Granth 09 Likhat 107: 6 Jeth 2017 Bikarmi Nanak Chand Prem Chand Bhola Ram de Ghar Pind Sardari Jila Jammu

੬ ਜੇਠ ੨੦੧੭ ਬਿਕ੍ਰਮੀ ਨਾਨਕ ਚੰਦ ਪ੍ਰੇਮ ਚੰਦ ਭੋਲਾ ਰਾਮ ਦੇ ਘਰ ਪਿੰਡ ਸਰਦਾਰੀ ਜ਼ਿਲਾ ਜੰਮੂ

ਜੋਤ ਜਗਾਏ ਜਗਤ ਜੋਤ, ਜਾਗਰਤ ਜੋਤ ਹਰਿ ਰਘੁਰਾਈਆ। ਜਗਤ ਭਵਾਏ ਕੋਟੀ ਕੋਟ, ਕੋਟਨ ਕੋਟ ਰੂਪ ਵਟਾਈਆ। ਸ਼ਬਦ ਲਗਾਏ ਸਾਚੀ ਚੋਟ, ਸਚ ਨਗਾਰਾ ਆਪ ਵਜਾਈਆ। ਇਕ ਰਖਾਏ ਆਪਣੀ ਓਟ, ਪੁਰਖ ਅਬਿਨਾਸ਼ੀ ਵਡ ਵਡਿਆਈਆ। ਬ੍ਰਹਮਾ ਵਿਸ਼ਨ ਸ਼ਿਵ ਬਣਾਏ ਓਤ ਪੋਤ, ਬ੍ਰਹਮਾ ਵਿਸ਼ਨ ਸ਼ਿਵ ਲੋਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਉਜਿਆਰ ਇਕ ਕਰਾਈਆ। ਜੋਤ ਉਪਜਾਏ ਹਰਿ ਰਘੁਰਾਏ, ਆਦਿ ਅੰਤ ਨਾ ਕੋਈ ਜਣਾਇੰਦਾ। ਸੁਤੇ ਪਰਕਾਸ਼ ਆਪ ਕਰਾਏ, ਆਪ ਆਪਣਾ ਰੂਪ ਵਟਾਇੰਦਾ। ਆਪਣੇ ਮੰਦਰ ਆਪ ਟਿਕਾਏ, ਘਰ ਬੰਕ ਆਪ ਸੁਹਾਇੰਦਾ। ਆਪਣਾ ਖੇਲ ਆਪ ਖਿਲਾਏ, ਦੂਸਰ ਸੰਗ ਨਾ ਕੋਈ ਰਖਾਇੰਦਾ। ਆਪਣੀ ਸੋਭਾ ਆਪ ਜਣਾਏ, ਗੁਣਵੰਤਾ ਨਾਉਂ ਧਰਾਇੰਦਾ। ਆਪਣੀ ਖੇਲ ਆਪ ਖਿਲਾਏ, ਆਪਣਾ ਭੇਵ ਆਪ ਖੁਲ੍ਹਾਇੰਦਾ । ਸਾਚੀ ਕਰਨੀ ਕਿਰਤ ਕਮਾਏ, ਕਰਤਾ ਪੁਰਖ ਨਾਉਂ ਵਡਿਆਇੰਦਾ। ਦਰਗਹਿ ਸਾਚੀ ਡੇਰਾ ਲਾਏ, ਦਰ ਸੁਹੰਜਣਾ ਇਕ ਰਖਾਇੰਦਾ। ਸੋ ਪੁਰਖ ਨਿਰੰਜਣ ਆਪਣਾ ਪਰਦਾ ਆਪੇ ਲਾਹੇ, ਆਪ ਆਪਣਾ ਰੂਪ ਪ੍ਰਗਟਾਇੰਦਾ। ਏਕੰਕਾਰਾ ਨਾਉਂ ਰਖਾਏ, ਨਿਰਗੁਣ ਧਾਰਾ ਆਪ ਚਲਾਇੰਦਾ। ਅਬਿਨਾਸ਼ੀ ਕਰਤਾ ਆਪਣੀ ਗਤਮਿਤ ਆਪ ਜਣਾਏ, ਲੇਖਾ ਲੇਖ ਨਾ ਕੋਈ ਵਖਾਇੰਦਾ। ਸ੍ਰੀ ਭਗਵਾਨ ਸਾਚੇ ਤਖ਼ਤ ਡੇਰਾ ਲਾਏ, ਸ਼ਾਹ ਸੁਲਤਾਨ ਆਪਣਾ ਹੁਕਮ ਚਲਾਇੰਦਾ। ਪਾਰਬ੍ਰਹਮ ਨਿਰਗੁਣ ਨੂਰ ਕਰ ਰੁਸ਼ਨਾਏ, ਜੋਤੀ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤ ਜੋਤ ਉਜਾਲਾ, ਏਕਾ ਨੂਰ ਪੁਰਖ ਅਕਾਲਾ, ਦੀਨ ਦਿਆਲਾ ਖੇਲ ਖਿਲਾਇੰਦਾ। ਸਾਚੀ ਜੋਤ ਹਰਿ ਕਰ ਤਿਆਰ, ਅਗੰਮ ਅਗੰਮੜੇ ਧਾਮ ਸੁਹਾਈਆ। ਏਕਾ ਖੋਲ੍ਹ ਆਪ ਕਿਵਾੜ, ਆਪੇ ਵੇਖੇ ਵੇਖ ਵਖਾਈਆ। ਆਪਣੇ ਉਪਰ ਆਪੇ ਹੋਏ ਮੋਹਤ ਨਿਰੰਕਾਰ, ਨਿਰਗੁਣ ਨਿਰਗੁਣ ਲਏ ਪਰਨਾਈਆ। ਨਿਰਗੁਣ ਕੰਤ ਨਿਰਗੁਣ ਨਾਰ, ਨਿਰਗੁਣ ਸਾਚੀ ਸੇਜ ਸੁਹਾਈਆ। ਨਿਰਗੁਣ ਕੰਤ ਨਿਰਗੁਣ ਭਤਾਰ, ਨਿਰਗੁਣ ਸੇਵਕ ਸੇਵਾ ਕਰੇ ਅਪਾਰ, ਦਰਗਹਿ ਸਾਚੀ ਸੇਵ ਕਮਾਈਆ। ਨਿਰਗੁਣ ਆਪ ਆਪਣਾ ਮਹੱਲ ਲਏ ਉਸਾਰ, ਜੋਤੀ ਬਾਤੀ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤੀ ਜੋਤ ਜਗਾਈਆ। ਜੋਤੀ ਜੋਤ ਗਈ ਜਗ, ਸ੍ਰੀ ਭਗਵਾਨ ਆਪ ਜਗਾਇੰਦਾ। ਕਰੇ ਖੇਲ ਸੂਰਾ ਸਰਬੰਗ, ਭੇਵ ਕੋਈ ਨਾ ਪਾਇੰਦਾ। ਆਪਣੀ ਸਰਨਾਈ ਆਪੇ ਲੱਗ, ਆਪ ਆਪਣਾ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਜੋਤ ਕਰ ਤਿਆਰ, ਜੋਤੀ ਅੰਦਰੋਂ ਆਏ ਬਾਹਰ, ਸਾਚੀ ਧਾਰਾ ਆਪ ਵਹਾਇੰਦਾ। ਸਾਚੀ ਧਾਰਾ ਜੋਤੀ ਜੋਤ, ਪੁਰਖ ਅਬਿਨਾਸ਼ੀ ਜੋਤ ਉਪਾਇੰਦਾ। ਆਪੇ ਖੇਲੇ ਖੇਲ ਅਲੱਖ ਨਿਰੰਜਣ ਅਨਕ ਬਾਰ, ਕੋਟੀ ਕੋਟ ਕੋਟ ਕੋਟਾਂ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਖੇਲ ਖਲੰਤਾ ਆਪ ਹੋ ਜਾਇੰਦਾ। ਗੋਬਿੰਦ ਗਾਇਆ ਹਰਿ ਹਰਿ ਗੀਤ, ਅੰਤਰ ਆਤਮ ਇਕ ਲਿਵ ਲਾਈਆ। ਨਾ ਮੰਦਰ ਵੜਿਆ ਕਿਸੇ ਮਸੀਤ, ਗੁਰਦੁਆਰ ਨਾ ਚਰਨ ਟਿਕਾਈਆ। ਪੁਰਖ ਅਗੰਮਾ ਏਕਾ ਧਾਮ ਰਿਹਾ ਡੀਠ, ਚਾਰੋਂ ਕੁੰਟ ਵੇਖ ਵਖਾਈਆ। ਆਦਿ ਜੁਗਾਦੀ ਨਾ ਸੋਏ ਦੇ ਕਰ ਪੀਠ, ਜੋ ਜਨ ਧਿਆਨ ਲਗਾਈਆ। ਸਦਾ ਸੁਹੇਲਾ ਹੋਏ ਮੀਤ, ਮੀਤ ਮੁਰਾਰਾ ਬੇਪਰਵਾਹੀਆ। ਥਿਰ ਘਰ ਵਸੇ ਧਾਮ ਅਤੀਤ, ਤ੍ਰੈਗੁਣ ਮਾਇਆ ਬੰਧਨ ਪਾਇਆ। ਲੱਖ ਚੁਰਾਸੀ ਪਰਖੇ ਨੀਤ, ਗੁਰ ਗੋਬਿੰਦ ਵੇਖੇ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਗੀਤ ਦਏ ਸਮਝਾਈਆ। ਸਾਚਾ ਗੀਤ ਗਾਇਆ ਢੋਲਾ, ਪੁਰਖ ਅਬਿਨਾਸ਼ੀ ਇਕ ਮਨਾਇਆ। ਮਾਛੂਵਾੜਾ ਪਾਟਾ ਚੋਲਾ, ਸੂਲਾਂ ਸੱਥਰ ਹੇਠ ਵਿਛਾਇਆ। ਪੰਜ ਤਤ ਮਾਟੀ ਰੱਖਿਆ ਓਹਲਾ, ਆਪਣਾ ਬੋਲਾ ਨਾ ਕਿਸੇ ਸੁਹਾਇਆ। ਨਿਰਗੁਣ ਅੰਦਰ ਕਰਿਆ ਤੋਲਾ, ਆਪਣਾ ਹੱਟ ਆਪ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬੂਝ ਬੁਝਾਇਆ। ਗੋਬਿੰਦ ਗਾਏ ਹਰਿ ਹਰਿ ਕਰਤਾਰ, ਰਸਨਾ ਜੇਹਵਾ ਨਾ ਕੋਈ ਹਿਲਾਈਆ। ਨਿਰਭੈ ਹੋਏ ਕਦੇ ਨਾ ਡਰਦਾ, ਭੈ ਆਪਣਾ ਸਰਬ ਵਖਾਈਆ। ਅਜੂਨੀ ਰਹਿਤ ਕਦੇ ਨਾ ਮਰਦਾ, ਜਨਮ ਮਰਨ ਵਿਚ ਨਾ ਆਈਆ। ਗੁਰੂਆਂ ਪੀਰਾਂ ਸਾਧਾਂ ਸੰਤਾਂ ਘਾੜਣ ਘੜਦਾ, ਘੜਣ ਭੰਨਣਹਾਰ ਆਪ ਅਖਵਾਈਆ। ਪੰਜ ਤਤ ਕਾਇਆ ਚੋਲੇ ਅੰਦਰ ਆਪੇ ਵੜਦਾ, ਆਪ ਆਪਣੀ ਵਸਤ ਟਿਕਾਈਆ। ਗੋਬਿੰਦ ਇਕ ਅਕਾਲ ਸਯਦਾ ਏਕਾ ਕਰਦਾ, ਦੂਸਰ ਸੀਸ ਨਾ ਕਿਸੇ ਝੁਕਾਈਆ। ਹਉਂ ਸੇਵਕ ਹੋਇਆ ਤੇਰਾ ਬਰਦਾ, ਤੇਰੀ ਬੱਧੀ ਨਾ ਕੋਈ ਛੁਡਾਈਆ। ਕਰਿਆ ਖੇਲ ਨਰਾਇਣ ਨਰ ਦਾ, ਨਰ ਨਰੇਸ਼ ਸਭਨੀ ਥਾਈਂਆ। ਤੇਰਾ ਭਾਣਾ ਮੈਂ ਲੋਕ ਮਾਤ ਜਰਦਾ, ਮਾਤ ਪਿਤ ਨਾਤਾ ਤੋੜਿਆ ਸਾਕ ਸੱਜਣ ਸੈਣ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਨੇਹੁੜਾ ਇਕ ਸੁਣਾਈਆ। ਸ਼ਬਦ ਸੁਨੇਹੜਾ ਇਕ ਭਗਵਾਨ, ਆਪਣਾ ਆਪ ਸੁਣਾਇੰਦਾ। ਪੁਰਖ ਅਬਿਨਾਸ਼ੀ ਧੁਰ ਫ਼ਰਮਾਣ, ਸ਼ਬਦ ਅਗੰਮੀ ਆਪ ਜਣਾਇੰਦਾ। ਗੋਬਿੰਦ ਸੂਰਾ ਨੌਜਵਾਨ, ਆਪ ਆਪਣੇ ਗਲ ਲਗਾਇੰਦਾ। ਏਥੇ ਓਥੇ ਵੇਖੇ ਦੋ ਜਹਾਨ, ਵਿਛੜ ਕਦੇ ਨਾ ਜਾਇੰਦਾ। ਤੇਰਾ ਤੇਰੇ ਉਤੋਂ ਕਰ ਕੁਰਬਾਨ, ਆਪ ਆਪਣੀ ਝੋਲੀ ਪਾਇੰਦਾ। ਤੇਰਾ ਝੁਲਾਏ ਸਚ ਨਿਸ਼ਾਨ, ਲੋਕਮਾਤ ਆਪ ਵਖਾਇੰਦਾ। ਸ੍ਰਿਸ਼ਟ ਸਬਾਈ ਮੰਨੇ ਆਣ, ਏਕਾ ਹੁਕਮੀ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਸੁਣਾਏ ਸਚ ਸੰਦੇਸ਼, ਪਾਰਬ੍ਰਹਮ ਪ੍ਰਭ ਨਰ ਨਰੇਸ਼, ਦਿਸ ਕਿਸੇ ਨਾ ਆਇੰਦਾ। ਗੋਬਿੰਦ ਗਾਏ ਗੋਬਿੰਦ ਹਰਿ, ਗੋਬਿੰਦ ਗੋਬਿੰਦ ਵਿਚ ਸਮਾਈਆ। ਗੋਬਿੰਦ ਨਾਰੀ ਕੰਤ ਮਿਲਿਆ ਵਰ, ਗੁਰ ਗੋਬਿੰਦ ਸੇਜ ਹੰਢਾਈਆ । ਗੋਬਿੰਦ ਅੱਗੇ ਗੋਬਿੰਦ ਆਪਣਾ ਆਪ ਦਿਤਾ ਧਰ, ਗੋਬਿੰਦ ਗੋਬਿੰਦ ਝੋਲੀ ਪਾਈਆ। ਗੋਬਿੰਦ ਭੰਡਾਰਾ ਰਿਹਾ ਭਰ, ਗੋਬਿੰਦ ਗੋਬਿੰਦ ਰਿਹਾ ਵਰਤਾਈਆ। ਆਪਣੀ ਕਰਨੀ ਆਪੇ ਲਏ ਕਰ, ਆਦਿ ਅੰਤ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਕਰੇ ਕੌਲ ਇਕਰਾਰ, ਕੀਤਾ ਕੌਲ ਆਪ ਨਿਭਾਈਆ। ਸਾਚਾ ਕਰਿਆ ਹਰਿ ਇਕਰਾਰ, ਕਲਮ ਲੇਖ ਨਾ ਕੋਈ ਲਿਖਾਇੰਦਾ। ਨਿਰਗੁਣ ਨਿਰਗੁਣ ਕਰੇ ਪਿਆਰ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਨਿਰਗੁਣ ਸ਼ਾਹ ਬਣੇ ਸਿਕਦਾਰ, ਨਿਰਗੁਣ ਨਿਰਗੁਣ ਹੁਕਮ ਚਲਾਇੰਦਾ। ਨਿਰਗੁਣ ਜੋਤ ਜਗੇ ਨਿਰੰਕਾਰ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਨਿਰਗੁਣ ਭੱਠ ਕਰੇ ਸੰਸਾਰ, ਨਿਰਗੁਣ ਖੇੜਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬੂਝ ਬੁਝਾਇੰਦਾ। ਪੁਰਖ ਅਬਿਨਾਸ਼ੀ ਭੇਵ ਖੁਲ੍ਹਾਇਆ, ਗੋਬਿੰਦ ਗੁਰ ਸਮਝਾਈਆ। ਤੇਰਾ ਲਹਿਣਾ ਆਪਣੀ ਝੋਲੀ ਪਾਇਆ, ਸਿਰ ਆਪਣੇ ਰਿਹਾ ਉਠਾਈਆ। ਤੇਰਾ ਚੋਲਾ ਲਏ ਬਦਲਾਇਆ, ਏਕਾ ਢੋਲਾ ਆਪੇ ਗਾਈਆ। ਤੇਰਾ ਹੋਲਾ ਲਏ ਮਨਾਇਆ, ਖੇਲੇ ਖੇਲ ਸ੍ਰਿਸ਼ਟ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚਾ ਇਕ ਵਖਾਈਆ। ਗੋਬਿੰਦ ਸੁਣਿਆ ਹਰਿ ਹਰਿ ਗੀਤ, ਸੋ ਪੁਰਖ ਨਿਰੰਜਣ ਆਪ ਸੁਣਾਇਆ। ਮਾਨਸ ਜਨਮ ਜਾਣਾ ਜੀਤ, ਪੰਜ ਤਤ ਤਤ ਮੁਕਾਇਆ। ਕਲਜੁਗ ਅੰਤਮ ਚਲੇ ਚਲਾਏ ਸਾਚੀ ਰੀਤ, ਲੋਕਮਾਤ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੇਰੇ ਤੇਰੇ ਦਏ ਲੜ ਲਗਾਇਆ। ਕਲਜੁਗ ਵੇਲਾ ਅੰਤਮ ਔਣਾ, ਸ਼ਾਹ ਪਾਤਸ਼ਾਹ ਆਪ ਜਣਾਇੰਦਾ। ਗੋਬਿੰਦ ਤੇਰਾ ਸੰਗ ਨਿਭੌਣਾ, ਪੁਰਖ ਅਬਿਨਾਸ਼ੀ ਮੇਲ ਮਿਲਾਇੰਦਾ। ਨਿਰਗੁਣ ਹੋ ਹੋ ਜਾਮਾ ਪੌਣਾ, ਮਾਤ ਪਿਤ ਨਾ ਕੋਈ ਬਣਾਇੰਦਾ। ਤੇਰੇ ਅੰਦਰ ਡੇਰਾ ਲੌਣਾ, ਤੇਰੀ ਪਲੰਘ ਸੇਜ ਸੁਹਾਇੰਦਾ। ਤੇਰੇ ਮੰਦਰ ਬਹਿ ਬਹਿ ਗੌਣਾ, ਤੇਰਾ ਇਸ਼ਟ ਆਪ ਮਨਾਇੰਦਾ। ਤੇਰੀ ਵੇਖੇ ਠੰਡੀ ਪੌਣ, ਸਾਂਤਕ ਆਪਣਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਹੁਕਮ ਆਪ ਸੁਣਾਇੰਦਾ। ਸਾਚਾ ਹੁਕਮ ਸੁਣ ਗੋਬਿੰਦ, ਘਰ ਸਾਚੇ ਖ਼ੁਸ਼ੀ ਮਨਾਇੰਦਾ। ਜਗਤ ਮਿਟੌਣੀ ਸਗਲੀ ਚਿੰਦ, ਚਿੰਤ ਸੋਗ ਨਾ ਕੋਈ ਰਖਾਇੰਦਾ। ਮੇਲ ਮਿਲਾਵਾ ਗੁਣੀ ਗਹਿੰਦ, ਘਰ ਸਾਚੇ ਸੋਭਾ ਪਾਇੰਦਾ। ਪੁਰਖ ਅਬਿਨਾਸ਼ੀ ਆਪ ਉਪਜਾਈ ਆਪਣੀ ਬਿੰਦ, ਦੁਸ਼ਟ ਦਮਨ ਲੇਖੇ ਲਾਇੰਦਾ। ਨਾ ਕੋਈ ਕਰਾਏ ਹਵਨ ਕੁੰਡ, ਨੈਣਾਂ ਦੇਵੀ ਨਾ ਦੇਵ ਜਗਾਇੰਦਾ। ਹੇਮ ਕੁੰਡ ਨਾ ਹੋਣਾ ਸੁੰਨ, ਨੇਤਰ ਬੰਦ ਨਾ ਕੋਈ ਵਖਾਇੰਦਾ। ਤੇਰੇ ਅੰਦਰ ਰੱਖੇ ਆਪਣੀ ਧੁਨ, ਆਪਣਾ ਰਾਗ ਆਪ ਸਮਝਾਇੰਦਾ। ਤੇਰੀ ਪੁਕਾਰ ਲਏ ਸੁਣ, ਜਗਤ ਪੁਕਾਰ ਤੇਰੇ ਅੱਗੇ ਰਖਾਇੰਦਾ। ਤੇਰੇ ਤੇਰੇ ਵਿਚੋਂ ਕੱਢੇ ਚੁਣ, ਜੋ ਤੇਰੀ ਸੇਵ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸੰਦੇਸ਼ਾ ਇਕ ਸੁਣਾਇੰਦਾ। ਸਚ ਸੰਦੇਸ਼ਾ ਸਤਿਗੁਰ ਸੁਣਿਆ, ਲੋਕਮਾਤ ਖ਼ੁਸ਼ੀ ਮਨਾਈਆ। ਲੇਖਾ ਚੁਕਿਆ ਗੁਣ ਅਵਗੁਣਿਆ, ਗੁਣਵੰਤ ਨਾ ਕੋਈ ਗੁਣ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਲ ਮਿਲਾਵਾ ਕਰੇ ਕਰਾਏ ਸਹਿਜ ਸੁਭਾਈਆ । ਆਪਣੀ ਕੀਤੀ ਕਦੇ ਨਾ ਭੁੱਲੇ, ਅਭੁਲ ਆਪ ਅਖਵਾਇੰਦਾ। ਝੂਠੇ ਕੰਡੇ ਕਦੇ ਨਾ ਤੁਲੇ, ਸਾਚਾ ਤੋਲਾ ਤੋਲ ਤੁਲਾਇੰਦਾ। ਤ੍ਰੈਗੁਣ ਮਾਇਆ ਵਿਚ ਕਦੇ ਨਾ ਰੁਲੇ, ਦਰਗਹਿ ਸਾਚੀ ਸੋਭਾ ਪਾਇੰਦਾ। ਵੇਖਣਹਾਰਾ ਕਾਇਆ ਕੁੱਲੇ, ਘਰ ਘਰ ਆਪਣੀ ਜੋਤ ਜਗਾਇੰਦਾ। ਗੋਬਿੰਦ ਬੂਟਾ ਕਦੇ ਨਾ ਹੁੱਲੇ, ਪੁਰਖ ਅਬਿਨਾਸ਼ੀ ਫਲ ਲਗਾਇੰਦਾ। ਭਾਗ ਲਗਾਏ ਸਾਚੀ ਕੁੱਲੇ, ਕੁਲਵੰਤਾ ਆਪ ਅਖਵਾਇੰਦਾ। ਕਲਜੁਗ ਅੰਧੇਰਾ ਏਕਾ ਝੁੱਲੇ, ਲੱਖ ਚੁਰਾਸੀ ਜੜ੍ਹ ਉਖੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕੀਤਾ ਕੌਲ ਪੂਰਾ ਕਰਾਇੰਦਾ। ਕੀਤਾ ਕੌਲਾ ਹਰਿ ਭਗਵਾਨ, ਆਪਣੀ ਖੇਲ ਆਪ ਖਿਲਾਈਆ। ਪ੍ਰਗਟ ਹੋਏ ਵਾਲੀ ਦੋ ਜਹਾਨ, ਨਿਹਕਲੰਕ ਨਾਉਂ ਰਖਾਈਆ। ਤੇਰਾ ਕਰੇ ਇਕ ਧਿਆਨ, ਸਚ ਗਿਆਨ ਆਪਣੇ ਵਿਚ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਕਰਿਆ ਕੌਲ ਇਕਰਾਰ, ਖੇਲੇ ਖੇਲ ਅਗੰਮ ਅਪਾਰ, ਭੁੱਲ ਨਾ ਜਾਏ ਵਿਚ ਸੰਸਾਰ, ਅਭੁਲ ਗੁਰ ਆਪ ਅਖਵਾਈਆ। ਨਿਹਕਲੰਕਾ ਨਾਉਂ ਧਰਾਇਆ, ਪੁਰਖ ਅਬਿਨਾਸ਼ੀ ਜੋਤ ਜਗਾਈਆ। ਗੋਬਿੰਦ ਸਾਜਣ ਮੇਲ ਮਿਲਾਇਆ, ਥਿਰ ਘਰ ਸਾਚੇ ਵੱਜੀ ਵਧਾਈਆ। ਸਚ ਸਿੰਘਾਸਣ ਆਸਣ ਲਾਇਆ, ਪੁਰਖ ਅਬਿਨਾਸ਼ੀ ਸੇਜ ਸੁਹਾਈਆ। ਸੰਬਲ ਨਗਰੀ ਨਾਉਂ ਧਰਾਇਆ, ਜੋਤ ਅਕਗਰੀ ਇਕ ਜਗਾਈਆ। ਸ਼ਬਦ ਅਨਾਦੀ ਨਾਦ ਸੁਣਾਇਆ, ਬ੍ਰਹਮ ਬ੍ਰਹਿਮਾਦੀ ਖੋਜ ਖੁਜਾਈਆ। ਆਦਿ ਜੁਗਾਦੀ ਵੇਸ ਵਟਾਇਆ, ਇਕ ਇਕੱਲਾ ਬੇਪਰਵਾਹੀਆ। ਬ੍ਰਹਮਾ ਵਿਸ਼ਨ ਸ਼ਿਵ ਲਏ ਜਗਾਇਆ, ਤੇਰੀ ਸੇਵਕ ਬਖ਼ਸ਼ੇ ਸਚ ਸਰਨਾਈਆ। ਸਾਚੇ ਮੰਦਰ ਕਰ ਰੁਸ਼ਨਾਇਆ, ਅਗਿਆਨ ਅੰਧੇਰ ਦਏ ਮਿਟਾਈਆ। ਤੇਰਾ ਬੂਟਾ ਮਾਤਲੋਕ ਦਏ ਲਗਾਇਆ, ਸਾਢੇ ਤਿੰਨ ਹੱਥ ਰਚਨ ਰਚਾਈਆ। ਨੌ ਦਰ ਮੰਦਰ ਆਪ ਖੁਲ੍ਹਾਇਆ, ਦਰ ਦਰਵਾਜ਼ਾ ਬੇਪਰਵਾਹੀਆ। ਸਤ ਰੰਗ ਨਿਸ਼ਾਨਾ ਤੇਰੀ ਰਤ ਆਪ ਰੰਗਾਇਆ, ਗੁਰ ਅਰਜਨ ਮੇਲ ਮਿਲਾਈਆ। ਪੰਚਮ ਮੁਖੀ ਤਾਜ ਤੇਰੇ ਸੀਸ ਟਿਕਾਇਆ, ਗੜ੍ਹੀ ਚਮਕੌਰ ਭੁੱਲ ਨਾ ਜਾਈਆ। ਤੇਰਾ ਡੁੱਬਦਾ ਬੇੜਾ ਸਾਚਾ ਜਹਾਜ਼ ਆਪ ਤਰਾਇਆ, ਸਰਸਾ ਲੇਖਾ ਰਿਹਾ ਮੁਕਾਈਆ। ਆਪਣਾ ਸਾਜਣ ਸਾਜ ਪ੍ਰਭ ਆਪੇ ਆਇਆ, ਨਾ ਕੋਈ ਦੇਵੇ ਹੋਰ ਸਾਲਾਹੀਆ। ਮਾਝੇ ਦੇਸ ਡੇਰਾ ਲਾਇਆ, ਨਰ ਨਰੇਸ਼ ਇਕ ਅਖਵਾਈਆ। ਪਹਿਲੀ ਚੇਤ ਦਿਵਸ ਮਨਾਇਆ, ਵੀਹ ਸੌ ਸਤਾਰਾਂ ਬਿਕ੍ਰਮੀ ਨਾਲ ਰਲਾਈਆ। ਯਾਰਾਂ ਨਾਲ ਯਾਰ ਬਣ ਕੇ ਆਇਆ, ਗਵਾਰਾਂ ਨਾਲ ਹੋ ਗਵਾਰ, ਬਣ ਬਣ ਹੱਥ ਰਿਹਾ ਮਿਲਾਈਆ। ਆਪਣੀ ਖਿਚ ਸੱਚੀ ਕਟਾਰ, ਤੇਰੇ ਮਿਆਨੋਂ ਕੱਢੇ ਬਾਹਰ, ਗੁਰਮੁਖਾਂ ਹੱਥ ਫੜਾਈਆ। ਆਪਣਾ ਸੀਸ ਦਿਤਾ ਅੱਧਵਿਚਕਾਰ, ਜਗਤ ਜਗਦੀਸ਼ ਨਿਉਂ ਨਿਉਂ ਸੀਸ ਝੁਕਾਈਆ। ਤੇਰਾ ਵੇਖੇ ਰਾਜ ਜੋਗ ਸੱਚਾ ਸਿਕਦਾਰ, ਨੌ ਖੰਡ ਪ੍ਰਿਥਮੀ ਤੇਰੀ ਸਰਨ ਤਕਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਬ੍ਰਹਿਮੰਡ ਖੰਡ ਕਰਨ ਨਿਮਸਕਾਰ, ਦੂਸਰ ਓਟ ਨਾ ਕੋਇ ਤਕਾਈਆ। ਤੇਰਾ ਵਰਤੇ ਸਰਬ ਵਰਤਾਰ, ਤੇਰੀ ਸਿਖਿਆ ਸਚ ਪੜ੍ਹਾਈਆ। ਚਾਰ ਵਰਨ ਕਰਨ ਪਿਆਰ, ਹਰਿ ਮੇਲਾ ਸਹਿਜ ਸੁਭਾਈਆ। ਵਰਨ ਬਰਨ ਹੋਣ ਖ਼ਵਾਰ, ਮਿਲੇ ਦਰ ਨਾ ਸੱਚਾ ਕੋਇ ਥਾਈਂਆ। ਜੋ ਜਨ ਪੁਰਖ ਅਕਾਲ ਬੋਲੇ ਇਕ ਜੈਕਾਰ, ਹੰ ਬ੍ਰਹਮ ਲਏ ਮਿਲਾਈਆ। ਕਰਿਆ ਕੌਲ ਸੱਚਾ ਇਕਰਾਰ, ਬੇਕਰਾਰ ਪੂਰਾ ਲਏ ਕਰਾਈਆ। ਭੁੱਲ ਨਾ ਜਾਏ ਬਣ ਕੇ ਯਾਰ, ਸੱਥਰ ਯਾਰ ਜੋ ਰਿਹਾ ਹੰਢਾਈਆ। ਮਿੱਤਰ ਪਿਆਰਾ ਕਰੇ ਪਿਆਰ, ਆਪ ਆਪਣਾ ਰੂਪ ਵਟਾਈਆ। ਮੁਰੀਦ ਮੁਰਸ਼ਦ ਸੋਹਣ ਇਕ ਦਵਾਰ, ਏਕਾ ਹੁਜਰਾ ਰਿਹਾ ਬਣਾਈਆ। ਨੌ ਖੰਡ ਕਰੇ ਖ਼ਵਾਰ, ਕਲਜੁਗ ਮੁਜਰਾ ਦਏ ਵਖਾਈਆ। ਕੂੜ ਕੁੜਿਆਰਾ ਨੱਚੇ ਘਰ ਘਰ ਬਾਹਰ, ਮੁਖ ਘੂੰਗਟ ਲਏ ਉਠਾਈਆ। ਤੇਰੇ ਤੇਰੇ ਦੁਆਰੇ ਫੜ ਫੜ ਦੇਵੇ ਤਾਰ, ਤੇਰਾ ਪੱਲੂ ਆਪ ਫੜਾਈਆ। ਆਪੇ ਚੜ੍ਹ ਕੇ ਆਏ ਘੋੜ ਅਸਵਾਰ, ਨੀਲਾ ਨੀਲੀ ਧਾਰੋਂ ਪਾਰ ਕਰਾਈਆ। ਕਲਗੀ ਤੋੜਾ ਸੀਸ ਦਸਤਾਰ, ਜੋਤੀ ਜੋੜਾ ਸ਼ਬਦ ਮਿਲਾਈਆ। ਤੇਰਾ ਪੌੜਾ ਲੱਗੇ ਵਿਚ ਸੰਸਾਰ, ਬ੍ਰਹਿਮਣ ਗੌੜਾ ਰੂਪ ਵਟਾਈਆ। ਪੂਤ ਸਪੂਤਾ ਕਰ ਤਿਆਰ, ਸ਼ਬਦ ਅਵਧੂਤਾ ਰਿਹਾ ਦੌੜਾਈਆ। ਚਾਰੇ ਕੂਟਾਂ ਦਏ ਹੁਲਾਰ, ਜੂਠਾ ਝੂਠਾ ਠੂਠਾ ਭੰਨ ਵਖਾਈਆ। ਤੇਰੀ ਗੰਢ ਪਵੇ ਸੰਸਾਰ, ਨਾ ਕੋਈ ਖੋਲ੍ਹੇ ਖੋਲ੍ਹ ਖੁਲ੍ਹਾਈਆ। ਕਰੇ ਵੰਡਾਂ ਹਰਿ ਨਿਰੰਕਾਰ, ਵੰਡਣਹਾਰਾ ਦਿਸ ਨਾ ਆਈਆ। ਕਰਿਆ ਕੌਲ ਸੱਚੀ ਸਰਕਾਰ, ਉਪਰ ਧਵਲ ਪੂਰ ਕਰਾਈਆ। ਗੁਰਸਿਖ ਨਾ ਭੁੱਲਣਾ ਨਾ ਹੋਣਾ ਮਾਤ ਖਵਾਰ, ਬਿਨ ਸਤਿਗੁਰ ਪਾਰ ਨਾ ਕੋਇ ਕਰਾਈਆ। ਚਾਰੇ ਖਾਣੀ ਕਰੇ ਪੁਕਾਰ, ਪ੍ਰਭ ਮਿਲਣ ਦਾ ਮਾਰਗ ਰਹੀ ਬਤਾਈਆ। ਜਿਸ ਜਨ ਸਤਿਗੁਰ ਪੂਰਾ ਮਿਲੇ ਆਣ, ਜਪ ਤਪ ਨਾ ਕੋਇ ਵਖਾਈਆ। ਏਕਾ ਅੱਖਰ ਪੜ੍ਹੇ ਹਰਿ ਮਿਹਰਵਾਨ, ਸੋਹੰ ਸ਼ਬਦ ਸੱਚੀ ਕੁੜਮਾਈਆ। ਸਖੀਆਂ ਮਿਲਿਆ ਸਾਚਾ ਕਾਹਨ, ਘਰ ਘਰ ਬੰਸਰੀ ਨਾਮ ਵਜਾਈਆ। ਜਗਤ ਬਨਬਾਸ ਕੱਟਿਆ ਜਿਉਂ ਸੀਤਾ ਰਾਮ, ਸੀਤਾ ਸੁਰਤੀ ਬਣ ਬਣ ਖੋਜਣ ਕਦੇ ਨਾ ਜਾਈਆ। ਘਰ ਮਿਲਿਆ ਘਨੱਯਾ ਸ਼ਾਮ, ਅੰਧੇਰੀ ਸ਼ਾਮ ਦਏ ਮਿਟਾਈਆ। ਘਰ ਨਾਨਕ ਕਰ ਪਰਨਾਮ, ਘਰ ਗੋਬਿੰਦ ਫ਼ਤਿਹ ਗਜਾਈਆ। ਘਰ ਦੇਵਣਹਾਰਾ ਮਾਣ, ਗ਼ਰੀਬ ਨਿਮਾਣੇ ਗਲੇ ਲਗਾਈਆ। ਗੋਬਿੰਦ ਤੇਰੇ ਲਏ ਪਛਾਣ, ਆਦਿ ਅੰਤ ਭੁੱਲ ਨਾ ਜਾਈਆ। ਅੰਤਮ ਦੇਵੇ ਦਰਗਹਿ ਸਾਚੀ ਮਾਣ, ਸਚਖੰਡ ਦੁਆਰਾ ਆਪ ਖੁਲ੍ਹਾਈਆ। ਜੋ ਜਨ ਚਰਨੀ ਡਿੱਗਾ ਆਣ, ਲੱਖ ਚੁਰਾਸੀ ਦਏ ਕਟਾਈਆ। ਏਕਾ ਦੇਵੇ ਬ੍ਰਹਮ ਗਿਆਨ, ਪਾਰਬ੍ਰਹਮ ਮੇਲ ਮਿਲਾਈਆ। ਝੁਲਦਾ ਰਹੇ ਸਚ ਨਿਸ਼ਾਨ, ਹਰਿ ਸਾਚਾ ਆਪ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਕੌਲ ਕਰ, ਪੂਰੇ ਕਰੇ ਅੰਤਮ ਵਰ, ਭਰਮ ਭੁਲੇਖਾ ਦਏ ਕਢਾਈਆ। ਭਰਮ ਭੁਲੇਖਾ ਹਰਿਜਨ ਚੁੱਕਣਾ, ਮਿਟੇ ਰੈਣ ਅੰਧਿਆਰ। ਕਲਜੁਗ ਝੂਠਾ ਪੰਧ ਅੰਤਮ ਮੁੱਕਣਾ, ਸਤਿਜੁਗ ਸਚ ਹੋਏ ਉਜਿਆਰ। ਹਰਿ ਕਾ ਭਾਣਾ ਕਦੇ ਨਾ ਰੁਕਣਾ, ਗੁਰ ਗੋਬਿੰਦ ਕਰੇ ਪਿਆਰ। ਗੁਰਮੁਖ ਬੂਟਾ ਕਦੇ ਨਾ ਸੁੱਕਣਾ, ਪੁਰਖ ਅਬਿਨਾਸ਼ੀ ਅੰਮ੍ਰਿਤ ਸਿੰਚੇ ਠੰਡਾ ਠਾਰ। ਮਨਮੁਖ ਜੀਵ ਅੰਦਰ ਵੜ ਕਿਸੇ ਨਾ ਲੁਕਣਾ, ਅੰਤ ਜਮ ਡੰਡ ਖਾਏ ਮਾਰ। ਧਰਮ ਰਾਏ ਕੁੰਭੀ ਨਰਕ ਫੜ ਫੜ ਸੁੱਟਣਾ, ਜੂਨ ਅਜੂਨੀ ਫਿਰਾਏ ਵਾਰੋ ਵਾਰ। ਗੁਰਸਿਖ ਉਚੀ ਕੂਕ ਲੋਕਮਾਤ ਵਿਚ ਬੁੱਕਣਾ, ਨਾਲ ਮਿਲਿਆ ਸਿੰਘ ਸ਼ੇਰ ਸੱਚੀ ਸਰਕਾਰ। ਆਪਣਾ ਭਾਰ ਗੁਰਸਿਖ ਕਿਸੇ ਨਾ ਚੁੱਕਣਾ, ਪੁਰਖ ਅਬਿਨਾਸ਼ੀ ਚੁੱਕਣਹਾਰ। ਦੋ ਜਹਾਨਾਂ ਪੈਂਡਾ ਮੁਕਣਾ, ਪਾਂਧੀ ਪੰਧ ਨਾ ਕਰੇ ਦੂਜੀ ਵਾਰ। ਚਰਨ ਦਵਾਰੇ ਜਿਸ ਜਨ ਝੁਕਣਾ, ਲੱਖ ਚੁਰਾਸੀ ਨਾ ਹੋਏ ਖ਼ਵਾਰ। ਗੁਰਮੁਖ ਬਾਲ ਅੰਜਾਣਾ ਆਪਣੀ ਗੋਦੀ ਆਪੇ ਚੁਕਣਾ, ਸ਼ਬਦ ਪੰਘੂੜਾ ਦਏ ਹੁਲਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਕਰੇ ਪਿਆਰ। ਹਰਿਜਨ ਤੇਰਾ ਸਚ ਪਿਆਰ, ਸਤਿਗੁਰ ਸਾਚਾ ਭੁੱਲ ਨਾ ਜਾਈਆ। ਜੁਗ ਜੁਗ ਬਣਿਆ ਰਿਹਾ ਭਿਖਾਰ, ਜਨ ਭਗਤ ਦਵਾਰੇ ਮੰਗਣ ਆਈਆ। ਆਵੇ ਜਾਵੇ ਆਪਣੀ ਵਾਰ, ਵਾਰ ਥਿਤ ਨਾ ਕੋਇ ਰਖਾਈਆ। ਨਿਰਗੁਣ ਸਰਗੁਣ ਲਏ ਅਵਤਾਰ, ਨਿਤ ਨਵਿਤ ਵੇਸ ਵਟਾਈਆ। ਗ਼ਰੀਬ ਨਿਮਾਣੇ ਆਪ ਬਣਾਏ ਆਪਣੇ ਗਲ ਦਾ ਹਾਰ, ਲਾਲ ਅਨਮੁਲੜੇ ਆਪਣੇ ਗਲੇ ਲਟਕਾਈਆ। ਹੰਕਾਰੀਆਂ ਗੜ੍ਹ ਤੋੜੇ ਵਿਚ ਸੰਸਾਰ, ਦੂਤੀ ਦੁਸ਼ਟ ਆਪ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਗੁਰਸਿਖ ਬੰਦੀਖ਼ਾਨਿਉਂ ਲਏ ਛੁਡਾਈਆ। ਬੰਦੀਖ਼ਾਨਾ ਤੋੜਣ ਆਇਆ, ਹਰਿ ਸੂਰਾ ਵਡ ਬਲਵਾਨ। ਚਰਨ ਪ੍ਰੀਤੀ ਜੋੜਣ ਆਇਆ, ਦੇਵਣਹਾਰਾ ਧੁਰ ਫ਼ਰਮਾਣ। ਧਰਮ ਦਵਾਰਾ ਦਰ ਤੇ ਹੋੜਣ ਆਇਆ, ਸਚਖੰਡ ਦਵਾਰਾ ਕਰ ਪਰਧਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਇਕ ਗਿਆਨ। ਇਕ ਗਿਆਨ ਹਰਿ ਨਿਰੰਕਾਰ, ਚਰਨ ਕਵਲ ਦਰਸਾਈਆ। ਏਕਾ ਨੇਤਰ ਦਰਸ ਭਗਵਾਨ, ਜਗਤ ਤ੍ਰਿਸ਼ਨਾ ਦਏ ਮਿਟਾਈਆ। ਏਕਾ ਰਾਗ ਸੁਣਾਏ ਅਨਹਦ ਕਾਨ, ਧੁਨ ਆਤਮਕ ਆਪ ਅਲਾਈਆ। ਏਕਾ ਜੋਤ ਕਰੇ ਪਰਕਾਸ਼ ਕੋਟਨ ਭਾਨ, ਅੰਧ ਅੰਧੇਰ ਦਏ ਮਿਟਾਈਆ। ਏਕਾ ਦਰ ਕਰੇ ਪਰਵਾਨ, ਜੋ ਜਨ ਆਏ ਸਰਨਾਈਆ। ਕਲਜੁਗ ਜੀਵ ਅੰਤ ਪਛਤਾਣ, ਲੇਖਾ ਸਕੇ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਆਪਣਾ ਵਰ, ਆਪੇ ਵੇਖੇ ਆਪਣੇ ਘਰ, ਘਰ ਆਪਣੇ ਪੂਰ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਰਧ ਬਾਲ ਨਾ ਕੋਇ ਜਵਾਨ, ਰੂਪ ਰੰਗ ਨਾ ਦਿਸੇ ਵਿਚ ਜਹਾਨ, ਜੋਤੀ ਜੋਤ ਜਗੇ ਮਹਾਨ, ਸ਼ਬਦ ਨਾਦ ਧੁਨ ਆਪ ਵਜਾਈਆ।