Granth 09 Likhat 051: 18 Faggan 2016 Bikarmi Hardit Singh de Ghar Itarsi

੧੮ ਫਗਣ ੨੦੧੬ ਬਿਕ੍ਰਮੀ ਹਰਦਿਤ ਸਿੰਘ ਦੇ ਘਰ ਅਟਾਰਸੀ

ਹਰੀ ਹਰਿ ਰੂਪ ਨਿਰਾਕਾਰ, ਨਿਰਗੁਣ ਆਪਣਾ ਨਾਉਂ ਰਖਾਈਆ। ਸਤਿਗੁਰ ਖੇਲ ਪੁਰਖ ਕਰਤਾਰ, ਸਚਖੰਡ ਦਵਾਰੇ ਆਪ ਖਲਾਈਆ। ਲੋਕਮਾਤ ਲੈ ਅਵਤਾਰ, ਗੁਰ ਗੁਰ ਵੇਖ ਵਖਾਈਆ। ਜਨ ਭਗਤਾਂ ਦੇਵੇ ਇਕ ਆਧਾਰ, ਆਸਾ ਮਨਸਾ ਤ੍ਰਿਪਤ ਕਰਾਈਆ। ਸੰਤ ਸੁਹੇਲੇ ਖੋਲ੍ਹ ਕਿਵਾੜ, ਘਰ ਘਰ ਵਿਚ ਮੇਲ ਮਿਲਾਈਆ। ਗੁਰਮੁਖ ਸਾਚੇ ਪੌੜੇ ਚਾੜ੍ਹ, ਸ਼ਬਦ ਡੋਰੀ ਹੱਥ ਫੜਾਈਆ। ਗੁਰਸਿਖ ਉਜਾਲਾ ਨਾੜ ਨਾੜ, ਦੀਨ ਦਿਆਲਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਖੇਲ ਖਿਲਾਈਆ। ਨਿਰਗੁਣ ਦਾਤਾ ਬੇਪਰਵਾਹ, ਆਦਿ ਜੁਗਾਦਿ ਸਮਾਇਆ। ਸਤਿਗੁਰ ਪੂਰਾ ਬਣ ਮਲਾਹ, ਲੋਕਮਾਤ ਵੇਸ ਵਟਾਇਆ। ਗੁਰ ਗੁਰ ਸ਼ਬਦ ਦਏ ਜਣਾ, ਇਸ਼ਟ ਦੇਵ ਇਕ ਅਖਵਾਇਆ। ਭਗਤ ਭਗਵੰਤ ਮੇਲ ਮਿਲਾ, ਆਪ ਆਪਣਾ ਰੰਗ ਰੰਗਾਇਆ। ਸੰਤ ਸੁਹੇਲੇ ਲਏ ਜਗਾ, ਆਲਸ ਨਿੰਦਰਾ ਦਏ ਮਿਟਾਇਆ। ਗੁਰਮੁਖ ਅੰਗੀ ਅੰਗ ਕਰਾ, ਆਪ ਆਪਣੀ ਗੋਦ ਸੁਹਾਇਆ। ਗੁਰਸਿਖ ਸਿਖਿਆ ਸਿਖ ਪੜ੍ਹਾ, ਸਿਖ ਮਤ ਇਕ ਦ੍ਰਿੜਾਇਆ। ਧੁਰ ਦਾ ਲਿਖਿਆ ਝੋਲੀ ਪਾ, ਜਗਤ ਮਿਥਿਆ ਦਏ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਬੇਪਰਵਾਹਿਆ। ਨਿਰਗੁਣ ਦਾਤਾ ਧੁਰ ਦਰਬਾਰ, ਘਰ ਸਾਚਾ ਇਕ ਸੁਹਾਈਆ। ਸਤਿਗੁਰ ਰੂਪ ਅਗੰਮ ਅਪਾਰ, ਆਪਣਾ ਆਪ ਆਪ ਪਰਗਟਾਈਆ। ਗੁਰ ਗੁਰ ਵੇਖੇ ਏਕਾ ਧਾਰ, ਏਕਾ ਏਕ ਸਚ ਜਣਾਈਆ। ਭਗਤ ਭਗਵੰਤ ਖੇਲ ਸੰਸਾਰ, ਆਦਿ ਜੁਗਾਦਿ ਵੇਖ ਵਖਾਈਆ। ਸੰਤ ਕੰਤ ਬਣ ਭਤਾਰ, ਨਾਰ ਪਿਆਰ ਸੇਜ ਹੰਢਾਈਆ। ਗੁਰਮੁਖ ਨਾਦ ਸ਼ਬਦ ਧੁਨਕਾਰ, ਧੁਨ ਆਤਮਕ ਅੰਤਰ ਆਪ ਵਜਾਈਆ। ਗੁਰਸਿਖ ਦਰਸ ਦਰਸ ਅਪਾਰ, ਘਰ ਘਰ ਵਿਚ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਵਾ ਬਾਤੀ ਇਕ ਟਿਕਾਈਆ। ਨਿਰਗੁਣ ਦੀਆ ਬਾਤੀ ਕਮਲਾਪਾਤੀ, ਹਰਿ ਮੰਦਰ ਆਪ ਸੁਹਾਇੰਦਾ। ਬੰਕ ਕਿਵਾੜਾ ਖੋਲ੍ਹੇ ਤਾਕੀ ਮਾਰੇ ਝਾਕੀ, ਆਪ ਆਪਣਾ ਪੜਦਾ ਲਾਹਿੰਦਾ। ਅੰਮ੍ਰਿਤ ਬਾਟੀ ਸਾਚਾ ਸਾਕੀ, ਭਰ ਪਿਆਲਾ ਜਾਮ ਪਿਆਇੰਦਾ। ਅਸਵ ਘੋੜਾ ਸਾਚਾ ਰਾਕੀ, ਮਾਰ ਪਲਾਕੀ ਸਚ ਸਿੰਘਾਸਣ ਆਸਣ ਲਾਇੰਦਾ। ਪੁਰਖ ਅਬਿਨਾਸ਼ੀ ਪਾਕਨ ਪਾਕੀ, ਲੇਖਾ ਜਾਣੇ ਖ਼ਾਕਨ ਖ਼ਾਕੀ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਆਪਣਾ ਆਪ ਸੁਹਾਇੰਦਾ। ਨਿਰਗੁਣ ਨਿਰਗੁਣ ਨਿਰਗੁਣ ਰੰਗ, ਹਰਿ ਆਪ ਆਪਣਾ ਵੇਖ ਵਖਾਈਆ। ਸਤਿਗੁਰ ਪੂਰਾ ਇਕ ਸਰਬੰਗ, ਸੂਰਬੀਰ ਵੱਡੀ ਵਡਿਆਈਆ। ਗੁਰ ਗੁਰ ਵਜਾਏ ਸਚ ਮਰਦੰਗ, ਸਤਿ ਦਮਾਮਾ ਹੱਥ ਉਠਾਈਆ। ਭਗਤਾਂ ਅੰਦਰ ਆਪੇ ਲੰਘ, ਆਪ ਆਪਣਾ ਦਰ ਖੁਲ੍ਹਾਈਆ। ਸੰਤਨ ਮਾਣੇ ਸੇਜ ਪਲੰਘ, ਆਪੇ ਸੁੱਤਾ ਬੇਪਰਵਾਹੀਆ। ਗੁਰਮੁਖ ਲਗਾਏ ਆਪਣੇ ਅੰਗ, ਆਪਣਾ ਅੰਗਨ ਆਪ ਸੁਹਾਈਆ। ਗੁਰਸਿਖ ਸਚ ਦਵਾਰੇ ਜਾਏ ਲੰਘ, ਅਧਵਿਚਕਾਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਹੱਥ ਵਡਿਆਈ ਰੱਖ ਕਰਤਾਰ, ਸਿਰਜਣਹਾਰ ਸਗਲਾ ਖੇਲ ਖਿਲਾਇੰਦਾ। ਜੋਤ ਉਜਾਲਾ ਹੋ ਉਜਿਆਰ, ਵਿਚ ਸੰਸਾਰ ਨੂਰ ਨੁਰਾਨਾ ਡਗਮਗਾਇੰਦਾ। ਦੀਨ ਦਿਆਲਾ ਸਚਖੰਡ ਸੱਚੀ ਧਰਮਸਾਲ, ਵਸਣਹਾਰ ਲੋਕਮਾਤੀ ਵੇਸ ਵਟਾਇੰਦਾ। ਕਾਲ ਮਹਾਂਕਾਲਾ ਕਰ ਭਿਖਾਰ, ਸਾਚੇ ਤਖ਼ਤ ਸਚੀ ਸਰਕਾਰ, ਹੁਕਮੀ ਹੁਕਮ ਆਪ ਚਲਾਇੰਦਾ। ਸਤਿਗੁਰ ਰੂਪ ਏਕੰਕਾਰ, ਆਦਿ ਜੁਗਾਦੀ ਨਾਉਂ ਰਖਾਇੰਦਾ। ਗੁਰ ਗੁਰ ਜਾਣੇ ਸਾਚੀ ਕਾਰ, ਲੋਕਮਾਤ ਰਾਹ ਵਖਾਇੰਦਾ। ਭਗਤਨ ਭਗਤੀ ਭਰ ਭੰਡਾਰ, ਸਤਿ ਭੰਡਾਰਾ ਆਪ ਵਰਤਾਇੰਦਾ। ਸੰਤ ਸੁਹੇਲੇ ਵੇਖੇ ਡੂੰਘੀ ਗਾਰ, ਕਾਇਆ ਕਵਰੀ ਫੋਲ ਫੁਲਾਇੰਦਾ। ਗੁਰਮੁਖ ਸੱਜਣ ਸਾਚੇ ਤਾੜ, ਤ੍ਰੈ ਤ੍ਰੈ ਲੋਕਾਂ ਪਾਰ ਕਰਾਇੰਦਾ। ਗੁਰਸਿਖ ਮੇਲਾ ਮੀਤ ਮੁਰਾਰ, ਪ੍ਰੀਤਮ ਪਿਆਰਾ ਆਪ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਵਿਚ ਸਮਾਇੰਦਾ। ਜੋਤ ਸਮਾਏ ਹਰਿ ਰਘੁਰਾਏ, ਭੇਵ ਕੋਇ ਨਾ ਪਾਇੰਦਾ। ਖੇਲ ਖਿਲਾਏ ਬੇਪਰਵਾਹੇ, ਦਿਸ ਕਿਸੇ ਨਾ ਆਇੰਦਾ। ਬਣਤ ਬਣਾਏ ਰਚਨ ਰਚਾਏ, ਲੱਖ ਚੁਰਾਸੀ ਰੰਗ ਰੰਗਾਇੰਦਾ। ਘਟ ਘਟ ਅੰਦਰ ਜੋਤ ਜਗਾਏ ਡਗਮਗਾਏ, ਅੰਧ ਅੰਧੇਰ ਗਵਾਇੰਦਾ। ਅਨਹਦ ਨਾਦ ਵਜਾਏ ਧੁਨ ਸੁਣਾਏ, ਸਾਚਾ ਮੰਗਲ ਆਪੇ ਗਾਇੰਦਾ। ਅੰਮ੍ਰਿਤ ਜਾਮ ਪਿਆਏ, ਸਰ ਸਰੋਵਰ ਇਕ ਨੁਹਾਏ, ਦੁਰਮਤ ਮੈਲ ਧਵਾਇੰਦਾ। ਕਾਗੋਂ ਹੰਸ ਬਣਾਏ, ਸੋਹੰ ਹੰਸਾ ਚੋਗ ਚੁਗਾਏ, ਮਾਣਕ ਮੋਤੀ ਆਪ ਉਪਾਇੰਦਾ। ਜੂਠਾ ਝੂਠਾ ਦਾਗ ਮਿਟਾਏ, ਆਤਮ ਜੋਤੀ ਚਿਰਾਗ ਜਲਾਏ, ਘਰ ਮੰਦਰ ਇਕ ਸੁਹਾਇੰਦਾ। ਸਾਕੀ ਬਣ ਬਣ ਜਾਮ ਪਿਆਏ, ਤ੍ਰਿਸ਼ਨਾ ਭੁੱਖ ਆਪ ਮਿਟਾਏ, ਸਾਂਤਕ ਸਤਿ ਆਪ ਕਰਾਇੰਦਾ। ਪੂਰਬ ਲੇਖਾ ਵੇਖ ਵਖਾਏ, ਅੱਗੇ ਲਹਿਣਾ ਝੋਲੀ ਪਾਏ, ਲਿਖਿਆ ਲੇਖ ਨਾ ਕੋਇ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਲੇਖਾ ਲਿਖਣਹਾਰਾ, ਆਪੇ ਕਰੇ ਵਣਜ ਵਣਜਾਰਾ, ਆਪੇ ਹੱਟੋ ਹੱਟ ਵਿਕਾਇੰਦਾ । ਸਾਚਾ ਹੱਟ ਨਿਰਗੁਣ ਨਰਾਇਣ, ਏਕਾ ਏਕ ਖੁਲਾਈਆ। ਔਖਾ ਘਾਟ ਕੋਈ ਨਾ ਵੇਖੇ ਨੈਣ, ਕੋਟਨ ਕੋਟ ਰਾਹ ਤਕਾਈਆ। ਸਤਿਗੁਰ ਪੂਰਾ ਸਾਕ ਸੈਣ, ਏਕਾ ਮਾਰਗ ਦਏ ਵਖਾਈਆ। ਗੁਰ ਗੁਰ ਮੂਰਤ ਏਕਾ ਧਾਮ ਇਕੱਠੇ ਬਹਿਣ, ਪੁਰਖ ਅਕਾਲ ਵੱਡੀ ਵਡਿਆਈਆ। ਭਗਤਨ ਚੁਕਾਏ ਲਹਿਣਾ ਦੇਣ, ਲੇਖਾ ਲੇਖੇ ਲਏ ਲਗਾਈਆ। ਸੰਤਨ ਬਣੇ ਸਾਕ ਸੈਣ, ਸੱਜਣ ਮੀਤ ਬੇਪਰਵਾਹੀਆ। ਗੁਰਮੁਖ ਧੰਨ ਧੰਨ ਸਦ ਰਸਨਾ ਕਹਿਣ, ਜਿਹਵਾ ਗੁਣ ਵਡ ਵਡਿਆਈਆ। ਗੁਰਸਿਖ ਪੇਖੇ ਦਰਸ ਨਿਜ ਨੇਤਰ ਨੈਣ, ਆਪ ਆਪਣੀ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਸਨ ਦਾਸਾ ਸ਼ਾਹੋ ਸ਼ਾਬਾਸਾ, ਪੁਰਖ ਅਬਿਨਾਸ਼ਾ ਖੇਲ ਤਮਾਸ਼ਾ, ਜੁਗ ਜੁਗ ਵੇਖ ਵਖਾਈਆ। ਖੇਲ ਅਪਾਰਾ ਹਰਿ ਨਿਰੰਕਾਰਾ, ਜੁਗ ਜੁਗ ਵੇਖ ਵਿਖਾਇੰਦਾ। ਲਏ ਅਵਤਾਰਾ ਵਿਚ ਸੰਸਾਰਾ, ਗੁਰ ਗੁਰ ਨਾਉਂ ਉਪਾਇੰਦਾ। ਭਗਤ ਭੰਡਾਰਾ ਬਣ ਵਰਤਾਰਾ, ਸਾਚੀ ਭਿਛਿਆ ਇਕ ਵਖਾਇੰਦਾ। ਸੰਤ ਹੁਲਾਰਾ ਸ਼ਬਦ ਜੈਕਾਰਾ, ਏਕਾ ਰਾਗ ਅਲਾਇੰਦਾ । ਗੁਰਸਿਖ ਉਜਿਆਰਾ ਪਾਇਆ ਪੁਰਖ ਅਪਾਰਾ, ਅਗੰਮ ਅਗੰਮੜੀ ਖੇਲ ਖਿਲਾਇੰਦਾ। ਗੁਰਸਿਖ ਉਤਾਰਾ ਪਾਰ ਕਿਨਾਰਾ, ਭਵ ਸਾਗਰ ਨਾ ਕੋਇ ਰੁੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪੇ ਵੇਖ ਵਖਾਇੰਦਾ। ਲੇਖਾ ਲਿਖੇ ਨਿਰਗੁਣ ਦਾਤਾ, ਦੂਸਰ ਅਵਰ ਨਾ ਕੋਇ ਜਣਾਇੰਦਾ। ਸਤਿਗੁਰ ਪੂਰਾ ਪੁਰਖ ਬਿਧਾਤਾ, ਪੁਰਖ ਪੁਰਖੋਤਮ ਨਾਉਂ ਧਰਾਇੰਦਾ। ਗੁਰ ਗੁਰ ਵਿਚ ਸੰਸਾਰਾ ਵਰਨਾ ਵਰਨ ਗੋਤ ਨਾ ਕੋਇ ਜਣਾਇੰਦਾ। ਭਗਤਨ ਬਣੇ ਪਿਤਾ ਮਾਤਾ, ਬਾਲ ਬਾਲਾ ਗੋਦ ਉਠਾਇੰਦਾ। ਸੰਤਨ ਮੇਟ ਅੰਧੇਰੀ ਰਾਤਾ, ਨਿਰਗੁਣ ਸਾਚਾ ਚੰਦ ਚੜ੍ਹਾਇੰਦਾ। ਗੁਰਮੁਖ ਮੇਲ ਇਕ ਇਕਾਂਤਾ, ਇਕ ਇਕੱਲਾ ਫੇਰੀ ਪਾਇੰਦਾ। ਗੁਰਸਿਖ ਜਣਾਏ ਸਾਚੀ ਗਾਥਾ, ਗੀਤ ਗੋਬਿੰਦ ਆਪ ਅਲਾਇੰਦਾ। ਆਪ ਨਿਭਾਏ ਸਗਲਾ ਸਾਥਾ, ਦਰ ਘਰ ਸਾਚੇ ਸੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਮੇਲ ਮਿਲਾਏ ਸਾਚਾ ਮੀਤਾ, ਇਕ ਅਤੀਤਾ ਏਕਾ ਰੰਗ ਸਮਾਈਆ। ਜੁਗ ਜੁਗ ਜਾਣੇ ਆਪਣੀ ਰੀਤਾ, ਪਤਤ ਪੁਨੀਤਾ ਪਤਤ ਪਾਪੀ ਲਏ ਤਰਾਈਆ। ਏਕਾ ਰੰਗ ਰੰਗਾਏ ਹਸਤ ਕੀਟਾ, ਧਾਮ ਵਖਾਏ ਇਕ ਅਨਡੀਠਾ, ਸਚਖੰਡ ਦਵਾਰਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਮੱਤ ਆਪਣੇ ਹੱਥ ਰਖਾਈਆ। ਸਾਚੀ ਮਤ ਸਤਿਗੁਰ ਹੱਥ, ਸਤਿ ਸਤਿ ਸਤਿ ਵਰਤਾਇੰਦਾ। ਗੁਰ ਗੁਰ ਚਲਾਏ ਜਗਤ ਰਥ, ਰਥ ਰਥਵਾਹੀ ਫੇਰਾ ਪਾਇੰਦਾ। ਭਗਤਨ ਦੇਵੇ ਏਕਾ ਵਥ, ਸਾਚੀ ਵਸਤੂ ਵੰਡ ਵੰਡਾਇੰਦਾ। ਸੰਤਨ ਕਰੇ ਇਕ ਅਕੱਠ, ਏਕਾ ਅੱਖਰ ਨਾਮ ਪੜ੍ਹਾਇੰਦਾ। ਗੁਰਮੁਖਾਂ ਗੇੜੇ ਉਲਟੀ ਲੱਠ, ਮਨ ਮਨੂਆ ਆਪ ਫਿਰਾਇੰਦਾ। ਗੁਰਸਿਖਾਂ ਅੰਮ੍ਰਿਤ ਦੇਵੇ ਝੱਟ, ਨਿਝਰ ਝਿਰਨਾ ਆਪ ਝਿਰਾਇੰਦਾ। ਆਪੇ ਸੋਏ ਸਾਚੀ ਖਾਟ, ਸਾਚੀ ਸੇਜਾ ਆਪ ਹੰਢਾਇੰਦਾ। ਆਪੇ ਜਾਣੇ ਨੇੜੇ ਵਾਟ, ਦੂਰ ਦੁਰਾਡਾ ਪੰਧ ਮੁਕਾਇੰਦਾ। ਆਪੇ ਚੜ੍ਹੇ ਔਖੇ ਘਾਟ, ਪਾਰ ਕਿਨਾਰੇ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੰਗਲ ਆਪੇ ਗਾਇੰਦਾ। ਮੰਗਲ ਗਾਏ ਗੀਤ ਸੁਹਾਗੀ ਹਰਿ ਹਰਿ ਰਾਗੀ, ਲੇਖਾ ਲੇਖ ਨਾ ਕੋਇ ਜਣਾਈਆ। ਆਦਿ ਜੁਗਾਦੀ ਬਣ ਬੈਰਾਗੀ ਹੋਏ ਤਿਆਗੀ, ਤ੍ਰੈਗੁਣ ਮੇਲ ਅਨੂਪ ਮਿਲਾਈਆ। ਆਪਣਾ ਵਰਤੇ ਸਵਾਂਗ ਸਵਾਂਗੀ, ਨਾ ਕੋਈ ਜਾਣੇ ਰਾਗੀ ਨਾਦੀ, ਰਾਗ ਰਾਗਾਂ ਭੇਵ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਰਵੇਸ਼ਾ ਇਕ ਅਖਵਾਈਆ। ਦਰ ਦਰਵੇਸ਼ ਸ਼ਾਹ ਨਰੇਸ਼, ਏਕਾ ਏਕ ਅਖਵਾਇੰਦਾ। ਲੇਖਾ ਜਾਣੇ ਬ੍ਰਹਮਾ ਵਿਸ਼ਨ ਮਹੇਸ਼ ਗਣਪਤ ਗਣੇਸ਼, ਗਿਣ ਗਿਣ ਲੇਖਾ ਆਪ ਚੁਕਾਇੰਦਾ। ਆਪੇ ਸੋਇਆ ਬਾਸ਼ਕ ਸ਼ੇਸ਼, ਆਦਿ ਜੁਗਾਦੀ ਰਹੇ ਹਮੇਸ਼, ਜੀਵਨ ਮਰਨ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਇੰਦਾ। ਜੋਤੀ ਜਾਮਾ ਸ਼ਬਦ ਦਮਾਮਾ, ਨਿਰਗੁਣ ਆਪਣਾ ਆਪ ਵਜਾਇੰਦਾ। ਕਰੇ ਖੇਲ ਸ੍ਰੀ ਭਗਵਾਨਾ, ਦੋ ਜਹਾਨਾ ਲੋਕਮਾਤ ਵੇਖ ਵਖਾਇੰਦਾ। ਸਾਚੀ ਸਖੀਆਂ ਗੋਪੀ ਕਾਹਨਾ, ਗੁਣ ਨਿਧਾਨਾ ਏਕਾ ਬੰਸਰੀ ਨਾਮ ਸੁਣਾਇੰਦਾ। ਸਾਚੀ ਸੁਰਤੀ ਸੀਤਾ ਰਾਮਾ, ਬਖ਼ਸ਼ੇ ਚਰਨ ਧਿਆਨਾ, ਸਤਿ ਸੰਤੋਖ ਇਕ ਦ੍ਰਿੜਾਇੰਦਾ। ਸਾਚਾ ਮੰਤਰ ਸਚ ਗਿਆਨਾ, ਦੇਵਣਹਾਰ ਪੁਰਖ ਸੁਲਤਾਨਾ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਭਗਤਨ ਬੰਨ੍ਹੇ ਸਾਚਾ ਗਾਨਾ, ਵਿਚ ਜਹਾਨਾ ਸਾਚਾ ਸਗਨ ਮਨਾਇੰਦਾ। ਸੰਤਨ ਆਤਮ ਦੇਵੇ ਪੀਣਾ ਖਾਣਾ, ਆਪੇ ਰੱਖੇ ਆਪਣੇ ਭਾਣਾ, ਹਰਿ ਭਾਣੇ ਆਪ ਸਮਾਇੰਦਾ। ਗੁਰਮੁਖ ਸੁਣਾਏ ਏਕਾ ਗਾਣਾ ਧੁਰ ਫ਼ਰਮਾਣਾ, ਅਨਾਦਿ ਅਨਾਦੀ ਰਾਗ ਅਲਾਇੰਦਾ। ਗੁਰਸਿਖ ਬਣਾਏ ਚਤਰ ਸੁਘੜ ਸਿਆਣਾ, ਬਾਲ ਅੰਜਾਣਾ ਬਾਲੀ ਬੁਧ ਵੇਖ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਧਨ ਸਰਧਨ ਸਰਧਨ ਨਿਰਧਨ ਏਕਾ ਘਰ ਬਹਾਇੰਦਾ। ਨਿਰਧਨ ਸਰਧਨ ਨਿਰਗੁਣ ਰੂਪ, ਹਰੀ ਹਰਿ ਹਰਿ ਆਪ ਬਣਾਈਆ। ਸਤਿਗੁਰ ਪੂਰਾ ਸਤਿ ਸਰੂਪ, ਚਾਰੋਂ ਕੁੰਟ ਵੇਖ ਵਖਾਈਆ। ਭਗਤਨ ਮੇਟੇ ਅੰਧ ਕੂਪ, ਅੰਧ ਅੰਧੇਰ ਰਹਿਣ ਨਾ ਪਾਈਆ। ਸੰਤ ਉਪਜਾਏ ਸਾਚੇ ਪੂਤ, ਦਰ ਘਰ ਸਾਚੇ ਵੱਜੇ ਵਧਾਈਆ। ਗੁਰਮੁਖ ਪੰਘੂੜਾ ਲੈਣਾ ਝੂਟ, ਦਰਗਹਿ ਸਾਚੀ ਆਪ ਝੁਲਾਈਆ। ਗੁਰਸਿਖ ਨਾਤਾ ਤੋੜੇ ਜੂਠ ਝੂਠ, ਸਚ ਸੁਚ ਮੇਲ ਮਿਲਾਈਆ। ਪੁਰਖ ਅਬਿਨਾਸ਼ੀ ਆਪੇ ਤੁਠ, ਜੁਗ ਜੁਗ ਵਿਛੜੇ ਮੇਲ ਮਿਲਾਈਆ। ਜਾਮ ਪਿਲਾਏ ਅੰਮ੍ਰਿਤ ਘੁਟ, ਸਰ ਸਰੋਵਰ ਇਕ ਨੁਹਾਈਆ। ਆਵਣ ਜਾਵਣ ਲਖ ਚੁਰਾਸੀ ਜਮ ਕੀ ਫਾਸੀ ਜਾਏ ਛੁੱਟ, ਰਾਏ ਧਰਮ ਨਾ ਦਏ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਮਿਲਾਏ ਆਪਣੇ ਘਰ, ਸੋ ਜਨ ਵਿਛੜ ਕਦੇ ਨਾ ਜਾਈਆ। ਸੋ ਪੁਰਖ ਨਿਰੰਜਣ ਹਰਿ ਸਮਰਥ, ਮਹਿਮਾ ਅਕਥ ਕਥੀ ਨਾ ਜਾਈਆ। ਹਰਿ ਪੁਰਖ ਨਿਰੰਜਣ ਚਲਾਏ ਆਪਣਾ ਰਥ, ਆਦਿ ਜੁਗਾਦਿ ਵੱਡੀ ਵਡਿਆਈਆ। ਏਕ ਏਕੰਕਾਰਾ ਨਿਰਾਕਾਰਾ ਸਚਖੰਡ ਦਵਾਰੇ ਆਪੇ ਵਸ, ਥਿਰ ਘਰ ਆਪਣਾ ਆਪ ਸੁਹਾਈਆ। ਆਦਿ ਨਿਰੰਜਣ ਖੇਲ ਤਮਾਸ਼, ਪੁਰਖ ਅਬਿਨਾਸ਼ ਆਪਣਾ ਆਪ ਵਖਾਈਆ। ਸ੍ਰੀ ਭਗਵਾਨ ਸਰਬ ਗੁਣਤਾਸ, ਗੁਣਵੰਤਾ ਬੇਪਰਵਾਹੀਆ। ਅਬਿਨਾਸ਼ੀ ਕਰਤਾ ਪਾਵੇ ਰਾਸ, ਦਰ ਘਰ ਸਾਚੇ ਵੱਜੇ ਵਧਾਈਆ। ਪਾਰਬ੍ਰਹਮ ਏਕਾ ਮੰਦਰ ਹੋ ਪ੍ਰਕਾਸ਼, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲਾ ਦੀਨ ਦਿਆਲਾ, ਅਜੂਨੀ ਰਹਿਤ ਅਨੁਭਵ ਪ੍ਰਕਾਸ਼ ਵਖਾਈਆ। ਸੋੋ ਪੁਰਖ ਨਿਰੰਜਣ ਬੇਪਰਵਾਹ, ਭੇਵ ਕੋਇ ਨਾ ਪਾਇੰਦਾ। ਆਦਿ ਨਿਰੰਜਣ ਖੇਲ ਖਿਲਾ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਏਕਾ ਏਕੰਕਾਰਾ ਰੰਗ ਰੰਗਾ, ਰੰਗ ਮਜੀਠੀ ਇਕ ਚੜ੍ਹਾਇੰਦਾ। ਆਦਿ ਨਿਰੰਜਣ ਜੋਤ ਜਗਾ, ਥਿਰ ਘਰ ਸਾਚਾ ਆਪ ਸੁਹਾਇੰਦਾ। ਅਬਿਨਾਸ਼ੀ ਕਰਤਾ ਵਸੇ ਏਕਾ ਥਾਂ, ਮਹੱਲ ਅਟੱਲ ਉਚ ਮੁਨਾਰ ਆਪ ਉਪਾਇੰਦਾ। ਸ੍ਰੀ ਭਗਵਾਨ ਕਰੇ ਕਰਾਏ ਸਚ ਨਿਆਂ, ਸਚ ਤਖ਼ਤ ਸੁਲਤਾਨ ਸੁਹਾਇੰਦਾ। ਪਾਰਬ੍ਰਹਮ ਵੇਖਣਹਾਰਾ ਥਾਉਂ ਥਾਂ, ਥਾਨ ਥਨੰਤਰ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਨਿਰਾਕਾਰ, ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਕੋਇ ਨਾ ਆਇੰਦਾ। ਅਲੱਖ ਅਗੋਚਰ ਅਗੰਮ ਅਥਾਹ, ਏਕਾ ਏਕ ਏਕੰਕਾਰਿਆ। ਜੁਗ ਜੁਗ ਬਣੇ ਆਪ ਮਲਾਹ, ਆਪਣਾ ਬੇੜਾ ਆਪ ਚਲਾ ਰਿਹਾ। ਆਪਣੀ ਦੇਵੇ ਆਪ ਸਲਾਹ, ਆਪ ਆਪਣਾ ਸੰਗ ਨਿਭਾ ਰਿਹਾ। ਆਪੇ ਵਸੇ ਸਾਚੇ ਥਾਂ, ਸਚਖੰਡ ਨਿਵਾਸੀ ਡੇਰਾ ਆਪਣਾ ਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਰੂਪ ਵਟਾ ਲਿਆ। ਨਿਰਗੁਣ ਰੂਪ ਇਕ ਇਕੱਲਾ, ਹਰਿ ਸੱਚਾ ਸਚ ਵਡਿਆਈਆ। ਵਸੇ ਨੇਹਚਲ ਧਾਮ ਅਟੱਲਾ, ਦਿਸ ਕਿਸੇ ਨਾ ਆਈਆ। ਜਲ ਥਲ ਮਹੀਅਲ ਆਪੇ ਰਲਾ, ਆਪ ਆਪਣੇ ਵਿਚ ਸਮਾਈਆ। ਸਚ ਸਿੰਘਾਸਣ ਏਕਾ ਮੱਲਾ, ਸੋਭਾਵੰਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਇਕ ਅਖਵਾਈਆ। ਇਕ ਇਕੱਲਾ ਕਰ ਪਸਾਰਾ, ਏਕਾ ਏਕ ਵੇਖ ਵਖਾਇੰਦਾ। ਸਚਖੰਡ ਵਸਾਏ ਇਕ ਦਵਾਰਾ, ਦਰ ਸਾਚਾ ਆਪ ਉਪਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਸ਼ਹਿਨਸ਼ਾਹ ਨਾਉਂ ਧਰਾਇੰਦਾ। ਹੁਕਮੀ ਹੁਕਮ ਵਰਤੇ ਵਰਤਾਰਾ, ਹੁਕਮੀ ਹੁਕਮ ਹੁਕਮ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,ਆਪਣਾ ਖੇਲ ਆਪ ਖਿਲਾਇੰਦਾ। ਖੇਲਣਹਾਰ ਹਰਿ ਭਗਵੰਤ, ਭੇਵ ਕੋਇ ਨਾ ਪਾਇੰਦਾ। ਸਚਖੰਡ ਨਿਵਾਸੀ ਸੋਭਾਵੰਤ, ਰੂਪ ਰੇਖ ਨਾ ਕੋਈ ਜਣਾਇੰਦਾ। ਆਪੇ ਨਾਰੀ ਆਪੇ ਕੰਤ, ਆਪੇ ਸਾਚੀ ਸੇਜ ਹੰਢਾਇੰਦਾ। ਆਪੇ ਆਦਿ ਆਪੇ ਅੰਤ, ਮਧ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਾਉਂ ਪ੍ਰਗਟਾਇੰਦਾ। ਨਿਰਗੁਣ ਨਾਉਂ ਹਰਿ ਗੋਪਾਲ, ਪਰਮ ਪੁਰਖ ਆਪ ਧਰਾਈਆ। ਆਪੇ ਵਸੇ ਸਚ ਸੱਚੀ ਧਰਮਸ਼ਾਲ, ਘਰ ਸਾਚਾ ਇਕ ਉਪਜਾਈਆ। ਦੀਪਕ ਜੋਤੀ ਆਪੇ ਬਾਲ, ਨੂਰ ਨੁਰਾਨਾ ਡਗਮਗਾਈਆ। ਆਪੇ ਚਲੇ ਆਪਣੀ ਚਾਲ, ਚਾਲ ਨਿਰਾਲੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਿੰਘਾਸਣ ਪੁਰਖ ਅਬਿਨਾਸ਼ਨ, ਆਪ ਆਪਣਾ ਆਸਣ ਲਾਈਆ। ਸਾਚਾ ਆਸਣ ਹਰਿ ਹਰਿ ਲਾ, ਸਚਖੰਡ ਦਵਾਰਾ ਆਪ ਸੁਹਾਇੰਦਾ। ਸਾਚਾ ਤਾਜ ਸੀਸ ਟਿਕਾ, ਤਖ਼ਤ ਤਾਜ ਵੇਖ ਵਖਾਇੰਦਾ। ਦਰ ਦਰਬਾਨ ਬਣ ਬੇਪਰਵਾਹ, ਨਿਉਂ ਨਿਉਂ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭਾਣਾ ਸਾਚਾ ਰਾਣਾ, ਆਪਣੇ ਹੱਥ ਰਖਾਇੰਦਾ। ਹਰਿ ਭਾਣਾ ਬਲਵਾਨ, ਭੇਵ ਕੋਈ ਨਾ ਪਾਇੰਦਾ। ਹਰਿ ਵਸੇ ਸਚ ਮਕਾਨ, ਛੱਪਰ ਛੰਨ ਨਾ ਕੋਇ ਰਖਾਇੰਦਾ। ਹਰਿ ਦਾਤਾ ਦਾਨੀ ਦੋ ਜਹਾਨ, ਆਪ ਆਪਣਾ ਖੇਲ ਖਿਲਾਇੰਦਾ। ਆਦਿ ਜੁਗਾਦੀ ਵਡ ਮਿਹਰਬਾਨ, ਭਗਵਾਨ ਆਪਣਾ ਰੂਪ ਵਟਾਇੰਦਾ। ਸਤਿ ਸਰੂਪੀ ਨੌਜਵਾਨ, ਬਿਰਧ ਬਾਲ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਏਕੰਕਾਰਾ, ਨਿਰਗੁਣ ਧਾਰਾ ਖੇਲ ਅਪਾਰਾ, ਅਲੱਖ ਅਲੱਖਣਾ ਆਪ ਲਿਖਾਇੰਦਾ। ਨਿਰਗੁਣ ਰੂਪ ਪੁਰਖ ਅਗੰਮ, ਆਦਿ ਜੁਗਾਦਿ ਸਮਾਇੰਦਾ। ਨਾ ਮਰੇ ਨਾ ਪਏ ਜੰਮ, ਜੁਗ ਜੁਗ ਆਪਣੀ ਖੇਲ ਖਿਲਾਇੰਦਾ। ਕਰਨੀ ਕਰਤਾ ਕਰੇ ਕੰਮ, ਕਰਤਾ ਪੁਰਖ ਨਾਉਂ ਧਰਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਆਪ ਆਪਣੇ ਲਏ ਜੰਮ, ਆਪਣੀ ਗੋਦੀ ਆਪ ਸੁਹਾਇੰਦਾ। ਆਪੇ ਪਵਣ ਸਵਾਸੀ ਦੇਵੇ ਦਮ, ਆਪ ਆਪਣੇ ਰੰਗ ਰੰਗਾਇੰਦਾ। ਆਪੇ ਤ੍ਰੈ ਤ੍ਰੈ ਬੇੜਾ ਬੰਨ੍ਹ, ਭਾਰ ਆਪਣੇ ਕੰਧ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਨਿਰਗੁਣ ਸਰਗੁਣ ਸਾਚੀ ਧਾਰ, ਹਰਿ ਸਾਚਾ ਸਚ ਵਰਤਾਈਆ। ਆਪਣਾ ਰੂਪ ਅਗੰਮ ਅਪਾਰ, ਹਰਿ ਆਪੇ ਵੇਖ ਵਖਾਈਆ। ਆਪੇ ਭਰੇ ਸਦ ਭੰਡਾਰ, ਵਡ ਭੰਡਾਰੀ ਬੇਪਰਵਾਹੀਆ। ਆਪੇ ਵਰਤੇ ਹਰਿ ਵਰਤਾਰ, ਹਰੀ ਹਰਿ ਆਪ ਅਖਵਾਈਆ। ਤ੍ਰੈਗੁਣ ਮਾਇਆ ਕਰ ਤਿਆਰ, ਤ੍ਰੈ ਤ੍ਰੈ ਮੇਲ ਮਿਲਾਈਆ। ਆਪੇ ਵੰਡ ਵੰਡੇ ਅਪਰ ਅਪਾਰ, ਸੋ ਪੁਰਖ ਨਿਰੰਜਣ ਖੇਲ ਖਿਲਾਈਆ। ਹੰ ਬ੍ਰਹਮ ਕਰ ਤਿਆਰ, ਸੋਇਮ ਰੂਪ ਆਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਵੇਖ ਵਖਾਈਆ। ਨਿਰਗੁਣ ਸਰਗੁਣ ਘਾੜਨ ਘੜ, ਆਪਣੀ ਰਚਨ ਰਚਾਇੰਦਾ। ਤ੍ਰੈਗੁਣ ਮਾਇਆ ਬੰਨ੍ਹੇ ਲੜ, ਪੰਚਮ ਤਤ ਵੇਖ ਵਖਾਇੰਦਾ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਲਾਏ ਜੜ, ਆਪੇ ਅੰਤ ਉਖੜਾਇੰਦਾ। ਨਿਰਗੁਣ ਰੂਪ ਅੰਦਰ ਵੜ, ਘਟ ਘਟ ਆਪਣਾ ਆਸਣ ਲਾਇੰਦਾ। ਅਗਨੀ ਹਵਨ ਨਾ ਜਾਏ ਸੜ, ਮੜੀ ਗੋਰ ਨਾ ਕੋਇ ਦਬਾਇੰਦਾ। ਹੱਥੋ ਹੱਥ ਨਾ ਸਕੇ ਕੋਈ ਫੜ, ਦਿਸ ਕਿਸੇ ਨਾ ਆਇੰਦਾ। ਆਪਣੀ ਵਿਦਿਆ ਆਪੇ ਪੜ੍ਹ, ਲੋਕਮਾਤ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਲੱਖ ਚੁਰਾਸੀ ਕਰ ਤਿਆਰ, ਬ੍ਰਹਮਾ ਸ਼ਿਵ ਸੇਵ ਲਗਾਈਆ। ਨੌਂ ਦਵਾਰੇ ਖੋਲ੍ਹ ਕਿਵਾੜ, ਪੰਜ ਤਤ ਮੇਲ ਮਿਲਾਈਆ। ਮਨਮਤ ਬੁਧ ਭਰ ਭੰਡਾਰ, ਨਿਰਗੁਣ ਆਪਣੀ ਵਸਤ ਟਿਕਾਈਆ। ਕਾਇਆ ਕਵਰੀ ਕਰ ਤਿਆਰ, ਸੁਖਮਨ ਬੈਠਾ ਮੁਖ ਛੁਪਾਈਆ। ਤ੍ਰੈ ਤ੍ਰੈ ਮੇਲਾ ਅਧਵਿਚਕਾਰ, ਬਜ਼ਰ ਕਪਾਟੀ ਕੁੰਡਾ ਲਾਹੀਆ। ਸ਼ਬਦ ਅਨਾਦਿ ਸਚੀ ਧੁਨਕਾਰ, ਘਰ ਮੰਦਰ ਬੰਦ ਵਖਾਈਆ। ਆਪੇ ਕਰੇ ਮੰਗਲਾਚਾਰ, ਪੰਚਮ ਬਹਿ ਬਹਿ ਰਾਗ ਅਲਾਈਆ। ਆਪੇ ਸੇਜਾ ਸੁਤਾ ਪੈਰ ਪਸਾਰ, ਆਤਮ ਬ੍ਰਹਮ ਵੇਖ ਵਖਾਈਆ। ਜੀਵ ਆਤਮ ਨਿਰਾਕਾਰ, ਪਰਮ ਆਤਮ ਵੇਖ ਵਖਾਈਆ। ਪੁਰਖ ਅਬਿਨਾਸ਼ੀ ਏਕੰਕਾਰ, ਨਿਰਗੁਣ ਸਰਗੁਣ ਖੇਲ ਖਿਲਾਈਆ। ਸੋ ਪੁਰਖ ਨਿਰੰਜਣ ਹੋ ਤਿਆਰ, ਹੰ ਬ੍ਰਹਮ ਕਰੇ ਕੁੜਮਾਈਆ। ਘਟ ਘਟ ਅੰਦਰ ਜੋਤ ਉਜਿਆਰ, ਆਦਿ ਨਿਰੰਜਣ ਡਗਮਗਾਈਆ। ਬਿਨ ਹਰਿ ਭਗਤ ਨਾ ਪਾਵੇ ਕੋਈ ਸਾਰ, ਦਿਸ ਕਿਸੇ ਨਾ ਆਈਆ। ਹਰਿ ਸੰਤਨ ਖੋਲ੍ਹੇ ਆਪ ਕਿਵਾੜ, ਸਿਰ ਆਪਣਾ ਹੱਥ ਟਿਕਾਈਆ। ਗੁਰਮੁਖਾਂ ਮੇਟੇ ਪੰਚਮ ਧਾੜ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਈਆ। ਗੁਰਸਿਖ ਸਾਚੇ ਮੰਦਰ ਦੇਵੇ ਵਾੜ, ਦਰ ਦਰਵਾਜਾ ਇਕ ਖੁਲ੍ਹਾਈਆ। ਜੋਤ ਜਗਾਏ ਬਹੱਤਰ ਨਾੜ, ਅੰਧ ਅੰਧੇਰ ਰਹਿਣ ਨਾ ਪਾਈਆ। ਕਾਇਆ ਮੰਦਰ ਵਖਾਏ ਸਚ ਅਖਾੜ, ਗੋਪੀ ਕਾਹਨ ਆਪ ਨਚਾਈਆ। ਲੇਖਾ ਜਾਣੇ ਜੰਗਲ ਜੂਹ ਉਜਾੜ ਪਹਾੜ, ਸਮੁੰਦ ਸਾਗਰ ਫੋਲ ਫੁਲਾਈਆ। ਹਰਿਜਨ ਘੋੜੀ ਦੇਵੇ ਚਾੜ, ਸ਼ਬਦ ਡੋਰੀ ਹੱਥ ਫੜਾਈਆ। ਮਨਮੁਖ ਸੁਤੇ ਪੈਰ ਪਸਾਰ, ਲੋਕਮਾਤ ਨਾ ਕੋਇ ਉਠਾਈਆ। ਕਾਗ ਰਲੇ ਕਾਗੀ ਡਾਰ, ਹੰਸ ਮਾਣਕ ਮੋਤੀ ਚੋਗ ਨਾ ਕੋਇ ਚੁਗਾਈਆ। ਜੂਨ ਅਜੂਨੀ ਹੋਇ ਖ਼ੁਆਰ, ਅਜੂਨੀ ਰਹਿਤ ਦਏ ਸਜ਼ਾਈਆ। ਧਰਮ ਰਾਏ ਦਰ ਮਾਰੇ ਮਾਰ, ਨਾ ਦਿਸੇ ਕੋਇ ਸਹਾਈਆ। ਬਿਨ ਸਤਿਗੁਰ ਪੂਰੇ ਕੋਇ ਨਾ ਉਤਰੇ ਪਾਰ, ਨਾ ਦੇਵੇ ਸਚ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅਨਾਦਾ ਸ਼ਬਦ ਬ੍ਰਹਿਮਾਦਾ, ਆਪਣਾ ਖੇਲ ਆਪ ਖਲਾਈਆ। ਆਪਣਾ ਖੇਲ ਖਲੰਦੜਾ ਹਰਿ ਭਗਵਾਨ, ਆਦਿ ਜੁਗਾਦੀ ਵੇਸ ਵਟਾਇੰਦਾ। ਲੋਕਮਾਤੀ ਧੁਰ ਫ਼ਰਮਾਨ, ਜੁਗ ਜੁਗ ਆਪਣਾ ਆਪ ਸੁਣਾਇੰਦਾ। ਆਪੇ ਪੰਜ ਤਤ ਕਾਇਆ ਚੋਲਾ ਹੋ ਪ੍ਰਧਾਨ, ਸਰਗੁਣ ਨਿਰਗੁਣ ਮੇਲ ਮਿਲਾਇੰਦਾ। ਆਪੇ ਦੇਵੇ ਆਪਣਾ ਦਾਨ, ਆਪਣੀ ਭਿਛਿਆ ਝੋਲੀ ਪਾਇੰਦਾ। ਆਪੇ ਆਤਮ ਅੰਤਰ ਹੋ ਹੋ ਬ੍ਰਹਮ ਗਿਆਨ, ਆਪਣਾ ਅੱਖਰ ਵੱਖਰ ਪੜ੍ਹਾਇੰਦਾ। ਆਪੇ ਰਾਗ ਰਾਗੀ ਗਾਏ ਗਾਣ, ਧੁਨ ਅਨਾਦੀ ਨਾਦ ਵਜਾਇੰਦਾ। ਆਪੇ ਲੇਖਾ ਜਾਣੇ ਵੇਦ ਪੁਰਾਨ, ਸ਼ਾਸਤਰ ਸਿਮਰਤ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਖੁਲ੍ਹਾਇੰਦਾ। ਭੇਵ ਅਭੇਦਾ ਹਰਿ ਹਰਿ ਖੋਲ੍ਹ, ਹਰਿ ਭਗਤਨ ਸਚ ਦ੍ਰਿੜਾਈਆ। ਸ਼ਬਦ ਅਗੰਮੀ ਏਕਾ ਬੋਲ, ਦੂਈ ਦਵੈਤੀ ਪੜਦਾ ਲਾਹੀਆ। ਨਾਮ ਮਰਦੰਗਾ ਵੱਜੇ ਢੋਲ, ਸੰਤ ਸੁਹੇਲੇ ਲਏ ਜਗਾਈਆ। ਗੁਰਮੁਖਾਂ ਸਦ ਵਸੇ ਕੋਲ, ਵਿਛੜ ਕਦੇ ਨਾ ਜਾਈਆ। ਗੁਰਸਿਖ ਤੋਲੇ ਸਾਚੇ ਤੋਲ, ਨਾਮ ਕੰਡਾ ਹੱਥ ਉਠਾਈਆ। ਜਗਤ ਸ੍ਰਿਸ਼ਟ ਸਬਾਈ ਰਹੇ ਅਨਭੋਲ, ਸੋਏ ਮਾਤ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪ੍ਰਵਾਹੀਆ। ਸ਼ਬਦ ਸਰੂਪੀ ਬਣ ਮਲਾਹ, ਲੋਕਮਾਤ ਫੇਰਾ ਪਾਈਆ। ਸ਼ਬਦ ਗੁਰਦੇਵ ਸਾਖਯਾਤ, ਆਦਿ ਜੁਗਾਦਿ ਸਮਾਈਆ। ਹਰਿਜਨ ਬਣਾਏ ਪਾਰਜਾਤ, ਪਰਮ ਪੁਰਖ ਮੇਲ ਮਿਲਾਇਆ। ਵੇਖਣਹਾਰਾ ਕਾਇਨਾਤ, ਪਰਵਰਦਿਗਾਰ ਬੇਐਬ ਖ਼ੁਦਾਇਆ। ਘਟ ਘਟ ਅੰਦਰ ਮਾਰੇ ਝਾਤ, ਨਿਗਾਹਬਾਨ ਰੂਪ ਵਟਾਇਆ। ਹਰਿ ਸੰਤਨ ਖੋਲੇ ਆਪਣਾ ਤਾਕ, ਆਪਣੀ ਦ੍ਰਿਸ਼ਟੀ ਆਪੇ ਪਾਇਆ। ਆਪੇ ਹੋਏ ਪਾਕੀ ਪਾਕ, ਪਤਤ ਪਾਪੀ ਲਏ ਤਰਾਇਆ। ਸ਼ਬਦ ਘੋੜੇ ਚਾੜ੍ਹੇ ਰਾਕ, ਲੋਆਂ ਪੁਰੀਆਂ ਵੇਖ ਵਖਾਇਆ। ਬ੍ਰਹਮਾ ਵਿਸ਼ਨ ਸ਼ਿਵ ਰੱਖੇ ਆਸ, ਨੇਤਰ ਨੈਣ ਰਹੇ ਉਠਾਇਆ। ਕਰੋੜ ਤੇਤੀਸਾ ਲੱਗੀ ਪਿਆਸ, ਸੁਰਪਤ ਰਾਜਾ ਇੰਦ ਰਿਹਾ ਕੁਰਲਾਇਆ। ਜਨ ਭਗਤਾਂ ਪੂਰੀ ਕਰੇ ਆਸ, ਲੋਕਮਾਤ ਫੇਰਾ ਪਾਇਆ। ਹਰਿ ਸੰਤਨ ਹੋਏ ਦਾਸੀ ਦਾਸ, ਜੁਗਾ ਜੁਗੰਤਰ ਸੇਵ ਕਮਾਇਆ। ਗੁਰਮੁਖਾਂ ਵੇਖੇ ਪ੍ਰਿਥਮੀ ਆਕਾਸ, ਤ੍ਰੈਗੁਣ ਮਾਇਆ ਫੰਦ ਕਟਾਇਆ। ਗੁਰਸਿਖ ਅੰਦਰ ਕਰ ਕਰ ਵਾਸ, ਆਪਣਾ ਮੰਤਰ ਆਪ ਦ੍ਰਿੜਾਇਆ। ਲੇਖਾ ਜਾਣੇ ਸਵਾਸ ਸਵਾਸ, ਰਸਨਾ ਜੇਹਵਾ ਆਪ ਚਲਾਇਆ। ਆਦਿ ਜੁਗਾਦਿ ਨਾ ਹੋਇ ਵਿਨਾਸ, ਸਤਿਗੁਰ ਪੂਰਾ ਸੋ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਰਚਨ ਰਚਾਇਆ। ਸਤਿਗੁਰ ਪੂਰਾ ਹਰਿ ਭਗਵਾਨ, ਦੂਸਰ ਅਵਰ ਨਾ ਕੋਇ ਵਖਾਈਆ। ਖੇਲੇ ਖੇਲ ਦੋ ਜਹਾਨ, ਬ੍ਰਹਿਮੰਡ ਖੰਡ ਵੇਖ ਵਖਾਈਆ। ਆਦਿ ਜੁਗਾਦੀ ਨੌਜਵਾਨ, ਨਾ ਮਰੇ ਨਾ ਜਾਈਆ। ਹੱਥ ਉਠਾਏ ਸਤਿ ਨਿਸ਼ਾਨ, ਸਚਖੰਡ ਦਵਾਰਾ ਆਪ ਖੁਲਾਈਆ। ਤਖ਼ਤ ਬੈਠ ਸਾਚਾ ਕਾਹਨ, ਆਪ ਆਪਣਾ ਵੇਖ ਵਖਾਈਆ। ਲੋਕਮਾਤ ਹੋ ਪਰਧਾਨ, ਸਤਿਜੁਗ ਤਰੇਤਾ ਦਵਾਪਰ ਵੇਖ ਵਖਾਈਆ। ਕਲਜੁਗ ਅੰਤਮ ਖੇਲ ਮਹਾਨ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਧਰਾਈਆ। ਵੇਸ ਅਵੱਲਾ ਇਕ ਅਕੱਲਾ, ਹਰਿ ਸਾਚਾ ਸਚ ਕਰਾਇੰਦਾ। ਸੰਬਲ ਨਗਰੀ ਸਚ ਮਹੱਲਾ, ਨਿਰਗੁਣ ਆਪਣਾ ਆਸਣ ਲਾਇੰਦਾ। ਲੱਖ ਚੁਰਾਸੀ ਆਪ ਭੁਲਾਏ ਕਰ ਕਰ ਵਲ ਛਲਾ, ਅਛਲ ਛਲ ਧਾਰੀ ਖੇਲ ਖਿਲਾਇੰਦਾ। ਜੋਤੀ ਸ਼ਬਦੀ ਆਪੇ ਰਲਾ, ਦਿਸ ਕਿਸੇ ਨਾ ਆਇੰਦਾ। ਏਕਾ ਫੜਿਆ ਤਿਖਾ ਭੱਲਾ, ਲੋਆਂ ਪੁਰੀਆਂ ਖੰਡਾਂ ਬ੍ਰਹਿਮੰਡਾਂ ਜੇਰਜ ਅੰਡਾਂ ਪਾਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੇਖਣਹਾਰ ਆਪ ਨਿਰੰਕਾਰ, ਪੰਜ ਤਤ ਨਾ ਕੋਇ ਰਖਾਇੰਦਾ। ਪੰਜ ਤਤ ਨਾ ਕੋਇ ਚੋਲਾ, ਗੁਰ ਪੀਰ ਨਾ ਕੋਇ ਅਖਵਾਈਆ। ਪੁਰਖ ਅਬਿਨਾਸ਼ੀ ਬਣਿਆ ਤੋਲਾ, ਨਿਰਗੁਣ ਆਪਣਾ ਵੇਸ ਵਟਾਈਆ। ਨਾ ਕੋਈ ਜਾਣੇ ਕਲਾਂ ਸੋਲਾਂ, ਅਕਲ ਕਲ ਆਪ ਅਖਵਾਈਆ। ਏਕਾ ਗਾਏ ਸਾਚਾ ਢੋਲਾ, ਬ੍ਰਹਮਾ ਵਿਸ਼ਨ ਸ਼ਿਵ ਕਰੋੜ ਤੇਤੀਸਾ, ਲੱਖ ਚੁਰਾਸੀ ਆਪ ਸੁਣਾਈਆ। ਕਲਜੁਗ ਅੰਤਮ ਖੇਲੇ ਹੋਲਾ, ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਆਪੇ ਵੇਖ ਵਖਾਈਆ। ਆਪੇ ਰੂਪ ਅਨੂਪ ਹੋਇ ਮੌਲਾ, ਨੂਰ ਨੁਰਾਨਾ ਡਗਮਗਾਈਆ। ਆਪੇ ਵਸੇ ਉਪਰ ਧਵਲਾ, ਆਪੇ ਸਾਂਗੋ ਪਾਂਗ ਸੇਜ ਹੰਢਾਈਆ। ਆਪੇ ਰੂਪ ਵਟਾਏ ਸਾਵਲ ਸਵਲਾ, ਮੁਕੰਦ ਮਨੋਹਰ ਲਖਮੀ ਨਰਾਇਣ ਆਪ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੇਖਾ ਜਾਣੇ ਬੇਪਰਵਾਹੀਆ। ਕਲਜੁਗ ਅੰਤਮ ਆਇਆ, ਹਰਿ ਸਾਚਾ ਖੇਲ ਖਿਲਾਇੰਦਾ। ਵੇਦ ਵਿਆਸਾ ਗਿਆ ਲਿਖਾਇਆ, ਪੂਤ ਸਪੂਤਾ ਬ੍ਰਹਿਮਣ ਗੌੜਾ ਉਚੇ ਟਿਲੇ ਪਰਬਤ ਆਸਣ ਲਾਇੰਦਾ। ਨਾਨਕ ਨਿਰਗੁਣ ਏਕਾ ਗਾਇਆ, ਪੁਰਖ ਅਕਾਲ ਮਨਾਇੰਦਾ। ਗੋਬਿੰਦ ਸਾਚਾ ਰਾਹ ਚਲਾਇਆ, ਸਾਚਾ ਧਾਮ ਇਕ ਵਖਾਇੰਦਾ। ਹਰਿ ਮੰਦਰ ਹਰਿ ਜੂ ਇਕ ਸੁਹਾਇਆ, ਦੂਜਾ ਦਰ ਨਾ ਕੋਇ ਖੁਲ੍ਹਾਇੰਦਾ। ਔਦਾ ਜਾਂਦਾ ਦਿਸ ਨਾ ਆਇਆ, ਤ੍ਰੈਗੁਣ ਕੋਇ ਨਾ ਮੇਲ ਮਿਲਾਇੰਦਾ। ਗੁਰਮੁਖ ਵਿਰਲੇ ਲਏ ਜਗਾਇਆ, ਜਿਸ ਜਨ ਆਪਣਾ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਅਗੰਮੀ ਸਾਚੀ ਧਾਰ, ਪਰਗਟ ਕਰੇ ਆਪ ਨਿਰੰਕਾਰ, ਨਿਰਗੁਣ ਏਕਾ ਨਾਉਂ ਰਖਾਇੰਦਾ। ਨਿਰਗੁਣ ਨਾਉਂ ਹਰਿ ਕਰਤਾਰਾ, ਸਰਗੁਣ ਸਾਚਾ ਮੇਲ ਮਿਲਾਇੰਦਾ। ਸਤਿਜੁਗ ਤਰੇਤਾ ਦੁਆਪਰ ਲਏ ਅਵਤਾਰਾ, ਏਕਾ ਗੁਰ ਅਖਵਾਇੰਦਾ। ਪੀਰ ਦਸਤਗੀਰ ਸ਼ਾਹ ਹਕੀਰ ਪਾਵੇ ਸਾਰਾ, ਬੇਨਜ਼ੀਰ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਏਕਾ ਡੰਕ ਵਜਾਇੰਦਾ। ਨਿਹਕਲੰਕ ਪੁਰਖ ਸੁਲਤਾਨਾ, ਮਾਣਸ ਮਾਨੁਖ ਨਾ ਕੋਇ ਜਣਾਈਆ। ਸ਼ਬਦ ਸਰੂਪੀ ਸਚ ਤਰਾਨਾ, ਧੁਰ ਫ਼ਰਮਾਨਾ ਆਪ ਸੁਣਾਈਆ। ਤਖ਼ਤੋਂ ਲਾਹੇ ਰਾਜਾ ਰਾਣਾ, ਸੀਸ ਤਾਜ ਨਾ ਕੋਇ ਟਿਕਾਈਆ। ਲੱਖ ਚੁਰਾਸੀ ਵਰਤੇ ਭਾਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਹੁਕਮ ਚਲਾਈਆ। ਕਲਜੁਗ ਅੰਤਮ ਸਾਚੀ ਧਾਰ, ਹਰਿ ਸਾਚੇ ਸਚ ਚਲਾਈਆ। ਚਾਰ ਵਰਨਾਂ ਇਕ ਪਿਆਰ, ਸ਼ੱਤਰੀ ਬ੍ਰਹਮਣ ਸ਼ੂਦਰ ਵੈਸ਼ ਏਕਾ ਰੰਗ ਰੰਗਾਈਆ। ਊਚ ਨੀਚ ਪਾਰ ਕਿਨਾਰ, ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਇਕ ਵਡਿਆਈਆ। ਏਕਾ ਅੱਖਰ ਕਰ ਪਰਧਾਨ, ਸ੍ਰਿਸ਼ਟ ਸਬਾਈ ਦਏ ਜਣਾਈਆ। ਸਰਬ ਜੀਆਂ ਦਾ ਇਕ ਭਗਵਾਨ, ਦੂਈ ਦਵੈਤ ਨਾ ਕੋਇ ਵਖਾਈਆ। ਘਰ ਘਰ ਬੈਠਾ ਸਾਚਾ ਕਾਹਨ, ਘਰ ਘਰ ਵਿਚ ਰਾਸ ਰਚਾਈਆ। ਘਰ ਘਰ ਮੇਲਾ ਸੀਤਾ ਰਾਮ, ਸੁਰਤੀ ਸੀਤਾ ਰਾਮ ਪਰਨਾਈਆ। ਘਰ ਘਰ ਨਾਨਕ ਦੇਵੇ ਧੁਰ ਫ਼ਰਮਾਣ, ਜੋ ਜਨ ਰਸਨਾ ਜੇਹਵਾ ਗਾਈਆ। ਘਰ ਘਰ ਗੋਬਿੰਦ ਮਿਲੇ ਆਣ, ਜੋ ਜਨ ਚਰਨ ਧਿਆਨ ਰਖਾਈਆ। ਲੱਖ ਚੁਰਾਸੀ ਕਰੇ ਪਛਾਣ, ਘੜਨ ਭੰਨਣਹਾਰ ਇਕ ਅਖਵਾਈਆ। ਰਾਣਾ ਰਾਜਾ ਦੋ ਜਹਾਨ, ਹਰਿਜਨ ਸਾਚੇ ਲਏ ਜਗਾਈਆ। ਅੰਮ੍ਰਿਤ ਆਤਮ ਪੀਣਾ ਖਾਣਾ ਦੇਵੇ ਵਿਚ ਜਹਾਨ, ਅੱਗਨੀ ਤਤ ਬੁਝਾਈਆ। ਬਿਰਹੋਂ ਤੀਰ ਨਿਰਾਲਾ ਮਾਰੇ ਬਾਣ, ਆਰ ਪਾਰ ਆਪ ਕਰਾਈਆ। ਦਰਗਹ ਸਾਚੀ ਸਚਖੰਡ ਨਿਵਾਸੀ ਦੇਵੇ ਮਾਣ, ਅਭਿਮਾਨ ਰਹਿਣ ਨਾ ਪਾਈਆ। ਕਲਜੁਗ ਭੁੱਲੇ ਜੀਵ ਨਾਦਾਨ, ਹਰਿ ਕਾ ਰੂਪ ਦਿਸ ਨਾ ਆਈਆ। ਮਦਿਰਾ ਮਾਸ ਪੀਣ ਖਾਣ, ਮਾਇਆ ਮਮਤਾ ਮੋਹ ਹਲਕਾਈਆ। ਜਿਸ ਜਨ ਸਤਿਗੁਰ ਪੂਰਾ ਮਿਲਿਆ ਆਣ, ਸ਼ਬਦੀ ਸ਼ਬਦ ਲਏ ਮਿਲਾਈਆ। ਨਾਤਾ ਤੁਟੇ ਜਗਤ ਜਹਾਨ, ਮਾਤ ਪਿਤ ਭਾਈ ਭੈਣ ਸਾਕ ਸੱਜਣ ਸੈਣ ਨਾ ਕੋਇ ਵਖਾਈਆ। ਏਕਾ ਮੰਤਰ ਹਰਿ ਹਰਿ ਨਾਮਾ ਗਾਣ, ਦੂਸਰ ਦਿਸੇ ਨਾ ਕੋਇ ਪੜ੍ਹਾਈਆ। ਚਰਨ ਧੂੜ ਸਚਾ ਅਸਨਾਨ, ਅਠਸਠ ਤੀਰਥ ਰਹੇ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਈਆ। ਵੇਸ ਵਟਾਏ ਪੁਰਖ ਅਕਾਲਾ, ਗੁਰ ਗੁਰ ਨਾ ਕੋਇ ਅਖਵਾਇੰਦਾ। ਸਰਬ ਜੀਆਂ ਕਰੇ ਪ੍ਰਿਤਪਾਲਾ, ਪ੍ਰਿਤਪਾਲਕ ਨਾਉਂ ਰਖਾਇੰਦਾ। ਚਰਨ ਰਖਾਏ ਕਾਲ ਮਹਾਂਕਾਲਾ, ਸੇਵਕ ਸਾਚੀ ਸੇਵ ਲਗਾਇੰਦਾ। ਸ਼ਬਦ ਅਨਾਦ ਵਜਾਏ ਤਾਲਾ, ਤਾਲ ਤਲਵਾੜਾ ਆਪ ਉਠਾਇੰਦਾ। ਜੁਗਾ ਜੁਗੰਤਰ ਅਵੱਲੜੀ ਚਾਲਾ, ਲੋਕਮਾਤ ਆਪ ਚਲਾਇੰਦਾ। ਜਨ ਭਗਤਾਂ ਦੱਸੇ ਰਾਹ ਸੁਖਾਲਾ, ਆਪਣਾ ਅੱਖਰ ਆਪ ਪੜ੍ਹਾਇੰਦਾ। ਹੰ ਬ੍ਰਹਮ ਗਲ ਪਾਏ ਮਾਲਾ, ਹੱਡ ਮਾਸ ਨਾੜੀ ਚੰਮ ਲੇਖੇ ਲਾਇੰਦਾ। ਅੰਤਮ ਤੋੜੇ ਜਗਤ ਜੰਜਾਲਾ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਸਾਚੀ ਧਾਰ ਪ੍ਰਗਟ ਕਰੇ ਆਪ ਨਿਰੰਕਾਰ, ਵਰਤੇ ਵਰਤਾਵੇ ਵਿਚ ਸੰਸਾਰ, ਵਰਨ ਬਰਨ ਨਾ ਕੋਈ ਰਖਾਇੰਦਾ। ਵਰਨ ਬਰਨ ਨਾ ਕੋਈ ਵੰਡ, ਘਟ ਘਟ ਅੰਦਰ ਹਰਿ ਪਸਾਰਿਆ। ਲੇਖਾ ਜਾਣੇ ਕੋਟ ਬ੍ਰਹਿਮੰਡ, ਹਰਿਜਨ ਸਾਚੇ ਲਏ ਉਭਾਰਿਆ। ਮੇਟ ਮਿਟਾਏ ਭੇਖ ਪਖੰਡ, ਜੁਗ ਜੁਗ ਲਏ ਮਾਤ ਅਵਤਾਰਿਆ। ਮਨਮੁਖਾਂ ਸੁੱਤਾ ਦੇ ਕਰ ਕੰਡ, ਦਿਸ ਨਾ ਆਏ ਵਿਚ ਸੰਸਾਰਿਆ। ਨਾਰ ਦੁਹਾਗਣ ਹੋਈ ਰੰਡ, ਹਰਿ ਕੰਤ ਨਾ ਕੋਈ ਹੰਢਾ ਰਿਹਾ। ਗੁਰਮੁਖਾਂ ਸਾਚੀ ਵਸਤ ਏਕਾ ਨਾਮ ਦੇਵੇ ਵੰਡ, ਨਾਮ ਸਤਿ ਝੋਲੀ ਆਪ ਭਰਾ ਰਿਹਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਨਾਉਂ ਧਰਾ ਲਿਆ। ਸਤਿਗੁਰ ਪੂਰਾ ਹਰਿ ਮਿਹਰਬਾਨ, ਘਰ ਸਾਚੇ ਆਪ ਸੁਹਾਇੰਦਾ। ਕਲਜੁਗ ਅੰਤਮ ਹੋ ਪਰਧਾਨ, ਨਿਹਕਲੰਕਾ ਨਾਉਂ ਧਰਾਇੰਦਾ। ਚਾਰ ਵਰਨਾਂ ਇਕ ਗਿਆਨ, ਏਕਾ ਸ਼ਬਦ ਜਣਾਇੰਦਾ। ਚਾਰ ਵਰਨਾਂ ਇਕ ਮਕਾਨ, ਸਚਖੰਡ ਦੁਆਰਾ ਇਕ ਵਖਾਇੰਦਾ। ਚਾਰ ਵਰਨਾਂ ਇਕ ਧਿਆਨ, ਪੁਰਖ ਅਕਾਲ ਇਕ ਜਣਾਇੰਦਾ। ਚਾਰ ਵਰਨਾਂ ਏਕਾ ਮਾਣ, ਊਚ ਨੀਚ ਨਾ ਕੋਈ ਵਡਿਆਇੰਦਾ। ਚਾਰ ਵਰਨਾਂ ਏਕਾ ਪੀਣ ਖਾਣ, ਦੂਈ ਦਵੈਤੀ ਨਾ ਕੋਈ ਰਖਾਇੰਦਾ। ਚਾਰ ਵਰਨਾਂ ਏਕਾ ਮੇਲਾ ਸ੍ਰੀ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਆਪ ਹੋ ਜਾਇੰਦਾ। ਸਤਿਗੁਰ ਪੂਰਾ ਇਕ ਏਕੰਕਾਰਾ, ਅਕਲ ਕਲ ਅਖਵਾਈਆ। ਕਲ ਕਲਕੀ ਲਏ ਅਵਤਾਰਾ, ਡੰਕਾ ਸ਼ਬਦ ਵਜਾਈਆ। ਰਾਓ ਰੰਕਾਂ ਕਰੇ ਖੁਆਰਾ, ਬੰਕ ਦੁਆਰ ਨਾ ਕੋਈ ਸਹਾਈਆ। ਚਾਰੋਂ ਕੁੰਟਾਂ ਧੂਆਂਧਾਰਾ, ਅੰਧ ਅੰਧੇਰ ਵਖਾਈਆ। ਜੀਵ ਜੰਤ ਹਾਹਾਕਾਰਾ, ਮਨਮਤ ਕਰੇ ਲੜਾਈਆ। ਗੁਰਮਤ ਹੋਇਆ ਪਾਰ ਕਿਨਾਰਾ, ਸਾਚੀ ਸਿਖਿਆ ਸਿਖ ਭੁਲਾਈਆ। ਕਲਜੁਗ ਵਹਿਣ ਡੂੰਘੀ ਗਾਰਾ, ਭਰਮੇ ਭੁੱਲੇ ਜੀਵ ਭਰਮ ਗੜ੍ਹ ਨਾ ਕੋਈ ਤੁੜਾਈਆ। ਮਾਇਆ ਮਮਤਾ ਲੱਗਾ ਅਖਾੜਾ, ਆਸਾ ਤ੍ਰਿਸ਼ਨਾ ਵਿਚ ਨਚਾਈਆ। ਲੱਗੀ ਅੱਗ ਅਗਨੀ ਹਾੜਾ, ਅੰਮ੍ਰਿਤ ਸਿੰਚ ਹਰਾ ਨਾ ਕੋਈ ਕਰਾਈਆ। ਗੁਰ ਕਾ ਸ਼ਬਦ ਨਾ ਕਰੇ ਪਿਆਰਾ, ਹਰਿ ਕਾ ਰੂਪ ਨਾ ਰਿਦੇ ਵਸਾਈਆ। ਨਾ ਕੋਈ ਪੁਰਖ ਨਾ ਕੋਈ ਨਾਰਾ, ਨਰ ਨਰਾਇਣ ਨਾ ਵੇਖ ਵਖਾਈਆ। ਸਾਚਾ ਘਰ ਨਾ ਦਿਸੇ ਕੋਈ ਮੁਨਾਰਾ, ਘਰ ਘਰ ਵਿਚ ਨਾ ਕੋਈ ਰੁਸ਼ਨਾਈਆ । ਅਗੰਮੀ ਸ਼ਬਦ ਨਾ ਸੁਣੇ ਕੋਈ ਧੁਨਕਾਰਾ, ਅਨਹਦ ਤਾਲ ਨਾ ਕੋਈ ਵਜਾਈਆ। ਆਤਮ ਸੇਜ ਨਾ ਕਰੇ ਪਿਆਰਾ, ਕੰਤ ਕੰਤੂਹਲ ਨਾ ਵੇਖ ਵਖਾਈਆ। ਰਸਨਾ ਕਰੇ ਜਗਤ ਵਿਕਾਰਾ, ਵਾਹਿ ਵਾਹਿ ਗੁਰੂ ਨਾ ਕੋਈ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਧਾਰ, ਆਪ ਚਲਾਈ ਵਿਚ ਸੰਸਾਰ, ਆਪੇ ਅੰਤਮ ਕਰੇ ਪਾਰ, ਲੇਖਾ ਆਪਣੇ ਹੱਥ ਰਖਾਈਆ। ਮਨਮਤ ਜਗਤ ਕੁਰਲਾਏ, ਚਾਰੋਂ ਕੁੰਟ ਹਾਹਾਕਾਰਿਆ। ਸਤਿਗੁਰ ਪੂਰਾ ਨਜ਼ਰ ਨਾ ਆਏ, ਨਿਰਗੁਣ ਨੂਰ ਨੂਰ ਉਜਿਆਰਿਆ। ਗੁਰ ਕਾ ਸ਼ਬਦ ਆਪ ਭੁਲਾਏ, ਰਸਨਾ ਜਿਹਵਾ ਨਾ ਕਿਸੇ ਉਚਾਰਿਆ। ਮਨ ਕਾ ਮਣਕਾ ਨਾ ਕੋਈ ਭਵਾਏ, ਮਨ ਮਨੂਆ ਹੋਏ ਹਲਕਾਇਆ। ਮਤ ਮਤਵਾਲੀ ਨਾ ਬੰਧਨ ਪਾਏ, ਮਾਇਆ ਮਮਤਾ ਨਾ ਮੋਹ ਚੁਕਾ ਰਿਹਾ। ਬੁੱਧ ਬਬੇਕ ਨਾ ਕੋਈ ਰਖਾਏ, ਏਕਾ ਏਕ ਨਾ ਟੇਕ ਧਰਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜੀਵ ਜੰਤ ਆਪ ਭੁਲਾ ਲਿਆ। ਕਲਜੁਗ ਜੀਵ ਗਿਆ ਭੁੱਲ, ਹਰਿ ਨਾਮ ਨਾ ਕੋਇ ਵਡਿਆਈਆ। ਝੂਠੇ ਕੰਡੇ ਗਿਆ ਤੁਲ, ਸਾਚੀ ਵਸਤ ਨਜ਼ਰ ਨਾ ਆਈਆ। ਆਪਣੀ ਕੀਮਤ ਨਾ ਜਾਣੇ ਮੁੱਲ, ਕੌਡੀ ਕੌਡੀ ਹੱਟ ਵਿਕਾਈਆ। ਅਮੋਲਕ ਹੀਰਾ ਗਿਆ ਰੁਲ, ਖ਼ਾਕੀ ਖ਼ਾਕ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਬੇਮੁਖਾਂ ਸਿਰ ਪਾਏ ਛਾਹੀਆ। ਬੇਮੁਖ ਤੇਰਾ ਕੂੜਾ ਨਾਤਾ, ਲੋਕਮਾਤ ਜੁੜਾਇਆ। ਦਿਵਸ ਰੈਣ ਅੰਧੇਰੀ ਰਾਤਾ, ਸਾਚਾ ਚੰਦ ਨਾ ਕੋਈ ਚੜ੍ਹਾਇਆ। ਨਾ ਕੋਈ ਪੂਜਾ ਨਾ ਕੋਈ ਪਾਠਾ, ਗਾਇਤ੍ਰੀ ਮੰਤਰ ਨਾ ਕੋਈ ਪੜ੍ਹਾਇਆ। ਨਾ ਅੰਮ੍ਰਿਤ ਪੀਆ ਸਾਚੇ ਬਾਟਾ, ਗੁਰ ਗੋਬਿੰਦ ਦਿਸ ਨਾ ਆਇਆ। ਨਾਨਕ ਨਾ ਸੋਇਆ ਆਤਮ ਸੇਜਾ ਸਾਚੀ ਖਾਟਾ, ਅੰਗੀ ਅੰਗ ਨਾ ਕੋਈ ਕਰਾਇਆ। ਗੁਰੂ ਗ੍ਰੰਥ ਗੁਰ ਇਸ਼ਟ ਦੇਵ ਨਾ ਕਿਸੇ ਵਾਚਾ, ਜਗਤ ਵਾਸ਼ਨਾ ਵਿਚ ਰਖਾਇਆ। ਪੰਜ ਤਤ ਦਿਸੇ ਭਾਂਡਾ ਕਾਚਾ, ਥਿਰ ਕੋਇ ਰਹਿਣ ਨਾ ਪਾਇਆ। ਮਨੂਆ ਦਹਿ ਦਿਸ ਉਠ ਉਠ ਨਾਚਾ, ਨੌ ਦੁਆਰੇ ਖੋਜ ਖੁਜਾਇਆ। ਹਰਿ ਕਾ ਸ਼ਬਦ ਜਾਣੇ ਹਾਸਾ, ਹਰਿ ਕਾ ਭੇਵ ਕੋਈ ਨਾ ਪਾਇਆ । ਅਬਿਨਾਸ਼ੀ ਕਰਤਾ ਜੁਗ ਜੁਗ ਖੇਲੇ ਖੇਲ ਤਮਾਸ਼ਾ, ਨਿਰਗੁਣ ਸਰਗੁਣ ਰੂਪ ਵਟਾਇਆ। ਜਨ ਭਗਤਾਂ ਕਰੇ ਪੂਰੀ ਆਸਾ, ਘਰ ਘਰ ਆਪਣਾ ਦਰਸ ਦਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਏਕਾ ਕਰ, ਘਰ ਸੁਹੰਜਣਾ ਜਗੇ ਜੋਤ ਆਦਿ ਨਿਰੰਜਣਾ, ਦੀਵਾ ਬਾਤੀ ਨਾ ਕੋਈ ਟਿਕਾਇਆ। ਆਦਿ ਨਿਰੰਜਣ ਸੁਤੇ ਪਰਕਾਸ਼, ਅਨਭਵ ਰੂਪ ਸਮਾਇੰਦਾ। ਆਦਿ ਜੁਗਾਦਿ ਨਾ ਜਾਏ ਵਿਨਾਸ, ਅਬਿਨਾਸ਼ੀ ਕਰਤਾ ਨਾਉਂ ਧਰਾਇੰਦਾ। ਮੰਡਲ ਆਪਣੇ ਪਾਏ ਰਾਸ, ਰਵ ਸਸ ਸੂਰਜ ਚੰਨ ਆਪ ਨਚਾਇੰਦਾ। ਲੱਖ ਚੁਰਾਸੀ ਕਰ ਕਰ ਵਾਸ, ਪ੍ਰਿਥਮੀ ਆਕਾਸ਼ ਜਲ ਬਿੰਬ ਰੂਪ ਸਮਾਇੰਦਾ। ਦੀਨਾਂ ਬੰਧਪ ਦੀਨਾਂ ਨਾਥ ਸਰਬ ਗੁਣਤਾਸ, ਲਿਖਿਆ ਲੇਖ ਨਾ ਕੋਈ ਮਿਟਾਇੰਦਾ। ਪੂਰਨ ਜੋਤ ਸ੍ਰੀ ਭਗਵੰਤ ਏਕਾ ਜਾਣੇ ਸਾਚਾ ਸੰਤ, ਸੰਤ ਸੁਹੇਲਾ ਆਪ ਅਖਵਾਇੰਦਾ। ਗੁਰਮੁਖ ਉਧਾਰੇ ਲੱਖ ਚੁਰਾਸੀ ਵਿਚੋਂ ਜੀਵ ਜੰਤ, ਜਾਗਰਤ ਜੋਤ ਇਕ ਜਗਾਇੰਦਾ। ਗੁਰਸਿਖ ਬਣਾਏ ਤੇਰੀ ਬਣਤ, ਆਪ ਆਪਣਾ ਰੰਗ ਰੰਗਾਇੰਦਾ। ਆਪੇ ਨਾਰੀ ਆਪੇ ਕੰਤਾ, ਗੁਰਮੁਖ ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਉਤਰ ਕਦੇ ਨਾ ਜਾਇੰਦਾ। ਤੋੜੇ ਗੜ੍ਹ ਹਉਂਮੇ ਹੰਗਤਾ, ਆਪ ਰਲਾਏ ਸਾਚੀ ਸੰਗਤਾ, ਬਣ ਬਣ ਮੰਗਤਾ ਏਕਾ ਅਲਖ ਜਗਾਇੰਦਾ। ਆਦਿ ਜੁਗਾਦੀ ਭੁੱਖਾ ਨੰਗਤਾ, ਹਰਿ ਭਗਤ ਭੰਡਾਰ ਆਪ ਭਰਾਇੰਦਾ। ਹਰਿਜਨ ਉਧਾਰੇ ਜਿਉਂ ਨਾਨਕ ਅੰਗਦਾ, ਅੰਗੀਕਾਰ ਅੰਗ ਸਮਾਇੰਦਾ। ਚਾਰ ਜੁਗ ਔਂਦਾ ਜਾਂਦਾ ਮੂਲ ਨਾ ਸੰਗਦਾ, ਭੇਵ ਅਭੇਦਾ ਭੇਵ ਛੁਪਾਇੰਦਾ। ਉਚ ਮਹੱਲ ਅਟੱਲ ਅਟੱਲੇ ਆਪੇ ਚੜ੍ਹਦਾ, ਸਚਖੰਡ ਦੁਆਰੇ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਕਾਲੀ ਧਾਰ ਆਪੇ ਵੇਖੇ ਵਿਚ ਸੰਸਾਰ, ਚਾਰੋਂ ਕੁੰਟ ਨਾਰ ਵਿਭਚਾਰ, ਜੀਵ ਜੰਤ ਹੋਏ ਖੁਆਰ, ਘਰ ਘਰ ਮੰਗਲ ਕੋਇ ਨਾ ਗਾਇੰਦਾ। ਘਰ ਮੰਗਲ ਨਾ ਕੋਈ ਧੁਨਕਾਰਾ, ਘਰ ਸ਼ਬਦ ਨਾ ਕੋਈ ਜਣਾਈਆ। ਘਰ ਸੱਜਣ ਨਾ ਮੀਤ ਮੁਰਾਰਾ, ਘਰ ਮਿਲੇ ਨਾ ਸਾਚਾ ਮਾਹੀਆ। ਘਰ ਦੀਪ ਨਾ ਕੋਈ ਉਜਿਆਰਾ, ਘਰ ਅੰਧੇਰ ਨਾ ਕੋਈ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵੇਖੇ ਥਾਉਂ ਥਾਈਂਆ। ਘਰ ਮੰਦਰ ਸਚ ਮਕਾਨਾ, ਸਚ ਵਸਤ ਨਾ ਕੋਈ ਵਖਾਇੰਦਾ । ਘਰ ਮੰਦਰ ਮਿਲੇ ਮੇਲ ਨਾ ਸ੍ਰੀ ਭਗਵਾਨਾ, ਘਰ ਇਸ਼ਟ ਨਾ ਕੋਇ ਜਣਾਇੰਦਾ। ਘਰ ਮੰਦਰ ਨਾ ਕੋਈ ਬਿਬਾਨਾ, ਸਾਚੇ ਸ਼ਬਦ ਨਾ ਕੋਈ ਚੜ੍ਹਾਇੰਦਾ। ਘਰ ਮਿਲੇ ਨਾ ਸਾਚਾ ਰਾਣਾ, ਤਖ਼ਤ ਤਾਜ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਖੇਲ ਅਪਾਰਾ, ਵਰਤੇ ਵਰਤਾਵੇ ਹਰਿ ਨਿਰੰਕਾਰਾ, ਨਿਰਗੁਣ ਸਰਗੁਣ ਮੇਲਾ ਵਿਚ ਸੰਸਾਰਾ, ਗੁਰ ਪੀਰ ਬਣ ਅਵਤਾਰਾ, ਆਪਣਾ ਹੁਕਮ ਚਲਾਇੰਦਾ। ਹੁਕਮ ਨਿਰਾਲਾ ਜੋਤ ਅਕਾਲਾ, ਜੁਗ ਜੁਗ ਆਪ ਸੁਣਾਇੰਦਾ। ਜਨ ਭਗਤਾਂ ਦੱਸੇ ਰਾਹ ਸੁਖਾਲਾ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਆਪੇ ਅਗਨ ਸ਼ਕਤੀ ਜੋਤ ਜਵਾਲਾ, ਨੂਰੋ ਨੂਰ ਡਗਮਗਾਇੰਦਾ। ਆਪੇ ਸੇਵਾ ਲਾਏ ਕਾਲ ਮਹਾਂਕਾਲਾ, ਆਪ ਆਪਣਾ ਖੇਲ ਖਿਲਾਇੰਦਾ। ਆਪੇ ਸ਼ਬਦ ਸਰੂਪੀ ਬਣ ਦਲਾਲਾ, ਗੁਰ ਸ਼ਬਦੀ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਰੰਗ ਰੰਗਾਇੰਦਾ। ਕਾਇਆ ਚੋਲੀ ਰੰਗੇ ਸਾਚੇ ਸੰਤ, ਰੰਗ ਮਜੀਠੀ ਇਕ ਚੜ੍ਹਾਇੰਦਾ। ਆਪ ਬਣਾਏ ਸਾਚੀ ਬਣਤ, ਸੇਵਕ ਸਾਚੀ ਸੇਵ ਕਮਾਇੰਦਾ। ਸਰਬ ਜੀਆਂ ਦਾ ਸਾਚਾ ਕੰਤ, ਘਰ ਸਾਚੇ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਅੰਤ ਵੇਖ ਵਖਾਇੰਦਾ। ਕਲਜੁਗ ਅੰਤਮ ਵੇਖ ਵਖਾਵਣਾ, ਭੁੱਲ ਰਹੇ ਨਾ ਰਾਈਆ। ਸੰਗ ਮੁਹੰਮਦ ਚਾਰ ਯਾਰ ਲੇਖਾ ਆਪ ਮੁਕਾਵਣਾ, ਅੰਜੀਲ ਕੁਰਾਨ ਫੋਲ ਫੁਲਾਈਆ। ਏਕਾ ਕਲਮਾ ਆਪ ਪੜ੍ਹਾਵਣਾ, ਨਬੀ ਰਸੂਲ ਆਪ ਪੜ੍ਹਾਈਆ। ਬਣ ਬਣ ਸਾਕੀ ਜਾਮ ਪਿਆਵਣਾ, ਆਬੇਹਯਾਤ ਹੱਥ ਉਠਾਈਆ। ਦੋ ਦੋ ਆਬਾ ਮੇਲ ਮਿਲਾਵਣਾ, ਸ਼ਾਹ ਨਵਾਬ ਬੇਪਰਵਾਹੀਆ। ਮੱਕਾ ਕਾਅਬਾ ਫੇਰਾ ਪਾਵਣਾ, ਆਪ ਆਪਣਾ ਚਰਨ ਛੁਹਾਈਆ। ਮੁਖ ਨਕਾਬ ਪਰਦਾ ਲਾਹਵਣਾ, ਨੂਰੀ ਜਲਵਾ ਨੂਰ ਇਲਾਹੀਆ। ਪੀਰ ਦਸਤਗੀਰ ਸ਼ਾਹ ਹਕੀਰ ਆਪ ਅਖਵਾਵਣਾ, ਲੇਖਾ ਲਿਖੇ ਨਾ ਕਾਗਜ ਕਲਮ ਛਾਹੀਆ। ਪੰਡਤ ਪਾਂਧਾ ਆਪ ਉਠਾਵਣਾ, ਮਸਤਕ ਟਿੱਕਾ ਜੋਤ ਲਲਾਟ ਵੇਖ ਵਿਖਾਈਆ। ਅਠਸਠ ਤੀਰਥ ਫੇਰਾ ਪਾਵਨਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਆਪਣੇ ਮੇਲ ਮਿਲਾਈਆ। ਗੁਰ ਦਰ ਮੰਦਰ ਮਸਜਿਦ ਮੱਠ ਹਰਿ ਸਾਚੇ ਵੇਖ ਵਖਾਵਣਾ, ਵੇਖਣਹਾਰਾ ਦਿਸ ਨਾ ਆਈਆ। ਨੌ ਖੰਡ ਪ੍ਰਿਥਮੀ ਸ਼ਬਦ ਹੁਲਾਰਾ ਇਕ ਲਗਾਵਣਾ, ਸੱਤਾਂ ਦੀਪਾਂ ਦਏ ਹਿਲਾਈਆ। ਲੱਖ ਚੁਰਾਸੀ ਤੇਰਾ ਪਰਦਾ ਲਾਹਵਣਾ, ਆਪਣੇ ਹੱਥ ਰੱਖੇ ਵਡਿਆਈਆ। ਗੁਰਸਿਖ ਸਾਚੇ ਆਪ ਉਠਾਵਣਾ, ਆਪ ਆਪਣੇ ਗਲ ਲਗਾਈਆ। ਸੋਹੰ ਅੱਖਰ ਇਕ ਪੜ੍ਹਾਵਣਾ, ਆਦਿ ਜੁਗਾਦੀ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਸਤਿਜੁਗ ਬੰਨੇ ਸਾਚੀ ਧਾਰ, ਸਤਿ ਸਤਿਵਾਦੀ ਨਾਉਂ ਰਖਾਈਆ। ਕਲਜੁਗ ਅੰਤਮ ਪਾਰ ਕਿਨਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਸਤਿਜੁਗ ਸਾਚੇ ਦਏ ਸਹਾਰਾ, ਸੋਇਆ ਪੂਤ ਆਪ ਉਠਾਇੰਦਾ। ਦੋਹਾਂ ਵਿਚੋਲਾ ਸਿਰਜਣਹਾਰਾ, ਦਿਸ ਕਿਸੇ ਨਾ ਆਇੰਦਾ। ਵਣਜ ਕਰਾਏ ਹਰਿ ਵਣਜਾਰਾ, ਸਾਚਾ ਹੱਟ ਆਪ ਖੁਲ੍ਹਾਇੰਦਾ। ਕਲਜੁਗ ਰੋਵੇ ਜ਼ਾਰੋ ਜ਼ਾਰਾ, ਦਿਵਸ ਰੈਣ ਕੁਰਲਾਇੰਦਾ। ਸਤਿਜੁਗ ਸਾਚੇ ਨੈਣ ਉਘਾੜਾ, ਏਕਾ ਰਾਹ ਤਕਾਇੰਦਾ। ਧਰਤ ਮਾਤ ਕਰੇ ਹਾਹਾਕਾਰਾ, ਹੌਲਾ ਭਾਰ ਨਾ ਕੋਈ ਕਰਾਇੰਦਾ। ਮਨਮਤ ਲਗਾ ਜਗਤ ਅਖਾੜਾ, ਸਾਚਾ ਤਾਲ ਨਾ ਕੋਈ ਵਜਾਇੰਦਾ। ਚਾਰ ਵਰਨਾਂ ਝੂਠੀ ਧਾੜਾ, ਕਾਮ ਕਰੋਧ ਲੋਭ ਮੋਹ ਹਲਕਾਇੰਦਾ। ਲੱਗੀ ਅੱਗ ਬਹੱਤਰ ਨਾੜਾ, ਤ੍ਰੈਗੁਣ ਤਤ ਆਪ ਜਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਆਪ ਉਠਾਇੰਦਾ। ਸਤਿਜੁਗ ਸਾਚੇ ਜਾਣਾ ਉਠ, ਹਰਿ ਪੁਰਖ ਨਿਰੰਜਣ ਆਪ ਜਗਾਈਆ। ਏਕੰਕਾਰਾ ਗਿਆ ਤੁਠ, ਦੇ ਮਤ ਰਿਹਾ ਸਮਝਾਈਆ। ਗੁਰਮੁਖ ਕਰੇ ਏਕਾ ਮੁੱਠ, ਏਕਾ ਗੰਢ ਬੰਧਾਈਆ। ਮਨਮੁੱਖ ਕੱਢੇ ਵਿਚੋਂ ਕੁੱਟ, ਰਾਏ ਧਰਮ ਦਰ ਬਹਾਈਆ। ਤੀਰ ਨਿਰਾਲਾ ਜਾਏ ਛੁੱਟ, ਪੁਰਖ ਅਕਾਲਾ ਆਪ ਚਲਾਈਆ। ਕਲਜੁਗ ਜੜ੍ਹ ਦੇਵੇ ਪੁੱਟ, ਲੋਕਮਾਤ ਰਹਿਣ ਨਾ ਪਾਈਆ। ਮਨਮੁਖ ਜੀਵਾਂ ਭਾਗ ਗਏ ਨਿਖੁਟ, ਮਿਲਿਆ ਮੇਲ ਨਾ ਹਰਿ ਰਘੁਰਾਈਆ। ਨਾਤਾ ਜੁੜਿਆ ਓਤ ਪੋਤ, ਨਾਰ ਕੰਤ ਖ਼ੁਸ਼ੀ ਮਨਾਈਆ। ਦਸਮ ਦੁਆਰੀ ਨਾ ਖੁਲ੍ਹਿਆ ਸੁਰੋਤ, ਆਤਮ ਤਾਕੀ ਨਾ ਕਿਸੇ ਖੁਲ੍ਹਾਈਆ। ਭਰਮੀ ਭਰਮ ਭੁਲਾਇਆ ਵਰਨ ਗੋਤ, ਨਿਰਗੁਣ ਜਾਤਾ ਨਾ ਸਾਚਾ ਮਾਹੀਆ। ਲੱਭਦੇ ਫਿਰਦੇ ਕੋਟੀ ਕੋਟ, ਜੰਗਲ ਜੂਹ ਉਜਾੜ ਫੇਰੀਆਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਖੇਲ ਆਪ ਖਲਾਈਆ। ਖੋਲ੍ਹਣਹਾਰ ਦੀਨਾਂ ਬੰਧਨ, ਦੀਨਾਂ ਨਾਥਾ ਬੰਦ ਕਟਾਇੰਦਾ । ਗੁਰਮੁਖਾਂ ਵਖਾਏ ਪਰਮਾਨੰਦਨ, ਨਿਜਾ ਨੰਦ ਆਪ ਸਮਾਇੰਦਾ। ਤਿਲਕ ਲਿਲਾਟ ਲਗਾਏ ਸਾਚੇ ਚੰਦਨ, ਚੰਦਨ ਨਾਮ ਆਪ ਉਪਜਾਇੰਦਾ। ਆਪੇ ਦੇਵੇ ਸਚ ਸੁਗੰਧਨ, ਨਿਰਮਲ ਵਾਸ਼ਨਾ ਵਿਚ ਮਹਿਕਾਇੰਦਾ। ਦੂਈ ਦਵੈਤੀ ਢਾਹਵੇ ਕੰਧਨ, ਭਾਂਡਾ ਭਰਮ ਭੌ ਭੰਨਾਇੰਦਾ। ਸਰਬ ਜੀਆਂ ਆਪੇ ਬਖ਼ਸ਼ੰਦਨ, ਪਾਰਬ੍ਰਹਮ ਇਕ ਅਖਵਾਇੰਦਾ। ਕਲਜੁਗ ਜੀਵ ਭਾਗਾਂ ਮੰਦਨ, ਵਡਭਾਗੀ ਹਰਿ ਸਾਚਾ ਆਪਣੇ ਭਾਣੇ ਨਾ ਕੋਈ ਰਖਾਇੰਦਾ। ਰਸਨਾ ਗਾਇਆ ਨਾ ਬੱਤੀ ਦੰਦਨ, ਸਾਚਾ ਛੰਦ ਨਾ ਕੋਈ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਸਚ ਵਖਾਇੰਦਾ। ਸਤਿਜੁਗ ਉਠ ਉਠ ਬਲਧਾਰ, ਹਰਿ ਸਾਚੇ ਸਚ ਜਣਾਈਆ। ਧਰਤ ਮਾਤ ਦੀ ਪੈਜ ਸਵਾਰ, ਤੇਰੇ ਹੱਥ ਰੱਖੇ ਵਡਿਆਈਆ। ਲੋਕਮਾਤ ਵੇਖ ਵਿਚਾਰ, ਚਾਰੋਂ ਕੁੰਟ ਨੈਣ ਉਠਾਈਆ। ਜੀਵ ਜੰਤ ਹੋਏ ਖੁਆਰ, ਧੀਆਂ ਭੈਣਾਂ ਰਹੇ ਤਕਾਈਆ। ਮਾਤਾ ਪੁੱਤਰ ਨਾ ਕਰੇ ਸਚ ਪਿਆਰ, ਨਾਰੀ ਕੰਤ ਨਾ ਕੋਈ ਹੰਢਾਈਆ। ਘਰ ਘਰ ਦਿਸੇ ਭ੍ਰਿਸ਼ਟਾਚਾਰ, ਏਕਾ ਇਸ਼ਟ ਗਏ ਭੁਲਾਈਆ। ਮੁਲਾਂ ਸ਼ੇਖ਼ ਮੁਸਾਇਕ ਪੀਰ ਕਰਨ ਪੁਕਾਰ, ਏਕਾ ਜਲਵਾ ਨੂਰ ਇਲਾਹੀਆ। ਬੇਐਬ ਖ਼ੁਦਾ ਪਰਵਰਦਿਗਾਰ, ਹੱਕ ਹਕੀਕਤ ਵੇਖ ਵਖਾਈਆ। ਲਾਸ਼ਰੀਕ ਹੋ ਤਿਆਰ, ਚੌਦਾਂ ਤਬਕਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੇ ਆਪ ਜਗਾਈਆ। ਸਤਿਜੁਗ ਸਾਚੇ ਜਾਣਾ ਜਾਗ, ਹਰਿ ਸਾਚਾ ਆਪ ਜਗਾਇੰਦਾ। ਕਲਜੁਗ ਅੰਤਮ ਲੱਗੀ ਆਗ, ਲੋਕਮਾਤ ਨਾ ਕੋਇ ਬੁਝਾਇੰਦਾ। ਮਾਣਸ ਜੀਵ ਬੁੱਧੀ ਹੋਈ ਕਾਗ, ਦਿਵਸ ਰੈਣ ਰੈਣ ਕੁਰਲਾਇੰਦਾ। ਮਿਲੇ ਮਜਨ ਧੂੜੀ ਨਾ ਸਾਚਾ ਮਾਘ, ਗੁਰ ਚਰਨ ਇਸ਼ਨਾਨ ਨਾ ਕੋਇ ਕਰਾਇੰਦਾ। ਹਉਮੇ ਹੰਗਤਾ ਲੱਗਾ ਦਾਗ਼, ਦੁਰਮਤ ਮੈਲ ਨਾ ਕੋਇ ਧਵਾਇੰਦਾ। ਘਰ ਘਰ ਜੋਤੀ ਬੁੱਝੀ ਚਿਰਾਗ, ਦੀਪ ਪਰਕਾਸ਼ ਨਾ ਕੋਇ ਕਰਾਇੰਦਾ। ਮਾਇਆ ਡੱਸੇ ਡਸਣੀ ਨਾਗ, ਗੁਰ ਦਰ ਮੰਦਰ ਵੇਖ ਵਖਾਇੰਦਾ। ਗੁਰਮੁਖ ਵਿਰਲੇ ਵਡ ਵਡਭਾਗ, ਜੋ ਜਨ ਹਰਿ ਹਰਿ ਦਰਸ਼ਨ ਪਾਇੰਦਾ। ਨਾਤਾ ਤੁੱਟੇ ਕਲਜੁਗ ਸਾਕ, ਸੱਜਣ ਸੈਣ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਖੰਡਾ ਇਕ ਚਮਕਾਇੰਦਾ । ਸ਼ਬਦ ਖੰਡਾ ਸੂਰਾ ਬਲਵਾਨ, ਹਰਿ ਆਪਣੇ ਹੱਥ ਉਠਾਇੰਦਾ। ਲੋਆਂ ਪੁਰੀਆਂ ਵੇਖੇ ਮਾਰ ਧਿਆਨ, ਵਿਸ਼ਨ ਬ੍ਰਹਮਾ ਸ਼ਿਵ ਆਪ ਉਠਾਇੰਦਾ। ਕਰੋੜ ਤਤੀਸਾ ਏਕਾ ਆਣ, ਏਕਾ ਹੁਕਮ ਸੁਣਾਇੰਦਾ। ਲੱਖ ਚੁਰਾਸੀ ਕਰ ਧਿਆਨ, ਹਰਿਜਨ ਸਾਚੇ ਮੇਲ ਮਿਲਾਇੰਦਾ। ਏਕਾ ਰਾਗ ਸੁਣਾਏ ਕਾਨ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਆਪ ਵਖਾਏ ਪਦ ਨਿਰਬਾਣ, ਚੌਥਾ ਪਦ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਰਾਹ ਚਲਾਇੰਦਾ। ਸਤਿਜੁਗ ਸਾਚਾ ਮਾਰਗ ਲਾਵਣਾ, ਹਰਿ ਸਾਚੇ ਹੱਥ ਵਡਿਆਈਆ। ਏਕਾ ਅੱਖਰ ਸ੍ਰਿਸ਼ਟ ਸਬਾਈ ਆਪ ਸੁਣਾਵਣਾ, ਹਿੰਦੂ ਮੁਸਲਿਮ ਸਿਖ ਈਸਾਈ ਕਰੇ ਪੜ੍ਹਾਈਆ। ਏਕਾ ਇਸ਼ਟ ਪੁਰਖ ਅਕਾਲ ਜਣਾਵਣਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਏਕਾ ਰਾਜ ਰਾਜਾਨ ਸ਼ਾਹ ਸੁਲਤਾਨ ਹਰਿ ਅਖਵਾਵਣਾ, ਸੀਸ ਤਾਜ ਨਾ ਕੋਈ ਟਿਕਾਈਆ। ਏਕਾ ਦਰ ਦਰਬਾਨ ਸਚ ਮਕਾਨ ਹਰਿ ਆਪ ਬਹਾਵਣਾ, ਹਰਿ ਭਗਤ ਦਏ ਵਡਿਆਈਆ। ਏਕਾ ਤੀਰ ਇਕ ਕਮਾਨ ਏਕਾ ਚਿੱਲਾ ਆਪ ਚੜ੍ਹਾਵਣਾ, ਇਕ ਨਿਸ਼ਾਨਾ ਆਪ ਲਗਾਈਆ। ਏਕਾ ਖੰਡਾ ਖੜਗ ਕਟਾਰ ਆਪ ਚਮਕਾਵਣਾ, ਚੰਡ ਪ੍ਰਚੰਡ ਆਪ ਵਖਾਈਆ। ਏਕਾ ਬ੍ਰਹਿਮੰਡ ਖੰਡ ਹਰਿ ਆਸਣ ਲਾਵਣਾ, ਸਚ ਸਿੰਘਾਸਣ ਸੇਜ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਅਗੰਮੀ ਮਾਰੇ ਮਾਰ, ਨਿਰਗੁਣ ਖੇਲ ਕਰੇ ਕਰਤਾਰ, ਸਰਗੁਣ ਰੂਪ ਨਾ ਕੋਇ ਵਟਾਈਆ। ਸਰਗੁਣ ਅੰਦਰ ਨਿਰਗੁਣ ਵੜਿਆ, ਦਿਸ ਕਿਸੇ ਨਾ ਆਇੰਦਾ। ਸੰਬਲ ਨਗਰੀ ਆਪੇ ਚੜ੍ਹਿਆ, ਸਾਢੇ ਤਿੰਨ ਹੱਥ ਬਣਤ ਬਣਾਇੰਦਾ। ਆਪਣਾ ਅੱਖਰ ਆਪੇ ਪੜ੍ਹਿਆ, ਨਿਸ਼ਅੱਖਰ ਨਾਉਂ ਧਰਾਇੰਦਾ। ਆਪਣਾ ਖੰਡਾ ਏਕਾ ਫੜਿਆ, ਤਿਖੀ ਦੋਵੇਂ ਧਾਰ ਬਣਾਇੰਦਾ। ਦੋ ਜਹਾਨਾਂ ਸ਼ਾਹ ਸੁਲਤਾਨਾਂ ਅੱਗੇ ਦਿਸੇ ਨਾ ਕੋਇ ਅੜਿਆ, ਤਖ਼ਤ ਤਾਜ ਸਰਬ ਉਲਟਾਇੰਦਾ। ਲੱਖ ਚੁਰਾਸੀ ਘਾੜਨ ਘੜਿਆ, ਵੇਲੇ ਅੰਤਮ ਆਪੇ ਭੰਨ ਵਖਾਇੰਦਾ। ਗੁਰਮੁਖ ਵਿਰਲਾ ਪਾਰਬ੍ਰਹਮ ਅਬਿਨਾਸ਼ੀ ਕਰਤੇ ਕਲਜੁਗ ਅੰਤਮ ਆਪੇ ਫੜਿਆ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਮੰਦਰ ਡੇਰਾ ਲਾਇੰਦਾ। ਸਾਚਾ ਮੰਦਰ ਕਰ ਤਿਆਰ, ਹਰਿ ਮੰਦਰ ਆਪ ਸੁਹਾਈਆ। ਨਾ ਕੋਈ ਦਿਸੇ ਚਾਰ ਦੀਵਾਰ, ਛੱਪਰ ਛੰਨ ਨਾ ਕੋਇ ਛੁਹਾਈਆ। ਰਵ ਸਸ ਨਾ ਕੋਇ ਉਜਿਆਰ, ਤਾਰਾ ਮੰਡਲ ਨਾ ਕੋਇ ਰੁਸ਼ਨਾਈਆ। ਗੁਰ ਪੀਰ ਨਾ ਕੋਇ ਅਵਤਾਰ, ਸਾਧ ਸੰਤ ਨਾ ਕੋਇ ਜਣਾਈਆ। ਇਕ ਇਕੱਲਾ ਏਕੰਕਾਰ, ਘਰ ਸਾਚੇ ਬੈਠਾ ਆਸਣ ਲਾਈਆ। ਹੁਕਮੇ ਵਰਤੇ ਸਰਬ ਵਰਤਾਰ, ਧੁਰ ਫ਼ਰਮਾਣਾ ਆਪ ਸੁਣਾਈਆ। ਆਪੇ ਕਲਜੁਗ ਲੋਕਮਾਤ ਦਏ ਸਹਾਰ, ਮਾਣ ਤਾਣ ਆਪ ਰਖਾਈਆ। ਆਪੇ ਮੇਲ ਮਿਲਾਵਾ ਈਸਾ ਮੂਸਾ ਸੰਗ ਮੁਹੰਮਦੀ ਯਾਰ, ਚਾਰ ਯਾਰੀ ਵੇਖ ਵਖਾਈਆ। ਆਪੇ ਅੰਤਮ ਬੇੜਾ ਕਰ ਦਏ ਪਾਰ, ਥਿਰ ਕੋਇ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਭਾਣੇ ਆਪ ਸਮਾਈਆ। ਹਰਿ ਭਾਣਾ ਬਲਵਾਨ, ਭੇਵ ਕੋਇ ਨਾ ਪਾਇੰਦਾ। ਆਪੇ ਖੇਲੇ ਵਿਚ ਜਹਾਨ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਕਲਜੁਗ ਤੇਰੀ ਝੂਠ ਦੁਕਾਨ, ਵੇਲੇ ਅੰਤ ਲੁਟਾਇੰਦਾ। ਆਪ ਸੁਣਾਏ ਤੇਰੇ ਕਾਨ, ਨੇਤਰ ਨੈਣ ਆਪ ਖੁਲ੍ਹਾਇੰਦਾ। ਲੱਖ ਚੁਰਾਸੀ ਪੁਣ ਛਾਣ, ਹਰਿਜਨ ਸਾਚੇ ਲਾਲ ਆਪਣੇ ਆਪ ਉਠਾਇੰਦਾ। ਸਰਬ ਜੀਆਂ ਪ੍ਰਭ ਜਾਣੀ ਜਾਣ, ਭਰਮ ਭੁਲੇਖਾ ਕੋਇ ਨਾ ਪਾਇੰਦਾ। ਅਬਿਨਾਸ਼ੀ ਕਰਤਾ ਜੀਵ ਨਾ ਸਕੇ ਕੋਈ ਪਛਾਣ, ਮਨ ਮਤ ਬੁੱਧ ਚਤੁਰਾਈ ਨਾ ਕੋਇ ਜਣਾਇੰਦਾ। ਜਿਸ ਜਨ ਕਿਰਪਾ ਕਰੇ ਆਪ ਮਿਹਰਬਾਨ, ਤਿਸ ਜਨ ਸਾਚੀ ਸੋਝੀ ਪਾਇੰਦਾ। ਪਹਿਲਾਂ ਬਖ਼ਸ਼ੇ ਚਰਨ ਧਿਆਨ, ਦੂਜਾ ਸ਼ਬਦੀ ਸ਼ਬਦ ਮਿਲਾਇੰਦਾ। ਤੀਜੇ ਨੇਤਰ ਇਕ ਗਿਆਨ, ਚੌਥੇ ਪਦ ਮਿਲਾਇੰਦਾ। ਪੰਚਮ ਰਾਖੇ ਇਕ ਧਿਆਨ, ਏਕਾ ਵੇਸ ਵਟਾਇੰਦਾ। ਛੇਵੇਂ ਛੱਪਰ ਛੰਨ ਮਕਾਨ, ਹਰਿ ਸਾਚਾ ਆਪ ਸੁਹਾਇੰਦਾ। ਸੱਤਵੇਂ ਸਤਿ ਪੁਰਖ ਨਿਰੰਜਣ ਖੇਲ ਮਹਾਨ, ਅਗੰਮ ਅਗੰਮੜੀ ਖੇਲ ਖਿਲਾਇੰਦਾ। ਅਠਵੇਂ ਅੱਠਾਂ ਤੱਤਾਂ ਹੋ ਪਰਧਾਨ, ਨੌ ਦੁਆਰੇ ਖੋਜ ਖੁਜਾਇੰਦਾ। ਦਸਮ ਦੁਆਰੀ ਹਰਿ ਭਗਵਾਨ, ਦੀਪਕ ਜੋਤੀ ਨੂਰ ਜਗਾਇੰਦਾ। ਰਾਗ ਸ਼ਬਦ ਸੱਚੀ ਧੁਨਕਾਨ, ਧੁਨੀ ਨਾਦ ਆਪ ਵਜਾਇੰਦਾ। ਸੁਰਤ ਸਵਾਣੀ ਕਰ ਪਰਵਾਨ, ਆਪ ਆਪਣੇ ਅੰਗ ਲਗਾਇੰਦਾ। ਘਰ ਵਿਚ ਘਰ ਸਚ ਮਕਾਨ, ਘਰ ਸਾਚਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਵੇਖ ਵਖਾਇੰਦਾ। ਵੇਖਣਹਾਰਾ ਹਰਿ ਭਗਵੰਤਾ, ਹਰਿਜਨ ਸਾਚੇ ਮੇਲ ਮਿਲੰਨਿਆ। ਲੇਖਾ ਜਾਣੇ ਸਾਚੇ ਸੰਤਾਂ, ਭੇਵ ਚੁਕਾਏ ਆਤਮ ਅੰਨਿਆਂ। ਗੁਰਮੁਖ ਰੰਗ ਰੰਗਤਾ, ਰੰਗ ਰੰਗੀਲਾ ਮੋਹਣ ਮਾਧਵ ਸ੍ਰੀ ਭਗਵੰਨਿਆਂ। ਸ੍ਰਿਸ਼ਟ ਸਬਾਈ ਰੱਖੀ ਚਿੰਤਾ, ਧੀਰਜ ਧੀਰ ਨਾ ਕੋਇ ਧਰੰਨਿਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਏਕਾ ਵਰ, ਆਤਮ ਬ੍ਰਹਮ ਪਾਰਬ੍ਰਹਮ, ਸਾਚੀ ਜਨਨੀ ਜਨ ਜਣਿਆਂ।