Granth 09 Likhat 052: 21 Faggan 2016 Bikarmi Pritam Singh de Ghar Karol Bagh Delhi

੨੧ ਫੱਗਣ ੨੦੧੬ ਬਿਕ੍ਰਮੀ ਪਰੀਤਮ ਸਿੰਘ ਦੇ ਘਰ ਕਰੋਲਬਾਗ਼ ਦਿੱਲੀ

ਸੋ ਪੁਰਖ ਨਿਰੰਜਣ ਸੁਤੇ ਪਰਕਾਸ਼ਾ, ਏਕਾ ਏਕ ਭੇਵ ਨਾ ਰਾਇਆ। ਹਰਿ ਪੁਰਖ ਨਿਰੰਜਣ ਪੁਰਖ ਅਬਿਨਾਸ਼ਾ, ਆਦਿ ਜੁਗਾਦੀ ਇਕ ਸਮਾਇਆ। ਏਕੰਕਾਰਾ ਖੇਲ ਤਮਾਸ਼ਾ, ਨਿਰਗੁਣ ਨੂਰ ਨੂਰ ਰੁਸ਼ਨਾਇਆ। ਆਦਿ ਨਿਰੰਜਣ ਪਾਵੇ ਰਾਸਾ, ਮੰਡਲ ਰਾਸ ਆਪ ਰਚਾਇਆ। ਅਬਿਨਾਸ਼ੀ ਕਰਤਾ ਸਚਖੰਡ ਨਿਵਾਸਾ, ਥਿਰ ਘਰ ਸਾਚੇ ਡੇਰਾ ਲਾਇਆ। ਸ੍ਰੀ ਭਗਵਾਨ ਆਪਣੇ ਮੰਦਰ ਕਰੇ ਵਾਸਾ, ਦੂਸਰ ਧਾਮ ਨਾ ਕੋਇ ਬਣਾਇਆ। ਪਾਰਬ੍ਰਹਮ ਖੇਲੇ ਖੇਲ ਪ੍ਰਿਥਮੀ ਆਕਾਸ਼ਾ, ਗਗਨ ਮੰਡਲ ਮੰਡਪ ਵੇਖ ਵਖਾਇਆ। ਰਵ ਸਸ ਦਏ ਭਰਵਾਸਾ, ਜੋਤੀ ਜੋਤ ਜੋਤ ਸਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਅਗੰਮ ਅਪਾਰ, ਅਗੰਮ ਅਥਾਹ ਭੇਵ ਨਾ ਰਾਇਆ। ਅਗੰਮ ਅਥਾਹ ਹਰਿ ਬੇਅੰਤ, ਪਾਰਬ੍ਰਹਮ ਵੱਡੀ ਵਡਿਆਈਆ। ਲੇਖਾ ਜਾਣੇ ਜੁਗਾ ਜੁਗੰਤ, ਜੁਗ ਕਰਤਾ ਨਾਉਂ ਧਰਾਈਆ। ਹਰਿ ਹਰਿ ਮਹਿਮਾ ਗਣਤ ਅਗਣਤ, ਕਥਨੀ ਕਥ ਨਾ ਸਕੇ ਰਾਈਆ। ਲੇਖਾ ਜਾਣੇ ਗੁਰਮੁਖ ਵਿਰਲਾ ਸੰਤ, ਜਿਸ ਜਨ ਆਪਣੀ ਬੂਝ ਬੁਝਾਈਆ। ਏਕਾ ਸ਼ਬਦ ਰਸਨਾ ਜਿਹਵਾ ਮਣੀਆ ਮੰਤ, ਰਾਮ ਨਾਮ ਨਾਮ ਵਡਿਆਈਆ। ਨਰ ਨਰਾਇਣ ਨਾਰੀ ਕੰਤ, ਸਤਿ ਪੁਰਖ ਨਿਰੰਜਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਸਤਿਵਾਦੀ ਸਾਚੀ ਧਾਰ ਬ੍ਰਹਿਮੰਡ ਖੰਡ ਪਾਏ ਸਾਰ, ਆਪਣੀ ਵੰਡ ਆਪ ਵੰਡਾਈਆ। ਬ੍ਰਹਿਮੰਡ ਖੰਡ ਸ਼ਬਦ ਹੁਲਾਰਾ, ਏਕੰਕਾਰਾ ਆਪ ਲਗਾਇੰਦਾ। ਆਦਿ ਜੁਗਾਦੀ ਏਕੰਕਾਰਾ, ਏਕਾ ਘਰ ਸੁਹਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਖੇਲ ਅਪਾਰਾ, ਕਲਜੁਗ ਆਪਣਾ ਵੇਸ ਵਟਾਇੰਦਾ। ਨਿਰਗੁਣ ਦੀਵਾ ਬਾਤੀ ਕਰ ਉਜਿਆਰਾ, ਘਰ ਸਾਚੇ ਆਪ ਸੁਹਾਇੰਦਾ। ਸਚਖੰਡ ਖੋਲ੍ਹ ਕਿਵਾੜਾ, ਲੋਕਮਾਤੀ ਰਾਹ ਤਕਾਇੰਦਾ। ਨੌ ਖੰਡ ਪ੍ਰਿਥਮੀ ਇਕ ਅਖਾੜਾ, ਸੱਤਾਂ ਦੀਪਾਂ ਵੇਖ ਵਖਾਇੰਦਾ। ਚੌਦਾਂ ਤਬਕਾਂ ਮਾਰੇ ਮਾਰਾ, ਮਾਰਨਹਾਰਾ ਦਿਸ ਨਾ ਆਇੰਦਾ। ਬ੍ਰਹਮਾ ਵਿਸ਼ਨ ਸ਼ਿਵ ਪਾਵੇ ਸਾਰਾ, ਕਰੋੜ ਤੇਤੀਸਾ ਆਪ ਉਠਾਇੰਦਾ। ਲੱਖ ਚੁਰਾਸੀ ਜੀਵ ਗਵਾਰਾ, ਮਨਮਤ ਸਰਬ ਕੁਰਲਾਇੰਦਾ। ਗੁਰਮੁਖ ਵਿਰਲਾ ਚਤੁਰ ਸੁਘੜ ਸਿਆਣਾ, ਜਿਸ ਜਨ ਹਰਿ ਹਰਿ ਆਪਣੀ ਬੂਝ ਬੁਝਾਇੰਦਾ। ਨਾ ਕੋਈ ਦਿਸੇ ਰਾਜਾ ਰਾਣਾ, ਸ਼ਾਹ ਸੁਲਤਾਨ ਨਾ ਕੋਇ ਅਖਵਾਇੰਦਾ। ਚਾਰ ਵਰਨਾਂ ਮੰਨਣਾ ਭਾਣਾ, ਵਰਨ ਬਰਨ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ, ਸ਼ਾਹੋ ਭੂਪ ਸੁਲਤਾਨ ਦੋ ਜਹਾਨ ਵੇਖ ਵਖਾਇੰਦਾ। ਦੋ ਜਹਾਨਾਂ ਹਰਿ ਹਰਿ ਵਾਲੀ, ਦੂਸਰ ਹੋਰ ਨਾ ਕੋਇ ਜਣਾਇੰਦਾ। ਨਿਰਗੁਣ ਜੋਤ ਜੋਤ ਅਕਾਲੀ, ਆਦਿ ਸ਼ਕਤ ਰੂਪ ਵਟਾਇੰਦਾ। ਸ਼ਬਦੀ ਸ਼ਬਦ ਕਰੇ ਦਲਾਲੀ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਸ੍ਰਿਸ਼ਟ ਸਬਾਈ ਬਣਿਆ ਪਾਲੀ, ਦਿਵਸ ਰੈਣ ਸੇਵ ਕਮਾਇੰਦਾ। ਫਲ ਲੱਗਾ ਵੇਖੇ ਡਾਲੀ, ਕਲਜੁਗ ਅੰਤਮ ਫੇਰਾ ਪਾਇੰਦਾ। ਚਲੇ ਚਲਾਏ ਅਵੱਲੜੀ ਚਾਲੀ, ਵੇਦ ਕਤੇਬ ਭੇਵ ਨਾ ਆਇੰਦਾ। ਆਪਣੇ ਹੱਥਾਂ ਰੱਖੇ ਖ਼ਾਲੀ, ਜਨ ਭਗਤ ਭਗਤੀ ਭੰਡਾਰ ਝੋਲੀ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚਾ ਸੱਜਣ ਮੀਤ, ਹਰਿ ਸਤਿਗੁਰ ਪੁਰਖ ਆਪ ਬਣਾਇੰਦਾ। ਏਕਾ ਦੇਵੇ ਨਾਮ ਅਤੀਤ, ਤ੍ਰੈਗੁਣ ਮਾਇਆ ਨੇੜ ਨਾ ਆਇੰਦਾ। ਕਾਇਆ ਕਰੇ ਠੰਡੀ ਸੀਤ, ਪਤਤ ਪਾਵਣ ਆਪ ਕਰਾਇੰਦਾ। ਇਕ ਸੁਣਾਏ ਸੁਹਾਗੀ ਗੀਤ, ਸੋ ਪੁਰਖ ਨਿਰੰਜਣ ਢੋਲਾ ਆਪ ਅਲਾਇੰਦਾ। ਦਿਵਸ ਰੈਣ ਵਸੇ ਚੀਤ, ਘਰ ਸਾਚੇ ਸੋਭਾ ਪਾਇੰਦਾ। ਏਕਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਵੇਖ ਵਖਾਇੰਦਾ। ਵਸਣਹਾਰਾ ਧਾਮ ਅਨਡੀਠ, ਨਿਜ ਘਰ ਆਤਮ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਾਚੇ ਘਰ, ਘਰ ਸਾਚਾ ਆਪ ਵਡਿਆਇੰਦਾ। ਹਰਿਜਨ ਸਾਚਾ ਏਕਾ ਰੰਗ, ਹਰਿ ਸੰਤਨ ਆਪ ਤਰਾਈਆ। ਆਪੇ ਭਗਤ ਦਵਾਰਾ ਰਿਹਾ ਮੰਗ, ਨਿਰਗੁਣ ਸਰਗੁਣ ਰੂਪ ਵਟਾਈਆ। ਦਾਤਾ ਦਾਨੀ ਸੂਰਾ ਸਰਬੰਗ, ਸੋ ਪੁਰਖ ਇਕ ਅਖਵਾਈਆ। ਜਗਤ ਦੁਆਰੇ ਆਪੇ ਲੰਘ, ਹਰਿਜਨ ਮੇਲੇ ਸਹਿਜ ਸੁਭਾਈਆ। ਆਤਮ ਸੇਜਾ ਵੇਖ ਪਲੰਘ, ਸਚ ਸੁਹੰਜਣੀ ਸੇਜ ਹੰਢਾਈਆ। ਦੂਈ ਦਵੈਤੀ ਢਾਏ ਕੰਧ, ਹਉਮੇ ਹੰਗਤਾ ਮਾਇਆ ਮਮਤਾ ਗੜ੍ਹ ਰਹਿਣ ਨਾ ਪਾਈਆ। ਆਪ ਮੁਕਾਏ ਅਗਲਾ ਪਿਛਲਾ ਪੰਧ, ਸਾਚੇ ਮਾਰਗ ਆਪ ਚੜ੍ਹਾਈਆ। ਲੇਖਾ ਜਾਣੇ ਰਸਨਾ ਜਿਹਵਾ ਬੱਤੀ ਦੰਦ, ਪਵਣ ਸਵਾਸੀ ਵੇਖ ਵਖਾਈਆ। ਆਤਮ ਅੰਤਰ ਨਿਜਾਨੰਦ, ਨਿਜ ਆਤਮ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਕਾਇਆ ਘਰ, ਘਰ ਘਰ ਵਿਚ ਆਪ ਵਖਾਈਆ। ਕਾਇਆ ਮੰਦਰ ਸਾਚਾ ਘਰ, ਹਰਿ ਪੁਰਖ ਨਿਰੰਜਣ ਆਸਣ ਲਾਇੰਦਾ। ਨਿਰਗੁਣ ਅੰਦਰ ਬੈਠਾ ਵੜ, ਜੋਤ ਸਰੂਪੀ ਦਿਸ ਨਾ ਆਇੰਦਾ। ਗੁਰਮੁਖ ਵਿਰਲੇ ਲਏ ਫੜ, ਜਿਸ ਜਨ ਆਪਣੀ ਦਇਆ ਕਮਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਪੰਜ ਤਤ ਨਾ ਕੋਇ ਰਖਾਇੰਦਾ। ਆਪਣੀ ਵਿਦਿਆ ਆਪੇ ਪੜ੍ਹ, ਜਨ ਭਗਤਾਂ ਆਪ ਪੜ੍ਹਾਇੰਦਾ। ਆਪ ਫੜਾਏ ਆਪਣਾ ਲੜ, ਅੱਧ ਵਿਚਕਾਰ ਨਾ ਕੋਇ ਤੁੜਾਇੰਦਾ। ਸਾਚੇ ਪੌੜੇ ਜਾਏ ਚੜ੍ਹ, ਉਚ ਮਹੱਲ ਅਟਾਰੀ ਆਪ ਸੁਹਾਇੰਦਾ। ਦਰਸ ਦਿਖਾਏ ਅੱਗੇ ਖੜ, ਸਵਛ ਸਰੂਪੀ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਨਿਰਾਕਾਰ, ਸਤਿ ਸਰੂਪੀ ਖੇਲ ਅਪਾਰ, ਬੇਐਬ ਪਰਵਰਦਿਗਾਰ ਆਪ ਅਖਵਾਇੰਦਾ। ਬੇਐਬ ਪਰਵਰਦਿਗਾਰ ਹਰਿ ਹਰਿ ਰਾਮਾ, ਏਕਾ ਏਕੰਕਾਰਿਆ। ਸ਼ਬਦ ਨਾਦਿ ਅਨਾਦੀ ਵਜਾਏ ਦਮਾਮਾ, ਲੋਆਂ ਪੁਰੀਆਂ ਆਪ ਸੁਣਾ ਰਿਹਾ। ਜੁਗਾ ਜੁਗੰਤਰ ਕਰੇ ਕਰਾਏ ਆਪਣਾ ਕਾਮਾ, ਕਰਨੀ ਕਰਤਾ ਕਰਮ ਕਮਾ ਰਿਹਾ। ਨਿਰਗੁਣ ਸਰਗੁਣ ਪਹਿਰਿਆ ਜਾਮਾ, ਰੂਪ ਅਨੂਪ ਆਪ ਵਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਏਕਾ ਦਰ, ਦਰ ਦਰਵਾਜ਼ਾ ਇਕ ਖੁਲ੍ਹਾ ਰਿਹਾ। ਦਰ ਦਰਵਾਜ਼ਾ ਸਾਚਾ ਬੰਕ, ਹਰਿ ਸਤਿਗੁਰ ਆਪ ਖੁਲ੍ਹਾਈਆ। ਲੇਖਾ ਜਾਣੇ ਰਾਓ ਰੰਕ, ਘਟ ਘਟ ਖੇਲ ਬੇਪਰਵਾਹੀਆ। ਹਰਿਜਨ ਲਾਏ ਏਕਾ ਤਨਕ, ਸ਼ਬਦ ਸ਼ਬਦੀ ਬੰਧਨ ਪਾਈਆ। ਲੇਖਾ ਜਾਣੇ ਜਿਉਂ ਜਨ ਜਨਕ, ਜਨ ਜਨਨੀ ਵੇਖ ਵਖਾਈਆ। ਸ਼ਾਹੋ ਸ਼ਾਬਾਸ਼ੀ ਵਾਸੀ ਪੁਰੀ ਘਨਕ, ਵਾਰ ਅਨਕ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਧਾਰ, ਵੇਖਣਹਾਰਾ ਆਪ ਨਿਰੰਕਾਰ, ਹਰਿ ਭਗਤਨ ਮੇਲਾ ਸਹਿਜ ਸੁਭਾਈਆ। ਭਗਤਨ ਮੇਲਾ ਧੁਰ ਦਰਗਹਿ, ਸਚਖੰਡ ਦੁਆਰਾ ਆਪ ਸੁਹਾਇੰਦਾ। ਸਤਿਗੁਰ ਪੂਰਾ ਬਣ ਮਲਾਹ, ਲੋਕਮਾਤ ਫੇਰਾ ਪਾਇੰਦਾ। ਆਪਣਾ ਲੇਖਾ ਆਪੇ ਦਏ ਜਣਾ, ਆਪ ਆਪਣਾ ਭੇਵ ਖੁਲ੍ਹਾਇੰਦਾ। ਬ੍ਰਹਮਾ ਚਾਰੇ ਵੇਦ ਰਿਹਾ ਸੁਣਾ, ਚਾਰੇ ਮੁਖ ਸਲਾਹਿੰਦਾ। ਵੇਦ ਵਿਆਸਾ ਪੁਰਾਨ ਅਠਾਰਾਂ ਗਿਆ ਗਾ, ਲੱਖ ਚਾਰ ਹਜ਼ਾਰ ਸਤਾਰਾਂ ਸਲੋਕ ਆਪ ਗਣਾਇੰਦਾ। ਗੀਤਾ ਗਿਆਨ ਅਰਜਨ ਦ੍ਰਿੜਾ, ਮੁਕੰਦ ਮਨੋਹਰ ਲਖ਼ਮੀ ਨਰਾਇਣ ਨਾਮ ਬੰਸਰੀ ਇਕ ਵਜਾਇੰਦਾ। ਈਸਾ ਮੂਸਾ ਸਿਫ਼ਤ ਸਾਲਾਹ, ਸੰਗ ਮੁਹੰਮਦ ਚਾਰ ਯਾਰ ਮੇਲ ਮਿਲਾਇੰਦਾ। ਅੰਜੀਲ ਕੁਰਾਨਾਂ ਪਕੜੇ ਬਾਂਹ, ਕਲਮਾ ਨਬੀ ਆਪ ਸੁਣਾਇੰਦਾ। ਕਾਇਨਾਤ ਫੇਰਾ ਪਾ, ਆਪ ਆਪਣਾ ਖੇਲ ਖਿਲਾਇੰਦਾ। ਨਿਰਗੁਣ ਨਿਰਗੁਣ ਜੋਤ ਜਗਾ, ਨਰ ਨਰਾਇਣ ਰੂਪ ਵਟਾਇੰਦਾ। ਨਾਮ ਸਤਿ ਮੰਤਰ ਦ੍ਰਿੜਾ, ਚਾਰ ਵਰਨ ਆਪ ਸਮਝਾਇੰਦਾ। ਦਹਿ ਦਿਸ਼ਾ ਫੇਰਾ ਪਾ, ਚਾਰ ਕੁੰਟ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕੰਕਾਰ ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਦਿਸ ਨਾ ਆਇੰਦਾ। ਅਲੱਖ ਅਗੋਚਰ ਪੁਰਖ ਅਗੰਮ, ਨੇਤਰ ਨੈਣ ਦਿਸ ਨਾ ਆਇੰਦਾ। ਨਾ ਮਰੇ ਨਾ ਪਏ ਜੰਮ, ਆਵਣ ਜਾਵਣ ਖੇਲ ਖਿਲਾਇੰਦਾ। ਜੁਗ ਜੁਗ ਲੱਖ ਚੁਰਾਸੀ ਦੇਵਣਹਾਰਾ ਡੰਨ, ਆਪੇ ਘੜੇ ਆਪੇ ਭੰਨ ਵਖਾਇੰਦਾ। ਗੁਰਮੁਖ ਵਿਰਲੇ ਸ਼ਬਦ ਡੋਰੀ ਲਏ ਬੰਨ੍ਹ, ਆਪ ਆਪਣੇ ਅੰਗ ਲਗਾਇੰਦਾ। ਏਕਾ ਰਾਗ ਸੁਣਾਏ ਕੰਨ, ਧੁਨ ਆਤਮਕ ਆਪ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਧਾਰ, ਵਰਤੇ ਵਰਤਾਵੇ ਵਿਚ ਸੰਸਾਰ, ਲੇਖਾ ਲੇਖ ਨਾ ਕੋਇ ਮਿਟਾਇੰਦਾ। ਲੇਖਾ ਲਿਖਣਹਾਰ ਗੋਪਾਲ, ਸ਼ਾਹ ਸੁਲਤਾਨ ਵਡ ਵਡਿਆਈਆ। ਖੇਲੇ ਖੇਲ ਦੀਨ ਦਿਆਲ, ਦੀਨਾਂ ਨਾਥ ਬੇਪਰਵਾਹੀਆ। ਵੇਖ ਵਖਾਏ ਕਾਲ ਮਹਾਂਕਾਲ, ਦੋ ਜਹਾਨ ਵੇਸ ਵਟਾਈਆ। ਬ੍ਰਹਿਮੰਡ ਖੰਡ ਅਵੱਲੜੀ ਚਾਲ, ਗਗਨ ਮੰਡਲ ਫੇਰਾ ਪਾਈਆ। ਰਵ ਸਸ ਵਜਾਏ ਤਾਲ, ਆਪ ਆਪਣਾ ਖੇਲ ਖਿਲਾਈਆ। ਲੱਖ ਚੁਰਾਸੀ ਵੇਖੇ ਸ਼ਾਹ ਕੰਗਾਲ, ਰਾਓ ਰੰਕ ਫੋਲ ਫੁਲਾਈਆ। ਹਰਿ ਸੰਤ ਹਰਿ ਭਗਤ ਹਰਿ ਹਰਿ ਆਪੇ ਲਏ ਭਾਲ, ਆਪ ਆਪਣੀ ਬੂਝ ਬੁਝਾਈਆ। ਦੇਵੇ ਨਾਮ ਸੱਚਾ ਧੰਨ ਮਾਲ, ਸਚ ਖ਼ਜ਼ਾਨਾ ਠੱਗ ਚੋਰ ਯਾਰ ਲੁੱਟ ਕੋਇ ਨਾ ਜਾਈਆ। ਸ਼ਬਦ ਕੁਠਾਲੀ ਸਾਚੀ ਗਾਲ, ਸੋਇਨਾ ਕੰਚਨ ਰੂਪ ਵਟਾਈਆ। ਆਪ ਬਣਾਏ ਸਾਚੇ ਲਾਲ, ਲਾਲ ਅਨਮੁਲੜਾ ਕਰਤਾ ਕੀਮਤ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਾਰ, ਖੇਲੇ ਖੇਲ ਵਿਚ ਸੰਸਾਰ, ਖੇਲਣਹਾਰਾ ਦਿਸ ਨਾ ਆਈਆ। ਕਲਜੁਗ ਅੰਤਮ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਨਿਰਗੁਣ ਜੋਤ ਨੂਰ ਉਜਿਆਰਾ, ਹਰਿ ਪੁਰਖ ਨਿਰੰਜਣ ਡਗਮਗਾਇੰਦਾ। ਏਕੰਕਾਰਾ ਬੋਲ ਜੈਕਾਰਾ, ਨਾਮ ਨਾਮਾ ਇਕ ਸੁਣਾਇੰਦਾ। ਆਦਿ ਨਿਰੰਜਣ ਪਾਵੇ ਸਾਰਾ, ਘਰ ਘਰ ਦੀਪਕ ਆਪ ਵਖਾਇੰਦਾ। ਸ੍ਰੀ ਭਗਵਾਨ ਬੋਲ ਜੈਕਾਰਾ, ਸਾਚਾ ਨਾਅਰਾ ਏਕਾ ਲਾਇੰਦਾ। ਅਬਿਨਾਸ਼ੀ ਕਰਤਾ ਵੇਖੇ ਜਗਤ ਅਖਾੜਾ, ਨੌ ਖੰਡ ਪ੍ਰਿਥਮੀ ਆਪ ਲਗਾਇੰਦਾ। ਪਾਰਬ੍ਰਹਮ ਬਣੇ ਸਾਚਾ ਲਾੜਾ, ਬ੍ਰਹਮ ਸਾਚੀ ਸਵਾਣੀ ਆਪ ਪਰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਅੰਤਮ ਰੂਪ, ਚਾਰੋਂ ਕੁੰਟ ਜੂਠ ਝੂਠ, ਸਚ ਸੁੱਚ ਨਾ ਕੋਇ ਵਖਾਇੰਦਾ। ਕਲਜੁਗ ਤੇਰਾ ਝੂਠਾ ਨਾਤਾ, ਜੀਵ ਜੰਤ ਬੰਧਨ ਪਾਇਆ। ਮਿਲੇ ਮੇਲ ਨਾ ਪੁਰਖ ਬਿਧਾਤਾ, ਹਰਿ ਹਰਿ ਰਸਨਾ ਨਾ ਕੋਇ ਗਾਇਆ। ਦਿਵਸ ਰੈਣ ਅੰਧੇਰੀ ਰਾਤਾ, ਸਾਚਾ ਚੰਦ ਨਾ ਕੋਇ ਚੜ੍ਹਾਇਆ। ਜੋਤ ਨਾ ਜਗੇ ਮਸਤਕ ਲਲਾਟਾ, ਜਗਤ ਘਾਟਾ ਨਾ ਕੋਇ ਪੂਰ ਕਰਾਇਆ। ਨਾਤਾ ਨਾ ਛੁੱਟੇ ਆਣ ਬਾਟਾ, ਆਵਣ ਜਾਵਣ ਨਾ ਪੰਧ ਮੁਕਾਇਆ। ਆਤਮ ਮਿਲੇ ਨਾ ਸਾਚੀ ਖਾਟਾ, ਘਰ ਸਾਚੇ ਨਾ ਕੋਇ ਵਡਿਆਇਆ। ਅੰਮ੍ਰਿਤ ਮਿਲੇ ਨਾ ਸਰ ਸਰੋਵਰ ਸਾਚੇ ਬਾਟਾ, ਭਰ ਪਿਆਲਾ ਸਾਚਾ ਸਾਕੀ ਜਾਮ ਨਾ ਕੋਇ ਪਿਆਇਆ। ਮਨਮੁਖ ਵਿਕਿਆ ਹਾਟੋ ਹਾਟਾ, ਅੰਤ ਕੌਡੀ ਕੌਡੀ ਆਪ ਵਿਕਾਇਆ। ਗੁਰਮੁਖ ਵਿਰਲੇ ਸਗਲ ਵਸੂਰਾ ਲਾਥਾ, ਜਿਸ ਸਤਿਗੁਰ ਪੂਰੇ ਦਰਸ਼ਨ ਪਾਇਆ। ਮੇਲ ਮਿਲਾਵਾ ਤਰਲੋਕੀ ਨਾਥਾ, ਤ੍ਰੈ ਤ੍ਰੈ ਲੇਖਾ ਆਪ ਚੁਕਾਇਆ। ਸਤਿਜੁਗ ਸੁਣਾਏ ਸਾਚੀ ਗਾਥਾ, ਕਲਜੁਗ ਅੰਤਮ ਫੇਰਾ ਪਾਇਆ। ਏਕਾ ਪੂਜਾ ਏਕਾ ਪਾਠਾ, ਏਕਾ ਮੰਤਰ ਨਾਮ ਦ੍ਰਿੜਾਇਆ। ਏਕਾ ਸਰ ਸਰੋਵਰ ਤੀਰਥ ਅਠਸਠ ਮਾਰੇ ਠਾਠਾ, ਗੰਗਾ ਗੋਦਾਵਰੀ ਸੁਰਸਤੀ ਚਰਨਾ ਹੇਠ ਦਬਾਇਆ। ਏਕਾ ਆਦਿ ਸ਼ਕ਼ਤ ਜੋਤ ਲਲਾਟਾ, ਸਿੰਘ ਰੂਪ ਸ਼ੇਰ ਵਟਾਇਆ। ਏਕਾ ਖੇਲੇ ਖੇਲ ਬਾਜ਼ੀਗਰ ਨਾਟਾ, ਹਰਿ ਸਵਾਂਗੀ ਸਵਾਂਗ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਕੂੜ ਪਸਾਰਾ, ਚਾਰੋਂ ਕੁੰਟ ਅੰਧ ਅੰਧਿਆਰਾ, ਸਾਚਾ ਰਾਹ ਨਾ ਕੋਇ ਚਲਾਇਆ। ਸਾਚਾ ਰਾਹ ਭੁਲਾ ਪੰਧ, ਜਗਤ ਪਾਂਧੀ ਰਹੇ ਕੁਰਲਾਈਆ। ਮਦਿਰਾ ਮਾਸ ਰਸਨਾ ਗੰਦ, ਬੱਤੀ ਦੰਦ ਦੇਣ ਦੁਹਾਈਆ। ਘਰ ਮੰਦਰ ਨਾ ਚੜ੍ਹਿਆ ਸਾਚਾ ਚੰਦ, ਕਾਇਆ ਗੜ੍ਹ ਨਾ ਕੋਇ ਸੁਹਾਈਆ। ਨਿਝ ਘਰ ਨਾ ਮਿਲਿਆ ਨਿਜ਼ਾ ਨੰਦ, ਪਰਮਾਨੰਦ ਨਾ ਕੋਈ ਵਖਾਈਆ। ਚੌਥੇ ਪਦ ਨਾ ਸੁਣਿਆ ਸੁਹਾਗੀ ਛੰਦ, ਤੀਜਾ ਨੈਣ ਨਾ ਕੋਈ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲਹਿਣਾ ਤੇਰੀ ਝੋਲੀ ਪਾਈਆ। ਕਲਜੁਗ ਤੇਰਾ ਲਹਿਣਾ ਆਪ ਚੁਕਾਵਣਾ, ਪੁਰਖ ਅਬਿਨਾਸ਼ੀ ਆਪ ਚੁਕਾਈਆ। ਜੂਠਾ ਝੂਠਾ ਬਸਤਰ ਗਹਿਣਾ ਤੇਰੇ ਤਨ ਪਹਿਨਾਵਣਾ, ਤੇਰਾ ਸ਼ਿੰਗਾਰ ਵੇਖ ਵਖਾਇੰਦਾ। ਮਾਇਆ ਮਮਤਾ ਲਾਏ ਅੰਗ ਨੇਤਰ ਨੈਣਾਂ ਕੱਜਲ ਪਾਵਣਾ, ਰੂਪ ਅਨੂਪ ਤੇਰਾ ਮਟਕਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਭੈਣਾ ਭਈਆ ਤੇਰਾ ਸਾਕ ਸੈਣ ਬਣਾਵਨਾ, ਤੇਰੇ ਸੰਗ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਅੰਤਮ ਵੇਸ, ਵੇਖਣਹਾਰਾ ਵਾਰੋ ਵਾਰ ਦਰ ਦਰਵੇਸ਼ ਫੇਰਾ ਪਾਇੰਦਾ। ਕਲਜੁਗ ਕੂੜਾ ਕਰ ਸ਼ਿੰਗਾਰ, ਹਰਿ ਸਾਚੀ ਘੋੜੀ ਦਏ ਚੜ੍ਹਾਈਆ। ਕੂੜੀ ਕਿਰਿਆ ਨਾਲ ਪਿਆਰ, ਜੂਠ ਝੂਠ ਕਰੀ ਕੁੜਮਾਈਆ। ਚਾਰੇ ਕੁੰਟ ਕਰ ਖੁਆਰ, ਸੰਗ ਮੁਹੰਮਦ ਚਾਰ ਯਾਰ ਅੱਲਾ ਰਾਣੀ ਨਾਲ ਪ੍ਰਨਾਈਆ। ਧੁਰਦਰਗਾਹੀ ਧੱਕਾ ਦੇਵੇ ਮਾਰ, ਆਪੇ ਸੁੱਟੇ ਮੂੰਹ ਦੇ ਭਾਰ, ਮੰਝਧਾਰ ਆਪ ਰੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਵੇਸ ਅਵੱਲਾ ਇਕ ਰਖਾਇਆ। ਪਾਰਬ੍ਰਹਮ ਖੇਲ ਨਿਆਰ, ਕਰਤਾ ਪੁਰਖ ਆਪ ਕਰਾਈਆ। ਸ੍ਰੀ ਭਗਵਾਨ ਭਗਤਨ ਸੰਗ, ਹਰਿ ਭਗਵਨ ਰੂਪ ਵਟਾਈਆ। ਭਗਤ ਭਗਤੀ ਚਾੜ੍ਹੇ ਰੰਗ, ਸਾਚੀ ਰੰਗਨ ਨਾਮ ਰੰਗਾਈਆ। ਏਕਾ ਨਾਮ ਵਜਾਏ ਮਰਦੰਗ, ਤਾਲ ਤਲਵਾੜਾ ਆਪਣੇ ਹੱਥ ਰਖਾਈਆ। ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨ ਕਸੇ ਤੰਗ, ਸੋਲਾਂ ਕਲੀਆਂ ਆਸਣ ਲਾਈਆ। ਪਾਵੇ ਸਾਰ ਕੋਟ ਬ੍ਰਹਿਮੰਡ, ਜੇਰਜ ਅੰਡ ਉਤਭੁਜ ਸੇਤਜ ਵੇਖ ਵਖਾਈਆ। ਆਪੇ ਕਰੇ ਖੰਡ ਖੰਡ, ਸਾਚਾ ਖੰਡਾ ਹੱਥ ਚਮਕਾਈਆ। ਜੀਵ ਜੰਤ ਨਾਰ ਦੁਹਾਗਣ ਰੰਡ, ਕੂੜ ਕੁੜਿਆਰਾ ਵੇਸ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਮੰਦਰ ਦੇਵੇ ਢਾਹ, ਚਾਰ ਦਿਵਾਰ ਨਾ ਕੋਈ ਬਣਾਈਆ। ਕਲਜੁਗ ਮੰਦਰ ਜਾਵੇ ਢੱਠ, ਚਾਰ ਦੀਵਾਰ ਰਹਿਣ ਨਾ ਪਾਇੰਦਾ। ਨੌ ਖੰਡ ਪ੍ਰਿਥਮੀ ਗੇੜੇ ਉਲਟੀ ਲੱਠ, ਆਪਣਾ ਗੇੜਾ ਆਪ ਦਵਾਇੰਦਾ। ਮਾਇਆ ਮਮਤਾ ਹੋਈ ਭੱਠ, ਆਸਾ ਤ੍ਰਿਸ਼ਨਾ ਨਾਲ ਰਲਾਇੰਦਾ। ਲੇਖਾ ਚੁੱਕੇ ਅਠਸਠ, ਅੱਠ ਅਠੋਤਰੀ ਮਾਲਾ ਵੇਖ ਵਖਾਇੰਦਾ। ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਵੇਖੇ ਨੱਠ ਨੱਠ, ਉਚੇ ਟਿੱਲੇ ਪਰਬਤ ਫੋਲ ਫੁਲਾਇੰਦਾ। ਹਰਿਜਨ ਕਰਾਏ ਏਕਾ ਧਾਮ ਇਕੱਠ, ਚਰਨ ਦੁਆਰਾ ਇਕ ਵਖਾਇੰਦਾ। ਏਕਾ ਦੇਵੇ ਬ੍ਰਹਮ ਮਤ, ਪਾਰਬ੍ਰਹਮ ਆਪ ਸਮਝਾਇੰਦਾ। ਸਤਿ ਸੰਤੋਖ ਧੀਰਜ ਜਤ, ਮਨਮਤ ਨਾ ਕੋਈ ਕੁਰਲਾਇੰਦਾ। ਆਪੇ ਜਾਣੇ ਮਿਤ ਗਤ, ਲੇਖਾ ਆਪਣੇ ਹੱਥ ਰਖਾਇੰਦਾ। ਪੁਰਖ ਅਬਿਨਾਸ਼ੀ ਕਮਲਾਪਤ, ਪੀਤ ਪਤੰਬਰ ਸੀਸ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਪੀਤ ਪਤੰਬਰ ਸੋਹੇ ਸੀਸ, ਸ੍ਰੀ ਭਗਵਾਨ ਵੱਡੀ ਵਡਿਆਈਆ। ਲੇਖਾ ਜਾਣੇ ਸ਼ਾਹ ਜਗਦੀਸ਼, ਸ਼ਾਹ ਸੁਲਤਾਨਾ ਬੇਪਰਵਾਹੀਆ। ਨੂਰੋ ਨੂਰ ਨੂਰ ਬੀਸ ਇਕੀਸ, ਇਕ ਇਕੱਲਾ ਖੇਲ ਖਿਲਾਈਆ। ਲੇਖਾ ਜਾਣੇ ਰਾਗ ਛਤੀਸ, ਤੀਸ ਬਤੀਸ ਭੇਵ ਖੁਲ੍ਹਾਈਆ। ਆਪ ਜਣਾਏ ਇਕ ਹਦੀਸ, ਚਾਰ ਵਰਨਾਂ ਸਚ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਖ਼ਾਕ ਤੇਰੇ ਸੀਸ ਪਾਇੰਦਾ।