੭ ਜੇਠ ੨੦੧੭ ਬਿਕ੍ਰਮੀ ਰਸਾਲ ਸਿੰਘ ਸਾਹਿਬ ਸਿੰਘ ਦੇ ਘਰ ਪਿੰਡ ਮਨਾਵਰ ਜ਼ਿਲਾ ਜੰਮੂ
ਸਤਿਗੁਰ ਪੂਰਾ ਸਰਬ ਜੀਆਂ ਦਾਤਾ, ਵਰਨ ਗੋਤ ਨਾ ਕੋਇ ਰਖਾਇੰਦਾ। ਸ੍ਰਿਸ਼ਟ ਸਬਾਈ ਪਿਤਾ ਮਾਤਾ, ਲੱਖ ਚੁਰਾਸੀ ਗੋਦ ਬਹਾਇੰਦਾ। ਹਰਿ ਭਗਤਾਂ ਦੇਵੇ ਸਾਚੀ ਦਾਤਾ, ਨਾਮ ਭੰਡਾਰਾ ਆਪ ਵਰਤਾਇੰਦਾ। ਸ਼ਬਦ ਚੜ੍ਹਾਏ ਸਾਚੇ ਰਾਥਾ, ਆਦਿ ਜੁਗਾਦਿ ਆਪ ਚਲਾਇੰਦਾ। ਏਕਾ ਮੰਤਰ ਜਪਾਏ ਪੂਜਾ ਪਾਠਾ, ਸਾਚਾ ਮੰਦਰ ਆਪ ਸੁਹਾਇੰਦਾ। ਇਕ ਸਰੋਵਰ ਬਣਾਏ ਤੀਰਥ ਤਾਟਾ, ਘਟ ਅੰਦਰ ਆਪ ਨੁਹਾਇੰਦਾ। ਏਕਾ ਦਰਸ ਦਿਖਾਏ ਜੋਤ ਲਲਾਟਾ, ਨੂਰੋ ਨੂਰ ਡਗਮਗਾਇੰਦਾ। ਇਕ ਸਵਾਏ ਸਾਚੀ ਖਾਟਾ, ਆਤਮ ਸੇਜਾ ਆਪ ਸੁਹਾਇੰਦਾ। ਏਕਾ ਵਣਜ ਕਰਾਏ ਸਾਚੇ ਹਾਟਾ, ਸਚਖੰਡ ਦਵਾਰ ਸੋਭਾ ਪਾਇੰਦਾ। ਏਕਾ ਪੂਰਾ ਕਰੇ ਘਾਟਾ, ਮਾਣਸ ਜਨਮ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਇਕ ਅਖਵਾਇੰਦਾ। ਸਤਿਗੁਰ ਪੂਰਾ ਹਰਿ ਬਲਵਾਨ, ਲੋਆਂ ਪੁਰੀਆਂ ਆਪ ਸਮਾਈਆ। ਜੁਗ ਜੁਗ ਦੇਵੇ ਧੁਰ ਫ਼ਰਮਾਣ, ਆਪਣਾ ਨਾਮ ਆਪ ਉਪਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਪਾਏ ਏਕਾ ਆਣ, ਏਕਾ ਹੁਕਮੀ ਹੁਕਮ ਸੁਣਾਈਆ। ਹਰਿਜਨ ਸਾਚੇ ਲਏ ਪਛਾਣ, ਲੱਖ ਚੁਰਾਸੀ ਵਿਚੋਂ ਆਪ ਜਗਾਈਆ। ਅੰਤਰ ਆਤਮ ਦੇਵੇ ਬ੍ਰਹਮ ਗਿਆਨ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਏਕਾ ਬਖ਼ਸ਼ੇ ਚਰਨ ਧਿਆਨ, ਨੇਤਰ ਨੈਣ ਇਕ ਖੁਲ੍ਹਾਈਆ। ਮੇਲ ਮਿਲਾਏ ਸਾਚੇ ਰਾਮ, ਰਾਮ ਰਮੱਯਾ ਆਪ ਅਖਵਾਈਆ। ਦਰਸ ਦਿਖਾਏ ਘਨੱਯਾ ਸ਼ਾਮ, ਕਾਹਨਾ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਸ਼ਹਿਨਸ਼ਾਹੀਆ। ਸਤਿਗੁਰ ਸੱਚਾ ਪਾਤਸ਼ਾਹ, ਪਾਰਬ੍ਰਹਮ ਨਿਰੰਕਾਰ। ਜਨ ਭਗਤਾਂ ਬਣੇ ਜਗਤ ਮਲਾਹ, ਨਿਰਗੁਣ ਸਰਗੁਣ ਲਏ ਅਵਤਾਰ। ਹਰਿਜਨ ਫੜ ਫੜ ਰਾਹੇ ਪਾ, ਲੱਖ ਚੁਰਾਸੀ ਗੇੜਾ ਦਏ ਨਿਵਾਰ। ਆਪੇ ਕੱਟੇ ਜਮ ਕਾ ਫਾਹ, ਰਾਏ ਧਰਮ ਨਾ ਕਰੇ ਖ਼ਵਾਰ। ਨਾਮ ਜਪਾਏ ਸਿਫ਼ਤ ਸਲਾਹ, ਜੁਗਾ ਜੁਗੰਤਰ ਏਕਾ ਕਾਰ। ਇਕ ਦਵਾਰਾ ਦਏ ਵਖਾ, ਧਰਮ ਖੰਡ ਖੋਲ੍ਹ ਕਿਵਾੜ। ਬ੍ਰਹਿਮੰਡ ਹਰਿ ਫੇਰੀ ਪਾ, ਜੇਰਜ ਅੰਡ ਦੇਵੇ ਪੈਜ ਸਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰ। ਸਤਿਗੁਰ ਪੂਰਾ ਸਾਹਿਬ ਗੁਣਵੰਤ, ਏਕੰਕਾਰਾ ਇਕ ਅਖਵਾਈਆ। ਹਰਿਜਨ ਉਠਾਏ ਸਾਚੇ ਸੰਤ, ਸਾਚੀ ਵਿਦਿਆ ਇਕ ਪੜ੍ਹਾਈਆ। ਜੁਗ ਜੁਗ ਬਣਾਏ ਸਾਚੀ ਬਣਤ, ਲੋਕਮਾਤ ਵੇਖ ਵਖਾਈਆ। ਕਲਜੁਗ ਵੇਲਾ ਆਇਆ ਅੰਤ, ਚਾਰ ਕੁੰਟ ਅੰਧੇਰਾ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਹਰਿ ਭਗਵਾਨ, ਪਰਗਟ ਹੋਵੇ ਵਿਚ ਜਹਾਨ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜਾਮਾ ਹਰਿ ਹਰਿ ਰਾਮਾ, ਨਿਰਗੁਣ ਸਰਗੁਣ ਵੇਸ ਕਰਾਇੰਦਾ। ਨਾਮ ਵਜਾਏ ਸਚ ਦਮਾਮਾ, ਸਚ ਨਗਾਰੇ ਚੋਟ ਲਗਾਇੰਦਾ। ਖੇਲੇ ਖੇਲ ਘਰ ਘਰ ਸ਼ਾਮਾ, ਸਾਚੀ ਬੰਸਰੀ ਆਪ ਵਜਾਇੰਦਾ। ਆਪਣਾ ਕਰੇ ਪੂਰਨ ਕਾਮਾ, ਕਰਤਾ ਪੁਰਖ ਵੇਸ ਧਰਾਇੰਦਾ। ਗੁਰਮੁਖਾਂ ਦੇਵੇ ਨਾਮ ਗੁਣ ਨਿਧਾਨਾ, ਗੁਣ ਅਵਗੁਣ ਨਾ ਕੋਇ ਜਣਾਇੰਦਾ। ਇਕ ਵਖਾਏ ਸਚ ਨਿਸ਼ਾਨਾ, ਦਰਗਹਿ ਸਾਚੀ ਆਪ ਝੁਲਾਇੰਦਾ। ਆਪ ਬਠਾਏ ਸ਼ਬਦ ਬਿਬਾਨਾ, ਸਾਚਾ ਰਾਣਾ ਸੇਵ ਕਮਾਇੰਦਾ। ਆਵਣ ਜਾਵਣ ਚੁੱਕੇ ਕਾਨਾ, ਲੱਖ ਚੁਰਾਸੀ ਫੰਦ ਕਟਾਇੰਦਾ। ਜੋ ਜਨ ਰਸਨਾ ਗਾਏ ਸੋਹੰ ਗਾਣਾ, ਸੋ ਪੁਰਖ ਨਿਰੰਜਣ ਮੇਲ ਮਿਲਾਇੰਦਾ। ਲੱਖ ਚੁਰਾਸੀ ਸਿਰ ਤੇ ਵਰਤੇ ਭਾਣਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਸਤਿਗੁਰ ਪੂਰਾ ਦੀਨ ਦਿਆਲ, ਦਇਆਨਿਧ ਆਪਣਾ ਨਾਉਂ ਧਰਾਇੰਦਾ। ਹਰਿਜਨ ਵੇਖੇ ਸਾਚੇ ਲਾਲ, ਬਾਲ ਅੰਞਾਣੇ ਆਪ ਉਠਾਇੰਦਾ। ਸ਼ਬਦ ਸਰੂਪੀ ਬਣ ਦਲਾਲ, ਕਲਜੁਗ ਅੰਤਮ ਸੇਵ ਕਮਾਇੰਦਾ। ਪੂਰਬ ਜਨਮ ਦਾ ਲੇਖਾ ਚੁੱਕੇ ਘਾਲੀ ਘਾਲ, ਲਹਿਣਾ ਲਹਿਣੇਦਾਰ ਝੋਲੀ ਪਾਇੰਦਾ। ਸਾਚਾ ਬੰਕ ਸੁਹਾਏ ਸੱਚੀ ਧਰਮਸਾਲ, ਜਿਸ ਦਵਾਰੇ ਚਰਨ ਟਿਕਾਇੰਦਾ। ਸਦਾ ਸੁਹੇਲਾ ਕਰੇ ਸਦਾ ਪ੍ਰਿਤਪਾਲ, ਸਿਰ ਆਪਣਾ ਹੱਥ ਰਖਾਇੰਦਾ। ਫਲ ਲਗਾਏ ਕਾਇਆ ਡਾਲ, ਪਤ ਡਾਲੀ ਆਪ ਮਹਿਕਾਇੰਦਾ। ਗੁਰਮੁਖ ਤੋੜ ਜਗਤ ਜੰਜਾਲ, ਹਰਿ ਸੰਗਤ ਸਾਚੀ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਰੋਗ ਸੋਗ ਜਗਤ ਸੰਤਾਪ, ਜਨਮ ਜਨਮ ਦੇ ਕੱਟੇ ਪਾਪ, ਦੁਰਮਤ ਮੈਲ ਆਪ ਧੁਆਇੰਦਾ। ਜੋ ਜਨ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਪੇ ਜਾਪ, ਜਾਗਰਤ ਜੋਤ ਆਪ ਵਖਾਇੰਦਾ। ਗੁਰਮੁਖਾਂ ਕਰੇ ਵਡ ਪਰਤਾਪ, ਆਪ ਆਪਣਾ ਰੂਪ ਬਣਾਇੰਦਾ।
