Granth 08 Likhat 184: 22 Kattak 2016 Bikarmi Mal Singh de Ghar Pind Lallian Kalan Jila Jalandhar

੨੨ ਕੱਤਕ ੨੦੧੬ ਬਿਕ੍ਰਮੀ ਮਲ ਸਿੰਘ ਦੇ ਗ੍ਰਹਿ ਪਿੰਡ ਲੱਲੀਆਂ ਕਲਾ ਜ਼ਿਲਾ ਜਲੰਧਰ

ਸੋ ਪੁਰਖ ਨਿਰੰਜਣ ਨਿਰਗੁਣ ਧਾਰ, ਹਰਿ ਪੁਰਖ ਨਿਰੰਜਣ ਆਪ ਉਪਾਈਆ। ਏਕੰਕਾਰਾ ਰੂਪ ਨਿਰਾਕਾਰ, ਰੂਪ ਰੰਗ ਨਾ ਕੋਇ ਜਣਾਈਆ। ਆਦਿ ਨਿਰੰਜਣ ਹੋ ਉਜਿਆਰ, ਜੋਤੀ ਨੂਰ ਡਗਮਗਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਸ੍ਰੀ ਭਗਵਾਨ ਵੱਡੀ ਵਡਿਆਈਆ। ਪਾਰਬ੍ਰਹਮ ਪ੍ਰਭ ਖੋਲ੍ਹ ਕਿਵਾੜ, ਦਰ ਦਰਵਾਜਾ ਆਪ ਖੁਲ੍ਹਾਈਆ। ਸੁੱਤ ਦੁਲਾਰਾ ਕਰ ਪਿਆਰ, ਸਾਚੇ ਸ਼ਬਦ ਵੱਜੇ ਵਧਾਈਆ। ਬ੍ਰਹਮ ਰੂਪ ਪਰਗਟ ਵਿਚ ਸੰਸਾਰ, ਆਪ ਆਪਣਾ ਵੇਸ ਵਟਾਈਆ। ਵਿਸ਼ਨ ਬ੍ਰਹਮਾ ਸ਼ਿਵ ਦਏ ਅਧਾਰ, ਆਪ ਆਪਣੀ ਬੂਝ ਬੁਝਾਈਆ। ਤ੍ਰੈਗੁਣ ਮਾਇਆ ਰੰਗ ਕਰਤਾਰ, ਪੰਚਮ ਨਾਤਾ ਜੋੜ ਜੁੜਾਈਆ। ਨਿਰਗੁਣ ਸਰਗੁਣ ਕਰਨੀ ਕਰੇ ਕਾਰ, ਕਰਤਾ ਪੁਰਖ ਵਡ ਵਡਿਆਈਆ। ਅਜੂਨੀ ਰਹਿਤ ਹੋ ਤਿਆਰ, ਲੱਖ ਚੁਰਾਸੀ ਡੇਰਾ ਲਾਈਆ। ਅੰਦਰ ਬਾਹਰ ਗੁਪਤ ਜ਼ਾਹਰ, ਭੇਵ ਅਭੇਦਾ ਭੇਵ ਛੁਪਾਈਆ। ਕਮਲਾਪਾਤੀ ਮੀਤ ਮੁਰਾਰ, ਦੀਪਕ ਬਾਤੀ ਇਕ ਜਗਾਈਆ। ਅੰਮ੍ਰਿਤ ਬੂੰਦ ਸਵਾਂਤੀ ਠੰਡੀ ਠਾਰ, ਨਿਝਰ ਧਾਰ ਆਪ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਵੇਸ ਵਟਾਈਆ। ਆਦਿ ਜੁਗਾਦੀ ਇਕ ਇਕੱਲਾ, ਏਕਾ ਰੰਗ ਸਮਾਇੰਦਾ। ਸੋ ਪੁਰਖ ਨਿਰੰਜਣ ਵਸੇ ਸਚ ਮਹੱਲਾ, ਸਚਖੰਡ ਦਵਾਰ ਸੋਭਾ ਪਾਇੰਦਾ। ਹਰਿ ਪੁਰਖ ਨਿਰੰਜਣ ਸਚ ਸਿੰਘਾਸਣ ਏਕਾ ਮੱਲਾ, ਥਿਰ ਘਰ ਆਪਣਾ ਆਪ ਉਪਾਇੰਦਾ। ਆਦਿ ਨਿਰੰਜਣ ਆਪਣੇ ਦੀਪਕ ਆਪੇ ਬੱਲਾ, ਜੋਤੀ ਨੂਰ ਡਗਮਗਾਇੰਦਾ। ਵਸੇ ਨਿਹਚਲ ਧਾਮ ਅਟੱਲਾ, ਉਚ ਅਗੰਮ ਅਥਾਹ, ਬੇਪਰਵਾਹ ਭੇਵ ਨਾ ਆਇੰਦਾ। ਪਾਰਬ੍ਰਹਮ ਆਪ ਉਪਾਏ ਆਪਣਾ ਨਾਂ, ਆਪ ਏਕਾ ਨਾਅਰਾ ਲਾਇੰਦਾ। ਸਾਚਾ ਨਾਉਂ ਨਿਰੰਕਾਰ ਰਖਾ, ਹਰ ਘਟ ਨਾਮ ਨਾਮਾ ਸ਼ਬਦ ਸੁਣਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਚਨ ਰਚਾ, ਆਕਾਸ਼ ਪਰਕਾਸ਼ ਵੇਖ ਵਖਾਇੰਦਾ। ਰਵ ਸਸ ਤਾਰਾ ਮੰਡਲ ਦਏ ਲਟਕਾ, ਆਪ ਆਪਣਾ ਬੰਧਨ ਪਾਇੰਦਾ। ਧਰਤ ਧਵਲ ਜਲ ਬਿੰਬ ਰਖਾ, ਅਗਨੀ ਜਲ ਮੇਲ ਮਿਲਾਇੰਦਾ। ਪਵਣ ਪਵਣੀ ਰਿਹਾ ਸਮਾ, ਦਿਸ ਕਿਸੇ ਨਾ ਆਇੰਦਾ। ਆਪਣੀ ਬਖ਼ਸ਼ੇ ਆਪ ਸਲਾਹ, ਆਪਣਾ ਮਤਾ ਆਪ ਪਕਾਇੰਦਾ। ਨਿਰਗੁਣ ਨਿਰਗੁਣ ਬਣ ਮਲਾਹ, ਨਿਰਗੁਣ ਬੇੜਾ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲਾ ਦੀਨ ਦਿਆਲਾ ਏਕੰਕਾਰ ਭੇਵ ਖੁਲ੍ਹਾਇੰਦਾ। ਆਪਣਾ ਭੇਵ ਆਪੇ ਖੋਲ੍ਹ, ਹਰਿ ਸਾਚੇ ਸ਼ਬਦ ਜਣਾਈਆ। ਸਚ ਦਵਾਰੇ ਵੱਜੇ ਢੋਲ, ਆਪਣਾ ਨਾਅਰਾ ਆਪ ਲਗਾਈਆ। ਆਪਣੇ ਕੰਡੇ ਆਪੇ ਤੋਲ, ਏਕਾ ਤੋਲਾ ਬਣੇ ਬੇਪਰਵਾਹੀਆ। ਲੱਖ ਚੁਰਾਸੀ ਜਾਏ ਮੌਲ, ਬ੍ਰਹਮਾ ਵਿਸ਼ਨ ਸ਼ਿਵ ਸੇਵ ਕਮਾਈਆ। ਅੰਮ੍ਰਿਤ ਭਰੇ ਸਾਚੇ ਕਵਲ, ਨਾਭੀ ਮੁਖੀ ਆਪ ਭੁਆਈਆ। ਲੇਖਾ ਜਾਣੇ ਧਰਤ ਧਵਲ ਧੌਲ, ਧਰਤ ਧਰਨੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋ ਪੁਰਖ ਨਿਰੰਜਣ ਹਰਿ ਨਿਰੰਕਾਰ, ਹਰਿ ਪੁਰਖ ਨਿਰੰਜਣ ਸੇਵਾਦਾਰ, ਏਕੰਕਾਰ ਕਰ ਪਸਾਰ, ਆਦਿ ਨਿਰੰਜਣ ਜੋਤ ਉਜਿਆਰ, ਅਬਿਨਾਸ਼ੀ ਕਰਤਾ ਭਰ ਭੰਡਾਰ, ਸ੍ਰੀ ਭਗਵਾਨ ਦਏ ਆਧਾਰ, ਪਾਰਬ੍ਰਹਮ ਵਰਤੇ ਵਰਤਾਵੇ ਵਿਚ ਸੰਸਾਰ, ਬ੍ਰਹਮਾ ਬ੍ਰਹਮ ਬ੍ਰਹਮ ਦਏ ਹੁਲਾਰ, ਸਚ ਹੁਲਾਰਾ ਆਪ ਵਖਾਈਆ। ਬ੍ਰਹਮਾ ਉਪੰਨਿਆ ਹਰਿ ਨਿਰੰਕਾਰ, ਬ੍ਰਹਮ ਵੇਤਾ ਵੇਸ ਵਟਾਇੰਦਾ। ਚੜ੍ਹਿਆ ਚੰਨਿਆ ਵਿਚ ਸੰਸਾਰ, ਸਾਚਾ ਮਾਰਗ ਆਪੇ ਲਾਇੰਦਾ। ਦੋ ਜਹਾਨੀ ਭਰੇ ਭੰਡਾਰ, ਏਕੰਕਾਰਾ ਨਿਰਗੁਣ ਸਰਗੁਣ ਵੇਸ ਵਟਾਇੰਦਾ। ਛੱਪਰ ਛੰਨਿਆਂ ਵਸਿਆ ਨਾ ਕਿਸੇ ਮਹੱਲ ਮਨਾਰ, ਚਾਰ ਦੀਵਾਰ ਨਾ ਕੋਇ ਬਣਾਇੰਦਾ। ਘਰ ਮੰਦਰ ਸੋਹੇ ਇਕ ਘਰ ਬਾਰ, ਸਚਖੰਡ ਬੈਠਾ ਆਸਣ ਲਾਇੰਦਾ। ਥਿਰ ਘਰ ਬੈਠਾ ਮੀਤ ਮੁਰਾਰ, ਗੁਰ ਚੇਲਾ ਨਾ ਕੋਇ ਸੁਹਾਇੰਦਾ। ਆਪ ਆਪਣੀ ਜਾਣ ਕਾਰ, ਆਪਣੀ ਕਲ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਖੇਲ ਬ੍ਰਹਿਮਾਦਿ ਪਾਰਬ੍ਰਹਮ ਆਪ ਖਿਲਾਇੰਦਾ। ਖੇਲੇ ਖੇਲਣਹਾਰ ਅਗੰਮ ਅਪਾਰ, ਪੁਰਖ ਅਗੰਮਾ ਵੱਡੀ ਵਡਿਆਈਆ। ਆਪੇ ਜਾਣੇ ਆਪਣਾ ਕੰਮਾ, ਜੁਗ ਜੁਗ ਆਪਣੀ ਰਚਨ ਰਚਾਈਆ। ਆਪੇ ਸੇਵਾ ਲਾਵੇ ਸੂਰਜ ਚੰਨਾ, ਹੁਕਮੀ ਹੁਕਮ ਸਰਬ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੂਰਤ ਅਕਾਲ ਏਕਾ ਏਕ ਏਕ ਅਖਵਾਈਆ। ਏਕਾ ਏਕ ਏਕ ਪਸਾਰਾ, ਆਦਿ ਜੁਗਾਦਿ ਕਰਾਇੰਦਾ। ਏਕਾ ਰੂਪ ਅਨੂਪ ਨਿਰਾਕਾਰਾ, ਨਿਰਗੁਣ ਨਾਉਂ ਧਰਾਇੰਦਾ। ਏਕਾ ਜੋਤ ਜੋਤ ਉਜਿਆਰਾ, ਜੋਤੀ ਜੋਤ ਡਗਮਗਾਇੰਦਾ। ਏਕਾ ਬ੍ਰਹਮ ਬ੍ਰਹਮ ਕਰ ਪਸਾਰਾ, ਪਾਰਬ੍ਰਹਮ ਆਪ ਹੋ ਜਾਇੰਦਾ। ਏਕਾ ਵਣਜ ਵਣਜ ਵਣਜਾਰਾ, ਚੌਦਾਂ ਲੋਕਾਂ ਏਕਾ ਹੱਟ ਖੁਲ੍ਹਾਇੰਦਾ। ਏਕਾ ਮੰਦਰ ਇਕ ਦਵਾਰਾ, ਦਰ ਦਰਵਾਜਾ ਆਪ ਖੁਲ੍ਹਾਇੰਦਾ। ਲੱਖ ਚੁਰਾਸੀ ਆਪ ਪਸਾਰਾ, ਏਕਾ ਵੇਖ ਵਖਾਇੰਦਾ। ਏਕਾ ਸ਼ਬਦ ਇਕ ਧੁਨਕਾਰਾ, ਅਨਹਦ ਸ਼ਬਦ ਤਾਲ ਵਜਾਇੰਦਾ। ਏਕਾ ਰਾਗ ਰਾਗਨੀ ਪਾਵੇ ਸਾਰਾ, ਘਰ ਮੰਗਲ ਏਕਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਨਾਉਂ ਧਰਾਇੰਦਾ। ਅਬਿਨਾਸ਼ੀ ਕਰਤਾ ਏਕਾ ਮੀਤਾ, ਏਕਾ ਰੰਗ ਸਮਾਇਆ। ਸਚਖੰਡ ਵਸੇ ਇਕ ਅਤੀਤਾ, ਦਿਸ ਕਿਸੇ ਨਾ ਆਇਆ। ਥਿਰ ਘਰ ਨਿਵਾਸੀ ਪਤਿਤ ਪੁਨੀਤਾ, ਪਤਿਤ ਪਾਪੀ ਲਏ ਤਰਾਇਆ। ਆਦਿ ਜੁਗਾਦੀ ਠਾਂਡਾ ਸੀਤਾ, ਅਗਨੀ ਤੱਤ ਨਾ ਕੋਇ ਦਿਸਾਇਆ। ਜੁਗਾ ਜੁਗੰਤਰ ਜਾਣੇ ਆਪਣੀ ਰੀਤਾ, ਦੂਸਰ ਸੰਗ ਨਾ ਕੋਇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨਾ ਆਪ ਰਚਾਇਆ। ਜੁਗਾ ਜੁਗੰਤਰ ਸਾਚੀ ਕਾਰ, ਸੋ ਪੁਰਖ ਨਿਰੰਜਣ ਆਪ ਕਰਾਈਆ। ਹਰਿ ਪੁਰਖ ਨਿਰੰਜਣ ਖੇਲੇ ਖੇਲ ਅਪਾਰ, ਏਕੰਕਾਰਾ ਵੇਖ ਵਖਾਈਆ। ਜੋਤ ਨਿਰੰਜਣ ਹੋ ਉਜਿਆਰ, ਆਦਿ ਨਿਰੰਜਣ ਦਏ ਸਲਾਹੀਆ। ਸ੍ਰੀ ਭਗਵਾਨ ਪਾਏ ਸਾਰ, ਪੁਰਖ ਅਬਿਨਾਸ਼ ਵੱਡੀ ਵਡਿਆਈਆ। ਪਾਰਬ੍ਰਹਮ ਬ੍ਰਹਮ ਭਰ ਭੰਡਾਰ, ਬ੍ਰਹਮਾ ਵਿਸ਼ਨ ਸ਼ਿਵ ਲੇਖ ਲਿਖਾਈਆ। ਸਾਚੇ ਮੰਦਰ ਖੇਲ ਨਿਰਾਕਾਰ, ਸਚਖੰਡ ਦਵਾਰ ਵੱਜੇ ਵਧਾਈਆ। ਗੁਣਵੰਤਾ ਗਾਏ ਆਪਣੀ ਵਾਰ, ਆਪਣਾ ਢੋਲਾ ਆਪ ਅਲਾਈਆ। ਆਪੇ ਹੋਏ ਸੁਣਨੇਹਾਰ, ਰਸ ਰਸੀਆ ਸਾਚਾ ਮਾਹੀਆ। ਕੋਟਨ ਕੋਟ ਬ੍ਰਹਿਮੰਡ ਖੰਡ ਮਹੱਲ ਉਸਾਰ, ਵੇਖਣਹਾਰਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਨਭਵ ਪਰਕਾਸ਼ ਪ੍ਰਿਥਮੀ ਆਕਾਸ਼ ਆਪ ਕਰਾਈਆ। ਪ੍ਰਿਥਮੀ ਆਕਾਸ਼ ਖੇਲ ਅਵੱਲਾ, ਹਰਿ ਸਤਿਗੁਰ ਆਪ ਕਰਾਇੰਦਾ। ਆਪਣਾ ਦਰ ਆਪੇ ਮੱਲਾ, ਸਚ ਸਿੰਘਾਸਣ ਆਸਣ ਲਾਇੰਦਾ। ਜੋਤੀ ਸ਼ਬਦੀ ਆਪੇ ਰੱਲਾ, ਪਵਣੀ ਪਵਣ ਸਮਾਇੰਦਾ। ਨਾਮ ਸੁਨੇਹੜਾ ਏਕਾ ਘੱਲਾ, ਜੁਗ ਜੁਗ ਹੁਕਮ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅਨਾਦੀ ਏਕਾ ਨਾਦ ਵਜਾਇੰਦਾ। ਸਾਚਾ ਨਾਦ ਸ਼ਬਦ ਧੁੰਨਕਾਰ, ਸੋ ਪੁਰਖ ਨਿਰੰਜਣ ਆਪ ਵਜਾਈਆ। ਹਰਿ ਪੁਰਖ ਨਿਰੰਜਣ ਸੇਵਾਦਾਰ, ਏਕੰਕਾਰਾ ਵੇਖ ਵਖਾਈਆ। ਆਦਿ ਨਿਰੰਜਣ ਹੋਏ ਖ਼ਬਰਦਾਰ, ਸ੍ਰੀ ਭਗਵਾਨ ਆਪ ਉਠਾਈਆ। ਪੁਰਖ ਅਬਿਨਾਸ਼ੀ ਵਖਾਏ ਇਕ ਨਿਸ਼ਾਨ, ਪਾਰਬ੍ਰਹਮ ਰਿਹਾ ਝੁਲਾਈਆ। ਸਚਖੰਡ ਦਵਾਰ ਬੋਲ ਜੈਕਾਰ, ਏਕਾ ਨਾਅਰਾ ਦਏ ਸੁਣਾਈਆ। ਥਿਰ ਘਰ ਵਾਸੀ ਮੀਤ ਮੁਰਾਰ, ਗੀਤ ਸੁਹਾਗੀ ਏਕਾ ਗਾਈਆ। ਬ੍ਰਹਮ ਬ੍ਰਹਮ ਬ੍ਰਹਮ ਤੇਰੀ ਧਾਰ, ਹਰਿ ਆਪਣੀ ਬਿੰਦ ਉਪਜਾਈਆ। ਵਿਸ਼ਨੂੰ ਕਰਿਆ ਸੇਵਾਦਾਰ, ਦੇਵੇ ਰਿਜ਼ਕ ਸਬਾਈਆ। ਬ੍ਰਹਮਾ ਮੰਗੇ ਬਣ ਭਿਖਾਰ, ਅੱਗੇ ਆਪਣੀ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਕਰਤਾ ਧਾਰ, ਦੇ ਮਤ ਰਿਹਾ ਸਮਝਾਈਆ। ਲੱਖ ਚੁਰਾਸੀ ਕਰ ਤਿਆਰ, ਆਪਣੀ ਵੰਡ ਆਪ ਵੰਡਾਈਆ। ਉਤਭੁਜ ਸੇਤਜ ਭਰੇ ਭੰਡਾਰ, ਜੇਰਜ ਅੰਡ ਵੇਖ ਵਖਾਈਆ। ਮਨ ਮਤ ਬੁਧ ਕਰ ਪਿਆਰ, ਚਤੁਰਭੁਜ ਮੇਲ ਮਿਲਾਈਆ। ਭੇਵ ਗੁਝ ਕਾਇਆ ਵਿਚ ਸੰਸਾਰ, ਹਰਿ ਸਾਚਾ ਆਪ ਰਖਾਈਆ। ਨੌ ਦਵਾਰੇ ਜਗਤ ਕਿਵਾੜ, ਜਗਤ ਕਾਇਆ ਗੜ੍ਹ ਸੁਹਾਈਆ। ਘਰ ਵਿਚ ਘਰ ਕਰ ਤਿਆਰ, ਆਪਣਾ ਤਾਕ ਬੰਦ ਵਖਾਈਆ। ਨਿਰਗੁਣ ਸਰਗੁਣ ਖੇਲ ਅਪਾਰ, ਵੇਦ ਕਤੇਬ ਭੇਵ ਨਾ ਪਾਈਆ। ਸੰਤ ਸੁਹੇਲੇ ਲਏ ਉਭਾਰ, ਹਰਿ ਭਗਤ ਦਏ ਵਡਿਆਈਆ। ਏਕਾ ਰਾਗ ਸੁਣਾਏ ਸੁਨਾਵਣਹਾਰ, ਗੀਤ ਸੁਹਾਗੀ ਆਪੇ ਗਾਈਆ। ਅੰਦਰ ਮੰਦਰ ਖੋਲ੍ਹ ਕਿਵਾੜ, ਬਜਰ ਕਪਾਟੀ ਤੋੜ ਤੁੜਾਈਆ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰ, ਸਾਂਤਕ ਸਤਿ ਸਤਿ ਵਰਤਾਈਆ। ਨਿਰਭੈ ਰੂਪ ਹਰਿ ਵਰਤੇ ਵਿਚ ਸੰਸਾਰ, ਪੁਰਖ ਅਕਾਲ ਵੱਡੀ ਵਡਿਆਈਆ। ਆਤਮ ਸੇਜਾ ਕਰ ਪਿਆਰ, ਗੁਰਮੁਖ ਸਾਜਣ ਲਏ ਮਿਲਾਈਆ। ਪੰਚਮ ਸਖੀਆਂ ਮੇਲਾ ਅਗੰਮ ਅਪਾਰ, ਘਰ ਸਾਚੇ ਵੱਜੇ ਵਧਾਈਆ। ਸੁਹੰਜਣੀ ਸੇਜਾ ਵੇਖੇ ਆਪ ਨਿਰੰਕਾਰ, ਫੁਲ ਫੁਲਵਾੜੀ ਆਪ ਮਹਿਕਾਈਆ। ਅੰਗਣ ਲਾਏ ਸਾਚੀ ਨਾਰ, ਕੰਤ ਕੰਤੂਹਲ ਹੋਏ ਸਹਾਈਆ। ਨਾਮ ਝੂਲਾ ਅਪਰ ਅਪਾਰ, ਹਰਿਜਨ ਸਾਚੇ ਦਏ ਝੁਲਾਈਆ। ਆਪੇ ਸਭ ਤੋਂ ਵਸਿਆ ਬਾਹਰ, ਸ਼ੰਕਰ ਇਹ ਸਮਝਾਈਆ। ਬਾਲ ਨਿਦਾਨੇ ਹੋਣਾ ਖ਼ਬਰਦਾਰ, ਤੇਰੀ ਸੇਵਕ ਸੇਵਾ ਵੇਖ ਵਖਾਈਆ। ਜੋ ਉਪਜੇ ਸੋ ਦਏ ਸੰਘਾਰ, ਥਿਰ ਕੋਇ ਰਹਿਣ ਨਾ ਪਾਈਆ। ਤੇਰਾ ਲੇਖਾ ਹੱਥ ਕਰਤਾਰ, ਦੂਸਰ ਹੱਥ ਨਾ ਕਿਸੇ ਫੜਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਤੇਰਾ ਚਲਦਾ ਰਹੇ ਭੰਡਾਰ, ਤੇਰੀ ਕੀਤੀ ਨਾ ਕੋਇ ਉਲਟਾਈਆ। ਅੰਤਮ ਵੇਖੇ ਵੇਖਣਹਾਰ, ਪੁਰਖ ਅਬਿਨਾਸ਼ੀ ਨਿਰਗੁਣ ਆਪਣਾ ਦੀਪ ਜਗਾਈਆ। ਪਹਿਲਾ ਵਿਸ਼ਨੂੰ ਕਰੇ ਪਿਆਰ, ਆਪ ਆਪਣੇ ਅੰਗ ਲਗਾਈਆ। ਦੂਜੇ ਬ੍ਰਹਮੇ ਦਏ ਹੁਲਾਰ, ਇਕੱਤਰ ਮਨਵੰਤਰ ਮੂਲ ਚੁਕਾਈਆ। ਸ਼ੰਕਰ ਤੇਰਾ ਬੇੜਾ ਪਾਰ, ਹਰਿ ਸਤਿਗੁਰ ਆਪ ਕਰਾਈਆ। ਇੰਦਰ ਰੋਵੇ ਜ਼ਾਰੋ ਜ਼ਾਰ, ਤਖ਼ਤ ਤਾਜ ਸੀਸ ਨਾ ਪਾਈਆ। ਕਰੋੜ ਤੇਤੀਸਾ ਹਾਹਾਕਾਰ, ਨੇਤਰ ਨੈਣ ਨੀਰ ਰਹੇ ਵਹਾਈਆ। ਪੁਰਖ ਅਬਿਨਾਸ਼ੀ ਮਾਰਨਹਾਰਾ ਆਪਣੀ ਮਾਰ, ਸ਼ਬਦ ਖੰਡਾ ਹੱਥ ਉਠਾਈਆ। ਭੋਗ ਬਲਾਸ ਨਾ ਕਰੇ ਕੋਈ ਵਿਹਾਰ, ਸਾਚੀ ਰਾਸ ਨਾ ਕੋਇ ਰਚਾਈਆ। ਅਬਿਨਾਸ਼ੀ ਕਰਤਾ ਕਰੇ ਖੇਲ ਆਪੇ ਆਦਿ ਜੁਗਾਦਿ, ਭੇਵ ਕੋਇ ਨਾ ਪਾਈਆ। ਸਾਧ ਸੰਤ ਬੇਅੰਤ ਕਹਿ ਕਹਿ ਗਏ ਹਾਰ, ਲੇਖਾ ਲੇਖ ਨਾ ਕੋਇ ਲਿਖਾਈਆ। ਚਾਰੇ ਵੇਦ ਕਰਨ ਪੁਕਾਰ, ਪੁਰਾਨ ਅਠਾਰਾਂ ਰਹੇ ਗਾਈਆ। ਸ਼ਾਸਤਰ ਸਿਮਰਤ ਨਾ ਕਰ ਸਕੇ ਵਿਚਾਰ, ਲੇਖਾ ਲੇਖ ਨਾ ਕੋਇ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੋਧ ਅਗਾਧਾ ਹਰਿ ਬ੍ਰਹਿਮਾਦਾ ਸ਼ਬਦ ਅਨਾਦਾ, ਆਦਿ ਅਨਾਦਿ ਜੁਗ ਜੁਗ ਆਪਣਾ ਤਾਲ ਵਜਾਇੰਦਾ। ਸ਼ਬਦ ਨਾਦ ਹਰਿ ਸੱਚਾ ਨਾਦ, ਏਕਾ ਆਪ ਵਜਾਇੰਦਾ। ਜੁਗਾ ਜੁਗੰਤਰ ਸੰਤ ਸੁਹੇਲੇ ਆਪੇ ਲਾਧ, ਆਪ ਆਪਣਾ ਮੇਲ ਮਿਲਾਇੰਦਾ। ਆਪੇ ਰਾਮਾ ਮੋਹਨ ਰੂਪ ਵਟਾਏ ਮਾਧਵ ਮਾਧ, ਮੁਕੰਦ ਮਨੋਹਰ ਲਖਮੀ ਨਰਾਇਣ ਆਪ ਅਖਵਾਇੰਦਾ। ਆਪੇ ਕਾਹਨਾ ਕ੍ਰਿਸ਼ਨਾ ਆਪਣਾ ਸਾਜਣ ਸਾਜ, ਨਾਮ ਬੰਸਰੀ ਇਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਕਰ ਪਸਾਰਾ, ਖੇਲੇ ਖੇਲ ਅਗੰਮ ਅਪਾਰਾ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਜੁਗਾ ਜੁਗੰਤਰ ਭੇਵ ਖੁਲ੍ਹਾਇਆ, ਹਰਿ ਵੱਡਾ ਵਡ ਵਡਿਆਈਆ। ਸਤਿਜੁਗ ਸਾਚਾ ਮਾਤ ਧਰਾਇਆ, ਆਦਿ ਪੁਰਖ ਸੇਵ ਕਮਾਈਆ। ਸਤਿ ਪੁਰਖ ਨਿਰੰਜਣ ਜੋਤ ਜਗਾਇਆ, ਘਰ ਸਾਚੇ ਸੋਭਾ ਪਾਈਆ। ਸਾਰ ਸ਼ਬਦ ਕਰੇ ਕੁੜਮਾਇਆ, ਏਕਾ ਰੰਗ ਰੰਗਾਈਆ। ਸਚਖੰਡ ਦਵਾਰਾ ਇਕ ਸੁਹਾਏ, ਸਚ ਸਿੰਘਾਸਣ ਆਸਣ ਲਾਈਆ। ਸ਼ਾਹੋ ਭੂਪ ਵਡ ਰਾਜਨ ਰਾਜ ਨਾਉਂ ਧਰਾਏ, ਆਪ ਆਪਣੀ ਦਇਆ ਕਮਾਈਆ। ਦਰ ਦਰਬਾਨ ਹਰਿ ਭਗਵਾਨ ਚੋਬਦਾਰ ਨਾ ਕੋਈ ਰਖਾਏ, ਸੀਸ ਜਗਦੀਸ ਨਾ ਕੋਇ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਖੇਲ ਖਿਲਾਏ, ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ ਖੇਲ ਤਮਾਸ਼ਾ ਮੰਡਲ ਰਾਸਾ, ਜੁਗ ਜੁਗ ਆਪਣੀ ਰਚਨ ਰਚਾਇੰਦਾ। ਪ੍ਰਿਥਮੀ ਆਕਾਸ਼ਾ ਘਟ ਘਟ ਵਾਸਾ, ਪਵਣ ਸਵਾਸਾ ਲੱਖ ਚੁਰਾਸੀ ਆਪ ਚਲਾਇੰਦਾ। ਆਦਿ ਜੁਗਾਦਿ ਨਾ ਕਦੇ ਵਿਨਾਸਾ, ਜਨ ਭਗਤਾਂ ਹੋਏ ਦਾਸੀ ਦਾਸਾ, ਲੇਖਾ ਜਾਣੇ ਦਸ ਦਸ ਮਾਸਾ, ਮਾਤ ਗਰਭ ਵੇਖ ਵਖਾਇੰਦਾ। ਰਵ ਸਸ ਜੋਤ ਪਰਕਾਸ਼ਾ, ਬ੍ਰਹਮਾ ਵਿਸ਼ਨ ਸ਼ਿਵ ਰੱਖਣ ਆਸਾ, ਕਰੋੜ ਤੇਤੀਸਾ ਖਾਲੀ ਕਾਸਾ, ਅੰਮ੍ਰਿਤ ਆਪਣਾ ਜਾਮ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਦਰ ਸਾਚਾ ਹਰਿ ਕਿਰਪਾ ਕਰ, ਆਪੇ ਆਪ ਸੁਹਾਇੰਦਾ। ਕਿਰਪਾ ਨਿਧ ਗਹਿਰ ਗੁਣ ਸਾਗਰ, ਸਤਿਗੁਰ ਪੁਰਖ ਆਪ ਅਖਵਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਨਿਰਮਲ ਕਰਮ ਕਰੇ ਉਜਾਗਰ, ਕਲਜੁਗ ਵੇਲਾ ਅੰਤਮ ਆਇੰਦਾ। ਗੁਰਮੁਖਾਂ ਦੇਵੇ ਨਾਮ ਰੱਤੀ ਰਤਨਾਗਰ, ਸਾਚੇ ਕੰਡੇ ਤੋਲ ਤੁਲਾਇੰਦਾ। ਲੱਖ ਚੁਰਾਸੀ ਜੂਠ ਝੂਠ ਕਰਿਆ ਵਣਜ ਸੌਦਾਗਰ, ਸਾਚਾ ਵਣਜ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਡੰਕਾ ਨਾਮ ਵਜਾਇੰਦਾ। ਸਾਚਾ ਡੰਕਾ ਹਰਿ ਭਗਵਾਨ, ਏਕਾ ਏਕ ਵਜਾਈਆ। ਲੋਆਂ ਪੁਰੀਆਂ ਵੇਖੇ ਮਾਰ ਧਿਆਨ, ਬ੍ਰਹਿਮੰਡ ਖੰਡ ਫੇਰਾ ਪਾਈਆ। ਆਦਿ ਜੁਗਾਦੀ ਨੌਜਵਾਨ, ਨਾ ਮਰੇ ਨਾ ਜਾਈਆ। ਨਵ ਸਤ ਖੇਲ ਸ੍ਰੀ ਭਗਵਾਨ, ਜੇਰਜ ਅੰਡ ਫੋਲ ਫੁਲਾਈਆ। ਹਰਿਜਨ ਸਾਚੇ ਦੇਵੇ ਮਾਣ, ਘਰ ਮੇਲਾ ਸਹਿਜ ਸੁਭਾਈਆ। ਸਖੀਆਂ ਮੇਲਾ ਗੋਪੀ ਕਾਹਨ, ਮੰਡਲ ਰਾਸ ਇਕ ਰਚਾਈਆ। ਮਨਮੁਖਾਂ ਮਾਰੇ ਏਕਾ ਬਾਣ, ਤਿਖੀ ਧਾਰ ਆਪ ਰਖਾਈਆ। ਜੋ ਜਨ ਹਿਰਦੇ ਹਰਿ ਹਰਿ ਗਾਣ, ਅੰਤਰ ਮੇਲਾ ਮੇਲ ਮਿਲਾਈਆ। ਏਕਾ ਬਖ਼ਸ਼ੇ ਪਦ ਨਿਰਬਾਨ, ਘਰ ਚੌਥਾ ਆਪ ਸੁਹਾਈਆ। ਤੀਜੇ ਨੇਤਰ ਇਕ ਗਿਆਨ, ਦਿਬ ਨੇਤਰ ਵੇਖ ਵਖਾਈਆ। ਏਕਾ ਦੂਜਾ ਚੁੱਕੇ ਕਾਣ, ਹਉਮੇ ਹੰਗਤਾ ਰਹਿਣ ਨਾ ਪਾਈਆ। ਸਤਿ ਸਤਿਵਾਦੀ ਦੇਵੇ ਮਾਣ, ਦਰ ਸਾਚਾ ਇਕ ਵਖਾਈਆ। ਹੋਏ ਪਰਕਾਸ਼ ਕੋਟਨ ਭਾਨ, ਅੰਧ ਅੰਧੇਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਉਠਾਈਆ। ਹਰਿਜਨ ਸਾਚੇ ਸ਼ਬਦ ਵਿਚੋਲਾ, ਗੁਰ ਸਤਿਗੁਰ ਨਾਉਂ ਧਰਾਇਆ। ਏਕੰਕਾਰ ਏਕਾ ਅੱਖਰ ਆਪੇ ਬੋਲਾ, ਸੋ ਪੁਰਖ ਨਿਰੰਜਣ ਤਾਲ ਵਜਾਇਆ। ਹੰ ਬ੍ਰਹਮ ਸਾਚੇ ਕੰਡੇ ਤੋਲਾ, ਤੋਲਣਹਾਰਾ ਦਿਸ ਨਾ ਆਇਆ। ਘਟ ਘਟ ਅੰਦਰ ਆਪੇ ਮੌਲਾ, ਰੂਪ ਅਨੂਪਾ ਆਪ ਵਟਾਇਆ। ਲੇਖਾ ਜਾਣੇ ਧਰਨੀ ਧਰਤ ਧਵਲਾ, ਜ਼ਿਮੀ ਅਸਮਾਨਾਂ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਸ ਵਟਾਇਆ। ਕਲਜੁਗ ਅੰਤਮ ਵੇਸ ਅਵੱਲਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਪਾਵੇ ਸਾਰ ਰਾਣੀ ਅੱਲਾ, ਚੌਦਾਂ ਤਬਕਾਂ ਵੇਖ ਵਖਾਈਆ। ਸੰਗ ਮੁਹੰਮਦ ਚਾਰ ਯਾਰ ਗਿਆ ਛੱਲਾ, ਅਛਲ ਛਲ ਆਪਣਾ ਖੇਲ ਖਿਲਾਈਆ। ਈਸਾ ਮੂਸਾ ਹੋਇਆ ਝੱਲਾ, ਚਾਰੋਂ ਕੁੰਟ ਦਏ ਦੁਹਾਈਆ। ਬਿਸਮਲ ਰੂਪ ਬਿਸਮਿੱਲਾ, ਹਰਿ ਸਾਚਾ ਵੇਖ ਵਖਾਈਆ। ਤਨ ਛੁਹਾਏ ਬਸਤਰ ਨੀਲਾ, ਨੀਲੇ ਵਾਲਾ ਬੇਪਰਵਾਹੀਆ। ਰਸਨਾ ਪਕੜੇ ਸਾਚਾ ਚਿੱਲਾ, ਸਚ ਕਮਾਨ ਖਿਚਾਈਆ। ਨਵ ਖੰਡ ਸੱਤ ਦੀਪ ਡੇਰਾ ਮੱਲਾ, ਧੀਰਜ ਧੀਰ ਨਾ ਕੋਇ ਧਰਾਈਆ। ਕੋਈ ਨਾ ਦਿਸੇ ਕਿਲਾ ਕੋਟ ਉਚਾ ਮੰਦਰ ਟਿੱਲਾ, ਚਾਰ ਦੀਵਾਰੀ ਦਿਸ ਨਾ ਆਈਆ। ਪਾਵੇ ਸਾਰ ਕੱਕਾ ਬਿੱਲਾ, ਪਾਰਬ੍ਰਹਮ ਵੇਸ ਵਟਾਈਆ। ਜਨ ਭਗਤਾਂ ਅੰਦਰੇ ਅੰਦਰ ਮਿਲਾ, ਜੋਤੀ ਜੋਤ ਜੋਤ ਰੁਸ਼ਨਾਈਆ। ਕਵਲ ਨਾਭੀ ਫੁਲ ਖਿਲਾ, ਫੁਲ ਫੁਲਵਾੜੀ ਆਪ ਮਹਿਕਾਈਆ। ਬਜਰ ਕਪਾਟੀ ਤੋੜੇ ਸਿਲਾ, ਸ਼ਬਦ ਅਗੰਮੀ ਚੋਟ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਾਚੇ ਦਰ, ਹਰਖ ਸੋਗ ਨਾ ਕੋਇ ਜਣਾਈਆ। ਹਰਖ ਸੋਗ ਤੁਟੇ ਨਾਤਾ, ਜਿਸ ਜਨ ਸਤਿਗੁਰ ਸੱਚਾ ਪਾਇਆ। ਚਰਨ ਕਵਲ ਬੰਧਾਏ ਸਾਚਾ ਨਾਤਾ, ਵਿਛੜ ਕਦੇ ਨਾ ਜਾਇਆ। ਆਪ ਸੁਣਾਏ ਸਾਚੀ ਗਾਥਾ, ਏਕਾ ਮੰਤਰ ਨਾਮ ਦ੍ਰਿੜਾਇਆ। ਲਹਿਣਾ ਦੇਣਾ ਚੁੱਕੇ ਤੀਰਥ ਤਾਟਾ, ਸਰ ਸਰੋਵਰ ਇਕ ਨਹਾਇਆ। ਪੂਰਬ ਜਨਮਾਂ ਕਰੇ ਪੂਰਾ ਘਾਟਾ, ਅਗਲਾ ਲੇਖਾ ਲੇਖ ਬਣਾਇਆ। ਇਕ ਜਣਾਈ ਪੂਜਾ ਪਾਠਾ, ਇਸ਼ਟ ਦੇਵ ਇਕ ਵਖਾਇਆ। ਏਕਾ ਜੋਤ ਨਿਰਗੁਣ ਜਗੇ ਲਲਾਟਾ, ਅਗਿਆਨ ਅੰਧੇਰ ਗਵਾਇਆ। ਏਕਾ ਪੀਣਾ ਏਕਾ ਖਾਣਾ, ਏਕਾ ਰੂਪ ਨਜ਼ਰੀ ਆਇਆ। ਏਕਾ ਅੰਮ੍ਰਿਤ ਏਕਾ ਬਾਟਾ, ਏਕਾ ਜਾਮ ਪਿਆਇਆ। ਏਕਾ ਪੁਰਖ ਪੁਰਖ ਅਬਿਨਾਸ਼ਾ, ਏਕਾ ਸਾਚੇ ਮੇਲ ਮਿਲਾਇਆ। ਜਨ ਭਗਤਾਂ ਹੋਏ ਦਾਸੀ ਦਾਸਾ, ਜੁਗ ਜੁਗ ਆਪਣਾ ਬਿਰਧ ਧਰਾਇਆ। ਨਿਜ ਆਤਮ ਰਖੇ ਸਦਾ ਵਾਸਾ, ਨਿਰਗੁਣ ਸਰਗੁਣ ਵੇਖ ਵਖਾਇਆ। ਜੋ ਜਨ ਗਾਏ ਸਵਾਸ ਸਵਾਸਾ, ਸੋਹੰ ਰੂਪ ਆਪ ਬਣ ਜਾਇਆ। ਹੰ ਬ੍ਰਹਮ ਹਰਿ ਖੇਲ ਤਮਾਸ਼ਾ, ਸੋ ਪੁਰਖ ਨਿਰੰਜਣ ਵੇਖਣ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਇਆ। ਨਰ ਨਰਾਇਣ ਪੁਰਖ ਅਕਾਲ, ਏਕਾ ਏਕ ਅਖਵਾਇੰਦਾ। ਪਰਗਟ ਹੋਇਆ ਦੀਨ ਦਿਆਲ, ਲੋਕਮਾਤ ਵੇਸ ਵਟਾਇੰਦਾ। ਚਰਨ ਦਵਾਰ ਕਾਲ ਮਹਾਂਕਾਲ, ਹੁਕਮੀ ਹੁਕਮ ਫਿਰਾਇੰਦਾ। ਸ਼ਬਦ ਸਰੂਪੀ ਬਣ ਦਲਾਲ, ਹਰਿਜਨ ਸਾਚੇ ਆਪ ਉਠਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਜੋ ਜਨ ਘਾਲਨ ਗਏ ਘਾਲ, ਕਲਜੁਗ ਅੰਤਮ ਮੇਲ ਮਿਲਾਇੰਦਾ। ਕਾਇਆ ਮੰਦਰ ਵੇਖੇ ਸਾਚੀ ਧਰਮਸਾਲ, ਸ਼ਬਦ ਅਨਾਦੀ ਸੰਗ ਰਲਾਇੰਦਾ। ਆਪਣਾ ਦੀਪਕ ਆਪੇ ਬਾਲ, ਜੋਤੀ ਨੂਰ ਡਗਮਗਾਇੰਦਾ। ਸੁਰਤ ਸਵਾਣੀ ਕਰੇ ਸੰਭਾਲ, ਸ਼ਬਦੀ ਲੜ ਬੰਧਾਇੰਦਾ। ਉਚੇ ਮੰਦਰ ਮਾਰ ਛਾਲ, ਆਪਣਾ ਪੰਧ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲੇਖ ਲਿਖਾਇੰਦਾ। ਹਰਿਜਨ ਸਾਚੇ ਪਾਇਆ, ਹਰਿ ਸੱਜਣ ਮੀਤ ਮੁਰਾਰ। ਏਕਾ ਦੂਜਾ ਭੌ ਗਵਾਇਆ, ਵਿਸਰਿਆ ਸੰਸਾਰ। ਤੀਜਾ ਨੇਤਰ ਇਕ ਖੁਲ੍ਹਾਇਆ, ਖੁਲ੍ਹਿਆ ਬੰਦ ਕਿਵਾੜ। ਚੌਥੇ ਪਦ ਡੇਰਾ ਲਾਇਆ, ਵਾ ਨਾ ਲਗੇ ਤੱਤੀ ਹਾੜ। ਪੰਚਮ ਮੇਲਾ ਸਹਿਜ ਸੁਭਾਇਆ, ਪਾਇਆ ਪੁਰਖ ਪੁਰਖ ਕਰਤਾਰ। ਛੇਵਾਂ ਮੰਦਰ ਇਕ ਸੁਹਾਇਆ, ਛੱਪਰ ਛੰਨ ਨਾ ਕੋਇ ਦੀਵਾਰ। ਸੱਤਵਾਂ ਸਤਿ ਸਤਿਵਾਦੀ ਨਜ਼ਰੀ ਆਇਆ, ਨਿਰਗੁਣ ਰੂਪ ਆਪ ਨਿਰੰਕਾਰ। ਅੱਠਾਂ ਤੱਤਾਂ ਜੋੜ ਜੁੜਾਇਆ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਦਏ ਆਧਾਰ। ਨੌ ਦਰ ਲੱਖ ਚੁਰਾਸੀ ਖੋਜ ਖੁਜਾਇਆ, ਬਿਨ ਸਤਿਗੁਰ ਕੋਇ ਨਾ ਉਤਰੇ ਪਾਰ। ਦਸਮ ਦਵਾਰੀ ਡੇਰਾ ਲਾਇਆ, ਪੁਰਖ ਅਬਿਨਾਸ਼ੀ ਮੀਤ ਮੁਰਾਰ। ਸੰਤ ਸੁਹੇਲੇ ਲਏ ਮਿਲਾਇਆ, ਫੜ ਫੜ ਬਾਂਹੋਂ ਜਾਏ ਤਾਰ। ਗੁਰ ਚੇਲੇ ਵੇਖ ਵਖਾਇਆ, ਅੰਦਰ ਮੰਦਰ ਪਾਵੇ ਸਾਰ ਗੁਪਤ ਜ਼ਾਹਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਕਰ ਉਜਿਆਰ। ਨਿਰਗੁਣ ਜੋਤ ਨੂਰ ਉਜਿਆਰ, ਹਰਿ ਸਾਚਾ ਆਪ ਕਰਾਇੰਦਾ। ਪਰਗਟ ਹੋ ਵਿਚ ਸੰਸਾਰ, ਸਵੈਮ ਆਪਣਾ ਰੂਪ ਵਟਾਇੰਦਾ। ਹੰ ਬ੍ਰਹਮ ਪਾਵੇ ਸਾਰ, ਪਾਰਬ੍ਰਹਮ ਵੇਖ ਵਖਾਇੰਦਾ। ਅਗੰਮ ਅਗੰਮੜਾ ਅਗੰਮੜੀ ਕਾਰ, ਹੱਡ ਮਾਸ ਨਾੜੀ ਚਮੜਾ ਨਾ ਕੋਇ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਖੰਡਾ ਵਿਚ ਬ੍ਰਹਿਮੰਡਾਂ ਆਪਣਾ ਆਪ ਚਮਕਾਇੰਦਾ। ਸਾਚਾ ਖੰਡਾ ਨਾਮ ਕਟਾਰ, ਸੋ ਪੁਰਖ ਨਿਰੰਜਣ ਹੱਥ ਉਠਾਈਆ। ਹਰਿ ਪੁਰਖ ਨਿਰੰਜਣ ਰੱਖੇ ਤਿਖੀ ਧਾਰ, ਦੋ ਜਹਾਨਾਂ ਵੇਖ ਵਖਾਈਆ । ਏਕੰਕਾਰਾ ਰਿਹਾ ਲਲਕਾਰ, ਆਪਣਾ ਹੁਕਮ ਸੁਣਾਈਆ। ਆਦਿ ਨਿਰੰਜਣ ਹੋ ਤਿਆਰ, ਦੀਵਾ ਬਾਤੀ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਖ਼ਬਰਦਾਰ, ਸਾਲਸ ਸਾਲਸੀ ਰਿਹਾ ਕਮਾਈਆ। ਪੁਰਖ ਅਬਿਨਾਸ਼ੀ ਤੋੜੇ ਗੜ੍ਹ ਹੰਕਾਰ, ਹੰਕਾਰੀ ਗੜ੍ਹ ਰਹਿਣ ਨਾ ਪਾਈਆ। ਪਾਰਬ੍ਰਹਮ ਕਰੇ ਵਿਚਾਰ, ਘਟ ਘਟ ਬੈਠਾ ਆਸਣ ਲਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰਨ ਪੁਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਚਾਰੋਂ ਕੁੰਟ ਧੂੰਆਂਧਾਰ, ਕਿੰਨਰ ਯੱਸ਼ਪ ਦਏ ਦੁਹਾਈਆ। ਗਣ ਗੰਧਰਬ ਨਾ ਗਾਇਣ ਆਪਣੀ ਵਾਰ, ਰਾਗ ਨਾਦ ਨਾ ਕੋਇ ਸੁਣਾਈਆ। ਤ੍ਰੈਗੁਣ ਮਾਇਆ ਜਗਤ ਅਧਾਰ, ਪੰਚਮ ਮੋਹ ਕਰੇ ਲੜਾਈਆ। ਘਰ ਘਰ ਅੰਦਰ ਖੇਲ ਅਪਾਰ, ਕਲਜੁਗ ਕੂੜਾ ਰਿਹਾ ਕਰਾਈਆ। ਸਤਿਨਾਮ ਨਾ ਕੋਇ ਜੈਕਾਰ, ਸਾਚੀ ਸਿਖਿਆ ਨਾ ਸਿਖ ਸਮਝਾਈਆ। ਗਾ ਗਾ ਥੱਕਾ ਸਰਬ ਸੰਸਾਰ, ਗੀਤ ਗੋਬਿੰਦ ਨਾ ਕੋਇ ਅਲਾਈਆ। ਨੌ ਖੰਡ ਪ੍ਰਿਥਮੀ ਨਾਰ ਵਿਭਚਾਰ, ਹਰਿ ਕੰਤ ਨਾ ਕੋਇ ਹੰਢਾਈਆ। ਝੂਠੀ ਰੈਣ ਸੁੱਤੀ ਪੈਰ ਪਸਾਰ, ਲੋਕਮਾਤ ਨਾ ਲਏ ਅੰਗੜਾਈਆ। ਕਰਵਟ ਬਦਲੇ ਨਾ ਪੁਰਖ ਕਰਤਾਰ, ਨਾ ਦੇਵੇ ਸਚ ਸਲਾਹੀਆ। ਝੂਠਾ ਹੱਟ ਕਰੇ ਵਣਜਾਰ , ਮਾਇਆ ਮਮਤਾ ਮੋਹ ਤੁਲਾਈਆ। ਕਾਮ ਕਰੋਧ ਕਰ ਪਿਆਰ, ਸ਼ਾਹ ਸੁਲਤਾਨ ਗੂੜ੍ਹੀ ਨੀਂਦ ਸਵਾਈਆ। ਸਾਧਾਂ ਸੰਤਾਂ ਆਈ ਹਾਰ, ਹਰਿ ਕੇ ਪੌੜੇ ਨਾ ਕੋਇ ਚੜ੍ਹਾਈਆ। ਤੀਰਥ ਤਟ ਹੋਇਣ ਖਵਾਰ, ਗੰਗਾ ਗੋਦਾਵਰੀ ਸੁਰਸਤੀ ਰਹੀ ਨੈਣ ਸ਼ਰਮਾਈਆ। ਅਠਸਠ ਰੋਵੇ ਜ਼ਾਰੋ ਜ਼ਾਰ, ਕਲਜੁਗ ਅੰਤਮ ਕੂਕੇ ਦਏ ਦੁਹਾਈਆ। ਸਤਿ ਸੰਤੋਖ ਗਿਆ ਪੁਰਸ਼ ਨਾਰ, ਜੀਵ ਜੰਤ ਨੰਗੇ ਤਾਰੀਆਂ ਰਹੇ ਲਾਈਆ। ਅੰਗੀ ਅੰਗ ਕੋਇ ਨਾ ਕਰੇ ਅੰਗੀਕਾਰ, ਅੰਗ ਅੰਗ ਰਹੇ ਕਟਾਈਆ। ਮੰਗਣ ਮੰਗ ਹਰਿ ਦਵਾਰ, ਰਿਖੀ ਕੇਸ਼ ਵੇਖ ਵਖਾਈਆ। ਦਰ ਦਰਵੇਸ਼ ਆਪ ਨਰ ਨਿਰੰਕਾਰ, ਆਪ ਆਪਣਾ ਵੇਸ ਧਰਾਈਆ। ਬ੍ਰਹਮਾ ਵਿਸ਼ਨ ਸ਼ਿਵ ਮਹੇਸ਼ ਗਣੇਸ਼ ਗਣਪਤ ਤੇਰੀ ਸੁਣ ਪੁਕਾਰ, ਅਸ਼ਟਭੁਜ ਤੇਰਾ ਹੋਏ ਆਪ ਸਹਾਈਆ। ਰਵ ਸਸ ਦਏ ਅਧਾਰ, ਜੋ ਬੈਠੇ ਰਾਹ ਤਕਾਈਆ। ਸੰਤ ਸੁਹੇਲੇ ਲਾਏ ਪਾਰ, ਜੋ ਦਿਵਸ ਰੈਣ ਰਹੇ ਧਿਆਈਆ। ਆਪੇ ਮੇਲੇ ਆਪਣੀ ਵਾਰ, ਮੇਲਣਹਾਰਾ ਆਪ ਅਖਵਾਈਆ। ਸੱਜਣ ਸੁਹੇਲੇ ਕਰ ਉਜਿਆਰ, ਗੁਰ ਚੇਲੇ ਨਾਉਂ ਧਰਾਈਆ। ਭਗਤਾਂ ਭਰੇ ਭਗਤੀ ਨਾਮ ਭੰਡਾਰ, ਸਾਚੀ ਵਸਤ ਝੋਲੀ ਪਾਈਆ। ਆਦਿ ਸ਼ਕਤ ਰੂਪ ਕਰਤਾਰ, ਜੋਤ ਜਵਾਲਾ ਵੇਖ ਵਖਾਈਆ। ਪੁਰਖ ਅਕਾਲਾ ਸਾਂਝਾ ਯਾਰ, ਅਜੂਨੀ ਰਹਿਤ ਭੇਵ ਨਾ ਆਈਆ। ਨਿਰਭੈ ਵਰਤੇ ਹੋ ਵਿਚ ਸੰਸਾਰ, ਨਿਹਕਲੰਕਾ ਨਾਉਂ ਰਖਾਈਆ। ਵੱਜੇ ਡੰਕਾ ਦੋਹਰੀ ਧਾਰ, ਨੌ ਖੰਡ ਆਪ ਸੁਣਾਈਆ। ਭੇਖ ਪਾਖੰਡਾ ਦਏ ਨਵਾਰ, ਕੂੜੀ ਕਿਰਿਆ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਾਗਰਤ ਜੋਤ ਜੋਤ ਉਜਾਲਾ, ਹਰਿ ਸਾਚਾ ਆਪ ਕਰਾਇੰਦਾ। ਜਨ ਭਗਤਾਂ ਬਣੇ ਸਦ ਰਖਵਾਲਾ, ਜੁਗ ਜੁਗ ਸੇਵ ਕਮਾਇੰਦਾ। ਏਕਾ ਸ਼ਬਦ ਪਹਿਨਾਏ ਤਨ ਸਾਚੀ ਮਾਲਾ, ਤਨ ਬਸਤਰ ਆਪ ਸੁਹਾਇੰਦਾ। ਕੋਟਨ ਕੋਟ ਵਿਚੋਂ ਗੁਰਮੁਖ ਇਕੋ ਭਾਲਾ, ਸਿੰਘ ਪਾਲਾ ਨਾਮ ਧਰਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪੇ ਬਣਿਆ ਮਾਤ ਦਲਾਲਾ, ਆਪ ਆਪਣੀ ਸੇਵ ਕਮਾਇੰਦਾ। ਪੂਰਾ ਕਰਣਹਾਰਾ ਪਿਛਲਾ ਹਾਲਾ, ਲਹਿਣਾ ਦੇਣਾ ਝੋਲੀ ਪਾਇੰਦਾ। ਜਗਤ ਜੀਵਾਂ ਦਿਸੇ ਜਗਤ ਕੰਗਾਲਾ, ਨਾਮ ਧੰਨ ਕਿਸੇ ਦਿਸ ਨਾ ਆਇੰਦਾ। ਫੁਲ ਲਗਾਇਆ ਸਾਚਾ ਡਾਲ੍ਹਾ, ਤ੍ਰੈ ਤ੍ਰੈ ਵੇਖ ਵਖਾਇੰਦਾ। ਤ੍ਰੈ ਸੁੱਤ ਬਣਾਈ ਆਪਣੀ ਮਾਲਾ, ਮਨ ਕਾ ਮਣਕਾ ਨਾਲ ਫਿਰਾਇੰਦਾ। ਤੋੜਨਹਾਰਾ ਜਗਤ ਜੰਜਾਲਾ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚੇ ਆਪ ਸੁਹਾਇੰਦਾ। ਦਰ ਘਰ ਸਾਚੇ ਸੋਭਾਵੰਤ, ਹਰਿ ਪੁਰਖ ਨਿਰੰਜਣ ਵੱਜੀ ਵਧਾਈਆ। ਘਰ ਘਰ ਮੇਲਾ ਸਾਚੇ ਕੰਤ, ਗੁਰਮੁਖ ਨਾਰੀ ਖ਼ੁਸ਼ੀ ਮਨਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਆਦਿ ਜੁਗਾਦਿ ਮਹਿਮਾ ਅਗਣਤ, ਬ੍ਰਹਮਾ ਵੇਦ ਭੇਵ ਨਾ ਰਾਈਆ। ਲੇਖਾ ਜਾਣੇ ਸਾਚੇ ਸੰਤ, ਸਤਿ ਸਤਿਵਾਦੀ ਆਪ ਲਿਖਾਈਆ। ਜਿਸ ਜਨ ਤੋੜੇ ਗੜ੍ਹ ਹਉਮੇ ਹੰਗਤ, ਸਾਚੀ ਸੰਗਤ ਮੇਲ ਮਿਲਾਈਆ। ਜਿਉਂ ਨਾਨਕ ਲੇਖਾ ਜਾਣੇ ਅੰਗਦ, ਅੰਗੀਕਾਰ ਕਰੇ ਰਘੁਰਾਈਆ। ਗੁਰਮੁਖ ਗੁਰਸਿਖ ਦੂਜੇ ਦਰ ਨਾ ਹੋਏ ਮੰਗਤ, ਜਿਸ ਸਿਰ ਸਮਰਥ ਹੱਥ ਟਿਕਾਈਆ। ਆਪੇ ਕੱਟੇ ਭੁੱਖ ਨੰਗਤ, ਜਗਤ ਤ੍ਰਿਸਨਾ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਾਕਾਰ ਸਰਗੁਣ ਧਾਰ, ਨਿਰਗੁਣ ਰੂਪ ਆਪ ਵਟਾਈਆ। ਨਿਰਗੁਣ ਸਰਗੁਣ ਸਾਚਾ ਖੇਲ, ਹਰਿ ਸਤਿਗੁਰ ਆਪ ਕਰਾਇੰਦਾ। ਜੁਗਾਂ ਜੁਗਾਂ ਵਿਛੜੇ ਮੇਲ, ਹਰਿ ਸਾਚੇ ਆਪ ਮਿਲਾਇੰਦਾ। ਜੋਤ ਨਿਰੰਜਣ ਚਾੜ੍ਹੇ ਤੇਲ, ਸਾਚੀ ਸਖੀਆਂ ਮੰਗਲ ਗਾਇੰਦਾ । ਵਸਣਹਾਰਾ ਰੰਗ ਨਵੇਲ, ਨਿਝ ਆਤਮ ਡੇਰਾ ਲਾਇੰਦਾ। ਧਰਮ ਰਾਏ ਦੀ ਕੱਟੇ ਜੇਲ, ਚਿਤਰ ਗੁਪਤ ਨਾ ਹਿਸਾਬ ਵਖਾਇੰਦਾ। ਅਚਰਜ ਖੇਲ ਪਾਰਬ੍ਰਹਮ ਪ੍ਰਭ ਰਿਹਾ ਖੇਲ, ਕਲਜੁਗ ਜੀਵਾਂ ਨੇਤਰ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਸਾਚਾ ਖੇਲ ਏਕਾ ਗੁਰ, ਏਕਾ ਸ਼ਬਦ ਜਣਾਈਆ। ਲੇਖਾ ਜਾਣੇ ਲਿਖਿਆ ਧੁਰ, ਧੁਰ ਸੰਜੋਗੀ ਵਡ ਵਡਿਆਈਆ। ਸ਼ਬਦ ਚੜ੍ਹਾਏ ਸਾਚੇ ਘੋੜ, ਨਾਮ ਘੋੜਾ ਇਕ ਦੌੜਾਈਆ। ਦੋ ਜਹਾਨਾਂ ਲਾਏ ਏਕਾ ਪੌੜ, ਅਧਵਿਚਕਾਰ ਨਾ ਕੋਇ ਅਟਕਾਈਆ। ਗੁਰਮੁਖਾਂ ਆਪੇ ਜਾਏ ਬੌਹੜ, ਹਰਿ ਭਗਤਾਂ ਹੋਏ ਸਹਾਈਆ। ਜਗਤ ਤ੍ਰਿਸਨਾ ਬੁਝਾਏ ਅੱਗ ਲਗੀ ਔੜ, ਅੰਮ੍ਰਿਤ ਮੇਘ ਇਕ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਜਣ ਪਹਿਲੋਂ ਪਾਰ ਉਤਾਰ, ਲੱਖ ਚੁਰਾਸੀ ਕਰੇ ਫਿਰ ਖਵਾਰ, ਚਾਰੋਂ ਕੁੰਟ ਪਏ ਦੁਹਾਈਆ। ਚਾਰੋਂ ਕੁੰਟ ਹਾਹਾਕਾਰ, ਹਰਿ ਹਰਿ ਆਪ ਕਰਾਇੰਦਾ। ਹਰੀ ਹਰਿ ਹਰਿ ਭੇਵ ਨਿਆਰ, ਹਰਿ ਹਰੀ ਭੇਵ ਕੋਇ ਨਾ ਪਾਇੰਦਾ। ਹਰੀ ਹਰਿ ਲਿਖੇ ਲੇਖ ਵਿਚ ਸੰਸਾਰ, ਹਰਿ ਹਰੀ ਦਿਸ ਨਾ ਆਇੰਦਾ। ਹਰੀ ਹਰਿ ਜੋਤ ਉਜਿਆਰ, ਹਰਿ ਹਰੀ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਮੰਡਲ ਰਾਸ ਰਚਾਇੰਦਾ। ਮੰਡਲ ਰਾਸ ਸ਼ਾਹੋ ਸ਼ਬਾਸ਼, ਸਾਚੇ ਤਖ਼ਤ ਰਚਾਈਆ। ਸਚਖੰਡ ਦਵਾਰੇ ਪੁਰਖ ਅਬਿਨਾਸ਼, ਨਿਰਗੁਣ ਆਪਣਾ ਨਾਚ ਨਚਾਈਆ। ਖੇਲੇ ਖੇਲ ਸਰਬ ਗੁਣਤਾਸ, ਗੁਣਵੰਤਾ ਗੁਣ ਕਹਿਣ ਨਾ ਜਾਈਆ। ਜੁਗ ਜੁਗ ਜਨ ਭਗਤਾਂ ਕਰੇ ਪੂਰੀ ਆਸ, ਆਸ ਨਿਰਾਸਾ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪ ਅਖਵਾਈਆ। ਨਰ ਹਰਿ ਨਰਾਇਣ ਏਕਾ ਏਕਉਂਕਾਰਿਆ। ਹਰਿਜਨ ਦਰਸ਼ਨ ਕਰਾਏ ਏਕਾ ਨੈਣ, ਏਕਾ ਨੂਰ ਕਰ ਉਜਿਆਰਿਆ। ਸੰਤ ਕੰਤ ਭਗਤ ਭਗਵੰਤ ਏਕਾ ਧਾਮ ਇਕੱਠੇ ਬਹਿਣ, ਏਕਾ ਮੰਦਰ ਰਾਮ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਮਾਤ ਧਰ, ਜੋਤੀ ਜਾਮਾ ਭੇਖ ਅਪਾਰਿਆ। ਜੋਤੀ ਜਾਮਾ ਭੇਖ ਕਰਤਾਰ, ਕਲਜੁਗ ਅੰਤਮ ਆਪ ਵਰਤਾਇਆ। ਖੜਗ ਖੰਡਾ ਤੇਜ਼ ਕਟਾਰ, ਸ਼ਬਦ ਚੰਡ ਪਰਚੰਡ ਉਠਾਇਆ। ਪਾਏ ਵੰਡ ਸਰਬ ਸੰਸਾਰ, ਸੰਮਤ ਸੋਲਾਂ ਵੇਸ ਵਟਾਇਆ। ਭੇਖ ਪਾਖੰਡਾਂ ਕਰੇ ਖੁਆਰ, ਜੂਠ ਝੂਠ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਗੁਰਮੁਖ ਗੁਰਮੁਖ ਲੇਖੇ ਲਾਇਆ।