆਤਮ ਅੰਤਰ ਕੋਇ ਨਾ ਜਾਏ ਖ਼ਾਲੀ, ਮਾਣਸ ਜਨਮਾ ਪੈਜ ਸੁਵਾਰੀ। ਸਤਿਗੁਰ ਪੂਰਾ ਸੱਚਾ ਮਾਲੀ, ਫੁੱਲ ਫਲ ਬੂਟੇ ਵੇਖੇ ਜਗਤ ਕਿਆਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਸਾਚੇ ਘਰ, ਘਰ ਸੱਜਣ ਮੀਤ ਮੁਰਾਰੀ। ਜਨ ਸਰਧਾਲੂ ਸਰਧਾ ਰੱਖ, ਅੰਤਰ ਆਤਮ ਇਕ ਲਿਵ ਲਾਈਆ। ਦਰਸ ਦਖਾਏ ਹੋ ਪਰਤੱਖ, ਸਤਿਗੁਰ ਪੂਰੇ ਹੱਥ ਵਡਿਆਈਆ। ਲੋਕਮਾਤ ਲਏ ਰੱਖ, ਲੋਕ ਲਾਜ ਦਏ ਗਵਾਈਆ। ਕਰੇ ਕਰਾਏ ਲੱਖੋਂ ਕੱਖ, ਕੱਖੋਂ ਲੱਖ ਬਣਾਈਆ। ਕਾਗ ਹੰਸ ਕਰੇ ਵੱਖ ਵੱਖ, ਆਪਣੀ ਚੋਗ ਆਪ ਚੁਗਾਈਆ। ਏਕਾ ਮਾਰਗ ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਰਿਹਾ ਦੱਸ, ਪੁਰਖ ਅਕਾਲ ਇਕ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸੱਜਣ ਦੇਵੇ ਵਰ, ਜੁਗਤ ਜਗਤ ਭਗਤ ਭਗਵੰਤ ਸੱਜਣ ਸੰਤ, ਸਾਦਕ ਸਿਧ ਏਕਾ ਏਕ ਜਣਾਈਆ। ਆਪੇ ਚਾਵਲ ਆਪੇ ਦਾਲ, ਆਪਣੀ ਹਾਂਡੀ ਆਪ ਤਪਾਈਆ। ਆਪੇ ਪਾਣੀ ਦੇਵੇ ਡਾਲ, ਆਪੇ ਰੱਤ ਤੱਤ ਉਬਲਾਈਆ। ਆਪੇ ਲੂਣ ਮਿਰਚ ਲਾਏ ਮਸਾਲ, ਆਪ ਆਪਣਾ ਰਸ ਬਣਾਈਆ। ਆਪੇ ਪਰਦਾ ਉਪਰ ਦਏ ਡਾਲ, ਅੰਦਰੇ ਅੰਦਰ ਆਪ ਭੜਕਾਈਆ। ਆਪੇ ਕਰੇ ਹਾਲ ਬੇਹਾਲ, ਚਾਵਲ ਦਾਲ ਸੁਧ ਰਹੇ ਨਾ ਰਾਈਆ। ਆਪੇ ਪਰੋਸੇ ਰੱਖੇ ਵਿਚ ਥਾਲ, ਆਪੇ ਰਸਨਾ ਭੋਗ ਲਗਾਈਆ। ਆਪੇ ਵਿਸ਼ਟਾ ਕਰ ਕੱਢੇ ਬਾਹਰ ਕਾਇਆ ਮਾਟੀ ਖਾਲ, ਰੂਪ ਰੰਗ ਨਾ ਕੋਇ ਜਣਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਦੀਨ ਦਿਆਲ, ਭੇਵ ਅਭੇਦਾ ਅਛਲ ਅਛੇਦਾ ਜੁਗਾ ਜੁਗੰਤ ਆਪਣੀ ਬਣਤ ਰਿਹਾ ਬਣਾਈਆ। ਚਾਵਲ ਦਾਲ ਆਪੇ ਮੇਲ, ਆਪਣਾ ਮੇਲ ਮਿਲਾਇਆ। ਆਪੇ ਰਿਹਾ ਆਪਣਾ ਖੇਲ ਖੇਲ, ਆਪਣਾ ਡੰਡਾ ਆਪੇ ਵਿਚ ਫਿਰਾਇਆ। ਆਪੇ ਅੰਦਰ ਬਾਹਰ ਸੱਜੇ ਖੱਬੇ ਪਿਛੇ ਅੱਗੇ ਰਿਹਾ ਧਕੇਲ, ਅੱਗੇ ਅੜ ਕੋਈ ਨਾ ਜਾਇਆ। ਲੱਖ ਚੁਰਾਸੀ ਆਪਣੀ ਹੱਥੀਂ ਪਾਈ ਨਕੇਲ, ਖਿਚੀ ਜਾਏ ਵਾਹੋ ਦਾਹਿਆ। ਵਿਸ਼ਨ ਬ੍ਰਹਮਾ ਸ਼ਿਵ ਤਿੰਨਾਂ ਬਹਿਣ ਨਾ ਦੇਵੇ ਕਿਸੇ ਵੇਲੇ ਵੇਹਲ, ਸਾਚੀ ਸੇਵਾ ਆਪ ਕਰਾਇਆ। ਗੁਰਮੁਖ ਸਾਚੇ ਸੱਜਣ ਸੁਹੇਲ, ਆਪ ਆਪਣੇ ਵੇਖ ਵਖਾਇਆ। ਲੱਖ ਚੁਰਾਸੀ ਵਿਚੋਂ ਕੱਢੇ ਆਪਣੇ ਹੱਥ ਫੜ ਵੇਖੇ ਰਸ ਲਾਏ ਰਸਨਾ ਜੇਹਵ, ਕਲਜੁਗ ਵੇਲਾ ਅੰਤਮ ਆਇਆ। ਸੋ ਚਾਵਲ ਦਾਲ ਹੋਈ ਪਰਵਾਨ, ਜਿਸ ਹੱਥ ਲਾਇਆ ਭਗਵਾਨ, ਆਪ ਆਪਣੇ ਵਿਚ ਟਿਕਾਇਆ। ਜੀਵ ਜੰਤ ਜੰਤ ਅੰਞਾਣ, ਹਰਿ ਕਾ ਭੇਵ ਭੇਵ ਮਹਾਨ, ਦੇਵੀ ਦੇਵ ਸਰਬ ਗੁਣ ਗਾਣ, ਸਾਧ ਸੰਤ ਕਰਨ ਧਿਆਨ, ਗੁਰ ਪੀਰ ਅਵਤਾਰ ਰਹੇ ਵਖਾਨ, ਭੇਵ ਅਭੇਦਾ ਲੇਖ ਨਾ ਜਾਣੇ ਚਾਰੇ ਵੇਦਾ, ਸ਼ਾਸਤਰ ਸਿਮਰਤ ਪੁਰਾਨ ਅੰਜੀਲ ਕੁਰਾਨ, ਖਾਣੀ ਬਾਣੀ ਰਹੀ ਮੁਖ ਸਲਾਹਿਆ। ਜੀਵ ਜੀਵ ਜੀਵ ਅੰਞਾਣਾ, ਜੀਵਨ ਜੁਗਤ ਜਣਾਈਆ। ਈਸ਼ ਈਸ਼ ਖੇਲ ਮਹਾਨਾ, ਈਸ਼ ਈਸ਼ ਵਡਿਆਈਆ। ਆਪੇ ਵੰਞ ਆਪ ਮੁਹਾਣਾ, ਆਪੇ ਚੱਪੂ ਲਾਈਆ। ਆਪੇ ਸੁਘੜ ਆਪ ਸਿਆਣਾ, ਆਪੇ ਵੇਖ ਵਖਾਈਆ। ਆਪੇ ਲੱਖ ਚੁਰਾਸੀ ਬਣਤ ਬਣਾਣਾ, ਆਪੇ ਰਿਹਾ ਭੁਵਾਈਆ। ਆਪੇ ਵਰਤੇ ਆਪਣਾ ਭਾਣਾ, ਆਪਣੇ ਭਾਣੇ ਆਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਸਰਬ ਫਿਰਾਈਆ। ਹੁਕਮੀ ਹੁਕਮ ਵਡ ਬਲਵਾਨ, ਆਪਣਾ ਆਪ ਚਲਾਇੰਦਾ। ਲੋਆਂ ਪੁਰੀਆਂ ਏਕਾ ਆਣ, ਰਵ ਸਸ ਸੇਵਾ ਲਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰੇ ਧਿਆਨ, ਸਾਚਾ ਸ਼ਬਦ ਜਣਾਇੰਦਾ। ਲੱਖ ਚੁਰਾਸੀ ਹੋ ਪਰਧਾਨ, ਆਪਣਾ ਵੇਸ ਵਟਾਇੰਦਾ। ਖੇਲੇ ਖੇਲ ਸ੍ਰੀ ਭਗਵਾਨ, ਖੇਲ ਖਲੰਤਾ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੇੜਾ ਆਪਣਾ ਝੇੜਾ ਆਪੇ ਕਰੇ ਹੱਕ ਨਬੇੜਾ, ਆਪੇ ਵਸੇ ਸਾਚੇ ਖੇੜਾ, ਆਪੇ ਦੂਰ ਆਪੇ ਨੇੜਾ ਆਪੇ ਮੁਖ ਛੁਪਾਇੰਦਾ। ਸਰਬ ਕਲਾ ਹਰਿ ਭਰਪੂਰ, ਜਪ ਤਪ ਨਾ ਕੋਇ ਰਖਾਈਆ। ਆਪੇ ਉਪਜੇ ਆਪਣਾ ਨੂਰ, ਆਪੇ ਡਗਮਗਾਈਆ। ਆਪੇ ਆਪਣਾ ਦੇਵੇ ਸਤਿ ਸਰੂਰ, ਆਪ ਆਪਣੇ ਵਿਚ ਸਮਾਈਆ। ਆਪੇ ਹੋਏ ਹਾਜ਼ਰ ਹਜ਼ੂਰ, ਦੂਰ ਨੇੜਾ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਘਰ ਆਪੇ ਸੋਹੇ, ਆਪੇ ਸੇਜ ਸੁਹਾਈਆ। ਨਾ ਕੋਈ ਗਿਆਨ ਨਾ ਕੋਈ ਧਿਆਨ, ਹਰਿ ਇਸ਼ਟ ਨਾ ਕੋਇ ਮਨਾਈਆ। ਨਾ ਕੋਈ ਪੜ੍ਹੇ ਵੇਦ ਪੁਰਾਨ, ਪੂਜਾ ਪਾਠ ਨਾ ਕੋਇ ਵਖਾਈਆ। ਨਾ ਕੋਈ ਅੰਜੀਲ ਨਾ ਕੋਈ ਕੁਰਾਨ, ਕਲਮਾ ਅਮਾਮ ਨਾ ਕੋਇ ਰਖਾਈਆ। ਖਾਣੀ ਬਾਣੀ ਨਾ ਕੋਇ ਵਖਾਣ, ਰਸਨਾ ਢੋਲਾ ਨਾ ਕੋਇ ਗਾਈਆ। ਆਪਣੀ ਕਰ ਆਪ ਪਛਾਣ, ਆਪ ਆਪਣੇ ਵਿਚ ਸਮਾਈਆ। ਪੁਰਖ ਅਕਾਲ ਇਕ ਮਹਾਨ, ਏਕਾ ਏਕ ਏਕ ਹੋ ਜਾਈਆ। ਵੇਸ ਅਨੇਕ ਵਿਚ ਜਹਾਨ, ਲੱਖ ਚੁਰਾਸੀ ਡੇਰਾ ਲਾਈਆ। ਆਪਣਾ ਨਾਮ ਜਗਤ ਨਿਸ਼ਾਨ, ਧੁਨ ਨਾਦ ਜਣਾਈਆ। ਪੰਜ ਪੰਜੀ ਖੇਲ ਮਹਾਨ, ਤੱਤ ਰੱਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਦੇਵੇ ਸਾਚਾ ਵਰ, ਬ੍ਰਹਮ ਪਾਰਬ੍ਰਹਮ ਸਰਨਾਈਆ। ਕਾਇਆ ਮੰਦਰ ਅੰਮ੍ਰਿਤਸਰ, ਹਰਿ ਹਰਿ ਰਚਨ ਰਚਾਈਆ। ਗੁਰਮੁਖ ਵਿਰਲਾ ਹਰਿ ਕੀ ਪੌੜੀ ਜਾਏ ਚੜ੍ਹ, ਜਿਸ ਜਨ ਸਤਿਗੁਰ ਪੂਰਾ ਆਪ ਚੜ੍ਹਾਈਆ। ਗੁਰ ਅਮਰ ਦਾਸ ਫੜਾਇਆ ਆਪਣਾ ਲੜ, ਗੁਰ ਅੰਗਦ ਰਾਹ ਜਣਾਈਆ। ਨਾਨਕ ਘਾੜਣ ਦਿਤਾ ਘੜ, ਰਾਮ ਦਾਸ ਵੱਜੀ ਵਧਾਈਆ। ਗੁਰ ਅਰਜਨ ਦਰਸ ਦਖਾਇਆ ਅੱਗੇ ਖੜ੍ਹ, ਪਾਰਬ੍ਰਹਮ ਵੱਡੀ ਵਡਿਆਈਆ। ਜੋ ਜਨ ਸਰਨ ਸਰਨਾਈ ਜਾਏ ਪੜ੍ਹ, ਨੌ ਦਵਾਰੇ ਦਏ ਤਜਾਈਆ। ਸੁਖਮਨ ਨਾੜੀ ਬਹੇ ਲੜ, ਤ੍ਰੈ ਸੰਗਮ ਮੇਟ ਮਿਟਾਈਆ। ਸਰੋਵਰ ਨੁਹਾਏ ਸਾਚੇ ਸਰ, ਦੁਰਮਤ ਮੈਲ ਗਵਾਈਆ। ਕਾਗ ਹੰਸ ਜਾਏ ਬਣ, ਏਕਾ ਚੋਗ ਮਾਣਕ ਮੋਤੀ ਸ਼ਬਦ ਗੁਰ ਚੁਗਾਈਆ। ਆਵਣ ਜਾਵਣ ਚੁੱਕੇ ਡਰ, ਮਿਟੇ ਭਰਮ ਕੀ ਕਾਈਆ। ਅਠਸਠ ਤੀਰਥ ਨਾ ਮਿਲੇ ਹਰਿ, ਹਰਿ ਮੰਦਰ ਕਾਇਆ ਅੰਦਰ ਸਾਚਾ ਮੇਲ ਮਿਲਾਈਆ। ਜਗਤ ਤੁੜੌਣਾ ਹੰਕਾਰੀ ਜੰਦਰ, ਸਾਚੇ ਮੰਦਰ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰ ਸਰੋਵਰ ਅੰਮ੍ਰਿਤ ਆਤਮ ਏਕਾ ਏਕ ਏਕ ਦਰਸਾਈਆ। ਅੰਮ੍ਰਿਤਸਰ ਸਾਚੇ ਨਹੌਣਾ, ਹਰਿ ਸਾਚੇ ਤਾਲ ਸੁਹਾਇਆ। ਹਉਂਮੇ ਹੰਗਤਾ ਰੋਗ ਗਵੌਣਾ, ਮਾਇਆ ਮਮਤਾ ਮੋਹ ਚੁਕਾਇਆ, ਭਾਂਡਾ ਗੜ੍ਹ ਹੰਕਾਰ ਭੰਨੌਣਾ, ਜੂਠ ਝੂਠ ਰਹਿਣ ਨਾ ਪਾਇਆ। ਧੀਰਜ ਸਤਿ ਇਕ ਰਖੌਣਾ, ਸਤਿ ਸਤਿਵਾਦੀ ਵੇਖ ਵਖਾਇਆ। ਕਾਇਆ ਕਪੜ ਮਾਇਆ ਮਮਤਾ ਲੌਹਣਾ, ਸਚ ਸਰੋਵਰ ਗੁਰਮੁਖ ਨੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਸ਼ਨਾਨ ਜੀਆ ਦਾਨ, ਜੀਵਣ ਦਾਤਾ ਆਪ ਕਰਾਇਆ। ਜੀਆ ਦਾਨ ਜਾਗਰਤ ਜੋਤ, ਗੁਰਮੁਖਾਂ ਆਪ ਜਗਾਈਆ। ਲਹਿਣਾ ਦੇਣਾ ਚੁਕਾਏ ਵਰਨ ਗੋਤ, ਏਕਾ ਰੰਗ ਸਮਾਈਆ। ਸ਼ਬਦ ਨਗਾਰੇ ਲਾਏ ਚੋਟ, ਅਨਹਦ ਰਾਗ ਸੁਣਾਈਆ। ਦੂਜੀ ਵਾਸਨਾ ਕੱਢੇ ਖੋਟ, ਕੂੜੀ ਕਿਰਿਆ ਦਏ ਮਿਟਾਈਆ। ਧੀਰਜ ਜਤ ਸਤਿ ਬੰਧਾਏ ਇਕ ਲੰਗੋਟ, ਕਾਮ ਕਰੋਧ ਨਾ ਹੋਏ ਹਲਕਾਈਆ। ਇਕ ਜਣਾਏ ਸਾਚੀ ਓਟ, ਦੂਸਰ ਇਸ਼ਟ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਨ ਏਕਾ ਝੋਲੀ ਪਾਈਆ।
