Granth 08 Likhat 188: 25 Kattak 2016 Bikarmi Ratan Singh de Ghar Pind Noor Pur Jila Jalandhar

੨੫ ਕੱਤਕ ੨੦੧੬ ਬਿਕ੍ਰਮੀ ਰਤਨ ਸਿੰਘ ਦੇ ਘਰ ਪਿੰਡ ਨੂਰ ਪੁਰ ਜ਼ਿਲਾ ਜਲੰਧਰ

ਏਕੰਕਾਰ ਪੁਰਖ ਅਗੰਮੜਾ, ਆਦਿ ਜੁਗਾਦੀ ਗੁਰ ਅਵਤਾਰ। ਸੋ ਪੁਰਖ ਨਿਰੰਜਣ ਵੇਸ ਵਟੰਦੜਾ, ਅਜੂਨੀ ਰਹਿਤ ਖੇਲ ਅਪਾਰ। ਹਰਿ ਪੁਰਖ ਨਿਰੰਜਣ ਆਪਣਾ ਨਾਉਂ ਉਪਜੰਦੜਾ, ਨਾਉਂ ਨਿਰੰਕਾਰਾ ਧਰ ਨਿਰੰਕਾਰ। ਆਦਿ ਜੁਗਾਦਿ ਜੋਤ ਜਗੰਦੜਾ, ਨੂਰੋ ਨੂਰ ਉਜਿਆਰ। ਅਬਿਨਾਸ਼ੀ ਕਰਤਾ ਧਾਮ ਸੁਹੰਦੜਾ, ਸਚਖੰਡ ਵਸੇ ਇਕ ਦਵਾਰ। ਸ੍ਰੀ ਭਗਵਾਨ ਭੇਖ ਵਟੰਦੜਾ, ਥਿਰ ਘਰ ਵਾਸੀ ਏਕਾ ਧਾਰ। ਪਾਰਬ੍ਰਹਮ ਭੇਵ ਖੁਲੰਦੜਾ, ਆਪ ਆਪਣੀ ਕਰ ਵਿਚਾਰ। ਵਿਸ਼ਨੂੰ ਆਪਣਾ ਅੰਕ ਸੁਹੰਦੜਾ, ਅੰਗੀਕਾਰ ਕਰ ਕਰਤਾਰ। ਬ੍ਰਹਮਾ ਬ੍ਰਹਮ ਵੇਸ ਵਖੰਦੜਾ, ਨਿਰਗੁਣ ਨਿਰਗੁਣ ਬੰਨ੍ਹੇ ਧਾਰ। ਸ਼ੰਕਰ ਦੀਪਕ ਇਕ ਜਗੰਦੜਾ, ਕਰ ਕਰ ਆਪਣਾ ਸਚ ਪਿਆਰ। ਤ੍ਰੈਗੁਣ ਮਾਇਆ ਮੇਲ ਮਿਲੰਦੜਾ, ਪੰਜ ਤੱਤ ਭਰੇ ਭੰਡਾਰ। ਲੱਖ ਚੁਰਾਸੀ ਬਣਤ ਬਣੰਦੜਾ, ਵੇਖੇ ਵਿਗਸੇ ਕਰ ਵਿਚਾਰ। ਘਰ ਘਰ ਵਿਚ ਮੰਡਲ ਰਾਸ ਰਚੰਦੜਾ, ਜੋਤ ਨਿਰੰਜਣ ਹੋ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਪਰ ਅਪਾਰ। ਏਕੰਕਾਰ ਪੁਰਖ ਸੁਲਤਾਨ, ਹਰਿ ਵੱਡਾ ਵਡ ਵਡਿਆਈਆ। ਸੋ ਪੁਰਖ ਨਿਰੰਜਣ ਵਡ ਮਿਹਰਵਾਨ, ਦੂਸਰ ਸੰਗ ਨਾ ਕੋਇ ਰਖਾਈਆ। ਹਰਿ ਪੁਰਖ ਨਿਰੰਜਣ ਦੇਵੇ ਦਾਨ, ਸਤਿ ਭੰਡਾਰਾ ਆਪ ਵਰਤਾਈਆ। ਆਦਿ ਨਿਰੰਜਣ ਖੇਲ ਮਹਾਨ, ਜੁਗਾ ਜੁਗੰਤਰ ਡਗਮਗਾਈਆ। ਸ੍ਰੀ ਭਗਵਾਨ ਸਚ ਨਿਸ਼ਾਨ, ਸਚਖੰਡ ਦਵਾਰੇ ਆਪ ਝੁਲਾਈਆ। ਅਬਿਨਾਸ਼ੀ ਕਰਤਾ ਖੇਲ ਮਹਾਨ, ਖੇਲਣਹਾਰਾ ਦਿਸ ਨਾ ਆਈਆ। ਪਾਰਬ੍ਰਹਮ ਵਾਲੀ ਦੋ ਜਹਾਨ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਬ੍ਰਹਮ ਬ੍ਰਹਮ ਬ੍ਰਹਮ ਕਰ ਪਰਧਾਨ, ਆਪਣੀ ਕਲ ਆਪ ਵਰਤਾਈਆ। ਬ੍ਰਹਮਾ ਵਿਸ਼ਨ ਸ਼ਿਵ ਪਾਏ ਆਪਣੀ ਆਣ, ਏਕਾ ਹੁਕਮ ਸੁਣਾਈਆ। ਤ੍ਰੈ ਤ੍ਰੈ ਮੀਤਾ ਖੋਲ੍ਹ ਦੁਕਾਨ, ਚੌਦਾਂ ਹੱਟਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨਾ ਆਪ ਰਚਾਈਆ। ਏਕੰਕਾਰਾ ਅਲੱਖ ਅਲੱਖਣਾ, ਲੇਖਾ ਲੇਖ ਨਾ ਕੋਇ ਜਣਾਇੰਦਾ। ਸੋ ਪੁਰਖ ਨਿਰੰਜਣ ਹੋ ਪਰਤੱਖਣਾ, ਆਪ ਆਪਣਾ ਨਾਉਂ ਉਪਜਾਇੰਦਾ। ਹਰਿ ਪੁਰਖ ਨਿਰੰਜਣ ਮਹਿਮਾ ਕਥ ਅਕੱਥਣਾ, ਕਥਨੀ ਕਥ ਨਾ ਕੋਇ ਸੁਣਾਇੰਦਾ। ਆਦਿ ਨਿਰੰਜਣ ਸਰਬ ਕਲ ਸਮਰਥਣਾ, ਸਮਰਥ ਪੁਰਖ ਨਾਉਂ ਧਰਾਇੰਦਾ। ਸ੍ਰੀ ਭਗਵਾਨ ਚਲਾਏ ਰਥਨਾ, ਰਥ ਰਥਵਾਹੀ ਦਿਸ ਨਾ ਆਇੰਦਾ। ਅਬਿਨਾਸ਼ੀ ਕਰਤਾ ਸਗਲਾ ਸਥਨਾ, ਸਗਲਾ ਸੰਗ ਆਪ ਨਿਭਾਇੰਦਾ। ਪਾਰਬ੍ਰਹਮ ਆਪੇ ਭਾਂਡੇ ਭਰੇ ਆਪੇ ਕਰੇ ਸਖਣਾ, ਬ੍ਰਹਮ ਜੋਤ ਆਪ ਜਗਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਨਿਉਂ ਨਿਉਂ ਝੁਕਾਇਣ ਮਥਨਾ, ਤਿਲਕ ਲਲਾਟੀ ਚਰਨ ਧੂੜੀ ਮਸਤਕ ਟਿੱਕਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਘਰ ਸੁਹਾਇੰਦਾ। ਏਕੰਕਾਰਾ ਸੋਹੇ ਘਰ ਘਰ ਸੁਹੰਜਣਾ, ਨਿਰਗੁਣ ਆਪਣਾ ਆਪ ਉਪਾਇਆ। ਸੋ ਪੁਰਖ ਨਿਰੰਜਣ ਮੀਤ ਮੁਰਾਰਾ ਸੱਜਣਾ, ਘਰ ਸਾਚੇ ਮੇਲ ਮਿਲਾਇਆ। ਹਰਿ ਪੁਰਖ ਨਿਰੰਜਣ ਦਰ ਦਵਾਰੇ ਆਪਣੇ ਬਹਿ ਬਹਿ ਆਪੇ ਸਜਣਾ, ਇਕ ਮਹੱਲ ਅਟੱਲ ਆਪ ਰਖਾਇਆ। ਆਦਿ ਨਿਰੰਜਣ ਆਪਣੇ ਨੇਤਰ ਪਾਏ ਆਪਣਾ ਕਜਲਾ, ਆਪਣਾ ਨੈਣ ਆਪ ਖੁਲ੍ਹਾਇਆ। ਪੁਰਖ ਅਬਿਨਾਸ਼ੀ ਦਰ ਆਪਣੇ ਕਰੇ ਆਪਣਾ ਮਜਨਾ, ਆਪਣਾ ਤੀਰਥ ਆਪੇ ਨਾਹਿਆ। ਸ੍ਰੀ ਭਗਵਾਨ ਰੱਖੇ ਲੱਜਨਾ, ਲਾਜਾਵੰਤ ਬੇਪਰਵਾਹਿਆ। ਪਾਰਬ੍ਰਹਮ ਇਕ ਵਜਾਏ ਸਾਚਾ ਸਾਜਣਾ, ਤਾਲ ਤਲਵਾੜਾ ਆਪਣੇ ਹੱਥ ਰਖਾਇਆ। ਬ੍ਰਹਮਾ ਵਿਸ਼ਨ ਸ਼ਿਵ ਰਚਾਇਆ ਕਾਜਨਾ, ਆਪ ਆਪਣਾ ਬੰਧਨ ਪਾਇਆ। ਤ੍ਰੈਗੁਣ ਮਾਇਆ ਦਿਤਾ ਦਾਜਨਾ, ਏਕਾ ਪੱਲੇ ਗੰਢ ਬੰਧਾਇਆ। ਪੰਜ ਤੱਤ ਮਾਰੇ ਵਾਜਨਾ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਸਗਲਾ ਸੰਗ ਰਖਾਇਆ। ਲੱਖ ਚੁਰਾਸੀ ਭਾਂਡਾ ਸਾਜਨਾ, ਆਪਣਾ ਆਵਾ ਆਪ ਤਪਾਇਆ। ਖੇਲੇ ਖੇਲ ਵਿਚ ਬ੍ਰਹਮਾਦਨਾ, ਬ੍ਰਹਿਮੰਡ ਖੰਡ ਆਪਣਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਏਕੰਉਂਕਾਰ, ਆਦਿ ਜੁਗਾਦੀ ਖੇਲ ਅਪਾਰ, ਭੇਵ ਕਿਸੇ ਨਾ ਪਾਇਆ। ਏਕੰਕਾਰਾ ਸਚ ਮਹੱਲਾ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਇਕ ਅਕੱਲਾ, ਆਦਿ ਨਿਰੰਜਣ ਡਗਮਗਾਇੰਦਾ। ਸ੍ਰੀ ਭਗਵਾਨ ਫੜਾਏ ਪੱਲਾ, ਅਬਿਨਾਸ਼ੀ ਕਰਤਾ ਮੇਲ ਮਿਲਾਇੰਦਾ। ਪਾਰਬ੍ਰਹਮ ਵਸਣਹਾਰਾ ਨਿਹਚਲ ਧਾਮ ਅਟੱਲਾ, ਸਚ ਸਿੰਘਾਸਣ ਆਸਣ ਲਾਇੰਦਾ। ਸਚ ਸੁਨੇਹੜਾ ਬ੍ਰਹਮਾ ਵਿਸ਼ਨ ਸ਼ਿਵ ਆਪਣਾ ਘੱਲਾ, ਹੁਕਮੀ ਹੁਕਮ ਆਪ ਫਿਰਾਇੰਦਾ। ਤ੍ਰੈਗੁਣ ਮਾਇਆ ਆਪੇ ਰੱਲਾ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਨੀ ਕਰਤਾ ਕਿਰਤ ਕਮਾਇੰਦਾ। ਏਕਉਂਕਾਰ ਅਕਲ ਕਲ ਧਾਰਾ, ਏਕਾ ਰੰਗ ਸਮਾਇਆ। ਸੋ ਪੁਰਖ ਨਿਰੰਜਣ ਖੇਲ ਅਪਾਰਾ, ਹਰਿ ਪੁਰਖ ਨਿਰੰਜਣ ਵੇਖ ਵਖਾਇਆ। ਆਦਿ ਨਿਰੰਜਣ ਕੰਤ ਭਤਾਰਾ, ਘਰ ਸਾਚੇ ਸੋਭਾ ਪਾਇਆ। ਸ੍ਰੀ ਭਗਵਾਨ ਕਰੇ ਪਿਆਰਾ, ਪੁਰਖ ਅਬਿਨਾਸ਼ੀ ਨਾਲ ਰਲਾਇਆ। ਪਾਰਬ੍ਰਹਮ ਬ੍ਰਹਮ ਹੋ ਉਜਿਆਰਾ, ਲੋਕਮਾਤ ਵੇਖ ਵਖਾਇਆ। ਬ੍ਰਹਮਾ ਵਿਸ਼ਨ ਸ਼ਿਵ ਸੇਵਾਦਾਰਾ, ਆਦਿ ਜੁਗਾਦਿ ਰਹੇ ਸੇਵ ਕਮਾਇਆ। ਖੇਲੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਆਪਣਾ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਭੈ ਆਪਣਾ ਨਾਮ ਧਰਾਇਆ। ਏਕਉਂਕਾਰ ਮੂਰਤ ਅਕਾਲ, ਏਕਾ ਏਕ ਅਖਵਾਇੰਦਾ। ਸੋ ਪੁਰਖ ਨਿਰੰਜਣ ਦੀਨ ਦਿਆਲ, ਦਇਆਨਿਧ ਭੇਵ ਨਾ ਆਇੰਦਾ। ਹਰਿ ਪੁਰਖ ਨਿਰੰਜਣ ਆਪਣਾ ਬਣੇ ਆਪ ਦਲਾਲ, ਆਪ ਆਪਣਾ ਵਣਜ ਕਰਾਇੰਦਾ। ਆਦਿ ਨਿਰੰਜਣ ਦੀਪਕ ਬਾਲ, ਥਿਰ ਘਰ ਸਾਚਾ ਆਪ ਸੁਹਾਇੰਦਾ। ਸ੍ਰੀ ਭਗਵਾਨ ਚਲੇ ਨਾਲ ਨਾਲ, ਨਿਰਗੁਣ ਰੂਪ ਅਨੂਪ ਦਰਸਾਇੰਦਾ। ਪੁਰਖ ਅਬਿਨਾਸ਼ੀ ਖੇਲ ਮਹਾਨ, ਘਰ ਸਾਚੇ ਆਪ ਖਿਲਾਇੰਦਾ। ਪਾਰਬ੍ਰਹਮ ਦਾਸੀ ਦਾਸ ਕਰਾਏ ਕਾਲ ਮਹਾਂਕਾਲ, ਆਪ ਆਪਣਾ ਹੁਕਮ ਚਲਾਇੰਦਾ। ਬ੍ਰਹਮ ਬ੍ਰਹਮ ਬ੍ਰਹਮ ਕਰੇ ਪ੍ਰਿਤਪਾਲ, ਪ੍ਰਿਤਪਾਲਕ ਵੇਸ ਵਟਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਸ਼ਬਦ ਅਗੰਮੀ ਪਾਇਆ ਜਾਲ, ਸਤਿ ਡੋਰੀ ਨਾਮ ਬੰਧਾਇੰਦਾ। ਤ੍ਰੈਗੁਣ ਮਾਇਆ ਜਗਤ ਜੰਜਾਲ, ਲੱਖ ਚੁਰਾਸੀ ਕੋਟ ਵਖਾਇੰਦਾ। ਜੁਗ ਜੁਗ ਆਪਣੀ ਘਾਲਾ ਰਹੇ ਘਾਲ, ਸਤਿਜੁਗ ਤ੍ਰੇਤਾ ਦੁਆਪਰ ਆਪਣਾ ਰੰਗ ਰੰਗਾਇੰਦਾ। ਬਿਨ ਹਰਿ ਜੀ ਹਲ ਨਾ ਹੋਇਆ ਕਿਸੇ ਦਾ ਸਵਾਲ, ਅੰਤ ਲੇਖਾ ਨਾ ਕੋਇ ਮੁਕਾਇੰਦਾ। ਪਾਰਬ੍ਰਹਮ ਚਲੇ ਅਵੱਲੜੀ ਆਪਣੀ ਚਾਲ, ਚਾਲ ਨਿਰਾਲੀ ਆਪ ਜਣਾਇੰਦਾ। ਸ੍ਰੀ ਭਗਵਾਨ ਹੋ ਨਿਹਾਲ, ਨਿਰਗੁਣ ਨਿਰਗੁਣ ਨਿਰਗੁਣ ਆਪਣਾ ਆਪ ਉਪਜਾਇੰਦਾ। ਪੁਰਖ ਅਬਿਨਾਸ਼ੀ ਵੇਖੇ ਸੱਚਾ ਧਨ ਮਾਲ, ਸਚ ਖ਼ਜ਼ੀਨਾ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਿਨਾਰਾ, ਲੋਕਮਾਤ ਰਹਿਣ ਨਾ ਪਾਈਆ। ਪੰਜ ਤੱਤ ਹਰਿ ਕਰ ਪਿਆਰਾ, ਨਿਰਗੁਣ ਸਰਗੁਣ ਕਰੇ ਰੁਸ਼ਨਾਈਆ। ਸਰਗੁਣ ਮੇਲਾ ਵਿਚ ਸੰਸਾਰਾ, ਗੁਰ ਪੀਰ ਅਵਤਾਰ ਨਾਉਂ ਧਰਾਈਆ। ਸਾਧ ਸੰਤ ਬੋਲ ਜੈਕਾਰਾ, ਏਕਾ ਨਾਮ ਰਹੇ ਗਾਈਆ। ਭਗਤਾਂ ਦੇਵੇ ਚਰਨ ਪਿਆਰਾ, ਸਾਚੀ ਭਿਛਿਆ ਝੋਲੀ ਪਾਈਆ। ਗੁਰਮੁਖਾਂ ਸੁਹਾਏ ਬੰਕ ਦਵਾਰਾ, ਦਰ ਘਰ ਸਾਚਾ ਵੇਖ ਵਖਾਈਆ। ਗੁਰਸਿਖਾਂ ਕਰੇ ਪਾਰ ਕਿਨਾਰਾ, ਸ਼ੌਹ ਦਰਯਾ ਨਾ ਕੋਇ ਰੁੜ੍ਹਾਈਆ। ਦੋ ਜਹਾਨ ਦਏ ਸਹਾਰਾ, ਵਡ ਦਾਤਾ ਬੇਪਰਵਾਹੀਆ। ਰਾਏ ਧਰਮ ਨਾ ਕਰੇ ਖ਼ਵਾਰਾ, ਚਿਤਰ ਗੁਪਤ ਨਾ ਲੇਖ ਲਿਖਾਈਆ। ਲਾੜੀ ਮੌਤ ਨਾ ਕਰੇ ਸੰਘਾਰਾ, ਦਰ ਘਰ ਉਤੇ ਨਾ ਫੇਰੀ ਪਾਈਆ। ਸਤਿਗੁਰ ਪੂਰਾ ਵਡ ਬਲਕਾਰਾ, ਵੇਲੇ ਅੰਤ ਹੋਏ ਸਹਾਈਆ। ਨਿਰਗੁਣ ਸਰਗੁਣ ਰੱਖੇ ਧਾਰਾ, ਆਪ ਆਪਣੀ ਕਲ ਵਰਤਾਈਆ। ਖੜਗ ਖੰਡਾ ਤੇਜ਼ ਕਟਾਰਾ, ਏਕਾ ਨਾਮ ਹੱਥ ਚਮਕਾਈਆ। ਬ੍ਰਹਿਮੰਡਾਂ ਖੰਡਾਂ ਪਾਵੇ ਸਾਰਾ, ਉਤਭੁਜ ਸੇਤਜ ਜੇਰਜ ਅੰਡ ਵੇਖ ਵਖਾਈਆ। ਲੱਖ ਚੁਰਾਸੀ ਸਿਰ ਵੱਜੇ ਕਾਲ ਨਗਾਰਾ, ਕਲਜੁਗ ਡੌਰੂ ਰਿਹਾ ਵਜਾਈਆ। ਚਾਰ ਵਰਨ ਨਾ ਕੋਇ ਪਿਆਰਾ, ਸਾਚੀ ਸਰਨ ਨਾ ਕੋਇ ਵਖਾਈਆ। ਭਰਮੇ ਭੁੱਲਾ ਜੀਵ ਗਵਾਰਾ, ਜਾਗਰਤ ਜੋਤ ਨਾ ਕਿਸੇ ਜਗਾਈਆ। ਚਾਰ ਕੁੰਟ ਦਹਿ ਦਿਸ਼ਾ ਹੋਏ ਖ਼ਵਾਰਾ, ਘਰ ਮਿਲਿਆ ਨਾ ਸਾਚਾ ਮਾਹੀਆ। ਨੌ ਦਰ ਫਿਰ ਫਿਰ ਮਾਨਸ ਜਨਮ ਹਾਰਾ, ਘਰ ਦਸਵਾਂ ਨਾ ਬੂਝ ਬੁਝਾਈਆ। ਬਜਰ ਕਪਾਟੀ ਨਾ ਪੜਦਾ ਪਾੜਾ, ਉਤਮ ਸੇਜ ਨਾ ਕੋਇ ਸੁਹਾਈਆ। ਅਗਨੀ ਬੁਝੀ ਨਾ ਤੱਤੀ ਹਾੜਾ, ਸੀਤਲ ਧਾਰਾ ਅੰਮਿਉਂ ਰਸ ਅੰਮ੍ਰਿਤ ਨਿਝਰ ਝਿਰਨਾ ਨਾ ਕੋਇ ਝਿਰਾਈਆ। ਪੰਜ ਤੱਤ ਲੱਗਾ ਘਰ ਅਖਾੜਾ, ਸਾਚਾ ਮੰਗਲ ਨਾ ਕੋਇ ਗਾਈਆ। ਹਰਿ ਸ਼ਬਦ ਨਾ ਮਿਲਿਆ ਧੁਰ ਦਰਗਾਹੀ ਸਾਚਾ ਲਾੜਾ, ਨਾਰੀ ਕੰਤ ਨਾ ਖ਼ੁਸ਼ੀ ਮਨਾਈਆ। ਜੀਵ ਜੰਤ ਲੱਖ ਚੁਰਾਸੀ ਧੁੰਧੂਕਾਰਾ, ਰੈਣ ਅੰਧੇਰੀ ਛਾਈਆ। ਰਵ ਸਸ ਰੋ ਰੋ ਪੁਕਾਰੇ ਚੰਦ ਤਾਰਾ, ਚਾਂਦ ਚਾਂਦਨੀ ਰਹੀ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਏਕੰਕਾਰਾ ਵਡ ਬਲਵਾਨ, ਸੂਰਬੀਰ ਆਪ ਅਖਵਾਇੰਦਾ। ਸੋ ਪੁਰਖ ਨਿਰੰਜਣ ਨੌਜਵਾਨ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਹਰਿ ਪੁਰਖ ਨਿਰੰਜਣ ਮਾਰੇ ਇਕ ਨਿਸ਼ਾਨ, ਤੀਰ ਅਣਿਆਲਾ ਇਕ ਚਲਾਇੰਦਾ। ਆਦਿ ਨਿਰੰਜਣ ਚੁਕਾਏ ਕਾਣ, ਮਾਣ ਅਭਿਮਾਨ ਸਰਬ ਤੁੜਾਇੰਦਾ। ਸ੍ਰੀ ਭਗਵਾਨ ਹੋ ਪਰਧਾਨ, ਆਪ ਆਪਣਾ ਡੰਕ ਵਜਾਇੰਦਾ। ਪੁਰਖ ਅਬਿਨਾਸ਼ੀ ਪਾਏ ਆਣ, ਸ਼ਬਦੀ ਸ਼ਬਦੀ ਹੁਕਮ ਸੁਣਾਇੰਦਾ। ਪਾਰਬ੍ਰਹਮ ਕਰ ਪਛਾਨ, ਬ੍ਰਹਮ ਬ੍ਰਹਮ ਬ੍ਰਹਮ ਵੇਖ ਵਖਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਸਾਰੇ ਗਾਣ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਸਤਿਗੁਰ ਮੀਤਾ ਵਾਲੀ ਦੋ ਜਹਾਨ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਇਕ ਅਤੀਤਾ ਵਸੇ ਕਾਇਆ ਵਿਚ ਮਕਾਨ, ਪੰਜ ਤੱਤ ਡੇਰਾ ਆਪੇ ਲਾਇੰਦਾ। ਦੇਵਣਹਾਰਾ ਧੁਰ ਫ਼ਰਮਾਣ, ਬੋਧ ਅਗਾਧੀ ਸ਼ਬਦ ਸੁਣਾਇੰਦਾ। ਰਾਗ ਅਨਾਦੀ ਇਕ ਧੁਨਕਾਨ, ਅਨਹਦ ਤਾਲ ਵਜਾਇੰਦਾ। ਅੰਮ੍ਰਿਤ ਆਤਮ ਪੀਣ ਖਾਣ, ਭਰ ਪਿਆਲਾ ਜਾਮ ਪਿਆਇੰਦਾ। ਭਗਤ ਭਗਵੰਤ ਕਰ ਪਰਵਾਨ, ਆਪਣੇ ਲੇਖੇ ਆਪੇ ਲਾਇੰਦਾ। ਸੰਤਾਂ ਮੇਲਾ ਗੁਣ ਨਿਧਾਨ, ਗੁਣਵੰਤਾ ਦਰਸ ਦਿਖਾਇੰਦਾ। ਗੁਰਮੁਖ ਵੇਖੇ ਬਾਲ ਅੰਞਾਣ, ਆਪ ਆਪਣੀ ਗੋਦ ਉਠਾਇੰਦਾ। ਗੁਰਸਿਖ ਬਣਾਏ ਚਤੁਰ ਸੁਜਾਨ, ਸਾਚੀ ਸਿਖਿਆ ਸਿਖ ਸਮਝਾਇੰਦਾ। ਮੂਰਖ ਮੂੜ੍ਹ ਸਰਬ ਪਛਤਾਨ, ਵੇਲਾ ਗਿਆ ਹੱਥ ਨਾ ਆਇੰਦਾ। ਨਿਰਗੁਣ ਜੋਤ ਸ੍ਰੀ ਭਗਵਾਨ, ਜੋਤੀ ਨੂਰ ਡਗਮਗਾਇੰਦਾ। ਜਗਤ ਨੇਤਰ ਨਾ ਦਿਸੇ ਕੋਇ ਨਿਸ਼ਾਨ, ਰੂਪ ਰੰਗ ਨਾ ਕੋਇ ਵਖਾਇੰਦਾ। ਨੱਕ ਮੂੰਹ ਹੱਥ ਨਾ ਦਿਸੇ ਕੋਈ ਕਾਨ, ਸੀਸ ਧੜ ਨਾ ਰਚਨ ਰਚਾਇੰਦਾ। ਨੌ ਦਰ ਨਾ ਖੋਲ੍ਹ ਦੁਕਾਨ, ਆਪਣਾ ਹੱਟ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਜੋਤ ਨਾ ਕੋਈ ਵਰਨ ਨਾ ਕੋਈ ਗੋਤ, ਏਕਾ ਰੰਗ ਸਮਾਇੰਦਾ। ਏਕੰਕਾਰਾ ਪੁਰਖ ਬਿਧਾਤਾ, ਸਰਬ ਘਟਾਂ ਘਟ ਵਾਸੀਆ। ਸੋ ਪੁਰਖ ਨਿਰੰਜਣ ਪਿਤਾ ਮਾਤਾ, ਆਪ ਆਪਣਾ ਨਾਉਂ ਉਪਜਾਸੀਆ। ਹਰਿ ਪੁਰਖ ਨਿਰੰਜਣ ਦੇਵੇ ਸਾਚੀ ਦਾਤਾ, ਦਾਤਾ ਦਾਨੀ ਦਰ ਸਾਚਾ ਇਕ ਸੁਹਾਸੀਆ। ਸ੍ਰੀ ਭਗਵਾਨ ਰਖਾਏ ਉਤਮ ਜ਼ਾਤਾ, ਵਰਨ ਗੋਤ ਨਾ ਦਿਸੇ ਜ਼ਾਤੀਆ। ਪੁਰਖ ਅਬਿਨਾਸ਼ੀ ਮੇਟੇ ਰੈਣ ਅੰਧੇਰੀ ਰਾਤਾ, ਏਕਾ ਨੂਰ ਕਰੇ ਪਰਕਾਸ਼ੀਆ। ਪਾਰਬ੍ਰਹਮ ਸੁਣਾਏ ਆਪਣੀ ਗਾਥਾ, ਸ਼ਬਦ ਰਾਗ ਧੁਨ ਇਕ ਅਲਾਸੀਆ। ਸਰਬ ਕਲ ਆਪੇ ਸਮਰਾਥਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲੇ ਖੇਲ ਤਮਾਸੀਆ। ਖੇਲ ਤਮਾਸ਼ਾ ਹਰਿ ਭਗਵੰਤ, ਜੁਗ ਜੁਗ ਖੇਲ ਖਿਲਾਇੰਦਾ। ਲੇਖਾ ਜਾਣੇ ਆਦਿ ਅੰਤ, ਬ੍ਰਹਮਾ ਵੇਦ ਭੇਵ ਨਾ ਪਾਇੰਦਾ। ਜੁਗਾ ਜੁਗੰਤਰ ਮਹਿਮਾ ਅਗਣਤ, ਕਥਨੀ ਕਥ ਨਾ ਕੋਇ ਸੁਣਾਇੰਦਾ। ਗੁਰਮੁਖ ਵਿਰਲਾ ਜਾਣੇ ਸੰਤ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਗੁਰਮੁਖਾਂ ਦੇਵੇ ਨਾਮ ਰਸਨਾ ਜਿਹਵਾ ਮਣੀਆ ਮੰਤ, ਮਨ ਮਨਕਾ ਆਪ ਫਿਰਾਇੰਦਾ। ਤੋੜੇ ਗੜ੍ਹ ਹਉਮੇ ਹੰਗਤ, ਹੰ ਬ੍ਰਹਮ ਇਕ ਦਰਸਾਇੰਦਾ। ਸੋ ਪੁਰਖ ਨਿਰੰਜਣ ਦੂਸਰ ਦਰ ਨਾ ਹੋਏ ਮੰਗਤ, ਵਡ ਭੰਡਾਰੀ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਹਰਿਜਨ ਸਾਚੇ ਪਾਰ ਕਰਾਇੰਦਾ। ਜੁਗ ਜੁਗ ਖੇਲ ਅਗੰਮ ਅਥਾਹ, ਹਰਿ ਭਗਤਨ ਦਏ ਵਡਿਆਈਆ। ਜਨ ਭਗਤਾਂ ਬਣੇ ਜਗਤ ਮਲਾਹ, ਸਾਚਾ ਬੇੜਾ ਆਪ ਚਲਾਈਆ। ਸੰਤਨ ਪਕੜੇ ਆਪੇ ਬਾਂਹ, ਆਪਣੇ ਹੱਥ ਰੱਖੇ ਵਡਿਆਈਆ। ਗੁਰਮੁਖਾਂ ਦੇਵੇ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਈਆ। ਗੁਰਸਿਖ ਹੰਸ ਬਣਾਏ ਕਾਂ, ਦੁਰਮਤ ਮੈਲ ਧੁਵਾਈਆ। ਸਖਾ ਸਖਾਈ ਬਣੇ ਪਿਤਾ ਮਾਂ, ਪਾਰਬ੍ਰਹਮ ਵੱਡੀ ਵਡਿਆਈਆ। ਜੁਗਾ ਜੁਗੰਤਰ ਕਰੇ ਸਚ ਨਿਆ, ਲੇਖਾ ਆਪਣਾ ਪੂਰ ਕਰਾਈਆ। ਕਲਜੁਗ ਅੰਤਮ ਨਿਥਾਵਿਆਂ ਦੇਵੇ ਸਾਚਾ ਥਾਂ, ਦਰਗਹਿ ਸਾਚੀ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰਾ ਖੇਲ ਕਰ, ਸੋ ਪੁਰਖ ਨਿਰੰਜਣ ਵਸੇ ਘਰ, ਆਦਿ ਨਿਰੰਜਣ ਖੋਲ੍ਹੇ ਦਰ, ਹਰਿ ਪੁਰਖ ਨਿਰੰਜਣ ਅੰਦਰ ਵੜ, ਪੁਰਖ ਅਬਿਨਾਸ਼ੀ ਲਏ ਫੜ, ਸ੍ਰੀ ਭਗਵਾਨ ਆਪਣੇ ਪੌੜੇ ਆਪੇ ਚੜ੍ਹ, ਪਾਰਬ੍ਰਹਮ ਨਾ ਕੋਈ ਸੀਸ ਨਾ ਕੋਈ ਧੜ, ਬ੍ਰਹਮ ਬ੍ਰਹਮ ਤੇਰੀ ਲਾਏ ਜੜ, ਭਗਤ ਭਗਵੰਤ ਦਰਸ਼ਨ ਦੇਵੇ ਅੱਗੇ ਖੜ, ਹਰਿ ਸੰਤ ਬੰਨ੍ਹਾਏ ਆਪਣੇ ਲੜ, ਗੁਰਮੁਖ ਏਕਾ ਵਿਦਿਆ ਜਾਇਣ ਪੜ੍ਹ, ਗੁਰਸਿਖਾਂ ਸਾਚਾ ਘਾੜਨ ਘੜ, ਸਾਚੀ ਭੱਠੀ ਨਾਮ ਚੜ੍ਹਾਇੰਦਾ। ਗੁਰਸਿਖ ਸਾਚਾ ਸਚ ਸੁਲਤਾਨ, ਹਰਿ ਸਤਿਗੁਰ ਮੇਲ ਮਿਲਾਇਆ। ਗੁਰਮੁਖ ਮੇਲਾ ਸਾਚੇ ਕਾਹਨ, ਘਰ ਸਾਚੇ ਸੋਭਾ ਪਾਇਆ। ਸੰਤਨ ਨੈਣ ਨੇਤਰ ਇਕ ਗਿਆਨ, ਏਕਾ ਰੰਗ ਰੰਗਾਇਆ। ਭਗਤ ਭਗਵੰਤ ਵਸਣ ਇਕ ਮਕਾਨ, ਸਚ ਦਵਾਰਾ ਆਪ ਉਪਾਇਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਜੁਗ ਜੁਗ ਲੋਕਮਾਤ ਵੇਖੇ ਮਾਰ ਧਿਆਨ, ਨਿਰਗੁਣ ਸਰਗੁਣ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਇਆ। ਕਲਜੁਗ ਅੰਤਮ ਹਰਿ ਨਿਰੰਕਾਰ, ਆਪਣਾ ਨਾਉਂ ਆਪ ਉਪਜਾਈਆ। ਈਸਾ ਮੂਸਾ ਪਾਵੇ ਸਾਰ, ਸ਼ਾਹ ਸੁਲਤਾਨ ਵੱਡੀ ਵਡਿਆਈਆ। ਲੇਖਾ ਜਾਣੇ ਸੰਗ ਮੁਹੰਮਦ ਚਾਰ ਯਾਰ, ਨੂਰ ਅਲਾਹੀ ਡਗਮਗਾਈਆ। ਅੱਲਾ ਰਾਣੀ ਕਰ ਵਿਚਾਰ, ਆਪ ਆਪਣਾ ਭੇਵ ਖੁਲ੍ਹਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਸਾਖਿਆਤ ਰੂਪ ਵਟਾਈਆ। ਨਾਨਕ ਗੋਬਿੰਦ ਬੋਲ ਜੈਕਾਰ, ਏਕਾ ਡੰਕਾ ਆਪ ਵਜਾਈਆ। ਚਾਰ ਵਰਨਾਂ ਕਰਿਆ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾਈਆ। ਕਲਜੁਗ ਕੂੜਾ ਦਿਸੇ ਕੂੜ ਪਸਾਰ, ਨੌ ਖੰਡ ਹੋਈ ਹਲਕਾਈਆ। ਨਾ ਕੋਈ ਸੱਜਣ ਮੀਤ ਮੁਰਾਰ, ਸਾਕ ਸੈਣ ਨਾ ਕੋਇ ਅਖਵਾਈਆ। ਨਾਤਾ ਤੁੱਟਾ ਕੰਤ ਭਤਾਰ, ਮਾਤ ਪਿਤ ਭੈਣ ਭਾਈ ਸਗਲਾ ਸੰਗ ਨਾ ਕੋਇ ਨਿਭਾਈਆ। ਧਰਤ ਧਵਲ ਕਰੇ ਪੁਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਖੁਲ੍ਹੜੇ ਕੇਸ ਧਾਹਾਂ ਰਹੀ ਮਾਰ, ਨੇਤਰ ਰੋ ਰੋ ਨੀਰ ਵਹਾਈਆ। ਚੁੱਕਿਆ ਨਾ ਜਾਏ ਝੂਠਾ ਭਾਰ, ਸੀਸ ਪੈਰ ਸੀਸ ਧੀਰ ਨਾ ਕੋਇ ਧਰਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਦੇ ਮਤ ਰਿਹਾ ਸਮਝਾਈਆ। ਕਲਜੁਗ ਅੰਤਮ ਪਾਵੇ ਸਾਰ, ਨਿਹਕਲੰਕ ਨਿਰਗੁਣ ਜੋਤ ਕਰੇ ਰੁਸ਼ਨਾਈਆ। ਸ਼ਬਦ ਡੰਕਾ ਵੱਜੇ ਵਿਚ ਸੰਸਾਰ, ਸ੍ਰਿਸ਼ਟ ਸਬਾਈ ਦਏ ਉਠਾਈਆ। ਰਾਜ ਰਾਜਾਨ ਗੜ੍ਹ ਤੋੜੇ ਲੰਕਾ ਹੰਕਾਰ, ਰਾਮ ਰਾਮਾ ਰੂਪ ਵਟਾਈਆ। ਕਲਜੁਗ ਕੰਸਾ ਕਰੇ ਖੁਆਰ, ਕਾਹਨਾ ਕ੍ਰਿਸ਼ਨਾ ਜੋਤ ਜਗਾਈਆ। ਮਾਇਆ ਮਮਤਾ ਦੇਵੇ ਮਾਰ, ਨਾਮ ਸਤਿ ਕਰੇ ਪੜ੍ਹਾਈਆ। ਪੰਜ ਤੱਤ ਵਿਕਾਰਾ ਕਰੇ ਖੁਆਰ, ਸ਼ਬਦ ਖੰਡਾ ਤੀਰ ਚਲਾਈਆ। ਪਰਗਟ ਹੋ ਵਿਚ ਸੰਸਾਰ, ਰੂਪ ਅਨੂਪ ਇਕ ਦਰਸਾਈਆ। ਚਾਰ ਵਰਨਾਂ ਇਕ ਪਿਆਰ, ਊਚਾਂ ਨੀਚਾਂ ਮੇਲ ਮਿਲਾਈਆ। ਇਕ ਵਖਾਏ ਸਚ ਦਵਾਰ, ਗੁਰ ਦਰ ਮੰਦਰ ਮਸਜਿਦ ਸ਼ਿਵਦਵਾਲਾ ਮੱਠ ਏਕਾ ਰੰਗ ਰੰਗਾਈਆ। ਏਕਾ ਇਸ਼ਟ ਦੇਵ ਹਰਿ ਕਰਤਾਰ, ਪੁਰਖ ਅਕਾਲ ਇਕ ਵਖਾਈਆ। ਏਕਾ ਸ਼ਬਦ ਸਚ ਜੈਕਾਰ, ਏਕਾ ਨਾਅਰਾ ਦਏ ਲੁਆਈਆ। ਏਕਾ ਸਰ ਸਰੋਵਰ ਭਰ ਭੰਡਾਰ, ਅੰਮ੍ਰਿਤ ਜਾਮ ਦਏ ਪਿਆਈਆ। ਜਨ ਭਗਤਾਂ ਹਰਿ ਜੂ ਪੈਜ ਸਵਾਰ, ਆਪ ਆਪਣੇ ਰੰਗ ਰੰਗਾਈਆ। ਸੰਤਨ ਖੋਲ੍ਹੇ ਬੰਦ ਕਿਵਾੜ, ਮਾਇਆ ਪੜਦਾ ਪਰੇ ਹਟਾਈਆ। ਗੁਰਮੁਖਾਂ ਮੇਟੇ ਪੰਚਮ ਧਾੜ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਇ ਹਲਕਾਈਆ। ਗੁਰਸਿਖਾਂ ਆਪਣੇ ਮੰਦਰ ਦੇਵੇ ਵਾੜ, ਫੜ ਬਾਂਹੋਂ ਪਾਰ ਕਰਾਈਆ। ਹੋਏ ਸਹਾਈ ਜੰਗਲ ਜੂਹ ਵਿਚ ਉਜਾੜ, ਉਚੇ ਟਿੱਲੇ ਪਰਬਤ ਡੂੰਘੀ ਕੰਦਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਸਾਚਾ ਸੰਗ ਰਖਾਈਆ। ਸਗਲਾ ਸੰਗੀ ਹਰਿ ਕਰਤਾਰ, ਸਤਿਪੁਰਖ ਅਖਵਾਇੰਦਾ। ਗੁਰਸਿਖ ਸਾਚੇ ਕਰੇ ਤਿਆਰ, ਦਰ ਘਰ ਸਾਚੇ ਮੇਲ ਮਿਲਾਇੰਦਾ। ਦੇਵੇ ਦਰਸ ਅਗੰਮ ਅਪਾਰ, ਨੇਤਰ ਲੋਚਣ ਨੈਣ ਖੁਲ੍ਹਾਇੰਦਾ। ਆਪੇ ਅੰਦਰ ਆਪੇ ਬਾਹਰ, ਆਪੇ ਗੁਪਤ ਆਪੇ ਜ਼ਾਹਰ, ਆਪ ਆਪਣਾ ਖੇਲ ਖਿਲਾਇੰਦਾ। ਧੰਨ ਸੁਹੰਜਣੀ ਰੈਣ ਮਿਲਿਆ ਹਰਿ ਮੀਤ ਮੁਰਾਰ, ਘਰ ਸਾਚਾ ਵੇਖ ਵਖਾਇੰਦਾ। ਭਿੰਨੜੀ ਰੈਣ ਗਾਏ ਆਪਣੀ ਵਾਰ, ਸਾਚਾ ਸੋਹਲਾ ਹਰਿ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਭਿੰਨੀ ਰੈਨੜੀਏ ਉਠ ਉਠ ਜਾਗ, ਹਰਿ ਸਾਚਾ ਆਪ ਜਗਾਇੰਦਾ। ਗੁਰਸਿਖ ਮੰਦਰ ਲੱਗਾ ਭਾਗ, ਪੁਰਖ ਅਬਿਨਾਸ਼ੀ ਖੇਲ ਖਿਲਾਇੰਦਾ। ਸਤਿਗੁਰ ਪੂਰਾ ਪਕੜਨਹਾਰਾ ਵਾਗ, ਆਪਣੀ ਹੱਥੀਂ ਡੋਰ ਬੰਧਾਇੰਦਾ। ਕਰਾਵਣ ਆਇਆ ਚਰਨ ਧੂੜੀ ਸਾਚਾ ਮਜਨ ਮਾਘ, ਕੋਟ ਜਨਮ ਦੇ ਲੱਗੇ ਦਾਗ਼ ਪ੍ਰਭ ਸਾਚਾ ਆਪ ਧੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਵੇਖੇ ਨੈਣ, ਦੋਵਾਂ ਚੁਕਾਵੇ ਲਹਿਣ ਦੇਣ, ਸਾਚੀ ਝੋਲੀ ਆਪ ਭਰਾਇੰਦਾ। ਗੁਰਸਿਖ ਸਾਚੇ ਚੜ੍ਹਿਆ ਚਾ, ਹਰਿ ਦਰਸ਼ਨ ਨੇਤਰ ਪਾਇਆ। ਭਿੰਨੜੀ ਰੈਣ ਪਕੜੇ ਬਾਂਹ, ਸਾਚਾ ਨਾਤਾ ਜੋੜ ਜੁੜਾਇਆ। ਹਰਿ ਸੰਗਤ ਕਰੇ ਸਚ ਨਿਆਂ, ਸ਼ਬਦ ਵਿਚੋਲਾ ਵਿਚ ਰਖਾਇਆ। ਸਾਚਾ ਢੋਲਾ ਆਪੇ ਗਾ, ਆਪ ਆਪਣਾ ਡੰਕ ਵਜਾਇਆ। ਪੁਰਖ ਅਬਿਨਾਸ਼ੀ ਚੋਲਾ ਲਿਆ ਬਦਲਾ, ਗੁਰਮੁਖਾਂ ਚੋਲਾ ਆਪਣਾ ਤਨ ਬਣਾਇਆ। ਸਾਚਾ ਸੋਹਲਾ ਦਏ ਸੁਣਾ, ਸਚਖੰਡ ਨਿਵਾਸੀ ਗੁਰਮੁਖ ਧਿਆ, ਦਵਾਰੇ ਬਹਿ ਬਹਿ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਰਿਹਾ ਸੁਹਾਇਆ। ਭਿੰਨੜੀ ਰੈਣ ਨੇਤਰ ਖੋਲ੍ਹ, ਚਾਰੋਂ ਕੁੰਟ ਰਾਹ ਤਕਾਈਆ। ਕਵਣ ਕੂਟੇ ਪਾਰਬ੍ਰਹਮ ਪ੍ਰਭ ਰਿਹਾ ਬੋਲ, ਦਹਿ ਦਿਸ਼ਾ ਨਜ਼ਰ ਨਾ ਆਈਆ। ਗੁਰਸਿਖਾਂ ਤੋਲਣ ਆਇਆ ਆਪਣੇ ਤੋਲ, ਏਕਾ ਕੰਡਾ ਨਾਮ ਹੱਥ ਉਠਾਈਆ। ਧਾਰ ਅਗੰਮੜੀ ਰਿਹਾ ਬੋਲ, ਤ੍ਰੈ ਤ੍ਰੈ ਦੇਸ਼ਾ ਸਾਰ ਨਾ ਰਾਈਆ। ਆਪਣੀ ਵਸਤ ਰੱਖੇ ਆਪਣੇ ਕੋਲ, ਦੂਸਰ ਹੱਥ ਨਾ ਕਿਸੇ ਫੜਾਈਆ। ਜੁਗ ਜੁਗ ਜੀਵ ਜੰਤ ਰਹਿਣ ਅਨਭੋਲ, ਬਿਨ ਹਰਿ ਭਗਤਾਂ ਹੱਥ ਕਿਸੇ ਨਾ ਆਈਆ। ਹਰਿ ਸੰਤਾਂ ਪੜਦਾ ਆਪੇ ਫੋਲ, ਆਪਣੀ ਗੰਢ ਲਏ ਖੁਲ੍ਹਾਈਆ। ਗੁਰਮੁਖਾਂ ਆਤਮ ਅੰਤਰ ਆਪੇ ਮੌਲ, ਕਵਲ ਕਵਲਾ ਫੁੱਲ ਖਿਲਾਈਆ। ਗੁਰਸਿਖਾਂ ਦੇਵੇ ਵਡਿਆਈ ਉਪਰ ਧੌਲ, ਧਰਨੀ ਧਰਤ ਸੀਸ ਰਹੀ ਝੁਕਾਈਆ। ਗੁਰ ਗੋਬਿੰਦ ਸੂਰਾ ਹਾਜ਼ਰ ਹਜ਼ੂਰਾ ਪੂਰਾ ਪੂਰਨ ਕਰਨ ਆਇਆ ਆਪਣਾ ਕੌਲ, ਕੀਤਾ ਕੌਲ ਭੁੱਲ ਨਾ ਜਾਈਆ। ਲੇਖਾ ਲੇਖ ਨਾ ਮੇਟੇ ਰੱਤੀ ਚੌਲ, ਨਾ ਕੋਇ ਮੇਟੇ ਮੇਟ ਮਿਟਾਈਆ। ਹਰਿ ਸੰਗਤ ਬਖ਼ਸ਼ੀ ਅੰਮ੍ਰਿਤ ਆਤਮ ਏਕਾ ਪੌਲ, ਨਾਮ ਖੰਡਾ ਵਿਚ ਫਿਰਾਈਆ। ਪੰਚਮ ਧੁਨ ਨਾਦ ਸ਼ਬਦ ਚੌਹ ਅੱਖਰ ਆਪੇ ਬੋਲ, ਦੋ ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਭਿੰਨੜੀ ਰੈਣ ਵੱਜੀ ਵਧਾਈਆ। ਭਿੰਨੜੀ ਰੈਣ ਮੰਗਲਾਚਾਰ, ਗੁਰਮੁਖ ਸੰਗ ਰਲਾਈਆ। ਗੁਰਸਿਖਾਂ ਬਖ਼ਸ਼ੇ ਇਕ ਪਿਆਰ, ਏਕਾ ਰੂਪ ਦਰਸਾਈਆ। ਸੰਤਨ ਮੇਲਾ ਵਿਚ ਸੰਸਾਰ, ਭਵ ਸਾਗਰ ਪਾਰ ਕਰਾਈਆ। ਭਗਤ ਵਛਲ ਆਪ ਗਿਰਧਾਰ, ਗਿਰਵਰ ਆਪਣਾ ਰੂਪ ਵਟਾਈਆ। ਨਿਰਗੁਣ ਨੂਰ ਨੂਰ ਉਜਿਆਰ, ਨਿਰਗੁਣ ਆਪਣਾ ਵੇਸ ਧਰਾਈਆ। ਸਾਚੇ ਮੰਦਰ ਖੇਲ ਅਪਾਰ, ਪੁਰਖ ਅਬਿਨਾਸ਼ੀ ਰਿਹਾ ਖਿਲਾਈਆ। ਲੋਕਮਾਤ ਹੋਇਆ ਖ਼ਬਰਦਾਰ, ਆਲਸ ਨਿੰਦਰਾ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਆਪ ਉਠਾਈਆ। ਹਰਿਜਨ ਸਾਚਾ ਉਠਿਆ ਹਰਿ ਸਤਿਗੁਰ ਆਪ ਉਠਾਇੰਦਾ। ਪੁਰਖ ਅਬਿਨਾਸ਼ੀ ਏਕਾ ਤੁਠਿਆ, ਦੇ ਮਤ ਸਚ ਸਮਝਾਇੰਦਾ। ਅੰਮ੍ਰਿਤ ਬਖ਼ਸ਼ੇ ਸਾਚਾ ਘੁੱਟਿਆ, ਤਨ ਖੁਮਾਰੀ ਇਕ ਰਖਾਇੰਦਾ। ਪੰਚ ਵਿਕਾਰਾ ਜੜੋI ਪੁੱਟਿਆ, ਤੀਰ ਨਿਸ਼ਾਨਾ ਇਕ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਲਾਇੰਦਾ। ਹਰਿਜਨ ਸਾਚਾ ਮੇਲਿਆ, ਘਰ ਮੰਦਰ ਕਰ ਪਿਆਰ। ਜੋਤ ਨਿਰੰਜਣ ਚਾੜ੍ਹੇ ਤੇਲਿਆ, ਦਿਵਸ ਰੈਣ ਰਹੀ ਵਿਚਾਰ। ਭਿੰਨੜੀ ਰੈਣ ਮੇਲ ਮੇਲ ਖੇਲ ਖੇਲਿਆ, ਸਖੀਆਂ ਗੁੰਦਿਆ ਸਾਚਾ ਹਾਰ। ਪੁਰਖ ਅਬਿਨਾਸ਼ੀ ਵਸੇ ਧਾਮ ਨਵੇਲਿਆ, ਨਿਰਾਕਾਰ ਰੂਪ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਲੇਖਾ ਜਾਣੇ ਗੁਰੂ ਗੁਰ ਚੇਲਿਆ, ਗੁਰ ਸੱਜਣ ਮੀਤ ਮੁਰਾਰ। ਗੁਰ ਸੱਜਣ ਸੱਚਾ ਸ਼ਾਹ, ਬੇਐਬ ਪਰਵਰਦਿਗਾਰ। ਵੇਲੇ ਅੰਤਮ ਪਕੜੇ ਬਾਂਹ, ਕਰ ਕਿਰਪਾ ਜਾਏ ਤਾਰ। ਜੁਗ ਜੁਗ ਕਰੇ ਸਚ ਨਿਆਉਂ, ਨਿਵਣ ਸੋ ਅੱਖਰ ਕਰ ਵਿਚਾਰ। ਆਪੇ ਪਿਤਾ ਆਪੇ ਮਾਉਂ, ਆਪਣੇ ਰੰਗ ਰਵੇ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰਸਿਖ ਰਤਨ ਅਮੋਲਕ ਹੀਰਾ ਲਾਲ, ਲੱਖ ਚੁਰਾਸੀ ਵਿਚੋਂ ਲਏ ਭਾਲ, ਸ਼ਬਦ ਸਰੂਪੀ ਬਣ ਦਲਾਲ, ਕਾਇਆ ਮਾਟੀ ਵੇਖ ਖਾਲ, ਫਲ ਲਗਾਏ ਸਾਚੇ ਡਾਲ੍ਹ, ਫੁਲ ਫੁਲਵਾੜੀ ਮਾਤ ਆਪ ਮਹਿਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਜੀਆ ਦਾਨ, ਲੱਖ ਚੁਰਾਸੀ ਫੰਦਨ ਫੰਦ ਮਾਤ ਗਰਭ ਗੇੜ ਕਟਾਈਆ।