Granth 09 Likhat 070: 10 Chet 2017 Bikarmi Kishan Singh de Ghar Dayea Hoyi Allarh Pindi Jila Gurdaspur

੧੦ ਚੇਤ ੨੦੧੭ ਬਿਕ੍ਰਮੀ ਕਿਸ਼ਨ ਸਿੰਘ ਦੇ ਘਰ ਦਇਆ ਹੋਈ ਅੱਲੜ ਪਿੰਡੀ ਜ਼ਿਲਾ ਗੁਰਦਾਸਪੁਰ

ਸੋ ਪੁਰਖ ਨਿਰੰਜਣ ਸਚ ਸਿਕਦਾਰ, ਹਰਿ ਸਾਚਾ ਹੁਕਮ ਸੁਣਾਇੰਦਾ। ਹਰਿ ਪੁਰਖ ਨਿਰੰਜਣ ਬਣ ਸੁਨਿਆਰ, ਨਿਉਂ ਨਿਉਂ ਸੀਸ ਝੁਕਾਇੰਦਾ। ਏਕੰਕਾਰਾ ਕੁਠਾਲੀ ਕਰ ਤਿਆਰ, ਆਪਣੀ ਵਸਤ ਆਪ ਵਖਾਇੰਦਾ। ਆਦਿ ਨਿਰੰਜਣ ਦੀਪਕ ਦੇਵੇ ਬਾਲ, ਲਾਲ ਲਿਲਾਟੀ ਡਗਮਗਾਇੰਦਾ। ਅਬਿਨਾਸ਼ੀ ਕਰਤਾ ਆਪ ਆਪਣਾ ਵਿਚ ਦੇਵੇ ਘਾਲ, ਕੰਚਨ ਰੂਪ ਵਟਾਇੰਦਾ। ਸ੍ਰੀ ਭਗਵਾਨ ਆਪਣੀ ਵਸਤ ਲਏ ਸੰਭਾਲ, ਆਪ ਆਪਣੇ ਹੱਥ ਰਖਾਇੰਦਾ। ਪਾਰਬ੍ਰਹਮ ਪ੍ਰਭ ਬਣ ਦਲਾਲ, ਸਾਚਾ ਵਣਜ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣੇ ਖੇਲ ਖਿਲਾਇੰਦਾ। ਸੋ ਪੁਰਖ ਨਿਰੰਜਣ ਸਤਿ ਫ਼ਰਮਾਣ, ਆਪਣਾ ਆਪ ਜਣਾਈਆ। ਹਰਿ ਪੁਰਖ ਨਿਰੰਜਣ ਕਰ ਪਰਵਾਨ, ਸੇਵਾ ਸੇਵ ਕਮਾਈਆ। ਏਕੰਕਾਰਾ ਕਰ ਧਿਆਨ, ਆਪੇ ਨਿਉਂ ਨਿਉਂ ਵੇਖ ਵਖਾਈਆ। ਆਦਿ ਨਿਰੰਜਣ ਦੀਪ ਮਹਾਨ, ਘਰ ਸਾਚੇ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਆਪਣਾ ਲੇਖ ਲਿਖੇ ਮਹਾਨ, ਏਕਾ ਅੱਖਰ ਆਪੇ ਪਾਈਆ। ਸ੍ਰੀ ਭਗਵਾਨ ਬਣ ਦਰਬਾਨ, ਸਾਚੀ ਵਸਤ ਟਿਕਾਈਆ। ਪਾਰਬ੍ਰਹਮ ਵੇਖ ਨਿਸ਼ਾਨ, ਬੈਠਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਾੜਣ ਆਪ ਘੜਾਈਆ। ਸੋ ਪੁਰਖ ਨਿਰੰਜਣ ਖੇਲ ਕਰਿਆ, ਭੇਵ ਕੋਇ ਨਾ ਪਾਇੰਦਾ। ਹਰਿ ਪੁਰਖ ਨਿਰੰਜਣ ਘਾੜਣ ਘੜਿਆ, ਘੜਣਹਾਰਾ ਆਪ ਅਖਵਾਇੰਦਾ। ਏਕੰਕਾਰਾ ਅੰਦਰ ਵੜਿਆ, ਆਪ ਆਪਣਾ ਵਿਚ ਟਿਕਾਇੰਦਾ। ਆਦਿ ਨਿਰੰਜਣ ਜੋਤੀ ਨੂਰ ਜੜਿਆ, ਰੰਗ ਰੰਗੀਲਾ ਡਗਮਗਾਇੰਦਾ। ਸ੍ਰੀ ਭਗਵਾਨ ਹੱਥ ਵਿਚ ਫੜਿਆ, ਘਰ ਸਾਚੇ ਵੇਖ ਵਖਾਇੰਦਾ। ਅਬਿਨਾਸ਼ੀ ਕਰਤਾ ਵੇਖੇ ਦਰਿਆ, ਦਰ ਦਰਵਾਜ਼ੇ ਸੋਭਾ ਪਾਇੰਦਾ। ਪਾਰਬ੍ਰਹਮ ਨਰਾਇਣ ਨਰ ਹਰਿਆ, ਬ੍ਰਹਮ ਆਪਣਾ ਵੇਸ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣਾ ਆਪ ਸੁਹਾਇੰਦਾ। ਸੋ ਪੁਰਖ ਨਿਰੰਜਣ ਹਰਿ ਭਗਵਾਨ, ਆਪਣਾ ਆਪ ਜਣਾਈਆ। ਹਰਿ ਪੁਰਖ ਨਿਰੰਜਣ ਕਰ ਪਰਵਾਨ, ਸਗਲਾ ਸੰਗ ਵਖਾਈਆ। ਏਕੰਕਾਰਾ ਕਰ ਪਛਾਣ, ਆਪਣੇ ਹੱਥ ਉਠਾਈਆ। ਆਦਿ ਨਿਰੰਜਣ ਦੇਵੇ ਮਾਣ, ਆਪ ਆਪਣਾ ਮੇਲ ਮਿਲਾਈਆ। ਅਬਿਨਾਸ਼ੀ ਕਰਤਾ ਨੌਜਵਾਨ, ਆਪਣੀ ਲਏ ਆਪ ਅੰਗੜਾਈਆ। ਸ੍ਰੀ ਭਗਵਾਨ ਦੇਵੇ ਦਾਨ, ਏਕਾ ਵਸਤ ਹੱਥ ਉਠਾਈਆ। ਪਾਰਬ੍ਰਹਮ ਵੇਖਣਹਾਰਾ ਸਾਚਾ ਕਾਹਨ, ਨੇਤਰ ਨੈਣ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਈਆ। ਸੋ ਪੁਰਖ ਨਿਰੰਜਣ ਸਾਚਾ ਕਾਹਨ, ਘਰ ਸਾਚੇ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਸਚ ਨਿਸ਼ਾਨ, ਸਾਚੇ ਹੱਥ ਰਖਾਇੰਦਾ। ਏਕੰਕਾਰਾ ਹੋ ਪਰਧਾਨ, ਚਾਰੋਂ ਕੁੰਟ ਆਪ ਹਿਲਾਇੰਦਾ। ਆਦਿ ਨਿਰੰਜਣ ਹੋਇਆ ਜਾਣੀ ਜਾਣ, ਆਪਣਾ ਭੇਵ ਆਪ ਖੁਲ੍ਹਾਇੰਦਾ। ਅਬਿਨਾਸ਼ੀ ਕਰਤਾ ਕਰੇ ਪਰਵਾਨ, ਪੰਚਮ ਸਾਚਾ ਸੰਗ ਰਖਾਇੰਦਾ। ਪੰਚਮ ਮੇਲਾ ਧੁਰ ਦੀ ਬਾਣ, ਪੁਰਖ ਅਬਿਨਾਸ਼ੀ ਆਪ ਕਰਾਇੰਦਾ। ਸਾਚੇ ਤਖ਼ਤ ਰਾਜ ਰਾਜਾਨ, ਸਚਖੰਡ ਨਿਵਾਸੀ ਆਪ ਸੁਹਾਇੰਦਾ। ਸ਼ਾਹੋ ਭੂਪ ਬਣ ਸੁਲਤਾਨ, ਤਖ਼ਤ ਨਿਵਾਸੀ ਹੁਕਮ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸਗਨ ਆਪ ਮਨਾਇੰਦਾ। ਸੋ ਪੁਰਖ ਨਿਰੰਜਣ ਹਰਿ ਬੇਅੰਤਾ, ਭੇਵ ਕੋਇ ਨਾ ਪਾਇੰਦਾ। ਹਰਿ ਪੁਰਖ ਨਿਰੰਜਣ ਬਣੇ ਮੰਗਤਾ, ਆਪਣੀ ਝੋਲੀ ਅੱਗੇ ਡਾਹਿੰਦਾ। ਏਕੰਕਾਰਾ ਆਪੇ ਹੋਏ ਭੁੱਖਾ ਨੰਗਤਾ, ਧਨ ਮਾਲ ਖ਼ਜ਼ੀਨਾ ਆਪ ਭਰਾਇੰਦਾ। ਆਦਿ ਨਿਰੰਜਣ ਸਚ ਦੁਆਰਾ ਆਪੇ ਲੰਘਦਾ, ਅੰਦਰ ਬਾਹਰ ਨਾ ਕੋਇ ਵਖਾਇੰਦਾ। ਅਬਿਨਾਸ਼ੀ ਕਰਤਾ ਦਰ ਦਰਵੇਸ਼ ਕਦੇ ਨਾ ਸੰਗਦਾ, ਅਲੱਖ ਅਲੱਖਣਾ ਆਪਣੀ ਅਲੱਖ ਜਗਾਇੰਦਾ। ਪੰਚਮ ਮੁਖ ਏਕਾ ਭਿਖ ਮੰਗਦਾ, ਏਕਾ ਵਸਤ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਆਪ ਸੁਹਾਇੰਦਾ। ਸਚ ਸਿੰਘਾਸਣ ਹਰਿ ਭਗਵਾਨਾ, ਏਕਾ ਆਪ ਸੁਹਾਇਆ। ਸਤਿ ਸਰੂਪੀ ਸਤਿ ਨਿਸ਼ਾਨਾ, ਸਤਿ ਪੁਰਖ ਨਿਰੰਜਣ ਆਪ ਚੜ੍ਹਾਇਆ। ਆਦਿ ਨਿਰੰਜਣ ਵਡ ਮਿਹਰਵਾਨਾ, ਆਦਿਨ ਅੰਤਾ ਆਪ ਅਖਵਾਇਆ। ਆਪਣਾ ਬੰਨ੍ਹੇ ਆਪੇ ਗਾਨਾ, ਸਾਚਾ ਸਗਨ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸਾ ਖੇਲ ਤਮਾਸ਼ਾ, ਪੁਰਖ ਅਬਿਨਾਸ਼ਾ ਵੇਖ ਵਖਾਇਆ। ਸੋ ਪੁਰਖ ਨਿਰੰਜਣ ਵੇਖਣਹਾਰਾ, ਆਪਣੀ ਖੇਲ ਆਪ ਖਿਲਾਈਆ। ਸਾਚਾ ਤਖ਼ਤ ਕਰ ਤਿਆਰਾ, ਸਚ ਸਿੰਘਾਸਣ ਇਕ ਵਿਛਾਈਆ। ਸਾਚਾ ਦੀਪਕ ਕਰ ਉਜਿਆਰਾ, ਨੂਰ ਨੁਰਾਨਾ ਆਪ ਟਿਕਾਈਆ। ਸਾਚਾ ਚਵਰ ਦਏ ਹੁਲਾਰਾ, ਪੁਰਖ ਅਬਿਨਾਸ਼ੀ ਆਪ ਝੁਲਾਈਆ। ਸਾਚਾ ਭੂਪ ਬਣ ਸਿਕਦਾਰਾ, ਆਪ ਆਪਣਾ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਬੈਠਾ ਸਾਚਾ ਮਾਹੀਆ। ਸਚਖੰਡ ਸਚ ਸਿੰਘਾਸਣ ਹਰਿ ਨਿਰੰਕਾਰ, ਏਕਾ ਆਪ ਵਿਛਾਇਆ। ਜਗਮਗ ਜੋਤ ਜਗੇ ਅਪਾਰ, ਆਦਿ ਜੁਗਾਦੀ ਆਪ ਜਗਾਇਆ। ਕਮਲਾਪਾਤੀ ਹੋ ਤਿਆਰ, ਸਚ ਸੁਹੰਜਣੀ ਸੇਜ ਸੁਹਾਇਆ। ਇਕ ਇਕਾਂਤੀ ਬੈਠ ਕਰਤਾਰ, ਆਪਣੀ ਕਰਨੀ ਰਿਹਾ ਕਮਾਇਆ। ਆਪੇ ਬਣਿਆ ਚੋਬਦਾਰ, ਆਪ ਆਪਣਾ ਹੁਕਮ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਤੁਰਭੁਜ ਆਪ ਅਖਵਾਇਆ। ਚਤੁਰਭੁਜ ਹਰਿ ਸੁਲਤਾਨਾ, ਦਿਸ ਕਿਸੇ ਨਾ ਆਇਆ। ਆਪੇ ਮਰਦ ਮਰਦ ਮਰਦਾਨਾ, ਆਪ ਆਪਣਾ ਨਾਉਂ ਉਪਾਇਆ। ਆਪੇ ਗੋਪੀ ਆਪੇ ਕਾਹਨਾ, ਆਪੇ ਆਪਣੇ ਘਰ ਘਰ ਰਾਸ ਰਚਾਇਆ। ਆਪੇ ਖੇਲੇ ਖੇਲ ਭਗਵਾਨ ਰੂਪ ਸ੍ਰੀ ਭਗਵਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮੰਦਰ ਇਕ ਸੁਹਾਇਆ। ਸਾਚਾ ਮੰਦਰ ਹਰਿ ਸੁਹਾਵਣਾ, ਹਰਿ ਸਾਚੀ ਕਿਰਪਾ ਧਾਰ। ਸਾਚਾ ਭੂਪ ਇਕ ਬਣਾਵਣਾ, ਆਪ ਆਪਣਾ ਕਰ ਪਿਆਰ। ਸਾਚਾ ਰੂਪ ਇਕ ਵਟਾਵਣਾ, ਦਿਸ ਨਾ ਆਏ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਸਾਚਾ ਸਿਕਦਾਰ। ਸਚ ਸਿਕਦਾਰ ਇਕ ਅਖਵਾਵਣਾ, ਸ਼ਾਹੋ ਭੂਪ ਰਾਜ ਰਾਜਾਨ। ਸਾਚਾ ਹੁਕਮ ਇਕ ਚਲਾਵਣਾ, ਪੁਰਖ ਅਬਿਨਾਸ਼ੀ ਕਰ ਧਿਆਨ। ਸਚ ਨਿਸ਼ਾਨਾ ਇਕ ਚੜ੍ਹਾਵਣਾ, ਉਚ ਮਹੱਲੇ ਹਰਿ ਭਗਵਾਨ। ਏਕਾ ਤਾਜ ਸੀਸ ਟਿਕਾਵਣਾ, ਪੰਚਮ ਮੁਖ ਮੁਖ ਨਿਸ਼ਾਨ। ਸੋ ਪੁਰਖ ਨਿਰੰਜਣ ਆਪਣਾ ਖੇਲ ਆਪ ਖਿਲਾਵਣਾ, ਖੇਲਣਹਾਰ ਗੁਣ ਨਿਧਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰਾਗ ਅਲਾਵਣਾ। ਪੰਚਮ ਮੁਖ ਪੰਚਮ ਤਾਜਾ, ਹਰਿ ਸਾਚੇ ਸਚ ਉਪਜਾਇਆ। ਉਪਰ ਲਾਇਆ ਨਾਮ ਸੁਹਾਗਾ, ਸਚ ਕੁਠਾਲੀ ਏਕਾ ਤਾਇਆ। ਆਪੇ ਸੋਇਆ ਆਪੇ ਜਾਗਾ, ਨਿਤ ਨਵਿਤ ਆਪੇ ਵੇਖ ਵਖਾਇਆ। ਆਪੇ ਪਾਇਆ ਪ੍ਰੇਮ ਪਿਆਰਾ ਧਾਗਾ, ਤ੍ਰੈਗੁਣ ਹੱਥ ਨਾ ਕਿਸੇ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਇਕ ਸੁਹਾਇਆ। ਪੰਚਮ ਤਾਜ ਸੀਸ ਰੱਖ, ਸਚਖੰਡ ਦੁਆਰੇ ਸੋਭਾ ਪਾਈਆ। ਨਿਰਗੁਣ ਅੱਗੇ ਨਿਰਗੁਣ ਰੂਪ ਹੋ ਪਰਤੱਖ, ਨਿਰਗੁਣ ਨਿਰਗੁਣ ਵੇਖ ਵਖਾਈਆ। ਨਿਰਗੁਣ ਅੰਦਰ ਬਾਹਰ ਨਿਰਗੁਣ ਵੱਖ, ਨਿਰਗੁਣ ਨਿਰਗੁਣ ਵਿਚ ਸਮਾਈਆ। ਨਿਰਗੁਣ ਅਲੱਖਣਾ ਅਲੱਖ, ਅਗੰਮ ਅਗੋਚਰ ਨਿਰਗੁਣ ਆਪ ਅਖਵਾਈਆ। ਨਿਰਗੁਣ ਸੋ ਪੁਰਖ ਨਿਰੰਜਣ ਹੋਏ ਪਰਤੱਖ, ਰੂਪ ਅਨੂਪ ਆਪ ਦਰਸਾਈਆ। ਆਪਣਾ ਮਾਰਗ ਸਚਖੰਡ ਦੁਆਰੇ ਆਪੇ ਦੱਸ, ਆਪਣੀ ਬੂਝ ਆਪ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਚਲਾਈਆ। ਸੋ ਪੁਰਖ ਨਿਰੰਜਣ ਸਾਚੀ ਧਾਰ, ਘਰ ਸਾਚੇ ਆਪ ਚਲਾਇੰਦਾ। ਜੁਗਾ ਜੁਗੰਤਰ ਆਦਿ ਜੁਗਾਦੀ ਕੋਇ ਨਾ ਪਾਵੇ ਸਾਰ, ਲੇਖਾ ਲੇਖ ਨਾ ਕੋਇ ਲਖਾਇੰਦਾ। ਕੋਟਨ ਕੋਟ ਜੋ ਜਨ ਦਏ ਹੁਲਾਰ, ਏਕਾ ਹੁਲਾਰਾ ਆਪ ਹਿਲਾਇੰਦਾ। ਖ਼ਾਲਕ ਖ਼ਲਕ ਬੇਐਬ ਪਰਵਰਦਿਗਾਰ, ਸਾਲਸ ਕੋਇ ਨਾ ਵਿਚ ਰਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਇਕ ਵਡਿਆਇੰਦਾ। ਤਖ਼ਤ ਤਾਜ ਸੁਹਾਵਣਾ, ਸਚਖੰਡ ਵੱਜੇ ਵਧਾਈਆ। ਰਾਜ ਰਾਜਾਨ ਇਕ ਅਖਵਾਵਣਾ, ਪ੍ਰਭ ਸਾਚਾ ਸ਼ਹਿਨਸ਼ਾਹੀਆ। ਦੋ ਜਹਾਨ ਜੋਗ ਕਮਾਵਣਾ, ਹੁਕਮੀ ਹੁਕਮ ਆਪ ਚਲਾਈਆ। ਧੁਰ ਫ਼ਰਮਾਣਾ ਇਕ ਸੁਨਾਵਣਾ, ਨਾ ਕੋਈ ਲਿਖੇ ਕਲਮ ਸ਼ਾਹੀਆ। ਸਾਚਾ ਤਖ਼ਤ ਇਕ ਵਡਿਆਵਣਾ, ਪਾਵਾ ਚੂਲ ਨਾ ਕੋਇ ਬਣਾਈਆ। ਜ਼ਿਮੀ ਅਸਮਾਨ ਕਿਸੇ ਨਾ ਡਾਹਵਣਾ, ਧਰਤ ਧਵਲ ਨਾ ਕੋਈ ਭਾਰ ਉਠਾਈਆ। ਸਾਧ ਸੰਤ ਗੁਰ ਪੀਰ ਅਵਤਾਰ ਹਰਿ ਸਿੰਘਾਸਣ ਮਹਿਮਾ ਕਿਸੇ ਨਾ ਗਾਵਣਾ, ਬੇਅੰਤ ਬੇਅੰਤ ਬੇਅੰਤ ਕਹਿ ਕਹਿ ਗਏ ਵਿਚ ਲੋਕਾਈਆ। ਆਪਣਾ ਭੇਵ ਹਰਿ ਆਪ ਖੁਲ੍ਹਾਵਣਾ, ਨਿਰਗੁਣ ਜੋਤ ਕਰ ਰੁਸ਼ਨਾਈਆ। ਪੁਰਖ ਅਕਾਲ ਦੀਨ ਦਿਆਲ ਆਪਣਾ ਰਾਗ ਆਪ ਅਲਾਵਣਾ, ਆਪੇ ਬੈਠਾ ਰਿਹਾ ਸੁਣਾਈਆ। ਸਚਖੰਡ ਨਿਵਾਸੀ ਤਾਲ ਇਕ ਵਜਾਵਣਾ, ਤਾਲ ਤਲਵਾੜਾ ਨਾ ਕੋਇ ਸੁਣਾਈਆ। ਦਰ ਦਰਵਾਜਾ ਇਕ ਖੁਲ੍ਹਾਵਣਾ, ਪਾਰਬ੍ਰਹਮ ਵੱਡੀ ਵਡਿਆਈਆ। ਗ਼ਰੀਬ ਨਿਵਾਜ਼ਾ ਨਾਮ ਧਰਾਵਣਾ, ਦੋ ਜਹਾਨਾਂ ਕਰੇ ਸੱਚੀ ਪਾਤਸ਼ਾਹੀਆ। ਜੁਗ ਜੁਗ ਆਪਣਾ ਕਾਜ ਰਚਾਵਣਾ, ਡੋਰ ਆਪਣੇ ਹੱਥ ਰਖਾਈਆ। ਸ਼ਾਹ ਸੁਲਤਾਨਾ ਮੇਟ ਮਿਟਾਵਣਾ, ਖ਼ਾਕੀ ਖ਼ਾਕ ਦਏ ਮਿਲਾਈਆ। ਸਾਚਾ ਖੰਡਾ ਇਕ ਚਮਕਾਵਣਾ, ਥਿਰ ਘਰ ਬੈਠਾ ਆਪ ਘੜਾਈਆ। ਜੋਧਾ ਸੂਰਬੀਰ ਆਪ ਅਖਵਾਵਣਾ, ਆਪ ਆਪਣਾ ਬਲ ਧਰਾਈਆ। ਰਵ ਸਸ ਬ੍ਰਹਿਮੰਡ ਖੰਡ ਚਰਨਾ ਹੇਠ ਦਬਾਵਣਾ, ਕੋਈ ਸਕੇ ਨਾ ਭਾਰ ਉਠਾਈਆ। ਜੋ ਘੜਿਆ ਸੋ ਭੰਨ ਵਖਾਵਣਾ, ਹੁਕਮੀ ਹੁਕਮ ਹੁਕਮ ਚਲਾਈਆ। ਧੁਰਦਰਗਾਹੀ ਏਕਾ ਨਾਦ ਵਜਾਵਣਾ, ਤੁਰੀਆ ਰਾਗ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੀਸ ਆਪਣਾ ਤਾਜ ਟਿਕਾਈਆ। ਸਾਚਾ ਤਾਜ ਸੀਸ ਸੁਲਤਾਨ, ਹਰਿ ਸਾਚੇ ਸਚ ਟਿਕਾਇਆ। ਪੁਰਖ ਅਬਿਨਾਸ਼ੀ ਵਡ ਮਿਹਰਵਾਨ, ਸਚਖੰਡ ਬੈਠਾ ਆਸਣ ਲਾਇਆ। ਦੋ ਜਹਾਨਾਂ ਵੇਖੇ ਮਾਰ ਧਿਆਨ, ਆਪ ਆਪਣਾ ਨੈਣ ਖੁਲ੍ਹਾਇਆ। ਸ਼ਬਦ ਅਗੰਮੀ ਪਾਵੇ ਆਣ, ਸਚ ਫ਼ਰਮਾਣਾ ਆਪ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇਆ। ਸਚਖੰਡ ਵਾਸੀ ਰਚਨ ਰਚਾਏ, ਵਡ ਦਾਤਾ ਬੇਪਰਵਾਹੀਆ। ਲੋਆਂ ਪੁਰੀਆਂ ਬਣਤ ਬਣਾਏ, ਬ੍ਰਹਿਮੰਡ ਖੰਡ ਮੇਲ ਮਿਲਾਈਆ। ਬ੍ਰਹਮਾ ਵਿਸ਼ਨ ਸ਼ਿਵ ਆਪਣੀ ਬਿੰਦ ਉਪਜਾਏ, ਆਪ ਆਪਣੀ ਦਇਆ ਕਮਾਈਆ। ਤ੍ਰੈਗੁਣ ਮਾਇਆ ਵਸਤ ਟਿਕਾਏ, ਘਟ ਘਟ ਝੋਲੀ ਆਪ ਭਰਾਈਆ। ਲੱਖ ਚੁਰਾਸੀ ਜੋੜ ਜੁੜਾਏ, ਪੰਜ ਤਤ ਘਾੜਣ ਆਪ ਘੜਾਈਆ। ਸ਼ਬਦ ਅਨਾਦੀ ਵਿਚ ਟਿਕਾਏ, ਦਿਸ ਕਿਸੇ ਨਾ ਆਈਆ। ਬ੍ਰਹਮ ਬ੍ਰਹਿਮਾਦੀ ਖੇਲ ਖਲਾਏ, ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਜ ਜੋਗ ਜਗਤ ਵਖਾਈਆ। ਰਾਜ ਜੋਗ ਜਗਤ ਜਗਦੀਸ਼ਰ, ਲੋਕਮਾਤ ਆਪ ਚਲਾਇੰਦਾ। ਸਰਬ ਜੀਆਂ ਦਾ ਏਕਾ ਈਸ਼ਰ, ਏਕਾ ਰੂਪ ਦਰਸਾਇੰਦਾ। ਆਪ ਉਪਜਾਏ ਤਪੀ ਤਪੀਸ਼ਰ, ਮੁਨੀ ਮੁਨੀਸ਼ਰ ਸੇਵ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਰਚਨ ਰਚਾਇੰਦਾ। ਰਾਜ ਜੋਗ ਜਗਤ ਸੁਲਤਾਨਾ, ਲੋਕਮਾਤ ਖੇਲ ਖਿਲਾਇੰਦਾ। ਮਾਨਸ ਮਾਨੁਖ ਕਰ ਪਰਧਾਨਾ, ਲੱਖ ਚੁਰਾਸੀ ਵਡ ਸਿਕਦਾਰ ਆਪ ਬਣਾਇੰਦਾ। ਲੇਖਾ ਜਾਣੇ ਤਤ ਮਕਾਨਾ, ਹੱਟੋ ਹੱਟ ਫੋਲ ਫੁਲਾਇੰਦਾ। ਧੁਰਦਰਗਾਹੀ ਨਾਮ ਤਰਾਨਾ, ਸ਼ਾਦੀਆਨਾ ਸਚ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਹੁਕਮ ਅਲਾਇੰਦਾ। ਰਾਜ ਜੋਗ ਜੁਗ ਜੁਗ ਚਾਨਣ, ਹਰਿ ਸਾਚਾ ਆਪ ਕਰਾਇੰਦਾ। ਭਗਤਾਂ ਦੇਵੇ ਭਗਤੀ ਦਾਨਣ, ਆਤਮ ਬ੍ਰਹਮ ਗਿਆਨ ਧਰਾਇੰਦਾ। ਸੰਤਨ ਮੇਲਾ ਸਾਚੇ ਰਾਮ ਰਾਮਨ, ਰਾਮ ਰਾਮਾ ਆਪ ਅਖਵਾਇੰਦਾ। ਗੁਰਮੁਖਾਂ ਪਕੜੇ ਆਪੇ ਦਾਮਨ, ਦਾਮਨਗੀਰ ਆਪ ਅਖਵਾਇੰਦਾ। ਗੁਰਸਿਖਾਂ ਹੋਏ ਸੱਚਾ ਜ਼ਾਮਨ, ਆਦਿ ਅੰਤ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਕਰਾਇੰਦਾ। ਜੁਗ ਜੁਗ ਖੇਲ ਪੁਰਖ ਕਰਤਾਰ, ਸੋ ਪੁਰਖ ਨਿਰੰਜਣ ਆਪ ਕਰਾਈਆ। ਹਰਿ ਪੁਰਖ ਨਿਰੰਜਣ ਕਰ ਪਸਾਰ, ਏਕੰਕਾਰਾ ਸੇਵਾ ਲਾਈਆ। ਆਦਿ ਨਿਰੰਜਣ ਬਣ ਪਨਿਹਾਰ, ਘਰ ਘਰ ਫੇਰਾ ਪਾਈਆ। ਅਬਿਨਾਸ਼ੀ ਕਰਤਾ ਦਏ ਆਧਾਰ, ਸ੍ਰੀ ਭਗਵਾਨ ਆਪਣਾ ਰੰਗ ਰੰਗਾਈਆ। ਪਾਰਬ੍ਰਹਮ ਹੋ ਤਿਆਰ, ਆਪਣੀ ਵੰਡਣ ਵੰਡ ਵੰਡਾਈਆ। ਬ੍ਰਹਮ ਰੂਪ ਸਰਬ ਸੰਸਾਰ, ਲੱਖ ਚੁਰਾਸੀ ਵਿਚ ਟਿਕਾਈਆ। ਜੀਵ ਆਤਮ ਕਰ ਤਿਆਰ, ਨਿਰਗੁਣ ਬੈਠਾ ਮੁਖ ਛੁਪਾਈਆ। ਵਸਣਹਾਰਾ ਧਰਤ ਮੁਨਾਰ, ਸਾਚਾ ਗੜ੍ਹ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਇਕ ਸਮਝਾਈਆ। ਦਰ ਘਰ ਸਾਚਾ ਕਾਇਆ ਮੰਦਰ, ਹਰਿ ਸਾਚਾ ਸਚ ਸਮਝਾਇੰਦਾ। ਨਿਰਗੁਣ ਸਰਗੁਣ ਵੜਿਆ ਅੰਦਰ, ਆਪਣਾ ਮੁਖ ਛੁਪਾਇੰਦਾ। ਆਪੇ ਲਾਇਆ ਆਪਣਾ ਜੰਦਰ, ਨਾ ਕੋਈ ਤੋੜ ਤੁੜਾਇੰਦਾ। ਲੇਖਾ ਜਾਣੇ ਅੰਧੇਰੀ ਕੰਧਰ, ਡੂੰਘੀ ਭਵਰ ਮੁਖ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਰਾਸ ਰਚਾਇੰਦਾ। ਜਗਤ ਰਾਸ ਰਚਾਏ ਲੀਲਾ, ਲਾਲਣ ਲਾਲ ਰੰਗ ਹੋ ਉਜਿਆਰਿਆ। ਆਪੇ ਜਾਣੇ ਆਪਣਾ ਵੇਸ ਕੰਚਨ ਸੂਹਾ ਚਿੱਟਾ ਪੀਲਾ, ਨੀਲਾ ਕਾਲਾ ਵੇਖੇ ਧਾਰਿਆ। ਆਪੇ ਕਰੇ ਆਪਣਾ ਹੀਲਾ, ਦੋ ਜਹਾਨਾਂ ਪਾਵੇ ਸਾਰਿਆ। ਆਪੇ ਹੋਏ ਛੈਲ ਛਬੀਲਾ, ਨਿਰਗੁਣ ਦਾਤਾ ਬੇਐਬ ਪਰਵਰਦਿਗਾਰਿਆ। ਆਪੇ ਜਾਣੇ ਆਪਣਾ ਸਚ ਕਬੀਲਾ, ਹਰਿ ਸੰਤਨ ਕਰੇ ਪਿਆਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਖੇਲੇ ਖੇਲ ਅਗੰਮ ਅਪਾਰਿਆ। ਅਗੰਮ ਅਪਾਰ ਹਰਿ ਨਿਰੰਕਾਰ, ਆਪਣਾ ਖੇਲ ਖਿਲਾਇੰਦਾ। ਆਦਿ ਜੁਗਾਦੀ ਇਕ ਅਵਤਾਰ, ਗੁਰ ਗੁਰ ਨਾਉਂ ਧਰਾਇੰਦਾ। ਗੁਰ ਗੁਰ ਰੂਪ ਵਿਚ ਸੰਸਾਰ, ਸਤਿਗੁਰ ਹੁਕਮ ਸੁਣਾਇੰਦਾ। ਸੰਤਾਂ ਦੇਵੇ ਨਾਮ ਆਧਾਰ, ਏਕਾ ਵਸਤ ਹੱਥ ਫੜਾਇੰਦਾ। ਭਗਤਨ ਅੰਦਰ ਭਰ ਭੰਡਾਰ, ਸਾਚੀ ਦਾਤ ਆਪ ਵਰਤਾਇੰਦਾ। ਗੁਰਮੁਖਾਂ ਬਖ਼ਸ਼ੇ ਚਰਨ ਪਿਆਰ, ਚਰਨ ਚਰਨੋਦਕ ਮੁਖ ਚੁਆਇੰਦਾ। ਗੁਰਸਿਖਾਂ ਕਰੇ ਪਾਰ ਕਿਨਾਰ, ਅੱਧ ਵਿਚਕਾਰ ਨਾ ਕੋਇ ਡੁਬਾਇੰਦਾ। ਸਚ ਤਖ਼ਤ ਸਚ ਸਿਕਦਾਰ, ਸਾਚਾ ਅਦਲ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਕਲਜੁਗ ਅੰਤਮ ਵੇਸ ਅਵੱਲਾ, ਹਰਿ ਸਾਚਾ ਸਚ ਕਰਾਇੰਦਾ। ਲੇਖਾ ਜਾਣੇ ਰਾਣੀ ਅੱਲਾ, ਨੂਰ ਇਲਾਹੀ ਆਪ ਅਲਾਇੰਦਾ। ਆਪ ਫੜੇ ਚਾਰ ਯਾਰੀ ਸੰਗ ਮੁਹੰਮਦ ਪੱਲਾ, ਆਪਣਾ ਪੱਲੂ ਆਪ ਫੜਾਇੰਦਾ। ਆਪੇ ਵਸੇ ਨਿਹਚਲ ਧਾਮ ਅਟੱਲਾ, ਆਪੇ ਲੋਕਮਾਤ ਖੇਲ ਖਿਲਾਇੰਦਾ। ਆਪੇ ਲੱਖ ਚੁਰਾਸੀ ਭੁਲਾਏ ਕਰ ਕਰ ਵਲ ਛੱਲਾ, ਵਲ ਛਲ ਧਾਰੀ ਨਾਉਂ ਧਰਾਇੰਦਾ। ਜੋਤੀ ਸ਼ਬਦੀ ਆਪੇ ਰਲਾ, ਆਪ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਰੰਗ ਰੰਗਾਇੰਦਾ। ਰੰਗ ਰੰਗੀਲਾ ਹਰਿ ਕਰਤਾਰ, ਕਰਤਾ ਕੁਦਰਤ ਵਿਚ ਸਮਾਈਆ। ਰਾਮ ਰੂਪ ਪਸਰ ਪਸਾਰ, ਰਵ ਰਿਹਾ ਸਰਬ ਥਾਈਂਆ। ਕਰੇ ਖੇਲ ਅਗੰਮ ਅਪਾਰ, ਆਪ ਆਪਣੀ ਕਲ ਵਰਤਾਈਆ। ਅਕਲ ਕਲਾ ਕਲ ਆਪੇ ਧਾਰ, ਚਾਰੋਂ ਕੁੰਟ ਵੇਖ ਵਖਾਈਆ। ਨੌ ਖੰਡ ਪ੍ਰਿਥਮੀ ਪਾਵੇ ਸਾਰ, ਨਾਮ ਖੰਡਾ ਇਕ ਚਮਕਾਈਆ। ਬ੍ਰਹਿਮੰਡਾਂ ਵੇਖੇ ਹੋ ਤਿਆਰ, ਜੇਰਜ ਅੰਡਾਂ ਫੋਲ ਫੁਲਾਈਆ। ਭੇਖ ਪਖੰਡਾ ਕਰੇ ਖੁਆਰ, ਦੂਈ ਦਵੈਤੀ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ। ਲੇਖਾ ਲਿਖਣਹਾਰ ਸ਼ਾਹ, ਵੱਡਾ ਦਾਤਾ ਆਪ ਅਖਵਾਇਆ। ਆਪੇ ਬਣੇ ਜਗਤ ਮਲਾਹ, ਜੁਗ ਜੁਗ ਬੇੜਾ ਆਪ ਚਲਾਇਆ। ਆਪੇ ਪਾਵੇ ਆਪਣੇ ਰਾਹ, ਮਾਰਗ ਪੰਥ ਆਪ ਦਸਾਇਆ। ਆਪੇ ਹੋਏ ਸਿਫ਼ਤ ਸਾਲਾਹ, ਰਸਨਾ ਸਕੇ ਨਾ ਕੋਇ ਸਾਲਾਹਿਆ। ਆਪੇ ਵਸੇ ਜਲ ਥਲ ਅਸਗਾਹ, ਮਹੀਅਲ ਆਪਣਾ ਰੂਪ ਵਟਾਇਆ। ਆਪੇ ਜਾਣੇ ਆਪਣਾ ਨਾਂ, ਕੋਟਨ ਕੋਟੀ ਨਾਮ ਉਪਾਇਆ। ਆਪੇ ਵਸੇ ਆਪਣੇ ਗਿਰਾਂ, ਸਚ ਮਹੱਲਾ ਆਪ ਵਸਾਇਆ। ਆਪੇ ਭਗਤਨ ਪਕੜੇ ਬਾਂਹ, ਲੋਕਮਾਤ ਫੇਰਾ ਪਾਇਆ। ਆਪ ਨਿਥਾਵਿਆਂ ਦੇਵੇ ਥਾਂ, ਥਾਨ ਥਨੰਤਰ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਖੇਲ ਆਪ ਖਲਾਈਆ। ਖੇਲਣਹਾਰ ਪੁਰਖ ਸਮਰਥ, ਏਕਾ ਏਕੰਕਾਰਿਆ। ਆਦਿ ਜੁਗਾਦਿ ਮਹਿਮਾ ਅਕਥ, ਵੇਦ ਕਤੇਬ ਭੇਦ ਨਾ ਪਾ ਰਿਹਾ। ਜੁਗ ਜੁਗ ਚਲਾਏ ਆਪਣਾ ਰਥ, ਰਥ ਰਥਵਾਹੀ ਦਿਸ ਨਾ ਆ ਰਿਹਾ,। ਜਨ ਭਗਤਾਂ ਦੇਵੇ ਸਾਚੀ ਵੱਥ, ਸਾਚੀ ਵਸਤ ਨਾਮ ਵਖਾ ਰਿਹਾ। ਨੌ ਖੰਡ ਪ੍ਰਿਥਮੀ ਪਾਏ ਨੱਥ, ਜੀਵ ਜੰਤ ਸਾਧ ਸੰਤ ਚਾਰੋਂ ਕੁੰਟ ਭੁਆ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪ ਉਠਾ ਰਿਹਾ। ਹਰਿਜਨ ਸਾਚੇ ਉਠਾਵਣਹਾਰ, ਏਕਾ ਆਪ ਅਖਵਾਇਆ। ਜੁਗ ਜੁਗ ਲਏ ਮਾਤ ਅਵਤਾਰ, ਗੁਰ ਪੀਰ ਨਾ ਦਏ ਕੋਈ ਸਲਾਹਿਆ। ਕਲਜੁਗ ਅੰਤਮ ਪਾਵੇ ਸਾਰ, ਨਿਰਗੁਣ ਨੂਰ ਕਰ ਰੁਸ਼ਨਾਇਆ। ਸ਼ਬਦ ਡੰਕ ਵਜਾਏ ਅਪਰ ਅਪਾਰ, ਲੋਆਂ ਪੁਰੀਆਂ ਦਏ ਹਲਾਇਆ। ਏਕਾ ਬੋਲ ਸਚ ਜੈਕਾਰ, ਹੰ ਬ੍ਰਹਮ ਲਏ ਮਿਲਾਈਆ। ਹੰ ਬ੍ਰਹਮ ਹੋਏ ਉਜਿਆਰ, ਸੋ ਪੁਰਖ ਨਿਰੰਜਣ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਬ ਲੇਖਾ ਵੇਖ ਵਖਾਇਆ। ਪੂਰਬ ਲੇਖਾ ਵੇਖਣਹਾਰ ਗੋਪਾਲਾ, ਆਪਣਾ ਭੇਵ ਆਪ ਰਖਾਇੰਦਾ। ਹਰਿਜਨ ਵੇਖੇ ਸਾਚੇ ਲਾਲਾ, ਜੁਗ ਵਿਛੜੇ ਮੇਲ ਮਿਲਾਇੰਦਾ। ਨਿਰਗੁਣ ਸਰਗੁਣ ਬਣ ਦਲਾਲਾ, ਘਰ ਸਾਚੇ ਸੇਵ ਕਮਾਇੰਦਾ। ਆਪੇ ਚਲੀ ਅਵੱਲੜੀ ਚਾਲਾ, ਜੋਤੀ ਜਾਮਾ ਭੇਖ ਵਟਾਇੰਦਾ। ਆਪ ਉਠਾਏ ਨਿੱਕਾ ਬਾਲਾ, ਗੁਰਮੁਖ ਸੋਇਆ ਆਪ ਜਗਾਇੰਦਾ। ਆਪੇ ਕਰੇ ਕਰਾਏ ਸਰਬ ਪ੍ਰਿਤਪਾਲਾ, ਪ੍ਰਿਤਪਾਲਕ ਆਪਣਾ ਨਾਉਂ ਰਖਾਇੰਦਾ। ਆਪੇ ਘਾਲੇ ਆਪਣੀ ਘਾਲਾ, ਘੋਲੀ ਘੋਲ ਆਪ ਘੁਮਾਇੰਦਾ। ਆਪੇ ਸੰਗ ਰਖਾਏ ਕਾਲ ਮਹਾਂਕਾਲਾ, ਆਪ ਆਪਣਾ ਹੁਕਮ ਸੁਣਾਇੰਦਾ। ਆਪ ਫਲ ਲਗਾਏ ਡਾਲ੍ਹਾ, ਪਤ ਟਾਹਣੀ ਵੇਖ ਵਖਾਇੰਦਾ। ਆਪੇ ਤੋੜੇ ਜਗਤ ਜੰਜਾਲਾ, ਜਾਗਰਤ ਜੋਤ ਇਕ ਜਗਾਇੰਦਾ। ਆਪ ਸੁਹਾਏ ਸਚਖੰਡ ਸੱਚੀ ਧਰਮਸਾਲਾ, ਘਰ ਸਾਚਾ ਆਪ ਸੁਹਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਵੇਖ ਵਖਾਇੰਦਾ। ਪੂਰਬ ਲਹਿਣਾ ਵੇਖਣ ਆਇਆ, ਆਪ ਆਪਣੀ ਕਿਰਪਾ ਧਾਰ। ਗੁਰਮੁਖ ਸਾਚੇ ਪਰਖਣ ਆਇਆ, ਨਾਮ ਘਸਵੱਟੀ ਰੱਖੀ ਨਾਲ। ਲੱਖ ਚੁਰਾਸੀ ਵਿਚੋਂ ਰੱਖਣ ਆਇਆ, ਗ਼ਰੀਬ ਨਿਮਾਣਾ ਲਾਲੋ ਲਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸਰੂਪੀ ਬਣ ਦਲਾਲ। ਸ਼ਬਦ ਸਰੂਪੀ ਬਣ ਦਲਾਲ, ਹਰਿ ਸਾਚੀ ਸੇਵ ਕਮਾਇੰਦਾ। ਗੁਰਸਿਖ ਘਾਲੀ ਸਾਚੀ ਘਾਲ, ਸਤਿਗੁਰ ਸਾਚੇ ਲੇਖੇ ਲਾਇੰਦਾ। ਜਨਮ ਜਨਮ ਕਰੇ ਪ੍ਰਿਤਪਾਲ, ਮਰਨ ਮਰਨ ਦਾ ਪੱਲਾ ਛੁਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੇਲ ਮਿਲਾਇੰਦਾ। ਮੇਲ ਮਿਲਾਵਾ ਹਰਿ ਨਿਰੰਕਾਰ, ਗੁਰਮੁਖ ਸੱਜਣ ਆਪ ਕਰਾਈਆ। ਸੇਵਕ ਸੇਵਾ ਕਰੀ ਕਰ ਪਿਆਰ, ਸਤਿਗੁਰ ਸਾਚੇ ਲੇਖੇ ਲਾਈਆ। ਮਿੱਠਾ ਰਸ ਨਾ ਦਿਸੇ ਕੋਈ ਵਿਚ ਸੰਸਾਰ, ਰਸ ਕੋਦਰਾ ਇਕ ਭਰਾਈਆ। ਨਾਨਕ ਕਰਿਆ ਇਕ ਪਿਆਰ, ਗ਼ਰੀਬ ਨਿਮਾਣਾ ਗਲੇ ਲਗਾਈਆ। ਸਿਰ ਤੇਰਾ ਚੁੱਕਿਆ ਆਪਣੇ ਭਾਰ, ਅੰਤਮ ਵੇਲੇ ਦਏ ਮੁਕਾਈਆ। ਲੈਣਾ ਜਨਮ ਵਿਚ ਸੰਸਾਰ, ਮਾਨਸ ਰੂਪ ਫੇਰ ਵਟਾਈਆ। ਨਿਹਕਲੰਕ ਆਏ ਫੇਰ ਆਪਣੀ ਵਾਰ, ਨਿਰਗੁਣ ਜੋਤ ਕਰ ਰੁਸ਼ਨਾਈਆ। ਸਿਰ ਰੱਖ ਸੀਸ ਤਾਜ ਦਸਤਾਰ, ਦੋ ਜਹਾਨਾਂ ਚਰਨਾਂ ਹੇਠ ਰੱਖੇ ਸ਼ਹਿਨਸ਼ਾਹੀਆ। ਤੇਰਾ ਕਰਜਾ ਦਏ ਉਤਾਰ, ਸਿਰ ਹੌਲਾ ਭਾਰ ਰਖਾਈਆ। ਸੂਰਬੀਰ ਬਲੀ ਹਰਿ ਨਿਰੰਕਾਰ, ਇੱਕੀ ਸਿੱਖਾਂ ਨਾਲ ਰਲਾਈਆ। ਆਪਣਾ ਕਰਜ਼ ਨਾ ਰੱਖਿਆ ਕੋਈ ਉਧਾਰ, ਹਰਿ ਸੰਗਤ ਦਏ ਵਖਾਈਆ। ਫਿਰ ਬੈਠਾ ਤਖਤ ਸੱਚੇ ਦਰਬਾਰ, ਆਪਣਾ ਮੁਖ ਸਿਖਾਂ ਵਖਾਈਆ। ਸਿਰ ਰੱਖ ਸੱਚਾ ਤਾਜ ਆਪ ਨਿਰੰਕਾਰ, ਗੁਰਸਿਖਾਂ ਦੇਵੇ ਦਰਸ ਬੇਪਰਵਾਹੀਆ। ਨੌ ਖੰਡ ਪ੍ਰਿਥਮੀ ਬ੍ਰਹਿਮੰਡ ਖੰਡ ਕਰੋੜ ਤੇਤੀਸ ਬ੍ਰਹਮਾ ਵਿਸ਼ਨ ਸ਼ਿਵ ਸਾਧ ਸੰਤ ਗੁਰ ਪੀਰ ਅਵਤਾਰ ਬਣਨ ਪਨਿਹਾਰ, ਪ੍ਰਭ ਸਾਚਾ ਹੁਕਮੀ ਰਿਹਾ ਫਿਰਾਈਆ। ਪ੍ਰਭ ਗੁਰਸਿਖਾਂ ਉਤੋਂ ਦੇਵੇ ਵਾਰ, ਸਾਚਾ ਤਾਜ ਤੇਰੇ ਚਰਨਾਂ ਹੇਠ ਟਿਕਾਈਆ। ਤੇਰਾ ਦੁਆਰਾ ਸਚਖੰਡ, ਅੱਧਵਿਚਕਾਰ ਨਾ ਕੋਇ ਅਟਕਾਈਆ। ਉਚੀ ਕੂਕੋ ਕਰੋ ਪੁਕਾਰ, ਪ੍ਰਭ ਪਾਇਆ ਸਚ ਸਾਚਾ ਮਾਹੀਆ। ਆਵਣ ਜਾਵਣ ਛੁੱਟਿਆ ਵਿਚ ਸੰਸਾਰ, ਲੱਖ ਚੁਰਾਸੀ ਰਹਿਣ ਨਾ ਪਾਈਆ। ਬ੍ਰਹਮਾ ਬਣੇ ਦਰ ਭਿਖਾਰ, ਲਾਲੋ ਤੇਰੀ ਵਡ ਵਡਿਆਈਆ। ਵਿਸ਼ਨੂੰ ਰੂਪ ਕਰਿਆ ਕਰਤਾਰ, ਤੇਰੇ ਦਰ ਭਿਛਿਆ ਮੰਗਣ ਆਈਆ। ਸ਼ੰਕਰ ਨੇਤਰ ਰੋਵੇ ਜ਼ਾਰੋ ਜ਼ਾਰ, ਹੱਥ ਤਰਸੂਲ ਨਾ ਕੋਈ ਵਖਾਈਆ। ਛੋਟੇ ਬਾਲੇ ਧੱਕਾ ਦਿਤਾ ਮਾਰ, ਨਾ ਸਕੇ ਕੋਇ ਉਠਾਈਆ। ਸਿੰਘ ਪਾਲਾ ਬੈਠਾ ਕਰ ਸ਼ਿੰਗਾਰ, ਚਾਰੋਂ ਕੁੰਟ ਰਾਹ ਤਕਾਈਆ। ਕਰੋੜ ਤੇਤੀਸਾ ਗਿਆ ਹਾਰ, ਸੁਰਪਤ ਰਾਜਾ ਇੰਦ ਰਿਹਾ ਕੁਰਲਾਈਆ। ਸਿੰਘ ਮਨਜੀਤਾ ਅਤੀਤਾ ਬਹੇ ਚਰਨ ਦੁਆਰ, ਪ੍ਰਭ ਸਾਚੇ ਤਖ਼ਤ ਬਹਾਈਆ। ਤਪਿਆ ਅੰਗੀਠਾ ਸਰਬ ਸੰਸਾਰ, ਹਰਿ ਸਾਚਾ ਰਿਹਾ ਤਪਾਈਆ। ਨਾਮ ਨਿਧਾਨ ਗੁਰਮੁਖ ਪੀਤਾ ਚਰਨ ਦੁਆਰ, ਅੱਠੇ ਪਹਿਰ ਖੁਮਾਰ ਰਖਾਈਆ। ਹਸਤ ਕੀਟਾ ਰੰਗਿਆ ਰੰਗ ਕਰਤਾਰ, ਊਚ ਨੀਚ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸਚਖੰਡ ਦੁਆਰ ਸੋਹੇ ਨਿਰੰਕਾਰ, ਹਰਿ ਸੰਗਤ ਬਣਾਏ ਆਪਣਾ ਪਰਿਵਾਰ, ਅੰਤਮ ਵਾਰ ਆਪਣੇ ਚਰਨ ਬਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੀ ਸਚ ਸੱਚਾ ਕਰੇ ਸ਼ਹਿਨਸ਼ਾਹੀਆ । ਹਰਿ ਸ਼ਬਦ ਵੱਡੀ ਵਡਿਆਈਆ, ਸਤਿਗੁਰ ਸਾਚਾ ਨਾਉਂ ਧਰਾਇੰਦਾ। ਸਤਿਗੁਰ ਸਾਚੇ ਵਡ ਵਡਿਆਈਆ, ਗੁਰ ਗੁਰ ਆਪਣਾ ਰੂਪ ਵਟਾਇੰਦਾ। ਗੁਰ ਸਾਚੇ ਵਡ ਵਡਿਆਈਆ, ਹਰਿ ਭਗਤਨ ਰੰਗ ਰੰਗਾਇੰਦਾ। ਹਰਿ ਭਗਤਨ ਵਡ ਵਡਿਆਈਆ, ਸੰਤਨ ਸੰਗ ਨਿਭਾਇੰਦਾ। ਹਰਿ ਸੰਤਨ ਵਡ ਵਡਿਆਈਆ, ਗੁਰਮੁਖਾਂ ਖੇਲ ਖਿਲਾਇੰਦਾ। ਹਰਿ ਗੁਰਮੁਖ ਵਡ ਵਡਿਆਈਆ, ਗੁਰਸਿਖ ਸਾਚੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸ਼ਬਦੀ ਵੇਸ ਵਟਾਇੰਦਾ। ਹਰਿ ਸ਼ਬਦ ਮਿਹਰਵਾਨ, ਸਤਿਗੁਰ ਘਰ ਵਸਾਇਆ। ਸਤਿਗੁਰ ਦੇਵੇ ਸਾਚਾ ਦਾਨ, ਗੁਰ ਗੁਰ ਝੋਲੀ ਪਾਇਆ। ਗੁਰ ਗੁਰ ਬਖ਼ਸ਼ੇ ਇਕ ਗਿਆਨ, ਹਰਿ ਭਗਤਨ ਵੇਖ ਵਖਾਇਆ। ਹਰਿ ਸੰਤਨ ਮੇਲਾ ਸਾਚੇ ਕਾਹਨ, ਘਰ ਸਾਚੇ ਰਾਸ ਵਖਾਇਆ। ਹਰਿ ਸੰਤਨ ਦੇਵੇ ਏੇਕਾ ਮਾਣ, ਗੁਰਮੁਖ ਸਾਚੇ ਵੇਸ ਵਟਾਇਆ। ਗੁਰਮੁਖ ਬਖ਼ਸ਼ੇ ਇਕ ਧਿਆਨ, ਗੁਰਸਿਖ ਸਾਚੇ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੀ ਸ਼ਬਦ ਸਾਲਾਹਿਆ। ਹਰਿ ਸ਼ਬਦ ਸੂਰਬੀਰ, ਸਤਿਗੁਰ ਹੱਥ ਰਖਾਇਆ। ਸਤਿਗੁਰ ਮਾਰੇ ਸਾਚਾ ਤੀਰ, ਗੁਰ ਗੁਰ ਨਿਸ਼ਾਨਾ ਇਕ ਕਰਾਇਆ। ਗੁਰ ਗੁਰ ਕੱਢੇ ਹਉਮੇ ਪੀੜ, ਭਗਤਨ ਲੇਖਾ ਆਪ ਸਮਝਾਇਆ। ਭਗਤਨ ਬੰਨਣਾ ਹਰਿ ਹਰਿ ਬੀੜ, ਸੰਤਨ ਆਦਿ ਅੰਤ ਹੋਏ ਸਹਾਇਆ। ਚੋਟੀ ਚਾੜ੍ਹੇ ਇਕ ਅਖੀਰ, ਆਪਣੀ ਦਇਆ ਕਮਾਇਆ। ਗੁਰਮੁਖਾਂ ਆਤਮ ਦੇਵੇ ਠੰਡਾ ਸੀਰ, ਗੁਰਸਿਖ ਸਾਚੇ ਏਕਾ ਜਾਮ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਸ਼ਬਦ ਵਡਿਆਇਆ। ਸ਼ਬਦ ਵਡਿਆਈ ਸਤਿਗੁਰ ਦੇਵ, ਹਰਿ ਸਾਚਾ ਸਚ ਰਖਾਇੰਦਾ। ਆਦਿ ਜੁਗਾਦੀ ਅਲੱਖ ਅਭੇਵ, ਗੁਰ ਗੁਰ ਨਾਉਂ ਧਰਾਇੰਦਾ। ਭਗਤਨ ਦੇਵੇ ਇਕ ਮੇਵ, ਅੰਮ੍ਰਿਤ ਫਲ ਇਕ ਖੁਆਇੰਦਾ। ਸੰਤਨ ਜਾਣੇ ਰਸਨਾ ਜਿਹਵ, ਗੁਣ ਅਵਗੁਣ ਨਾ ਕੋਇ ਵਖਾਇੰਦਾ। ਗੁਰਮੁਖ ਮਸਤਕ ਲਾਵੇ ਸਾਚਾ ਥੇਵ, ਕੌਸਤਕ ਮਣੀਆ ਆਪ ਚਮਕਾਇੰਦਾ। ਗੁਰਸਿਖ ਮੇਲ ਮਿਲਾਵਾ ਸਦਾ ਨਿਹਕੇਵ, ਨਿਹਚਲ ਏਕਾ ਧਾਮ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦ ਬਬਾਣਾ ਸਾਚਾ ਰਾਣਾ, ਏਕਾ ਏਕ ਉਡਾਇੰਦਾ। ਸਤਿਗੁਰ ਸ਼ਬਦ ਬਬਾਣ, ਹਰਿ ਸਾਚਾ ਆਪ ਉਡਾਈਆ। ਗੁਰ ਗੁਰ ਮੇਲਾ ਵਿਚ ਜਹਾਨ, ਦੋ ਜਹਾਨਾਂ ਵੇਖ ਵਖਾਈਆ। ਭਗਤਨ ਭਗਤੀ ਕਰ ਪਰਵਾਨ, ਭਗਵਾਨ ਆਪਣਾ ਰੂਪ ਦਰਸਾਈਆ। ਸਾਚੇ ਸੰਤਾਂ ਕਰ ਪਰਵਾਨ, ਘਰ ਸਾਚੇ ਮੇਲ ਮਿਲਾਈਆ। ਗੁਰਮੁਖ ਬਣਾਏ ਚਤੁਰ ਸੁਘੜ ਸੁਜਾਨ, ਬ੍ਰਹਮ ਮਤ ਇਕ ਸਮਝਾਈਆ। ਗੁਰਮੁਖ ਬਾਲ ਅਞਾਣ ਪਛਾਣ, ਆਪ ਆਪਣੇ ਅੰਗ ਲਗਾਈਆ। ਆਦਿ ਜੁਗਾਦੀ ਜਾਣੀ ਜਾਣ, ਭੁੱਲਣਹਾਰ ਅਭੁੱਲ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਬਣੇ ਰਥਵਾਹੀਆ। ਸ਼ਬਦ ਚਲਾਏ ਸਾਚਾ ਰਥ, ਸਤਿਗੁਰ ਸਾਚੀ ਸੇਵ ਕਮਾਇੰਦਾ। ਗੁਰ ਗੁਰ ਮਹਿਮਾ ਅਕਥਨਾ ਅਕਥ, ਆਪਣਾ ਲੇਖਾ ਆਪ ਜਣਾਇੰਦਾ। ਭਗਤਨ ਰੱਖੇ ਦੇ ਕਰ ਹੱਥ, ਸਿਰ ਆਪਣਾ ਹੱਥ ਟਿਕਾਇੰਦਾ। ਸੰਤਨ ਦੇਵੇ ਸਾਚੀ ਵੱਥ, ਏਕਾ ਵਸਤ ਝੋਲੀ ਪਾਇੰਦਾ। ਗੁਰਮੁਖਾਂ ਸਗਲ ਵਿਸੂਰੇ ਜਾਇਣ ਲੱਥ, ਨੇਤਰ ਲੋਚਣ ਨੈਣ ਇਕ ਖੁਲ੍ਹਾਇੰਦਾ। ਗੁਰਸਿਖਾਂ ਮਾਰਗ ਏਕਾ ਦੱਸ, ਸਾਚੇ ਮਾਰਗ ਆਪੇ ਪਾਇੰਦਾ। ਹਿਰਦੇ ਅੰਦਰ ਹਰਿ ਜੂ ਵਸ, ਹਰਿ ਮੰਦਰ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਬਣ ਮਲਾਹ, ਸਾਚਾ ਬੇੜਾ ਆਪ ਚਲਾਇੰਦਾ। ਸ਼ਬਦ ਗੁਰ ਸਚ ਮਲਾਹ, ਸਤਿਗੁਰ ਆਪ ਉਪਾਇਆ। ਗੁਰ ਗੁਰ ਦੇਵੇ ਇਕ ਸਲਾਹ, ਸਿਫ਼ਤੀ ਸਿਫ਼ਤ ਸਿਫ਼ਤ ਸਲਾਹਿਆ। ਭਗਤਨ ਜਪਾਏ ਏਕਾ ਨਾਂ, ਨਾਮ ਨਿਧਾਨ ਇਕ ਵਖਾਇਆ। ਸੰਤਨ ਪਕੜੇ ਆਪੇ ਬਾਂਹ, ਆਪ ਆਪਣੀ ਦਇਆ ਕਮਾਈਆ। ਗੁਰਮੁਖਾਂ ਦੇਵੇ ਸਾਚਾ ਥਾਂ, ਚਰਨ ਦੁਆਰ ਇਕ ਵਖਾਇਆ। ਗੁਰਸਿਖਾਂ ਬਣੇ ਪਿਤਾ ਮਾਂ, ਪੁਰਖ ਅਬਿਨਾਸ਼ੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਰਾਣਾ ਸਾਚੇ ਤਖ਼ਤ ਆਪ ਬਹਾਇਆ। ਸ਼ਬਦ ਤਖ਼ਤ ਤਾਜ ਸੁਲਤਾਨ, ਹਰਿ ਸਤਿਗੁਰ ਆਪ ਸੁਹਾਇਆ। ਗੁਰ ਗੁਰ ਪੂਰਾ ਨੌਜਵਾਨ, ਆਦਿ ਜੁਗਾਦੀ ਖੇਲ ਖਿਲਾਇਆ। ਭਗਤਨ ਮੇਲਾ ਦੋ ਜਹਾਨ, ਏਕੰਕਾਰਾ ਆਪ ਕਰਾਇਆ। ਸੰਤਨ ਵੇਖੇ ਮਾਰ ਧਿਆਨ, ਨੌ ਖੰਡ ਪ੍ਰਿਥਮੀ ਫੋਲ ਫੁਲਾਇਆ। ਗੁਰਮੁਖਾਂ ਪਾਏ ਏਕਾ ਆਣ, ਏਕਾ ਹੁਕਮੀ ਹੁਕਮ ਸੁਣਾਇਆ। ਗੁਰਸਿਖਾਂ ਦੇਵੇ ਧੁਰ ਫ਼ਰਮਾਣ, ਸ਼ਬਦ ਅਨਾਦੀ ਧੁਨ ਜਣਾਇਆ । ਅੰਮ੍ਰਿਤ ਆਤਮ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਮਿਟਾਇਆ। ਏਕਾ ਰਾਗ ਸੁਣਾਏ ਕਾਨ, ਧੁਨ ਆਤਮਕ ਆਪ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਅਸਵਾਰ ਆਪ ਅਖਵਾਇਆ। ਸ਼ਾਹ ਅਸਵਾਰ ਹਰਿ ਨਿਰੰਕਾਰ, ਸ਼ਬਦ ਅਸਵ ਆਪ ਦੌੜਾਈਆ। ਸਤਿਗੁਰ ਪੂਰਾ ਹੋ ਤਿਆਰ, ਸਚਖੰਡ ਦੁਆਰਾ ਵੇਖ ਵਖਾਈਆ। ਆਪਣੇ ਅੰਦਰੋਂ ਆਪੇ ਆਏ ਬਾਹਰ, ਆਪ ਆਪਣਾ ਚਰਨ ਉਠਾਈਆ। ਚਾਰੋਂ ਕੁੰਟ ਪਾਵੇ ਸਾਰ, ਦਹਿ ਦਿਸ਼ਾ ਵੇਖ ਵਖਾਈਆ। ਮਹੱਲ ਅਟੱਲ ਉਚ ਮਿਨਾਰ, ਆਪ ਆਪਣਾ ਦਏ ਤਜਾਈਆ। ਆਵੇ ਜਾਵੇ ਵਾਰੋ ਵਾਰ, ਜੁਗ ਜੁਗ ਜਗਤ ਵੇਸ ਵਟਾਈਆ। ਲੋਕਮਾਤ ਲਏ ਅਵਤਾਰ, ਏਕਾ ਸ਼ਬਦ ਕਰੇ ਪੜ੍ਹਾਈਆ। ਜੋਤੀ ਜਲਵਾ ਅਗੰਮ ਅਪਾਰ, ਜੋਤੀ ਜੋਤ ਜੋਤ ਜਗਾਈਆ। ਵਰਨ ਗੋਤੀ ਵਸਿਆ ਬਾਹਰ, ਜ਼ਾਤ ਪਾਤ ਨਾ ਕੋਈ ਰਖਾਈਆ। ਆਪੇ ਗੁਪਤ ਆਪੇ ਜ਼ਾਹਿਰ, ਅੰਦਰ ਮੰਦਰ ਬੈਠਾ ਆਸਣ ਲਾਈਆ। ਆਪੇ ਪੁਰਖ ਆਪੇ ਨਾਰ, ਨਰ ਨਰੇਸ਼ਾ ਵਡ ਵਡਿਆਈਆ। ਆਪੇ ਕਰੇ ਆਪਣੀ ਕਾਰ, ਦਿਵਸ ਰੈਣ ਸੇਵ ਕਮਾਈਆ। ਆਪ ਉਠਾਏ ਆਪਣਾ ਭਾਰ, ਸੀਸ ਜਗਦੀਸ਼ ਆਪ ਉਠਾਈਆ। ਆਪੇ ਵੇਖੇ ਸਚ ਅਖਾੜ, ਘਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਵੱਜੇ ਵਧਾਈਆ। ਸ਼ਬਦ ਤਰਾਨਾ ਹਰਿ ਭਗਵਾਨਾ, ਦੋ ਜਹਾਨਾਂ ਆਪ ਵਜਾਇੰਦਾ। ਗੁਰਮੁਖਾਂ ਦੇਵੇ ਇਕ ਬਿਬਾਨਾ ਸਚ ਨਿਸ਼ਾਨਾ, ਬੀਨਾ ਦਾਨਾ ਦਇਆ ਕਮਾਇੰਦਾ। ਹੱਥੀਂ ਬੰਨ੍ਹੇ ਏਕਾ ਗਾਨਾ, ਅੰਮ੍ਰਿਤ ਬਖ਼ਸ਼ੇ ਪੀਣਾ ਖਾਣਾ, ਆਪ ਚਲਾਏ ਆਪਣਾ ਭਾਣਾ, ਸਦ ਭਾਣੇ ਆਪ ਸਮਾਇੰਦਾ। ਤੀਰ ਨਿਰਾਲਾ ਮਾਰੇ ਬਾਣਾ, ਤਖ਼ਤੋਂ ਲਾਹੇ ਰਾਜਾ ਰਾਣਾ, ਭੇਵ ਨਾ ਪਾਏ ਚਤੁਰ ਸੁਘੜ ਸਿਆਣਾ, ਮਾਇਆ ਭਰਮ ਸਰਬ ਭੁਲਾਇੰਦਾ। ਹਰਿਜਨ ਦੇਵੇ ਸਾਚਾ ਮਾਣਾ, ਆਤਮ ਤੋੜੇ ਜਗਤ ਅਭਿਮਾਨਾ, ਚਰਨ ਧੂੜ ਕਰਾਏ ਅਸ਼ਨਾਨਾ, ਦੁਰਮਤ ਮੈਲ ਆਪ ਧੁਆਇੰਦਾ। ਲੇਖਾ ਜਾਣੇ ਗੋਪੀ ਕਾਹਨਾ, ਆਪੇ ਹੋਏ ਨੈਣ ਮਧਾਨਾ, ਨਿਰਗੁਣ ਸਰਗੁਣ ਪਹਿਰੇ ਬਾਣਾ, ਰੂਪ ਅਨੂਪਾ ਆਪ ਵਟਾਇੰਦਾ। ਏਕਾ ਖੰਡਾ ਤੀਰ ਕਮਾਨਾ, ਆਪੇ ਜੋਧਾ ਸੂਰਬੀਰ ਬਲੀ ਬਲਵਾਨਾ, ਆਪੇ ਹੋਏ ਨੌਜਵਾਨਾ, ਜਗਤ ਵਾਸੀ ਨਾ ਕੋਈ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਨਾਉਂ ਧਰਾਇੰਦਾ। ਆਪੇ ਭੂਪ ਚਾਰੇ ਕੂਟ, ਦਹਿ ਦਿਸ਼ਾ ਫੇਰੀ ਪਾਈਆ। ਆਪੇ ਨਿਰਗੁਣ ਸਤਿ ਸਰੂਪ, ਨਰ ਹਰਿ ਨਾਉਂ ਧਰਾਈਆ। ਆਪੇ ਤਾਗਾ ਆਪੇ ਸੂਤ, ਤਾਣਾ ਪੇਟਾ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਡੋਰੀ ਮਾਇਆ ਤੰਦ ਆਪੇ ਬੰਨ੍ਹੇ ਆਪਣੇ ਬੰਦ, ਬੰਦੀ ਛੋੜ ਆਪ ਅਖਵਾਈਆ। ਆਪੇ ਰਚਿਆ ਆਪਣਾ ਕਾਜਾ, ਆਪੇ ਰੱਖੇ ਆਪਣੀ ਲਾਜਾ, ਆਪ ਆਪਣਾ ਵੇਸ ਧਰਾਇੰਦਾ। ਆਪੇ ਅਸਵ ਆਪੇ ਤਾਜਾ, ਆਪੇ ਹੋਏ ਸ਼ਾਹ ਨਵਾਬਾ, ਆਪੇ ਆਪਣਾ ਆਸਣ ਲਾਇੰਦਾ। ਆਪੇ ਜਾਣੇ ਦੋ ਦੋ ਆਬਾ, ਆਪੇ ਤਨ ਵਜਾਏ ਇਕ ਰਬਾਬਾ, ਮੱਕਾ ਕਾਅਬਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਨਿਸ਼ਾਨਾ ਹਰਿ ਭਗਵਾਨਾ, ਏਕਾ ਏਕ ਰਖਾਇੰਦਾ। ਸ਼ਬਦ ਗੁਰ ਹਰਿ ਭਗਵਾਨ, ਏਕਾ ਏਕ ਉਪਾਇਆ। ਜੁਗ ਜੁਗ ਖੇਲੇ ਖੇਲ ਮਹਾਨ, ਲੋਕਮਾਤ ਵੇਸ ਵਟਾਇਆ। ਏਕਾ ਰਾਗ ਸੱਚੀ ਧੁਨਕਾਨ, ਨਾਦ ਬ੍ਰਹਿਮਾਦ ਦਏ ਸੁਣਾਇਆ। ਜੀਵ ਜੰਤ ਨਾ ਸਕੇ ਕੋਈ ਪਛਾਣ, ਨੇਤਰ ਨੈਣ ਦਿਸ ਨਾ ਆਇਆ। ਜਿਸ ਜਨ ਬਖ਼ਸ਼ੇ ਆਪਣਾ ਮਾਣ, ਸੋ ਜਨ ਸਾਚੀ ਬੂਝ ਬੁਝਾਇਆ। ਕਾਇਆ ਮੰਦਰ ਸੁਣਾਏ ਧੁਰ ਫ਼ਰਮਾਣ, ਲੇਖਾ ਲੇਖ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦੀ ਸ਼ਬਦ ਉਪਜਾਇਆ। ਸ਼ਬਦ ਉਪਜਾਏ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਜੁਗਾ ਜੁਗੰਤਰ ਮਾਤ ਧਰ, ਲੱਖ ਚੁਰਾਸੀ ਦਏ ਸਮਝਾਈਆ। ਸਤਿਗੁਰ ਗੁਰ ਆਪੇ ਵਰ, ਪੰਜ ਤਤ ਕਰੇ ਕੁੜਮਾਈਆ। ਭਗਤਨ ਚੁਕਾਏ ਲੱਖ ਚੁਰਾਸੀ ਡਰ, ਦਰ ਏਕਾ ਏਕ ਵਖਾਈਆ। ਸੰਤਨ ਮੇਲਾ ਹਰੀ ਹਰਿ, ਹਰਿ ਮੰਦਰ ਦਏ ਕਰਾਈਆ। ਗੁਰਮੁਖਾਂ ਫੜਾਏ ਆਪਣਾ ਲੜ, ਏਕਾ ਪੱਲੂ ਹੱਥ ਉਠਾਈਆ। ਗੁਰਸਿਖ ਪੌੜੇ ਜਾਏ ਚੜ੍ਹ, ਜਿਸ ਜਨ ਆਪ ਚੜ੍ਹਾਈਆ। ਕਾਇਆ ਮੰਦਰ ਆਪੇ ਵੜ, ਸੁਰਤ ਸਵਾਣੀ ਲਏ ਜਗਾਈਆ। ਜਗਤ ਵਿਕਾਰਾ ਜਾਏ ਝੜ, ਪੰਜ ਤਤ ਰਹੇ ਸ਼ਰਮਾਈਆ। ਦਰਸ ਦਿਖਾਏ ਅੱਗੇ ਖੜ੍ਹ, ਨਿਝ ਘਰ ਬੈਠਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਆਪਣਾ ਨਾਉਂ ਉਪਜਾਈਆ। ਸ਼ਬਦ ਗੁਰੂ ਗੁਰ ਅੰਦਰ ਵੜਿਆ, ਕਾਇਆ ਮੰਦਰ ਆਪ ਸੁਹਾਇਆ। ਸਾਚੇ ਪੌੜੇ ਆਪੇ ਚੜ੍ਹਿਆ, ਆਪਣਾ ਡੰਡਾ ਆਪ ਲਗਾਇਆ। ਆਪਣੇ ਦਵਾਰੇ ਆਪੇ ਖੜਿਆ, ਆਪ ਆਪਣਾ ਮੁਖ ਵਿਖਾਇਆ। ਆਪਣਾ ਘਾੜਨ ਆਪੇ ਘੜਿਆ, ਭੰਨਣਹਾਰ ਨਾ ਕੋਈ ਭੰਨ ਵਖਾਇਆ। ਆਪਣੀ ਜੜਤੀ ਆਪੇ ਜੜਿਆ, ਰਕਤ ਬੂੰਦ ਨਾ ਕੋਇ ਵਖਾਇਆ। ਅਗਨੀ ਹਵਨ ਕਦੇ ਨਾ ਸੜਿਆ, ਨਾ ਮਰੇ ਨਾ ਜਾਇਆ। ਆਪਣੀ ਵਿਦਿਆ ਆਪੇ ਪੜ੍ਹਿਆ, ਬ੍ਰਹਮਾ ਵੇਤਾ ਆਪ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦੀ ਰੂਪ ਵਟਾਇਆ। ਸ਼ਬਦ ਰੂਪ ਹਰਿ ਅਨ ਰੰਗ, ਦਿਸ ਕਿਸੇ ਨਾ ਆਇੰਦਾ। ਨਾਮ ਵਜਾਏ ਇਕ ਮਰਦੰਗ, ਆਪਣੀ ਸੇਵਾ ਆਪ ਕਮਾਇੰਦਾ। ਸਚਖੰਡ ਦੁਆਰਾ ਆਪੇ ਲੰਘ, ਲੋਆਂ ਪੁਰੀਆਂ ਡੇਰਾ ਢਾਹਿੰਦਾ। ਨੌ ਖੰਡ ਪ੍ਰਿਥਮੀ ਕਰੇ ਨੰਗ, ਸੱਤਾਂ ਦੀਪਾਂ ਡੇਰਾ ਢਾਹਿੰਦਾ। ਲੇਖਾ ਜਾਣੇ ਸਰਬ ਵਰਭੰਡ, ਇਸ਼ਟ ਰੂਪ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਨਗਾਰਾ ਏਕੰਕਾਰਾ, ਧੂਆਂਧਾਰ ਆਪ ਵਜਾਇੰਦਾ। ਸ਼ਬਦ ਨਗਾਰਾ ਵੱਜਿਆ, ਵਜਾਵਣਹਾਰ ਨਿਰੰਕਾਰ। ਨੌ ਖੰਡ ਪ੍ਰਿਥਮੀ ਫਿਰੇ ਭੱਜਿਆ, ਏਥੇ ਓਥੇ ਪਾਵੇ ਸਾਰ। ਤ੍ਰੈਗੁਣ ਮਾਇਆ ਪਰਦਾ ਕਿਸੇ ਨਾ ਕੱਜਿਆ, ਪੰਜ ਤਤ ਨਾ ਕੋਈ ਅਕਾਰ। ਜਨ ਭਗਤਾਂ ਰੱਖੇ ਲੱਜਿਆ, ਗੁਰ ਪੀਰ ਬਣ ਅਵਤਾਰ। ਕਲਜੁਗ ਅੰਤਮ ਆਪਣੇ ਮੰਦਰ ਆਪਣੇ ਸਿੰਘਾਸਣ ਆਪੇ ਸਜਿਆ, ਨਿਰਗੁਣ ਰੂਪ ਜੋਤ ਨਿਰਾਕਾਰ। ਏਕਾ ਨਾਮ ਚਲਾਏ ਸਚ ਜਹਾਜਿਆ, ਕਲਜੁਗ ਬੇੜਾ ਦੇਵੇ ਤਾਰ। ਲੇਖਾ ਚੁੱਕੇ ਕਲ ਕੇ ਆਜਿਆ, ਲੱਖ ਚੁਰਾਸੀ ਨਾ ਹੋਏ ਖਵਾਰ। ਮੇਟ ਮਿਟਾਏ ਰਾਜਨ ਰਾਜਿਆ, ਸ਼ਾਹ ਸੁਲਤਾਨਾਂ ਮਾਰੇ ਮਾਰ। ਸੀਸ ਰੱਖੇ ਨਾ ਕੋਈ ਤਾਜਿਆ, ਕਰੇ ਨਾ ਕੋਈ ਸ਼ਿੰਗਾਰ। ਘਰ ਮੰਦਰ ਨਾ ਦਿਸੇ ਨਾਚਿਆ, ਵੇਸਵਾ ਰੂਪ ਕਰੇ ਨਾ ਕੋਈ ਵਿਚਾਰ। ਪ੍ਰਗਟ ਹੋਇਆ ਦੇਸ ਮਾਝਿਆ, ਕਲਗੀ ਤੋੜਾ ਸੀਸ ਦਸਤਾਰ। ਨਾ ਕੋਈ ਵੇਖੇ ਹਾਜੀ ਹਾਜਿਆ, ਉਚੀ ਕੂਕ ਨਾ ਕਰੇ ਪੁਕਾਰ। ਅਠਸਠ ਤੀਰਥ ਕੋਈ ਨਾ ਫਿਰੇ ਭਾਜਿਆ, ਗੰਗਾ ਗੋਦਾਵਰੀ ਜਮਨਾ ਸੁਰਸਤੀ ਗਈ ਹਾਰ। ਏਕਾ ਸ਼ਬਦ ਸੋ ਪੁਰਖ ਨਿਰੰਜਣ ਮਾਰੇ ਵਾਜਿਆ, ਜਗਤ ਬ੍ਰਹਮ ਕਰੇ ਖ਼ਬਰਦਾਰ। ਪ੍ਰਗਟ ਹੋਏ ਗ਼ਰੀਬ ਨਿਵਾਜਿਆ, ਗ਼ਰੀਬ ਨਿਮਾਣੇ ਜਾਏ ਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬੋਲੇ ਸ਼ਬਦ ਜੈਕਾਰ। ਸ਼ਬਦ ਜੈਕਾਰਾ ਸੋਹੰ ਸੋ, ਹਰਿ ਸਚ ਸਚ ਜਣਾਇਆ। ਗੁਰਮੁਖਾਂ ਦੁਰਮਤ ਮੈਲ ਧੋ, ਆਪ ਆਪਣਾ ਮੇਲ ਮਿਲਾਇਆ। ਨਿਝ ਆਤਮ ਰਸ ਏਕਾ ਚੋ, ਬਜ਼ਰ ਕਪਾਟੀ ਖੋਲ੍ਹ ਖੁਲ੍ਹਾਇਆ। ਸ਼ਬਦ ਅਨਾਦੀ ਦੇਵੇ ਢੋਆ ਢੋ, ਅਨਹਦ ਰਿਹਾ ਸੀਸ ਝੁਕਾਇਆ। ਆਪਣੀ ਹੱਥੀਂ ਬੀਜ ਦਿਤਾ ਬੋਅ, ਨਾ ਸਕੇ ਕੋਈ ਜੜ੍ਹ ਉਖੜਾਇਆ। ਪ੍ਰਭ ਪਾਰ ਕਰਾਏ ਤਿੰਨਾਂ ਲੋਅ, ਚੌਦਾਂ ਲੋਕਾਂ ਪੰਧ ਮੁਕਾਇਆ। ਗੁਰਮੁਖ ਸੱਜਣ ਧਰਮ ਰਾਏ ਕੋਲੋਂ ਆਪਣੀ ਹੱਥੀਂ ਲਏ ਖੋਹ, ਲੇਖਾ ਆਪਣੇ ਹੱਥ ਰਖਾਇਆ। ਵੇਲੇ ਅੰਤ ਦੂਸਰ ਨੇੜ ਨਾ ਆਵੇ ਕੋ, ਲਾੜੀ ਮੌਤ ਨਾ ਮੁਖ ਵਖਾਇਆ। ਚਾਰੋਂ ਕੁੰਟ ਸ਼ਬਦ ਸੁਹਾਗਾ ਰਿਹਾ ਜੋਅ, ਸਾਚਾ ਹਾਲੀ ਹਰਿ ਬਣ ਬਣ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਡੋਰੀ ਇਕ ਰਖਾਇਆ। ਸ਼ਬਦ ਡੋਰ ਹੱਥ ਕਰਤਾਰ, ਕਲਜੁਗ ਅੰਤਮ ਆਪ ਉਠਾਈਆ। ਲੱਖ ਚੁਰਾਸੀ ਕਰੇ ਖ਼ਵਾਰ, ਦਹਿ ਦਿਸ਼ਾ ਏਕਾ ਨਰਕ ਫਿਰਾਈਆ। ਗੁਰਮੁਖਾਂ ਕਰੇ ਸਚ ਪਿਆਰ, ਕੁੰਭੀ ਨਰਕ ਕੋਈ ਨਾ ਜਾਈਆ। ਨਿਧੜਕ ਹੋਏ ਕਰੇ ਪੁਕਾਰ, ਘਰ ਮਿਲਿਆ ਸ਼ਹਿਨਸ਼ਾਹੀਆ। ਹੱਥ ਖੜਗ ਫੜ ਆਇਆ ਤੇਜ ਕਟਾਰ, ਅੱਠੇ ਪਹਿਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਰੂਪ ਵਟਾਈਆ। ਸ਼ਬਦ ਕਟਾਰਾ ਹਰਿ ਜੂ ਫੜਿਆ, ਗੁਰਮੁਖਾਂ ਲਾਜ ਰਖਾਇੰਦਾ। ਨਿਰਗੁਣ ਰੂਪ ਹੋ ਲੋਕਮਾਤ ਚੜ੍ਹਿਆ, ਦਿਸ ਕਿਸੇ ਨਾ ਆਇੰਦਾ। ਗੁਰਮੁਖ ਵਿਰਲਾ ਆਪ ਆਪਣਾ ਆਪੇ ਫੜਿਆ, ਲੱਖ ਚੁਰਾਸੀ ਵਿਰੋਲ ਵਖਾਇੰਦਾ । ਏਕਾ ਅੱਖਰ ਗੁਰਮੁਖ ਵਿਰਲਾ ਪੜ੍ਹਿਆ, ਸੋਹੰ ਆਪਣਾ ਨਾਉਂ ਪੜ੍ਹਾਇੰਦਾ। ਹੀਰਾ ਮਾਣਕ ਮੋਤੀ ਆਪਣੇ ਸੀਸ ਤਾਜ ਗੁਰਮੁਖ ਜੜ੍ਹਿਆ, ਸਿਰ ਆਪਣੇ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੂਰਾ ਹਰਿ ਨਿਰੰਕਾਰਾ, ਕਲਜੁਗ ਤੇਰੀ ਅੰਤਮ ਵਾਰਾ, ਆਪ ਆਪਣਾ ਵੇਸ ਵਟਾਇੰਦਾ। ਵੇਸ ਵਟਾਇਆ ਪੁਰਖ ਸੁਲਤਾਨ, ਨਿਰਗੁਣ ਵੱਡਾ ਵਡ ਵਡਿਆਈਆ। ਗੁੁਰਮੁਖਾਂ ਦੇਵਣ ਆਇਆ ਦਾਨ, ਏਕਾ ਵਸਤ ਹੱਥ ਰਖਾਈਆ। ਸ਼ਬਦ ਵਖਾਏ ਸਚ ਨਿਸ਼ਾਨ, ਸਤਿਗੁਰ ਪੂਰਾ ਆਪ ਝੁਲਾਈਆ। ਜਗਤ ਚੁਕਾਏ ਝੂਠੀ ਕਾਣ, ਕਾਇਆ ਆਪਣੇ ਲੇਖੇ ਲਾਈਆ। ਜੋ ਜਨ ਹਰਿ ਹਰਿ ਰਸਨਾ ਗਾਣ, ਗਾਵਣਹਾਰਾ ਆਪ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੱਖਣਹਾਰਾ ਆਪਣੇ ਘਰ, ਘਰ ਮਹੱਲਾ ਉਚ ਅਟੱਲਾ ਨਿਹਚਲ ਅਸਥਿਲ ਥਿਰ ਠਾਂਡਾ ਆਪ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਪੁਰਖ ਨਾ ਦਿਸੇ ਨਾਰ, ਏਕਾ ਰੂਪ ਆਪ ਨਿਰੰਕਾਰ, ਗੁਰਮੁਖਾਂ ਕਰੇ ਸ਼ਬਦ ਪਿਆਰ, ਦੂਜਾ ਰੰਗ ਨਾ ਕੋਇ ਜਣਾਈਆ।