੨੧ ਚੇਤ ੨੦੧੬ ਬਿਕ੍ਰਮੀ ਸੁਰਜਨ ਸਿੰਘ ਦੇ ਘਰ ਪਿੰਡ ਭੁਚਰ ਜ਼ਿਲਾ ਅੰਮ੍ਰਿਤਸਰ
ਪਾਰਬ੍ਰਹਮ ਪੁਰਖ ਸੁਲਤਾਨ, ਏਕਾ ਏਕ ਅਖਵਾਇੰਦਾ। ਇਕ ਅਕੱਲਾ ਸ੍ਰੀ ਭਗਵਾਨ, ਦੋ ਜਹਾਨਾਂ ਵੇਖ ਵਖਾਇੰਦਾ। ਸ਼ਬਦ ਝੁਲਾਏ ਸਚ ਨਿਸ਼ਾਨ, ਨਾਮ ਜੈਕਾਰਾ ਏਕਾ ਲਾਇੰਦਾ। ਮਹੱਲ ਅਟੱਲ ਉਚ ਮਕਾਨ, ਅਗੰਮ ਅਗੰਮੜਾ ਧਾਮ ਸੁਹਾਇੰਦਾ। ਜੋਤੀ ਨੂਰ ਨੂਰ ਮਹਾਨ, ਨਿਰਗੁਣ ਰੂਪ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਮ ਧਰਾਇੰਦਾ। ਪੁਰਖ ਸੁਲਤਾਨ ਹਰਿ ਮਿਹਰਵਾਨਾ, ਏਕਾ ਰੰਗ ਸਮਾਈਆ। ਜੋਤੀ ਨੂਰ ਨੂਰ ਮਹਾਨਾ, ਆਦਿ ਜੁਗਾਦਿ ਡਗਮਗਾਈਆ। ਥਿਰ ਘਰ ਵਸੇ ਸਚ ਮਕਾਨਾ, ਸਚਖੰਡ ਦਵਾਰਾ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਬਿਨਾਸ਼ੀ ਆਪ ਅਖਵਾਈਆ। ਪੁਰਖ ਅਬਿਨਾਸ਼ੀ ਹਰਿ ਭਗਵੰਤਾ, ਨਿਰਗੁਣ ਹਰਿ ਰਘੁਰਾਇਆ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ ਵੇਸ ਵਟਾਇਆ। ਆਪ ਬਣਾਏ ਆਪਣੀ ਬਣਤਾ, ਦੂਜਾ ਕੋਇ ਨਾ ਸੰਗ ਰਖਾਇਆ। ਸਾਚਾ ਧਾਮ ਆਪ ਸੁਹੰਤਾ, ਆਦਿ ਨਿਰੰਜਣ ਜੋਤ ਰੁਸ਼ਨਾਇਆ। ਆਪੇ ਨਾਰੀ ਆਪੇ ਕੰਤਾ, ਪਰਮ ਪੁਰਖ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਡਗਮਗਾਇਆ। ਜੋਤੀ ਨੂਰ ਨਿਰਾਕਾਰ, ਅਕਲ ਕਲਾ ਅਖਵਾਈਆ। ਆਪ ਆਪਣਾ ਕਰ ਪਸਾਰ, ਆਪੇ ਵੇਖ ਵਖਾਈਆ। ਆਪੇ ਸ਼ਬਦ ਧੁਨ ਜੈਕਾਰ, ਆਪਣਾ ਰਾਗ ਆਪ ਅਲਾਈਆ। ਲੋਆਂ ਪੁਰੀਆਂ ਮਹੱਲ ਉਸਾਰ, ਆਪ ਆਪਣਾ ਆਸਣ ਲਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰ ਪਿਆਰ, ਆਪਣਾ ਅੰਗ ਕਟਾਈਆ। ਦੇਵਣਹਾਰਾ ਇਕ ਸਹਾਰ, ਸ਼ਹਿਨਸ਼ਾਹ ਆਪ ਅਖਵਾਈਆ। ਪੁਰਖ ਅਬਿਨਾਸ਼ੀ ਸਚ ਸਿਕਦਾਰ, ਤਖ਼ਤ ਤਾਜ ਇਕ ਸੁਹਾਈਆ। ਆਪ ਸੁਹਾਏ ਬੰਕ ਦਵਾਰ, ਧੁਰ ਦਰਬਾਰਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਆਪ ਅਖਵਾਈਆ। ਨਿਰਗੁਣ ਰੂਪ ਹਰਿ ਮਿਹਰਵਾਨ, ਆਪਣਾ ਕਰਮ ਕਮਾਇੰਦਾ। ਆਪ ਆਪਣਾ ਦੇਵੇ ਦਾਨ, ਆਪਣੀ ਝੋਲੀ ਆਪ ਭਰਾਇੰਦਾ। ਆਪ ਆਪਣਾ ਰੱਖੇ ਮਾਣ, ਮਾਣ ਨਿਮਾਣਾ ਆਪ ਹੋ ਆਇੰਦਾ। ਆਪ ਆਪਣੀ ਕਰੇ ਪਛਾਨ, ਆਪ ਆਪਣਾ ਰੂਪ ਵਟਾਇੰਦਾ। ਆਪ ਆਪਣਾ ਦੇਵੇ ਗਿਆਨ, ਪਾਰਬ੍ਰਹਮ ਬ੍ਰਹਮ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਜਾਣੀ ਜਾਣ, ਜਾਨਣਹਾਰ ਆਪ ਅਖਵਾਇੰਦਾ। ਜਾਨਣਹਾਰਾ ਹਰਿ ਭਗਵਾਨਾ, ਸਤਿ ਪੁਰਖ ਅਖਵਾਇੰਦਾ। ਜੋਤੀ ਨੂਰ ਇਕ ਮਹਾਨਾ, ਅਗੰਮ ਅਗੰਮੜੇ ਧਾਮ ਸੁਹਾਇੰਦਾ। ਸ਼ਬਦ ਅਨਾਦੀ ਇਕ ਤਰਾਨਾ, ਅਲੱਖ ਨਿਰੰਜਣ ਆਪੇ ਗਾਇੰਦਾ। ਥਿਰ ਘਰ ਬੈਠਾ ਨੌਜਵਾਨਾ, ਪੁਰਖ ਅਕਾਲ ਵੇਸ ਵਟਾਇੰਦਾ। ਜੂਨੀ ਰਹਿਤ ਹੋ ਪਰਧਾਨਾ, ਆਪ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰਾ ਆਪ ਚਲਾਇੰਦਾ। ਨਿਰਗੁਣ ਧਾਰ ਹਰਿ ਨਿਰੰਕਾਰ, ਆਪਣੀ ਆਪ ਚਲਾਈਆ। ਆਪ ਆਪਣਾ ਕਰ ਪਸਾਰ, ਆਪੇ ਵੇਖ ਵਖਾਈਆ। ਗਗਨ ਮੰਡਲ ਦਏ ਸਹਾਰ, ਰਵ ਸਸ ਨੂਰ ਰੁਸ਼ਨਾਈਆ। ਧਰਤ ਧਵਲ ਦਏ ਆਧਾਰ, ਜਲ ਬਿੰਬ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਆਪ ਅਖਵਾਈਆ। ਜੁਗ ਕਰਤਾ ਹਰਿ ਕਰਨੇਹਾਰਾ, ਪਾਰਬ੍ਰਹਮ ਬੇਅੰਤ। ਆਦਿ ਜੁਗਾਦੀ ਲੈ ਅਵਤਾਰਾ, ਆਪ ਬਣਾਏ ਆਪਣੀ ਬਣਤ। ਸ਼ਬਦ ਅਨਾਦੀ ਇਕ ਜੈਕਾਰਾ, ਲੋਕਮਾਤ ਸੁਣੰਤ। ਲੱਖ ਚੁਰਾਸੀ ਕਰ ਪਸਾਰਾ, ਆਪ ਆਪਣਾ ਮੁਖ ਛੁਪੰਤ। ਹਰਿਜਨ ਵਿਰਲੇ ਪਾਵੇ ਸਾਰਾ, ਜਿਸ ਜਨ ਬੂਝ ਬੁਝੰਤ। ਨਿਰਗੁਣ ਜੋਤੀ ਹੋ ਉਜਿਆਰਾ, ਮੇਲ ਮਿਲਾਏ ਸਾਚੇ ਕੰਤ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰਾ, ਨਿਝਰ ਧਾਰਾ ਇਕ ਵਹੰਤ। ਅਨਹਦ ਸ਼ਬਦ ਸੱਚੀ ਧੁਨਕਾਰਾ, ਰਾਗ ਅਨਾਦੀ ਆਪ ਸੁਣੰਤ। ਆਪੇ ਖੋਲ੍ਹ ਬੰਦ ਕਿਵਾੜਾ, ਦਰ ਦਰਵੇਸਾ ਹੋਏ ਮੰਗਤ। ਆਤਮ ਸੇਜਾ ਹੋ ਉਜਿਆਰਾ, ਆਪ ਆਪਣਾ ਧਾਮ ਸੁਹੰਤ। ਪਾਰਬ੍ਰਹਮ ਪ੍ਰਭ ਭੇਵ ਨਿਆਰਾ, ਮੇਲ ਮਿਲਾਵਾ ਜੁਗਾ ਜੁਗੰਤ। ਨਿਰਗੁਣ ਸਰਗੁਣ ਕਰ ਪਸਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਵਟੰਤ। ਨਿਰਗੁਣ ਸਰਗੁਣ ਅੰਦਰ ਰੱਖ, ਹਰਿ ਸ਼ਬਦ ਕਰੇ ਕੁੜਮਾਈਆ। ਪਾਰਬ੍ਰਹਮ ਪ੍ਰਭ ਹੋ ਪਰਤੱਖ, ਲੋਕਮਾਤ ਵੇਖ ਵਖਾਈਆ। ਸੰਤ ਸੁਹੇਲੇ ਸਾਚੇ ਰੱਖ, ਆਤਮ ਬ੍ਰਹਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਖੇਲ ਖਿਲਾਈਆ। ਖੇਲੇ ਖੇਲ ਪੁਰਖ ਸਮਰਥ, ਪਾਰਬ੍ਰਹਮ ਵਡ ਵਡਿਆਈਆ। ਜੁਗ ਜੁਗ ਚਲਾਏ ਆਪਣਾ ਰਥ, ਰਥ ਰਥਵਾਹੀ ਫੇਰਾ ਪਾਈਆ। ਲੱਖ ਚੁਰਾਸੀ ਪਾਏ ਨੱਥ, ਸ਼ਬਦ ਡੋਰੀ ਹੱਥ ਰਖਾਈਆ। ਹਰਿ ਕੀ ਮਹਿਮਾ ਅਕਥਨਾ ਅਕੱਥ, ਕੋਈ ਕਥ ਨਾ ਸਕੇ ਰਾਈਆ। ਜਨ ਭਗਤਾਂ ਦੇਵੇ ਨਾਮ ਵੱਥ, ਏਕਾ ਵਸਤ ਝੋਲੀ ਪਾਈਆ। ਏਕਾ ਸ਼ਬਦ ਜਣਾਈ ਪੂਜਾ ਪਾਠ, ਏਕਾ ਕਰੇ ਪੜ੍ਹਾਈਆ। ਏਕਾ ਜੋਤ ਜਗਾਏ ਲਲਾਟ, ਅੰਧ ਅੰਧੇਰ ਮਿਟਾਈਆ। ਸਰ ਸਰੋਵਰ ਵਖਾਏ ਏਕਾ ਘਾਟ, ਏਕਾ ਤਾਲ ਸੁਹਾਈਆ । ਏਕਾ ਨਾਮ ਵਿਕਾਏ ਸਾਚੇ ਹਾਟ, ਚੌਦਾਂ ਲੋਕਾਂ ਮੁਖ ਭਵਾਈਆ। ਜਨ ਭਗਤਾਂ ਕਰੇ ਪੂਰਾ ਘਾਟ, ਜਿਸ ਜਨ ਬਖ਼ਸ਼ੇ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਨੀ ਆਪ ਕਰਾਈਆ। ਜੁਗ ਜੁਗ ਕਰਤਾ ਕਰਨੇਹਾਰ, ਆਪਣੀ ਕਲ ਵਰਤਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ, ਕਲਜੁਗ ਅੰਤਮ ਵੇਖ ਵਖਾਇੰਦਾ। ਈਸਾ ਮੂਸਾ ਹੋ ਉਜਿਆਰ, ਕਾਲਾ ਸੂਸਾ ਤਨ ਸੁਹਾਇੰਦਾ। ਸੰਗ ਮੁਹੰਮਦ ਚਾਰ ਯਾਰ, ਰਾਣੀ ਅੱਲਾ ਨਾਲ ਪਰਨਾਇੰਦਾ। ਨੂਰ ਇਲਾਹੀ ਹੋ ਉਜਿਆਰ, ਜਲਵਾ ਜਲਾਲ ਆਪ ਅਖਵਾਇੰਦਾ। ਪੀਰ ਦਸਤਗੀਰ ਸ਼ਾਹ ਅਸਵਾਰ, ਆਪ ਆਪਣਾ ਵੇਖ ਵਖਾਇੰਦਾ। ਕਾਇਆ ਕਾਅਬਾ ਸਾਚੀ ਧਾਰ, ਦੋ ਦੋ ਆਬਾ ਮੇਲ ਮਿਲਾਇੰਦਾ। ਹੱਕ ਜਨਾਬਾ ਪਰਵਰਦਿਗਾਰ, ਖ਼ਾਲਕ ਖ਼ਲਕ ਵਿਚ ਸਮਾਇੰਦਾ। ਨਾਮ ਰਬਾਬਾ ਸਚ ਸਤਾਰ, ਕਲਮਾ ਅਮਾਮ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੂਰੋ ਨੂਰ ਡਗਮਗਾਇੰਦਾ। ਨੂਰੋ ਨੂਰ ਕਰ ਉਜਿਆਰ, ਨੂਰ ਨੂਰ ਵਿਚ ਸਮਾਈਆ। ਬੇਐਬ ਖ਼ੁਦਾਈ ਸਾਂਝਾ ਯਾਰ, ਪਰਵਰਦਿਗਾਰ ਆਪ ਅਖਵਾਈਆ। ਹੱਕ ਹਕੀਕਤ ਪਾਵੇ ਸਾਰ, ਲਾਸ਼ਰੀਕ ਵਡ ਵਡਿਆਈਆ। ਉਮਤ ਉਮਤੀ ਕਰੇ ਖ਼ਬਰਦਾਰ, ਏਕਾ ਏਕ ਕਰੇ ਪੜ੍ਹਾਈਆ। ਸ਼ਰਅ ਸ਼ਰੀਅਤ ਰਿਹਾ ਵਿਚਾਰ, ਭੇਵ ਅਭੇਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਨੂਰ ਹਰਿ ਨਿਰੰਕਾਰ, ਆਪਣਾ ਆਪ ਉਪਾਇਆ। ਪੰਜ ਤੱਤ ਕਰ ਪਿਆਰ, ਘਰ ਸਾਚਾ ਆਪ ਸੁਹਾਇਆ। ਨਾਨਕ ਮੀਤਾ ਵਿਚ ਸੰਸਾਰ, ਤ੍ਰੈਗੁਣ ਤੋੜ ਤੁੜਾਇਆ। ਨਾਮ ਸਤਿ ਵਣਜ ਵਾਪਾਰ, ਏਕਾ ਮਾਰਗ ਲਾਇਆ। ਏਕਾ ਗੁਰ ਗੁਰ ਅਵਤਾਰ, ਦਸ ਦਸ ਰੂਪ ਸਮਾਇਆ। ਗੁਰਮੁਖਾਂ ਕਰੇ ਇਕ ਪਿਆਰ, ਘਰ ਦਸਵਾਂ ਮੇਲ ਮਿਲਾਇਆ। ਨੌ ਦਵਾਰ ਨਾ ਹੋਏ ਖ਼ਵਾਰ, ਜਿਸ ਜਨ ਸਤਿਗੁਰ ਪੂਰਾ ਪਾਇਆ। ਸ਼ਬਦ ਗੁਰ ਪਹਿਰੇਦਾਰ, ਦਿਵਸ ਰੈਣ ਹੋਏ ਸਹਾਇਆ। ਅੱਠੇ ਪਹਿਰ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਇਆ। ਸਰਬ ਜੀਆਂ ਦਾ ਸਾਂਝਾ ਯਾਰ, ਸਤਿਗੁਰ ਪੂਰਾ ਆਪ ਅਖਵਾਇਆ। ਜੋ ਜਨ ਮੰਗੇ ਬਣ ਭਿਖਾਰ, ਆਪਣੀ ਭਿਛਿਆ ਝੋਲੀ ਪਾਇਆ। ਚੋਲੀ ਰੰਗੇ ਤਨ ਸ਼ੰਗਾਰ, ਬਸਤਰ ਭੂਸ਼ਨ ਇਕ ਸੁਹਾਇਆ। ਨਾਮ ਖੰਡਾ ਤੇਜ਼ ਕਟਾਰ, ਤਨ ਗਾਤਰੇ ਦਏ ਲਟਕਾਇਆ। ਅੰਮ੍ਰਿਤ ਆਤਮ ਠੰਡੀ ਠਾਰ, ਕਵਲ ਨਾਭੀ ਮੁਖ ਚੁਆਇਆ। ਪੰਚਮ ਮੀਤਾ ਇਕ ਅਤੀਤਾ ਆਪ ਸੁਹਾਏ ਬੰਕ ਦਵਾਰ, ਨਿਜ ਘਰ ਬੈਠਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਆਪ ਉਪਾਇਆ। ਨਿਰਗੁਣ ਨੂਰ ਆਪ ਉਪਾ, ਆਪਣੀ ਦਇਆ ਕਮਾਈਆ। ਜੋਤੀ ਜਾਮਾ ਭੇਖ ਵਟਾ, ਭੇਖਾਧਾਰੀ ਭੇਖ ਵਟਾਈਆ। ਸੰਤ ਸੁਹੇਲੇ ਲਏ ਉਠਾ, ਕਾਇਆ ਮੰਦਰ ਮੇਲ ਮਿਲਾਈਆ। ਏਕਾ ਨਾਮ ਦਏ ਜਪਾ, ਏਕਾ ਤਾਲ ਵਜਾਈਆ। ਦੂਈ ਦਵੈਤੀ ਦਏ ਮਿਟਾ, ਦੂਜਾ ਦਰ ਨਾ ਕੋਇ ਵਖਾਈਆ। ਤੀਜਾ ਲੋਚਣ ਦਏ ਖੁਲ੍ਹਾ, ਆਪ ਆਪਣਾ ਦਰਸ ਵਖਾਈਆ। ਚੌਥੇ ਪਦ ਦਏ ਬਹਾ, ਹਰਿ ਹਰਿ ਪੁਰਖ ਵੱਡੀ ਵਡਿਆਈਆ। ਪੰਚਮ ਮੇਲਾ ਸਹਿਜ ਸੁਭਾ, ਪੰਚਮ ਸਖੀਆਂ ਮੰਗਲ ਗਾਈਆ। ਛੇਵਾਂ ਛੱਪਰ ਛੰਨ ਨਾ ਰਿਹਾ ਰਖਾ, ਨਿਰਗੁਣ ਬੈਠਾ ਆਸਣ ਲਾਈਆ। ਸੱਤਵਾਂ ਸਤਿ ਪੁਰਖ ਨਿਰੰਜਣ ਜੋਤ ਜਗਾ, ਜਾਗਰਤ ਜੋਤ ਇਕ ਵਖਾਈਆ। ਅੱਠਾਂ ਤੱਤਾਂ ਭੇਵ ਨਾ ਰਾ, ਮਨ ਮਤ ਬੁਧ ਸਾਰ ਨਾ ਪਾਈਆ। ਨੌ ਦਵਾਰ ਜਗਤ ਭੁਲਾ, ਭਰਮ ਭੁਲੇਖਾ ਇਕ ਵਖਾਈਆ। ਘਰ ਵਿਚ ਆਪਣਾ ਘਰ ਬਣਾ, ਆਪਣੀ ਰੁੱਤ ਸੁਹਾਈਆ। ਨਿਰਗੁਣ ਦੀਵਾ ਬਾਤੀ ਇਕ ਜਗਾ, ਜੋਤ ਨਿਰੰਜਣ ਸੇਵਾ ਲਾਈਆ। ਅਠੇ ਪਹਿਰ ਰਿਹਾ ਡਗਮਗਾ, ਦਿਵਸ ਰੈਣ ਨਾ ਕੋਇ ਜਣਾਈਆ। ਸਰ ਸਰੋਵਰ ਇਕ ਭਰਾ, ਅੰਮ੍ਰਿਤ ਤਾਲ ਸੁਹਾਈਆ। ਗੁਰ ਸ਼ਬਦ ਵਿਚੋਲਾ ਆਪ ਬਣਾ, ਆਪੇ ਕਰੇ ਕੁੜਮਾਈਆ। ਏਕਾ ਢੋਲਾ ਦਏ ਸੁਣਾ, ਆਪਣਾ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਰਚਨਾ ਆਪ ਰਚਾਈਆ। ਆਪਣੀ ਰਚਨਾ ਆਪੇ ਰਚ, ਰਚਨਹਾਰ ਆਪ ਅਖਵਾਇੰਦਾ। ਆਪੇ ਸਤਿਗੁਰ ਸਾਜਣ ਸਚ, ਸਤਿ ਪੁਰਖ ਆਪ ਅਖਵਾਇੰਦਾ। ਆਪੇ ਕਾਇਆ ਮਾਟੀ ਭਾਂਡਾ ਕੱਚ, ਆਪੇ ਭੰਨ ਵਖਾਇੰਦਾ। ਆਪੇ ਪੰਜ ਤੱਤ ਪੁਤਲਾ ਗਿਆ ਬੱਝ, ਸਵਾਂਗੀ ਸਵਾਂਗੀ ਸਵਾਂਗ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਵਟਾਇੰਦਾ। ਵੇਸ ਵਟਾਏ ਹਰਿ ਬਨਵਾਰੀ, ਪਰਮ ਪੁਰਖ ਅਖਵਾਇਆ। ਨਿਰਗੁਣ ਜੋਤ ਕਰ ਉਜਿਆਰੀ, ਸਚ ਸਿੰਘਾਸਣ ਵੇਖ ਵਖਾਇਆ। ਥਿਰ ਘਰ ਸੋਹੇ ਬੰਕ ਦਵਾਰੀ, ਦਰ ਦਰਵਾਜ਼ਾ ਆਪ ਖੁਲ੍ਹਾਇਆ। ਨਾ ਕੋਈ ਦੂਸਰ ਪਹਿਰੇਦਾਰੀ, ਚੋਬਦਾਰੀ ਦਿਸ ਨਾ ਆਇਆ। ਸ਼ਾਹੋ ਭੂਪ ਵਡ ਸਿਕਦਾਰੀ, ਹਰਿ ਸਾਚਾ ਆਪ ਅਖਵਾਇਆ। ਆਪਣੇ ਸੀਸ ਜਗਦੀਸ ਛਤਰ ਰਿਹਾ ਝੁਲਾਰੀ, ਤਖ਼ਤ ਤਾਜ ਆਪ ਉਪਾਇਆ। ਆਪੇ ਦੇਵੇ ਧੁਰ ਫ਼ਰਮਾਨ ਵਡ ਸੰਸਾਰੀ, ਆਪਣਾ ਹੁਕਮ ਆਪ ਸੁਣਾਇਆ। ਆਪੇ ਲੋਕਮਾਤ ਆਵੇ ਜਾਵੇ ਵਾਰੋ ਵਾਰੀ, ਜੁਗ ਜੁਗ ਆਪਣਾ ਵੇਸ ਵਟਾਇਆ। ਆਪੇ ਖੜਗ ਖੰਡਾ ਸ਼ਬਦ ਤੇਜ਼ ਕਟਾਰੀ, ਤੀਰ ਕਮਾਨ ਆਪਣਾ ਨਾਉਂ ਧਰਾਇਆ। ਆਪੇ ਜੋਧਾ ਸੂਰ ਬਲਕਾਰੀ, ਲੋਆਂ ਪੁਰੀਆਂ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਆਪ ਅਖਵਾਇਆ। ਨਿਹਕਲੰਕ ਹਰਿ ਨਰਾਇਣ, ਪਾਰਬ੍ਰਹਮ ਅਖਵਾਇੰਦਾ। ਮਾਤ ਪਿਤ ਨਾ ਕੋਈ ਭਾਈ ਭੈਣ, ਸਾਕ ਸੈਣ ਨਾ ਕੋਇ ਜਣਾਇੰਦਾ। ਆਪੇ ਜਾਣੇ ਆਪਣੇ ਨੈਣ, ਨੇਤਰ ਜਗਤ ਬੰਦ ਰਖਾਇੰਦਾ। ਜਨ ਭਗਤਾਂ ਚੁਕਾਏ ਲਹਿਣ ਦੇਣ, ਜੁਗ ਜੁਗ ਸੇਵ ਕਮਾਇੰਦਾ। ਭਗਤ ਭਗਵੰਤ ਸੰਤ ਕੰਤ ਧਾਮ ਇਕੱਠੇ ਏਕਾ ਬਹਿਣ, ਸਚ ਦਵਾਰਾ ਇਕ ਵਖਾਇੰਦਾ। ਲਾੜੀ ਮੌਤ ਨਾ ਖਾਏ ਡੈਣ, ਰਾਏ ਧਰਮ ਨਾ ਡੰਨ ਲਗਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਰਸਨਾ ਹਰਿ ਹਰਿ ਸਾਰੇ ਕਹਿਣ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋਤੀ ਨੂਰ ਆਪ ਅਖਵਾਇੰਦਾ। ਨਿਹਕਲੰਕ ਕਲ ਜਾਮਾ ਪਾ, ਸ਼ਬਦੀ ਡੰਕ ਵਜਾਇਆ। ਲੱਖ ਚੁਰਾਸੀ ਰਿਹਾ ਸੁਣਾ, ਲੋਆਂ ਪੁਰੀਆਂ ਆਪ ਉਠਾਇਆ। ਸ਼ਾਹ ਸੁਲਤਾਨਾ ਦਏ ਹੁਲਾਰ, ਰਾਜ ਰਾਜਾਨਾਂ ਖ਼ਾਕ ਮਿਲਾਇਆ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਏਕਾ ਨਾਅਰਾ ਦਏ ਸੁਣਾ, ਏਕਾ ਕਲਮਾ ਰਿਹਾ ਪੜ੍ਹਾਇਆ। ਚਾਰ ਵਰਨ ਬਣਾਏ ਭੈਣ ਭਰਾ, ਊਚਾਂ ਨੀਚਾਂ ਮੇਟ ਮਿਟਾਇਆ। ਮਨ ਮਤ ਦੇਵੇ ਦਰ ਦੁਰਕਾ, ਨਾਰ ਦੁਹਾਗਣ ਵੇਸ ਵਟਾਇਆ। ਗੁਰਮਤ ਸਾਚੀ ਲਏ ਪਰਨਾ, ਗੁਰਮੁਖ ਸਾਚੇ ਲਏ ਤਰਾਇਆ। ਸਾਚੀ ਸਿਖਿਆ ਇਕ ਸਮਝਾ, ਸਤਿ ਸਤਿਵਾਦੀ ਮੇਲ ਮਿਲਾਇਆ। ਧੁਰ ਲੇਖਾ ਲਿਖਿਆ ਅੱਗੇ ਦਏ ਰਖਾ, ਲਿਖਿਆ ਲੇਖ ਨਾ ਕੋਇ ਮਿਟਾਇਆ। ਸ੍ਰਿਸ਼ਟ ਸਬਾਈ ਮਿਥਿਆ ਰਿਹਾ ਜਣਾ, ਥਿਰ ਕੋਇ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਰਾਗ ਅਲਾਇਆ। ਰਾਗ ਅਲਾਏ ਹਰਿ ਗੋਬਿੰਦ, ਹਰਿਜਨ ਆਪ ਸੁਣਾਈਆ। ਮੇਟ ਮਿਟਾਏ ਸਗਲੀ ਚਿੰਦ, ਹਉਮੇ ਰੋਗ ਜਲਾਈਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਅਖਵਾਈਆ। ਗੁਰਮੁਖ ਉਪਜਾਏ ਸਾਚੀ ਬਿੰਦ, ਸਤਿਗੁਰ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖੇ ਸਰਬ ਲੋਕਾਈਆ। ਕਲਜੁਗ ਅੰਤਮ ਵੇਖਣ ਆਇਆ, ਜੋਤੀ ਨੂਰ ਜਗਾਈ। ਔਲੀਏ ਪੀਰ ਸ਼ੇਖ਼ ਮੁਸਾਇਕ ਕੁਤਬ ਗੌਂਸ ਲੇਖੇ ਲਿਖਣ ਆਇਆ, ਕੋਈ ਭੇਵ ਨਾ ਜਾਣੇ ਰਾਈ। ਪੰਡਤ ਪਾਂਧੇ ਥੱਕੇ ਮਾਂਦੇ ਆਪਣੇ ਨੇਤਰ ਪੇਖਣ ਆਇਆ, ਹਰਿ ਬਣਿਆ ਸਾਚਾ ਰਾਹੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਵੇਖੇ ਝੂਠੀ ਸ਼ਾਹੀ। ਕਲਜੁਗ ਤੇਰਾ ਝੂਠ ਪਸਾਰਾ, ਚਾਰ ਕੁੰਟ ਲਲਕਾਰਿਆ। ਕੂੜ ਕੁੜਿਆਰਾ ਹੋ ਉਜਿਆਰਾ, ਏਕਾ ਨਾਅਰਾ ਮਾਰਿਆ। ਚੌਦਾਂ ਤਬਕਾਂ ਕਰਿਆ ਖ਼ਬਰਦਾਰਾ, ਨਾਲ ਰਲਾਇਆ ਮੁਹੰਮਦ ਯਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਖ ਵਖਾ ਰਿਹਾ। ਕਲਜੁਗ ਕੂੜਾ ਕੂੜਾ ਰੰਗ, ਹਰਿ ਆਪਣਾ ਆਪ ਰੰਗਾਇੰਦਾ। ਚਾਰੋਂ ਕੁੰਟ ਫਿਰੇ ਮਲੰਗ, ਦਹਿ ਦਿਸ਼ ਫੇਰਾ ਪਾਇੰਦਾ । ਨਾਲ ਰਲਾਈ ਮਨ ਮਤ ਕਰ ਨੰਗ, ਜੀਵਾਂ ਜੰਤਾਂ ਆਪ ਭੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਰਾਹ, ਸ਼ਬਦ ਸਰੂਪੀ ਬਣ ਮਲਾਹ, ਆਪੇ ਵੇਖ ਵਖਾਇੰਦਾ। ਕਲਜੁਗ ਕੂੜਾ ਕੂੜਾ ਡੰਕ, ਕੂੜੀ ਕਿਰਿਆ ਰਹੀ ਵਜਾਈਆ। ਭਰਮੇ ਭੁੱਲਾ ਰਾਓ ਰੰਕ, ਰਾਮ ਨਾਮ ਹਿਰਦੇ ਨਾ ਕੋਇ ਵਸਾਈਆ। ਖੇਲੇ ਖੇਲ ਵਾਸੀ ਪੁਰੀ ਘਨਕ, ਘਨੱਯਾ ਸ਼ਾਮ ਰੂਪ ਵਟਾਈਆ। ਗੁਰਸਿਖਾਂ ਪਰਨਾਏ ਸੀਤਾ ਸਪੁਤਰੀ ਜਨਕ, ਸੀਤਾ ਸਪੁਤਰੀ ਆਪ ਉਠਾਈਆ। ਖੇਲੇ ਖੇਲ ਬਾਰ ਅਨਕ, ਜੁਗ ਜੁਗ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਡ ਦਾਤਾ ਬੇਪਰਵਾਹੀਆ। ਕਲਜੁਗ ਕੂੜ ਕੁੜਾਵਾ ਹੱਟ, ਨੌ ਖੰਡ ਵੇਖ ਵਖਾਇਆ। ਮਾਇਆ ਮਮਤਾ ਤੀਰਥ ਤਟ, ਬੈਠੀ ਰੰਗ ਚੜ੍ਹਾਇਆ। ਪੰਜ ਤੱਤ ਅਗਨੀ ਨਿਕਲੇ ਲਟ ਲਟ, ਮੰਦਰ ਮਸਜਿਦ ਡੇਰਾ ਲਾਇਆ। ਦੂਈ ਦਵੈਤੀ ਲਾਏ ਸੱਟ, ਹਉਮੇ ਹੰਗਤਾ ਖੰਡਾ ਹੱਥ ਉਠਾਇਆ। ਝੂਠਾ ਬੁਰਜ ਰਿਹਾ ਢੱਠ, ਕੱਲਰ ਕੰਧ ਰਹਿਣ ਨਾ ਪਾਇਆ। ਹਰਿਜੂ ਵਸੇ ਘਟ ਘਟ, ਘਟ ਅੰਦਰ ਵੇਖ ਵਖਾਇਆ। ਗੁਰਮੁਖ ਵਿਰਲਾ ਲਾਹਾ ਲਏ ਖੱਟ, ਜਿਸ ਜਨ ਆਪਣਾ ਦਰਸ ਦਿਖਾਇਆ। ਖੇਲੇ ਖੇਲ ਬਾਜ਼ੀਗਰ ਨਟ, ਨਟ ਨਟੂਆ ਸਵਾਂਗੀ ਆਪਣਾ ਸਾਂਗ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਾਉਂ ਰਖਾਇਆ। ਨਿਹਕਲੰਕੀ ਸ਼ਬਦ ਨਿਸ਼ਾਨਾ, ਚਿੱਲਾ ਤੀਰ ਉਠਾਇਆ। ਜੋਧਾ ਮਰਦ ਮਰਦ ਮਰਦਾਨਾ, ਪਾਰਬ੍ਰਹਮ ਆਪ ਅਖਵਾਇਆ। ਜੂਠਾ ਝੂਠਾ ਮੇਟੇ ਜਗਤ ਨਿਸ਼ਾਨਾ, ਸਚ ਸੁੱਚ ਮਾਰਗ ਏਕਾ ਲਾਇਆ। ਖੇਲੇ ਖੇਲ ਗੋਪੀ ਕਾਹਨਾ, ਮੰਡਲ ਰਾਸ ਆਪ ਰਚਾਇਆ। ਰਾਮ ਨਾਮ ਹੋ ਪਰਧਾਨਾ, ਏਕਾ ਮੰਤਰ ਨਾਮ ਦ੍ਰਿੜਾਇਆ। ਐਨਲਹੱਕ ਨਾਅਰਾ ਇਕ ਵਖਾਨਾ, ਮੁਕਾਮੇ ਹੱਕ ਹੱਕ ਖ਼ੁਦਾਇਆ। ਨਾਮ ਸਤਿ ਵਡ ਬਲਵਾਨਾ, ਆਪ ਆਪਣਾ ਰੂਪ ਵਟਾਇਆ। ਕਲਜੁਗ ਅੰਤਮ ਖੇਲੇ ਖੇਲ ਦੋ ਜਹਾਨਾ, ਹਰਿ ਕਾ ਭੇਵ ਕੋਇ ਨਾ ਪਾਇਆ। ਸ੍ਰਿਸ਼ਟ ਸਬਾਈ ਵੇਖੇ ਮਾਰ ਧਿਆਨਾ, ਲੁਕਿਆ ਕੋਇ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੋਕਮਾਤ ਵੇਖਣ ਆਇਆ। ਲੋਕਮਾਤ ਹਰਿ ਪਸਾਰਾ, ਯੁਗ ਚੌਥਾ ਵੇਖ ਵਖਾਈਆ। ਰੂਪ ਅਨੂਪ ਸੱਚੀ ਸਰਕਾਰਾ, ਸਤਿ ਸਰੂਪ ਸਮਾਈਆ। ਪੰਜ ਤੱਤ ਨਾ ਕੋਇ ਆਕਾਰਾ, ਮਨ ਮਤ ਬੁਧ ਨਾ ਕੋਇ ਰਖਾਈਆ। ਬਸਤਰ ਸ਼ਸਤਰ ਨਾ ਕੋਇ ਕਟਾਰਾ, ਅਸਵ ਘੋੜਾ ਨਾ ਕੋਇ ਦੌੜਾਈਆ। ਲਸ਼ਕਰ ਫ਼ੌਜ ਨਾ ਸ਼ਾਹ ਦਾਰਾ, ਨਾ ਕੋਈ ਰਈਅਤ ਸੰਗ ਰਲਾਈਆ। ਇਕ ਅਕੱਲਾ ਏਕਉਂਕਾਰਾ, ਆਪਣੀ ਕਲ ਵਰਤਾਈਆ। ਜਲ ਥਲ ਮਹੱਲ ਪਾਏ ਸਾਰਾ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਵੇਖ ਵਖਾਈਆ। ਜਨ ਭਗਤਾਂ ਮੇਲਾ ਹਰਿ ਸੱਜਣ ਮੀਤ ਮੁਰਾਰਾ, ਆਪ ਆਪਣਾ ਲਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਗੁਪਤ ਆਪੇ ਜ਼ਾਹਰਾ, ਆਪੇ ਅੰਦਰ ਆਪੇ ਬਾਹਰਾ, ਨਿਰਗੁਣ ਸਰਗੁਣ ਖੇਲ ਖਿਲਾਈਆ। ਨਿਰਗੁਣ ਸਰਗੁਣ ਚੇਲਾ ਗੁਰ, ਗੁਰ ਗੁਰ ਰੂਪ ਵਟਾਇਆ। ਲੇਖਾ ਲਿਖਿਆ ਹਰਿ ਹਰਿ ਧੁਰ, ਨਾ ਕੋਈ ਮੇਟ ਮਿਟਾਇਆ। ਜੋਤੀ ਸ਼ਬਦੀ ਗਿਆ ਜੁੜ, ਦਿਸ ਕਿਸੇ ਨਾ ਆਇਆ। ਲੱਖ ਚੁਰਾਸੀ ਵੇਖੇ ਪਰਖੇ ਮਿਠਾ ਕੌੜ, ਆਪ ਆਪਣਾ ਫੇਰਾ ਪਾਇਆ। ਲੋਆਂ ਪੁਰੀਆਂ ਰਿਹਾ ਦੌੜ, ਦੂਰ ਦੁਰਾਡਾ ਪੰਧ ਮੁਕਾਇਆ। ਪ੍ਰਭ ਅਬਿਨਾਸ਼ੀ ਕਰਤਾ ਪੂਤ ਸਪੂਤਾ ਵੇਖੇ ਬ੍ਰਹਿਮਣ ਗੌੜ, ਉਚੇ ਟਿੱਲੇ ਪਰਬਤ ਡੇਰਾ ਲਾਇਆ। ਸਚਖੰਡ ਦਵਾਰੇ ਇਕ ਵਖਾਏ ਸਾਚਾ ਪੌੜ, ਸੋ ਪੁਰਖ ਨਿਰੰਜਣ ਡੰਡਾ ਨਾਮ ਲਗਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕੂੜੀ ਕਿਰਿਆ ਦਏ ਮਿਟਾਇਆ। ਕਲਜੁਗ ਅੰਤਮ ਕੂੜ ਮਿਟੌਣਾ, ਹਰਿ ਸਾਚਾ ਵੇਖ ਵਖੰਨਿਆ। ਸਤਿ ਪੁਰਖ ਨਿਰੰਜਣ ਸਤਿਜੁਗ ਸਾਚਾ ਲੌਣਾ, ਸਤਿ ਸਤਿਵਾਦੀ ਆਪੇ ਬੰਨਿਆ। ਸ਼ਬਦ ਸਰੂਪੀ ਖੇਲ ਖਿਲੌਣਾ, ਜੀਵਾਂ ਜੰਤਾਂ ਆਪੇ ਡੰਨਿਆ। ਚਾਰ ਵਰਨਾਂ ਏਕਾ ਰੰਗ ਰੰਗੌਣਾ, ਇਕ ਵਸਾਏ ਛੱਪਰ ਛੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਨਾਮ ਧਰੌਣਾ। ਪੂਰਬ ਲਹਿਣਾ ਜਾਣ, ਹਰਿਜਨ ਰਿਹਾ ਜਣਾਈਆ। ਨਿਰਗੁਣ ਰੂਪ ਸ੍ਰੀ ਭਗਵਾਨ, ਭੁੱਲ ਰਹੇ ਨਾ ਰਾਈਆ। ਸਤਿਜੁਗ ਵੇਖੇ ਮਾਰ ਧਿਆਨ, ਸਤਿ ਸਤਿਵਾਦੀ ਵਡ ਵਡਿਆਈਆ। ਭਗਤਨ ਮੀਤਾ ਏਕਾ ਰਾਮ, ਏਕਾ ਏਕ ਅਖਵਾਈਆ। ਸਖਾ ਸੁਹੇਲਾ ਕਰੇ ਆਪਣਾ ਕਾਮ, ਕਰਨੀ ਕਰਤਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਵੇਖ ਵਖਾਈਆ। ਜੁਗਾਂ ਜੁਗੰਤਰ ਹਰਿ ਹਰਿ ਲਹਿਣਾ, ਜੁਗ ਜੁਗ ਮੂਲ ਚੁਕਾਇੰਦਾ। ਦਰਸ ਦਿਖਾਏ ਤੀਜੇ ਨੈਣਾਂ, ਆਪਣੀ ਬੂਝ ਬੁਝਾਇੰਦਾ। ਸਚ ਵਡਿਆਈ ਭਾਣਾ ਸਹਿਣਾ, ਸਦ ਭਾਣੇ ਆਪ ਰਹਾਇੰਦਾ। ਲੋਕਮਾਤ ਵਹਿਣ ਨਾ ਵਹਿਣਾ, ਸ਼ੌਹ ਦਰਯਾਏ ਨਾ ਆਪ ਰੁੜ੍ਹਾਇੰਦਾ। ਜਿਸ ਜਨ ਬਸਤਰ ਪਾਏ ਨਾਮ ਗਹਿਣਾ, ਤਨ ਸ਼ੰਗਾਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਆਪ ਚੁਕਾਇੰਦਾ। ਪਿਛਲਾ ਲੇਖਾ ਹਰਿ ਹਰਿ ਬੋਲ, ਹਰਿਜਨ ਸਾਚੇ ਦਏ ਸਮਝਾਈਆ। ਆਦਿ ਜੁਗਾਦੀ ਵਸੇ ਕੋਲ, ਵਿਛੜ ਕਦੇ ਨਾ ਜਾਈਆ। ਨਾਮ ਕੰਡੇ ਤੋਲੇ ਸਾਚਾ ਤੋਲ, ਤੋਲਾ ਰੱਤੀ ਨਾ ਕੋਇ ਵਖਾਈਆ। ਪਿਛਲਾ ਪੜਦਾ ਰਿਹਾ ਫੋਲ, ਅੱਗੇ ਮੂਲ ਚੁਕਾਈਆ। ਰਾਮ ਨਾਮ ਕਰਿਆ ਸਾਚਾ ਘੋਲ, ਦਿਵਸ ਰੈਣ ਕਰ ਲੜਾਈਆ। ਡੂੰਘੀ ਕੰਦਰ ਕਾਇਆ ਕਵਰੀ ਵੱਜਿਆ ਢੋਲ, ਹਰਿ ਸਾਚਾ ਆਪ ਸੁਣਾਈਆ। ਆਪਣੇ ਅੰਦਰ ਆਪੇ ਪਏ ਬੋਲ, ਆਪਣੀ ਲਿਵ ਆਪੇ ਲਾਈਆ। ਆਪਣੀ ਕਾਇਆ ਆਪੇ ਜਾਏ ਮੌਲ, ਫੁਲ ਫੁਲਵਾੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲਹਿਣਾ ਰਿਹਾ ਚੁਕਾਈਆ। ਪਿਛਲਾ ਲਹਿਣਾ ਹਰਿ ਚੁਕਾਏ, ਜੁਗ ਜੁਗ ਵੇਸ ਵਟਾਇੰਦਾ। ਸਤਿਜੁਗ ਸਾਚਾ ਨੈਣ ਖੁਲ੍ਹਾਏ, ਏਕਾ ਨੂਰ ਦਰਸਾਇੰਦਾ। ਕੱਲਰ ਬੂਟਾ ਆਪੇ ਲਾਏ, ਕਵਲ ਫੁੱਲ ਖਿੜਾਇੰਦਾ। ਆਪਣੀ ਭਗਤੀ ਨਾਮ ਜਪਾਏ, ਸਿਰ ਆਪਣਾ ਹੱਥ ਰਖਾਇੰਦਾ। ਘਰ ਘਰ ਛੱਤਰੂ ਆਪ ਉਪਾਏ, ਪਿਤਾ ਪੂਤ ਲੜਾਇੰਦਾ। ਗੜ੍ਹ ਹੰਕਾਰੀ ਇਕ ਬਣਾਏ, ਹਉਮੇ ਵਿਚ ਭਰਾਇੰਦਾ। ਆਪਣੀ ਕਰਨੀ ਰਿਹਾ ਕਮਾਏ, ਭੇਵ ਕੋਇ ਨਾ ਪਾਇੰਦਾ। ਵਰ ਸਰਾਪ ਆਪਣੇ ਹੱਥ ਰਖਾਏ, ਆਵਣ ਜਾਵਣ ਗੇੜ ਚਲਾਇੰਦਾ। ਸੰਤ ਕੁਮਾਰਾ ਲੇਖ ਖਿਲਾਏ, ਰਸਨਾ ਮੁਖ ਅਲਾਇੰਦਾ। ਦਵਾਰਪਾਲ ਰਹੇ ਸ਼ਰਮਾਏ, ਨੇਤਰ ਨੀਰ ਵਹਾਇੰਦਾ। ਬਾਣ ਨਿਰਾਲਾ ਏਕਾ ਲਾਏ, ਨਾ ਕੋਈ ਮੇਟ ਮਿਟਾਇੰਦਾ। ਲੋਕਮਾਤੀ ਜਨਮ ਦਵਾਏ, ਹਰਨਾਕਸ਼ ਨਾਉਂ ਰਖਾਇੰਦਾ। ਪੂਤ ਸਪੂਤਾ ਸਾਚਾ ਜਾਏ, ਸਾਚੀ ਚਲਤ ਚਲਾਇੰਦਾ। ਪ੍ਰਹਿਲਾਦ ਅਹਿਲਾਦ ਏਕਾ ਗਾਏ, ਰਾਮ ਨਾਮ ਧਿਆਇੰਦਾ। ਬੋਧ ਅਗਾਧ ਆਪ ਜਣਾਏ, ਅਨਭਵ ਪਰਕਾਸ਼ ਵਖਾਇੰਦਾ। ਸਾਧਨਾ ਸਾਧ ਸਿਦਕ ਨਿਭਾਏ, ਸਤਿ ਸਤਿਵਾਦੀ ਮੇਲ ਮਿਲਾਇੰਦਾ। ਨਾਦ ਅਨਾਦੀ ਨਾਦ ਵਜਾਏ, ਬ੍ਰਹਮ ਬ੍ਰਹਿਮਾਦੀ ਖੋਜ ਖੋਜਾਇੰਦਾ। ਸਾਚੀ ਵਾਜ ਇਕ ਸੁਣਾਏ, ਨੇਤਰ ਨੈਣ ਨਾ ਕੋਇ ਦਸਾਇੰਦਾ। ਰਾਮ ਨਾਮ ਅਰਾਧ ਰਸਨਾ ਹਰਿ ਹਰਿ ਸਾਚਾ ਪਾਏ, ਘਰ ਸਾਚੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖ ਵੇਖ ਵਖਾਇੰਦਾ। ਪਿਛਲਾ ਲੇਖਾ ਆਪੇ ਜਾਣ, ਆਪੇ ਬੂਝ ਬੁਝਾਈਆ। ਗ਼ਰੀਬ ਨਿਮਾਣਿਆਂ ਦੇਵੇ ਮਾਣ, ਭੇਵ ਕੋਇ ਨਾ ਪਾਈਆ। ਕਾਚੀ ਮਾਟੀ ਕਰ ਪਰਧਾਨ, ਉਪਰ ਚੱਕ ਚੜ੍ਹਾਈਆ। ਚਾਰੋਂ ਕੁੰਟ ਭਵਾਏ ਜ਼ਿਮੀਂ ਅਸਮਾਨ, ਭੇਵ ਕੋਇ ਨਾ ਪਾਈਆ। ਅੰਤਮ ਬੰਦ ਕੀਤੀ ਝੂਠ ਮਕਾਨ, ਜੂਠੀ ਕਿਰਿਆ ਨਾਲ ਬੰਧਾਈਆ। ਖੇਲੇ ਖੇਲ ਸ੍ਰੀ ਭਗਵਾਨ, ਭਗਤਨ ਮੀਤਾ ਵਡ ਵਡਿਆਈਆ। ਬਖ਼ਸ਼ਣਹਾਰਾ ਬ੍ਰਹਮ ਗਿਆਨ, ਆਪਣੀ ਬੂਝ ਬੁਝਾਈਆ। ਛੋਟੇ ਬਾਲੇ ਬਾਲ ਨਿਧਾਨ, ਮਾਟੀ ਭਾਂਡੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਚਲਤ ਚਲਾਈਆ। ਬਾਲ ਨਿਧਾਨੇ ਅੰਦਰ ਰੱਖ, ਅਗਨੀ ਤੱਤ ਜਲਾਇਆ। ਆਪਣਾ ਆਪ ਕੀਤਾ ਵੱਖ, ਹਰਿ ਸਾਚੇ ਮੇਲ ਮਿਲਾਇਆ। ਆਪੇ ਰੱਖੇ ਦੇ ਕਰ ਹੱਥ, ਜੋ ਜਨ ਓਟ ਤਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗ ਆਵਾ ਰਿਹਾ ਤਪਾਇਆ। ਜਗਤ ਆਵਾ ਤਪ ਅੰਗਿਆਰ, ਏਕਾ ਤੱਤ ਵਖਾਈਆ। ਘੜਿਆ ਭਾਂਡਾ ਹੋਇਆ ਤਿਆਰ, ਆਪੇ ਬਾਹਰ ਕਢਾਈਆ। ਅਧਵਿਚਕਾਰ ਲਾਇਆ ਹੱਥ ਘੁਮਿਆਰ, ਬਾਲ ਅੰਞਾਣੇ ਵੇਖ ਵਖਾਈਆ। ਤੂੰ ਹੀ ਤੂੰ ਰਹੇ ਪੁਕਾਰ, ਤੂੰ ਦਾਤਾ ਬੇਪਰਵਾਹੀਆ। ਰਾਮ ਨਾਮ ਇਕ ਅਧਾਰ, ਏਕਾ ਓਟ ਰਖਾਈਆ। ਵੇਖਿਆ ਖੇਲ ਅਪਰ ਅਪਾਰ, ਘਰ ਸਾਚੇ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਪੂਰ ਕਰਾਈਆ। ਭਗਤ ਪ੍ਰਹਿਲਾਦ ਦਰ ਘਰ ਆਇਆ, ਵੇਖੇ ਜਗਤ ਲੋਕਾਇਆ। ਮੰਤਰ ਰਾਮ ਨਾਮ ਹੀਏ ਹਿਰਦੇ ਇਕ ਵਸਾਇਆ, ਨਾ ਕੋਈ ਸਕੇ ਬਾਹਰ ਕਢਾਇਆ। ਸਾਚੀ ਸਿਖਿਆ ਧੁਰ ਦਾ ਲਿਖਿਆ ਘਰ ਸਾਚੇ ਲੇਖਾ ਇਕ ਵਖਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਮੇਲਾ ਆਪ ਮਿਲਾਇਆ। ਸਾਚੀ ਸਿਖਿਆ ਬਾਲ ਨਿਧਾਨ, ਏਕਾ ਰਹੀ ਸੁਣਾਈਆ। ਤਪਿਆ ਤਤ ਇਕ ਅੰਗਿਆਰ, ਅਗਨੀ ਅੱਗ ਸਮਾਈਆ। ਬੱਚੇ ਨਿਕਲੇ ਵਿਚੋਂ ਬਾਹਰ, ਰਾਮ ਨਾਮ ਰਹੇ ਗਾਈਆ। ਤੇਰਾ ਰਾਮ ਨਾ ਮਰੇ ਨਾ ਜੰਮੇ ਵਿਚ ਸੰਸਾਰ, ਆਦਿ ਜੁਗਾਦਿ ਇਕ ਅਖਵਾਈਆ। ਹਰਨਾਕਸ਼ ਤੋੜੇ ਗੜ੍ਹ ਹੰਕਾਰ, ਅੰਤਮ ਮੇਟ ਮਿਟਾਈਆ। ਪ੍ਰਹਿਲਾਦ ਕਰੇ ਇਕ ਪਿਆਰ, ਚਾਰ ਪਾਏ ਆਪ ਉਠਾਈਆ। ਦੋਹਾਂ ਵਿਚੋਲਾ ਬਣੇ ਕਰਤਾਰ, ਏਕਾ ਗਿਆਨ ਦ੍ਰਿੜਾਈਆ। ਪ੍ਰਭ ਅਬਿਨਾਸ਼ੀ ਸੁਨਣੇਹਾਰ, ਸੁਣ ਸੁਣ ਰਿਹਾ ਬੋਲ ਸੁਣਾਈਆ। ਹੋਏ ਮੇਲਾ ਦੂਜੀ ਵਾਰ, ਵਿਚ ਸੰਸਾਰ ਕਰੇ ਕੁੜਮਾਈਆ। ਨਿਰਗੁਣ ਨੂਰ ਜੋਤ ਹੋਏ ਉਜਿਆਰ, ਵੇਲਾ ਵਕ਼ਤ ਦਏ ਸੁਹਾਈਆ। ਕਲਜੁਗ ਅੰਤਮ ਪਾਵੇ ਸਾਰ, ਨਿਹਕਲੰਕ ਵੱਡੀ ਵਡਿਆਈਆ। ਵੇਦ ਕਤੇਬ ਪੁਰਾਨ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਕੋਇ ਨਾ ਪਾਵੇ ਸਾਰ, ਹਰਿ ਕਾ ਲੇਖਾ ਨਾ ਸਕੇ ਕੋਇ ਗਣਾਈਆ। ਦੇਣਾ ਦੇਵਣਹਾਰ ਸ੍ਰੀ ਭਗਵਾਨ, ਜੁਗ ਜੁਗ ਝੋਲੀ ਪਾਈਆ। ਆਪੇ ਹੋਇਆ ਜਾਣੀ ਜਾਣ, ਦੂਸਰ ਭੇਵ ਕੋਇ ਨਾ ਰਾਈਆ। ਸਤਿਗੁਰ ਪੂਰਾ ਕਰ ਪਛਾਣ, ਅੰਤਮ ਮੇਲ ਮਿਲਾਈਆ। ਸੰਤ ਮਨੀ ਸਿੰਘ ਦੇਵੇ ਦਾਨ, ਨਾਮ ਖ਼ਜ਼ਾਨਾ ਇਕ ਭਰਾਈਆ। ਸੁਰਜਨ ਸਿੰਘ ਹੋ ਪਰਧਾਨ, ਤੇਜਾ ਸਿੰਘ ਵਡਿਆਈਆ। ਬੰਸ ਬੰਸਾ ਕਰ ਪਰਵਾਨ, ਛੋਟੇ ਬਾਲੇ ਨਾਲ ਰਲਾਈਆ। ਪਰਮ ਪੁਰਖ ਹਰਿ ਮਿਹਰਵਾਨ, ਹਰਿਜਨ ਸਾਚੇ ਲਏ ਉਠਾਈਆ। ਚੌਥੇ ਯੁਗ ਲਹਿਣਾ ਦੇਣਾ ਚੁੱਕੇ ਆਵਣ ਜਾਣ, ਲੱਖ ਚੁਰਾਸੀ ਫੰਦ ਕਟਾਈਆ। ਧਰਮ ਰਾਏ ਨੇਤਰ ਨੈਣ ਸ਼ਰਮਾਣ, ਚਿਤਰ ਗੁਪਤ ਨਾ ਰਾਹ ਤਕਾਈਆ। ਬ੍ਰਹਮਾ ਵੇਖੇ ਮਾਰ ਧਿਆਨ, ਅੱਠੇ ਨੇਤਰ ਆਪ ਖੁਲ੍ਹਾਈਆ। ਸ਼ਿਵ ਸ਼ੰਕਰ ਅੱਗੇ ਮੰਗੇ ਦਾਨ, ਬੈਠਾ ਝੋਲੀ ਡਾਹੀਆ। ਕਰੋੜ ਤੇਤੀਸਾ ਹੋਏ ਹੈਰਾਨ, ਨੇਤਰ ਨੀਰ ਵਹਾਈਆ। ਸੁਰਪਤ ਰਾਜਾ ਇੰਦ ਆਪਣੀ ਛੱਡੇ ਆਪ ਦੁਕਾਨ, ਆਪਣਾ ਰੂਪ ਵਟਾਈਆ। ਗੁਰਮੁਖਾਂ ਮੇਲਾ ਵਾਲੀ ਦੋ ਜਹਾਨ, ਪੁਰਖ ਅਕਾਲ ਮੇਲ ਮਿਲਾਈਆ। ਆਪ ਝੁਲਾਏ ਸਚ ਨਿਸ਼ਾਨ, ਉਪਰ ਆਪਣਾ ਲੇਖ ਲਿਖਾਈਆ। ਸਾਚੀ ਗੋਪੀ ਮਿਲਿਆ ਸਾਚਾ ਕਾਹਨ, ਘਰ ਮੰਡਲ ਰਾਸ ਰਚਾਈਆ। ਸਚ ਦਵਾਰੇ ਹੋਈ ਪਰਵਾਨ, ਕੰਤ ਕੰਤੂਹਲਾ ਲਏ ਪਰਨਾਈਆ। ਸ਼ਬਦ ਝੂਲਾ ਨਾਮ ਬਬਾਣ, ਲੋਆਂ ਪੁਰੀਆਂ ਪਾਰ ਕਰਾਈਆ। ਦਰਗਹਿ ਸਾਚੀ ਸਚ ਮਕਾਨ, ਗੁਰਸਿਖ ਤੇਰਾ ਦਰ ਵਖਾਈਆ। ਇਕ ਅਕੱਲਾ ਸ੍ਰੀ ਭਗਵਾਨ, ਨਿਰਗੁਣ ਬੈਠਾ ਡੇਰਾ ਲਾਈਆ। ਦਾਤਾ ਦਾਨੀ ਚਤੁਰ ਸੁਜਾਨ, ਚਤੁਰਭੁਜ ਵਡ ਵਡਿਆਈਆ। ਏਕਾ ਬਖ਼ਸ਼ੇ ਪੀਣ ਖਾਣ, ਤ੍ਰਿਸਨਾ ਤ੍ਰਿਪਤ ਆਪ ਕਰਾਈਆ। ਹਰਿਜਨ ਹਰਿਭਗਤ ਗੁਰਮੁਖ ਅੰਤਮ ਜੋਤੀ ਜੋਤ ਮਿਲ ਜਾਣ, ਨਾਤਾ ਤੁਟੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪਿਛਲਾ ਘਾਟਾ ਪੂਰ ਕਰਾਈਆ। ਪਿਛਲਾ ਘਾਟਾ ਗਿਆ ਮੁੱਕ, ਹਰਿ ਸਾਚੇ ਆਪ ਮੁਕਾਇਆ। ਅੱਗੇ ਗੋਦੀ ਰਿਹਾ ਚੁੱਕ, ਬਾਲ ਅੰਵਾਣੇ ਆਪ ਉਠਾਇਆ। ਪੰਜ ਤੱਤ ਬੂਟਾ ਨਾ ਜਾਏ ਸੁੱਕ, ਸਿੰਚ ਅੰਮ੍ਰਿਤ ਹਰਿਆ ਆਪ ਕਰਾਇਆ। ਭਾਗ ਲਗਾਏ ਸੁਲੱਖਣੀ ਕੁੱਖ, ਜਿਸ ਜਨ ਜਨਣੀ ਹਰਿਜਨ ਜਾਇਆ। ਉਲਟਾ ਮਾਤ ਗਰਭ ਨਾ ਹੋਏ ਰੁੱਖ, ਸਤਿਗੁਰ ਪੂਰਾ ਦਇਆ ਕਮਾਇਆ। ਲੇਖੇ ਲਾਏ ਜਨਮ ਮਾਨਸ ਮਾਨੁਖ, ਦੂਜਾ ਵੱਖਰ ਨਾ ਕੋਇ ਵਖਾਇਆ। ਗੁਰਸਿਖਾਂ ਅੰਦਰ ਬੈਠਾ ਲੁਕ, ਵਾਸੀ ਪੁਰੀ ਘਣਕਾ ਆਪਣਾ ਡੰਕ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਸ ਆਪੇ ਧਰ, ਪੂਰਬ ਲਹਿਣਾ ਲਹਿਣਾ ਰਿਹਾ ਮੁਕਾਇਆ।
