Granth 08 Likhat 183: 21 Kattak 2016 Bikarmi Gurdev Singh de Ghar Pind Dusanjh Khurd Jila Jalandhar

੨੧ ਕੱਤਕ ੨੦੧੬ ਬਿਕ੍ਰਮੀ ਗੁਰਦੇਵ ਸਿੰਘ ਦੇ ਘਰ ਪਿੰਡ ਦੁਸ਼ਾਂਝ ਖ਼ੁਰਦ ਜ਼ਿਲਾ ਜਲੰਧਰ

ਸੋ ਪੁਰਖ ਨਿਰੰਜਣ ਗੁਣ ਨਿਧਾਨ, ਹਰਿ ਪੁਰਖ ਨਿਰੰਜਣ ਵਡ ਵਡਿਆਇਆ। ਏਕੰਕਾਰਾ ਖੇਲ ਮਹਾਨ, ਸ੍ਰੀ ਭਗਵਾਨ ਵੇਸ ਵਟਾਈਆ। ਆਦਿ ਨਿਰੰਜਣ ਜੋਤੀ ਨੂਰ ਡਗਮਗਾਨ, ਪੁਰਖ ਅਬਿਨਾਸ਼ੀ ਵੇਖ ਵਖਾਈਆ। ਪਾਰਬ੍ਰਹਮ ਪ੍ਰਭ ਹੋ ਪ੍ਰਧਾਨ, ਬ੍ਰਹਮ ਆਪਣੀ ਅੰਸ ਉਪਾਈਆ। ਵਿਸ਼ਨੂੰ ਦੇਵੇ ਸਾਚਾ ਦਾਨ, ਆਪਣੇ ਅੰਗ ਲਗਾਈਆ। ਬ੍ਰਹਮਾ ਵੇਤਾ ਇਕ ਨਿਸ਼ਾਨ, ਸਾਚੀ ਵਿਦਿਆ ਕਰੇ ਪੜ੍ਹਾਈਆ। ਸ਼ੰਕਰ ਦੇਵੇ ਧੁਰ ਫਰਮਾਣ, ਏਕਾ ਹੁਕਮ ਸੁਣਾਈਆ। ਤ੍ਰੈਗੁਣ ਮਾਇਆ ਕਰ ਪ੍ਰਧਾਨ, ਪੱਲੇ ਗੰਢ ਬੰਧਾਈਆ। ਪੰਜ ਤੱਤ ਆਪ ਉਪਜਾਏ ਆਪ ਨਿਸ਼ਾਨ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਨਾਲ ਰਲਾਈਆ। ਮਨ ਮਤ ਬੁੱਧ ਦੇਵੇ ਮਾਣ, ਨਿਰਗੁਣ ਆਪਣੀ ਖੇਲ ਖਲਾਈਆ। ਕਾਇਆ ਮੰਦਰ ਸਚ ਮਕਾਨ, ਨੌ ਦਰ ਆਪ ਖੁਲ੍ਹਾਈਆ। ਖੇਲੇ ਖੇਲ ਗੁਣ ਨਿਧਾਨ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਆਪਣੀ ਰਚਨਾ ਵੇਖ ਵਖਾਈਆ। ਸੋ ਪੁਰਖ ਨਿਰੰਜਣ ਸ਼ਾਹੋ ਭੂਪ, ਹਰਿ ਪੁਰਖ ਨਿਰੰਜਣ ਸਤਿ ਸਰੂਪ ਅਖਵਾਇੰਦਾ। ਏਕੰਕਾਰਾ ਜਾਏ ਤੁਠ, ਆਦਿ ਨਿਰੰਜਣ ਵੇਖ ਵਖਾਇੰਦਾ। ਸ੍ਰੀ ਭਗਵਾਨ ਅਬਿਨਾਸ਼ੀ ਅਚੁੱਤ, ਪੁਰਖ ਅਬਿਨਾਸ਼ਾ ਮੇਲ ਮਿਲਾਇੰਦਾ। ਪਾਰਬ੍ਰਹਮ ਸੁਹਾਏ ਆਪਣੀ ਰੁੱਤ, ਬ੍ਰਹਮ ਫੁਲਵਾੜੀ ਆਪ ਲਗਾਇੰਦਾ। ਵਿਸ਼ਨੂੰ ਵੰਸੀ ਸਾਚਾ ਸੁੱਤ, ਬ੍ਰਹਮਾ ਸੰਗ ਨਿਭਾਇੰਦਾ। ਸ਼ੰਕਰ ਮੇਲਾ ਵੇਖੇ ਲੁਕ, ਭੇਵ ਅਭੇਦ ਛੁਪਾਇੰਦਾ। ਤ੍ਰੈਗੁਣ ਮਾਇਆ ਲਾਇਆ ਬੂਟਾ, ਪੰਜ ਤੱਤ ਡਾਲ ਵਖਾਇੰਦਾ। ਮਨ ਮਤ ਬੁੱਧ ਦੇਵੇ ਝੂਟਾ, ਸਚ ਹੁਲਾਰਾ ਆਪਣੇ ਹੱਥ ਰਖਾਇੰਦਾ। ਨੌ ਦਰ ਵੇਖੇ ਖਾਲੀ ਠੂਠਾ, ਸਾਚੀ ਵਸਤ ਨਾ ਕੋਇ ਭਰਾਇੰਦਾ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਆਦਿ ਅਨਾਦੀ ਨਾਉਂ ਧਰਾਇੰਦਾ। ਸੋ ਪੁਰਖ ਨਿਰੰਜਣ ਆਪਣਾ ਗੀਤਾ, ਹਰਿ ਪੁਰਖ ਨਿਰੰਜਣ ਸੰਗ ਨਿਭਾਇਆ। ਏਕੰਕਾਰਾ ਇਕ ਅਤੀਤਾ, ਆਦਿ ਨਿਰੰਜਣ ਨਿਰਗੁਣ ਜੋਤ ਕਰੇ ਰੁਸ਼ਨਾਇਆ। ਸ੍ਰੀ ਭਗਵਾਨ ਠੰਡਾ ਸੀਤਾ, ਪੁਰਖ ਅਬਿਨਾਸ਼ੀ ਵੇਖ ਵਖਾਇਆ। ਪਾਰਬ੍ਰਹਮ ਚਲਾਏ ਆਪਣੀ ਰੀਤਾ, ਬ੍ਰਹਮ ਆਪਣਾ ਵੇਸ ਵਟਾਇਆ। ਵਿਸ਼ਨੂੰ ਵੰਸੀ ਪਤਿਤ ਪੁਨੀਤਾ, ਬ੍ਰਹਮਾ ਬ੍ਰਹਮ ਬ੍ਰਹਮ ਦਰਸਾਇਆ। ਸ਼ੰਕਰ ਤਨ ਮਨ ਆਪੇ ਜੀਤਾ, ਤ੍ਰੈਗੁਣ ਨਾਤਾ ਤੋੜ ਤੁੜਾਇਆ। ਪੰਜ ਤੱਤ ਵਿਕਾਰ ਨਾ ਡੀਠਾ, ਨਿਰਗੁਣ ਸਰਗੁਣ ਨਾਉਂ ਧਰਾਇਆ। ਆਪਣਾ ਨਾਉਂ ਨਿਧਾਨਾ ਆਪੇ ਪੀਤਾ, ਆਪਣਾ ਪਿਆਲਾ ਮੁਖ ਲਗਾਇਆ। ਆਪੇ ਠੰਡਾ ਆਪ ਸੀਤਾ, ਆਪੇ ਅਗਨੀ ਤੱਤ ਜਲਾਇਆ। ਆਪੇ ਵਸਿਆ ਆਪਣੇ ਚੀਤਾ, ਘਰ ਮੰਦਰ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਨੂਰ ਰੁਸ਼ਨਾਇਆ। ਸੋ ਪੁਰਖ ਨਿਰੰਜਣ ਜੋਤ ਉਜਾਲਾ, ਹਰਿ ਪੁਰਖ ਨਿਰੰਜਣ ਏਕਾ ਰੂਪ ਵਟਾਈਆ। ਏਕੰਕਾਰਾ ਖੇਲ ਨਿਰਾਲਾ, ਆਦਿ ਨਿਰੰਜਣ ਭੇਵ ਨਾ ਰਾਈਆ। ਪੁਰਖ ਅਬਿਨਾਸ਼ੀ ਚਲੇ ਆਪਣੀ ਚਾਲਾ, ਸ੍ਰੀ ਭਗਵਾਨ ਵੇਸ ਧਰਾਈਆ। ਪਾਰਬ੍ਰਹਮ ਵਸੇ ਵਸਾਏ ਸੱਚੀ ਧਰਮਸਾਲਾ, ਦਰ ਘਰ ਸਾਚੇ ਸੋਭਾ ਪਾਈਆ। ਬ੍ਰਹਮ ਬ੍ਰਹਮ ਕਰੇ ਪ੍ਰਿਤਪਾਲਾ, ਪ੍ਰਿਤਪਾਲਕ ਵਡ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਬਣ ਦਲਾਲਾ, ਤ੍ਰੈਗੁਣ ਜੋਤ ਕਰੇ ਰੁਸ਼ਨਾਈਆ। ਪੰਜ ਤੱਤ ਗੜ੍ਹ ਆਪ ਸੰਭਾਲਾ, ਸਾਚਾ ਰੰਗ ਰੰਗਾਈਆ। ਅੰਦਰ ਵਸਿਆ ਦੀਨ ਦਿਆਲਾ, ਆਪਣਾ ਮੁਖ ਛੁਪਾਈਆ। ਇਕ ਸੁਹਾਏ ਸੱਚੀ ਧਰਮਸਾਲਾ, ਘਰ ਮੰਦਰ ਸੋਭਾ ਪਾਈਆ। ਜੋਤ ਨਿਰੰਜਣ ਦੀਪਕ ਬਾਲਾ, ਕਮਲਾਪਾਤੀ ਵੇਖ ਵਖਾਈਆ। ਆਪ ਜਿਵਾਏ ਆਪ ਸੁਵਾਏ ਆਪਣੀ ਮਾਲਾ, ਆਪਣੇ ਧਾਗੇ ਆਪ ਬੰਧਾਈਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਏਕੰਕਾਰ ਆਪਣੀ ਆਪ ਉਪਜਾਈਆ। ਸੋ ਪੁਰਖ ਨਿਰੰਜਣ ਆਦਿ ਅੰਤ, ਹਰਿ ਪੁਰਖ ਨਿਰੰਜਣ ਵੇਸ ਵਟਾਇੰਦਾ। ਏਕੰਕਾਰ ਸ੍ਰੀ ਭਗਵੰਤ, ਪੁਰਖ ਅਬਿਨਾਸ਼ੀ ਨਾਉਂ ਧਰਾਇੰਦਾ। ਪਾਰਬ੍ਰਹਮ ਜਾਣੇ ਆਪਣੀ ਬਣਤ, ਬ੍ਰਹਮ ਬ੍ਰਹਮ ਆਪ ਉਪਜਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਮੰਨਾਇਣ ਏਕਾ ਕੰਤ, ਕੰਤ ਸੁਹਾਗੀ ਇਕ ਅਖਵਾਇੰਦਾ। ਤ੍ਰੈਗੁਣ ਮਾਇਆ ਪੰਜ ਤੱਤ ਲੱਖ ਚੁਰਾਸੀ ਜੀਵ ਜੰਤ, ਲੋਕਮਾਤ ਆਪ ਧਰਾਇੰਦਾ। ਨਾਲ ਰਲਾਇਆ ਹਉਮੇ ਹੰਗਤ, ਕਾਮ ਕਰੋਧ ਲੋਭ ਮੋਹ ਹੰਕਾਰ ਸਗਲਾ ਸੰਗ ਰਖਾਇੰਦਾ। ਆਸ਼ਾ ਤ੍ਰਿਸ਼ਨਾ ਭਰ ਭੰਡਾਰ,  ਜੀਉ ਪੁਰਾਨੀ ਖੇਲ ਖਲਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ, ਭੇਵ ਅਭੇਦਾ ਭੇਵ ਛੁਪਾਇੰਦਾ। ਰੰਗ ਰੰਗੀਲਾ ਰੰਗ ਮਾਣੇ ਵਿਚ ਸੰਸਾਰ, ਆਪ ਆਪਣੀ ਕਲ ਵਰਤਾਇੰਦਾ। ਸੰਤ ਸਾਜਣ ਲਏ ਉਭਾਰ, ਆਪ ਆਪਣੀ ਬੂਝ ਬੁਝਾਇੰਦਾ। ਬੰਦ ਕਿਵਾੜੀ ਖੋਲ੍ਹ ਕਿਵਾੜ, ਦਰ ਘਰ ਸਾਚਾ ਆਪ ਵਖਾਇੰਦਾ। ਨਾਤਾ ਤੋੜੇ ਪੰਚਮ ਧਾੜ, ਪੰਚਮ ਨਾਦ ਧੁਨ ਸੁਣਾਇੰਦਾ। ਸਾਚੇ ਮੰਦਰ ਦੇਵੇ ਵਾੜ, ਆਪ ਆਪਣਾ ਘਰ ਵਖਾਇੰਦਾ। ਅਨਹਦ ਸ਼ਬਦ ਸੱਚੀ ਧੁਨਕਾਰ, ਧੁਨ ਅਨਾਦੀ ਆਪ ਅਲਾਇੰਦਾ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰ, ਸਚ ਸਰੋਵਰ ਆਪ ਨੁਹਾਇੰਦਾ। ਆਤਮ ਸੇਜਾ ਹੋ ਤਿਆਰ, ਸਤਿ ਸਰੂਪੀ ਆਸਣ ਲਾਇੰਦਾ। ਕਮਲਾਪਾਤੀ ਮੀਤ ਮੁਰਾਰ, ਸੰਤ ਸੁਹੇਲੇ ਮੇਲ ਮਿਲਾਇੰਦਾ। ਮੇਟੇ ਰੈਣ ਅੰਧੇਰੀ ਰਾਤੀ ਵਿਚ ਸੰਸਾਰ, ਜੂਠਾ ਝੂਠਾ ਮੋਹ ਚੁਕਾਇੰਦਾ। ਘਰ ਮਹੱਲਾ ਸੋਹੇ ਇਕ ਦਵਾਰ, ਘਰ ਘਰ ਵਿਚ ਵੇਖ ਵਖਾਇੰਦਾ । ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਸੋ ਪੁਰਖ ਨਿਰੰਜਣ ਨਿਰੰਕਾਰ, ਹਰਿ ਪੁਰਖ ਨਿਰੰਜਣ ਵੇਖ ਵਖਾਇਆ। ਏਕੰਕਾਰ ਕਿਰਪਾ ਧਾਰ, ਆਦਿ ਨਿਰੰਜਣ ਡਗਮਗਾਇਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਸ੍ਰੀ ਭਗਵਾਨ ਭੇਵ ਨਾ ਰਾਇਆ। ਪਾਰਬ੍ਰਹਮ ਪ੍ਰਭ ਹੋ ਤਿਆਰ, ਬ੍ਰਹਮਾ ਵੇਤਾ ਵੇਖ ਵਖਾਇਆ। ਬ੍ਰਹਮਾ ਵਿਸ਼ਨ ਸ਼ਿਵ ਦਏ ਆਧਾਰ, ਤ੍ਰੈਗੁਣ ਸਾਚਾ ਸੰਗ ਨਿਭਾਇਆ। ਪੰਚਮ ਬੰਨ੍ਹੇ ਆਪਣੀ ਧਾਰ, ਮਨ ਮਤ ਬੁਧ ਪੱਲਾ ਨਾਲ ਬੰਧਾਇਆ। ਕਾਮ ਕਰੋਧ ਲੋਭ ਮੋਹ ਹੰਕਾਰ ਕਰ ਤਿਆਰ, ਆਸਾ ਤ੍ਰਿਸਨਾ ਜੋੜ ਜੁੜਾਇਆ। ਲੱਖ ਚੁਰਾਸੀ ਖੇਲ ਅਪਾਰ, ਹਰਿ ਸਾਚਾ ਰਿਹਾ ਖਿਲਾਇਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਕਾਰ, ਆਪਣੀ ਰਿਹਾ ਕਰਾਇਆ। ਸ਼ਬਦ ਅਗੰਮੀ ਬੋਲ ਜੈਕਾਰ, ਘਰ ਘਰ ਮਰਦੰਗਾ ਦਏ ਵਜਾਇਆ। ਸਾਰਿੰਗ ਕਿੰਗ ਨਾ ਕੋਇ ਸਤਾਰ, ਸਿੰਗੀ ਨਾਦ ਨਾ ਹੱਥ ਉਠਾਇਆ। ਆਪਣਾ ਰਾਗ ਗਾਏ ਆਪਣੀ ਵਾਰ, ਰਸਨਾ ਜੇਹਵਾ ਨਾ ਕੋਇ ਹਿਲਾਇਆ। ਸੰਤ ਸੁਹੇਲੇ ਕਰ ਪਿਆਰ, ਆਪ ਆਪਣਾ ਦਰ ਖੁਲ੍ਹਾਇਆ। ਇਕ ਕਰਾਏ ਵਣਜ ਵਾਪਾਰ, ਆਪਣਾ ਨਾਮ ਹੱਟ ਵਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਆਪ ਅਖਵਾਇਆ। ਸੋ ਪੁਰਖ ਨਿਰੰਜਣ ਬੇਪਰਵਾਹ, ਬੇਐਬ ਪਰਵਰਦਿਗਾਰਿਆ। ਹਰਿ ਪੁਰਖ ਨਿਰੰਜਣ ਦੇਵੇ ਸਚ ਸਲਾਹ, ਮੇਲ ਮਿਲਾਵਾ ਏਕਉਂਕਾਰਿਆ। ਆਦਿ ਨਿਰੰਜਣ ਆਪ ਜਗਾ, ਪੁਰਖ ਅਬਿਨਾਸ਼ੀ ਡਗਮਗਾ ਰਿਹਾ। ਸ੍ਰੀ ਭਗਵਾਨ ਸਗਲਾ ਸੰਗ ਰਿਹਾ ਨਿਭਾ, ਪਾਰਬ੍ਰਹਮ ਪਾਰ ਕਰਾ ਰਿਹਾ। ਬ੍ਰਹਮਾ ਬ੍ਰਹਮ ਕਰੇ ਸਚ ਨਿਆਂ, ਸਚ ਵਿਚੋਲਾ ਆਪ ਅਖਵਾ ਰਿਹਾ। ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾ, ਸਾਚਾ ਹੁਕਮ ਸੁਣਾ ਰਿਹਾ। ਤ੍ਰੈਗੁਣ ਬੰਧਨ ਆਪੇ ਪਾ, ਪੰਚਮ ਜੋੜ ਜੁੜਾ ਲਿਆ। ਲੱਖ ਚੁਰਾਸੀ ਡੇਰਾ ਲਾ, ਆਪਣਾ ਮੁਖ ਛੁਪਾ ਲਿਆ। ਨਿਰਗੁਣ ਬਾਤੀ ਜੋਤ ਟਿਕਾ, ਕਮਲਾਪਾਤੀ ਵੇਖ ਵਖਾ ਰਿਹਾ। ਬੂੰਦ ਸਵਾਂਤੀ ਆਪ ਚੁਆ, ਨਿਝਰ ਝਿਰਨਾ ਇਕ ਝਿਰਾ ਰਿਹਾ। ਇਕ ਅਕਾਂਤੀ ਡੇਰਾ ਲਾ, ਘਰ ਘਰ ਵਿਚ ਸੋਭਾ ਪਾ ਰਿਹਾ। ਕੰਤ ਸੁਹਾਗੀ ਇਕ ਮਨਾ, ਅਨਹਦ ਰਾਗ ਅਲਾ ਰਿਹਾ। ਉਤਮ ਜਾਤੀ ਆਪ ਅਖਵਾ, ਬ੍ਰਹਮ ਆਪਣਾ ਨਾਉਂ ਧਰਾ ਰਿਹਾ। ਸਤਿ ਪਰਕਾਸ਼ ਰਿਹਾ ਕਰਾ, ਨਿਰਲੇਪ ਰੂਪ ਵਟਾ ਰਿਹਾ। ਆਲਸ ਨਿੰਦਰਾ ਵਿਚ ਨਾ ਜਾਏ ਆ, ਆਪਣਾ ਨੈਣ ਨਾ ਆਪ ਵਖਾ ਲਿਆ। ਤ੍ਰਿਸਨਾ ਭੁੱਖ ਨਾ ਜਾਏ ਸਤਾ ਹਉਮੇ ਰੋਗ ਨਾ ਕੋਇ ਵਖਾ ਲਿਆ। ਹਰਿ ਸੰਤਨ ਵੇਖ ਕਰੇ ਸਹਿਜ ਸਭਾ, ਆਪ ਆਪਣਾ ਨਾਮ ਵਡਿਆ ਲਿਆ। ਫੜ ਫੜ ਹੰਸ ਬਣਾਏ ਕਾਂ, ਜਿਸ ਜਨ ਉਪਰ ਦਇਆ ਕਮਾ ਲਿਆ। ਆਪੇ ਜਾਣੇ ਆਪਣਾ ਸਚ ਨਿਆਂ, ਦੂਸਰ ਲੇਖ ਨਾ ਕਿਸੇ ਲਿਖਾ ਲਿਆ। ਕੋਟਨ ਕੋਟ ਕੋਟ ਕੋਟੀ ਵੇਸ ਵਟਾ, ਰਵ ਸਸ ਸੇਵਾ ਲਾ ਲਿਆ। ਮੰਡਲ ਮੰਡਪ ਡਗਮਗਾ, ਆਕਾਸ਼ ਪਰਕਾਸ਼ ਟਿਕਾ ਲਿਆ। ਗਗਨ ਗਗਨੰਤਰ ਫੇਰਾ ਪਾ, ਆਪਣਾ ਡੰਕ ਵਜਾ ਲਿਆ। ਜ਼ਿਮੀਂ ਅਸਮਾਨਾ ਵੇਖੇ ਥਾਂ, ਆਪ ਆਪਣਾ ਰੰਗ ਰੰਗਾ ਲਿਆ। ਜਲ ਜਲ ਧਾਰਾ ਰਿਹਾ ਸਮਾ, ਆਪਣੀ ਬੂੰਦ ਆਪ ਟਪਕਾ ਰਿਹਾ। ਨਿਰਗੁਣ ਆਪਣਾ ਨਾਉਂ ਧਰਾ, ਸੋ ਪੁਰਖ ਨਿਰੰਜਣ ਵੇਸ ਵਟਾ ਰਿਹਾ। ਹਰਿ ਪੁਰਖ ਨਿਰੰਜਣ ਗੇੜਾ ਦਏ ਦੁਆ, ਏਕੰਕਾਰਾ ਆਪ ਭਵਾ ਰਿਹਾ। ਆਦਿ ਨਿਰੰਜਣ ਖੇਲ ਖਿਲਾ, ਪੁਰਖ ਅਬਿਨਾਸ਼ੀ ਸੰਗ ਨਿਭਾ ਲਿਆ। ਸ੍ਰੀ ਭਗਵਾਨ ਧਾਮ ਅਵੱਲਾ ਇਕ ਵਖਾ, ਪਾਰਬ੍ਰਹਮ ਪੱਲਾ ਆਪ ਫੜਾ ਲਿਆ। ਬ੍ਰਹਮਾ ਜੋਤੀ ਜੋਤ ਉਪਾ, ਦੀਪਕ ਜੋਤੀ ਜੋਤ ਡਗਮਗਾ ਲਿਆ। ਵਿਸ਼ਨ ਸ਼ਿਵ ਬ੍ਰਹਮਾ ਮੰਗਣ ਏਕਾ ਨਾਂ, ਏਕਾ ਮੁਖ ਸਲਾਹ ਲਿਆ। ਤ੍ਰੈਗੁਣ ਮਾਇਆ ਪੰਜ ਤੱਤ ਤੱਕਣ ਤੇਰਾ ਰਾਹ, ਕੌਣ ਦਵਾਰਾ ਰੂਪ ਵਟਾ ਲਿਆ। ਮਨ ਮਤ ਬੁਧ ਰਹੀ ਸ਼ਰਮਾ, ਤੇਰਾ ਭੇਵ ਕਿਸੇ ਨਾ ਪਾ ਲਿਆ। ਸੰਤ ਸੁਹੇਲੇ ਆਪ ਉਠਾ, ਆਪਣਾ ਮਾਰਗ ਆਪ ਸਖਾ ਲਿਆ। ਏਕਾ ਮੰਤਰ ਨਾਮ ਦ੍ਰਿੜਾ, ਏਕਾ ਰਾਗ ਸੁਣਾ ਲਿਆ। ਕਾਮ ਕਰੋਧ ਮੇਟ ਮਿਟਾ, ਸਚ ਸੁੱਚ ਵਰਤਾ ਲਿਆ। ਤ੍ਰਿਸਨਾ ਤ੍ਰਿਖਾ ਆਪ ਬੁਝਾ, ਅੰਮਿਉਂ ਰਸ ਜਾਮ ਪਿਆ ਲਿਆ। ਸਾਰਿੰਗ ਧਰ ਭਗਵਾਨ ਬੀਠਲੋ ਨਾਮ ਧਰਾ, ਸਾਰਿੰਗ ਆਪਣੇ ਲੇਖੇ ਲਾ ਲਿਆ। ਕਾਗਜ ਕਲਮ ਨਾ ਲੇਖਾ ਸਕੇ ਕੋਇ ਲਿਖਾ, ਬਣਤ ਨਾ ਕੋਇ ਬਣਾ ਲਿਆ। ਸ਼ੰਕਰ ਬਾਸ਼ਕ ਤਸ਼ਕਾ ਗਲ ਲਟਕਾ, ਕੰਠ ਵਿਸ਼ ਕਢਾ ਲਿਆ। ਵਿਸ਼ਨੂੰ ਵੰਸੀ ਰਾਹ ਤਕਾ, ਨੇਤਰ ਨੈਣ ਉਘਾੜਿਆ। ਪਾਰ੍ਰਬਹਮ ਬੇਪਰਵਾਹ, ਆਪ ਆਪਣੇ ਘਰ ਸੁਹਾ ਲਿਆ। ਸ੍ਰੀ ਭਗਵਾਨ ਵਸੇ ਹਰ ਘਟ ਥਾਂ, ਆਪ ਆਪਣਾ ਆਸਣ ਲਾ ਰਿਹਾ। ਅਬਿਨਾਸ਼ੀ ਕਰਤਾ ਆਪ ਅਖਵਾ, ਆਦਿ ਜੁਗਾਦੀ ਡੰਕ ਵਜਾ ਲਿਆ। ਆਦਿ ਨਿਰੰਜਣ ਨੂਰ ਨੁਰਾਨਾ ਨੂਰ ਉਪਾ, ਏਕਾ ਰੰਗ ਰੰਗਾ ਲਿਆ। ਏਕੰਕਾਰ ਨਾਉਂ ਧਰਾ, ਨਿਰਗੁਣ ਆਪਣਾ ਭੇਵ ਛੁਪਾ ਲਿਆ। ਹਰਿ ਪੁਰਖ ਨਿਰੰਜਣ ਸੇਵਾ ਲਾ, ਸਾਚਾ ਹੁਕਮ ਸੁਣਾ ਲਿਆ। ਸੋ ਪੁਰਖ ਨਿਰੰਜਣ ਦਇਆ ਕਮਾ, ਸਾਚਾ ਮਾਰਗ ਆਪ ਜਣਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਉਜਾਲਾ ਹਰਿ ਗੋਪਾਲਾ ਦੀਨ ਦਿਆਲਾ, ਪੁਰਖ ਅਬਿਨਾਸ਼ਾ ਖੇਲ ਤਮਾਸ਼ਾ ਮੰਡਲ ਰਾਸਾ, ਨਿਰਗੁਣ ਧਾਰ ਖੇਲ ਅਪਾਰ ਆਪਣੀ ਆਪ ਕਰਾ ਰਿਹਾ। ਸੋ ਪੁਰਖ ਨਿਰੰਜਣ ਅਗੰਮ ਅਥਾਹ, ਭੇਵ ਕੋਇ ਨਾ ਪਾਇੰਦਾ। ਹਰਿ ਪੁਰਖ ਨਿਰੰਜਣ ਸਚ ਮਲਾਹ, ਸਚ ਬੇੜਾ ਆਪ ਚਲਾਇੰਦਾ। ਏਕੰਕਾਰਾ ਵਸੇ ਆਪਣੇ ਥਾਂ, ਥਾਨ ਥਨੰਤਰ ਇਕ ਵਖਾਇੰਦਾ। ਆਦਿ ਨਿਰੰਜਣ ਆਪਣਾ ਪੜਦਾ ਆਪ ਲਾਹ, ਆਪਣਾ ਰੂਪ ਆਪ ਚਮਕਾਇੰਦਾ। ਅਬਿਨਾਸ਼ੀ ਕਰਤਾ ਅਕਲ ਕਲ ਅਖਵਾ, ਸ੍ਰੀ ਭਗਵਾਨ ਸਗਲਾ ਸੰਗ ਵਖਾਇੰਦਾ। ਪਾਰਬ੍ਰਹਮ ਪ੍ਰਭ ਭੇਵ ਖੁਲ੍ਹਾ, ਆਪ ਆਪਣਾ ਭੇਵ ਛੁਪਾਇੰਦਾ। ਹੰਸਾ ਬੰਸਾ ਆਪ ਅਖਵਾ, ਆਪਣਾ ਅੰਗ ਕਟਾਇੰਦਾ। ਬ੍ਰਹਮ ਜੋਤ ਜੋਤ ਧਰਾ, ਜੋਤੀ ਨੂਰ ਵਖਾਇੰਦਾ। ਵਿਸ਼ਨੂੰ ਵੇਖੇ ਏਕਾ ਥਾਂ, ਏਕਾ ਰੰਗ ਰੰਗਾਇੰਦਾ। ਬ੍ਰਹਮਾ ਵੇਤਾ ਬਣ ਮਲਾਹ, ਲੱਖ ਚੁਰਾਸੀ ਰਚਨ ਰਚਾਇੰਦਾ। ਸ਼ੰਕਰ ਅੰਤਮ ਦਏ ਮਿਟਾ, ਹੁਕਮੀ ਹੁਕਮ ਫਿਰਾਇੰਦਾ। ਤ੍ਰੈਗੁਣ ਮਿਲੇ ਨਾ ਕੋਇ ਥਾਂ, ਪੰਜ ਤੱਤ ਡੇਰਾ ਢਾਇੰਦਾ। ਆਤਮ ਬ੍ਰਹਮ ਬ੍ਰਹਮ ਵੇਖ ਵਖਾ, ਹਰਿਜਨ ਸਾਚੇ ਆਪ ਜਗਾਇੰਦਾ। ਸ਼ਬਦ ਅਗੰਮੀ ਪਕੜੇ ਬਾਂਹ, ਸਾਚਾ ਪੱਲੂ ਇਕ ਵਖਾਇੰਦਾ। ਸਖਾ ਸੁਹੇਲਾ ਇਕ ਅਕੇਲਾ ਗੁਰੂ ਗੁਰ ਚੇਲਾ ਸਿਰ ਰੱਖੇ ਠੰਡੀ ਛਾਂ, ਸਮਰਥ ਪੁਰਖ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਖੇਲਣਹਾਰ ਏਕਉਂਕਾਰ, ਏਕੰਕਾਰ ਆਪਣੀ ਖੇਲ ਖਿਲਾਈਆ। ਆਦਿ ਜੁਗਾਦੀ ਜੁਗਾ ਜੁਗੰਤਰ ਕਰਨੇਹਾਰ, ਕਰਤਾ ਪੁਰਖ ਵਡ ਵਡਿਆਈਆ। ਮੂਰਤ ਅਕਾਲ ਨਿਰਾਕਾਰ ਹੋ ਤਿਆਰ, ਨੂਰੋ ਨੂਰ ਡਗਮਗਾਈਆ। ਅਜੂਨੀ ਰਹਿਤ ਸੋਹੇ ਬੰਕ ਦਵਾਰ, ਸਚਖੰਡ ਦਵਾਰੇ ਸੋਭਾ ਪਾਈਆ। ਨਿਰਭੈ ਏਕਾ ਧਾਰ, ਏਕੰਕਾਰਾ ਆਪ ਚਲਾਈਆ। ਪਰਗਟ ਹੋ ਵਿਚ ਸੰਸਾਰ, ਨਿਰਗੁਣ ਸਰਗੁਣ ਰੂਪ ਵਟਾਈਆ। ਆਪੇ ਗੁਰ ਪੀਰ ਬਣ ਅਵਤਾਰ, ਸਾਧ ਸੰਤ ਕਰੇ ਰੁਸ਼ਨਾਈਆ। ਕਮਲਾਪਾਤੀ ਦੇਵੇ ਦਾਤੀ ਅਗੰਮ ਅਪਾਰ, ਸਾਚੀ ਹਾਟੀ ਇਕ ਖੁਲ੍ਹਾਈਆ। ਚੌਦਾਂ ਹੱਟਾਂ ਤਾਕੀ ਖੋਲ੍ਹ ਕਿਵਾੜ, ਲਹਿਣਾ ਦੇਣਾ ਬਾਕੀ ਆਪ ਮੁਕਾਈਆ। ਸਾਚਾ ਸਾਕੀ ਭਰ ਪਿਆਲਾ ਅੰਮ੍ਰਿਤ ਜਾਏ ਪਿਆਏ ਪਿਲਾਵਣਹਾਰ, ਸ਼ਬਦ ਘੋੜੇ ਰਾਕੀ ਆਪ ਚੜ੍ਹਾਈਆ। ਖ਼ਾਕੀ ਖ਼ਾਕ ਦਏ ਆਧਾਰ, ਪਾਕੀ ਪਾਕ ਪਾਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਨਾਉਂ ਧਰਾਈਆ। ਜੁਗ ਕਰਤਾ ਹਰਿ ਨਾਮ ਰੱਖ, ਆਪਣਾ ਖੇਲ ਖਿਲਾਇੰਦਾ। ਨਿਰਗੁਣ ਸਰਗੁਣ ਹੋ ਪਰਤੱਖ, ਗੁਰ ਸਤਿਗੁਰ ਨਾਉਂ ਧਰਾਇੰਦਾ। ਸੰਤ ਸਾਜਨ ਕਰੇ ਵੱਖ, ਆਪਣੇ ਮਾਰਗ ਆਪੇ ਲਾਇੰਦਾ। ਜਗਤ ਜੀਵ ਜਹਾਨ ਦੇਵੇ ਮੱਥ, ਸਮਰਥ ਵੇਸ ਵਟਾਇੰਦਾ। ਜੁਗਾ ਜੁਗੰਤਰ ਮਹਿਮਾ ਕਥਨੀ ਅਕੱਥ, ਕਥ ਕਥਾ ਨਾ ਕੋਇ ਸੁਣਾਇੰਦਾ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਸੇਵ ਕਮਾਇੰਦਾ। ਲੱਖ ਚੁਰਾਸੀ ਪਾਏ ਨੱਥ, ਚਾਰੋਂ ਕੁੰਟ ਫਿਰਾਇੰਦਾ। ਆਪੇ ਜਾਣੇ ਪੂਜਾ ਪਾਠ, ਆਪਣਾ ਨਾਮ ਆਪ ਦ੍ਰਿੜਾਇੰਦਾ। ਆਪੇ ਵੇਖੇ ਜਗਤ ਘਾਟ, ਤੀਰਥ ਤਟ ਕਿਨਾਰਾ ਫੋਲ ਫੁਲਾਇੰਦਾ। ਲੇਖਾ ਜਾਣੇ ਆਣ ਬਾਟ, ਮਾਤ ਗਰਭ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਮਾਰਗ ਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਮਾਰਗ ਲਾਇਆ, ਚਾਰ ਕੁੰਟ ਵੱਜੀ ਵਧਾਈਆ। ਚਾਰ ਵਰਨ ਚਾਰ ਕੁੰਟ ਚੌਥੇ ਜੁਗ ਖੇਲ ਰਚਾਇਆ, ਕਾਲ ਕਲੰਦਰ ਰਿਹਾ ਨਚਾਈਆ। ਅੰਦਰੇ ਅੰਦਰ ਗੇੜ ਦਵਾਇਆ, ਦਿਸ ਕਿਸੇ ਨਾ ਆਈਆ। ਮਨ ਬੰਦਰ ਦਹਿ ਦਿਸ਼ਾ ਫਰਾਇਆ, ਬਨ ਪੰਛੀ ਖੋਜਨ ਜਾਈਆ। ਸਤਿ ਸਰੂਪ ਨਜ਼ਰ ਨਾ ਆਇਆ, ਜੰਗਲ ਜੂਹ ਉਜਾੜ ਭਰਵਾਸ ਢੂੰਡੇ ਸਰਬ ਲੋਕਾਈਆ। ਬੰਦ ਖਲਾਸ ਨਾ ਕੋਇ ਕਰਾਇਆ, ਸੰਤ ਮਹੰਤ ਚਾਰ ਕੁੰਟ ਬੈਠੇ ਧੂਣੀਆਂ ਤਾਈਆ। ਨਿਰਗੁਣ ਜੋਤ ਨਾ ਹੋਏ ਰੁਸ਼ਨਾਇਆ, ਘਰ ਘਰ ਦੀਪਕ ਰਹੇ ਜਗਾਈਆ। ਹਰਿ ਕੰਤ ਸੁਹੇਲਾ ਨਾ ਕਿਸੇ ਮਨਾਇਆ, ਬਣ ਸਖੀ ਨਾ ਮੰਗਲ ਗਾਈਆ। ਕਾਇਆ ਚੋਲੀ ਰੰਗ ਬਸੰਤ ਨਾ ਕਿਸੇ ਚੜ੍ਹਾਇਆ, ਕਪੜੇ ਰੰਗ ਰੰਗ ਰਹੇ ਵਖਾਈਆ। ਸਾਚਾ ਮੰਤਰ ਨਾ ਕਿਸੇ ਦ੍ਰਿੜਾਇਆ, ਮਨ ਸੰਸਾ ਨਾ ਕੋਇ ਚੁਕਾਈਆ। ਸੁਹਾਗੀ ਛੰਦ ਕਿਸੇ ਨਾ ਗਾਇਆ, ਸ਼ਾਸਤਰ ਸਿਮਰਤ ਜਗਤ ਪੜ੍ਹਾਈਆ। ਪਰਮਾਨੰਦ ਨਾ ਕੋਇ ਚਖਾਇਆ, ਰਸਨਾ ਜੇਹਵਾ ਹੋਈ ਹਲਕਾਈਆ। ਗਿਆਨ ਨੇਤਰ ਨਾ ਕੋਇ ਖੁਲ੍ਹਾਇਆ, ਜਗਤ ਨੇਤਰ ਰਹੇ ਤਕਾਈਆ। ਸਾਚਾ ਜਾਮ ਨਾ ਕਿਸੇ ਪਿਆਇਆ, ਅਠਸਠ ਤੀਰਥ ਰਹੇ ਨੁਹਾਈਆ। ਆਤਮ ਦੇਵ ਇਸ਼ਟ ਨਾ ਕਿਸੇ ਮਨਾਇਆ, ਗੁਰ ਪੀਰਾਂ ਰਹੇ ਸੀਸ ਝੁਕਾਈਆ। ਬ੍ਰਹਮਾ ਵਿਸ਼ਨ ਸ਼ਿਵ ਨਾ ਸੇਵ ਲਗਾਇਆ, ਸੇਵਾ ਕਰ ਕਰ ਥੱਕੇ ਘਾਲ ਪੂਰੀ ਨਾ ਕੋਇ ਕਰਾਈਆ। ਪਾਰਬ੍ਰਹਮ ਨਾ ਨਜ਼ਰੀ ਆਇਆ, ਨਿਰਗੁਣ ਮਿਲੇ ਨਾ ਸਾਚਾ ਮਾਹੀਆ। ਜਗਤ ਗਿਆਨ ਰਹੇ ਦ੍ਰਿੜਾਇਆ, ਸਚ ਗਿਆਨ ਨਾ ਕੋਇ ਸੁਣਾਈਆ। ਸੰਸਕਿਰਤ ਹਿੰਦੀ ਸ਼ਾਸਤਰੀ ਉਰਦੂ ਫਾਰਸੀ ਰਹੇ ਸੁਣਾਇਆ, ਨਿਸ਼ਅੱਖਰ ਵੱਖਰ ਕਰੇ ਨਾ ਕੋਇ ਪੜ੍ਹਾਈਆ। ਹਰਿ ਕਾ ਸ਼ਬਦ ਲਿਖਣ ਪੜ੍ਹਨ ਵਿਚ ਕਦੇ ਨਾ ਆਈਆ, ਰਸਨਾ ਜੇਹਵਾ ਕੋਇ ਨਾ ਗਾਈਆ। ਦੋਏ ਕੰਨ ਨਾ ਕੋਇ ਸੁਣਾਇਆ, ਬੱਤੀ ਦੰਦ ਨਾ ਬੋਲ ਬੁਲਾਈਆ। ਢੋਲਕ ਛੈਣਾ ਨਾ ਕੋਇ ਵਜਾਇਆ, ਸੀਸ ਧੜ ਨਾ ਕੋਇ ਹਿਲਾਈਆ। ਗੁਰਮੁਖ ਵਿਰਲੇ ਅੰਦਰ ਚੜ੍ਹ ਸਾਚੇ ਮੰਦਰ ਵੜ ਨਿਜ ਆਤਮ ਜਿਨ ਦਰਸ਼ਨ ਪਾਇਆ, ਭੁੱਲੀ ਸਰਬ ਲੋਕਾਈਆ। ਆਪਾ ਪਰਕਾ ਭੇਵ ਚੁਕਾਇਆ, ਹਉਮੇ ਰਹੀ ਨਾ ਰਾਈਆ। ਨੌ ਦਰ ਦਾ ਪੰਧ ਮੁਕਾਇਆ, ਘਰ ਦਸਵਾਂ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋ ਪੁਰਖ ਨਿਰੰਜਣ ਗਹਿਰ ਗੰਭੀਰ, ਹਰਿ ਪੁਰਖ ਨਿਰੰਜਣ ਕਰੇ ਸਤਿ ਸਰੀਰ, ਏਕਉਂਕਾਰ ਦੇਵੇ ਧੀਰ ਆਦਿ ਨਿਰੰਜਣ ਚੋਟੀ ਚੜ੍ਹ ਅਖੀਰ, ਅਬਿਨਾਸ਼ੀ ਕਰਤਾ ਕੱਟੇ ਹਉਮੇ ਪੀੜ, ਸ੍ਰੀ ਭਗਵਾਨ ਲੱਖ ਚੁਰਾਸੀ ਤੋੜ ਜ਼ੰਜੀਰ, ਪਾਰਬ੍ਰਹਮ ਬਖ਼ਸ਼ੇ ਸਾਚਾ ਸੀਰ, ਬ੍ਰਹਮ ਮੇਲਾ ਸਹਿਜ ਸੁਭਾਈਆ। ਬ੍ਰਹਮ ਮੇਲਾ ਘਰ ਮੰਦਰ ਅੰਦਰ, ਹਰਿ ਸਾਚਾ ਸਗਨ ਮਨਾਇੰਦਾ। ਲੇਖਾ ਜਾਣੇ ਡੂੰਘੀ ਕੰਦਰ, ਟੇਢੀ ਬੰਕ ਆਪ ਭਵਾਇੰਦਾ। ਤਿੰਨ ਮੇਲਾ ਤੁਟੇ ਜਿੰਦਰ, ਸਾਚਾ ਰਾਹ ਆਪ ਸੁਹਾਇੰਦਾ। ਦੂਈ ਦਵੈਤੀ ਢੱਠੇ ਕੰਧ, ਮਾਇਆ ਮਮਤਾ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਪੁਰਖ ਨਿਰੰਜਣ ਹਰਿ ਮਿਹਰਵਾਨ, ਹਰਿ ਪੁਰਖ ਨਿਰੰਜਣ ਦੇਵੇ ਦਾਨ, ਏਕੰਕਾਰ ਕਰੇ ਧਿਆਨ, ਆਦਿ ਨਿਰੰਜਣ ਵਾਲੀ ਦੋ ਜਹਾਨ, ਪੁਰਖ ਅਬਿਨਾਸ਼ੀ ਵਡ ਮਿਹਰਵਾਨ, ਸ੍ਰੀ ਭਗਵਾਨ ਦੇਵੇ ਮਾਣ, ਪਾਰਬ੍ਰਹਮ ਬ੍ਰਹਮ ਕਰ ਪਛਾਣ, ਆਪ ਆਪਣੇ ਅੰਗ ਲਗਾਈਆ। ਅੰਗੀਕਾਰ ਕਰੇ ਸਮਰਥ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਚਲਾਏ ਆਪਣਾ ਰਥ, ਏਕੰਕਾਰਾ ਹੁਕਮ ਸੁਣਾਈਆ। ਆਦਿ ਨਿਰੰਜਣ ਜੋਤ ਜਗਾਏ ਲਟ ਲਟ, ਪੁਰਖ ਅਬਿਨਾਸ਼ੀ ਸੋਭਾ ਪਾਈਆ। ਸ੍ਰੀ ਭਗਵਾਨ ਵਸਣਹਾਰਾ ਘਟ ਘਟ, ਪਾਰਬ੍ਰਹਮ ਦਏ ਵਡਿਆਈਆ। ਬ੍ਰਹਮ ਵਖਾਏ ਏਕਾ ਹੱਟ, ਏਕਾ ਵਣਜ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰ ਨਿਰਾਕਾਰ ਨਿਰਗੁਣ ਸਰਗੁਣ ਖੇਲ ਅਪਾਰ, ਗੁਰਮੁਖ ਸਾਜਣ ਜਾਏ ਤਾਰ, ਜੁਗਾ ਜੁਗੰਤਰ ਲਏ ਅਵਤਾਰ, ਸਤਿਜੁਗ ਤ੍ਰੇਤਾ ਦੁਆਪਰ ਦਏ ਅਧਾਰ, ਕਲਜੁਗ ਵੇਲਾ ਅੰਤਮ ਆਈਆ। ਕਲਜੁਗ ਵੇਲਾ ਅੰਤਮ ਆਇਆ, ਚਾਰ ਕੁੰਟ ਕੁਰਲਾਇੰਦਾ। ਵਰਨਾਂ ਬਰਨਾਂ ਰੌਲਾ ਪਾਇਆ, ਸਾਚੀ ਸਰਨ ਨਾ ਕੋਇ ਵਖਾਇੰਦਾ। ਊਚਾਂ ਨੀਚਾਂ ਡੰਕ ਬਜਾਇਆ, ਏਕਾ ਰੰਗ ਨਾ ਕੋਇ ਰੰਗਾਇੰਦਾ। ਰਾਓ ਰੰਕਾਂ ਨਾ ਕੋਈ ਅੰਗ ਲਗਾਇਆ, ਸਗਲਾ ਸੰਗ ਨਾ ਕੋਇ ਰਖਾਇੰਦਾ। ਭੁੱਖ ਨੰਗਾ ਸਰਬ ਕੁਰਲਾਇਆ, ਸਾਂਤਕ ਸਤਿ ਨਾ ਕੋਇ ਵਰਤਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਹੋਇਆ ਹਲਕਾਇਆ, ਚਾਰੋਂ ਕੁੰਟ ਨਾਚ ਕਰਾਇੰਦਾ। ਜੂਠ ਝੂਠ ਡੌਰੂ ਵਾਹਿਆ, ਕਲਜੁਗ ਕਲੰਦਰ ਦਹਿ ਦਿਸ਼ਾ ਫੇਰੀ ਪਾਇੰਦਾ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਇਸ਼ਟ ਦੇਵ ਨਾ ਕੋਇ ਮਨਾਇਆ, ਘਰ ਘਰ ਆਪਣਾ ਰਾਹ ਵਖਾਇੰਦਾ। ਸਾਧਾਂ ਸੰਤਾਂ ਅੰਦਰ ਕਾਇਆ ਹਉਮੇ ਗੜ੍ਹ ਬਣਾਇਆ, ਜਗਤ ਗਿਆਨ ਸਰਬ ਵਡਿਆਇੰਦਾ। ਵੇਦ ਚਾਰ ਪੜ੍ਹ ਪੜ੍ਹ ਵਿਵਾਦ ਵਧਾਇਆ, ਪੁਰਾਨ ਅਠਾਰਾਂ ਗਾ ਗਾ ਭਰਮ ਭੁਲਾਇਆ, ਸ਼ਾਸਤਰ ਸਿਮਰਤ ਤੋੜ ਨਾ ਕੋਇ ਨਿਭਾਇੰਦਾ। ਗੀਤਾ ਗਿਆਨ ਰਹੇ ਸੁਣਾਇਆ, ਕਾਹਨਾ ਕ੍ਰਿਸ਼ਨਾ ਨਜ਼ਰ ਨਾ ਆਇੰਦਾ। ਅੰਜੀਲ ਕੁਰਾਨ ਵਾਹਣ ਵਾਹਿਆ, ਮੁੱਲਾਂ ਸ਼ੇਖ਼ ਮੁਸਾਇਕ ਦਸਤਗੀਰ ਔਲੀਆ ਪੀਰ ਸ਼ੇਖ਼ ਮੁਸਾਇਕ ਮਹਿਬਾਨ ਬੀਦੋ ਬੀ ਖੈਰ ਯਾ ਅੱਲਾ ਨੂਰ ਅਲਾਹੀ ਨਾ ਧੀਰ ਧਰਾਇੰਦਾ। ਹੱਕ ਹਕੀਕਤ ਨਾ ਫੜਿਆ ਪੱਲਾ, ਲਾਸ਼ਰੀਕ ਨਾ ਵੇਖ ਵਖਾਇੰਦਾ। ਚਾਰ ਵਰਨ ਦੂਈ ਦਵੈਤੀ ਲੱਗਾ ਸਲਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਸਾਚਾ ਕਰਮ ਨਾ ਕੋਇ ਕਮਾਇੰਦਾ। ਹਿੰਦੂ ਮੁਸਲਮ ਸਿਖ ਈਸਾਈ ਹੋਇਆ ਝੱਲਾ, ਧੀਰਜ ਜਤ ਸਤਿ ਸੰਤੋਖ ਗਿਆਨ ਨਾ ਕੋਇ ਦ੍ਰਿੜਾਇੰਦਾ। ਰਾਣੀ ਅੱਲਾ ਨਾ ਫੜੇ ਪੱਲਾ, ਕਲਜੁਗ ਵੇਲਾ ਅੰਤਮ ਆਇੰਦਾ। ਨਾਨਕ ਨਿਰਗੁਣ ਸਚ ਸੰਦੇਸਾ ਏਕਾ ਘੱਲਾ, ਨਾਮ ਸਤਿ ਦ੍ਰਿੜਾਇੰਦਾ। ਦੀਪਕ ਜੋਤ ਗਿਆਨ ਏਕਾ ਬਲਾ, ਸਾਚੀ ਸਿਖਿਆ ਸਿਖ ਸਮਝਾਇੰਦਾ। ਘਟ ਘਟ ਅੰਦਰ ਆਪੇ ਰੱਲਾ, ਆਤਮ ਬ੍ਰਹਮ ਨਾਉਂ ਧਰਾਇੰਦਾ। ਈਸ਼ ਜੀਵ ਫੜਾਇਆ ਪੱਲਾ, ਸਗਲਾ ਸੰਗ ਨਿਭਾਇੰਦਾ। ਆਪੇ ਚੇਤਨ ਰਿਹਾ ਅਕੱਲਾ, ਵਿਸਮਾਦੀ ਨਾਮ ਧਰਾਇੰਦਾ। ਆਪੇ ਪੰਚ ਵਿਕਾਰਾ ਬੋਲੇ ਹੱਲਾ, ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਆਪਣੀ ਧਾਰ ਬੰਧਾਇੰਦਾ। ਆਪੇ ਨਾਨਕ ਗੋਬਿੰਦ ਧਾਰ, ਸਾਚੀ ਸ਼ਬਦ ਪੜ੍ਹਾਈਆ। ਆਪੇ ਰੂਪ ਨਾਦ ਅਨਾਦੀ ਵੇਖੇ ਵੇਖਣਹਾਰ, ਆਦਿ ਜੁਗਾਦੀ ਵਡ ਵਡਿਆਈਆ। ਸ਼ਬਦ ਧੁਨ ਬੋਲ ਜੈਕਾਰ, ਲੋਆਂ ਪੁਰੀਆਂ ਆਪ ਸੁਣਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰਿਆ ਖ਼ਬਰਦਾਰ, ਕਰੋੜ ਤੇਤੀਸੇ ਦਏ ਅੰਗੜਾਈਆ। ਸੁਰਪਤ ਰਾਜੇ ਇੰਦ ਦਏ ਹੁਲਾਰ, ਆਪ ਆਪਣਾ ਡੰਕ ਵਜਾਈਆ। ਉਚੇ ਟਿੱਲੇ ਪਾਵੇ ਸਾਰ, ਨੈਣਾਂ ਦੇਵੀ ਏਕਾ ਹਵਨ ਵਖਾਈਆ। ਏਕਾ ਸਿਮਰੇ ਪੁਰਖ ਅਕਾਲ, ਸਾਚੀ ਚੰਡੀ ਆਪ ਮਨਾਈਆ। ਇਸ਼ਟ ਦੇਵ ਗੁਰ ਕਰਤਾਰ, ਨਿਰਭੈ ਰੂਪ ਨਾਲ ਮਿਲਾਈਆ। ਸੋ ਪੁਰਖ ਨਿਰੰਜਣ ਕਿਰਪਾ ਧਾਰ, ਹਰਿ ਪੁਰਖ ਨਿਰੰਜਣ ਵੇਸ ਵਟਾਈਆ। ਏਕੰਕਾਰ ਕਰ ਪਸਾਰ, ਆਦਿ ਨਿਰੰਜਣ ਦਏ ਸਲਾਹੀਆ। ਪੁਰਖ ਅਬਿਨਾਸ਼ੀ ਮੀਤ ਮੁਰਾਰ, ਸ੍ਰੀ ਭਗਵਾਨ ਕਰੀ ਕੁੜਮਾਈਆ। ਪਾਰਬ੍ਰਹਮ ਪ੍ਰਭ ਹੋ ਤਿਆਰ, ਆਪਣਾ ਖੰਡਾ ਹੱਥ ਉਠਾਈਆ। ਗੋਬਿੰਦ ਮੀਤਾ ਵਿਚ ਸੰਸਾਰ, ਆਪਣੇ ਕੰਠ ਲਗਾਈਆ। ਆਪਣਾ ਬਖ਼ਸ਼ੇ ਚਰਨ ਪਿਆਰ, ਸਿੰਘ ਰੂਪ ਆਪ ਵਟਾਈਆ। ਲੇਖਾ ਲਿਖਿਆ ਨਾ ਜਾਣੇ ਕੋਇ ਸੰਸਾਰ, ਮਨ ਮਤ ਬੁਧ ਨਾ ਕੋਇ ਚਤੁਰਾਈਆ। ਨਿਰਭੈ ਵਰਤੇ ਏਕਉਂਕਾਰ, ਸਿੰਘ ਪਹਿਲਾ ਮੋਖ ਧਰਾਈਆ। ਵਰਨ ਗੋਤ ਤੋਂ ਵਸੇ ਬਾਹਰ, ਆਪਣਾ ਗੌੜ ਆਪ ਜਣਾਈਆ। ਮਰੇ ਨਾ ਜੰਮੇ ਵਿਚ ਸੰਸਾਰ, ਸੋ ਸਿੰਘ ਵਡ ਵਡਿਆਈਆ। ਜਿਸ ਸਿੰਘ ਖਾਏ ਜੰਮ ਕਾਲ, ਸੋ ਸਿੰਘ ਨਾ ਮਾਤ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕੰਕਾਰਾ ਹਰਿ ਨਿਰੰਕਾਰਾ, ਨਿਰਗੁਣ ਰੱਖੇ ਆਪਣੀ ਧਾਰਾ, ਲੱਖ ਚੁਰਾਸੀ ਕਰ ਪਸਾਰਾ, ਸਾਧਾਂ ਸੰਤਾਂ ਦੇਵੇ ਨਾਮ ਅਧਾਰਾ, ਨਿਰਗੁਣ ਜੋਤੀ ਦੀਪ ਉਜਿਆਰਾ, ਕਮਲਾਪਾਤੀ ਵੇਖਣਹਾਰਾ, ਬੂੰਦ ਸਵਾਂਤੀ ਠੰਡੀ ਠਾਰਾ, ਘਰ ਮੰਦਰ ਅੰਦਰ ਮਿਲੇ ਮੇਲ ਹਰਿ ਮੀਤ ਮੁਰਾਰਾ, ਬ੍ਰਹਮ ਪਾਰਬ੍ਰਹਮ ਸਮਾਈਆ। ਸਾਚਾ ਮੇਲਾ ਪੁਰਖ ਸੁਲਤਾਨ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਵਡ ਮਿਹਰਵਾਨ, ਏਕੰਕਾਰਾ ਰੰਗ ਚੜ੍ਹਾਇੰਦਾ। ਆਦਿ ਨਿਰੰਜਣ ਜਾਣੀ ਜਾਣ, ਘਰ ਮੰਦਰ ਸੋਭਾ ਪਾਇੰਦਾ। ਸ੍ਰੀ ਭਗਵਾਨ ਆਪੇ ਜਾਣੇ ਆਪਣਾ ਮਾਣ, ਤਖ਼ਤ ਤਾਜ ਆਪ ਸੁਹਾਇੰਦਾ। ਪੁਰਖ ਅਬਿਨਾਸ਼ੀ ਹੋ ਪਰਧਾਨ, ਦਰ ਦਰਬਾਨ ਸੇਵ ਕਮਾਇੰਦਾ। ਪਾਰਬ੍ਰਹਮ ਸੁਣ ਫ਼ਰਮਾਣ, ਹੁਕਮੀ ਹੁਕਮ ਵਜਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡ ਵੇਖੇ ਮਾਰ ਧਿਆਨ, ਬ੍ਰਹਮ ਆਪਣੀ ਧਾਰ ਬੰਧਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਇਕ ਗਿਆਨ, ਏਕਾ ਸਿਖਿਆ ਸਿਖ ਸਮਝਾਇੰਦਾ। ਲੱਖ ਚੁਰਾਸੀ ਜੀਵ ਜੰਤ ਆਦਿ ਅੰਤ ਸ੍ਰੀ ਭਗਵੰਤ ਦੇਵਣਹਾਰਾ ਜੀਆ ਦਾਨ, ਆਤਮ ਬ੍ਰਹਮ ਵਸਤ ਟਿਕਾਇੰਦਾ। ਨਿਰਲੇਪ ਸਦਾ ਸੰਖੇਪ ਭੇਵ ਅਭੇਦਾ ਅਭੇਵ ਅਲਖ ਅਗੋਚਰ ਅਗੰਮ ਅਥਾਹ ਆਪਣਾ ਖੇਲ ਖਿਲਾਇੰਦਾ। ਜੁਗਾ ਜੁਗੰਤਰ ਨਾਦ ਅਨਾਦੀ ਕਰੇ ਸਚ ਨਿਆਂ, ਸ਼ਬਦ ਵਿਚੋਲਾ ਇਕ ਰਖਾਇੰਦਾ। ਸਾਚਾ ਬੋਲ ਸੁਣਾਏ ਥਾਉਂ ਥਾਂ, ਨਾਮ ਜੈਕਾਰਾ ਏਕਾ ਲਾਇੰਦਾ। ਨਿਰਗੁਣ ਤੋਲਾ ਬਣ ਮਲਾਹ, ਲੱਖ ਚੁਰਾਸੀ ਆਪਣੇ ਕੰਡੇ ਪਾਇੰਦਾ। ਜਨ ਭਗਤਾਂ ਹੌਲਾ ਭਾਰ ਦਏ ਕਰਾ, ਮਨਮੁਖਾਂ ਪਾਪਾਂ ਭਾਰ ਸਿਰ ਰਖਾਇੰਦਾ। ਦੋਵਾਂ ਮਾਰਗ ਲਏ ਚਲਾ, ਆਪਣੀ ਰਚਨਾ ਆਪ ਰਚਾਇੰਦਾ। ਰਾਏ ਧਰਮ ਸੰਗ ਰਲਾ, ਦਰ ਸਾਚੇ ਆਪ ਸੁਹਾਇੰਦਾ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸੰਤ ਸੁਹੇਲੇ ਫੜ ਫੜ ਬਾਂਹ, ਲੱਖ ਚੁਰਾਸੀ ਪਾਰ ਕਰਾਇੰਦਾ। ਮਨਮੁਖ ਜੀਵ ਕਾਗ ਦੁਸ਼ਟ ਦੁਰਾਚਾਰ ਏਕਾ ਧੱਕਾ ਦੇਵੇ ਲਾ, ਸ਼ੌਹ ਦਰਯਾ ਆਪ ਰੁੜ੍ਹਾਇੰਦਾ। ਰਾਏ ਧਰਮ ਫੜ ਫੜ ਦਏ ਸਜ਼ਾ, ਕੁੰਭੀ ਨਰਕ ਪਵਾਇੰਦਾ। ਚਿਤਰ ਗੁਪਤ ਹਿਸਾਬ ਨਾ ਦਏ ਮੁਕਾ, ਕਰਮਾਂ ਲੇਖ ਨਾ ਕੋਇ ਮਿਟਾਇੰਦਾ। ਲਾੜੀ ਮੌਤ ਲਏ ਪਰਨਾ, ਕਾਲ ਆਪਣਾ ਸਗਨ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਬੋਧ ਅਗਾਧ ਅਗਾਧ ਬੋਧ ਲੇਖਾ ਆਪਣੇ ਹੱਥ ਰਖਾਇੰਦਾ। ਲੇਖਾ ਹੱਥ ਕਰਤਾਰ, ਭੇਵ ਕੋਇ ਨਾ ਪਾਇੰਦਾ। ਜੁਗਾ ਜੁਗੰਤਰ ਲੈ ਅਵਤਾਰ, ਆਪਣੀ ਕਰਨੀ ਕਿਰਤ ਕਮਾਇੰਦਾ। ਸੰਤ ਸੁਹੇਲੇ ਲਏ ਉਭਾਰ, ਮਨਮੁਖ ਵਹਿੰਦੀ ਧਾਰ ਬਹਾਇੰਦਾ। ਲਹਿਣਾ ਦੇਣ ਚੁਕਾਏ ਚਾਰ ਯਾਰ, ਪੰਚਮ ਜੋਤੀ ਜੋਤ ਡਗਮਗਾਇੰਦਾ। ਨਾਮ ਖੰਡਾ ਤੇਜ਼ ਕਟਾਰ, ਨਿਰਗੁਣ ਆਪਣੇ ਹੱਥ ਰਖਾਇੰਦਾ। ਸ਼ਬਦ ਅਗੰਮੀ ਮਾਰੇ ਮਾਰ, ਜਗਤ ਨੇਤਰ ਦਿਸ ਨਾ ਆਇੰਦਾ। ਮਨ ਮਤ ਬੁਧ ਕੀ ਕਰੇ ਵਿਚਾਰ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਜਿਸ ਸਿਰ ਹੱਥ ਧਰੇ ਆਪ ਨਿਰੰਕਾਰ, ਸੋ ਜਨ ਸਾਚੀ ਬੂਝ ਬੁਝਾਇੰਦਾ। ਕਲਜੁਗ ਡੂੰਘਾ ਸਾਗਰ ਵਹਿੰਦੀ ਗਾਰ, ਨਾ ਕੋਈ ਬੇੜਾ ਪਾਰ ਕਰਾਇੰਦਾ। ਮਾਇਆ ਮਮਤਾ ਲੱਦਿਆ ਭਾਰ, ਜੂਠ ਝੂਠ ਨਾ ਕੋਇ ਉਠਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਰਿਹਾ ਲਲਕਾਰ, ਆਸਾ ਤ੍ਰਿਸਨਾ ਅੰਗ ਲਗਾਇੰਦਾ। ਬਿਨ ਸਤਿਗੁਰ ਪੂਰੇ ਕੋਇ ਨਾ ਉਤਰੇ ਪਾਰ, ਲੱਖ ਚੁਰਾਸੀ ਜਮ ਕੀ ਫਾਸੀ ਰਾਏ ਧਰਮ ਫੰਦ ਨਾ ਕੋਇ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਨਿਰਗੁਣ ਨਰਾਇਣ ਹਰਿ ਨਿਰੰਕਾਰਾ, ਨਿਹਕਲੰਕ ਵੱਜੇ ਵਧਾਈਆ। ਪੁਰਖ ਅਗੰਮ ਅਗੰਮੜੀ ਕਾਰਾ, ਅਲਖ ਅਗੋਚਰ ਦਏ ਕਰਾਈਆ। ਹੱਡ ਮਾਸ ਨਾੜੀ ਚਮੜੇ ਵਸਿਆ ਬਾਹਰਾ, ਪੰਚ ਤੱਤ ਨਾ ਕੋਇ ਰਖਾਈਆ। ਦੀਵਾ ਬਾਤੀ ਕਰ ਉਜਿਆਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਗਲਾ ਸਾਥੀ ਸਾਂਝਾ ਯਾਰਾ, ਸਾਚਾ ਸੰਗ ਨਿਭਾਈਆ। ਗੋਬਿੰਦ ਮੇਲਾ ਸੁੱਤ ਦੁਲਾਰਾ, ਸ਼ਬਦ ਵੱਜੀ ਵਧਾਈਆ। ਸੰਬਲ ਨਗਰੀ ਧਾਮ ਨਿਆਰਾ, ਬੈਠਾ ਆਸਣ ਲਾਈਆ। ਵੇਦ ਵਿਆਸਾ ਬਣ ਲਿਖਾਰਾ, ਪੂਤ ਸਪੂਤਾ ਬ੍ਰਾਹਮਣ ਗੌੜਾ, ਉਚਾ ਟਿੱਲਾ ਪਰਬਤ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਦਾਤਾ ਪੁਰਖ ਬਿਧਾਤਾ, ਬ੍ਰਹਮ ਪਾਰਬ੍ਰਹਮ ਸਮਾਈਆ। ਆਪੇ ਜਾਣੇ ਆਪਣੀ ਗਾਥਾ, ਜੁਗ ਜੁਗ ਕਰੇ ਨਾਮ ਪੜ੍ਹਾਈਆ। ਹਰਿਜਨ ਨਿਭਾਏ ਤੇਰਾ ਸਾਥਾ, ਤੇਰੀ ਸੇਵਾ ਆਪ ਕਮਾਈਆ। ਲੇਖੇ ਲੱਗੇ ਪੂਜਾ ਪਾਠਾ, ਜੋ ਜਨ ਹਰਿ ਹਰਿ ਰਸਨਾ ਗਾਈਆ। ਪੂਰਬ ਜਨਮਾ ਕਰੇ ਪੂਰਾ ਘਾਟਾ, ਅੱਗੇ ਲੇਖਾ ਆਪ ਲਿਖਾਈਆ। ਮਸਤਕ ਦੀਪਕ ਜੋਤ ਜਗੇ ਲਲਾਟਾ, ਅੰਧ ਅੰਧੇਰ ਰਹਿਣ ਨਾ ਪਾਈਆ। ਆਤਮ ਸੇਜਾ ਵੇਖੇ ਖਾਟਾ, ਨਾਮ ਬਬਾਣੇ ਆਪ ਚੜ੍ਹਾਈਆ। ਲਹਿਣਾ ਦੇਣ ਚੁਕਾਏ ਆਣ ਬਾਟਾ, ਮਾਤ ਗਰਭ ਫੇਰ ਨਾ ਆਈਆ। ਅਗੇ ਰੱਖੀ ਨੇੜੇ ਵਾਟਾ, ਪਿਛਲਾ ਪੰਧ ਰਹਿਣ ਨਾ ਪਾਈਆ। ਲਹਿਣਾ ਦੇਣਾ ਮੁਕਾਏ ਤੀਰਥ ਤਾਟਾ, ਅਠਸਠ ਨਹਾਵਣ ਕੋਇ ਨਾ ਜਾਈਆ। ਬਜਰ ਕਪਾਟੀ ਜਿਸ ਜਨ ਪੜਦਾ ਪਾਟਾ, ਗੰਗਾ ਗੋਦਾਵਰੀ ਸੁਰਸਤੀ ਜਮਨਾ ਵਗਣ ਵਾਹੋ ਦਾਹੀਆ। ਪਾਰਬ੍ਰਹਮ ਪ੍ਰਭ ਮਿਲਿਆ ਮੀਤਾ, ਗੋਬਿੰਦ ਆਪਣੀ ਗੋਦ ਉਠਾਈਆ। ਹਰਿ ਚਰਨ ਕਵਲ ਬੰਧਾਇਆ ਸਾਚਾ ਨਾਤਾ, ਨਾ ਕੋਈ ਤੋੜੇ ਤੋੜ ਤੁੜਾਈਆ। ਮੇਟੇ ਰੈਣ ਅੰਧੇਰੀ ਰਾਤਾ, ਸਾਚਾ ਚੰਦ ਇਕ ਚੜ੍ਹਾਈਆ। ਲੇਖਾ ਚੁੱਕੇ ਸੀਆਂ ਸਾਢੇ ਤਿੰਨ ਤਿੰਨ ਹਾਥਾ, ਕਾਇਆ ਮਾਟੀ ਲੇਖੇ ਲਾਈਆ। ਅੰਤਮ ਵੇਲੇ ਪੁੱਛੇ ਵਾਤਾ, ਸਤਿਗੁਰ ਪੂਰੇ ਹੱਥ ਵਡਿਆਈਆ। ਦੋ ਜਹਾਨਾਂ ਹੋਵੇ ਰਾਖਾ, ਆਪਣੀ ਸੇਵਾ ਆਪ ਕਮਾਈਆ। ਸਰਬ ਕਲਾ ਆਪੇ ਸਮਰਾਥਾ, ਹਰਿਜਨ ਸਾਚੇ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਜੋਤੀ ਜੋਤ ਲਏ ਮਲਾਈਆ।