Granth 09 Likhat 043: 6 Faggan 2016 Bikarmi Ratan Singh de Ghar Pind Chambal Jila Amritsar

੬ ਫੱਗਣ ੨੦੧੬ ਬਿਕ੍ਰਮੀ ਰਤਨ ਸਿੰਘ ਦੇ ਘਰ ਪਿੰਡ ਚੰਬਲ ਜਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਲਾਲ ਗੁਲਾਲਾ, ਸੁਤੇ ਪ੍ਰਕਾਸ਼ ਰੂਪ ਵਟਾਈਆ। ਹਰਿ ਪੁਰਖ ਨਿਰੰਜਣ ਕੰਚਨ ਢਾਲਾ, ਮਹਿਮਾ ਅਨੂਪ ਬੇਪਰਵਾਹੀਆ। ਏਕੰਕਾਰਾ ਸੂਹਾ ਵੇਸ ਦਰ ਦਰਵੇਸ਼ ਖੇਲ ਨਿਰਾਲਾ, ਆਪਣੀ ਧਾਰ ਬੰਧਾਈਆ। ਆਦਿ ਨਿਰੰਜਣ ਜੋਤ ਉਜਾਲਾ, ਸਤਿ ਸਫੈਦੀ ਰੂਪ ਸਮਾਈਆ। ਸ੍ਰੀ ਭਗਵਾਨ ਹੋ ਦਲਾਲਾ, ਪੀਲਾ ਰੰਗ ਆਪ ਉਪਜਾਈਆ। ਅਬਿਨਾਸ਼ੀ ਕਰਤਾ ਅਵਲੜੀ ਚਾਲਾ, ਨੀਲਾ ਤੰਦਨ ਪਾਈਆ। ਪਾਰਬ੍ਰਹਮ ਪ੍ਰਭ ਹਰਿ ਗੋਪਾਲਾ, ਕਾਲੀ ਕਫ਼ਨੀ ਇਕ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੂਪ ਵਟਾਈਆ। ਆਪਣਾ ਰੂਪ ਸਾਚੇ ਘਰ, ਏਕਾ ਏਕ ਵਟਾਇੰਦਾ। ਦੂਜੇ ਮੰਦਰ ਆਪੇ ਵੜ, ਤੀਜਾ ਬੰਕ ਸੁਹਾਇੰਦਾ। ਚੌਥਾ ਦੇਵੇ ਖੋਲ੍ਹ ਕਿਵਾੜ, ਪੰਚਮ ਸੋਭਾ ਪਾਇੰਦਾ। ਛੇਵੇਂ ਦਿਸੇ ਨਾ ਕੋਈ ਨਾਰੀ ਨਾ ਕੋਈ ਨਰ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਸੱਤਵੇਂ ਮੰਦਰ ਬੈਠਾ ਚੜ, ਸਚ ਸਿੰਘਾਸਣ ਆਸਣ ਲਾਇੰਦਾ। ਪਹਿਲਾ ਘਰ ਅਗੰਮ ਅਥਾਹ, ਹਰਿ ਸਾਚਾ ਆਪ ਸੁਹਾਇੰਦਾ। ਦੂਜੇ ਦਰ ਬਣ ਮਲਾਹ, ਆਪਣਾ ਰਾਹ ਚਲਾਇੰਦਾ। ਤੀਜਾ ਦੇਵੇ ਸਚ ਸਲਾਹ, ਸਿਫ਼ਤੀ ਸਿਫ਼ਤ ਆਪ ਵਡਿਆਇੰਦਾ। ਚੌਥੇ ਢੋਲਾ ਏਕਾ ਗਾ, ਆਪਣਾ ਨਾਉਂ ਧਰਾਇੰਦਾ। ਪੰਚਮ ਬੋਲਾ ਆਪ ਅਲ੍ਹਾ, ਆਪਣਾ ਰਾਗ ਸੁਣਾਇੰਦਾ। ਛੇਵੇਂ ਪੜਦਾ ਦਏ ਹਟਾ, ਆਪ ਆਪਣਾ ਵੇਖ ਵਖਾਇੰਦਾ। ਸਤਵੇਂ ਮੇਲਾ ਲਏ ਮਿਲਾ, ਘਰ ਸਾਚੇ ਸੋਭਾ ਪਾਇੰਦਾ। ਪਹਿਲੇ ਘਰ ਅਗੰਮ ਅਪਾਰ, ਆਪਣੀ ਅਲੱਖ ਜਗਾਈਆ। ਦੂਜੇ ਦਰ ਹੋ ਤਿਆਰ, ਆਪਣੀ ਕਰਵਟ ਲਏ ਬਦਲਾਈਆ। ਤੀਜੇ ਦਰ ਖੇਲ ਅਪਾਰ, ਨਿਰਗੁਣ ਨਿਰਗੁਣ ਵੇਖ ਵਖਾਈਆ। ਚੌਥੇ ਘਰ ਮੀਤ ਮੁਰਾਰ, ਆਪ ਆਪਣਾ ਸਗਨ ਮਨਾਈਆ। ਪੰਚਮ ਬਣੇ ਸਚ ਭਤਾਰ, ਆਪ ਆਪਣਾ ਰੂਪ ਸੁਹਾਈਆ। ਛੇਵੇਂ ਨਾਰੀ ਜੋਤ ਉਜਿਆਰ, ਨੂਰੋ ਨੂਰ ਡਗਮਗਾਈਆ। ਸੱਤਵੇਂ ਸਤਿ ਪੁਰਖ ਨਿਰੰਜਣ ਕਰੇ ਪਿਆਰ, ਆਪ ਆਪਣਾ ਅੰਗ ਲਗਾਈਆ। ਸਤਵੇਂ ਘਰ ਅੰਗ ਲਗਾ, ਛੇਵੇਂ ਮੇਲ ਮਿਲਾਇੰਦਾ। ਪੰਚਮ ਬੀਜ ਦਏ ਬਿਜਾ, ਚੌਥੇ ਘਰ ਉਪਜਾਇੰਦਾ। ਤੀਜੇ ਦਰ ਫੁੱਲ ਫਲਵਾੜੀ ਦਏ ਲਗਾ, ਦੂਜੇ ਘਰ ਆਪ ਮਹਿਕਾਇੰਦਾ। ਪਹਿਲੇ ਘਰ ਵੇਖ ਵਖਾ, ਆਪ ਆਪਣੇ ਰੂਪ ਸਮਾਇੰਦਾ। ਪਹਿਲਾ ਘਰ ਹਰਿ ਨਿਰੰਕਾਰ, ਆਪਣਾ ਆਪ ਵਖਾਇੰਦਾ। ਦੂਜੇ ਬਨ੍ਹੇ ਆਪਣੀ ਧਾਰ, ਆਪਣਾ ਰੂਪ ਪਰਗਟਾਇੰਦਾ। ਤੀਜੇ ਪਾਵਣਹਾਰਾ ਸਾਰ, ਆਪਣੀ ਇਛਿਆ ਪੂਰ ਕਰਾਇੰਦਾ। ਚੌਥੇ ਘਰ ਹੋ ਉਜਿਆਰ, ਦੀਪਕ ਜੋਤ ਆਪ ਜਗਾਇੰਦਾ। ਪੰਚਮ ਬੈਠ ਸਚੀ ਸਰਕਾਰ, ਸਚ ਸਿੰਘਾਸਣ ਇਕ ਸੁਹਾਇੰਦਾ। ਛੇਵੇਂ ਘਰ ਖੇਲ ਅਪਾਰ, ਆਪ ਆਪਣਾ ਮਤਾ ਪਕਾਇੰਦਾ। ਸਤਵੇਂ ਦੇਵਣਹਾਰ ਅਧਾਰ, ਨਿਰਗੁਣ ਨਿਰਗੁਣ ਰੰਗ ਰੰਗਾਇੰਦਾ। ਨਿਰਗੁਣ ਰੰਗ ਅਪਰ ਅਪਾਰਾ, ਹਰਿ ਸਾਚਾ ਆਪ ਰੰਗਾਈਆ। ਆਪੇ ਖੋਲ੍ਹ ਸਚ ਦਵਾਰਾ, ਸਚਖੰਡ ਬੈਠਾ ਆਸਣ ਲਾਈਆ। ਆਪੇ ਥਿਰ ਘਰ ਪਾਵੇ ਸਾਰਾ, ਘਰ ਘਰ ਵਿਚ ਰਿਹਾ ਸੁਹਾਈਆ। ਆਪੇ ਬਣ ਚੋਬਦਾਰ ਦੇਵੇ ਪਹਿਰਾ, ਆਪ ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਈਆ। ਪਹਿਲੇ ਘਰ ਨਰ ਨਰੇਸ਼, ਆਪਣਾ ਤਖਤ ਸੁਹਾਇੰਦਾ। ਆਪਣੀ ਜੋਤ ਆਪ ਪਰਵੇਸ਼, ਆਪੇ ਵੇਸ ਵਟਾਇੰਦਾ। ਆਪਣਾ ਲਿਖੇ ਆਪੇ ਲੇਖ, ਲੇਖਾ ਆਪਣੇ ਹੱਥ ਰਖਾਇੰਦਾ। ਆਪਣਾ ਨੇਤਰ ਆਪੇ ਲਏ ਪੇਖ, ਆਪ ਆਪਣਾ ਰੂਪ ਸਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਵਟਾਇੰਦਾ। ਪਹਿਲੇ ਘਰ ਰੂਪ ਵਟਾਇਆ, ਭੇਵ ਕੋਇ ਨਾ ਪਾਇੰਦਾ। ਦੂਜੀ ਧਾਰ ਦਏ ਚਲਾਇਆ, ਤੀਜੇ ਆਪਣਾ ਖੇਲ ਖਿਲਾਇੰਦਾ। ਚੌਥੇ ਮੁਖ ਆਪ ਖੁਲਾਇਆ, ਆਪ ਆਪਣਾ ਬੋਲ ਜਣਾਇੰਦਾ। ਪੰਚਮ ਨਾਅਰਾ ਏਕਾ ਲਾਇਆ, ਛੇਵੇਂ ਤਾਲ ਵਜਾਇੰਦਾ। ਸੱਤਵੇਂ ਸਤਿ ਸਤਿਵਾਦੀ ਸੁਣਨੇ ਆਇਆ, ਘਰ ਘਰ ਬਹਿ ਬਹਿ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਹੱਲਾ ਇਕ ਵਸਾਇੰਦਾ। ਸਚ ਮਹੱਲਾ ਏਕੰਕਾਰ, ਆਪਣਾ ਆਪ ਵਸਾਈਆ। ਦੂਜੀ ਬੰਨੇ ਸਾਚੀ ਧਾਰ, ਸਚ ਰੂਪ ਵਟਾਈਆ। ਤੀਜਾ ਸੁਹਾਏ ਤਖਤ ਤਾਜ ਸੱਚੀ ਸਰਕਾਰ, ਸਚ ਸਿੰਘਾਸਣ ਸੋਭਾ ਪਾਈਆ। ਚੌਥੇ ਬੈਠ ਪੁਰਖ ਕਰਤਾਰ, ਆਪ ਆਪਣਾ ਹੁਕਮ ਸੁਣਾਈਆ। ਪੰਚਮ ਹੋਵੇ ਫ਼ਰਮਾਬਰਦਾਰ, ਆਪੇ ਨਿਉਂ ਨਿਉਂ ਸੀਸ ਝੁਕਾਈਆ। ਛੇਵੇਂ ਦਰ ਅੰਦਰ ਬਾਹਰ, ਗੁਪਤ ਜਾਹਰ ਭੇਵ ਨਾ ਰਾਈਆ। ਸਤਵੇਂ ਸਤਿ ਪੁਰਖ ਨਿਰੰਜਣ ਆਪਣੀ ਕਾਰ, ਹਰਿ ਸਾਚਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤ ਰੰਗ ਸਾਚੀ ਧਾਰ, ਆਪ ਉਪਜਾਏ ਏਕੰਕਾਰ, ਨੌ ਸੌ ਚੁਰਾਨਵੇ ਚੌਕੜੀ ਜੁਗ ਨਾ ਪਾਏ ਕੋਈ ਸਾਰ, ਲੇਖਾ ਲੇਖ ਨਾ ਕੋਇ ਜਣਾਈਆ । ਸੱਤ ਰੰਗ ਜੋਤ ਜਗਾ, ਸਚਖੰਡ ਦਵਾਰੇ ਸੋਭਾ ਪਾਇੰਦਾ। ਸਤ ਰੰਗ ਨਿਸ਼ਾਨਾ ਆਪ ਚੜਾ, ਆਪੇ ਵੇਖ ਵਖਾਇੰਦਾ। ਆਪਣਾ ਹੁਕਮ ਆਪ ਸੁਣਾ, ਆਪੇ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇੰਦਾ। ਦਰ ਸੁਹੰਜਣਾ ਪੁਰਖ ਅਕਾਲ, ਘਰ ਸਾਚੇ ਵੱਜੀ ਵਧਾਈਆ। ਸੱਤ ਰੰਗ ਨਿਸ਼ਾਨਾ ਦੀਨ ਦਿਆਲ, ਘਰ ਸਾਚੇ ਆਪ ਚੜ੍ਹਾਈਆ। ਆਪੇ ਜਲਵਾ ਨੂਰ ਨੁਰਾਨੀ ਜਲਾਲ, ਨੂਰੋ ਨੂਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਸੱਤ ਰੰਗ ਨਿਸ਼ਾਨਾ ਹਰਿ ਭਗਵਾਨਾ, ਆਪਣੀ ਧਾਰ ਆਪ ਰੰਗਾਇੰਦਾ। ਸਤਿ ਪੁਰਖ ਨਿਰੰਜਣ ਨੌਜਵਾਨਾ, ਆਪ ਆਪਣਾ ਹੁਕਮ ਚਲਾਇੰਦਾ। ਆਪੇ ਦਰ ਦਰਵੇਸ਼ ਬਣੇ ਦਰਬਾਨਾ, ਆਪ ਆਪਣੀ ਕਾਰ ਕਮਾਇੰਦਾ। ਆਪੇ ਦੇਵੇ ਧੁਰ ਫ਼ਰਮਾਨਾ, ਆਪੇ ਹੁਕਮ ਸੁਣਾਇੰਦਾ। ਆਪੇ ਜਾਣੇ ਆਪਣਾ ਭਾਣਾ, ਆਪਣੇ ਭਾਣੇ ਆਪ ਰਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਇਕ ਉਪਜਾਇੰਦਾ। ਸਚਖੰਡ ਦਵਾਰਾ ਸੋਭਾਵੰਤ, ਨਿਰਗੁਣ ਆਪਣਾ ਆਪ ਉਪਾਇਆ। ਆਪੇ ਬੈਠ ਸ੍ਰੀ ਭਗਵੰਤ, ਘਰ ਸਾਚਾ ਆਪ ਸੁਹਾਇਆ। ਆਪੇ ਮਹਿਮਾ ਜਾਣੇ ਅਗਣਤ, ਆਪ ਆਪਣਾ ਭੇਵ ਰਖਾਇਆ। ਆਪ ਬਣਾਏ ਆਪਣੀ ਬਣਤ, ਆਪ ਆਪਣਾ ਰੂਪ ਧਰਾਇਆ। ਆਪੇ ਆਦਿ ਆਪੇ ਅੰਤ, ਮਧ ਆਪਣਾ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਛਤਰ ਇਕ ਝੁਲਾਇਆ। ਸਾਚਾ ਛਤਰ ਹਰਿ ਭਗਵਾਨ, ਸਚਖੰਡ ਦਵਾਰੇ ਆਪ ਝੁਲਾਈਆ। ਨਾ ਕੋਈ ਜ਼ਿਮੀਂ ਨਾ ਕੋਈ ਅਸਮਾਨ, ਗਗਨ ਮੰਡਲ ਨਾ ਕੋਇ ਅਖਵਾਈਆ। ਨਾ ਕੋਈ ਪਵਣ ਪਾਣੀ ਦੇਵੇ ਦਾਨ, ਜਲ ਬਿੰਬ ਨਾ ਕੋਇ ਤਰਾਈਆ। ਤ੍ਰੈਗੁਣ ਮਾਇਆ ਨਾ ਕੋਇ ਪਰਧਾਨ, ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਵਡਿਆਈਆ। ਪੰਜ ਤਤ ਨਾ ਕੋਇ ਮਕਾਨ, ਬ੍ਰਹਮ ਰੂਪ ਨਾ ਕੋਇ ਵਟਾਈਆ। ਰਾਗ ਨਾਦ ਨਾ ਕੋਇ ਗਾਨ, ਸੁਰ ਤਾਲ ਨਾ ਕੋਇ ਵਖਾਈਆ। ਰਵ ਸਸ ਨਾ ਕੋਇ ਭਾਨ, ਸੂਰਜ ਚੰਨ ਨਾ ਕੋਇ ਚੜ੍ਹਾਈਆ। ਖੰਡਾ ਖੜਗ ਨਾ ਕੋਇ ਕਿਰਪਾਨ, ਤੀਰ ਕਮਾਨ ਨਾ ਕੋਇ ਉਠਾਈਆ। ਰਾਮ ਕ੍ਰਿਸ਼ਨ ਨਾ ਕੋਇ ਬਲਵਾਨ, ਰਥ ਰਥਵਾਹੀ ਨਾ ਕੋਇ ਚਲਾਈਆ। ਸਿਮਰਤ ਸ਼ਾਸਤਰ ਨਾ ਕੋਈ ਵੇਦ ਪੁਰਾਨ, ਚਾਰੇ ਮੁਖ ਨਾ ਕੋਇ ਗਾਈਆ। ਭਗਤ ਭਗਵੰਤ ਨਾ ਕੋਇ ਨਿਸ਼ਾਨ, ਆਤਮ ਬ੍ਰਹਮ ਨਾ ਕੋਇ ਵਖਾਈਆ। ਗੋਪੀ ਦਿਸੇ ਨਾ ਕੋਈ ਕਾਹਨ, ਮੰਡਲ ਰਾਸ ਨਾ ਕੋਇ ਰਚਾਈਆ। ਬਿਰਧ ਬਾਲ ਨਾ ਕੋਇ ਜਵਾਨ, ਜਗਤ ਵਰੇਸ ਨਾ ਕੋਇ ਵਡਿਆਈਆ। ਨਾ ਕੋਈ ਪੀਣ ਨਾ ਕੋਈ ਖਾਣ, ਆਲਸ ਨਿੰਦਰਾ ਨਾ ਕੋਇ ਉਪਜਾਈਆ। ਨਾਰ ਕੰਤ ਨਾ ਕਰੇ ਪਛਾਣ, ਸੁਹੰਜਣੀ ਸੇਜ ਨਾ ਕੋਇ ਹੰਢਾਈਆ। ਨਾ ਕੋਈ ਦਾਤਾ ਨਾ ਕੋਈ ਦੇਵੇ ਦਾਨ, ਅੱਗੇ ਝੋਲੀ ਕੋਈ ਨਾ ਡਾਹੀਆ। ਨਾ ਕੋਈ ਤੀਰਥ ਕਰੇ ਅਸ਼ਨਾਨ, ਸਰ ਸਰੋਵਰ ਨਾ ਕੋਇ ਵਖਾਈਆ। ਨਾ ਕੋਈ ਸ਼ਬਦ ਨਾ ਕੋਈ ਗਿਆਨ, ਨਾ ਕੋਈ ਕਰੇ ਪੜ੍ਹਾਈਆ। ਨਾ ਕੋਈ ਦੀਨ ਮਜ਼ਬ ਦਿਸੇ ਈਮਾਨ, ਵਰਨ ਬਰਨ ਨਾ ਕੋਇ ਬਣਾਈਆ। ਨਾ ਕੋਇ ਸ਼ਰੀਅਤ ਅੰਜੀਲ ਕੁਰਾਨ, ਤੀਸ ਬਤੀਸਾ ਨਾ ਕੋਇ ਗਾਈਆ। ਈਸਾ ਮੂਸਾ ਨਾ ਕੋਇ ਪਰਧਾਨ, ਜਗਤ ਹਦੀਸਾ ਨਾ ਕੋਇ ਵਖਾਈਆ। ਸੰਗ ਮੁਹੰਮਦ ਨਾ ਕਰੇ ਕੋਈ ਪਰਵਾਨ, ਚਾਰ ਯਾਰ ਨਾ ਕੋਇ ਮਨਾਈਆ। ਨਾਨਕ ਗੋਬਿੰਦ ਨਾ ਕਰੇ ਕੋਈ ਧਿਆਨ, ਖਾਣੀ ਬਾਣੀ ਨਾ ਕੋਇ ਸੁਣਾਈਆ। ਇਕ ਅਕੱਲਾ ਹਰਿ ਭਗਵਾਨ, ਸਚਖੰਡ ਬੈਠਾ ਆਸਣ ਲਾਈਆ। ਸੀਸ ਛੱਤਰ ਝੁਲਾਏ ਸੱਤ ਰੰਗ ਨਿਸ਼ਾਨ, ਦੂਸਰ ਹੱਥ ਨਾ ਕੋਇ ਵਡਿਆਈਆ। ਆਦਿ ਜੁਗਾਦੀ ਮਿਹਰਵਾਨ, ਨਾ ਮਰੇ ਨਾ ਜਾਈਆ। ਆਪੇ ਜਾਣੇ ਆਪਣੀ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਈਆ। ਚੌਥਾ ਘਰ ਸਚ ਦਰਵਾਜਾ, ਸੋ ਪੁਰਖ ਨਿਰੰਜਣ ਆਪ ਖੁਲ੍ਹਾਇੰਦਾ। ਆਪੇ ਬਹਿ ਬਹਿ ਮਾਰੇ ਵਾਜਾ, ਆਪਣਾ ਨਾਉਂ ਆਪ ਅਲਾਇੰਦਾ। ਆਪੇ ਰਚਿਆ ਆਪਣਾ ਕਾਜਾ, ਆਪ ਆਪਣਾ ਮੰਗਲ ਗਾਇੰਦਾ। ਆਪ ਆਪਣਾ ਸਾਜਣ ਸਾਜਾ, ਆਪ ਆਪਣੀ ਰਚਨ ਰਚਾਇੰਦਾ। ਆਪ ਚਲਾਏ ਆਪਣਾ ਜਹਾਜਾ, ਆਪਣਾ ਬੇੜਾ ਆਪ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਸੱਤ ਰੰਗ ਨਿਸ਼ਾਨਾ ਕਰ ਤਿਆਰ, ਪੁਰਖ ਅਬਿਨਾਸ਼ੀ ਇਛਿਆ ਧਾਰ, ਆਪਣੀ ਭਿਛਿਆ ਝੋਲੀ ਪਾਇੰਦਾ। ਆਪਣੀ ਇਛਿਆ ਪੁਰਖ ਅਕਾਲ, ਆਪੇ ਆਪ ਪਰਗਟਾਈਆ। ਆਪੇ ਹੋਇਆ ਦੀਨ ਦਿਆਲ, ਆਪਣੀ ਦਇਆ ਆਪ ਕਮਾਈਆ। ਆਪੇ ਵਸਿਆ ਆਪਣੀ ਸਚ ਸਚੀ ਧਰਮਸਾਲ, ਸਚਖੰਡ ਬੈਠਾ ਆਸਣ ਲਾਈਆ। ਆਪੇ ਕਰੇ ਆਪਣੀ ਪ੍ਰਿਤਪਾਲ, ਪ੍ਰਿਤਪਾਲਕ ਬੇਪਰਵਾਹੀਆ। ਆਪ ਆਪਣਾ ਬਣੇ ਦਲਾਲ, ਆਪ ਆਪਣੀ ਬੂਝ ਬੁਝਾਈਆ। ਸਿਰ ਛਤਰ ਸੋਹੇ ਸਤ ਰੰਗ ਨਿਸ਼ਾਨ, ਦੂਜੀ ਵਸਤ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਗਣਤ ਗਣਾਈਆ। ਸਚਖੰਡ ਦਵਾਰਾ ਏਕੰਕਾਰਾ, ਨਿਰਗੁਣ ਨਿਰਗੁਣ ਆਪ ਸਮਾਇੰਦਾ। ਇਕ ਅਕੱਲਾ ਖੇਲ ਨਿਆਰਾ, ਦੂਜਾ ਕੋਇ ਨਾ ਜਾਣੇ ਪਾਰਾਵਾਰਾ, ਤੀਜੇ ਭੇਵ ਨਾ ਕੋਇ ਖੁਲਾਇੰਦਾ। ਚੌਥੇ ਰੂਪ ਅਗੰਮ ਅਪਾਰਾ, ਪੰਚਮ ਲਾਏ ਸਚ ਅਖਾੜਾ, ਆਪਣੀ ਧਾਰਾ ਆਪ ਬੰਧਾਇੰਦਾ। ਪਹਿਲੀ ਧਾਰ ਸੋ ਪੁਰਖ ਨਿਰੰਜਣ, ਆਪਣੀ ਵੰਡ ਵੰਡਾਈਆ। ਦੂਜੀ ਖੇਲ ਕਰੇ ਕਰਤਾਰ, ਦੋ ਦੋ ਮੇਲਾ ਸਹਿਜ ਸੁਭਾਈਆ। ਏਕੰਕਾਰਾ ਹੋ ਤਿਆਰ, ਆਪਣਾ ਰੂਪ ਆਪ ਪਰਗਟਾਈਆ। ਆਦਿ ਨਿਰੰਜਣ ਜੋਤ ਉਜਿਆਰ, ਅੰਦਰ ਵੜ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਪਾਵੇ ਸਾਰ, ਕਮਲਾਪਾਤੀ ਖੇਲ ਖਿਲਾਈਆ। ਪੰਚਮ ਸੋਹਿਣ ਇਕ ਦਵਾਰ, ਪੰਚਮ ਰੂਪ ਵਟਾਈਆ। ਅਧਵਿਚਕਾਰੇ ਚੜ ਨਿਰੰਕਾਰ, ਆਪਣਾ ਆਸਣ ਲਾਈਆ। ਉਚੀ ਕੂਕ ਕਰੇ ਪੁਕਾਰ, ਸੋ ਆਪਣਾ ਨਾਉਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਵੇਖੇ ਏਕਾ ਥਾਈਂਆ। ਪੰਚਮ ਰੂਪ ਅਪਾਰ, ਸੋ ਪੁਰਖ ਨਿਰੰਜਣ ਆਪ ਵਟਾਇਆ। ਹਰਿ ਪੁਰਖ ਨਿਰੰਜਣ ਖੇਲ ਅਪਾਰ, ਆਪ ਆਪਣਾ ਖੇਲ ਖਿਲਾਇਆ। ਏਕੰਕਾਰਾ ਹੋ ਤਿਆਰ, ਆਪਣੀ ਘਾੜਨ ਰਿਹਾ ਘੜਾਈਆ। ਆਦਿ ਨਿਰੰਜਣ ਕਰੇ ਸਚ ਪਿਆਰ, ਆਪ ਆਪਣਾ ਸੰਗ ਨਿਭਾਈਆ। ਸ੍ਰੀ ਭਗਵਾਨ ਏਕਾ ਧਾਰ, ਏਕਾ ਪਾਂਜਾ ਮੇਲ ਮਿਲਾਇਆ। ਦੋਹਾਂ ਵਿਚੋਲਾ ਆਪ ਕਰਤਾਰ, ਆਪੇ ਆਵੇ ਜਾਵੇ ਫੇਰਾ ਪਾਇਆ। ਪੰਚਮ ਮੇਲਾ ਸਚਖੰਡ, ਹਰਿ ਸਾਚਾ ਆਪ ਕਰਾਇੰਦਾ। ਆਪੇ ਕਰੇ ਆਪਣੀ ਵੰਡ, ਆਪੇ ਹੁਕਮ ਸੁਣਾਇੰਦਾ। ਆਪੇ ਦੇਵਣਹਾਰਾ ਗੰਢ, ਆਪੇ ਆਪਣੀ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਦਇਆ ਕਮਾਇੰਦਾ। ਪੰਚਮ ਘਰ ਪੰਚਮ ਮੇਲਾ ਪੰਚ ਪਰਧਾਨ, ਪੰਚਾਂ ਵੇਖ ਵਖਾਇੰਦਾ। ਪੰਚਮ ਦੇਵੇ ਆਪਣਾ ਦਾਨ, ਪੰਚਮ ਆਪੇ ਮੰਗ ਮੰਗਾਇੰਦਾ। ਪੰਚਮ ਬਣੇ ਆਪੇ ਕਾਹਨ, ਆਪ ਆਪਣੀ ਖੇਲ ਖਿਲਾਇੰਦਾ । ਪੰਚਮ ਬਖਸ਼ੇ ਇਕ ਧਿਆਨ, ਏਕਾ ਰੂਪ ਦਰਸਾਇੰਦਾ। ਪੰਚਮ ਕਰੇ ਇਕ ਪਹਿਚਾਨ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਜੋੜ ਜੁੜਾਇੰਦਾ। ਸੋ ਪੁਰਖ ਨਿਰੰਜਣ ਹਰਿ ਪੁਰਖ ਨਿਰੰਜਣ ਜੁੜਿਆ ਜੋੜ, ਕਰ ਕਿਰਪਾ ਆਪ ਜੁੜਾਇੰਦਾ। ਏਕੰਕਾਰਾ ਚੜ੍ਹਿਆ ਘੋੜ, ਆਪੇ ਵੇਖ ਵਖਾਇੰਦਾ। ਆਦਿ ਨਿਰੰਜਣ ਸ੍ਰੀ ਭਗਵਾਨ ਜਾਏ ਬੌਹੜ, ਸਗਲਾ ਸੰਗ ਆਪ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਏਕਾ ਡੋਰ ਬੰਧਾਇੰਦਾ। ਪੰਚਮ ਰੰਗ ਅਪਾਰ, ਪੰਚਮ ਜੋੜ ਜੁੜਾਈਆ। ਪੰਚਮ ਰੂਪ ਆਪ ਨਿਰੰਕਾਰ, ਨਿਰਗੁਣ ਨਿਰਗੁਣ ਵੇਖ ਵਖਾਈਆ। ਪੰਚਮ ਸ਼ਾਹ ਭੂਪ ਸਿਕਦਾਰ, ਪੰਚਮ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬਖ਼ਸ਼ੇ ਸਚ ਸਚੀ ਸ਼ਹਿਨਸ਼ਾਹੀਆ। ਪੰਚਮ ਸ਼ਾਹ ਸੁਲਤਾਨ, ਸਚਖੰਡ ਸਾਚੇ ਸੋਭਾ ਪਾਇੰਦਾ। ਪੰਚਮ ਹੋਇਆ ਆਪ ਮਿਹਰਵਾਨ, ਆਪ ਆਪਣੀ ਦਇਆ ਕਮਾਇੰਦਾ। ਪੰਚਮ ਵੇਖੇ ਸਤਿ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਪੰਚਮ ਵੇਖੇ ਮਾਰ ਧਿਆਨ, ਸੀਸ ਜਗਦੀਸ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪ ਪਰਗਟਾਇੰਦਾ। ਆਪਣੀ ਇਛਿਆ ਆਪੇ ਕਰ, ਆਪੇ ਖੇਲ ਖਿਲਾਈਆ। ਆਪਣੀ ਭਿਛਿਆ ਆਪੇ ਭਰ, ਆਪਣੀ ਵੰਡ ਵੰਡਾਈਆ। ਆਪਣਾ ਘਾੜਨ ਆਪੇ ਘੜ, ਆਪ ਆਪਣੀ ਰਚਨ ਰਚਾਈਆ। ਆਪਣਾ ਸੀਸ ਆਪਣੇ ਅੱਗੇ ਧਰ, ਆਪੇ ਵੇਖ ਵਖਾਈਆ। ਆਪੇ ਤਖਤ ਨਿਵਾਸੀ ਜਾਏ ਬਣ, ਸ਼ਾਹੋ ਸ਼ਾਬਾਸੀ ਬੇਪਰਵਾਹੀਆ। ਆਪੇ ਪੰਚਮ ਮੁਖ ਤਾਜ ਫੜ, ਨਿਰਗੁਣ ਆਪਣੇ ਸੀਸ ਟਿਕਾਈਆ। ਅਬਿਨਾਸ਼ੀ ਕਰਤਾ ਸਚਖੰਡ ਦਵਾਰੇ ਬੈਠਾ ਚੜ੍ਹ, ਆਪ ਆਪਣਾ ਹੁਕਮ ਚਲਾਈਆ। ਪਾਰਬ੍ਰਹਮ ਹਰਿ ਲਿਆ ਫੜ, ਦੇ ਮਤ ਰਿਹਾ ਸਮਝਾਈਆ। ਪੰਚਮ ਤਾਜ ਸੀਸ ਟਿਕਾਇਆ, ਹਰਿ ਜਗਦੀਸ ਵੱਡੀ ਵਡਿਆਈਆ। ਅਬਿਨਾਸ਼ੀ ਕਰਤਾ ਦਰ ਦਰਬਾਨ ਬਹਾਇਆ, ਦੇਵੇ ਹੁਕਮ ਸਿਫ਼ਤ ਸਲਾਹੀਆ। ਪਾਰਬ੍ਰਹਮ ਦਰ ਸਦ ਬਹਾਇਆ, ਧੁਰ ਫ਼ਰਮਾਣਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੰਚਮ ਮੁਖ ਭੇਵ ਖੁਲਾਈਆ। ਪੰਚਮ ਮੁਖ ਭੇਵ ਖੁਲੌਣਾ, ਹਰਿ ਤਾਜ ਵੱਡੀ ਵਡਿਆਈਆ। ਚਾਰ ਮੁਖ ਚਾਰ ਜੁਗ ਚਾਰ ਵੇਦ ਪਾਠ ਪੜ੍ਹੌਣਾ, ਚਾਰ ਵਰਨ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੁਖ ਆਪ ਵਡਿਆਈਆ। ਪੰਚਮ ਮੁਖ ਏਕੰਕਾਰ, ਆਪਣਾ ਘਰ ਵਖਾਇੰਦਾ। ਸੋ ਪੁਰਖ ਨਿਰੰਜਣ ਭਰ ਭੰਡਾਰ, ਹੰ ਬ੍ਰਹਮ ਵਿਚ ਸਮਾਇੰਦਾ। ਹੰ ਰੂਪ ਕਰ ਸਾਕਾਰ, ਵਿਸ਼ਨੂੰ ਆਪਣਾ ਖੇਲ ਖਿਲਾਇੰਦਾ। ਆਪੇ ਭਰੇ ਸਤਿ ਭੰਡਾਰ, ਆਪਣਾ ਕਵਲ ਰੂਪ ਵਟਾਇੰਦਾ। ਆਪੇ ਪੰਖੜੀ ਬਣ ਖਿਲੇ ਗੁਲਜ਼ਾਰ, ਸਚ ਬਹਾਰ ਆਪ ਜਣਾਇੰਦਾ। ਆਪੇ ਬ੍ਰਹਮ ਹੋਏ ਬਾਹਰ, ਹੰ ਆਪਣਾ ਨਾਉਂ ਰਖਾਇੰਦਾ। ਆਪੇ ਵਸਿਆ ਧੂਆਂਧਾਰ, ਸੁੰਨ ਅਗੰਮੀ ਡੇਰਾ ਲਾਇੰਦਾ। ਆਪੇ ਸ਼ੰਕਰ ਕਰ ਤਿਆਰ, ਸਾਖਯਾਤ ਰੂਪ ਦਰਸਾਇੰਦਾ। ਆਪੇ ਵਸੇ ਸਭ ਤੋਂ ਬਾਹਰ, ਸੋ ਪੁਰਖ ਨਿਰੰਜਣ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਆਪਣਾ ਰੂਪ ਵਟਾਇੰਦਾ। ਸੋ ਪੁਰਖ ਅਕਾਲ, ਹਰਿ ਵੱਡਾ ਵਡ ਵਡਿਆਈਆ। ਹੰ ਉਪਾਏ ਆਪਣੇ ਲਾਲ, ਬ੍ਰਹਮਾ ਵਿਸ਼ਨ ਸ਼ਿਵ ਵੱਜੀ ਵਧਾਈਆ। ਆਪੇ ਚਲੇ ਅਵਲੜੀ ਚਾਲ, ਚਾਲ ਨਿਰਾਲੀ ਇਕ ਰਖਾਈਆ। ਤ੍ਰੈਗੁਣ ਮਾਇਆ ਆਪ ਦਲਾਲ, ਆਪਣਾ ਵਣਜ ਆਪ ਵਖਾਈਆ। ਸਾਂਤਕ ਵਿਸ਼ਨੂੰ ਕਰੇ ਪ੍ਰਿਤਪਾਲ, ਸਤਿ ਸਤਿ ਸਤਿ ਬੁਝਾਈਆ। ਰਾਜਸ ਬ੍ਰਹਮੇ ਝੋਲੀ ਦੇਵੇ ਡਾਲ, ਦੇ ਮਤ ਇਕ ਸਮਝਾਈਆ। ਤਾਮਸ ਸ਼ੰਕਰ ਬੱਧਾ ਕਾਲ, ਸਾਚਾ ਸਗਨ ਮਨਾਈਆ। ਤਿੰਨਾ ਵਿਚੋਲਾ ਖੇਲ ਕਿਰਪਾਲ, ਕਰਨੀ ਕਰਤਾ ਕਿਰਤ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਮੁਖ ਸਾਚਾ ਤਾਜ, ਧੁਰਦਰਗਾਹੀ ਏਕਾ ਰਾਜ, ਆਦਿ ਜੁਗਾਦੀ ਕਰੇ ਕਾਜ, ਭੇਵ ਕੋਇ ਨਾ ਪਾਈਆ। ਚਾਰੇ ਮੁਖ ਹਰਿ ਭਗਵਾਨ, ਆਪਣੀ ਖੇਲ ਖਿਲਾਈਆ। ਬ੍ਰਹਮੇ ਦੇਵੇ ਏਕਾ ਦਾਨ, ਏਕਾ ਬੂਝ ਬੁਝਾਈਆ। ਚਾਰੋਂ ਕੁੰਟ ਜਗਤ ਗਿਆਨ, ਕਰੇ ਸਚ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਵੰਡ ਵੰਡਾਈਆ। ਚਾਰੇ ਯੁਗ ਵੰਡੀ ਵੰਡ, ਚਾਰੇ ਮੁਖ ਸਲਾਹਿੰਦਾ। ਲੇਖਾ ਜਾਣੇ ਉਤਭੁਜ ਸੇਤਜ ਜੇਰਜ ਅੰਡ, ਆਪ ਆਪਣਾ ਲੇਖ ਲਿਖਾਇੰਦਾ। ਆਪੇ ਸੁੱਤਾ ਰਹੇ ਦੇ ਕਰ ਕੰਡ, ਆਪ ਆਪਣਾ ਮੁਖ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਨਿਰਗੁਣ ਹਰਿ ਹਰਿ ਖੇਲ ਖਿਲਾਇਆ, ਸਚਖੰਡ ਨਿਵਾਸੀ ਸਚਖੰਡ ਦਵਾਰਾ ਇਕ ਸੁਹਾਇੰਦਾ। ਪੰਚਮ ਮੁਖ ਤਾਜ ਉਪਾਇਆ, ਪੁਰਖ ਅਬਿਨਾਸ਼ੀ ਭੇਵ ਨਾ ਆਇੰਦਾ। ਚਾਰ ਮੁਖ ਜਗਤ ਜਗਾਇਆ, ਚਾਰ ਖਾਣੀ ਲੇਖ ਲਿਖਾਇੰਦਾ। ਪੰਚਮ ਬਹਿ ਬਹਿ ਆਪਣਾ ਆਸਣ ਲਾਇਆ, ਆਪ ਆਪਣੀ ਕਲ ਵਰਤਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਸੇਵ ਕਮਾਇਆ, ਧੁਰ ਫੁਰਮਾਨਾ ਆਪ ਜਣਾਇੰਦਾ। ਸਾਚਾ ਰਾਣਾ ਆਪ ਹੋ ਜਾਇਆ, ਲਖ ਚੁਰਾਸੀ ਰੱਯਤ ਇਕ ਵਖਾਇੰਦਾ। ਧੁਰ ਦਾ ਗਾਣਾ ਆਪ ਸੁਣਾਇਆ, ਆਪ ਆਪਣਾ ਨਾਉਂ ਉਪਜਾਇੰਦਾ। ਆਪਣਾ ਬਾਣਾ ਆਪ ਉਠਾਇਆ, ਦਿਸ ਕਿਸੇ ਨਾ ਆਇੰਦਾ। ਆਪਣੀ ਕੁੱਖੋਂ ਆਪਣਾ ਆਪ ਆਪੇ ਜਾਇਆ, ਮਾਤ ਪਿਤ ਨਾ ਕੋਇ ਬਣਾਇੰਦਾ। ਲੱਖ ਚੁਰਾਸੀ ਤੇਰਾ ਦਾਈ ਦਾਇਆ, ਪੁਰਖ ਅਕਾਲ ਇਕ ਅਖਵਾਇੰਦਾ। ਤ੍ਰੈਗੁਣ ਮਾਇਆ ਰੱਖੀ ਛਾਇਆ, ਲੱਖ ਚੁਰਾਸੀ ਪੜਦਾ ਪਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਜੁਗ ਆਪਣਾ ਭੇਵ ਖੁਲਾਇਆ, ਗੁਰ ਪੀਰ ਅਵਤਾਰ ਸਾਧ ਸੰਤ ਮਾਤ ਘਲਾਇੰਦਾ। ਆਪਣੇ ਭਾਣੇ ਸਰਬ ਰਖਾਇਆ, ਹੁਕਮੀ ਹੁਕਮ ਆਪ ਚਲਾਇੰਦਾ। ਨਿਉਂ ਨਿਉਂ ਸੀਸ ਰਹੇ ਝੁਕਾਇਆ, ਪੰਜ ਤਤ ਚੋਲਾ ਜੋ ਹੰਢਾਇੰਦਾ। ਸ਼ਬਦ ਅਨਾਦੀ ਵਿਚ ਟਿਕਾਇਆ, ਗੁਰ ਗੁਰ ਦੇ ਬੁਝਾਇੰਦਾ। ਆਪਣਾ ਆਪ ਹਰਿ ਆਪਣੇ ਧਾਮ ਵਸਾਇਆ, ਲੇਖਾ ਲੇਖ ਨਾ ਕੋਇ ਵਖਾਇੰਦਾ। ਨੌ ਸਤ ਨਾ ਕਲ ਕੋਇ ਵੰਡ ਵੰਡਾਇਆ, ਅਕਲ ਕਲ ਧਾਰੀ ਆਪ ਹੋ ਜਾਇੰਦਾ। ਸਤਿਜੁਗ ਤਰੇਤਾ ਦੁਆਪਰ ਵੇਖ ਵਖਾਇਆ, ਕਲਜੁਗ ਅੰਤਮ ਭੇਵ ਚੁਕਾਇੰਦਾ। ਨਿਰਗੁਣ ਰੂਪ ਨਿਹਕਲੰਕ ਜਾਮਾ ਪਾਇਆ, ਜਾਗਰਤ ਜੋਤ ਇਕ ਜਗਾਇੰਦਾ। ਤੁਰੀਆ ਰਾਗ ਇਕ ਸੁਣਾਇਆ, ਸੁਫਨ ਸਖੋਪਤ ਜਾਗਰਤ ਨਾ ਕੋਇ ਮਨਾਇੰਦਾ। ਆਪਣਾ ਭੇਵ ਆਪ ਖੁਲਾਇਆ, ਗੁਰ ਪੀਰ ਅਵਤਾਰ ਬੇਅੰਤ ਬੇਅੰਤ ਬੇਅੰਤ ਕਹਿ ਕਹਿ ਸੀਸ ਸਰਬ ਨਿਵਾਇੰਦਾ। ਸਚਖੰਡ ਦਵਾਰਾ ਲੋਕਮਾਤ ਵਖਾਇਆ, ਸੋਲਾਂ ਕਲਾ ਪੰਧ ਮੁਕਾਇੰਦਾ। ਸੰਮਤ ਸੋਲਾਂ ਚੜ੍ਹ ਕੇ ਆਇਆ, ਗੜ੍ਹ ਹੰਕਾਰੀ ਆਪ ਤੁੜਾਇੰਦਾ। ਧੁਰ ਦਰਬਾਨਾ ਸਤ ਰੰਗ ਨਿਸ਼ਾਨਾ ਫੜ ਕੇ ਆਇਆ, ਲੋਕਮਾਤ ਆਪ ਚੜ੍ਹਾਇੰਦਾ। ਸੋਹੰ ਅੱਖਰ ਏਕਾ ਪੜ੍ਹ ਕੇ ਆਇਆ, ਲੱਖ ਚੁਰਾਸੀ ਆਪ ਪੜ੍ਹਾਇੰਦਾ। ਆਪਣੀ ਜੋਤੀ ਆਪੇ ਸੜ ਕੇ ਆਇਆ, ਤ੍ਰੈਗੁਣ ਮਾਇਆ ਨਾ ਅਗਨ ਲਗਾਇੰਦਾ। ਸਚਖੰਡ ਨਿਵਾਸੀ ਸਚਖੰਡ ਦਵਾਰੇ ਵੜ ਕੇ ਆਇਆ, ਆਪ ਆਪਣਾ ਬੰਕ ਖੁਲਾਇੰਦਾ। ਆਪਣਾ ਭਾਣਾ ਆਪਣੇ ਹੱਥ ਤੇ ਧਰ ਕੇ ਆਇਆ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਆਪਣਾ ਖੰਡਾ ਆਪੇ ਫੜ ਕੇ ਆਇਆ, ਤਿਖੀ ਧਾਰ ਨਾ ਕੋਇ ਵਖਾਇੰਦਾ। ਪੰਚਮ ਮੁਖ ਤਾਜ ਸੀਸ ਆਪਣੇ ਧਰ ਕੇ ਆਇਆ, ਲੋਕਮਾਤ ਆਪ ਉਪਜਾਇੰਦਾ। ਸਾਢੇ ਤਿੰਨ ਹੱਥ ਸਿੰਘਾਸਣ ਉਪਰ ਚੜ੍ਹ ਕੇ ਆਇਆ, ਪੁਰਖ ਅਕਾਲ ਵੇਸ ਵਟਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਰਾਹ ਵਿਚ ਆਪੇ ਫੜ ਕੇ ਆਇਆ, ਆਪ ਆਪਣਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਇੰਦਾ। ਨਿਰਗੁਣ ਘੜਿਆ ਪੰਚਮ ਮੁਖ ਤਾਜ, ਆਦਿ ਆਦਿ ਹਰਿ ਵਡਿਆਈਆ। ਧੁਰ ਦਰਗਾਹੀ ਸੱਚਾ ਰਾਜ, ਹਰਿ ਕਰੇ ਸਚ ਸ਼ਹਿਨਸ਼ਾਹੀਆ। ਕਲਜੁਗ ਅੰਤਮ ਰਚਿਆ ਕਾਜ, ਨੌ ਨੌ ਚਾਰ ਦਏ ਗਵਾਹੀਆ। ਆਪਣੀ ਸ਼ਬਦ ਅਗੰਮੀ ਮਾਰ ਵਾਜ, ਆਪ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵਕਤ ਸੁਹਾਈਆ। ਵਕਤ ਸੁਹਾਵਣਾ ਪੁਰਖ ਅਕਾਲ, ਲੋਕਮਾਤ ਵੱਜੀ ਵਧਾਈਆ। ਹਰਿਜਨ ਸਾਚੇ ਵੇਖੇ ਲਾਲ, ਦੀਨ ਦਿਆਲ ਦਇਆ ਕਮਾਈਆ। ਚਰਨ ਚੁੰਮੇ ਕਾਲ ਮਹਾਂਕਾਲ, ਦਰ ਬੈਠਨ ਸੀਸ ਨਿਵਾਈਆ। ਬ੍ਰਹਮਾ ਵਿਸ਼ਨ ਸ਼ਿਵ ਹੋਇਣ ਬੇਹਾਲ, ਨੇਤਰ ਰੋ ਰੋ ਨੀਰ ਵਹਾਈਆ। ਕਰੋੜ ਤੇਤੀਸ ਨਾ ਮਿਲੇ ਕੋਈ ਦਲਾਲ, ਬੇੜਾ ਪਾਰ ਨਾ ਕੋਇ ਕਰਾਈਆ। ਪੁਰਖ ਅਬਿਨਾਸ਼ੀ ਚਲੀ ਅਵਲੜੀ ਚਾਲ, ਵੇਦ ਕਤੇਬ ਭੇਵ ਨਾ ਰਾਈਆ। ਕੋਟਨ ਕੋਟ ਸਾਧ ਸੰਤ ਘਾਲਣਾ ਗਏ ਘਾਲ, ਲੇਖਾ ਲਿਖ ਨਾ ਸਕੇ ਰਾਈਆ। ਨਾਨਕ ਕਬੀਰੇ ਲਿਆ ਭਾਲ, ਸਚਖੰਡ ਵੱਜੀ ਵਧਾਈਆ। ਕਲਜੁਗ ਅੰਤਮ ਖੇਲ ਨਿਰਾਲ, ਪੁਰਖ ਅਬਿਨਾਸ਼ੀ ਆਪ ਕਰਾਈਆ। ਪਹਿਲੋਂ ਫੜਿਆ ਸਿੰਘ ਪਾਲ, ਆਪ ਆਪਣੇ ਅੰਗ ਲਗਾਈਆ। ਦੂਜੇ ਵਜਾਇਆ ਸਾਚਾ ਤਾਲ, ਪੂਤ ਸਪੂਤਾ ਵੇਖ ਵਖਾਈਆ। ਪੁਤ ਪੋਤਰੇ ਦੇਵੇ ਸੱਚਾ ਧੰਨ ਮਾਲ, ਨਾਮ ਖਜਾਨਾ ਇਕ ਵਖਾਈਆ। ਲਗੇ ਫਲ ਸਚੇ ਡਾਲ, ਲੋਕਮਾਤ ਆਪ ਮਹਿਕਾਈਆ। ਗੋਬਿੰਦ ਤੇਰੀ ਕਾਇਆ ਮਾਟੀ ਖਾਲ, ਕਾਇਆ ਉਡਦੀ ਦਿਸੇ ਸ਼ਾਹੀਆ। ਤੇਰਾ ਹੋਇਆ ਨਾ ਵਿੰਗਾ ਵਾਲ, ਘੋੜੇ ਚੜ੍ਹਿਆ ਸਾਚਾ ਮਾਹੀਆ। ਪੁਰਖ ਅਬਿਨਾਸ਼ੀ ਲਏ ਭਾਲ, ਲੋਆਂ ਪੁਰੀਆਂ ਵੇਖ ਵਖਾਈਆ। ਦੁਸ਼ਟ ਦਮਨ ਘਾਲੀ ਘਾਲ, ਸਪਤ ਸਰਿੰਗ ਹੇਮ ਕੁੰਟ ਫੋਲ ਫੁਲਾਈਆ। ਸਤ ਰੰਗ ਨਿਸ਼ਾਨਾ ਤੇਰੇ ਹੱਥ ਫੜਾਏ ਦੀਨ ਦਿਆਲ, ਲੋਕਮਾਤ ਦਏ ਚੜ੍ਹਾਈਆ। ਏਕਾ ਰੰਗ ਰੰਗਾਏ ਸ਼ਾਹ ਕੰਗਾਲ, ਰਾਜ ਜੋਗ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਅਗਲਾ ਲੇਖਾ ਆਪਣਾ ਬੰਦ ਰਖਾਈਆ।