Granth 09 Likhat 112: 7 Jeth 2017 Bikarmi Sant Ram de Ghar Pind Baania Jila Jammu

੭ ਜੇਠ ੨੦੧੭ ਬਿਕ੍ਰਮੀ ਸੰਤ ਰਾਮ ਦੇ ਘਰ ਪਿੰਡ ਬਾਣੀਆਂ ਜ਼ਿਲਾ ਜੰਮੂ

ਪੰਜ ਤਤ ਮੰਦਰ ਕਾਇਆ ਗੜ੍ਹ, ਤ੍ਰੈਗੁਣ ਮਾਇਆ ਬਣਤ ਬਣਾਇੰਦਾ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਜੜਤ ਜੜ, ਹੱਡ ਮਾਸ ਨਾੜੀ ਰੱਤ ਮੇਲ ਮਿਲਾਇੰਦਾ । ਮਨਮਤ ਬੁੱਧ ਅੰਦਰ ਧਰ, ਨਿਰਗੁਣ ਆਪਣੀ ਖੇਲ ਖਿਲਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਨਿਭਾਏ ਲੜ, ਆਸਾ ਤ੍ਰਿਸ਼ਨਾ ਵਿਚ ਟਿਕਾਇੰਦਾ। ਸਾਚਾ ਘਾੜਣ ਆਪੇ ਘੜ, ਘਰ ਘਰ ਵਿਚ ਆਪ ਸੁਹਾਇੰਦਾ। ਨੌ ਦਵਾਰੇ ਖੋਲ੍ਹ ਕਿਵਾੜ, ਜੀਵ ਜੰਤ ਬਣਤ ਬਣਾਇੰਦਾ। ਨਿਰਗੁਣ ਜੋਤ ਕਰ ਉਜਿਆਰ, ਜੋਤ ਨਿਰੰਜਣ ਡਗਮਗਾਇੰਦਾ। ਸ਼ਬਦ ਅਟੱਲ ਸੱਚੀ ਧੁਨਕਾਰ, ਅਨਹਦ ਰਾਗ ਆਪ ਅਲਾਇੰਦਾ। ਅੰਦਰ ਵੜ ਕਰੇ ਪਿਆਰ, ਡੂੰਘੀ ਕੰਦਰ ਆਸਣ ਲਾਇੰਦਾ। ਬਜ਼ਰ ਕਪਾਟੀ ਖੋਲ੍ਹ ਕਿਵਾੜ, ਆਪਣਾ ਮੰਦਰ ਆਪ ਸੁਹਾਇੰਦਾ। ਏਕਾ ਦੇਵੇ ਸਚ ਹੁਲਾਰ, ਉਣੰਜਾ ਪਵਣ ਆਪ ਝੁਲਾਇੰਦਾ। ਪਵਣ ਸਵਾਸੀ ਕਰ ਤਿਆਰ, ਤਨ ਮੰਦਰ ਆਪ ਟਿਕਾਇੰਦਾ। ਕਰਮ ਨਿਹਕਰਮੀ ਭਰ ਭੰਡਾਰ, ਸਾਚੀ ਵਸਤ ਆਪ ਵਖਾਇੰਦਾ। ਮਨ ਮਨੂਆ ਕਰ ਸਿਕਦਾਰ, ਸਾਚੇ ਤਖ਼ਤ ਆਪ ਸੁਹਾਇੰਦਾ। ਸਾਚੀ ਸਿਖਿਆ ਦੇਵੇ ਦੇਵਣਹਾਰ, ਆਪਣੀ ਬੂਝ ਆਪ ਬੁਝਾਇੰਦਾ। ਪਾਰਬ੍ਰਹਮ ਪ੍ਰਭ ਅੰਦਰ ਵਾੜ, ਆਪਣੇ ਆਸਣ ਸੋਭਾ ਪਾਇੰਦਾ। ਕਮਲਾਪਾਤੀ ਮੀਤ ਮੁਰਾਰ, ਬੰਦ ਤਾਕੀ ਆਪ ਖੁਲ੍ਹਾਇੰਦਾ। ਸਾਚਾ ਸਾਕੀ ਬਣ ਕਰੇ ਪਿਆਰ, ਅੰਮ੍ਰਿਤ ਸਾਚਾ ਜਾਮ ਆਪ ਪਿਆਇੰਦਾ। ਲਹਿਣਾ ਦੇਣਾ ਬਾਕੀ ਵੇਖ ਵਿਚ ਸੰਸਾਰ, ਆਪਣਾ ਲੇਖਾ ਆਪ ਗਿਣਾਇੰਦਾ। ਰੋਗ ਸੋਗ ਚਿੰਤਾ ਦੁੱਖ ਤ੍ਰਿਸ਼ਨਾ ਭੁੱਖ ਆਪੇ ਅੰਦਰ ਦੇਵੇ ਵਾੜ, ਆਪਣਾ ਹੁਕਮ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬਹੱਤਰ ਨਾੜੀ ਵੇਖ ਵਖਾਇੰਦਾ। ਬਹੱਤਰ ਨਾੜੀ ਘਾੜਣ ਘੜਿਆ, ਰਕਤ ਬੂੰਦ ਮੇਲ ਮਿਲਾਈਆ। ਜਗਤ ਵਿਕਾਰਾ ਆਪੇ ਭਰਿਆ, ਪੁਰਖ ਅਬਿਨਾਸ਼ੀ ਭੇਵ ਨਾ ਰਾਈਆ। ਆਪਣੀ ਕਰਨੀ ਆਪੇ ਕਰਿਆ, ਘਰ ਘਰ ਦੇਵੇ ਰਿਜ਼ਕ ਸਬਾਈਆ। ਮਾਨਸ ਮਾਨੁਖ ਮਾਨੁਸ਼ ਆਪੇ ਫੜਿਆ, ਆਪੇ ਦਏ ਸਜ਼ਾਈਆ। ਆਪੇ ਫੜ ਫੜ ਬਾਹੋਂ ਰਿਹਾ ਤਰਾਇਆ, ਤਾਰਨਹਾਰਾ ਇਕ ਅਖਵਾਈਆ। ਆਪੇ ਜਾਣੇ ਆਰ ਪਾਰ ਕਿਨਾਰਾ, ਮੰਞਧਾਰ ਆਪਣਾ ਡੇਰਾ ਲਾਈਆ। ਹੱਡੀ ਹੱਡ ਵੇਖੇ ਵੇਖਣਹਾਰਾ, ਰਸਨਾ ਜਿਹਵਾ ਖਾਇਆ ਪਾਰਾ, ਰੱਤੀ ਰੱਤ ਵਿਚ ਸਮਾਈਆ। ਅੱਠੇ ਪਹਿਰ ਲੱਗਾ ਰਹੇ ਸਾੜਾ, ਸਾਂਤਕ ਸਤਿ ਨਾ ਕੋਈ ਕਰਾਈਆ। ਲੱਗੀ ਅੱਗ ਤੱਤੀ ਹਾੜਾ, ਆਲਸ ਨਿੰਦਰਾ ਗਈ ਗਵਾਈਆ। ਚਿੰਤਾ ਦੁੱਖ ਬਣਿਆ ਅਖਾੜਾ, ਸਾਚਾ ਸੁੱਖ ਨਾ ਕੋਈ ਉਪਜਾਈਆ। ਸਤਿਗੁਰ ਪੂਰਾ ਆਇਆ ਚਲ ਦਵਾਰਾ, ਕਾਇਆ ਬੰਕ ਵੇਖ ਵਖਾਈਆ। ਜੋ ਜਨ ਚਰਨ ਸਰਨ ਕਰੇ ਨਿਮਸਕਾਰਾ, ਦੁੱਖ ਰੋਗ ਸੋਗ ਰਹਿਣ ਨਾ ਪਾਈਆ। ਨਾਮ ਖੰਡਾ ਮਾਰੇ ਤੇਜ ਕਟਾਰਾ, ਦੋ ਦੋ ਧੜ ਆਪ ਵਖਾਈਆ। ਰਸਨਾ ਗਾਏ ਸੋਹੰ ਸ਼ਬਦ ਇਕ ਜੈਕਾਰਾ, ਬ੍ਰਹਮ ਬ੍ਰਹਿਮਾਦ ਬ੍ਰਹਮ ਮਿਲਾਈਆ। ਲੱਖ ਚੁਰਾਸੀ ਹੋਏ ਪਾਰ ਕਿਨਾਰਾ, ਜਮ ਦੰਡ ਨਾ ਦੇਵੇ ਕੋਈ ਆਈਆ। ਦਰਗਹਿ ਸਾਚੇ ਵਖਾਏ ਧਾਮ ਨਿਆਰਾ, ਏਕੰਕਾਰ ਬੈਠਾ ਨਿਰਗੁਣ ਆਸਣ ਲਾਈਆ। ਭਿਖਕ ਮੰਗੇ ਭਿਖ ਦਵਾਰਾ, ਸਾਚੀ ਭਿਛਿਆ ਹਰਿ ਹਰਿ ਝੋਲੀ ਪਾਈਆ। ਕਰੇ ਰਿਛਿਆ ਵਿਚ ਸੰਸਾਰਾ, ਰੱਛਕ ਆਪਣਾ ਨਾਉਂ ਧਰਾਈਆ। ਭਗਤ ਵਛਲ ਆਪ ਗਿਰਧਾਰਾ, ਜਨ ਭਗਤਾਂ ਪੈਜ ਰਖਾਈਆ। ਬਿਦਰ ਸੁਦਾਮਾ ਕਰਿਆ ਪਾਰ ਕਿਨਾਰਾ, ਭੀਲਣੀ ਬੇਰ ਮੁਖ ਆਪਣੇ ਪਾਈਆ। ਗ਼ਰੀਬ ਨਿਮਾਣਿਆਂ ਪਾਵੇ ਸਾਰਾ, ਗਊ ਗ਼ਰੀਬਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਦੁੱਖ ਦੇਵੇ ਕੱਟ, ਤਨ ਪਹਿਨਾਏ ਸ਼ਬਦ ਪਟ, ਆਪ ਆਪਣੀ ਦਇਆ ਕਮਾਈਆ।