Granth 09 Likhat 048: 17 Faggan 2016 Bikarmi Bhagat Singh de Ghar Itarsi

੧੭ ਫੱਗਣ ੨੦੧੬ ਬਿਕ੍ਰਮੀ ਭਗਤ ਸਿੰਘ ਦੇ ਗ੍ਰਹਿ ਅਟਾਰਸੀ

ਸੋ ਪੁਰਖ ਨਿਰੰਜਣ ਨਿਰਾਕਾਰ, ਨਿਰਵੈਰ ਨਾਉਂ ਧਰਾਈਆ। ਹਰਿ ਪੁਰਖ ਨਿਰੰਜਣ ਅਗੰਮ ਅਪਾਰ, ਅਲਖ ਅਗੋਚਰ ਭੇਵ ਨਾ ਰਾਈਆ। ਏਕੰਕਾਰਾ ਖੇਲ ਨਿਆਰ, ਰੂਪ ਰੇਖ ਨਾ ਕੋਇ ਵਖਾਈਆ। ਆਦਿ ਨਿਰੰਜਣ ਜੋਤ ਉਜਿਆਰ, ਦੀਪਕ ਦੀਪਕ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਸਿਰਜਣਹਾਰ, ਆਪ ਆਪਣਾ ਮੇਲ ਮਿਲਾਈਆ। ਅਬਿਨਾਸ਼ੀ ਕਰਤਾ ਮੀਤ ਮੁਰਾਰ, ਸਗਲਾ ਸੰਗ ਆਪ ਰਖਾਈਆ। ਪਾਰਬ੍ਰਹਮ ਪ੍ਰਭ ਕਰ ਪਸਾਰ, ਨਿਰਗੁਣ ਨਿਰਗੁਣ ਵੇਖ ਵਖਾਈਆ। ਸਚਖੰਡ ਦਵਾਰਾ ਸਚ ਉਸਾਰ, ਘਰ ਸਾਚੇ ਸੋਭਾ ਪਾਈਆ। ਘਰ ਵਿਚ ਘਰ ਕਰ ਤਿਆਰ, ਥਿਰ ਘਰ ਆਪਣਾ ਬੰਕ ਵਖਾਈਆ । ਸਚ ਸਿੰਘਾਸਣ ਸ਼ਾਹ ਸਿਕਦਾਰ, ਨਰ ਨਰਾਇਣ ਆਸਣ ਲਾਈਆ। ਨਿਰਮਲ ਜੂਨੀ ਰਹਿਤ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਬੇਐਬ ਖ਼ੁਦਾਈ ਪਰਵਰਦਿਗਾਰ, ਪਰਮ ਪੁਰਖ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਜੋਤ ਰੁਸ਼ਨਾਈਆ। ਸੋ ਪੁਰਖ ਨਿਰੰਜਣ ਸਚ ਮਹੱਲਾ, ਹਰਿ ਸੱਚਾ ਆਪ ਵਸਾਇੰਦਾ। ਹਰਿ ਪੁਰਖ ਨਿਰੰਜਣ ਇਕ ਅਕੱਲਾ, ਏਕੰਕਾਰਾ ਡੇਰਾ ਲਾਇੰਦਾ। ਆਦਿ ਨਿਰੰਜਣ ਦੀਪਕ ਬਲਾ, ਅਗਿਆਨ ਅੰਧੇਰ ਨਾ ਕੋਇ ਵਖਾਇੰਦਾ। ਅਬਿਨਾਸ਼ੀ ਕਰਤਾ ਆਪੇ ਜਾਣੇ ਆਪਣਾ ਵਲ ਛੱਲਾ, ਅਛਲ ਅਛੱਲ ਖੇਲ ਖਿਲਾਇੰਦਾ। ਸ੍ਰੀ ਭਗਵਾਨ ਸਚ ਸਿੰਘਾਸਣ ਆਸਣ ਮੱਲਾ, ਤਖ਼ਤ ਨਿਵਾਸੀ ਡੇਰਾ ਲਾਇੰਦਾ। ਪਾਰਬ੍ਰਹਮ ਆਪਣੀ ਸ਼ਕਤੀ ਆਪੇ ਰਲਾ, ਅਜੂਨੀ ਰਹਿਤ ਦਿਸ ਨਾ ਆਇੰਦਾ। ਸਚਖੰਡ ਦਵਾਰਾ ਨੇਹਚਲ ਧਾਮ ਅਟੱਲਾ, ਚਾਰ ਦੀਵਾਰ ਛੱਪਰ ਛੰਨ ਨਾ ਕੋਇ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰੂਪ ਅਨੂਪ ਸਤਿ ਸਰੂਪ, ਸਤਿ ਸੁਲਤਾਨਾ ਆਪ ਅਖਵਾਇੰਦਾ। ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨਾ, ਦੂਸਰ ਸੰਗ ਨਾ ਕੋਇ ਰਖਾਈਆ। ਹਰਿ ਪੁਰਖ ਨਿਰੰਜਣਾ ਨੌਜਵਾਨਾ, ਨਾ ਮਰੇ ਨਾ ਜਾਈਆ। ਏਕੰਕਾਰਾ ਵਡ ਬਲਵਾਨਾ, ਬਲਧਾਰੀ ਭੇਵ ਨਾ ਰਾਈਆ। ਆਦਿ ਨਿਰੰਜਣ ਜੋਤ ਮਹਾਨਾ, ਆਦਿ ਜੁਗਾਦਿ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਨਿਗਾਹਬਾਨਾ, ਲੋਚਣ ਨੈਣ ਨਾ ਕੋਇ ਵਖਾਈਆ। ਸ੍ਰੀ ਭਗਵਾਨ ਸਚ ਤਰਾਨਾ, ਰਾਗ ਅਨਾਦੀ ਆਪੇ ਗਾਈਆ। ਪੁਰਖ ਅਬਿਨਾਸ਼ੀ ਵਾਲੀ ਦੋ ਜਹਾਨਾ, ਰੰਗ ਰੰਗੀਲਾ ਮੋਹਣ ਮਾਧਵ ਸਾਚਾ ਮਾਹੀਆ। ਪਾਰਬ੍ਰਹਮ ਧੁਰ ਫ਼ੁਰਮਾਨਾ, ਆਪ ਆਪਣਾ ਹੁਕਮ ਸੁਣਾਈਆ। ਸਚਖੰਡ ਦਵਾਰਾ ਵਸੇ ਸਚ ਮਕਾਨਾ, ਥਿਰ ਘਰ ਬੈਠਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਨਭਵ ਪ੍ਰਕਾਸ਼ ਆਪ ਕਰਾਈਆ। ਸੋ ਪੁਰਖ ਨਿਰੰਜਣ ਸੁਤੇ ਪ੍ਰਕਾਸ਼, ਹਰਿ ਪੁਰਖ ਨਿਰੰਜਣ ਆਪ ਕਰਾਇੰਦਾ। ਏਕੰਕਾਰਾ ਪਾਏ ਰਾਸ, ਆਦਿ ਨਿਰੰਜਣ ਵੇਖ ਵਖਾਇੰਦਾ। ਸ੍ਰੀ ਭਗਵਾਨ ਸਰਬ ਗੁਣਤਾਸ, ਪੁਰਖ ਅਬਿਨਾਸ਼ੀ ਖੇਲ ਖਿਲਾਇੰਦਾ। ਪਾਰਬ੍ਰਹਮ ਸਦ ਵਸੇ ਪਾਸ, ਵਾਸ ਨਿਵਾਸਾ ਆਪ ਹੋ ਜਾਇੰਦਾ। ਸਚਖੰਡ ਦਵਾਰ ਸਾਚੀ ਰਾਸ, ਮੰਡਲ ਮੰਡਪ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਵਖਾਇੰਦਾ। ਸੋ ਪੁਰਖ ਨਿਰੰਜਣ ਹਰਿ ਭਗਵੰਤ, ਆਦਿ ਜੁਗਾਦਿ ਭੇਵ ਨਾ ਆਇੰਦਾ। ਹਰਿ ਪੁਰਖ ਨਿਰੰਜਣ ਸਾਚਾ ਕੰਤ, ਏਕੰਕਾਰਾ ਵੇਸ ਵਟਾਇੰਦਾ। ਆਦਿ ਨਿਰੰਜਣ ਮਹਿਮਾ ਅਗਣਤ, ਲੇਖਾ ਲੇਖ ਨਾ ਕੋਇ ਰਖਾਇੰਦਾ। ਅਬਿਨਾਸ਼ੀ ਕਰਤਾ ਜੁਗਾ ਜੁਗੰਤ, ਜੁਗ ਜੁਗ ਆਪਣੀ ਧਾਰ ਚਲਾਇੰਦਾ। ਸ੍ਰੀ ਭਗਵਾਨ ਲੇਖਾ ਜਾਣੇ ਆਦਿ ਅੰਤ, ਮਧ ਆਪਣਾ ਰੂਪ ਵਟਾਇੰਦਾ। ਪਾਰਬ੍ਰਹਮ ਪ੍ਰਭ ਨਾਰੀ ਕੰਤ, ਦਰ ਘਰ ਸਾਚਾ ਆਪ ਸੁਹਾਇੰਦਾ। ਸਚਖੰਡ ਦਵਾਰਾ ਸੋਭਾਵੰਤ, ਸਚ ਸੁਹੰਜਣੀ ਸੇਜ ਸੁਹਾਇੰਦਾ। ਥਿਰ ਘਰ ਵਾਸੀ ਨਾਰੀ ਕੰਤ, ਕੰਤ ਕੰਤੂਹਲਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਸੋ ਪੁਰਖ ਨਿਰੰਜਣ ਨਿਰਗੁਣ ਧਾਰ, ਹਰਿ ਪੁਰਖ ਨਿਰੰਜਣ ਆਪ ਚਲਾਈਆ। ਏਕੰਕਾਰਾ ਖੇਲ ਅਪਾਰ, ਅਕਲ ਕਲ ਧਾਰੀ ਦਿਸ ਨਾ ਆਈਆ। ਆਦਿ ਨਿਰੰਜਣ ਸਚ ਸਿਕਦਾਰ, ਸ੍ਰੀ ਭਗਵਾਨ ਸੇਵ ਕਮਾਈਆ। ਅਬਿਨਾਸ਼ੀ ਕਰਤਾ ਚੋਬਦਾਰ, ਦਿਵਸ ਰੈਣ ਸੇਵ ਕਮਾਈਆ। ਪਾਰਬ੍ਰਹਮ ਦਏ ਹੁਲਾਰ, ਆਪ ਆਪਣੀ ਲਏ ਅੰਗੜਾਈਆ। ਸਚਖੰਡ ਦਵਾਰਾ ਖੋਲ੍ਹ ਕਿਵਾੜ, ਥਿਰ ਘਰ ਸਾਚਾ ਵੇਖ ਵਖਾਈਆ। ਸਾਚੇ ਮੰਦਰ ਸਚ ਅਖਾੜ, ਅਬਿਨਾਸ਼ੀ ਕਰਤਾ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਦਏ ਵਡਿਆਈਆ। ਸੋ ਪੁਰਖ ਨਿਰੰਜਣ ਹਰਿ ਵਡਿਆਈ, ਹਰਿ ਸਾਚਾ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਬੇਪਰਵਾਹੀ, ਬੇਪਰਵਾਹ ਨਾਉਂ ਰਖਾਇੰਦਾ। ਏਕੰਕਾਰਾ ਥਾਉਂ ਥਾਂਈ, ਥਾਨ ਥਨੰਤਰ ਆਪ ਸੁਹਾਇੰਦਾ। ਆਦਿ ਨਿਰੰਜਣ ਆਪ ਆਪਣੀ ਪਕੜੇ ਬਾਂਹੀਂ, ਆਪ ਆਪਣਾ ਬਲ ਵਖਾਇੰਦਾ। ਸ੍ਰੀ ਭਗਵਾਨ ਚਾਈਂ ਚਾਈਂ, ਅਬਿਨਾਸ਼ੀ ਕਰਤਾ ਅੰਗ ਲਗਾਇੰਦਾ। ਪਾਰਬ੍ਰਹਮ ਵਸੇ ਏਕਾ ਥਾਈਂ, ਸਚਖੰਡ ਦਵਾਰਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸੁਹੰਜਣਾ ਏਕੰਕਾਰ, ਆਦਿ ਨਿਰੰਜਣ ਖੇਲ ਨਿਆਰ, ਨਿਰਗੁਣ ਆਪਣਾ ਵੇਸ ਧਰਾਇੰਦਾ। ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ, ਭੇਵ ਕੋਇ ਨਾ ਪਾਇੰਦਾ। ਨਿਰਗੁਣ ਜਾਣੇ ਨਿਰਗੁਣ ਰਾਸਾ, ਨਿਰਗੁਣ ਵੇਖ ਵਖਾਇੰਦਾ। ਨਿਰਗੁਣ ਪੂਰੀ ਕਰੇ ਆਸਾ, ਨਿਰਗੁਣ ਭਿਛਿਆ ਝੋਲੀ ਪਾਇੰਦਾ। ਨਿਰਗੁਣ ਅੰਦਰ ਨਿਰਗੁਣ ਵਾਸਾ, ਨਿਰਗੁਣ ਨਿਰਗੁਣ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਜੂਨੀ ਰਹਿਤ ਭੇਵ ਨਾ ਆਇੰਦਾ। ਅਜੂਨੀ ਰਹਿਤ ਪੁਰਖ ਅਕਾਲਾ, ਏਕਾ ਰੰਗ ਸਮਾਇਆ। ਸੋ ਪੁਰਖ ਨਿਰੰਜਣ ਦੀਨ ਦਿਆਲਾ, ਹਰਿ ਪੁਰਖ ਨਿਰੰਜਣ ਵਡ ਵਡਿਆਇਆ। ਏਕੰਕਾਰਾ ਬਣ ਦਲਾਲਾ, ਘਰ ਸਾਚੇ ਵੇਸ ਵਟਾਇਆ। ਆਦਿ ਨਿਰੰਜਣ ਜੋਤ ਜਲਾਲਾ, ਜਲਵਾ ਨੂਰ ਆਪ ਵਖਾਇਆ। ਸ੍ਰੀ ਭਗਵਾਨ ਵਸੇ ਸਚ ਸਚੀ ਧਰਮਸਾਲਾ, ਸਚ ਸਿੰਘਾਸਣ ਸੋਭਾ ਪਾਇਆ। ਅਬਿਨਾਸ਼ੀ ਕਰਤਾ ਆਪ ਬਣਾਏ ਕਾਲ ਮਹਾਂਕਾਲਾ, ਆਪ ਆਪਣਾ ਹੁਕਮ ਚਲਾਇਆ। ਪਾਰਬ੍ਰਹਮ ਪ੍ਰਭ ਬਣ ਰਖਵਾਲਾ, ਆਦਿ ਜੁਗਾਦੀ ਵੇਖ ਵਖਾਇਆ। ਆਪੇ ਚਲੇ ਅਵਲੜੀ ਚਾਲਾ, ਨਿਰਗੁਣ ਨਿਰਗੁਣ ਦਏ ਸਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਵਖਾਇਆ। ਘਰ ਸਾਚਾ ਸਚਖੰਡ ਦਵਾਰ, ਸੋ ਪੁਰਖ ਨਿਰੰਜਣ ਆਪ ਉਪਾਈਆ। ਹਰਿ ਪੁਰਖ ਨਿਰੰਜਣ ਕਰ ਤਿਆਰ, ਏਕੰਕਾਰਾ ਦਏ ਵਖਾਈਆ। ਆਦਿ ਨਿਰੰਜਣ ਦੀਪਕ ਦੀਆ ਕਰ ਉਜਿਆਰ, ਏਕਾ ਏਕ ਡਗਮਗਾਈਆ। ਅਬਿਨਾਸ਼ੀ ਕਰਤਾ ਖੇਲ ਅਪਾਰ, ਦਿਵਸ ਰੈਣ ਵੇਖ ਵਖਾਈਆ। ਸ੍ਰੀ ਭਗਵਾਨ ਸਾਂਝਾ ਯਾਰ, ਘਰ ਸਾਚੇ ਸੋਭਾ ਪਾਈਆ। ਪਾਰਬ੍ਰਹਮ ਕਰੇ ਨਿਮਸਕਾਰ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਤਖ਼ਤ ਸਚ ਸੁਲਤਾਨ, ਆਪੇ ਬੈਠ ਸ੍ਰੀ ਭਗਵਾਨ, ਆਪਣਾ ਹੁਕਮ ਆਪ ਸੁਣਾਈਆ। ਸਚ ਤਖ਼ਤ ਸਚਖੰਡ ਨਿਵਾਸਾ, ਹਰਿ ਸਾਚਾ ਆਪ ਕਰਾਇੰਦਾ। ਆਪਣੇ ਚਰਨ ਰੱਖ ਭਰਵਾਸਾ, ਆਪਣੀ ਓਟ ਆਪ ਤਕਾਇੰਦਾ। ਆਪਣੀ ਪੂਰੀ ਕਰੇ ਆਸਾ, ਆਪਣੀ ਭਿਛਿਆ ਆਪੇ ਪਾਇੰਦਾ। ਆਪਣਾ ਕਾਰਜ ਆਪੇ ਕਰੇ ਰਾਸਾ, ਆਪ ਆਪਣੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਰਾਜ ਰਾਜਾਨ, ਆਪੇ ਬਣੇ ਦਰ ਦਰਬਾਨ, ਆਪਣਾ ਖੇਲ ਆਪ ਖਲਾਇੰਦਾ। ਸਚਖੰਡ ਦਵਾਰੇ ਸਾਚੇ ਤਖ਼ਤ ਹਰਿ ਸਾਚਾ ਚੜ੍ਹ, ਸਚ ਸਿੰਘਾਸਣ ਸੋਭਾ ਪਾਇੰਦਾ। ਆਪਣਾ ਅੱਖਰ ਆਪੇ ਪੜ੍ਹ, ਆਪ ਆਪਣਾ ਹੁਕਮ ਸੁਣਾਇੰਦਾ। ਆਪਣੇ ਅੱਗੇ ਆਪੇ ਖੜ, ਆਪੇ ਨਿਉਂ ਨਿਉਂ ਸੀਸ ਝੁਕਾਇੰਦਾ। ਆਪਣਾ ਘਾੜਨ ਆਪੇ ਘੜ, ਆਪੇ ਵੇਖ ਵਖਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਤਤਵ ਤਤ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਇਕ ਵਡਿਆਇੰਦਾ। ਸਚਖੰਡ ਦਵਾਰੇ ਸਾਚਾ ਭੂਪ, ਹਰਿ ਸਜੱਣ ਸ਼ਾਹ ਅਖਵਾਇੰਦਾ। ਨਾ ਕੋਈ ਰੰਗ ਨਾ ਕੋਈ ਰੂਪ, ਲੇਖਾ ਲੇਖ ਨਾ ਕੋਇ ਵਖਾਇੰਦਾ। ਨਾ ਕੋਈ ਤਾਣਾ ਪੇਟਾ ਦਿਸੇ ਸੂਤ, ਰੰਗਣ ਰੰਗ ਨਾ ਕੋਇ ਚੜ੍ਹਾਇੰਦਾ। ਨਾ ਕੋਈ ਮਾਤ ਪਿਤ ਦਿਸੇ ਪੂਤ, ਗੋਦੀ ਗੋਦ ਨਾ ਕੋਇ ਸੁਹਾਇੰਦਾ। ਨਾ ਕੋਈ ਸਾਲ ਬਰਖ ਮਹੀਨਾ ਦਿਸੇ ਰੁੱਤ, ਬਸੰਤ ਬਹਾਰ ਨਾ ਕੋਇ ਜਣਾਇੰਦਾ। ਤ੍ਰੈਗੁਣ ਮਾਇਆ ਪੰਜ ਤਤ ਨਾ ਦਿਸੇ ਬੁੱਤ, ਪਵਣ ਸਵਾਸ ਨਾ ਕੋਇ ਚਲਾਇੰਦਾ। ਏਕੰਕਾਰਾ ਅਬਿਨਾਸ਼ੀ ਅਚੁੱਤ, ਸਚਖੰਡ ਦਵਾਰਾ ਆਪ ਸੁਹਾਇੰਦਾ। ਆਪ ਉਪਜਾਏ ਆਪਣਾ ਸੁਤ, ਹਰਿ ਸ਼ਬਦੀ ਨਾਉਂ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੁਤ ਦੁਲਾਰਾ ਕਰ ਤਿਆਰ, ਹੁਕਮ ਸੁਣਾਏ ਹਰਿ ਨਿਰੰਕਾਰ, ਹੁਕਮੀ ਹੁਕਮ ਆਪ ਚਲਾਇੰਦਾ। ਸਾਚਾ ਹੁਕਮ ਧੁਰ ਫ਼ੁਰਮਾਨਾ, ਹਰਿ ਸੱਚਾ ਆਪ ਜਣਾਈਆ। ਤਖ਼ਤ ਨਿਵਾਸੀ ਏਕਾ ਰਾਣਾ, ਏਕੰਕਾਰਾ ਦਏ ਸਲਾਹੀਆ। ਆਦਿ ਜੁਗਾਦੀ ਏਕਾ ਭਾਣਾ, ਹਰਿ ਭਾਣਾ ਵਡ ਵਡਿਆਈਆ। ਏਕਾ ਪੇਟਾ ਏਕਾ ਤਾਣਾ, ਆਪ ਆਪਣਾ ਮੇਲ ਮਿਲਾਈਆ। ਏਕਾ ਰਾਗ ਏਕਾ ਗਾਨਾ, ਏਕਾ ਨਾਦ ਵਜਾਈਆ। ਏਕਾ ਪੀਣਾ ਏਕਾ ਖਾਣਾ, ਏਕਾ ਬੂਝ ਬੁਝਾਈਆ। ਏਕਾ ਘਰ ਇਕ ਮਕਾਨਾ, ਏਕਾ ਮੇਲਾ ਬੇਪਰਵਾਹੀਆ। ਏਕਾ ਮਾਣ ਇਕ ਅਭਿਮਾਨਾ, ਏਕਾ ਏਕ ਰੂਪ ਦਰਸਾਈਆ। ਏਕਾ ਪੁਰਖ ਇਕ ਸੁਲਤਾਨਾ, ਏਕਾ ਜੋਗ ਜੁਗਤ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪ ਆਪਣਾ ਭੇਵ ਖੁਲਾਈਆ। ਸ਼ਬਦ ਸੁਤ ਉਠ ਬਲਧਾਰ, ਸੋ ਪੁਰਖ ਨਿਰੰਜਣ ਆਪ ਜਗਾਇੰਦਾ। ਹਰਿ ਪੁਰਖ ਨਿਰੰਜਣ ਕਰ ਪਿਆਰ, ਸਿਰ ਆਪਣਾ ਹੱਥ ਰਖਾਇੰਦਾ। ਏਕੰਕਾਰਾ ਦਏ ਆਧਾਰ, ਆਪ ਆਪਣਾ ਮੇਲ ਮਿਲਾਇੰਦਾ। ਆਦਿ ਨਿਰੰਜਣ ਖਬਰਦਾਰ, ਜੋਤ ਨਿਰੰਜਣ ਝੋਲੀ ਪਾਇੰਦਾ। ਸ੍ਰੀ ਭਗਵਾਨ ਏਕਾ ਧਾਰ, ਘਰ ਘਰ ਵਿਚ ਮੇਲ ਮਿਲਾਇੰਦਾ। ਅਬਿਨਾਸ਼ੀ ਕਰਤਾ ਅੰਮ੍ਰਿਤ ਠਾਰ, ਬੂੰਦ ਸਵਾਂਤੀ ਆਪ ਪਿਆਇੰਦਾ। ਪਾਰਬ੍ਰਹਮ ਬਣ ਸਿਕਦਾਰ, ਸਾਚਾ ਹੁਕਮ ਸੁਣਾਇੰਦਾ। ਤੇਰਾ ਰੂਪ ਅਗੰਮ ਅਪਾਰ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਿੰਘਾਸਣ ਪੁਰਖ ਅਬਿਨਾਸ਼ਨ ਇਕ ਅਕੱਲਾ ਡੇਰਾ ਲਾਇੰਦਾ। ਇਕ ਅਕੱਲਾ ਬੇਪਰਵਾਹ, ਸਚਖੰਡ ਦਵਾਰੇ ਸੋਭਾ ਪਾਈਆ। ਸਿਫ਼ਤੀ ਸਿਫ਼ਤ ਸਿਫ਼ਤ ਸਲਾਹ, ਘਰ ਸਾਚੇ ਮਤਾ ਪਕਾਈਆ। ਨਿਰਗੁਣ ਨਿਰਗੁਣ ਦੱਸੇ ਰਾਹ, ਨਿਰਗੁਣ ਸਾਚਾ ਵੇਖ ਵਖਾਈਆ। ਸ਼ਬਦ ਦੁਲਾਰਾ ਲਏ ਉਠਾ, ਆਪ ਆਪਣੀ ਬੂਝ ਬੁਝਾਈਆ। ਆਪਣੀ ਵਸਤ ਝੋਲੀ ਪਾ, ਸਚ ਭੰਡਾਰ ਇਕ ਜਣਾਈਆ। ਤੇਰਾ ਹੁਕਮ ਵਰਤੇ ਸਭਨੀ ਥਾਂ, ਦੇਵਣਹਾਰ ਆਪ ਅਖਵਾਈਆ। ਨਿਰਗੁਣ ਪਿਤਾ ਨਿਰਗੁਣ ਮਾਂ, ਸੋ ਪੁਰਖ ਨਿਰੰਜਣ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਇਕ ਵਖਾਈਆ। ਥਿਰ ਘਰ ਸਾਚੇ ਹਰਿ ਮਿਹਰਬਾਨ, ਆਪਣਾ ਬੰਕ ਸੁਹਾਇਆ। ਉਪਰ ਬੈਠ ਸ੍ਰੀ ਭਗਵਾਨ, ਸਚ ਸਿੰਘਾਸਣ ਲਾਇਆ। ਸਤਿ ਸਤਿਵਾਦੀ ਇਕ ਨਿਸ਼ਾਨ, ਨਿਰਗੁਣ ਆਪਣਾ ਆਪ ਝੁਲਾਇਆ। ਸ਼ਾਹੋ ਭੂਪ ਬਣ ਵਡ ਰਾਜਾਨ, ਆਪ ਆਪਣਾ ਹੁਕਮ ਚਲਾਇਆ। ਆਪੇ ਦੇਵੇ ਧੁਰ ਫੁਰਮਾਣ, ਧੁਰਦਰਗਾਹੀ ਵੇਖ ਵਖਾਇਆ। ਆਪੇ ਵਸੇ ਸਚ ਮਕਾਨ, ਸਚ ਮਹੱਲਾ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇਆ। ਸਤ ਰੰਗ ਨਿਸ਼ਾਨਾ ਨਿਰਗੁਣ ਜੋਤ, ਸਚਖੰਡ ਦਵਾਰੇ ਆਪ ਝੁਲਾਈਆ। ਲੇਖਾ ਜਾਣਿਆ ਜੁਗ ਜੁਗ ਕੋਟੀ ਕੋਟਨ ਕੋਟ, ਦੂਸਰ ਘਰ ਨਾ ਦਏ ਵਡਿਆਈਆ। ਸ਼ਬਦ ਨਗਾਰੇ ਲਾਏ ਚੋਟ, ਸਾਚਾ ਧੌਸਾਂ ਨਾਮ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਲਏ ਅੰਗੜਾਈਆ। ਪਾਰਬ੍ਰਹਮ ਪ੍ਰਭ ਲਏ ਅੰਗੜਾਈ, ਆਪਣੀ ਕਰਵਟ ਆਪ ਬਦਲਾਇੰਦਾ। ਅਬਿਨਾਸ਼ੀ ਕਰਤਾ ਦਏ ਸਲਾਹੀ, ਸਾਚੀ ਸੇਵਾ ਸੇਵ ਕਮਾਇੰਦਾ। ਆਪਣਾ ਘਾੜਨ ਘੜੇ ਬੇਪਰਵਾਹੀ, ਆਪਣਾ ਨੇਤਰ ਆਪ ਖੁਲ੍ਹਾਇੰਦਾ। ਆਪਣੀ ਵਸਤ ਆਪੇ ਪਕੜੇ ਚਾਈਂ ਚਾਈਂ, ਸਮਰਥ ਆਪਣੇ ਹੱਥ ਰਖਾਇੰਦਾ। ਆਪੇ ਭੁਜਾਂ ਰਿਹਾ ਉਠਾਈ, ਚਤਰਭੁਜ ਨਾਉਂ ਧਰਾਇੰਦਾ। ਆਪੇ ਸੀਸ ਛਤਰ ਰਿਹਾ ਝੁਲਾਈ, ਸਾਚਾ ਛਤਰ ਹੱਥ ਵਖਾਇੰਦਾ। ਆਪੇ ਪੰਚਮ ਦੇਵੇ ਪੰਚ ਵਡਿਆਈ, ਪੰਚਮ ਪੰਚਮ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਤਖ਼ਤ ਸੁਹਾਇੰਦਾ। ਤਖ਼ਤ ਨਿਵਾਸੀ ਗਰੀਬ ਨਿਵਾਜਾ, ਏਕਾ ਰੰਗ ਸਮਾਇਆ। ਸ਼ਬਦ ਅਗੰਮੀ ਵੱਜੇ ਵਾਜਾ, ਆਪ ਆਪਣੀ ਧੁਨ ਉਪਜਾਇਆ। ਸਤਿ ਸਰੂਪੀ ਸਾਚਾ ਤਾਜਾ, ਨਿਰਗੁਣ ਆਪਣਾ ਆਪ ਉਪਾਇਆ। ਪੰਚਮ ਮੁਖੀ ਏਕਾ ਤਾਜਾ, ਨਿਰਗੁਣ ਨਿਰਗੁਣ ਸੀਸ ਟਿਕਾਇਆ। ਘਰ ਘਰ ਵਿਚ ਬੈਠਾ ਸਾਚਾ ਰਾਜਾ, ਰਾਜਕ ਰਿਜਕ ਰਹੀਮ ਅਖਵਾਇਆ। ਨਿਰਗੁਣ ਨਿਰਗੁਣ ਰਚ ਰਚ ਕਾਜਾ, ਘਰ ਨਿਰਗੁਣ ਮੰਗਲ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੀਸ ਜਗਦੀਸ ਏਕਾ ਮੁਕਟ ਸੁਹਾਇਆ। ਏਕਾ ਮੁਕਟ ਪੰਚ ਮੁਖ, ਨਿਰਗੁਣ ਨਿਰਗੁਣ ਸੀਸ ਟਿਕਾਇੰਦਾ। ਸੋ ਪੁਰਖ ਨਿਰੰਜਣ ਵੇਖੇ ਮੁਖ, ਹਰਿ ਪੁਰਖ ਨਿਰੰਜਣ ਪੜਦਾ ਲਾਹਿੰਦਾ। ਏਕੰਕਾਰਾ ਅਗੇ ਝੁਕ, ਆਦਿ ਨਿਰੰਜਣ ਆਪ ਉਠਾਇੰਦਾ। ਸ੍ਰੀ ਭਗਵਾਨ ਲੇਖਾ ਜਾਣੇ ਲੁਕ ਲੁਕ, ਅਬਿਨਾਸ਼ੀ ਕਰਤਾ ਮੁਖ ਛੁਪਾਇੰਦਾ। ਪਾਰਬ੍ਰਹਮ ਵੇਖਣਹਾਰਾ ਤ੍ਰਿਸ਼ਨਾ ਭੁੱਖ, ਆਲਸ ਨਿੰਦਰਾ ਨਾ ਕੋਈ ਜਣਾਇੰਦਾ। ਸ਼ਬਦ ਅਨਾਦੀ ਗੋਦੀ ਚੁੱਕ, ਆਪ ਆਪਣੀ ਗੋਦ ਸੁਹਾਇੰਦਾ। ਨਾ ਮਾਨਸ ਨਾ ਕੋਈ ਮਨੁਖ, ਰੂਪ ਅਨੂਪ ਆਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਦਰਸ ਦਿਖਾਇੰਦਾ। ਸ਼ਬਦ ਦੁਲਾਰਾ ਦਰਸ਼ਨ ਪਾ, ਏਕਾ ਏਕ ਵਖਾਈਆ। ਦੋਏ ਦੋਏ ਜੋੜ ਸੀਸ ਝੁਕਾ, ਚਰਨ ਕਵਲ ਧਿਆਨ ਟਿਕਾਈਆ। ਮੰਗੇ ਮੰਗ ਬੇਪਰਵਾਹ, ਤੂੰ ਦਾਤਾ ਬੇਪਰਵਾਹੀਆ। ਖਾਲੀ ਝੋਲੀ ਰਿਹਾ ਵਖਾ, ਚਾਰੇ ਕੰਨੀਆਂ ਆਪ ਉਠਾਈਆ। ਸਾਚੀ ਵਸਤ ਝੋਲੀ ਪਾ, ਅਤੁਟ ਭੰਡਾਰ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਚ ਵਡਿਆਈਆ। ਸਚ ਵਡਿਆਈ ਹਰਿ ਨਿਰੰਕਾਰ, ਆਪਣੇ ਹੱਥ ਰਖਾਇੰਦਾ। ਸ਼ਬਦ ਸ਼ਬਦੀ ਕਰ ਪਿਆਰ, ਸਾਚਾ ਹੁਕਮ ਸੁਣਾਇੰਦਾ। ਲੋਆਂ ਪੁਰੀਆਂ ਮਹੱਲ ਉਸਾਰ, ਬ੍ਰਹਿਮੰਡ ਖੰਡ ਤੇਰੀ ਸੇਵ ਕਮਾਇੰਦਾ। ਏਕਾ ਕਿਰਨ ਕਰ ਉਜਿਆਰ, ਤੇਰੇ ਰੰਗ ਰੰਗਾਇੰਦਾ। ਸੂਰਜ ਚੰਨ ਮੇਲ ਸਤਾਰ, ਸਾਚੇ ਮੰਡਲ ਆਪ ਲਟਕਾਇੰਦਾ। ਪ੍ਰਿਥਮੀ ਅਕਾਸ਼ ਦਏ ਉਸਾਰ, ਜਲ ਬਿੰਬ ਰੂਪ ਵਟਾਇੰਦਾ। ਤ੍ਰੈਗੁਣ ਮਾਇਆ ਅੰਗੀਕਾਰ, ਰਜੋ ਤਮੋ ਸਤੋ ਵੇਖ ਵਖਾਇੰਦਾ। ਆਪਣਾ ਰੂਪ ਕਰ ਅਕਾਰ, ਨਿਰਾਕਾਰ ਸਾਕਾਰ ਅਖਵਾਇੰਦਾ। ਵਿਸ਼ਨੂੰ ਵੰਸੀ ਖੇਲ ਅਪਾਰ, ਕਵਲ ਨੈਣ ਨੈਣ ਮਟਕਾਇੰਦਾ। ਸਾਂਗੋ ਪਾਂਗ ਕਰ ਤਿਆਰ, ਸਾਚੀ ਸੇਜ ਵਿਛਾਇੰਦਾ। ਅੰਮ੍ਰਿਤ ਆਤਮ ਭਰ ਭੰਡਾਰ, ਕਵਲ ਕਵਲਾ ਫੁੱਲ ਖਿਲਾਇੰਦਾ। ਪਾਰਬ੍ਰਹਮ ਪ੍ਰਭ ਹੋ ਤਿਆਰ, ਬ੍ਰਹਮ ਆਪਣਾ ਰੂਪ ਵਟਾਇੰਦਾ। ਸ਼ੰਕਰ ਮੇਲਾ ਧੂਆਂਧਾਰ, ਸਚ ਸਮਗਰੀ ਸੰਗ ਰਖਾਇੰਦਾ। ਏਕਾ ਜੋਤੀ ਏਕਾ ਧਾਰ, ਏਕਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਿਵਾਸਾ ਸਾਚਾ ਧਾਮ, ਖੇਲੇ ਖੇਲ ਹਰਿ ਹਰਿ ਰਾਮ, ਰਾਮ ਰਾਮ ਭੇਵ ਨਾ ਆਇੰਦਾ। ਸ਼ਬਦ ਦੁਲਾਰਾ ਸੇਵ ਕਮਾ, ਚੌਦਾਂ ਲੋਕ ਹੱਟ ਖੁਲ੍ਹਾਈਆ। ਜਿਮੀ ਅਸਮਾਨਾਂ ਬਣਤ ਬਣਾ, ਗਗਨ ਮੰਡਲ ਵੇਖ ਵਖਾਈਆ। ਬ੍ਰਹਿਮੰਡ ਖੰਡ ਰਚਨ ਰਚਾ, ਆਪਣਾ ਬੰਧਨ ਆਪੇ ਪਾਈਆ। ਰਵ ਸਸ ਲਏ ਲਟਕਾ, ਏਕਾ ਡੋਰੀ ਨਾਮ ਵਖਾਈਆ। ਆਕਾਸ਼ ਪ੍ਰਕਾਸ਼ ਰਿਹਾ ਜਗਾ, ਜਾਗਰਤ ਜੋਤ ਜੋਤ ਰੁਸ਼ਨਾਈਆ। ਬ੍ਰਹਮਾ ਵਿਸ਼ਨ ਸ਼ਿਵ ਹੁਕਮ ਸੁਣਾ, ਹੁਕਮੀ ਹੁਕਮ ਦਏ ਵਡਿਆਈਆ। ਏਕਾ ਵਸਤ ਝੋਲੀ ਪਾ, ਤ੍ਰੈਗੁਣ ਮੇਲਾ ਸਹਿਜ ਸੁਭਾਈਆ। ਆਪਣੇ ਦਵਾਰੇ ਆਪੇ ਆ, ਘਰ ਸਾਚਾ ਆਪ ਸੁਹਾਈਆ। ਆਪੇ ਬਣਿਆ ਸ਼ਹਿਨਸ਼ਾਹ, ਪਾਤਸ਼ਾਹ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਈਆ। ਸੁਤ ਦੁਲਾਰਾ ਦਰ ਘਰ ਆਇਆ, ਸਚਖੰਡ ਦਵਾਰੇ ਡੇਰਾ ਲਾਇੰਦਾ। ਪੁਰਖ ਅਬਿਨਾਸ਼ੀ ਤੇਰਾ ਦਰਸ ਦਰਸ ਮੋਹੇ ਮੋਹ ਭਾਇਆ, ਦੂਸਰ ਕੋਇ ਦਿਸ ਨਾ ਆਇੰਦਾ। ਤੇਰਾ ਨੂਰ ਜਲਵਾ ਜਲਵਾ ਅਲਾਹੀ ਇਕ ਰਘੁਰਾਇਆ, ਆਦਿ ਜੁਗਾਦੀ ਡਗਮਗਾਇੰਦਾ। ਤੇਰਾ ਤਾਜ ਤੇਰਾ ਰਾਜ ਤੇਰਾ ਕਾਜ ਸਹਿਜ ਸੁਖਦਾਇਆ, ਸਗਲ ਸਮਗਰੀ ਵਸਤ ਵਖਾਇੰਦਾ। ਤੂੰ ਮਾਤ ਪਿਤ ਪਿਤਾ ਮਾਇਆ, ਦਾਈ ਦਾਇਆ ਤੂਹੀਂ ਗੋਦ ਉਠਾਇੰਦਾ। ਹਉਂ ਭਿਖਾਰੀ ਹਰਿ ਨਿਰੰਕਾਰੀ ਦਰ ਤੇਰੇ ਤੇ ਆਇਆ, ਤੁਧ ਬਿਨ ਦਰ ਨਾ ਅਵਰ ਸਿਖਾਇੰਦਾ। ਏਕਾ ਅੱਖਰ ਤੇਰਾ ਤੇਰੇ ਦਰ ਪੜ੍ਹਨ ਆਇਆ, ਸਾਚੀ ਵਿਦਿਆ ਨਾ ਕੋਈ ਜਣਾਇੰਦਾ। ਸੋ ਪੁਰਖ ਨਿਰੰਜਣ ਤੇਰਾ ਲੜ ਫੜ ਕੇ ਆਇਆ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖਸ਼ੇ ਸਾਚਾ ਵਰ, ਦੂਜਾ ਦਰ ਨਾ ਕੋਈ ਸਿਖਾਇੰਦਾ। ਸੁਤ ਦੁਲਾਰਾ ਮੰਗੇ ਵਰ, ਪ੍ਰਭ ਅਗੇ ਸੀਸ ਝੁਕਾਈਆ। ਆਦਿ ਜੁਗਾਦਿ ਚੁੱਕੇ ਡਰ, ਨਿਰਭੈ ਤੇਰਾ ਨਾਉਂ ਇਕ ਜਣਾਈਆ। ਨਾ ਜਨਮਾ ਨਾ ਜਾਏ ਮਰ, ਆਵਣ ਜਾਵਣ ਖੇਲ ਖਿਲਾਈਆ। ਇਕ ਨੁਹੌਣਾ ਸਾਚੇ ਸਰ, ਸਰ ਸਰੋਵਰ ਇਕ ਵਡਿਆਈਆ। ਏਕਾ ਤਰਨੀ ਜਾਣਾ ਤਰ, ਤਾਰਨਹਾਰ ਆਪ ਅਖਵਾਈਆ। ਆਪਣੀ ਕਰਨੀ ਕਰਤਾ ਪੁਰਖ ਦੇਣੀ ਕਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੀਸ ਜਗਦੀਸ ਇਕ ਵਖਾਈਆ। ਹਰਿ ਭਗਵਾਨ ਵਡ ਮਿਹਰਵਾਨ, ਸ਼ਬਦੀ ਸ਼ਬਦ ਕਰੇ ਜਣਾਈਆ। ਮੇਰਾ ਨਾਮ ਤੇਰਾ ਨਿਸ਼ਾਨ, ਆਦਿ ਜੁਗਾਦਿ ਵੱਜੇ ਵਧਾਈਆ। ਤੂੰ ਗੋਪੀ ਹਉਂ ਸਾਚਾ ਕਾਹਨ, ਬ੍ਰਹਿਮੰਡ ਖੰਡ ਰਾਸ ਰਚਾਈਆ। ਦੇਵਣਹਾਰਾ ਸਾਚਾ ਦਾਨ, ਸਚ ਭੰਡਾਰ ਇਕ ਵਰਤਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰ ਤਿਆਰ, ਸਾਚੀ ਭਿਛਿਆ ਝੋਲੀ ਪਾਈਆ। ਆਪਣਾ ਖੇਲ ਕਰੇ ਕਰਤਾਰ, ਕਰਨਹਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਵ ਅਭੇਦਾ ਭੇਵ ਖੁਲਾਈਆ। ਸੁਤ ਦੁਲਾਰਾ ਵਡ ਬਲਕਾਰਾ, ਏਕਾ ਮੰਗ ਮੰਗਾਇੰਦਾ। ਪੁਰਖ ਅਬਿਨਾਸ਼ੀ ਸ਼ਾਹੋ ਸ਼ਾਬਾਸ਼ੀ ਨਿਰਗੁਣ ਧਾਰਾ, ਤੇਰਾ ਰੂਪ ਅਨੂਪ ਜਣਾਇੰਦਾ। ਤੇਰਾ ਤਖ਼ਤ ਤੇਰਾ ਤਾਜ ਤੂਹੀ ਸਿਕਦਾਰਾ, ਤੇਰਾ ਹੁਕਮੀ ਹੁਕਮ ਅਲਾਇੰਦਾ। ਕਵਣ ਰੂਪ ਵਰਤੇ ਵਿਚ ਸੰਸਾਰਾ, ਲੋਕਮਾਤ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇਣਾ ਦੱਸ, ਸ਼ਬਦ ਸਰੂਪੀ ਸ਼ਬਦ ਵਸ, ਲੇਖਾ ਲੇਖ ਨਾ ਕੋਇ ਲਿਖਾਇੰਦਾ। ਹਰੀ ਭਗਵੰਤ ਸਹਿਜ ਸਿਕਦਾਰ, ਸ਼ਬਦੀ ਸ਼ਬਦ ਕਰੇ ਜਣਾਈਆ। ਮੇਰਾ ਰੂਪ ਅਪਰ ਅਪਾਰ, ਮਹਿਮਾ ਅਗਣਤ ਗਣੀ ਨਾ ਜਾਈਆ। ਏਕਾ ਵਸਾਂ ਸਚਖੰਡ ਦਵਾਰ, ਅਗੰਮ ਅਗੰਮੜਾ ਥਾਨ ਵਖਾਈਆ। ਨਿਰਗੁਣ ਜੋਤ ਕਰ ਉਜਿਆਰ, ਨੂਰੋ ਨੂਰ ਨੂਰ ਰੁਸ਼ਨਾਈਆ। ਨਾ ਕੋਈ ਚੰਨ ਸੂਰਜ ਨਾ ਮੰਡਲ ਸਤਾਰ, ਧਰਤ ਧਵਲ ਨਾ ਕੋਇ ਵਖਾਈਆ। ਨਾ ਕੋਈ ਪਸਰ ਨਾ ਕੋਈ ਪਸਾਰ, ਨਾ ਕੋਈ ਤ੍ਰੈਗੁਣ ਮੇਲ ਮਿਲਾਈਆ। ਪੰਜ ਤਤ ਨਾ ਕੋਇ ਆਕਾਰ, ਨਿਰਗੁਣ ਰੂਪ ਨਾ ਕੋਇ ਦਰਸਾਈਆ। ਏਕਾ ਨਾਮ ਸਚਾ ਜੈਕਾਰ, ਘਰ ਸਾਚੇ ਆਪ ਸੁਣਾਈਆ। ਸੋ ਪੁਰਖ ਨਿਰੰਜਣ ਬਣੇ ਭਤਾਰ, ਆਪਣੀ ਨਾਰ ਆਪ ਪਰਨਾਈਆ। ਆਪੇ ਸੇਜਾ ਸੋਏ ਪੈਰ ਪਸਾਰ, ਆਪੇ ਆਪਣਾ ਅੰਗ ਲਗਾਈਆ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਰ ਆਪ ਹੋ ਜਾਈਆ। ਆਪੇ ਸੱਜਣ ਮੀਤ ਮੁਰਾਰ, ਸਗਲਾ ਸੰਗ ਆਪ ਨਿਭਾਈਆ। ਆਪੇ ਸੁਤ ਦੁਲਾਰਾ ਕਰ ਤਿਆਰ, ਤੇਰਾ ਜਨਮ ਦਵਾਈਆ। ਲਖ ਚੁਰਾਸੀ ਕਰ ਤਿਆਰ, ਤ੍ਰੈਗੁਣ ਸਾਚੀ ਵੰਡ ਵੰਡਾਈਆ। ਬ੍ਰਹਮਾ ਵੇਤਾ ਇਕ ਭੰਡਾਰ, ਭੁੱਲ ਰਹੇ ਨਾ ਰਾਈਆ। ਮੇਰੀ ਇਛਿਆ ਤੇਰੀ ਧਾਰ, ਨਿਰਗੁਣ ਨਿਰਗੁਣ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਆਪ ਸਮਝਾਈਆ। ਸ਼ਬਦ ਸੁਤ ਨੈਣ ਉਠਾ, ਨੇਤਰ ਦਰਸਨ ਪਾਇੰਦਾ। ਪਾਰਬ੍ਰਹਮ ਤੇਰਾ ਸੱਚਾ ਥਾਂ, ਥਾਨ ਥਨੰਤਰ ਇਕ ਸੁਹਾਇੰਦਾ। ਸੋ ਪੁਰਖ ਨਿਰੰਜਣ ਤੇਰਾ ਨਾਂ, ਮੇਰਾ ਨਾਮ ਮਾਣ ਧਰਾਇੰਦਾ। ਕਵਣ ਵਸਤ ਬ੍ਰਹਮੇ ਝੋਲੀ ਦੇਵਾਂ ਪਾ, ਕਵਣ ਵੰਡ ਵੰਡਾਇੰਦਾ। ਸੋ ਪੁਰਖ ਨਿਰੰਜਣ ਦਏ ਸੁਣਾ, ਏਕਾ ਹੁਕਮ ਆਪ ਚਲਾਇੰਦਾ। ਮੇਰੀ ਇਛਿਆ ਬ੍ਰਹਮੇ ਝੋਲੀ ਦੇਣੀ ਪਾ, ਹੰ ਸਾਚਾ ਨਾਉਂ ਧਰਾਇੰਦਾ। ਸੋਹੰ ਰੂਪ ਆਪ ਬੇਪਰਵਾਹ, ਪੰਚਮ ਮੁਖ ਮੁਖ ਸਲਾਹਿੰਦਾ। ਚਾਰੇ ਮੁਖ ਦਏ ਲਗਾ, ਸਾਚਾ ਮੋਰ ਮੁਕਟ ਲੋਕਮਾਤ ਧਰਾਇੰਦਾ। ਆਪਣੀ ਵਿਦਿਆ ਵਿਚ ਟਿਕਾ, ਆਪਣਾ ਅੱਖਰ ਆਪ ਪੜ੍ਹਾਇੰਦਾ। ਚਾਰੇ ਵੇਦਾਂ ਲੇਖਾ ਦਏ ਲਿਖਾ, ਚਾਰੇ ਜੁਗ ਵੰਡ ਵੰਡਾਇੰਦਾ। ਸਤਿਜੁਗ ਤਰੇਤਾ ਦਵਾਪਰ ਰਚਨ ਰਚਾ, ਕਲਜੁਗ ਆਪਣਾ ਖੇਲ ਖਿਲਾਇੰਦਾ। ਨਵ ਨਵ ਚਾਰ ਲੇਖੇ ਲਾ, ਅਲੱਖ ਅਲੱਖ ਅਲੱਖ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਉਜਾਲਾ ਹਰਿ ਗੋਪਾਲਾ ਦੀਨ ਦਿਆਲਾ ਏਕੰਕਾਰਾ ਖੇਲ ਨਿਆਰਾ, ਅਬਿਨਾਸ਼ੀ ਕਰਤਾ ਭੇਵ ਕੋਇ ਨਾ ਪਾਇੰਦਾ। ਸ਼ਬਦ ਸੁਤ ਸਚ ਹੁਲਾਰਾ, ਬ੍ਰਹਮਾ ਵਿਸ਼ਨ ਸ਼ਿਵ ਆਪ ਲਗਾਈਆ। ਆਪੇ ਭਰ ਸਚ ਭੰਡਾਰਾ, ਆਪੇ ਦਏ ਵਰਤਾਈਆ। ਆਪੇ ਲੱਖ ਚੁਰਾਸੀ ਦੀਪਕ ਕਰ ਉਜਿਆਰਾ, ਨਵ ਦਸ ਗਿਆਰਾ ਬੀਸ ਤੀਸ ਚਾਰ ਕਰੇ ਕੁੜਮਾਈਆ । ਆਪੇ ਅੰਡਜ ਜੇਰਜ ਮਹੱਲ ਉਸਾਰ, ਉਤਭੁਜ ਸੇਤਜ ਆਪਣੀ ਵੰਡ ਵੰਡਾਈਆ। ਆਪੇ ਅਪ ਤੇਜ ਵਾਏ ਪ੍ਰਿਥਮੀ ਆਕਾਸ ਵੇਖ ਮੁਨਾਰ, ਆਪਣਾ ਘਾੜਨ ਆਪ ਘੜਾਈਆ। ਆਪੇ ਮਨ ਮਤ ਬੁਧ ਕਰ ਉਜਿਆਰ, ਨਿਰਗੁਣ ਨਿਰਗੁਣ ਵਿਚ ਸਮਾਈਆ। ਆਪੇ ਨੌ ਦਵਾਰੇ ਖੋਲ੍ਹ ਕਿਵਾੜ, ਜਗਤ ਵਾਸਨਾ ਵਿਚ ਰਖਾਈਆ। ਆਪੇ ਡੂੰਘੀ ਕੰਦਰ ਕਰੇ ਖੇਲ ਨਿਆਰ, ਟੇਢੀ ਬੰਕ ਫੇਰਾ ਪਾਈਆ। ਆਪੇ ਤ੍ਰੈਬੈਣੀ ਨੈਣੀ ਸਰੋਵਰ ਧਾਰਾ, ਆਤਮ ਅੰਮ੍ਰਿਤ ਜਲ ਵਖਾਈਆ। ਆਪੇ ਕਰੇ ਬੰਦ ਕਿਵਾੜਾ, ਬਜਰ ਕਪਾਟੀ ਕੁੰਡਾ ਲਾਈਆ। ਆਪੇ ਘਰ ਵਿਚ ਘਰ ਖੇਲ ਨਿਆਰਾ, ਆਤਮ ਸੇਜਾ ਆਪ ਸੁਹਾਈਆ। ਆਪੇ ਸ਼ਬਦ ਨਾਦ ਸਚੀ ਧੁਨਕਾਰਾ, ਨਾਦ ਅਨਾਦੀ ਰਾਗ ਅਲਾਈਆ। ਆਪੇ ਪੰਚਮ ਬਹਿ ਬਹਿ ਗਾਏ ਗਾਵਣਹਾਰਾ, ਆਪ ਆਪਣਾ ਰਾਗ ਸੁਣਾਈਆ। ਆਪੇ ਕੰਤ ਬਣੇ ਭਤਾਰਾ, ਆਪੇ ਨਾਰੀ ਨਰ ਨਰਾਇਣ ਪਰਨਾਈਆ। ਆਪੇ ਸੁਰਤੀ ਸੁਰਤ ਹੋਏ ਅਸਵਾਰ, ਸ਼ਬਦੀ ਸ਼ਬਦ ਘੋੜ ਚੜ੍ਹਾਈਆ। ਆਪੇ ਖੜਗ ਖੰਡਾ ਬਣ ਤੇਜ ਕਟਾਰਾ, ਸ਼ਸਤਰ ਬਸਤਰ ਤਨ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤਤ ਮੇਲਾ ਸਾਚੇ ਘਰ, ਹਰਿ ਮੰਦਰ ਆਪੇ ਬੈਠਾ ਵੜ, ਦਸਮ ਦਵਾਰੀ ਚੋਟੀ ਚੜ੍ਹ, ਦਿਸ ਕਿਸੇ ਨਾ ਆਈਆ। ਸ਼ਬਦ ਸੁਤ ਸਾਚਾ ਮੀਤਾ, ਘਰ ਸੱਜਣ ਵੇਖ ਵਖਾਇੰਦਾ। ਪਾਰਬ੍ਰਹਮ ਤੇਰਾ ਧਾਮ ਅਨਡੀਠਾ, ਦਿਸ ਕਿਸੇ ਨਾ ਆਇੰਦਾ। ਆਦਿ ਜੁਗਾਦੀ ਅਵਲੜੀ ਰੀਤਾ, ਭੇਵ ਕੋਇ ਨਾ ਪਾਇੰਦਾ। ਏਕੰਕਾਰਾ ਠਾਂਡਾ ਸੀਤਾ, ਤਤਵ ਤਤ ਨਾ ਕੋਇ ਰਖਾਇੰਦਾ। ਸੋ ਪੁਰਖ ਨਿਰੰਜਣ ਪਤਤ ਪੁਨੀਤਾ, ਪਤਤ ਪਾਵਣ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤ ਇਕ ਵਖਾਇੰਦਾ। ਜਾਗਰਤ ਜੋਤ ਜੋਤ ਉਜਿਆਰ, ਨਿਰਗੁਣ ਆਪਣੀ ਆਪ ਕਰਾਈਆ। ਸਚਖੰਡ ਨਿਵਾਸੀ ਖੇਲ ਅਪਾਰ, ਲੋਆਂ ਪੁਰੀਆਂ ਵੇਖ ਵਖਾਈਆ। ਬ੍ਰਹਿਮੰਡ ਖੰਡ ਦਏ ਆਧਾਰ, ਲੱਖ ਚੁਰਾਸੀ ਮੇਲ ਮਿਲਾਈਆ। ਘਰ ਵਿਚ ਘਰ ਕਰ ਤਿਆਰ, ਘਰ ਬੈਠਾ ਮੁਖ ਛੁਪਾਈਆ। ਅਲੱਖ ਅਗੋਚਰ ਅਗੰਮ ਅਪਾਰ, ਬੋਧ ਅਗਾਧ ਭੇਵ ਨਾ ਰਾਈਆ। ਚਲੇ ਚਲਾਏ ਅਵਲੜੀ ਚਾਲ, ਚਾਲ ਨਿਰਾਲੀ ਇਕ ਰਖਾਈਆ। ਨਿਰਗੁਣ ਸਰਗੁਣ ਵਜਾਏ ਤਾਲ, ਸ਼ਬਦ ਸ਼ਬਦੀ ਚੋਟ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚੇ ਘਰ, ਦਰ ਘਰ ਸਾਚਾ ਧੁਰਦਰਗਾਹੀਆ। ਧੁਰਦਰਗਾਹੀ ਸਚ ਮਹੱਲਾ, ਹਰਿ ਸਾਚਾ ਸਚ ਵਸਾਇੰਦਾ। ਪੁਰਖ ਅਬਿਨਾਸ਼ੀ ਇਕ ਅਕੱਲਾ, ਆਪ ਆਪਣਾ ਆਸਣ ਲਾਇੰਦਾ। ਲੇਖਾ ਜਾਣੇ ਜਲਾਂ ਥਲਾਂ, ਜਲ ਥਲ ਮਹੀਅਲ ਆਪ ਸਮਾਇੰਦਾ। ਆਪਣੀ ਜੋਤ ਆਪੇ ਬਲਾ, ਤੇਲ ਬਾਤੀ ਨਾ ਕੋਇ ਪਾਇੰਦਾ। ਸਚ ਸੁਨੇਹੜਾ ਆਪੇ ਘੱਲਾ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਜੁਗਾ ਜੁਗੰਤਰ ਆਪ ਫੜਾਏ ਆਪਣਾ ਪੱਲਾ, ਨਿਰਗੁਣ ਸਰਗੁਣ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਿੰਘਾਸਣ ਖੇਲ ਤਮਾਸ਼ਾ, ਕਰੇ ਕਰਾਏ ਪੁਰਖ ਅਬਿਨਾਸ਼ਾ, ਵੇਖ ਵਿਖਾਏ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਫੋਲ ਫੁਲਾਇੰਦਾ। ਗਗਨ ਮੰਡਲ ਸਾਚੀ ਰਾਸ, ਹਰਿ ਸਾਚਾ ਸਚ ਵਰਤਾਈਆ। ਆਪਣੇ ਮੰਦਰ ਕਰ ਕਰ ਵਾਸ, ਆਪੇ ਵੇਖ ਵਖਾਈਆ। ਲੋਕਮਾਤ ਜਨ ਭਗਤਾਂ ਪੂਰੀ ਕਰੇ ਆਸ, ਜਿਸ ਜਨ ਆਪਣੀ ਬੂਝ ਬੁਝਾਈਆ। ਸੰਤ ਸੁਹੇਲਾ ਦਾਸੀ ਦਾਸ, ਗੁਰਮੁਖ ਸੱਜਣ ਲਏ ਉਠਾਈਆ। ਗੁਰਸਿਖ ਮੇਲਾ ਸਰਬ ਗੁਣਤਾਸ, ਸਤਿਗੁਰ ਪੂਰਾ ਮੇਲ ਮਿਲਾਈਆ। ਹੋਏ ਸਹਾਈ ਜੰਗਲ ਜੂਹ ਉਜਾੜ ਵਿਚ ਪਰਭਾਸ, ਸਮੁੰਦ ਸਾਗਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਖੁਲ੍ਹਾਈਆ। ਹਰਿ ਹਰਿ ਸਾਚਾ ਭੇਵ ਖੁਲ੍ਹਾਇਆ, ਹਰਿ ਸ਼ਬਦੀ ਸ਼ਬਦ ਜਣਾਇੰਦਾ। ਸਾਚਾ ਮਾਰਗ ਲੋਕਮਾਤ ਚਲਾਇਆ, ਲੱਖ ਚੁਰਾਸੀ ਜੂਨ ਧਰਾਇੰਦਾ। ਆਤਮ ਬ੍ਰਹਮ ਇਕ ਵਖਾਇਆ, ਪਾਰਬ੍ਰਹਮ ਵੰਡ ਵੰਡਾਇੰਦਾ। ਵਿਸ਼ਨੂੰ ਰਿਜ਼ਕ ਦਏ ਸਬਾਇਆ, ਬ੍ਰਹਮਾ ਉਤਪਤ ਵੇਖ ਵਖਾਇੰਦਾ। ਸ਼ੰਕਰ ਲੇਖਾ ਦਏ ਮੁਕਾਇਆ, ਥਿਰ ਕੋਇ ਰਹਿਣ ਨਾ ਪਾਇੰਦਾ। ਸੰਤ ਭਗਤ ਭਗਵੰਤ ਹਰਿ ਸਾਚਾ ਮੇਲ ਮਿਲਾਇਆ, ਸ਼ਬਦ ਸੁਨੇਹੜਾ ਇਕ ਸੁਣਾਇੰਦਾ। ਆਪਣਾ ਢੋਲਾ ਆਪੇ ਗਾਇਆ, ਜੁਗ ਜੁਗ ਬੋਲਾ ਆਪ ਅਲਾਇੰਦਾ। ਸਾਚਾ ਤੋਲਾ ਆਪ ਅਖਵਾਇਆ, ਨਾਮ ਕੰਡਾ ਹੱਥ ਉਠਾਇੰਦਾ। ਗੁਰ ਪੀਰ ਅਵਤਾਰ ਲੋਕਮਾਤ ਸੇਵਾ ਆਪੇ ਲਾਇਆ, ਹੁਕਮੀ ਹੁਕਮ ਆਪ ਫਿਰਾਇੰਦਾ। ਪੰਜ ਤਤ ਚੋਲਾ ਆਪ ਹੰਡਾਇਆ, ਨਿਰਗੁਣ ਨਿਰਗੁਣ ਮੁਖ ਛੁਪਾਇੰਦਾ। ਆਪਣੀ ਕਲ ਆਪ ਵਰਤਾਇਆ, ਅਕਲ ਕਲ ਧਾਰੀ ਭੇਵ ਕੋਇ ਨਾ ਪਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਸੀਸ ਰਹੇ ਝੁਕਾਇਆ, ਕਰੋੜ ਤੇਤੀਸਾ ਏਕਾ ਰਾਹ ਰਹੇ ਤਕਾਇਆ, ਸੁਰਪਤ ਰਾਜਾ ਇੰਦ ਰਿਹਾ ਕੁਰਲਾਇਆ, ਦਿਵਸ ਰੈਣ ਨੇਤਰ ਨੈਣਾਂ ਨੀਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਵੰਡ ਵੰਡਾਇੰਦਾ। ਆਪਣੀ ਵੰਡ ਹਰਿ ਕਰਤਾਰ, ਆਪੇ ਖੇਲ ਖਿਲਾਇੰਦਾ। ਸ਼ਬਦ ਸੁਤ ਦਏ ਸਹਾਰ, ਆਪ ਆਪਣੀ ਬੂਝ ਬੁਝਾਇੰਦਾ। ਨੌ ਸੌ ਚੁਰਾਨਵੇ ਚੌਕੜੀ ਜੁਗ ਰਹਿਣਾ ਖ਼ਬਰਦਾਰ, ਤੇਰੀ ਸਾਚੀ ਸੇਵ ਕਮਾਇੰਦਾ। ਬ੍ਰਹਮੇ ਮਨਵੰਤਰ ਜਾਏ ਹਾਰ, ਸਤਿ ਇਕ ਨਾ ਮੇਲ ਮਿਲਾਇੰਦਾ। ਸ਼ੰਕਰ ਲਾਹੇ ਬਾਸ਼ਕ ਤਸ਼ਕਾ ਹਾਰ, ਹੱਥ ਤ੍ਰਿਸ਼ੂਲ ਸੁਟਾਇੰਦਾ। ਜਟਾ ਜੂਟ ਨਾ ਕੋਇ ਪਿਆਰ, ਧੂਆਂਧਾਰ ਨਾ ਕੋਇ ਵਖਾਇੰਦਾ। ਬ੍ਰਹਮਾ ਵੇਤਾ ਰੋਵੇ ਜ਼ਾਰੋ ਜ਼ਾਰ, ਚਾਰੇ ਵੇਦ ਨਾ ਪਾਠ ਸੁਣਾਇੰਦਾ। ਚਾਰੇ ਖਾਣੀ ਹੋਏ ਖ਼ਵਾਰ, ਚਾਰੇ ਬਾਣੀ ਲੇਖ ਲਿਖਾਇੰਦਾ। ਪਰਾ ਪਸੰਤੀ ਏਕਾ ਧਾਰ, ਮਧਮ ਬੈਖਰੀ ਆਪ ਜਣਾਇੰਦਾ। ਸਾਰੰਗ ਸਰੰਗਾ ਨਾ ਕੋਇ ਸੰਸਾਰ, ਸਾਚਾ ਰਾਜ ਨਾ ਕੋਇ ਫਿਰਾਇੰਦਾ। ਮੀਨ ਤਰੰਗ ਦਏ ਮੇਲ ਕਰਾ, ਸੂਰਾ ਸਰਬੰਗ ਇਕ ਅਖਵਾਇੰਦਾ। ਮੰਗੇ ਮੰਗ ਨਾ ਬਣ ਭਿਖਾਰ, ਦਾਤਾ ਦਾਨੀ ਵੇਸ ਵਟਾਇੰਦਾ। ਕਰੇ ਜੰਗ ਨਾ ਫੜੇ ਕਟਾਰ, ਤੀਰ ਤੁਫੰਗ ਨਾ ਕੋਇ ਉਠਾਇੰਦਾ। ਖੜਗ ਖੰਡਾ ਨਾ ਦਿਸੇ ਧਾਰ, ਸ਼ਸਤਰ ਬਸਤਰ ਨਾ ਕੋਇ ਸਜਾਇੰਦਾ। ਆਪਣੇ ਰੰਗ ਰਵੇ ਕਰਤਾਰ, ਰੰਗ ਰੰਗੀਲਾ ਖੇਲ ਖਿਲਾਇੰਦਾ। ਲੱਖ ਚੁਰਾਸੀ ਭਾਂਡਾ ਕਰ ਤਿਆਰ, ਸਾਚਾ ਘਾੜਨ ਆਪ ਘੜਾਇੰਦਾ। ਆਪੇ ਭੰਨੇ ਆਪਣੀ ਵਾਰ, ਦੂਸਰ ਹੱਥ ਨਾ ਕਿਸੇ ਫੜਾਇੰਦਾ। ਜੁਗਾ ਜੁਗੰਤਰ ਖੇਲ ਅਪਾਰ, ਜੁਗ ਚੌਕੜੀ ਵੇਖ ਵਖਾਇੰਦਾ। ਸਤਿਜੁਗ ਸਾਚਾ ਕਰ ਤਿਆਰ, ਵਾਰ ਅਠਾਰਾਂ ਵੇਸ ਵਟਾਇੰਦਾ। ਬਲ ਬਾਵਨ ਮੇਲਾ ਅਪਰ ਅਪਾਰ, ਦੁਸ਼ਟ ਹੰਕਾਰੀ ਰਾਵਣ ਮੇਟ ਮਿਟਾਇੰਦਾ। ਰਾਮਾ ਰੂਪ ਅਗੰਮ ਅਪਾਰ, ਕਾਹਨਾ ਬੰਸਰੀ ਨਾਮ ਵਜਾਇੰਦਾ। ਪੰਚਮ ਮੀਤਾ ਮੀਤ ਮੁਰਾਰ, ਸਾਚੀ ਗੀਤਾ ਨਾਮ ਦ੍ਰਿੜਾਇੰਦਾ। ਵੇਦ ਵਿਆਸਾ ਕਰ ਸ਼ੰਗਾਰ, ਕਾਇਆ ਚੋਲੀ ਰੰਗ ਰੰਗਾਇੰਦਾ। ਪੁਰਾਨ ਅਠਾਰਾਂ ਇਕ ਵਿਚਾਰ, ਬਾਰਾਂ ਅੱਖਰ ਆਪ ਪੜ੍ਹਾਇੰਦਾ। ਬ੍ਰਹਮਾ ਨਾਰਦ ਮੇਲ ਅਪਰ ਅਪਾਰ, ਮੇਲ ਮਿਲਾਵਾ ਆਪ ਵਖਾਇੰਦਾ। ਆਪੇ ਜਾਣੇ ਆਰ ਪਾਰ ਕਿਨਾਰ, ਆਪਣੀ ਕਲ ਆਪ ਧਰਾਇੰਦਾ। ਆਪੇ ਦੇਵੇ ਬੋਧ ਅਗਾਧ ਗਿਆਨ, ਸਚ ਧਿਆਨ ਆਪ ਜਣਾਇੰਦਾ। ਆਪੇ ਈਸਾ ਮੂਸਾ ਕਰ ਪਰਧਾਨ, ਆਪਣੀ ਵਿਦਿਆ ਆਪ ਸੁਣਾਇੰਦਾ। ਆਪੇ ਹੁਕਮੀ ਨਬੀ ਅਮਾਮ, ਰਹੀਮ ਰਹਿਮਾਨ ਰਾਜ਼ਕ ਰਿਜ਼ਕ ਰਹੀਮ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਵੇਸ ਵਟਾਇੰਦਾ। ਆਪੇ ਬੇਐਬ ਪਰਵਰਦਿਗਾਰਾ, ਨੂਰੋ ਨੂਰ ਅਲਾਹੀਆ। ਆਪੇ ਸੰਗ ਮੁਹੰਮਦ ਵਸੇ ਚਾਰ ਯਾਰਾ, ਨਬੀ ਰਸੂਲ ਆਪ ਅਖਵਾਈਆ। ਆਪੇ ਐਨਲਹਕ ਬੋਲ ਨਾਅਰਾ, ਹਕ ਹਕ ਹਕੀਕਤ ਦਏ ਵਡਿਆਈਆ। ਆਪੇ ਲਾਸ਼ਰੀਕ ਵਰਤੇ ਵਿਚ ਸੰਸਾਰ, ਖ਼ੁਦੀ ਖ਼ੁਦਾਈ ਮੂਲ ਨਾ ਭਾਈਆ। ਆਪੇ ਅਹਿਬਾਬ ਰਬਾਬ ਵਜਾਏ ਸਤਾਰਾ, ਸਚ ਸਤਾਰ ਆਪ ਹਿਲਾਈਆ। ਆਪੇ ਆਬੇ ਹਯਾਤ ਕਰ ਪਿਆਰਾ, ਏਕਾ ਸਾਕੀ ਜਾਮ ਪਿਆਈਆ। ਆਪੇ ਖ਼ਾਕੀ ਖ਼ਾਕ ਦਏ ਸਹਾਰਾ, ਆਪੇ ਕਫਨੀ ਗਲ ਹੰਢਾਈਆ। ਆਪੇ ਏਕਾ ਅਲਫ਼ੀ ਅਲਫ਼ ਸ਼ੰਗਾਰਾ, ਏਕਾ ਨੁਕਤਾ ਦਏ ਬੁਝਾਈਆ। ਆਪੇ ਏਕਾ ਅੱਖ ਨੈਣ ਉਘਾੜਾ, ਆਪ ਆਪਣਾ ਰੂਪ ਦਰਸਾਈਆ। ਆਪੇ ਮੁਲਾਂ ਸ਼ੇਖ ਮੁਸਾਇਕ ਪੀਰ ਦਸਤਗੀਰ ਗੁਪਤ ਜ਼ਾਹਿਰਾ, ਜਲਵਾ ਨੂਰੋ ਨੂਰ ਅਲਾਹੀਆ। ਆਪੇ ਅੰਜੀਲ ਕੁਰਾਨਾਂ ਦਏ ਸਹਾਰਾ, ਤੀਸ ਬਤੀਸ ਆਪ ਪੜ੍ਹਾਈਆ। ਆਪੇ ਨਿਰਗੁਣ ਨੂਰ ਕਰ ਉਜਿਆਰਾ, ਨਾਨਕ ਪੰਜ ਤਤ ਕਰੇ ਕੁੜਮਾਈਆ। ਆਪੇ ਬੋਲ ਸ਼ਬਦ ਜੈਕਾਰਾ, ਪੰਜ ਪੰਜ ਦਏ ਵਡਿਆਈਆ। ਆਪੇ ਸਤਿ ਨਾਮ ਸਤਿ ਵਰਤਾਰਾ, ਚਾਰ ਵਰਨਾਂ ਭਿਛਿਆ ਝੋਲੀ ਪਾਈਆ । ਆਪੇ ਸੱਤਰੀ ਬ੍ਰਾਹਮਣ ਸ਼ੂਦਰ ਵੈਸ਼ ਏਕਾ ਰੰਗ ਰੰਗੇ ਸੰਸਾਰਾ, ਆਪੇ ਆਪਣੀ ਵੰਡ ਵੰਡਾਈਆ। ਆਪੇ ਏਕਾ ਜੋਤੀ ਦਸ ਅਵਤਾਰਾ, ਗੋਬਿੰਦ ਮੇਲਾ ਸਹਿਜ ਸੁਭਾਈਆ। ਆਪੇ ਅੰਮ੍ਰਿਤ ਠਾਂਡਾ ਠਾਰਾ, ਭਰ ਪਿਆਲਾ ਜਾਮ ਵਖਾਈਆ। ਆਪੇ ਲੇਖਾ ਲਿਖੇ ਬਣ ਲਿਖਾਰਾ, ਅਗਾਧ ਬੋਧ ਆਪ ਜਣਾਈਆ। ਆਪੇ ਗੁਰੂ ਗ੍ਰੰਥ ਗੁਰ ਅਵਤਾਰਾ, ਗੁਰ ਗੋਬਿੰਦ ਦਏ ਵਡਿਆਈਆ। ਆਪੇ ਭਗਤਾਂ ਬਣੇ ਸਹਾਰਾ, ਜੁਗ ਜੁਗ ਪੈਜ ਰਖਾਈਆ। ਆਪੇ ਸੰਤਾਂ ਕਰੇ ਪਾਰ ਕਿਨਾਰਾ, ਜਗਤ ਮਲਾਹ ਬੇਪਰਵਾਹੀਆ। ਆਪੇ ਗੁਰਮੁਖਾਂ ਦੇਵੇ ਨਾਮ ਖੁਮਾਰਾ, ਆਤਮ ਅੰਤਰ ਇਕ ਲਿਵ ਲਾਈਆ। ਆਪੇ ਗੁਰਮੁਖਾਂ ਬਖਸ਼ੇ ਚਰਨ ਪਿਆਰਾ, ਚਰਨ ਚਰਨੋਦਕ ਮੁਖ ਚੁਆਈਆ। ਕਲਜੁਗ ਅੰਤਮ ਲਏ ਅਵਤਾਰਾ, ਨਿਹਕਲੰਕਾ ਨਾਉਂ ਰਖਾਈਆ। ਊਚਾਂ ਨੀਚਾਂ ਕਰੇ ਪਾਰ ਕਿਨਾਰਾ, ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਧਾਮ ਬਹਾਈਆ। ਗੁਰਮੁਖਾਂ ਬਨ੍ਹੇ ਸਾਚਾ ਗਾਨਾ, ਨਿਰਗੁਣ ਸਾਚਾ ਸਗਨ ਮਨਾਈਆ। ਸੋ ਪੁਰਖ ਨਿਰੰਜਣ ਇਕ ਸੁਣਾਏ ਸਚ ਤਰਾਨਾ, ਹੰ ਬ੍ਰਹਮ ਕਰੇ ਕੁੜਮਾਈਆ। ਨਿਮਾਣਿਆਂ ਦੇਵੇ ਸਾਚਾ ਮਾਣਾ, ਆਪ ਆਪਣੀ ਗੋਦ ਉਠਾਈਆ। ਲੱਖ ਚੁਰਾਸੀ ਸਿਰ ਤੇ ਵਰਤੇ ਭਾਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਨਾ ਕੋਈ ਰਹਿਸੀ ਰਾਜਾ ਰਾਣਾ, ਤਖ਼ਤ ਤਾਜ ਨਾ ਕੋਈ ਹੰਢਾਈਆ। ਨਾ ਕੋਈ  ਰਾਗ ਨਾ ਗਾਣਾ, ਸਚ ਸਤਾਰ ਨਾ ਕੋਈ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸੁਤ ਸ਼ਬਦ ਕਰ ਪਿਆਰ, ਤੇਰਾ ਕਰੇ ਸਚ ਵਿਹਾਰ, ਲੋਕਮਾਤ ਲਏ ਅਵਤਾਰ, ਆਪ ਆਪਣਾ ਰੂਪ ਵਟਾਈਆ। ਹਰਿ ਹਰਿ ਆਪਣਾ ਰੂਪ ਵਟਾਵਣਾ, ਕਲਜੁਗ ਅੰਤਮ ਵੇਖ ਵਖਾਇੰਦਾ। ਨਿਹਕਲੰਕੀ ਜਾਮਾ ਪਾਵਨਾ, ਵੇਦ ਵਿਆਸ ਲਿਖਿਆ ਲੇਖ ਪੂਰ ਕਰਾਇੰਦਾ। ਸ਼ਬਦ ਡੰਕਾ ਇਕ ਵਜਾਵਣਾ, ਨਾਨਕ ਤੋਲਾ ਤੇਰਾਂ ਤੇਰਾਂ ਧਾਰ ਚਲਾਇੰਦਾ। ਰਾਓ ਰੰਕਾਂ ਏਕਾ ਰੰਗ ਰੰਗਾਵਨਾ, ਗੋਬਿੰਦ ਚੋਲਾ ਆਪ ਰੰਗਾਇੰਦਾ। ਰਾਮ ਰਾਜਾ ਆਪ ਅਖਵਾਵਨਾ, ਸੀਤਾ ਸੁਰਤੀ ਆਪ ਪ੍ਰਨਾਇੰਦਾ। ਸਾਚੀ ਬੰਸਰੀ ਨਾਮ ਵਜਾਵਣਾ, ਜਗਤ ਗਵਾਲਾ ਫੇਰਾ ਪਾਇੰਦਾ। ਕਲਮਾਂ ਅਮਾਮ ਇਕ ਪੜ੍ਹਾਵਨਾ, ਏਕਾ ਅੱਖਰ ਵੱਖਰ ਆਪ ਸੁਣਾਇੰਦਾ। ਸਚ ਈਮਾਨ ਇਕ ਧਰਾਵਨਾ, ਆਪਣੀ ਰਹਿਮਤ ਵਿਚ ਰਖਾਇੰਦਾ। ਧੁਰ ਫੁਰਮਾਣਾ ਇਕ ਜਣਾਵਨਾ, ਸਤਿਗੁਰ ਪੂਰਾ ਨਾਉਂ ਧਰਾਇੰਦਾ। ਨਾਨਕ ਗੋਬਿੰਦ ਮੇਲ ਮਿਲਾਵਨਾ, ਦੂਈ ਦਵੈਤੀ ਕੱਟ ਵਖਾਇੰਦਾ। ਨਿਹਕਲੰਕ ਕਲ ਖੇਲ ਖਿਲਾਵਨਾ, ਖਾਲਕ ਖਲਕ ਵੇਖ ਵਿਖਾਇੰਦਾ। ਗੁਰਸਿਖ ਲੱਖ ਚੁਰਾਸੀ ਵਿਚੋਂ ਪਕੜ ਉਠਾਵਨਾ, ਆਪ ਆਪਣੀ ਦਯਾ ਕਮਾਇੰਦਾ। ਆਤਮ ਅੰਤਰ ਬ੍ਰਹਮ ਗਿਆਨ ਦ੍ਰਿੜਾਵਨਾ, ਸਚ ਧਿਆਨ ਇਕ ਜਣਾਇੰਦਾ। ਗ਼ਰੀਬ ਨਿਮਾਣੇ ਗਲੇ ਲਗਾਵਨਾ, ਕਾਇਆ ਗੜ੍ਹ ਹੰਕਾਰ ਮਿਟਾਇੰਦਾ। ਸਵੱਛ ਸਰੂਪੀ ਦਰਸ ਦਿਖਾਵਨਾ, ਲੋਚਣ ਨੈਣ ਇਕ ਖੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚਾ ਵੇਖਣਹਾਰਾ, ਆਦਿ ਜੁਗਾਦਿ ਸਮਾਇੰਦਾ। ਜੁਗਾ ਜੁਗੰਤਰ ਲਏ ਅਵਤਾਰਾ, ਆਪ ਆਪਣਾ ਰੂਪ ਵਟਾਇੰਦਾ। ਸੰਤਨ ਪਾਵੇ ਸਤਿ ਸਤਿ ਸਾਰਾ, ਸਾਰੰਗ ਧਰ ਭਗਵਾਨ ਬੀਠਲੋ ਆਪ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪੂਰਬ ਲਹਿਣਾ ਲੇਖੇ ਲਾਇੰਦਾ। ਨਾਮੇ ਤੇਰੀ ਵਡ ਵਡਿਆਈ, ਹਰਿ ਛੱਪਰ ਛੰਨ ਛੁਹਾਈਆ। ਮੋਈ ਗਊ ਜਗਤ ਜਵਾਈ, ਜਾਗਰਤ ਜੋਤ ਜੋਤ ਰੁਸ਼ਨਾਈਆ। ਭਰ ਪਿਆਲਾ ਪੀਏ ਚਾਈਂ ਚਾਈਂ, ਕਪਲਾ ਗਊ ਦੋਹ ਆਪ ਲੈ ਆਈਆ। ਦੇਹੁਰਾ ਫੇਰ ਦਏ ਵਡਿਆਈ, ਪੰਡਤ ਪਾਂਧੇ ਮੁਖ ਸ਼ਰਮਾਈਆ। ਪਾਰਬ੍ਰਹਮ ਦਰਸ ਦਿਖਾਈ, ਬਹੱਤਰ ਨਾੜ ਕਰੇ ਰੁਸ਼ਨਾਈਆ। ਨਿਰਗੁਣ ਘਰ ਆਇਆ ਚਾਈਂ ਚਾਈਂ, ਦਿਵਸ ਰੈਣ ਸੇਵ ਕਮਾਈਆ। ਭਿਛਿਆ ਮੰਗੇ ਖਾਵੇ ਆਪੇ ਆਪੇ ਆਪਣੀ ਰਜ਼ਾਈ, ਦੂਸਰ ਭੇਵ ਕੋਈ ਨਾ ਪਾਈਆ। ਆਪਣੀ ਸਿਖਿਆ ਆਪ ਸਮਝਾਈ, ਦੇ ਮਤ ਕਰੇ ਪੜ੍ਹਾਈਆ। ਨਾਮੇ ਮੇਲਾ ਹਰਿ ਰਘੁਰਾਈ, ਰਘੁਪਤ ਮੇਲਾ ਸਹਿਜ ਸਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਖੇਲ ਖਿਲਾਈਆ। ਨਾਮੇ ਮੇਲਾ ਹਰਿ ਭਗਵੰਤ, ਛੱਪਰ ਛੰਨ ਛੁਹਾਇੰਦਾ। ਬਾਢੀ ਬਣਿਆ ਹਰਿ ਸਾਚਾ ਕੰਤ, ਚਾਰ ਦਵਾਰੇ ਇਕ ਵਖਾਈਆ। ਆਪੇ ਰੰਗ ਵੇਖੇ ਬਸੰਤ, ਸਚ ਗੁਲਜ਼ਾਰ ਆਪ ਖਿਲਾਈਆ। ਆਪੇ ਬਣਿਆ ਰਸਨਾ ਜੇਹਵਾ ਮਣੀਆ ਮੰਤ, ਗੀਤ ਗੋਬਿੰਦ ਆਪੇ ਹਰਿ ਹਰਿ ਗਾਈਆ। ਲੇਖਾ ਕੋਇ ਨਾ ਜਾਣੇ ਆਦਿ ਅੰਤ, ਵਡ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪਣੇ ਹੱਥ ਰੱਖੇ ਵਡਿਆਈਆ। ਨਾਮੇ ਮੇਲਾ ਹਰਿ ਗੋਬਿੰਦ, ਚਿੰਤਾ ਚਿਖਾ ਰਹਿਣ ਨਾ ਪਾਈਆ। ਅੰਮ੍ਰਿਤ ਮਿਲਿਆ ਸਾਗਰ ਸਿੰਧ, ਗਹਿਰ ਗੰਭੀਰ ਮੇਲ ਮਿਲਾਈਆ। ਜੀਵ ਜੰਤ ਕਰਨ ਨਿੰਦ, ਨਿੰਦਕ ਨਿੰਦਿਆ ਮੁਖ ਭਰਾਈਆ। ਹਰਿਜਨ ਸਾਚਾ ਸਾਚੀ ਬਿੰਦ, ਪੁਰਖ ਅਬਿਨਾਸ਼ੀ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਰਚਨ ਰਚਾਈਆ। ਨਾਮੇ ਮੇਲਾ ਹਰਿ ਗੋਪਾਲ, ਦਿਵਸ ਰੈਣ ਧਿਆਇੰਦਾ। ਤੇਰਾ ਰੂਪ ਜਲਵਾ ਜਲਾਲ, ਜਲ ਥਲ ਮਹੀਅਲ ਸ਼ਬਦ ਸਮਾਇੰਦਾ। ਮੇਰੀ ਕਾਇਆ ਮਾਟੀ ਦਿਸੇ ਖਾਲ, ਪੰਜ ਤਤ ਕਾਇਆ ਚੋਲਾ ਹੰਢਾਇੰਦਾ। ਤੇਰਾ ਨਾਮ ਅਨਮੁਲੜਾ ਲਾਲ, ਨਾਮਾ ਕਵਣ ਹੱਟ ਰਖਾਇੰਦਾ। ਸਚ ਕੁਠਾਲੀ ਦੇਣਾ ਗਾਲ, ਕੰਚਨ ਸੋਇਨਾ ਰੂਪ ਵਟਾਇੰਦਾ। ਤੇਰਾ ਗਗਨ ਤੇਰਾ ਦੀਪਕ ਤੇਰਾ ਥਾਲ, ਤੇਰਾ ਮਾਣਕ ਮੋਤੀ ਤੇਰਾ ਰਵ ਸਸ ਤੇਰਾ ਮੰਡਲ ਤੇਰਾ ਮੁਖ ਸੁਹਾਇੰਦਾ। ਕਵਣ ਨੂਰ ਹਰਿ ਤੇਰੀ ਜੋਤੀ, ਹਰਿ ਜ਼ਾਹਿਰ ਜ਼ਹੂਰ ਬਿਨ ਵਰਨ ਗੋਤੀ, ਲੱਭਦੇ ਫਿਰਦੇ ਕੋਟਨ ਕੋਟੀ, ਹੱਥ ਕਿਸੇ ਨਾ ਆਇੰਦਾ। ਨਾਮੇ ਤੇੜ ਇਕ ਲੰਗੋਟੀ, ਤੇਰਾ ਭੋਜਨ ਮੇਰੀ ਬੋਟੀ, ਤੇਰਾ ਸ਼ਬਦ ਮੇਰੀ ਵਾਸਨਾ ਖੋਟੀ, ਪਤਤ ਪੁਨੀਤ ਆਪ ਕਰਾਇੰਦਾ। ਤੂੰ ਠਾਕਰ ਚਾੜ੍ਹੇ ਚੋਟੀ, ਹਉਂ ਸੇਵਕ ਦਰ ਆਣ ਖਲੋਤੀ, ਦੋਏ ਨੈਣ ਨੇਤਰ ਰੋਤੀ, ਜੁਗ ਜੁਗ ਸਵਾਣੀ ਰਹੀ ਸੋਤੀ, ਬਿਨ ਹਰਿ ਕੰਤ ਨਾ ਕੋਈ ਉਠਾਇੰਦਾ। ਹਮਾਰੀ ਦਿਸੇ ਪਾਟੀ ਧੋਤੀ, ਸਿਰ ਦੇ ਉਤੇ ਰੱਖੀ ਚੋਟੀ, ਮਸਤਕ ਤਿਲਕ ਤੇਰੀ ਜੋਤੀ, ਤੇਰਾ ਰੂਪ ਮਹਿਮਾ ਅਨੂਪ ਸਤਿ ਸਰੂਪ ਸਰਬ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਦਰਸ ਦਿਖਾਇੰਦਾ। ਦਰਸ ਦਿਖੰਦੜਾ ਹਰਿ ਭਗਵੰਤ, ਨਾਮੇ ਮਨ ਮਨ ਭਾਣਿਆ। ਚੋਲੀ ਰਗੰਦੜਾ ਸਾਚਾ ਕੰਤ, ਸਾਲੂ ਰੰਗਨ ਲਾਲ ਰੰਗਾਨਿਆ। ਨਾਰੀ ਨਰ ਨਰਾਇਣ ਵਿਖੰਦੜਾ, ਨੇਤਰ ਇਕ ਖੁਲੰਦੜਾ, ਪਾਇਆ ਦਰਸ ਸ੍ਰੀ ਭਗਵਾਨਿਆ। ਆਤਮ ਸੇਜ ਵਿਛੰਦੜਾ, ਫੂਲਨ ਬਰਖਾ ਲਗੰਦੜਾ, ਘਰ ਘਰ ਆਇਆ ਕੰਤ ਵੱਡ ਪ੍ਰਧਾਨਿਆ। ਗਲ ਗਲਵਕੜੀ ਪੌਦਾ ਰਸ ਭੋਗ ਬਿਲਾਸ ਵਖੰਦੜਾ, ਛੁੱਟਾ ਨਾਤਾ ਸਰਬ ਜਹਾਨਿਆ। ਪੀਆ ਪ੍ਰੀਤਮ ਇਕ ਮਲੰਦੜਾ, ਏਕਾ ਰੂਪ ਪ੍ਰਭ ਸਤਿ ਸਰੂਪ ਆਪ ਵਿਖੰਦੜਾ, ਲੇਖਾ ਜਾਣੇ ਦੋ ਜਹਾਨਿਆ। ਨਾਮਾ ਢਹਿ ਢਹਿ ਚਰਨ ਧੂੜ ਮਸਤਕ ਲਗੰਦੜਾ, ਦੁਰਮਤ ਮੈਲ ਗਵਾਨਿਆ। ਪਾਰਬ੍ਰਹਮ ਸਦ ਬਖਸ਼ੰਦੜਾ, ਜੋ ਜਨ ਰੱਖੇ ਇਕ ਧਿਆਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਆਪ ਆਪਣੀ ਬੂਝ ਬੁਝਾਨਿਆ। ਬੂਝ ਬੁਝਾਏ ਹਰਿ ਬਨਵਾਰੀ, ਨਾਮੇ ਨਾਮ ਜਣਾਈਆ। ਪੁਰਖ ਅਬਿਨਾਸ਼ੀ ਕੰਤ ਭਤਾਰੀ, ਜੁਗ ਜੁਗ ਗੁਰਮੁਖ ਨਾਰੀ ਨਾਰ ਪ੍ਰਨਾਈਆ। ਸਾਚਾ ਸੀਸ ਤਾਜ ਸਚ ਸ਼ਿਕਦਾਰੀ, ਸ਼ਾਹ ਸੁਲਤਾਨ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮੇ ਵਖਾਏ ਏਕਾ ਘਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਨਾਮੇ ਦਰ ਵੇਖਿਆ, ਅੰਤਰ ਇਕ ਧਿਆਨ। ਆਪੇ ਬਖਸ਼ੇ ਆਪਣਾ ਲੇਖਿਆ, ਦੱਸਣਹਾਰ ਸ੍ਰੀ ਭਗਵਾਨ। ਰੂਪ ਰੰਗ ਨਾ ਕੋਈ ਰੇਖਿਆ, ਬਿਰਧ ਬਾਲ ਨਾ ਕੋਈ ਜਵਾਨ। ਕਵਣ ਰੂਪ ਧਰੇ ਲੋਕਮਾਤ ਭੇਸਿਆ , ਨਿਰਗੁਣ ਸੂਰਬੀਰ ਬਲਵਾਨ। ਸਰਗੁਣ ਤੇਰੀ ਕਰੇ ਪ੍ਰੀਖਿਆ, ਨਾ ਦਿਸੇ ਤੇਰਾ ਨਿਸ਼ਾਨ। ਨਾਮਾ ਮੰਗੇ ਦਰ ਦਰ ਭੀਖਿਆ, ਪ੍ਰਗਟ ਵਾਲੀ ਦੋ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਆਪਣਾ ਦਾਨ। ਨਾਮੇ ਰੱਖਣਾ ਯਾਦ, ਹਰਿ ਭਗਵਾਨ ਭਗਤ ਜਣਾਈਆ। ਨਿਰਗੁਣ ਰੂਪ ਸ੍ਰੀ ਭਗਵਾਨ, ਨਿਰਗੁਣ ਭਗਤ ਦਏ ਜਣਾਈਆ । ਨਿਰਗੁਣ ਖੇਲ ਦੋ ਜਹਾਨ, ਜਿਮੀ ਅਸਮਾਨ ਵੇਖ ਵਿਖਾਈਆ। ਤ੍ਰੈਗੁਣ ਵੇਖੇ ਮਾਰ ਧਿਆਨ, ਲੱਖ ਚੁਰਾਸੀ ਡੇਰਾ ਲਾਈਆ। ਨਿਰਗੁਣ ਦੇਵੇ ਧੁਰ ਫੁਰਮਾਣ, ਗੁਰ ਪੀਰ ਅਵਤਾਰ ਸਾਧ ਸੰਤ ਹੁਕਮੀ ਹੁਕਮ ਜਣਾਈਆ। ਨਿਰਗੁਣ ਬਣੇ ਸਾਚਾ ਕਾਹਨ, ਆਪਣੇ ਹੱਥ ਰੱਖੇ ਵਡਿਆਈਆ। ਨਿਰਗੁਣ ਹੋਏ ਲੋਕਮਾਤ ਪ੍ਰਧਾਨ, ਕਲਜੁਗ ਅੰਤਮ ਕੂਕੇ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਜਾਣੇ ਥਾਉਂ ਥਾਈਂਆ। ਨਾਮੇ ਹਰਿ ਮੰਨਿਆ ਕਹਿਣਾ, ਦੋਏ ਜੋੜ ਸੀਸ ਝੁਕਾਇੰਦਾ । ਨਿਰਗੁਣ ਤੇਰਾ ਦਰਸਨ ਨੈਣਾ, ਕਵਣ ਦਵਾਰੇ ਨਾਮਾ ਪਾਇੰਦਾ। ਪੰਜ ਤਤ ਰੱਖਣਾ ਬਸਤਰ ਗਹਿਣਾ, ਕਾਇਆ ਗੜ੍ਹ ਸੁਹਾਇੰਦਾ। ਅੰਦਰ ਵੜਕੇ ਆਪੇ ਬਹਿਣਾ, ਤੇਰੀ ਸੇਜ ਇਕ ਵਿਛਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਸਮਾਇੰਦਾ। ਨਾਮੇ ਅੰਤਮ ਹਰਿ ਹਰਿ ਆਵਣਾ, ਨਿਹਕਲੰਕ ਕਰੇ ਰੁਸ਼ਨਾਈਆ। ਸੋ ਪੁਰਖ ਨਿਰੰਜਣ ਡੰਕ ਵਜਾਵਣਾ, ਪਾਰਬ੍ਰਹਮ ਮੇਲ ਮਿਲਾਈਆ। ਨਿਰਗੁਣ ਰੂਪ ਲੋਕਮਾਤ ਪ੍ਰਗਟਾਵਨਾ, ਦਿਸ ਕਿਸੇ ਨਾ ਆਈਆ। ਗੁਰਮੁਖ ਸਾਚੇ ਆਪ ਜਗਾਵਨਾ, ਜੁਗ ਜੁਗ ਵਿਛੜੇ ਮੇਲ ਮਿਲਾਈਆ। ਤੇਰਾ ਦਵਾਰਾ ਫੇਰ ਸੁਹਾਵਨਾ, ਤੇਰੀ ਛੱਪਰ ਦਏ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਜਣਾਈਆ। ਨਾਮੇ ਵਰ ਘਰ ਹਰਿ ਹਰਿ ਪਾਇਆ, ਘਰ ਸਾਚੇ ਵੱਜੇ ਵਧਾਇਆ। ਦੋਏ ਜੋੜ ਸੀਸ ਝੁਕਾਇਆ, ਨੇਤਰ ਨੈਣ ਦਿਸ ਨਾ ਪਾਇਆ। ਕਲਜੁਗ ਅੰਤਮ ਰਾਹ ਤਕਾਇਆ, ਨਿਰਗੁਣ ਨਿਰਗੁਣ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਨਾਮਾ ਝੋਲੀ ਪਾਇਆ । ਨਾਮ ਨਾਮਾ ਨਾਮ ਧਰਾ, ਪੰਜ ਤਤ ਚੋਲੀ ਤਨ ਰੰਗਾਈਆ। ਲੋਕਮਾਤੀ ਜਨਮ ਦਵਾ, ਮਾਤ ਗਰਭ ਬਾਹਰ ਮੇਲ ਮਿਲਾਈਆ। ਅੰਦਰ ਵੜ ਨਾ ਗਿਆ ਸਮਾ, ਦਸ ਮਾਸ ਨਾ ਅਗਨ ਤਪਾਈਆ। ਰਕਤ ਬੂੰਦ ਨਾ ਕੋਈ ਰਖਾ, ਮਾਤ ਪਿਤ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦੀ ਸੁਤ ਭਗਤ ਵਡਿਆਈਆ। ਸੁਤ ਦੁਲਾਰਾ ਸਚ ਸਪੂਤਾ, ਹਰਿ ਹਰਿ ਆਪ ਉਪਾਇੰਦਾ। ਲੇਖਾ ਜਾਣੇ ਚਾਰੇ ਕੂਟਾ, ਦਹਿ ਦਿਸ਼ਾ ਵੇਖ ਵਖਾਇੰਦਾ। ਪੰਜ ਤਤ ਕਾਇਆ ਚੋਲਾ ਦਿਸੇ ਝੂਠਾ, ਘਰ ਸਾਚੀ ਵਸਤ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੋਲ ਆਪਣਾ ਤੋਲ, ਆਪਣੇ ਕੰਡੇ ਤੁਲਾਇੰਦਾ। ਤੋਲਣਹਾਰਾ ਹਰਿ ਭਗਵੰਤ, ਏਕਾ ਕੰਡਾ ਹੱਥ ਉਠਾਇੰਦਾ। ਲੇਖਾ ਜਾਣੇ ਸਾਚੇ ਸੰਤ, ਸਤਿਗੁਰ ਆਪਣਾ ਨਾਉਂ ਧਰਾਇੰਦਾ। ਭੇਵ ਖੁਲ੍ਹਾਏ ਜੀਵ ਜੰਤ, ਜਨ ਜਨਨੀ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਰੂਪ ਦਰਸਾਇੰਦਾ। ਛੇ ਘਰ ਛੇ ਉਪਦੇਸ, ਨਾਮੇ ਰਸਨਾ ਹਰਿ ਹਰਿ ਗਾਇਆ। ਏਕਾ ਰੂਪ ਹੋ ਪ੍ਰਵੇਸ਼, ਛੇ ਦਰ ਦਏ ਖੁਲਾਇਆ। ਛੇ ਸ਼ਾਸਤਰ ਸੀਸ ਝੁਕਾਇਨ, ਬਾਸ਼ਕ ਤਸ਼ਕਾ ਨਿਉਂ ਨਿਉਂ ਚਰਨ ਧਿਆਨ ਲਗਾਇਆ। ਆਪੇ ਵੇਖੇ ਰਿਖੀ ਕੇਸ, ਗਵਰਧਨ ਧਾਰੀ ਬੇਪ੍ਰਵਾਹਿਆ। ਲੇਖਾ ਜਾਣੇ ਦਸ ਦਸਮੇਸ, ਆਪ ਆਪਣਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮਾ ਠਾਕਰ ਰਹੇ ਹਮੇਸ਼, ਨਾ ਮਰੇ ਨਾ ਜਾਇਆ। ਨਾਮੇ ਤੇਰੀ ਰੋਟੀ ਦਾਲ, ਪ੍ਰਭ ਸਾਚੇ ਲੇਖੇ ਲਾਈਆ। ਘਰ ਆਏ ਚਾਰੇ ਤੇਰਾ ਮਾਲ, ਸਤਿ ਸਵਾਣੀ ਭੇਵ ਨਾ ਰਾਈਆ। ਆਦਿ ਜੁਗਾਦਿ ਕਰੇ ਪ੍ਰਿਤਪਾਲ, ਜੁਗ ਜੁਗ ਆਪਣਾ ਵੇਸ ਵਟਾਈਆ। ਨੇੜ ਨਾ ਆਏ ਕਾਲ ਮਹਾਂਕਾਲ, ਹਰਿਜਨ ਸਾਚੇ ਆਪਣੇ ਵਿਚ ਟਿਕਾਈਆ। ਸ਼ਬਦ ਸਰੂਪੀ ਬਣ ਦਲਾਲ, ਲੋਕਮਾਤ ਲਏ ਮਿਲਾਈਆ। ਤੇਰੀ ਘਾਲਨ ਆਪੇ ਘਾਲ, ਗੁਰਮੁਖਾਂ ਸੇਵ ਕਮਾਈਆ। ਸਿੰਘ ਭਗਤ ਭਗਵਨ ਆਪੇ ਭਾਲ, ਨਾਮ ਨਾਮਾ ਸਾਚੇ ਰੰਗ ਰੰਗਾਈਆ। ਆਪਣੇ ਸਰੋਵਰ ਮਾਰ ਉਛਾਲ, ਆਪਣਾ ਮੋਤੀ ਆਪੇ ਬਾਹਿਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦਰਸ ਆਪਣਾ ਆਪ ਵਖਾਈਆ। ਨਿਰਗੁਣ ਦਰਸ ਅਗੰਮ ਅਪਾਰ, ਹਰਿ ਹਰਿ ਆਪ ਵਖਾਇੰਦਾ। ਕਾਗਦ ਕਲਮ ਨਾ ਲਿਖਣਹਾਰ, ਸਤਿ ਸਰੋਵਰ ਅਠਾਰਾਂ ਭਾਰ ਬਨਾਸਪਤ ਮੁਖ ਸ਼ਰਮਾਇੰਦਾ। ਗੁਰਸਿਖ ਤੇਰਾ ਪਾਰ ਕਿਨਾਰ, ਆਰ ਪਾਰ ਨਾ ਕੋਈ ਜਣਾਇੰਦਾ। ਲੇਖਾ ਜਾਣੇ ਹਰਿ ਨਿਰੰਕਾਰ, ਜੁਗ ਆਪਣਾ ਵੇਸ ਵਟਾਇੰਦਾ। ਕਲਜੁਗ ਅੰਤਮ ਲਏ ਅਵਤਾਰ, ਨਿਹਕਲੰਕਾ ਨਾਉਂ ਧਰਾਇੰਦਾ। ਸਾਚੀ ਭੂਮਕਾ ਸੁਹਾਏ ਬੰਕ ਦਵਾਰ, ਜਿਸ ਦਰ ਸਾਚਾ ਚਰਨ ਟਿਕਾਇੰਦਾ। ਨਾਮਾ ਆਇਆ ਤ੍ਰੈ ਤ੍ਰੈ ਵਾਰਾ, ਤ੍ਰੈ ਤ੍ਰੈ ਦਿਨ ਆਪਣੀ ਅਲਫ਼ੀ ਹੇਠ ਵਿਛਾਇੰਦਾ। ਮੰਗੇ ਮੰਗ ਬਣ ਭਿਖਾਰਾ, ਕਵਣ ਰੂਪ ਨਿਰਗੁਣ ਲੋਕਮਾਤ ਵਟਾਇੰਦਾ। ਕਲਜੁਗ ਅੰਤਮ ਖੇਲ ਨਿਆਰਾ, ਸਾਚੀ ਭੂਮਕਾ ਦਏ ਸਹਾਰਾ, ਸਚ ਸਿੰਘਾਸਣ ਉਪਰ ਡਾਹਿੰਦਾ। ਪਿਛਲਾ ਲਹਿਣਾ ਕਰਜ ਉਤਾਰਾ, ਭਗਤਨ ਭਗਵਨ ਕਰੇ ਪਿਆਰਾ, ਸ਼ਬਦ ਵਿਚੋਲਾ ਅਗੰਮ ਅਪਾਰਾ, ਬ੍ਰਹਮਾ ਵੇਦ ਭੇਵ ਨਾ ਪਾਇੰਦਾ। ਪੁਰਾਨ ਅਠਾਂਰਾਂ ਰਹੇ ਪੁਕਾਰਾ, ਗੀਤਾ ਗਿਆਨ ਕਰੇ ਸਹਾਰਾ, ਅੰਜੀਲ ਕੁਰਾਨਾ ਏਕਾ ਨਾਅਰਾ, ਖਾਣੀ ਬਾਣੀ ਬੰਨੇ ਧਾਰਾ, ਬਿਨ ਹਰਿ ਸਾਚੇ ਘਰ ਨਾ ਕੋਈ ਪਾਇੰਦਾ। ਗੁਰਮੁਖ ਮੇਲਾ ਹਰਿ ਸੱਜਣ ਮੀਤ ਮੁਰਾਰਾ, ਮੀਤ ਮੁਰਾਰੀ ਫੇਰਾ ਪਾਇੰਦਾ। ਝੂਠਾ ਜੂਠਾ ਤਜ ਸਰਬ ਸੰਸਾਰਾ, ਕਾਮ ਕਰੋਧ ਲੋਭ ਮੋਹ ਹੰਕਾਰ ਤ੍ਰੈ ਅਗਨੀ ਆਪੇ ਲਾਇੰਦਾ। ਵਿਭਚਾਰ ਕਰਾਏ ਨਾਰੀ ਨਾਰਾ, ਦੁਸ਼ਟ ਦੁਰਾਚਾਰਾ ਵੇਖ ਵਿਖਾਇੰਦਾ। ਬਿਨ ਗੁਰਸਿਖ ਆਤਮ ਹੋਏ ਨਾ ਠੰਡੀ ਠਾਰਾ, ਜੀਵ ਜੰਤ ਸਰਬ ਕੁਰਲਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ, ਦਰ ਦਰਵੇਸ਼ ਨਰ ਨਰੇਸ਼ ਨਾਮੇ ਘਰ ਸਿੰਘ ਭਗਤ ਵਰ ਮੰਗਣ ਆਇਆ ਚਲਕੇ ਵਾੜਾ, ਨਿਰਗੁਣ ਆਪਣੀ ਝੋਲੀ ਅੱਗੇ ਡਾਹਿੰਦਾ। ਸਤਿਜੁਗ ਬਣੇ ਇਕ ਦਵਾਰਾ, ਸ਼ਾਹ ਪਾਤਸ਼ਾਹ ਨਿਉਂ ਨਿਉਂ ਸੀਸ ਝੁਕਾਇੰਦਾ। ਤਖ਼ਤ ਨਿਵਾਸਾ ਪੁਰਖ ਅਬਿਨਾਸ਼ਾ, ਬੇਪ੍ਰਵਾਹ ਬਣੇ ਮਲਾਹ, ਕਲਜੁਗ ਬੇੜਾ ਆਪ ਤਰਾਇੰਦਾ। ਮੂਰਖ ਮੁਗਧ ਅਞਾਣ ਕਰਨ ਹਾਸਾ, ਕਲਜੁਗ ਅੰਦਰ ਬਹਿ ਬਹਿ ਦਏ ਦਲਾਸਾ, ਰਾਏ ਧਰਮ ਵੇਖ ਵਖਾਇੰਦਾ। ਹਰਿ ਭਗਤਾਂ ਬਖਸ਼ੇ ਚਰਨ ਭਰਵਾਸਾ, ਲੇਖਾ ਜਾਣੇ ਰਸਨ ਸਵਾਸਾ, ਪਵਣ ਸਵਾਸੀ ਆਪ ਸਮਾਇੰਦਾ। ਪਾਰ ਕਰਾਏ ਗਗਨ ਗਗਨੰਤਰ ਪ੍ਰਿਥਮੀ ਆਕਾਸਾ, ਸਚਖੰਡ ਦਵਾਰਾ ਏਕੰਕਾਰਾ, ਨਿਰਗੁਣ ਧਾਰ ਪੁਰਖ ਅਗੰਮੜਾ, ਹੱਡ ਮਾਸ ਨਾੜੀ ਨਾ ਚਮੜਾ, ਹਰਿਜਨ ਸਾਚੇ ਜੀਓਂ ਪਿੰਡ ਤਨ ਕਾਚੇ ਸਾਚੀ ਵਸਤ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫਲ ਫਲਵਾੜੀ ਆਪੇ ਵੇਖ ਵਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗਲਾ ਜਨਮ ਧੁਰ ਦਾ ਕਰਮ, ਲੇਖਾ ਲਿਖਿਆ ਧੁਰ ਆਪ ਪ੍ਰਗਟਾਇੰਦਾ।