੭ ਜੇਠ ੨੦੧੭ ਬਿਕ੍ਰਮੀ ਦੌਲਤ ਸਿੰਘ ਦੇ ਘਰ ਦਇਆ ਹੋਈ ਪਿੰਡ ਨਵਾਂ ਚੱਕ ਜ਼ਿਲਾ ਜੰਮੂ
ਏਕਾ ਓਟ ਹਰਿ ਭਗਤ ਸਵਾਮੀ, ਹਰਿਜਨ ਸਾਚੇ ਆਪ ਤਰਾਇੰਦਾ। ਆਦਿ ਜੁਗਾਦਿ ਸਦਾ ਨੇਹਕਾਮੀ, ਨਿਹਕਰਮੀ ਆਪਣਾ ਕਰਮ ਕਮਾਇੰਦਾ। ਘਟ ਘਟ ਵਸੇ ਅੰਤਰਜਾਮੀ, ਘਰ ਘਰ ਆਪਣੀ ਜੋਤ ਜਗਾਇੰਦਾ। ਆਪ ਸੁਣਾਏ ਆਪਣੀ ਅਨਹਦ ਬਾਣੀ, ਘਰ ਮੰਦਰ ਰਾਗ ਅਲਾਇੰਦਾ। ਆਤਮ ਦੇਵੇ ਠੰਡਾ ਪਾਣੀ, ਅੰਮ੍ਰਿਤ ਜਾਮ ਆਪ ਪਿਆਇੰਦਾ। ਆਪਣੀ ਸੁਣਾਏ ਅਕਥ ਕਹਾਣੀ, ਅਕਥ ਕਥਾ ਆਪੇ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਵਾਮੀ ਇਕ ਅਖਵਾਇੰਦਾ। ਸਚ ਸੁਆਮੀ ਏਕਾ ਓਟ, ਪੁਰਖ ਅਬਿਨਾਸ਼ੀ ਵਡ ਵਡਿਆਈਆ। ਜਨਮ ਜਨਮ ਦੇ ਪਾਪ ਉਤਾਰੇ ਕੋਟੀ ਕੋਟ, ਕੋਟਨ ਕੋਟ ਜੀਵ ਆਪ ਤਰਾਈਆ। ਮਾਇਆ ਮਮਤਾ ਹਉਮੇ ਹੰਗਤਾ ਵਾਸਨਾ ਕੱਢੇ ਖੋਟ, ਸਾਚੀ ਸੁਰਤ ਸ਼ਬਦ ਲਿਵ ਲਾਈਆ। ਆਪ ਉਠਾਏ ਆਲ੍ਹਣਿਉਂ ਡਿਗੇ ਬੋਟ, ਹਰਿਜਨ ਸਾਚੇ ਗੋਦ ਬਹਾਈਆ। ਤਨ ਨਗਾਰੇ ਲਾਏ ਚੋਟ, ਏਕਾ ਡੰਕਾ ਨਾਮ ਵਜਾਈਆ। ਨਿਰਗੁਣ ਨਿਰਵੈਰ ਜਗਾਏ ਅੰਦਰ ਜੋਤ, ਅੰਧ ਅੰਧੇਰਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਵਾਮੀ ਬੇਪਰਵਾਹੀਆ। ਸਚ ਸਵਾਮੀ ਹਰਿ ਸੁਲਤਾਨ, ਸਚਖੰਡ ਦਵਾਰੇ ਸੋਭਾ ਪਾਇੰਦਾ। ਸ਼ਬਦ ਝਲੌਣਾ ਇਕ ਨਿਸ਼ਾਨ, ਲੋਆਂ ਪੁਰੀਆਂ ਆਣ ਰਖਾਇੰਦਾ। ਏਕਾ ਦੇਵੇ ਧੁਰ ਫ਼ਰਮਾਣ, ਸਾਚੇ ਸੰਤਾਂ ਸੇਵਾ ਲਾਇੰਦਾ। ਲੋਕਮਾਤ ਬਖ਼ਸ਼ੇ ਚਰਨ ਧਿਆਨ, ਗਿਆਨ ਧਿਆਨ ਇਕ ਦ੍ਰਿੜਾਇੰਦਾ। ਏਕਾ ਬਖ਼ਸ਼ੇ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਮਿਟਾਇੰਦਾ। ਏਕਾ ਰਾਗ ਸੁਣਾਏ ਕਾਨ, ਆਪਣੀ ਵਿਦਿਆ ਆਪ ਪੜ੍ਹਾਇੰਦਾ। ਲੇਖਾ ਜਾਣੇ ਦੋ ਜਹਾਨ, ਚਤੁਰਭੁਜ ਰੂਪ ਵਟਾਇੰਦਾ। ਸਾਚੀ ਸਖੀਆਂ ਮੇਲਾ ਸਾਚੇ ਕਾਹਨ, ਘਰ ਮੰਡਲ ਰਾਸ ਰਚਾਇੰਦਾ। ਆਦਿ ਜੁਗਾਦੀ ਮਿਹਰਵਾਨ, ਹਰਿਜਨ ਸਾਚੇ ਆਪ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੁਲੀ ਕੱਖ ਕਰ ਪਰਵਾਨ, ਹੋਏ ਪਰਤੱਖ ਸ੍ਰੀ ਭਗਵਾਨ, ਰੰਗ ਆਪਣਾ ਰੰਗ ਰੰਗਾਇੰਦਾ। ਸਚ ਸਵਾਮੀ ਪੁਰਖ ਅਬਿਨਾਸ਼ਾ, ਦਰਗਹਿ ਸਾਚੀ ਧਾਮ ਸੁਹਾਈਆ। ਜੁਗ ਜੁਗ ਖੇਲੇ ਖੇਲ ਤਮਾਸ਼ਾ, ਨਿਰਗੁਣ ਸਰਗੁਣ ਰੂਪ ਵਟਾਈਆ। ਜਨ ਭਗਤਾਂ ਪੂਰੀ ਕਰੇ ਆਸਾ, ਜਿਉਂ ਬਿਪਰ ਸੁਦਾਮਾ ਗਲੇ ਲਗਾਈਆ। ਗ਼ਰੀਬ ਨਿਮਾਣਿਆਂ ਦਏ ਦਿਲਾਸਾ, ਬਿਦਰ ਅਲੂਣਾ ਸਾਗ ਖਾਈਆ। ਜਿਸ ਜਨ ਦੇਵੇ ਚਰਨ ਭਰਵਾਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਵੇਖ ਵਖਾਈਆ। ਸਚ ਸੁਆਮੀ ਪੁਰਖ ਅਕਾਲ, ਕਾਲ ਫਾਸ ਨਾ ਕੋਇ ਰਖਾਈਆ। ਭਗਤ ਬੀਠਲ ਸਦ ਕਿਰਪਾਲ, ਭਗਤ ਭਗਵੰਤ ਵੇਖ ਵਖਾਈਆ। ਲੱਖ ਚੁਰਾਸੀ ਤੋੜ ਜੰਜਾਲ, ਆਪਣੇ ਲੇਖੇ ਲਏ ਲਗਾਈਆ। ਏਕਾ ਨਾਮ ਦੇਵੇ ਵਸਤ ਸੱਚਾ ਧਨ ਮਾਲ, ਸਾਚੇ ਹੱਟ ਆਪ ਵਕਾਈਆ। ਜੋ ਜਨ ਸੇਵਾ ਰਹੇ ਘਾਲ, ਘਾਲੀ ਘਾਲ ਲੇਖੇ ਪਾਈਆ। ਲੇਖਾ ਜਾਣੇ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਬਣਾਈਆ। ਸਤਿਜੁਗ ਤ੍ਰੇਤਾ ਦੁਆਪਰ ਬਣਦਾ ਆਇਆ ਮਾਤ ਦਲਾਲ, ਗੁਰਮੁਖ ਸਾਚੇ ਆਪ ਉਪਜਾਈਆ। ਕਲਜੁਗ ਅੰਤਮ ਖੇਲ ਕਰੇ ਗੋਬਿੰਦ ਗੋਪਾਲ, ਇਕਓਅੰਕਾਰਾ ਵੇਸ ਵਟਾਈਆ। ਸੋ ਪੁਰਖ ਨਿਰੰਜਣ ਚਲੇ ਅਵੱਲੜੀ ਚਾਲ, ਹਰਿ ਪੁਰਖ ਨਿਰੰਜਣ ਦਏ ਇਕ ਸਾਲਾਹੀਆ। ਇਕਓਅੰਕਾਰਾ ਚਲੇ ਚਲਾਏ ਨਾਲ ਨਾਲ, ਆਦਿ ਨਿਰੰਜਣ ਜੋਤ ਕਰ ਰੁਸ਼ਨਾਈਆ। ਸ੍ਰੀ ਭਗਵਾਨ ਆਪ ਆਪਣੇ ਆਪੇ ਲਏ ਭਾਲ, ਅਬਿਨਾਸ਼ੀ ਕਰਤਾ ਵੇਖ ਵਖਾਈਆ। ਪਾਰਬ੍ਰਹਮ ਬ੍ਰਹਮ ਫਲ ਲਾਏ ਸਾਚੇ ਡਾਲ, ਫੁਲ ਫੁਲਵਾੜੀ ਵੇਖ ਵਖਾਈਆ। ਬ੍ਰਹਮੇ ਵਿਸ਼ਨ ਸ਼ਿਵ ਤੇਰਾ ਪੂਰਾ ਕਰੇ ਇਕ ਸਵਾਲ, ਚਾਰੇ ਵੇਦਾਂ ਵੇਖ ਵਖਾਈਆ। ਦੇਵੇ ਰਿਜ਼ਕ ਰਿਹਾ ਸੁਰਤ ਸੰਭਾਲ, ਘਰ ਮੰਦਰ ਬੇਪਰਵਾਹੀਆ। ਸ਼ੰਕਰ ਲੇਖਾ ਚੁੱਕੇ ਜਗਤ ਕਾਲ, ਜਗਤ ਗਰਾਸ ਇਕ ਵਖਾਈਆ। ਹਰਿਜਨ ਵੇਖੇ ਸਾਚੇ ਲਾਲ, ਸਵਾਸ ਸਵਾਸ ਰਸਨਾ ਜਿਹਵਾ ਜੋ ਜਨ ਰਹੇ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਆਮੀ ਸੱਚਾ ਦਾਤਾ, ਇਕਓਅੰਕਾਰਾ ਪੁਰਖ ਬਿਧਾਤਾ, ਆਪੇ ਜਾਣੇ ਆਪਣੀ ਗਾਥਾ, ਸਾਚਾ ਰਾਥਾ ਆਪ ਚਲਾਈਆ। ਸਾਚਾ ਰਥ ਰਥ ਰਥਵਾਹੀ, ਜੁਗ ਜੁਗ ਆਪ ਚਲਾਇੰਦਾ। ਆਪੇ ਮਾਰਗ ਪੰਧ ਮੁਕਾਏ ਬਣ ਬਣ ਪਾਹੀ, ਆਪ ਆਪਣੀ ਵੰਡ ਵੰਡਾਇੰਦਾ। ਆਪੇ ਗ਼ਰੀਬ ਨਿਮਾਣਿਆਂ ਪਾਵੇ ਸਾਰ ਥਾਉਂ ਥਾਈਂ, ਸ਼ਾਹ ਸੁਲਤਾਨਾਂ ਆਪ ਖ਼ਾਕ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੀਤਾ ਇਕ ਅਤੀਤਾ ਠੰਡਾ ਸੀਤਾ ਇਕ ਅਖਵਾਇੰਦਾ। ਠੰਡਾ ਸੀਤਾ ਸੀਤਲ ਧਾਰ, ਸਤਿ ਪੁਰਖ ਨਿਰੰਜਣ ਆਪ ਵਟਾਈਆ। ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਕਰੇ ਪਿਆਰ, ਅਗੰਮ ਅਗੰਮੜਾ ਅਗੰਮੜੀ ਕਾਰ ਕਮਾਈਆ। ਨਿਰਗੁਣ ਸਰਗੁਣ ਸ਼ਬਦ ਸਰੂਪੀ ਦੇਵੇ ਸਚ ਸਲਾਹ, ਹਰਿ ਕਾ ਨਾਮ ਵੱਡੀ ਵਡਿਆਈਆ। ਚਾਰ ਵਰਨਾਂ ਏਕਾ ਪਿਤਾ ਏਕਾ ਮਾਂ, ਪਾਰਬ੍ਰਹਮ ਪ੍ਰਭ ਆਪ ਅਖਵਾਈਆ। ਅੱਗੇ ਜ਼ਾਤ ਕੋਇ ਪੁੱਛੇ ਨਾ, ਝੂਠੀ ਕਿਰਿਆ ਜਗਤ ਉਪਾਈਆ। ਬਿਨ ਰਾਮ ਨਾ ਪਕੜੇ ਕੋਈ ਬਾਂਹ, ਦਰਗਹਿ ਸਾਚੀ ਨਾ ਕੋਈ ਬਹਾਈਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਸੱਤ ਦੀਪ ਮਾਇਆ ਮਮਤਾ ਉਡਦੇ ਕਾਂ, ਹੰਸ ਰੂਪ ਨਾ ਕੋਈ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਆਮੀ ਦਾਮਨਗੀਰ ਆਪੇ ਤੋੜੇ ਵੱਝਾ ਜੰਜੀਰ, ਫੜ ਕੇ ਚੋਟੀ ਚਾੜ੍ਹੇ ਅਖੀਰ, ਆਪਣੀ ਮੰਜ਼ਲ ਆਪ ਵਖਾਈਆ। ਸਾਚੀ ਮੰਜ਼ਲ ਉਚਾ ਪੌੜਾ, ਕਾਇਆ ਮੰਦਰ ਅੰਦਰ ਆਪ ਲਗਾਇੰਦਾ। ਜਿਨ ਜਨ ਹਰਿ ਜੂ ਹਰਿ ਮੰਦਰ ਆਏ ਬੌਹੜਾ, ਫੜ ਬਾਹੋਂ ਪਾਰ ਕਰਾਇੰਦਾ। ਵੇਦ ਕਤੇਬ ਨਾ ਜਾਨਣ ਲੰਮਾ ਚੌੜਾ, ਲਿਖ ਲਿਖ ਹੁਕਮੀ ਹੁਕਮ ਸੁਣਾਇੰਦਾ। ਕਿਸੇ ਹੱਥ ਨਾ ਆਏ ਬ੍ਰਹਿਮਣ ਗੌੜਾ, ਪੂਤ ਸਪੂਤਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਆਮੀ ਸਰਬ ਗੁਣਵੰਤਾ, ਆਪ ਉਠਾਏ ਸਾਚੇ ਸੰਤਾ, ਸੰਤ ਸਾਜਣ ਮੇਲ ਮਿਲਾਇੰਦਾ। ਸਾਚਾ ਸੰਤ ਸਤਿਗੁਰ ਮੀਤ, ਲੋਕਮਾਤ ਵਡਿਆਈਆ। ਏਕਾ ਗਾਏ ਹਰੀ ਗੋਬਿੰਦ ਦੇ ਗੀਤ, ਰਸਨ ਜਿਹਵਾ ਸਹਿਜ ਸੁਖਦਾਈਆ। ਪੁਰਖ ਅਗੰਮਾ ਵਸੇ ਚੀਤ, ਠਗ ਠਗੌਰੀ ਕੋਇ ਨਾ ਪਾਈਆ। ਏਕਾ ਰੰਗ ਦਿਸਾਏ ਹਸਤ ਕੀਟ, ਹਸਤ ਕੀਟ ਹਰਿ ਆਪ ਸਮਾਈਆ। ਨਾਮ ਜਣਾਏ ਧਾਮ ਅਨਡੀਠ, ਜਗਤ ਨੇਤਰ ਦਿਸ ਨਾ ਆਈਆ। ਜਿਸ ਜਨ ਕਾਇਆ ਕਰੇ ਠੰਡੀ ਸੀਤ, ਅਗਨੀ ਤਤ ਨਾ ਕੋਇ ਤਪਾਈਆ। ਪਾਰਬ੍ਰਹਮ ਪ੍ਰਭ ਮਿਲੇ ਸਾਚਾ ਮੀਤ, ਘਰ ਵਜਦੀ ਰਹੇ ਵਧਾਈਆ। ਏਕਾ ਗਾਏ ਸੁਹਾਗੀ ਗੀਤ, ਰਸਨਾ ਜਿਹਵਾ ਏਕਾ ਗੁਣ ਵਖਾਈਆ। ਕਰੇ ਕਰਾਏ ਪਤਿਤ ਪੁਨੀਤ, ਜੋ ਜਨ ਰਹੇ ਸਰਨਾਈਆ। ਦਰਸ ਦਿਖਾਏ ਇਕ ਅਤੀਤ, ਤ੍ਰੈਗੁਣ ਮਾਇਆ ਵਿਚ ਨਾ ਆਈਆ। ਹਰਿਜਨ ਮਾਣਸ ਜਨਮ ਜਾਏ ਜੀਤ, ਭਰਮੇ ਭੁੱਲੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਾਰ, ਸਚ ਸੁਆਮੀ ਨਿਰਗੁਣ ਨਿਹਕਾਮੀ, ਨਿਰਧਨ ਸਰਧਨ ਆਪ ਅਖਵਾਈਆ। ਨਿਰਧਨ ਸਰਧਨ ਏਕਾ ਸੰਗ, ਦੂਈ ਦਵੈਤ ਨਾ ਕੋਈ ਰਖਾਇੰਦਾ। ਹਰਿਜਨ ਢਾਏ ਭਰਮਾਂ ਕੰਧ, ਗੜ੍ਹ ਹੰਕਾਰੀ ਆਪ ਤੁੜਾਇੰਦਾ। ਇਕ ਉਪਜਾਏ ਪਰਮਾਨੰਦ, ਨਿਜ ਆਤਮ ਰਸ ਵਖਾਇੰਦਾ। ਜੋ ਜਨ ਤਜਾਏ ਮਦਿਰਾ ਮਾਸ ਗੰਦ, ਕਰ ਕਿਰਪਾ ਦਰਸ ਕਰਾਇੰਦਾ। ਖ਼ੁਸ਼ੀ ਕਰਾਏ ਬੰਦ ਬੰਦ, ਜਿਨ ਭੂਤ ਪ੍ਰੇਤ ਕੋਈ ਨੇੜ ਨਾ ਆਇੰਦਾ। ਰਸਨਾ ਗਾਏ ਬੱਤੀ ਦੰਦ, ਸੋਹੰ ਅੰਮ੍ਰਿਤ ਮੁਖ ਚੁਆਇੰਦਾ। ਦਿਸ ਨਾ ਆਏ ਨੇਤਰ ਅੰਧ, ਅਗਿਆਨ ਅੰਧੇਰ ਸਰਬ ਵਖਾਇੰਦਾ। ਜਨ ਭਗਤਾਂ ਮੇਲਾ ਮਿਲਿਆ ਹਰਿ ਬਖ਼ਸ਼ਿੰਦ, ਬਖ਼ਸ਼ਣਹਾਰਾ ਆਪਣੀ ਬਖ਼ਸ਼ਿਸ਼ ਆਪਣੇ ਹੱਥ ਰਖਾਇੰਦਾ। ਆਵਣ ਜਾਵਣ ਚੁਕਿਆ ਪੰਧ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਏਕਾ ਵਰ, ਨਾਮ ਖ਼ਜ਼ਾਨਾ ਦੇਵਣਹਾਰਾ ਬੀਨਾ ਦਾਨਾ, ਹਰਿਜਨ ਕਰੇ ਠੰਡਾ ਸੀਨਾ, ਜਲਮੀਨਾ ਆਪ ਤਰਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਚੁਕਾਏ ਲੋਕ ਤੀਨਾ, ਤ੍ਰੈਗੁਣ ਮਾਇਆ ਮੋਹ ਮਿਟਾਇੰਦਾ।
