Granth 09 Likhat 094: 20 Visakh 2017 Bikarmi Mahinder Singh de Ghar pind Nayia Shala Jila Gurdaspur

੨੦ ਵਿਸਾਖ ੨੦੧੭ ਬਿਕ੍ਰਮੀ ਮਹਿੰਦਰ ਸਿੰਘ ਦੇ ਘਰ ਪਿੰਡ ਨਇਆ ਸ਼ਾਲਾ ਜ਼ਿਲਾ ਗੁਰਦਾਸ ਪੁਰ

ਸੋ ਪੁਰਖ ਨਿਰੰਜਣ ਪਾਇਆ, ਇਕ ਇਕੱਲਾ ਖੇਲ ਅਪਾਰ। ਹਰਿ ਪੁਰਖ ਨਿਰੰਜਣ ਗਾਇਆ, ਨਿਰਗੁਣ ਜੋਤ ਨੂਰ ਉਜਿਆਰ। ਏਕੰਕਾਰਾ ਵੇਖ ਵਖਾਇਆ, ਘਰ ਮੰਦਰ ਸੋਹੇ ਬੰਕ ਦੁਆਰ। ਆਦਿ ਨਿਰੰਜਣ ਦੀਪ ਜਗਾਇਆ, ਮੇਟ ਮਿਟਾਏ ਅੰਧ ਅੰਧਿਆਰ। ਸ੍ਰੀ ਭਗਵਾਨ ਸੰਗ ਨਿਭਾਇਆ, ਮੇਲ ਮਿਲਾਵਾ ਕੰਤ ਭਤਾਰ। ਅਬਿਨਾਸ਼ੀ ਕਰਤਾ ਗੋਦ ਉਠਾਇਆ, ਜੁਗਾ ਜੁਗੰਤਰ ਸਾਚੀ ਕਾਰ। ਪਾਰਬ੍ਰਹਮ ਵੇਸ ਵਟਾਇਆ, ਰੂਪ ਅਨੂਪ ਸੱਚੀ ਸਰਕਾਰ। ਸਚਖੰਡ ਦੁਆਰਾ ਇਕ ਸੁਹਾਇਆ, ਸਚਖੰਡ ਨਿਵਾਸੀ ਸਿਰਜਣਹਾਰ। ਸਚ ਸਿੰਘਾਸਣ ਆਸਣ ਲਾਇਆ, ਪੁਰਖ ਅਬਿਨਾਸ਼ੀ ਹੋ ਉਜਿਆਰ। ਸ਼ਾਹੋ ਸ਼ਾਬਾਸ਼ਣ ਹੁਕਮ ਚਲਾਇਆ, ਸ਼ਬਦ ਅਗੰਮੀ ਇਕ ਜੈਕਾਰ। ਏਕਾ ਆਪਣੀ ਬਣਤ ਬਣਾਇਆ, ਨਿਰਗੁਣ ਨਿਰਗੁਣ ਕਰ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ। ਅਗੰਮ ਅਪਾਰਾ ਖੇਲ ਨਿਆਰਾ, ਮਹਿਮਾ ਗਣਤ ਗਣੀ ਨਾ ਜਾਈਆ। ਸੋ ਪੁਰਖ ਨਿਰੰਜਣ ਇਕ ਵਣਜਾਰਾ, ਏਕਾ ਵਸਤ ਵੇਖ ਵਖਾਈਆ। ਹਰਿ ਪੁਰਖ ਨਿਰੰਜਣ ਸਾਚੀ ਵਸਤ ਰੱਖੇ ਥਾਰਾ, ਥਿਰ ਘਰ ਸਾਚੇ ਆਪ ਟਿਕਾਈਆ। ਏਕੰਕਾਰਾ ਕਰ ਪਸਾਰਾ, ਆਦਿ ਜੁਗਾਦਿ ਵੇਖ ਵਖਾਈਆ। ਆਦਿ ਨਿਰੰਜਣ ਭੇਵ ਨਿਆਰਾ, ਲੇਖਾ ਲੇਖ ਨਾ ਕੋਇ ਜਣਾਈਆ। ਸ੍ਰੀ ਭਗਵਾਨ ਸੱਚਾ ਸਿਕਦਾਰਾ, ਸਾਚੇ ਤਖ਼ਤ ਸਚ ਸੁਲਤਾਨ ਸੋਭਾ ਪਾਈਆ। ਅਬਿਨਾਸ਼ੀ ਕਰਤਾ ਬਣ ਦਰਬਾਰਾ, ਆਪ ਆਪਣਾ ਸੀਸ ਝੁਕਾਈਆ। ਪਾਰਬ੍ਰਹਮ ਪ੍ਰਭ ਮੰਗੇ ਦਾਨਾ, ਨਿਰਗੁਣ ਆਪ ਆਪਣੀ ਇਛਿਆ ਭਿਛਿਆ ਵੇਖ ਵਖਾਈਆ। ਸਚਖੰਡ ਦੁਆਰਾ ਸਚ ਮਕਾਨਾ, ਉਚ ਮਹੱਲ ਅਟੱਲ ਆਪ ਸੁਹਾਈਆ। ਆਪੇ ਪਹਿਰਿਆ ਆਪਣਾ ਬਾਣਾ, ਮਾਤ ਪਿਤ ਨਾ ਕੋਇ ਬਣਾਈਆ। ਆਪੇ ਗਾਏ ਆਪਣਾ ਗਾਣਾ, ਨਾਦ ਤਰਾਨ ਆਪ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚਾ ਇਕ ਸੁਹਾਈਆ। ਦਰ ਘਰ ਸਾਚਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਬੇਅੰਤ ਬੇਅੰਤ ਬੇਅੰਤ, ਭੇਵ ਕੋਇ ਨਾ ਪਾਇੰਦਾ। ਏਕੰਕਾਰਾ ਏਕਾ ਕੰਤ, ਏਕਾ ਸੇਜ ਹੰਢਾਇੰਦਾ। ਆਦਿ ਨਿਰੰਜਣ ਲੇਖਾ ਜਾਣੇ ਜੀਵ ਜੰਤ, ਜਾਗਰਤ ਜੋਤ ਇਕ ਜਗਾਇੰਦਾ। ਸ੍ਰੀ ਭਗਵਾਨ ਮੇਲ ਮਿਲਾਵੇ ਸਾਚੇ ਕੰਤ, ਕੰਤ ਕੰਤੂਹਲ ਖੇਲ ਖਿਲਾਇੰਦਾ। ਅਬਿਨਾਸ਼ੀ ਕਰਤਾ ਬਣਾਏ ਬਣਤ, ਆਪ ਆਪਣੀ ਰਚਨ ਰਚਾਇੰਦਾ। ਪਾਰਬ੍ਰਹਮ ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਿਵਾਸਾ ਖੇਲ ਅਬਿਨਾਸ਼ਾ, ਅਬਿਨਾਸ਼ੀ ਕਰਤਾ ਆਪ ਕਰਾਇੰਦਾ। ਅਬਿਨਾਸ਼ੀ ਕਰਤਾ ਪੁਰਖ ਅਕਾਲ, ਰੂਪ ਰੇਖ ਨਾ ਕੋਇ ਜਣਾਈਆ। ਸਚਖੰਡ ਦੁਆਰ ਵਸੇ ਸੱਚੀ ਧਰਮਸਾਲ, ਥਿਰ ਘਰ ਬੈਠਾ ਆਸਣ ਲਾਈਆ। ਆਪਣੀ ਆਪ ਕਰੇ ਪ੍ਰਿਤਪਾਲ, ਪ੍ਰਿਤਪਾਲਕ ਬੇਪਰਵਾਹੀਆ। ਆਪ ਵਜਾਏ ਆਪਣਾ ਤਾਲ, ਸ਼ਬਦ ਸ਼ਬਦੀ ਧੁਨ ਰਖਾਈਆ। ਆਪੇ ਲੇਖਾ ਜਾਣੇ ਕਾਲ ਮਹਾਂਕਾਲ, ਦੀਨ ਦਿਆਲ ਵਡ ਵਡਿਆਈਆ। ਆਪੇ ਆਪਣੀ ਘਾਲਣ ਲਏ ਘਾਲ, ਆਦਿ ਜੁਗਾਦਿ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਏਕੰਕਾਰਾ, ਨਿਰਗੁਣ ਬੈਠਾ ਜੋਤ ਜਗਾਈਆ। ਨਿਰਗੁਣ ਦਾਤਾ ਬੇਪਰਵਾਹ, ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ। ਹਰਿ ਪੁਰਖ ਨਿਰੰਜਣ ਸਚ ਸਲਾਹ, ਸਿਫ਼ਤੀ ਸਿਫ਼ਤ ਆਪ ਸਾਲਾਹਿੰਦਾ। ਏਕੰਕਾਰਾ ਬਣ ਮਲਾਹ, ਸਾਚਾ ਬੇੜਾ ਆਪ ਚਲਾਇੰਦਾ। ਆਦਿ ਨਿਰੰਜਣ ਜਪਾਏ ਏਕਾ ਨਾਂ, ਨਿਸ਼ਅੱਖਰ ਵੱਖਰ ਆਪ ਪੜ੍ਹਾਇੰਦਾ। ਸ੍ਰੀ ਭਗਵਾਨ ਵਸੇ ਸਾਚੇ ਥਾਂ, ਥਾਨ ਥਨੰਤਰ ਸੋਭਾ ਪਾਇੰਦਾ। ਅਬਿਨਾਸ਼ੀ ਕਰਤਾ ਆਪੇ ਕਰ ਸਚ ਨਿਆਂ, ਸ਼ਾਹੋ ਭੂਪ ਆਪ ਅਖਵਾਇੰਦਾ। ਪਾਰਬ੍ਰਹਮ ਮੇਲ ਮਿਲਾਵਾ ਏਕਾ ਨਾਂ, ਨਾਮ ਨਿਧਾਨਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਆਇੰਦਾ। ਅਲੱਖ ਅਗੋਚਰ ਅਗੰਮ ਅਪਾਰ, ਦਿਸ ਕਿਸੇ ਨਾ ਆਇੰਦਾ। ਜੁਗਾ ਜੁਗੰਤਰ ਖੇਲ ਅਪਾਰ, ਆਪ ਆਪਣਾ ਰੂਪ ਵਟਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰ ਪਿਆਰ, ਸ਼ਬਦ ਸ਼ਬਦੀ ਨਾਦ ਵਜਾਇੰਦਾ। ਤ੍ਰੈਗੁਣ ਮਾਇਆ ਭਰ ਭੰਡਾਰ, ਏਕਾ ਤਤ ਵਖਾਇੰਦਾ। ਬ੍ਰਹਮ ਮੱਤ ਕਰ ਉਜਿਆਰ, ਆਪ ਆਪਣੀ ਰੱਤ ਤਰਾਇੰਦਾ। ਸਰਬ ਕਲ ਸਮਰਥ ਪੁਰਖ ਨਿਰੰਕਾਰ, ਜੂਨੀ ਰਹਿਤ ਖੇਲ ਖਿਲਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਮਹੱਲ ਅਟੱਲ ਲਏ ਉਸਾਰ, ਆਪ ਆਪਣੀ ਬਣਤ ਬਣਾਇੰਦਾ। ਦੀਵਾ ਬਾਤੀ ਕਰ ਉਜਿਆਰ, ਨਿਰਗੁਣ ਏਕਾ ਜੋਤ ਡਗਮਗਾਇੰਦਾ। ਕਮਲਾਪਾਤੀ ਮੀਤ ਮੁਰਾਰ, ਦਰ ਘਰ ਸਾਚੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਰੰਗਾਇੰਦਾ। ਰੰਗ ਰੰਗੀਲਾ ਹਰਿ ਕਰਤਾਰਾ, ਬ੍ਰਹਮਾ ਵਿਸ਼ਨ ਸ਼ਿਵ ਦਏ ਜਣਾਈਆ। ਆਪੇ ਬੰਨ੍ਹੇ ਆਪਣੀ ਧਾਰਾ, ਨਿਰਗੁਣ ਸਰਗੁਣ ਖੇਲ ਖਿਲਾਈਆ। ਆਪੇ ਦੇਵੇ ਸਤਿ ਭੰਡਾਰਾ, ਸਤਿ ਸਤਿਵਾਦੀ ਆਪ ਵਰਤਾਈਆ। ਆਪੇ ਦੇਵੇ ਸ਼ਬਦ ਹੁਲਾਰਾ, ਆਪਣੀ ਬੂਝ ਆਪ ਬੁਝਾਈਆ। ਆਪੇ ਵਸੇ ਧੂੰਆਂਧਾਰਾ, ਸੁੰਨ ਅਗੰਮ ਆਪ ਸਮਾਈਆ। ਆਪੇ ਕਰੇ ਪਾਰ ਕਿਨਾਰਾ, ਅੱਧਵਿਚਕਾਰ ਆਪਣਾ ਡੇਰਾ ਲਾਈਆ। ਆਪੇ ਤ੍ਰੈਗੁਣ ਮਾਇਆ ਪਾਏ ਸਾਰਾ, ਰਜੋ ਤਮੋ ਸਤੋ ਰਹਿਣ ਨਾ ਪਾਈਆ। ਪੰਜ ਤਤ ਕਰ ਪਿਆਰਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਆਪ ਆਪਣੀ ਖੇਲ ਖਿਲਾਈਆ। ਆਪੇ ਜੀਵ ਜੰਤ ਬਣ ਵਰਤਾਰਾ, ਲੱਖ ਚੁਰਾਸੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲਾ ਦੀਨ ਦਿਆਲਾ ਆਦਿ ਨਿਰੰਜਣ ਦਰਦ ਦੁੱਖ ਭੈ ਭੰਜਣ, ਦੀਨਾਂ ਨਾਥ ਦਇਆ ਕਮਾਈਆ। ਸਾਚੀ ਵਸਤ ਨਾਮ ਅਮੋਲਕ, ਸੋ ਪੁਰਖ ਨਿਰੰਜਣ ਹੱਥ ਰਖਾਇੰਦਾ। ਹਰਿ ਪੁਰਖ ਨਿਰੰਜਣ ਤੋਲੇ ਏਕਾ ਤੋਲ, ਸਾਚਾ ਕੰਡਾ ਆਪ ਉਠਾਇੰਦਾ। ਏਕੰਕਾਰਾ ਬੋਲੇ ਬੋਲ, ਆਪਣੀ ਧਾਰਨ ਆਪ ਚਲਾਇੰਦਾ। ਆਦਿ ਨਿਰੰਜਣ ਸਦਾ ਅਡੋਲ, ਜੁਗਾ ਜੁਗੰਤਰ ਨਾ ਕੋਇ ਡੁਲਾਇੰਦਾ। ਸ੍ਰੀ ਭਗਵਾਨ ਵਸੇ ਕੋਲ, ਵਿਛੜ ਕਦੇ ਨਾ ਜਾਇੰਦਾ। ਅਬਿਨਾਸ਼ੀ ਕਰਤਾ ਰਿਹਾ ਮੌਲ, ਰੂਪ ਰੰਗ ਨਾ ਕੋਇ ਵਖਾਇੰਦਾ। ਪਾਰਬ੍ਰਹਮ ਬ੍ਰਹਮ ਉਲਟਾ ਕਰੇ ਕੌਲ, ਅੰਮ੍ਰਿਤ ਆਪਣਾ ਜਾਮ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਨਿਰਾਕਾਰ, ਕਰੇ ਖੇਲ ਅਪਰ ਅਪਾਰ, ਆਪ ਆਪਣੀ ਰੇਖ ਉਪਜਾਇੰਦਾ। ਆਪੇ ਕਵਲ ਆਪੇ ਅੰਮ੍ਰਿਤ ਰਸ, ਆਪ ਆਪਣਾ ਵਿਚ ਟਿਕਾਈਆ। ਆਪੇ ਤ੍ਰੈਗੁਣ ਮੇਲਾ ਕਰੇ ਹੱਸ ਹੱਸ, ਆਪ ਆਪਣਾ ਬੰਧਨ ਪਾਈਆ। ਆਪੇ ਪੰਜ ਤਤ ਪਿਆਰ ਕਰੇ ਨੱਸ ਨੱਸ, ਦਰ ਘਰ ਸਾਚੇ ਜੋੜ ਜੁੜਾਈਆ। ਆਪੇ ਬ੍ਰਹਮਾ ਮਾਰਗ ਰਿਹਾ ਦੱਸ, ਚਾਰੇ ਵੇਦ ਕਰੇ ਪੜ੍ਹਾਈਆ। ਆਪੇ ਸ਼ਬਦ ਤੀਰ ਨਿਰਾਲਾ ਮਾਰੇ ਕਸ, ਚਾਰੇ ਮੁਖ ਮੁਖ ਭੁਆਈਆ। ਆਪੇ ਹਿਰਦੇ ਹਰਿ ਹਰਿ ਜਾਏ ਵਸ, ਹਰਿ ਜੂ ਹਰਿ ਮੰਦਰ ਡੇਰਾ ਲਾਈਆ। ਆਪੇ ਕਰੇ ਪ੍ਰਕਾਸ਼ ਕੋਟਨ ਰਵ ਸਸ, ਜੋਤੀ ਨੂਰ ਨੂਰ ਵਿਚ ਟਿਕਾਈਆ। ਆਪੇ ਬਾਸ਼ਕ ਤਸ਼ਕਾ ਮਾਰੇ ਡੱਸ, ਵਿਸ਼ ਆਤਮ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਧਾਰ, ਆਦਿ ਜੁਗਾਦੀ ਖੇਲ ਅਪਾਰ, ਇਕ ਇਕੱਲਾ ਆਪ ਕਰਾਈਆ। ਇਕ ਇਕੱਲਾ ਸ੍ਰੀ ਭਗਵਾਨ, ਦੂਸਰ ਸੰਗ ਨਾ ਕੋਇ ਰਖਾਇੰਦਾ। ਸਚਖੰਡ ਦਵਾਰੇ ਵਸਣਹਾਰਾ ਸਚ ਮਕਾਨ, ਚਾਰ ਦੀਵਾਰ ਨਾ ਕੋਇ ਬਣਾਇੰਦਾ। ਨਾ ਕੋਈ ਚਿਲਾ ਤੀਰ ਕਮਾਨ, ਸ਼ਸਤਰ ਬਸਤਰ ਨਾ ਕੋਇ ਸਜਾਇੰਦਾ। ਨਾ ਕੋਇ ਜੋਧਾ ਸੂਰਬੀਰ ਬਲਵਾਨ, ਦੂਸਰ ਰੰਗ ਨਾ ਕੋਇ ਰੰਗਾਇੰਦਾ। ਇਕ ਇਕੱਲਾ ਵਾਲੀ ਦੋ ਜਹਾਨ, ਆਪ ਆਪਣਾ ਬਲ ਧਰਾਇੰਦਾ। ਪਵਣ ਪਾਣੀ ਸਰਬ ਸ਼ਰਮਾਣ, ਲੱਖ ਚੁਰਾਸੀ ਜੀਵ ਜੰਤ ਨਿਰਗੁਣ ਜੋਤੀ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਘਰ ਸਾਚੇ ਸੋਭਾ ਪਾਇੰਦਾ। ਦਰ ਘਰ ਸਾਚਾ ਹਰਿ ਭਗਵੰਤ, ਏਕਾ ਏਕ ਸੁਹਾਇੰਦਾ। ਲੇਖਾ ਜਾਣੇ ਆਦਿ ਅੰਤ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਲੇਖਾ ਜਾਣੇ ਸਾਧ ਸੰਤ, ਸਤਿਗੁਰ ਆਪਣੀ ਖੇਲ ਖਿਲਾਇੰਦਾ। ਆਪੇ ਗੜ੍ਹ ਹਉਮੇ ਹੰਗਤ, ਪੰਜ ਵਿਕਾਰਾ ਆਪਣਾ ਤਤ ਉਪਾਇੰਦਾ। ਆਪੇ ਕਾਇਆ ਚੋਲੀ ਰੰਗੇ ਰੰਗਤ, ਰੰਗ ਮਜੀਠੀ ਇਕ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਖੇਲ ਅਪਾਰਾ, ਕਰੇ ਕਰਾਏ ਕਰਨੇਹਾਰਾ, ਕਰਤਾ ਪੁਰਖ ਨਾਉਂ ਧਰਾਇੰਦਾ। ਕਰਤਾ ਪੁਰਖ ਕਰਨੇ ਜੋਗ, ਆਪਣੀ ਕਰਨੀ ਆਪ ਕਰਾਇੰਦਾ। ਦੋ ਜਹਾਨਾਂ ਆਪੇ ਰਸੀਆ ਭੋਗੇ ਭੋਗ, ਆਪਣੀ ਰਚਨਾ ਆਪ ਰਚਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਆਪੇ ਜਾਣੇ ਧੁਰ ਸੰਜੋਗ, ਸੰਜੋਗ ਵਿਜੋਗ ਆਪਣਾ ਆਪਣੇ ਹੱਥ ਰਖਾਇੰਦਾ। ਆਪੇ ਲੇਖਾ ਜਾਣੇ ਚੌਦਾਂ ਲੋਕ, ਲੋਕ ਪਰਲੋਕ ਆਪਣੀ ਖੇਲ ਖਿਲਾਇੰਦਾ। ਆਪੇ ਗਾਏ ਸ਼ਬਦ ਸਲੋਕ, ਬ੍ਰਹਮਾ ਵੇਤਾ ਆਪ ਸਮਝਾਇੰਦਾ। ਆਪੇ ਜਾਣੇ ਮੁਕਤ ਮੋਖ, ਜੂਨ ਅਜੂਨੀ ਆਪ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾਇੰਦਾ। ਜੋਤੀ ਨੂਰ ਨੂਰ ਉਜਾਲਾ, ਏਕ ਏਕਾ ਰੰਗ ਰੰਗਾਈਆ। ਜੁਗਾ ਜੁਗੰਤਰ ਅਵੱਲੜੀ ਚਾਲਾ, ਭੇਵ ਅਭੇਦਾ ਭੇਵ ਛੁਪਾਈਆ। ਆਪੇ ਜਾਣੇ ਆਪਣੀ ਮਾਲਾ, ਆਪ ਆਪਣਾ ਨਾਉਂ ਧਰਾਈਆ। ਆਪੇ ਵੇਖੇ ਸਚ ਸੱਚੀ ਧਰਮਸਾਲਾ, ਸਚਖੰਡ ਦਵਾਰੇ ਸੋਭਾ ਪਾਈਆ। ਆਪੇ ਲੱਖ ਚੁਰਾਸੀ ਫਲ ਲਗਾਏ ਕਾਇਆ ਡਾਲ੍ਹਾ, ਫੁੱਲ ਫੁਲਵਾੜੀ ਆਪ ਮਹਿਕਾਈਆ। ਆਪੇ ਅਨਹਦ ਨਾਦ ਵਜਾਏ ਤਾਲਾ, ਤਾਲ ਤਲਵਾੜਾ ਆਪਣੇ ਹੱਥ ਰਖਾਈਆ। ਆਪੇ ਆਤਮ ਅੰਮ੍ਰਿਤ ਭਰਿਆ ਤਾਲਾ, ਸਰ ਸਰੋਵਰ ਸਾਚਾ ਨ੍ਹਾਵਣ ਆਪ ਨੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਘਰ ਸਾਚਾ ਇਕ ਵਡਿਆਈਆ। ਘਰ ਵੱਡਾ ਹਰਿ ਵਡਿਆਇਆ, ਪਾਰਬ੍ਰਹਮ ਬੇਅੰਤ। ਦਰਗਹਿ ਸਾਚੀ ਜੋਤ ਜਗਾਇਆ, ਪੁਰਖ ਅਬਿਨਾਸ਼ੀ ਏਕਾ ਕੰਤ। ਸਚ ਸਿੰਘਾਸਣ ਆਸਣ ਲਾਇਆ, ਮਹਿਮਾ ਗਣਤ ਅਗਣਤ। ਸ਼ਾਹੋ ਭੂਪ ਇਕ ਅਖਵਾਇਆ, ਆਪ ਬਣਾਏ ਸਾਚੀ ਬਣਤ। ਸ਼ਬਦੀ ਸੁੱਤ ਇਕ ਉਪਜਾਇਆ, ਆਪ ਜਣਾਏ ਆਪਣੀ ਬਣਤ। ਬ੍ਰਹਮਾ ਵਿਸ਼ਨ ਸ਼ਿਵ ਜੋਤ ਜਗਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਜਾਣੇ ਆਦਿ ਅੰਤ। ਆਦਿ ਅੰਤ ਹਰਿ ਵਸਿਆ, ਪਾਰਬ੍ਰਹਮ ਕਰਤਾਰ। ਆਪਣਾ ਭੇਵ ਕਿਸੇ ਨਾ ਦੱਸਿਆ, ਲੇਖਾ ਲਿਖੇ ਨਾ ਵੇਦ ਚਾਰ। ਦੋ ਜਹਾਨਾਂ ਫਿਰੇ ਨੱਸਿਆ, ਨਿਰਗੁਣ ਜੋਤ ਕਰ ਉਜਿਆਰ। ਆਪ ਉਪਾਏ ਰਵ ਸਸਿਆ, ਮੰਡਲ ਮੰਡਪ ਦਏ ਸਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਨਾਉਂ ਧਰੇ ਨਿਰੰਕਾਰ। ਨਿਰੰਕਾਰ ਹਰਿ ਨਾਉਂ ਰੱਖ, ਨਿਰਗੁਣ ਆਪਣੀ ਜੋਤ ਜਗਾਈਆ। ਵਿਸ਼ਨੂੰ ਰੂਪ ਹੋ ਪ੍ਰਤੱਖ, ਸਾਗੋਂ ਪਾਂਗ ਸੇਜ ਹੰਢਾਈਆ। ਬ੍ਰਹਮਾ ਵੇਤਾ ਲਏ ਰੱਖ, ਪਾਰਬ੍ਰਹਮ ਵੱਡੀ ਵਡਿਆਈਆ। ਸ਼ੰਕਰ ਦੇਵੇ ਏਕਾ ਤਤ, ਬਾਸ਼ਕ ਤਸ਼ਕਾ ਗਲ ਲਟਕਾਈਆ। ਤ੍ਰੈਗੁਣ ਮਾਇਆ ਰੱਖੇ ਹੱਥ, ਆਪ ਆਪਣੀ ਲਏ ਉਪਜਾਈਆ। ਪੰਜ ਤਤ ਵਖਾਏ ਏਕਾ ਹੱਟ, ਸਚ ਭੰਡਾਰਾ ਆਪ ਵਰਤਾਈਆ। ਏਕਾ ਵਸਤ ਅੰਦਰ ਘਤ, ਨਿਰਗੁਣ ਜੋਤ ਦਏ ਜਗਾਈਆ। ਸੰਗ ਰਖਾਏ ਮਨ ਬੁੱਧ ਮਤ, ਨਿਰਗੁਣ ਆਪਣੀ ਵੰਡ ਵੰਡਾਈਆ। ਲੇਖਾ ਜਾਣੇ ਕਾਇਆ ਪੰਜ ਤਤ ਮਟ, ਨਿਰਗੁਣ ਸਰਗੁਣ ਰੂਪ ਵਟਾਈਆ। ਖੋਲ੍ਹੇ ਕਿਵਾੜ ਕਾਇਆ ਘਟ, ਘਰ ਘਰ ਵਿਚ ਰੂਪ ਪ੍ਰਗਟਾਈਆ। ਲੱਖ ਚੁਰਾਸੀ ਲਾਏ ਫੱਟ, ਆਪ ਆਪਣਾ ਤੀਰ ਚਲਾਈਆ। ਨਿਰਗੁਣ ਸਰਗੁਣ ਅੰਦਰ ਹੋ ਪਰਗਟ, ਧਰਤ ਧਵਲ ਕਰੇ ਰੁਸ਼ਨਾਈਆ। ਆਪਣੀ ਮੈਲ ਆਪੇ ਕੱਟ, ਉਜਲ ਮੁਖ ਆਪ ਧਰਾਈਆ। ਆਪਣੀ ਕਰਵਟ ਆਪੇ ਵੱਟ, ਆਪ ਆਪਣਾ ਨੂਰ ਕਰੇ ਰੁਸ਼ਨਾਈਆ। ਆਪੇ ਸੋਏ ਸਾਚੀ ਖਾਟ, ਘਰ ਘਰ ਆਤਮ ਸੇਜ ਆਪ ਹੰਢਾਈਆ। ਆਪੇ ਮਸਤਕ ਜੋਤ ਧਰੇ ਲਿਲਾਟ, ਜੋਤ ਨਿਰੰਜਣ ਆਪ ਜਗਾਈਆ। ਆਪੇ ਜੁਗ ਜੁਗ ਜਾਣੇ ਆਪਣੀ ਵਾਟ, ਆਪਣਾ ਪੰਧ ਆਪ ਮੁਕਾਈਆ। ਬ੍ਰਹਮਾ ਦੋਵੇਂ ਜੋੜ ਚਰਨ ਦੁਆਰ ਮਸਤਕ ਟੇਕੇ ਮਾਥ, ਨਿਉਂ ਨਿਉਂ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਆਪਣੀ ਦੱਸੇ ਆਪੇ ਗਾਥ, ਅੰਤਰ ਆਤਮ ਕਰੇ ਪੜ੍ਹਾਈਆ। ਸਗਲ ਵਿਸੂਰੇ ਜਾਇਣ ਲਾਥ, ਨੇਤਰ ਨੈਣ ਦਰਸ਼ਨ ਪਾਈਆ। ਸਰਬ ਕਲ ਹਰਿ ਸਮਰਥ, ਆਪਣਾ ਗੇੜਾ ਰਿਹਾ ਚਲਾਈਆ। ਆਪ ਉਪਜਾਏ ਆਪੇ ਦੇਵੇ ਮਥ, ਬ੍ਰਹਮਾ ਵਿਸ਼ਨ ਸ਼ਿਵ ਤੇਰੀ ਪੇਸ਼ ਕੋਇ ਨਾ ਜਾਈਆ। ਖੇਲੇ ਖੇਲ ਸਵਾਂਗੀ ਬਾਜ਼ੀਗਰ ਨੱਟ, ਆਪ ਆਪਣੀ ਰਚਨ ਰਚਾਈਆ। ਸਚਖੰਡ ਦੁਆਰੇ ਸਾਚੇ ਤਖ਼ਤ ਬੈਠ ਹੋ ਪ੍ਰਗਟ, ਪਰਮ ਪੁਰਖ ਆਪਣਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਦੇਵੇ ਏਕਾ ਮਤ, ਮਤ ਤਤ ਵਿਚ ਰਖਾਈਆ। ਮਤ ਤਤ ਹਰਿ ਸਾਚੀ ਧਾਰ, ਪਾਰਬ੍ਰਹਮ ਬ੍ਰਹਮ ਸਮਝਾਇੰਦਾ। ਬ੍ਰਹਮਾ ਤੇਰਾ ਲੇਖਾ ਵੇਦ ਚਾਰ, ਤੇਰੀ ਬਣਤ ਬਣਾਇੰਦਾ। ਸ਼ਬਦ ਅਨਾਦੀ ਇਕ ਜੈਕਾਰ, ਸੱਤ ਇਕ ਨਾਲ ਮਿਲਾਇੰਦਾ। ਪੁਰਖ ਅਬਿਨਾਸ਼ੀ ਖੇਲ ਅਪਾਰ, ਪੰਜ ਤਤ ਨਾ ਕੋਇ ਰਖਾਇੰਦਾ। ਜੁਗ ਜੁਗ ਨਾ ਮਰੇ ਵਿਚ ਸੰਸਾਰ, ਲਾੜੀ ਮੌਤ ਨਾ ਕੋਇ ਪਰਨਾਇੰਦਾ। ਕਰੇ ਖੇਲ ਅਗੰਮ ਅਪਾਰ, ਅਗੰਮ ਅਗੰਮੜੀ ਚਾਲ ਚਲਾਇੰਦਾ। ਹੱਡ ਮਾਸ ਨਾੜੀ ਚਮੜੇ ਵਸਿਆ ਬਾਹਰ, ਰਕਤ ਬੂੰਦ ਨਾ ਕੋਇ ਉਪਾਇੰਦਾ। ਤੇਰੇ ਅੰਦਰ ਕਰ ਪਿਆਰ, ਆਪ ਆਪਣੀ ਤਾਰ ਵਜਾਇੰਦਾ। ਚਾਰੇ ਵੇਦ ਕਰ ਤਿਆਰ, ਚਾਰੇ ਜੁਗ ਨਾਲ ਰਲਾਇੰਦਾ। ਚਾਰੇ ਖਾਣੀ ਪਾਵੇ ਸਾਰ, ਚਾਰੇ ਬਾਣੀ ਮੇਲ ਮਿਲਾਇੰਦਾ। ਗੁਰ ਪੀਰ ਅਵਤਾਰ ਆਵਣ ਵਾਰੋ ਵਾਰ, ਜਗਤ ਚੌਕੜੀ ਆਪ ਫਿਰਾਇੰਦਾ। ਰਵ ਸਸ ਸੂਰਜ ਚੰਨ ਕਰਨ ਪੁਕਾਰ, ਦਿਵਸ ਰੈਣ ਸੇਵ ਕਮਾਇੰਦਾ। ਕਰੋੜ ਤੇਤੀਸਾ ਮੰਗੇ ਬਣ ਭਿਖਾਰ, ਸੁਰਪਤ ਰਾਜਾ ਰਾਹ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਖੇਲ ਬ੍ਰਹਿਮਾਦਿ, ਆਪ ਆਪਣੀ ਰਚਨ ਰਚਾਇੰਦਾ। ਬ੍ਰਹਮੇ ਸੁਣ ਕਰ ਧਿਆਨ, ਹਰਿ ਸਾਚੇ ਸਚ ਜਣਾਈਆ। ਤੇਰਾ ਰੂਪ ਸਚ ਜਹਾਨ, ਤੇਰਾ ਅੰਗ ਅੰਗ ਕਟਾਈਆ। ਪ੍ਰਗਟ ਹੋਵੇ ਵਿਚ ਜਹਾਨ, ਨਿਰਭੌ ਆਪਣਾ ਨਾਉਂ ਰਖਾਈਆ। ਮੇਰਾ ਸ਼ਬਦ ਤੇਰਾ ਫ਼ਰਮਾਣ, ਸ੍ਰਿਸ਼ਟ ਸਬਾਈ ਦਏ ਸੁਣਾਈਆ। ਮੇਰਾ ਅੰਮ੍ਰਿਤ ਪੀਣ ਖਾਣ, ਨਿਝਰ ਝਿਰਨਾ ਇਕ ਵਖਾਈਆ। ਮੇਰਾ ਨਾਉਂ ਤੇਰਾ ਸ਼ਬਦ ਵਖਾਣ, ਰਸਨਾ ਜਿਹਵਾ ਏਕਾ ਗਾਈਆ। ਮੇਰੀ ਦਰਗਹਿ ਤੇਰਾ ਮਾਣ, ਮੇਰੀ ਸਰਨ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਰ ਦੇਵੇ ਸਾਚੇ ਘਰ, ਸਾਚੇ ਤਖ਼ਤ ਸਚ ਸੁਲਤਾਨ ਹੋ ਮਿਹਰਵਾਨ, ਬ੍ਰਹਮੇ ਭਿਛਿਆ ਝੋਲੀ ਪਾਈਆ। ਬ੍ਰਹਮੇ ਭਿਛਿਆ ਸਾਚੀ ਪਾ ਨਿਰਗੁਣ ਨਿਰਾਕਾਰ, ਆਪਣੀ ਵੰਡ ਵੰਡਾਇੰਦਾ। ਪ੍ਰਭ ਅਬਿਨਾਸ਼ੀ ਤੇਰਾ ਚਰਨ ਦੁਆਰ, ਜੁਗ ਜੁਗ ਨਾ ਕੋਇ ਛੁਡਾਇੰਦਾ। ਤੇਰੀ ਸੇਵਾ ਕਰਾਂ ਅਪਾਰ, ਸੇਵਕ ਝੋਲੀ ਆਪ ਭਰਾਇੰਦਾ। ਤੇਰਾ ਵਣਜ ਮੇਰਾ ਵਾਪਾਰ, ਤੇਰਾ ਹੱਟ ਮੈਂ ਚਲਾਇੰਦਾ। ਤੇਰਾ ਘਰ ਬੰਕ ਦੁਆਰ, ਜੁਗ ਜੁਗ ਵੇਖ ਵਖਾਇੰਦਾ। ਵਿਛੜ ਨਾ ਜਾਈਂ ਵਿਚ ਸੰਸਾਰ, ਮਾਇਆ ਭਰਮ ਨਾ ਮੋਹੇ ਭੁਲਾਇੰਦਾ। ਲੱਖ ਚੁਰਾਸੀ ਤੇਰੀ ਧਾਰ, ਲੋਕਮਾਤ ਤੇਰਾ ਰੂਪ ਪ੍ਰਗਟਾਇੰਦਾ। ਬ੍ਰਹਮ ਅੰਸ ਕਰ ਤਿਆਰ, ਘਟ ਘਟ ਅੰਦਰ ਜੋਤ ਜਗਾਇੰਦਾ। ਸਹੰਸਰ ਸਹੰਸ ਪਾਵੇ ਸਾਰ, ਆਪ ਆਪਣਾ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਰਖਾਇੰਦਾ। ਬ੍ਰਹਮੇ ਤੇਰਾ ਹਰਿ ਹਰਿ ਮੀਤਾ, ਸਤਿ ਪੁਰਖ ਨਿਰੰਜਣ ਆਪ ਅਖਵਾਈਆ। ਮੇਰਾ ਦਰ ਠਾਂਡਾ ਸੀਤਾ, ਜੁਗਾ ਜੁਗੰਤਰ ਇਕ ਰਖਾਈਆ। ਜੁਗਾ ਜੁਗੰਤਰ ਚਲਾਏ ਰੀਤਾ, ਲੋਕਮਾਤ ਕਰੇ ਰੁਸ਼ਨਾਈਆ। ਮੇਰੀ ਧਾਰ ਪਤਿਤ ਪੁਨੀਤਾ, ਪਤਿਤ ਪਾਪੀ ਲਏ ਤਰਾਈਆ। ਮੇਰਾ ਰੰਗ ਹਸਤ ਕੀਟਾ, ਊਚਾਂ ਨੀਚਾਂ ਆਪ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਬੂਝ ਆਪੇ ਰਿਹਾ ਬੁਝਾਈਆ। ਆਪਣਾ ਰੰਗ ਆਪ ਚੜ੍ਹਾਇਆ, ਬ੍ਰਹਮੇ ਲੇਖਾ ਇਕ ਸਮਝਾਏ। ਨੇਤਰ ਨੈਣ ਇਕ ਖੁਲ੍ਹਾਇਆ, ਕਵਲ ਨੈਣ ਬੇਪਰਵਾਹੇ। ਜੋਤੀ ਜੋਤ ਡਗਮਗਾਇਆ, ਏਕਾ ਨੂਰ ਕਰੇ ਰੁਸ਼ਨਾਏ। ਆਪਣਾ ਭੇਵ ਆਪ ਖੁਲ੍ਹਾਇਆ, ਕਾਗਦ ਕਲਮ ਕੋਈ ਲਿਖ ਨਾ ਸਕੇ ਰਾਏ। ਲੇਖਾ ਹੱਥ ਨਾ ਕਿਸੇ ਫੜਾਇਆ, ਤਖ਼ਤ ਨਿਵਾਸੀ ਸਚਖੰਡ ਦੁਆਰੇ ਡੇਰਾ ਲਾਏ। ਲੱਖ ਚੁਰਾਸੀ ਜੀਵ ਉਪਾਇਆ, ਹੰ ਬ੍ਰਹਮ ਅੰਦਰ ਬੰਦ ਕਰਾਏ। ਪਾਰਬ੍ਰਹਮ ਬ੍ਰਹਮ ਮੇਲ ਮਿਲਾਇਆ, ਨਿਰਗੁਣ ਸਰਗੁਣ ਵੇਖ ਵਖਾਏ। ਸੁਹਾਗੀ ਛੰਦ ਏਕਾ ਗਾਇਆ, ਆਪ ਆਪਣਾ ਲਏ ਉਪਜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਸੋਭਾਵੰਤ, ਹਰਿ ਜੂ ਬੈਠਾ ਸਾਚਾ ਕੰਤ, ਘਰ ਸਾਚੇ ਡੇਰਾ ਲਾਏ। ਦਰਗਹਿ ਸਾਚੀ ਹਰਿ ਪਰਧਾਨਾ, ਦੂਸਰ ਹੋਰ ਨਾ ਕੋਇ ਵਖਾਇੰਦਾ। ਸਤਿ ਪੁਰਖ ਨਿਰੰਜਣ ਨੌਜਵਾਨਾ, ਏਕਾ ਰੰਗ ਰੰਗਾਇੰਦਾ। ਏਕਾ ਵਸੇ ਸਚ ਮਕਾਨਾ, ਥਿਰ ਘਰ ਸਾਚੇ ਸੋਭਾ ਪਾਇੰਦਾ। ਆਪੇ ਗੋਪੀ ਆਪੇ ਕਾਹਨਾ, ਆਪੇ ਆਪਣਾ ਸੰਗ ਨਿਭਾਇੰਦਾ। ਆਪੇ ਮੰਨੇ ਆਪਣਾ ਭਾਣਾ, ਹਰਿ ਭਾਣੇ ਸਦ ਸਮਾਇੰਦਾ। ਆਪੇ ਗਾਏ ਆਪਣਾ ਗਾਣਾ, ਰਾਗ ਅਨਾਦੀ ਆਪ ਸੁਣਾਇੰਦਾ। ਆਪੇ ਪਹਿਨੇ ਜੋਤੀ ਜਾਮਾ, ਨਿਰਗੁਣ ਆਪਣਾ ਰੂਪ ਪ੍ਰਗਟਾਇੰਦਾ।  ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬ੍ਰਹਮੇ ਦੇਵੇ ਮਾਣਾ, ਵਿਸ਼ਨ ਸ਼ਿਵ ਆਪ ਆਪਣੇ ਰੰਗ ਰੰਗਾਇੰਦਾ। ਏਕੰਕਾਰਾ ਖੇਲ ਅਵੱਲਾ, ਹਰਿ ਸਾਚਾ ਸਚ ਕਰਾਈਆ। ਆਪੇ ਵਸਿਆ ਸਚ ਮਹੱਲਾ, ਥਿਰ ਘਰ ਬੈਠਾ ਜੋਤ ਜਗਾਈਆ। ਆਪੇ ਜੋਤੀ ਸ਼ਬਦੀ ਰਲਾ, ਨਿਰਗੁਣ ਆਪਣੀ ਧਾਰ ਬੰਧਾਈਆ। ਆਪੇ ਸਚ ਸੁਨੇਹੁੜਾ ਏਕਾ ਘੱਲਾ, ਹੁਕਮੀ ਹੁਕਮ ਆਪ ਸੁਣਾਈਆ। ਆਪੇ ਬ੍ਰਹਮੇ ਫੜਾਇਆ ਆਪਣਾ ਪੱਲਾ, ਆਪ ਆਪਣੇ ਲੜ ਬੰਧਾਈਆ। ਆਪੇ ਵਸਿਆ ਜਲਾਂ ਥਲਾਂ, ਜਲ ਥਲ ਮਹੀਅਲ ਡੇਰਾ ਲਾਈਆ। ਆਪੇ ਲੇਖਾ ਜਾਣੇ ਜੰਗਲ ਜੂਹ ਉਜਾੜ ਪਹਾੜ  ਡੂੰਘੀ ਡੱਲਾ, ਧਰਨੀ ਧਰਤ ਧਵਲ ਆਪ ਵਡਿਆਈਆ । ਆਪੇ ਬੈਠਾ ਰਹੇ ਇਕ ਇਕੱਲਾ, ਨਿਰਗੁਣ ਆਪਣੀ ਜੋਤ ਕਰ ਰੁਸ਼ਨਾਈਆ। ਆਪੇ ਵਸੇ ਨਿਹਚਲ ਧਾਮ ਅਟੱਲਾ, ਮਹੱਲ ਅਟੱਲ ਸੋਭਾ ਪਾਈਆ। ਆਪੇ ਕਰੇ ਕਰਾਏ ਆਪਣਾ ਵਲ ਛਲਾ, ਅਛਲ ਛਲਧਾਰੀ ਵਡ ਸਿਕਦਾਰੀ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਲੇਖਾ ਜਾਣੇ ਚਾਰੇ ਵੇਦ, ਸਾਚੀ ਕਿਰਪਾ ਆਪ ਕਰਾਈਆ। ਚਾਰੇ ਵੇਦ ਸਾਚੀ ਸਿਖਿਆ, ਪ੍ਰਭ ਅਬਿਨਾਸ਼ੀ ਕਰਤਾ ਆਪ ਜਣਾਈਆ। ਚਾਰ ਜੁਗ ਮੰਗਣ ਭਿਖਿਆ, ਅੱਗੇ ਬੈਠੇ ਝੋਲੀ ਡਾਹੀਆ। ਸ੍ਰਿਸ਼ਟ ਸਬਾਈ ਦੀਸੇ ਮਿਥਿਆ, ਥਿਰ ਕੋਇ ਰਹਿਣ ਨਾ ਪਾਈਆ। ਏਕੰਕਾਰਾ ਏਕਾ ਏਕ ਜਿਸ ਜਨ ਪੇਖਿਆ, ਕਾਲ ਮਹਾਂਕਾਲ ਨੇੜ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਵਰ ਦਾਤਾ ਆਪ ਅਖਵਾਇੰਦਾ। ਵਰ ਦਾਤਾ ਸ਼ਬਦ ਭੰਡਾਰੀ, ਏਕਾ ਏਕੰਕਾਰਿਆ। ਨਿਰਗੁਣ ਜੋਤ ਨੂਰ ਉਜਿਆਰੀ, ਨੂਰੋ ਨੂਰ ਉਪਜਾ ਰਿਹਾ। ਆਦਿ ਜੁਗਾਦੀ ਖੇਲ ਨਿਆਰੀ, ਖ਼ਾਲਕ ਖ਼ਲਕ ਵਿਚ  ਖਿਲਾ ਰਿਹਾ। ਜੁਗਾ ਜੁਗੰਤਰ ਸਾਂਝਾ ਯਾਰੀ, ਆਪ ਆਪਣਾ ਰੂਪ ਵਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰੇ ਵੇਦਾਂ ਲੇਖਾ ਲਿਖ, ਬ੍ਰਹਮੇ ਦੇਵੇ ਏਕਾ ਸਿਖ, ਸਾਚੀ ਸਿਖਿਆ ਸਿਖ ਸਮਝਾ ਰਿਹਾ। ਬ੍ਰਹਮਾ ਲਿਖ ਲਿਖ ਵੇਦ ਚਾਰ, ਅੱਗੇ ਕੂਕੇ ਦਏ ਦੁਹਾਈਆ । ਸੋ ਪੁਰਖ ਨਿਰੰਜਣ ਤੇਰੀ ਕੋਇ ਨਾ ਪਾਏ ਸਾਰ, ਤੇਰਾ ਲੇਖਾ ਲਿਖਤ ਵਿਚ ਨਾ ਆਈਆ। ਤੂੰ ਦਾਤਾ ਦਾਤਾਰ ਸਿਰਜਣਹਾਰ, ਤੇਰੀ ਮਹਿਮਾ ਗਣਤ ਗਣੀ ਨਾ ਜਾਈਆ । ਸੇਵਕ ਸੇਵਾ ਕਰੇ ਵਿਚ ਸੰਸਾਰ, ਸਾਚੀ ਸੇਵਾ ਜੋ ਲਗਾਈਆ। ਵੇਲਾ ਅੰਤਮ ਮੇਲਾ ਹੋਏ ਪੁਰਖ ਭਤਾਰ, ਨਾਰੀ ਕੰਤ ਲਏ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਸ਼ਬਦ ਕਰੇ ਜਣਾਈਆ। ਬ੍ਰਹਮੇ ਹਰਿ ਹਰਿ ਸ਼ਬਦ ਜਣਾਇਆ, ਆਤਮ ਬ੍ਰਹਮ ਸਮਝਾਇੰਦਾ। ਨੌ ਸੌ ਚੁਰਾਨਵੇ ਚੌਕੜੀ ਜੁਗ ਤੇਰੀ ਸੇਵਾ ਲਾਇਆ, ਜੀਵ ਜੰਤ ਤੇਰੇ ਨਾਲ ਪਰਨਾਇੰਦਾ। ਤੇਰਾ ਰੂਪ ਬ੍ਰਹਮ ਦਰਸਾਇਆ, ਹੰ ਬ੍ਰਹਮ ਆਪ ਉਪਜਾਇੰਦਾ। ਤੇਰਾ ਸਗਲਾ ਸੰਗ ਨਿਭਾਇਆ, ਵਿਸ਼ਨੂੰ ਸਿਰ ਸਿਰ ਰਿਜ਼ਕ ਸਬਾਇੰਦਾ। ਸ਼ੰਕਰ ਲੇਖਾ ਦਏ ਮੁਕਾਇਆ, ਜੋ ਘੜਿਆ ਸੋ ਭੰਨ ਵਖਾਇੰਦਾ। ਚਾਰ ਜੁਗ ਗੇੜਾ ਆਪ ਚਲਾਇਆ, ਗੇੜਾ ਗੇੜੇ ਵਿਚ ਰਖਾਇੰਦਾ। ਨੌਂ ਨੌਂ ਚਾਰ ਪ੍ਰਭ ਸਾਚਾ ਵੇਖ ਵਖਾਇਆ, ਸਾਚੇ ਤਖ਼ਤ ਡੇਰਾ ਲਾਇੰਦਾ। ਚਾਰੇ ਖਾਣੀ ਭੇਵ ਨਾ ਰਾਇਆ, ਭੇਵ ਅਭੇਦਾ ਆਪ ਛੁਪਾਇੰਦਾ। ਸਰਗੁਣ ਰੂਪ ਆਪ ਪ੍ਰਗਟਾਇਆ, ਲੋਕਮਾਤ ਵੇਖ ਵਖਾਇੰਦਾ। ਆਪਣੀ ਧਾਰਾ ਆਪ ਚਲਾਇਆ, ਆਪ ਆਪਣਾ ਖੇਲ ਖਿਲਾਇੰਦਾ। ਬੇਅੰਤ ਬੇਅੰਤ ਆਪਣਾ ਨਾਉਂ ਉਪਜਾਇਆ, ਸਾਧ ਸੰਤ ਸਭ ਰਸਨਾ ਗਾਇੰਦਾ। ਰਵ ਸਸ ਰਾਹ ਰਹੇ ਤਕਾਇਆ, ਮੰਡਲ ਮੰਡਪ ਵੇਖ ਵਖਾਇੰਦਾ। ਤੇਰਾ ਗੇੜਾ ਨਾ ਕੋਇ ਚੁਕਾਇਆ, ਬਿਨ ਹਰਿ ਮੇਲ ਨਾ ਕੋਇ ਮਿਲਾਇੰਦਾ। ਨੌ ਨੌ ਚਾਰ ਜੁਗ ਵਕਤ ਦਏ ਚੁਕਾਇਆ, ਆਪ ਆਪਣੀ ਖੇਲ ਖਿਲਾਇੰਦਾ। ਪੰਜ ਤਤ ਨਾ ਕੋਇ ਰੂਪ ਵਟਾਇਆ, ਕਾਇਆ ਬੰਕ ਨਾ ਕੋਇ ਸੁਹਾਇੰਦਾ। ਨਿਰਗੁਣ ਜੋਤ ਨੂਰ ਕਰੇ ਰੁਸ਼ਨਾਇਆ, ਨਿਰਗੁਣ ਆਪਣਾ ਵੇਸ ਵਟਾਇੰਦਾ। ਨਿਹਕਲੰਕੀ ਜਾਮਾ ਇਕ ਰਖਾਇਆ, ਮਾਤ ਪਿਤ ਨਾ ਕੋਇ ਬਣਾਇੰਦਾ। ਭੈਣਾ ਭੱਯਾ ਨਾ ਕੋਇ ਰਖਾਇਆ, ਸਾਕ ਸੈਣ ਨਾ ਵੇਖ ਵਖਾਇੰਦਾ। ਧਰਤ ਧਵਲ ਕਿਸੇ ਦਿਸ ਨਾ ਆਇਆ, ਆਕਾਸ਼ ਪ੍ਰਕਾਸ਼ ਨਾ ਕੋਇ ਜਣਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਵੇਲਾ ਅੰਤਮ ਦਏ ਵਖਾਇਆ, ਆਪ ਆਪਣਾ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਤਖ਼ਤ ਤਖ਼ਤ ਸੁਲਤਾਨਾਂ, ਆਪੇ ਬੈਠਾ ਵਾਲੀ ਦੋ ਜਹਾਨਾਂ, ਸਚਖੰਡ ਵੇਖੇ ਮਾਰ ਧਿਆਨਾ, ਲੋਆਂ ਪੁਰੀਆਂ ਵੇਖ ਵਖਾਇੰਦਾ। ਬ੍ਰਹਿਮੰਡ ਖੰਡ ਗਗਨ ਗਗਨੰਤਰ, ਲੋਆਂ ਪੁਰੀਆਂ ਵੇਖਣਹਾਰਾ ਏਕਾ ਏਕੰਕਾਰਿਆ। ਜੁਗਾ ਜੁਗੰਤਰ ਲਏ ਅਵਤਾਰਾ, ਨਿਰਗੁਣ ਸਰਗੁਣ ਰੂਪ ਵਟਾ ਰਿਹਾ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਿਨਾਰਾ, ਕਲਜੁਗ ਅੰਤਮ ਆਈ ਵਾਰਾ, ਖਾਣੀ ਬਾਣੀ ਕਰੇ ਵਿਚਾਰਾ, ਤਤ ਵਿਰੋਲੇ ਸਿਰਜਣਹਾਰਿਆ। ਸਾਧਾਂ ਸੰਤਾਂ ਪਾਵੇ ਸਾਰਾ, ਆਤਮ ਅੰਤਰ ਬ੍ਰਹਮ ਪਾਰਬ੍ਰਹਮ ਖੇਲ ਨਿਆਰਿਆ। ਚਾਰੇ ਵੇਦਾਂ ਦਏ ਹੁਲਾਰਾ, ਪੁਰਾਨ ਅਠਾਰਾਂ ਖੋਜ ਖੁਜਾ ਰਿਹਾ। ਸਿਮਰਤ ਸ਼ਾਸਤਰ ਕਰੇ ਵਿਚਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਵਟਾ ਰਿਹਾ। ਰੂਪ ਵਟੰਦੜਾ ਹਰਿ ਭਗਵਾਨਾ, ਮਹਿਮਾ ਕਥ ਕਥੀ ਨਾ ਜਾਈਆ। ਖੇਲ ਖਲੰਦੜਾ ਦੋ ਜਹਾਨਾਂ, ਲੋਕਮਾਤ ਕਰੇ ਰੁਸ਼ਨਾਈਆ। ਪਰਗਟ ਹੋ ਸ੍ਰੀ ਭਗਵਾਨਾ, ਘਰ ਸਾਚਾ ਵੇਖ ਵਖਾਈਆ। ਨੌ ਖੰਡ ਪ੍ਰਿਥਮੀ ਵੇਖੇ ਮਾਰ ਧਿਆਨਾ, ਸੱਤਾਂ ਦੀਪਾਂ ਪਰਦਾ ਲਾਹੀਆ। ਚੌਦਾਂ ਵਿਦਿਆ ਵੇਖੇ ਜਗਤ ਗਿਆਨਾ, ਲੱਖ ਚੁਰਾਸੀ ਮਾਤ ਪੜ੍ਹਾਈਆ। ਰਾਮ ਰਮੱਯਾ ਖੇਲ ਮਹਾਨਾ, ਸੀਤਾ ਸੁਰਤੀ ਕਵਣ ਪਰਨਾਈਆ। ਲੇਖਾ ਜਾਣੇ ਗੋਪੀ ਕਾਹਨਾ, ਨਾਮ ਬੰਸਰੀ ਇਕ ਵਜਾਈਆ। ਈਸਾ ਮੂਸਾ ਵੇਖ ਨਿਸ਼ਾਨਾ, ਕਾਲਾ ਸੂਸਾ ਇਕ ਛੁਹਾਈਆ। ਸੰਗ ਮੁਹੰਮਦ ਜਗਤ ਤਰਾਨਾ, ਚਾਰ ਯਾਰੀ ਨਾਲ ਗਾਈਆ। ਅੱਲਾ ਰਾਣੀ ਖੇਲ ਮਹਾਨਾ, ਐਨਲਹੱਕ ਵੱਜੀ ਵਧਾਈਆ। ਹਕੀਰ ਫ਼ਕੀਰ ਸ਼ਾਹ ਵੇਖੇ ਵਿਚ ਜਹਾਨਾਂ, ਪੀਰ ਦਸਤਗੀਰ ਖੋਜ ਖੁਜਾਈਆ। ਆਲਮ ਉਲਮਾ ਕਰੇ ਧਿਆਨਾ, ਆਲਮਗੀਰ ਬੇਪਰਵਾਹੀਆ। ਜਗਤ ਜੰਜ਼ੀਰ ਇਕ ਵਖਾਣਾ, ਤਕਦੀਰ ਤਕਸੀਰ ਵਿਚ ਬੰਧਾਈਆ। ਲੇਖਾ ਜਾਣੇ ਸ਼ਾਹ ਸੁਲਤਾਨਾ, ਰਾਜ ਰਾਜਾਨਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ, ਆਦਿ ਜੁਗਾਦਿ ਵੱਡੀ ਵਡਿਆਈਆ। ਸੰਗ ਮੁਹੰਮਦ ਚਾਰ ਯਾਰ, ਉਮਤ ਉਮਤੀ ਵੇਖ ਵਖਾਇੰਦਾ। ਨਬੀ ਰਸੂਲਾਂ ਪਾਵੇ ਸਾਰ, ਨੌਬਤ ਆਪਣੀ ਆਪ ਵਜਾਇੰਦਾ। ਕਾਇਆ ਕਾਅਬਾ ਵੇਖ ਕਿਵਾੜ, ਦੋ ਦੋਆਬਾ ਮੇਲ ਮਿਲਾਇੰਦਾ। ਲੇਖਾ ਜਾਣੇ ਪੰਚਮ ਝੂਠੀ ਧਾੜ, ਪੰਜ ਸ਼ੈਤਾਨਾ ਆਪ ਮਿਟਾਇੰਦਾ। ਪੰਚਮ ਤਰਾਨਾ ਗਾਏ ਵਾਰੋ ਵਾਰ, ਲਾਸ਼ਰੀਕ ਖੇਲ ਖਿਲਾਇੰਦਾ। ਸਾਚਾ ਗਾਨਾਂ ਕਰ ਤਿਆਰ, ਮਹਿੰਦੀ ਮੌਲੀ ਨਾਮ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਖੇਲ ਵਿਚ ਸੰਸਾਰ, ਖੇਲਣਹਾਰ ਆਪ ਖਲਾਇੰਦਾ। ਖੇਲ ਅਵੱਲਾ ਹਰਿ ਕਰਾਇਆ, ਭੇਵ ਕੋਇ ਨਾ ਪਾਇੰਦਾ। ਨਿਰਗੁਣ ਜੋਤੀ ਜੋਤ ਜਗਾਇਆ, ਨਾਨਕ ਨਿਰਗੁਣ ਆਪ ਉਠਾਇੰਦਾ। ਨਾਮ ਸਤਿ ਮੰਤਰ ਇਕ ਦ੍ਰਿੜਾਇਆ, ਚਾਰ ਵਰਨਾਂ ਆਪ ਉਠਾਇੰਦਾ। ਗ਼ਰੀਬ ਨਿਮਾਣਿਆਂ ਗਲੇ ਲਗਾਇਆ। ਹਉਮੇ ਗੜ੍ਹ ਤੁੜਾਇੰਦਾ। ਉਚੀ ਕੂਕੇ ਦਏ ਦੁਹਾਇਆ, ਸ੍ਰਿਸ਼ਟ ਸਬਾਈ ਆਪ ਸੁਣਾਇੰਦਾ । ਏਕਾ ਅੱਖਰ ਜਗਤ ਪੜ੍ਹਾਇਆ, ਗੁਰ ਗੁਰ ਬਾਣੀ ਨਾਉਂ ਵਖਾਇੰਦਾ। ਏਕਾ ਗੁਰ ਗੁਰ ਲਏ ਪ੍ਰਗਟਾਇਆ, ਜੋਤੀ ਜੋਤ ਜੋਤ ਜਗਾਇੰਦਾ। ਗੁਰ ਅਰਜਨ ਸੇਵਾ ਸਾਚੀ ਲਾਇਆ, ਸਾਚਾ ਸੰਗ ਨਿਭਾਇੰਦਾ। ਏਕਾ ਜੋਤੀ ਨੂਰ ਕਰ ਰੁਸ਼ਨਾਇਆ, ਗੋਬਿੰਦ ਮੇਲਾ ਮੇਲ ਮਿਲਾਇੰਦਾ। ਪੰਚਮ ਮੇਲਾ ਮੇਲ ਮਿਲਾਇਆ, ਸਾਚੀ ਸੀਸ ਦਸਤਾਰ ਬੰਧਾਇੰਦਾ। ਅੰਮ੍ਰਿਤ਼ ਸਾਚਾ ਜਾਮ ਪਿਆਇਆ, ਏਕਾ ਖੰਡਾ ਵਿਚ ਫਿਰਾਇੰਦਾ। ਕਾਗੋਂ ਹੰਸ ਦਏ ਬਣਾਇਆ, ਸੂਰਬੀਰ ਵਡ ਵਡਿਆਇੰਦਾ। ਚਾਰ ਵਰਨਾਂ ਏਕਾ ਗੋਦ ਬਹਾਇਆ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਪੰਧ ਮੁਕਾਇੰਦਾ। ਮਿੱਠਾ ਰਸ ਏਕਾ ਪਾਇਆ, ਏਕਾ ਜਾਮ ਹੱਥ ਉਠਾਇੰਦਾ। ਆਪ ਆਪਣਾ ਵਾਰ ਵਖਾਇਆ, ਸਾਚੀ ਸੇਵਾ ਸੇਵ ਕਮਾਇੰਦਾ। ਅੰਤਮ ਵੇਲੇ ਗਿਆ ਸੁਣਾਇਆ, ਪੁਰਖ ਅਬਿਨਾਸ਼ੀ ਸ਼ਬਦ ਜਣਾਇੰਦਾ। ਕਲਜੁਗ ਅੰਤਮ ਹੋਏ ਰੁਸ਼ਨਾਇਆ, ਜਗਤ ਅੰਧੇਰਾ ਆਪ ਮਿਟਾਇੰਦਾ। ਨਿਹਕਲੰਕ ਕਲ ਹਰਿ ਰੂਪ ਵਟਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸਾਚੇ ਘਰ, ਘਰ ਸਾਚਾ ਇਕ ਵਡਿਆਇਆ। ਘਰ ਸਾਚਾ ਹਰਿ ਹਰਿ ਸੁਹਾਇੰਦਾ, ਥਿਰ ਘਰ ਸੱਚਾ ਦਰਬਾਰ। ਚਾਰ ਦੀਵਾਰ ਨਾ ਕੋਇ ਬਣਾਇੰਦਾ, ਛੱਪਰ ਛੰਨ ਨਾ ਕੋਇ ਵਿਚਾਰ। ਨਾ ਕੋਈ ਬਾਢੀ ਨਾਲ ਰਲਾਇੰਦਾ, ਘਾੜਣ ਘੜੇ ਨਾ ਵਿਚ ਸੰਸਾਰ। ਸਚ ਸਮਾਧੀ ਆਪੇ ਲਾਇੰਦਾ, ਬੋਧ ਅਗਾਧੀ ਸ਼ਬਦ ਜੈਕਾਰ। ਵਿਸਮਾਦੀ ਰੂਪ ਸਮਾਇੰਦਾ, ਇਕ ਇਕੱਲਾ ਏਕੰਕਾਰ। ਮੁਲਾਂ ਸ਼ੇਖ਼ ਮੁਸਾਇਕ ਭੇਵ ਨਾ ਪਾਇੰਦਾ, ਸਚ ਮਿਹਰਬਾਨਾ ਪਾਵੇ ਸਾਰ। ਸਾਚਾ ਹਾਜੀ ਹੱਜ ਨਾ ਕੋਇ ਵਖਾਇੰਦਾ, ਮੱਕਾ ਕਾਇਆ ਕਾਅਬਾ ਨਾ ਕੋਈ ਪਾਵੇ ਸਾਰ। ਪੰਜ ਗਾਜ਼ੀ ਨਾ ਕੋਇ ਮਿਟਾਇੰਦਾ, ਕਾਮ ਕਰੋਧ ਲੋਭ ਮੋਹ ਹੰਕਾਰ। ਸਾਚੇ ਤਾਜੀ ਨਾ ਕੋਇ ਚੜ੍ਹਾਇੰਦਾ, ਮਿਲੇ ਮੇਲ ਨਾ ਸ਼ਾਹਸਵਾਰ। ਸਾਚਾ ਨਿਮਾਜ਼ੀ ਨਜ਼ਰ ਨਾ ਆਇੰਦਾ, ਪੰਜੇ ਵਕਤ ਹੋਏ ਖ਼ੁਆਰ। ਧੁਰ ਦੀ ਆਵਾਜ਼ ਸਾਚੇ ਹੁਜ਼ਰੇ ਨਾ ਕੋਇ ਲਗਾਇੰਦਾ, ਜਗਤ ਮਹਿਰਾਬ ਨਾ ਮਾਰੇ ਨਾਅਰ। ਨੂਰੋ ਨੂਰ ਜ਼ਾਹਰ ਜ਼ਹੂਰ ਦਰਸ ਨਾ ਕੋਇ ਵਖਾਇੰਦਾ, ਕੋਹਤੂਰ ਰਾਹ ਤੱਕਣ ਸਾਚੇ ਯਾਰ। ਆਸਾ ਪੂਰ ਨਾ ਕੋਇ ਕਰਾਇੰਦਾ, ਅੱਲਾ ਰਾਣੀ ਰੋਵੇ ਜ਼ਾਰੋ ਜ਼ਾਰ। ਗੁਰ ਗੋਬਿੰਦ ਤੇਰਾ ਲੇਖਾ ਲਿਖਿਆ ਨਾ ਕੋਇ ਮਿਟਾਇੰਦਾ, ਕਲਜੁਗ ਅੰਤਮ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ। ਨੌ ਖੰਡ ਪ੍ਰਿਥਮੀ ਸਾਚੀ ਸਿਖਿਆ ਇਕ ਸਮਝਾਇੰਦਾ, ਸੋ ਪੁਰਖ ਨਿਰੰਜਣ ਮੀਤ ਮੁਰਾਰ। ਹੰ ਬ੍ਰਹਮ ਮੇਲ ਮਿਲਾਇੰਦਾ, ਸ਼ਬਦੀ ਸੁਰਤ ਕਰ ਪਿਆਰ। ਡੂੰਘੀ ਕੰਦਰ ਫੋਲ ਫੁਲਾਇੰਦਾ, ਸੁਖਮਨ ਵੇਖੇ ਡੂੰਘੀ ਗਾਰ। ਤਰਬੈਣੀ ਨੈਣੀ ਪੰਧ ਚੁਕਾਇੰਦਾ, ਸਰ ਸਰੋਵਰ ਦਏ ਨੁਹਾਲ। ਕਾਗੋਂ ਹੰਸ ਆਪ ਕਰਾਇੰਦਾ, ਸੋਹੰ ਮੋਤੀ ਚੋਗ ਡਾਰ। ਹੰਸਾ ਰੂਪ ਆਪ ਵਟਾਇੰਦਾ, ਨਿਰਗੁਣ ਸਰਗੁਣ ਆਪਣੇ ਰੰਗ ਰਵੇ ਕਰਤਾਰ। ਸਾਚੀ ਸਰਸਾ ਆਪ ਨੁਹਾਇੰਦਾ, ਨੀਲੇ ਵਾਲਾ ਹੋ ਉਜਿਆਰ। ਗੁਰਮੁਖਾਂ ਉਪਰ ਤਰਸ ਕਮਾਇੰਦਾ, ਫੜ ਫੜ ਬਾਹੋਂ ਜਾਏ ਤਾਰ। ਕਲਜੁਗ ਤ੍ਰਿਸ਼ਨਾ ਹਰਸ ਮਿਟਾਇੰਦਾ, ਦੇਵੇ ਨਾਮ ਸ਼ਬਦ ਆਧਾਰ। ਅੰਮ੍ਰਿਤ ਮੇਘ ਇਕ ਬਰਸਾਇੰਦਾ, ਕਰੋੜ ਛਿਆਨਵੇਂ ਹੋਏ ਖ਼ੁਆਰ। ਘਰ ਸਾਚਾ ਇਕ ਵਖਾਇੰਦਾ, ਦਸਮ ਦਵਾਰੀ ਖੋਲ੍ਹ ਕਿਵਾੜ। ਬਜ਼ਰ ਕਪਾਟੀ ਤੋੜ ਤੁੜਾਵੰਦਾ, ਏਕਾ ਧੱਕਾ ਦੇਵੇ ਮਾਰ। ਲੱਖ ਚੁਰਾਸੀ ਫੰਦ ਕਟਾਵੰਦਾ, ਸਿਰ ਹੱਥ ਰੱਖ ਨਿਰੰਕਾਰ। ਸਾਚੀ ਦਰਗਹਿ ਆਪ ਬਹਾਵੰਦਾ, ਜੋਤੀ ਜੋਤ ਕਰ ਉਜਿਆਰ। ਕਲਜੁਗ ਕੂੜਾ ਪੰਧ ਮੁਕਾਵੰਦਾ, ਥਿਰ ਰਹੇ ਨਾ ਵਿਚ ਸੰਸਾਰ। ਲੱਖ ਚੁਰਾਸੀ ਭਾਂਡਾ ਭੰਨ ਵਖਾਵੰਦਾ, ਭੰਨਣਹਾਰ ਆਪ ਠਠਿਆਰ। ਬ੍ਰਹਮਾ ਵਿਸ਼ਨ ਸ਼ਿਵ ਸਰਬ ਕੁਰਲਾਵੰਦਾ, ਵੇਲਾ ਅੰਤਮ ਆਈ ਹਾਰ। ਕਰੋੜ ਤੇਤੀਸ ਨਾ ਧੀਰ ਧਰਾਵੰਦਾ, ਸੁਰਪਤ ਰੋਵੇ ਜ਼ਾਰੋ ਜ਼ਾਰ। ਸਾਧਾਂ ਸੰਤਾਂ ਏਕਾ ਰਾਹ ਵਖਾਵੰਦਾ, ਪੁਰਖ ਅਕਾਲ ਸੱਚੀ ਸਰਕਾਰ। ਸਾਚਾ ਢੋਲਾ ਏਕਾ ਗਾਵੰਦਾ, ਤੋਲਾ ਬਣ ਆਪ ਨਿਰੰਕਾਰ। ਆਪਣਾ ਚੋਲਾ ਆਪ ਬਦਲਾਵੰਦਾ, ਜੋਤੀ ਜਾਮਾ ਭੇਖ ਅਪਾਰ। ਸਾਚਾ ਸੋਹਲਾ ਏਕਾ ਗਾਵੰਦਾ, ਹਿੰਦੂ ਮੁਸਲਮ ਸਿਖ ਈਸਾਈ ਦਏ ਆਧਾਰ। ਕਲਜੁਗ ਝੂਠਾ ਰੌਲਾ ਐਵੇਂ ਪਾਵੰਦਾ, ਅੰਤ ਨਿਭੇ ਨਾ ਕੋਇ ਨਾਲ। ਰਾਏ ਧਰਮ ਨਾਲ ਉਠਾਲਦਾ, ਚਾਰ ਜੁਗ ਜੋ ਘਾਲਣ ਰਿਹਾ ਘਾਲ। ਚਿਤਰ ਗੁਪਤ ਹਿਸਾਬ ਵਖਾਲਦਾ, ਹੱਥ ਫੜ ਨਾਮ ਮਸਾਲ। ਲਾੜੀ ਮੌਤ ਆਪ ਸ਼ਿੰਗਾਰਦਾ, ਘਰ ਘਰ ਵੇਖੇ ਸ਼ਾਹ ਕੰਗਾਲ। ਗੁਰਮੁਖਾਂ ਉਤੋਂ ਆਪ ਆਪਣਾ ਆਪੇ ਵਾਰਦਾ, ਵੇਲੇ ਅੰਤ ਬਣੇ ਦਲਾਲ। ਦਰਗਹਿ ਸਾਚੀ ਆਪੇ ਵਾੜਦਾ, ਨੇੜ ਨਾ ਆਏ ਮਾਇਆ ਕਾਲ। ਆਪੇ ਤੋੜੇ ਗੜ੍ਹ ਹੰਕਾਰ ਦਾ, ਨਾਤਾ ਛੁੱਟੇ ਜਗਤ ਜੰਜਾਲ। ਮਨਮੁਖ ਤ੍ਰੈਗੁਣ ਅਗਨੀ ਆਪੇ ਸਾੜਦਾ, ਵੇਲੇ ਅੰਤ ਨਾ ਸਕੇ ਕੋਇ ਸੰਭਾਲ। ਲੇਖਾ ਰੱਖਿਆ ਆਪਣੇ ਹੱਥ ਮਹੀਨਾ ਹਾੜ ਦਾ, ਪੁਰਖ ਅਬਿਨਾਸ਼ੀ ਖੇਲ ਨਿਰਾਲ। ਹਰਿਜਨ ਸਾਚੀ ਘੋੜੀ ਚਾੜ੍ਹਦਾ, ਗੁਰ ਗੋਬਿੰਦ ਹਰਿ ਗੋਪਾਲ। ਕਲਜੁਗ ਜੀਵਾਂ ਬਹੱਤਰ ਨਾੜੀ ਦਿਸਦਾ ਘਰ ਉਜਾੜਦਾ, ਨਾ ਕੋਈ ਸਕੇ ਸੁਰਤ ਸੰਭਾਲ। ਸ਼ਬਦ ਗੁਰੂ ਬੈਠਾ ਸਭ ਨੂੰ ਤਾੜਦਾ, ਨਾ ਕੋਈ ਚੌਦਾਂ ਲੋਕ ਝੱਲੇ ਝਾਲ। ਵੇਖੇ ਕਿਨਾਰਾ ਜੰਗਲ ਜੂਹ ਉਜਾੜ ਪਹਾੜ ਦਾ, ਸੱਤ ਸਮੁੰਦਰ ਵੇਖੇ ਡੂੰਘਾ ਤਾਲ। ਨੌ ਖੰਡ ਪ੍ਰਿਥਮੀ ਜੜ੍ਹ ਉਖਾੜਦਾ, ਪਤ ਦਿਸੇ ਨਾ ਕਿਸੇ ਡਾਲ੍ਹ। ਨਿਹਕਲੰਕ ਨਰਾਇਣ ਨਰ ਚੌਥੇ ਜੁਗ ਕਰਮ ਵਿਚਾਰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਚਲੇ ਚਾਲ। ਚਾਲ ਨਿਰਾਲੀ ਜੋਤ ਅਕਾਲੀ, ਕਲਜੁਗ ਅੰਤਮ ਆਪ ਚਲਾਈਆ। ਕਿਸੇ ਨਾ ਦੇਵੇ ਕੋਇ ਦਲਾਲੀ, ਸ੍ਰਿਸ਼ਟ ਸਬਾਈ ਖ਼ਾਲੀ ਹੱਥ ਵਖਾਈਆ। ਬੂਟਾ ਪੁੱਟੇ ਆਪੇ ਮਾਲੀ, ਲੋਕਮਾਤ ਜੋ ਲਿਆ ਲਗਾਈਆ। ਸ਼ਾਹ ਸੁਲਤਾਨਾਂ ਖੀਸੇ ਕਰੇ ਖ਼ਾਲੀ, ਦਰ ਦਰ ਭਿਖਿਆ ਮੰਗਣ ਭਿਖ ਕੋਇ ਨਾ ਪਾਈਆ। ਕਲਜੁਗ ਜੜ ਉਖੇੜੇ ਸਾਚਾ ਹਾਲੀ, ਸੋਹੰ ਤਿਖਾ ਫਾਲਾ ਅੱਗੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਅੰਤ ਬੇਅੰਤ ਬੇਅੰਤ ਬੇਪਰਵਾਹ ਭੇਵ ਨਾ ਰਾਈਆ। ਬੇਪਰਵਾਹ ਸੋ ਪੁਰਖ ਨਿਰੰਜਣ, ਸਰਬ ਜੀਆਂ ਦਾਤਾਰਾ। ਜਿਸ ਜਨ ਨੇਤਰ ਪਾਏ ਨਾਮ ਅੰਞਣ, ਮੇਟ ਮਿਟਾਏ ਅੰਧ ਅੰਧਿਆਰਾ। ਜਨ ਭਗਤਾਂ ਬਣੇ ਸਾਚਾ ਸੱਜਣ, ਲੋਕਮਾਤ ਲਏ ਅਵਤਾਰਾ। ਹਰਿਜਨ ਹਰਿ ਹਰਿ ਪਰਦੇ ਕੱਜਣ, ਏਕਾ ਦੇਵੇ ਨਾਮ ਸਹਾਰਾ। ਕਲਜੁਗ ਕਾਲ ਨਗਾਰੇ ਸਿਰ ਤੇ ਵੱਜਣ, ਸ੍ਰਿਸ਼ਟ ਸਬਾਈ ਧੂਆਂਧਾਰਾ। ਸ਼ਾਹ ਸੁਲਤਾਨ ਤਖ਼ਤ ਤਾਜ ਤੱਜਣ, ਚਾਰੋਂ ਕੁੰਟ ਹਾਹਾਕਾਰਾ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਹਰਿ ਚਰਨ ਦਵਾਰੇ ਬਹਿ ਬਹਿ ਸਜਣ, ਪਾਇਆ ਪੁਰਖ ਅਗੰਮ ਅਪਾਰਾ। ਜਿਸ ਜਨ ਚਰਨ ਧੂੜ ਕਰਾਏ ਮਜਨ, ਅਠਸਠ ਤੀਰਥ ਉਤਰੇ ਪਾਰ ਕਿਨਾਰਾ। ਪੀ ਪੀ ਅੰਮ੍ਰਿਤ ਗੁਰਮੁਖ ਰੱਜਣ, ਨਿਝਰ ਝਿਰੇ ਸਾਚੀ ਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਖੇਲ ਕਰ, ਆਪਣੀ ਕਲ ਵਰਤੇ ਸੰਸਾਰਾ। ਕਲ ਵਰਤੇ ਹਰਿ ਕਲਵੰਤ, ਕਲ ਕਾਲਖ ਟਿੱਕਾ ਦਏ ਮਿਟਾਈਆ। ਗੁਰਮੁਖ ਉਭਾਰੇ ਸਾਚੇ ਸੰਤ, ਲੱਖ ਚੁਰਾਸੀ ਵਿਚੋਂ ਲਏ ਉਠਾਈਆ। ਏਕਾ ਸ਼ਬਦ ਕਰਾਏ ਮਣੀਆ ਮੰਤ, ਮਨ ਮਨੂਆ ਲਏ ਬੰਧਾਈਆ। ਸੁਰਤ ਸਵਾਣੀ ਮੇਲਾ ਹਰਿ ਹਰਿ ਕੰਤ, ਗੁਰ ਸ਼ਬਦ ਕਰੇ ਕੁੜਮਾਈਆ। ਲੇਖਾ ਜਾਣੇ ਜੀਵ ਜੰਤ, ਜਾਗਰਤ ਜੋਤ ਇਕ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਮੇਲ ਮਿਲਾਵਾ ਸਹਿਜ ਸੁਭਾਈਆ। ਹਰਿਜਨ ਹਰਿ ਹਰਿ ਮੇਲਿਆ, ਮੇਲਣਹਾਰ ਨਿਰੰਕਾਰ। ਲੇਖਾ ਜਾਣੇ ਗੁਰੂ ਗੁਰ ਚੇਲਿਆ, ਗੁਰ ਚੇਲਾ ਸੋਹਣ ਸਦਾ ਇਕ ਦਵਾਰ। ਪ੍ਰਭ ਪਾਇਆ ਸੱਜਣ ਸੁਹੇਲਿਆ, ਲੱਖ ਚੁਰਾਸੀ ਉਤਰੇ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਉਭਾਰ। ਗੁਰਸਿਖ ਸਾਚਾ ਮਾਣਕ ਮੋਤੀ, ਹੀਰੇ ਰਤਨ ਜੜਤ ਜੜਾਈਆ। ਸਤਿਗੁਰ ਪੂਰਾ ਆਪ ਜਗਾਏ ਨਿਰਗੁਣ ਜੋਤੀ, ਘਰ ਦੀਪਕ ਕਰੇ ਰੁਸ਼ਨਾਈਆ। ਲੱਭਦੇ ਫਿਰਦੇ ਕੋਟਨ ਕੋਟੀ, ਤੀਰਥ ਤੱਟਾਂ ਫੇਰਾ ਪਾਈਆ। ਚਾਰੋਂ ਕੁੰਟ ਫਿਰਨ ਬੰਨ੍ਹ ਲੰਗੋਟੀ, ਚਕਰਵਰਤੀ ਰਹੇ ਅਖਵਾਈਆ। ਕੋਟਨ ਕੋਟ ਛੱਡ ਛੱਡ ਰੋਟੀ, ਅਗਨੀ ਧੂਣੀਆਂ ਰਹੇ ਤਾਈਆ। ਕੋਟਨ ਕੋਟੀ ਤਲ ਤਲ ਬੋਟੀ, ਆਪ ਆਪਣਾ ਰਹੇ ਜਲਾਈਆ। ਬਿਨ ਸਤਿਗੁਰ ਪੂਰੇ ਕੋਇ ਨਾ ਕੱਢੇ ਵਾਸਨਾ ਖੋਟੀ, ਤੀਜਾ ਨੇਤਰ ਨਾ ਕੋਇ ਖੁਲ੍ਹਾਈਆ। ਚੌਥੇ ਪਦ ਨਾ ਚਾੜ੍ਹੇ ਚੋਟੀ, ਚੋਟੀ ਮੁੰਨ ਮੁੰਨ ਬੈਠੇ ਪਾਂਧੀ ਰਾਹੀਆ। ਜਿਸ ਜਨ ਮਿਲੀ ਨਾਮ ਸੋਟੀ, ਪੰਜਾਂ ਚੋਰਾਂ ਦਏ ਹਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਲਏ ਉਠਾਈਆ। ਗੁਰਸਿਖ ਸੱਜਣ ਉਠਿਆ, ਸਤਿਗੁਰ ਪੂਰਾ ਆਪ ਉਠਾਇੰਦਾ। ਗੁਰ ਸਤਿਗੁਰ ਪੂਰਾ ਤੁਠਿਆ, ਦੇ ਦਰਸ ਦਇਆ ਕਮਾਇੰਦਾ। ਪੰਚ ਵਿਕਾਰਾ ਆਪੇ ਕੁਠਿਆ, ਮਾਇਆ ਮਮਤਾ ਮੋਹ ਗਵਾਇੰਦਾ। ਕਲਜੁਗ ਮਾਇਆ ਨਾ ਜਾਏ ਲੁੱਟਿਆ, ਸਾਚਾ ਹੱਟ ਇਕ ਵਖਾਇੰਦਾ। ਅੰਮ੍ਰਿਤ ਜਾਮ ਪਿਆਏ ਘੁੱਟਿਆ, ਦਿਵਸ ਰੈਣ ਖ਼ੁਮਾਰ ਵਖਾਇੰਦਾ। ਪੂਜਾ ਪਾਠ ਲੇਖਾ ਛੁੱਟਿਆ, ਜਿਸ ਜਨ ਆਪਣੀ ਗੋਦ ਬਹਾਇੰਦਾ। ਗੁਰਸਿਖ ਬੂਟਾ ਜਾਏ ਨਾ ਪੁੱਟਿਆ, ਸਤਿਗੁਰ ਪੂਰਾ ਆਪ ਲਗਾਇੰਦਾ। ਸਤਿਗੁਰ ਪੂਰਾ ਕਦੇ ਨਾ ਰੁੱਠਿਆ, ਰੁੱਠੇ ਸਿਖ ਆਪ ਮਨਾਇੰਦਾ। ਫੜ ਫੜ ਬੰਧਾਏ ਏਕਾ ਮੁੱਠਿਆ, ਜ਼ਾਤਾਂ ਪਾਤਾਂ ਮੇਟ ਮਿਟਾਇੰਦਾ। ਤੀਰ ਨਿਰਾਲਾ ਏਕਾ ਛੁੱਟਿਆ, ਬਜ਼ਰ ਕਪਾਟੀ ਤੋੜ ਤੁੜਾਇੰਦਾ। ਦਸ ਮਾਸ ਜੋ ਟੰਗਿਆ ਰਿਹਾ ਪੁੱਠਿਆ, ਅੰਤਮ ਪੰਧ ਮੁਕਾਇੰਦਾ। ਸਚਖੰਡ ਦਵਾਰੇ ਆਪਣੇ ਚਰਨਾਂ ਆਪੇ ਸੁੱਟਿਆ, ਦੂਸਰ ਧਾਮ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਵਰ, ਘਰ ਸਾਚਾ ਵੇਖ ਵਖਾਇੰਦਾ। ਘਰ ਸਾਚਾ ਆਪੇ ਪੇਖਿਆ, ਕਾਇਆ ਮੰਦਰ ਅੰਦਰ ਸਚ ਦਵਾਰ। ਆਪੇ ਲਿਖਿਆ ਸਾਚਾ ਲੇਖਿਆ, ਕਲਮ ਛਾਹੀ ਨਾ ਕਰੇ ਪਿਆਰ। ਸਤਿਗੁਰ ਪੂਰਾ ਨਿਰਗੁਣ ਰੂਪ ਮੁਛ ਦਾੜ੍ਹੀ ਨਾ ਦਿਸੇ ਕੇਸਿਆ, ਮੂੰਡ ਮੁੰਡਾਏ ਨਾ ਵਿਚ ਸੰਸਾਰ। ਆਦਿ ਜੁਗਾਦਿ ਰਹੇ ਹਮੇਸ਼ਿਆ, ਮਰੇ ਨਾ ਜੰਮੇ ਨਿਰਗੁਣ ਧਾਰ। ਆਪੇ ਨਰ ਆਪੇ ਨਰੇਸ਼ਿਆ, ਆਪੇ ਤਖ਼ਤ ਤਾਜ ਸੁਲਤਾਨ ਸਿਕਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਰ, ਗੁਰਮੁਖ ਸਾਚੇ ਕਰ ਪਿਆਰ। ਗੁਰਸਿਖ ਗੁਰ ਗੁਰ ਪਿਆਰਾ ਪਾਇਆ, ਜਗਤ ਜਹਾਨਾ ਨਾਤਾ ਤੋੜ। ਸਤਿਗੁਰ ਗੁਰ ਦਵਾਰਾ ਏਕਾ ਮੰਗਣ ਆਇਆ, ਸਤਿ ਸਰੂਪੀ ਚੜ੍ਹਿਆ ਸਾਚੇ ਘੋੜ। ਕਾਇਆ ਚੋਲੀ ਰੰਗਣ ਆਇਆ, ਚਰਨ ਪ੍ਰੀਤੀ ਨਾਤਾ ਜੋੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵੇਲੇ ਅੰਤਮ ਜਾਏ ਬੌਹੜ। ਵੇਲਾ ਅੰਤਮ ਹਰਿ ਭਗਵੰਤ, ਗੁਰਮੁਖਾਂ ਹੋਏ ਸਹਾਈਆ। ਲੇਖਾ ਜਾਣੇ ਸਾਚੇ ਸੰਤ, ਸਤਿਗੁਰ ਪੂਰੇ ਹੱਥ ਵਡਿਆਈਆ। ਮੇਲ ਮਿਲਾਏ ਨਾਰੀ ਕੰਤ, ਨਿਰਗੁਣ ਸਰਗੁਣ ਸੰਗ ਨਿਭਾਈਆ। ਮਾਣ ਰਖਾਏ ਵਿਚ ਜੀਵ ਜੰਤ, ਲੱਖ ਚੁਰਾਸੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਈਆ। ਹਰਿਜਨ ਹਰਿ ਹਰਿ ਜਾਣਿਆ, ਪਾਰਬ੍ਰਹਮ ਕਰਤਾਰ। ਚਰਨ ਦਵਾਰਾ ਏਕਾ ਮਾਣਿਆ, ਘਰ ਮੇਲਾ ਮੀਤ ਮੁਰਾਰ। ਸਦਾ ਚਲੇ ਚਲਾਏ ਆਪਣੇ ਭਾਣਿਆ, ਹਰਿ ਭਾਣਾ ਵਡ ਬਲਕਾਰ। ਦਰਸ ਦਖਾਏ ਗ਼ਰੀਬ ਨਿਮਾਣਿਆ, ਨਿਮਾਣ ਨਿਮਾਣਿਆਂ ਆਪ ਨਿਰੰਕਾਰ। ਗੜ੍ਹ ਤੋੜੇ ਵਡ ਜਰਵਾਣਿਆਂ, ਸ਼ਾਹ ਸੁਲਤਾਨਾਂ ਕਰ ਖ਼ਵਾਰ। ਇਕ ਸੁਣਾਏ ਸਾਚੀ ਬਾਣੀਆਂ, ਸੋ ਪੁਰਖ ਨਿਰੰਜਣ ਬੋਲ ਜੈਕਾਰ। ਹੰ ਬ੍ਰਹਮ ਪਾਏ ਪਦ ਨਿਰਬਾਣੀਆਂ, ਤ੍ਰੈਗੁਣ ਨਾਤਾ ਤੋੜ ਜਗਤ ਜੰਜਾਲ। ਸੁਣੇ ਸੁਣਾਏ ਅਕਥ ਕਹਾਣੀਆਂ, ਗਾਵਣਹਾਰਾ ਗੁਰ ਗੋਪਾਲ। ਧੁਰ ਲੇਖਾ ਪਏ ਨੀਸਾਣੀਆ, ਗੁਰਮੁਖ ਉਪਜਾਏ ਸਾਚੇ ਲਾਲ। ਅੰਮ੍ਰਿਤ ਬਖ਼ਸ਼ੇ ਠੰਡਾ ਪਾਣੀਆ, ਜੋ ਜਨ ਘਾਲਣ ਰਹੇ ਘਾਲ। ਸ਼ਬਦ ਮਿਲਾਵਾ ਸਾਚੇ ਹਾਣੀਆਂ, ਘਰ ਵੱਜੇ ਅਨਾਦੀ ਤਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਵਸ ਰੈਣ ਕਰੇ ਪ੍ਰਿਤਪਾਲ। ਪ੍ਰਿਤਪਾਲਕ ਵਡ ਸੰਸਾਰੀਆ, ਹਰਿ ਦਾਤਾ ਗਹਿਰ ਗੰਭੀਰ। ਗੁਰਮੁਖ ਮੰਗੇ ਇਕ ਦਲਾਲੀਆ, ਸ਼ਬਦ ਸਰੂਪੀ ਸ਼ਾਹ ਫ਼ਕੀਰ। ਆਪੇ ਚਲੇ ਅਵੱਲੜੀ ਚਾਲੀਆ, ਆਪ ਵਿਰੋਲੇ ਅਠਸਠ ਨੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਚੋਟੀ ਚਾੜ੍ਹੇ ਇਕ ਅਖ਼ੀਰ। ਗੁਰਸਿਖ ਚੋਟੀ ਸਾਚੀ ਚੜ੍ਹਿਆ, ਸਚਖੰਡ ਸਾਚੀ ਧਰਮਸਾਲ। ਨਿਰਗੁਣ ਅੱਖਰ ਏਕਾ ਪੜ੍ਹਿਆ, ਸ਼ਬਦ ਸਰੂਪੀ ਵੱਜੇ ਤਾਲ। ਅਗਨੀ ਹਵਨ ਕਦੇ ਨਾ ਸੜਿਆ, ਫਲ ਲੱਗੇ ਕਾਇਆ ਡਾਲ੍ਹ। ਧਰਮ ਰਾਏ ਅੱਗੇ ਹੋ ਕਿਸੇ ਨਾ ਫੜਿਆ, ਚਿਤਰ ਗੁਪਤ ਲੇਖਾ ਲੇਖ ਨਾ ਸਕੇ ਵਖਾਲ। ਲਾੜੀ ਮੌਤ ਮਸਤਕ ਸੜਿਆ, ਸੰਗ ਹੋ ਨਾ ਪਾਏ ਜੰਜਾਲ। ਦਰਗਹਿ ਸਾਚੀ ਗੁਰਮੁਖ ਵਿਰਲਾ ਚੜ੍ਹਿਆ, ਜਿਸ ਸਤਿਗੁਰ ਪੂਰਾ ਕਰੇ ਸੰਭਾਲ। ਸਿੰਘ ਮਹਿੰਦਰ ਲੜ ਏਕਾ ਫੜਿਆ, ਫੜਾਇਆ ਆਪ ਬਾਪ ਗੋਪਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਘਾਲ ਆਪੇ ਰਿਹਾ ਘਾਲ।