Granth 09 Likhat 092: 2 Visakh 2017 Bikarmi Ajit Singh de Ghar Batala Jila Gurdaspur

੨ ਵਿਸਾਖ ੨੦੧੭ ਬਿਕ੍ਰਮੀ ਅਜੀਤ ਸਿੰਘ ਦੇ ਘਰ ਬਟਾਲਾ ਜ਼ਿਲਾ ਗੁਰਦਾਸ ਪੁਰ

ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨ, ਸ਼ਾਹ ਪਾਤਸ਼ਾਹ ਆਪ ਅਖਵਾਈਆ। ਹਰਿ ਪੁਰਖ ਨਿਰੰਜਣ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਈਆ। ਏਕੰਕਾਰਾ ਵਡ ਮਿਹਰਵਾਨ, ਆਪਣੀ ਰਚਨਾ ਆਪ ਰਚਾਈਆ। ਆਦਿ ਨਿਰੰਜਣ ਖੇਲ ਮਹਾਨ, ਘਰ ਸਾਚੇ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਨੌਜਵਾਨ, ਨਰ ਨਰਾਇਣ ਨਾਉਂ ਧਰਾਈਆ। ਸ੍ਰੀ ਭਗਵਾਨ ਆਪੇ ਹੋਇਆ ਜਾਣੀ ਜਾਣ, ਆਪਣਾ ਲੇਖਾ ਆਪ ਗਣਾਈਆ। ਪਾਰਬ੍ਰਹਮ ਪ੍ਰਭ ਹੋ ਪਰਧਾਨ, ਭੇਵ ਅਭੇਦਾ ਭੇਵ ਖੁਲ੍ਹਾਈਆ। ਸਚਖੰਡ ਦੁਆਰੇ ਨਿਗਹਬਾਨ, ਨਰ ਹਰਿ ਆਪਣਾ ਨੈਣ ਖੁਲ੍ਹਾਈਆ। ਦਹਿ ਦਿਸ਼ਾ ਵੇਖੇ ਮਾਰ ਧਿਆਨ, ਚਾਰੇ ਕੂਟਾਂ ਫੋਲ ਫੁਲਾਈਆ। ਤਖ਼ਤ ਨਿਵਾਸੀ ਰਾਜ ਰਾਜਾਨ, ਸ਼ਾਹੋ ਭੂਪ ਬੇਪਰਵਾਹੀਆ। ਅਗੰਮ ਅਗੰਮੜਾ ਧੁਰ ਫ਼ਰਮਾਣ, ਅਲੱਖ ਅਲੱਖਣਾ ਆਪ ਸੁਣਾਈਆ। ਦੋ ਜਹਾਨਾਂ ਏਕਾ ਆਣ, ਹੁਕਮੀ ਹੁਕਮ ਫਿਰਾਈਆ। ਏਕਾ ਸ਼ਬਦ ਏਕਾ ਗਾਣ, ਨਾਮ ਤਰਾਨਾ ਏਕਾ ਲਾਈਆ। ਏਕਾ ਜੋਤੀ ਹਰਿ ਭਗਵਾਨ, ਘਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਥਿਰ ਘਰ ਵਾਸੀ ਆਪ ਕਰਾਇੰਦਾ। ਆਦਿ ਜੁਗਾਦੀ ਇਕ ਇਕੱਲਾ, ਅਕਲ ਕਲ ਵਰਤਾਇੰਦਾ। ਵਸਣਹਾਰਾ ਜਲਾਂ ਥਲਾਂ, ਜਲ ਥਲ ਮਹੀਅਲ ਡੇਰਾ ਲਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਸਚਖੰਡ ਦੁਆਰਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲਾ ਦੀਨ ਦਿਆਲਾ ਜੂਨੀ ਰਹਿਤ ਦਿਸ ਨਾ ਆਇੰਦਾ। ਜੂਨੀ ਰਹਿਤ ਪੁਰਖ ਅਕਾਲ, ਰੂਪ ਰੰਗ ਨਾ ਕੋਇ ਜਣਾਈਆ। ਜੁਗਾ ਜੁਗੰਤਰ ਅਵੱਲੜੀ ਚਾਲ, ਚਾਲ ਨਿਰਾਲੀ ਆਪ ਰਖਾਈਆ। ਆਪਣੀ ਵਸਤ ਆਪਣੇ ਹੱਥ ਰੱਖੇ ਭਗਵਾਨ, ਅਛਲ ਅਛੱਲ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਪੁਰਖ ਸੁਲਤਾਨ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਲੋਆਂ ਪੁਰੀਆਂ ਵੇਖੇ ਮਾਰ ਧਿਆਨ, ਬ੍ਰਹਿਮੰਡ ਖੰਡ ਆਪਣਾ ਖੇਲ ਖਿਲਾਇੰਦਾ। ਲੋਕਮਾਤ ਹੋ ਪਰਧਾਨ, ਧਰਤ ਧਵਲ ਆਪ ਸੁਹਾਇੰਦਾ। ਲੇਖਾ ਜਾਣੇ ਜ਼ਿਮੀ ਅਸਮਾਨ, ਚੌਦਾਂ ਲੋਕਾਂ ਫੋਲ ਫੁਲਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦੇਵੇ ਦਾਨ, ਸਾਚੀ ਭਿਛਿਆ ਝੋਲੀ ਪਾਇੰਦਾ । ਚਰਨ ਦੁਆਰਾ ਬਖ਼ਸ਼ੇ ਮਾਣ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਸਤਿ ਸਰੂਪੀ ਪਾਏ ਆਣ, ਆਪਣਾ ਭਾਣਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਖੁਲ੍ਹਾਇੰਦਾ। ਭੇਵ ਅਵੱਲਾ ਹਰਿ ਭਗਵੰਤ, ਆਪਣਾ ਆਪ ਖੁਲ੍ਹਾਈਆ। ਖੇਲੇ ਖੇਲ ਜੁਗਾ ਜੁਗੰਤ, ਜੁਗ ਕਰਤਾ ਬੇਪਰਵਾਹੀਆ। ਲੇਖਾ ਜਾਣੇ ਆਦਿ ਅੰਤ, ਅੰਤ ਆਦਿ ਵੱਡੀ ਵਡਿਆਈਆ। ਆਪ ਉਠਾਏ ਸਾਚੇ ਸੰਤ, ਏਕਾ ਮੰਤਰ ਨਾਮ ਦ੍ਰਿੜਾਈਆ। ਮੇਲ ਮਿਲਾਏ ਸਾਚੇ ਕੰਤ, ਹਰਿ ਦੂਲ੍ਹਾ ਆਪ ਅਖਵਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਮਹਿਮਾ ਜਾਣੇ ਗਣਤ, ਅਗਣਤ ਲੇਖਾ ਲੇਖ ਨਾ ਕੋਇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਖੇਲ ਹਰਿ ਨਿਰੰਕਾਰਾ, ਲੋਕਮਾਤ ਆਪ ਵਰਤਾਇੰਦਾ। ਆਪੇ ਵਸੇ ਸਚਖੰਡ ਦੁਆਰਾ, ਥਿਰ ਘਰ ਸਾਚੇ ਸੋਭਾ ਪਾਇੰਦਾ। ਆਪੇ ਗਗਨ ਮੰਡਲ ਹੋ Tਜਿਆਰਾ, ਰਵ ਸਸ ਆਪ ਚਮਕਾਇੰਦਾ। ਆਪੇ ਬ੍ਰਹਮਾ ਵਿਸ਼ਨ ਸ਼ਿਵ ਦਏ ਆਧਾਰਾ, ਆਪ ਆਪਣੀ ਜੋਤ ਟਿਕਾਇੰਦਾ। ਆਪੇ ਸ਼ਬਦ ਅਗੰਮੀ ਬੋਲ ਜੈਕਾਰਾ, ਅਲੱਖ ਨਿਰੰਜਣ ਆਪਣੀ ਅਲਖ ਜਗਾਇੰਦਾ। ਆਪੇ ਵਰਤੇ ਵਰਤਾਵੇ ਹਰਿ ਵਰਤਾਰਾ, ਆਪ ਆਪਣੀ ਧਾਰ ਬੰਧਾਇੰਦਾ। ਆਪੇ ਪੰਜ ਤਤ ਕਰੇ ਪਿਆਰਾ, ਤ੍ਰੈਗੁਣ ਆਪੇ ਮੇਲ ਮਿਲਾਇੰਦਾ। ਆਪੇ ਬ੍ਰਹਮ ਕਰ ਪਸਾਰਾ, ਪਾਰਬ੍ਰਹਮ ਖੇਲ ਖਿਲਾਇੰਦਾ। ਆਪੇ ਗੁਰ ਪੀਰ ਅਵਤਾਰਾ, ਭਗਤ ਭਗਵੰਤ ਆਪਣਾ ਨਾਉਂ ਧਰਾਇੰਦਾ। ਆਪੇ ਅਨਹਦ ਸ਼ਬਦ ਸੱਚੀ ਧੁਨਕਾਰਾ, ਧੁਨ ਅਨਾਦੀ ਨਾਦ ਵਜਾਇੰਦਾ। ਆਪੇ ਅੰਮ੍ਰਿਤ ਸਰੋਵਰ ਠੰਡੀ ਠਾਰਾ, ਕਵਲ ਕਵਲਾ ਆਪ ਧਰਾਇੰਦਾ। ਆਪੇ ਜੋਤ ਨਿਰੰਜਣ ਹੋ ਉਜਿਆਰਾ, ਘਰ ਘਰ ਦੀਆ ਆਪ ਟਿਕਾਇੰਦਾ। ਆਪੇ ਆਤਮ ਸੇਜਾ ਕਰ ਪਿਆਰਾ, ਸਾਚੀ ਸਖੀਆਂ ਮੇਲ ਮਿਲਾਇੰਦਾ। ਆਪੇ ਗਾਏ ਗਾਵਣਹਾਰਾ, ਗਾਵਤ ਗਾਵਤ ਆਪਣਾ ਰਾਗ ਅਲਾਇੰਦਾ। ਆਪੇ ਭਰੇ ਸਚ ਭੰਡਾਰਾ, ਨਾਮ ਵਣਜਾਰਾ ਆਪ ਅਖਵਾਇੰਦਾ। ਆਪੇ ਸੰਤਨ ਖੋਲ੍ਹੇ ਬੰਦ ਕਿਵਾੜਾ, ਬਜ਼ਰ ਕਪਾਟੀ ਪਰਦਾ ਲਾਹਿੰਦਾ। ਆਪ ਵਖਾਏ ਸਚ ਅਖਾੜਾ, ਗੋਪੀ ਕਾਹਨ ਆਪ ਨਚਾਇੰਦਾ। ਆਪੇ ਮੇਟੇ ਪੰਚਮ ਧਾੜਾ, ਮਾਇਆ ਮਮਤਾ ਮੋਹ ਚੁਕਾਇੰਦਾ। ਆਪੇ ਜੋਤ ਜਗਾਏ ਬਹੱਤਰ ਨਾੜਾ, ਅਗਿਆਨ ਅੰਧੇਰ ਗਵਾਇੰਦਾ। ਆਪੇ ਵੇਖ ਵਖਾਏ ਧੁਰਦਰਗਾਹੀ ਸਾਚਾ ਲਾੜਾ, ਸਾਚੇ ਘੋੜੇ ਆਪ ਚੜ੍ਹਾਇੰਦਾ। ਆਪੇ ਖੇਲੇ ਖੇਲ ਜੰਗਲ ਜੂਹ ਉਜਾੜ ਪਹਾੜਾ, ਡੂੰਘੀ ਕੰਦਰ ਫੋਲ ਫੁਲਾਇੰਦਾ। ਆਪੇ ਅਗਨੀ ਤਤ ਬੁਝਾਏ ਤੱਤੀ ਹਾੜਾ, ਸਾਂਤਕ ਸਤਿ ਸਤਿ ਆਪ ਵਰਤਾਇੰਦਾ। ਆਪੇ ਲੇਖਾ ਲਿਖਣਹਾਰਾ, ਚਾਰੇ ਵੇਦਾਂ ਭੇਵ ਖੁਲ੍ਹਾਇੰਦਾ। ਆਪੇ ਬ੍ਰਹਮਾ ਕਰੇ ਪਿਆਰਾ, ਚਾਰੇ ਮੁਖ ਮੁਖ ਸਾਲਾਹਿੰਦਾ। ਆਪੇ ਵਿਸ਼ਨੂੰ ਬਖ਼ਸ਼ੇ ਚਰਨ ਸਹਾਰਾ, ਵਿਸ਼ਵ ਆਪਣਾ ਰੂਪ ਸੁਹਾਇੰਦਾ। ਆਪੇ ਬਾਸ਼ਕ ਸੇਜਾ ਸੁੱਤਾ ਪੈਰ ਪਸਾਰਾ, ਸਾਂਗੋ ਪਾਂਗ ਆਪ ਹੰਢਾਇੰਦਾ। ਆਪੇ ਸ਼ੰਕਰ ਹੋ ਉਜਿਆਰਾ, ਹੱਥ ਤ੍ਰਿਸੂਲ ਉਠਾਇੰਦਾ। ਆਪੇ ਕਰੋੜ ਤੇਤੀਸਾ ਬੰਨ੍ਹੇ ਧਾਰਾ, ਅੰਮ੍ਰਿਤ ਸਾਚਾ ਜਾਮ ਪਿਆਇੰਦਾ। ਆਪੇ ਲੱਖ ਚੁਰਾਸੀ ਕਰ ਪਸਾਰਾ, ਘਟ ਘਟ ਆਪਣਾ ਆਸਣ ਲਾਇੰਦਾ। ਆਪੇ ਨਿਰਗੁਣ ਸਰਗੁਣ ਖੇਲ ਕਰੇ ਸੰਸਾਰਾ, ਸਾਰੰਗ ਧਰ ਭਗਵਾਨ ਬੀਠਲੋ, ਦਿਸ ਕਿਸੇ ਨਾ ਆਇੰਦਾ। ਆਪੇ ਜਾਗਰਤ ਜੋਤ ਕਰੇ ਉਜਿਆਰਾ, ਆਪ ਆਪਣਾ ਡਗਮਗਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਾ ਹਰਿ ਬ੍ਰਹਿਮਾਦਾ, ਸ਼ਬਦ ਚਲਾਏ ਨਾਦ ਅਨਾਦਾ, ਰਾਗ ਰਾਗਨੀ ਆਪ ਅਲਾਇੰਦਾ। ਸ਼ਬਦ ਅਨਾਦਾ ਹਰਿ ਭਗਵੰਤ, ਪਾਰਬ੍ਰਹਮ ਆਪ ਉਪਜਾਈਆ। ਆਪ ਸੁਣਾਏ ਸਾਚੇ ਸੰਤ, ਸਤਿ ਸਤਿਵਾਦੀ ਦਇਆ ਕਮਾਈਆ। ਆਪੇ ਤੋੜੇ ਗੜ੍ਹ ਹਉਮੇ ਹੰਗਤ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ। ਆਪੇ ਲੇਖਾ ਜਾਣੇ ਜੀਵ ਜੰਤ, ਈਸ਼ ਜੀਵ ਵੱਡੀ ਵਡਿਆਈਆ। ਆਪੇ ਸ਼ਬਦ ਗਾਏ ਮਣੀਆ ਮੰਤ, ਮਨ ਮਨੂਆ ਆਪ ਬੰਧਾਈਆ। ਆਪੇ ਮੇਟ ਮਿਟਾਏ ਸਗਲੀ ਚਿੰਤ, ਚਿੰਤਾ ਚਿਖਾ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਆਪਣਾ ਖੇਲ ਖਿਲਾਈਆ। ਜੁਗਾ ਜੁਗੰਤਰ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਲੈ ਅਵਤਾਰਾ, ਲੋਕਮਾਤ ਵੇਖ ਵਖਾਇੰਦਾ। ਏਕੰਕਾਰਾ ਕਰ ਪਸਾਰਾ, ਆਪ ਆਪਣਾ ਰੰਗ ਰੰਗਾਇੰਦਾ। ਆਦਿ ਨਿਰੰਜਣ ਮੀਤ ਮੁਰਾਰਾ, ਜੋਤ ਨਿਰੰਜਣ ਡਗਮਗਾਇੰਦਾ। ਸ੍ਰੀ ਭਗਵਾਨ ਬੋਲ ਜੈਕਾਰਾ, ਸ਼ਬਦ ਅਗੰਮੀ ਆਪ ਸੁਣਾਇੰਦਾ। ਅਬਿਨਾਸ਼ੀ ਕਰਤਾ ਕਰ ਪਿਆਰਾ, ਹਰਿਜਨ ਸਾਚੇ ਵੇਖ ਵਖਾਇੰਦਾ। ਪਾਰਬ੍ਰਹਮ ਪ੍ਰਭ ਭਰ ਭੰਡਾਰਾ, ਅਤੋਟ ਅਤੁਟ ਆਪ ਵਰਤਾਇੰਦਾ। ਨਾਮ ਵਣਜ ਕਰਾਏ ਸੱਚਾ ਸਿਕਦਾਰਾ, ਰਾਓ ਰੰਕ ਰਾਜ ਰਾਜਾਨ ਏਕਾ ਰੰਗ ਰੰਗਾਇੰਦਾ। ਏਕਾ ਵਸਤ ਰੱਖੇ ਹਰਿ ਥਾਰਾ, ਥਿਰ ਘਰ ਸਾਚੇ ਆਪ ਟਿਕਾਇੰਦਾ। ਉਚ ਮਹੱਲ ਅਟੱਲ ਮੁਨਾਰਾ, ਸਚਖੰਡ ਦੁਆਰਾ ਸੋਭਾ ਪਾਇੰਦਾ। ਅੱਠੇ ਪਹਿਰ ਰਹੇ ਉਜਿਆਰਾ, ਸੰਞ ਸਵੇਰ ਨਾ ਕੋਇ ਰਖਾਇੰਦਾ। ਨਾ ਕੋਈ ਸੂਰਜ ਚੰਦ ਦਿਸੇ ਸਿਤਾਰਾ, ਮੰਡਲ ਮੰਡਪ ਨਾ ਕੋਇ ਰੁਸ਼ਨਾਇੰਦਾ। ਤਖ਼ਤ ਬੈਠ ਸੱਚੀ ਸਰਕਾਰਾ, ਸੀਸ ਸਾਚਾ ਤਾਜ ਟਿਕਾਇੰਦਾ। ਪੰਚਮ ਮੁਖ ਹੋ ਉਜਿਆਰਾ, ਦਰਗਹ ਸਾਚੀ ਖੇਲ ਖਿਲਾਇੰਦਾ। ਚਾਰ ਜੁਗ ਕਰ ਪਸਾਰਾ, ਏਕਾ ਚੌਕੜੀ ਬੰਧਨ ਪਾਇੰਦਾ। ਬ੍ਰਹਮਾ ਵੇਤਾ ਮੰਗੇ ਬਣ ਭਿਖਾਰਾ, ਅੱਗੇ ਆਪਣੀ ਝੋਲੀ ਡਾਹਿੰਦਾ। ਪਾਰਬ੍ਰਹਮ ਪ੍ਰਭ ਦੇਵਣਹਾਰਾ, ਸਾਚੀ ਭਿਛਿਆ ਇਕ ਵਖਾਇੰਦਾ। ਵਿਸ਼ਨੂੰ ਦੋਏ ਜੋੜ ਕਰ ਨਿਮਸਕਾਰਾ, ਮਸਤਕ ਟਿੱਕਾ ਚਰਨ ਧੂੜੀ ਆਪ ਲਗਾਇੰਦਾ। ਪਾਰਬ੍ਰਹਮ ਤੇਰਾ ਸਚ ਪਿਆਰਾ, ਲੋਕਮਾਤ ਭੁੱਲ ਨਾ ਜਾਇੰਦਾ। ਸ਼ੰਕਰ ਰੋਵੇ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਇੰਦਾ। ਭੋਲਾ ਨਾਥ ਮੰਗੇ ਇਕ ਸਹਾਰਾ, ਏਕਾ ਨਾਤਾ ਜੋੜ ਜੁੜਾਇੰਦਾ। ਪੁਰਖ ਨਿਰੰਜਣ ਏਕੰਕਾਰਾ, ਆਪੇ ਜਾਣੇ ਆਪਣੀ ਕਾਰਾ, ਸਾਚਾ ਰਾਣਾ ਧੁਰ ਫ਼ਰਮਾਣਾ ਆਪ ਸੁਣਾਇੰਦਾ। ਲੋਕਮਾਤ ਲਏ ਅਵਤਾਰਾ, ਤ੍ਰੈਗੁਣ ਵੇਖੇ ਜਗਤ ਪਸਾਰਾ, ਪੰਜ ਤਤ ਕਰੇ ਪਿਆਰਾ, ਆਪ ਆਪਣੀ ਜੋਤ ਜਗਾਇੰਦਾ। ਭਗਤਨ ਦੇਵੇ ਨਾਮ ਅਧਾਰਾ, ਸੰਤਨ ਬਖ਼ਸ਼ੇ ਚਰਨ ਦੁਆਰਾ, ਗੁਰਮੁਖਾਂ ਕਰੇ ਦੀਪ ਉਜਿਆਰਾ, ਗੁਰਸਿਖਾਂ ਬਖ਼ਸ਼ੇ ਅੰਮ੍ਰਿਤ ਠੰਡੀ ਠਾਰਾ, ਹਰਿਜਨ ਸਾਚੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰਬ ਕਲ ਆਪੇ ਸਮਰਥ, ਜੁਗਾ ਜੁਗੰਤਰ ਚਲਾਏ ਰਥ, ਰਥ ਰਥਵਾਹੀ ਆਪਣਾ ਨਾਉਂ ਧਰਾਇੰਦਾ। ਰਥ ਰਥਵਾਹੀ ਹਰਿ ਨਿਰੰਕਾਰ, ਜੁਗ ਜੁਗ ਗੇੜਾ ਆਪ ਦੁਆਈਆ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ, ਕਲਜੁਗ ਵੇਲਾ ਅੰਤਮ ਆਈਆ। ਚਾਰੇ ਕੁੰਟਾਂ ਦਏ ਹੁਲਾਰ, ਆਪ ਆਪਣਾ ਧੱਕਾ ਲਾਈਆ। ਲੱਖ ਚੁਰਾਸੀ ਹੋਏ ਖੁਆਰ, ਜੋ ਘੜਿਆ ਸੋ ਭੰਨ ਵਖਾਈਆ। ਰਵ ਸਸ ਨਾ ਰਹੇ ਉਜਿਆਰ, ਪ੍ਰਕਾਸ਼ ਪ੍ਰਕਾਸ਼ ਨਾ ਕੋਇ ਜਣਾਈਆ। ਧਰਨੀ ਰੋਵੇ ਧਾਹਾਂ ਮਾਰ, ਧਵਲਾ ਭਾਰ ਨਾ ਕੋਇ ਉਠਾਈਆ। ਸਾਂਵਲ ਸਵਲਾ ਮੀਤ ਮੁਰਾਰ, ਕਾਹਨਾ ਕ੍ਰਿਸ਼ਨਾ ਰੂਪ ਵਟਾਈਆ। ਰਾਮ ਰਾਮਾ ਹੋ ਉਜਿਆਰ, ਕਲਜੁਗ ਲੰਕਾ ਰਾਵਣ ਗੜ੍ਹ ਦਏ ਤੁੜਾਈਆ। ਸਸ਼ਤਰ ਬਸਤਰ ਤੇਜ ਕਟਾਰ, ਗੋਬਿੰਦ ਚੀਰਾ ਸੀਸ ਗੁੰਦਾਈਆ। ਨਿਰਗੁਣ ਨਿਰਵੈਰ ਕਰੇ ਖੇਲ ਨਿਆਰ, ਨਾਨਕ ਚਾਰ ਵਰਨਾ ਕਰੇ ਪੜ੍ਹਾਈਆ। ਨਾਮ ਸਤਿ ਬੋਲ ਜੈਕਾਰ, ਕਲਜੁਗ ਰੈਣ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਤੀਰਥ ਤੱਟ ਚੌਦਾਂ ਹੱਟ ਅਠਸਠ ਰੋਵਣ ਜ਼ਾਰੋ ਜ਼ਾਰ, ਸੀਸ ਜਗਦੀਸ਼ ਹੱਥ ਨਾ ਕੋਇ ਟਿਕਾਈਆ। ਸਾਧਾਂ ਸੰਤਾਂ ਖਾਲੀ ਮਟ, ਕਾਇਆ ਗੜ੍ਹ ਨਾ ਕੋਇ ਵਡਿਆਈਆ। ਜੋਤ ਨਾ ਜਗੇ ਲਟ ਲਟ, ਜੋਤ ਜੁਆਲਾ ਰਹੇ ਜਗਾਈਆ। ਦੁਰਮ਼ਤ ਮੈਲ ਨਾ ਦੇਵੇ ਕੱਟ, ਸਰ ਸਰੋਵਰ ਤਾਲ ਤਾਰੀਆਂ ਰਹੇ ਲਾਈਆ। ਗੁਰਦਰ ਮੰਦਰ ਮਸਜਿਦ ਸ਼ਿਵਦੁਆਲੇ ਬੈਠੇ ਮੱਠ, ਮਾਇਆ ਮਮਤਾ ਮੋਹ ਨਾ ਕੋਇ ਚੁਕਾਈਆ। ਖੇਲੇ ਖੇਲ ਬਾਜ਼ੀਗਰ ਨਟ, ਕਲਜੁਗ ਸੁਆਂਗੀ ਆਪਣਾ ਸੁਆਂਗ ਰਚਾਈਆ। ਦਿਵਸ ਰੈਣ ਮਾਰੇ ਸੱਟ, ਜੂਠ ਝੂਠ ਟਕਸਾਲ ਹੱਥ ਉਠਾਈਆ। ਘਰ ਘਰ ਉਲਟੀ ਗੇੜੀ ਜਾਏ ਲੱਠ, ਮਨ ਮਨੂਆ ਨਾਲ ਰਲਾਈਆ। ਨੌ ਖੰਡ ਪ੍ਰਿਥਮੀ ਰਾਜ ਰਾਜਾਨ ਕੋਈ ਨਾ ਰੱਖੇ ਕਿਸੇ ਦੀ ਪਤ, ਪਤਿਪਰਮੇਸ਼ਵਰ ਗਏ ਭੁਲਾਈਆ। ਘਟ ਘਟ ਅੰਦਰ ਉਬਲੇ ਰੱਤ, ਰੱਤੀ ਰੱਤ ਨਾਮ ਦਿਸ ਨਾ ਆਈਆ। ਨਾ ਕੋਈ ਧੀਰਜ ਸੰਤੋਖ ਦਿਸੇ ਜਤ, ਕਾਮ ਕਾਮਨੀ ਹੋਈ ਹਲਕਾਈਆ। ਕਿਸੇ ਦਰ ਨਾ ਉਪਜੇ ਬ੍ਰਹਮ ਮਤ, ਮਨ ਮਤ ਜਗਤ ਪ੍ਰਨਾਈਆ। ਸਾਚਾ ਬੀਜ ਨਾ ਬੀਜਿਆ ਆਤਮ ਵੱਤ, ਸਚ ਕਿਆਰੀ ਨਾ ਕੋਇ ਮਹਿਕਾਈਆ। ਆਸਾ ਤ੍ਰਿਸ਼ਨਾ ਅੰਦਰ ਲਈ ਘੱਤ, ਦਿਵਸ ਰੈਣ ਰਹੀ ਸਤਾਈਆ। ਕੂੜ ਕੁਟੰਬ ਬੱਧਾ ਨਾਤ, ਪੁਰਖ ਬਿਧਾਤਾ ਦਿਸ ਨਾ ਆਈਆ। ਝਗੜਾ ਪਾਇਆ ਜ਼ਾਤ ਪਾਤ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਡੂੰਘੀ ਕੰਦਰ ਅੰਧੇਰੀ ਰਾਤ, ਜੋਤ ਨਿਰੰਜਣ ਨਾ ਕਰੇ ਰੁਸ਼ਨਾਈਆ। ਅੰਤਮ ਪੂਰਾ ਕਰੇ ਨਾ ਕੋਇ ਘਾਟ, ਸਾਚੇ ਕੰਡੇ ਨਾ ਕੋਇ ਤੁਲਾਈਆ। ਕਲਜੁਗ ਨੇੜੇ ਆਈ ਵਾਟ, ਊਚੀ ਕੂਕੇ ਦਏ ਦੁਹਾਈਆ। ਕਾਇਆ ਬਸਤਰ ਸਭ ਦਾ ਜਾਣਾ ਪਾਟ, ਥਿਰ ਕੋਇ ਰਹਿਣ ਨਾ ਪਾਈਆ । ਧਰਮ ਰਾਏ ਦੇ ਵਿਕਣਾ ਹਾਟ, ਗੁਰ ਪੀਰ ਨਾ ਦੇਵੇ ਕੋਈ ਗਵਾਹੀਆ। ਰੰਗ ਕਸੁੰਬੜਾ ਜਾਏ ਪਾਟ, ਲਾਲ ਗੁਲਾਲਾ ਨਾ ਕੋਇ ਰੰਗਾਈਆ। ਆਤਮ ਸੇਜਾ ਸੁੱਤਾ ਨਾ ਸਾਚੀ ਖਾਟ, ਘਰ ਮਿਲਿਆ ਨਾ ਸਾਚਾ ਮਾਹੀਆ। ਲੇਖਾ ਚੁੱਕੇ ਨਾ ਆਣ ਬਾਟ, ਮਾਤ ਗਰਭ ਨਾ ਫੰਦ ਕਟਾਈਆ। ਜਿਸ ਜਨ ਸਤਿਗੁਰ ਪੂਰਾ ਦੇਵੇ ਆਪਣਾ ਸਾਥ, ਦੋ ਜਹਾਨਾਂ ਹੋਏ ਸਹਾਈਆ। ਲਹਿਣਾ ਦੇਣਾ ਚੁਕਾਏ ਹੱਥੋਂ ਹਾਥ, ਪਾਰਬ੍ਰਹਮ ਵੱਡੀ ਵਡਿਆਈਆ। ਖੇਲੇ ਖੇਲ ਤ੍ਰਿਲੋਕੀ ਨਾਥ, ਤਿੰਨਾਂ ਲੋਕਾਂ ਵੇਖ ਵਖਾਈਆ। ਕਲਜੁਗ ਅੰਤਮ ਆਪ ਜਣਾਏ ਸਾਚੀ ਗਾਥ, ਸਤਿਜੁਗ ਸਾਚਾ ਰਾਹ ਵਖਾਈਆ। ਗੁਰਸਿਖਾਂ ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹਾਥ, ਰਵਿਦਾਸ ਚੁਮਾਰਾ ਨਾਲ ਰਲਾਈਆ। ਲੇਖਾ ਚੁੱਕੇ ਪੂਜਾ ਪਾਠ, ਜੋ ਜਨ ਸਤਿਗੁਰ ਪੂਰੇ ਦਰਸ਼ਨ ਪਾਈਆ। ਆਪੇ ਪਿਤਾ ਆਪੇ ਮਾਤ, ਹਰਿਜਨ ਬਾਲ ਅੰਞਾਣੇ ਗੋਦ ਉਠਾਈਆ। ਚਾਰ ਵਰਨ ਬਣਾਏ ਭੈਣ ਭਰਾਤ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਬਰਨ ਅਠਾਰਾਂ ਏਕਾ ਰੰਗ ਰੰਗਾਈਆ। ਆਦਿ ਜੁਗਾਦੀ ਬੈਠਾ ਰਹੇ ਇਕ ਇਕਾਂਤ, ਇਕ ਇਕੱਲਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਵੇਸ ਵਟਾਈਆ। ਜੁਗਾ ਜੁਗੰਤਰ ਭੇਖ ਭਗਵੰਤ, ਭਗਵਨ ਆਪਣੀ ਖੇਲ ਖਿਲਾਇੰਦਾ। ਲੇਖਾ ਜਾਣੇ ਨਾਰੀ ਕੰਤ, ਨਰ ਨਰਾਇਣ ਵੇਖ ਵਖਾਇੰਦਾ। ਆਪੇ ਮਾਇਆ ਪਾਏ ਬੇਅੰਤ, ਦੂਈ ਦਵੈਤੀ ਪਰਦਾ ਆਪੇ ਲਾਹਿੰਦਾ। ਆਪੇ ਸਾਰ ਸਮਾਲੇ ਜੀਵ ਜੰਤ, ਜਮ ਕੀ ਫਾਸੀ ਆਪ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਰੰਗ ਰੰਗਾਇੰਦਾ। ਰੰਗ ਰਤੜਾ ਹਰਿ ਕਰਤਾਰ, ਮਹਿਮਾ ਅਕਥ ਕਥਨ ਨਾ ਜਾਈਆ। ਬ੍ਰਹਮਾ ਚਾਰੇ ਵੇਦ ਲਿਖ ਲਿਖ ਗਿਆ ਹਾਰ, ਹਰਿ ਕਾ ਭੇਵ ਕੋਇ ਨਾ ਪਾਈਆ। ਵੇਦ ਵਿਆਸਾ ਬਣ ਲਿਖਾਰ, ਪੁਰਾਨ ਅਠਾਰਾਂ ਕਰੇ ਪੜ੍ਹਾਈਆ। ਸ਼ਾਸਤਰ ਸਿਮਰਤ ਕਰ ਵਿਚਾਰ, ਛੇ ਛੇ ਦੇਵਣ ਨਾਲ ਗਵਾਹੀਆ। ਗੀਤਾ ਗਿਆਨ ਕਰ ਉਜਿਆਰ, ਦਸ ਅੱਠ ਮੇਲ ਮਿਲਾਈਆ। ਅੰਜੀਲ ਕੁਰਾਨ ਖੋਲ੍ਹ ਕਿਵਾੜ, ਜਗਤ ਹਦੀਸ ਕਰੇ ਪੜ੍ਹਾਈਆ। ਖਾਣੀ ਬਾਣੀ ਸਾਚੀ ਧਾਰ, ਧੁਰਦਰਗਾਹੀ ਆਪ ਅਲਾਈਆ। ਸਾਧ ਸੰਤ ਕਰਨ ਪੁਕਾਰ, ਪ੍ਰਭ ਦਾਤਾ ਬੇਪਰਵਾਹੀਆ। ਭਗਤ ਭਗਵੰਤ ਸਾਂਝਾ ਯਾਰ, ਮੀਤ ਮੁਰਾਰਾ ਇਕ ਅਖਵਾਈਆ। ਗੁਰਮੁਖ ਲੇਖਾ ਜਾਣੇ ਧੁਰ ਦਰਬਾਰ, ਧੁਰ ਮਸਤਕ ਲੇਖ ਚੁਕਾਈਆ। ਗੁਰਸਿਖ ਸੱਜਣ ਲਏ ਉਭਾਰ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਡੁੱਬਦੇ ਪਾਹਨ ਪਾਥਰ ਲਏ ਤਾਰ, ਸਾਚੀ ਸਿਲਾ ਸਤੋ ਚਰਨ ਛੁਹਾਈਆ। ਗ਼ਰੀਬ ਨਿਮਾਣੇ ਲਾਏ ਪਾਰ, ਜੋ ਅੰਤਰ ਆਤਮ ਰਹੇ ਧਿਆਈਆ। ਜੁਗਾ ਜੁਗੰਤਰ ਖੇਲ ਅਪਾਰ, ਕਲਜੁਗ ਅੰਤਮ ਵੇਖ ਵਖਾਈਆ। ਸ਼ਬਦ ਡੰਕਾ ਅਪਰ ਅਪਾਰ, ਵਾਸੀ ਪੁਰੀ ਘਨਕਾ ਆਪ ਵਜਾਈਆ। ਮੇਟੇ ਸ਼ੰਕਾ ਸਰਬ ਸੰਸਾਰ, ਸੰਸਾ ਰੋਗ ਦਏ ਗੁਆਈਆ। ਜਿਉਂ ਕਾਹਨਾ ਕੰਸਾ ਕਰੇ ਖੁਆਰ, ਰਾਵਣ ਰਾਮਾ ਦਏ ਮਿਟਾਈਆ। ਕਲਜੁਗ ਅੰਤਮ ਮਾਰੇ ਮਾਰ, ਨਿਰਗੁਣ ਦਾਤਾ ਬੇਪਰਵਾਹੀਆ। ਸਾਚਾ ਖੰਡਾ ਤੇਜ ਕਟਾਰ, ਨਾਮ ਨਿਧਾਨਾ ਹੱਥ ਉਠਾਈਆ। ਲੋਆਂ ਪੁਰੀਆਂ ਪਾਵੇ ਸਾਰ, ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਬ੍ਰਹਮਾ ਵਿਸ਼ਨ ਸ਼ਿਵ ਲਏ ਜਗਾਈਆ। ਗਣ ਗੰਧਰਬ ਦਏ ਹੁਲਾਰ, ਸੋਇਆ ਕੋਇ ਰਹਿਣ ਨਾ ਪਾਈਆ। ਪਸ਼ੂ ਪ੍ਰੇਤਾਂ ਕਰੇ ਖ਼ਵਾਰ, ਮਾਣਸ ਮਾਨੁਖ ਆਪ ਉਠਾਈਆ। ਗੁਰਸਿਖ ਸਾਚੇ ਲਾਏ ਪਾਰ, ਸਾਚੇ ਬੇੜੇ ਨਾਮ ਚੜ੍ਹਾਈਆ। ਕਲਜੁਗ ਡੁੱਬੇ ਵਿਚ ਮੰਜਧਾਰ, ਵਹਿੰਦੀ ਧਾਰ ਆਪ ਵਹਾਈਆ। ਨਾਲ ਰਲਾਏ ਮੁਹੰਮਦੀ ਯਾਰ, ਸਦੀ ਚੌਧਵੀਂ ਦਏ ਦੁਹਾਈਆ। ਅੱਲਾ ਰਾਣੀ ਰੋਵੇ ਜ਼ਾਰੋ ਜ਼ਾਰ, ਨੇਤਰ ਨੀਰ ਰਹੀ ਵਹਾਈਆ। ਆਬੇਹਯਾਤ ਠੰਡਾ ਪਾਣੀ ਨਾ ਮਿਲੇ ਵਿਚ ਸੰਸਾਰ, ਨਾਤਾ ਤੁਟਾ ਸਚ ਖ਼ੁਦਾਈਆ। ਖ਼ਾਲਕ ਖ਼ਲਕ ਪਾਵੇ ਸਾਰ, ਮਖ਼ਲੂਕ ਵੇਖੇ ਸਰਬ ਲੋਕਾਈਆ। ਕਾਇਨਾਤ ਆਰ ਪਾਰ, ਚੌਦਾਂ ਤਬਕ ਰਹੇ ਸ਼ਰਮਾਈਆ। ਸਾਚਾ ਸਾਥ ਨਾ ਕੋਇ ਕਰੇ ਅੰਤ ਪਿਆਰ, ਸਾਚਾ ਰਾਹ ਨਾ ਕੋਇ ਵਖਾਈਆ। ਕਲਮੀ ਕਲਮਾ ਰਹੇ ਵਿਚਾਰ, ਅਮਾਮ ਅਮਾਮਾ ਆਪ ਅਖਵਾਈਆ। ਜਗਤ ਦਮਾਮਾ ਵੱਜੇ ਇਕ ਨਿਰੰਕਾਰ, ਹਰਿ ਹਰਿ ਸਾਚਾ ਆਪ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੇਖਾ ਲੇਖੇ ਲਏ ਲਗਾਈਆ। ਲੇਖਾ ਲੇਖੇ ਲਾਵਣਾ, ਕਲਜੁਗ ਤੇਰਾ ਅੰਤਮ ਵਾਰ। ਜੋ ਘੜਿਆ ਸੋ ਭੰਨ ਵਖਾਵਣਾ, ਪੁਰਖ ਅਬਿਨਾਸ਼ੀ ਖੇਲ ਅਪਾਰ। ਸ਼ੰਕਰ ਸਾਚੀ ਸੇਵਾ ਲਾਵਣਾ, ਲੱਖ ਚੁਰਾਸੀ ਦਏ ਸੰਘਾਰ। ਬ੍ਰਹਮੇ ਭਾਂਡਾ ਆਪ ਘੜਾਵਣਾ, ਵਿਚ ਵਸਤ ਰੱਖੇ ਹਰਿ ਥਾਰ। ਵਿਸ਼ਨੂੰ ਰੋਜ਼ੀ ਰਾਜ਼ਕ ਆਪ ਪੁਚਾਵਣਾ, ਦੇਵੇ ਰਿਜ਼ਕ ਸਰਬ ਸੰਸਾਰ। ਪ੍ਰਭ ਸਭ ਦਾ ਮੂਲ ਚੁਕਾਵਣਾ, ਆਪਣਾ ਵਰਤੇ ਸਚ ਵਰਤਾਰ। ਖਾਣਾ ਪੀਣਾ ਪਹਿਨਣਾ ਬੰਦ ਕਰਾਵਣਾ, ਤਨ ਕਰੇ ਨਾ ਕੋਇ ਸ਼ਿੰਗਾਰ। ਸੋਲਾਂ ਇਛਿਆ ਵੇਖ ਵਖਾਵਣਾ, ਸੋਲਾਂ ਕਲੀਆਂ ਨਾ ਪਾਵੇ ਕੋਈ ਹਾਰ। ਸਾਚਾ ਸੀਸ ਨਾ ਕਿਸੇ ਗੁੰਦਾਵਣਾ, ਨੇਤਰ ਨੈਣ ਨਾ ਕਜਲ ਧਾਰ। ਬੱਤੀ ਦੰਦ ਨਾ ਮੁਖ ਹਸਾਵਣਾ, ਨੇਤਰ ਰੋਵਣ ਜ਼ਾਰੋ ਜ਼ਾਰ। ਗੀਤ ਸੁਹਾਗ ਕਿਸੇ ਨਾ ਗਾਵਣਾ, ਘਰ ਘਰ ਹੋਏ ਖੁਆਰ। ਸਾਚਾ ਕੰਤ ਨਾ ਕਿਸੇ ਹੰਢਾਵਣਾ, ਨਾਰੀ ਨਰ ਨਾ ਕੋਇ ਪਿਆਰ। ਜਗਤ ਵਿਭਚਾਰ ਇਕ ਵਖਾਵਣਾ, ਸ੍ਰਿਸ਼ਟ ਸਬਾਈ ਧੂੰਆਂਧਾਰ। ਜੋਤੀ ਲੰਬੂ ਏਕਾ ਲਾਵਣਾ, ਅਗਨੀ ਤਤ ਦੇਵੇ ਸਾੜ। ਗੁਰਮੁਖ ਵਿਰਲਾ ਆਪ ਬਚਾਵਣਾ, ਕਰ ਕਿਰਪਾ ਹਰਿ ਨਿਰੰਕਾਰ। ਸਿਰ ਆਪਣਾ ਹੱਥ ਟਿਕਾਵਣਾ, ਨਿਰਗੁਣ ਸਰਗੁਣ ਕਰ ਪਿਆਰ। ਸੋਹੰ ਸਾਚਾ ਜਾਪ ਜਪਾਵਣਾ, ਸਤਿਜੁਗ ਸਾਚੀ ਬੰਨ੍ਹੇ ਧਾਰ। ਤ੍ਰੈਗੁਣ ਮਾਇਆ ਤੇਰਾ ਤਾਪ ਮਿਟਾਵਣਾ, ਤੀਨੋ ਤਾਪ ਦੇਵੇ ਮਾਰ। ਅੰਮਿ਼੍ਰਤ ਮੇਘ ਇਕ ਬਰਸਾਵਣਾ, ਕਾਇਆ ਕਰੇ ਠੰਡੀ ਠਾਰ। ਕਵਲ ਕਵਲਾ ਝਿਰਨਾ ਆਪ ਝਿਰਾਵਣਾ, ਨਿਝਰ ਰਸ ਅਪਰ ਅਪਾਰ। ਗੁਰਸਿਖ ਕਾਗੋਂ ਹੰਸ ਬਣਾਵਣਾ, ਮਾਨਸ ਜਨਮ ਪੈਜ ਸਵਾਰ। ਜਨਮ ਜਨਮ ਦਾ ਪਿਛਲਾ ਦਾਗ ਧੁਆਵਣਾ, ਕਰ ਕਿਰਪਾ ਆਪ ਕਰਤਾਰ। ਅਗਲਾ ਲੇਖਾ ਆਪ ਲਿਖਾਵਣਾ, ਬ੍ਰਹਮੇ ਵੇਦ ਨਾ ਪਾਇਣ ਸਾਰ। ਗੁਰਸਿਖ ਸਾਚੇ ਤਖ਼ਤ ਬਹਾਵਣਾ, ਦਰਗਹਿ ਸਾਚੀ ਸਚ ਸੱਚੀ ਧਰਮਸਾਲ। ਅੰਤਮ ਜੋਤੀ ਜੋਤ ਮੇਲ ਮਿਲਾਵਣਾ, ਫਲ ਲਾਏ ਸਾਚੇ ਡਾਲ। ਆਵਣ ਜਾਵਣ ਪੰਧ ਮੁਕਾਵਣਾ, ਜੋ ਜਨ ਘਾਲਣ ਰਹੇ ਘਾਲ। ਸਾਚੇ ਮੰਦਰ ਆਪ ਸੁਹਾਵਣਾ, ਕਰੇ ਕਰਾਏ ਸਦਾ ਪ੍ਰਿਤਪਾਲ। ਗੁਰਮੁਖ ਦੂਸਰ ਹੱਥ ਨਾ ਕਿਸੇ ਫੜਾਵਣਾ, ਵੇਲੇ ਅੰਤ ਨਾ ਖਾਏ ਜਮ ਕਾਲ। ਕਾਲ ਮਹਾਂਕਾਲ ਆਪਣੇ ਚਰਨਾਂ ਹੇਠ ਦਬਾਵਣਾ, ਲੱਖ ਚੁਰਾਸੀ ਤੋੜ ਜੰਜਾਲ। ਕਰੇ ਕਰਾਏ ਜੋ ਹਰਿ ਭਾਵਣਾ, ਜੁਗਾ ਜੁਗੰਤਰ ਅਵੱਲੜੀ ਚਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਗੰਮਾ ਅਗੰਮੜੀ ਕਾਰ, ਕਰੇ ਕਰਾਏ ਵਿਚ ਸੰਸਾਰ, ਨਿਰਗੁਣ ਜੋਤੀ ਜਾਮਾ ਲੈ ਅਵਤਾਰ, ਸ਼ਬਦ ਡੰਕਾ ਇਕ ਵਜਾਵਣਾ। ਸ਼ਬਦ ਡੰਕਾ ਵੱਜਿਆ, ਚਾਰ ਕੁੰਟ ਜੈਕਾਰ। ਬ੍ਰਹਮਾ ਵਿਸ਼ਨ ਸ਼ਿਵ ਫਿਰੇ ਭੱਜਿਆ, ਕਰੋੜ ਤੇਤੀਸਾ ਕਰੇ ਪੁਕਾਰ। ਲੱਖ ਚੁਰਾਸੀ ਕੋਇ ਨਾ ਰੱਖੇ ਲੱਜਿਆ, ਮਾਨਸ ਜਨਮ ਗਏ ਹਾਰ। ਕਾਲ ਨਗਾਰਾ ਸਿਰ ਤੇ ਵੱਜਿਆ, ਊਚੀ ਕੂਕੇ ਕਰੇ ਪੁਕਾਰ। ਗੁਰਸਿਖ ਵਿਰਲਾ ਸਤਿਗੁਰ ਦੁਆਰੇ ਬਹਿ ਬਹਿ ਸਜਿਆ, ਹਰਿ ਸੰਗਤ ਕਰੇ ਪਿਆਰ। ਚਰਨ ਧੂੜ ਕਰੇ ਸਾਚਾ ਮਜਨ ਮਜਿਆ, ਦੁਰਮਤ ਮੈਲ ਲਏ ਉਤਾਰ। ਵੇਲੇ ਅੰਤਮ ਪਰਦਾ ਕੱਜਿਆ, ਕਰ ਕਿਰਪਾ ਆਪ ਨਿਰੰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਅੰਤਮ ਰੰਗ, ਆਪੇ ਵੇਖੇ ਸੂਰਾ ਸਰਬੰਗ, ਸਚ ਮਰਦੰਗ ਏਕਾ ਵੱਜਿਆ। ਨਾਮ ਮਰਦੰਗਾ ਢੋਲ ਨਗਾਰਾ, ਤ੍ਰੈਗੁਣ ਮਾਇਆ ਰਿਹਾ ਜਗਾਈਆ। ਆਪ ਵਜਾਏ ਹਰਿ ਨਿਰੰਕਾਰਾ, ਪੰਜ ਤਤ ਦਏ ਉਠਾਈਆ। ਮਤ ਬੁੱਧ ਦਏ ਹੁਲਾਰਾ, ਮਨੂਆ ਸੋਇਆ ਰਹਿਣ ਨਾ ਪਾਈਆ। ਗੁਰਮੁਖ ਵਿਰਲਾ ਪਾਵੇ ਸਾਰਾ, ਜਿਸ ਜਨ ਆਤਮ ਬੂਝ ਬੁਝਾਈਆ। ਮਨਮੁਖ ਜੀਵ ਹੋਏ ਗਵਾਰਾ, ਗੁਰ ਕਾ ਸ਼ਬਦ ਨਾ ਕੋਇ ਗਾਈਆ। ਅੰਦਰ ਮੰਦਰ ਵਸੇ ਨਾ ਹਰਿ ਨਿਰੰਕਾਰਾ, ਘਰ ਬੰਕ ਨਾ ਕੋਇ ਸੁਹਾਈਆ। ਜਨਕ ਸਪੁਤਰੀ ਨਾ ਕਰੇ ਕੋਇ ਪਿਆਰਾ, ਸੀਤਾ ਸੁਰਤੀ ਨਾ ਕੋਇ ਪਰਨਾਈਆ। ਬਿਨ ਹਰਿ ਨਾਮੇ ਉਤਰੇ ਨਾ ਕੋਇ ਪਾਰਾ, ਕਬੀਰ ਜੁਲਾਹਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਲੇਖਾ ਜਾਣੇ ਚਵੀਆਂ ਅਵਤਾਰਾ, ਚੌਥਾ ਜੁਗ ਵੇਖ ਵਖਾਈਆ। ਚੌਥੇ ਜੁਗ ਸਾਚੀ ਧਾਰ, ਚਾਰ ਵੇਦਾਂ ਫੋਲ ਫੁਲਾਇੰਦਾ। ਚਾਰੇ ਖਾਣੀ ਪਾਵੇ ਸਾਰ, ਚਾਰੇ ਬਾਣੀ ਭੇਵ ਜਣਾਇੰਦਾ। ਚਾਰ ਵਰਨ ਰਹੇ ਪੁਕਾਰ, ਚਾਰੇ ਦਿਸ਼ਾ ਨੈਣ ਉਠਾਇੰਦਾ। ਚਾਰੇ ਘਰ ਰਾਹ ਤੱਕਣ ਮੀਤ ਮੁਰਾਰ, ਕਵਣ ਦੁਆਰੇ ਹਰਿ ਹਰਿ ਫੇਰਾ ਪਾਇੰਦਾ। ਉਤਰ ਪੂਰਬ ਪੱਛਮ ਦੱਖਣ ਦਿਸ ਨਾ ਆਏ ਵਿਚ ਸੰਸਾਰ, ਜੀਵ ਜੰਤ ਰਾਹ ਤਕਾਇੰਦਾ। ਜਿਸ ਜਨ ਬਖ਼ਸ਼ੇ ਚਰਨ ਪਿਆਰ, ਘਰ ਮੰਦਰ ਵੇਖ ਵਖਾਇੰਦਾ। ਤਨ ਮਾਟੀ ਹਾਟੀ ਖੋਲ੍ਹ ਕਿਵਾੜ, ਔਖੀ ਘਾਟੀ ਆਪ ਚੜ੍ਹਾਇੰਦਾ। ਤੀਰਥ ਤਾਟੀ ਸਰ ਸਰੋਵਰ ਆਰ ਪਾਰ, ਜੋਤ ਲਲਾਟੀ ਡਗਮਗਾਇੰਦਾ। ਇਕ ਇਕਾਂਤੀ ਖੇਲ ਅਪਾਰ, ਬੂੰਦ ਸਵਾਂਤੀ ਦੇਵੇ ਠੰਡੀ ਠਾਰ, ਗੁਰਸਿਖ ਚਾਤ੍ਰਕ ਤ੍ਰਿਖਾ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਠੇ ਪਹਿਰ ਰੱਖੇ ਪ੍ਰਭਾਤੀ, ਸਵੇਰ ਸੰਞ ਨਾ ਕੋਇ ਬਣਾਇੰਦਾ। ਗੁਰਮੁਖ ਤੇਰੀ ਸਚ ਪਰਭਾਤੀ, ਅੱਠੇ ਪਹਿਰ ਰੰਗ ਰੰਗਾਇਆ। ਰਾਤੀਂ ਸੁਤਿਆਂ ਪੁੱਛੇ ਵਾਤੀ, ਸੁਫਨ ਸਖੋਪਤ ਜਾਗਰਤ ਤੁਰੀਆ ਆਪਣਾ ਖੇਲ ਖਿਲਾਇਆ। ਉਤਮ ਰੱਖੀ ਤੇਰੀ ਜ਼ਾਤੀ, ਜ਼ਾਤ ਪਾਤ ਨਾ ਵੰਡ ਵੰਡਾਇਆ। ਕਲਜੁਗ ਮਿਟੀ ਅੰਧੇਰੀ ਰਾਤੀ, ਸਤਿਗੁਰ ਸਾਚਾ ਚੰਦ ਚੜ੍ਹਾਇਆ। ਕਲਜੁਗ ਮਾਰੇ ਨਾ ਆਪਣੀ ਕਾਤੀ, ਤਿੱਖਾ ਤੀਰ ਨਾ ਕੋਇ ਵਖਾਇਆ। ਗੁਰਸਿਖ ਹੋਵੇ ਨਾ ਕੋਇ ਘਾਤੀ, ਗੁਰ ਚਰਨ ਧਿਆਨ ਇਕ ਧਰਾਇਆ। ਪ੍ਰਭ ਦੇਵਣਹਾਰਾ ਸਾਚੀ ਦਾਤੀ, ਵਸਤ ਅਮੋਲਕ ਝੋਲੀ ਪਾਇਆ। ਸਤਿਜੁਗ ਤੇਰੀ ਬੂੰਦ ਸਵਾਂਤੀ, ਅੰਮ੍ਰਿਤ ਮੇਘ ਇਕ ਬਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਉਜਾਲਾ ਹਰਿ ਗੋਪਾਲਾ, ਦੀਨ ਦਿਆਲਾ ਆਪਣਾ ਨਾਉਂ ਧਰਾਇਆ। ਦੀਨ ਦਿਆਲਾ ਗਹਿਰ ਗੁਣ ਸਾਗਰ, ਸਤਿਗੁਰ ਪੂਰਾ ਵਡ ਵਡਿਆਈਆ। ਗੁਰਮੁਖਾਂ ਨਿਰਮਲ ਕਰਮ ਕਰੇ ਉਜਾਗਰ, ਮਾਇਆ ਮਮਤਾ ਮੋਹ ਚੁਕਾਈਆ। ਏਕਾ ਵਣਜ ਕਰਾਏ ਸਚ ਸੁਦਾਗਰ, ਸਾਚੀ ਵਸਤ ਏਕਾ ਹੱਟ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਬੇਪਰਵਾਹੀਆ। ਜੁਗ ਕਰਤਾ ਬੇਪਰਵਾਹ, ਭੇਵ ਅਭੇਦਾ ਭੇਵ ਛੁਪਾਇੰਦਾ। ਸ਼ਬਦ ਸਰੂਪੀ ਬਣ ਮਲਾਹ, ਗੁਰ ਸਤਿਗੁਰ ਨਾਉਂ ਧਰਾਇੰਦਾ। ਨਾਮ ਸਤਿ ਦੇਵੇ ਸਚ ਸਲਾਹ, ਸਾਚਾ ਮਾਰਗ ਇਕ ਵਖਾਇੰਦਾ। ਕਲਜੁਗ ਕੂੜਾ ਪੰਧ ਦਏ ਮੁਕਾ, ਕੂੜੀ ਕਿਰਿਆ ਮੇਟ ਮਿਟਾਇੰਦਾ। ਸਤਿਜੁਗ ਸਾਚਾ ਦੇਵੇ ਲਾ, ਧਰਤ ਮਾਤ ਦੀ ਗੋਦ ਬਹਾਇੰਦਾ। ਵਰਨ ਬਰਨ ਨਾ ਕੋਇ ਵੰਡ ਵੰਡਾ, ਇਸ਼ਟ ਦੇਵ ਇਕ ਰਖਾਇੰਦਾ। ਨਾ ਕੋਈ ਖਾਏ ਸੂਰ ਗਾਂ, ਇਕ ਹਦੀਸ ਸਰਬ ਪੜ੍ਹਾਇੰਦਾ। ਹਿੰਦੂ ਮੁਸਲਿਮ ਸਿਖ ਈਸਾਈ ਏਕਾ ਰੰਗ ਦਏ ਰੰਗਾ, ਆਪ ਆਪਣੀ ਖੇਲ ਖਿਲਾਇੰਦਾ। ਰਾਜ ਜੋਗ ਸਾਚਾ ਦਏ ਸਿਖਾ, ਸਾਚੀ ਰੱਯਤ ਮੇਲ ਮਿਲਾਇੰਦਾ। ਨੌ ਖੰਡ ਪ੍ਰਿਥਮੀ ਏਕਾ ਹੁਕਮ ਸੁਣਾ, ਸੱਤਾਂ ਦੀਪਾਂ ਸਚ ਨਿਸ਼ਾਨ ਝੁਲਾਇੰਦਾ। ਜਗਤ ਜਗਦੀਸ਼ ਪ੍ਰਭ ਖੇਲ ਖਲਾ, ਆਪ ਆਪਣਾ ਕਰਮ ਕਮਾਇੰਦਾ। ਸੀਸ ਤਾਜ ਇਕ ਟਿਕਾ, ਰਾਜ ਰਾਜਾਨਾਂ ਆਪ ਸਮਝਾਇੰਦਾ। ਸ਼ਬਦ ਅਸਵ ਰਿਹਾ ਦੌੜਾ, ਚਾਰੇ ਵਾਗਾਂ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕਰੇ ਪਾਰ ਕਿਨਾਰਾ, ਸਤਿਜੁਗ ਸਾਚੀ ਬੰਨ੍ਹੇ ਧਾਰਾ, ਦੋਹਾਂ ਵਿਚੋਲਾ ਹਰਿ ਨਿਰੰਕਾਰਾ, ਗੁਰਸਿਖਾਂ ਕਰੇ ਸਚ ਪਿਆਰਾ, ਹਰਿਜਨ ਸਾਚੇ ਪਾਰ ਕਰਾਇੰਦਾ। ਹਰਿਜਨ ਬੇੜਾ ਬੰਨਣਾ, ਆਪਣੀ ਗੰਢ ਸੰਭਾਲ। ਹਰਿ ਹਰਿ ਭਾਣਾ ਸਿਰ ਤੇ ਮੰਨਣਾ, ਪੁਰਖ ਅਬਿਨਾਸ਼ੀ ਅਵੱਲੜੀ ਚਾਲ। ਜੋ ਘੜਿਆ ਸੋ ਭੰਨਣਾ, ਵੇਖਣਹਾਰਾ ਗਗਨ ਮੰਡਲ ਸਾਚਾ ਥਾਲ। ਜੀਵ ਹੰਕਾਰੀ ਸਰਬ ਡੰਨਣਾ, ਜਗਤ ਵਜਾਏ ਝੂਠਾ ਤਾਲ। ਗੁਰਮੁਖ ਵਿਰਲਾ ਜਨਨੀ ਜਨਣਾ, ਜਿਸ ਹੋਏ ਆਪ ਕਿਰਪਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਸਿਖਾਂ ਕਰੇ ਆਪ ਸੰਭਾਲ। ਗੁਰਸਿਖਾਂ ਸਦਾ ਸੰਭਾਲਦਾ, ਸਤਿਗੁਰ ਸੂਰਾ ਵਡ ਮਿਹਰਵਾਨ। ਲੇਖਾ ਜਾਣੇ ਦੋ ਜਹਾਨ ਦਾ, ਆਪ ਝੁਲਾਏ ਸਚ ਨਿਸ਼ਾਨ। ਲੇਖਾ ਚੁਕਾਏ ਧਰਮ ਰਾਏ ਦੀ ਕਾਣ ਦਾ, ਲਾੜੀ ਮੌਤ ਨਾ ਕਰੇ ਪਰਵਾਨ। ਦਰਗਹਿ ਸਾਚੀ ਇਕ ਵਖਾਣ ਦਾ, ਮੇਲ ਮਿਲਾਏ ਸ੍ਰੀ ਭਗਵਾਨ। ਨਾਤਾ ਤੁਟੇ ਆਵਣ ਜਾਣ ਦਾ, ਲੱਖ ਚੁਰਾਸੀ ਪੰਧ ਮੁਕਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਬਲ ਨਗਰੀ ਬੈਠਾ ਵੜ, ਸਾਢੇ ਤਿੰਨ ਹੱਥ ਵੇਖ ਮਕਾਨ, ਖੇਲੇ ਖੇਲ ਖੇਲ ਮਹਾਨ।