Granth 09 Likhat 091: 2 Visakh 2017 Bikarmi Labh Singh de Darwaje agge Pind Saidpur Jila Amritsar

੨ ਵਿਸਾਖ ੨੦੧੭ ਬਿਕ੍ਰਮੀ ਲਾਭ ਸਿੰਘ ਦੇ ਦਰਵਾਜ਼ੇ ਅੱਗੇ ਪਿੰਡ ਸੈਦ ਪੁਰ ਜ਼ਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਅਗੰਮ ਅਪਾਰ, ਆਦਿ ਜੁਗਾਦੀ ਖੇਲ ਅਪਾਰਿਆ। ਹਰਿ ਪੁਰਖ ਨਿਰੰਜਣ ਭੇਵ ਨਿਆਰ, ਰੂਪ ਰੇਖ ਨਾ ਕੋਇ ਜਣਾ ਰਿਹਾ। ਏਕੰਕਾਰਾ ਸਾਚੀ ਧਾਰ, ਸਤਿ ਸਤਿਵਾਦੀ ਆਪ ਵਹਾ ਰਿਹਾ। ਆਦਿ ਨਿਰੰਜਣ ਜੋਤ ਉਜਿਆਰ, ਨੂਰ ਨੁਰਾਨਾ ਡਗਮਗਾ ਰਿਹਾ। ਸ੍ਰੀ ਭਗਵਾਨ ਮੀਤ ਮੁਰਾਰ, ਸਾਚਾ ਸੰਗ ਰਖਾ ਰਿਹਾ। ਅਬਿਨਾਸ਼ੀ ਕਰਤਾ ਦੋ ਜਹਾਨਾ ਪਾਵੇ ਸਾਰ, ਨਿਰਗੁਣ ਆਪਣਾ ਖੇਲ ਖਲਾ ਰਿਹਾ। ਪਾਰਬ੍ਰਹਮ ਪ੍ਰਭ ਆਪੇ ਜਾਣੇ ਆਪਣੀ ਕਾਰ, ਕਰਨੀ ਕਰਤਾ ਨਾਉਂ ਧਰਾ ਰਿਹਾ। ਵਸਣਹਾਰਾ ਸਚਖੰਡ ਦੁਆਰ, ਸਚ ਸਿੰਘਾਸਣ ਆਸਣ ਲਾ ਰਿਹਾ। ਸ਼ਾਹੋ ਭੂਪ ਸੱਚੀ ਸਰਕਾਰ, ਵਡ ਸੁਲਤਾਨ ਭੇਵ ਅਪਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲਾ ਦੀਨ ਦਿਆਲਾ ਨਿਰਾਕਾਰ ਦਿਸ ਨਾ ਆ ਰਿਹਾ। ਸੋ ਪੁਰਖ ਨਿਰੰਜਣ ਗਹਿਰ ਗੰਭੀਰ, ਵਡ ਦਾਤਾ ਬੇਪਰਵਾਹੀਆ। ਹਰਿ ਪੁਰਖ ਨਿਰੰਜਣ ਚੋਟੀ ਚੜ੍ਹੇ ਇਕ ਅਖੀਰ, ਮਹੱਲ ਅਟੱਲ ਆਪ ਸੁਹਾਈਆ। ਏਕੰਕਾਰਾ ਸ਼ਾਹ ਹਕੀਰ, ਏਕਾ ਰੰਗ ਸਮਾਈਆ। ਆਦਿ ਨਿਰੰਜਣ ਆਪ ਆਪਣੀ ਬੰਨ੍ਹੇ ਬੀੜ, ਜੋਤੀ ਜਾਤਾ ਆਪ ਅਖਵਾਈਆ। ਸ੍ਰੀ ਭਗਵਾਨ ਵਡ ਪੀਰਨ ਪੀਰ, ਪੀਤ ਪੀਤੰਬਰ ਸੀਸ ਛੁਹਾਈਆ। ਅਬਿਨਾਸ਼ੀ ਕਰਤਾ ਆਪੇ ਜਾਣੇ ਆਪਣਾ ਅੰਮ੍ਰਿਤ ਸੀਰ, ਆਪਣੇ ਹੱਥ ਰੱਖੇ ਵਡਿਆਈਆ। ਪਾਰਬ੍ਰਹਮ ਜੋਧਾ ਸੂਰ ਵਡ ਦਾਤਾ ਬੀਰਨ ਬੀਰ, ਬਲੀ ਬਲਵਾਨ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਬੈਠਾ ਸੋਭਾ ਪਾਈਆ। ਸਚਖੰਡ ਦੁਆਰਾ ਸਚ ਮਹੱਲਾ, ਹਰਿ ਸਾਚਾ ਸਚ ਸੁਹਾਇੰਦਾ। ਪੁਰਖ ਅਬਿਨਾਸ਼ੀ ਇਕ ਇਕੱਲਾ, ਥਿਰ ਘਰ ਵਾਸੀ ਆਸਣ ਲਾਇੰਦਾ। ਆਪਣੀ ਜੋਤੀ ਦੀਪਕ ਆਪੇ ਬਲਾ, ਦੀਵਾ ਬਾਤੀ ਨਾ ਕੋਇ ਟਿਕਾਇੰਦਾ। ਕਮਲਾਪਾਤੀ ਵਸੇ ਨੇਹਚਲ ਧਾਮ ਅਟੱਲਾ, ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪਣਾ ਨਾਉਂ ਧਰਾਇੰਦਾ। ਸਚ ਸੰਦੇਸ਼ ਹਰਿ ਨਰੇਸ਼ ਸ਼ਬਦ ਅਗੰਮੀ ਏਕਾ ਘੱਲਾ, ਧੁਰ ਫ਼ਰਮਾਣਾ ਆਪ ਜਣਾਇੰਦਾ। ਸਤਿ ਸਤਿਵਾਦ ਬ੍ਰਹਮ ਬ੍ਰਹਿਮਾਦਿ ਆਪ ਫੜਾਏ ਆਪਣਾ ਪੱਲਾ, ਆਪਣੀ ਰਚਨਾ ਆਪ ਰਚਾਇੰਦਾ। ਆਪੇ ਹੋਏ ਅਛਲ ਅਛੱਲਾ, ਵਲ ਛਲ ਧਾਰੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿਨ ਅੰਤਾ ਹਰਿ ਭਗਵੰਤਾ, ਜੁਗ ਜੁਗ ਆਪਣੀ ਵੰਡ ਵੰਡਾਇੰਦਾ। ਸੋ ਪੁਰਖ ਨਿਰੰਜਣ ਵਡ ਮਿਹਰਵਾਨ, ਹਰਿ ਪੁਰਖ ਨਿਰੰਜਣ ਬੇਪਰਵਾਹੀਆ। ਏਕੰਕਾਰਾ ਨੌਂਜਵਾਨ, ਆਦਿ ਨਿਰੰਜਣ ਨਾ ਮਰੇ ਨਾ ਜਾਈਆ। ਸ੍ਰੀ ਭਗਵਾਨ ਦੇਵੇ ਦਾਨ, ਅਬਿਨਾਸ਼ੀ ਕਰਤਾ ਅਤੋਟ, ਅਤੁੱਟ ਆਪ ਵਰਤਾਈਆ। ਪਾਰਬ੍ਰਹਮ ਖੇਲੇ ਖੇਲ ਮਹਾਨ, ਆਪਣੀ ਇਛਿਆ ਭਿਛਿਆ ਝੋਲੀ ਪਾਈਆ। ਸਚਖੰਡ ਦੁਆਰ ਹਰਿ ਨਿਰੰਕਾਰ ਖੇਲ ਅਪਾਰ, ਨਿਰਗੁਣ ਨਿਰਗੁਣ ਦੇਵੇ ਮਾਣ, ਨਿਰਗੁਣ ਆਪਣੀ ਵੰਡ ਵੰਡਾਈਆ। ਨਿਰਗੁਣ ਸ਼ਾਹ ਨਿਰਗੁਣ ਸੁਲਤਾਨ, ਰਾਜ ਰਾਜਾਨ ਆਪ ਅਖਵਾਈਆ। ਨਿਰਗੁਣ ਗੋਪੀ ਨਿਰਗੁਣ ਕਾਹਨ, ਨਿਰਗੁਣ ਸਾਚਾ ਸੰਗ ਨਿਭਾਈਆ। ਨਿਰਗੁਣ ਮੇਲਾ ਦੋ ਜਹਾਨ, ਨਿਰਗੁਣ ਵੇਖੇ ਤਾੜੀ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਉਜਾਲਾ ਹਰਿ ਗੋਪਾਲਾ, ਆਦਿਨ ਅੰਤਾ ਇਕ ਅਖਵਾਈਆ। ਆਦਿਨ ਅੰਤ ਸ੍ਰੀ ਭਗਵੰਤ, ਦੂਸਰ ਅਵਰ ਨਾ ਕੋਇ ਜਣਾਇੰਦਾ। ਆਪੇ ਨਾਰੀ ਆਪੇ ਕੰਤ, ਆਪੇ ਸਾਚੀ ਸੇਜ ਹੰਢਾਇੰਦਾ। ਆਪੇ ਆਪਣੀ ਮਹਿਮਾ ਜਾਣੇ ਅਗਣਤ, ਲੇਖਾ ਲੇਖ ਨਾ ਕੋਇ ਵਖਾਇੰਦਾ। ਆਪੇ ਆਪਣਾ ਰੰਗ ਰੰਗੇ ਇਕ ਬਸੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਿਵਾਸਾ ਖੇਲ ਤਮਾਸ਼ਾ ਪੁਰਖ ਅਬਿਨਾਸ਼ਾ ਆਪਣਾ ਆਪ ਕਰਾਇੰਦਾ। ਸਚਖੰਡ ਅਟਾਰੀ ਜੋਤ ਨਿਰੰਕਾਰੀ, ਨਿਰਗੁਣ ਆਪਣੀ ਆਪ ਜਗਾਈਆ। ਜੁਗਾ ਜੁਗੰਤਰ ਹੋ ਉਜਿਆਰੀ, ਥਿਰ ਘਰ ਸਾਚੇ ਸੋਭਾ ਪਾਈਆ। ਵੱਜੇ ਸ਼ਬਦ ਨਾਦ ਧੁਨ ਸੱਚੀ ਧੁਨਕਾਰੀ, ਧੁਨੀ ਧੁਨ ਨਾਦ ਉਪਜਾਈਆ। ਆਪੇ ਸੁਣੇ ਸੁਣਾਏ ਸੁਣਨੇਹਾਰੀ, ਆਪਣਾ ਢੋਲਾ ਆਪੇ ਗਾਈਆ। ਆਪੇ ਵਣਜ ਆਪ ਵਪਾਰੀ, ਆਪੇ ਸਾਚਾ ਹੱਟ ਖੁਲ੍ਹਾਈਆ। ਆਪੇ ਭਿੱਖਕ ਮੰਗੇ ਬਣ ਭਿਖਾਰੀ, ਆਪੇ ਦਾਤਾ ਦਾਨੀ ਨਾਉਂ ਧਰਾਈਆ। ਆਪੇ ਪਾਰਬ੍ਰਹਮ ਅਬਿਨਾਸ਼ੀ ਕਰਤਾ ਨਿਰਗੁਣ ਖੇਲੇ ਖੇਲ ਅਗੰਮ ਅਪਾਰੀ, ਅਲੱਖ ਅਗੋਚਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮੰਦਰ ਸੋਹੇ ਸੋਭਾਵੰਤ, ਖੇਲੇ ਖੇਲ ਸ੍ਰੀ ਭਗਵੰਤ, ਹਰਿ ਹਰਿ ਆਪਣਾ ਖੇਲ ਖਿਲਾਈਆ। ਹਰਿ ਖੇਲ ਅਵੱਲੜਾ, ਇਕ ਇਕੱਲੜਾ, ਸਾਚੇ ਧਾਮ ਖਲਾਇੰਦਾ। ਸਚਖੰਡ ਨਿਵਾਸੀ ਸਚ ਤਖ਼ਤ ਸੁਲਤਾਨ ਆਪੇ ਮਲੜਾ, ਮਿਹਰਵਾਨ ਆਪ ਆਸਣ ਲਾਇੰਦਾ। ਸਚ ਸੰਦੇਸ਼ ਨਰ ਨਰੇਸ਼ ਏਕੰਕਾਰਾ ਓਅੰਕਾਰਾ ਆਪੇ ਘਲੜਾ, ਨਿਰਾਕਾਰ ਹੁਕਮ ਸੁਣਾਇੰਦਾ। ਆਪਣੇ ਦਰ ਦੁਆਰ ਆਪੇ ਖਲੜਾ, ਦਰ ਦਰਵੇਸ਼ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਏਕੰਕਾਰਾ ਆਪਣਾ ਆਪ ਸੁਹਾਇੰਦਾ। ਸਚਖੰਡ ਦੁਆਰਾ ਥਿਰ ਘਰ ਵਾਸ, ਪੁਰਖ ਅਬਿਨਾਸ਼ੀ ਸੋਭਾ ਪਾਈਆ। ਨਰ ਨਰਾਇਣ ਖੇਲ ਤਮਾਸ਼, ਆਪ ਆਪਣਾ ਵੇਖ ਵਖਾਈਆ। ਆਪਣੇ ਮੰਦਰ ਪਾਵੇ ਰਾਸ, ਆਪਣਾ ਮੰਡਲ ਆਪ ਸੁਹਾਈਆ। ਆਪਣੇ ਅੱਗੇ ਆਪੇ ਹੋਏ ਦਾਸ, ਆਪੇ ਨਿਉਂ ਨਿਉਂ ਸੀਸ ਝੁਕਾਈਆ। ਆਦਿ ਅੰਤ ਨਾ ਜਾਏ ਵਿਨਾਸ, ਥਿਰ ਘਰ ਵਾਸੀ ਬੇਪਰਵਾਹੀਆ। ਨਾ ਕੋਈ ਪ੍ਰਿਥਮੀ ਨਾ ਆਕਾਸ਼, ਧਰਤ ਧਵਲ ਨਾ ਕੋਇ ਵਡਿਆਈਆ। ਰਵ ਸਸ ਨਾ ਕੋਇ ਪਰਕਾਸ਼, ਤ੍ਰੈਗੁਣ ਮਾਇਆ ਨਾ ਤਤ ਵਖਾਈਆ। ਪੰਚਮ ਪੰਚ ਨਾ ਕੋਇ ਧਰਵਾਸ, ਰਕਤ ਬੂੰਦ ਨਾ ਕੋਈ ਵਖਾਈਆ। ਨਾ ਕੋਈ ਪਵਣ ਨਾ ਕੋਈ ਸਵਾਸ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਨਿਰਗੁਣ ਨੂਰ ਨੂਰ ਪਰਕਾਸ਼, ਸਚਖੰਡ ਦੁਆਰੇ ਸੋਭਾ ਪਾਈਆ। ਮਾਤ ਗਰਭ ਨਾ ਵਸੇ ਦਸ ਦਸ ਮਾਸ, ਪਿਤਾ ਪੂਤ ਨਾ ਨਾਉਂ ਧਰਾਈਆ। ਜੰਗਲ ਜੂਹ ਉਜਾੜ ਪਹਾੜ ਨਾ ਦਿਸੇ ਕੋਈ ਪ੍ਰਭਾਸ, ਸਮੁੰਦ ਸਾਗਰ ਨਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਇਕ ਸੁਹਾਈਆ। ਦਰ ਘਰ ਸਾਚਾ ਹਰਿ ਸੁਹੰਜਣਾ, ਨਿਰਗੁਣ ਜੋਤ ਦੀਪ ਪਰਕਾਸ਼ਿਆ। ਪੁਰਖ ਅਬਿਨਾਸ਼ੀ ਦਰਦ ਦੁੱਖ ਭੈ ਭੰਜਨਾ, ਆਦਿ ਜੁਗਾਦਿ ਨਾ ਕਦੇ ਵਿਨਾਸਿਆ। ਸਖਾ ਸੁਹੇਲਾ ਸਾਚਾ ਸੱਜਣਾ, ਆਪ ਆਪਣੀ ਪੂਰੀ ਕਰੇ ਆਸਿਆ। ਆਪੇ ਜਾਣੇ ਆਪਣਾ ਮਜਣਾ, ਅੰਮ੍ਰਿਤ ਧਾਰਾ ਆਪ ਚਲਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਹਰਿ ਜੀ ਵਸੇ ਏਕੰਕਾਰਾ ਏਕਾ ਰੰਗ ਸਮਾਇੰਦਾ। ਏਕਾ ਰੰਗ ਰੰਗ ਅਪਾਰ, ਰੰਗ ਰੱਤੜਾ ਆਪ ਅਖਵਾਈਆ। ਸੋ ਪੁਰਖ ਨਿਰੰਜਣ ਹੋ ਉਜਿਆਰ, ਹਰਿ ਪੁਰਖ ਨਿਰੰਜਣ ਵੇਸ ਵਟਾਈਆ। ਏਕੰਕਾਰਾ ਦਏ ਹੁਲਾਰ, ਆਦਿ ਨਿਰੰਜਣ ਆਪ ਜਗਾਈਆ। ਸ੍ਰੀ ਭਗਵਾਨ ਸਾਚੀ ਕਾਰ, ਅਬਿਨਾਸ਼ੀ ਕਰਤਾ ਕਰੇ ਕਿਰਤ ਕਮਾਈਆ। ਪਾਰਬ੍ਰਹਮ ਪ੍ਰਭ ਹੋ ਤਿਆਰ, ਜਨ ਜਨਣੀ ਆਪ ਅਖਵਾਈਆ। ਸੁੱਤ ਦੁਲਾਰਾ ਕਰ ਤਿਆਰ, ਹਰਿ ਸ਼ਬਦੀ ਨਾਉਂ ਧਰਾਈਆ । ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਮਹੱਲ ਉਸਾਰ, ਚੌਦਾਂ ਲੋਕਾਂ ਵੰਡ ਵੰਡਾਈਆ। ਆਪਣੀ ਇਛਿਆ ਆਪੇ ਧਾਰ, ਵਿਸ਼ਵ ਆਪਣਾ ਰੂਪ ਵਟਾਈਆ। ਆਪੇ ਕਵਲ ਕਵਲਾ ਖਿੜੇ ਗੁਲਜ਼ਾਰ, ਆਪੇ ਨਾਭੀ ਅੰਮ੍ਰਿਤ ਸਚ ਭਰਾਈਆ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਰ ਆਪ ਅਖਵਾਈਆ। ਆਪੇ ਬ੍ਰਹਮ ਕਰ ਪਸਾਰ, ਪਾਰਬ੍ਰਹਮ ਆਪਣੀ ਵੰਡ ਵੰਡਾਈਆ। ਆਪੇ ਸ਼ੰਕਰ ਬਣਿਆ ਮੀਤ ਮੁਰਾਰ, ਹੱਥ ਤ੍ਰਸੂਲ ਉਠਾਈਆ। ਆਪੇ ਤ੍ਰੈਗੁਣ ਮਾਇਆ ਭਰ ਭੰਡਾਰ, ਸਤੋ ਰਜੋ ਤਮੋ ਆਪਣੇ ਰੰਗ ਰੰਗਾਈਆ। ਆਪੇ ਪੰਜ ਤਤ ਖੇਲੇ ਖੇਲ ਸੰਸਾਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬਣਤ ਬਣਾਈਆ। ਲੱਖ ਚੁਰਾਸੀ ਕਰ ਤਿਆਰ, ਮਾਨਸ ਮਾਨੁਖ ਦਏ ਵਡਿਆਈਆ। ਨੌ ਦੁਆਰੇ ਖੋਲ੍ਹ ਕਿਵਾੜ, ਜਗਤ ਵਾਸਨਾ ਵਿਚ ਟਿਕਾਈਆ। ਘਰ ਵਿਚ ਘਰ ਕਰ ਤਿਆਰ, ਘਰ ਬੈਠਾ ਆਸਣ ਲਾਈਆ। ਘਰ ਮੰਦਰ ਦਿਸੇ ਧੂਆਂਧਾਰ, ਘਰ ਸਾਚਾ ਚੰਦ ਚੜ੍ਹਾਈਆ। ਘਰ ਪੰਜ ਸ਼ਬਦ ਸੱਚੀ ਧੁਨਕਾਰ, ਘਰ ਸੁੰਨ ਸਮਾਧ ਵਖਾਈਆ। ਘਰ ਬਹਿ ਬਹਿ ਮਾਰੇ ਮਾਰ, ਕਾਮ ਕਰੋਧ ਲੋਭ ਮੋਹ ਹੰਕਾਰ ਹੋਏ ਹਲਕਾਈਆ। ਘਰ ਨਾਮ ਵਜਾਏ ਸਚ ਸਿਤਾਰ, ਤਾਰ ਸਿਤਾਰ ਨਾ ਕੋਇ ਹਿਲਾਈਆ । ਘਰ ਅੰਮ੍ਰਿਤ ਭਰਿਆ ਠੰਡਾ ਠਾਰ, ਨਾਭੀ ਕਵਲੀ ਮੁਖ ਭੁਆਈਆ। ਘਰ ਅਨਹਦ ਸ਼ਬਦ ਵਜਾਏ ਸੱਚੀ ਸਰਕਾਰ, ਤਾਲ ਤਲਵਾੜਾ ਨਾ ਕੋਇ ਵਖਾਈਆ। ਘਰ ਮਾਨ ਸਰੋਵਰ ਲਏ ਉਛਾਲ, ਸਾਚੀ ਵਸਤੂ ਆਪ ਰਖਾਈਆ। ਘਰ ਬਜ਼ਰ ਕਪਾਟੀ ਲਾਏ ਪਾੜ, ਦੂਈ ਦਵੈਤੀ ਪਰਦਾ ਦਏ ਮਿਟਾਈਆ। ਘਰ ਆਤਮ ਸੇਜਾ ਕਰ ਤਿਆਰ, ਨਿਜ ਬੈਠਾ ਡੇਰਾ ਲਾਈਆ। ਘਰ ਸਖੀਆਂ ਮੰਗਲਚਾਰ, ਘਰ ਗੀਤ ਗੋਬਿੰਦ ਅਲਾਈਆ। ਘਰ ਵੇਸ ਕਰੇ ਕੁੜਿਆਰ, ਮਨ ਮਤ ਖੇਲ ਖਿਲਾਈਆ। ਘਰ ਬੁੱਧ ਬਬੇਕੀ ਕਰੇ ਪਿਆਰ, ਘਰ ਸਗਲਾ ਸੰਗ ਰਖਾਈਆ। ਘਰ ਸਤਿਗੁਰ ਬੈਠਾ ਮੀਤ ਮੁਰਾਰ, ਡੂੰਘੀ ਕੰਦਰ ਮੁਖ ਛੁਪਾਈਆ। ਘਰ ਸੋਹੇ ਬੰਕ ਦੁਆਰ, ਘਰ ਵਜਦੀ ਰਹੇ ਵਧਾਈਆ। ਘਰ ਮੇਲਾ ਕੰਤ ਭਤਾਰ, ਨਾਰੀ ਸੁਰਤੀ ਲਏ ਪਰਨਾਈਆ। ਘਰ ਏਕਾ ਸੇਜਾ ਸੁੱਤੇ ਪੈਰ ਪਸਾਰ, ਨਾ ਕਰਵਟ ਲਏ ਬਦਲਾਈਆ। ਘਰ ਪਾਇਆ ਮੀਤ ਮੁਰਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵੇਖ ਵਖਾਈਆ। ਲੱਖ ਚੁਰਾਸੀ ਆਤਮ ਜ਼ਾਤ, ਹਰਿ ਸਾਚੇ ਸਚ ਉਪਾਈਆ। ਨਿਰਗੁਣ ਬਖ਼ਸ਼ੇ ਆਪਣੀ ਦਾਤ, ਜੀਵ ਆਤਮ ਪਰਮ ਆਤਮ ਮੇਲ ਮਿਲਾਈਆ। ਈਸ਼ ਜੀਵ ਵੇਖੇ ਮਾਰ ਝਾਤ, ਬੰਦ ਤਾਕ ਆਪ ਖੁਲ੍ਹਾਈਆ। ਆਪੇ ਹੋਏ ਪਤਿਤ ਪਾਕ, ਪਵਿਤ ਆਪਣਾ ਨਾਉਂ ਧਰਾਈਆ। ਆਪੇ ਸਾਕ ਸੈਣ ਸੱਜਣ ਸਾਕ, ਮਾਤ ਪਿਤ ਭਾਈ ਭੈਣ ਆਪ ਹੋ ਜਾਈਆ। ਆਪੇ ਅੰਤਮ ਪਤ ਲਏ ਰਾਖ, ਵੇਲੇ ਅੰਤ ਹੋਏ ਸਹਾਈਆ। ਆਪੇ ਪੁਛਣਹਾਰਾ ਵਾਤ, ਕਮਲਾਪਤ ਆਪ ਅਖਵਾਈਆ। ਆਪੇ ਲਹਿਣਾ ਦੇਣ ਚੁਕਾਏ ਬਾਕ, ਰਾਏ ਧਰਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਈਆ। ਲੱਖ ਚੁਰਾਸੀ ਭਾਂਡਾ ਘੜਿਆ, ਬ੍ਰਹਮਾ ਵਿਸ਼ਨ ਸ਼ਿਵ ਸੇਵ ਕਮਾਈਆ। ਨਿਰਗੁਣ ਸਰਗੁਣ ਅੰਦਰ ਵੜਿਆ, ਦਿਸ ਕਿਸੇ ਨਾ ਆਈਆ। ਆਪਣੇ ਮੰਦਰ ਆਪੇ ਚੜ੍ਹਿਆ, ਹਰਿ ਬੈਠਾ ਡੇਰਾ ਲਾਈਆ। ਆਉਂਦਾ ਜਾਂਦਾ ਕਿਸੇ ਨਾ ਫੜਿਆ, ਨੇਤਰ ਲੋਚਣ ਨੈਣ ਨਾ ਕੋਇ ਵਖਾਈਆ। ਆਪਣੀ ਵਿਦਿਆ ਆਪੇ ਪੜ੍ਹਿਆ, ਨਿਸ਼ਅੱਖਰ ਕਰੇ ਪੜ੍ਹਾਈਆ। ਅਗਨੀ ਹਵਨ ਕਦੇ ਨਾ ਸੜਿਆ, ਮੜੀ ਗੌਰ ਨਾ ਕੋਇ ਦਬਾਈਆ। ਫੜ ਕਟਾਰ ਕਦੇ ਨਾ ਲੜਿਆ, ਹੁਕਮੀ ਹੁਕਮ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦੁਆਰ ਖੇਲ ਅਪਾਰ, ਹਰਿ ਗਿਰਧਾਰ ਆਪ ਕਰਾਈਆ। ਹਰਿ ਗਿਰਧਾਰ ਸਚ ਨਿਸ਼ਾਨੀ, ਥਿਰ ਘਰ ਸਾਚੇ ਆਪ ਵਖਾਇੰਦਾ। ਆਦਿ ਸ਼ਕਤ ਜੋਤ ਭਵਾਨੀ, ਜਾਗਰਤ ਜੋਤ ਇਕ ਜਗਾਇੰਦਾ। ਚਤੁਰਭੁਜ ਖੇਲ ਮਹਾਨੀ, ਮੂਰਤ ਅਕਾਲ ਰੂਪ ਵਟਾਇੰਦਾ। ਜੂਨੀ ਰਹਿਤ ਵੱਡਾ ਦਾਨੀ, ਨਿਰਭੈ ਆਪਣਾ ਭੌ ਜਣਾਇੰਦਾ। ਸ਼ਬਦ ਅਗੰਮੀ ਗਾਏ ਤਰਾਨੀ, ਆਪਣਾ ਸੋਹਲਾ ਆਪ ਅਲਾਇੰਦਾ। ਆਪੇ ਜਾਣੇ ਆਪਣੀ ਬਾਣੀ, ਬ੍ਰਹਮੇ ਭਿਛਿਆ ਏਕਾ ਝੋਲੀ ਪਾਇੰਦਾ। ਚਾਰ ਵੇਦ ਲੋਕਮਾਤ ਨਿਸ਼ਾਨੀ, ਲੱਖ ਚੁਰਾਸੀ ਜੀਵ ਜੰਤ ਆਪ ਸਮਝਾਇੰਦਾ। ਆਪੇ ਵੇਖੇ ਚਾਰੇ ਖਾਣੀ, ਅੰਡਜ ਜੇਰਜ ਸੇਤਜ ਉਤਭੁਜ ਘਟ ਘਟ ਫੋਲ ਫੁਲਾਇੰਦਾ। ਆਪੇ ਰਾਜਾ ਆਪੇ ਰਾਣੀ, ਤਖ਼ਤ ਤਾਜ ਆਪ ਸੁਹਾਇੰਦਾ। ਆਪੇ ਹੋਇਆ ਜਾਣ ਜਾਣੀ, ਆਪ ਆਪਣਾ ਵੇਸ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਪਰਕਾਸ਼ ਪੁਰਖ ਅਬਿਨਾਸ਼, ਇਕ ਇਕੱਲਾ ਆਪ ਕਰਾਇੰਦਾ। ਇਕ ਇਕੱਲਾ ਅਗੰਮ ਅਥਾਹ, ਅਕਲ ਕਲਾ ਅਖਵਾਈਆ। ਲੱਖ ਚੁਰਾਸੀ ਬਣ ਮਲਾਹ, ਲੋਕਮਾਤ ਵੇਸ ਵਟਾਈਆ। ਨਿਰਗੁਣ ਸਰਗੁਣ ਨਾਉਂ ਧਰਾ, ਪੰਜ ਤਤ ਕਰੇ ਕੁੜਮਾਈਆ। ਸ਼ਬਦ ਅਗੰਮੀ ਵਿਚ ਟਿਕਾ, ਰਾਗ ਨਾਦ ਆਪ ਅਲਾਈਆ। ਦੀਪਕ ਜੋਤੀ ਇਕ ਜਗਾ, ਘਰ ਘਰ ਵਿਚ ਕਰੇ ਰੁਸ਼ਨਾਈਆ। ਆਪਣਾ ਆਪ ਦਏ ਜਣਾ, ਬ੍ਰਹਮ ਬ੍ਰਹਮ ਬ੍ਰਹਮ ਦਏ ਵਖਾਈਆ। ਰਵ ਸਸ ਰਹੇ ਸ਼ਰਮਾ, ਜਿਸ ਜਨ ਮਿਲਿਆ ਸੱਚਾ ਮਾਹੀਆ। ਲੋਕਮਾਤ ਫੇਰੀ ਪਾ, ਹਰਿ ਭਗਤ ਲਏ ਉਠਾਈਆ। ਹਰਿ ਸੰਤਾਂ ਦੇਵੇ ਸਿਫ਼ਤ ਸਾਲਾਹ, ਨਾਮ ਨਿਧਾਨਾ ਝੋਲੀ ਪਾਈਆ। ਦੋ ਜਹਾਨਾਂ ਬਣ ਮਲਾਹ, ਸਾਚਾ ਬੇੜਾ ਆਪ ਚਲਾਈਆ। ਖੇਵਟ ਖੇਟਾ ਨਾਮ ਧਰਾ, ਸ੍ਰਿਸ਼ਟ ਸਬਾਈ ਵੇਖ ਵਖਾਈਆ। ਨੌ ਖੰਡ ਪ੍ਰਿਥਮੀ ਫੇਰਾ ਪਾ, ਸੱਤਾਂ ਦੀਪਾਂ ਲਏ ਅੰਗੜਾਈਆ । ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖ ਵਖਾ, ਬ੍ਰਹਮਾ ਵਿਸ਼ਨ ਸ਼ਿਵ ਲਏ ਸਮਝਾਈਆ। ਜੁਗ ਜੁਗ ਲੇਖਾ ਦਏ ਮੁਕਾ, ਥਿਰ ਕੋਇ ਰਹਿਣ ਨਾ ਪਾਈਆ। ਸੋ ਪੁਰਖ ਨਿਰੰਜਣ ਖੇਲ ਖਲਾ, ਹੰ ਬ੍ਰਹਮ ਵਿਚ ਸਮਾਈਆ। ਸੋਇਮ ਰੂਪ ਆਪਣਾ ਆਪ ਕਰਾ, ਓਅੰਗ ਆਪਣਾ ਨਾਉਂ ਉਪਜਾਈਆ। ਦੇਵੀ ਦੇਵਾ ਭੇਵ ਨਾ ਪਾਏ ਕੋਈ ਰਾ, ਅਲੱਖ ਅਭੇਵ ਵੱਡੀ ਵਡਿਆਈਆ। ਵਾਸਤਕ ਰੂਪ ਵਿਸ਼ਵ ਆਪਣਾ ਨਾਮ ਧਰਾ, ਨਮੋ ਦੇਵ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਨਿਰਾਕਾਰ ਤਖ਼ਤ ਨਿਵਾਸੀ ਬੇਐਬ ਪਰਵਰਦਿਗਾਰ, ਖ਼ਾਲਕ ਖ਼ਲਕ ਵੇਖ ਵਖਾਈਆ। ਬੇਐਬ ਪਰਵਰਦਿਗਾਰ ਹਰਿ ਨਿਰੰਕਾਰ, ਜੁਗ ਜੁਗ ਆਪਣੀ ਖੇਲ ਖਿਲਾਇੰਦਾ। ਭਗਤਾਂ ਦੇਵੇ ਭਗਤੀ ਧਾਰ, ਆਤਮ ਸ਼ਕਤੀ ਇਕ ਧਰਾਇੰਦਾ। ਬੂੰਦ ਰਕਤੀ ਕਰ ਪਿਆਰ, ਜਗਤ ਵਿਅਕਤੀ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਵਿਚ ਸੰਸਾਰ, ਸਾਲਸ ਆਪਣਾ ਨਾਉਂ ਧਰਾਇੰਦਾ। ਸੱਚਾ ਸਾਲਸ ਹਰਿ ਭਗਵੰਤ, ਲੋਕਮਾਤ ਵੇਸ ਵਟਾਇੰਦਾ। ਆਪ ਉਠਾਏ ਸਾਚੇ ਸੰਤ, ਸਤਿ ਧਰਮ ਇਕ ਦ੍ਰਿੜਾਇੰਦਾ। ਆਪ ਜਣਾਏ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਆਪ ਰਖਾਏ ਨਿਰਗੁਣ ਤਤ, ਤਤਵ ਤਤ ਨਾ ਕੋਇ ਜਣਾਇੰਦਾ। ਆਪੇ ਜਾਣੇ ਮਿਤ ਗਤ, ਗਤ ਮਿਤ ਆਪਣੇ ਹੱਥ ਰਖਾਇੰਦਾ। ਆਪੇ ਬੀਜ ਬੀਜੇ ਸਾਚੇ ਵਤ, ਫਲ ਫੁਲਵਾੜੀ ਆਪ ਮਹਿਕਾਇੰਦਾ। ਆਪੇ ਸੰਤਨ ਜੋੜੇ ਚਰਨ ਕਵਲ ਨੱਤ, ਜਗਤ ਨਾਤਾ ਤੋੜ ਤੁੜਾਇੰਦਾ। ਚਾਰ ਵਰਨ ਵਖਾਏ ਏਕਾ ਜ਼ਾਤ ਪਾਤ, ਸ਼ੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਲੋਕਮਾਤ ਬੁਝਾਏ ਲੱਗੀ ਬਸੰਤਰ, ਸਰਬ ਜੀਆਂ ਬਿਧ ਜਾਣੇ ਅੰਤਰ, ਸਾਚੇ ਸੰਤਨ ਮੇਲ ਮਿਲਾਇੰਦਾ। ਸੰਤਨ ਮੇਲਾ ਹਰਿ ਭਗਵਾਨ, ਗੁਰਮੁਖ ਵੱਡਾ ਵਡ ਵਡਿਆਈਆ। ਸ਼ਬਦ ਜਣਾਈ ਧੁਰ ਫ਼ਰਮਾਣ, ਕਾਗਦ ਕਲਮ ਨਾ ਲਿਖੇ ਛਾਹੀਆ। ਹਰਿਜਨ ਪਾਏ ਪਦ ਨਿਰਬਾਨ, ਪਰਮ ਪੁਰਖ ਮੇਲ ਮਿਲਾਈਆ। ਜੋ ਜਨ ਰਸਨਾ ਜਿਹਵਾ ਹਰਿ ਹਰਿ ਗਾਣ, ਘਰ ਸਾਚੇ ਵੱਜੇ ਵਧਾਈਆ। ਅੰਮ੍ਰਿਤ ਆਤਮ ਬਖ਼ਸ਼ੇ ਪੀਣ ਖਾਣ, ਤ੍ਰਿਸ਼ਨਾ ਭੁੱਖ ਦਏ ਮਿਟਾਈਆ । ਏਕਾ ਰਾਗ ਸੁਣਾਏ ਕਾਨ, ਅਨੁਭਵ ਪ੍ਰਕਾਸ਼ ਕਰਾਈਆ। ਏਕਾ ਦੇਵੇ ਬ੍ਰਹਮ ਗਿਆਨ, ਜਗਤ ਗਿਆਨ ਨਾ ਕੋਇ ਵਖਾਈਆ। ਸਚ ਵਖਾਏ ਸੱਤ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਝੁਲਾਈਆ। ਜਨ ਭਗਤਾਂ ਉਪਰ ਹੋਏ ਆਪ ਮਿਹਰਵਾਨ, ਸਿਰ ਆਪਣਾ ਹੱਥ ਟਿਕਾਈਆ। ਆਪ ਕਰਾਏ ਆਪਣੀ ਪਛਾਣ, ਸਵਛ ਸਰੂਪੀ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲੇਖਾ ਵੇਖ ਵਖਾਈਆ। ਜੁਗ ਜੁਗ ਲੇਖਾ ਹੱਥ ਕਰਤਾਰ, ਚਾਰ ਜੁਗ ਚੌਕੜੀ ਆਪ ਭੁਆਇੰਦਾ। ਆਪੇ ਬ੍ਰਹਮਾ ਮਨਵੰਤਰ ਪਾਏ ਸਾਰ, ਜੁਗਾ ਜੁਗੰਤਰ ਖੇਲ ਖਿਲਾਇੰਦਾ। ਆਪੇ ਸ਼ਾਸਤਰ ਸਿਮਰਤ ਵੇਦ ਰਿਹਾ ਵਿਚਾਰ, ਖਾਣੀ ਬਾਣੀ ਫੋਲ ਫੁਲਾਇੰਦਾ। ਆਪੇ ਅੰਜੀਲ ਕੁਰਾਨਾ ਪਾਵੇ ਸਾਰ, ਸ਼ਾਹ ਸੁਲਤਾਨਾ ਨਾਉਂ ਧਰਾਇੰਦਾ। ਸ਼ਬਦ ਤਰਾਨਾ ਅਪਰ ਅਪਾਰ, ਗੁਰਮੁਖ ਵਿਰਲੇ ਆਪ ਸੁਣਾਇੰਦਾ। ਕਾਇਆ ਮੰਦਰ ਅੰਦਰ ਖੇਲ ਅਪਾਰ, ਡੂੰਘੀ ਕੰਦਰ ਆਪੇ ਗਾਇੰਦਾ। ਬਜ਼ਰ ਕਪਾਟੀ ਤੋੜੇ ਜੰਦਰ, ਆਪਣਾ ਮੁਖ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭਗੌਤੀ ਭਗਵਤ ਧਾਰ, ਆਪਣੀ ਆਪ ਵਖਾਇੰਦਾ। ਸਾਚੀ ਧਾਰ ਧੁਰਦਰਗਾਹ, ਹਰਿ ਸਾਚਾ ਸਚ ਜਣਾਇੰਦਾ। ਰਥ ਰਥਵਾਹੀ ਇਕ ਮਲਾਹ, ਲੱਖ ਚੁਰਾਸੀ ਬੇੜਾ ਆਪ ਚਲਾਇੰਦਾ। ਜਨ ਭਗਤਾਂ ਦੇਵੇ ਸਚ ਸਲਾਹ, ਏਕਾ ਨਾਮ ਜਪਾਇੰਦਾ। ਰਾਮ ਰਾਮਾ ਦਏ ਮਿਲਾ, ਰਾਮ ਰੂਪ ਆਪ ਅਖਵਾਇੰਦਾ। ਪੂਰਨ ਕਾਮ ਦਏ ਕਰਾ, ਨਿਹਕਰਮੀ ਕਰਮ ਕਮਾਇੰਦਾ। ਕਾਇਆ ਨਗਰ ਖੇੜਾ ਦਏ ਵਸਾ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਝੂਠਾ ਝੇੜਾ ਦਏ ਮੁਕਾ, ਭਾਂਡਾ ਭਰਮ ਭਓ ਭੰਨਾਇੰਦਾ। ਪੰਜ ਤਤ ਸੱਥਰ ਦਏ ਵਿਛਾ, ਆਸਾ ਤ੍ਰਿਸ਼ਨਾ ਮੇਟ ਮਿਟਾਇੰਦਾ। ਏਕਾ ਅੱਖਰ ਦਏ ਪੜ੍ਹਾ, ਲਿਖਣ ਪੜ੍ਹਣ ਵਿਚ ਨਾ ਆਇੰਦਾ। ਗੁਰ ਪੀਰ ਅਵਤਾਰ ਸਾਧ ਸੰਤ ਰਹੇ ਗਾ, ਤੁਰੀਆ ਨਾਦ ਇਕ ਵਜਾਇੰਦਾ। ਗੁਰਮੁਖਾਂ ਜਾਗ ਦਏ ਖੁਲ੍ਹਾ, ਤੀਜਾ ਨੇਤਰ ਆਪ ਖੁਲ੍ਹਾਇੰਦਾ। ਚੌਥੇ ਪਦ ਦਏ ਮਿਲਾ, ਘਰ ਸਾਚੇ ਸੋਭਾ ਪਾਇੰਦਾ। ਪੰਚਮ ਮੇਲਾ ਸਹਿਜ ਸੁਭਾ, ਪੁਰਖ ਅਬਿਨਾਸ਼ੀ ਆਪ ਕਰਾਇੰਦਾ। ਛੇਵੇਂ ਛੱਪਰ ਛੰਨ ਨਾ ਰੱਖੇ ਕੋਈ ਛਾਂ, ਸਿਰ ਆਪਣਾ ਹੱਥ ਧਰਾਇੰਦਾ। ਸਤਵੇਂ ਸਤਿ ਪੁਰਖ ਨਿਰੰਜਣ ਜੋਤੀ ਜੋਤ ਲਏ ਮਿਲਾ, ਜੋਤੀ ਜੋਤ ਵਿਚ ਟਿਕਾਇੰਦਾ। ਅੱਠਵੇਂ ਅੱਠਾਂ ਤੱਤਾਂ ਦਏ ਖਪਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁੱਧ ਨਜ਼ਰ ਨਾ ਆਇੰਦਾ। ਨਾਵੇਂ ਨੌ ਦੁਆਰੇ ਖੋਜ ਖੁਜਾ, ਕਾਇਆ ਗੜ੍ਹ ਫੋਲ ਫੁਲਾਇੰਦਾ। ਦਸਮ ਦੁਆਰੀ ਜੋਤ ਜਗਾ, ਗੁਰਮੁਖ ਸਾਚੇ ਰਾਹ ਵਖਾਇੰਦਾ। ਸੁਖਮਨ ਨਾੜੀ ਪਾਰ ਕਰਾ, ਟੇਢੀ ਬੰਕ ਪੰਧ ਮੁਕਾਇੰਦਾ। ਈੜਾ ਪਿੰਗਲ ਲੇਖਾ ਦਏ ਜਣਾ, ਲੇਖਾ ਲੇਖ ਨਾ ਕੋਇ ਵਿਖਾਇੰਦਾ। ਸਤਿਗੁਰ ਪੂਰਾ ਨਾਉਂ ਧਰਾ, ਆਪ ਆਪਣਾ ਰੂਪ ਵਟਾਇੰਦਾ। ਕਾਗੋਂ ਹੰਸ ਦਏ ਬਣਾ, ਸੋਹੰ ਮਾਣਕ ਮੋਤੀ ਚੋਗ ਚੁਗਾਇੰਦਾ। ਘਰ ਘਰ ਜੋਤੀ ਦਏ ਜਗਾ, ਨਾਮ ਬੱਤੀ ਏਕਾ ਲਾਇੰਦਾ। ਕੋਟਨ ਕੋਟ ਰਹੇ ਧਿਆ, ਦਿਸ ਕਿਸੇ ਨਾ ਆਇੰਦਾ। ਰਾਮ ਨਾਮ ਘਰ ਘਰ ਬੈਠੇ ਰਹੇ ਗਾ, ਰਾਮ ਰੰਗ ਨਾ ਕੋਇ ਰੰਗਾਇੰਦਾ। ਕਾਹਨਾ ਕ੍ਰਿਸ਼ਨਾ ਨੇਤਰ ਨੈਣ ਰਹੇ ਤਕਾ, ਮੁਕੰਦ ਮਨੋਹਰ ਲੱਖ਼ਮੀ ਨਰਾਇਣ ਨੈਣ ਦਰਸ ਕੋਇ ਨਾ ਪਾਇੰਦਾ। ਜਿਸ ਜਨ ਬਣੇ ਸੱਜਣ ਸੈਣ, ਘਰ ਸਾਚੇ ਮੇਲ ਮਿਲਾਇੰਦਾ। ਨਾਤਾ ਤੋੜੇ ਭਾਈ ਭੈਣ, ਭਈਆ ਬੇਬਾ ਆਪ ਅਖਵਾਇੰਦਾ। ਆਪ ਚੁਕਾਏ ਲਹਿਣ ਦੇਣ, ਜੁਗ ਜੁਗ ਵਿਛੜੇ ਮੇਲ ਮਿਲਾਇੰਦਾ। ਹਰਿ ਭਗਤ ਲਾੜੀ ਮੌਤ ਨਾ ਖਾਏ ਡੈਣ, ਚਿਤਰ ਗੁਪਤ ਨਾ ਹਿਸਾਬ ਖੁਲ੍ਹਾਇੰਦਾ। ਰਾਏ ਧਰਮ ਨਿਉਂ ਨਿਉਂ ਚਰਨੀ ਪੈਣ, ਜਿਸ ਦੁਆਰੇ ਗੁਰਮੁਖ ਜਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਅੱਗੇ ਹੋ ਹੋ ਬਹਿਣ, ਦਰ ਦਰ ਸਾਚਾ ਦਰਸ ਕਰਾਇੰਦਾ। ਹਰਿ ਸੰਤਨ ਮਹਿਮਾ ਕੋਇ ਨਾ ਸਕੇ ਕਹਿਣ, ਸੰਤ ਸੁਹੇਲਾ ਇਕ ਇਕੱਲਾ ਏਕਾ ਰੰਗ ਰੰਗਾਇੰਦਾ। ਬ੍ਰਹਮ ਪਾਰਬ੍ਰਹਮ ਏਕਾ ਧਾਮ ਇਕੱਠੇ ਬਹਿਣ, ਸੋਹੰ ਰੂਪ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਦਰਸ ਦਿਖਾਏ ਆਤਮ ਘਰ, ਨਿਜ ਆਤਮ ਮੇਲ ਮਿਲਾਇੰਦਾ। ਨਿਜ ਆਤਮ ਨਿਝਰ ਰਸ, ਨਿਜਧਾਰਾ ਆਪ ਚਲਾਈਆ। ਨਿਜ ਮੰਦਰ ਮੇਲਾ ਹੱਸ ਹੱਸ, ਨਿਜ ਘਰ ਵਜੇ ਸਚ ਵਧਾਈਆ। ਨਿਜ ਦਰ ਮਾਰਗ ਦੇਵੇ ਦੱਸ, ਸਾਚਾ ਪੰਥ ਇਕ ਵਖਾਈਆ। ਨਿਜ ਤੀਰ ਨਿਰਾਲਾ ਮਾਰੇ ਕਸ, ਤਿਖੀ ਮੁਖੀ ਨਾਮ ਚੜ੍ਹਾਈਆ। ਨਿਜ ਹਿਰਦੇ ਅੰਦਰ ਜਾਏ ਵਸ, ਨਿਰਗੁਣ ਆਪਣੀ ਦਇਆ ਕਮਾਈਆ। ਜੁਗਾ ਜੁਗੰਤਰ ਜਨ ਭਗਤਾਂ ਹੋਇਆ ਰਿਹਾ ਵਸ, ਨਿਤ ਨਵਿਤ ਆਪਣਾ ਵੇਸ ਵਟਾਈਆ। ਜਗਤ ਵਿਕਾਰ ਹੰਕਾਰ ਚਰਨਾ ਹੇਠ ਦੇਵੇ ਝੱਸ, ਤ੍ਰਿਲੋਕੀ ਨਾਥ ਆਪਣਾ ਭਾਰ ਉਪਰ ਪਾਈਆ। ਲੇਖਾ ਜਾਣੇ ਸਰ ਸਰੋਵਰ ਤੀਰਥ ਅੱਠ ਸੱਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਵੇਖ ਵਖਾਈਆ। ਆਪੇ ਜਾਣੇ ਕਿਨਾਰ ਤੱਟ, ਆਪ ਆਪਣਾ ਫੇਰਾ ਪਾਈਆ। ਜਨ ਭਗਤਾਂ ਦੂਈ ਦਵੈਤੀ ਮੇਟੇ ਫਟ, ਏਕਾ ਪੱਟੀ ਨਾਮ ਬੰਧਾਈਆ। ਆਤਮ ਅੰਮ੍ਰਿਤ ਸਰ ਸਰੋਵਰ ਦੇਵੇ ਝੱਟ, ਭਰ ਪਿਆਲਾ ਜਾਮ ਪਿਆਈਆ। ਆਤਮ ਸੇਜ ਸੁਆਏ ਖਾਟ, ਪਲੰਘ ਰੰਗੀਲਾ ਆਪ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਆਪਣੇ ਘਰ, ਘਰ ਸਾਚਾ ਹਰਿ ਸਾਚਾ ਦਰ ਸਾਚਾ ਵਰ ਸਾਚਾ ਮਿਲੇ ਮੇਲ ਸਹਿਜ ਸੁਖਦਾਈਆ।