Granth 08 Likhat 055: 18 Chet 2016 Bikarmi Puran Singh de Ghar Pind Chambal Jila Amritsar

੧੮ ਚੇਤ ੨੦੧੬ ਬਿਕ੍ਰਮੀ ਪੂਰਨ ਸਿੰਘ ਦੇ ਘਰ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ

ਨਾਮ ਦਾਨ ਸ਼ਬਦ ਗੁਰ ਦੀਨਨ, ਦੀਨ ਦਿਆਲ ਉਪਾਇਆ। ਗੁਰਮੁਖ ਸਾਜਨ ਰਸਨਾ ਚੀਨਨ, ਹਿਰਦੇ ਹਰਿ ਵਸਾਇਆ। ਲਹਿਣਾ ਚੁੱਕੇ ਲੋਕ ਤੀਨਨ, ਤ੍ਰੈਗੁਣ ਬੰਧਨ ਤੁੜਾਇਆ। ਤੁਟੇ ਵਛੋੜਾ ਜਿਉਂ ਜਲ ਮੀਨਨ, ਆਪ ਆਪਣਾ ਮੇਲ ਮਿਲਾਇਆ। ਸਾਂਤਕ ਠਾਂਡਾ ਕਰੇ ਸੀਨਨ, ਸੀਤਲ ਧਾਰਾ ਮੁਖ ਚੁਆਇਆ। ਭਗਤਨ ਮੀਤਾ ਹੋਏ ਆਪ ਅਧੀਨਨ, ਦੀਨਾ ਨਾਥ ਦਇਆ ਕਮਾਇਆ। ਹਰਿਜਨ ਕਾਇਆ ਚੋਲੀ ਚਾੜ੍ਹੇ ਰੰਗ ਭੀਨਨ, ਭੈ ਭਿਆਨਕ ਵੇਖ ਵਖਾਇਆ। ਭੰਨਣਹਾਰ ਹੰਕਾਰੀ ਬੀਨਨ, ਨਾਮ ਨਿਰੰਜਣ ਇਕ ਅਲਾਇਆ। ਸੰਤ ਸੁਹੇਲੇ ਵੱਖ ਕੀਨਨ, ਜੁਗ ਜੁਗ ਵੱਖਰੀ ਚਾਲ ਚਲਾਇਆ। ਨਿਰਧਨ ਨਿਰਧਨ ਹੋਏ ਮਸਕੀਨਨ, ਆਪ ਆਪਣਾ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮ ਭੰਡਾਰਾ ਆਪ ਵਰਤਾਇਆ। ਨਾਮ ਭੰਡਾਰ ਹਰਿਜਨ ਦੀਆ, ਦੇਵਣਹਾਰ ਸਮਰਥ। ਨਿਰਮਲ ਕਰੇ ਗੁਰਸਿਖ ਜੀਆ, ਜਗਤ ਵਿਕਾਰਾ, ਦੇਵੇ ਮੱਥ। ਮੇਲ ਮਿਲਾਏ ਕਰ ਕਰ ਹੀਆ, ਸ਼ਬਦ ਜਣਾਈ ਅਕਥਨਾ ਅਕਥ। ਸਤਿ ਸੰਤੋਖੀ ਬੀਜ ਬੀਆ, ਕਾਇਆ ਖੇੜਾ ਸਾਚੇ ਵਤ। ਗੁਰਮੁਖ ਹਰਿਆ ਤਨ ਮਨ ਭਇਆ, ਹਰਿ ਮਿਲਿਆ ਕਮਲਾਪਤਿ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਬੰਧਾਏ ਅਪਣਾ ਨਤ। ਸ਼ਬਦ ਨਾਮ ਸਰਬ ਗੁਰ ਦੀਨਾਂ, ਸਰਬ ਸੂਖ ਹਰਿ ਪਾਇਆ। ਹਰਿ ਹਰਿ ਹਰਿਜਨ ਆਪ ਆਪਣਾ ਕੀਨਾ, ਅੰਤਰ ਮੰਤਰ ਇਕ ਬੁਝਾਇਆ। ਆਪੇ ਜਾਣੇ ਮਰਨਾਂ ਜੀਣਾ, ਜੀਵਨ ਮੁਕਤ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦੀ ਸ਼ਬਦ ਸਮਾਇਆ। ਸ਼ਬਦ ਸਮਾਏ ਸ਼ਬਦ ਉਪਾਏ, ਸ਼ਬਦ ਫਲ ਫੁਲਵਾੜੀਆ। ਸ਼ਬਦ ਫੂਲ ਸ਼ਬਦ ਮਹਿਕਾਏ, ਸ਼ਬਦ ਭਵਰੀ ਭਵਰ ਕਿਆਰੀਆ। ਸ਼ਬਦ ਪੰਖੜੀ ਆਪ ਹੋ ਜਾਏ, ਸ਼ਬਦ ਕੰਡਾ ਪੱਤ ਪੱਤ ਡਾਲ੍ਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਿਮੰਡਾਂ ਸ਼ਬਦ ਰੂਪ ਸਮਾਲੀਆ। ਸ਼ਬਦ ਸੁਰਤ ਸ਼ਬਦ ਡੋਰ, ਸ਼ਬਦ ਤਨ ਬੰਧਾਈਆ। ਸ਼ਬਦ ਅਕਾਲ ਮੂਰਤ ਅੰਧ ਘੋਰ, ਸ਼ਬਦ ਸੰਝ ਸਵੇਰ ਅਖਵਾਈਆ । ਸ਼ਬਦ ਬਣਿਆ ਪੰਜ ਚੋਰ, ਪੰਚ ਸ਼ਬਦ ਸ਼ਬਦ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕ ਸ਼ਬਦ ਉਪਜਾਈਆ। ਸ਼ਬਦ ਉਪਜੇ ਸ਼ਬਦ ਬਿਨਾਸੇ, ਸ਼ਬਦ ਸ਼ਬਦ ਸ਼ਬਦ ਸਮਾਇਆ। ਸ਼ਬਦ ਪ੍ਰਿਥਮੀ ਸ਼ਬਦ ਅਕਾਸ਼ੇ, ਗਗਨ ਪਾਤਾਲ ਸ਼ਬਦ ਅਖਵਾਇਆ। ਸ਼ਬਦ ਬ੍ਰਹਮਾ ਸ਼ਬਦ ਵਿਸ਼ਨ ਸ਼ਬਦ ਸ਼ੰਕਰ ਕਰੇ ਵਾਸੇ, ਸ਼ਬਦ ਰੂਪ ਦਰਸਾਇਆ। ਸ਼ਬਦ ਰਵ ਸ਼ਬਦ ਸਸ ਸ਼ਬਦ ਪਰਕਾਸੇ, ਤਾਰਾ ਮੰਡਲ ਸ਼ਬਦ ਲਟਕਾਇਆ। ਸ਼ਬਦ ਬਿੰਬ ਸ਼ਬਦ ਜਲ ਧਾਰ ਸ਼ਬਦ ਸਿੰਧ, ਸ਼ਬਦ ਸਾਗਰ ਆਪ ਉਪਾਇਆ। ਸ਼ਬਦ ਗਹਿਰ ਗੰਭੀਰ ਗੁਣੀ ਗਹਿੰਦ, ਸ਼ਬਦ ਭੇਵ ਕੋਇ ਨਾ ਪਾਇਆ। ਸ਼ਬਦ ਅਸੱਤ ਸ਼ਬਦ ਨਿੰਦ, ਸ਼ਬਦ ਸ਼ਬਦੀ ਸ਼ਬਦ ਸਲਾਹਿਆ। ਸ਼ਬਦ ਮਾਤ ਸ਼ਬਦ ਪਿਤ ਸ਼ਬਦ ਹੋਏ ਬਿੰਦ, ਪੂਤ ਸਪੂਤਾ ਸ਼ਬਦ ਬਣਾਇਆ। ਸ਼ਬਦ ਹਰਖ ਸ਼ਬਦ ਸੋਗ ਸ਼ਬਦ ਚਿੰਦ, ਸ਼ਬਦ ਘਰ ਘਰ ਖ਼ੁਸ਼ੀ ਵਖਾਇਆ। ਸ਼ਬਦ ਸ਼ਾਹ ਸ਼ਬਦ ਸੁਲਤਾਨ ਸ਼ਬਦ ਨਰਿੰਦ, ਨਿਰਵੈਰ ਸ਼ਬਦ ਹੋ ਜਾਇਆ। ਸ਼ਬਦ ਸੁਰ ਸ਼ਬਦ ਅਸੁਰ, ਸੁਰਪਤ ਇੰਦ ਸ਼ਬਦ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦੀ ਸ਼ਬਦ ਰਖਾਇਆ। ਸ਼ਬਦ ਉਜਾਲਾ ਗੋਬਿੰਦ ਕਰਿਆ, ਸ਼ਬਦ ਅੰਧੇਰ ਸਮਾਈਆ। ਸ਼ਬਦੀ ਮੰਦਰ ਸ਼ਬਦ ਮਸਜਿਦ ਸ਼ਬਦ ਧਰਮਸਾਲਾ, ਗੁਰੂਦਵਾਰ ਸ਼ਬਦ ਅਖਵਾਈਆ। ਸ਼ਬਦ ਸ਼ਾਹ ਸ਼ਬਦ ਕੰਗਾਲਾ, ਦਰ ਦਰਵੇਸ ਸ਼ਬਦ ਅਖਵਾਈਆ। ਸ਼ਬਦ ਪਤ ਸ਼ਬਦ ਡਾਲ੍ਹਾ, ਸ਼ਬਦ ਸ਼ਬਦੀ ਜੜ੍ਹ ਲਗਾਈਆ। ਸ਼ਬਦ ਸੱਤ ਸਰੋਵਰ ਮਾਰ ਉਛਾਲਾ, ਸਮੁੰਦ ਸਾਗਰ ਆਪ ਵਖਾਈਆ। ਸ਼ਬਦ ਸ਼ਬਦੀ ਬਣ ਦਲਾਲਾ, ਧਰਨੀ ਧਰਤ ਸੁਹਾਈਆ। ਸ਼ਬਦ ਕਾਲ ਸ਼ਬਦ ਮਹਾਂਕਾਲਾ ਆਦਿ ਜੁਗਾਦਿ ਸ਼ਬਦ ਸਹਾਈਆ। ਸ਼ਬਦ ਅਗਨੀ ਜੋਤ ਜਵਾਲਾ, ਅਸ਼ਟਭੁਜ ਸ਼ਬਦ ਵਡਿਆਈਆ। ਸ਼ਬਦ ਗੁਰ ਸ਼ਬਦ ਜਵਾਨਾ, ਬਲਵਾਨਾ ਸ਼ਬਦ ਇਕ ਹੋ ਜਾਈਆ। ਸ਼ਬਦ ਰਾਗ ਸ਼ਬਦ ਤਰਾਨਾ, ਸ਼ਬਦੀ ਆਪੇ ਗਾਈਆ। ਸ਼ਬਦ ਰੂਪ ਸ੍ਰੀ ਭਗਵਾਨਾ, ਦਿਸ ਕਿਸੇ ਨਾ ਆਈਆ। ਹਰਿ ਸ਼ਬਦੀ ਲੱਖ ਚੁਰਾਸੀ ਦੇਵੇ ਦਾਨਾ, ਨਿਰਗੁਣ ਆਪਣੀ ਵੰਡ ਵੰਡਾਈਆ। ਪਾਰਬ੍ਰਹਮ ਬ੍ਰਹਮ ਕਰ ਪਰਧਾਨਾ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸ਼ਿੰਗਾਰ ਆਪ ਕਰਾਈਆ। ਸ਼ਬਦ ਰੂਪ ਸ਼ਬਦ ਰੰਗ, ਹਰਿ ਸ਼ਬਦੀ ਸ਼ਬਦ ਸ਼ਿੰਗਾਰਿਆ। ਸ਼ਬਦ ਸੇਜ ਸ਼ਬਦ ਪਲੰਘ, ਸ਼ਬਦ ਸੁੱਤਾ ਪੈਰ ਪਸਾਰਿਆ। ਸ਼ਬਦ ਦਾਤਾ ਸ਼ਬਦ ਦਾਨੀ ਸ਼ਬਦ ਰਿਹਾ ਮੰਗ, ਸ਼ਬਦੀ ਸ਼ਬਦ ਭਰੇ ਭੰਡਾਰਿਆ। ਸ਼ਬਦ ਮੀਤਾ ਸ਼ਬਦ ਅਤੀਤਾ ਸ਼ਬਦ ਵਸੇ ਸਦਾ ਸੰਗ, ਸਗਲਾ ਸੰਗ ਨਿਭਾ ਰਿਹਾ। ਸ਼ਬਦ ਢੋਲ ਸ਼ਬਦ ਮਰਦੰਗ, ਸ਼ਬਦ ਨਗਾਰਾ ਇਕ ਵਜਾ ਰਿਹਾ। ਸ਼ਬਦ ਅੰਗੀਕਾਰ ਕਰੇ ਅੰਗ, ਆਪ ਅੰਗਨ ਆਪਣੇ ਵੇਖ ਵਖਾ ਰਿਹਾ। ਸ਼ਬਦੀ ਅੰਦਰ ਸ਼ਬਦ ਜਾਏ ਲੰਘ, ਸ਼ਬਦ ਮੇਲਾ ਮੇਲ ਕਰਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਭੁੱਖ ਸ਼ਬਦ ਨੰਗ, ਸ਼ਬਦ ਤ੍ਰਿਸਨਾ ਤ੍ਰਿਖਾ ਬੁਝਾ ਲਿਆ। ਸ਼ਬਦ ਮੰਡਲ ਸ਼ਬਦ ਰਾਸ, ਗੋਪੀ ਕਾਹਨ ਸ਼ਬਦ ਅਖਵਾਈਆ। ਸ਼ਬਦ ਪੁਰਖ ਹਰਿ ਸ਼ਾਹੋ ਸ਼ਾਬਾਸ਼, ਰਾਜ ਰਾਜਾਨ ਆਪ ਅਖਵਾਈਆ। ਸ਼ਬਦ ਦਾਤਾ ਸਰਬ ਗੁਣਤਾਸ, ਰੂਪ ਰਾਮ ਸ਼ਬਦ ਵਟਾਈਆ। ਸ਼ਬਦ ਨੂਰ ਇਕ ਪਰਕਾਸ਼, ਆਪ ਆਪਣਾ ਤੇਜ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਸ਼ਬਦ ਸਮਾਈਆ। ਲੱਖ ਚੁਰਾਸੀ ਸ਼ਬਦ ਟਿਕਾਣਾ, ਸੁਰਤੀ ਸੁਰਤ ਸਮਾ ਲਿਆ। ਪੁਰਖ ਅਬਿਨਾਸ਼ੀ ਇਕ ਬਬਾਣਾ, ਹਰਿ ਆਪਣਾ ਆਪ ਉਠਾ ਲਿਆ। ਗੁਰਮੁਖ ਵੇਖੇ ਸੁਘੜ ਸਿਆਣਾ, ਕਲਜੁਗ ਅੰਤਮ ਮੇਲ ਮਿਲਾ ਲਿਆ। ਦਰ ਦੁਰਕਾਏ ਰਾਜਾ ਰਾਣਾ, ਮੰਗਣ ਭਿਖਿਆ ਕੋਇ ਨਾ ਪਾ ਰਿਹਾ। ਦਰਗਹਿ ਸਾਚੀ ਦੇਵੇ ਮਾਣਾ, ਜਿਸ ਜਨ ਆਪਣਾ ਦਰਸ ਦਿਖਾ ਲਿਆ। ਬਿਰਧ ਬਾਲ ਨੌਜਵਾਨ ਏਕਾ ਰੰਗ ਰੰਗਾਨਾ, ਏਕਾ ਅੱਖਰ ਆਪ ਪੜ੍ਹਾ ਲਿਆ। ਸਤਿਜੁਗ ਤੇਰਾ ਸਾਚਾ ਗਾਣਾ, ਸੋਹੰ ਸ਼ਬਦ ਇਕ ਸੁਣਾ ਲਿਆ। ਲੇਖਾ ਛੁੱਟੇ ਆਵਣ ਜਾਣਾ, ਘਰ ਸੱਜਣ ਸਾਚਾ ਪਾ ਲਿਆ। ਲੇਖੇ ਲੱਗੇ ਪੀਣਾ ਖਾਣਾ, ਗੁਰ ਭੰਡਾਰ ਜਿਸ ਰਸਨਾ ਲਾ ਲਿਆ। ਮੇਲ ਮਿਲਾਵਾ ਬੀਨਾ ਦਾਨਾ, ਦਾਨਾ ਬੀਨਾ ਦਰਸ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵੇਸ ਵਟਾ ਲਿਆ। ਵੇਸ ਵਟਾਇਆ ਹਰਿ ਬੇਅੰਤ, ਬੇਅੰਤ ਬੇਪਰਵਾਹੀਆ। ਪਾਰਬ੍ਰਹਮ ਪ੍ਰਭ ਸਾਚਾ ਕੰਤ, ਗੁਰਮੁਖ ਨਾਰ ਰਿਹਾ ਪਰਨਾਈਆ। ਲੇਖਾ ਜਾਣੇ ਸਾਧ ਸੰਤ, ਸਰਗੁਣ ਮੇਲਾ ਸਹਿਜ ਸੁਭਾਈਆ। ਰਸਨਾ ਜੇਹਵਾ ਮਣੀਆ ਮੰਤ, ਏਕਾ ਗੁਣ ਵਖਾਈਆ। ਤੋੜੇ ਗੜ੍ਹ ਹਉਮੇ ਹੰਗਤ, ਹੰ ਬ੍ਰਹਮ ਇਕ ਵਖਾਈਆ। ਮੇਲ ਮਿਲਾਵਾ ਸਾਚੀ ਸੰਗਤ, ਹਰਿ ਸੰਗਤ ਵੇਖ ਵਖਾਈਆ। ਕਲਜੁਗ ਮਾਇਆ ਹੋਈ ਨੰਗਤ, ਨਾ ਪੜਦਾ ਕੋਈ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਹਰਿ ਸ਼ਬਦ ਕਰੇ ਕੁੜਮਾਈਆ। ਹਰਿ ਸ਼ਬਦ ਜੁੜਿਆ ਜੋੜਾ, ਹਰਿ ਸਾਚੇ ਆਪ ਜੁੜਾਇਆ। ਪੁਰਖ ਅਗੰਮਾ ਲੈ ਕੇ ਘੋੜਾ, ਲੋਕਮਾਤ ਫੇਰਾ ਪਾਇਆ। ਪਾਰਬ੍ਰਹਮ ਪ੍ਰਭ ਆਇਆ ਦੌੜਾ, ਨਿਰਗੁਣ ਨੂਰ ਕਰ ਰੁਸ਼ਨਾਇਆ। ਲੱਖ ਚੁਰਾਸੀ ਵੇਖੇ ਮਿਠਾ ਕੌੜਾ, ਗੁਰਮੁਖ ਬੂਟਾ ਆਪਣੀ ਹੱਥੀਂ ਲਾਇਆ। ਪੰਧ ਮੁਕਾਏ ਲੰਮਾ ਚੌੜਾ, ਦੋ ਜਹਾਨਾਂ ਡੇਰਾ ਢਾਇਆ। ਸਚਖੰਡ ਲਗਾਇਆ ਏਕਾ ਪੌੜਾ, ਏਕਾ ਚਰਨ ਰਖਾਇਆ । ਹਰਿਜਨ ਹਰਿ ਹਰਿ ਵਰ ਪਾਇਆ ਜੇਹਾ ਲੋੜਾ, ਵਿਛੜ ਕਦੇ ਨਾ ਜਾਇਆ। ਸਤਿਗੁਰ ਪੂਰਾ ਹਰਿਜਨ ਸਾਚੇ ਆਪੇ ਬੌਹੜਾ, ਆਪ ਆਪਣਾ ਮੇਲ ਮਿਲਾਇਆ। ਕਲਜੁਗ ਅੰਤਮ ਰਹਿ ਗਿਆ ਥੋੜਾ, ਨੇਤਰ ਨੈਣ ਨੀਰ ਵਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚਾ ਸਗਨ ਮਨਾਇਆ। ਸਾਚਾ ਸਗਨ ਲਾਲ ਰੰਗਣ, ਹਰਿ ਮੈਂਹਦੀ ਨਾਮ ਰੰਗਾਈਆ। ਸੰਤ ਸੁਹੇਲੇ ਆਇਆ ਮੰਗਣ, ਅਕਾਲ ਮੂਰਤ ਲਏ ਪਰਨਾਈਆ। ਜੋਤ ਨਿਰੰਜਣ ਵੇਖੇ ਲਗਨ, ਸਾਚਾ ਸਾਹ ਸੁਧਾਈਆ। ਸਾਚੇ ਦੀਪਕ ਘਰ ਘਰ ਜਗਣ, ਗੁਰ ਪੂਰਾ ਕਰੇ ਰੁਸ਼ਨਾਈਆ। ਹੱਥੀਂ ਬੰਨ੍ਹੇ ਨਾਮ ਤਗਨ, ਸੋਹੰ ਤਾਗਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗ ਮਿਥਿਆ ਇਕ ਸਮਝਾਈਆ। ਸਾਚਾ ਸਗਨ ਹਰਿ ਮਨਾਏ, ਕਲਜੁਗ ਤੇਰੀ ਅੰਤਮ ਵਾਰੀਆ। ਗੁਰਸਿਖਾਂ ਵਟਨਾ ਆਪ ਮਲਾਏ, ਕਲਜੁਗ ਖਾਰੇ ਆਪ ਚੜ੍ਹਾਏ, ਖੇਲੇ ਖੇਲ ਅਗੰਮ ਅਪਾਰੀਆ। ਲਾੜੀ ਮੌਤ ਲਏ ਉਠਾਏ, ਕਰੇ ਤਨ ਸ਼ੰਗਾਰੀਆ। ਸੂਹਾ ਵੇਸ ਵੇਸ ਵਟਾਏ, ਰੰਗ ਰਤੜਾ ਅਪਰ ਅਪਾਰੀਆ। ਕਲਜੁਗ ਕਰਮ ਕਲੀਰੇ ਪਾਏ, ਵੇਖੇ ਆਪ ਵੱਡਾ ਸੰਸਾਰੀਆ। ਜੂਠਾ ਝੂਠਾ ਸਾਲੂ ਰਿਹਾ ਰੰਗਾਏ, ਚਾਰੇ ਕੁੰਟਾਂ ਹੋ ਉਜਿਆਰੀਆ। ਗੁਰਮੁਖ ਸਾਚੇ ਵੇਖ ਵਖਾਏ, ਆਪ ਆਪਣੀ ਕਿਰਪਾ ਧਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਕਰਾਏ ਆਪਣੀ ਵਾਰੀਆ। ਗੁਰਮੁਖ ਸਾਜਣ ਸਾਚਾ ਲਾੜਾ, ਹਰਿ ਸਾਚੇ ਆਪ ਸ਼ਿੰਗਾਰਿਆ। ਸਖੀਆਂ ਮੰਗਲ ਗਾਇਣ ਲਾਇਆ ਇਕ ਅਖਾੜਾ, ਏਕਾ ਢੋਲਾ ਮੀਤ ਮੁਰਾਰੀਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਕਲਜੁਗ ਅੰਤਮ ਮੰਗਣ ਆਇਆ ਆਪਣਾ  , ਕਰੇ ਅਸੀਸ ਜਗਦੀਸ ਆਪਣਾ ਸ਼ਬਦ ਉਚਾਰੀਆ। ਭਿਛਿਆ ਪੌਣ ਸਤਾਰਾ ਹਾੜ, ਸਾਚੀ ਥਿਤ ਆਪ ਉਜਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਜੋਤ ਰੱਖੀ ਕੁਵਾਰੀਆ। ਨਿਰਗੁਣ ਜੋਤ ਕੁਵਾਰੀ ਕੰਨਿਆ, ਹਰਿ ਸਾਚੇ ਆਪ ਰਖਾਈਆ। ਚੌਥੇ ਜੁਗ ਗੁਰਮੁਖ ਸਾਚਾ ਏਕਾ ਮੰਨਿਆ, ਪ੍ਰਭ ਸਾਚਾ ਕਰੇ ਕੁੜਮਾਈਆ। ਵੇਲ ਵਧਾਏ ਦਇਆ ਕਮਾਏ ਡੇਰਾ ਲਾਏ ਉਚ ਮਹੱਲਿਆ, ਅਟੱਲ ਅਟੱਲਿਆ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਨਾਤਾ ਆਪ ਬਣਾਇਆ। ਨਾਤਾ ਜੁੜਿਆ ਹਰਿ ਗੋਬਿੰਦ, ਗੋਬਿੰਦ ਚਿੰਤ ਮਿਟਾਇਆ। ਅੰਮ੍ਰਿਤ ਵਾਰਿਆ ਸਾਗਰ ਸਿੰਧ, ਧਰਤ ਮਾਤ ਖ਼ੁਸ਼ੀ ਮਨਾਇਆ। ਗਗਨ ਪਾਤਾਲਾਂ ਮਿਟੀ ਚਿੰਦ, ਸਗਲਾ ਦੁੱਖ ਗਵਾਇਆ। ਵਰ ਪਾਇਆ ਸਦ ਬਖ਼ਸ਼ਿੰਦ, ਗੁਰਮੁਖ ਸੱਜਣ ਲੇਖ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਮੇਲਾ ਰਿਹਾ ਕਰ, ਦਰ ਘਰ ਹਰਿ ਨਰ ਆਪਣਾ ਆਪ ਸੁਹਾਇਆ। ਪ੍ਰੇਮ ਭਿਛਿਆ ਰਿਹਾ ਮੰਗ, ਅੱਗੇ ਆਪਣੀ ਝੋਲੀ ਡਾਹੀਆ। ਗੁਰਮੁਖ ਸੋਇਆ ਸਚ ਪਲੰਘ, ਸਤਿਗੁਰ ਆਪ ਉਠਾਈਆ। ਗੁਰਮੁਖ ਨੁਹਾਇਆ ਅੰਮ੍ਰਿਤ ਗੰਗ, ਸਤਿਗੁਰ ਪੂਰਾ ਦੁਰਮਤ ਮੈਲ ਧੁਵਾਈਆ। ਸਤਿਗੁਰ ਪੂਰਾ ਆਪਣੇ ਘੋੜੇ ਕਸੇ ਤੰਗ, ਗੁਰਮੁਖਾਂ ਉਪਰ ਆਪ ਚੜ੍ਹਾਈਆ। ਗੁਰਸਿਖ ਤੇਰਾ ਦਵਾਰਾ ਲੋਕਮਾਤ ਲੰਘ, ਸਚਖੰਡ ਦਵਾਰਾ ਆਪਣਾ ਫੇਰ ਸੁਹਾਈਆ। ਤੇਰੇ ਪਿੱਛੇ ਤੇਰੇ ਅੰਦਰ ਦਿਵਸ ਰੈਣ ਕਰੇ ਜੰਗ, ਤੇਰੇ ਛੱਤਰੂ ਮੇਟ ਮਿਟਾਈਆ। ਆਇਆ ਵਾਰ ਤੇਰੇ ਉਤੇ ਕਰ ਖੰਡ ਖੰਡ, ਗੁਰ ਗੋਬਿੰਦ ਨੀਹ ਰਖਾਈਆ। ਜਗਤ ਜਗਦੀਸ ਤੇਰੀ ਵੰਡੀ ਵੰਡ, ਤੇਰੀ ਰੀਝ ਪੂਰ ਕਰਾਈਆ। ਤੇਰਾ ਭਾਰ ਆਪਣੇ ਸੀਸ ਚੱਕ ਕੰਡ, ਗੁਰਸਿਖ ਹੌਲੇ ਭਾਰ ਵਖਾਈਆ। ਗੁਰਸਿਖਾਂ ਮੁਕਾਇਆ ਪੰਧ, ਤੇਰਾ ਲੇਖਾ ਨਾ ਕੋਇ ਵਖਾਈਆ। ਗੁਰਮੁਖ ਤੇਰਾ ਜਗਤ ਵਕਾਰਾ ਜੂਠ ਝੂਠ ਗੰਦ, ਸਤਿਗੁਰ ਪੂਰਾ ਆਪਣੇ ਪੇਟੇ ਪਾਈਆ। ਗੁਰਸਿਖ ਤੇਰਾ ਕੱਟੇ ਰੰਡੇਪਾ ਰੰਡ, ਆਪਣਾ ਤੱਤ ਪਹਿਲੋਂ ਖ਼ਾਕ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਾੜ ਸਤਾਰਾਂ ਗੁਰਸਿਖਾਂ ਏਕਾ ਹਿੱਸਾ ਪਾਈਆ। ਮੰਗਣ ਆਏ ਹਰਿ ਭਿਖਾਰੀ, ਗੁਰਮੁਖ ਚਰਨ ਦਵਾਰਿਆ। ਕਲਜੁਗ ਤੇਰੀ ਅੰਤਮ ਵਾਰੀ, ਖੇਲਿਆ ਖੇਲ ਅਪਰ ਅਪਾਰਿਆ । ਵੇਦ ਪੁਰਾਣ ਸਿਮਰਤ ਸ਼ਾਸਤਰ ਖਾਣੀ ਬਾਣੀ ਨਾ ਪਾਏ ਸਾਰੀ, ਬ੍ਰਹਮਾ ਚਾਰੇ ਮੁਖ ਨਾ ਕੋਇ ਸਲਾਹ ਲਿਆ। ਇਕ ਅਕੱਲਾ ਏਕਉਂਕਾਰੀ, ਜੋਤ ਨਿਰੰਕਾਰੀ, ਆਪ ਆਪਣਾ ਵੇਸ ਵਟਾ ਲਿਆ। ਸਤਿਜੁਗ ਤੇਰੀ ਲਾਈ ਸੱਚੀ ਫੁਲਵਾੜੀ, ਲੋਕਮਾਤ ਅਪਣੀ ਹੱਥੀਂ ਬੂਟਾ ਲਾ ਲਿਆ। ਆਪਣੀ ਸਿੰਚੇ ਆਪ ਕਿਆਰੀ, ਗੁਰਸਿਖ ਤੇਰਾ ਪ੍ਰੇਮ ਤੇਰਾ ਖੂਆ ਤੇਰੇ ਤਨ ਤੇਰੇ ਮੰਦਰ ਆਪਣਾ ਆਪ ਗੜਾ ਲਿਆ। ਤੇਰੀ ਪ੍ਰੀਤ ਕਰ ਪਿਆਰੀ, ਜਗਤ ਖੁਆਰੀ ਆਪ ਵਖਾ ਰਿਹਾ। ਤੇਰੇ ਤਨ ਰੱਖ ਨਾਮ ਪਟਾਰੀ, ਸੋਹੰ ਉਪਰ ਕੁੰਡਾ ਲਾ ਲਿਆ। ਆਪਣੇ ਹੱਥੀਂ ਕਰੇ ਸ਼ੰਗਾਰੀ, ਬਸਤਰ ਭੂਸ਼ਨ ਇਕ ਵਖਾ ਲਿਆ। ਗੁਰਸਿਖ ਆਤਮ ਨਾ ਰਹੇ ਕਵਾਰੀ, ਕੰਤ ਕੰਤੂਹਲ ਅੰਤ ਪਰਨਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਾਰਾ ਹਾੜੀ ਦਿਵਸ ਸੁਹਾ ਲਿਆ। ਹਾੜ ਸਤਾਰਾਂ ਸਤਿ ਸਤਿਵਾਦ, ਸਤਿ ਪੁਰਖ ਉਪਾਇਆ । ਗੁਰਮੁਖਾਂ ਦਿਤੀ ਸਾਚੀ ਦਾਦ, ਨਿਹਕਲੰਕਾ ਰੂਪ ਵਟਾਇਆ। ਰਹੇ ਨਾਮ ਆਦਿ ਜੁਗਾਦਿ, ਕੋਟਨ ਕੋਟ ਚੌਕੜੀਆਂ ਜੁਗ ਰਹੇ ਗਾਇਆ। ਬ੍ਰਹਮਾ ਵੇਖੇ ਬ੍ਰਹਮ ਬ੍ਰਹਮ ਬ੍ਰਹਮ ਬ੍ਰਹਿਮਾਦ, ਸ਼ੰਕਰ ਸ਼ਿਵ ਨਾ ਮੇਟ ਮਿਟਾਇਆ। ਹਰਿਜਨ ਗੁਰਸਿਖ ਸਾਚੇ ਸੰਤ ਆਪੇ ਲਏ ਲਾਧ, ਸੰਤ ਸਤਿਗੁਰ ਏਕਾ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਿਰਪਾ ਗੁਰ ਸ਼ਬਦ ਬੁਝਾਇਆ।