Granth 08 Likhat 186: 23 Kattak 2016 Bikarmi Nasib Singh de Ghar Bopa Rai Jila Jalandhar

੨੩ ਕੱਤਕ ੨੦੧੬ ਬਿਕ੍ਰਮੀ ਨਸੀਬ ਸਿੰਘ ਦੇ ਘਰ ਬੋਪਾ ਰਾਏ ਜ਼ਿਲਾ ਜਲੰਧਰ

ਸੋ ਪੁਰਖ ਨਿਰੰਜਣ ਆਦਿ ਅੰਤ, ਹਰਿ ਹਰਿ ਆਪਣੇ ਰੰਗ ਰੰਗਾਇੰਦਾ। ਹਰਿ ਪੁਰਖ ਨਿਰੰਜਣ ਖੇਲ ਜੁਗਾ ਜੁਗੰਤ, ਜੁਗ ਜੁਗ ਆਪਣੀ ਧਾਰ ਚਲਾਇੰਦਾ। ਏਕੰਕਾਰਾ ਬਣਾਏ ਸਾਚੀ ਬਣਤ, ਦਰ ਘਰ ਸਾਚਾ ਆਪ ਸੁਹਾਇੰਦਾ। ਪੁਰਖ ਅਬਿਨਾਸ਼ੀ ਬਣ ਬਣ ਕੰਤ, ਸਾਚੀ ਸੇਜ ਹੰਢਾਇੰਦਾ। ਸ੍ਰੀ ਭਗਵਾਨ ਆਪ ਉਪਾਏ ਆਪਣਾ ਮੰਤ, ਆਪੇ ਨਾਉਂ ਧਰਾਇੰਦਾ। ਪਾਰਬ੍ਰਹਮ ਮਹਿਮਾ ਅਗਣਤ, ਲੇਖਾ ਲੇਖ ਨਾ ਕੋਈ ਲਿਖਾਇੰਦਾ। ਵਿਸ਼ਨੂੰ ਚੋਲੀ ਚਾੜ੍ਹੇ ਰੰਗ ਬਸੰਤ, ਨਾਮ ਰੰਗੀਲਾ ਇਕ ਅਖਵਾਇੰਦਾ। ਬ੍ਰਹਮਾ ਦੇਵੇ ਏਕਾ ਵਸਤ, ਬ੍ਰਹਮ ਬ੍ਰਹਮ ਬ੍ਰਹਮ ਝੋਲੀ ਪਾਇੰਦਾ। ਸ਼ੰਕਰ ਲਾਏ ਆਪਣੇ ਅੰਗ, ਅੰਗੀਕਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰਾ ਇਕਉਂਕਾਰਾ, ਆਦਿ ਜੁਗਾਦੀ ਕਰ ਪਸਾਰਾ, ਤ੍ਰੈਗੁਣ ਸਾਚੀ ਰਚਨ ਰਚਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਧਾਰ, ਤ੍ਰੈਗੁਣ ਮੇਲਾ ਮੇਲ ਮਿਲਾਈਆ। ਸੋ ਪੁਰਖ ਨਿਰੰਜਣ ਹੋ ਉਜਿਆਰ, ਹਰਿ ਜੋਤ ਨਿਰੰਜਣ ਦਏ ਸਲਾਹੀਆ। ਇਕਉਂਕਾਰਾ ਖੇਲ ਨਿਆਰ, ਸ੍ਰੀ ਭਗਵਾਨ ਆਪ ਖਿਲਾਈਆ। ਪੁਰਖ ਅਬਿਨਾਸ਼ੀ ਮੀਤ ਮੁਰਾਰ, ਪਾਰਬ੍ਰਹਮ ਪ੍ਰਭ ਸੰਗ ਨਿਭਾਈਆ। ਬ੍ਰਹਮ ਬ੍ਰਹਮ ਬ੍ਰਹਮ ਕਰ ਪਸਾਰ, ਵਿਸ਼ਨੂੰ ਲੇਖਾ ਇਕ ਸਮਝਾਈਆ। ਬ੍ਰਹਮਾ ਬਖ਼ਸ਼ੇ ਏਕਾ ਧਾਰ, ਸਿਰ ਆਪਣਾ ਹੱਥ ਟਿਕਾਈਆ। ਸ਼ੰਕਰ ਬਖ਼ਸ਼ੇ ਇਕ ਪਿਆਰ, ਅੰਤਰ ਆਤਮ ਇਕ ਲਿਵ ਲਾਈਆ। ਤ੍ਰੈਗੁਣ ਦਿਸੇ ਆਰ ਪਾਰ, ਤ੍ਰੈਗੁਣ ਦਾਤਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਲ ਵਰਤਾਈਆ। ਤ੍ਰੈਗੁਣ ਰਹਿਤ ਪੁਰਖ ਅਕਾਲ, ਏਕਾ ਰੰਗ ਸਮਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਸੁਰਤ ਰਿਹਾ ਸੰਭਾਲ, ਆਪ ਆਪਣਾ ਸੰਗ ਰਖਾਇੰਦਾ। ਪਾਰਬ੍ਰਹਮ ਪ੍ਰਭ ਹੋ ਦਿਆਲ, ਦੀਨ ਦਿਆਲਾ ਨਾਉਂ ਧਰਾਇੰਦਾ। ਸ੍ਰੀ ਭਗਵਾਨ ਖੇਲ ਮਹਾਨ, ਪੁਰਖ ਅਬਿਨਾਸ਼ੀ ਵੇਸ ਵਟਾਇੰਦਾ। ਇਕਉਂਕਾਰਾ ਹੋ ਪਰਧਾਨ, ਆਪ ਆਪਣੀ ਰਚਨ ਰਚਾਇੰਦਾ। ਪੁਰਖ ਨਿਰੰਜਣ ਜਾਣੀ ਜਾਣ, ਜਾਨਣਹਾਰਾ ਭੇਵ ਛੁਪਾਇੰਦਾ। ਸੋ ਪੁਰਖ ਨਿਰੰਜਣ ਸਚ ਨਿਸ਼ਾਨ, ਸਚ ਸਾਚਾ ਹੱਥ ਉਠਾਇੰਦਾ। ਸਚਖੰਡ ਦਵਾਰੇ ਹੋ ਪਰਧਾਨ, ਸਚ ਤਖ਼ਤ ਸੁਲਤਾਨ ਆਪਣਾ ਆਸਣ ਲਾਇੰਦਾ। ਅਗੰਮ ਅਗੰਮੜਾ ਖੇਲ ਮਹਾਨ, ਅਲਖ ਅਲਖਣਾ ਆਪ ਕਰਾਇੰਦਾ। ਸ਼ਾਹੋ ਭੂਪ ਵਡ ਰਾਜ ਰਾਜਾਨ, ਦਰ ਘਰ ਸਾਚੇ ਸੋਭਾ ਪਾਇੰਦਾ। ਮੰਦਰ ਸੁਹਾਏ ਇਕ ਮਕਾਨ, ਥਿਰ ਘਰ ਵਾਸੀ ਥਿਰ ਦਰਬਾਰਾ ਵੇਖ ਵਖਾਇੰਦਾ। ਜੋਤ ਪਰਕਾਸ਼ ਗੁਣ ਨਿਧਾਨ, ਦੀਵਾ ਬਾਤੀ ਕਮਲਾਪਾਤੀ ਘਰ ਆਪਣੇ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਨਭਵ ਪਰਕਾਸ਼ਾ ਪੁਰਖ ਅਬਿਨਾਸ਼ਾ ਖੇਲ ਤਮਾਸ਼ਾ ਮੰਡਲ ਰਾਸਾ ਦਰ ਆਪਣੇ ਆਪ ਸੁਹਾਇੰਦਾ। ਦਰ ਸੁਹੰਜਣਾ ਪੁਰਖ ਕਰਤਾਰ, ਏਕਾ ਰੰਗ ਰੰਗਾਈਆ। ਆਦਿ ਨਿਰੰਜਣ ਜੋਤ ਉਜਿਆਰ, ਜੋਤ ਸਰੂਪੀ ਡਗਮਗਾਈਆ। ਸੋ ਪੁਰਖ ਨਿਰੰਜਣ ਭਰ ਭੰਡਾਰ, ਹਰਿ ਪੁਰਖ ਨਿਰੰਜਣ ਸੇਵ ਕਮਾਈਆ। ਏਕੰਕਾਰਾ ਦਏ ਅਧਾਰ, ਸ੍ਰੀ ਭਗਵਾਨ ਕਰੇ ਕੁੜਮਾਈਆ। ਪੁਰਖ ਅਬਿਨਾਸ਼ੀ ਮੀਤ ਮੁਰਾਰ, ਪਾਰਬ੍ਰਹਮ ਪ੍ਰਭ ਸਗਲਾ ਸੰਗ ਨਿਭਾਈਆ। ਬ੍ਰਹਮ ਬ੍ਰਹਮ ਬ੍ਰਹਮ ਦਏ ਆਧਾਰ, ਵਿਸ਼ਨੂੰ ਆਪਣਾ ਵੰਸ ਸੁਹਾਈਆ। ਸ਼ੰਕਰ ਮੇਲਾ ਇਕ ਦਵਾਰ, ਘਰ ਸਾਚਾ ਇਕ ਬੁਝਾਈਆ। ਬ੍ਰਹਮਾ ਹਰਿ ਹਰਿ ਭਰੇ ਭੰਡਾਰ, ਪਾਰਬ੍ਰਹਮ ਵੱਡੀ ਵਡਿਆਈਆ। ਤ੍ਰੈਗੁਣ ਲੇਖਾ ਅਪਰ ਅਪਾਰ, ਰਜੋ ਤਮੋ ਸਤੋ ਨਾਲ ਰਲਾਈਆ। ਰਾਜਸ ਤਾਮਸ ਸਾਂਤਕ ਏਕਾ ਧਾਰ, ਹਰਿ ਸਾਚਾ ਵੇਖ ਵਖਾਈਆ। ਬ੍ਰਹਮ ਕਰ ਤਿਆਰ, ਹਰਿ ਲੇਖਾ ਦਏ ਜਣਾਈਆ। ਆਪ ਆਪਣੀ ਕਿਰਪਾ ਕਰ ਨਿਰਾਕਾਰ, ਸਾਕਾਰ ਰੂਪ ਵਟਾਈਆ। ਨਿਰਗੁਣ ਖੇਲ ਅਪਰ ਅਪਾਰ, ਸਰਗੁਣ ਮੇਲਾ ਸਹਿਜ ਸਭਾਈਆ। ਲੱਖ ਚੁਰਾਸੀ ਕਰ ਤਿਆਰ, ਨਿਜ ਘਰ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਕਰੇ ਰੁਸ਼ਨਾਈਆ। ਜੋਤ ਉਜਾਲਾ ਹਰਿ ਗੋਪਾਲਾ ਨਿਰਗੁਣ ਦਾਤਾ ਬੇਪਰਵਾਹੀਆ। ਆਦਿ ਸ਼ਕਤ ਖੇਲ ਮਹਾਨਾ, ਦੇਵ ਦੇਵਾ ਰੂਪ ਵਟਾਈਆ। ਪੁਰਖ ਅਗੰਮੜਾ ਅਵੱਲੜੀ ਚਾਲਾ, ਪੁਰਖ ਅਕਾਲਾ ਆਪ ਰਖਾਈਆ। ਸਾਚੇ ਮੰਦਰ ਦੀਪਕ ਬਾਲਾ, ਘਟ ਘਟ ਕਰੇ ਰੁਸ਼ਨਾਈਆ। ਅੰਮ੍ਰਿਤ ਸਰ ਸਰੋਵਰ ਭਰਿਆ ਤਾਲਾ, ਨਿਝਰ ਝਿਰਨਾ ਆਪ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਹਰਿ ਕਰਤਾਰ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਲੱਖ ਚੁਰਾਸੀ ਪਾਵੇ ਸਾਰ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਸੰਤ ਸੁਹੇਲੇ ਕਰ ਤਿਆਰ, ਸਾਚੀ ਸਿਖਿਆ ਸਿਖ ਸਮਝਾਇੰਦਾ। ਏਕਾ ਨਾਮ ਸ਼ਬਦ ਜੈਕਾਰ, ਸਾਚਾ ਨਾਅਰਾ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਵਡਿਆਇੰਦਾ। ਜੁਗ ਜੁਗ ਵੱਡਾ ਨਾਉਂ ਹਰਿ ਕਰਤਾਰ, ਸੋ ਪੁਰਖ ਨਿਰੰਜਣ ਆਪ ਉਪਾਇਆ। ਹਰਿ ਪੁਰਖ ਨਿਰੰਜਣ ਬੋਲ ਜੈਕਾਰ, ਏਕੰਕਾਰਾ ਡੰਕ ਵਜਾਇਆ। ਆਦਿ ਨਿਰੰਜਣ ਬੰਨੇ ਧਾਰ, ਸ੍ਰੀ ਭਗਵਾਨ ਹੋਏ ਸਹਾਇਆ। ਪੁਰਖ ਅਬਿਨਾਸ਼ੀ ਨੌਜਵਾਨ, ਨਾ ਮਰੇ ਨਾ ਜਾਇਆ। ਪਾਰਬ੍ਰਹਮ ਵਾਲੀ ਦੋ ਜਹਾਨ, ਬ੍ਰਹਮਾ ਮੇਲਾ ਸਹਿਜ ਸਭਾਇਆ। ਬ੍ਰਹਮਾ ਵਿਸ਼ਨ ਸ਼ਿਵ ਦੇਵੇ ਇਕ ਗਿਆਨ, ਏਕਾ ਭਿਛਿਆ ਝੋਲੀ ਪਾਇਆ। ਆਪਣਾ ਮੰਤਰ ਨਾਮ ਕਰ ਪਰਧਾਨ, ਲੱਖ ਚੁਰਾਸੀ ਦਏ ਸੁਣਾਇਆ। ਭਗਤ ਭਗਵੰਤ ਇਕ ਨਿਸ਼ਾਨ, ਲੋਕਮਾਤ ਦਏ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇਆ। ਭਗਤ ਭਗਵੰਤ ਸਾਚੀ ਧਾਰ, ਆਦਿ ਜੁਗਾਦਿ ਰਖਾਈਆ। ਸੰਤਨ ਮੀਤਾ ਆਪ ਨਿਰੰਕਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਗੁਰਮੁਖਾਂ ਦੇਵੇ ਚਰਨ ਪਿਆਰ, ਚਰਨ ਚਰਨੋਦਕ ਮੁਖ ਚੁਆਈਆ। ਗੁਰਸਿਖਾਂ ਵਖਾਏ ਸਚ ਦਵਾਰ, ਦਰ ਦਰਵਾਜਾ ਆਪ ਖੁਲ੍ਹਾਈਆ। ਆਪੇ ਵਸੇ ਸਭ ਤੋਂ ਬਾਹਰ, ਹਰ ਘਟ ਆਪੇ ਆਸਣ ਲਾਈਆ। ਕਮਲਾਪਾਤੀ ਮੀਤ ਮੁਰਾਰ, ਆਤਮ ਤਾਕੀ ਖੋਲ੍ਹ ਖੁਲ੍ਹਾਈਆ। ਸਾਚਾ ਸਾਕੀ ਹੋ ਤਿਆਰ, ਭਰ ਪਿਆਲਾ ਅੰਮ੍ਰਿਤ ਜਾਮ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੇ ਨਾਮ ਕਰੇ ਵਡਿਆਈਆ। ਹਰਿ ਭਗਤ ਹਰੀ ਗੁਣ ਗਾਂਵਦੇ, ਦਿਵਸ ਰੈਣ ਪਰਭਾਤ। ਹਰਿ ਸੰਤਨ ਨੈਣ ਰਾਹ ਤਕਾਂਵਦੇ, ਮੇਟ ਮਿਟਾਇਣ ਅੰਧੇਰੀ ਰਾਤ। ਗੁਰਮੁਖ ਏਕਾ ਰੰਗ ਰੰਗਾਂਵਦੇ, ਉਤਮ ਹੋਈ ਏਕਾ ਜ਼ਾਤ। ਗੁਰਸਿਖ ਨਿਉਂ ਨਿਉਂ ਸੀਸ ਨਿਵਾਵਦੇ, ਲੇਖਾ ਜਾਣੇ ਪਿਤਾ ਮਾਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਸਗਲਾ ਸਾਥ। ਹਰਿ ਭਗਤ ਵਡਿਆਈ ਧੰਨ, ਸਤਿਗੁਰ ਪੁਰਖ ਮਨਾਇਆ। ਹਰਿ ਸੰਤ ਵਡਿਆਈ ਧੰਨ, ਘਰ ਮੰਦਰ ਦੀਪ ਜਗਾਇਆ। ਗੁਰਮੁਖ ਵਡਿਆਈ ਧੰਨ, ਅਗਿਆਨ ਅੰਧੇਰ ਚੁਕਾਇਆ। ਗੁਰਸਿਖ ਵਡਿਆਈ ਧੰਨ, ਗੁਰ ਸਤਿਗੁਰ ਦਰਸ਼ਨ ਪਾਇਆ। ਸਤਿਗੁਰ ਪੂਰਾ ਬੇੜਾ ਦੇਵੇ ਬੰਨ੍ਹ, ਲੱਖ ਚੁਰਾਸੀ ਪਾਰ ਕਰਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇਆ। ਹਰਿ ਭਗਤਨ ਮੀਤਾ ਇਕ ਭਗਵਾਨ, ਦੂਸਰ ਸੰਗ ਨਾ ਕੋਇ ਰਖਾਈਆ। ਸੰਤਨ ਦੇਵੇ ਧੁਰ ਫ਼ਰਮਾਣ, ਧੁਨ ਅਨਾਦੀ ਸ਼ਬਦ ਜਣਾਈਆ। ਗੁਰਮੁਖ ਮੇਲਾ ਵਾਲੀ ਦੋ ਜਹਾਨ, ਘਰ ਵੱਜਦੀ ਰਹੇ ਵਧਾਈਆ। ਗੁਰਸਿਖ ਮੀਤਾ ਚਤੁਰ ਸੁਜਾਨ, ਦੇਵੇ ਦਰਸ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਭਗਤ ਭਗਵੰਤ, ਗੁਰਮੁਖ ਗੁਰਸਿਖ ਮੇਲਾ ਨਾਰੀ ਕੰਤ, ਸਚ ਸੁਹੰਜਣੀ ਸੇਜ ਹੰਢਾਈਆ। ਭਗਤਨ ਅੰਦਰ ਵਸਿਆ, ਪਾਰਬ੍ਰਹਮ ਗੁਰ ਕਰਤਾਰ। ਹਰਿ ਸੰਤਨ ਮਾਰਗ ਏਕਾ ਦੱਸਿਆ, ਬਜਰ ਕਪਾਟੀ ਖੋਲ੍ਹ ਕਿਵਾੜ। ਗੁਰਮੁਖਾਂ ਪਿਛੇ ਫਿਰੇ ਨੱਸਿਆ, ਆਦਿ ਜੁਗਾਦੀ ਲੈ ਅਵਤਾਰ। ਗੁਰਸਿਖ ਕਰੇ ਪਰਕਾਸ਼ ਕੋਟਨ ਰਵ ਸਸਿਆ, ਲਹਿਣਾ ਦੇਣ ਚੁਕਾਏ ਧੂੰਆਂਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਸ਼ਬਦ ਬ੍ਰਹਿਮਾਦਿ ਧੁਨ ਅਨਾਦਿ ਵਜਾਏ ਸੱਚਾ ਜੈਕਾਰ। ਜੈ ਜੈਕਾਰਾ ਹਰਿ ਭਗਵੰਤ, ਜੈ ਜੈ ਦੇਵ ਇਸ਼ਟ ਦੇਵ ਮਨਾਈਆ। ਪੂਰਨ ਜੋਤ ਸ੍ਰੀ ਭਗਵੰਤ, ਹਰਿ ਭਗਤਨ ਵੇਖੇ ਥਾਉਂ ਥਾਈਂਆ। ਲੇਖਾ ਜਾਣੇ ਸਾਧ ਸੰਤ, ਲੱਖ ਚੁਰਾਸੀ ਫੋਲ ਫੁਲਾਈਆ। ਗੁਰਮੁਖਾਂ ਬਣਾਏ ਆਪਣੀ ਬਣਤ, ਘੜਨ ਭੰਨਣਹਾਰ ਵਡ ਵਡਿਆਈਆ। ਗੁਰਸਿਖ ਉਪਜਾਏ ਵਿਚੋਂ ਜੰਤ, ਜਨ ਜਨਣੀ ਲੇਖੇ ਲਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਤੋੜੇ ਗੜ੍ਹ ਹਉਮੇ ਹੰਗਤ, ਮਾਇਆ ਮਮਤਾ ਮੋਹ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ, ਸੰਤ ਸੁਹੇਲੇ ਗੁਰੂ ਗੁਰ ਚੇਲੇ ਗੁਰ ਚੇਲੇ ਪਾਰ ਕਰਾਈਆ। ਹਰਿ ਭਗਵੰਤ ਭਗਤਨ ਮੀਤਾ, ਆਦਿ ਪੁਰਖ ਏਕਉਂਕਾਰਿਆ। ਸੰਤ ਸੁਹੇਲਾ ਠੰਡਾ ਸੀਤਾ, ਅਗਨੀ ਤੱਤ ਨਾ ਕੋਇ ਜਲਾ ਰਿਹਾ। ਗੁਰਮੁਖਾਂ ਜਣਾਏ ਆਪਣੀ ਰੀਤਾ, ਸਾਚੀ ਸਿਖਿਆ ਸਿਖ ਸਮਝਾ ਰਿਹਾ। ਗੁਰਸਿਖਾਂ ਦੇਵੇ ਨਾਮ ਅਨਡੀਠਾ, ਲਿਖਣ ਪੜ੍ਹਨ ਵਿਚ ਨਾ ਆ ਰਿਹਾ। ਮਿਠਾ ਕਰੇ ਕਾਇਆ ਕੌੜਾ ਰੀਠਾ, ਜਿਸ ਜਨ ਆਪਣਾ ਦਰਸ ਦਿਖਾ ਰਿਹਾ। ਸੁਰਤ ਸਵਾਣੀ ਰਾਮ ਪਰਨਾਏ ਸਾਚੀ ਸੀਤਾ, ਸ਼ਬਦ ਹਾਣੀ ਮੇਲ ਮਿਲਾ ਰਿਹਾ। ਏਕਾ ਮਾਣ ਰਖਾਏ ਅਠਾਰਾਂ ਧਿਆਏ ਗੀਤਾ, ਏਕਾ ਬੰਸਰੀ ਆਪ ਸੁਣਾ ਰਿਹਾ। ਸਾਚਾ ਮੰਦਰ ਗੁਰੂਦਵਾਰ ਵਖਾਏ ਮਸੀਤਾ, ਕਾਇਆ ਕਾਅਬਾ ਹੱਟ ਖੁਲ੍ਹਾ ਰਿਹਾ। ਕਰੇ ਕਰਾਏ ਪਤਿਤ ਪੁਨੀਤਾ, ਪਤਿਤ ਪਾਪੀ ਆਪ ਤਰਾ ਰਿਹਾ। ਜਨ ਭਗਤਾਂ ਵਸਿਆ ਸਦ ਸਦ ਚੀਤਾ, ਘਰ ਮੰਦਰ ਸੋਭਾ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾ ਰਿਹਾ। ਜੁਗ ਜੁਗ ਖੇਲੇ ਖੇਲ ਕਰਤਾਰ, ਸਤਿਜੁਗ ਤ੍ਰੇਤਾ ਦੁਆਪਰ ਵੰਡ ਵੰਡਾਈਆ। ਚੌਥੇ ਯੁਗ ਪਾਵੇ ਸਾਰ, ਕਲਜੁਗ ਵੇਖੇ ਕੂੜੀ ਸ਼ਾਹੀਆ। ਚਾਰੋਂ ਕੁੰਟ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਸ਼ਾਹ ਸੁਲਤਾਨ ਗਏ ਹਾਰ, ਰਾਜ ਰਾਜਾਨ ਨਾ ਵਡ ਵਡਿਆਈਆ। ਵੇਦ ਕਤੇਬ ਰਹੇ ਪੁਕਾਰ, ਸ਼ਾਸਤਰ ਸਿਮਰਤ ਦੇਣ ਦੁਹਾਈਆ। ਅੰਜੀਲ ਕੁਰਾਨਾ ਕੂਕਾਂ ਰਹੇ ਮਾਰ, ਅੱਲਾ ਹੂ ਹੂ ਨਾਅਰਾ ਲਾਈਆ। ਕੋਇ ਨਾ ਸੁਣੇ ਕਿਸੇ ਪੁਕਾਰ, ਚੌਦਾਂ ਤਬਕ ਰਾਹ ਤਕਾਈਆ। ਪੰਚ ਵਿਕਾਰਾ ਮਾਰੇ ਮਾਰ, ਨੌ ਦਰ ਘਰ ਘਰ ਪਈ ਲੜਾਈਆ। ਨਾ ਕੋਈ ਦਿਸੇ ਸੰਗ ਮੁਹੰਮਦ ਚਾਰ ਯਾਰ, ਅੱਲਾ ਰਾਣੀ ਨੈਣ ਸ਼ਰਮਾਈਆ। ਨਾ ਕੋਈ ਸਹਾਈ ਬੇਐਬ ਪਰਵਰਦਿਗਾਰ, ਮੁੱਲਾਂ ਸ਼ੇਖ਼ ਮੁਸਾਇਕ ਪੀਰ ਦਸਤਗੀਰ ਦੇਣ ਗਵਾਹੀਆ। ਉਚ ਮਹਿਰਾਬ ਨਾ ਹੁਜਰਾ ਨਾ ਕੋਈ ਕੂਕੇ ਕੂਕ ਸੁਣਾਏ ਪੁਕਾਰ, ਬਾਂਗ ਆਜਾਨ ਨਾ ਕੋਇ ਵਖਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਸੋ ਪੁਰਖ ਨਿਰੰਜਣ ਪਾਵਣਹਾਰਾ ਸਾਰ, ਹਰਿ ਪੁਰਖ ਨਿਰੰਜਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਆਪਣਾ ਖੇਲ ਖਿਲਾਈਆ। ਕਲਜੁਗ ਅੰਤਮ ਖੇਲ ਕਰਤਾਰਾ, ਕਰਨੀ ਕਰਤਾ ਆਪ ਕਰਾਇੰਦਾ। ਜਨ ਭਗਤਾਂ ਭਰੇ ਨਾਮ ਭੰਡਾਰਾ, ਹਰਿ ਸੰਤਨ ਸੇਵਾ ਲਾਇੰਦਾ। ਗੁਰਮੁਖਾਂ ਦੇਵੇ ਇਕ ਅਧਾਰਾ, ਏਕਾ ਬੂਝ ਬੁਝਾਇੰਦਾ। ਗੁਰਸਿਖਾਂ ਕਰਾਏ ਸਾਚਾ ਵਣਜ ਵਣਜਾਰਾ, ਸਾਚੇ ਹੱਟ ਵਿਕਾਇੰਦਾ। ਕਲਜੁਗ ਜੀਵ ਕੂੜ ਕੁੜਿਆਰਾ, ਚਾਰੋਂ ਕੁੰਟ ਕੂੜੇ ਧੰਦੇ ਲਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰਾ, ਆਸਾ ਤ੍ਰਿਸਨਾ ਮੇਲ ਮਿਲਾਇੰਦਾ। ਨਾਤਾ ਤੁਟਾ ਮੀਤ ਮੁਰਾਰਾ, ਭੈਣਾ ਭਈਆ ਸੰਗ ਛੁਡਾਇੰਦਾ। ਮਾਤ ਪਿਤ ਨਾ ਕਰੇ ਪਿਆਰਾ, ਸਾਚਾ ਹਿਤ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਨਾਉਂ ਉਪਜਾਇੰਦਾ। ਕਲਜੁਗ ਕੂੜੀ ਧਾਰ, ਚਾਰ ਕੁੰਟ ਰਹੀ ਕੁਰਲਾਈਆ। ਨੌ ਖੰਡ ਪ੍ਰਿਥਮੀ ਏਕਾ ਅਖਾੜ, ਕੂੜੀ ਕਿਰਿਆ ਆਪਣਾ ਨਾਚ ਰਹੀ ਵਖਾਈਆ। ਜਗਤ ਤ੍ਰਿਸਨਾ ਰਹੀ ਸਾੜ, ਸਾਂਤਕ ਸਤਿ ਨਾ ਕੋਇ ਵਰਤਾਈਆ। ਮਗਰ ਲੱਗੀ ਪੰਚਮ ਧਾੜ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਲੱਗੀ ਅੱਗ ਬਹੱਤਰ ਨਾੜ, ਦਿਵਸ ਰੈਣ ਰਹੀ ਤਪਾਈਆ। ਸਾਚੇ ਪੌੜੇ ਕੋਈ ਨਾ ਦੇਵੇ ਚਾੜ੍ਹ, ਵਰਨਾਂ ਬਰਨਾਂ ਪਈ ਲੜਾਈਆ। ਅੰਮ੍ਰਿਤ ਮਿਲੇ ਨਾ ਠੰਡੀ ਠਾਰ, ਅਠਸਠ ਤੀਰਥ ਬੈਠੇ ਮੁਖ ਭੁਵਾਈਆ। ਗੁਰ ਦਰ ਮੰਦਰ ਮਸਜਿਦ ਧੀਆਂ ਭੈਣਾਂ ਕਰਨ ਵਾਪਾਰ, ਇਸ਼ਟ ਦੇਵ ਨਾ ਕੋਇ ਜਣਾਈਆ। ਪੁਰਖ ਅਗੰਮਾ ਨਾ ਮਰੇ ਨਾ ਕਦੇ ਜੰਮਾ, ਜੁਗ ਜੁਗ ਪਾਵਣਹਾਰਾ ਸਾਰ, ਨਿਰਗੁਣ ਦਾਤਾ ਪੁਰਖ ਬਿਧਾਤਾ ਆਪੇ ਵੇਖ ਵਖਾਈਆ। ਪਰਗਟ ਹੋਵੇ ਵਡ ਬਲਕਾਰ, ਸੂਰਬੀਰਾ ਨਾਉਂ ਧਰਾਈਆ। ਖੜਗ ਖੰਡਾ ਤੇਜ਼ ਕਟਾਰ, ਚੰਡ ਪਰਚੰਡ ਹੱਥ ਉਠਾਈਆ। ਬ੍ਰਹਿਮੰਡ ਖੰਡ ਕਰੇ ਵਿਚਾਰ, ਜੇਰਜ ਅੰਡ ਉਤਭੁਜ ਸੇਤਜ ਫੋਲ ਫੋਲਾਈਆ। ਭੇਖ ਪਾਖੰਡ ਦਏ ਨਵਾਰ, ਜੂਠ ਝੂਠ ਰਹਿਣ ਨਾ ਪਾਈਆ। ਮਨਮੁਖ ਜੀਵ ਵਹਾਏ ਵਹਿੰਦੀ ਧਾਰ, ਸ਼ੌਹ ਦਰਯਾਏ ਆਪ ਰੁੜ੍ਹਾਈਆ। ਗੁਰਸਿਖ ਸਾਚੇ ਲਾਏ ਪਾਰ, ਏਕਾ ਨਈਆ ਨਾਮ ਚੜ੍ਹਾਈਆ। ਗੁਰਮੁਖਾਂ ਦੇਵੇ ਸ਼ਬਦ ਅਧਾਰ, ਸੋ ਪੁਰਖ ਨਿਰੰਜਣ ਕਰੇ ਪੜ੍ਹਾਈਆ। ਹਰਿ ਸੰਤਨ ਪਾਏ ਆਦਿ ਜੁਗਾਦੀ ਸਾਰ, ਸਾਰੰਗ ਧਰ ਭਗਵਾਨ ਬੀਠਲਾ ਆਪ ਅਖਵਾਈਆ। ਭਗਤ ਭਗਵੰਤ ਕਰ ਉਜਿਆਰ, ਲੋਕਮਾਤ ਕਰੇ ਰੁਸ਼ਨਾਈਆ। ਕਲਜੁਗ ਕੂੜਾ ਕਰ ਖੁਆਰ, ਅੰਤਮ ਲੇਖਾ ਦਏ ਮੁਕਾਈਆ। ਨਾ ਕੋਈ ਦੀਸੇ ਨਾਰ ਵਿਭਚਾਰ, ਸਾਚੀ ਸਖੀਆਂ ਮੇਲ ਮਿਲਾਈਆ। ਮੰਗਲਾਚਾਰ ਗਾਇਣ ਆਪਣੀ ਵਾਰ, ਘਰ ਵੱਜਦੀ ਰਹੇ ਵਧਾਈਆ। ਪਾਇਆ ਕੰਤ ਹਰਿ ਹਰਿ ਭਤਾਰ, ਵਿਛੜ ਕਦੇ ਨਾ ਜਾਈਆ। ਗੁਰਮੁਖ ਨਾਰੀ ਕਰ ਸ਼ਿੰਗਾਰ, ਨੇਤਰ ਨੈਣ ਰਹੀ ਮਟਕਾਈਆ। ਆਤਮ ਸੇਜਾ ਖ਼ਬਰਦਾਰ, ਆਲਸ ਨਿੰਦਰਾ ਰਹੀ ਮਿਟਾਈਆ। ਸਾਚਾ ਮੀਤਾ ਭੁਜਾਂ ਰਿਹਾ ਪਸਾਰ, ਚਤੁਰਭੁਜ ਵਡ ਵਡਿਆਈਆ। ਠਾਂਡਾ ਸੀਤਾ ਬਖ਼ਸ਼ੇ ਅੰਮ੍ਰਿਤ ਧਾਰ, ਆਤਮ ਰਸ ਆਪ ਚਖਾਈਆ । ਏਕਾ ਸੇਜ ਸੁਹਾਏ ਹਰਿ ਕਰਤਾਰ, ਕਰਨੀ ਕਰਤਾ ਆਪਣੀ ਕਿਰਤ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਤਨ ਮੇਲਾ ਏਕਾ ਘਰ ਹਰਿ ਸੰਤ ਵੇਖੇ ਆਪੇ ਖੜ, ਗੁਰਮੁਖ ਘੋੜੇ ਜਾਇਣ ਚੜ੍ਹ, ਗੁਰਸਿਖ ਬੰਧਾਏ ਆਪਣੇ ਲੜ, ਆਪ ਆਪਣੇ ਅੰਗ ਲਗਾਈਆ। ਗੁਰਸਿਖ ਸਾਚੇ ਪੌੜੇ ਚੜ੍ਹਿਆ, ਹਰਿ ਸਾਚੇ ਆਪ ਚੜ੍ਹਾਇਆ। ਗੁਰਮੁਖ ਆਪਣੇ ਅੰਦਰ ਵੜਿਆ, ਦੂਸਰ ਸੰਗ ਨਾ ਨਾਲ ਲਿਆਇਆ। ਸੰਤਨ ਸਾਚਾ ਘਾੜਨ ਘੜਿਆ, ਨਿਰਗੁਣ ਸਰਗੁਣ ਮੇਲ ਮਿਲਾਇਆ। ਹਰਿ ਭਗਤ ਭਗਵੰਤ ਨਾ ਕੋਈ ਸੀਸ ਨਾ ਕੋਈ ਧੜਿਆ, ਨਿਰਗੁਣ ਜੋਤ ਡਗਮਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਸੰਗ ਆਪ ਨਿਭਾਇਆ। ਸਾਚਾ ਸੰਗ ਭਗਤ ਭਗਵਾਨ, ਆਦਿ ਜੁਗਾਦਿ ਨਿਭਾਇੰਦਾ। ਸੰਤਨ ਮੇਲਾ ਵਾਲੀ ਦੋ ਜਹਾਨ, ਸਚਖੰਡ ਦਵਾਰਾ ਆਪ ਸੁਹਾਇੰਦਾ। ਥਿਰ ਘਰ ਵਾਸੀ ਗੁਣ ਨਿਧਾਨ, ਗੁਰਮੁਖ ਆਪਣੇ ਅੰਗ ਲਗਾਇੰਦਾ। ਗੁਰਸਿਖ ਬਣਾਏ ਚਤੁਰ ਸੁਜਾਨ, ਮੂਰਖ ਮੂੜ੍ਹੇ ਆਪਣੇ ਧੰਦੇ ਲਾਇੰਦਾ। ਆਤਮ ਅੰਤਰ ਦੇਵੇ ਇਕ ਗਿਆਨ, ਦ੍ਰਿਸ਼ਟ ਇਸ਼ਟ ਇਕ ਵਖਾਇੰਦਾ। ਏਕਾ ਰਾਗ ਸੁਣਾਏ ਕਾਨ, ਧੁਨ ਅਨਾਦੀ ਅਨਹਦ ਤਾਲ ਵਜਾਇੰਦਾ। ਅੰਮ੍ਰਿਤ ਆਤਮ ਪੀਣ ਖਾਣ, ਜਗਤ ਤ੍ਰਿਸਨਾ ਭੁੱਖ ਗਵਾਇੰਦਾ। ਪਵਣ ਪਾਣੀ ਸਭ ਸੇਵ ਕਮਾਣ, ਜੋ ਜਨ ਹਰਿ ਸਰਨਾਈ ਆਇੰਦਾ। ਜੋਤ ਨਿਰੰਜਣ ਕਰੇ ਪਰਕਾਸ਼ ਕੋਟਨ ਭਾਨ, ਦੀਵਾ ਬਾਤੀ ਨਾ ਕੋਇ ਜਗਾਇੰਦਾ। ਸ਼ਬਦ ਅਗੰਮੀ ਧੁਰ ਫ਼ਰਮਾਣ, ਬੋਧ ਅਗਾਧ ਆਪ ਸੁਣਾਇੰਦਾ। ਦਰਗਹਿ ਸਾਚੀ ਦੇਵੇ ਮਾਣ, ਮਾਣ ਨਿਮਾਣਿਆਂ ਗਲੇ ਲਗਾਇੰਦਾ। ਲੱਖ ਚੁਰਾਸੀ ਚੁੱਕੇ ਕਾਣ, ਜੋ ਜਨ ਸਤਿਗੁਰ ਪੂਰੇ ਦਰਸ਼ਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਆਪਣੇ ਅੰਗ ਲਗਾਇੰਦਾ। ਅੰਗੀਕਾਰ ਕਰ ਸਮਰਥ, ਆਪਣੇ ਅੰਗ ਰਖਾਇੰਦਾ। ਸਦਾ ਸੁਹੇਲਾ ਰੱਖੇ ਦੇ ਕਰ ਹੱਥ, ਸਿਰ ਆਪਣਾ ਹੱਥ ਟਿਕਾਇੰਦਾ। ਦੇਵੇ ਨਾਮ ਵਸਤ ਅਨਮੋਲ ਵੱਥ, ਸਚ ਸਮਗਰੀ ਝੋਲੀ ਪਾਇੰਦਾ। ਆਪ ਚਲਾਏ ਕਾਇਆ ਰਥ, ਰਥ ਰਥਵਾਹੀ ਸੇਵ ਕਮਾਇੰਦਾ। ਲੇਖਾ ਜਾਣੇ ਸੀਆਂ ਸਾਢੇ ਤਿੰਨ ਤਿੰਨ ਹੱਥ, ਹੱਥੋ ਹੱਥ ਵੰਡ ਵੰਡਾਇੰਦਾ। ਹਰਿ ਕਾ ਮੰਦਰ ਨਾ ਜਾਏ ਢੱਠ, ਦੂਸਰ ਕੋਇ ਥਿਰ ਰਹਿਣ ਨਾ ਪਾਇੰਦਾ। ਲੇਖਾ ਜਾਣੇ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਆਪਣੀ ਸੇਵਾ ਆਪੇ ਲਾਇੰਦਾ। ਆਪੇ ਖੇਲੇ ਖੇਲ ਮੰਦਰ ਮਸਜਿਦ ਸ਼ਿਵਦਵਾਲਾ ਮੱਠ, ਗੁਰੂਦਵਾਰਾ ਗੁਰ ਗੁਰ ਨਾਉਂ ਧਰਾਇੰਦਾ। ਆਪੇ ਗੇੜਨਹਾਰਾ ਉਲਟੀ ਲੱਠ, ਲੱਖ ਚੁਰਾਸੀ ਆਪ ਭਵਾਇੰਦਾ। ਆਪੇ ਖੇਲੇ ਖੇਲ ਬਾਜ਼ੀਗਰ ਨਟ, ਸਵਾਂਗੀ ਆਪਣਾ ਸਾਂਗ ਰਚਾਇੰਦਾ। ਆਪੇ ਵਸਣਹਾਰਾ ਘਟ ਘਟ, ਘਟ ਮੰਦਰ ਸੋਭਾ ਪਾਇੰਦਾ। ਗੁਰਮੁਖਾਂ ਗੁਰਸਿਖਾਂ ਦੁਰਮਤ ਮੈਲ ਦੇਵੇ ਕੱਟ, ਸਚ ਸਰੋਵਰ ਇਕ ਨੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਹਰੀ ਹਰਿ ਆਪ ਹੋ ਆਇੰਦਾ। ਨਰ ਹਰਿ ਹਰੀ ਨਰਾਇਣ, ਨਿਰਗੁਣ ਰੂਪ ਉਪਾਇਆ। ਗੁਰਮੁਖਾਂ ਦਰਸ ਵਖਾਏ ਆਪਣੇ ਨੈਣ, ਜਗਤ ਲੋਚਨ ਬੰਦ ਕਰਾਇਆ। ਪੂਰਬ ਜਨਮ ਚੁਕਾਏ ਲਹਿਣ ਦੇਣ, ਪਿਛਲਾ ਲਹਿਣਾ ਰਹੇ ਨਾ ਰਾਇਆ। ਗੋਬਿੰਦ ਗੀਤ ਦਰ ਦਰ ਘਰ ਘਰ ਜੀਵ ਜੰਤ ਸਾਰੇ ਗਾਇਣ, ਨੇਤਰ ਲੋਚਨ ਦਰਸ ਕਿਸੇ ਨਾ ਪਾਇਆ। ਨਾਤਾ ਬਣਿਆ ਮਾਤ ਪਿਤ ਭਾਈ ਭੈਣ, ਸਾਕ ਸੱਜਣ ਸੈਣ ਨਾਰੀ ਕੰਤ ਮੇਲ ਮਿਲਾਇਆ। ਗੁਰਮੁਖ ਵਿਰਲੇ ਹਰਿ ਸਰਨਾਈ ਢਹਿ ਢਹਿ ਪੈਣ, ਝੂਠਾ ਨਾਤਾ ਤੋੜ ਤੁੜਾਇਆ। ਵੇਲੇ ਅੰਤ ਨੇੜ ਨਾ ਆਏ ਲਾੜੀ ਮੌਤ ਡਾਇਣ, ਰਾਏ ਧਰਮ ਨਾ ਦਏ ਸਜ਼ਾਇਆ। ਸਤਿਗੁਰ ਪੂਰਾ ਆਪਣੇ ਆਏ ਲੈਣ, ਆਪਣੀ ਗੋਦੀ ਲਏ ਉਠਾਇਆ। ਮਨਮੁਖ ਵਹਿਣ ਵਹਿੰਦੇ ਵਹਿਣ, ਬੇੜਾ ਬੰਨੇ ਨਾ ਕੋਇ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿ ਭਗਤ ਹਰਿ ਸੰਤ, ਗੁਰਮੁਖ ਗੁਰਸਿਖ ਗੋਬਿੰਦ ਧਾਰ ਸ਼ਬਦ ਪਿਆਰ, ਜੋਤ ਨਿਰਾਕਾਰ ਨਿਰਗੁਣ ਆਪਣੇ ਵਿਚ ਸਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾ ਜੁਗੰਤ, ਸੋ ਪੁਰਖ ਨਿਰੰਜਣ ਬਣਾਏ ਬਣਤ, ਹਰਿ ਪੁਰਖ ਨਿਰੰਜਣ ਮਣੀਆ ਮੰਤ, ਏਕੰਕਾਰਾ ਮਹਿਮਾ ਅਗਣਤ, ਆਦਿ ਨਿਰੰਜਣ ਸ੍ਰੀ ਭਗਵੰਤ, ਪੁਰਖ ਅਬਿਨਾਸ਼ੀ ਖੇਲ ਖਿਲੰਤ, ਪਾਰਬ੍ਰਹਮ ਵੇਸ ਵਟੰਤ, ਬ੍ਰਹਮ ਬ੍ਰਹਮ ਲੱਖ ਚੁਰਾਸੀ ਜੀਵ ਜੰਤ, ਵਿਸ਼ਨ ਸ਼ਿਵ ਸੇਵਕ ਸੇਵਾ ਆਪ ਲਗਾਈਆ।