Granth 09 Likhat 090: 1 Visakh 2017 Bikarmi Thakar Singh de Ghar Jethuwal Dayea hoyi Jila Amritsar

੧ ਵਿਸਾਖ ੨੦੧੭ ਬਿਕ੍ਰਮੀ ਠਾਕਰ ਸਿੰਘ ਦੇ ਘਰ ਜੇਠੂਵਾਲ ਦਇਆ ਹੋਈ ਜ਼ਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਸਾਹਿਬ ਸੁਲਤਾਨ, ਆਦਿ ਜੁਗਾਦਿ ਸਮਾਇੰਦਾ। ਹਰਿ ਪੁਰਖ ਨਿਰੰਜਣ ਵਡ ਬਲਵਾਨ, ਅਗੰਮ ਅਗੰਮੜਾ ਖੇਲ ਖਿਲਾਇੰਦਾ। ਏੇਕੰਕਾਰਾ ਵਡ ਮਿਹਰਵਾਨ, ਅਲੱਖ ਅਲੱਖਣਾ ਨਾਉਂ ਧਰਾਇੰਦਾ। ਆਦਿ ਨਿਰੰਜਣ ਜੋਤ ਮਹਾਨ, ਨਿਰਗੁਣ ਨੂਰੋ ਨੂਰ ਡਗਮਗਾਇੰਦਾ। ਅਬਿਨਾਸ਼ੀ ਕਰਤਾ ਵਾਲੀ ਦੋ ਜਹਾਨ, ਇਕ ਇਕੱਲਾ ਸੋਭਾ ਪਾਇੰਦਾ। ਸ੍ਰੀ ਭਗਵਾਨ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਪਾਰਬ੍ਰਹਮ ਸਤਿ ਫ਼ਰਮਾਣ, ਸਤਿ ਪੁਰਖ ਨਿਰੰਜਣ ਆਪ ਅਲਾਇੰਦਾ। ਸਾਚੇ ਤਖ਼ਤ ਹੋ ਪ੍ਰਧਾਨ, ਸਚਖੰਡ ਸਾਚੇ ਡੇਰਾ ਲਾਇੰਦਾ। ਨਾ ਕੋਈ ਮੰਦਰ ਨਾ ਮਕਾਨ, ਛੱਪਰ ਛੰਨ ਨਾ ਕੋਇ ਵਖਾਇੰਦਾ। ਨਾ ਕੋਈ ਜ਼ਿਮੀ ਨਾ ਅਸਮਾਨ, ਗਗਨ ਮੰਡਲ ਨਾ ਕੋਇ ਉਪਾਇੰਦਾ। ਰਵ ਸਸ ਨਾ ਕੋਇ ਨਿਸ਼ਾਨ, ਲੋਆਂ ਪੁਰੀਆਂ ਨਾ ਰਚਨ ਰਚਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਗਿਆਨ, ਚਰਨ ਧਿਆਨ ਨਾ ਕੋਇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਆਪਣੀ ਖੇਲ ਆਪ ਖਲਾਇੰਦਾ। ਸੋ ਪੁਰਖ ਨਿਰੰਜਣ ਸਰਬ ਗੁਣਵੰਤ, ਹਰਿ ਪੁਰਖ ਨਿਰੰਜਣ ਵਡ ਵਡਿਆਈਆ। ਏਕੰਕਾਰਾ ਮਹਿਮਾ ਅਗਣਤ, ਆਦਿ ਨਿਰੰਜਣ ਲਖਾ ਨਾ ਜਾਈਆ। ਸ੍ਰੀ ਭਗਵਾਨ ਸਾਚਾ ਕੰਤ, ਅਬਿਨਾਸ਼ੀ ਕਰਤਾ ਆਪ ਹੰਢਾਈਆ। ਪਾਰਬ੍ਰਹਮ ਆਦਿ ਅੰਤ, ਮਧ ਆਪਣੀ ਖੇਲ ਰਚਾਈਆ। ਸਚਖੰਡ ਨਿਵਾਸੀ ਲੇਖਾ ਜਾਣੇ ਜੀਵ ਜੰਤ, ਜੁਗਾ ਜੁਗੰਤਰ ਵੇਸ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਕਲ ਕਲ ਆਪ ਅਖਵਾਈਆ। ਸੋ ਪੁਰਖ ਨਿਰੰਜਣ ਸਾਚੀ ਧਾਰ, ਦਰ ਘਰ ਸਾਚੇ ਆਪ ਵਹਾਇੰਦਾ। ਹਰਿ ਪੁਰਖ ਨਿਰੰਜਣ ਕਰ ਪਿਆਰ, ਏਕਾ ਅੰਕ ਲਗਾਇੰਦਾ। ਏਕੰਕਾਰਾ ਖੇਲ ਅਪਾਰ, ਨਰ ਹਰਿ ਆਪਣੀ ਆਪ ਕਰਾਇੰਦਾ। ਆਦਿ ਨਿਰੰਜਣ ਠਾਂਡਾ ਠਾਰ, ਸਾਂਤਕ ਸਤਿ ਸਤਿ ਵਰਤਾਇੰਦਾ। ਸ੍ਰੀ ਭਗਵਾਨ ਹੋ ਤਿਆਰ, ਨਿਰਗੁਣ ਆਪਣਾ ਰੂਪ ਵਟਾਇੰਦਾ। ਅਬਿਨਾਸ਼ੀ ਕਰਤਾ ਸਾਚਾ ਭਰ ਭੰਡਾਰ, ਸਾਚੀ ਵਸਤ ਆਪ ਉਪਾਇੰਦਾ। ਪਾਰਬ੍ਰਹਮ ਪ੍ਰਭ ਬਣ ਭਿਖਾਰ, ਆਪਣੀ ਝੋਲੀ ਅੱਗੇ ਡਾਹਿੰਦਾ। ਸਚਖੰਡ ਨਿਵਾਸਾ ਖੇਲ ਕਰੇ ਕਰਤਾਰ, ਕਰਨੀ ਕਰਤਾ ਆਪ ਕਰਾਇੰਦਾ। ਰਾਜ ਜੋਗ ਕਰੇ ਸਿਕਦਾਰ, ਸਾਚੇ ਤਖ਼ਤ ਸੋਭਾ ਪਾਇੰਦਾ। ਹੁਕਮੀ ਹੁਕਮ ਕਰੇ ਵਿਚਾਰ, ਧੁਰ ਫ਼ਰਮਾਣਾ ਆਪ ਅਲਾਇੰਦਾ। ਨਾ ਕੋਈ ਦੀਸੇ ਚੋਬਦਾਰ, ਦੁਆਰਪਾਲ ਨਾ ਕੋਇ ਰਖਾਇੰਦਾ। ਇਕ ਇਕੱਲਾ ਨਿਰਾਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਸੋ ਪੁਰਖ ਨਿਰੰਜਣ ਸਾਚਾ ਘਰ, ਹਰਿ ਸਚਾ ਸਚ ਸੁਹਾਈਆ। ਹਰਿ ਪੁਰਖ ਨਿਰੰਜਣ ਅੰਦਰ ਵੜ, ਬੈਠਾ ਆਸਣ ਲਾਈਆ। ਏਕੰਕਾਰਾ ਫੜ ਲੜ, ਆਪਣਾ ਪੱਲੂ ਨਾਲ ਬੰਧਾਈਆ। ਆਦਿ ਨਿਰੰਜਣ ਸਾਚੇ ਪੌੜੇ ਆਪੇ ਚੜ੍ਹ, ਉਚ ਮਹੱਲੇ ਡਗਮਗਾਈਆ। ਸ੍ਰੀ ਭਗਵਾਨ ਅੱਗੇ ਖੜ੍ਹ, ਰੂਪ ਅਨੂਪ ਆਪ ਦਰਸਾਈਆ। ਅਬਿਨਾਸ਼ੀ ਕਰਤਾ ਆਪਣਾ ਅੱਖਰ ਆਪੇ ਪੜ੍ਹ, ਨਿਸ਼ਅੱਖਰ ਆਪੇ ਕਰੇ ਪੜ੍ਹਾਈਆ। ਪਾਰਬ੍ਰਹਮ ਪ੍ਰਭ ਘਾੜਣ ਘੜ, ਆਪਣੀ ਰਚਨਾ ਆਪ ਰਚਾਈਆ। ਸਚਖੰਡ ਦੁਆਰ ਨਾ ਕੋਈ ਚੋਟੀ ਨਾ ਕੋਈ ਜੜ੍ਹ, ਆਦਿ ਅੰਤ ਨਾ ਕੋਇ ਵਖਾਈਆ। ਨਾ ਕੋਈ ਕਿਲਾ ਕੋਟ ਦਿਸੇ ਗੜ੍ਹ, ਚਾਰ ਦੀਵਾਰ ਨਾ ਕੋਇ ਵਖਾਈਆ। ਸ਼ਾਹ ਸੁਲਤਾਨ ਨਾ ਸਕੇ ਕੋਇ ਫੜ, ਰਾਜ ਰਾਜਾਨ ਨਜ਼ਰ ਨਾ ਆਈਆ। ਜਲ ਧਾਰ ਨਾ ਦਿਸੇ ਹੜ੍ਹ, ਧਰਤ ਧਵਲ ਨਾ ਕੋਇ ਵਡਿਆਈਆ। ਪੰਜ ਤਤ ਨਾ ਦਿਸੇ ਨਾੜੀ ਨੜ, ਤ੍ਰੈਗੁਣ ਨਾ ਬੰਧਨ ਪਾਈਆ। ਨਾ ਜਨਮੇ ਨਾ ਜਾਏ ਮਰ, ਲੱਖ ਚੁਰਾਸੀ ਨਾ ਕੋਇ ਭੁਆਈਆ। ਨਾ ਕੋਈ ਤੀਰਥ ਤੱਟ ਦਿਸੇ ਸਰ, ਸਰ ਸਰੋਵਰ ਨਾ ਕੋਇ ਵਖਾਈਆ। ਆਪਣੀ ਕਰਨੀ ਰਿਹਾ ਕਰ, ਆਦਿ ਜੁਗਾਦੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਗੰਮ ਅਗੰਮੜੀ ਖੇਲ ਖਿਲਾਈਆ। ਸੋ ਪੁਰਖ ਨਿਰੰਜਣ ਹਰਿ ਸੁਲਤਾਨਾ, ਦਰਗਹਿ ਸਾਚੀ ਸੋਭਾ ਪਾਇੰਦਾ। ਹਰਿ ਪੁਰਖ ਨਿਰੰਜਣ ਸਚ ਨਿਸ਼ਾਨਾ, ਸਤਿ ਸਤਿਵਾਦੀ ਆਪ ਝੁਲਾਇੰਦਾ। ਏਕੰਕਾਰਾ ਪਦ ਨਿਰਬਾਨਾ, ਆਪਣਾ ਆਪ ਜਣਾਇੰਦਾ। ਆਦਿ ਨਿਰੰਜਣ ਵਿਚ ਸਮਾਣਾ, ਨੂਰੋ ਨੂਰ ਧਰਾਇੰਦਾ। ਸ੍ਰੀ ਭਗਵਾਨ ਨਾ ਕਿਸੇ ਪਛਾਣਾ, ਰੂਪ ਰੇਖ ਨਾ ਕੋਇ ਵਖਾਇੰਦਾ। ਪਾਰਬ੍ਰਹਮ ਵੇਸ ਮਹਾਨਾ, ਇਕ ਇਕੱਲਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਾਚੇ ਵੜ, ਘਰ ਘਰ ਵਿਚ ਆਪ ਬਣਾਇੰਦਾ। ਸਚਖੰਡ ਦੁਆਰਾ ਹਰਿ ਉਪਾ, ਆਪਣੀ ਦਇਆ ਕਮਾਇੰਦਾ। ਸਚ ਸਿੰਘਾਸਣ ਆਸਣ ਲਾ, ਤਖ਼ਤ ਤਾਜ ਸੁਹਾਇੰਦਾ। ਧੁਰ ਫ਼ਰਮਾਣਾ ਆਪ ਜਣਾ, ਹੁਕਮੀ ਹੁਕਮ ਫ਼ਰਾਇੰਦਾ। ਰਾਜਾ ਰਾਣਾ ਆਪ ਅਖਵਾ, ਆਪਣਾ ਸੀਸ ਝੁਕਾਇੰਦਾ। ਨਾਦ ਤਰਾਨਾ ਆਪ ਵਜਾ, ਤਾਰ ਸਿਤਾਰ ਹਿਲਾਇੰਦਾ। ਪਾਰਬ੍ਰਹਮ ਪ੍ਰਭ ਨਾਉਂ ਧਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਅੰਦਰ ਵੜ, ਆਪ ਆਪਣਾ ਭੇਵ ਖੁਲ੍ਹਾਇੰਦਾ। ਸਚਖੰਡ ਦੁਆਰਾ ਹਰਿ ਸੁਹੰਜਣਾ, ਮਹਿਮਾ ਅਕਥਨ ਕਥੀ ਨਾ ਜਾਈਆ। ਸੋ ਪੁਰਖ ਨਿਰੰਜਣ ਦਰਦ ਦੁੱਖ ਭੈ ਭੰਜਣਾ, ਹਰਿ ਦਾਤਾ ਬੇਪਰਵਾਹੀਆ। ਏਕੰਕਾਰਾ ਸਚ ਦੁਆਰ ਕਰਾਏ ਮਜਨਾ, ਸਰ ਸਰੋਵਰ ਇਕ ਵਖਾਈਆ। ਆਦਿ ਨਿਰੰਜਣ ਰੱਖੇ ਲਜਣਾ, ਅੰਧ ਅੰਧੇਰ ਨਾ ਕੋਇ ਵਖਾਈਆ। ਸ੍ਰੀ ਭਗਵਾਨਾ ਨਾ ਘੜਿਆ ਨਾ ਭੱਜਣਾ, ਭੰਨਣਹਾਰ ਹੱਥ ਵਡਿਆਈਆ। ਅਬਿਨਾਸ਼ੀ ਕਰਤਾ ਆਦਿ ਜੁਗਾਦੀ ਏਕਾ ਗੱਜਣਾ, ਸ਼ਬਦ ਅਨਾਦੀ ਨਾਦ ਵਜਾਈਆ । ਪਾਰਬ੍ਰਹਮ ਸਚਖੰਡ ਅੰਦਰ ਥਿਰ ਘਰ ਬਹਿ ਬਹਿ ਸਜਣਾ, ਘਰ ਘਰ ਵਿਚ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਖੇਲ ਖਿਲਾਈਆ। ਇਕ ਇਕੱਲਾ ਏਕੰਕਾਰਾ, ਭੇਵ ਕੋਇ ਨਾ ਪਾਇੰਦਾ। ਆਦਿ ਅੰਤ ਇਕ ਅਵਤਾਰਾ, ਏਕਾ ਵੇਸ ਵਟਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਸਚਖੰਡ ਦੁਆਰਾ ਆਪ ਸੁਹਾਇੰਦਾ। ਖੇਲੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਭੇਵ ਨਾ ਆਇੰਦਾ। ਨਾ ਕੋਈ ਪੁਰਖ ਨਾ ਕੋਈ ਨਾਰਾ, ਨਰ ਨਰਾਇਣ ਨਾਉਂ ਧਰਾਇੰਦਾ। ਨਾ ਕੋਈ ਸੱਜਣ ਮੀਤ ਮੁਰਾਰਾ, ਪੁੱਤਰ ਧੀਆਂ ਨਾ ਬਣਤ ਬਣਾਇੰਦਾ। ਨਾ ਕੋਈ ਨਾਰੀ ਕੰਤ ਭਤਾਰਾ, ਸੇਜ ਸੁਹੰਜਣੀ ਨਾ ਕੋਇ ਹੰਢਾਇੰਦਾ। ਨਾ ਕੋਈ ਸਖੀਆਂ ਮੰਗਲ ਗਾਏ ਆਪਣੀ ਵਾਰਾ, ਰਚਨਾ ਰਾਸ ਨਾ ਕੋਇ ਰਚਾਇੰਦਾ। ਨਾ ਕੋਈ ਤਾਲ ਨਾ ਤਲਵਾੜਾ, ਰਾਗਨੀ ਰਾਗ ਨਾ ਕੋਇ ਸੁਣਾਇੰਦਾ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਦਰ ਘਰ ਸਾਚੇ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਡਗਮਗਾਇੰਦਾ। ਜੋਤ ਉਜਾਲਾ ਹਰਿ ਗੋਪਾਲਾ, ਥਿਰ ਘਰ ਸਾਚੇ ਸੋਭਾ ਪਾਈਆ। ਆਪਣੀ ਕਰੇ ਆਪ ਪ੍ਰਿਤਪਾਲਾ, ਆਦਿ ਜੁਗਾਦਿ ਸੇਵ ਕਮਾਈਆ। ਆਪੇ ਖੇਲੇ ਖੇਲ ਨਿਰਾਲਾ, ਵੇਦ ਕਤੇਬ ਨਾ ਕੋਇ ਪੜ੍ਹਾਈਆ। ਨਾ ਕੋਈ ਗੱਲ ਵਿਚ ਪਾਏ ਮਾਲਾ, ਰਸਨਾ ਜਿਹਵਾ ਨਾ ਕੋਇ ਹਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦੁਆਰੇ ਆਪ ਬਿਰਾਜੇ, ਸਾਚੇ ਸੀਸ ਸੋਹੇ ਤਾਜੇ, ਪੰਚਮ ਮੁਖ ਆਪ ਸੁਹਾਈਆ। ਪੰਚਮ ਮੁਖ ਤਾਜ ਸੁਹਾਵਣਾ, ਸਚਖੰਡ ਦੁਆਰੇ ਸੋਭਾ ਪਾਈਆ। ਸੋ ਪੁਰਖ ਨਿਰੰਜਣ ਏਕਾ ਨਜ਼ਰੀ ਆਵਣਾ, ਦੂਸਰ ਹੋਰ ਨਾ ਕੋਇ ਵਖਾਈਆ। ਹਰਿ ਪੁਰਖ ਨਿਰੰਜਣ ਏਕਾ ਗਾਵਣਾ, ਵਾਹਵਾ ਵਜਦੀ ਰਹੇ ਵਧਾਈਆ। ਏਕੰਕਾਰਾ ਰੰਗ ਰੰਗਾਵਣਾ, ਰੰਗ ਚਲੂਲ ਇਕ ਚੜ੍ਹਾਈਆ। ਆਦਿ ਨਿਰੰਜਣ ਜੋਤ ਜਗਾਵਣਾ, ਜੋਤ ਨਿਰੰਜਣ ਡਗਮਗਾਈਆ। ਸ੍ਰੀ ਭਗਵਾਨ ਖੇਲ ਖਲਾਵਣਾ, ਆਪਣੀ ਮਹਿਮਾ ਆਪ ਵਖਾਈਆ। ਅਬਿਨਾਸ਼ੀ ਕਰਤਾ ਨਾਉਂ ਧਰਾਵਣਾ, ਨਿਰਗੁਣ ਜੋਤ ਕਰ ਰੁਸ਼ਨਾਈਆ। ਪਾਰਬ੍ਰਹਮ ਥਿਰ ਘਰ ਸਾਚੇ ਡੇਰਾ ਲਾਵਣਾ, ਆਪਣਾ ਤਖ਼ਤ ਤਾਜ ਸੁਹਾਈਆ। ਸਾਚੀ ਵੰਡ ਆਪ ਵੰਡਾਵਣਾ, ਆਪਣੀ ਭਿਛਿਆ ਇਛਿਆ ਮੰਗ ਮੰਗਾਈਆ। ਆਪੇ ਝੋਲੀ ਅੱਗੇ ਡਾਹਵਣਾ, ਸ਼ਾਹ ਹਕੀਰ ਆਪ ਅਖਵਾਈਆ। ਬੇਨਜ਼ੀਰ ਆਪ ਅਖਵਾਵਣਾ, ਤਬਦੀਰ ਤਕਸੀਰ ਆਪ ਬਣਾਈਆ। ਲਾਸ਼ਰੀਕ ਨਾਮ ਧਰਾਵਣਾ, ਨੂਰੋ ਨੂਰ ਜਲਵਾ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਈਆ। ਸੋ ਪੁਰਖ ਨਿਰੰਜਣ ਹਰਿ ਰੰਗ ਰਾਤਾ, ਰੰਗ ਰਤੜਾ ਸਾਚਾ ਮਾਹੀਆ। ਹਰਿ ਪੁਰਖ ਨਿਰੰਜਣ ਉਤਮ ਜ਼ਾਤਾ, ਵਰਨ ਗੋਤ ਨਾ ਕੋਇ ਬਣਾਈਆ। ਏਕੰਕਾਰਾ ਸੋਹੇ ਆਪਣੀ ਖਾਟਾ, ਪਾਵਾ ਚੂਲ ਨਾ ਕੋਇ ਬਣਾਈਆ। ਆਦਿ ਨਿਰੰਜਣ ਕਰੇ ਪਰਕਾਸ਼ ਚੌਦਾਂ ਹਾਟਾ, ਚੌਦਾਂ ਲੋਕ ਇਕ ਰੁਸ਼ਨਾਈਆ। ਸ੍ਰੀ ਭਗਵਾਨ ਦੇਵੇ ਦਾਤਾ, ਵਡ ਦਾਤਾ ਇਕ ਅਖਵਾਈਆ। ਅਬਿਨਾਸ਼ੀ ਕਰਤਾ ਆਪੇ ਗਾਏ ਆਪਣੀ ਗਾਥਾ, ਨਿਰਗੁਣ ਨਿਰਗੁਣ ਕਰੇ ਪੜ੍ਹਾਈਆ। ਪਾਰਬ੍ਰਹਮ ਸਰਬ ਕਲਾ ਸਮਰਾਥਾ, ਸਮਰਥ ਪੁਰਖ ਆਪ ਅਖਵਾਈਆ। ਆਪੇ ਚਲਾਏ ਆਪਣਾ ਰਾਥਾ, ਰਥ ਰਥਵਾਹੀ ਇਕ ਅਖਵਾਈਆ। ਆਪ ਨਿਭਾਏ ਸਗਲਾ ਸਾਥਾ, ਸਗਲਾ ਸੰਗ ਆਪ ਹੋ ਜਾਈਆ। ਆਪੇ ਪਿਤਾ ਆਪੇ ਮਾਤਾ, ਆਪੇ ਜਨ ਜਨਨੀ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਲਿਖਾਈਆ। ਸੋ ਪੁਰਖ ਨਿਰੰਜਣ ਨਿਰਾਕਾਰ, ਏਕਾ ਰੰਗ ਸਮਾਇਆ। ਹਰਿ ਪੁਰਖ ਨਿਰੰਜਣ ਮੀਤ ਮੁਰਾਰ, ਘਰ ਸੱਜਣ ਸੱਚਾ ਪਾਇਆ। ਏਕੰਕਾਰਾ ਕਰ ਪਿਆਰ, ਸੇਜ ਸੁਹਾਵੀ ਦਏ ਸੁਹਾਇਆ। ਆਦਿ ਨਿਰੰਜਣ ਦੀਪਕ ਬਾਤੀ ਬਾਲ, ਪਰਕਾਸ਼ ਪਰਕਾਸ਼ ਦਏ ਕਰਾਇਆ। ਸ੍ਰੀ ਭਗਵਾਨ ਚਲੇ ਅਵੱਲੜੀ ਚਾਲ, ਚਾਲ ਨਿਰਾਲੀ ਇਕ ਰਖਾਇਆ। ਅਬਿਨਾਸ਼ੀ ਕਰਤਾ ਆਪਣਾ ਰੂਪ ਵਟਾਏ ਕਾਲ ਮਹਾਂਕਾਲ, ਦੀਨ ਦਿਆਲ ਆਪਣਾ ਨਾਉਂ ਧਰਾਇਆ। ਪਾਰਬ੍ਰਹਮ ਆਪਣਾ ਆਪੇ ਪਾਏ ਜੰਜਾਲ, ਆਪ ਆਪਣਾ ਖੇਲ ਖਿਲਾਇਆ। ਆਪੇ ਸ਼ਬਦ ਅਗੰਮੀ ਬਣ ਦਲਾਲ, ਪੂਤ ਸਪੂਤਾ ਆਪੇ ਜਾਇਆ। ਆਪੇ ਵੇਖੇ ਸਾਚਾ ਲਾਲ, ਸਾਚੀ ਗੋਦੀ ਆਪ ਬਹਾਇਆ। ਆਪੇ ਆਪਣਾ ਫਲ ਲਗਾਏ ਆਪਣੀ ਡਾਲ੍ਹ, ਪਤ ਡਾਲ੍ਹੀ ਆਪ ਮਹਿਕਾਇਆ। ਆਪੇ ਆਪਣੀ ਘਾਲਣ ਰਿਹਾ ਘਾਲ, ਸੇਵਕ ਸਾਚੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਅੰਦਰ ਨਿਰਗੁਣ ਵੜ, ਨਾ ਕੋਈ ਸੀਸ ਨਾ ਕੋਈ ਧੜ, ਨਾਰੀ ਕੰਤ ਸੇਜੇ ਚੜ੍ਹ, ਸ਼ਬਦ ਦੁਲਾਰਾ ਸੁੱਤ ਉਪਜਾਇਆ। ਸ਼ਬਦ ਸੁੱਤ ਸਚ ਬਲਵਾਨਾ, ਸਚਖੰਡ ਦੁਆਰੇ ਆਪ ਉਪਾਇੰਦਾ। ਥਿਰ ਘਰ ਵਾਸੀ ਦੇਵੇ ਧੁਰ ਫ਼ਰਮਾਣਾ, ਦਰਗਹਿ ਸਾਚੀ ਆਪ ਸੁਣਾਇੰਦਾ। ਲੋਆਂ ਪੁਰੀਆਂ ਪਾਵੇ ਤੇਰੀ ਆਣਾ, ਤੇਰਾ ਬੰਕ ਵਸਾਇੰਦਾ। ਮੇਰਾ ਰਾਗ ਤੇਰਾ ਗਾਣਾ, ਤੇਰੀ ਧਾਰ ਚਲਾਇੰਦਾ। ਤੇਰਾ ਰੂਪ ਸ੍ਰੀ ਭਗਵਾਨਾ, ਵਿਛੜ ਕਦੇ ਨਾ ਜਾਇੰਦਾ। ਸਤਿ ਸਰੂਪ ਬੱਧਾ ਗਾਨਾ, ਸਤਿ ਪੁਰਖ ਨਿਰੰਜਣ ਸਦਾ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸਤਿ ਸਤਿਵਾਦ ਲੇਖਾ ਜਾਣੇ ਆਦਿ ਜੁਗਾਦਿ, ਬ੍ਰਹਮ ਬ੍ਰਹਿਮਾਦ ਆਪਣੀ ਰਚਨ ਰਚਾਇੰਦਾ। ਆਪਣੀ ਰਚਨਾ ਹਰਿ ਰਚਾਏ, ਵਡ ਦਾਤਾ ਬੇਪਰਵਾਹੀਆ। ਸ਼ਬਦ ਦੁਲਾਰਾ ਸੇਵ ਕਮਾਏ, ਅਗੰਮ ਅਗੰਮੜੀ ਖੇਲ ਖਿਲਾਈਆ। ਸਚਖੰਡ ਦੁਆਰਾ ਤਜ ਥਿਰ ਘਰ ਵਾਸੀ ਬਾਹਰ ਆਏ ਭੱਜ, ਆਪੇ ਰੱਖੇ ਆਪਣੀ ਲੱਜ, ਲਾਜਾਵੰਤ ਆਪ ਅਖਵਾਈਆ। ਸ਼ਬਦ ਸ਼ਬਦੀ ਪਰਦਾ ਰਿਹਾ ਕੱਜ, ਆਪ ਆਪਣਾ ਪਰਦਾ ਪਾਈਆ। ਆਪਣੇ ਨਗਾਰੇ ਆਪੇ ਰਿਹਾ ਵੱਜ, ਤਾਰ ਸਿਤਾਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਏਕੰਕਾਰ ਕਰੇ ਖੇਲ ਅਪਰ ਅਪਾਰ, ਸੁੱਤ ਦੁਲਾਰਾ ਕਰ ਤਿਆਰ, ਆਪਣੇ ਅੰਦਰ ਲੇਵੇ ਵਾੜ, ਆਪੇ ਬਾਹਰ ਕਢਾਈਆ। ਆਪੇ ਪੂਤ ਸਪੂਤਾ ਮਾਤ ਪਿਤ, ਜਨ ਜਨਨੀ ਆਪ ਅਖਵਾਇੰਦਾ। ਆਪੇ ਆਦਿ ਜੁਗਾਦਿ ਜੁਗਾ ਜੁਗੰਤ ਖੇਲੇ ਖੇਲ ਨਿਤ ਨਵਿਤ, ਵੇਸ ਅਵੇਸਾ ਵੇਸ ਵਟਾਇੰਦਾ। ਆਪੇ ਜੋਤੀ ਨਾਰੀ ਕਰੇ ਹਿੱਤ, ਆਪੇ ਕੰਤ ਰੂਪ ਸਮਾਇੰਦਾ। ਆਪੇ ਵਸੇ ਸਾਚੇ ਖੇਤ, ਫੁਲ ਫੁਲਵਾੜੀ ਆਪ ਮਹਿਕਾਇੰਦਾ। ਆਪੇ ਰੱਖੇ ਸਾਇਆ ਹੇਠ, ਸਿਰ ਆਪਣਾ ਹੱਥ ਰਖਾਇੰਦਾ। ਆਪੇ ਹੋਏ ਨੇਤਨ ਨੇਤ, ਨਿਤ ਨਿਤ ਆਪਣੀ ਰਚਨ ਰਚਾਇੰਦਾ। ਆਪੇ ਹਾਰੇ ਆਪੇ ਲਏ fਜੱਤ, ਆਪੇ ਆਪਣੀ ਚਾਲ ਚਲਾਇੰਦਾ। ਆਪੇ ਵਸੇ ਧਾਮ ਅਣਡਿਠ, ਨੇਤਰ ਨੈਣ ਨਾ ਕਿਸੇ ਵਖਾਇੰਦਾ। ਆਪੇ ਸਾਚੀ ਸੇਜਾ ਰਿਹਾ ਲੇਟ, ਸਾਚੀ ਖਾਟ ਹੇਠ ਵਿਛਾਇੰਦਾ। ਆਪੇ ਸੂਤ ਤਾਣਾ ਪੇਟ, ਆਪੇ ਸਾਚੀ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਅੰਦਰ ਨਿਰਗੁਣ ਧਾਰ, ਨਿਰਗੁਣ ਆਪਣਾ ਰੂਪ ਵਟਾਇੰਦਾ। ਨਿਰਗੁਣ ਅੰਦਰ ਨਿਰਗੁਣ ਬਾਹਰ, ਨਿਰਗੁਣ ਗੁਪਤ ਨਿਰਗੁਣ ਜ਼ਾਹਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਨਿਰਗੁਣ ਸੱਜਣ ਨਿਰਗੁਣ ਮੀਤ ਮੁਰਾਰ, ਨਿਰਗੁਣ ਮੇਲਾ ਸਹਿਜ ਸੁਭਾਈਆ। ਨਿਰਗੁਣ ਠਾਂਡਾ ਦਰ ਦਰਬਾਰ, ਨਿਰਗੁਣ ਬੈਠਾ ਆਸਣ ਲਾਈਆ। ਨਿਰਗੁਣ ਵਰਤੇ ਸਚ ਵਰਤਾਰ, ਨਿਰਗੁਣ ਸਤਿਵਾਦ ਅਖਵਾਈਆ। ਨਿਰਗੁਣ ਸ਼ਬਦ ਬੋਲ ਜੈਕਾਰ, ਆਪ ਅਪਣਾ ਨਾਉਂ ਉਪਜਾਈਆ। ਨਿਰਗੁਣ ਨਾਉਂ ਰੱਖ ਨਿਰੰਕਾਰ, ਨਿਰਾਕਾਰ ਖੇਲ ਖਿਲਾਈਆ। ਨਿਰਗੁਣ ਆਪਣਾ ਆਪ ਲਏ ਪਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਬੈਠਾ ਅਲੱਖ ਜਗਾਈਆ। ਨਿਰਗੁਣ ਆਇਆ ਨਿਰਗੁਣ ਦੁਆਰ, ਨਿਰਗੁਣ ਵੇਖ ਵਖਾਈਆ। ਨਿਰਗੁਣ ਪੁਰਖ ਅਗੰਮੜਾ ਏਕੰਕਾਰ, ਨਾ ਮਰੇ ਨਾ ਜਾਈਆ। ਨਿਰਗੁਣ ਪੁਰਖ ਅਕਾਲ ਬੋਲ ਜੈਕਾਰ, ਆਪਣਾ ਨਾਉਂ ਆਪੇ ਉਪਜਾਈਆ। ਨਿਰਗੁਣ ਵਿਸ਼ਵ ਕਰ ਪਸਾਰ, ਵਿਸ਼ਨੂੰ ਆਪਣੀ ਕਲ ਵਰਤਾਈਆ। ਨਿਰਮਲ ਅੰਮ੍ਰਿਤ ਭਰਿਆ ਠੰਡੀ ਠਾਰ, ਸਤਿ ਸਰੋਵਰ ਆਪ ਟਿਕਾਈਆ। ਨਿਰਗੁਣ ਕਵਲ ਹੋਇਆ ਉਜਿਆਰ, ਨਾਭੀ ਕਵਲ ਆਪ ਭੁਆਈਆ। ਨਿਰਗੁਣ ਖਿੜੀ ਸੱਚੀ ਗੁਲਜ਼ਾਰ, ਪਤ ਪਤ ਆਪ ਮਹਿਕਾਈਆ। ਨਿਰਗੁਣ ਸਾਚੀ ਸਚ ਬਹਾਰ, ਪਾਰਬ੍ਰਹਮ ਵੇਖੇ ਚਾਈਂ ਚਾਈਂਆ। ਬ੍ਰਹਮ ਅੰਦਰੋਂ ਆਇਆ ਬਾਹਰ, ਪ੍ਰਭ ਸਾਚੇ ਹੱਥ ਵਡਿਆਈਆ। ਦੇਵੇ ਦਰਸ ਅਗੰਮ ਅਪਾਰ, ਬੋਧ ਅਗਾਧ ਕਰੇ ਪੜ੍ਹਾਈਆ। ਏਕਾ ਅੱਖਰ ਨਿਸ਼ਅੱਖਰ ਆਪ ਵਿਚਾਰ, ਕੋਈ ਦੂਸਰ ਦਿਸ ਨਾ ਪਾਈਆ। ਬ੍ਰਹਮੇ ਅੰਦਰ ਕਰ ਪਸਾਰ, ਬ੍ਰਹਮ ਵਿਦਿਆ ਇਕ ਸਮਝਾਈਆ। ਬ੍ਰਹਮਾ ਨਿਉਂ ਨਿਉਂ ਕਰੇ ਚਰਨ ਨਿਮਸਕਾਰ, ਮਸਤਕ ਟਿੱਕਾ ਧੂੜੀ ਖ਼ਾਕ ਰਮਾਈਆ। ਤੂੰ ਠਾਕਰ ਹਉਂ ਸੇਵਕ ਤੁਹਾਰ, ਆਦਿ ਜੁਗਾਦਿ ਸੇਵ ਕਮਾਈਆ। ਤੂੰ ਦਾਤਾ ਵਡ ਸਿਰਜਣਹਾਰ, ਸਿਰ ਸਿਰ ਦੇਣਾ ਰਿਜ਼ਕ ਸਬਾਈਆ। ਤੇਰੇ ਦਰ ਬਣੇ ਭਿਖਾਰ, ਏਕਾ ਭਿਛਿਆ ਮੰਗ ਮੰਗਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਦੇਵਣਹਾਰ ਬੇਪਰਵਾਹੀਆ। ਏਕਾ ਵਸਤ ਭਰੇ ਭੰਡਾਰ, ਨਾਮ ਵਸਤ ਅਮੋਲਕ ਝੋਲੀ ਪਾਈਆ। ਨਿਖੁਟ ਨਾ ਜਾਏ ਵਿਚ ਸੰਸਾਰ, ਏਕਾ ਏਕ ਦਏ ਸਮਝਾਈਆ। ਤੇਰੀ ਕਰਾਏ ਧੁੰਦੂਕਾਰ, ਸੁਨ ਅਗੰਮ ਵੱਡੀ ਵਡਿਆਈਆ। ਆਪੇ ਸ਼ੰਕਰ ਕਰੇ ਪਿਆਰ, ਏਕਾ ਤਖ਼ਤ ਵਖਾਈਆ। ਏਕਾ ਤਨ ਪਹਿਨਾਏ ਹਾਰ, ਬਾਸ਼ਕ ਤਸ਼ਕਾ ਗਲ ਲਟਕਾਈਆ। ਏਕਾ ਤ੍ਰਸੂਲ ਕਰ ਤਿਆਰ, ਜੋਤੀ ਨੂਰ ਕਰੇ ਰੁਸ਼ਨਾਈਆ। ਵਿਸ਼ਨੂੰ ਸੁੱਤਾ ਪੈਰ ਪਸਾਰ, ਸਾਗੋਂ ਪਾਂਗ ਇਕ ਹੰਢਾਈਆ। ਸਚਖੰਡ ਨਿਵਾਸੀ ਖੇਲ ਕਰੇ ਅਪਾਰ, ਆਪ ਆਪਣਾ ਨੈਣ ਖੁਲ੍ਹਾਈਆ। ਦੇਵੇ ਹੁਕਮ ਸੱਚੀ ਸਰਕਾਰ, ਸੇਵਕ ਸੇਵਾ ਸਚ ਲਗਾਈਆ । ਲੱਖ ਚੁਰਾਸੀ ਕਰ ਪਿਆਰ, ਬ੍ਰਹਮੇ ਬ੍ਰਹਮ ਮਤ ਸਮਝਾਈਆ। ਵਿਸ਼ਨੂੰ ਘਰ ਘਰ ਭਰ ਭੰਡਾਰ, ਤੇਰੇ ਹੱਥ ਹੱਥ ਵਡਿਆਈਆ। ਸ਼ੰਕਰ ਅੰਤਮ ਦਏ ਸੰਘਾਰ, ਥਿਰ ਕੋਇ ਰਹਿਣ ਨਾ ਪਾਈਆ। ਤਿੰਨਾਂ ਵਿਚੋਲਾ ਆਪ ਨਿਰੰਕਾਰ, ਦਿਸ ਕਿਸੇ ਨਾ ਆਈਆ। ਸ਼ਬਦ ਅਗੰਮੀ ਵਾਜਾਂ ਮਾਰ, ਥਿਰ ਘਰ ਬੈਠਾ ਸੇਜ ਸੁਹਾਈਆ। ਕਾਗਦ ਕਲਮ ਨਾ ਲਿਖਣਹਾਰ, ਲੇਖਾ ਲਿਖੇ ਨਾ ਕੋਇ ਸ਼ਾਹੀਆ। ਬ੍ਰਹਮਾ ਨਿਉਂ ਨਿਉਂ ਕਰੇ ਨਿਮਸਕਾਰ, ਅੱਠੇ ਨੇਤਰ ਰਹੇ ਸ਼ਰਮਾਈਆ। ਵਿਸ਼ਨੂੰ ਗਲ ਪੱਲਾ ਪਾ ਪਾ ਰਿਹਾ ਪੁਕਾਰ, ਤੇਰਾ ਵਿਛੋੜਾ ਝੱਲਿਆ ਨਾ ਜਾਈਆ। ਸ਼ੰਕਰ ਗਲੋਂ ਲਾਹੇ ਆਪਣੇ ਹਾਰ, ਬਿਨ ਤੇਰੇ ਕੁਝ ਨਾ ਭਾਈਆ। ਤੇਰਾ ਹੁਕਮ ਸੱਚੀ ਸਰਕਾਰ, ਸ਼ਹਿਨਸ਼ਾਹ ਮੇਟਿਆ ਨਾ ਜਾਈਆ। ਤੂੰ ਦਿਸੇਂ ਵਡ ਠਠਿਆਰ, ਹਉਂ ਘੁਮਿਆਰ ਘੁਮਿਆਰ ਅਖਵਾਈਆ। ਲੱਖ ਚੁਰਾਸੀ ਕਰਨੀ ਕਾਰ, ਕਾਦਰ ਤੇਰੀ ਕੁਦਰਤ ਇਕ ਜਣਾਈਆ। ਬ੍ਰਹਮਾ ਵਿਸ਼ਨ ਸ਼ਿਵ ਕੀ ਕਰਨ ਵਿਚਾਰ, ਤੇਰੀ ਚਰਨ ਓਟ ਤਕਾਈਆ। ਇਕ ਵਸਤ ਦੇਵੀਂ ਥਾਰ, ਥਿਰ ਘਰ ਵਸਿਆ ਇਕ ਮਲਾਹੀਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪਣੀ ਦ੍ਰਿਸ਼ਟੀ ਆਪੇ ਪਾਈਆ। ਤ੍ਰੈਗੁਣ ਮਾਇਆ ਕੁਆੜ, ਰਜੋ ਤਮੋ ਸਤੋ ਆਪਣੇ ਰੰਗ ਰੰਗਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵੇ ਕਰ ਪਿਆਰ, ਇਕ ਇਕ ਝੋਲੀ ਪਾਈਆ। ਵਿਸ਼ਨੂੰ ਸਤੋ ਕਰਿਆ ਗਲ ਦਾ ਹਾਰ, ਰਜੋ ਬ੍ਰਹਮਾ ਰੰਗ ਰੰਗਾਈਆ। ਤਮੋ ਸ਼ੰਕਰ ਵੇਖੇ ਆਪਣੇ ਅਖਾੜ, ਘਰ ਸਾਚੇ ਨਾਚ ਨਚਾਈਆ। ਪੁਰਖ ਅਬਿਨਾਸ਼ੀ ਸਚ ਦੁਲਾਰ, ਤਿੰਨੇ ਲਏ ਉਪਜਾਈਆ। ਤ੍ਰੈਗੁਣ ਮਾਇਆ ਬਣਾਈ ਜਗਤ ਨਾਰ, ਘਰ ਸਾਚੇ ਕਰੇ ਕੁੜਮਾਈਆ। ਸਾਚਾ ਮੰਗਲ ਆਪ ਉਚਾਰ, ਸੋ ਪੁਰਖ ਨਿਰੰਜਣ ਢੋਲਾ ਗਾਈਆ। ਹੰ ਬ੍ਰਹਮ ਕਰੇ ਪਸਾਰ, ਆਪਣੀ ਵੰਡ ਆਪ ਵੰਡਾਈਆ। ਹਰਿ ਕਾ ਭੇਵ ਨਾ ਕੋਇ ਵਿਚਾਰ, ਲੇਖਾ ਲੇਖ ਨਾ ਲਿਖਿਆ ਜਾਈਆ। ਅਲੱਖ ਨਿਰੰਜਣ ਬੇਐਬ ਪਰਵਰਦਿਗਾਰ, ਨੂਰੋ ਨੂਰ ਜਲਵਾ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੈਗੁਣ ਮਾਇਆ ਪਾਈ ਵੰਡ, ਖੇਲੇ ਖੇਲ ਵਿਚ ਬ੍ਰਹਿਮੰਡ, ਰਚਨਾ ਰਚੀ ਵਿਚ ਵਰਭੰਡ, ਲੱਖ ਚੁਰਾਸੀ ਦਿਤੀ ਗੰਢ, ਸਾਚੀ ਵਸਤ ਝੋਲੀ ਪਾਈਆ। ਸਾਚੀ ਵਸਤ ਵਸਤ ਅਣਮੋਲ, ਵਿਸ਼ਨ ਬ੍ਰਹਮਾ ਸ਼ਿਵ ਝੋਲੀ ਪਾਇੰਦਾ। ਪਾਰਬ੍ਰਹਮ ਆਪਣੇ ਕੰਡੇ ਆਪੇ ਤੋਲ, ਨਾਮ ਤਰਾਜੂ ਹੱਥ ਉਠਾਇੰਦਾ। ਲੋਆਂ ਪੁਰੀਆਂ ਕੁੰਡਾ ਖੋਲ੍ਹ, ਬ੍ਰਹਿਮੰਡਾਂ ਖੰਡਾਂ ਵੇਖ ਵਖਾਇੰਦਾ। ਗਗਨ ਮੰਡਲ ਵਜਾਏ ਢੋਲ, ਰਵ ਸਸ ਅਪਣੀ ਜੋਤ ਚਮਕਾਇੰਦਾ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪੰਜ ਤਤ ਆਪੇ ਕਰੇ ਚੋਲ੍ਹ, ਤ੍ਰੈਗਣ ਮਾਇਆ ਜਗਤ ਜੁੜਾਇੰਦਾ। ਆਪੇ ਅੰਦਰ ਰੱਖਿਆ ਖੋਲ੍ਹ, ਆਕਾਸ਼ ਪਰਕਾਸ਼ ਆਪ ਕਰਾਇੰਦਾ। ਆਪੇ ਰੱਖਿਆ ਪਰਦਾ ਉਹਲ, ਆਪਣਾ ਮੁਖ ਆਪ ਛੁਪਾਇੰਦਾ। ਆਪੇ ਹੌਲੀ ਹੌਲੀ ਰਿਹਾ ਬੋਲ, ਆਪਣਾ ਰਾਗ ਆਪ ਅਲਾਇੰਦਾ। ਆਪਣੇ ਅੰਦਰ ਗਿਆ ਮੌਲ, ਮੌਲਾ ਰੂਪ ਆਪ ਅਖਵਾਇੰਦਾ। ਆਪੇ ਬਣਿਆ ਆਪਣਾ ਕੌਲ, ਕਵਲ ਕਵਲਾ ਨਾਮ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਭਰ ਭੰਡਾਰਾ, ਬ੍ਰਹਮਾ ਵਿਸ਼ਨ ਸ਼ਿਵ ਲਾਏ ਸੇਵਾਦਾਰਾ, ਲੱਖ ਚੁਰਾਸੀ ਆਪ ਉਪਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਤ੍ਰੈਗੁਣ ਵਸਤ ਝੋਲੀ ਪਾ, ਦੋਏ ਜੋੜ ਕਰਨ ਨਿਮਸਕਾਰਿਆ। ਤੂੰ ਪਾਤਸ਼ਾਹ ਸੱਚਾ ਸ਼ਹਿਨਸ਼ਾਹ, ਤੇਰਾ ਰੂਪ ਨਾ ਕਿਸੇ ਵਿਚਾਰਿਆ। ਤੂੰ ਮਾਰਗ ਸੱਚਾ ਦੇਣਾ ਲਾ ਦੇਵੇਂ ਸਚ ਸਲਾਹ, ਤੇਰਾ ਅੰਤ ਨਾ ਪਾਰਾਵਾਰਿਆ। ਤੂੰ ਆਪਣਾ ਨਾਮ ਆਪੇ ਦਏ ਸੁਣਾ, ਹਉਂ ਮੂਰਖ ਮੁਗਧ ਗਵਾਰਿਆ। ਤੂੰ ਆਪਣਾ ਇਸ਼ਟ ਆਪੇ ਦਏ ਤਰਾ, ਸਾਰੀ ਸ੍ਰਿਸ਼ਟ ਤੇਰਾ ਰੰਗ ਰੰਗਾਰਿਆ। ਤੂੰ ਸਾਡੀ ਦ੍ਰਿਸ਼ਟ ਦਏ ਖੁਲ੍ਹਾ, ਦੇਵ ਦੇਵਾ ਨਮੋ ਦੇਵ ਇਸ਼ਟ ਗੁਰ ਵਾਸਤਕ ਰੂਪ ਤੇਰਾ ਨਜ਼ਰੀ ਆ ਰਿਹਾ। ਤੂੰ ਦਾਤਾ ਅਲੱਖ ਅਭੇਵ ਤੇਰੀ ਬਿਰਥਾ ਨਾ ਜਾਏ ਸੇਵ, ਤੂੰ ਸਮਰਥ ਪੁਰਖ ਨਾਉਂ ਧਰਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਜਣਾ ਲਿਆ। ਭੇਵ ਜਣਾਏ ਹਰਿ ਭਗਵਾਨ, ਬ੍ਰਹਮੇ ਵਿਸ਼ਨ ਸ਼ਿਵ ਕਰੇ ਜਣਾਈਆ। ਲੱਖ ਚੁਰਾਸੀ ਮਾਤ ਨਿਸ਼ਾਨ, ਲੋਕਮਾਤ ਵਡ ਵਡਿਆਈਆ। ਪੰਜ ਤਤ ਤਤ ਪਰਧਾਨ, ਤ੍ਰੈ ਤ੍ਰੈ ਤਤ ਆਪ ਰਖਾਈਆ। ਪੰਚਮ ਸ਼ਬਦ ਪੰਚ ਗਿਆਨ, ਪੰਜ ਦੱਸ ਵੱਜੇ ਵਧਾਈਆ। ਪੰਜ ਨਾਲ ਰਲਾਏ ਸ਼ੈਤਾਨ, ਕਾਮ ਕਰੋਧ ਲੋਭ ਮੋਹ  ਹੰਕਾਰ ਹਲਕਾਈਆ। ਪੰਚਮ ਦੇਵੇ ਲੋਕਮਾਤ ਦਾਨ, ਆਸਾ ਤ੍ਰਿਸ਼ਨਾ ਹਉਮੇ ਹੰਗਤਾ ਮੇਲ ਮਿਲਾਈਆ। ਪੰਚਮ ਬਣਾਏ ਸੱਚਾ ਕਾਹਨ, ਮਨ ਮਨੂਆ ਵਡ ਵਡਿਆਈਆ। ਪੰਚਮ ਮਤ ਕਰੇ ਪਰਧਾਨ, ਏਕਾ ਹੁਕਮ ਸੁਣਾਈਆ। ਪੰਚਮ ਬੁੱਧ ਬਬੇਕੀ ਲਏ ਪਛਾਣ, ਘਰ ਸਾਚੇ ਵੇਖ ਵਖਾਈਆ। ਨੌ ਦਰ ਖੋਲ੍ਹੇ ਜਗਤ ਦੁਕਾਨ, ਜਗਤ ਵਾਸ਼ਨਾ ਵਿਚ ਰਖਾਈਆ। ਘਰ ਵਿਚ ਘਰ ਧਰੇ ਮਹਾਨ, ਨਿਰਗੁਣ ਆਪਣੀ ਵੰਡ ਵੰਡਾਈਆ। ਸੁਖਮਨ ਨਾੜੀ ਟੇਡ ਨਿਧਾਨ, ਅੰਧ ਘੋਰ ਘੋਰ ਸਮਾਈਆ। ਈੜਾ ਪਿੰਗਲ ਨਾ ਸਕੇ ਕੋਇ ਵਖਾਣ, ਮਾਰੂ ਦੰਡ ਕਰੇ ਜੁਦਾਈਆ। ਪੰਚ ਵਿਕਾਰਾ ਮਾਰੇ ਬਾਣ, ਮਨ ਮਨੂਆ ਕਰੇ ਸ਼ਹਿਨਸ਼ਾਹੀਆ। ਮਨ ਮਤ ਬੁੱਧ ਹੋਏ ਨਿਧਾਨ, ਸਾਚਾ ਬਲ ਨਾ ਕੋਇ ਰਖਾਈਆ। ਪੁਰਖ ਅਬਿਨਾਸ਼ੀ ਵਡ ਮਿਹਰਵਾਨ, ਆਪਣੀ ਦਇਆ ਆਪ ਕਮਾਈਆ। ਅੰਦਰ ਰੱਖੇ ਸਚ ਨਿਸ਼ਾਨ, ਜੋਤ ਨਿਰੰਜਣ ਕਰ ਰੁਸ਼ਨਾਈਆ। ਸਾਚੀ ਧੁਨ ਸੁਣਾਏ ਸਾਚੇ ਕਾਨ, ਧੁਨ ਆਤਮਕ ਆਪ ਅਲਾਈਆ। ਅਨਹਦ ਗਾਏ ਆਪਣਾ ਗਾਣ, ਪੰਚਮ ਮੇਲਾ ਸਹਿਜ ਸੁਭਾਈਆ। ਅੰਮ੍ਰਿਤ ਆਤਮ ਰੱਖੇ ਪੀਣ ਖਾਣ, ਕਵਲ ਕਵਲਾ ਆਪ ਭਰਾਈਆ। ਸ਼ਬਦ ਨਿਰਾਲਾ ਮਾਰੇ ਬਾਣ, ਤਿੱਖੀ ਮੁਖੀ ਤੀਰ ਚਲਾਈਆ। ਬਜ਼ਰ ਕਪਾਟੀ ਵੇਖ ਚਟਾਨ, ਨਾ ਕੋਈ ਭੰਨੇ ਭੰਨ ਹਟਾਈਆ। ਹਰਿ ਕਾ ਸ਼ਬਦ ਸਤਿਗੁਰ ਪੂਰਾ ਹੋਏ ਆਪ ਮਿਹਰਵਾਨ, ਆਪਣਾ ਪਰਦਾ ਦੇਵੇ ਲਾਹੀਆ। ਘਰ ਵਿਚ ਘਰ ਜੋਤ ਜਗਾਏ ਮਹਾਨ, ਦਸਮ ਦੁਆਰੀ ਖੇਲ ਖਿਲਾਈਆ। ਸਾਚੀ ਸੇਜਾ ਸੁੱਤਾ ਨੌਜਵਾਨ, ਕੰਤ ਕੰਤੂਹਲਾ ਇਕ ਅਖਵਾਈਆ। ਸੁਰਤ ਸੁਆਣੀ ਸਾਚੀ ਸਖੀ ਮਿਲੇ ਸੱਚਾ ਕਾਹਨ, ਘਰ ਸਾਚੇ ਰਾਸ ਰਚਾਈਆ। ਸਾਚੀ ਸੇਜਾ ਹੋ ਪਰਵਾਨ, ਪਾਰਬ੍ਰਹਮ ਮੇਲ ਮਿਲਾਈਆ। ਘਰ ਵਿਚ ਘਰ ਖੇਲ ਮਹਾਨ, ਘਰ ਘਰ ਵਿਚ ਰਿਹਾ ਕਰਾਈਆ। ਲੱਖ ਚੁਰਾਸੀ ਦੇਵੇ ਦਾਨ, ਜੀਆਂ ਦਾਤਾ ਜੀਅ ਦਾਨ ਝੋਲੀ ਪਾਈਆ। ਵਿਸ਼ਨੂੰ ਬ੍ਰਹਮਾ ਸ਼ਿਵ ਹੋਏ ਹੈਰਾਨ, ਬ੍ਰਹਮ ਕਵਣ ਰੂਪ ਅਖਵਾਈਆ। ਪਾਰਬ੍ਰਹਮ ਕਵਣ ਦੁਆਰੇ ਦੇਵੇ ਮਾਣ, ਕਵਣ ਘਰ ਵੱਜੇ ਵਧਾਈਆ। ਕਵਣ ਪੁਰਖ ਹੋਏ ਸੁਜਾਨ, ਜਿਸ ਮਿਲੇ ਸੱਚਾ ਮਾਹੀਆ। ਕਰਮ ਧਰਮ ਜਰਮ ਵਿਚ ਜਹਾਨ, ਤਿੰਨਾਂ ਲੇਖਾ ਏਕਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਦੇਵੇ ਏਕਾ ਵਰ, ਵਿਸ਼ਨੂੰ ਭੰਡਾਰਾ ਸਾਚਾ ਭਰ, ਸ਼ੰਕਰ ਅੰਤਮ ਦੇਣਾ ਹਰ, ਥਿਰ ਕੋਇ ਰਹਿਣ ਨਾ ਪਾਈਆ। ਤ੍ਰੈ ਭਿਖਾਰੀ ਦਰ ਦਰਵਾਜ਼ੇ, ਨਿਉਂ ਨਿਉਂ ਸੀਸ ਝੁਕਾਇਆ। ਸ਼ਬਦ ਅਗੰਮੀ ਵੱਜਣ ਵਾਜੇ, ਪੁਰਖ ਅਕਾਲ ਰਿਹਾ ਸੁਣਾਇਆ। ਸਾਚੇ ਤਖ਼ਤ ਬੈਠਾ ਵਡ ਰਾਜਨ ਰਾਜੇ, ਥਿਰ ਘਰ ਮਹੱਲਾ ਉਚ ਅਟੱਲਾ ਸਾਚੇ ਸਚ ਸੁਹਾਇਆ। ਕਰੇ ਖੇਲ ਗਰੀਬ ਨਿਵਾਜ਼ੇ ਅਸਵ ਘੋੜੇ ਚੜ੍ਹੇ ਤਾਜੇ, ਲੋਆਂ ਪੁਰੀਆਂ ਆਪ ਦੌੜਾਇਆ। ਬ੍ਰਹਮੇ ਵਿਸ਼ਨ ਸ਼ਿਵ ਤੇਰੀ ਰੱਖੇ ਲਾਜੇ, ਜਿਸ ਤੇਰੀ ਬਣਤ ਬਣਾਇਆ। ਆਪੇ ਰਚਿਆ ਆਪਣਾ ਕਾਜੇ, ਪ੍ਰਭ ਆਪੇ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਆਪ ਬੁਝਾਇਆ। ਏਕਾ ਅੱਖਰ ਪੁਰਖ ਅਕਾਲ, ਸੋ ਆਪਣਾ ਨਾਮ ਦ੍ਰਿੜਾਈਆ। ਬ੍ਰਹਮੇ ਉਪਰ ਹੋ ਦਿਆਲ, ਦੀਨ ਦਿਆਲ ਦਇਆ ਕਮਾਈਆ। ਤਨ ਪਹਿਨਾਇਆ ਸਾਚਾ ਲਾਲ, ਲਾਲ ਗੁਲਾਲਾ ਆਪ ਅਖਵਾਈਆ। ਫਲ ਲਗਾਏ ਆਪਣੇ ਡਾਲ੍ਹ, ਆਪ ਆਪਣੀ ਰੁੱਤ ਸੁਹਾਈਆ। ਆਪ ਬਣਾਈ ਧਰਮ ਸੱਚੀ ਧਰਮਸਾਲ, ਬ੍ਰਹਮੇ ਅੰਦਰ ਡੇਰਾ ਲਾਈਆ। ਸ਼ਬਦ ਵਜਾਇਆ ਸਾਚਾ ਤਾਲ, ਨਿਰਗੁਣ ਕਰੇ ਸਚ ਪੜ੍ਹਾਈਆ। ਆਪਣਾ ਮਾਰਗ ਦੱਸ ਸੁਖਾਲ, ਚਾਰੇ ਵੇਦ ਕਰੇ ਜਣਾਈਆ। ਚਾਰੇ ਜੁਗ ਕਰੇ ਬਹਾਲ, ਆਪਣਾ ਬੰਧਨ ਤੋੜ ਤੁੜਾਈਆ। ਆਪਣੀ ਚੌਕੜੀ ਘਾਲਣ ਘਾਲ, ਆਪ ਆਪਣੀ ਸੇਵ ਕਮਾਈਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਹਰਿ ਸਮਝਾਏ, ਬ੍ਰਹਮੇ ਭੁੱਲ ਰਹੇ ਨਾ ਰਾਈਆ। ਤੇਰਾ ਵੇਲਾ ਅੰਤਮ ਆਏ, ਥਿਰ ਕੋਇ ਰਹਿਣ ਨਾ ਪਾਈਆ। ਤੇਰਾ ਕਾਲ ਦਏ ਬਤਾਏ, ਮਹਾਂਕਾਲ ਵਡ ਵਡਿਆਈਆ। ਤੇਰਾ ਜੰਜਾਲ ਦਏ ਤੁੜਾਏ, ਤ੍ਰੈਗੁਣ ਮੇਟੇ ਤੇਰੀ ਸ਼ਾਹੀਆ। ਤੇਰੀ ਘਾਲ ਲੇਖੇ ਲਾਏ, ਨੌ ਸੌ ਚੁਰਾਨਵੇਂ ਚੌਕੜੀ ਜੁਗ ਅੰਤਮ ਪੰਧ ਮੁਕਾਈਆ। ਤੇਰਾ ਥਾਲ ਮਸਤਕ ਵੇਖ ਵਖਾਏ, ਗਗਨ ਗਗਨੰਤਰ ਫੋਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੇਰਾ ਲਹਿਣਾ ਦਏ ਚੁਕਾਈਆ। ਬ੍ਰਹਮੇ ਨੇਤਰ ਨੀਰ ਵਹਾਇਆ, ਪ੍ਰਭ ਤੇਰਾ ਭਾਣਾ ਸਿਰ ਸਿਰ ਮੰਨਿਆ। ਹਉਂ ਚਾਕਰ ਤੇਰੀ ਸੇਵ ਕਮਾਇਆ, ਵੇਲੇ ਅੰਤ ਨਾ ਜਾਵਾਂ ਡੰਨਿਆ। ਘੜ ਘੜ ਭਾਂਡੇ ਇੱਟਾਂ ਲਾਵਾਂ, ਮੈਂ ਜੋ ਘੜਿਆ ਸੋ ਤੂੰ ਹੀ ਭੰਨਿਆ। ਤ੍ਰੈਗੁਣ ਮਾਇਆ ਤੇਰਾ ਤਪਦਾ ਰਹੇ ਆਵਾ, ਤੇਰਾ ਹੁਕਮ ਸੂਰਜ ਚੰਨ ਮੰਨਿਆ। ਕਵਣ ਵੇਲਾ ਮੈਂ ਤੇਰਾ ਦਰਸ਼ਨ ਪਾਵਾਂ, ਤੂੰ ਮੇਰੇ ਦੁਆਰੇ ਆਵੇਂ ਭੰਨਿਆ। ਪ੍ਰਭ ਤੇਰੀ ਸਰਨਗਤ ਤੇਰੀ ਸਰਨਾਈ ਬਲ ਬਲ ਜਾਵਾਂ, ਮੈਨੂੰ ਤੇਰੀ ਛਾਇਆ ਮੈਂ ਵਸਾਂ ਤੇਰੀ ਛੱਪਰ ਛੰਨਿਆਂ। ਤੂੰ ਮੇਰਾ ਪਿਤਾ ਤੂੰ ਮੇਰਾ ਮਾਇਆ, ਤੂੰ ਮੇਰਾ ਦਾਈ ਦਾਇਆ, ਤੇਰੀ ਸਰਨ ਤੇਰੀ ਸਰਨਾਈ ਘੋਲੀ ਘੋਲ ਘੁਮਾਵਾਂ, ਤੇਰੇ ਹੁਕਮੇ ਅੰਦਰ ਆਇਆ, ਲੱਖ ਚੁਰਾਸੀ ਸੇਵ ਕਮਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਆਪਣਾ ਵਰ, ਤੇਰਾ ਭਾਣਾ ਸਿਰ ਸਿਰ ਮੰਨਿਆ। ਪੁਰਖ ਅਬਿਨਾਸ਼ੀ ਸ਼ਬਦ ਜਣਾਇਆ, ਬ੍ਰਹਮੇ ਬੂਝ ਬੁਝਾਈਆ। ਲੱਖ ਚੁਰਾਸੀ ਤੇਰਾ ਖੇਲ ਰਚਾਇਆ, ਵੇਖਣਹਾਰਾ ਬੇਪਰਵਾਹੀਆ। ਤ੍ਰੈਗੁਣ ਮਾਇਆ ਰੰਗ ਰੰਗਾਇਆ, ਪੰਚਮ ਮੁਕਟ ਮੁਕਟ ਜੁੜਾਈਆ। ਬ੍ਰਹਮ ਬ੍ਰਹਮ ਵਿਚ ਬ੍ਰਹਮ ਟਿਕਾਇਆ, ਪਾਰਬ੍ਰਹਮ ਭੇਵ ਨਾ ਰਾਈਆ। ਧਰਤ ਧਵਲ ਦਏ ਸੁਹਾਇਆ, ਧਰਨੀ ਧਰਨ ਵੇਖ ਵਖਾਈਆ। ਸਾਧ ਸੰਗਤ ਤੇਰਾ ਸੰਗ ਨਿਭਾਇਆ, ਭਗਤ ਭਗਵੰਤ ਦਏ ਵਡਿਆਈਆ। ਆਪਣਾ ਨਾਉਂ ਲਏ ਉਪਜਾਇਆ, ਆਪਣੇ ਸੇਵਕ ਆਪ ਸੁਣਾਈਆ। ਗੁਰ ਪੀਰ ਰੂਪ ਲਏ ਵਟਾਇਆ, ਅਵਤਾਰ ਆਪਣਾ ਖੇਲ ਖਿਲਾਈਆ। ਸਹੰਸਰ ਮੁਖ ਬਾਸ਼ਕ ਸੇਵਾ ਲਾਇਆ, ਦੋ ਸਹੰਸਰ ਜਿਹਵਾ ਰਿਹਾ ਹਿਲਾਈਆ। ਵਿਸ਼ਨੂੰ ਸਾਂਗੋ ਪਾਂਗ ਡੇਰਾ ਲਾਇਆ, ਸਾਗੋਂ ਪਾਂਗ ਰਿਹਾ ਖਿਲਾਈਆ। ਅੰਤਮ ਵੇਲਾ ਕੋਈ ਭੇਵ ਨਾ ਪਾਇਆ, ਤੇਰੇ ਵੇਦ ਦੇਣ ਗੁਆਹੀਆ। ਪੁਰਖ ਅਬਿਨਾਸ਼ੀ ਨਿਰਗੁਣ ਰੂਪ ਸਤਿ ਸਰੂਪ ਲਏ ਵਟਾਇਆ, ਲੋਕਮਾਤ ਕਰੇ ਰੁਸ਼ਨਾਈਆ। ਕੋਟਨ ਕੋਟ ਜੀਵ ਜੰਤ ਭਰਮ ਭਰਮ ਕਿਸੇ ਹੱਥ ਨਾ ਆਇਆ, ਜੁਗ ਚੌਕੜੀਆਂ ਜਾਣ ਬਿਤਾਈਆ। ਅਠਾਸੀ ਅਠਾਸੀ ਹਜ਼ਾਰ ਬਰਸ ਜਿਸ ਤਪ ਕਮਾਇਆ, ਨਿਰਗੁਣ ਘਰ ਮਿਲੇ ਨਾ ਸੱਚਾ ਮਾਹੀਆ। ਖੰਡ ਖੰਡ ਜਿਸ ਤਨ ਕਰਾਇਆ, ਅਗਨੀ ਅਗਨੀ ਭੇਟ ਚੜ੍ਹਾਈਆ। ਰੱਤੀ ਰੱਤ ਜੋ ਰਹੇ ਸੁਕਾਇਆ, ਰੱਤੀ ਨਾਮ ਨਾ ਹੱਟ ਵਿਕਾਇਆ। ਤੀਰਥ ਤੱਟ ਜੋ ਰਹੇ ਨੁਹਾਇਆ, ਜਟਾ ਜੂਟ ਧਾਰ ਗੰਗਾ ਆਪਣੀ ਧਾਰ ਵਹਾਈਆ। ਸੁਰਸਤੀ ਜਮਨਾ ਨਾ ਪਾਰ ਕਰਾਇਆ, ਗੋਦਾਵਰੀ ਦਏ ਦੁਹਾਈਆ। ਅਠਸਠ ਨੀਰ ਰਹੇ ਕੁਰਲਾਇਆ, ਕਾਇਆ ਕੁਰਾ ਸਾਫ ਨਾ ਕੋਇ ਕਰਾਈਆ। ਰਵ ਸਸ ਰਹੇ ਸ਼ਰਮਾਇਆ, ਜੋਤ ਪਰਕਾਸ਼ ਨਾ ਕੋਇ ਕਰਾਇਆ। ਗਣ ਗੰਧਰਬ ਦੇਣ ਦੁਹਾਇਆ, ਘਰ ਮੰਦਰ ਰਾਗ ਨਾ ਕੋਇ ਸੁਣਾਈਆ। ਚਾਰੇ ਵੇਦ ਹੋਏ ਹਲਕਾਇਆ, ਹਰਿ ਕਾ ਰੂਪ ਨਾ ਕੋਇ ਵਖਾਈਆ। ਬ੍ਰਹਮਾ ਆਪਣਾ ਵੇਲਾ ਵਕਤ ਨਾ ਕਿਸੇ ਜਣਾਇਆ, ਆਪਣੇ ਭਾਣੇ ਆਪ ਸਮਾਈਆ। ਤੇਰੀ ਅੰਤਮ ਆਪਣੇ ਲੇਖੇ ਲਏ ਲਗਾਇਆ, ਤੇਰੀ ਬਦਲੀ ਕਰੇ ਸ਼ਾਹੀਆ। ਸਾਚੇ ਸਿਖਾਂ ਮਾਣ ਦਏ ਦੁਆਇਆ, ਬ੍ਰਹਮ ਪੁਰੀ ਆਪ ਬਹਾਈਆ। ਮਸਤਕ ਚਰਨ ਆਪ ਛੁਹਾਇਆ। ਅਗੰਮ ਅਗੰਮ ਬੂਝ ਆਪ ਬੁਝਾਈਆ। ਸਾਚੀ ਸਰਨ ਇਕ ਤਕਾਇਆ, ਸੰਸਾ ਰੋਗ ਰਹੇ ਨਾ ਰਾਈਆ। ਸਾਚਾ ਛੱਤਰ ਸੀਸ ਝੁਲਾਇਆ, ਜਗਦੀਸ਼ ਹੱਥ ਵਡਿਆਈਆ। ਅੰਮ੍ਰਿਤ ਝਿਰਨਾ ਦਏ ਝਿਰਾਇਆ, ਅੰਮਿਉਂ ਰਸ ਆਪ ਭਰਾਈਆ। ਅੱਠੇ ਪਹਿਰ ਦਰਸ ਦਖਾਇਆ, ਸਿੰਘ ਪਾਲ ਰੂਪ ਵਟਾਈਆ। ਆਪੇ ਪਿਤਾ ਆਪੇ ਮਾਇਆ, ਆਪ ਆਪਣੀ ਗੋਦ ਸੁਹਾਈਆ। ਤੇਰਾ ਲੇਖਾ ਦਏ ਚੁਕਾਇਆ, ਪੂਰਬ ਲਹਿਣਾ ਵੇਖ ਵਖਾਈਆ। ਆਪਣਾ ਰੂਪ ਲਏ ਵਟਾਇਆ, ਨਿਹਕਲੰਕਾ ਨਾਉਂ ਧਰਾਈਆ। ਪੰਜ ਤਤ ਨਾ ਕੋਇ ਵਖਾਇਆ, ਮਨ ਮਤ ਬੁੱਧ ਨਾ ਕੋਇ ਚਤੁਰਾਈਆ। ਸ਼ਬਦ ਅਗੰਮੀ ਏਕਾ ਗਾਇਆ, ਚਾਰੇ ਵੇਦ ਲਿਖਣ ਨਾ ਪਾਈਆ। ਬ੍ਰਹਮੇ ਲੱਖ ਲੱਖ ਸ਼ੁਕਰ ਮਨਾਇਆ, ਸਜਦਾ ਕਰੇ ਬੇਪਰਵਾਹੀਆ। ਤੇਰਾ ਤੇਰੀ ਗੋਦ ਸੁਹਾਇਆ, ਤੇਰਾ ਸੋਹੰ ਮੰਮਾ ਰਸਨਾ ਸੀਰ ਏਕਾ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਿਲਾਈਆ। ਵਿਸ਼ਨੂੰ ਬਖ਼ਸ਼ੇ ਵਿਸ਼ਵ ਧਾਰ, ਸਤਿ ਸਤਿਵਾਦੀ ਖੇਲ ਖਿਲਾਇੰਦਾ। ਲੱਖ ਚੁਰਾਸੀ ਤੇਰਾ ਅਹਾਰ, ਲੇਹਜ ਫੇਹਜ ਆਪ ਬਣਾਇੰਦਾ। ਭੱਖ ਭੋਜ ਕਰ ਤਿਆਰ, ਰੋਜ਼ੀ ਰਿਜ਼ਕ ਰਾਜ਼ਕ ਨਾਮ ਧਰਾਇੰਦਾ। ਚੋਜੀ ਚੋਜ ਕਰੇ ਨਿਰੰਕਾਰ, ਚਾਲ ਅਵੱਲੜੀ ਇਕ ਵਖਾਇੰਦਾ। ਬੋਧ ਅਗਾਧੀ ਖੇਲ ਨਿਆਰ, ਸ਼ਬਦ ਅਨਾਦੀ ਨਾਦ ਵਜਾਇੰਦਾ। ਅਤੋਟ ਅਤੁਟ ਭਰ ਭੰਡਾਰ, ਆਦਿ ਜੁਗਾਦਿ ਵਰਤਾਇੰਦਾ। ਆਪੇ ਅੰਤਮ ਪਾਵੇ ਸਾਰ, ਆਪ ਆਪਣੀ ਕਲ ਵਰਤਾਇੰਦਾ। ਭਗਤ ਭਗਵੰਤ ਕਰੇ ਪਿਆਰ, ਜਾਗਰਤ ਜੋਤ ਇਕ ਜਗਾਇੰਦਾ। ਅੰਦਰ ਮੰਦਰ ਖੋਲ੍ਹ ਕਿਵਾੜ, ਕੰਚਨ ਗੜ੍ਹ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਆਪਣੀ ਅੰਸ ਉਪਜਾਇੰਦਾ। ਅੰਸਾ ਬੰਸਾ ਹਰਿ ਕਰਤਾਰ, ਸਹੰਸਰ ਸਹੰਸਾ ਨਾਉਂ ਰਖਾਈਆ। ਆਪਣਾ ਬੇੜਾ ਵਿਚ ਸੰਸਾਰ, ਸਾਚੇ ਸਾਗਰ ਆਪ ਤਰਾਇਆ। ਆਪੇ ਜਾਣੇ ਆਰ ਪਾਰ, ਮੰਝਧਾਰ ਆਪ ਡੁਬਾਈਆ। ਆਪੇ ਵਣਜ ਕਰੇ ਵਾਪਾਰ, ਆਪੇ ਹੱਟੋ ਹੱਟ ਵਿਕਾਈਆ। ਆਪੇ ਖੇਵਟ ਖੇਟਾ ਸਾਂਝਾ ਯਾਰ, ਪੁਰਖ ਅਕਾਲ ਆਪ ਅਖਵਾਈਆ। ਆਪੇ ਬੇਟੀ ਬੇਟਾ ਲਏ ਉਭਾਰ, ਆਪ ਆਪਣੀ ਗੋਦ ਸੁਹਾਈਆ। ਆਪੇ ਨੇਤਨ ਨੇਤਾ ਮੀਤ ਮੁਰਾਰ, ਨਿਤ ਨਵਿਤ ਵੇਖ ਵਖਾਈਆ। ਆਪੇ ਠਾਂਡਾ ਸੀਤਾ ਸਚ ਦਰਬਾਰ, ਸਚਖੰਡ ਬੈਠਾ ਆਸਣ ਲਾਈਆ। ਆਪੇ ਪਤਿਤ ਪੁਨੀਤ ਨਿਰਗੁਣ ਨਿਰਾਕਾਰ, ਪਤਿਤ ਪਾਪੀ ਲਏ ਤਰਾਈਆ। ਆਪੇ ਹਸਤ ਕੀਟਾ ਪਸਰ ਪਸਾਰ, ਊਚ ਨੀਚ ਆਪਣੀ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਸੇਵਾ ਇਕ ਸਮਝਾਈਆ। ਵਿਸ਼ਨੂੰ ਸੇਵਾ ਸਾਚੀ ਕਰ, ਹਰਿ ਸਾਚਾ ਸਚ ਸਮਝਾਇੰਦਾ। ਘਟ ਘਟ ਅੰਦਰ ਵਸਿਆ ਹਰਿ, ਬਿਨ ਹਰਿ ਨਜ਼ਰ ਕੋਇ ਨਾ ਆਇੰਦਾ। ਖੁਲ੍ਹਾ ਰੱਖੇ ਸਦਾ ਦਰ, ਨਾ ਬੰਦ ਕੋਇ ਕਰਾਇੰਦਾ। ਆਪਣੀ ਕਰਨੀ ਆਪੇ ਕਰ, ਕਾਦਰ ਕੁਦਰਤ ਵੇਖ ਵਖਾਇੰਦਾ। ਆਪਣਾ ਭਾਣਾ ਆਪੇ ਜਰ, ਆਪ ਆਪਣੇ ਸੀਸ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਿਸ਼ਨੂੰ ਚਾੜ੍ਹੇ ਏਕਾ ਰੰਗ, ਪਾਰਬ੍ਰਹਮ ਸੂਰਾ ਸਰਬੰਗ ਨਾਮ ਵਜਾਏ ਸਚ ਮਰਦੰਗ, ਸਾਚਾ ਧੌਂਸਾ ਆਪ ਵਜਾਇੰਦਾ। ਵਿਸ਼ਨੂੰ ਸੁਣ ਕਰ ਧਿਆਨ, ਹਰਿ ਸਾਚੇ ਸਚ ਜਣਾਈਆ। ਤੇਰਾ ਮਿਟੇ ਅੰਤ ਨਿਸ਼ਾਨ, ਮੇਟਣਹਾਰ ਆਪ ਅਖਵਾਈਆ। ਕੋਟਨ ਕੋਟ ਬੈਠੇ ਦਰ ਦਰਬਾਨ, ਵਿਸ਼ਨ ਬ੍ਰਹਮੇ ਅਲੱਖ ਜਗਾਈਆ। ਰਸਨਾ ਜਿਹਵਾ ਬਹਿ ਬਹਿ ਗਾਣ, ਬੱਤੀ ਦੰਦ ਰਹੇ ਹਿਲਾਈਆ। ਜਿਸ ਜਨ ਕਿਰਪਾ ਕਰੇ ਆਪ ਭਗਵਾਨ, ਸਾਚੀ ਸੇਵਾ ਦਏ ਲਗਾਈਆ। ਲੋਕਮਾਤ ਕਰਨੀ ਸਚ ਪਛਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਹੁਕਮ ਧੁਰ ਫ਼ਰਮਾਣਾ, ਦੇਵਣਹਾਰਾ ਸਾਚਾ ਰਾਣਾ, ਵਡ ਸੱਚਾ ਸ਼ਹਿਨਸ਼ਾਹੀਆ। ਸ਼ਾਹ ਸੁਲਤਾਨਾ, ਹਰਿ ਮਿਹਰਵਾਨਾ ਏਕਾ ਏਕੰਕਾਰਿਆ। ਵਿਸ਼ਨੂੰ ਰਾਗ ਸੁਣਾਏ ਤਰਾਨਾ, ਨਾਦੀ ਨਾਦ ਵਜਾ ਰਿਹਾ। ਸਤਿ ਸਰੂਪੀ ਬੰਨ੍ਹੇ ਗਾਨਾ, ਸਾਚਾ ਸਗਣ ਮਨਾ ਰਿਹਾ। ਅੰਤਮ ਵੇਖੇ ਮਾਰ ਧਿਆਨਾ, ਆਪ ਆਪਣੀ ਦਇਆ ਕਮਾ ਰਿਹਾ। ਮੇਲੇ ਮੇਲ ਦੋ ਜਹਾਨਾਂ, ਤ੍ਰੈਭਵਣ ਮੇਟ ਮਿਟਾ ਰਿਹਾ। ਅਵਣ ਗਵਣ ਇਕ ਤਰਾਨਾ, ਏਕਾ ਰਾਗ ਸੁਣਾ ਰਿਹਾ। ਲੱਖ ਚੁਰਾਸੀ ਜਾਣੀ ਜਾਣਾ, ਘਟ ਘਟ ਅੰਦਰ ਵੇਖ ਵਖਾ ਰਿਹਾ। ਆਪੇ ਹੋਏ ਮਾਤ ਪਰਧਾਨਾ, ਨਿਰਗੁਣ ਆਪਣਾ ਨਾਉਂ ਧਰਾ ਰਿਹਾ। ਸਚ ਝੁਲਾਏ ਇਕ ਨਿਸ਼ਾਨਾ, ਸਾਚਾ ਮਾਰਗ ਇਕ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾ ਰਿਹਾ। ਵਿਸ਼ਨ ਬ੍ਰਹਮਾ ਸ਼ਿਵ ਜਣਾਇਆ, ਹਰਿ ਆਪਣਾ ਭੇਵ ਖੁਲ੍ਹਾਇੰਦਾ। ਨਿਰਗੁਣ ਸਰਗੁਣ ਖੇਲ ਖਿਲਾਇਆ, ਸਰਗੁਣ ਨਿਰਗੁਣ ਰੂਪ ਵਟਾਇੰਦਾ। ਨਿਰਗੁਣ ਅੰਦਰ ਜੋਤ ਜਗਾਇਆ, ਸਰਗੁਣ ਡਗਮਗਾਇੰਦਾ। ਸਰਗੁਣ ਤਾਕ ਆਪ ਖੁਲ੍ਹਾਇਆ, ਬੰਦ ਕਿਵਾੜੀ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਇੰਦਾ। ਵੇਸ ਵਟਾਏ ਹਰਿ ਭਗਵਾਨਾ, ਆਦਿ ਜੁਗਾਦਿ ਵੱਡੀ ਵਡਿਆਈਆ। ਸਤਿਜੁਗ ਸਾਚੇ ਹੋ ਪਰਧਾਨਾ, ਸਾਚਾ ਤਖ਼ਤ ਇਕ ਸੁਹਾਈਆ। ਸ੍ਰਿਸ਼ਟ ਸਬਾਈ ਸਾਚਾ ਰਾਣਾ, ਰਾਓ ਰੰਕ ਵੇਖ ਵਖਾਈਆ। ਬ੍ਰਹਿਮੰਡ ਖੰਡ ਸੁਣਾਏ ਸੱਚਾ ਗਾਣਾ, ਲੋਆਂ ਪੁਰੀਆਂ ਆਪੇ ਗਾਈਆ। ਲੋਕਮਾਤ ਇਕ ਤਰਾਨਾ, ਤੁਰੀਆ ਨਾਦ ਇਕ ਵਜਾਈਆ। ਸੁਫਨ ਸਖੋਪਤ ਜਾਗਰਤ ਹੋਏ ਹੈਰਾਨਾ, ਜਗ ਜੀਵਣ ਦਾਤਾ ਭੇਵ ਨਾ ਰਾਈਆ। ਆਪੇ ਗਾਏ ਖਾਣੀ ਬਾਣੀ ਇਕ ਤਰਾਨਾ, ਸ਼ਾਸਤਰ ਸਿਮਰਤ ਆਪ ਅਲਾਈਆ। ਆਪੇ ਰਾਮ ਰੂਪ ਹੋ ਪਰਧਾਨਾ, ਸੀਤਾ ਸੁਰਤੀ ਲਏ ਪਰਨਾਈਆ । ਆਪੇ ਤ੍ਰੇਤਾ ਤ੍ਰੀਆ ਵੇਸ ਕਰੇ ਬਹਾਨਾ, ਤੀਰ ਕਮਾਨ ਆਪ ਉਠਾਈਆ । ਆਪੇ ਫਿਰੇ ਜੰਗਲ ਜੂਹ ਉਜਾੜ ਪਹਾੜ ਬੀਆਬਾਨਾ, ਆਪੇ ਗ਼ਰੀਬ ਨਿਮਾਣਿਆਂ ਗਲੇ ਲਗਾਈਆ। ਆਪੇ ਭੀਲਣੀ ਦੇਵੇ ਦਾਨਾ, ਚਰਨ ਸਰਨ ਸੱਚੀ ਸਰਨਾਈਆ। ਆਪੇ ਲੰਕਾ ਗੜ੍ਹ ਤੋੜੇ ਮਾਰੇ ਰਾਵਣ ਵਡ ਬਲਵਾਨਾ, ਆਪੇ ਮੇਟੇ ਝੂਠੀ ਸ਼ਾਹੀਆ। ਆਪੇ ਏਕਾ ਨਾਮ ਹੋਏ ਪਰਧਾਨਾ, ਦੋਏ ਦੋਏ ਅੱਖਰ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਨੀ ਕਰਤਾ ਖੇਲ ਖਿਲਾਈਆ। ਕਰਨੀ ਕਰਤਾ ਸਾਚਾ ਕਾਹਨ, ਭੇਵ ਕੋਇ ਨਾ ਪਾਇੰਦਾ। ਮੁਕੰਦ ਮਨੋਹਰ ਲਖ਼ਮੀ ਨਰਾਇਣ ਆਪੇ ਦੇਵੇ ਸੱਚਾ ਦਾਨ, ਮੋਰ ਮੁਕਟ ਸੀਸ ਤਾਜ ਆਪ ਟਿਕਾਇੰਦਾ। ਆਪੇ ਸਖੀਆਂ ਮੰਗਲ ਗਾਏ ਗਾਣ, ਸਾਚੀ ਰਾਸ ਆਪ ਰਚਾਇੰਦਾ। ਆਪੇ ਬਣ ਗਵਾਲਾ ਦੇਵੇ ਦਾਨ, ਆਪੇ ਬੰਸਰੀ ਨਾਮ ਵਜਾਇੰਦਾ। ਆਪੇ ਅਰਜਨ ਬਖ਼ਸ਼ੇ ਗੀਤਾ ਗਿਆਨ, ਅਠਾਰਾਂ ਧਿਆਏ ਆਪ ਦ੍ਰਿੜਾਇੰਦਾ। ਆਪੇ ਪੰਚਮ ਕਰੇ ਦਰ ਪਰਵਾਨ, ਦਰੋਪਤ ਲੱਜਿਆ ਆਪ ਰਖਾਇੰਦਾ। ਆਪੇ ਬਿਦਰ ਸੁਦਾਮਾ ਦੇਵੇ ਮਾਣ, ਹੰਕਾਰੀਆਂ ਹੰਕਾਰ ਮੇਟ ਮਿਟਾਇੰਦਾ। ਆਪੇ ਮੇਟੇ ਝੂਠ ਨਿਸ਼ਾਨ, ਸਾਚਾ ਸਾਚੀ ਸਿਖਿਆ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਾਸਤਰ ਸਿਮਰਤ ਵੇਦ ਕਤੇਬ ਆਪੇ ਗਾਏ ਆਪਣੀ ਜਿਹਵ, ਵੇਦ ਕਤੇਬ ਹਰਿ ਕਾ ਰੂਪ ਨਾ ਕੋਇ ਬਣਾਇੰਦਾ। ਆਪੇ ਖੇਲ ਖੇਲੇ ਭਗਵਾਨਾ, ਭੇਵ ਕੋਇ ਨਾ ਪਾਇੰਦਾ। ਆਪੇ ਕਲਜੁਗ ਹੋ ਪਰਧਾਨਾ, ਪ੍ਰਿਆ ਪ੍ਰੀਤਮ ਵੇਖ ਵਖਾਇੰਦਾ। ਆਪੇ ਜਾਣੇ ਆਵਣ ਜਾਣਾ, ਲੱਖ ਚੁਰਾਸੀ ਆਪ ਭੁਆਇੰਦਾ। ਆਪੇ ਪਹਿਰੇ ਆਪਣਾ ਬਾਣਾ, ਵੇਸ ਅਨੇਕਾ ਰੂਪ ਧਰਾਇੰਦਾ। ਆਪੇ ਦੇਵੇ ਧੁਰ ਫ਼ਰਮਾਣਾ, ਬੁੱਧ ਬਬੇਕੀ ਆਪ ਕਰਾਇੰਦਾ। ਆਪੇ ਈਸਾ ਮੂਸਾ ਬੱਧਾ ਗਾਨਾਂ, ਕਾਲਾ ਸੂਸਾ ਤਨ ਵਖਾਇੰਦਾ। ਆਪੇ ਸੁਣਾਏ ਇਕ ਤਰਾਨਾ, ਸਚ ਹਦੀਸਾ ਆਪ ਪੜ੍ਹਾਇੰਦਾ। ਆਪੇ ਦਰਗਹਿ ਕਰੇ ਪਰਵਾਨਾ, ਨੂਰ ਨੂਰ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਖੁਲ੍ਹਾਇੰਦਾ। ਆਪੇ ਨੂਰ ਇਲਾਹੀ ਜਲਵਾ ਨੂਰ, ਨੂਰ ਨੂਰ ਨੂਰ ਸਚ ਜ਼ਹੂਰ ਹੋਏ ਮਹਾਨਿਆ। ਆਪੇ ਰਾਹ ਤੱਕੇ ਉਪਰ ਕੋਹਤੂਰ, ਆਪੇ ਮੂਸਾ ਭੇਖ ਵਟਾਨਿਆ। ਆਪੇ ਮੰਗ ਮੰਗੇ ਬਹਿਸ਼ਤੀ ਹੂਰ, ਆਪੇ ਖੇਲੇ ਖੇਲ ਸ੍ਰੀ ਭਗਵਾਨਿਆ। ਆਪੇ ਬਣੇ ਸ਼ਾਹ ਗ਼ਫ਼ੂਰ, ਆਪੇ ਪਾਏ ਫ਼ਤੂਰ ਪੰਜ ਸ਼ੈਤਾਨਿਆ। ਆਪੇ ਤੋੜਣਹਾਰ ਗ਼ਰੂਰ, ਆਪੇ ਹਜ਼ੂਰ ਹੋਏ ਪਰਧਾਨਿਆ। ਆਪੇ ਦੇਵੇ ਆਬ ਹਯਾਤ ਸਰੂਰ, ਆਪੇ ਭਰ ਪਿਆਏ ਇਕ ਪੈਮਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਦੋ ਜਹਾਨਿਆ। ਦੋ ਜਹਾਨਾ ਖ਼ਾਲਕ ਖ਼ਲਕ, ਬੇਐਬ ਨਾਉਂ ਧਰਾਇੰਦਾ। ਆਪੇ ਵਸੇ ਆਪਣੇ ਫ਼ਲਕ, ਆਪਣਾ ਪਰਦਾ ਆਪੇ ਲਾਹਿੰਦਾ। ਆਪੇ ਨੂਰੀ ਇਸਮ ਰੱਖੇ ਆਪਣਾ ਤੁਅੱਲਕ, ਤਾਲਬ ਤਲਬ ਆਪਣੀ ਪੂਰੀ ਆਪ ਕਰਾਇੰਦਾ। ਆਪੇ ਮਹਿਬੂਬ ਆਸ਼ਕ ਇਸ਼ਕ, ਅਹਿਬਾਬ ਰਬਾਬ ਆਪ ਵਜਾਇੰਦਾ। ਆਪੇ ਸਾਦਕ ਆਪੇ ਭਿੱਖਕ, ਸਬਰ ਸਬੂਰੀ ਆਪ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਲਵਾ ਨੂਰ ਅਲਾਹ, ਆਪੇ ਬਣੇ ਸਚ ਮਲਾਹ, ਚੌਦਾਂ ਤਬਕਾਂ ਵੇਖ ਵਖਾਇੰਦਾ। ਚੌਦਾਂ ਤਬਕਾਂ ਆਪੇ ਅਮਾਮ, ਕਾਇਨਾਤ ਵੇਖ ਵਖਾਈਆ। ਆਪੇ ਚਾਰ ਯਾਰੀ ਬਣੇ ਗੁਲਾਮ, ਜ਼ਬਰਾਈਲ ਮੇਕਾਈਲ ਅਸਰਾਫੀਲ ਅਜਰਾਈਲ ਆਪ ਅਖਵਾਈਆ। ਆਪੇ ਦੇਵਣਹਾਰਾ ਸਚ ਪੈਗ਼ਾਮ, ਆਪੇ ਕਾਸਦ ਰਿਹਾ ਉਡਾਈਆ। ਆਪੇ ਘੋੜੇ ਦੇਵੇ ਇਕ ਲਗਾਮ, ਚਰਨ ਰਕਾਬ ਇਕ ਰਖਾਈਆ। ਆਪੇ ਜਾਣੇ ਹਕੀਕੀ ਕਲਾਮ, ਲਾਸ਼ਰੀਕੀ ਹੱਥ ਵਡਿਆਈਆ। ਤਹਿਕੀਕੀ ਤਹਿਰੀਕੀ ਮੇਟੇ ਦੋ ਜਹਾਨ, ਨੂਰੀ ਨੂਰ ਕਰੇ ਰੁਸ਼ਨਾਈਆ। ਸਚ ਤੌਫ਼ੀਕੀ ਕਰੇ ਕਾਮ, ਤੌਫ਼ੀਕ ਇਕ ਖ਼ੁਦਾਈਆ। ਨਾਮ ਹਕੀਕੀ ਦੇਵੇ ਜਾਮ, ਅੰਧੇਰੀ ਸ਼ਾਮ ਗੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਕਲਮਾ ਦਏ ਪੜ੍ਹਾਈਆ। ਏਕਾ ਕਲਮਾ ਹਰਿ ਹਦੀਸ, ਉਮਤੀ ਉਮਤ ਆਪ ਸਿਖਾਇੰਦਾ। ਏਕਾ ਪੀਸਣ ਰਿਹਾ ਪੀਸ, ਚਾਰੋਂ ਕੁੰਟ ਗੇੜਾ ਆਪ ਲਗਾਇੰਦਾ। ਏਕਾ ਛੱਤਰ ਏਕਾ ਸੀਸ, ਏਕਾ ਅਮਾਮ ਨਾਉਂ ਧਰਾਇੰਦਾ। ਚੌਦਾਂ ਚੌਦਾਂ ਵੇਖੇ ਤੀਸ ਬਤੀਸ, ਆਪ ਆਪਣਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਇੰਦਾ। ਸੰਗ ਮੁਹੰਮਦੀ ਚਾਰ ਯਾਰ, ਰਾਣੀ ਅੱਲਾ ਨਾਲ ਰਲਾਈਆ। ਮਹਿਬਾਨ ਬੀਦੋ ਖੇਲ ਅਪਾਰ, ਐਨਲਹੱਕ ਕਰੇ ਕੁੜਮਾਈਆ। ਸਚ ਮਹਿਰਾਬੇ ਕਰੇ ਪੁਕਾਰ, ਮੱਕਾ ਕਾਅਬਾ ਦਏ ਦੁਹਾਈਆ। ਸ਼ਾਹ ਨਵਾਬਾ ਪਰਵਰਦਿਗਾਰ, ਖ਼ਾਕੀ ਤਨ ਨਾ ਕੋਇ ਰਖਾਈਆ। ਅਮਾਮ ਅਮਾਮਾ ਸਿਰ ਹੋਏ ਸਿਕਦਾਰ, ਰਈਅਤ ਵੇਖੇ ਖ਼ਲਕ ਖ਼ੁਦਾਈਆ। ਧੁਰ ਫ਼ਰਮਾਣਾ ਮਾਰੇ ਮਾਰ, ਤੀਰ ਕਮਾਨ ਨਾ ਹੱਥ ਉਠਾਈਆ। ਏਕਾ ਕਲਮਾ ਕਰੇ ਪਿਆਰ, ਕੁਰਾਨ ਕੁਰਾਨ ਅੰਜੀਲ ਅੰਜੀਲ ਭੇਵ ਨਾ ਰਾਈਆ। ਸਾਚਾ ਬਾਲਮ ਹੋਏ ਆਪ ਤਿਆਰ, ਸਨਮ ਆਪਣਾ ਨਾਮ ਰਖਾਈਆ। ਸਿਲਾ ਪੱਥਰ ਦੇਵੇ ਤਾਰ, ਉਚੇ ਪਰਬਤ ਚਰਨ ਛੁਹਾਈਆ। ਮੁਹੰਮਦ ਚਰਨ ਦੁਆਰੇ ਮੰਗੇ ਮੰਗ ਭਿਖਾਰ, ਅੱਗੇ ਆਪਣੀ ਝੋਲੀ ਡਾਹੀਆ। ਸਦੀ ਚੌਧਵੀਂ ਜਾਏ ਹਾਰ, ਚੌਦਾਂ ਲੋਕ ਨਾ ਕੋਇ ਸਹਾਈਆ। ਚੌਦਾਂ ਤਬਕਾਂ ਮਾਰੇ ਮਾਰ, ਮਾਰਣਹਾਰਾ ਦਿਸ ਨਾ ਆਈਆ। ਦੁਲਦੁਲ ਐਲੀ ਸ਼ਾਹ ਸਵਾਰ, ਨੀਲੇ ਬਸਤਰ ਤਨ ਰਖਾਈਆ। ਕਾਲੀ ਕਫਨੀ ਦੇਵੇ ਪਾੜ, ਏਕਾ ਅਲਫ਼ੀ ਆਪ ਹ਼ੰਡਾਈਆ। ਏਕਾ ਅਲਫ਼ ਕਰੇ ਦਰਕਾਰ, ਨਿਝਰ ਧਾਰਾ ਆਪ ਚੁਆਈਆ। ਅਲਫ਼ ਰੂਪ ਆਪ ਕਰਤਾਰ, ਨਿਰਗੁਣ ਆਪਣੀ ਵੰਡ ਵੰਡਾਈਆ। ਭੇਵ ਨਾ ਪਾਏ ਕੋਈ ਜੀਵ ਗੁਆਰ, ਜਗਤ ਵਿਦਿਆ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਓਅੰਕਾਰਾ ਵਸੇ ਆਪਣੇ ਘਰ, ਸਚਖੰਡ ਬੈਠਾ ਆਸਣ ਲਾਈਆ। ਸਚਖੰਡ ਦੁਆਰੇ ਵਸਿਆ, ਪਾਰਬ੍ਰਹਮ ਪ੍ਰਭ ਬੇਅੰਤ। ਗੁਰਮੁਖ ਵਿਰਲੇ ਮਾਰਗ ਦੱਸਿਆ, ਮੇਲ ਮਿਲਾਏ ਸਾਚੇ ਸੰਤ। ਜੁਗ ਜੁਗ ਜਨ ਭਗਤਾਂ ਫਿਰੇ ਪਿਛੇ ਨੱਸਿਆ, ਧੁਰਦਰਗਾਹੀ ਸਾਚਾ ਕੰਤ। ਤੀਰ ਨਿਰਾਲਾ ਏਕਾ ਕਸਿਆ, ਆਪ ਮਾਰੇ ਮਹਿਮਾ ਗਣਤ ਅਗਣਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਆਦਿ ਅੰਤ। ਆਦਿ ਅੰਤ ਹਰਿ ਹਰਿ ਖੇਲ, ਭੇਵ ਕੋਇ ਨਾ ਪਾਇੰਦਾ। ਗੁਰਮੁਖ ਸੱਜਣ ਲਏ ਮੇਲ, ਆਪ ਆਪਣੀ ਬੂਝ ਬੁਝਾਇੰਦਾ। ਕਾਇਆ ਚੋਲੀ ਚਾੜ੍ਹੇ ਤੇਲ, ਘਰ ਸਾਚੇ ਸਗਨ ਮਨਾਇੰਦਾ। ਮੇਲ ਮਿਲਾਏ ਸੱਜਣ ਸੁਹੇਲ, ਸਤਿਗੁਰ ਪੂਰਾ ਸੰਗ ਨਿਭਾਇੰਦਾ। ਧਾਮ ਬਹਾਏ ਇਕ ਨਵੇਲ, ਸਚਖੰਡ ਦੁਆਰਾ ਆਪ ਬਣਾਇੰਦਾ। ਲੇਖਾ ਜਾਣੇ ਗੁਰੂ ਗੁਰ ਚੇਲ, ਗੁਰ ਚੇਲਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ । ਵੇਸ ਅਵੱਲੜਾ ਪੁਰਖ ਅਗੰਮ, ਨਿਰਗੁਣ ਆਪ ਧਰਾਇੰਦਾ। ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਫੇਰਾ ਪਾਇੰਦਾ। ਪਵਣ ਸਵਾਸ ਨਾ ਲਏ ਦਮ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਹੱਡ ਮਾਸ ਨਾੜੀ ਨਾ ਦਿਸੇ ਚੰਮ, ਪੰਜ ਤਤ ਨਾ ਕੋਇ ਰਖਾਇੰਦਾ। ਆਪੇ ਜਾਣੇ ਆਪਣਾ ਕੰਮ, ਜੁਗ ਜੁਗ ਆਪ ਤਰਾਇੰਦਾ। ਨਾ ਕੋਈ ਤ੍ਰਿਸ਼ਨਾ ਨਾ ਕੋਈ ਤਮ, ਆਲਸ ਨਿੰਦਰਾ ਵਿਚ ਨਾ ਆਇੰਦਾ। ਨਾ ਕੋਈ ਖ਼ੁਸ਼ੀ ਨਾ ਕੋਈ ਗ਼ਮ, ਮਮਤਾ ਮੋਹ ਨਾ ਕੋਇ ਵਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਛੁਪਾਇੰਦਾ। ਆਪਣਾ ਭੇਵ ਆਪੇ ਰੱਖ, ਜੁਗ ਜੁਗ ਕਰੇ ਵਡਿਆਈਆ। ਆਪੇ ਨਿਰਗੁਣ ਸਰਗੁਣ ਕਰ ਪਰਤੱਖ, ਭਗਤ ਭਗਤੀ ਵੇਖ ਵਖਾਈਆ। ਆਪੇ ਲੇਖਾ ਜਾਣੇ ਮਸਤਕ ਮਥ, ਗਗਨ ਮੰਡਲ ਕਰ ਰੁਸ਼ਨਾਈਆ। ਆਪੇ ਪਾਏ ਨਾਮ ਸਰੂਪੀ ਸਾਚੀ ਨੱਥ, ਹਰਿਜਨ ਸਾਚੇ ਆਪ ਉਠਾਈਆ। ਆਪੇ ਦੇਵੇ ਸਾਚੀ ਵੱਥ, ਸ਼ਬਦ ਅਮੋਲਕ ਕਾਇਆ ਗੋਲਕ ਆਪ ਟਿਕਾਈਆ। ਆਪੇ ਦਰਸ ਦਿਖਾਏ ਹੋ ਪ੍ਰਗਟ, ਸਵੱਛ ਸਰੂਪੀ ਰੂਪ ਵਟਾਈਆ। ਆਪੇ ਅੰਮ੍ਰਿਤ ਆਤਮ ਦੇਵੇ ਝੱਟ, ਨਿਝਰ ਝਿਰਨਾ ਆਪ ਝਿਰਾਈਆ। ਆਪੇ ਜੋਤ ਜਗਾਏ ਲਟ ਲਟ, ਅਗਿਆਨ ਅੰਧੇਰਾ ਦਏ ਮਿਟਾਈਆ। ਆਪੇ ਵਸੇ ਘਟ ਘਟ, ਹਸਤ ਕੀਟ ਏਕਾ ਰੰਗ ਸਮਾਈਆ। ਆਪੇ ਦੂਈ ਦਵੈਤੀ ਮੇਟੇ ਫੱਟ, ਬਿਰਹੋਂ ਰੋਗ ਰਹਿਣ ਨਾ ਪਾਈਆ। ਆਪੇ ਨਾਤਾ ਤੋੜੇ ਆਣ ਬਾਟ, ਮਾਤ ਗਰਭ ਦਸ ਦਸ ਮਾਸ ਨਾ ਕੋਇ ਤਪਾਈਆ। ਆਪੇ ਦੁਰਮਤ ਮੈਲ ਦੇਵੇ ਕੱਟ, ਜਿਸ ਜਨ ਆਪਣੀ ਬੂਝ ਬੁਝਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਸਰਬ ਕਲਾ ਸਮਰਥ, ਸਮਰਥ ਪੁਰਖ ਆਪ ਅਖਵਾਈਆ। ਸਮਰਥ ਪੁਰਖ ਇਕ ਇਕੱਲਾ, ਘਰ ਸਾਚੇ ਸੋਭਾ ਪਾਇੰਦਾ। ਲੋਕਮਾਤ ਵਸਾਏ ਸਚ ਮਹੱਲਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਵਸਣਹਾਰਾ ਜਲਾਂ ਥਲਾਂ, ਸਮੁੰਦ ਸਾਗਰ ਡੇਰਾ ਲਾਇੰਦਾ। ਕਰੇ ਖੇਲ ਵਲ ਛਲਾ, ਅਛੱਲ ਅਛੱਲਾ ਨਾਉਂ ਉਪਜਾਇੰਦਾ। ਲੇਖਾ ਜਾਣੇ ਰਾਣੀ ਅੱਲਾ, ਆਪ ਆਪਣਾ ਪੰਧ ਮੁਕਾਇੰਦਾ। ਆਪਣਾ ਨੂਰ ਆਪੇ ਘੱਲਾ, ਸਤਿ ਸਰੂਪ ਆਪ ਵਟਾਇੰਦਾ। ਪੰਜ ਤਤ ਕਾਇਆ ਜੋਤੀ ਰਲਾ, ਸ਼ਬਦੀ ਡੰਕ ਵਜਾਇੰਦਾ। ਨਾਨਕ ਫੜਾਇਆ ਸਾਚਾ ਭੱਲਾ, ਨਾਮ ਸਤਿ ਮੰਤਰ ਇਕ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸਾ ਖੇਲ ਤਮਾਸ਼ਾ, ਪੁਰਖ ਅਬਿਨਾਸ਼ਾ ਆਪਣਾ ਆਪ ਕਰਾਇੰਦਾ। ਨਾਨਕ ਨਿਰਗੁਣ ਸਰਗੁਣ ਧਾਰ, ਲੋਕਮਾਤ ਚਲਾਈਆ। ਪੁਰਖ ਅਬਿਨਾਸ਼ੀ ਕਰ ਪਿਆਰ, ਆਪ ਆਪਣਾ ਮੇਲ ਮਿਲਾਈਆ। ਦੋਹਾਂ ਵਿਚੋਲਾ ਸਿਰਜਣਹਾਰ, ਸਤਿ ਪੁਰਖ ਨਿਰੰਜਣ ਨਾਉਂ ਧਰਾਈਆ। ਸਚਖੰਡ ਦੁਆਰਾ ਸੁਹਾਏ ਬੰਕ ਦੁਆਰ, ਅਲੱਖ ਅਲੱਖਣਾ ਬੇਪਰਵਾਹੀਆ। ਤਖ਼ਤ ਬੈਠ ਸੱਚੀ ਸਰਕਾਰ, ਸੀਸ ਜਗਦੀਸ਼ ਸੋਭਾ ਪਾਈਆ। ਪੰਚਮ ਮੁਖ ਤਾਜ ਹਰਿ ਨਿਰੰਕਾਰ, ਆਪ ਆਪਣਾ ਦਏ ਪ੍ਰਗਟਾਈਆ। ਸੋ ਪੁਰਖ ਨਿਰੰਜਣ ਖੇਲ ਅਪਾਰ, ਹੰ ਬ੍ਰਹਮ ਗਿਆ ਕਰਾਈਆ। ਸ਼ਹਿਨਸ਼ਾਹ ਸੱਚਾ ਸਿਕਦਾਰ, ਸ਼ਾਹ ਪਾਤਸ਼ਾਹ ਆਪ ਅਖਵਾਈਆ। ਨਾਨਕ ਦਰਸ਼ਨ ਪਾਇਆ ਹਰਿ ਕਰਤਾਰ, ਦਰਗਹ ਵੱਜੀ ਸਚ ਵਧਾਈਆ। ਸੋ ਪੁਰਖ ਨਿਰੰਜਣ ਕਰ ਪਿਆਰ, ਆਪ ਆਪਣੇ ਅੰਗ ਲਗਾਈਆ। ਹਰਿ ਪੁਰਖ ਨਿਰੰਜਣ ਬੋਲ ਜੈਕਾਰ, ਨਾਮ ਸਤਿ ਕਰੇ ਪੜ੍ਹਾਈਆ। ਏਕੰਕਾਰਾ ਬੰਨ੍ਹੇ ਧਾਰ, ਧਾਰ ਧਾਰ ਵਿਚ ਟਿਕਾਈਆ। ਆਦਿ ਨਿਰੰਜਣ ਹੋ ਤਿਆਰ, ਜੋਤੀ ਜੋਤ ਜੋਤ ਮਿਲਾਈਆ। ਸ੍ਰੀ ਭਗਵਾਨ ਖ਼ਬਰਦਾਰ, ਲੋਕਮਾਤ ਸੰਗ ਨਿਭਾਈਆ। ਅਬਿਨਾਸ਼ੀ ਕਰਤਾ ਇਕ ਜੈਕਾਰ, ਚਾਰੇ ਵਰਨਾਂ ਦਏ ਸੁਣਾਈਆ। ਪਾਰਬ੍ਰਹਮ ਪ੍ਰਭ ਮੀਤ ਮੁਰਾਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰੰਗ ਰੰਗਾਈਆ। ਅਠਾਰਾਂ ਬਰਨਾਂ ਕਰ ਖੁਆਰ, ਪੁਰਖ ਅਕਾਲ ਇਕ ਜਣਾਈਆ। ਚਾਰੋਂ ਕੁੰਟ ਦਏ ਹੁਲਾਰ, ਦਹਿ ਦਿਸ਼ਾ ਕਰੇ ਰੁਸ਼ਨਾਈਆ। ਹੰਕਾਰੀਆਂ ਤੋੜੇ ਗੜ੍ਹ ਹੰਕਾਰ, ਨਾਮ ਖੰਡਾ ਇਕ ਚਮਕਾਈਆ। ਗਰੀਬ ਨਿਮਾਣਿਆਂ ਪਾਵੇ ਸਾਰ, ਸਤਿਨਾਮ ਕਰੇ ਪੜ੍ਹਾਈਆ। ਜਗਤ ਵਿਕਾਰਾਂ ਕਰ ਖੁਆਰ, ਮਨ ਮਤ ਦਏ ਤਜਾਈਆ। ਗੁਰਮਤ ਸਾਚੀ ਕਰ ਅਕਾਰ, ਸਾਕਾਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਗੁਰ ਅਖਵਾਈਆ। ਸ਼ਬਦ ਗੁਰ ਦਾਤਾ ਸੂਰਾ, ਨਾਨਕ ਗੁਰ ਦਏ ਗਵਾਹੀਆ। ਆਦਿ ਜੁਗਾਦੀ ਹਾਜ਼ਰ ਹਜ਼ੂਰਾ, ਨਾ ਮਰੇ ਨਾ ਜਾਈਆ। ਨੂਰ ਇਲਾਹੀ ਜਲਵਾ ਨੂਰ, ਨੂਰੋ ਨੂਰ ਡਗਮਗਾਈਆ। ਸ਼ਬਦ ਵਜਾਏ ਨਾਦੀ ਤੂਰ, ਤਾਰ ਸਿਤਾਰ ਨਾ ਕੋਇ ਹਿਲਾਈਆ। ਨਾਤਾ ਤੋੜੇ ਕੂੜੋ ਕੂੜ, ਸਚ ਸੁੱਚ ਕਰੇ ਕੁੜਮਾਈਆ। ਜਿਸ ਜਨ ਮਸਤਕ ਲਾਏ ਧੂੜ, ਮੂਰਖ ਮੁਗਧ ਚਤੁਰ ਸੁਘੜ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਖੁਲ੍ਹਾਈਆ। ਨਾਨਕ ਖੋਲ੍ਹਿਆ ਭੇਵ ਹਰਿ ਨਿਰੰਕਾਰ, ਏਕਾ ਅੱਖਰ ਨਾਮ ਜਣਾਇੰਦਾ। ਬਹੱਤਰ ਨਾੜ ਵੱਜੇ ਸਿਤਾਰ, ਸਾਰੰਗ ਸਾਚੀ ਸੇਵ ਕਮਾਇੰਦਾ। ਛੱਤੀ ਰਾਗ ਰਹੇ ਪੁਕਾਰ, ਰਾਗ ਰਾਗਨੀ ਹੁਕਮ ਸੁਣਾਇੰਦਾ। ਅਨਹਦ ਦੇਵੇ ਸਾਚੀ ਧੁਨਕਾਰ, ਤਾਲ ਤਲਵਾੜਾ ਆਪ ਸੁਣਾਇੰਦਾ। ਪੁਰਖ ਅਗੰਮ ਅਗੰਮੜੀ ਗੁਫ਼ਤਾਰ, ਗੁਫ਼ਤਮ ਆਪਣੀ ਆਪ ਜਣਾਇੰਦਾ। ਪੇਸ਼ਤੋ ਪੇਸ਼ ਸੁਣੇ ਸੁਣਨੇਹਾਰ, ਪੇਸ਼ਾਨੀ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੋਧ ਅਗਾਧ ਆਪ ਅਲਾਇੰਦਾ। ਬੋਧ ਅਗਾਧ ਭੇਵ ਅਭੇਦਾ, ਨਾਨਕ ਹਰਿ ਜਣਾਇਆ। ਲੇਖਾ ਜਾਣੇ ਨਾ ਚਾਰੇ ਵੇਦਾ, ਸਾਧ ਸੰਤ ਰਹੇ ਧਿਆਇਆ। ਲੇਖਾ ਲਿਖੇ ਨਾ ਕੋਇ ਕਤੇਬਾ, ਗੁਰ ਪੀਰ ਰਹੇ ਸਾਲਾਹਿਆ। ਰਸਨਾ ਗਾਏ ਨਾ ਕੋਈ ਜਿਹਵਾ, ਜੀਵ ਜੰਤ ਰਹੇ ਕੁਰਲਾਇਆ। ਪੁਰਖ ਅਬਿਨਾਸ਼ੀ ਅਲੱਖ ਅਭੇਵਾ, ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪਣਾ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਅਗੰਮਾ ਸਚ ਜੈਕਾਰ, ਆਪ ਸੁਣਾਏ ਸੁਣਾਵਣਹਾਰ, ਏਕਾ ਨਾਨਕ ਝੋਲੀ ਪਾਇਆ। ਨਾਨਕ ਸੁਣ ਸ਼ਬਦ ਜੈਕਾਰ, ਉਚੀ ਕੂਕੇ ਦਏ ਦੁਹਾਈਆ। ਪੁਰਖ ਅਬਿਨਾਸ਼ੀ ਇਕ ਨਿਰੰਕਾਰ, ਦੂਸਰ ਇਸ਼ਟ ਨਾ ਕੋਇ ਜਣਾਈਆ। ਜੁਗਾ ਜੁਗੰਤਰ ਗੁਰ ਪੀਰ ਅਵਤਾਰ ਸਾਧ ਸੰਤ ਪਨਹਾਰ, ਮੁੱਲਾ ਸ਼ੇਖ਼ ਮੂਸਾ ਇਕ ਪੀਰ ਦਸਤਗੀਰ ਸੇਵ ਕਮਾਈਆ। ਆਪੇ ਕਰਤਾ ਜਾਣੇ ਆਪਣੀ ਕਾਰ, ਕੁਦਰਤ ਕਾਦਰ ਵੇਖ ਵਖਾਈਆ। ਸ੍ਰਿਸ਼ਟ ਸਬਾਈ ਅੰਧ ਅੰਧਿਆਰ, ਸਚ ਚੰਦਰਮਾ ਨਾ ਕੋਇ ਚੜ੍ਹਾਈਆ। ਵਰਨ ਬਰਨ ਹਾਹਾਕਾਰ, ਸਾਚੀ ਸਰਨ ਨਾ ਕੋਇ ਤਕਾਈਆ। ਸਤਿਜੁਗ ਤ੍ਰੇਤਾ ਦੁਆਪਰ ਹੋਇਆ ਪਾਰ, ਕਲਜੁਗ ਅੰਤਮ ਰਹਿਣ ਨਾ ਪਾਈਆ। ਐੜਾ ਅਥਰਬਣ ਕਰੇ ਵਿਚਾਰ, ਅੱਲਾ ਰਾਣੀ ਨਾਲ ਸਲਾਹੀਆ। ਸਦੀ ਚੌਧਵੀਂ ਆਏ ਹਾਰ, ਚੌਦਾਂ ਤਬਕਾਂ ਵੇਖ ਵਖਾਈਆ। ਵੇਦ ਵਿਆਸਾ ਬਣ ਲਿਖਾਰ, ਪੁਰਾਨ ਅਠਾਰਾਂ ਗਿਆ ਜਣਾਈਆ। ਕਲਜੁਗ ਅੰਤਮ ਪਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰ, ਪੂਤ ਸਪੂਤਾ ਬ੍ਰਹਿਮਣ ਗੌੜਾ ਉਚੇ ਟਿੱਲੇ ਪਰਬਤ ਆਪਣਾ ਡੇਰਾ ਲਾਈਆ। ਨਾਨਕ ਗਾਇਆ ਏਕਾ ਵਾਰ, ਏਕਾ ਮਤ ਰਿਹਾ ਸਮਝਾਈਆ। ਕਿਸੇ ਕੁਖੋਂ ਨਾ ਜੰਮੇ ਲਏ ਅਵਤਾਰ, ਮਾਤ ਪਿਤ ਨਾ ਕੋਇ ਬਣਾਈਆ। ਮਹਾਂਬਲੀ ਉਤਰੇ ਵਿਚ ਸੰਸਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸ਼ਬਦ ਸਰੂਪੀ ਤੇਜ ਕਟਾਰ, ਖੜਗ ਖੰਡਾ ਆਪਣਾ ਲਏ ਚਮਕਾਈਆ। ਬ੍ਰਹਿਮੰਡਾਂ ਖੰਡਾਂ ਪਾਵਣਹਾਰਾ ਸਾਰ, ਬ੍ਰਹਮੇ ਵੇਲਾ ਦਏ ਮੁਕਾਈਆ। ਸ਼ੰਕਰ ਕਰੇ ਪਾਰ ਕਿਨਾਰ, ਸ਼ਿਵ ਪੁਰੀ ਵੇਖ ਵਖਾਈਆ। ਇੰਦ ਇੰਦ੍ਰਾਸਣ ਤਜ ਬਣੇ ਭਿਖਾਰ, ਭੋਗੀ ਭੋਗ ਨਾ ਕੋਇ ਕਰਾਈਆ। ਕਰੋੜ ਤੇਤੀਸਾ ਰੋਵੇ ਜ਼ਾਰੋ ਜ਼ਾਰ, ਉਚੀ ਕੂਕੇ ਦਏ ਦੁਹਾਈਆ। ਗਣ ਗੰਧਰਬ ਨਾ ਗਾਏ ਕੋਈ ਆਪਣੀ ਵਾਰ, ਕਿੰਨਰ ਜਛਪ ਨਾ ਨਾਚ ਨਚਾਈਆ। ਪਰਗਟ ਹੋਵੇ ਹਰਿ ਕਲਕੀ ਅਵਤਾਰ, ਨਿਰਗੁਣ ਆਪਣਾ ਨਾਉਂ ਧਰਾਈਆ। ਲੱਖ ਚੁਰਾਸੀ ਜਾਏ ਹਾਰ, ਬੇੜਾ ਪਾਰ ਨਾ ਕੋਇ ਕਰਾਈਆ। ਕਲਜੁਗ ਡੁੱਬੇ ਵਿਚ ਮੰਝਧਾਰ, ਸੀਸ ਭਾਰ ਨਾ ਸਕੇ ਉਠਾਈਆ। ਲੇਖਾ ਲਿਖੇ ਆਪ ਨਿਰੰਕਾਰ, ਹੁਕਮੀ ਹੁਕਮ ਕਰੇ ਜਣਾਈਆ। ਏਕਾ ਜੋਤੀ ਦਸ ਅਵਤਾਰ, ਗੋਬਿੰਦ ਸਿੰਘ ਸਿੰਘ ਅਖਵਾਈਆ। ਸਿੰਘ ਸਿੰਘ ਬੋਲ ਜੈਕਾਰ, ਏਕਾ ਫ਼ਤਿਹ ਡੰਕ ਵਜਾਈਆ। ਪੰਚਮ ਪੰਚਮ ਦਏ ਆਧਾਰ, ਪੰਚਮ ਕਰੇ ਸਚ ਕੁੜਮਾਈਆ। ਪੰਚਮ ਬਣਾਇਆ ਸੱਚਾ ਸਿਕਦਾਰ, ਪੰਚਮ ਬਖ਼ਸ਼ੇ ਸ਼ਹਿਨਸ਼ਾਹੀਆ। ਪੰਚਮ ਮਾਰ ਤੇਜ਼ ਕਟਾਰ, ਨਾਮ ਧਾਰ ਆਪ ਚਲਾਈਆ। ਪੰਚਮ ਕਰ ਨਿਮਸਕਾਰ, ਅੱਗੇ ਆਪਣੀ ਝੋਲੀ ਡਾਹੀਆ। ਪੰਚਮ ਅੰਮ੍ਰਿਤ ਭਰ ਭੰਡਾਰ, ਕਾਇਆ ਬਾਟੇ ਆਪ ਪਿਆਈਆ। ਮਿੱਠਾ ਰਸ ਹਰਿ ਨਿਰੰਕਾਰ, ਗੁਰਬਾਣੀ ਵਿਚ ਟਿਕਾਈਆ। ਗੁਰੂ ਅਰਜਨ ਬਣਿਆ ਮੀਤ ਮੁਰਾਰ, ਗੁਰ ਸ਼ਬਦ ਦਏ ਗਵਾਹੀਆ। ਗੁਰੂ ਗ੍ਰੰਥ ਗੁਰ ਮੀਤ ਮੁਰਾਰ, ਚਾਰ ਵਰਨਾਂ ਇਕ ਸਮਝਾਈਆ। ਜਗਤ ਸੁੱਤ ਨਾ ਕਰੇ ਪਿਆਰ, ਅਬਿਨਾਸ਼ੀ ਅਚੁੱਤ ਇਕ ਮਨਾਈਆ। ਸੁਹਾਈ ਰੁੱਤ ਸਾਂਝੇ ਯਾਰ, ਬਸੰਤ ਰੁੱਤੜੀ ਵੇਖ ਵਖਾਈਆ। ਆਪੇ ਸੱਥਰ ਸੁੱਤਾ ਪੈਰ ਪਸਾਰ, ਮੰਗੇ ਦਰਸ ਸਾਚੇ ਮਾਹੀਆ। ਪੁਰਖ ਅਬਿਨਾਸ਼ੀ ਮਿਲਿਆ ਏਕੰਕਾਰ, ਜੰਗਲ ਜੂਹ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਲੇਖ ਨਾ ਕੋਇ ਜਣਾਈਆ। ਨਾਨਕ ਗੋਬਿੰਦ ਹਰਿ ਹਰਿ ਮੇਲਾ, ਏਕਾ ਜੋਤੀ ਜੋਤ ਰੁਸ਼ਨਾਈਆ। ਆਪੇ ਗੁਰੂ ਗੁਰੂ ਗੁਰ ਚੇਲਾ, ਗੁਰ ਚੇਲਾ ਆਪ ਅਖਵਾਈਆ। ਆਪੇ ਬਣਿਆ ਸੱਜਣ ਸੁਹੇਲਾ, ਪੁਰਖ ਅਕਾਲ ਆਪ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਬੰਧਨ ਪਾਈਆ। ਗੁਰ ਗੋਬਿੰਦ ਸਿੰਘ ਬਲਕਾਰ, ਸਤਿਗੁਰ ਪੂਰਾ ਨਾਉਂ ਧਰਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਤੀਰ ਤਰਕਸ਼ ਆਪ ਉਠਾਇੰਦਾ। ਕਲਗੀ ਤੋੜਾ ਸੀਸ ਦਸਤਾਰ, ਪੰਚਮ ਪਿਆਰਾ ਆਪ ਅਖਵਾਇੰਦਾ। ਵਾਹਿਗੁਰੂ ਫ਼ਤਿਹ ਬੋਲ ਜੈਕਾਰ, ਚਾਰ ਵਰਨਾਂ ਡੰਕਾ ਇਕ ਸੁਣਾਇੰਦਾ। ਊਚਾਂ ਨੀਚਾਂ ਏਕਾ ਧਾਰ, ਅੰਮ੍ਰਿਤ ਸਾਚਾ ਜਾਮ ਪਿਆਇੰਦਾ। ਨੀਲੇ ਘੋੜੇ ਹੋ ਅਸਵਾਰ, ਸ਼ਾਹ ਅਸਵਾਰ ਖੇਲ ਖਿਲਾਇੰਦਾ। ਅੰਤਮ ਵਾਰ ਗਿਆ ਪੁਕਾਰ, ਸ੍ਰਿਸ਼ਟ ਸਬਾਈ ਇਹ ਸਮਝਾਇੰਦਾ। ਨਿਹਕਲੰਕ ਲਏ ਅਵਤਾਰ, ਪੁਰਖ ਅਕਾਲ ਇਸ਼ਟ ਵਖਾਇੰਦਾ। ਦੂਜੇ ਦਰ ਨਾ ਬਣੇ ਕੋਈ ਭਿਖਾਰ, ਪੰਜ ਤਤ ਗੁਰੂ ਨਾ ਕੋਇ ਅਖਵਾਇੰਦਾ। ਸ਼ਬਦ ਗੁਰੂ ਸਰਬ ਸੰਸਾਰ, ਜੁਗ ਜੁਗ ਸਗਲਾ ਸੰਗ ਨਿਭਾਇੰਦਾ। ਕਾਇਆ ਦੇਸ ਲਏ ਅਵਤਾਰ, ਦਰ ਦਰਵੇਸ਼ ਖੇਲ ਖਿਲਾਇੰਦਾ। ਪੁਰਖ ਅਗੰਮ ਅਗੰਮੜੀ ਧਾਰ, ਲੋਕਮਾਤ ਆਪ ਚਲਾਇੰਦਾ। ਸੰਬਲ ਨਗਰੀ ਧਾਮ ਨਿਆਰ, ਸਾਚੀ ਸਿਖਿਆ ਸਿਖ ਸਮਝਾਇੰਦਾ। ਇਕ ਇਕੱਲਾ ਵਸੇ ਏਕੰਕਾਰ, ਦੂਜਾ ਕੋਇ ਰਹਿਣ ਨਾ ਪਾਇੰਦਾ। ਹਰਿ ਮੰਦਰ ਵੇਖੇ ਸਚ ਦੁਆਰ, ਉਤਰ ਪੂਰਬ ਪੱਛਮ ਦੱਖਣ ਦਿਸ਼ਾ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਕਲ ਵਰਤਾਇੰਦਾ। ਕਲਜੁਗ ਵੇਲਾ ਅੰਤਮ ਆਇਆ, ਏਕਾ ਢਈਆ ਦਏ ਗਵਾਹੀਆ। ਪੁਰਖ ਅਬਿਨਾਸ਼ੀ ਜਾਮਾ ਪਾਇਆ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਾਚਾ ਡੰਕਾ ਸ਼ਬਦ ਵਜਾਇਆ, ਬ੍ਰਹਮਾ ਵਿਸ਼ਨ ਸ਼ਿਵ ਕਰੋੜ ਤੇਤੀਸਾ ਲਏ ਉਠਾਈਆ। ਲੋਕਮਾਤ ਨਾਉਂ ਧਰਾਇਆ, ਆਪ ਆਪਣੀ ਕਰ ਪੜ੍ਹਾਈਆ। ਸੰਬਲ ਨਗਰੀ ਡੇਰਾ ਲਾਇਆ, ਸਾਢੇ ਤਿੰਨ ਹੱਥ ਵੇਖ ਵਖਾਈਆ। ਗੋਬਿੰਦ ਮੇਲਾ ਸਚ ਮਿਲਾਇਆ, ਪ੍ਰਭ ਮਿਲਿਆ ਵਿਛੜ ਨਾ ਜਾਈਆ। ਗੁਰ ਚੇਲਾ ਏਕਾ ਰੰਗ ਰੰਗਾਇਆ, ਸੀਸ ਆਪਣਾ ਤਾਜ ਟਿਕਾਈਆ। ਸੋਹੰ ਅੱਖਰ ਆਪ ਲਿਖਾਇਆ, ਨਾਨਕ ਰਸਨਾ ਗਿਆ ਗਾਈਆ। ਕਬੀਰ ਜੁਲਾਹਿਆ ਦਏ ਦੁਹਾਇਆ, ਦਰਸ਼ਨ ਪਾਇਆ ਸਾਚੇ ਮਾਹੀਆ। ਪੁਰਖ ਅਬਿਨਾਸ਼ੀ ਦਇਆ ਕਮਾਇਆ, ਕਲਜੁਗ ਖੇਲ ਕਰੇ ਬੇਪਰਵਾਹੀਆ। ਨਿਰਗੁਣ ਸਰਗੁਣ ਆਪੇ ਬਣ ਬਣ ਆਇਆ, ਸਰਗੁਣ ਨਿਰਗੁਣ ਮੇਲ ਮਿਲਾਈਆ। ਸਤਿਗੁਰ ਸਾਚਾ ਘਾੜਣ ਘੜ ਕੇ ਆਇਆ, ਆਪਣੇ ਹੱਥ ਰੱਖੇ ਵਡਿਆਈਆ। ਸ਼ਾਹ ਸਵਾਰ ਹਰਿ ਨਿਰੰਕਾਰ ਸ਼ਬਦ ਅਗੰਮੀ ਘੋੜੇ ਚੜ੍ਹ ਕੇ ਆਇਆ, ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਰਿਹਾ ਦੌੜਾਈਆ। ਏਕਾ ਨਾਮ ਖੰਡਾ ਹੱਥ ਫੜ ਕੇ ਆਇਆ, ਲੰਮਾ ਚੌੜਾ ਨਾ ਕੋਇ ਜਣਾਈਆ। ਸੀਸ ਧੜ ਅੱਡ ਆਪਣਾ ਕਰ ਕੇ ਆਇਆ, ਲੱਖ ਚੁਰਾਸੀ ਦਏ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕੰਕਾਰ ਆਪ ਅਖਵਾਈਆ। ਨਿਹਕਲੰਕ ਹਰਿ ਨਿਰੰਕਾਰ, ਦੂਸਰ ਅਵਰ ਨਾ ਕੋਇ ਅਖਵਾਇਆ। ਪਰਗਟ ਕਲ ਕਲਕੀ ਅਵਤਾਰ, ਕਲ ਕਲੇਸ਼ ਦਏ ਮਿਟਾਇਆ। ਦਸ ਦਸਮੇਸ਼ ਕਰੇ ਪਿਆਰ, ਦਹਿ ਦਿਸ਼ਾ ਵੇਖ ਵਖਾਇਆ। ਨਰ ਨਰੇਸ਼ ਹੋ ਤਿਆਰ, ਸਚ ਸਿੰਘਾਸਣ ਸੋਭਾ ਪਾਇਆ। ਦਰ ਦਰਵੇਸ਼ ਬਣੇ ਭਿਖਾਰ, ਗੁਰਸਿਖ ਦੁਆਰਾ ਮੰਗਣ ਆਇਆ। ਮੁੱਛ ਦਾੜ੍ਹੀ ਕੇਸ ਨਾ ਦਿਸੇ ਵਿਚ ਸੰਸਾਰ, ਨਾ ਕੋਈ ਮੂੰਡ ਮੁੰਡਾਇਆ। ਗਣਪਤ ਗਣੇਸ਼ ਨਾ ਕਰੇੇ ਪਿਆਰ, ਇਸ਼ਟ ਦੇਵ ਨਾ ਕੋਇ ਰਖਾਇਆ। ਸ੍ਰਿਸ਼ਟ ਸਬਾਈ ਸਾਂਝਾ ਯਾਰ, ਹਰਿ ਆਪਣਾ ਨਾਉਂ ਧਰਾਇਆ। ਗੁਰਮੁਖ ਸਾਚੇ ਲਏ ਉਭਾਰ, ਹਰਿਜਨ ਸਾਚੇ ਵੇਖ ਵਖਾਇਆ। ਹਰਿ ਸੰਤਨ ਕਰੇ ਪਿਆਰ, ਪਾਰਬ੍ਰਹਮ ਵੱਡੀ ਵਡਿਆਇਆ। ਭਗਤ ਭਗਵੰਤ ਮੀਤ ਮੁਰਾਰ, ਪੀਤ ਪੀਤੰਬਰ ਰਿਹਾ ਸੁਹਾਇਆ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰ, ਆਪਣੀ ਛਹਿਬਰ ਆਪੇ ਲਾਇਆ। ਕਰੋੜ ਛਿਆਨਵੇਂ ਗਿਆ ਹਾਰ, ਸੀਤਲ ਧਾਰ ਨਾ ਕੋਇ ਵਹਾਇਆ। ਬਿਨ ਸਤਿਗੁਰ ਪੂਰੇ ਕੋਇ ਨਾ ਕਰੇ ਪਾਰ, ਸਤਿਗੁਰ ਪੂਰਾ ਪੁਰਖ ਅਕਾਲ ਇਕ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਾਚਾ ਤਖ਼ਤ ਤਾਜ ਸੁਹਾਇਆ। ਤਖ਼ਤ ਤਾਜ ਹਰਿ ਗੋਬਿੰਦ, ਏਕਾ ਏਕ ਸੁਹਾਇੰਦਾ। ਜਨ ਭਗਤਾਂ ਮੇਟੇ ਸਗਲੀ ਚਿੰਦ, ਜਿਸ ਜਨ ਆਪਣਾ ਦਰਸ ਦਿਖਾਇੰਦਾ। ਹਰਿ ਸੰਤ ਬਣਾਏ ਆਪਣੀ ਬਿੰਦ, ਸੁੱਤ ਅਨਾਦੀ ਨਾਉਂ ਧਰਾਇੰਦਾ। ਗੁਰਮੁਖ ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਕਵਲ ਕਵਲਾ ਆਪ ਭਰਾਇੰਦਾ। ਗੁਰਸਿਖਾਂ ਹੋਏ ਸਦਾ ਬਖ਼ਸ਼ਿੰਦ, ਬਖ਼ਸ਼ਿਸ਼ ਆਪਣੇ ਹੱਥ ਰਖਾਇੰਦਾ। ਮਨਮੁਖ ਲਗਾਏ ਆਪਣੀ ਨਿੰਦ, ਮੁਖ ਥੁੱਕਾਂ ਆਪ ਭਰਾਇੰਦਾ। ਵਡ ਦਾਤਾ ਗੁਣੀ ਗਹਿੰਦ, ਗਹਿਰ ਗੰਭੀਰ ਭੇਵ ਨਾ ਆਇੰਦਾ। ਲੇਖਾ ਜਾਣੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਖੇਲੇ ਖੇਲ ਪੁਰਖ ਕਰਤਾਰ, ਹਰਿ ਭਗਤਾਂ ਦਏ ਵਡਿਆਈਆ। ਜਿਸ ਜਨ ਖੋਲ੍ਹੇ ਬੰਦ ਕਿਵਾੜ, ਬਜ਼ਰ ਕਪਾਟੀ ਤੋੜ ਤੁੜਾਈਆ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰ, ਬੂੰਦ ਸੁਆਂਤੀ ਆਪ ਪਿਲਾਈਆ। ਕਾਇਆ ਮੰਦਰ ਅੰਦਰ ਵਖਾਏ ਸੱਚਾ ਗੁਰੂਦੁਆਰ, ਸਤਿਗੁਰ ਬੈਠਾ ਰਾਹ ਤਕਾਈਆ। ਨੇਤਰ ਨੈਣ ਕਰੇ ਉਜਿਆਰ, ਤੀਜਾ ਲੋਚਣ ਆਪ ਖੁਲ੍ਹਾਈਆ। ਅਨਹਦ ਸ਼ਬਦ ਸੁਣੇ ਧੁਨਕਾਰ, ਸਾਚਾ ਰਾਗ ਆਪੇ ਗਾਈਆ। ਜੋ ਜਨ ਆਏ ਚਲ ਦੁਆਰਾ, ਪ੍ਰਭ ਲੇਖਾ ਦਏ ਮੁਕਾਈਆ। ਲੱਖ ਚੁਰਾਸੀ ਪਾਰ ਕਿਨਾਰਾ, ਰਾਏ ਧਰਮ ਨਾ ਦਏ ਸਜ਼ਾਈਆ। ਲਾੜੀ ਮੌਤ ਨਾ ਕਰੇ ਸ਼ਿੰਗਾਰਾ, ਵੇਲੇ ਅੰਤ ਨਾ ਲਏ ਪਰਨਾਈਆ। ਸਤਿਗੁਰ ਪੂਰਾ ਕਰੇ ਪਿਆਰਾ, ਗੁਰਮੁਖ ਆਪਣੀ ਗੋਦ ਬਹਾਈਆ। ਕਲਜੁਗ ਅੰਤਮ ਲਏ ਅਵਤਾਰਾ, ਚਾਰ ਜੁਗ ਵਿਛੜੇ ਮੇਲ ਮਿਲਾਈਆ। ਜੋ ਸਰਸੇ ਡੁੱਬੇ ਡੂੰਘੀ ਧਾਰਾ, ਆਪ ਆਪਣੇ ਗਲੇ ਲਗਾਈਆ। ਸੀਸ ਜਗਦੀਸ਼ ਉਤੋਂ ਜਿਸ ਵਾਰਾ, ਗੜ੍ਹੀ ਚਮਕੌਰ ਹੋਏ ਸਹਾਈਆ। ਚਾਲੀ ਚਾਲੀ ਪਾਰ ਕਿਨਾਰਾ, ਛੱਤੀ ਜੁਗ ਸੇਵ ਕਮਾਈਆ। ਗੁਰ ਗੋਬਿੰਦ ਮੀਤ ਮੁਰਾਰਾ, ਘਰ ਮੇਲਾ ਸਹਿਜ ਸੁਭਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨਾ ਅੰਜੀਲ ਕੁਰਾਨਾ ਵਸੇ ਬਾਹਰਾ, ਖਾਣੀ ਬਾਣੀ ਰਹੀ ਗੁਣ ਗਾਈਆ। ਕਰੇ ਖੇਲ ਗੁਪਤ ਜ਼ਾਹਰਾ, ਅੰਦਰ ਬਾਹਰਾ ਆਪ ਅਖਵਾਈਆ। ਚਾਰ ਵਰਨ ਸੁਣਾਏ ਏਕਾ ਨਾਅਰਾ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਰੇ ਪੜ੍ਹਾਈਆ। ਸ਼ਾਹ ਸੁਲਤਾਨਾ ਰਾਜ ਰਾਜਾਨਾ ਆਉਣਾ ਚਲ ਦੁਆਰਾ, ਵੀਹ ਸੌ ਬੀਸ ਬਿਕ੍ਰਮੀ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਮਾਇਆ ਆਪੇ ਛਾਈਆ। ਆਪੇ ਮਾਇਆ ਆਪੇ ਛਾਇਆ, ਆਪੇ ਪਰਦਾ ਪਾਇੰਦਾ। ਆਪੇ ਗੁਰ ਆਪ ਅਵਤਾਰ ਪੀਰਨ ਪੀਰਾ ਆਪ ਅਖਵਾਇਆ, ਆਪੇ ਭੇਵ ਰਖਾਇੰਦਾ। ਆਪੇ ਮੰਤਰ ਆਪੇ ਨਾਮ ਆਪੇ ਸ਼ਬਦੀ ਸ਼ਬਦ ਦ੍ਰਿੜਾਇਆ, ਆਪੇ ਗਿਆਨ ਗੋਝ ਵਖਾਇੰਦਾ। ਆਪੇ ਰਸਨਾ ਆਪੇ ਜਿਹਵਾ ਆਪੇ ਬੱਤੀ ਦੰਦ ਹਿਲਾਇਆ, ਸੁੰਨ ਸਮਾਧ ਆਪ ਕਰਾਇੰਦਾ। ਆਪੇ ਨੇਤਰ ਲੋਚਣ ਨੈਣ ਬੰਦ ਵਖਾਇਆ, ਆਪੇ ਨੈਣ ਨੈਣ ਦਰਸਾਇੰਦਾ। ਆਪੇ ਦੀਪਕ ਜੋਤ ਦੀਆ ਆਪ ਜਗਾਇਆ, ਅਗਿਆਨ ਅੰਧੇਰ ਆਪ ਮਿਟਾਇੰਦਾ। ਆਪੇ ਕਲਜੁਗ ਅੰਤਮ ਨਿਹਕਲੰਕਾ ਬਣ ਕੇ ਆਇਆ, ਹਰਿਜਨ ਸਾਚੇ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖੀ ਸਿਖ ਸਮਝਾਇੰਦਾ। ਸਾਚੀ ਸਿਖੀ ਸਿਖ ਵਿਚਾਰ, ਸਿਖਿਆ ਸਿਖ ਵਿਚ ਨਾ ਆਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪਣੀ ਦ੍ਰਿਸ਼ਟੀ ਦਏ ਟਿਕਾਈਆ। ਚਰਨ ਦੁਆਰ ਸਾਚੀ ਭਗਤੀ ਵਿਚ ਸੰਸਾਰ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਗ ਅਭਿਆਸ ਨਾ ਕੋਇ ਕਰਾਈਆ। ਜੋਗ ਅਭਿਆਸ ਤੁੱਟਾ ਨਾਤਾ, ਸਤਿਗੁਰ ਪੂਰੇ ਦਰਸ਼ਨ ਪਾਇਆ। ਰਸਨਾ ਜਿਹਵਾ ਛੁੱਟੀ ਗਾਥਾ, ਹਰਿ ਹਰਿ ਏਕਾ ਰਸਨਾ ਗਾਇਆ। ਲਹਿਣਾ ਦੇਣਾ ਚੁਕਿਆ ਪੂਜਾ ਪਾਠਾ, ਪਤਿਪਰਮੇਸ਼ਵਰ ਨਜ਼ਰੀ ਆਇਆ। ਸਰ ਸਰੋਵਰ ਮੁੱਕਿਆ ਘਾਟਾ, ਚਰਨ ਧੂੜ ਏਕਾ ਨੁਹਾਇਆ। ਅੰਮ੍ਰਿਤ ਪੀਤਾ ਕਾਇਆ ਬਾਟਾ, ਪੁਰਖ ਅਬਿਨਾਸ਼ੀ ਆਪ ਪਿਆਇਆ। ਅੱਗੇ ਆਈ ਨੇੜੇ ਵਾਟਾ, ਪਿਛਲਾ ਚੁਰਾਸੀ ਪੰਧ ਮੁਕਾਇਆ। ਗੁਰਸਿਖ ਕਦੇ ਨਾ ਖਾਏ ਘਾਟਾ, ਸਤਿਗੁਰ ਸਾਚੇ ਕੰਡੇ ਤੋਲ ਤੁਲਾਇਆ। ਸੇਵਾ ਕਰੇ ਆਦਿ ਸ਼ਕਤ ਜੋਤ ਲਿਲਾਟਾ, ਹਵਨੀ ਹਵਨ ਗੁਰਸਿਖ ਤੇਰਾ ਪ੍ਰੇਮ ਅਹੂਤੀ ਵਿਚ ਪੁਆਇਆ। ਉਤਮ ਹੋਈ ਜਗਤ ਜ਼ਾਤਾ, ਜੋਤੀ ਜਾਤਾ ਏਕਾ ਪਾਇਆ। ਲੇਖਾ ਚੁਕਿਆ ਮਸਤਕ ਮਾਥਾ, ਜਿਸ ਜਨ ਚਰਨੀ ਮਸਤਕ ਲਾਇਆ। ਪਾਰਬ੍ਰਹਮ ਪ੍ਰਭ ਸਗਲਾ ਸਾਥਾ, ਪੁਰਖ ਅਕਾਲ ਸੰਗ ਨਿਭਾਇਆ। ਗੁਰਸਿਖ ਵਿਕੇ ਨਾ ਕਿਸੇ ਹਾਟਾ, ਬਿਨ ਸਤਿਗੁਰ ਪੂਰੇ ਕੀਮਤ ਨਾ ਸਕੇ ਕੋਈ ਚੁਕਾਇਆ। ਕਲਜੁਗ ਖੇਲ ਬਾਜ਼ੀਗਰ ਨਾਟਾ, ਸਵਾਂਗੀ ਆਪਣਾ ਸਵਾਂਗ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖੀ ਸਿਖ ਅਖਵਾਇਆ। ਸਾਚੀ ਸਿਖੀ ਗੋਬਿੰਦ ਗੋਪਾਲ, ਹਰਿ ਸਾਚਾ ਮੇਲ ਮਿਲਾਇੰਦਾ। ਗੁਰਮੁਖ ਵੇਖੇ ਸਾਚੇ ਲਾਲ, ਲਾਲ ਗੁਲਾਲਾ ਰੰਗ ਚੜ੍ਹਾਇੰਦਾ। ਲੱਖ ਚੁਰਾਸੀ ਵਿਚੋਂ ਭਾਲ, ਆਪ ਆਪਣੇ ਅੰਗ ਲਗਾਇੰਦਾ। ਆਪ ਵਜਾਏ ਸਾਚਾ ਤਾਲ, ਤਨ ਨਗਾਰੇ ਚੋਟ ਲਗਾਇੰਦਾ। ਲੱਖ ਚੁਰਾਸੀ ਤੋੜ ਜ਼ੰਜਾਲ, ਜਾਗਰਤ ਜੋਤ ਇਕ ਜਗਾਇੰਦਾ। ਸੰਮਤ ਸੱਤਰਾਂ ਬਣ ਦਲਾਲ, ਕਲਜੁਗ ਬੇੜਾ ਪਾਰ ਕਰਾਇੰਦਾ। ਪਹਿਲੀ ਵਿਸਾਖ ਹੋਏ ਖੁਸ਼ਹਾਲ, ਜੋ ਜਨ ਨੇਤਰ ਦਰਸ਼ਨ ਪਾਇੰਦਾ। ਵੇਲੇ ਅੰਤ ਨਾ ਖਾਏ ਕਾਲ, ਜਮ ਕਾ ਦੂਤ ਨੇੜ ਨਾ ਆਇੰਦਾ। ਸਚਖੰਡ ਬਹਾਏ ਸੱਚੀ ਧਰਮਸਾਲ, ਸਤਿਗੁਰ ਪੂਰਾ ਆਪਣੀ ਹੱਥੀਂ ਆਪ ਉਠਾਇੰਦਾ। ਏਥੇ ਓਥੇ ਦੋ ਜਹਾਨੀ ਚਲੇ ਨਾਲ ਨਾਲ, ਆਲਸ ਨਿੰਦਰਾ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਗੁਰਸਿਖ ਮਨ ਤਨ ਰਤੜਾ, ਹਰਿ ਨਾਮਾ ਰੰਗ ਅਮੋਲ। ਹਰਿਜਨ ਨਾ ਠਾਂਡਾ ਨਾ ਤੱਤੜਾ, ਏਕਾ ਤੱਕੜ ਤੁਲੇ ਤੋਲ। ਗੁਰਮਤ ਵੇਖੇ ਸਾਚੀ ਮਤੜਾ, ਮਨ ਮਤ ਨਾ ਬੋਲੇ ਬੋਲ। ਲੇਖਾ ਮਿਲੇ ਹੱਥੋ ਹੱਥੜਾ, ਸ਼ਬਦ ਨਗਾਰਾ ਵੱਜੇ ਢੋਲ। ਕਲਜੁਗ ਅੰਤਮ ਰਾਹੋਂ ਘੁਥੜਾ, ਸਚ ਵਸਤ ਨਾ ਕਿਸੇ ਕੋਲ । ਬਸੰਤ ਸੋਹੇ ਨਾ ਕੋਇ ਰੁੱਤੜਾ, ਪਤ ਡਾਲ੍ਹੀ ਨਾ ਰਹੀ ਮੌਲ। ਲੱਖ ਚੁਰਾਸੀ ਜੀਵ ਸਿੰਬਲ ਰੁੱਖ ਨਾ ਫਲ ਨਾ ਫੁਲੜਾ, ਅੰਮ੍ਰਿਤ ਆਤਮ ਛਕੀ ਨਾ ਸਾਚੀ ਪਹੁਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਪਰਦੇ ਦੇਵੇ ਖੋਲ੍ਹ। ਗੁਰਸਿਖ ਤੇਰਾ ਪਰਦਾ ਖੋਲ੍ਹਣਾ, ਕਰ ਕਿਰਪਾ ਸਿਰਜਣਹਾਰ। ਤੇਰੀ ਕਾਇਆ ਮੰਦਰ ਬੋਲਣਾ, ਹੌਲੀ ਹੌਲੀ ਕਰੇ ਗੁਫ਼ਤਾਰ। ਤੇਰੀ ਸੁਰਤੀ ਸੁਰਤੀ ਮੌਲਣਾ, ਸ਼ਬਦ ਸ਼ਬਦੀ ਖੇਲ ਨਿਆਰ। ਤੇਰਾ ਕਰੇ ਭਾਰ ਹੌਲਣਾ, ਸਿਰ ਆਪਣੇ ਚੁੱਕੇ ਭਾਰ। ਕਲਜੁਗ ਅੰਤ ਕਦੇ ਨਾ ਡੋਲਣਾ, ਚਾਰੋਂ ਕੁੰਟ ਹੋਏ ਹਾਹਾਕਾਰ। ਪੁਰਖ ਅਬਿਨਾਸ਼ੀ ਸਚ ਦੁਆਰਾ ਏਕਾ ਖੋਲ੍ਹਣਾ, ਚਾਰ ਵਰਨ ਬਣੇ ਭਿਖਾਰ। ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਏਕਾ ਕੰਡੇ ਤੋਲਣਾ, ਤੋਲਣਹਾਰਾ ਆਪ ਨਿਰੰਕਾਰ। ਜੋ ਜਨ ਚਰਨ ਪ੍ਰੀਤੀ ਘੋਲੀ ਘੋਲ ਘੋਲਣਾ, ਭਵ ਸਾਗਰ ਉਤਰੇ ਪਾਰ। ਸੋਹੰ ਸ਼ਬਦ ਏਕਾ ਬੋਲਣਾ, ਸਤਿਜੁਗ ਸਾਚੀ ਸਚ ਜੈਕਾਰ। ਨੌ ਖੰਡ ਵੱਜੇ ਢੋਲਣਾ, ਮਰਦੰਗਾ ਗੂੰਜੇ ਨਾਮ ਗੁੰਜਾਰ। ਹਰਿਜਨ ਤੇਰਾ ਡੂੰਘੀ ਭਵਰੀ ਕਾਇਆ ਕਵਰੀ ਪਰਦਾ ਆਪੇ ਖੋਲ੍ਹਣਾ, ਲੇਖਾ ਜਾਣੇ ਅੰਧ ਅੰਧਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਿਰ ਰੱਖ ਤਾਜ ਦਸਤਾਰ। ਗੁਰਸਿਖ ਸੋਇਆ ਜਾਗਿਆ, ਕਲਜੁਗ ਅੰਤਮ ਚੁੱਕਿਆ ਮੂਲ। ਪੁਰਖ ਅਬਿਨਾਸ਼ੀ ਲੋਕਮਾਤ ਆਇਆ ਭਾਗਿਆ, ਜਿਉਂ ਧਰੂ ਪ੍ਰਹਿਲਾਦ ਮਿਲਿਆ ਕੰਤ ਕੰਤੂਹਲ। ਜੋ ਜਨ ਰਹੇ ਵਿਚ ਆਗਿਆ, ਸ਼ਬਦ ਪੰਘੂੜਾ ਲਏ ਝੂਲ। ਹਰਿ ਮਿਲਿਆ ਕੰਤ ਸੁਹਾਗਿਆ, ਦੋ ਜਹਾਨੀ ਬਰਖੇ ਫੂਲ। ਸਤਿਗੁਰ ਪੂਰਾ ਪਾਇਆ ਵਡ ਵਡ ਭਾਗਿਆ, ਸਾਚਾ ਦਾਤਾ ਦੂਹਲੋ ਦੂਹਲ। ਮਨ ਉਪਜਾਏ ਇਕ ਵੈਰਾਗਿਆ, ਗੁਰਸਿਖ ਨਾ ਜਾਏ ਭੂਲ। ਜੋ ਜਨ ਸਰਨਾਈ ਲਾਗਿਆ, ਸਰਨਗਤ ਕਮਲਾਪਤ ਏਕਾ ਕੰਤ ਹਰਿ ਭਗਵੰਤ ਕੰਤ ਕੰਤੂਹਲ। ਗੁਰਸਿਖ ਸੋਇਆ ਉਠਿਆ, ਕਲਜੁਗ ਅੰਤਮ ਲਏ ਅੰਗੜਾਈ। ਸਤਿਗੁਰ ਪੂਰਾ ਆਪੇ ਤੁਠਿਆ, ਲੋਕਮਾਤ ਦੇਵਣ ਆਇਆ ਨਾਮ ਵਧਾਈ। ਚਾਰ ਕੁੰਟ ਰਹਿਣ ਨਾ ਦੇਵੇ ਲੁਕਿਆ ਕਿਸੇ ਗੁੱਠਿਆ, ਹਰਿ ਸ਼ਬਦ ਕਰੇ ਕੁੜਮਾਈ। ਮਨਮੁਖ ਜੀਵ ਨਾ ਦਿਸੇ ਜੂਠਾ ਝੂਠਿਆ, ਵੇਲੇ ਅੰਤ ਰਾਏ ਧਰਮ ਦਏ ਸਜ਼ਾਈ। ਕੁੰਭੀ ਨਰਕ ਟੰਗੇ ਪੁਠਿਆ, ਅਗਨੀ ਤਤ ਬਾਲੂ ਪਾਏ ਸਿਰ ਸ਼ਾਹੀ। ਗੁਰਸਿਖ ਪੂਰਬ ਜਨਮ ਜੋ ਰੁਸਿਆ, ਕਲਜੁਗ ਅੰਤਮ ਲਏ ਮਿਲਾਈ। ਆਪ ਅੰਦਰ ਵੜ ਬੁਝਾਏ ਗੁਰਸਿਖ ਤੇਰਾ ਗੁੱਸਿਆ, ਤੇਰਾ ਪੀਸਣ ਪੀਸ ਸੇਵ ਕਮਾਈ। ਤੇਰਾ ਤਨ ਬਣਾਏ ਆਪਣਾ ਸੂਸਿਆ, ਆਪਣੀ ਚੋਲੀ ਦਏ ਤਜਾਈ। ਲੇਖਾ ਚੁਕਾਏ ਈਸਾ ਮੂਸਿਆ, ਗੁਰਮੁਖਾਂ ਬਖ਼ਸ਼ੇ ਸਾਚੀ ਸ਼ਾਹੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਜੂਨੀ ਰਹਿਤ ਪੁਰਖ ਅਕਾਲਾ ਪ੍ਰਗਟ ਹੋਏ ਦੀਨ ਦਿਆਲਾ, ਚਰਨ ਦੁਆਰ ਰਖਾਏ ਕਾਲ ਮਹਾਂਕਾਲਾ, ਦਰ ਆਏ ਤਰਾਏ ਕੋਟਨ ਕੋਟ ਜਨਮ ਦੇ ਵਡ ਗੁਨਾਹੀ। ਗੁਰਸਿਖ ਸੋਇਆ ਸਾਚੀ ਨੀਦ, ਸਤਿਗੁਰ ਪੂਰਾ ਆਪ ਸੁਆਇੰਦਾ। ਸਗਲੀ ਮੇਟੇ ਦੋ ਜਹਾਨਾਂ ਚਿੰਦ, ਚਿੰਤਾ ਚਿਖਾ ਨਾ ਕੋਇ ਵਖਾਇੰਦਾ। ਦਾਤਾ ਦਾਨੀ ਵਡ ਮਿਹਰਵਾਨੀ ਗੁਣੀ ਗਹਿੰਦ, ਵਡ ਮਿਹਰਵਾਨ ਸਾਗਰ ਸਿੰਧ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਵਰ ਘਰ ਸਾਚਾ ਏਕਾ ਏਕ ਸਮਝਾਇੰਦਾ। ਵਰ ਘਰ ਏਕਾ ਪਾਵਣਾ, ਹਰਿ ਸੱਚਾ ਏਕੰਕਾਰ। ਏਕਾ ਕੰਤ ਹੰਢਾਵਣਾ, ਪੁਰਖ ਅਬਿਨਾਸ਼ੀ ਕਰ ਪਿਆਰ। ਏਕਾ ਸੇਜ ਸੁਹਾਵਣਾ, ਹਰਿ ਸੱਜਣ ਮੀਤ ਮੁਰਾਰ। ਏਕਾ ਅੰਗ ਲਗਾਵਣਾ, ਵਿਛੜ ਨਾ ਜਾਏ ਵਿਚ ਸੰਸਾਰ। ਏਕਾ ਬੰਕ ਸੁਹਾਵਣਾ, ਆਤਮ ਸੇਜਾ ਕਰ ਤਿਆਰ। ਏਕਾ ਰੰਗ ਚੜ੍ਹਾਵਣਾ, ਰੱਤੀ ਰੱਤ ਬ੍ਰਹਮ ਮਤ ਆਤਮ ਤਤ ਉਤੋਂ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਜਾਏ ਤਾਰ। ਗੁਰਮੁਖ ਸਾਚਾ ਤਾਰਿਆ, ਆਦਿ ਜੁਗਾਦਿ ਵੱਡੀ ਵਡਿਆਈਆ। ਸਤਿਜੁਗ ਸਾਚੇ ਖੇਲ ਅਪਾਰਿਆ, ਦਸ ਅੱਠ ਕਰੇ ਰੁਸ਼ਨਾਈਆ। ਦੋਏ ਦੋਏ ਰੂਪ ਆਪ ਨਿਰੰਕਾਰਿਆ, ਨਿਰਗੁਣ ਸਰਗੁਣ ਖੇਲ ਖਿਲਾਈਆ। ਪੰਜ ਤਤ ਜੋਤ ਉਜਿਆਰਿਆ, ਸ਼ਬਦ ਸ਼ਬਦੀ ਡੰਕ ਵਜਾਈਆ। ਹਰਿ ਭਗਤ ਕਰਾਏ ਵਣਜ ਸਚ ਵਣਜਾਰਿਆ, ਏਕਾ ਭਿਛਿਆ ਝੋਲੀ ਪਾਈਆ। ਕਲਜੁਗ ਆਈ ਅੰਤਮ ਵਾਰਿਆ, ਚਾਰੋਂ ਕੁੰਟ ਅੰਧੇਰਾ ਛਾਈਆ। ਵਰਨਾਂ ਬਰਨਾਂ ਫੜ ਫੜਾਰਿਹਾ, ਸ਼ਾਹ ਸੁਲਤਾਨ ਕਰਨ ਲੜਾਈਆ। ਨਾਰੀ ਕੰਤ ਨਾ ਕੋਇ ਪਿਆਰਿਆ, ਵਿਭਚਾਰ ਰਹੀ ਕਮਾਈਆ। ਪਿਤਾ ਪੂਤ ਨਾ ਸੁੱਤ ਦੁਲਾਰਿਆ, ਭਾਈ ਭੈਣ ਨਾ ਪਤ ਰਖਾਈਆ। ਨਾ ਕੋਈ ਸੱਜਣ ਮੀਤ ਮੁਰਾਰਿਆ, ਸ੍ਰਿਸ਼ਟ ਸਬਾਈ ਹੋਈ ਗੁਨਾਹੀਆ। ਸਾਧ ਸੰਤ ਮਨ ਹੰਕਾਰਿਆ, ਜਗਤ ਵਿਦਿਆ ਵਾਦ ਵਧਾਈਆ। ਪੁਰਖ ਅਬਿਨਾਸ਼ੀ ਨਾ ਕੋਇ ਮਨਾ ਰਿਹਾ, ਆਪਣੇ ਗੀਤ ਰਹੇ ਗਾਈਆ। ਘਰ ਮੰਦਰ ਨਾ ਜੋਤ ਕੋਈ ਜਗਾ ਰਿਹਾ, ਗੁਰਦਰ ਮੰਦਰ ਮਸਜਿਦ ਸ਼ਿਵਦੁਆਲੇ ਮੱਠ ਕਰਨ ਰੁਸ਼ਨਾਈਆ। ਆਪਣਾ ਸ਼ਬਦ ਨਾ ਕਿਸੇ ਅਲ੍ਹਾ ਲਿਆ, ਰਸਨਾ ਪੜ੍ਹ ਪੜ੍ਹ ਜਗਤ ਸੁਣਾਈਆ। ਆਪਣਾ ਲੇਖਾ ਨਾ ਕਿਸੇ ਪੜਾ ਲਿਆ, ਜੀਵਾਂ ਜੰਤਾਂ ਲੇਖਾ ਰਹੇ ਜਣਾਈਆ। ਆਪਣਾ ਕੰਤ ਨਾ ਕਿਸੇ ਮਨਾ ਲਿਆ, ਘਰ ਘਰ ਸ਼ਾਦੀਆਂ ਰਹੇ ਰਚਾਈਆ। ਚੌਥੇ ਪਦ ਪ੍ਰਭ ਅਬਿਨਾਸ਼ੀ ਕਿਸੇ ਨਾ ਪਾ ਲਿਆ, ਚੌਥੀ ਲਾਂਵ ਪੂਰੀ ਹੋਈ ਨਾ ਵਿਚ ਸੰਸਾਰ, ਦੁਹਾਗਣ ਨਾਰ ਸਰਬ ਅਖਵਾ ਰਿਹਾ। ਜਿਸ ਜਨ ਸਤਿਗੁਰ ਪੂਰੇ ਚਰਨ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਵਰ, ਆਪ ਆਪਣੇ ਘਰ ਬਹਾ ਲਿਆ। ਘਰ ਸੁਹਾਵਾ ਥਿਰ ਦਰਬਾਰਾ, ਮਹਿਮਾ ਗਣਤ ਗਣੀ ਨਾ ਜਾਈਆ। ਏਕਾ ਵਸੇ ਏਕੰਕਾਰਾ, ਅਕਲ ਕਲਾ ਅਖਵਾਈਆ। ਸਚਖੰਡ ਨਿਵਾਸੀ ਸਾਚੀ ਧਾਰਾ, ਦਰਗਹਿ ਸਾਚੀ ਆਪ ਚਲਾਈਆ। ਸਾਚਾ ਤਖ਼ਤ ਸੱਚੀ ਸਰਕਾਰਾ, ਸਚ ਸਿੰਘਾਸਣ ਆਸਣ ਲਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਸੀਸ ਤਾਜ ਆਪ ਟਿਕਾਈਆ। ਪੰਚਮ ਮੁਖ ਮੁਖ ਉਜਿਆਰਾ, ਸਪਤਮ ਆਪਣਾ ਰੰਗ ਰੰਗਾਈਆ। ਸਤਿ ਪੁਰਖ ਨਿਰੰਜਣ ਖੇਲ ਨਿਆਰਾ, ਸਤਿ ਸਤਿਵਾਦੀ ਆਪ ਕਰਾਈਆ। ਕਲਜੁਗ ਅੰਤਮ ਲਏ ਅਵਤਾਰਾ, ਨਿਹਕਲੰਕ ਨਾਉਂ ਧਰਾਈਆ। ਗੁਰਸਿਖ ਗੁਰਮੁਖ ਹਰਿਜਨ ਹਰਿਭਗਤ ਹਰਿ ਸੰਤ ਵਸਣ ਇਕ ਦੁਆਰਾ, ਏਕਾ ਮੰਗਲ ਗਾਈਆ। ਗੁਰਸਿਖਾਂ ਛੁੱਟਾ ਜਗਤ ਸੰਸਾਰਾ, ਨਾਤਾ ਜੁੜਿਆ ਬੇਪਰਵਾਹੀਆ। ਕਲਜੁਗ ਮਾਇਆ ਕੁੱਠਾ ਖਾਏ ਸਰਬ ਸੰਸਾਰਾ, ਬਚਿਆ ਕੋਇ ਰਹਿਣ ਨਾ ਪਾਈਆ। ਜਿਸ ਜਨ ਮਿਲਿਆ ਸੱਚਾ ਹਰਿ ਦੁਆਰਾ, ਹਰਿਜਨ ਹਰਿ ਕਾ ਰੂਪ ਸਮਾਈਆ। ਗੁਰਮੁਖ ਉਤਰੇ ਪਾਰ ਕਿਨਾਰਾ, ਮਨਮੁਖ ਵਹਿੰਦੀ ਧਾਰ ਵਹਾਈਆ। ਜੁਗਾ ਜੁਗੰਤਰ ਸਾਚੀ ਕਾਰਾ, ਸਤਿ ਪੁਰਖ ਨਿਰੰਜਣ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਸਿਖ ਫੜਾਏ ਆਪਣਾ ਲੜ, ਠਾਕਰ ਅਬਿਨਾਸ਼ੀ ਕਿਰਪਾ ਕਰ, ਠਾਕੁਰ ਠਾਕਰ ਲਏ ਤਰਾਈਆ। ਠਾਕੁਰ ਤਰਾਇਆ ਧੰਨਾ ਜੱਟ, ਠਾਕੁਰ ਠਾਕਰ ਰੂਪ ਵਟਾਇੰਦਾ। ਠਾਕੁਰ ਲਾਹਾ ਲਏ ਖੱਟ, ਠਾਕੁਰ ਠਾਕਰ ਮੁਖ ਵਖਾਇੰਦਾ। ਠਾਕੁਰ ਵਸੇ ਘਟ ਘਟ, ਘਟ ਠਾਕੁਰ ਆਸਣ ਲਾਇੰਦਾ। ਠਾਕੁਰ ਖੋਲ੍ਹੇ ਸਾਚਾ ਹੱਟ, ਠਾਕੁਰ ਵਣਜ ਵਪਾਰ ਇਕ ਕਰਾਇੰਦਾ। ਠਾਕੁਰ ਪਹਿਨਾਏ ਤਨ ਪੱਟ, ਠਾਕੁਰ ਛੱਪਰ ਛੰਨ ਛੁਹਾਇੰਦਾ। ਠਾਕੁਰ ਗਾਏ ਮੋਈ ਜਿਵਾਲੇ ਝਟ, ਠਾਕੁਰ ਕਪਲਾ ਦੋਹ ਲੈ ਆਇੰਦਾ। ਠਾਕੁਰ ਖੇਲੇ ਖੇਲ ਬਾਜ਼ੀਗਰ ਨਟ, ਪੰਡਤ ਪਾਂਧਾ ਭੇਵ ਨਾ ਪਾਇੰਦਾ। ਠਾਕੁਰ ਗੁਰਸਿਖਾਂ ਪਹਿਲੋਂ ਭਰੇ ਕਾਇਆ ਮੱਟ, ਆਪਣੀ ਤ੍ਰਿਸ਼ਨਾ ਫੇਰ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਠਾਕਰ ਆਪੇ ਠਾਕੁਰ, ਆਪਣੀ ਠੋਕਰ ਆਪੇ ਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਖੇਲ ਮਹਾਨ, ਜੁਗ ਜੁਗ ਆਪਣੀ ਖੇਲ ਖਿਲਾਇੰਦਾ।