੫ ਜੇਠ ੨੦੧੭ ਬਿਕ੍ਰਮੀ ਤੇਜ ਭਾਨ ਦੇ ਘਰ ਸ਼ੇਖ਼ਸਰ ਜ਼ਿਲਾ ਜੰਮੂ
ਸੋ ਪੁਰਖ ਨਿਰੰਜਣ ਨਿਰਗੁਣ ਧਾਰ, ਨਿਰਵੈਰ ਆਪ ਚਲਾਇੰਦਾ। ਹਰਿ ਪੁਰਖ ਨਿਰੰਜਣ ਅਕਲ ਕਲ ਖੇਲ ਅਪਾਰ, ਆਦਿ ਜੁਗਾਦੀ ਆਪ ਖਿਲਾਇੰਦਾ। ਏਕੰਕਾਰਾ ਰੂਪ ਅਗੰਮ ਅਪਾਰ, ਅਲੱਖ ਅਲੱਖਣਾ ਆਪ ਵਖਾਇੰਦਾ। ਆਦਿ ਨਿਰੰਜਣ ਹੋ ਤਿਆਰ, ਸਤਿ ਸਰੂਪੀ ਆਪ ਦਰਸਾਇੰਦਾ। ਸ੍ਰੀ ਭਗਵਾਨ ਬਲ ਆਪਣਾ ਧਾਰ, ਦਰ ਘਰ ਸਾਚੇ ਸੋਭਾ ਪਾਇੰਦਾ। ਅਬਿਨਾਸ਼ੀ ਕਰਤਾ ਨਾ ਪੁਰਖ ਨਾ ਦਿਸੇ ਨਾਰ, ਆਪਣਾ ਤਤ ਆਪ ਉਪਾਇੰਦਾ। ਪਾਰਬ੍ਰਹਮ ਸ਼ਾਹੋ ਭੂਪ ਸੱਚੀ ਸਰਕਾਰ, ਸ਼ਾਹ ਸ਼ਹਾਨਾ ਨਾਉਂ ਵਟਾਇੰਦਾ। ਸਚ ਦੁਆਰਾ ਖੋਲ੍ਹ ਕਿਵਾੜ, ਸਚਖੰਡ ਆਪਣਾ ਤਖ਼ਤ ਸੁਹਾਇੰਦਾ। ਥਿਰ ਘਰ ਮੰਦਰ ਪਾਵੇ ਸਾਰ, ਘਰ ਘਰ ਵਿਚ ਆਪ ਸੁਹਾਇੰਦਾ। ਬਾਢੀ ਬਣ ਆਪ ਨਿਰੰਕਾਰ, ਸਾਚੀ ਸੇਵਕ ਸੇਵ ਕਮਾਇੰਦਾ। ਸਚ ਸਿੰਘਾਸਣ ਕਰ ਤਿ਼ਆਰ, ਪਾਵਾ ਚੂਲ ਨਾ ਕੋਈ ਰਖਾਇੰਦਾ। ਆਸਣ ਲਾਏ ਧੁਰ ਦਰਬਾਰ, ਦਰਗਹਿ ਸਾਚੀ ਆਪ ਵਿਛਾਇੰਦਾ। ਨਾ ਕੋਈ ਦਿਸੇ ਚੋਬਦਾਰ, ਦਰ ਦਰਬਾਨ ਨਾ ਕੋਈ ਸੁਹਾਇੰਦਾ। ਇਕ ਇਕੱਲਾ ਹੋ ਉਜਿਆਰ, ਨੌਜਵਾਨ ਆਪਣਾ ਰੂਪ ਵਟਾਇੰਦਾ। ਆਪਣੀ ਇਛਿਆ ਆਪੇ ਕਰ ਵਿਚਾਰ, ਆਪਣੀ ਮੰਗਣ ਆਪ ਮੰਗਾਇੰਦਾ। ਆਪਣੀ ਸਿਖਿਆ ਦੇਵਣਹਾਰ ਸੱਚੀ ਸਰਕਾਰ, ਸਾਚਾ ਹੁਕਮ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨ ਆਪ ਰਚਾਇੰਦਾ। ਸੋ ਪੁਰਖ ਨਿਰੰਜਣ ਸੁਤੇ ਪ੍ਰਕਾਸ਼, ਪਰਮ ਪੁਰਖ ਆਪ ਕਰਾਈਆ। ਹਰਿ ਪੁਰਖ ਨਿਰੰਜਣ ਸ਼ਾਹੋ ਸ਼ਬਾਸ਼, ਨਾ ਮਰੇ ਨਾ ਜਾਈਆ। ਏਕੰਕਾਰਾ ਪਾਵੇ ਰਾਸ, ਮੰਡਲ ਆਪਣੀ ਰਾਸ ਰਚਾਈਆ। ਆਦਿ ਨਿਰੰਜਣ ਰੱਖੇ ਵਾਸ, ਵਾਸ ਨਿਵਾਸਾ ਇਕ ਕਰਾਈਆ। ਸ੍ਰੀ ਭਗਵਾਨ ਦਾਸੀ ਦਾਸ, ਦਾਸਨ ਦਾਸ ਆਪ ਹੋ ਜਾਈਆ। ਅਬਿਨਾਸ਼ੀ ਕਰਤਾ ਖੇਲੇ ਖੇਲ ਪ੍ਰਿਥਮੀ ਅਕਾਸ਼, ਆਪ ਆਪਣਾ ਰੂਪ ਵਟਾਈਆ। ਪਾਰਬ੍ਰਹਮ ਬ੍ਰਹਮ ਕਰ ਪ੍ਰਕਾਸ਼, ਜੋਤੀ ਜੋਤ ਜੋਤ ਜਗਾਈਆ। ਸਚਖੰਡ ਦਵਾਰਾ ਸਾਚੇ ਤਖ਼ਤ ਨਿਵਾਸ, ਨਿਰਗੁਣ ਬੈਠਾ ਹੁਕਮ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਮਹੱਲਾ ਦਏ ਉਸਾਰ, ਆਪ ਆਪਣਾ ਖੇਲ ਖਿਲਾਇੰਦਾ। ਸਚ ਮਹੱਲਾ ਅਗੰਮ ਅਪਾਰਾ, ਅਗੰਮ ਅਗੰਮੜਾ ਆਪ ਸੁਹਾਇੰਦਾ। ਉਚਾ ਟਿੱਲਾ ਕਰ ਤਿਆਰਾ, ਅਛਲ ਅਛੱਲ ਆਸਣ ਲਾਇੰਦਾ। ਚਾਰੋਂ ਕੁੰਟ ਨਾ ਕੋਈ ਦੀਵਾਰਾ, ਛੱਪਰ ਛੰਨ ਨਾ ਕੋਈ ਸੁਹਾਇੰਦਾ। ਏਕਾ ਦੀਪਕ ਕਰ Tfੁਜਆਰਾ, ਨਿਰਗੁਣ ਬਾਤੀ ਜੋਤ ਜਗਾਇੰਦਾ। ਸ਼ਹਿਨਸ਼ਾਹ ਸ਼ਾਹ ਬਣ ਸਿਕਦਾਰਾ, ਸ਼ਾਹ ਭੂਪ ਆਪ ਅਖਵਾਇੰਦਾ। ਆਪਣੇ ਰੰਗ ਰਵੇ ਕਰਤਾਰਾ, ਦੂਸਰ ਰੰਗ ਨਾ ਕੋਈ ਰੰਗਾਇੰਦਾ। ਆਪਣੀ ਇਛਿਆ ਆਪਣਾ ਕਰ ਪਸਾਰਾ, ਆਪੇ ਵੇਖ ਵਖਾਇੰਦਾ। ਬੇਐਬ ਖ਼ੁਦਾਈ ਪਰਵਰਦਿਗਾਰਾ, ਜਲਵਾ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦੁਆਰਾ ਬੈਠਾ ਵੜ, ਦਿਸ ਕਿਸੇ ਨਾ ਆਇੰਦਾ। ਸਚਖੰਡ ਦਰਵਾਜ਼ਾ ਗ਼ਰੀਬ ਨਿਵਾਜ਼ਾ, ਏਕਾ ਏਕ ਰਖਾਈਆ। ਸ਼ਾਹੋ ਭੂਪ ਵਡ ਰਾਜਨ ਰਾਜਾ, ਲੇਖਾ ਜਾਣੇ ਬੇਪਰਵਾਹੀਆ। ਆਦਿ ਜੁਗਾਦੀ ਸਾਜਣ ਸਾਜਾ, ਸਚ ਰਚਨਾ ਆਪ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਿੰਘਾਸਣ ਸੋਭਾਵੰਤ, ਆਪੇ ਬੈਠ ਸ੍ਰੀ ਭਗਵੰਤ, ਭਗਵਨ ਆਪਣਾ ਰੂਪ ਦਰਸਾਈਆ। ਸਾਚੇ ਤਖ਼ਤ ਸਚ ਸੁਲਤਾਨ, ਹਰਿ ਸਾਚਾ ਆਪ ਸੁਹਾਇੰਦਾ। ਸਾਚਾ ਰੂਪ ਸ੍ਰੀ ਭਗਵਾਨ, ਘਰ ਸਾਚੇ ਆਪ ਪ੍ਰਗਟਾਇੰਦਾ। ਘਰ ਸਾਚੇ ਵੇਖੇ ਸਾਚਾ ਕਾਹਨ, ਘਰ ਸਾਚੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾਇੰਦਾ। ਸਚਖੰਡ ਦੁਆਰਾ ਏਕੰਕਾਰਾ, ਕਲ ਆਪਣੀ ਆਪ ਰਖਾਈਆ। ਨਿਰਗੁਣ ਜੋਤ ਕਰ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਆਪੇ ਬਣੇ ਭੂਪ ਸਿਕਦਾਰਾ, ਸ਼ਹਿਨਸ਼ਾਹ ਪਾਤਸ਼ਾਹ ਆਪ ਅਖਵਾਈਆ। ਆਪਣੀ ਘਾੜਤ ਘੜੇ ਬਣ ਸੁਨਿਆਰਾ, ਸਚ ਕੁਠਾਲੀ ਆਪ ਤਪਾਈਆ। ਆਪਣੀ ਜੋਤ ਲਾਏ ਅੰਗਿਆਰਾ, ਅਗਨੀ ਆਪਣੀ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਸ਼ਾਹ ਨਵਾਬ, ਏਕਾ ਬੈਠਾ ਸੋਭਾ ਪਾਈਆ। ਸੋਭਾਵੰਤ ਹਰਿ ਭਗਵਾਨ, ਤਖ਼ਤ ਨਿਵਾਸੀ ਤਖ਼ਤ ਬਰਾਜਿਆ। ਆਪ ਝੁਲਾਏ ਸਚ ਨਿਸ਼ਾਨ, ਖੇਲੇ ਖੇਲ ਗ਼ਰੀਬ ਨਿਵਾਜ਼ਿਆ। ਆਪਣਾ ਦੇਵੇ ਧੁਰ ਫ਼ਰਮਾਣ, ਸ਼ਬਦ ਅਗੰਮੀ ਮਾਰੇ ਵਾਜਿਆ। ਆਪੇ ਬਣੇ ਰਾਜ ਰਾਜਾਨ, ਆਪੇ ਰੱਖੇ ਆਪਣੀ ਲਾਜਿਆ। ਆਪੇ ਜੋਧਾ ਸੂਰਬੀਰ ਬਲੀ ਬਲਵਾਨ, ਆਪ ਸਵਾਰੇ ਆਪਣਾ ਕਾਜਿਆ। ਆਪੇ ਵੇਖੇ ਆਪਣਾ ਮਾਰ ਧਿਆਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੋਏ ਆਪ ਮੁਹਤਾਜਿਆ। ਸਾਚੇ ਘਰ ਉਚੇ ਮੰਦਰ ਚੜ੍ਹ, ਹਰਿ ਆਪਣਾ ਆਪ ਵੇਖ ਵਖਾਇੰਦਾ। ਆਪੇ ਅੱਗੇ ਬੈਠਾ ਖੜ੍ਹ, ਆਪ ਆਪਣਾ ਮੁਖ ਭਵਾਇੰਦਾ। ਆਪੇ ਆਪਣੀ ਵਿਦਿਆ ਰਿਹਾ ਪੜ੍ਹ, ਆਪੇ ਆਪਣਾ ਰਾਗ ਅਲਾਇੰਦਾ। ਆਪੇ ਆਪਣਾ ਘਾੜਣ ਘੜ, ਘੜਣ ਭੰਨਣਹਾਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਸਚ ਸੰਦੇਸ਼, ਆਪ ਸੁਣਾਏ ਨਰ ਨਰੇਸ਼, ਨਰ ਨਰਾਇਣ ਆਪਣਾ ਨਾਉਂ ਧਰਾਇੰਦਾ। ਨਰ ਨਰਾਇਣ ਹਰਿ ਨਾਉਂ ਰੱਖ, ਆਪਣਾ ਨੂਰ ਲਏ ਪਰਗਟਾਈਆ। ਆਪੇ ਸਾਖ਼ਯਾਤ ਹੋਏ ਪ੍ਰਤੱਖ, ਦਰ ਘਰ ਸਾਚੇ ਸੋਭਾ ਪਾਈਆ। ਆਪੇ ਖੇਲੇ ਖੇਲ ਅਲੱਖਣਾ ਅਲੱਖ, ਅਲੱਖ ਅਗੋਚਰ ਵਡ ਵਡਿਆਈਆ। ਆਪੇ ਆਪਣਾ ਮਾਰਗ ਦੱਸ, ਸਾਚਾ ਰਾਹ ਆਪ ਚਲਾਈਆ। ਆਪੇ ਆਪਣੇ ਅੰਦਰ ਵਸ, ਆਪਣਾ ਤਤ ਆਪ ਬੁਝਾਈਆ। ਆਪੇ ਆਪਣੇ ਸੰਗ ਰਿਹਾ ਹੱਸ, ਆਪ ਆਪਣੀ ਖ਼ੁਸ਼ੀ ਵਖਾਈਆ। ਆਪੇ ਗਾਏ ਆਪਣਾ ਜਸ, ਆਪਣਾ ਗੁਣ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲੇ ਖੇਲ, ਅਕਲ ਕਲ ਧਾਰ ਆਪ ਚਲਾਈਆ। ਅਕਲ ਕਲ ਧਾਰਾ ਖੇਲ ਅਪਾਰਾ, ਹਰਿ ਸਾਚਾ ਸਚ ਕਰਾਇੰਦਾ। ਸਚਖੰਡ ਨਿਵਾਸਾ ਧੁਰ ਦਰਬਾਰਾ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਸਾਚਾ ਰਾਣਾ ਬਣ ਸਿਕਦਾਰਾ, ਆਦਲ ਅਦਲੀ ਹੁਕਮ ਕਮਾਇੰਦਾ। ਏਕਾ ਘਰ ਸੋਹੇ ਦਰਬਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਗਣਾਇੰਦਾ। ਸੋ ਪੁਰਖ ਨਿਰੰਜਣ ਹੋ ਤਿਆਰ, ਆਪਣੀ ਬਣਤ ਆਪ ਬਣਾਈਆ। ਹਰਿ ਪੁਰਖ ਨਿਰੰਜਣ ਭਰ ਭੰਡਾਰ, ਏਕਾ ਵਸਤ ਰਿਹਾ ਵਖਾਈਆ। ਏਕੰਕਾਰਾ ਬਣ ਸੁਨਿਆਰ, ਸਾਚੀ ਘਾੜਤ ਰਿਹਾ ਘੜਾਈਆ। ਆਦਿ ਨਿਰੰਜਣ ਸਾਚਾ ਦੀਪਕ ਕਰ ਤਿਆਰ, ਏਕਾ ਜੋਤ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਜੜਤ ਜੜਾਏ ਅਗੰਮ ਅਪਾਰ, ਆਪਣਾ ਰੂਪ ਅਨੂਪ ਵਿਚ ਟਿਕਾਈਆ। ਪੰਚਮ ਬਣੇ ਸੇਵਾਦਾਰ, ਸਾਚੀ ਸੇਵਾ ਸਚ ਵਖਾਈਆ। ਪੰਚਮ ਮੁਖ ਕਰ ਤਿਆਰ, ਪੰਚਮ ਮੇਲਾ ਮੇਲ ਮਿਲਾਈਆ। ਸ੍ਰੀ ਭਗਵਾਨ ਸੋਹੇ ਦਰਬਾਰ, ਆਪਣੀ ਵਸਤ ਆਪ ਵਖਾਈਆ। ਪਾਰਬ੍ਰਹਮ ਕਰੇ ਨਿਮਸਕਾਰ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਘਾੜਤ ਆਪ ਘੜਾਈਆ। ਸੋ ਪੁਰਖ ਨਿਰੰਜਣ ਘਾੜਤ ਘੜ, ਆਪਣਾ ਆਪ ਦਰਸਾਇਆ। ਹਰਿ ਪੁਰਖ ਨਿਰੰਜਣ ਜੜਤੀ ਜੜ, ਲਾਲ ਅਮੋਲਕ ਵਿਚ ਟਿਕਾਇਆ। ਏਕੰਕਾਰਾ ਹੱਥੀਂ ਫੜ, ਆਪ ਆਪਣੇ ਹੱਥ ਉਠਾਇਆ। ਆਦਿ ਨਿਰੰਜਣ ਅੱਗੇ ਖੜ੍ਹ, ਸਾਚੀ ਦੇਵੇ ਸਿਫ਼ਤ ਸਲਾਹਿਆ। ਅਬਿਨਾਸ਼ੀ ਕਰਤਾ ਸੀਸ ਲਏ ਧਰ, ਦਰਗਹਿ ਸਾਚੀ ਸਗਨ ਮਨਾਇਆ। ਸ੍ਰੀ ਭਗਵਾਨ ਦੇਵੇ ਵਰ, ਵਾਹ ਵਾ ਆਪਣਾ ਸ਼ਬਦ ਸੁਣਾਇਆ। ਪਾਰਬ੍ਰਹਮ ਸਰਨ ਸਰਨਾਈ ਜਾਏ ਪੜ, ਦਰ ਦਰਵੇਸ਼ਾ ਅਲੱਖ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰਗਹਿ ਸਾਚੀ ਖੇਲ ਖਿਲਾਇਆ। ਸੋ ਪੁਰਖ ਨਿਰੰਜਣ ਖੇਲ ਅਪਾਰਾ, ਸਾਚੀ ਬਣਤ ਬਣਾਈਆ। ਹਰਿ ਪੁਰਖ ਨਿਰੰਜਣ ਸੇਵਾਦਾਰਾ, ਘਰ ਸਾਚੀ ਸੇਵ ਕਮਾਈਆ। ਏਕੰਕਾਰਾ ਬਣ ਪਨਿਹਾਰਾ, ਚਾਕਰ ਚਾਕ ਆਪ ਅਖਵਾਈਆ। ਆਦਿ ਨਿਰੰਜਣ ਬਣ ਕਹਾਰਾ, ਚਾਰੋਂ ਕੁੰਟ ਰਿਹਾ ਉਠਾਈਆ। ਅਬਿਨਾਸ਼ੀ ਕਰਤਾ ਸ਼ਾਹ ਸਿਕਦਾਰਾ, ਸਾਚਾ ਤਖ਼ਤ ਰਿਹਾ ਸੁਹਾਈਆ। ਸ੍ਰੀ ਭਗਵਾਨ ਕਰ ਪਿਆਰਾ, ਸੀਸ ਤਾਜ ਇਕ ਟਿਕਾਈਆ। ਪਾਰਬ੍ਰਹਮ ਬਣੇ ਭਿਖਾਰਾ, ਅੱਗੇ ਆਪਣੀ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਖੁਲ੍ਹਾਈਆ। ਸਾਚਾ ਤਾਜ ਸਚ ਸੁਲਤਾਨ, ਪੰਚਮ ਮੁਖ ਉਪਾਇੰਦਾ। ਆਪਣੇ ਸੀਸ ਰੱਖ ਹਰਿ ਭਗਵਾਨ, ਸਾਚਾ ਹੁਕਮ ਸੁਣਾਇੰਦਾ। ਲੋਆਂ ਪੁਰੀਆਂ ਇਕ ਗਿਆਨ, ਧੁਰ ਫ਼ਰਮਾਣਾ ਇਕ ਅਲਾਇੰਦਾ। ਏਕਾ ਸ਼ਬਦ ਨੌਜਵਾਨ, ਸੁੱਤ ਦੁਲਾਰਾ ਆਪ ਉਠਾਇੰਦਾ। ਸੇਵਾ ਲਾਏ ਦੋ ਜਹਾਨ, ਦੋ ਜਹਾਨਾਂ ਵਾਲੀ ਵੇਸ ਵਟਾਇੰਦਾ। ਚਰਨ ਦਵਾਰਾ ਬਖ਼ਸ਼ੇ ਮਾਣ, ਦਰਗਹਿ ਸਾਚੀ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਭਿਛਿਆ ਆਪ ਵਰਤਾਇੰਦਾ। ਸਾਚੀ ਭਿਛਿਆ ਹਰਿ ਨਿਰੰਕਾਰ, ਆਪਣੀ ਬੂਝ ਬੁਝਾਈਆ। ਪੰਚਮ ਮੁਖ ਤਾਜ ਕਰ ਤਿਆਰ, ਅਬਿਨਾਸ਼ੀ ਕਰਤਾ ਸੀਸ ਟਿਕਾਈਆ। ਸ੍ਰੀ ਭਗਵਾਨ ਮੀਤ ਮੁਰਾਰ, ਨਿਰਗੁਣ ਸਾਚਾ ਮੇਲ ਮਿਲਾਈਆ। ਪਾਰਬ੍ਰਹਮ ਪ੍ਰਭ ਕਰੇ ਵਿਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦਏ ਵਡਿਆਈਆ। ਸੋ ਪੁਰਖ ਨਿਰੰਜਣ ਸਚ ਤਖ਼ਤ ਬਰਾਜ, ਆਪਣਾ ਭੇਵ ਖੁਲ੍ਹਾਇਆ। ਹਰਿ ਪੁਰਖ ਨਿਰੰਜਣ ਬਖ਼ਸ਼ੇ ਰਾਜ, ਦਰਗਹਿ ਸਾਚੀ ਧਾਮ ਸੁਹਾਇਆ। ਏਕੰਕਾਰਾ ਕਰੇ ਕਾਜ, ਕਰਤਾ ਪੁਰਖ ਆਪ ਕਰਾਇਆ। ਆਦਿ ਨਿਰੰਜਣ ਰੱਖੇ ਲਾਜ, ਲਾਜਾਵੰਤ ਬੇਪਰਵਾਹਿਆ । ਸ੍ਰੀ ਭਗਵਾਨ ਗ਼ਰੀਬ ਨਿਵਾਜ਼, ਘਰ ਸਾਚੇ ਸੋਭਾ ਪਾਇਆ। ਅਬਿਨਾਸ਼ੀ ਕਰਤਾ ਵੇਖੇ ਇਕ ਜ਼ਹਾਜ਼, ਇਕ ਇਕੱਲਾ ਰਿਹਾ ਚਲਾਇਆ। ਪਾਰਬ੍ਰਹਮ ਪ੍ਰਭ ਦੇਵੇ ਦਾਜ, ਸਾਚੀ ਵਸਤ ਝੋਲੀ ਪਾਇਆ। ਏਕਾ ਸ਼ਬਦ ਮਾਰੇ ਵਾਜ, ਸਾਰ ਸ਼ਬਦ ਸੰਗ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣਾਇਆ। ਸਤਿ ਪੁਰਖ ਨਿਰੰਜਣ ਸ਼ਬਦ ਸਾਰ, ਆਪ ਆਪਣੇ ਵਿਚੋਂ ਪਰਗਟਾਇੰਦਾ। ਅਗੰਮ ਅਗੰਮੜਾ ਬੋਲ ਜੈਕਾਰ, ਅਲੱਖ ਅਲੱਖਣਾ ਆਪ ਸੁਣਾਇੰਦਾ। ਤੀਜੇ ਘਰ ਆਏ ਸਚਖੰਡ ਦਵਾਰ, ਥਿਰ ਘਰ ਆਪਣਾ ਕੁੰਡਾ ਲਾਹਿੰਦਾ। ਚੌਥੇ ਘਰ ਕਰ ਪਸਾਰ, ਆਪਣੀ ਰਚਨਾ ਵੇਖ ਵਖਾਇੰਦਾ। ਸੁਨ ਅਗੰਮੀ ਧੂਆਂਧਾਰ, ਰੂਪ ਅਨੂਪ ਨਾ ਕੋਇ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤਖ਼ਤ ਸਾਚਾ ਤਾਜ, ਆਪੇ ਰਚੇ ਗ਼ਰੀਬ ਨਿਵਾਜ਼, ਰਚ ਰਚ ਆਪੇ ਵੇਖ ਵਖਾਇੰਦਾ। ਸਾਚਾ ਤਾਜ ਸੀਸ ਸੋਹੇ ਭਗਵਾਨ, ਸੱਚਖੰਡ ਸਾਚੇ ਵੱਜੀ ਵਧਾਈਆ। ਏਕੰਕਾਰਾ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਈਆ। ਜੋਧਾ ਸੂਰਬੀਰ ਬਲਵਾਨ, ਬਲ ਧਾਰੀ ਆਪਣਾ ਬਲ ਵਖਾਈਆ। ਮਾਤ ਪਿਤ ਨਾ ਕੋਇ ਨਿਸ਼ਾਨ, ਪਿਤਾ ਪੂਤ ਨਾ ਗੋਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਲੇਖੇ ਲਏ ਲਗਾਈਆ। ਆਪਣਾ ਲੇਖਾ ਲਿਖਣਹਾਰਾ, ਵੇਦ ਕਤੇਬ ਨਾ ਕੋਇ ਰਖਾਇੰਦਾ। ਆਪਣੇ ਨੇਤਰ ਆਪਣਾ ਆਪ ਪੇਖਣਹਾਰਾ, ਦੋਏ ਦੋਏ ਲੋਚਣ ਨਾ ਕੋਇ ਖੁਲ੍ਹਾਇੰਦਾ। ਆਪਣੇ ਤਖ਼ਤ ਤਾਜ ਸੱਚਾ ਸ਼ਾਹੋ ਬੈਠਣਹਾਰਾ, ਜਗਤ ਰਈਅਤ ਨਾ ਕੋਇ ਬਣਾਇੰਦਾ। ਆਪਣੇ ਸੀਸ ਤਾਜ ਹਰਿ ਪਰਖਣਹਾਰਾ, ਪ੍ਰੀਖਿਆ ਵਿਚ ਕਦੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੀਸ ਤਾਜ ਰੱਖ ਆਪਣੀ ਖੇਲ ਕਰੇ ਪਰਤੱਖ, ਨਿਰਗੁਣ ਵਿਚੋਂ ਨਿਰਗੁਣ ਹੋਏ ਵੱਖ, ਆਪ ਆਪਣਾ ਰੰਗ ਵਟਾਇੰਦਾ। ਨਿਰਗੁਣ ਅੰਦਰੋਂ ਆਇਆ ਬਾਹਰ, ਸ਼ਬਦੀ ਆਪਣਾ ਨਾਉਂ ਧਰਾਈਆ। ਨਿਰਗੁਣ ਜੋਤ ਮਾਤ ਕਰੇ ਪਿਆਰ, ਧੁਨ ਸ਼ਬਦ ਗੋਦ ਸੁਹਾਈਆ। ਪੁਰਖ ਅਕਾਲ ਕਰੇ ਪਿਆਰ, ਪਿਤਾ ਪੂਤ ਵਡ ਵਡਿਆਈਆ। ਬੰਨ੍ਹੇ ਸੀਸ ਸੱਚੀ ਦਸਤਾਰ, ਸਾਚਾ ਤਾਜ ਨਾਮ ਟਿਕਾਈਆ। ਭਰੇ ਅਤੁਟ ਆਪ ਭੰਡਾਰ, ਪ੍ਰਭ ਵਡਾ ਸ਼ਹਿਨਸ਼ਾਹੀਆ। ਸੁੱਤ ਦੁਲਾਰਾ ਢਹਿ ਢਹਿ ਪਏ ਚਰਨ ਦਵਾਰ, ਦੋਏ ਜੋੜ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵੰਡ ਆਪ ਵੰਡਾਈਆ। ਨਿਰਗੁਣ ਆਪਣੀ ਵੰਡੀ ਵੰਡ, ਵੰਡਣਹਾਰ ਆਪ ਅਖਵਾਇਆ। ਆਪਣੇ ਪੱਲੇ ਬਨ੍ਹਾਈ ਆਪੇ ਗੰਢ, ਆਪਣਾ ਭਾਰ ਆਪ ਉਠਾਇਆ। ਸਤਿ ਸ਼ਬਦ ਸੁਣਾਇਆ ਏਕਾ ਛੰਦ, ਹਰਿ ਸਾਚੇ ਆਪ ਅਲਾਇਆ। ਮੇਰਾ ਰੂਪ ਤੇਰਾ ਪਰਮਾਨੰਦ, ਤੇਰਾ ਮੇਰੇ ਵਿਚ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਅੱਖਰ ਆਪ ਵਖਾਇਆ। ਸਤਿ ਸ਼ਬਦ ਹਰਿ ਅੱਖਰ ਵੇਖਿਆ, ਆਪਣਾ ਨੈਣ ਉਘਾੜ। ਨਾ ਰੂਪ ਨਾ ਦਿਸੇ ਰੇਖਿਆ, ਨਾ ਕੋਈ ਦਰ ਦਵਾਰ। ਇਕ ਇਕੱਲਾ ਵਸੇ ਸਚ ਮਹੱਲਾ ਨਿਰਗੁਣ ਜੋਤ ਸ਼ਬਦ ਪਰਵੇਸਿਆ, ਆਪ ਵਜਾਏ ਆਪਣੀ ਸਚ ਸਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸ਼ਬਦ ਦਏ ਅਧਾਰ। ਸਾਚੇ ਸ਼ਬਦ ਸੁਣ ਸਾਚੇ ਲਾਲ, ਹਰਿ ਸਾਚਾ ਸਚ ਸਮਝਾਈਆ। ਤੇਰੇ ਫਲ ਲੱਗੇ ਡਾਲ੍ਹ, ਤੇਰੀ ਫੁਲਵਾੜੀ ਆਪ ਮਹਿਕਾਈਆ। ਤੇਰਾ ਬਣੇ ਆਪ ਦਲਾਲ, ਤੇਰਾ ਵਣਜ ਇਕ ਕਰਾਈਆ। ਤੇਰੀ ਘਾਲਣ ਰਿਹਾ ਘਾਲ, ਵਡ ਵਡਾ ਸ਼ਹਿਨਸ਼ਾਹੀਆ। ਤੇਰੀ ਸਾਚੀ ਚਲੇ ਚਾਲ, ਸੱਚਖੰਡ ਬੈਠਾ ਦੇਵੇ ਸਚ ਸਾਲਾਹੀਆ। ਸਾਰ ਸ਼ਬਦ ਕਰੇ ਤੇਰੀ ਪ੍ਰਿਤਪਾਲ, ਸਿਰ ਆਪਣਾ ਹੱਥ ਰਖਾਈਆ। ਤੇਰਾ ਵਜਦਾ ਰਹੇ ਤਾਲ, ਪੁਰਖ ਅਬਿਨਾਸ਼ੀ ਆਪ ਵਜਾਈਆ। ਤੇਰੀ ਉਪਜਾਏ ਸੱਚੀ ਧਰਮਸਾਲ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮਤ ਰਿਹਾ ਸਮਝਾਈਆ। ਸੁੱਤ ਦੁਲਾਰਾ ਸੁਣ ਸੰਦੇਸ਼, ਆਪਣੀ ਆਪ ਲਏ ਅੰਗੜਾਈਆ। ਪਾਰਬ੍ਰਹਮ ਸਦ ਰਹੇ ਹਮੇਸ਼, ਆਦਿ ਜੁਗਾਦਿ ਵੱਡੀ ਵਡਿਆਈਆ। ਤਿਸ ਪੁਰਖ ਕੋ ਸਦਾ ਆਦੇਸ਼, ਨਿਉਂ ਨਿਉਂ ਸੀਸ ਝੁਕਾਈਆ। ਸਾਚੇ ਸੱਜਣ ਮੈਂ ਵਸਾਂ ਤੇਰੇ ਦੇਸ, ਤੇਰਾ ਘਰ ਮੋਹੇ ਭਾਈਆ। ਤੂੰ ਪਿਤਾ ਹਉਂ ਬਾਲਕ ਬਾਲ ਅਲ੍ਹੜ ਵਰੇਸ, ਤੇਰਾ ਭੇਵ ਨਾ ਜਾਣਾ ਰਾਈਆ। ਤੇਰਾ ਸਤਿ ਸਰੂਪ ਰਿਹਾ ਵੇਖ, ਨਿਰਗੁਣ ਜੋਤ ਤੇਰੀ ਰੁਸ਼ਨਾਈਆ। ਮੇਰੀ ਕੋਈ ਨਾ ਚਲੇ ਪੇਸ਼, ਇਕ ਇਕੱਲਾ ਬੈਠਾ ਰਾਹ ਤਕਾਈਆ। ਮੈਂ ਬਣਿਆ ਰਹਾਂ ਤੇਰਾ ਦਰਵੇਸ਼, ਦਰ ਤੇਰੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁੱਤ ਸ਼ਬਦ ਦੇਵੇ ਵਰ, ਏਕਾ ਭਿਛਿਆ ਝੋਲੀ ਪਾਈਆ। ਸੁੱਤ ਸ਼ਬਦ ਸੁਣ ਫ਼ਰਮਾਣ, ਸੋ ਪੁਰਖ ਨਿਰੰਜਣ ਆਪ ਸੁਣਾਇੰਦਾ। ਹਰਿ ਪੁਰਖ ਨਿਰੰਜਣ ਹੋਇਆ ਆਪ ਮਿਹਰਵਾਨ, ਸਿਰ ਆਪਣਾ ਹੱਥ ਰਖਾਇੰਦਾ। ਏਕੰਕਾਰਾ ਦੇਵੇ ਦਾਨ, ਸਾਚੀ ਭਿਛਿਆ ਝੋਲੀ ਪਾਇੰਦਾ। ਆਦਿ ਨਿਰੰਜਣ ਹੋ ਪਰਧਾਨ, ਆਪ ਆਪਣਾ ਬਲ ਵਖਾਇੰਦਾ। ਸ੍ਰੀ ਭਗਵਾਨ ਬਖ਼ਸ਼ੇ ਮਾਣ, ਚਰਨ ਦਵਾਰਾ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵੰਡ ਆਪ ਵੰਡਾਇੰਦਾ। ਸੋ ਪੁਰਖ ਨਿਰੰਜਣ ਖੇਲ ਅਵੱਲੜਾ, ਏਕਾ ਏਕ ਕਰਾਇੰਦਾ। ਸ਼ਬਦ ਫੜਾਏ ਸਾਚਾ ਪੱਲੜਾ, ਦੇ ਮਤ ਆਪ ਸਮਝਾਇੰਦਾ। ਤੇਰੇ ਦਰ ਨਿਰਗੁਣ ਆਪੇ ਖਲ੍ਹੜਾ, ਆਪ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਵੰਡ ਵੰਡਾਇੰਦਾ। ਸਾਚੀ ਵੰਡ ਹਰਿ ਨਿਰੰਕਾਰ, ਆਪਣੀ ਆਪ ਵੰਡਾਈਆ। ਸਾਚੇ ਸ਼ਬਦ ਕਰ ਪਿਆਰ, ਆਪਣੀ ਬੂਝ ਆਪ ਬੁਝਾਈਆ। ਆਪਣਾ ਰੂਪ ਕਰ ਤਿਆਰ, ਅਨੂਪ ਮਹਿਮਾ ਕਥ ਨਾ ਜਾਈਆ। ਏਕਾ ਹੰ ਪਸਰ ਪਸਾਰ, ਸ਼ਾਹੋ ਭੂਪ ਲਏ ਵਟਾਈਆ। ਅਪਣੀ ਇਛਿਆ ਕਰ ਵਿਚਾਰ, ਵਿਸ਼ਵ ਆਪਣਾ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਦੂਜਾ ਵੇਖ ਵਖਾਈਆ। ਵਿਸ਼ਵ ਰੂਪ ਵਿਸ਼ਨੂੰ ਰੰਗ, ਹਰਿ ਹਰਿ ਆਪ ਰੰਗਾਇਆ। ਆਪੇ ਮਾਣੀ ਆਪਣੀ ਸੇਜ ਪਲੰਘ, ਆਪ ਆਪਣਾ ਕੰਤ ਹੰਢਾਇਆ। ਆਪੇ ਮੰਗੀ ਆਪਣੀ ਮੰਗ, ਦੇਵਣਹਾਰ ਆਪ ਅਖਵਾਇਆ। ਆਪੇ ਰੱਖੇ ਸਾਚਾ ਸੰਗ, ਸਗਲਾ ਸਾਥੀ ਨਾਉਂ ਧਰਾਇਆ। ਆਪੇ ਜਾਣੇ ਆਪਣਾ ਅਗਲਾ ਪੰਧ, ਆਪੇ ਪਿਛਲਾ ਰਿਹਾ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਆਪ ਆਪਣਾ ਰੂਪ ਪ੍ਰਗਟਾਇਆ। ਆਪਣਾ ਰੂਪ ਆਪ ਪਰਗਟਾਏ, ਹਰਿ ਵਡਾ ਬੇਪਰਵਾਹੀਆ। ਆਪਣਾ ਕਵਲ ਆਪ ਖਲਾਏ, ਆਪੇ ਅੰਮ੍ਰਿਤ ਰਿਹਾ ਭਰਾਈਆ। ਆਪੇ ਨਾਭੀ ਬਾਹਰ ਕਢਾਏ, ਆਪ ਆਪਣਾ ਲਏ ਮਹਿਕਾਈਆ। ਆਪੇ ਆਪਣਾ ਗੁਲ ਖਿਲ੍ਹਾਏ, ਆਪੇ ਪੰਖੜੀ ਵੇਖ ਵਖਾਈਆ। ਆਪੇ ਬ੍ਰਹਮ ਨਾਉਂ ਧਰਾਏ, ਪਾਰਬ੍ਰਹਮ ਸਿਫ਼ਤ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਲ ਵਰਤਾਈਆ। ਆਪੇ ਬ੍ਰਹਮਾ ਵੇਤਾ ਪਾਇਆ ਮੀਤਾ, ਨਾਭੀ ਕਵਲ ਫੁੱਲ ਖਿਲਾਈਆ। ਆਪੇ ਹੋਏ ਖੇਵਟ ਖੇਟਾ, ਆਪਣਾ ਬੇੜਾ ਆਪ ਚਲਾਈਆ। ਆਪੇ ਮਾਤ ਪਿਤ ਹੋਏ ਬੇਟੀ ਬੇਟਾ, ਪਿਤਾ ਪੂਤ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਿੰਘਾਸਣ ਹਰਿ ਭਗਵਾਨ, ਆਪ ਉਪਾਏ ਆਪਣਾ ਸਚ ਨਿਸ਼ਾਨ, ਆਪੇ ਲਏ ਝੁਲਾਈਆ। ਆਪੇ ਵਿਸ਼ਨ ਬ੍ਰਹਮਾ ਕਰ ਤਿਆਰ, ਸ਼ੰਕਰ ਰੂਪ ਵਟਾਇੰਦਾ। ਆਪੇ ਵਸੇ ਧੂਆਂਧਾਰ, ਸੁੰਨ ਅਗੰਮ ਆਪ ਸਮਾਇੰਦਾ। ਆਪੇ ਬਣਿਆ ਮੀਤ ਮੁਰਾਰ, ਆਪ ਆਪਣੇ ਅੰਗ ਲਗਾਇੰਦਾ। ਆਪੇ ਸੋ ਪੁਰਖ ਨਿਰੰਜਣ ਹੋਇਆ ਮਿਹਰਵਾਨ, ਸਾਚਾ ਦਾਨ ਆਪੇ ਝੋਲੀ ਪਾਇੰਦਾ। ਆਪੇ ਹੰ ਰੂਪ ਕਰ ਪਰਧਾਨ, ਤ੍ਰੈ ਤ੍ਰੈ ਮੇਲਾ ਮੇਲ ਮਿਲਾਇੰਦਾ। ਸੋਹੰ ਅੱਖਰ ਇਕ ਨਿਸ਼ਾਨ, ਆਪਣੇ ਸੀਸ ਤਾਜ ਟਿਕਾਇੰਦਾ। ਤ੍ਰੈਗੁਣ ਮਾਇਆ ਜਗਤ ਨਿਸ਼ਾਨ, ਨਿਰਗੁਣ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਅੱਖਰ ਕਰ ਤਿਆਰ, ਕਰੇ ਖੇਲ ਅਗੰਮ ਅਪਾਰ, ਬ੍ਰਹਮਾ ਵਿਸ਼ਨ ਸ਼ਿਵ ਆਪ ਪੜ੍ਹਾਇੰਦਾ। ਬ੍ਰਹਮੇ ਲੇਖਾ ਆਪ ਜਣਾਇਆ, ਪ੍ਰਭ ਵਡਾ ਵਡ ਵਡਿਆਈਆ। ਆਪਣਾ ਸ਼ਬਦ ਆਪਣਾ ਰਾਗ ਅਲਾਇਆ, ਆਪੇ ਦਏ ਸਮਝਾਈਆ। ਆਪਣਾ ਨੇਤਰ ਆਪ ਖੁਲ੍ਹਾਇਆ, ਆਪੇ ਦੇਵੇ ਦਰਸ ਬੇਪਰਵਾਹੀਆ। ਆਪਣੇ ਮਾਰਗ ਆਪੇ ਲਾਇਆ, ਦੇ ਮਤ ਰਿਹਾ ਸਮਝਾਈਆ। ਏਕਾ ਵਸਤ ਹੱਥ ਫੜਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਵਿਸ਼ਨੂੰ ਵੰਸੀ ਕਰ ਤਿਆਰਾ, ਆਪਣਾ ਬੰਸ ਸੁਹਾਇੰਦਾ। ਸਾਚੀ ਵਸਤ ਭਰ ਭੰਡਾਰਾ, ਸਾਚਾ ਹੁਕਮ ਅਲਾਇੰਦਾ। ਆਦਿ ਜੁਗਾਦਿ ਰਹੇ ਵਰਤਾਰਾ, ਸੇਵਕ ਸੇਵਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਸਾਚਾ ਵਰ, ਦੂਜਾ ਦਰ ਨਾ ਕੋਇ ਬਣਾਇੰਦਾ। ਸ਼ੰਕਰ ਮੀਤਾ ਕਰ ਤਿਆਰ, ਸਾਚੀ ਸਿਖਿਆ ਹਰਿ ਸਮਝਾਈਆ। ਅਨਡੀਠਾ ਦੇਵੇ ਸ਼ਬਦ ਭੰਡਾਰ, ਦਿਵਸ ਰੈਣ ਰਿਹਾ ਜਗਾਈਆ। ਭੋਲੇ ਨਾਥ ਤਨ ਸ਼ਿੰਗਾਰ, ਬਾਸ਼ਕ ਤਸ਼ਕਾ ਗਲ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨਾਂ ਕਰੇ ਏਕਾ ਮੇਲਾ, ਆਪ ਬਣੇ ਗੁਰੂ ਚੇਲਾ, ਚੇਲਾ ਗੁਰੂ ਆਪ ਸਮਝਾਈਆ। ਤਿੰਨਾਂ ਦੇਵੇ ਇਕ ਧਿਆਨਾ, ਪ੍ਰਭ ਵਡਾ ਵਡ ਵਡਿਆਈਆ। ਤਿੰਨਾਂ ਦੇਵੇ ਇਕ ਗਿਆਨਾ, ਏਕਾ ਕਰੇ ਪੜ੍ਹਾਈਆ। ਤਿੰਨਾਂ ਦੇਵੇ ਇਕ ਨਿਸ਼ਾਨਾ, ਏਕਾ ਮਾਰਗ ਲਾਈਆ। ਤਿੰਨਾਂ ਜਣਾਏ ਇਕ ਤਰਾਨਾ, ਏਕਾ ਤਾਲ ਵਖਾਈਆ। ਤਿੰਨਾਂ ਬੱਧਾ ਏਕਾ ਗਾਨਾ, ਏਕਾ ਸਗਨ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ, ਬੋਧ ਅਗਾਧ ਆਪਣੇ ਹੱਥ ਰਖਾਈਆ। ਬੋਧ ਅਗਾਧ ਸ਼ਬਦ ਅਨਾਦਿ, ਹਰਿ ਆਪਣੇ ਹੱਥ ਰਖਾਈਆ। ਬ੍ਰਹਮੇ ਦੇਵੇ ਸਾਚੀ ਦਾਦ, ਏਕਾ ਵਿਦਿਆ ਲਏ ਪੜ੍ਹਾਈਆ। ਚਾਰੇ ਵੇਦ ਸੁਣੇ ਫਰਿਯਾਦ, ਊਚੀ ਕੂਕੇ ਦਏ ਦੁਹਾਈਆ। ਵੇਖਣਹਾਰ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਵੱਡੀ ਵਡਿਆਈਆ। ਵਸਣਹਾਰਾ ਆਦਿ ਜੁਗਾਦਿ, ਜੁਗ ਜੁਗ ਆਪਣੀ ਰਚਨ ਰਚਾਈਆ। ਤਿਨ੍ਹਾਂ ਦੇਵੇ ਸਾਚੀ ਦਾਦ, ਆਪਣੀ ਵੰਡ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਾਚੇ ਭਾਂਡੇ ਆਪ ਘੜਾਈਆ। ਸਾਚਾ ਭਾਂਡਾ ਕਰ ਤਿਆਰ, ਪ੍ਰਭ ਅਬਿਨਾਸ਼ੀ ਇਹ ਸਮਝਾਇੰਦਾ। ਤ੍ਰੈਗੁਣ ਮਾਇਆ ਭਰ ਭੰਡਾਰ, ਸਾਚੇ ਘਰ ਸੁਹਾਇੰਦਾ। ਪੰਚਮ ਜੋੜ ਸੱਚੀ ਸਰਕਾਰ, ਪੰਚਮ ਮੇਲਾ ਮੇਲ ਮਿਲਾਇੰਦਾ। ਪੰਚ ਪੰਚ ਕਰੇ ਆਹਾਰ, ਪੰਜ ਦਸ ਸੋਭਾ ਪਾਇੰਦਾ। ਅਠ ਦਸ ਨਾ ਕੋਇ ਧਾਰ, ਧਰਨੀ ਧਰਤ ਧਵਲ ਆਪ ਸੁਹਾਇੰਦਾ। ਪੁਰੀਆਂ ਲੋਆਂ ਦਏ ਸਹਾਰ, ਰਵ ਸਸ ਆਪ ਚਮਕਾਇੰਦਾ। ਮੰਡਲ ਮੰਡਪ ਹੋ ਉਜਿਆਰ, ਨੂਰੋ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਦੇਵੇ ਏਕਾ ਤਤ, ਆਪੇ ਪਾਏ ਆਪਣੀ ਰੱਤ, ਰਕਤ ਬੂੰਦ ਨਾ ਕੋਇ ਰਖਾਇੰਦਾ। ਰਕਤ ਬੂੰਦ ਨਾ ਪਿਤਾ ਮਾਤ, ਲੱਖ ਚੁਰਾਸੀ ਬਣਤ ਬਣਾਈਆ। ਹੰ ਬ੍ਰਹਮ ਰੱਖੀ ਸਾਚੀ ਜ਼ਾਤ, ਪੁਰਖ ਅਬਿਨਾਸ਼ੀ ਆਪਣਾ ਨਾਉਂ ਧਰਾਈਆ। ਆਪੇ ਹੋਇਆ ਕਮਲਾਪਾਤ, ਜੀਵ ਜੰਤ ਨਾਰੀ ਨਰ ਨਰਾਇਣ ਆਪ ਪਰਨਾਈਆ। ਆਪ ਸੁਣਾਈ ਆਪਣੀ ਗਾਥ, ਆਪਣਾ ਢੋਲਾ ਆਪੇ ਗਾਈਆ। ਸਰਬ ਕਲਾ ਹੋਇਆ ਸਮਰਥ, ਪੁਰਖ ਅਕਾਲ ਵੱਡੀ ਵਡਿਆਈਆ। ਲੱਖ ਚੁਰਾਸੀ ਭਾਂਡਾ ਪੱਥ, ਕੋਲੂ ਚੱਕੀ ਚੱਕ ਆਪ ਚਲਾਈਆ। ਮਨ ਮਤ ਬੁੱਧ ਪਾਈ ਆਪੇ ਨੱਥ, ਕਾਮ ਕਰੋਧ ਲੋਭ ਮੋਹ ਹੰਕਾਰ ਵਿਚ ਸਮਾਈਆ। ਪੰਚ ਸ਼ਬਦ ਆਪੇ ਕਰ ਪਰਗਟ, ਘਰ ਘਰ ਵਿਚ ਦਏ ਟਿਕਾਈਆ। ਨੌ ਦਵਾਰੇ ਖੋਲ੍ਹ ਜਗਤ ਖਾਟ, ਆਸਾ ਤ੍ਰਿਸ਼ਨਾ ਦਏ ਸਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਲੁਕਿਆ ਅੰਦਰ ਬਜ਼ਰ ਕਪਾਟ, ਆਪਣਾ ਕੁੰਡਾ ਆਪੇ ਲਾਈਆ। ਸੋ ਪੁਰਖ ਨਿਰੰਜਣ ਵੰਡ ਵੰਡਾਏ, ਵੰਡਣਹਾਰ ਨਿਰੰਕਾਰਾ। ਜੀਓ ਪਿੰਡ ਪ੍ਰਭ ਆਪ ਬਣਾਏ, ਆਪੇ ਦੇਵੇ ਸਚ ਸਹਾਰਾ। ਨੌ ਦਵਾਰੇ ਇੰਡ ਹੇਠ ਦਬਾਏ, ਖੇਲੇ ਖੇਲ ਧੁਰ ਦਰਬਾਰਾ। ਬ੍ਰਹਿਮੰਡ ਆਪਣੀ ਰਚਨ ਰਚਾਏ, ਰਵ ਸਸ ਕਰ ਉਜਿਆਰਾ। ਉਪਰ ਆਪਣਾ ਆਸਣ ਲਾਏ, ਘਰ ਬੈਠ ਸੱਚੀ ਸਰਕਾਰਾ। ਦਰ ਮੰਦਰ ਆਪਣਾ ਗੀਤ ਅਲਾਏ, ਆਪੇ ਹੋਏ ਸੁਨਣੇਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬੂਝੇ ਆਪੇ ਪਾਵੇ ਆਪਣੀ ਸਾਰਾ। ਹੰ ਬ੍ਰਹਮ ਪ੍ਰਭ ਰਚਨ ਰਚਾਇਆ, ਲੱਖ ਚੁਰਾਸੀ ਬਣਤ ਬਣਾਈਆ। ਨੌ ਦਸ ਗਿਆਰਾਂ ਬੀਸ ਤੀਸ ਲੱਖ ਚਾਰ ਵੇਖ ਵਖਾਇਆ, ਚੁਰਾਸੀ ਲੱਖ ਆਪ ਭਵਾਈਆ। ਚਾਰੇ ਬਾਣੀ ਰਿਹਾ ਪੜ੍ਹਾਇਆ, ਚਾਰੇ ਵੇਦ ਰਿਹਾ ਗਾਈਆ। ਚਾਰੇ ਖਾਣੀ ਵਿਚ ਸਮਾਇਆ, ਜਾਣੀ ਜਾਣ ਆਪ ਅਖਵਾਈਆ। ਧੁਰ ਦੀ ਬਾਣੀ ਸ਼ਬਦ ਅਲਾਇਆ, ਜੁਗ ਜੁਗ ਲੋਕਮਾਤ ਸੁਣਾਈਆ। ਅਕਥ ਕਹਾਣੀ ਭੇਵ ਨਾ ਆਇਆ, ਕਥ ਸਕੇ ਨਾ ਜੀਵ ਲੋਕਾਈਆ। ਕਾਗਦ ਕਲਮ ਨਾ ਲਿਖੇ ਛਾਹਿਆ, ਸਮੁੰਦ ਸਾਗਰ ਰਹੇ ਕੁਰਲਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤੇ ਆਪਣਾ ਪਰਦਾ ਆਪੇ ਲਾਹਿਆ, ਜਨ ਭਗਤਾਂ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਅੱਖਰ ਕਰ ਤਿਆਰ, ਬ੍ਰਹਮਾ ਵਿਸ਼ਨ ਸ਼ਿਵ ਕਰਿਆ ਪਸਰ ਪਸਾਰ, ਲੱਖ ਚੁਰਾਸੀ ਲਏ ਉਭਾਰ, ਆਪਣੀ ਅੰਸ ਆਪ ਬਣਾਈਆ। ਬੰਕ ਪਸਾਰਾ ਏਕੰਕਾਰਾ, ਦੂਜੀ ਕੁਦਰਤ ਵੇਖ ਵਖਾਇੰਦਾ। ਤੀਜੇ ਦਰ ਖੇਲ ਨਿਆਰਾ ਜੋਤ ਉਜਿਆਰਾ, ਇਸ਼ਟ ਦ੍ਰਿਸ਼ਟ ਆਪ ਖੁਲ੍ਹਾਇੰਦਾ। ਚੌਥੇ ਦਰ ਮੀਤ ਮੁਰਾਰਾ ਕਰੇ ਪਿਆਰਾ, ਘਰ ਸਾਚੇ ਸੋਭਾ ਪਾਇੰਦਾ। ਪੰਚਮ ਬੋਲੇ ਸਚ ਜੈਕਾਰਾ ਏਕਾ ਨਾਅਰਾ, ਨਿਰਗੁਣ ਆਪਣਾ ਆਪ ਲਗਾਇੰਦਾ। ਛੇਵੇਂ ਛੱਪਰ ਛੰਨ ਨਾ ਕੋਇ ਸਹਾਰਾ ਚਾਰ ਦੀਵਾਰਾ, ਸਚਖੰਡ ਦਵਾਰਾ ਇਕ ਸੁਹਾਇੰਦਾ। ਸਤਵੇਂ ਸਤਿ ਪੁਰਖ ਨਿਰੰਜਣ ਨਾ ਕੋਈ ਪੁਰਖ ਨਾ ਕੋਈ ਨਾਰਾ, ਨਾ ਕੋਈ ਕਰੇ ਤਨ ਸ਼ਿੰਗਾਰਾ, ਵੇਸ ਅਵੇਸਾ ਵੇਸ ਵਟਾਇੰਦਾ। ਅਠਵੇਂ ਅੱਠ ਤੱਤਾਂ ਵਸੇ ਬਾਹਰਾ ਖੇਲ ਨਿਆਰਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨਮਤ ਬੁੱਧ ਨਾ ਕੋਇ ਰਖਾਇੰਦਾ। ਨੌ ਦਵਾਰੇ ਦਰ ਨਾ ਕੋਇ ਕਿਵਾੜਾ, ਵਾ ਨਾ ਲੱਗੇ ਤੱਤੀ ਹਾੜਾ, ਅਗਨੀ ਅੱਗ ਨਾ ਕੋਇ ਬਣਾਇੰਦਾ। ਦਸਵੇਂ ਬੈਠਾ ਕਰ ਪਸਾਰਾ ਖੇਲ ਨਿਆਰਾ, ਹੰ ਬ੍ਰਹਮ ਆਪਣਾ ਮੇਲ ਮਿਲਾਇੰਦਾ। ਸੋਹੰ ਸ਼ਬਦ ਸੱਚੀ ਧੁਨਕਾਰਾ, ਆਪ ਵਜਾਏ ਵਜਾਵਣਹਾਰਾ, ਤੁਰੀਆ ਨਾਦ ਆਪ ਸੁਣਾਇੰਦਾ। ਸਚਖੰਡ ਨਿਵਾਸੀ ਹੋ ਤਿਆਰਾ, ਲੋਕਮਾਤ ਲਏ ਅਵਤਾਰਾ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜਨ ਭਗਤਾਂ ਦੇਵੇ ਚਰਨ ਪਿਆਰਾ, ਸਾਚਾ ਨਾਮ ਭਰੇ ਭੰਡਾਰਾ, ਅਤੋਟ ਅਤੁਟ ਆਪ ਵਰਤਾਇੰਦਾ। ਅਨਹਦ ਸ਼ਬਦ ਵੱਜੇ ਨਗਾਰਾ, ਬਜ਼ਰ ਕਪਾਟੀ ਪਰਦਾ ਪਾੜਾ, ਆਤਮ ਸੇਜਾ ਆਪ ਸੁਹਾਇੰਦਾ। ਅੰਮ੍ਰਿ਼ਤ ਦੇਵੇ ਠੰਡੀ ਠਾਰਾ, ਸਾਗਰ ਵਿਰੋਲੇ ਆਪ ਨਿਰੰਕਾਰਾ, ਚੌਦਾਂ ਲੋਕਾਂ ਫੋਲ ਫੁਲਾਇੰਦਾ। ਗੁਰਸਿਖ ਨਾ ਉਡੇ ਕਾਗਾਂ ਡਾਰਾ, ਹੰਸ ਬਣਾਏ ਵਿਚ ਸੰਸਾਰਾ, ਸੋਹੰ ਮਾਣਕ ਮੋਤੀ ਚੋਗ ਚੁਗਾਇੰਦਾ। ਪਰਗਟ ਹੋਇਆ ਬੇਐਬ ਪਰਵਰਦਿਗਾਰਾ, ਸਿਰ ਰੱਖ ਤਾਜ ਆਪ ਨਿਰੰਕਾਰਾ, ਸ਼ਾਹ ਸੁਲਤਾਨਾ ਕਰੇ ਖ਼ਵਾਰਾ, ਰਾਜ ਰਾਜਾਨ ਨਾ ਕੋਇ ਰਖਾਇੰਦਾ। ਸ਼ਬਦ ਖੰਡਾ ਤੇਜ਼ ਕਟਾਰਾ, ਆਪੇ ਰੱਖੇ ਤਿਖੀ ਧਾਰਾ, ਚਾਰੋਂ ਕੁੰਟ ਦਏ ਹੁਲਾਰਾ, ਨੌ ਖੰਡ ਪ੍ਰਿਥਮੀ ਆਪ ਹਿਲਾਇੰਦਾ। ਸੱਤਾਂ ਦੀਪਾਂ ਪਾਰ ਕਿਨਾਰਾ, ਰਵ ਸਸ ਨਾ ਕੋਇ ਉਜਿਆਰਾ, ਲੋਆਂ ਪੁਰੀਆਂ ਧੂਆਂਧਾਰਾ, ਆਪ ਆਪਣਾ ਬਲ ਵਖਾਇੰਦਾ। ਬ੍ਰਹਮਾ ਵਿਸ਼ਨ ਰਹੇ ਪੁਕਾਰਾ, ਅੱਠੇ ਨੇਤਰ ਖੋਲ੍ਹ ਕਿਵਾੜਾ, ਕਵਣ ਕੂਟੇ ਪਾਰਬ੍ਰਹਮ ਆਪਣਾ ਖੇਲ ਖਿਲਾਇੰਦਾ। ਸੰਬਲ ਨਗਰੀ ਧਾਮ ਨਿਆਰਾ, ਗੁਰ ਗੋਬਿੰਦ ਬਣਿਆ ਮਾਤ ਲਿਖਾਰਾ, ਵੇਦ ਵਿਆਸਾ ਕਰੇ ਵਿਚਾਰਾ, ਪੂਤ ਸਪੂਤਾ ਬ੍ਰਹਿਮਣ ਗੌੜਾ ਉਚੇ ਟਿੱਲੇ ਸਾਚੇ ਪਰਬਤ ਆਪਣੀ ਜੋਤ ਜਗਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਲੁੱਟੀ ਜਾਏ ਦਿਨ ਦਿਹਾੜਾ, ਭੇਵ ਕੋਇ ਨਾ ਪਾਇੰਦਾ। ਕਲਜੁਗ ਤੇਰਾ ਵੇਖਣ ਆਇਆ ਆਪ ਅਖਾੜਾ, ਨੌ ਸੌ ਚੁਰਾਨਵੇ ਚੌਕੜੀ ਜੁਗ ਨਾ ਮੁਖ ਵਖਾਇੰਦਾ। ਜੋ ਘਲਦਾ ਰਿਹਾ ਗੁਰੂ ਪੀਰ ਅਵਤਾਰਾ, ਆਪ ਆਪਣਾ ਹੁਕਮ ਸੁਣਾਇੰਦਾ। ਕਲਜੁਗ ਅੰਤਮ ਹੋਏ ਉਜਿਆਰਾ, ਬ੍ਰਹਿਮੰਡ ਖੰਡ ਆਪਣੇ ਚਰਨਾਂ ਹੇਠ ਦਬਾਇੰਦਾ। ਜਨ ਭਗਤਾਂ ਕਰੇ ਸਚ ਪਿਆਰਾ, ਸਾਚੀ ਗੋਦ ਆਪ ਬਹਾਇੰਦਾ। ਕਰਨ ਆਇਆ ਵਣਜ ਵਣਜਾਰਾ, ਨਾਮ ਕੰਡਾ ਹੱਥ ਉਠਾਇੰਦਾ। ਤੋਲਣ ਆਇਆ ਝੂਠ ਵਿਭਚਾਰਾ, ਸ਼ੌਹ ਦਰਿਯਾਏ ਆਪ ਰੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਹੰ ਅੱਖਰ ਕਰ ਤਿਆਰ, ਲੱਖ ਚੁਰਾਸੀ ਕਰੇ ਪਸਾਰ, ਆਪੇ ਅੰਦਰ ਆਪੇ ਬਾਹਰ, ਆਪੇ ਗੁਪਤ ਆਪੇ ਜ਼ਾਹਰ, ਬ੍ਰਹਮ ਪਾਰਬ੍ਰਹਮ ਆਪ ਅਖਵਾਇੰਦਾ। ਬ੍ਰਹਮ ਰੂਪ ਆਪ ਨਿਰੰਕਾਰਾ, ਈਸ਼ ਜੀਵ ਆਪ ਅਖਵਾਈਆ। ਜਗਤ ਜਗਦੀਸ਼ ਖੇਲ ਨਿਆਰਾ, ਸੀਸ ਤਾਜ ਆਪ ਸੁਹਾਈਆ। ਇਕ ਹਦੀਸ ਸਰਬ ਸੰਸਾਰਾ, ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲਾ ਦਇਆਵਾਨ, ਪਰਗਟ ਹੋਏ ਸ੍ਰੀ ਭਗਵਾਨ, ਧਰਮ ਝੁਲਾਏ ਸਚ ਨਿਸ਼ਾਨ, ਮੇਟ ਮਿਟਾਏ ਜੀਵ ਸ਼ੈਤਾਨ, ਗੁਰਮੁਖ ਉਠਾਏ ਚਤੁਰ ਸੁਜਾਨ, ਆਪ ਆਪਣੀ ਬੂਝ ਬੁਝਾਈਆ। ਆਪਣੀ ਬੂਝ ਬੁਝਾਏ ਗੁਰ ਸਤਿਗੁਰ, ਧੁਰ ਮਸਤਕ ਵੇਖ ਵਖਾਇੰਦਾ। ਹਰਿਜਨ ਹਰਿਭਗਤ ਚਰਨ ਪ੍ਰੀਤੀ ਜਾਏ ਜੁੜ, ਮਨਮੁਖ ਦਰ ਦੁਰਕਾਇੰਦਾ। ਏਕਾ ਸ਼ਬਦ ਏਕਾ ਤਾਲ ਏਕਾ ਸੁਰ, ਰੰਗ ਰਤੜਾ ਸਾਚਾ ਮਾਹੀ ਆਪ ਵਜਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਚੜ੍ਹ ਕੇ ਆਇਆ ਸਾਚੇ ਘੋੜ, ਸੋਲਾਂ ਕਲੀਆਂ ਆਸਣ ਪਾਇੰਦਾ। ਨਿਰਗੁਣ ਨਿਰਵੈਰ ਨਿਰਾਕਾਰ ਰਿਹਾ ਦੌੜ, ਦੋ ਜਹਾਨਾਂ ਪੰਧ ਮੁਕਾਇੰਦਾ। ਜਨਮ ਜਨਮ ਦੀ ਲੱਗੀ ਔੜ, ਗੁਰਮੁਖਾਂ ਆਪ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚੇ ਵੇਖਣ ਆਇਆ, ਆਪ ਆਪਣੀ ਕਲ ਕਲਧਾਰ। ਸਾਚਾ ਲੇਖਾ ਲਿਖਣ ਆਇਆ, ਧੁਰਦਰਗਾਹੀ ਹੋ ਤਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਹਰਿ ਹਰਿਜਨ ਬਹਾਏ ਇਕ ਦਵਾਰ। ਇਕ ਦਵਾਰਾ ਸਚਖੰਡ, ਹਰਿ ਸਾਚੇ ਸਚ ਸੁਹਾਇਆ। ਸਤਿਜੁਗ ਤ੍ਰੇਤਾ ਦਵਾਪਰ ਵੰਡਦਾ ਆਇਆ ਸਾਚੀ ਵੰਡ, ਧਰੂ ਪ੍ਰਹਿਲਾਦ ਦਏ ਗਵਾਹਿਆ। ਲੇਖਾ ਚੁਕਾਏ ਜੇਰਜ ਅੰਡ, ਜੋ ਜਨ ਸਰਨਾਈ ਆਇਆ। ਨੰਗੀ ਹੋਣ ਨਾ ਦੇਵੇ ਅੰਤਮ ਕੰਡ, ਸਿਰ ਆਪਣਾ ਹੱਥ ਟਿਕਾਇਆ। ਰਾਏ ਧਰਮ ਨਾ ਦੇਵੇ ਦੰਡ, ਚਿਤਰ ਗੁਪਤ ਨਾ ਲੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਮੀਤਾ ਇਕ ਅਤੀਤਾ ਕਿਸੇ ਹੱਥ ਨਾ ਆਏ ਗੁਰੂਦਵਾਰ, ਮੰਦਰ ਮਸੀਤਾ, ਘਟ ਘਟ ਬੈਠਾ ਆਸਣ ਲਾਇਆ। ਘਟ ਘਟ ਅੰਦਰ ਹਰਿ ਜੂ ਵੜਿਆ, ਹਰਿ ਮੰਦਰ ਆਪ ਸੁਹਾਈਆ। ਨਿਰਗੁਣ ਰੂਪ ਕਿਸੇ ਨਾ ਫੜਿਆ, ਬਾਹਰ ਲੱਭਦੀ ਫਿਰੇ ਲੋਕਾਈਆ। ਨਿਸ਼ਅੱਖਰ ਆਤਮ ਅੰਦਰ ਕਿਸੇ ਨਾ ਪੜ੍ਹਿਆ, ਪੜ੍ਹ ਪੜ੍ਹ ਵਿਦਿਆ ਜਗਤ ਹੋਈ ਹਲਕਾਈਆ। ਆਪਣੀ ਅਗਨੀ ਕੋਇ ਨਾ ਸੜਿਆ, ਘਰ ਘਰ ਲੰਬੂ ਰਹੇ ਲਗਾਈਆ। ਆਪਣੇ ਪੌੜੇ ਕੋਇ ਨਾ ਚੜ੍ਹਿਆ, ਉਚ ਮਹੱਲ ਅਟੱਲ ਸੁੱਤੇ ਆਸਣ ਲਾਈਆ। ਆਪਣਾ ਤੋੜਿਆ ਨਾ ਹੰਕਾਰੀ ਗੜ੍ਹਿਆ, ਸ੍ਰਿਸ਼ਟ ਸਬਾਈ ਵੇਖ ਵਖਾਈਆ। ਗੁਰਸਿਖ ਵਿਰਲਾ ਸਤਿਗੁਰ ਪੂਰੇ ਸਰਨ ਸਰਨਾਈ ਪੜ੍ਹਿਆ, ਸਤਿਗੁਰ ਪੂਰਾ ਲਏ ਤਰਾਈਆ। ਗੁਰ ਸਤਿਗੁਰ ਨਾ ਜਨਮੇ ਨਾ ਕਦੇ ਮਰਿਆ, ਮੜੀ ਗੋਰ ਨਾ ਕਦੇ ਦਬਾਈਆ। ਜਨ ਭਗਤਾਂ ਦਰ ਦਵਾਰੇ ਅੱਗੇ ਖੜਿਆ, ਨਿਰਗੁਣ ਸਰਗੁਣ ਰੂਪ ਵਟਾਈਆ। ਕਲਜੁਗ ਅੰਤਮ ਆਪ ਆਪਣਾ ਆਪੇ ਫੜਿਆ, ਸੋਈ ਸੁਰਤੀ ਲਏ ਉਠਾਈਆ। ਸੋਹੰ ਅੱਖਰ ਜਿਸ ਜਨ ਪੜ੍ਹਿਆ, ਲੱਖ ਚੁਰਾਸੀ ਦਏ ਕਟਾਈਆ। ਦਰਗਹਿ ਸਚੀ ਜਾ ਕੇ ਵੜਿਆ, ਜਿਸ ਨੇਤਰ ਦਰਸ਼ਨ ਪਾਇਆ ਸ਼ਹਿਨਸ਼ਾਹੀਆ। ਅੱਧਵਿਚਕਾਰ ਕਦੇ ਨਾ ਅੜਿਆ, ਜੂਨੀ ਜੂਨ ਨਾ ਕੋਇ ਭਵਾਈਆ। ਮਾਤ ਗਰਭ ਭਾਂਡਾ ਫੇਰ ਨਾ ਘੜਿਆ, ਦਸ ਮਾਸ ਨਾ ਕੋਇ ਤਪਾਈਆ। ਜਗਤ ਜੀਵਾਂ ਨਾਲ ਗੁਰਮੁਖ ਲੜਿਆ, ਮਨਮੁਖ ਮਾਰਨ ਤਾਅਨੇ ਰਸਨਾ ਬੋਲ ਹੋਈ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਜੇਠ ਦੇਵਣ ਆਇਆ ਸਚ ਵਧਾਈਆ। ਪੰਚਮ ਜੇਠ ਹਰਿ ਭਗਤ ਵਡਿਆਈ, ਪੰਚਮ ਮੀਤਾ ਹਰਿ ਹਰਿ ਪਾਇਆ। ਗੁਰ ਸਤਿਗੁਰ ਹੋਈ ਸ਼ਬਦ ਕੁੜਮਾਈ, ਸੁਰਤ ਸਵਾਣੀ ਲੜ ਬੰਧਾਇਆ। ਚੌਥੇ ਪੌੜੇ ਦਏ ਚੜ੍ਹਾਈ, ਵਰ ਪਾਇਆ ਬੇਪਰਵਾਹਿਆ। ਰਸਨਾ ਗੌਂਣਾ ਚਾਈਂ ਚਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਜੇਠ ਦੇਵੇ ਵਰ, ਹਰਿਜਨ ਸਾਚੇ ਆਪਣੀਆਂ ਭੁਜਾਂ ਉਠਾਇਆ। ਆਪਣੀਆਂ ਭੁਜਾਂ ਆਪੇ ਚੁੱਕ, ਹਰਿਜਨ ਸਾਚੇ ਪਾਰ ਉਤਾਰਦਾ। ਗੁਰਸਿਖ ਨਾ ਜਾਏ ਬੂਟਾ ਸੁੱਕ, ਸਤਿਗੁਰ ਪੂਰਾ ਪੈਜ ਸਵਾਰਦਾ। ਮਨਮੁਖਾਂ ਪੈਂਡਾ ਜਾਏ ਨਾ ਮੁੱਕ, ਰਾਏ ਧਰਮ ਰਾਹ ਵਿਚ ਵੰਗਾਰਦਾ। ਵੇਲੇ ਅੰਤ ਨਾ ਜਾਏ ਕੋਈ ਲੁਕ, ਜੋ ਮਨ ਮਤੀਆ ਦਰ ਹੰਕਾਰਦਾ। ਸ਼ੌਹ ਦਰਿਯਾ ਦੇਵੇ ਸੁੱਟ, ਕੁੰਭੀ ਦੁੱਖ ਨਾ ਕੋਇ ਨਵਾਰਦਾ। ਹਰਿ ਭਗਤ ਲਾਹਾ ਰਹੇ ਲੁੱਟ, ਪਾਇਆ ਦਰਸ ਪਰਵਰਦਿਗਾਰ ਦਾ। ਨੇਤਰ ਦਰਸ ਅੰਮ੍ਰਿਤ ਆਤਮ ਪੀਤਾ ਘੁੱਟ, ਮਾਣਸ ਜਨਮ ਪੈਜ ਸੁਆਰਦਾ। ਆਵਣ ਜਾਵਣ ਜਾਏ ਛੁੱਟ, ਲੱਖ ਚੁਰਾਸੀ ਗੇੜ ਨਵਾਰਦਾ। ਮਨਮੁਖ ਦਰ ਤੋਂ ਕੱਢੇ ਕੁੱਟ, ਅੰਤਮ ਪਾਸਾ ਆਇਆ ਹਾਰਦਾ। ਪੁਰਖ ਅਬਿਨਾਸ਼ੀ ਕਿਸੇ ਕੋਲੋਂ ਨਾ ਮੰਗੇ ਵੋਟ, ਇਕ ਇਕੱਲਾ ਆਪਣੀ ਖੇਲ ਆਪ ਖਲਾਰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਜੇਠ ਵਖਾਏ ਸਾਚਾ ਘਰ, ਪੰਚਮ ਮੀਤਾ ਤਨ ਸ਼ਿੰਗਾਰਦਾ। ਪੰਚਮ ਤਨ ਰੰਗਾਇਆ, ਹਰਿ ਸੱਜਣ ਵਡ ਮਿਹਰਵਾਨ। ਨਾਮ ਮਜੀਠੀ ਇਕ ਚੜ੍ਹਾਇਆ, ਉਤਰ ਨਾ ਜਾਏ ਦੋ ਜਹਾਨ। ਸਾਚੀ ਰੀਤੀ ਇਕ ਚਲਾਇਆ, ਚਾਰ ਵਰਨਾਂ ਇਕ ਗਿਆਨ। ਊਚਾਂ ਨੀਚਾਂ ਏਕਾ ਧਾਮ ਬਹਾਇਆ, ਲੇਖਾ ਜਾਣੇ ਰਾਜ ਰਾਜਾਨ। ਸਾਚਾ ਮੰਤਰ ਇਕ ਦ੍ਰਿੜਾਇਆ, ਸੋਹੰ ਸ਼ਬਦ ਕਰ ਪਰਧਾਨ। ਬ੍ਰਹਮ ਪਾਰਬ੍ਰਹਮ ਮਿਲਾਇਆ, ਇਕ ਵਖਾਏ ਚਰਨ ਧਿਆਨ। ਸਾਚੇ ਸਾਕੀ ਸਾਚਾ ਜਾਮ ਪਿਆਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮਾਤ ਪਛਾਣ। ਹਰਿਜਨ ਸਾਚੇ ਸੱਜਣਾ, ਤੇਰਾ ਦਰਸ ਅਗੰਮ ਅਪਾਰ। ਤੇਰੇ ਦਰ ਦਰਵੇਸ਼ ਹਰਿ ਹਰਿ ਬਹਿ ਬਹਿ ਕਰੇ ਮਜਨਾ, ਤੇਰਾ ਅੰਮ੍ਰਿਤ ਠੰਡਾ ਠਾਰ। ਤੇਰ ਪਰਦਾ ਤੇਰੇ ਕੱਜਣਾ, ਤੇਰੀ ਰੱਖ ਸੀਸ ਦਸਤਾਰ। ਤੇਰੇ ਮੱਕੇ ਕਰੇ ਸਾਚਾ ਹੱਜਣਾ, ਹਾਜ਼ੀ ਬਣ ਆਪ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਕਰੇ ਪਿਆਰ। ਸਚ ਪਿਆਰਾ ਹਰਿ ਨਿਰੰਕਾਰਾ, ਹਰੀ ਹਰਿ ਹਰਿਜਨ ਆਪ ਕਰਾਇੰਦਾ। ਦਏ ਸਹਾਰਾ ਚਰਨ ਦਵਾਰਾ, ਨੈਣ ਨਿਆਰਾ ਇਕ ਖੁਲ੍ਹਾਇੰਦਾ। ਸ਼ਬਦ ਧੁਨਕਾਰਾ ਅੰਦਰ ਬਾਹਰਾ, ਤਾਲ ਅਨਾਦ ਅਨਾਦ ਵਜਾਇੰਦਾ। ਜਾਗਰਤ ਜੋਤ ਕਰ ਉਜਿਆਰਾ ਮੇਟੇ ਅੰਧਿਆਰਾ, ਸ਼ਾਹ ਸਵਾਰਾ ਦਰਸ ਦਿਖਾਇੰਦਾ। ਪਵਣ ਹੁਲਾਰਾ ਠੰਡੀ ਠਾਰਾ, ਆਤਮ ਧਾਰਾ ਆਪ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦੇਵੇ ਸਚ ਸੰਦੇਸ਼, ਤਖ਼ਤ ਬਰਾਜੇ ਨਰ ਨਰੇਸ਼, ਵਿਸ਼ੇਸ਼ ਆਪਣੀ ਖੇਲ ਖਿਲਾਇੰਦਾ। ਭਿੰਨੀ ਰੈਨੜੀਏ ਉਠ ਜਾਗ, ਹਰਿ ਸਾਚਾ ਆਪ ਜਗਾਈਆ। ਲੋਕਮਾਤ ਲੱਗਾ ਭਾਗ, ਨਵ ਨਵ ਹੋਏ ਰੁਸ਼ਨਾਈਆ। ਗੁਰਮੁਖਾਂ ਬੁਝਾਵਣ ਆਇਆ ਲੱਗੀ ਆਗ, ਅੰਮ੍ਰਿਤ ਮੇਘ ਇਕ ਬਰਸਾਈਆ। ਦੀਪਕ ਜੋਤ ਜਗਾਏ ਚਿਰਾਗ਼, ਤੇਰਾ ਅੰਧੇਰਾ ਦਏ ਮਿਟਾਈਆ। ਏਕਾ ਬਖ਼ਸ਼ੇ ਨਾਮ ਵੈਰਾਗ, ਕਾਗ ਹੰਸ ਰੂਪ ਵਟਾਈਆ। ਤ੍ਰੈਗੁਣ ਡੱਸੇ ਨਾ ਡੱਸਣੀ ਨਾਗ, ਮਾਇਆ ਮਮਤਾ ਮੋਹ ਮਿਟਾਈਆ। ਹਰਿ ਹਰਿ ਮਿਲੇ ਕੰਤ ਸੁਹਾਗ, ਸਾਚੀ ਰੈਣ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੇਲ ਮਿਲਾਈਆ। ਭਿੰਨੜੀ ਰੈਣ ਨੇਤਰ ਖੋਲ੍ਹ, ਚਾਰੋਂ ਕੁੰਟ ਵੇਖ ਵਖਾਇਆ। ਕਵਣ ਕੂਟ ਪ੍ਰਭ ਰਿਹਾ ਬੋਲ, ਸ਼ਬਦ ਅਗੰਮੀ ਆਪ ਅਲਾਇਆ। ਕਵਣ ਕੰਡੇ ਤੋਲੇ ਤੋਲ, ਕਵਣ ਤਰਾਜ਼ੂ ਹੱਥ ਉਠਾਇਆ। ਕਵਣ ਮਰਦੰਗ ਵਜਾਏ ਢੋਲ, ਸੁਤਿਆਂ ਰਿਹਾ ਜਗਾਇਆ। ਕਵਣ ਵਸਤ ਸਦ ਰੱਖੇ ਕੋਲ, ਜਨ ਭਗਤਾਂ ਆਪ ਵਰਤਾਇਆ। ਲੱਖ ਚੁਰਾਸੀ ਸੁੱਤੀ ਰਹੀ ਅਨਭੋਲ, ਵੇਲਾ ਗਿਆ ਹੱਥ ਨਾ ਆਇਆ। ਪਾਰਬ੍ਰਹਮ ਪ੍ਰਭ ਮਾਰਨ ਆਇਆ ਰੋਲ, ਪਰਦਾ ਉਹਲਾ ਆਪ ਰਖਾਇਆ। ਮਨਮੁਖਾਂ ਕੋਲੋਂ ਕਰਾਏ ਮਖ਼ੌਲ, ਗੁਰਮੁਖਾਂ ਮੁਖ ਅੰਮ੍ਰਿਤ ਆਪ ਚਵਾਇਆ। ਭਿੰਨੀ ਰੈਨੜੀਏ ਤੂੰ ਰਹਿਣਾ ਸਦਾ ਅਡੋਲ, ਤੇਰਾ ਨਾਤਾ ਸੰਗਤ ਆਪ ਜੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੈਣ ਦਏ ਸੁਹਾਇਆ। ਭਿੰਨੜੀ ਰੈਣ ਚੜ੍ਹਿਆ ਚਾਅ, ਪ੍ਰਭ ਅਬਿਨਾਸ਼ੀ ਸ਼ੁਕਰ ਮਨਾਇਆ। ਧੰਨ ਭਾਗ ਮੇਰੇ ਜੇ ਭੈਣ ਪਿਆਰੀ ਮਿਲਿਆ ਗੁਰਸਿਖ ਭਰਾ, ਮੇਰੀ ਲੱਜਿਆ ਲਏ ਰਖਾਇਆ। ਮੇਰੇ ਸਿਰ ਉਪਰ ਰੱਖੇ ਠੰਡੀ ਛਾਂ, ਦੂਤੀ ਦੁਸ਼ਟ ਨੇੜ ਕੋਇ ਨਾ ਆਇਆ। ਸਤਿਜੁਗ ਵਖਾਏ ਸਾਚਾ ਰਾਹ, ਚਾਰ ਵਰਨਾਂ ਨਾਤਾ ਜੋੜ ਜੁੜਾਇਆ। ਨਾ ਕੋਈ ਖਾਏ ਸੂਰ ਗਾਂ, ਰੱਤੀ ਮੁਖ ਰੱਤ ਨਾ ਕੋਇ ਲਗਾਇਆ। ਘਰ ਘਰ ਉਡਣੇ ਅੰਤਮ ਕਾਂ, ਸੁੰਞੀ ਰੈਣ ਦਏ ਦੁਹਾਇਆ। ਬਿਨ ਸਤਿਗੁਰ ਪੂਰੇ ਕੋਇ ਨਾ ਪਕੜੇ ਬਾਂਹ, ਵੇਲੇ ਅੰਤ ਨਾ ਕੋਇ ਛੁਡਾਇਆ। ਜੁਗ ਜੁਗ ਕਰਦਾ ਆਇਆ ਸਚ ਨਿਆਂ, ਰਾਮਾ ਕ੍ਰਿਸ਼ਨਾ ਰੂਪ ਵਟਾਇਆ। ਕਲਜੁਗ ਅੰਤਮ ਨਿਥਾਵਿਆਂ ਦੇਵੇ ਸਾਚਾ ਥਾਂ, ਗ਼ਰੀਬ ਨਿਮਾਣਿਆਂ ਗੋਦ ਬਹਾਇਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦੇਵੇ ਖ਼ਾਕ ਮਿਲਾ, ਸੀਸ ਤਾਜ ਨਾ ਕੋਇ ਟਿਕਾਇਆ। ਸਾਚਾ ਸ਼ਬਦੀ ਹੁਕਮ ਦਏ ਚਲਾ, ਦੂਜੀ ਧਾਰ ਨਾ ਕੋਇ ਬੰਧਾਇਆ। ਨੌ ਖੰਡ ਪ੍ਰਿਥਮੀ ਏਕਾ ਮਾਰਗ ਲਏ ਲਗਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਿੰਨੜੀ ਰੈਣ ਵਖਾਏ ਸਾਚਾ ਘਰ, ਹਰਿ ਸੰਗਤ ਮੇਲ ਮਿਲਾਇਆ। ਭਿੰਨੜੀ ਰੈਣ ਸੰਗਤ ਮੇਲਾ, ਪੰਚਮ ਜੇਠ ਹੋਈ ਕੁੜਮਾਈਆ। ਲੇਖਾ ਜਾਣੇ ਗੁਰੂ ਗੁਰ ਚੇਲਾ, ਗੋਬਿੰਦ ਦਾਤਾ ਬੇਪਰਵਾਹੀਆ। ਆਦਿ ਜੁਗਾਦੀ ਸੱਜਣ ਸੁਹੇਲਾ, ਸੁਖ ਸਾਗਰ ਰੂਪ ਵਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਦਏ ਸਾਲਾਹੀਆ। ਭਿੰਨੀ ਰੈਨੜੀਏ ਤੇਰਾ ਸੱਚਾ ਰੰਗ, ਹਰਿ ਸੰਗਤ ਆਪ ਚੜ੍ਹਾਈਆ। ਹਰਿ ਸੰਗਤ ਮੰਗੇ ਏਕਾ ਮੰਗ, ਗੁਰ ਦਰਸ ਨੈਣ ਤ੍ਰਿਪਤਾਈਆ। ਸਤਿਗੁਰ ਪੂਰਾ ਦਾਤਾ ਵਡ ਸਰਬੰਗ, ਦੋਹਾਂ ਮੇਲੇ ਸਾਚੇ ਥਾਈਂਆ। ਆਪ ਲਗਾਏ ਆਪਣੇ ਅੰਗ, ਆਪਣੇ ਅੰਗਣ ਦਏ ਵਡਿਆਈਆ। ਸ਼ਬਦ ਵਜਾਏ ਇਕ ਮਰਦੰਗ, ਆਪੇ ਸੁਤਿਆਂ ਰਿਹਾ ਜਗਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਇਆ ਲੰਘ, ਲੋਕਮਾਤ ਜੋਤ ਕਰੇ ਰੁਸ਼ਨਾਈਆ। ਇਕ ਸੁਣਾਏ ਸੁਹਾਗੀ ਛੰਦ, ਸਾਚਾ ਢੋਲਾ ਆਪੇ ਗਾਈਆ। ਕਲਜੁਗ ਜੀਵ ਭਾਗਾਂ ਮੰਦ, ਕਰਵਟ ਕੋਇ ਨਾ ਸਕੇ ਬਦਲਾਈਆ। ਜਿਸ ਜਨ ਦੇਵੇ ਆਪਣਾ ਪਰਮਾਨੰਦ, ਪ੍ਰਿਆ ਪ੍ਰੀਤਮ ਦਏ ਮਿਲਾਈਆ। ਜਿਸ ਰਸਨਾ ਤਜਾਇਆ ਮਦਿਰਾ ਮਾਸ ਗੰਦ, ਭਰਮਾਂ ਕੰਧ ਆਪੇ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੀ ਰੈਨੜੀਏ ਤੇਰਾ ਸਾਚਾ ਛੰਦ, ਦਰ ਘਰ ਸਾਚੇ ਆਪੇ ਗਾਈਆ। ਦਰ ਘਰ ਸਾਚੇ ਗਾਵਣਾ, ਹਰਿ ਪਾਤਸ਼ਾਹ ਸੁਲਤਾਨ। ਸਤਿ ਪੁਰਖ ਨਿਰੰਜਣ ਇਕ ਮਨਾਵਣਾ, ਅਬਿਨਾਸ਼ੀ ਕਰਤਾ ਦੋ ਜਹਾਨ। ਦੂਸਰ ਸੀਸ ਨਾ ਕਿਸੇ ਝੁਕਾਵਣਾ, ਅੰਤਮ ਮਿਟੇ ਸਰਬ ਨਿਸ਼ਾਨ। ਪੁਰਖ ਅਕਾਲ ਏਕਾ ਨਜ਼ਰੀ ਆਵਣਾ, ਚਾਰ ਵਰਨਾਂ ਇਕ ਗਿਆਨ। ਏਕਾ ਇਸ਼ਟ ਧਿਆਨ ਲਗਾਵਣਾ, ਸਾਚਾ ਇਸ਼ਟ ਸ੍ਰੀ ਭਗਵਾਨ। ਪੱਥਰ ਕਾਗਜ਼ ਕਿਸੇ ਨਾ ਪਾਰ ਲੰਘਾਵਣਾ, ਗਾ ਗਾ ਥੱਕੇ ਵੇਦ ਪੁਰਾਨ। ਅੰਜੀਲ ਕੁਰਾਨਾਂ ਏਹ ਸਮਝਾਵਣਾ, ਸਾਚਾ ਨਬੀ ਦੇਵੇ ਸੱਚਾ ਇਕ ਈਮਾਨ। ਅਮਾਮ ਅਮਾਮਾ ਆਪ ਅਖਵਾਵਣਾ, ਆਪੇ ਮੇਟੇ ਪੰਜ ਸ਼ੈਤਾਨ। ਦਾਮਨਗੀਰ ਦਾਮਨ ਆਪ ਫੜਾਵਣਾ, ਆਪ ਸੁਣਾਏ ਅੱਲਾ ਇਕ ਰਾਮ। ਦਰ ਦਰਵਾਜ਼ਾ ਇਕ ਖੁਲ੍ਹਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੇਲਾ ਸਾਚੇ ਘਰ, ਪੰਚਮ ਮੋਹ ਆਪ ਚੁਕਾਵਣਾ । ਪੰਚਮ ਨਾਤਾ ਦੇਵੇ ਜੋੜ, ਗੁਰ ਸਤਿਗੁਰ ਵਡ ਵਡਿਆਈਆ। ਪੰਚਮ ਨਾਤਾ ਦੇਵੇ ਤੋੜ, ਗੁਰ ਸਤਿਗੁਰ ਬੇਪਰਵਾਹੀਆ। ਪੰਚਮ ਚਾੜ੍ਹੇ ਸਾਚੇ ਘੋੜ, ਗੁਰ ਸਤਿਗੁਰ ਸੱਚਾ ਸ਼ਹਿਨਸ਼ਾਹੀਆ। ਪੰਚਮ ਦਰ ਤੇ ਦੇਵੇ ਹੋੜ, ਦੇਵਣਹਾਰਾ ਆਪ ਸਜ਼ਾਈਆ। ਪੰਚਮ ਮੀਤਾ ਪੰਚ ਪਿਆਰਾ ਏਕੰਕਾਰਾ ਧੁਰ ਦਰਬਾਰਾ ਆਪੇ ਜਾਏ ਬੌਹੜ, ਆਪ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਜੇਠ ਦਿਵਸ ਸੁਹਾਵਣਾ, ਹਰਿ ਸੰਗਤ ਹਰਿ ਹਰਿ ਨਾਮ ਇਕ ਧਿਆਵਣਾ, ਏਕਾ ਲੇਖਾ ਦਏ ਮੁਕਾਈਆ। ਏਕਾ ਲੇਖਾ ਪਾਰ ਕਰਾਏ, ਬੰਦੀ ਛੋੜ ਆਪ ਅਖਵਾਇੰਦਾ। ਏਕਾ ਬੇੜੇ ਲਏ ਚੜ੍ਹਾਏ, ਸਾਚਾ ਬੇੜਾ ਆਪ ਚਲਾਇੰਦਾ। ਏਕਾ ਖੇੜਾ ਦਏ ਵਸਾਏ, ਸਾਚੇ ਨਗਰ ਡੇਰਾ ਲਾਇੰਦਾ। ਜਗਤ ਝੇੜਾ ਦਏ ਮਿਟਾਏ, ਜੋ ਜਨ ਸੋਹੰ ਰਸਨਾ ਗਾਇੰਦਾ। ਉਲਟਾ ਗੇੜਾ ਆਪ ਦਵਾਏ, ਮਨ ਮਣਕਾ ਆਪ ਫਿਰਾਇੰਦਾ। ਖੁਲ੍ਹਾ ਵਿਹੜਾ ਆਪ ਵਖਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਏਕਾ ਵਰ, ਘਰ ਸਾਚਾ ਆਪ ਸੁਹਾਇੰਦਾ। ਘਰ ਸਾਚੇ ਸੁੱਖ ਪਾਇਆ, ਹਉਮੇ ਰੋਗ ਨਿਵਾਰ। ਪੁਰਖ ਅਬਿਨਾਸ਼ੀ ਇਕ ਮਨਾਇਆ, ਨਾਤਾ ਤੋੜ ਸਰਬ ਸੰਸਾਰ। ਕੰਤ ਸੁਹਾਗੀ ਇਕ ਹੰਢਾਇਆ, ਧੰਨ ਸੁਲੱਖਣੀ ਸੋਭਾਵੰਤੀ ਹੋਈ ਨਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਦੇਵੇ ਜੀਆ ਦਾਨ, ਦਾਤਾ ਦਾਨੀ ਦਇਆ ਆਪ ਕਮਾਈਆ।
