Granth 07 Likhat 135: 17 Maghar 2015 Bikarmi Bakhshish Singh Sardul Singh de Ghar Pind Kaheru Jila Sangrur

੧੭ ਮੱਘਰ ੨੦੧੫ ਬਿਕ੍ਰਮੀ ਬਖ਼ਸ਼ੀਸ ਸਿੰਘ ਸਰਦੂਲ ਸਿੰਘ ਦੇ ਘਰ ਪਿੰਡ ਕਹੇਰੂ ਜ਼ਿਲਾ ਸੰਗਰੂਰ

ਜੋਤੀ ਨੂਰ ਹਰਿ ਉਜਿਆਰ, ਏਕਾ ਏਕ ਅਖਵਾਇੰਦਾ। ਆਦਿ ਪੁਰਖ ਖੇਲ ਅਪਾਰ, ਅਬਿਨਾਸ਼ੀ ਕਰਤਾ ਨਾਉਂ ਧਰਾਇੰਦਾ। ਪਾਰਬ੍ਰਹਮ ਅਗੰਮ ਅਪਾਰ, ਰੂਪ ਅਨੂਪ ਆਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਜੋਤ ਜਗਾਇੰਦਾ। ਜੋਤੀ ਨੂਰ ਹਰਿ ਉਜਾਲਾ, ਏਕਾ ਏਕੰਕਾਰਿਆ । ਆਪੇ ਖੇਲੇ ਖੇਲ ਨਿਰਾਲਾ, ਖੇਲਣਹਾਰ ਆਪ ਅਖਵਾ ਰਿਹਾ। ਆਪਣਾ ਦਰ ਸੁਹਾਏ ਸੱਚੀ ਧਰਮਸਾਲਾ, ਬੰਕ ਦਵਾਰੀ ਨਾਉਂ ਰਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਆਪ ਅਖਵਾ ਰਿਹਾ। ਅਬਿਨਾਸ਼ੀ ਕਰਤਾ ਹਰਿ ਨਿਰੰਕਾਰ, ਏਕਾ ਰੂਪ ਸਮਾਇਆ। ਆਦਿ ਜੁਗਾਦੀ ਲਏ ਅਵਤਾਰ, ਆਪ ਆਪਣੀ ਬਣਤ ਬਣਾਇਆ। ਆਪੇ ਵਸੇ ਧਾਮ ਨਿਆਰ, ਨਿਹਚਲ ਮਹੱਲ ਅਟੱਲ ਇਕ ਰਖਾਇਆ। ਦੀਵਾ ਬਾਤੀ ਕਰ ਉਜਿਆਰ, ਕਮਲਾਪਾਤੀ ਬੈਠਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇਆ। ਰੰਗਣਹਾਰਾ ਹਰਿ ਭਗਵੰਤਾ, ਏਕਾ ਏਕ ਅਖਵਾਇੰਦਾ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ ਵੇਸ ਵਟਾਇੰਦਾ। ਆਪ ਆਪਣੀ ਬਣਾਏ ਬਣਤਾ, ਆਪ ਆਪਣਾ ਕਰਮ ਕਮਾਇੰਦਾ। ਆਪ ਆਪਣੀ ਕਰੇ ਮੰਨਤਾ, ਆਪ ਆਪਣਾ ਦਰ ਸੁਹਾਇੰਦਾ। ਆਪ ਆਪਣੇ ਦਰ ਹੋਏ ਮੰਗਤਾ, ਆਪ ਆਪਣੀ ਝੋਲੀ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਹਰਿ ਭਗਵੰਤ, ਆਪ ਆਪਣਾ ਖੇਲ ਖਲਾਇੰਦਾ। ਖੇਲਣਹਾਰ ਹਰਿ ਭਗਵਾਨ, ਏਕਾ ਰੂਪ ਸਮਾਇਆ। ਵੇਖ ਵਖਾਏ ਦੋ ਜਹਾਨ, ਪੁਰੀਆਂ ਲੋਆਂ ਫੇਰਾ ਪਾਇਆ। ਏਕਾ ਸ਼ਬਦ ਸਚ ਨਿਸ਼ਾਨ, ਏਕਾ ਰਿਹਾ ਚਲਾਇਆ। ਏਕਾ ਏਕ ਬ੍ਰਹਮ ਗਿਆਨ, ਏਕਾ ਰਿਹਾ ਉਪਾਇਆ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਆਪ ਆਪਣਾ ਜੋਗ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗਾ ਜੁਗੰਤ, ਆਪਣਾ ਵੇਸ ਵਟਾਇਆ। ਹਰਿ ਹਰਿ ਵੇਸ ਜਗਤ ਅਵੱਲਾ, ਏਕਾ ਏਕ ਅਖਵਾਈਆ। ਬੈਠਾ ਰਹੇ ਇਕ ਇਕੱਲਾ, ਲੱਖ ਚੁਰਾਸੀ ਰਿਹਾ ਸਮਾਈਆ। ਆਪ ਸਮਾਏ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਆਪੇ ਡੇਰਾ ਲਾਈਆ। ਆਪਣਾ ਦੀਪਕ ਆਪ ਬਲਾ, ਆਪ ਕਰੇ ਰੁਸ਼ਨਾਈਆ। ਆਪਣਾ ਸਿੰਘਾਸਣ ਆਪ ਸੁਹਾ, ਆਪੇ ਬੈਠਾ ਬੇਐਬ ਪਰਵਰਦਿਗਾਰ ਸਾਚਾ ਮਾਹੀਆ। ਜੋਤੀ ਸ਼ਬਦੀ ਆਪੇ ਰਲਾ, ਆਪ ਆਪਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਨਾਉਂ ਰਖਾਈਆ। ਜੁਗ ਕਰਤਾ ਹਰਿ ਕਰਤਾਰ, ਏਕਾ ਰੰਗ ਸਮਾਇਆ। ਲੋਕਮਾਤ ਲਏ ਅਵਤਾਰ, ਆਪ ਆਪਣੀ ਰਚਨ ਰਚਾਇਆ। ਲੱਖ ਚੁਰਾਸੀ ਪਾਵੇ ਸਾਰ, ਜੀਆਂ ਜੰਤਾਂ ਵੇਖ ਵਖਾਇਆ। ਸਾਧਾਂ ਸੰਤਾਂ ਕਰ ਪਿਆਰ, ਆਤਮ ਬ੍ਰਹਮ ਜਣਾਇਆ। ਅੰਦਰ ਮੰਦਰ ਖੋਲ੍ਹ ਕਿਵਾੜ, ਆਪ ਆਪਣਾ ਦਰ ਸੁਹਾਇਆ। ਕਰ ਪ੍ਰਕਾਸ਼ ਬਹੱਤਰ ਨਾੜ, ਅੰਧ ਅੰਧੇਰ ਮਿਟਾਇਆ। ਮੇਟ ਮਿਟਾਏ ਪੰਚਮ ਧਾੜ, ਜੂਠ ਝੂਠ ਰਹਿਣ ਨਾ ਪਾਇਆ। ਧਰਮ ਰਖਾਏ ਇਕ ਅਖਾੜ, ਤਾਲ ਤਲਵਾੜਾ ਇਕ ਵਜਾਇਆ। ਦਰ ਘਰ ਸਾਚੇ ਦੇਵੇ ਵਾੜ, ਘਰ ਘਰ ਵਿਚ ਮੇਲ ਮਿਲਾਇਆ। ਚੌਥੇ ਪੌੜੇ ਆਪ ਚਾੜ੍ਹ, ਪਰਮਾਨੰਦ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਲਾਇਆ। ਜੁਗ ਜੁਗ ਖੇਲ ਖੇਲਣਹਾਰਾ, ਏਕਾ ਏਕੰਕਾਰਿਆ। ਲੋਕਮਾਤ ਹੋ ਉਜਿਆਰਾ, ਖੇਲੇ ਖੇਲ ਸਰਬ ਸੰਸਾਰਿਆ। ਜਨ ਭਗਤਾਂ ਦੇਵੇ ਨਾਮ ਅਧਾਰਾ, ਏਕਾ ਨਾਉਂ ਵੰਞ ਮੁਹਾਣਿਆ। ਆਪੇ ਲਾਏ ਪਾਰ ਕਿਨਾਰਾ, ਵਡ ਦਾਤਾ ਹਰਿ ਮਿਹਰਬਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਖਣਹਾਰਾ ਦਰ, ਲੋਕਮਾਤ ਹੋਏ ਪ੍ਰਧਾਨਿਆ। ਲੋਕਮਾਤ ਨਰ ਨਰੇਸ਼, ਏਕਾ ਏਕ ਅਖਵਾਇੰਦਾ। ਆਪ ਆਪਣੀ ਦਏ ਅਦੇਸ, ਆਪ ਆਪਣਾ ਸਗਨ ਮਨਾਇੰਦਾ। ਆਪੇ ਦਾਤਾ ਦਾਨੀ ਦਸ ਦਸਮੇਸ, ਆਪ ਆਪਣਾ ਘਰ ਸੁਹਾਇੰਦਾ। ਆਪ ਆਪਣੇ ਨੇਤਰ ਆਪੇ ਪੇਖ, ਆਪ ਆਪਣਾ ਪਰਦਾ ਲਾਹਿੰਦਾ। ਆਪੇ ਲਿਖਣਹਾਰਾ ਲੇਖ, ਆਪੇ ਲੇਖਾ ਅੰਤਮ ਮੇਟ ਮਿਟਾਇੰਦਾ। ਆਪ ਉਪਾਏ ਧਾਰੀ ਕੇਸ, ਮੂੰਡ ਮੁੰਡਾਏ ਸੰਗ ਰਖਾਇੰਦਾ। ਆਪ ਜਗਾਏ ਬ੍ਰਹਮਾ ਵਿਸ਼ਨੂੰ ਮਹੇਸ਼ ਗਨੇਸ਼, ਕਰੋੜ ਤੇਤੀਸਾ ਆਪ ਉਠਾਇੰਦਾ। ਆਪ ਆਪਣਾ ਕਰਿਆ ਵੇਸ, ਕਲਜੁਗ ਦਰ ਦਰਵੇਸ਼ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੂਰੋ ਨੂਰ ਨੂਰ ਚਮਕਾਇੰਦਾ। ਨੂਰੋ ਨੂਰ ਹਰਿ ਕਰਤਾਰ, ਏਕਾ ਨੂਰ ਕਰੇ ਰੁਸ਼ਨਾਈਆ। ਸ਼ਬਦ ਤੂਰ ਇਕ ਉਪਜਾ, ਲੋਆਂ ਪੁਰੀਆਂ ਆਪ ਸੁਣਾਈਆ। ਸ੍ਰਿਸ਼ਟ ਸਬਾਈ ਦਏ ਜਣਾ, ਜੀਵਾਂ ਜੰਤਾਂ ਆਪ ਜਣਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਲਏ ਜਗਾ, ਰਾਓ ਰੰਕ ਆਪ ਉਠਾਈਆ। ਏਕਾ ਡੰਕਾ ਰਿਹਾ ਵਜਾ, ਚਾਰ ਵਰਨ ਕਰੇ ਕੁੜਮਾਈਆ। ਦੁਆਰ ਬੰਕਾ ਦਏ ਸੁਹਾ, ਧਰਤ ਮਾਤ ਵੱਡੀ ਵਡਿਆਈਆ। ਵਾਸੀ ਪੁਰੀ ਘਨਕਾ ਆਪ ਅਖਵਾ, ਸਚ ਸਿੰਘਾਸਣ ਪੁਰਖ ਅਬਿਨਾਸ਼ੀ ਬੈਠਾ ਡੇਰਾ ਲਾਈਆ। ਜੋਤੀ ਤਨਕਾ ਇਕ ਲਗਾ, ਹਰਿਜਨ ਸਾਚੇ ਵੇਖ ਵਖਾਈਆ। ਮਨ ਕਾ ਮਣਕਾ ਦਏ ਫਿਰਾ, ਮਤ ਬੁੱਧ ਨਾ ਕੋਈ ਚਤੁਰਾਈਆ। ਜਨਨੀ ਜਨ ਲੇਖੇ ਲਏ ਲਗਾ, ਹਰਿ ਹੱਥ ਵੱਡੀ ਵਡਿਆਈਆ। ਚੇਤਨ ਸਤਾ ਆਪ ਉਪਾ, ਆਪੇ ਮੇਲ ਮਿਲਾਈਆ। ਸ਼ਬਦੀ ਦਾਤਾ ਵੇਖ ਵਖਾ, ਰੱਤੀ ਰੱਤ ਆਪ ਸੁਕਾਈਆ। ਧੀਰਜ ਜਤਾ ਧੀਰ ਧਰਾ, ਸਤਿ ਸੰਤੋਖ ਵਿਚ ਸਮਾਈਆ। ਚਰਨ ਕਵਲ ਨਾਤਾ ਆਪ ਬੰਧਾ, ਆਪ ਆਪਣਾ ਵੇਖ ਵਖਾਈਆ। ਥੱਕਾ ਮਾਂਦਾ ਦੋ ਜਹਾਂ, ਚੌਦਾਂ ਲੋਕ ਫੇਰੀ ਪਾਈਆ। ਚੌਦਾਂ ਹੱਟ ਆਪ ਖੁਲ੍ਹਾ, ਤ੍ਰੈ ਭਵਨ ਬੂਝ ਬੁਝਾਈਆ। ਲੋਆਂ ਪੁਰੀਆਂ ਰਿਹਾ ਹਿਲਾ, ਆਪ ਆਪਣੀ ਬਣਤ ਬਣਾਈਆ। ਏਕਾ ਢੋਲਾ ਰਿਹਾ ਗਾ, ਦਾਤਾ ਦਾਨੀ ਧੁਰਦਰਗਾਹੀਆ। ਆਪਣਾ ਚੋਲਾ ਆਪ ਤਜਾ, ਪੰਜ ਤਤ ਨਾ ਕੋਇ ਕੁੜਮਾਈਆ। ਮੌਲਾ ਮੌਲਾ ਰੂਪ ਆਪ ਹੋ ਜਾ, ਨੂਰ ਇਲਾਹੀ ਆਪ ਖ਼ੁਦਾਈਆ। ਰਾਮ ਰਾਮਾ ਵੇਸ ਵਟਾ, ਆਪ ਆਪਣੀ ਕਲ ਵਰਤਾਈਆ। ਨਾਨਕ ਗੋਬਿੰਦ ਲੇਖ ਲਿਖਾ, ਆਪੇ ਵੇਖ ਵਖਾਈਆ। ਦਰ ਦਰਵੇਸ਼ਾ ਫੇਰੀ ਪਾ, ਅਲੱਖ ਨਿਰੰਜਣ ਅਲੱਖ ਜਗਾਈਆ। ਅਗੰਮ ਅਗੰਮੜੇ ਧਾਮ ਸੁਹਾ, ਅਗੰਮੜੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਬਣਤ ਬਣਾਈਆ। ਸ਼ਬਦ ਸੁਹੇਲਾ ਹਰਿ ਬਨਵਾਰੀ, ਆਪਣਾ ਰੂਪ ਵਟਾਇਆ। ਨਿਰਗੁਣ ਜੋਤੀ ਕਰ ਉਜਿਆਰੀ, ਸਰਗੁਣ ਮੇਲ ਮਿਲਾਇਆ। ਆਪੇ ਬੈਠਾ ਅੱਧਵਿਚਕਾਰੀ, ਦਿਸ ਕਿਸੇ ਨਾ ਆਇਆ। ਨਾਮ ਖੰਡਾ ਤੇਜ਼ ਕਟਾਰੀ, ਗੋਬਿੰਦ ਹੱਥ ਉਠਾਇਆ। ਕੂੜੀ ਕਿਰਿਆ ਕਰੇ ਖ਼ਵਾਰੀ, ਜੂਠ ਝੂਠ ਰਹਿਣ ਨਾ ਪਾਇਆ। ਤੋੜਣਹਾਰਾ ਗੜ੍ਹ ਹੰਕਾਰੀ, ਏਕਾ ਕਰਮ ਕਮਾਇਆ। ਜਨ ਭਗਤਾਂ ਮੇਲਾ ਸਚ ਦਵਾਰੀ, ਆਤਮ ਬ੍ਰਹਮ ਜਣਾਇਆ। ਪਾਰਬ੍ਰਹਮ ਸੱਚੀ ਸਿਕਦਾਰੀ, ਦੋ ਜਹਾਨਾਂ ਵੇਖ ਵਖਾਇਆ। ਲੱਖ ਚੁਰਾਸੀ ਕਰੇ ਕਾਰੀ, ਕਾਰਜ ਕਰਤਾ ਨਾਉਂ ਉਪਾਇਆ। ਧਰਨੀ ਧਰਤ ਧਵਲ ਹੋਏ ਪਨਿਹਾਰੀ, ਆਪ ਆਪਣਾ ਦਰ ਸੁਹਾਇਆ। ਰਵ ਸਸ ਰਹੇ ਪੁਕਾਰੀ, ਮੰਡਲ ਮੰਡਪ ਦਏ ਦੁਹਾਇਆ। ਬ੍ਰਹਮਾ ਰੋਵੇ ਜ਼ਾਰੋ ਜ਼ਾਰੀ, ਅੱਠੇ ਨੇਤਰ ਨੀਰ ਵਹਾਇਆ। ਸ਼ਿਵ ਸ਼ੰਕਰ ਨਾ ਬੰਨ੍ਹੇ ਕੋਈ ਧਾਰੀ, ਧੀਰਜ ਧੀਰ ਨਾ ਕੋਈ ਧਰਾਇਆ। ਕਰੋੜ ਤੇਤੀਸਾ ਕਰੇ ਪੁਕਾਰੀ, ਕਲਜੁਗ ਵੇਲਾ ਅੰਤਮ ਆਇਆ। ਮੰਡਲ ਮੰਡਪ ਕਰੇ ਗਿਰਿਆਜ਼ਾਰੀ, ਦਿਵਸ ਰੈਣ ਦਏ ਦੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਲੇਖ ਲਿਖਾਇਆ। ਆਪਣਾ ਲੇਖਾ ਆਪੇ ਲਿਖ, ਆਪੇ ਲੇਖ ਲਿਖਾਇੰਦਾ। ਆਪਣੀ ਸਿਖਿਆ ਆਪੇ ਸਿਖ, ਆਪੇ ਬੂਝ ਬੁਝਾਇੰਦਾ। ਆਪਣੀ ਭਿਛਿਆ ਪਾਏ ਭਿਖ, ਆਪਣਾ ਦਰ ਸੁਹਾਇੰਦਾ। ਆਪ ਆਪਣੀ ਮੇਟੇ ਤ੍ਰਿਖ, ਜਗਤ ਤ੍ਰਿਸ਼ਨਾ ਆਪ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਰੰਗ ਰੰਗਾਇੰਦਾ। ਰੰਗ ਰਤੜਾ ਹਰਿ ਨਿਰੰਕਾਰ, ਏਕਾ ਜੋਤ ਜਗਾਈਆ। ਆਦਿ ਜੁਗਾਦੀ ਸਾਂਝਾ ਯਾਰ, ਚਾਰ ਵਰਨਾਂ ਇਕ ਸਰਨਾਈਆ। ਏਕਾ ਸ਼ਬਦ ਇਕ ਜੈਕਾਰ, ਏਕਾ ਨਾਅਰਾ ਲਾਈਆ। ਏਕਾ ਧਾਮ ਇਕ ਦਵਾਰ, ਏਕਾ ਬੂਝ ਬੁਝਾਈਆ। ਏਕਾ ਬੈਠਾ ਸਚ ਦਵਾਰ, ਸਚ ਸਿੰਘਾਸਣ ਆਸਣ ਲਾਈਆ। ਏਕਾ ਜੋਤੀ ਹੋ ਉਜਿਆਰ, ਨਿਰਗੁਣ ਨੂਰੋ ਨੂਰ ਸਮਾਈਆ। ਏਕਾ ਹਾਟੀ ਵਣਜ ਵਪਾਰ, ਏਕਾ ਵਸਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਕਰੇ ਰੁਸ਼ਨਾਈਆ। ਲੱਖ ਚੁਰਾਸੀ ਜੋਤ ਜਗਾ, ਆਪਣਾ ਕਰਮ ਕਮਾਇਆ। ਦੀਵਾ ਬਾਤੀ ਇਕ ਟਿਕਾ, ਜੋਤ ਨਿਰੰਜਣ ਸੇਵਾ ਲਾਇਆ। ਬਜ਼ਰ ਕਪਾਟੀ ਕੁੰਡਾ ਲਾਹ, ਆਪ ਆਪਣਾ ਮੁਖ ਛੁਪਾਇਆ। ਭਗਤ ਸੁਹੇਲੇ ਆਪ ਉਠਾ, ਆਪ ਆਪਣੀ ਬੂਝ ਬੁਝਾਇਆ। ਗੁਰ ਗੁਰ ਚੇਲੇ ਲਏ ਮਿਲਾ, ਏਕਾ ਮਾਰਗ ਲਾਇਆ। ਅੰਤਮ ਵੇਲੇ ਹੋ ਸਹਾ, ਲੱਖ ਚੁਰਾਸੀ ਫੰਦ ਕਟਾਇਆ। ਸ਼ਬਦ ਡੋਰੀ ਬੰਧਨ ਪਾ, ਨਾਮ ਬਿਬਾਣੇ ਆਪ ਚੜ੍ਹਾਇਆ। ਤਿਲਕ ਲਲਾਟੀ ਚੰਦਨ ਆਪ ਲਗਾ, ਮਸਤਕ ਟਿੱਕਾ ਇਕ ਸੁਹਾਇਆ। ਪਰਮਾਨੰਦਨ ਡੇਰਾ ਲਾ, ਨਿਜਾ ਨੰਦ ਰਸ ਚਖਾਇਆ। ਸਦ ਬਖ਼ਸ਼ੰਦਨ ਆਪ ਅਖਵਾ, ਆਪ ਆਪਣਾ ਧਰਮ ਧਰਾਇਆ। ਜਗਤ ਬੰਧਨ ਤੋੜ ਤੁੜਾ, ਜੁਗ ਜੁਗ ਵੇਸ ਵਟਾਇਆ। ਤ੍ਰੈ ਗੁਣ ਤੇਰਾ ਕੋਈ ਨਾ ਥਾਂ, ਪੰਚਮ ਮੀਤਾ ਨਾ ਕੋਈ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਖ ਵਖਾਇਆ। ਤ੍ਰੈਗੁਣ ਮਾਇਆ ਮਾਰੇ ਧਾਹ, ਚਾਰੋਂ ਕੁੰਟ ਰਹੀ ਕੁਰਲਾਈਆ। ਪੰਚ ਵਿਕਾਰਾ ਨਾ ਕੋਈ ਥਾਂ, ਨੇਤਰ ਨੈਣ ਰਹੇ ਸ਼ਰਮਾਈਆ। ਪੰਚਮ ਤਤ ਨਾ ਪਕੜੇ ਬਾਂਹ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਨਾ ਕੋਈ ਸਹਾਈਆ। ਸੁਰਤ ਸਵਾਣੀ ਕਰੇ ਨਾਂਹ, ਬ੍ਰਹਮ ਬ੍ਰਹਮ ਨਾ ਕੋਈ ਜਣਾਈਆ। ਨਾਤਾ ਤੁਟਾ ਪਿਤਾ ਮਾਂ, ਸਾਕ ਸੈਣ ਨਾ ਭੈਣ ਭਾਈਆ। ਨਾ ਕੋਈ ਦੇਵੇ ਠੰਡੀ ਛਾਂ, ਕਲਜੁਗ ਅਗਨੀ ਏਕਾ ਡਾਹੀਆ। ਜੀਵ ਜੰਤ ਹੋਏ ਕਾਂ, ਸਾਚੀ ਚੋਗ ਨਾ ਹੰਸ ਚੁਗਾਈਆ। ਰਾਜ ਰਾਜਾਨ ਨਾ ਕਰੇ ਕੋਈ ਨਿਆਂ, ਜੂਠੀ ਝੂਠੀ ਲਸ਼ਕਰ ਸ਼ਾਹੀਆ। ਨਿਥਾਵਿਆਂ ਦੇਵੇ ਨਾ ਕੋਈ ਥਾਂ, ਗ਼ਰੀਬ ਨਿਮਾਣੇ ਰਹੇ ਕੁਰਲਾਈਆ। ਨਾਨਕ ਲੇਖਾ ਗਿਆ ਸਮਝਾ, ਏਕਾ ਮਤ ਸਮਝਾਈਆ। ਗੁਰ ਚੇਲੇ ਵਸੇ ਸਾਚੇ ਥਾਂ, ਅਕਾਲ ਪੁਰਖ ਮਨਾਈਆ। ਅਕਾਲ ਮੂਰਤ ਬੇਪਰਵਾਹ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਚਲਤ ਚਲਾਈਆ। ਕਲਜੁਗ ਕੂੜ ਕੁੜਿਆਰ ਰਿਹਾ ਉਠ, ਹਰਿ ਸਾਚਾ ਆਪ ਉਠਾਇੰਦਾ। ਲੁਕਿਆ ਰਹਿਣ ਨਾ ਦੇਵੇ ਕਿਸੇ ਗੁੱਠ, ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਫੇਰਾ ਪਾਇੰਦਾ। ਤੀਰ ਨਿਰਾਲਾ ਰਿਹਾ ਛੁੱਟ, ਰਸਨਾ ਚਿੱਲੇ ਆਪ ਚੜ੍ਹਾਇੰਦਾ। ਦੋ ਜਹਾਨਾਂ ਕੱਢੇ ਕੁੱਟ, ਵਰਭੰਡੀ ਡੇਰਾ ਲਾਇੰਦਾ। ਖ਼ਾਲੀ ਦੋਵੇਂ ਦਿਸਣ ਹੱਥ, ਜੂਠ ਝੂਠ ਨਾ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਡੰਕਾ ਆਪਣਾ ਸ਼ਬਦ ਸੁਣਾਇੰਦਾ। ਸ਼ਬਦ ਡੰਕਾ ਹਰਿ ਨਿਰੰਕਾਰ, ਏਕਾ ਨਾਮ ਵਜਾਇਆ। ਮਾਇਆ ਮਮਤਾ ਹੋਏ ਖ਼ਵਾਰ, ਜੂਠ ਝੂਠ ਰਹਿਣ ਨਾ ਪਾਇਆ। ਹਉਮੇ ਹੰਗਤਾ ਤੋੜੇ ਗੜ੍ਹ ਹੰਕਾਰ, ਜਗਤ ਤ੍ਰਿਸ਼ਨਾ ਮੇਟ ਮਿਟਾਇਆ। ਸਾਚੀ ਸੰਗਤਾ ਕਰ ਪਿਆਰ, ਨਾਨਕ ਅੰਗਦ ਗਲ ਲਗਾਇਆ। ਧੁਰਦਰਗਾਹੀ ਮੰਗਦਾ ਇਕ ਦਵਾਰ, ਜੁਗ ਜੁਗ ਵੇਸ ਵਟਾਇਆ। ਖੇਲੇ ਖੇਲ ਅਗੰਮ ਅਪਾਰ, ਲੋਕਮਾਤੀ ਫੇਰਾ ਪਾਇਆ। ਜੋਤੀ ਨੂਰ ਨੂਰ ਉਜਿਆਰ, ਸਾਚਾ ਸਾਕੀ ਬਣ ਕੇ ਆਇਆ। ਅੰਮ੍ਰਿਤ ਦੇਵੇ ਨਾਮ ਭੰਡਾਰ, ਏਕਾ ਜਾਮ ਪਿਆਇਆ। ਖੋਲ੍ਹੇ ਹਾਟੀ ਬੰਦ ਕਿਵਾੜ, ਬਜ਼ਰ ਕਪਾਟੀ ਤੋੜ ਤੁੜਾਇਆ। ਦਰ ਘਰ ਸਾਚੇ ਦੇਵੇ ਵਾੜ, ਹਰਿਜਨ ਸਾਚੇ ਵਡ ਵਡਿਆਇਆ। ਆਪੇ ਹੋਏ ਪਿਛੇ ਅਗਾੜ, ਲਹਿਣਾ ਦੇਣਾ ਮੂਲ ਚੁਕਾਇਆ। ਤ੍ਰੈਗੁਣ ਅਗਨੀ ਦੇਵੇ ਸਾੜ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਪਰਦਾ ਆਪੇ ਲਾਹਿਆ। ਕਲਜੁਗ ਬੇੜਾ ਆਪੇ ਬੰਨ੍ਹ, ਆਪੇ ਰਿਹਾ ਚਲਾਈਆ। ਆਪਣਾ ਭਾਣਾ ਆਪੇ ਮੰਨ, ਆਪਣੇ ਭਾਣੇ ਆਪ ਸਮਾਈਆ। ਆਪੇ ਰਾਗ ਸੁਣਾਏ ਕੰਨ, ਆਪ ਆਪਣਾ ਰਾਗ ਅਲਾਈਆ। ਆਪਣਾ ਮੇਟੇ ਆਪੇ ਜਨ, ਆਪ ਆਪਣਾ ਭਰਮ ਚੁਕਾਈਆ। ਆਪੇ ਲੇਖੇ ਲਾਏ ਆਪਣਾ ਤਨ, ਪੰਜ ਤਤ ਨਾ ਕੋਈ ਰਖਾਈਆ। ਆਪਣੇ ਘਰ ਆਪਣਾ ਆਪ ਆਪੇ ਲਏ ਬੰਨ੍ਹ, ਬੰਨਣਹਾਰ ਆਪ ਹੋ ਜਾਈਆ। ਆਪਣਾ ਦੇਵਣਹਾਰਾ ਆਪੇ ਡੰਨ, ਆਪੇ ਦਏ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਬੇਪਰਵਾਹੀਆ। ਆਪੇ ਬੇਪਰਵਾਹੀ ਬੇਐਬ ਪਰਵਰਦਿਗਾਰ, ਨੂਰੋ ਨੂਰ ਸਮਾਇਆ। ਹੱਕ ਖ਼ੁਦਾਈ ਸਾਂਝਾ ਯਾਰ, ਏਕਾ ਰੂਪ ਵਟਾਇਆ। ਮੁਕਾਮੇ ਹੱਕ ਮੀਤ ਮੁਰਾਰ, ਪੀਰ ਦਸਤਗੀਰ ਸ਼ਾਹ ਹਕੀਰ ਵੇਖ ਵਖਾਇਆ। ਹੱਕ ਹਕੀਕਤ ਪਾਵੇ ਸਾਰ, ਪਰਦਾ ਉਹਲਾ ਨਾ ਕੋਈ ਜਣਾਇਆ। ਸਚ ਰਫ਼ੀਕ ਹੋ ਤਿਆਰ, ਲੋਕਮਾਤ ਵੇਖ ਵਖਾਇਆ। ਲਾਸ਼ਰੀਕ ਸਾਂਝਾ ਯਾਰ, ਆਪ ਆਪਣਾ ਨਾਉਂ ਧਰਾਇਆ। ਕਲਜੁਗ ਆਈ ਅੰਤ ਹਾਰ, ਸਦੀ ਚੌਧਵੀਂ ਆਪ ਭੁਗਤਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲਹਿਣਾ ਤੇਰੀ ਝੋਲੀ ਭਰਾਨਿਆ। ਕਲਜੁਗ ਤੇਰਾ ਸਾਚਾ ਲਹਿਣਾ, ਹਰਿ ਹਰਿ ਆਪ ਚੁਕਾਇੰਦਾ। ਆਤਮ ਬਸਤਰ ਪਾਏ ਗਹਿਣਾ, ਤਨ ਸ਼ਿੰਗਾਰ ਵਖਾਇੰਦਾ। ਜੂਠ ਝੂਠ ਕੱਜਲ ਨੈਣਾਂ, ਤੇਰਾ ਮੁਖ ਸੁਹਾਇੰਦਾ। ਮਾਇਆ ਮਮਤਾ ਸੰਗ ਹੋ ਨਾ ਬਹਿਣਾ, ਸਗਲਾ ਸੰਗ ਨਿਭਾਇੰਦਾ। ਸ਼ੌਹ ਦਰਯਾਏ ਅੰਤਮ ਪੈਣਾ, ਏਕਾ ਦਰ ਵਖਾਇੰਦਾ। ਪੁਰਖ ਅਬਿਨਾਸ਼ੀ ਸਾਚਾ ਕਹਿਣਾ, ਨਾ ਕੋਈ ਗੇੜ ਕਟਾਇੰਦਾ। ਆਦਿ ਜੁਗਾਦਿ ਕਿਸੇ ਨਾ ਰਹਿਣਾ, ਜੋ ਘੜਿਆ ਭੰਨ ਵਖਾਇੰਦਾ। ਸਤਿਜੁਗ ਸਾਚੇ ਧਰਤ ਮਾਤ ਦੀ ਗੋਦੀ ਬਹਿਣਾ, ਹਰਿ ਸਾਚਾ ਜਨਮ ਦਵਾਇੰਦਾ । ਏਕਾ ਸ਼ਬਦ ਰਸਨਾ ਕਹਿਣਾ, ਏਕਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਮੇਟ ਮਿਟਾਏ ਤੇਰੀ ਅੰਤਰ ਧਾਰ, ਪ੍ਰਗਟ ਹੋ ਵਿਚ ਸੰਸਾਰ, ਆਪ ਆਪਣਾ ਕਰਮ ਕਮਾਇੰਦਾ। ਕਰਨਹਾਰ ਹਰਿ ਸਮਰਥ, ਆਦਿ ਜੁਗਾਦਿ ਅਖਵਾਇਆ। ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਹੱਥ, ਕਲਜੁਗ ਵੰਡ ਵੰਡਾਇਆ। ਜਗਤ ਮੁਨਾਰਾ ਜਾਏ ਢੱਠ, ਥਿਰ ਕੋਇ ਰਹਿਣ ਨਾ ਪਾਇਆ। ਲਹਿਣਾ ਦੇਣਾ ਚੁੱਕੇ ਤੀਰਥ ਅਠਸਠ, ਗੰਗਾ ਗੋਦਾਵਰੀ ਮੁਖ ਸ਼ਰਮਾਇਆ। ਗੇੜਣਹਾਰਾ ਉਲਟੀ ਲੱਠ, ਜੁਗ ਜੁਗ ਆਪਣਾ ਨਾਉਂ ਧਰਾਇਆ। ਤ੍ਰੈਗੁਣ ਮਾਇਆ ਭੱਠ, ਜੋਤੀ ਲੰਬੂ ਲਾਇਆ। ਸ੍ਰਿਸ਼ਟ ਸਬਾਈ ਹੋਈ ਭੱਠ, ਹਰਿ ਸਾਚੇ ਖੇਲ ਰਚਾਇਆ। ਸੰਤ ਸੰਤ ਸੁਹੇਲੇ ਮੇਲ ਮਿਲਾਏ ਨੱਠ ਨੱਠ, ਦਿਵਸ ਰੈਣ ਸੇਵ ਕਮਾਇਆ। ਹਰਿ ਚਰਨ ਦਵਾਰੇ ਇਕ ਇਕੱਠ, ਏਕਾ ਧਾਮ ਸੁਹਾਇਆ। ਦੇਵਣਹਾਰਾ ਸਾਚੀ ਵੱਥ, ਸਤਿਜੁਗ ਮਾਰਗ ਲਾਇਆ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਫੇਰਾ ਪਾਇਆ। ਕਲਜੁਗ ਅੰਤਮ ਦੇਵੇ ਮਥ, ਨਾਮ ਮਧਾਣਾ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਨਾਉਂ ਧਰਾਇਆ। ਨਾਉਂ ਉਪਾਇਆ ਹਰਿ ਨਿਰੰਕਾਰ, ਆਪਣਾ ਆਪ ਦਰਸਾਇੰਦਾ। ਇਕ ਇਕੱਲਾ ਵੇਖ ਵਿਚਾਰ, ਅਕਲ ਕਲਾ ਅਖਵਾਇੰਦਾ। ਜੋਗੀ ਜਗਤ ਨਾ ਕੋਈ ਵਿਚਾਰ, ਤਪੀ ਤਪੀਸ਼ਰ  ਨਾ ਮੇਲ ਮਿਲਾਇੰਦਾ। ਤਪੀ ਤਪੀਸ਼ਰ ਗਏ ਹਾਰ, ਬੰਧ ਬੰਧਨ ਨਾ ਕੋਈ ਪਾਇੰਦਾ। ਤਨ ਲੰਗੋਟੀ ਹੋਏ ਖ਼ਵਾਰ, ਸਾਚੀ ਚੋਟੀ ਨਾ ਕੋਈ ਚੜ੍ਹਾਇੰਦਾ। ਬੋਟੀ ਬੋਟੀ ਕਰਨਹਾਰ, ਜਗਤ ਤ੍ਰਿਸ਼ਨਾ ਨਾ ਕੋਈ ਬੁਝਾਇੰਦਾ। ਵਾਸਨਾ ਖੋਟੀ ਹੋਈ ਵਿਭਚਾਰ, ਸਾਚਾ ਕੰਤ ਨਾ ਕੋਈ ਹੰਢਾਇੰਦਾ। ਸਾਧਾਂ ਸੰਤਾਂ ਆਈ ਹਾਰ, ਘਰ ਮੰਗਲ ਨਾ ਕੋਈ ਗਾਇੰਦਾ। ਸੁਰਤੀ ਸ਼ਬਦ ਨਾ ਕੋਈ ਪਿਆਰ, ਅਨਹਦ ਤਾਲ ਨਾ ਕੋਈ ਵਜਾਇੰਦਾ। ਮਿਲੇ ਮੇਲ ਨਾ ਮੀਤ ਮੁਰਾਰ, ਅੰਗੀਕਾਰ ਨਾ ਕੋਈ ਕਰਾਇੰਦਾ। ਨੌਂ ਦੁਆਰੇ ਹਾਹਾਕਾਰ, ਧਰਮ ਖੰਡ ਨਾ ਕੋਈ ਜਣਾਇੰਦਾ। ਹਰਿਜਨ ਵਿਰਲਾ ਪਾਵੇ ਸਾਰ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਅੰਤਰ ਆਤਮ ਇਕ ਪਿਆਰ, ਏਕਾ ਰੰਗ ਸਮਾਇੰਦਾ। ਕਵਲ ਨਾਭ ਅੰਮ੍ਰਿਤ ਧਾਰ, ਠਾਂਡਾ ਜਲ ਵਰਤਾਇੰਦਾ। ਸਾਂਤਕ ਸਤਿ ਸਤਿ ਰੂਪ ਕਰਤਾਰ, ਸਤਿ ਸੰਤੋਖ ਆਪ ਰਖਾਇੰਦਾ। ਮਨਮੁੱਖ ਭੁਲਾਏ ਜੀਵ ਗਵਾਰ, ਆਪ ਆਪਣਾ ਭੇਵ ਛੁਪਾਇੰਦਾ। ਸਰਬ ਕਲਾ ਸਮਰਥ ਆਪ ਨਿਰੰਕਾਰ, ਦਿਸ ਕਿਸੇ ਨਾ ਆਇੰਦਾ। ਸਗਲ ਵਸੂਰੇ ਜਾਇਣ ਲੱਥ, ਨੇਤਰ ਲੋਚਣ ਜੋ ਜਨ ਦਰਸ਼ਨ ਪਾਇੰਦਾ। ਜੁਗ ਜੁਗ ਮਹਿਮਾ ਅਕਥਨਾ ਅਕੱਥ, ਕਥਨੀ ਕਥ ਨਾ ਕੋਈ ਕਥਾਇੰਦਾ। ਸਤਿਜੁਗ ਸਾਚੇ ਦੇਵੇ ਵਥ, ਸੋ ਪੁਰਖ ਨਿਰੰਜਣ ਮਾਤ ਧਰਾਇੰਦਾ। ਹੰ ਹੰਗਤਾ ਦੇਵੇ ਮਥ, ਬ੍ਰਹਮ ਬ੍ਰਹਮ ਰੂਪ ਦਰਸਾਇੰਦਾ। ਹੰ ਬ੍ਰਹਮ ਪਾਰਬ੍ਰਹਮ ਪਾਏ ਨੱਥ, ਆਪਣਾ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਨਾਉਂ ਧਰਾਇੰਦਾ। ਹਰਿ ਹਰਿ ਨਾਉਂ ਨਿਹਕਲੰਕ, ਕਲਜੁਗ ਵੱਜੀ ਵਧਾਈਆ। ਆਪੇ ਰਾਓ ਆਪੇ ਰੰਕ, ਸ਼ਾਹ ਸੁਲਤਾਨ ਆਪ ਹੋ ਜਾਈਆ। ਆਪ ਸੁਹਾਏ ਆਪਣਾ ਬੰਕ, ਬੰਕ ਦਵਾਰੀ ਵੇਸ ਵਟਾਈਆ। ਭਗਤ ਭਗਤੀ ਲਾਏ ਤਨਕ, ਆਪੇ ਝੋਲੀ ਭਿਛਿਆ ਪਾਈਆ। ਆਪੇ ਖੇਲੇ ਖੇਲ ਬਾਰ ਅਨਕ, ਜੁਗ ਜੁਗ ਵੱਡੀ ਵਡਿਆਈਆ। ਕਲਜੁਗ ਪ੍ਰਗਟ ਹੋਇਆ ਵਾਸੀ ਪੁਰੀ ਘਨਕ, ਸੰਬਲ ਨਗਰੀ ਡੇਰਾ ਲਾਈਆ। ਮੇਟਣਹਾਰਾ ਜਗਤ ਸ਼ੰਕ, ਕਲਜੁਗ ਝੂਠਾ ਗੜ੍ਹ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰ ਗੋਬਿੰਦ ਵੇਖ ਵਖਾਈਆ। ਗੋਬਿੰਦ ਸਾਚਾ ਖੇਲ ਖਲਾਵਣਾ, ਹਰਿ ਹੱਥ ਵੱਡੀ ਵਡਿਆਈਆ। ਏਕਾ ਨਗਰ ਧਾਮ ਸੁਹਾਵਣਾ, ਮਹੱਲ ਅਟੱਲ ਕਰ ਰੁਸ਼ਨਾਈਆ। ਸਚ ਪ੍ਰਕਾਸ਼ ਇਕ ਕਰਾਵਣਾ, ਅੰਧ ਅੰਧੇਰ ਮਿਟਾਈਆ। ਕਲਗੀ ਤੋੜਾ ਸੀਸ ਚਮਕਾਵਣਾ, ਜੋਤੀ ਜੋਤ ਜੋਤ ਮਿਲਾਈਆ। ਸ਼ਾਹ ਅਸਵਾਰ ਇਕ ਅਖਵਾਵਣਾ, ਸੋਲਾਂ ਕਲੀਆਂ ਆਸਣ ਪਾਈਆ। ਨੀਲੀ ਧਾਰੋਂ ਪਾਰ ਕਰਾਵਣਾ, ਆਪ ਆਪਣੇ ਅੰਕ ਸਮਾਈਆ। ਸਾਚਾ ਗੜ੍ਹ ਬੰਕ ਸੁਹਾਵਣਾ, ਘਰ ਸਾਚਾ ਵੇਖ ਵਖਾਈਆ। ਨੇਤਰ ਨੈਣ ਕਿਸੇ ਦਿਸ ਨਾ ਆਵਣਾ, ਚਾਰੋਂ ਕੁੰਟ ਵੇਖੇ ਸਰਬ ਲੋਕਾਈਆ । ਭੇਵ ਅਭੇਦਾ ਭੇਵ ਛੁਪਾਵਣਾ, ਵੇਦ ਵਿਆਸ ਰਿਹਾ ਕੁਰਲਾਈਆ। ਪੂਤ ਸਪੂਤਾ ਬ੍ਰਹਿਮਣ ਗੌੜਾ ਉਚਾ ਟਿੱਲਾ ਪਰਬਤ ਇਕ ਸੁਹਾਵਣਾ, ਚੜ੍ਹ ਬੈਠਾ ਧੁਰਦਰਗਾਹੀਆ । ਨਾਮ ਖੰਡਾ ਇਕ ਚਮਕਾਵਣਾ, ਇਕ ਧਾਰਾ ਰਿਹਾ ਵਖਾਈਆ। ਰਸਨਾ ਚਿੱਲਾ ਇਕ ਚੜ੍ਹਾਵਣਾ, ਇਕ ਨਿਸ਼ਾਨ ਤਕਾਈਆ। ਨੌਂ ਖੰਡ ਪ੍ਰਿਥਮੀ ਫੇਰਾ ਪਾਵਨਾ, ਸੱਤਾਂ ਦੀਪਾਂ ਵੇਖ ਵਖਾਈਆ। ਏਕਾ ਸ਼ਸਤਰ ਆਪ ਉਠਾਵਣਾ, ਨਾ ਹੋਏ ਕੋਈ ਸਹਾਈਆ। ਤੇਰਾ ਲਹਿਣਾ ਦੇਣਾ ਅੰਤ ਚੁਕਾਵਣਾ, ਵੇਲੇ ਅੰਤਮ ਮੇਟਣਹਾਰਾ ਝੂਠੀ ਛਾਹੀਆ। ਰਾਜ ਰਾਜਾਨ ਕੋਈ ਰਹਿਣ ਨਾ ਪਾਵਣਾ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਸੀਸ ਤਾਜ ਦਿਸ ਨਾ ਆਵਣਾ, ਛੱਤਰ ਸੀਸ ਨਾ ਕੋਈ ਝੁਲਾਈਆ। ਪੁਰਖ ਅਬਿਨਾਸ਼ੀ ਖੇਲ ਖਿਲਾਵਣਾ, ਚਾਰੋਂ ਕੁੰਟ ਪਾਏ ਦੁਹਾਈਆ। ਦਰ ਦਰਵੇਸ਼ ਦਰ ਦਰਬਾਨ ਫਿਰਾਵਣਾ, ਮਿਹਰਬਾਨ ਸਾਰ ਨਾ ਪਾਈਆ। ਗੋਪੀ ਕਾਹਨ ਨਾ ਕੋਈ ਨਚਾਵਣਾ, ਨਾਮ ਬੰਸਰੀ ਇਕ ਵਜਾਈਆ। ਸੀਤਾ ਸੁਰਤੀ ਰਾਮ ਮਿਲਾਵਣਾ, ਘਰ ਮੇਲਾ ਸਾਚੇ ਮਾਹੀਆ। ਨਾਨਕ ਨਿਰਗੁਣ ਧਾਰ ਚਲਾਵਣਾ, ਧੁਰ ਦਰਬਾਰ ਵੱਡੀ ਵਡਿਆਈਆ। ਏਕਾ ਸ਼ਬਦ ਅਲੱਖ ਨਿਰੰਜਣ ਗਾਵਣਾ, ਆਪ ਆਪਣਾ ਰੂਪ ਦਰਸਾਈਆ। ਗੋਬਿੰਦ ਜੋਧਾ ਸੂਰਬੀਰ ਉਠਾਵਣਾ, ਆਪ ਆਪਣਾ ਬਣੇ ਸਹਾਈਆ। ਅਗੰਮ ਅਗੰਮੜੀ ਖੇਲ ਖਿਲਾਵਣਾ, ਅਗੰਮੜੀ ਧਾਰ ਵਹਾਈਆ। ਕਲਜੁਗ ਤੇਰਾ ਵੇਸ ਚੁਕਾਵਣਾ, ਮੇਟੇ ਕੂੜੀ ਸ਼ਾਹੀਆ। ਸਤਿਜੁਗ ਸਾਚਾ ਧਰਤ ਮਾਤ ਧਰਾਵਣਾ, ਧਰਤ ਧਵਲ ਆਪ ਸੁਹਾਈਆ। ਏਕਾ ਮਾਰਗ ਸੱਚਾ ਲਾਵਣਾ, ਚਾਰ ਵਰਨ ਸੱਚੀ ਸਰਨਾਈਆ। ਸਚ ਨਿਸ਼ਾਨਾ ਇਕ ਰਖਾਵਣਾ, ਧਰਮੀ ਧਰਮ ਕਮਾਈਆ। ਧੁਨ ਅਨਾਦੀ ਨਾਦ ਵਜਾਵਣਾ, ਆਤਮ ਬ੍ਰਹਮ ਮਿਲਾਈਆ। ਬ੍ਰਹਮ ਬ੍ਰਹਮ ਵੇਖ ਵਖਾਵਣਾ, ਪਾਰਬ੍ਰਹਮ ਵੱਡੀ ਵਡਿਆਈਆ। ਸਤਿਜੁਗ ਸਾਚਾ ਕਰਮ ਕਮਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾ ਕੋਈ ਵਰਨ ਨਾ ਕੋਈ ਗੋਤ, ਏਕਾ ਨੂਰ ਹਾਜ਼ਰ ਹਜ਼ੂਰ ਨਿਹਕਲੰਕ ਆਪ ਹੋ ਜਾਈਆ।