੧੧ ਚੇਤ ੨੦੧੭ ਬਿਕ੍ਰਮੀ ਅਜੀਤ ਸਿੰਘ ਦੇ ਘਰ ਕਾਣਾ ਕੌਂਟਾ ਜ਼ਿਲਾ ਗੁਰਦਾਸ ਪੁਰ
ਹਰਿ ਹਰਿ ਨਾਮ ਸਾਚਾ ਸੁੱਖ, ਜਗਤ ਤ੍ਰਿਸ਼ਨਾ ਰੋਗ ਮਿਟਾਈਆ। ਹਰਿ ਹਰਿ ਨਾਮ ਉਜਲ ਮੁਖ, ਲੋਕਮਾਤ ਦਏ ਵਡਿਆਈਆ। ਹਰਿ ਹਰਿ ਨਾਮ ਸਫਲ ਕਰਾਏ ਕੁੱਖ, ਜਨ ਜਨਨੀ ਲੇਖੇ ਲਾਈਆ। ਹਰਿ ਹਰਿ ਨਾਮ ਗਰਭ ਵਾਸ ਕੱਟੇ ਉਲਟਾ ਰੁਖ, ਲੱਖ ਚੁਰਾਸੀ ਫੰਦ ਕਟਾਈਆ। ਹਰਿ ਹਰਿ ਨਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਵਿਰਲੇ ਝੋਲੀ ਪਾਈਆ। ਹਰਿ ਹਰਿ ਨਾਮ ਸਹਿਜ ਸੁੱਖ ਦਾਤਾ, ਗੁਰ ਸਤਿਗੁਰ ਹੱਟ ਵਿਕਾਇੰਦਾ। ਹਰਿ ਹਰਿ ਨਾਮ ਉਤਮ ਕਰਾਏ ਜ਼ਾਤਾ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਹਰਿ ਹਰਿ ਨਾਮ ਮੇਟੇ ਅੰਧੇਰੀ ਰਾਤਾ, ਘਰ ਘਰ ਸਾਚਾ ਚੰਦ ਚੜ੍ਹਾਇੰਦਾ। ਹਰਿ ਹਰਿ ਨਾਮ ਅੰਤਮ ਪੁੱਛੇ ਵਾਤਾ, ਭੱਯਾ ਬੇਬਾ ਸੰਗ ਨਾ ਕੋਇ ਰਖਾਇੰਦਾ। ਹਰਿ ਹਰਿ ਨਾਮ ਹਰਿ ਦਰਸ ਦਿਖਾਏ ਇਕ ਇਕਾਂਤਾ, ਜੋ ਜਨ ਰਸਨਾ ਜਿਹਵਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਵਿਰਲੇ ਏਕਾ ਨਾਮ ਝੋਲੀ ਪਾਇੰਦਾ। ਨਾਮ ਪਦਾਰਥ ਸਾਚੀ ਵੱਥ, ਸਤਿਗੁਰ ਆਪਣੇ ਹੱਥ ਰਖਾਈਆ। ਗੁਰਮੁਖਾਂ ਦੇਵੇ ਪੁਰਖ ਸਮਰਥ, ਜੁਗ ਜੁਗ ਲੋਕਮਾਤ ਵਰਤਾਈਆ। ਲੱਖ ਚੁਰਾਸੀ ਵਿਚੋਂ ਲਏ ਰੱਖ, ਤੱਤੀ ਵਾ ਨਾ ਲੱਗੇ ਰਾਈਆ। ਲੇਖਾ ਜਾਣੇ ਸੀਆਂ ਸਾਢੇ ਤਿੰਨ ਹੱਥ, ਧਰਤ ਮਾਤ ਨਾ ਗੋਦ ਸੁਹਾਈਆ। ਏਕਾ ਮੰਤਰ ਜਪਾਏ ਪੂਜਾ ਪਾਠ, ਹੰ ਬ੍ਰਹਮ ਮੇਲ ਮਿਲਾਈਆ। ਪੂਰਬ ਪਿਛਲਾ ਪੂਰਾ ਕਰੇ ਘਾਟ, ਸਾਚੇ ਕੰਡੇ ਨਾਮ ਤੁਲਾਈਆ। ਗੁਰਸਿਖ ਵਿਕੇ ਨਾ ਕਿਸੇ ਹਾਟ, ਵੇਦ ਸ਼ਾਸਤਰ ਪੁਰਾਨ ਗ੍ਰੰਥ ਕੀਮਤ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਉਧਾਰੇ ਵਿਚੋਂ ਸੰਖ, ਅਸੰਖ ਸੰਖ ਅਸੰਖਾਂ ਫੋਲ ਫੁਲਾਈਆ।
