੯ ਚੇਤ ੨੦੧੭ ਬਿਕ੍ਰਮੀ ਵਰਖਾ ਸਿੰਘ ਪਿੰਡ ਬਾਬੂ ਪੁਰ
ਜੀਵ ਜੰਤ ਹਰਿ ਤਾਰਿਆ, ਜੁਗ ਜੁਗ ਖੇਲ ਅਪਾਰ। ਹਰਿ ਹਰਿਜਨ ਕਰੇ ਪਿਆਰਿਆ, ਆਪ ਆਪਣੀ ਕਿਰਪਾ ਧਾਰ। ਸਹਿੰਸਾ ਰੋਗ ਸਰਬ ਨਿਵਾਰਿਆ, ਰੋਗ ਸੰਤਾਪ ਉਤਰੇ ਪਾਰ। ਘਰ ਮੰਦਰ ਹੋਏ ਉਜਿਆਰਿਆ, ਜੋਤ ਜਗਾਏ ਅਗੰਮ ਅਪਾਰ। ਹਸਤ ਕੀਟ ਪੈਜ ਸਵਾਰਿਆ, ਊਚ ਨੀਚ ਨਾ ਕੋਇ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬਖ਼ਸ਼ੇ ਏਕਾ ਧਾਰ। ਸ਼ਬਦ ਗੁਰਦੇਵ, ਸਹਿੰਸਾ ਰੋਗ ਜਲਾਈਆ। ਗੁਰਸਿਖ ਲਗਾਏ ਸਾਚੀ ਸੇਵ, ਸੇਵਕ ਸੇਵਾ ਆਪ ਕਰਾਈਆ। ਅਬਿਨਾਸ਼ੀ ਕਰਤਾ ਅਲੱਖ ਅਭੇਵ, ਅਲੱਖ ਅਗੋਚਰ ਬੇਪਰਵਾਹੀਆ। ਜੋ ਜਨ ਗਾਏ ਰਸਨਾ ਜੇਹਵ, ਜੀਵ ਜਗਤ ਜੁਗਤ ਇਕ ਸਮਝਾਈਆ। ਕਰੇ ਖੇਲ ਹਰਿ ਨੇਹਕੇਵ, ਨੇਹਚਲ ਧਾਮ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਰ ਬਹਾਈਆ। ਦਰ ਦਰਵਾਜ਼ਾ ਸਚ ਦਰਗਹਿ, ਦਰ ਦੁਆਰ ਵਖਾਇੰਦਾ। ਨਦਰੀ ਨਦਰ ਬਣ ਮਲਾਹ, ਕਰਮੀ ਕਰਮ ਬੰਦ ਕਟਾਇੰਦਾ। ਵਰਨੀ ਬਰਨੀ ਪਾਰ ਕਰਾ, ਸਾਚੀ ਸਰਨਾ ਇਕ ਵਖਾਇੰਦਾ। ਤਾਰਨ ਤਰਨੀ ਆਪ ਅਖਵਾ, ਹਰਿਜਨ ਸਾਚੇ ਆਪ ਤਰਾਇੰਦਾ। ਹਰਨੀ ਫਰਨੀ ਦਰਸ ਦਿਖਾ, ਨੇਤਰ ਨੈਣ ਆਪ ਤ੍ਰਿਪਤਾਇੰਦਾ। ਅੰਮ੍ਰਿਤ ਮੇਘ ਮੇਘ ਬਰਸਾ, ਕਰੋੜ ਛਿਆਨਵੇਂ ਮੁਖ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਬੁਝਾਏ ਲੱਗੀ ਅੱਗ, ਦੇਵੇ ਦਰਸ ਸੂਰਾ ਸਰਬੱਗ, ਫੜ ਫੜ ਹੰਸ ਬਣਾਏ ਕੱਗ, ਸਾਚੀ ਚੋਗ ਏਕਾ ਨਾਮ ਚੁਗਾਇੰਦਾ।
