੨੦ ਕੱਤਕ ੨੦੧੬ ਬਿਕ੍ਰਮੀ ਪ੍ਰੀਤਮ ਸਿੰਘ ਦੇ ਘਰ ਝੰਡੇਰ ਜ਼ਿਲਾ ਜਲੰਧਰ
ਸੋ ਪੁਰਖ ਨਿਰੰਜਣ ਹਰਿ ਮਿਹਰਵਾਨ, ਅਕਲ ਕਲਾ ਅਖਵਾਈਆ। ਹਰਿ ਪੁਰਖ ਨਿਰੰਜਣ ਵਡ ਬਲਵਾਨ, ਭੇਵ ਕੋਇ ਨਾ ਪਾਈਆ। ਏਕੰਕਾਰਾ ਖੇਲ ਮਹਾਨ, ਆਪਣੀ ਖੇਲ ਖਿਲਾਈਆ। ਆਦਿ ਨਿਰੰਜਣ ਜੋਤ ਮਹਾਨ, ਆਦਿ ਜੁਗਾਦੀ ਡਗਮਗਾਈਆ। ਪੁਰਖ ਅਬਿਨਾਸ਼ੀ ਇਕ ਵਖਾਏ ਸਚ ਨਿਸ਼ਾਨ, ਸਾਚਾ ਆਪ ਝੁਲਾਈਆ। ਸ੍ਰੀ ਭਗਵਾਨ, ਦੇਵੇ ਦਾਨ, ਆਪਣੇ ਹੱਥ ਰੱਖੇ ਵਡਿਆਈਆ। ਪਾਰਬ੍ਰਹਮ ਗੁਣ ਨਿਧਾਨ, ਗੁਣਵੰਤਾ ਇਕ ਅਖਵਾਈਆ। ਬ੍ਰਹਮ ਰੂਪ ਹੋ ਪਰਧਾਨ, ਆਪ ਆਪਣੀ ਰਚਨ ਰਚਾਈਆ। ਵਿਸ਼ਨੂੰ ਵੰਸਾ ਦੇਵੇ ਮਾਣ, ਆਪਣਾ ਰੂਪ ਵਟਾਈਆ। ਬ੍ਰਹਮਾ ਵੇਤਾ ਇਕ ਧਿਆਨ, ਏਕਾ ਸਚ ਸਰਨਾਈਆ। ਸ਼ੰਕਰ ਮੇਲਾ ਦੋ ਜਹਾਨ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਸ਼ੰਕਰ ਮੇਲਾ ਸੋ ਪੁਰਖ ਨਿਰੰਜਣ, ਹਰਿ ਸਾਚਾ ਆਪ ਕਰਾਇੰਦਾ । ਬ੍ਰਹਮਾ ਭਿਖਕ ਹਰਿ ਪੁਰਖ ਨਿਰੰਜਣ, ਸਾਚੀ ਭਿਛਿਆ ਝੋਲੀ ਪਾਇੰਦਾ। ਵਿਸ਼ਨੂੰ ਚੇਲਾ ਏਕੰਕਾਰਾ ਹਾਰਾ ਰੱਖਣ, ਸਿਰ ਆਪਣਾ ਹੱਥ ਟਿਕਾਇੰਦਾ। ਆਦਿ ਨਿਰੰਜਣ ਬ੍ਰਹਮ ਪਾਰਬ੍ਰਹਮ ਧਾਮ ਏਕਾ ਵਸਣ, ਸਚ ਮਹੱਲਾ ਇਕ ਸੁਹਾਇੰਦਾ। ਸ੍ਰੀ ਭਗਵਾਨ ਆਪੇ ਜਾਣੇ ਆਪਣੇ ਲੱਛਣ, ਪੁਰਖ ਅਬਿਨਾਸ਼ੀ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਿਲਾਇੰਦਾ। ਸੋ ਪੁਰਖ ਨਿਰੰਜਣ ਹੋ ਪਰਧਾਨ, ਆਪਣਾ ਖੇਲ ਖਿਲਾਇੰਦਾ। ਹਰਿ ਪੁਰਖ ਨਿਰੰਜਣ ਏਕਾ ਮਾਣ, ਏਕਾ ਦਰ ਸੁਹਾਇੰਦਾ। ਏਕੰਕਾਰਾ ਕਰ ਪਛਾਨ, ਆਪ ਆਪਣਾ ਮੇਲ ਮਿਲਾਇੰਦਾ। ਆਦਿ ਨਿਰੰਜਣ ਨਿਗਹਬਾਨ, ਆਪਣਾ ਨੈਣ ਉਠਾਇੰਦਾ। ਪ੍ਰਭ ਅਬਿਨਾਸ਼ੀ ਖੇਲ ਮਹਾਨ, ਸ੍ਰੀ ਭਗਵਾਨ ਆਪ ਕਰਾਇੰਦਾ। ਪਾਰਬ੍ਰਹਮ ਬ੍ਰਹਮ ਦੇਵੇ ਦਾਨ, ਜੀਆ ਦਾਤਾ ਆਪ ਅਖਵਾਇੰਦਾ। ਵਿਸ਼ਨੂੰ ਬਖ਼ਸ਼ੇ ਚਰਨ ਧਿਆਨ, ਬ੍ਰਹਮਾ ਨਿਉਂ ਨਿਉਂ ਸੀਸ ਝੁਕਾਇੰਦਾ। ਸ਼ੰਕਰ ਪਾਏ ਏਕਾ ਆਣ, ਏਕਾ ਕਲਮਾ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਧਾਮ ਸੁਹਾਇੰਦਾ। ਸੋ ਪੁਰਖ ਨਿਰੰਜਣ ਵਸਣਹਾਰਾ ਉਚ ਮਨਾਰ, ਏਕਾ ਰੰਗ ਸਮਾਈਆ। ਹਰਿ ਪੁਰਖ ਨਿਰੰਜਣ ਹੋ ਉਜਿਆਰ, ਦੀਪਕ ਜੋਤ ਕਰੇ ਰੁਸ਼ਨਾਈਆ। ਏਕੰਕਾਰਾ ਆਪ ਆਪਣਾ ਵੇਖ ਪਸਾਰ, ਘਰ ਸਾਚੇ ਖ਼ੁਸ਼ੀ ਮਨਾਈਆ। ਆਦਿ ਨਿਰੰਜਣ ਮੇਟਣਹਾਰਾ ਧੂੰਆਂਧਾਰ, ਘਰ ਸਾਚੇ ਸੋਭਾ ਪਾਈਆ। ਪੁਰਖ ਅਬਿਨਾਸ਼ੀ ਮੀਤ ਮੁਰਾਰ, ਆਪ ਆਪਣਾ ਸੰਗ ਨਿਭਾਈਆ। ਸ੍ਰੀ ਭਗਵਾਨ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਈਆ। ਪਰਬ੍ਰਹਮ ਖੋਲ੍ਹ ਕਿਵਾੜ, ਦਰ ਦਰਵਾਜਾ ਆਪ ਖੁਲ੍ਹਾਈਆ। ਬ੍ਰਹਮ ਰੂਪ ਕਰ ਪਸਾਰ, ਆਪਣੀ ਵੰਡ ਵੰਡਾਈਆ। ਵਿਸ਼ਨੂੰ ਮੰਗੇ ਬਣ ਭਿਖਾਰ, ਅੱਗੇ ਝੋਲੀ ਡਾਹੀਆ। ਬ੍ਰਹਮਾ ਵੇਤਾ ਨਿਉਂ ਨਿਉਂ ਕਰੇ ਨਿਮਸਕਾਰ, ਅੱਠੇ ਨੇਤਰ ਰਹੇ ਸ਼ਰਮਾਈਆ। ਸ਼ੰਕਰ ਵੇਖੇ ਇਕ ਅਖਾੜ, ਹਰਿ ਸਾਚਾ ਆਪ ਲਗਾਈਆ। ਆਪੇ ਵਸੇ ਸਭ ਤੋਂ ਬਾਹਰ, ਸਤਿ ਪੁਰਖ ਨਿਰੰਜਣ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਬੈਠਾ ਆਸਣ ਲਾਈਆ। ਸੋ ਪੁਰਖ ਨਿਰੰਜਣ ਸਚ ਅਟਾਰੀ, ਘਰ ਸਾਚੇ ਸੋਭਾ ਪਾਇੰਦਾ। ਹਰਿ ਪੁਰਖ ਨਿਰੰਜਣ ਜੋਤ ਨਿਰੰਕਾਰੀ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਏਕੰਕਾਰਾ ਮੀਤ ਮੁਰਾਰੀ, ਸਗਲਾ ਸੰਗ ਵਖਾਇੰਦਾ। ਆਦਿ ਨਿਰੰਜਣ ਆਪੇ ਜਾਣੇ ਆਪਣੀ ਕਾਰੀ, ਕਰਨੀ ਕਰਤਾ ਆਪ ਅਖਵਾਇੰਦਾ। ਪੁਰਖ ਅਬਿਨਾਸ਼ੀ ਭੇਵ ਨਿਆਰੀ, ਅਜੂਨੀ ਰਹਿਤ ਵੇਸ ਵਟਾਇੰਦਾ। ਸ੍ਰੀ ਭਗਵਾਨ ਸਾਚੀ ਯਾਰੀ, ਘਰ ਸਾਚੇ ਆਪ ਨਿਭਾਇੰਦਾ। ਪਾਰਬ੍ਰਹਮ ਮੇਲਾ ਪਰਵਰਦਿਗਾਰੀ, ਆਪ ਆਪਣਾ ਖੇਲ ਖਿਲਾਇੰਦਾ। ਬ੍ਰਹਮ ਬ੍ਰਹਮ ਬ੍ਰਹਮ ਕਰ ਉਜਿਆਰੀ, ਸਾਚਾ ਸਗਨ ਮਨਾਇੰਦਾ। ਵਿਸ਼ਨੂੰ ਸੇਵਾ ਵਡ ਸੰਸਾਰੀ, ਹਰਿ ਸਾਚਾ ਆਪ ਲਗਾਇੰਦਾ। ਬ੍ਰਹਮਾ ਦੇਵੇ ਬ੍ਰਹਮ ਭੰਡਾਰੀ, ਲੱਖ ਚੁਰਾਸੀ ਝੋਲੀ ਪਾਇੰਦਾ। ਸ਼ੰਕਰ ਸੇਵਾ ਰਿਹਾ ਸੰਘਾਰੀ, ਸਾਚਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਸੋ ਪੁਰਖ ਨਿਰੰਜਣ ਖੇਲੇ ਖੇਲ, ਹਰਿ ਪੁਰਖ ਨਿਰੰਜਣ ਵਡ ਵਡਿਆਈਆ। ਏਕੰਕਾਰਾ ਚਾੜ੍ਹੇ ਤੇਲ, ਆਦਿ ਨਿਰੰਜਣ ਵੱਜੇ ਵਧਾਈਆ। ਅਬਿਨਾਸ਼ੀ ਕਰਤਾ ਕਰੇ ਮੇਲ, ਸ੍ਰੀ ਭਗਵਾਨ ਕਰੇ ਕੁੜਮਾਈਆ। ਪਾਰਬ੍ਰਹਮ ਪ੍ਰਭ ਸੱਜਣ ਸੁਹੇਲ, ਬ੍ਰਹਮ ਵੇਖੇ ਥਾਉਂ ਥਾਈਂਆ। ਵਿਸ਼ਨੂੰ ਵਸੇ ਧਾਮ ਨਵੇਲ, ਬ੍ਰਹਮਾ ਪੁਰੀ ਬ੍ਰਹਮ ਸੁਹਾਈਆ। ਸ਼ੰਕਰ ਨੱਕ ਪਾਏ ਨਕੇਲ, ਹਰਿ ਸਾਚਾ ਆਪ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਗੰਮ ਅਗੰਮੜਾ ਧਾਮ ਉਪਜਾਈਆ। ਸੋ ਪੁਰਖ ਨਿਰੰਜਣ ਧਾਮ ਅਵੱਲਾ, ਏਕਾ ਏਕ ਉਪਜਾਇੰਦਾ। ਹਰਿ ਪੁਰਖ ਨਿਰੰਜਣ ਸਚ ਮਹੱਲਾ, ਹੰ ਘਰ ਸਾਚਾ ਆਪ ਵਸਾਇੰਦਾ। ਏਕੰਕਾਰਾ ਨਿਰਾਧਾਰ ਨਿਰਗੁਣ ਰੂਪ ਆਪੇ ਰੱਲਾ, ਦਿਸ ਕਿਸੇ ਨਾ ਆਇੰਦਾ। ਆਦਿ ਨਿਰੰਜਣ ਆਪਣੇ ਦੀਪਕ ਆਪੇ ਬੱਲਾ, ਪਰਕਾਸ਼ ਪਰਕਾਸ਼ ਵਖਾਇੰਦਾ। ਪੁਰਖ ਅਬਿਨਾਸ਼ੀ ਅਛਲ ਅਛੱਲਾ, ਵਲ ਛਲ ਧਾਰੀ ਨਾਉਂ ਰਖਾਇੰਦਾ। ਸ੍ਰੀ ਭਗਵਾਨ ਆਪਣੇ ਅੱਗੇ ਆਪੇ ਖਲਾ, ਸਵੱਛ ਸਰੂਪੀ ਰੂਪ ਵਟਾਇੰਦਾ। ਪਾਰਬ੍ਰਹਮ ਸਚ ਸਿੰਘਾਸਣ ਏਕਾ ਮੱਲਾ, ਦਰ ਘਰ ਸਾਚੇ ਸੋਭਾ ਪਾਇੰਦਾ। ਬ੍ਰਹਮ ਬ੍ਰਹਮ ਬ੍ਰਹਮ ਪਾਰਬ੍ਰਹਮ ਪ੍ਰਭ ਆਪੇ ਰੱਲਾ, ਆਪੇ ਸੇਵ ਕਮਾਇੰਦਾ। ਵਿਸ਼ਨੂੰ ਫੜਾਇਆ ਹਰਿ ਹਰਿ ਪੱਲਾ, ਆਪਣੇ ਲੜ ਬੰਧਾਇੰਦਾ। ਬ੍ਰਹਮੇ ਸੁਨੇਹੜਾ ਏਕਾ ਘੱਲਾ, ਸਾਚਾ ਸ਼ਬਦ ਸੁਣਾਇੰਦਾ। ਸ਼ੰਕਰ ਲਾਇਆ ਕਾਇਆ ਫਲ ਡੱਲਾ, ਬਾਸ਼ਕ ਤਸ਼ਕਾ ਗਲ ਲਟਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਧਾਰ ਏਕੰਕਾਰ, ਆਪਣੇ ਹੱਥ ਰਖਾਇੰਦਾ। ਸੋ ਪੁਰਖ ਨਿਰੰਜਣ ਸੋਭਾਵੰਤ, ਘਰ ਸਾਚਾ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਬਣੇ ਬਣਤ, ਨਿਰਗੁਣ ਜੋਤੀ ਡਗਮਗਾਇੰਦਾ। ਏਕੰਕਾਰਾ ਮਹਿਮਾ ਅਗਣਤ, ਲਿਖਿਆ ਲੇਖ ਨਾ ਕੋਇ ਲਿਖਾਇੰਦਾ। ਆਦਿ ਨਿਰੰਜਣ ਆਦਿ ਅੰਤ, ਨੂਰੋ ਨੂਰ ਡਗਮਗਾਇੰਦਾ। ਸ੍ਰੀ ਭਗਵਾਨ ਵੇਖੇ ਰੁੱਤ ਬਸੰਤ, ਘਰ ਸਾਚੇ ਸੋਭਾ ਪਾਇੰਦਾ। ਪੁਰਖ ਅਬਿਨਾਸ਼ੀ ਆਪੇ ਜਾਣੇ ਆਪਣੀ ਮਹਿਮਾ ਅਗਣਤ, ਲੇਖਾ ਲਿਖਣਹਾਰ ਆਪ ਅਖਵਾਇੰਦਾ। ਪਾਰਬ੍ਰਹਮ ਏਕਾ ਰੰਗਤ, ਨਿਰਗੁਣ ਨਿਰਗੁਣ ਆਪ ਚੜ੍ਹਾਇੰਦਾ। ਬ੍ਰਹਮ ਬ੍ਰਹਮ ਬ੍ਰਹਮ ਹੋਏ ਮੰਗਤ, ਹਰਿ ਸਾਚੀ ਝੋਲੀ ਪਾਇੰਦਾ। ਵਿਸ਼ਨੂੰ ਮੇਲਾ ਹਰੀ ਸੰਗਤ, ਸ਼ੰਕਰ ਭੰਗਤ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਸ਼ੰਕਰ ਬ੍ਰਹਮਾ ਵਿਸ਼ਨ ਧਾਰ, ਤ੍ਰੈ ਤ੍ਰੈ ਮੇਲ ਮਿਲਾਇਆ। ਬ੍ਰਹਮ ਪਾਰਬ੍ਰਹਮ ਕਰ ਆਕਾਰ, ਸ੍ਰੀ ਭਗਵਾਨ ਵੇਸ ਵਟਾਇਆ। ਅਬਿਨਾਸ਼ੀ ਕਰਤਾ ਮੀਤ ਮੁਰਾਰ, ਆਦਿ ਨਿਰੰਜਣ ਸੇਵ ਕਮਾਇਆ। ਹਰਿ ਪੁਰਖ ਨਿਰੰਜਣ ਸਾਂਝਾ ਯਾਰ, ਸੋ ਪੁਰਖ ਨਿਰੰਜਣ ਦਏ ਸਲਾਹਿਆ। ਏਕੰਕਾਰਾ ਕਰ ਪਸਾਰ, ਦਰ ਘਰ ਸਾਚੇ ਬੈਠਾ ਆਸਣ ਲਾਇਆ। ਸਚ ਸਿੰਘਾਸਣ ਅਪਰ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਖੁਲਾਇਆ। ਸਚ ਸਿੰਘਾਸਣ ਹਰਿ ਨਿਰੰਕਾਰ, ਆਪਣਾ ਆਪ ਸੁਹਾਈਆ। ਸਤਿ ਪੁਰਖ ਨਿਰੰਜਣ ਸਾਚੀ ਧਾਰ, ਅਗੰਮੜੇ ਧਾਮ ਵਹਾਈਆ। ਅਲੱਖ ਅਗੋਚਰ ਬੇਐਬ ਪਰਵਰਦਿਗਾਰ, ਜਲਵਾ ਨੂਰ ਨੂਰ ਇਲਾਹੀਆ। ਸਾਚੇ ਮੰਦਰ ਪਾਵੇ ਸਾਰ, ਆਪਣੀ ਰਚਨਾ ਆਪ ਰਚਾਈਆ। ਥਿਰ ਘਰ ਸਾਚਾ ਖੋਲ੍ਹ ਕਿਵਾੜ, ਸਚਖੰਡ ਬੈਠਾ ਆਸਣ ਲਾਈਆ। ਸੋ ਪੁਰਖ ਨਿਰੰਜਣ ਵੇਖ ਵਿਚਾਰ, ਹਰਿ ਪੁਰਖ ਨਿਰੰਜਣ ਆਪਣੇ ਰੰਗ ਰੰਗਾਈਆ। ਆਦਿ ਨਿਰੰਜਣ ਦੀਵਾ ਬੱਤੀ ਕਰ ਤਿਆਰ, ਕਮਲਾਪਾਤੀ ਆਪ ਅਖਵਾਈਆ। ਪੁਰਖ ਅਬਿਨਾਸ਼ੀ ਵੇਖਣਹਾਰ, ਸ੍ਰੀ ਭਗਵਾਨ ਆਪ ਉਠਾਈਆ। ਪਾਰਬ੍ਰਹਮ ਬ੍ਰਹਮ ਕਰ ਪਿਆਰ, ਆਪਣੀ ਵਸਤ ਝੋਲੀ ਪਾਈਆ। ਵਿਸ਼ਨੂੰ ਤੇਰਾ ਭਰੇ ਭੰਡਾਰ, ਤੋਟ ਰਹੇ ਨਾ ਰਾਈਆ। ਬ੍ਰਹਮਾ ਦੇਵੇ ਨਾਮ ਧੁਨਕਾਰ, ਏਕਾ ਸ਼ਬਦ ਸੁਣਾਈਆ। ਸ਼ੰਕਰ ਮੇਲਾ ਹਰਿ ਕਰਤਾਰ, ਹੱਥ ਤ੍ਰਿਸੂਲ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਸੁਹਾਈਆ। ਏਕੰਕਾਰਾ ਸਤਿ ਪੁਰਖ ਅਬਿਨਾਸ਼ਾ, ਆਪਣਾ ਖੇਲ ਖਿਲਾਇੰਦਾ। ਸੋ ਪੁਰਖ ਨਿਰੰਜਣ ਵੇਖ ਤਮਾਸ਼ਾ, ਹਰਿ ਪੁਰਖ ਨਿਰੰਜਣ ਡੰਕ ਵਜਾਇੰਦਾ। ਆਦਿ ਨਿਰੰਜਣ ਪਾਵੇ ਰਾਸਾ, ਜੋਤੀ ਜੋਤ ਡਗਮਗਾਇੰਦਾ। ਸ੍ਰੀ ਭਗਵਾਨ ਇਕ ਭਰਵਾਸਾ, ਅਬਿਨਾਸ਼ੀ ਕਰਤਾ ਆਪ ਕਰਾਇੰਦਾ। ਪਾਰਬ੍ਰਹਮ ਪੂਰੀ ਕਰੇ ਆਸਾ, ਬ੍ਰਹਮ ਇਛਿਆ ਪੂਰ ਕਰਾਇੰਦਾ। ਸ਼ੰਕਰ ਦੇਵੇ ਇਕ ਦਿਲਾਸਾ, ਸ੍ਰਿਸ਼ਟ ਸਬਾਈ ਰਿਜ਼ਕ ਪੁਚਾਇੰਦਾ। ਬ੍ਰਹਮਾ ਤੇਰੀ ਬੁਝੇ ਪਿਆਸਾ, ਚਰਨ ਚਰਨੋਦਕ ਮੁਖ ਚੁਆਇੰਦਾ। ਸ਼ੰਕਰ ਵੇਖੇ ਕਾਇਆ ਕਾਸਾ, ਕੰਚਨ ਗੜ੍ਹ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਜੂਨੀ ਰਹਿਤ ਆਪ ਅਖਵਾਇੰਦਾ। ਸੋ ਪੁਰਖ ਨਿਰੰਜਣ ਵਡ ਗਹਿਰ ਗੰਭੀਰ, ਏਕਾ ਏਕ ਅਖਵਾਇੰਦਾ। ਹਰਿ ਪੁਰਖ ਨਿਰੰਜਣ ਠਾਂਡਾ ਸੀਰ, ਸਤਿ ਸਤਿ ਸਮਾਇੰਦਾ। ਏਕੰਕਾਰਾ ਦੇਵੇ ਧੀਰ, ਸਾਚਾ ਹੁਕਮ ਚਲਾਇੰਦਾ। ਆਦਿ ਨਿਰੰਜਣ ਸ਼ਾਹ ਹਕੀਰ, ਏਕਾ ਰੂਪ ਡਗਮਗਾਇੰਦਾ। ਅਬਿਨਾਸ਼ੀ ਕਰਤਾ ਕੱਟ ਜ਼ੰਜੀਰ, ਆਪਣਾ ਬੰਧਨ ਆਪ ਤੁੜਾਇੰਦਾ। ਸ੍ਰੀ ਭਗਵਾਨ ਚੋਟੀ ਚੜ੍ਹੇ ਅਖ਼ੀਰ, ਘਰ ਸਾਚਾ ਇਕ ਸੁਹਾਇੰਦਾ। ਪਾਰਬ੍ਰਹਮ ਬ੍ਰਹਮ ਘੱਤੀ ਆਏ ਵਹੀਰ, ਆਪਣਾ ਮਾਰਗ ਆਪ ਵਖਾਇੰਦਾ। ਵਿਸ਼ਨੂੰ ਵੱਜਾ ਏਕਾ ਤੀਰ, ਤੀਰ ਸ਼ਬਦ ਅਣਿਆਲਾ ਆਪ ਲਗਾਇੰਦਾ। ਬ੍ਰਹਮਾ ਬਖ਼ਸ਼ੇ ਏਕਾ ਧੀਰ, ਏਕਾ ਮੰਤਰ ਗਿਆਨ ਦ੍ਰਿੜਾਇੰਦਾ। ਸ਼ੰਕਰ ਕੱਢੇ ਹਉਮੇ ਪੀੜ, ਏਕਾ ਸੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਆਪ ਸੁਹਾਇੰਦਾ। ਸੋ ਪੁਰਖ ਨਿਰੰਜਣ ਕਮਲਾਪਾਤੀ, ਹਰਿ ਪੁਰਖ ਨਿਰੰਜਣ ਸੋਭਾਵੰਤ ਨਾਰ ਸੁਹਾਈਆ। ਏਕਉਂਕਾਰਾ ਦੇਵੇ ਦਾਤੀ, ਆਪਣੀ ਇਛਿਆ ਆਪੇ ਝੋਲੀ ਪਾਈਆ। ਆਦਿ ਨਿਰੰਜਣ ਕਰ ਪਰਕਾਸੀ ਵਖਾਏ ਇਕ ਘਰ ਪਰਭਾਤੀ, ਏਕਾ ਰੰਗ ਰੰਗਾਈਆ। ਸ੍ਰੀ ਭਗਵਾਨ ਉਤਮ ਜ਼ਾਤੀ, ਜ਼ਾਤ ਅਜ਼ਾਤੀ ਨਾ ਕੋਇ ਵਖਾਈਆ। ਅਬਿਨਾਸ਼ੀ ਕਰਤਾ ਪਿਤਾ ਮਾਤੀ, ਆਪ ਆਪਣਾ ਨਾਉਂ ਉਪਜਾਈਆ। ਪਾਰਬ੍ਰਹਮ ਪ੍ਰਭ ਕੁਲ ਪਛਾਤੀ, ਆਪਣੀ ਅੰਸ ਦਏ ਉਪਜਾਈਆ। ਬ੍ਰਹਮ ਬ੍ਰਹਮ ਬ੍ਰਹਮ ਪ੍ਰਭ ਦੇਵੇ ਦਾਤੀ, ਆਪਣਾ ਅੰਗ ਆਪ ਕਟਾਈਆ। ਵਿਸ਼ਨੂੰ ਸੁਣਾਏ ਸਾਚੀ ਗਾਥੀ, ਆਪਣਾ ਭੇਵ ਖੁਲ੍ਹਾਈਆ। ਬ੍ਰਹਮਾ ਮਿਲਿਆ ਸਾਚਾ ਸਾਥੀ, ਚਾਰੇ ਵੇਦਾਂ ਕਰੇ ਪੜ੍ਹਾਈਆ। ਸ਼ੰਕਰ ਖੋਲ੍ਹੇ ਏਕਾ ਤਾਕੀ, ਏਕਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਧਰਾਈਆ। ਸੋ ਪੁਰਖ ਨਿਰੰਜਣ ਕੰਤ ਸੁਭਾਗਾ, ਹਰਿ ਪੁਰਖ ਨਿਰੰਜਣ ਨਰ ਨਰਾਇਣ ਵਿਹਾਈਆ। ਏਕਉਂਕਾਰਾ ਪਕੜੇ ਵਾਗਾਂ, ਘਰ ਸਾਚੇ ਸੋਭਾ ਪਾਈਆ। ਆਦਿ ਨਿਰੰਜਣ ਗਾਏ ਰਾਗਾ, ਪੁਰਖ ਅਬਿਨਾਸ਼ੀ ਨਾਲ ਰਲਾਈਆ। ਸ੍ਰੀ ਭਗਵਾਨ ਆਪਣਾ ਮੰਗੇ ਲਾਗਾ, ਆਪਣਾ ਦੋਹਰਾ ਆਪ ਸੁਣਾਈਆ। ਪਾਰਬ੍ਰਹਮ ਪ੍ਰਭ ਆਇਆ ਭਾਜਾ, ਮੂੰਹ ਵੇਖੇ ਧੀ ਜਵਾਈਆ। ਬ੍ਰਹਮ ਬ੍ਰਹਮ ਤੇਰੀ ਰੱਖੇ ਲਾਜਾ, ਸਿਰ ਆਪਣਾ ਹੱਥ ਟਿਕਾਈਆ। ਵਿਸ਼ਨੂੰ ਤੇਰਾ ਰਚਿਆ ਕਾਜਾ, ਦਿਸ ਕਿਸੇ ਨਾ ਆਈਆ। ਲੱਖ ਚੁਰਾਸੀ ਪ੍ਰਭ ਸਾਜਣ ਸਾਜਾ, ਤ੍ਰੈਗੁਣ ਬਣਤ ਬਣਾਈਆ। ਸ਼ੰਕਰ ਬਹਿ ਬਹਿ ਮਾਰ ਵਾਜਾ, ਭੋਲਾ ਨਾਥ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਿਲਾਈਆ। ਹਰਿ ਪੁਰਖ ਨਿਰੰਜਣ ਸੋ ਪੁਰਖ ਨਿਰੰਜਣ ਵਰਿਆ, ਘਰ ਸਾਚੇ ਵੱਜੀ ਵਧਾਈਆ। ਏਕਉਂਕਾਰਾ ਅੱਗੇ ਖੜਿਆ, ਆਪਣੇ ਫੇਰੇ ਆਪ ਦਵਾਈਆ। ਆਦਿ ਨਿਰੰਜਣ ਚਾਰੋਂ ਕੁੰਟ ਫੜ ਫੜ ਲੜਿਆ, ਪੱਲੂ ਨਾਲ ਬੰਧਾਈਆ। ਸ੍ਰੀ ਭਗਵਾਨ ਏਕਾ ਅੱਖਰ ਪੜ੍ਹਿਆ, ਲਿਖਣ ਪੜ੍ਹਨ ਵਿਚ ਨਾ ਆਈਆ। ਪੁਰਖ ਅਬਿਨਾਸ਼ੀ ਲਾਈ ਜੜਿਆ, ਨਾ ਕੋਈ ਮੇਟੇ ਮੇਟ ਮਿਟਾਈਆ। ਪਾਰਬ੍ਰਹਮ ਆਪਣੀ ਨਾਰੀ ਲੈ ਆਪਣੇ ਅੰਦਰ ਵੜਿਆ, ਘਰ ਸਾਚੇ ਖ਼ੁਸ਼ੀ ਮਨਾਈਆ। ਬ੍ਰਹਮ ਬ੍ਰਹਮ ਬ੍ਰਹਮ ਘਾੜਨ ਘੜਿਆ, ਘੜਨਹਾਰਾ ਦਿਸ ਨਾ ਆਈਆ। ਵਿਸ਼ਨੂੰ ਹਰਿ ਹਰਿ ਅੱਗੇ ਕਰਿਆ, ਦੇ ਮਤ ਰਿਹਾ ਸਮਝਾਈਆ। ਬ੍ਰਹਮਾ ਤੇਰਾ ਚੁੱਕੇ ਡਰਿਆ, ਭੈ ਭਿਆਨਕ ਰੂਪ ਵਟਾਈਆ। ਸ਼ੰਕਰ ਢਹਿ ਢਹਿ ਸਰਨਾਈ ਪੜਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵੰਡਣ ਆਪ ਵੰਡਾਈਆ। ਸੋ ਪੁਰਖ ਨਿਰੰਜਣ ਸਾਚਾ ਮੀਤ, ਹਰਿ ਪੁਰਖ ਨਿਰੰਜਣ ਸੋਭਾਵੰਤੀ ਖ਼ੁਸ਼ੀ ਮਨਾਈਆ। ਏਕਉਂਕਾਰਾ ਵਸਿਆ ਚੀਤ, ਘਰ ਮੇਲਾ ਸਹਿਜ ਸੁਭਾਈਆ। ਆਦਿ ਨਿਰੰਜਣ ਗਾਇਆ ਗੀਤ, ਸ੍ਰੀ ਭਗਵਾਨ ਵੇਖ ਵਖਾਈਆ। ਅਬਿਨਾਸ਼ੀ ਕਰਤਾ ਬੈਠਾ ਧਾਮ ਅਨਡੀਠ, ਥਿਰ ਘਰ ਬੈਠਾ ਸੋਭਾ ਪਾਈਆ। ਪਾਰਬ੍ਰਹਮ ਸਚਖੰਡ ਨਿਵਾਸੀ ਆਪੇ ਹੋਇਆ ਠੰਡਾ ਸੀਤ, ਸਾਂਤਕ ਸਤਿ ਸਤਿ ਵਰਤਾਈਆ। ਬ੍ਰਹਮ ਬ੍ਰਹਮ ਬ੍ਰਹਮ ਕਰੇ ਪੁਨੀਤ, ਆਪ ਆਪਣੀ ਦਇਆ ਕਮਾਈਆ। ਵਿਸ਼ਨੂੰ ਵੰਸੀ ਸਾਚੀ ਰੀਤ, ਤ੍ਰੈਗੁਣ ਬੰਧਨ ਬੰਧ ਬੰਧਾਈਆ। ਬ੍ਰਹਮਾ ਏਕਾ ਰੰਗ ਰੰਗਾਵੇ ਹਸਤ ਕੀਟ, ਜੀਵ ਆਤਮ ਵੰਡ ਵੰਡਾਈਆ। ਸ਼ੰਕਰ ਅੰਤਮ ਦੇਣੀ ਪੀਠ, ਚਾਕਰ ਚਾਕਰੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਉਪਜਾਈਆ। ਸੋ ਪੁਰਖ ਨਿਰੰਜਣ ਸਾਚੀ ਸੇਜ, ਹਰਿ ਪੁਰਖ ਨਿਰੰਜਣ ਸੰਗ ਹੰਢਾਇੰਦਾ। ਏਕੰਕਾਰਾ ਰਿਹਾ ਵੇਖ, ਆਪਣਾ ਨੈਣ ਉਠਾਇੰਦਾ। ਆਦਿ ਨਿਰੰਜਣ ਧਰ ਧਰ ਭੇਖ, ਅੰਦਰ ਬਾਹਰ ਫੇਰਾ ਪਾਇੰਦਾ। ਪੁਰਖ ਅਬਿਨਾਸ਼ੀ ਦਰ ਦਰਵੇਸ, ਆਪਣੀ ਅਲਖ ਜਗਾਇੰਦਾ। ਸ੍ਰੀ ਭਗਵਾਨ ਆਪੇ ਜਾਣੇ ਆਪਣਾ ਲੇਖ, ਸਾਚਾ ਲੇਖਾ ਆਪ ਗਣਾਇੰਦਾ। ਪਾਰਬ੍ਰਹਮ ਕਰ ਸਾਚ ਆਦੇਸ਼, ਸਾਚਾ ਹੁਕਮ ਸੁਣਾਇੰਦਾ। ਬ੍ਰਹਮ ਬ੍ਰਹਮ ਬਹ੍ਰਮ ਹੋ ਪਰਵੇਸ਼, ਆਪਣਾ ਰੰਗ ਰੰਗਾਇੰਦਾ। ਵਿਸ਼ਨੂੰ ਤੇਰਾ ਅਵੱਲੜਾ ਲੇਖ, ਹਰਿ ਸਾਚਾ ਆਪ ਲਿਖਾਇੰਦਾ। ਬ੍ਰਹਮੇ ਬ੍ਰਹਮ ਨਾ ਚਲੇ ਪੇਸ਼, ਹਰਿ ਸਾਚੀ ਕਲ ਵਰਤਾਇੰਦਾ। ਸ਼ੰਕਰ ਹੁਕਮੀ ਨਰ ਨਰੇਸ਼, ਹੁਕਮੀ ਹੁਕਮ ਫਿਰਾਇੰਦਾ। ਵਿਸ਼ਨੂੰ ਤੇਰੀ ਬਾਸ਼ਕ ਸੇਜ, ਸਾਂਗੋ ਪਾਂਗ ਹੰਢਾਇੰਦਾ। ਬ੍ਰਹਮਾ ਤੇਰੇ ਨੇਤਰ ਵੇਖ, ਆਪਣਾ ਨੈਣ ਚਮਕਾਇੰਦਾ। ਸ਼ੰਕਰ ਤੇਰਾ ਸਾਚਾ ਭੇਸ, ਹਰਿ ਸਾਚਾ ਆਪ ਵਟਾਇੰਦਾ। ਤਿੰਨਾਂ ਦੇਵੇ ਇਕ ਆਦੇਸ਼, ਸਾਚਾ ਹੁਕਮ ਸੁਣਾਇੰਦਾ। ਹੰ ਰੂਪ ਸਰਬ ਪਰਵੇਸ਼, ਨਿਰਗੁਣ ਆਪਣਾ ਅੰਗ ਕਟਾਇੰਦਾ। ਵਿਸ਼ਨ ਬ੍ਰਹਮਾ ਸ਼ੰਕਰ ਆਪ ਵਸਾਏ ਆਪਣਾ ਦੇਸ, ਸਚ ਮਹੱਲਾ ਆਪ ਸੁਹਾਇੰਦਾ। ਸੋ ਪੁਰਖ ਨਿਰੰਜਣ ਆਪੇ ਲਏ ਵੇਖ, ਆਪਣੀ ਰਚਨਾ ਆਪ ਰਚਾਇੰਦਾ। ਨੌ ਨੌ ਚਾਰ ਨਾ ਮੇਟੇ ਕੋਇ ਰੇਖ, ਸਾਚਾ ਬੀਜ ਬ੍ਰਹਮ ਜਣਾਇੰਦਾ। ਨੌ ਨੌ ਚਾਰ ਬਣ ਦਰਵੇਸ਼, ਛੱਤੀ ਯੁਗ ਖੇਲ ਖਿਲਾਇੰਦਾ। ਤ੍ਰੈਗੁਣ ਮਾਇਆ ਨਾ ਚਲੇ ਕੋਈ ਪੇਸ਼, ਰਜੋ ਤਮੋ ਸਤੋ ਸਾਚਾ ਵੇਸ ਧਰਾਇੰਦਾ। ਸੋ ਪੁਰਖ ਨਿਰੰਜਣ ਬਣੇ ਨਰ ਨਰੇਸ਼, ਆਪਣਾ ਲਹਿਣਾ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਨਾਉਂ ਆਪ ਉਪਜਾਇੰਦਾ। ਸੋ ਪੁਰਖ ਨਿਰੰਜਣ ਨਾਮ ਰੱਖ, ਹਰਿ ਆਪਣਾ ਰੰਗ ਰੰਗਾਈਆ। ਹੰ ਬ੍ਰਹਮ ਹੋ ਪਰਤੱਖ, ਲੱਖ ਚੁਰਾਸੀ ਗਿਆ ਸਮਾਈਆ। ਹਰਿ ਪੁਰਖ ਨਿਰੰਜਣ ਵੇਖੇ ਪੱਖ, ਘਰ ਸਾਚਾ ਇਕ ਵਸਾਈਆ। ਏਕੰਕਾਰਾ ਲਏ ਰੱਖ, ਆਦਿ ਅੰਤ ਵੱਡੀ ਵਡਿਆਈਆ। ਆਦਿ ਨਿਰੰਜਣ ਮਾਰਗ ਦੱਸ, ਸਾਚਾ ਪੰਥ ਚਲਾਈਆ। ਸ੍ਰੀ ਭਗਵਾਨ ਅਲੱਖਣਾ ਅਲੱਖ, ਅਲਖ ਅਗੋਚਰ ਭੇਵ ਨਾ ਰਾਈਆ। ਪੁਰਖ ਅਬਿਨਾਸ਼ੀ ਘਟ ਘਟ ਰਿਹਾ ਵਸ, ਦਿਸ ਕਿਸੇ ਨਾ ਆਈਆ । ਪਾਰਬ੍ਰਹਮ ਪ੍ਰਭ ਨੱਸ ਨੱਸ, ਬ੍ਰਹਮ ਮੇਲਾ ਸਹਿਜ ਸੁਭਾਈਆ। ਵਿਸ਼ਨੂੰ ਚਰਨ ਦਵਾਰੇ ਰਿਹਾ ਹੱਸ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਬ੍ਰਹਮਾ ਆਪਣੇ ਹੱਥ ਰਿਹਾ ਮਸ, ਹੱਥੀਂ ਸਾਚੀ ਸੇਵ ਕਮਾਈਆ। ਸ਼ੰਕਰ ਤਲੀਆਂ ਹੇਠ ਰਿਹਾ ਝੱਸ, ਆਪਣੀ ਜੇਹਵਾ ਸੇਵਾ ਲਾਈਆ। ਸੋ ਪੁਰਖ ਨਿਰੰਜਣ ਆਦਿ ਜੁਗਾਦਿ ਆਪੇ ਹੋਏ ਵਖ, ਅੰਤਮ ਆਪੇ ਮੇਲ ਮਿਲਾਈਆ। ਸੋਹੰ ਰੂਪ ਨਾ ਕੋਈ ਜਾਣੇ ਕਿਸਨਾ ਸੁਕਲਾ ਪੱਖ, ਰਵ ਸਸ ਭੇਵ ਨਾ ਪਾਈਆ। ਚਾਰ ਵੇਦ ਨਾ ਸਕੇ ਪਰਖ, ਬ੍ਰਹਮਾ ਰਸਨਾ ਜੇਹਵਾ ਏਕਾ ਗਾਈਆ। ਨਾ ਕੋਈ ਸੋਗ ਨਾ ਕੋਈ ਹਰਖ, ਹੰ ਬ੍ਰਹਮ ਆਪ ਰਘੁਰਾਈਆ। ਸੋ ਪੁਰਖ ਨਿਰੰਜਣ ਨੌ ਨੌ ਚਾਰ ਕਰ ਪਾਰ ਖਾਦਾ ਤਰਸ, ਦੋਹਾਂ ਮੇਲਾ ਦਏ ਮਿਲਾਈਆ। ਅੰਮ੍ਰਿਤ ਧਾਰ ਅੰਦਰੇ ਅੰਦਰ ਬਰਸ, ਆਪ ਆਪਣਾ ਮੇਘ ਬਰਸਾਈਆ। ਹੰ ਤੇਰੀ ਮੇਟੇ ਹਰਸ, ਸੋ ਪੁਰਖ ਵੱਡੀ ਵਡਿਆਈਆ। ਆਪੇ ਅਰਸ਼ ਆਪੇ ਫਰਸ਼, ਉਚ ਅਗੰਮ ਅਥਾਹ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਹੰ ਸ਼ਬਦ ਤੇਰੀ ਰਚਨ ਰਚਾਈਆ। ਸੋਹੰ ਸ਼ਬਦ ਤੇਰਾ ਸਚ ਪਸਾਰਾ, ਹਰਿ ਆਪਣਾ ਰੂਪ ਵਟਾਇਆ। ਦੂਜੀ ਕੁਦਰਤ ਕਰੇ ਪਿਆਰਾ, ਹਰਿ ਹਰਿ ਮੰਦਰ ਇਕ ਸੁਹਾਇਆ। ਬ੍ਰਹਮਾ ਵਿਸ਼ਨ ਸੇਵਾਦਾਰਾ, ਸਾਚੀ ਸੇਵਾ ਰਹੇ ਕਮਾਇਆ। ਤ੍ਰੈਗੁਣ ਤੇਰਾ ਭਰ ਭੰਡਾਰਾ, ਪੰਜ ਤੱਤ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਹਰਿ ਬ੍ਰਹਿਮਾਦਿ ਸ਼ਬਦ ਨਾਦ ਇਕ ਵਜਾਇਆ। ਸ਼ਬਦ ਅਨਾਦਿ ਸੱਚਾ ਹਰਿ ਢੋਲਾ, ਆਦਿ ਜੁਗਾਦਿ ਸੁਣਾਇੰਦਾ। ਸੋ ਪੁਰਖ ਨਿਰੰਜਣ ਆਪੇ ਬੋਲਾ, ਹਰਿ ਪੁਰਖ ਨਿਰੰਜਣ ਗਾਇੰਦਾ। ਏਕੰਕਾਰਾ ਬਣਿਆ ਤੋਲਾ, ਪੁਰਖ ਅਬਿਨਾਸ਼ੀ ਧਾਰ ਸੁਣਾਇੰਦਾ। ਸ੍ਰੀ ਭਗਵਾਨ ਨਾ ਪਾਵੇ ਕੋਇ ਰੌਲਾ, ਆਪ ਆਪਣਾ ਬੋਝ ਉਠਾਇੰਦਾ। ਪਾਰਬ੍ਰਹਮ ਚੁੱਕਿਆ ਡੋਲਾ, ਆਪਣੀ ਡੋਲੀ ਆਪ ਸੁਹਾਇੰਦਾ। ਵਿਸ਼ਨੂੰ ਵੰਸੀ ਹੋਇਆ ਗੋਲਾ, ਦਰ ਸਾਚਾ ਵੇਖ ਵਖਾਇੰਦਾ। ਸ਼ਬਦ ਧਾਰ ਬ੍ਰਹਮ ਬ੍ਰਹਮ ਬਦਲਿਆ ਚੋਲਾ, ਲੱਖ ਚੁਰਾਸੀ ਚੋਲੀ ਸੰਗ ਨਿਭਾਇੰਦਾ। ਸ਼ੰਕਰ ਅੰਤਮ ਖੇਲੇ ਹੋਲਾ, ਜੋ ਘੜਿਆ ਸੋ ਭੰਨ ਵਖਾਇੰਦਾ। ਸੋਹੰ ਸ਼ਬਦ ਜੈਕਾਰਾ ਹਰਿ ਜੀ ਬੋਲਾ, ਲੱਖ ਚੁਰਾਸੀ ਤੇਰੀ ਆਤਮ ਆਪਣੇ ਵਿਚ ਸਮਾਇੰਦਾ। ਆਪ ਉਪਜਾਏ ਆਪ ਮਿਟਾਏ, ਆਪਣੇ ਹੱਥ ਰੱਖੀ ਵਡਿਆਈਆ। ਆਪ ਬ੍ਰਹਮਾ ਵਿਸ਼ਨ ਸ਼ਿਵ ਅਖਵਾਏ, ਆਪੇ ਤ੍ਰੈਗੁਣ ਰੂਪ ਵਟਾਈਆ। ਆਪੇ ਪੰਜ ਤੱਤ ਰਚਨ ਰਚਾਏ, ਆਪੇ ਪੰਜੀ ਮੇਲ ਮਿਲਾਈਆ। ਆਪੇ ਆਪਣਾ ਰੂਪ ਵਟਾਏ, ਆਪੇ ਨਿਰਗੁਣ ਸਰਗੁਣ ਵੇਖ ਵਖਾਈਆ। ਆਪੇ ਲੱਖ ਚੁਰਾਸੀ ਫੁੱਲ ਖਿਲਾਏ, ਆਪੇ ਬੈਠਾ ਮੁਖ ਛੁਪਾਈਆ। ਆਪੇ ਧਰਤ ਧਵਲ ਵਡਿਆਏ, ਜਲ ਬਿੰਬ ਆਪ ਉਪਜਾਈਆ। ਆਪੇ ਮੰਡਲ ਮੰਡਪ ਡੇਰਾ ਲਾਏ, ਰਵ ਸਸ ਆਪ ਚਮਕਾਈਆ। ਆਕਾਸ਼ ਪਰਕਾਸ਼ ਆਪ ਕਰਾਏ, ਧੂੰਆਂਧਾਰ ਆਪ ਸਮਾਈਆ। ਜੰਗਲ ਜੂਹ ਉਜਾੜ ਪਹਾੜ ਵੇਖ ਵਖਾਏ, ਆਪੇ ਉਚੇ ਟਿੱਲੇ ਪਰਬਤ ਬੈਠਾ ਆਸਣ ਲਾਈਆ। ਆਪੇ ਸਮੁੰਦ ਸਾਗਰ ਫੋਲ ਫੁਲਾਏ, ਆਪ ਆਪਣੀ ਸੇਵ ਕਮਾਈਆ। ਆਪੇ ਨਿਰਮਲ ਕਾਇਆ ਗਾਗਰ ਜੋਤ ਜਗਾਏ, ਘਟ ਘਟ ਆਪਣੀ ਕਰ ਰੁਸ਼ਨਾਈਆ। ਆਪੇ ਮਨ ਮਤ ਬੁਧ ਵੰਡ ਵੰਡਾਏ, ਆਪਣਾ ਹਿੱਸਾ ਆਪ ਰਖਾਈਆ। ਆਪੇ ਪਾਰਬ੍ਰਹਮ ਬ੍ਰਹਮ ਰੂਪ ਧਰਾਏ, ਈਸ਼ ਜੀਵ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਆਦਿ ਭਗਵੰਤ ਸੋ ਪੁਰਖ ਨਿਰੰਜਣ ਕੰਤ, ਹਰਿ ਪੁਰਖ ਨਿਰੰਜਣ ਨਾਰ ਭਤਾਰ, ਸਚ ਵਿਚੋਲਾ ਏਕੰਕਾਰ, ਆਦਿ ਨਿਰੰਜਣ ਸੇਵਾਦਾਰ, ਅਬਿਨਾਸ਼ੀ ਕਰਤਾ ਪਾਵੇ ਸਾਰ, ਸ੍ਰੀ ਭਗਵਾਨ ਸੋਹੇ ਦਵਾਰ, ਪਾਰਬ੍ਰਹਮ ਖੇਲ ਅਪਾਰ, ਬ੍ਰਹਮ ਰੂਪ ਪ੍ਰਗਟੇ ਵਿਚ ਸੰਸਾਰ, ਲੱਖ ਚੁਰਾਸੀ ਦਏ ਆਧਾਰ, ਊਚ ਨੀਚ ਨਾ ਕੋਇ ਵਿਚਾਰ, ਵਰਨ ਗੋਤ ਤੇ ਵਸਿਆ ਬਾਹਰ, ਨਿਰਗੁਣ ਜੋਤ ਆਪ ਨਿਰੰਕਾਰ, ਹੰ ਰੂਪ ਨਿਰਾਕਾਰ, ਬਿਨ ਹਰਿ ਪਾਵੇ ਨਾ ਕੋਈ ਸਾਰ, ਸੋ ਪੁਰਖ ਨਿਰੰਜਣ ਬੰਨ੍ਹੇ ਧਾਰ, ਸੋਹੰ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਵਸਣਹਾਰਾ ਸਚ ਘਰ, ਸਚ ਸਿੰਘਾਸਣ ਪੁਰਖ ਅਬਿਨਾਸ਼ਣ ਸਰਬ ਗੁਣਤਾਸਨ, ਏਕੰਕਾਰ ਨਿਰਾਕਾਰ ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸਾਚਾ ਸਚਖੰਡ ਦਵਾਰਾ, ਹਰਿ ਸਾਚਾ ਆਪ ਸੁਹਾਈਆ। ਨਿਰਗੁਣ ਦੀਵਾ ਬਾਤੀ ਕਰ ਉਜਿਆਰਾ, ਬੈਠਾ ਆਸਣ ਲਾਈਆ। ਸ਼ਾਹੋ ਭੂਪ ਰਾਜ ਰਾਜਾਨ ਵਡ ਸਿਕਦਾਰਾ, ਧੁਰ ਫਰਮਾਣ ਆਪ ਜਣਾਈਆ। ਹੁਕਮੀ ਹੁਕਮ ਫਿਰਾਏ ਸਰਬ ਸੰਸਾਰਾ, ਨਿਰਭੈ ਆਪਣਾ ਭੈ ਵਖਾਈਆ। ਅਕਾਲ ਮੂਰਤ ਖੇਲ ਅਪਾਰਾ, ਅਜੂਨੀ ਰਹਿਤ ਭੇਵ ਨਾ ਆਈਆ। ਕਰਤਾ ਪੁਰਖ ਧੁਰ ਬਲਕਾਰਾ, ਨਾਮ ਸਤਿ ਕਰੇ ਪੜ੍ਹਾਈਆ। ਸੋ ਪੁਰਖ ਨਿਰੰਜਣ ਬੋਲ ਜੈਕਾਰਾ, ਹੰ ਬੇੜਾ ਰਿਹਾ ਤਰਾਈਆ। ਹਰਿਜਨ ਵੇਖੇ ਵਿਚ ਸੰਸਾਰਾ, ਕਲਜੁਗ ਅੰਤਮ ਫੇਰਾ ਪਾਈਆ। ਲੱਖ ਚੁਰਾਸੀ ਵਹਿਣ ਵਹੇ ਪੰਜ ਧਾਰਾ, ਨਾ ਸਕੇ ਕੋਈ ਬਚਾਈਆ। ਨੌਂ ਖੰਡ ਪ੍ਰਿਥਮੀ ਲੱਗਾ ਅਖਾੜਾ, ਕਲਜੁਗ ਕੂਕ ਰਿਹਾ ਨਚਾਈਆ। ਘਰ ਘਰ ਫਿਰੇ ਪੰਚਮ ਧਾੜਾ, ਪੰਚਮ ਤੱਤ ਰਹੀ ਜਲਾਈਆ। ਗੁਰਮੁਖ ਵਿਰਲੇ ਪਾਇਆ ਹਰਿ ਕਰਤਾਰਾ, ਜਿਸ ਜਨ ਬਖ਼ਸ਼ੇ ਸਚ ਸਰਨਾਈਆ। ਕਾਇਆ ਮੰਦਰ ਮੀਤ ਮੁਰਾਰਾ, ਘਰ ਬੈਠਾ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਹਰਿ ਹਰਿ ਮੰਦਰ, ਹਰਿ ਸ਼ਬਦੀ ਸ਼ਬਦ ਜਣਾਇੰਦਾ। ਨਾਦ ਵਜਾਏ ਡੂੰਘੀ ਕੰਦਰ, ਅੰਧ ਅੰਧੇਰ ਗੁਵਾਇੰਦਾ। ਮਨ ਪੰਖੀ ਦਹਿ ਦਿਸ਼ਾ ਨਾ ਭਵੇ ਬੰਦਰ, ਸ਼ਬਦੀ ਡੋਰੀ ਆਪ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਸ਼ਬਦ ਡੋਰੀ ਬੰਨ੍ਹੇ ਮਨ, ਗੁਰ ਸਤਿਗੁਰ ਵਡ ਵਡਿਆਈਆ । ਜੋਤ ਨਿਰੰਜਣ ਚਾੜ੍ਹੇ ਚੰਨ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਗੜ੍ਹ ਹੰਕਾਰੀ ਭਾਂਡਾ ਦੇਵੇ ਭੰਨ, ਮਾਇਆ ਮਮਤਾ ਮੋਹ ਚੁਕਾਈਆ। ਲੇਖੇ ਲਾਏ ਜਨਨੀ ਜਣਿਆ ਜਨ, ਜੋ ਜਨ ਰਸਨਾ ਹਰਿ ਹਰਿ ਗਾਈਆ। ਏਕਾ ਰਾਗ ਸੁਣਾਏ ਕੰਨ, ਅਨਹਦ ਸਾਚਾ ਤਾਲ ਵਜਾਈਆ। ਦੋ ਜਹਾਨੀ ਬੇੜਾ ਦੇਵੇ ਬੰਨ੍ਹ, ਭਵ ਸਾਗਰ ਪਾਰ ਕਰਾਈਆ। ਸਚਖੰਡ ਦਵਾਰ ਵਸਾਏ ਨਾ ਕੋਈ ਛੱਪਰੀ ਨਾ ਕੋਈ ਛੰਨ, ਚਾਰ ਦੀਵਾਰ ਨਾ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਗੋਦ ਉਠਾਈਆ।
