੯ ਚੇਤ ੨੦੧੭ ਬਿਕ੍ਰਮੀ ਪਿਆਰਾ ਸਿੰਘ ਦੇ ਘਰ ਪਿੰਡ ਬਾਬੂ ਪੁਰ
ਸਤਵੇਂ ਘਰ ਸਤਿ ਸਤਿਵਾਦਿ, ਸਤਿ ਪੁਰਖ ਨਿਰੰਜਣ ਆਸਣ ਲਾਇਆ। ਸੋ ਪੁਰਖ ਨਿਰੰਜਣ ਆਦਿਨ ਆਦਿ, ਸਚ ਸਿੰਘਾਸਣ ਇਕ ਸੁਹਾਇਆ। ਹਰਿ ਪੁਰਖ ਨਿਰੰਜਣ ਸਗਲਾ ਸਾਥ, ਦਰ ਘਰ ਸਾਚੇ ਆਪ ਨਿਭਾਇਆ। ਏਕੰਕਾਰਾ ਚਲਾਏ ਆਪਣਾ ਰਾਥ, ਰਥ ਰਥਵਾਹੀ ਇਕ ਅਖਵਾਇਆ। ਆਦਿ ਨਿਰੰਜਣ ਜੋਤ ਪਰਕਾਸ਼, ਨਿਰਗੁਣ ਨੂਰ ਡਗਮਗਾਇਆ। ਸ੍ਰੀ ਭਗਵਾਨ ਮਹਿਮਾ ਅਕਥਨਾ ਅਕਥ, ਕਥ ਸਕੇ ਨਾ ਕੋਈ ਰਾਇਆ । ਅਬਿਨਾਸ਼ੀ ਕਰਤਾ ਦੇਵੇ ਦਾਤ, ਸਾਚੀ ਵਸਤ ਇਕ ਵਖਾਇਆ। ਪਾਰਬ੍ਰਹਮ ਲਹਿਣਾ ਚੁਕਾਏ ਆਪਣਾ ਆਪ, ਆਪ ਆਪਣਾ ਖੇਲ ਖਿਲਾਇਆ। ਸਚਖੰਡ ਦੁਆਰਾ ਸਾਚਾ ਖਾਤ, ਹਰਿ ਸਾਚੇ ਸਚ ਸੁਹਾਇਆ। ਉਪਰ ਬੈਠ ਪੁਰਖ ਅਬਿਨਾਸ਼, ਤਖ਼ਤ ਨਿਵਾਸੀ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਵਾਂ ਘਰ ਇਕ ਸਮਝਾਇਆ। ਸਤਵਾਂ ਘਰ ਹਰਿ ਸੁਲਤਾਨ, ਨਿਰਗੁਣ ਸਾਚਾ ਸਚ ਸੁਹਾਇੰਦਾ। ਉਪਰ ਬੈਠ ਸ੍ਰੀ ਭਗਵਾਨ, ਨਿਰਗੁਣ ਜੋਤੀ ਜੋਤ ਜਗਾਇੰਦਾ। ਨਾ ਕੋਈ ਦੂਸਰ ਹੋਰ ਨਿਸ਼ਾਨ, ਸਗਲਾ ਸੰਗ ਨਾ ਕੋਈ ਰਖਾਇੰਦਾ। ਨਾ ਕੋਈ ਗੋਪੀ ਨਾ ਕੋਈ ਕਾਹਨ, ਨਾ ਕੋਈ ਮੰਡਲ ਰਾਸ ਰਚਾਇੰਦਾ। ਨਾ ਕੋਈ ਸੀਤਾ ਨਾ ਕੋਈ ਰਾਮ, ਧਨੁਸ਼ ਬਾਣ ਨਾ ਕੋਈ ਉਠਾਇੰਦਾ। ਨਾ ਕੋਈ ਸੰਤ ਭਗਤ ਕਰੇ ਪ੍ਰਨਾਮ, ਨਿਉਂ ਨਿਉਂ ਨਾ ਕੋਇ ਸੀਸ ਝੁਕਾਇੰਦਾ। ਨਾ ਕੋਈ ਰਵ ਸਸ ਸੂਰਜ ਚੰਨ ਦਿਸੇ ਭਾਨ, ਮੰਡਲ ਮੰਡਪ ਨਾ ਕੋਇ ਰਖਾਇੰਦਾ। ਨਾ ਕੋਈ ਉਤਪਤ ਮਾਤ ਪਿਤ ਸੰਤਾਨ, ਪੂਤ ਸਪੂਤਾ ਨਾ ਗੋਦ ਸੁਹਾਇੰਦਾ। ਨਾ ਕੋਈ ਜ਼ਿਮੀ ਨਾ ਅਸਮਾਨ, ਧਰਤ ਧਵਲ ਨਾ ਕੋਈ ਵਡਿਆਇੰਦਾ। ਨਾ ਕੋਈ ਪਾਣੀ ਪਵਣ ਮਸਾਣ, ਗਣ ਗੰਧਰਬ ਨਾ ਕੋਈ ਨਚਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਨਾ ਕਰੇ ਕੋਈ ਕਲਿਆਣ, ਚਾਰੇ ਵੇਦ ਨਾ ਕੋਈ ਲਿਖਾਇੰਦਾ। ਨਾ ਕੋਈ ਕਰੇ ਪੂਜਾ ਪਾਠ, ਵੇਦ ਵਿਆਸ ਨਾ ਰੂਪ ਵਟਾਇੰਦਾ। ਮੱਛ ਕੱਛ ਨਾ ਹੋਏ ਪਰਧਾਨ, ਤੀਸ ਬਤੀਸਾ ਨਾ ਕੋਈ ਸਾਲਾਹਿੰਦਾ। ਨਾ ਕੋਈ ਦਿਸੇ ਦਰ ਦਰਬਾਨ, ਦੁਆਰਪਾਲ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਏਕਾ ਘਰ ਵਖਾਇੰਦਾ। ਸਤਵਾਂ ਘਰ ਆਦਿ ਨਿਰੰਜਣ, ਨਿਰਗੁਣ ਖੇਲ ਖਿਲਾਇੰਦਾ। ਨਾ ਕੋਈ ਦਿਸੇ ਦੂਸਰ ਸੱਜਣ, ਨਾ ਕੋਈ ਸੰਗ ਰਲਾਇੰਦਾ। ਆਪੇ ਬੈਠਾ ਆਪਣਾ ਕਰੇ ਮਜਨ, ਆਪ ਆਪਣਾ ਮੇਲ ਮਿਲਾਇੰਦਾ। ਦਾਤਾ ਦਾਨੀ ਦਰਦ ਦੁੱਖ ਭੈ ਭੰਜਨ, ਦੁੱਖ ਰੋਗ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਘਰ ਵਸਿਆ ਆਪ, ਆਪ ਆਪਣਾ ਦਰ ਸੁਹਾਇੰਦਾ। ਸਤਵਾਂ ਘਰ ਸਾਚੀ ਧਾਰ, ਹਰਿ ਸਾਚੇ ਸਚ ਚਲਾਈਆ। ਸੋ ਪੁਰਖ ਨਿਰੰਜਣ ਖੇਲ ਅਪਾਰ, ਹਰਿ ਪੁਰਖ ਨਿਰੰਜਣ ਆਪ ਵਖਾਈਆ। ਏਕੰਕਾਰਾ ਕਰ ਪਿਆਰ, ਆਦਿ ਨਿਰੰਜਣ ਦਏ ਵਡਿਆਈਆ। ਅਬਿਨਾਸ਼ੀ ਕਰਤਾ ਦਏ ਹੁਲਾਰ, ਸ੍ਰੀ ਭਗਵਾਨ ਆਪ ਉਠਾਈਆ। ਪਾਰਬ੍ਰਹਮ ਏਕਾ ਏਕ ਕਰੇ ਧਿਆਨ, ਘਰ ਏਕਾ ਵੇਖ ਵਖਾਈਆ। ਸਚਖੰਡ ਨਿਵਾਸੀ ਵਸੇ ਸਚ ਮਕਾਨ, ਉਚ ਮਹੱਲ ਅਟੱਲ ਏਕਾ ਏਕ ਸੁਹਾਈਆ। ਸਾਚਾ ਧਾਮ ਹਰਿ ਹਰਿ ਜੂ ਮੱਲਾ, ਆਪੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਵਾਂ ਘਰ ਸਤਿ ਸੰਤੋਖ ਨਾ ਕੋਈ ਹਰਖ਼ ਨਾ ਕੋਈ ਸੋਗ, ਚਿੰਤਾ ਰੋਗ ਨਾ ਕੋਈ ਵਖਾਈਆ। ਸਤਵੇਂ ਘਰ ਘਾੜਣ ਘੜਿਆ, ਆਪਣੀ ਬਣਤ ਬਣਾਈਆ। ਨਿਰਗੁਣ ਰੂਪ ਆਪਣੇ ਪੌੜੇ ਆਪੇ ਚੜ੍ਹਿਆ, ਉਚਾ ਡੰਡਾ ਨਾ ਕੋਈ ਰਖਾਈਆ। ਆਪੇ ਵੜਿਆ ਆਪਣੇ ਸਰਿਆ, ਸਰ ਸਰੋਵਰ ਇਕ ਵਡਿਆਈਆ। ਆਪ ਆਪਣੇ ਜੇਹਾ ਕਰਿਆ, ਆਪ ਆਪਣਾ ਮੁਖ ਵਖਾਈਆ। ਆਪੇ ਸੁੱਕਾ ਆਪੇ ਹਰਿਆ, ਫੁਲ ਫੁੱਲਵਾੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦਰਵਾਜ਼ਾ ਆਪੇ ਖੋਲ੍ਹ, ਅਬਿਨਾਸ਼ੀ ਕਰਤਾ ਆਪੇ ਬੋਲ, ਆਪ ਆਪਣਾ ਹੁਕਮ ਸੁਣਾਈਆ। ਸਤਵਾਂ ਘਰ ਸਤਿ ਪੁਰਖ ਸਾਖਯਾਤ, ਨਰ ਨਰਾਇਣ ਆਪ ਸੁਹਾਇੰਦਾ। ਆਪੇ ਜਾਣੇ ਆਪਣੀ ਜ਼ਾਤ, ਵਰਨ ਬਰਨ ਨਾ ਕੋਇ ਬਣਾਇੰਦਾ। ਨਾ ਕੋਈ ਦਿਵਸ ਨਾ ਕੋਈ ਰਾਤ, ਘੜੀ ਪੱਲ ਨਾ ਕੋਇ ਵਖਾਇੰਦਾ। ਬੈਠਾ ਰਹੇ ਇਕ ਇਕਾਂਤ, ਇਕ ਇਕੱਲਾ ਸੋਭਾ ਪਾਇੰਦਾ। ਆਪੇ ਜਾਣੇ ਆਪਣੀ ਵਾਤ, ਆਪਣੀ ਸੇਵ ਕਮਾਇੰਦਾ। ਆਪੇ ਦੇਵੇ ਆਪਣੀ ਦਾਤ, ਆਪਣੀ ਭਿਛਿਆ ਆਪ ਭਰਾਇੰਦਾ। ਖੇਲੇ ਖੇਲ ਬਹੁ ਬਿਧ ਭਾਤ, ਰੂਪ ਅਨੂਪ ਰੰਗ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਸਤਵਾਂ ਘਰ ਏਕਾ ਬੈਠਾ ਅੰਦਰ ਵੜ, ਆਪ ਆਪਣਾ ਮੁਖ ਸਾਲਾਹਿੰਦਾ। ਮੁਖ ਸਲਾਹ ਹਰਿ ਬਲਵਾਨ, ਏਕਾ ਰੰਗ ਸਮਾਇਆ। ਸਤਵੇਂ ਘਰ ਸਚ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਝੁਲਾਇਆ। ਆਪੇ ਵੇਖੇ ਮਾਰ ਧਿਆਨ, ਵੇਖਣਹਾਰ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਇਆ। ਰੰਗ ਰੰਗੀਲਾ ਹਰਿ ਭਗਵੰਤ, ਆਪਣਾ ਖੇਲ ਖਿਲਾਇੰਦਾ। ਆਦਿ ਜੁਗਾਦੀ ਮਹਿਮਾ ਅਗਣਤ, ਵੇਦ ਕਤੇਬ ਨਾ ਕੋਈ ਲਿਖਾਇੰਦਾ। ਖੇਲੇ ਖੇਲ ਜੁਗਾ ਜੁਗੰਤ, ਜੁਗ ਜੁਗ ਵੇਸ ਵਟਾਇੰਦਾ। ਆਪੇ ਆਦਿ ਆਪੇ ਅੰਤ, ਆਪ ਆਪਣੀ ਕਲ ਵਰਤਾਇੰਦਾ। ਆਪੇ ਨਾਰ ਆਪੇ ਕੰਤ, ਆਪੇ ਸੇਜ ਹੰਢਾਇੰਦਾ। ਆਪੇ ਚਾੜ੍ਹੇ ਰੰਗ ਬਸੰਤ, ਰੰਗ ਮਜੀਠ ਇਕ ਚੜ੍ਹਾਇੰਦਾ। ਆਪ ਬਣਾਏ ਆਪਣੀ ਬਣਤ, ਸਾਚਾ ਘਾੜਨ ਆਪ ਘੜਾਇੰਦਾ। ਆਪੇ ਜੀਵ ਆਪੇ ਜੰਤ, ਆਪੇ ਜਾਗਰਤ ਜੋਤ ਜਗਾਇੰਦਾ। ਆਪੇ ਸਾਧ ਆਪੇ ਸੰਤ, ਆਪੇ ਸਤਿਗੁਰ ਨਾਉਂ ਧਰਾਇੰਦਾ। ਆਪੇ ਰਸਨਾ ਜਿਹਵਾ ਮਣੀਆ ਮੰਤ, ਆਪ ਆਪਣਾ ਮਾਤ ਪ੍ਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਸਤਿਵਾਦੀ ਹਰਿ ਬ੍ਰਹਿਮਾਦੀ ਬ੍ਰਹਮ ਆਪੇ ਫੋਲ ਫੁਲਾਇੰਦਾ। ਆਪੇ ਬ੍ਰਹਮਾ ਆਪੇ ਬ੍ਰਹਮ, ਹਰਿ ਸੱਚਾ ਵਡ ਵਡਿਆਈਆ। ਆਪੇ ਮਰੇ ਆਪੇ ਪਏ ਜੰਮ, ਉਤਪਤ ਆਪ ਅਖਵਾਈਆ। ਆਪੇ ਪਵਣ ਸਵਾਸੀ ਲਏ ਦਮ, ਆਪੇ ਸੁੱਤਾ ਸੇਜ ਵਿਛਾਈਆ। ਆਪੇ ਖ਼ੁਸ਼ੀ ਆਪੇ ਗ਼ਮ, ਆਪੇ ਸਤਿ ਸੰਤੋਖ ਦਏ ਵਡਿਆਈਆ। ਆਪੇ ਤ੍ਰਿਸ਼ਨਾ ਆਪੇ ਤਮ, ਆਪੇ ਸਾਂਤਕ ਸਤਿ ਕਰਾਈਆ। ਆਪੇ ਜਨਨੀ ਆਪੇ ਜਨ, ਆਪੇ ਗੋਦ ਸਹਾਈਆ। ਆਪੇ ਕਾਇਆ ਪੰਜ ਤਤ ਤਨ, ਆਪੇ ਬੈਠਾ ਅੰਦਰ ਆਸਣ ਲਾਈਆ। ਆਪੇ ਮਨ ਮਤ ਬੁੱਧ ਬੇੜਾ ਰਿਹਾ ਬੰਨ੍ਹ, ਆਪੇ ਚਾਰੇ ਕੁੰਟਾਂ ਰਿਹਾ ਭਵਾਈਆ। ਆਪੇ ਵਸੇ ਛੱਪਰ ਛੰਨ, ਹਰਿ ਮੰਦਰ ਆਪੇ ਸੋਭਾ ਪਾਈਆ। ਆਪੇ ਰਾਗ ਸੁਣਾਏ ਕੰਨ, ਸ਼ਬਦ ਡੰਕਾ ਇਕ ਵਜਾਈਆ। ਆਪੇ ਦੇਵਣਹਾਰਾ ਡੰਨ, ਜੁਗ ਜੁਗ ਆਪਣਾ ਵੇਸ ਵਟਾਈਆ। ਆਪੇ ਘੜੇ ਆਪੇ ਲਏ ਭੰਨ, ਆਪਣੇ ਹੱਥ ਰੱਖੇ ਵਡਿਆਈਆ। ਆਪੇ ਸੂਰਜ ਆਪੇ ਚੰਨ, ਆਪੇ ਨਿਰਗੁਣ ਜੋਤ ਕਰੇ ਰੁਸ਼ਨਾਈਆ। ਆਪੇ ਗਣ ਗੰਧਰਬ ਵੇਖੇ ਗਨ, ਕਿਨਰ ਯਛਪ ਆਪੇ ਨਾਚ ਕਰਾਈਆ। ਆਪੇ ਕਰੋੜ ਤੇਤੀਸਾ ਦੇਵੇ ਧਨ, ਸਾਚੀ ਵਸਤ ਝੋਲੀ ਪਾਈਆ। ਆਪੇ ਸ਼ੰਕਰ ਬੇੜਾ ਦੇਵੇ ਬੰਨ੍ਹ, ਬਾਸ਼ਕ ਤਸ਼ਕਾ ਗਲ ਲਗਾਈਆ। ਆਪੇ ਬ੍ਰਹਮਾ ਵੇਤਾ ਜਾਏ ਮੰਨ, ਲੱਖ ਚੁਰਾਸੀ ਆਪ ਉਪਾਈਆ। ਆਪੇ ਵਿਸ਼ਨੂੰ ਬਾਸ਼ਕ ਸੇਜ ਸਾਂਗੋ ਪਾਂਗ ਸੋਇਆ ਦੇ ਕਰ ਕੰਡ, ਆਪੇ ਦੇਵੇ ਰਿਜ਼ਕ ਸਬਾਈਆ। ਆਪੇ ਤ੍ਰੈਗੁਣ ਮਾਇਆ ਕਰੇ ਖੰਨ ਖੰਨ, ਆਪੇ ਪੰਜ ਤਤ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰੀ ਭਗਵਾਨ ਵਡ ਮਿਹਰਬਾਨ, ਨਿਰਗੁਣ ਦਾਤਾ ਪੁਰਖ ਬਿਧਾਤਾ ਬੇਪਰਵਾਹ ਆਪ ਅਖਵਾਈਆ। ਸਤਿ ਪੁਰਖ ਨਿਰੰਜਣ ਬੇਪਰਵਾਹ, ਆਦਿ ਜੁਗਾਦਿ ਸਮਾਇਆ। ਸੋ ਪੁਰਖ ਨਿਰੰਜਣ ਬਣ ਮਲਾਹ, ਆਪ ਆਪਣਾ ਵੇਸ ਵਟਾਇਆ। ਹਰਿ ਪੁਰਖ ਨਿਰੰਜਣ ਬੇੜਾ ਰਿਹਾ ਚਲਾ, ਦੋ ਜਹਾਨੀ ਸੇਵ ਕਮਾਇਆ। ਏਕੰਕਾਰਾ ਏਕਾ ਗੀਤ ਰਿਹਾ ਗਾ, ਹਰਿ ਹਰਿ ਨਾਮ ਆਪ ਸਾਲਾਹਿਆ। ਆਦਿ ਨਿਰੰਜਣ ਜੋਤ ਜਗਾ, ਨੂਰ ਨੁਰਾਨਾ ਡਗਮਗਾਇਆ। ਸ੍ਰੀ ਭਗਵਾਨਾ ਪੈਜ ਰਿਹਾ ਰਖਾ, ਜੁਗ ਜੁਗ ਰੱਖਦਾ ਆਇਆ। ਅਬਿਨਾਸ਼ੀ ਕਰਤਾ ਦੇਵੇ ਸਚ ਸਲਾਹ, ਸਾਚੇ ਸੰਤਾਂ ਦਏ ਉਠਾਇਆ। ਪਾਰਬ੍ਰਹਮ ਪ੍ਰਭ ਪਕੜੇ ਬਾਂਹ, ਜੋ ਜਨ ਰਸਨਾ ਜਿਹਵਾ ਰਹੇ ਗਾਇਆ। ਵੇਸ ਅਵੇਸਾ ਆਪ ਵਟਾ, ਆਪ ਆਪਣਾ ਰੂਪ ਧਰਾਇਆ। ਗੁਰ ਪੀਰ ਅਵਤਾਰ ਆਪ ਅਖਵਾ, ਪੰਜ ਤਤ ਚੋਲਾ ਆਪ ਹੰਢਾਇਆ। ਸ਼ਬਦ ਅਨਾਦੀ ਢੋਲਾ ਆਪੇ ਗਾ, ਬ੍ਰਹਮ ਬ੍ਰਹਿਮਾਦੀ ਆਪ ਸੁਣਾਇਆ । ਹਰਿਜਨ ਸਾਚੇ ਲਏ ਜਗਾ, ਜਾਗਰਤ ਜੋਤ ਕਰ ਰੁਸ਼ਨਾਇਆ। ਵਿਸਮਾਦੀ ਵਿਸਮਾਦ ਗਿਆ ਸਮਾ, ਵਿਸ਼ਵ ਰੂਪ ਆਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪ ਆਪਣਾ ਖੇਲ ਖਿਲਾਇਆ। ਆਪੇ ਲਿਖਣਹਾਰਾ ਲੇਖ, ਏਕਾ ਏਕ ਏਕੰਕਾਰਿਆ। ਜੁਗਾ ਜੁਗੰਤਰ ਸਾਚੀ ਟੇਕ, ਲੋਕਮਾਤ ਲਏ ਅਵਤਾਰਿਆ। ਜਨ ਭਗਤਾਂ ਕਰੇ ਬੁੱਧ ਬਿਬੇਕ, ਏਕਾ ਮੰਤਰ ਨਾਮ ਦ੍ਰਿੜਾ ਰਿਹਾ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅੰਮ੍ਰਿਤ ਜਾਮ ਇਕ ਪਿਆ ਰਿਹਾ। ਆਪੇ ਵੇਖ, ਲੋਚਣ ਤੀਜਾ ਆਪ ਖੁਲ੍ਹਾ ਰਿਹਾ। ਆਪੇ ਲਿਖਣਹਾਰਾ ਲੇਖ, ਪੂਰਬ ਲੇਖਾ ਲੇਖ ਮਿਟਾ ਰਿਹਾ। ਮੁੱਛ ਦਾੜ੍ਹੀ ਨਾ ਦਿਸੇ ਕੇਸ, ਨਿਰਗੁਣ ਆਪਣਾ ਵੇਸ ਧਰਾ ਲਿਆ। ਆਪੇ ਲੇਖੇ ਜਾਣੇ ਬ੍ਰਹਿਮਾਦਿ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਦਰ ਘਰ ਸਾਚੇ ਆਪ ਸਮਝਾ ਲਿਆ। ਆਪੇ ਹੋਏ ਰਿਖੀ ਕੇਸ, ਗਵਰਧਨ ਆਪਣੇ ਹੱਥ ਉਠਾ ਲਿਆ। ਆਪੇ ਦਾਤਾ ਨਰ ਨਰੇਸ਼, ਹੁਕਮੀ ਹੁਕਮ ਆਪ ਚਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਦਰ ਦਰਵੇਸ਼, ਏਕਾ ਅਲਫ਼ੀ ਗਲ ਹੰਢਾ ਰਿਹਾ। ਏਕਾ ਅਲਫ਼ੀ ਇਲਾਹੀ ਨੂਰ, ਆਪ ਆਪਣੇ ਤਨ ਰਖਾਇੰਦਾ। ਸਰਬ ਕਲਾ ਆਪੇ ਭਰਪੂਰ, ਹਾਜ਼ਰ ਹਜ਼ੂਰ ਵੇਸ ਵਟਾਇੰਦਾ। ਨਾਦ ਤਰਾਨਾ ਵਜਾਏ ਤੂਰ, ਹੱਕ ਬਹੱਕ ਨਾਅਰਾ ਏਕਾ ਲਾਇੰਦਾ। ਦਾਤਾ ਦਾਨੀ ਵਡ ਜੋਧਾ ਸੂਰ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਮੇਹਬਾਨ ਬੀਦੋ ਬਖ਼ਸ਼ਣਹਾਰਾ ਏਕਾ ਨੂਰ, ਨੂਰ ਇਲਾਹੀ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਸਚ ਸਾਲਾਹਿੰਦਾ। ਸਾਚਾ ਘਰ ਖ਼ੁਦਾਈ ਜ਼ਾਤ, ਜ਼ੇਰ ਜ਼ਬਰ ਨਾ ਕੋਈ ਵਖਾਈਆ। ਏਕਾ ਜਾਣੇ ਕਾਇਨਾਤ, ਚੌਦਾਂ ਤਬਕ ਫੋਲ ਫੁਲਾਈਆ। ਮੁਕਾਮੇ ਹੱਕ ਮਾਰੇ ਏਕਾ ਝਾਤ, ਆਪਣਾ ਪਰਦਾ ਆਪੇ ਲਾਹੀਆ। ਦੇਵਣਹਾਰਾ ਸਰਬ ਨਿਜ਼ਾਤ, ਘਰ ਬੈਠਾ ਮੁਖ ਛੁਪਾਈਆ। ਆਦਿ ਜੁਗਾਦੀ ਪੁਛੇ ਵਾਤ, ਆਪਣਾ ਕਲਮਾ ਆਪ ਪੜ੍ਹਾਈਆ। ਦੀਨ ਈਮਾਨ ਰੱਖੇ ਆਪਣੇ ਸਾਥ, ਰਮਜ਼ ਰਹਿਮਾਨ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਤਵਾਂ ਸਤਿ ਸਮਝਾਈਆ। ਸਤਵੇਂ ਘਰ ਜਲਵਾ ਨੂਰ, ਨੂਰ ਨੁਰਾਨਾ ਆਪ ਵਖਾਇਆ। ਚੌਦਾਂ ਤਬਕਾਂ ਸੁਣਾਏ ਏਕਾ ਤੂਰ, ਅੱਧਵਿਚਕਾਰੇ ਨਾਦ ਵਜਾਇਆ। ਮੁਹੰਮਦ ਰਾਹ ਤੱਕੇ ਦੂਰ, ਚਾਰ ਯਾਰੀ ਸੰਗ ਰਖਾਇਆ। ਮੰਗੇ ਮੰਗ ਆਸਾ ਹੂਰ, ਤ੍ਰਿਸ਼ਨਾ ਅੱਗੇ ਨਾਚ ਨਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਪਰਵਾਹ ਮੌਲਾ ਆਪ ਅਖਵਾਇਆ। ਬੇਪਰਵਾਹ ਮੌਲਾ ਅਲਾਹ, ਭੇਵ ਕੋਇ ਨਾ ਪਾਇੰਦਾ। ਸਚ ਹਦੀਸ ਕਲਮਾ ਅਮਾਮ ਪੜ੍ਹਾ, ਲੋਕਮਾਤ ਵੇਖ ਵਖਾਇੰਦਾ। ਹਕੀਕੀ ਜਾਮ ਦਏ ਪਿਆ, ਲਾਸ਼ਰੀਕੀ ਖੇਲ ਖਿਲਾਇੰਦਾ। ਜਗਤ ਤਰੀਕੀ ਦਏ ਮਿਟਾ, ਸਾਚਾ ਚੰਦ ਇਕ ਚੜ੍ਹਾਇੰਦਾ। ਇਸ਼ਕ ਹਕੀਕੀ ਦਏ ਕਰਾ, ਤਾਲਬ ਤਲਬ ਇਕ ਵਖਾਇੰਦਾ। ਅਹਿਬਾਬ ਰਬਾਬ ਦਏ ਵਜਾ, ਤਾਰ ਸਤਾਰ ਆਪ ਹਿਲਾਇੰਦਾ। ਮੱਕਾ ਕਾਅਬਾ ਫੇਰਾ ਪਾ, ਸ਼ਾਹ ਨਵਾਬਾ ਰੂਪ ਵਟਾਇੰਦਾ। ਪੁਨ ਸਵਾਬਾ ਲਹਿਣਾ ਦੇਣਾ ਦਏ ਚੁਕਾ, ਆਬੇਹਯਾਤਾ ਘੁੱਟ ਪਿਆਇੰਦਾ। ਮੁਖ ਨਕਾਬਾ ਦਏ ਉਠਾ, ਆਪ ਅਪਣਾ ਪਰਦਾ ਲਹਿੰਦਾ। ਸਾਚਾ ਚਰਨ ਰਕਾਬਾ ਦਏ ਟਿਕਾ, ਆਪਣਾ ਅਸਵ ਆਪ ਦ੍ਰਿੜਾਇੰਦਾ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਜੀਵ ਉਪਾ, ਸੱਤਾਂ ਦੀਪਾਂ ਆਪ ਜਗਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦਏ ਮਿਲਾ, ਹੁਕਮੀ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਪਾਰਬ੍ਰਹਮ ਆਪ ਖਿਲਾਇੰਦਾ। ਖੇਲ ਖਲੰਦੜਾ ਹਰਿ ਭਗਵਾਨ, ਜੁਗ ਜੁਗ ਖੇਲ ਖਿਲਾਇਆ। ਸਤਿ ਪੁਰਖ ਨਿਰੰਜਣ ਨੌਜਵਾਨ, ਨਾ ਮਰੇ ਨਾ ਜਾਇਆ। ਸਚਖੰਡ ਦੁਆਰੇ ਝੁਲਾਏ ਸਚ ਨਿਸ਼ਾਨ, ਸਤਿ ਸਤਿਵਾਦੀ ਵੇਖ ਵਖਾਇਆ। ਲੋਕਮਾਤ ਬਣ ਬਣ ਆਏ ਸਾਚਾ ਕਾਹਨ, ਜੁਗ ਜੁਗ ਆਪਣਾ ਵੇਸ ਵਟਾਇਆ । ਤ੍ਰਲੋਕੀ ਨੰਦਨ ਰਾਜ ਰਾਜਾਨ, ਸ਼ਾਹੋ ਭੂਪ ਬੇਪਰਵਾਹਿਆ। ਚੌਥਾ ਘਰ ਵਸਾਏ ਇਕ ਮਕਾਨ, ਚੌਥੇ ਦਰ ਲਏ ਉਪਜਾਇਆ। ਪੰਚਮ ਢੋਲਾ ਸਾਰੇ ਗਾਨ, ਵਾਹ ਵਾਹ ਸਤਿਗੁਰ ਸੱਚਾ ਪਾਇਆ। ਜਨ ਭਗਤਾਂ ਮੇਲਾ ਵਿਚ ਜਹਾਨ, ਸੰਤਨ ਲੇਖਾ ਆਪ ਮੁਕਾਇਆ। ਗੁਰਮੁਖ ਉਠਾਏ ਚਤੁਰ ਸੁਜਾਨ, ਤ੍ਰਿਸ਼ਨਾ ਤ੍ਰਿਖਾ ਦਏ ਬੁਝਾਇਆ। ਗੁਰਸਿਖਾਂ ਦੇਵੇ ਜੀਆ ਦਾਨ, ਜੀਵਣ ਜੁਗਤ ਇਕ ਜਣਾਇਆ। ਲੱਖ ਚੁਰਾਸੀ ਫੰਦ ਕਟਾਣ, ਬੰਦੀ ਛੋੜ ਨਾਮ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਵੇਂ ਘਰ ਦੇਵੇ ਵਾਸਾ, ਜਿਸ ਜਨ ਰੱਖਿਆ ਚਰਨ ਭਰਵਾਸਾ, ਪੂਰੀ ਆਸਾ ਦਏ ਕਰਾਇਆ। ਗੁਰਸਿਖ ਪੂਰਨ ਆਸ ਕਰ, ਘਰ ਸਾਚੇ ਆਪ ਬਹਾਇੰਦਾ। ਹਰਿਜਨ ਸਚ ਧਰਵਾਸ ਧਰ, ਧੀਰਜ ਧੀਰ ਇਕ ਵਖਾਇੰਦਾ। ਸੰਤਨ ਜੋਤ ਪਰਕਾਸ਼ ਕਰ, ਆਪਣਾ ਮੇਲ ਮਿਲਾਇੰਦਾ। ਸਰਬ ਜੀਆਂ ਦਾ ਦਾਸ ਹਰਿ, ਜੁਗ ਜੁਗ ਸੇਵ ਕਮਾਇੰਦਾ। ਪ੍ਰਿਥਮੀ ਆਕਾਸ਼ ਚੁੱਕੇ ਡਰ, ਜੋ ਜਨ ਸਰਨਾਈ ਆਇੰਦਾ। ਕਲਜੁਗ ਅੰਤਮ ਸਾਚੀ ਤਰਨੀ ਜਾਏ ਤਰ, ਭਵ ਸਾਗਰ ਨਾ ਕੋਈ ਰੁੜ੍ਹਾਇੰਦਾ। ਸਤਿਗੁਰ ਪੂਰਾ ਗੁਰਮੁਖਾਂ ਅੱਗੇ ਆਏ ਖੜ, ਧਰਨੀ ਧਵਲ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਘਰ ਸਚ ਸਿੰਘਾਸਣ ਏਕਾ ਸੋਹੇ ਪੁਰਖ ਅਬਿਨਾਸ਼ਣ, ਜਨ ਭਗਤਾਂ ਪੂਰੀ ਕਰੇ ਆਸਨ, ਜਗਤ ਨਿਰਾਸ ਨਾ ਕੋਈ ਕਰਾਇੰਦਾ।
