Granth 08 Likhat 152: 3 Bhadron 2016 Bikarmi Pind Mana Wala

੩ ਭਾਦਰੋਂ ੨੦੧੬ ਬਿਕ੍ਰਮੀ ਪਿੰਡ ਮਾਨਾ ਵਾਲਾ

ਇਕ ਇਕੱਲਾ ਏਕਓਅੰਕਾਰ, ਆਦਿ ਜੁਗਾਦਿ ਸਮਾਈਆ। ਜੋਤੀ ਨੂਰ ਨੂਰ ਉਜਿਆਰ, ਨੂਰੋ ਨੂਰ ਡਗਮਗਾਈਆ। ਆਦਿ ਨਿਰੰਜਣ ਭੇਵ ਨਿਆਰ, ਭੇਵ ਅਭੇਦਾ ਭੇਵ ਛੁਪਾਈਆ। ਪਾਰਬ੍ਰਹਮ ਪ੍ਰਭ ਖੇਲ ਅਪਾਰ, ਖੇਲਣਹਾਰਾ ਆਪ ਖਲਾਈਆ। ਅਲੱਖ ਅਗੋਚਰ ਅਗੰਮ ਅਪਾਰ, ਨਾਦ ਅਨਾਦੀ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਏਕਓਅੰਕਾਰ, ਆਦਿ ਜੁਗਾਦੀ ਕਰ ਪਸਾਰ, ਆਪ ਆਪਣਾ ਵੇਖ ਵਖਾਈਆ। ਵੇਖਣਹਾਰ ਪੁਰਖ ਅਕਾਲਾ, ਏਕਾ ਏਕਓਅੰਕਾਰਿਆ। ਆਪੇ ਖੇਲੇ ਖੇਲ ਨਿਰਾਲਾ, ਖੇਲਣਹਾਰ ਆਪ ਅਖਵਾ ਰਿਹਾ। ਚਲੇ ਚਲਾਏ ਆਪਣੀ ਚਾਲਾ, ਚਾਲ ਨਿਰਾਲੀ ਇਕ ਵਿਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾ ਲਿਆ। ਆਪਣੀ ਰਚਨਾ ਆਪ ਰਚਾਏ, ਹਰਿ ਹਰਿ ਵੱਡੀ ਵਡਿਆਈਆ। ਆਪਣੀ ਬਣਤ ਆਪ ਬਣਾਏ, ਆਪੇ ਵੇਖ ਵਖਾਈਆ। ਨਾਰੀ ਕੰਤ ਆਪ ਅਖਵਾਏ, ਆਪਣੀ ਦਇਆ ਕਮਾਈਆ। ਆਪਣਾ ਰੰਗ ਆਪ ਚੜ੍ਹਾਏ, ਵਡ ਦਾਤਾ ਬੇਪਰਵਾਹੀਆ। ਦੂਸਰ ਨਾ ਕੋਈ ਸੰਗ ਰਖਾਏ, ਸਗਲਾ ਸੰਗ ਨਾ ਕੋਈ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਏਕਓਅੰਕਾਰ, ਆਪ ਆਪਣਾ ਵੇਸ ਵਟਾਈਆ। ਵੇਸ ਅਵੱਲਾ ਏਕਓਅੰਕਾਰਾ, ਆਪਣਾ ਆਪ ਕਰਾਇੰਦਾ। ਨਿਰਮਲ ਬਾਤੀ ਕਰ ਉਜਿਆਰਾ, ਜੋਤੀ ਜੋਤ ਡਗਮਗਾਇੰਦਾ। ਵਸਣਹਾਰਾ ਸਚ ਦਵਾਰਾ, ਦਰ ਘਰ ਸਾਚੇ ਆਸਣ ਲਾਇੰਦਾ। ਉਚ ਮਹੱਲ ਅਟੱਲ ਮੁਨਾਰਾ, ਆਪ ਆਪਣਾ ਆਪ ਸੁਹਾਇੰਦਾ। ਸ਼ਾਹੋ ਭੂਪ ਵਡ ਸਿਕਦਾਰਾ, ਰਾਜਨ ਰਾਜ ਨਾਮ ਧਰਾਇੰਦਾ। ਹੁਕਮੀ ਹੁਕਮ ਕਰ ਪਿਆਰਾ, ਆਪਣਾ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਆਪ ਅਖਵਾਇੰਦਾ। ਅਬਿਨਾਸ਼ੀ ਕਰਤਾ ਹਰਿ ਭਗਵਾਨਾ, ਆਦਿ ਜੁਗਾਦੀ ਏਕਾ ਏਕਓਅੰਕਾਰਿਆ। ਖੇਲੇ ਖੇਲ ਦੋ ਜਹਾਨਾ, ਵੇਖੇ ਵਿਗਸੇ ਕਰੇ ਵਿਚਾਰਿਆ। ਸਾਚਾ ਮੰਦਰ ਇਕ ਸੁਹਾਨਾ, ਸਚਖੰਡ ਦਵਾਰਾ ਨਾਮ ਰਖਾ ਲਿਆ। ਦੀਵਾ ਬਾਤੀ ਇਕ ਟਿਕਾਣਾ, ਨਿਰਗੁਣ ਜੋਤੀ ਨੂਰ ਉਜਿਆਰਿਆ। ਸਾਚਾ ਤਖ਼ਤ ਆਪ ਸੁਹਾਣਾ, ਸਚ ਸਿੰਘਾਸਣ ਆਸਣ ਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਏਕਓਅੰਕਾਰ, ਆਪ ਆਪਣੀ ਬੰਨ੍ਹੇ ਧਾਰ, ਆਪਣੀ ਧਾਰਾ ਆਪ ਬੰਧਾ ਰਿਹਾ। ਕਰਤਾ ਪੁਰਖ ਹਰਿ ਕਰਨੇਹਾਰਾ, ਆਪਣੀ ਕਿਰਤ ਕਮਾਇੰਦਾ। ਖੇਲੇ ਖੇਲ ਅਗੰਮ ਅਪਾਰਾ, ਭੇਵ ਕੋਇ ਨਾ ਪਾਇੰਦਾ। ਆਪੇ ਵਸੇ ਧਾਮ ਨਿਆਰਾ, ਥਿਰ ਘਰ ਸਾਚਾ ਇਕ ਸੁਹਾਇੰਦਾ। ਸਾਚਾ ਮੰਦਰ ਕਰ ਤਿਆਰਾ, ਆਪ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਡਗਮਗਾਇੰਦਾ। ਜੋਤੀ ਜੋਤ ਜੋਤ ਪਰਕਾਸ਼, ਪਾਰਬ੍ਰਹਮ ਵਡ ਵਡਿਆਈਆ। ਆਪਣੇ ਮੰਡਲ ਪਾਵੇ ਰਾਸ, ਆਪੇ ਵੇਖ ਵਖਾਈਆ। ਨਾ ਕੋਈ ਦੂਸਰ ਦਿਸੇ ਪਾਸ, ਨਾ ਕੋਈ ਅੰਗ ਲਗਾਈਆ। ਨਾ ਕੋਈ ਪ੍ਰਿਥਮੀ ਨਾ ਅਕਾਸ਼, ਗਗਨ ਮੰਡਲ ਨਾ ਕੋਇ ਸੁਹਾਈਆ। ਖੇਲੇ ਖੇਲ ਪੁਰਖ ਅਬਿਨਾਸ਼, ਆਦਿ ਜਗਾਦਿ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਅਕਾਲਾ ਦੀਨ ਦਿਆਲਾ, ਆਪ ਆਪਣੀ ਦਇਆ ਕਮਾਈਆ। ਦੀਨ ਦਿਆਲ ਪੁਰਖ ਕਰਤਾਰਾ, ਏਕਾ ਰੰਗ ਸਮਾਇਆ। ਆਪੇ ਜਾਣੇ ਆਪਣੀ ਧਾਰਾ, ਆਪ ਆਪਣਾ ਵੇਸ ਵਟਾਇਆ। ਆਪੇ ਵਸੇ ਸਚ ਦਵਾਰਾ, ਖੰਡ ਸਚ ਆਪ ਬਣਾਇਆ। ਆਪੇ ਨਿਰਗੁਣ ਨੂਰ ਉਜਿਆਰਾ, ਨਿਰਾਕਾਰ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਇਆ। ਖੇਲਣਹਾਰ ਪੁਰਖ ਸਮਰਥ, ਏਕਾ ਏਕ ਵੱਡੀ ਵਡਿਆਈਆ। ਆਪਣੀ ਮਹਿਮਾ ਜਾਣੇ ਅਕੱਥ, ਕਥਨੀ ਕੱਥ ਨਾ ਸਕੇ ਰਾਈਆ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਆਪ ਅਖਵਾਈਆ। ਆਪੇ ਵੇਖੇ ਆਪਣੀ ਵਥ, ਆਪਣੇ ਮੰਦਰ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਅਗੰਮ ਅਗੰਮੜੀ ਚਾਲ ਚਲਾਈਆ। ਪਾਰਬ੍ਰਹਮ ਪੁਰਖ ਅਗੰਮੜਾ, ਅਗੰਮੜੀ ਕਾਰ ਕਮਾਇੰਦਾ। ਹੱਡ ਮਾਸ ਨਾੜੀ ਨਾ ਦੀਸੇ ਚੰਮੜਾ, ਰਕਤ ਬੂੰਦ ਮਾਤ ਪਿਤ ਭਾਈ ਭੈਣ ਨਾ ਕੋਇ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਉਜਿਆਰਾ ਨਿਰਗੁਣ ਧਾਰਾ, ਨਰ ਨਿਰੰਕਾਰਾ ਆਪ ਅਖਵਾਇੰਦਾ। ਨਰ ਨਿਰੰਕਾਰ ਪੁਰਖ ਅਕਾਲ, ਆਪਣੀ ਕਲ ਵਰਤਾਈਆ। ਥਿਰ ਘਰ ਬੈਠ ਸੱਚੇ ਦਰਬਾਰ, ਸਚ ਸਿੰਘਾਸਣ ਆਸਣ ਲਾਈਆ। ਆਪ ਆਪਣੀ ਕਿਰਪਾ ਧਾਰ, ਆਪ ਆਪਣਾ ਹੁਕਮ ਸੁਣਾਈਆ। ਹੁਕਮੇ ਅੰਦਰ ਖੇਲ ਅਪਾਰ, ਆਪਣੀ ਬਣਤ ਬਣਾਈਆ। ਆਪਣੇ ਮੰਦਰ ਖੋਲ੍ਹ ਕਿਵਾੜ, ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਬੰਧਨ ਆਪੇ ਪਾ, ਲੇਖਾ ਜਾਣੇ ਬੇਪਰਵਾਹ, ਆਪ ਆਪਣਾ ਸਗਨ ਮਨਾਈਆ। ਆਪਣਾ ਬੰਧਨ ਆਪੇ ਪਾਏ, ਹਰਿ ਹਰਿ ਵੱਡੀ ਵਡਿਆਈਆ। ਆਪਣਾ ਸਗਨ ਆਪ ਮਨਾਏ, ਆਪ ਕਰੇ ਕੁੜਮਾਈਆ। ਨਾਰੀ ਕੰਤ ਆਪ ਅਖਵਾਏ, ਆਪੇ ਸੇਜ ਹੰਢਾਈਆ। ਸੁੱਤ ਦੁਲਾਰਾ ਆਪੇ ਜਾਏ, ਹਰਿ ਸ਼ਬਦੀ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਵੰਡ ਵੰਡਾਈਆ। ਸ਼ਬਦ ਦੁਲਾਰਾ ਸਾਚਾ ਸੁੱਤ, ਹਰਿ ਸਾਚਾ ਆਪ ਉਪਜਾਇੰਦਾ। ਪਾਰਬ੍ਰਹਮ ਅਬਿਨਾਸ਼ੀ ਅਚੁੱਤ, ਭੇਵ ਕੋਇ ਨਾ ਆਇੰਦਾ। ਆਪ ਸੁਹਾਏ ਰੁੱਤੀ ਰੁੱਤ, ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਇੰਦਾ। ਸ਼ਬਦ ਸੁੱਤ ਉਪਜਿਆ ਪੂਤ, ਹਰਿ ਸਾਚੀ ਦਇਆ ਕਮਾਈਆ। ਸਚਖੰਡ ਦਵਾਰੇ ਵਸਿਆ ਦੂਤ, ਸਾਚੀ ਸੇਵਾ ਆਪ ਲਗਾਈਆ। ਵੇਖਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੇਰੀ ਪਾਈਆ। ਚਾਰ ਵਰਨ ਏਕਾ ਰੂਪ, ਆਪ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸੁੱਤ ਦੁਲਾਰਾ ਨੌਜਵਾਨ, ਸ਼ਬਦੀ ਸ਼ਬਦ ਉਠਾਇੰਦਾ। ਪੁਰਖ ਅਬਿਨਾਸ਼ੀ ਵੇਖੇ ਮਾਰ ਧਿਆਨ, ਆਪ ਆਪਣਾ ਭੇਵ ਖੁਲ੍ਹਾਇੰਦਾ। ਏਕਾ ਤੱਤ ਏਕਾ ਰੱਤ ਕਰ ਪਰਵਾਨ, ਏਕਾ ਮਤ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਚ ਘਰ, ਸਚਖੰਡ ਦਵਾਰਾ ਇਕ ਸੁਹਾਇੰਦਾ। ਸਚਖੰਡ ਦਵਾਰ ਨੇਹਚਲ ਧਾਮ ਅਟੱਲ, ਹਰਿ ਸਾਚਾ ਆਪ ਸੁਹਾਇੰਦਾ। ਨਾ ਕੋਈ ਜਲ ਨਾ ਕੋਈ ਥਲ, ਗਗਨ ਮੰਡਲ ਨਾ ਕੋਈ ਉਪਾਇਆ। ਸਾਧ ਸੰਤ ਨਾ ਕੋਈ ਅਵਤਾਰਾ, ਗੁਰ ਪੀਰ ਨਾ ਕੋਈ ਉਪਜਾਇੰਦਾ। ਲੱਖ ਚੁਰਾਸੀ ਨਾ ਬੰਨ੍ਹੇ ਧਾਰਾ, ਬ੍ਰਹਮਾ ਵਿਸ਼ਨ ਸ਼ਿਵ ਨਾ ਕੋਈ ਰਖਾਇੰਦਾ। ਸ਼ਬਦ ਅਨਾਦੀ ਸੁੱਤ ਦੁਲਾਰਾ, ਹਰਿ ਸਾਚਾ ਆਪ ਉਪਜਾਇੰਦਾ। ਆਪੇ ਮਾਤ ਪਿਤ ਬਣ ਸਹਾਰਾ, ਆਪੇ ਗੋਦ ਉਠਾਇੰਦਾ। ਆਪੇ ਵਣਜ ਕਰਾਏ ਬਣ ਵਣਜਾਰਾ, ਆਪੇ ਵਸਤ ਵਖਾਇੰਦਾ। ਆਪੇ ਬੰਨ੍ਹੇ ਸਾਚੀ ਧਾਰਾ, ਆਪੇ ਹੁਕਮ ਸੁਣਾਇੰਦਾ। ਆਪੇ ਲੋਆਂ ਪੁਰੀਆਂ ਕਰ ਪਸਾਰਾ, ਰਵ ਸਸ ਆਪ ਚਮਕਾਇੰਦਾ। ਆਪੇ ਬ੍ਰਹਿਮੰਡ ਖੰਡ ਖੇਲ ਅਪਾਰਾ, ਆਪ ਆਪਣਾ ਦਰ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸੁੱਤ ਇਕ ਉਠਾਇੰਦਾ। ਸਾਚੇ ਸੁੱਤ ਉਠ ਬਲਵਾਨ, ਹਰਿ ਸਾਚੇ ਦਇਆ ਕਮਾਈਆ। ਤੇਰਾ ਰੂਪ ਸ੍ਰੀ ਭਗਵਾਨ, ਤੇਰਾ ਅੰਕ ਲਗਾਈਆ। ਤੇਰਾ ਨਾਮ ਇਕ ਨਿਸ਼ਾਨ, ਏਕਾ ਦਏ ਝੁਲਾਈਆ। ਖੇਲੇ ਖੇਲ ਦੋ ਜਹਾਨ, ਦੋ ਜਹਾਨਾਂ ਵਾਲੀ ਆਪ ਅਖਵਾਈਆ। ਹਰਿ ਕਾ ਸ਼ਬਦ ਧੁਰ ਫ਼ਰਮਾਣ, ਸ਼ਬਦ ਸ਼ਬਦੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾਈਆ। ਸ਼ਬਦੀ ਸੁੱਤ ਬਣ ਭਿਖਾਰਾ, ਦੋਏ ਜੋੜ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਤੇਰਾ ਸਚ ਦੁਵਾਰਾ, ਘਰ ਸਾਚਾ ਇਕ ਸੁਹਾਈਆ। ਚਰਨ ਕਵਲ ਇਕ ਸਹਾਰਾ, ਏਕਾ ਆਸ ਤਕਾਈਆ। ਆਪੇ ਬਣ ਵਿਚੋਲਾ ਦੇਵੇ ਦੇਵਣਹਾਰਾ, ਸਚ ਭੰਡਾਰਾ ਨਾਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਸਾਚੀ ਵਸਤ ਝੋਲੀ ਪਾ, ਆਪਣੀ ਦਇਆ ਕਮਾਈਆ। ਏਕਾ ਮਤ ਦਏ ਸਮਝਾ, ਸਾਚੀ ਸਿਖਿਆ ਇਕ ਸਮਝਾਈਆ। ਏਕਾ ਰੰਗ ਦਏ ਚੜ੍ਹਾ, ਏਕਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦੁਵਾਰਾ ਏਕੰਕਾਰਾ, ਸ਼ਬਦ ਸੁੱਤ ਅਬਿਨਾਸ਼ੀ ਅਚੁਤ ਆਪਣਾ ਆਪ ਸੁਹਾਈਆ। ਸਚਖੰਡ ਦੁਵਾਰਾ ਹਰਿ ਹਰਿ ਵਾਸਾ, ਹਰਿ ਸਾਚੀ ਰਚਨ ਰਚਾਈਆ। ਖੇਲੇ ਖੇਲ ਪੁਰਖ ਅਬਿਨਾਸ਼ਾ, ਅਬਿਨਾਸ਼ੀ ਕਰਤਾ ਵਡ ਵਡਿਆਈਆ। ਸਾਚੇ ਬੰਕ ਬੰਕ ਦਵਾਰੀ ਪਾਏ ਰਾਸਾ, ਆਪਣੀ ਰਚਨ ਰਚਾਈਆ। ਸਾਚੇ ਸ਼ਬਦ ਦਏ ਭਰਵਾਸਾ, ਏਕਾ ਬੂਝ ਬੁਝਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਤੇਰੀ ਪੂਰੀ ਕਰੇ ਆਸਾ, ਪੂਰਨ ਇਛਿਆ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਈਆ। ਆਪਣਾ ਰੱਖ ਨਾਉਂ ਨਿਰੰਕਾਰ, ਨਿਰਗੁਣ ਵੇਸ ਵਟਾਇਆ। ਆਪੇ ਸ਼ਬਦ ਬੋਲ ਜੈਕਾਰ, ਆਪਣਾ ਨਾਅਰਾ ਆਪੇ ਲਾਇਆ। ਆਪੇ ਸੱਜਣ ਮੀਤ ਮੁਰਾਰ, ਬੰਧਨ ਬੰਧੂ ਆਪ ਹੋ ਜਾਇਆ। ਆਪੇ ਖੇਲੇ ਖੇਲ ਅਪਾਰ, ਆਪ ਆਪਣੀ ਅਚਰਜ ਖੇਲ ਖਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਘਰ ਸੁਹੰਜਣਾ ਜਗੇ ਜੋਤ ਨਿਰੰਜਣਾ, ਨੂਰੋ ਨੂਰ ਡਗਮਗਾਇਆ । ਸਚ ਦੁਵਾਰਾ ਸਾਚੀ ਧਾਰ, ਹਰਿ ਸਾਚੇ ਸਚ ਬਣਾਈਆ। ਸਾਚੀ ਵਸਤ ਅਪਰ ਅਪਾਰ, ਸਾਚੇ ਵਿਚ ਟਿਕਾਈਆ। ਸਾਚਾ ਸ਼ਾਹੋ ਭੂਪ ਹਰਿ ਸਿਕਦਾਰ, ਸ਼ਾਹ ਸੁਲਤਾਨ ਸਚ ਅਖਵਾਈਆ। ਸਾਚਾ ਦੂਤ ਦਰ ਦਰਬਾਨ, ਏਕਾ ਏਕ ਸੁਹਾਈਆ। ਸਾਚਾ ਸ਼ਬਦ ਧੁਰ ਫ਼ਰਮਾਣ, ਆਪਣਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਰਚਾਈਆ। ਆਪਣੀ ਰਚਨਾ ਆਪ ਰਚਾਏ, ਹਰਿ ਵਡ ਵਡਾ ਬਲਕਾਰੀਆ। ਆਪਣੇ ਮੰਦਰ ਵੇਸ ਵਟਾਏ, ਦਰ ਦਰਵੇਸ਼ ਸ਼ਾਹ ਸਵਾਰੀਆ। ਨਰ ਨਰੇਸ਼ ਨਾਉਂ ਧਰਾਏ, ਨਿਰਗੁਣ ਜੋਤ ਨੂਰ ਉਜਿਆਰੀਆ। ਆਪਣਾ ਅੰਗ ਆਪ ਕਟਾਏ, ਨਿਰਗੁਣ ਬੰਨ੍ਹੇ ਸਾਚੀ ਧਾਰੀਆ। ਸਾਖ਼ਯਾਤ ਆਪ ਹੋ ਆਏ, ਵਿਸ਼ਨੂੰ ਵੇਸ ਕਰੇ ਅਪਾਰੀਆ। ਆਪਣੀ ਜੋਤੀ ਜੋਤ ਜਗਾਏ, ਜੋਤੀ ਜੋਤ ਡਗਮਗਾ ਰਿਹਾ। ਆਪਣਾ ਅੰਮ੍ਰਿਤ ਜਲ ਭਰਾਏ, ਸਰ ਸਰੋਵਰ ਇਕ ਸੁਹਾ ਰਿਹਾ। ਆਪਣਾ ਕਵਲ ਫੁੱਲ ਉਗਾਏ, ਨਾਭੀ ਮੁਖ ਖੁਲ੍ਹਾ ਰਿਹਾ। ਪਾਰਬ੍ਰਹਮ ਬ੍ਰਹਮ ਰੂਪ ਵਟਾਏ, ਆਪ ਆਪਣਾ ਨਾਉਂ ਧਰਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਕਰਾ ਲਿਆ। ਵੇਸ ਅਵੱਲਾ ਇਕ ਇਕੱਲਾ, ਏਕਾ ਏਕ ਕਰਾਇੰਦਾ। ਆਪੇ ਕਰੇ ਵਲ ਛਲਾ, ਅਛਲ ਅਛੱਲ ਆਪ ਅਖਵਾਇੰਦਾ। ਆਪਣੀ ਜੋਤੀ ਆਪੇ ਬਲਾ, ਵਿਸ਼ਨ ਬ੍ਰਹਮਾ ਸ਼ਿਵ ਦੀਪਕ ਆਪ ਜਗਾਇੰਦਾ। ਸ਼ਬਦ ਸੁਨੇਹੁੜਾ ਏੇਕਾ ਘੱਲਾ, ਏਕਾ ਹੁਕਮ ਅਲ੍ਹਾਇੰਦਾ। ਮੇਲ ਮਿਲਾਵਾ ਘੜੀ ਘੜੀ ਪਲ ਪੱਲਾ, ਏਕਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਪਰ ਅਪਾਰ, ਪਾਰਬ੍ਰਹਮ ਪ੍ਰਭ ਵੇਸ ਵਟਾਇੰਦਾ। ਪਾਰਬ੍ਰਹਮ ਬ੍ਰਹਮ ਵੇਸ ਵਟਾਇਆ, ਹਰਿ ਹਰਿ ਵੱਡੀ ਵਡਿਆਈਆ। ਸੋ ਪੁਰਖ ਨਿਰੰਜਣ ਦਇਆ ਕਮਾਇਆ, ਹੰ ਬ੍ਰਹਮ ਆਪ ਹੋ ਜਾਈਆ। ਸੋਹੰ ਸੋ ਸੋ ਰਘੁਰਾਇਆ, ਏਕਾ ਏਕ ਏਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਚ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਦਰ ਦਰਵਾਜ਼ਾ ਗਿਆ ਖੁਲ੍ਹ, ਹਰਿ ਸਾਚਾ ਆਪ ਖੁਲ੍ਹਾਇੰਦਾ। ਅਬਿਨਾਸ਼ੀ ਕਰਤਾ ਕੋਇ ਨਾ ਪਾਏ ਮੁਲ, ਆਪਣੀ ਕਰਨੀ ਆਪ ਕਰਾਇੰਦਾ। ਆਪੇ ਫੁਲਿਆ ਆਪੇ ਗਿਆ ਫਲ, ਬ੍ਰਹਮਾ ਵਿਸ਼ਨ ਸ਼ਿਵ ਆਪ ਉਪਾਇੰਦਾ। ਆਪਣੇ ਕੰਡੇ ਤੋਲੇ ਤੋਲ, ਸਾਚਾ ਕੰਡਾ ਹੱਥ ਉਠਾਇੰਦਾ। ਸ਼ਬਦ ਅਗੰਮੀ ਏਕ ਬੋਲ, ਆਪਣਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਲ ਅਕਲ ਕਲ ਧਾਰ, ਕਲ ਆਪਣੀ ਆਪ ਵਰਤਾਇੰਦਾ। ਕੁਲਵੰਤਾ ਕਲ ਆਪਣੀ ਧਾਰ, ਆਪੇ ਵੇਸ ਵਟਾਈਆ। ਆਪੇ ਵਿਸ਼ਵ ਰੂਪ ਬਣ ਕਰਤਾਰ, ਆਪਣਾ ਸੰਗ ਨਿਭਾਈਆ। ਆਪੇ ਬ੍ਰਹਮ ਕਰੇ ਪਿਆਰ, ਪਾਰਬ੍ਰਹਮ ਵੱਡੀ ਵਡਿਆਈਆ। ਆਪੇ ਵਸੇ ਧੂਆਂਧਾਰ, ਆਪੇ ਸ਼ੰਕਰ ਗਲੇ ਲਗਾਈਆ। ਆਪੇ ਸਭ ਤੋਂ ਵਸਿਆ ਬਾਹਰ, ਰੂਪ ਰੰਗ ਰੇਖ ਨਾ ਕੋਈ ਜਣਾਈਆ। ਸੁੱਤ ਦੁਲਾਰੇ ਕਰ ਪਿਆਰ, ਸਾਚਾ ਹੁਕਮ ਜਣਾਈਆ। ਲੋਆਂ ਪੁਰੀਆਂ ਦਏ ਸਹਾਰ, ਮੰਡਲ ਮੰਡਪ ਆਪ ਰਹਾਈਆ। ਦੋ ਜਹਾਨਾਂ ਹੋ ਉਜਿਆਰ, ਜੋਤੀ ਨੂਰ ਰਿਹਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਪਾਏ ਭਿਛਿਆ ਭਰ ਭੰਡਾਰ, ਆਪੇ ਦਏ ਵਰਤਾਈਆ। ਸਚ ਭੰਡਾਰਾ ਸਤਿ ਸਰੂਪ, ਆਪਣਾ ਆਪ ਉਪਾਇੰਦਾ। ਸ਼ਬਦ ਸੁੱਤ ਸ਼ਾਹੋ ਭੂਪ, ਹਰਿ ਝੋਲੀ ਆਪ ਭਰਾਇੰਦਾ। ਤ੍ਰੈਗੁਣ ਉਪਜੇ ਤੇਰਾ ਰੂਪ, ਤੇਰੇ ਸੰਗ ਰਖਾਇੰਦਾ। ਹੋਏ ਪਸਾਰਾ ਚਾਰੇ ਕੂਟ, ਦਹਿ ਦਿਸ਼ਾ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇੰਦਾ।