Granth 09 Likhat 100: 4 Jeth 2017 Bikarmi Gooda Ram de Ghar Pind Shekh Sar Jila Jammu

੪ ਜੇਠ ੨੦੧੭ ਬਿਕ੍ਰਮੀ ਗੂੜ੍ਹਾ ਰਾਮ ਦੇ ਘਰ ਪਿੰਡ ਸ਼ੇਖ ਸਰ ਜ਼ਿਲਾ ਜੰਮੂ

ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨਿਆਂ, ਆਦਿਨ ਅੰਤਾ ਖੇਲ ਅਪਾਰ। ਹਰਿ ਪੁਰਖ ਨਿਰੰਜਣ ਵਡ ਮਿਹਰਬਾਨਿਆ, ਨਿਰਗੁਣ ਦਾਤਾ ਬੇਐਬ ਪਰਵਰਦਿਗਾਰ। ਏਕੰਕਾਰਾ ਖੇਲ ਮਹਾਨਿਆ, ਕਰੇ ਕਰਾਏ ਆਪ ਕਰਤਾਰ। ਆਦਿ ਨਿਰੰਜਣ ਜੋਤੀ ਨੂਰ ਡਗਮਗਾਨਿਆ, ਦੀਪਕ ਨੂਰ ਕਰੇ ਉਜਿਆਰ। ਸ੍ਰੀ ਭਗਵਾਨ ਏਕਾ ਰੰਗ ਸਮਾਨਿਆ, ਰੂਪ ਰੰਗ ਨਾ ਕੋਈ ਵਿਚਾਰ। ਅਬਿਨਾਸ਼ੀ ਕਰਤਾ ਸਚਖੰਡ ਦੁਆਰਾ ਇਕ ਸੁਹਾਨਿਆ, ਸਚ ਸਿੰਘਾਸਣ ਹਰਿ ਸਿਕਦਾਰ। ਪਾਰਬ੍ਰਹਮ ਆਪੇ ਜਾਣੇ ਆਪਣੀ ਅਕਥ ਕਹਾਣੀਆਂ, ਗਾਵਤ ਗਾਏ ਆਪਣੀ ਵਾਰ। ਥਿਰ ਘਰ ਸਾਚਾ ਇਕ ਨਿਸ਼ਾਨਿਆ, ਆਪ ਸੁਹਾਏ ਬੰਕ ਦੁਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ। ਅਗੰਮ ਅਪਾਰ ਖੇਲ ਨਿਆਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਮੇਲ ਮਿਲਾਵਾ, ਏਕੰਕਾਰਾ ਆਦਿ ਨਿਰੰਜਣ ਡਗਮਗਾਇੰਦਾ। ਅਬਿਨਾਸ਼ੀ ਕਰਤਾ ਕਰ ਪਸਾਰਾ, ਸ੍ਰੀ ਭਗਵਾਨ ਦਏ ਹੁਲਾਰਾ, ਪਾਰਬ੍ਰਹਮ ਪ੍ਰਭ ਵੇਖ ਵਖਾਇੰਦਾ। ਸਚਖੰਡ ਨਿਵਾਸੀ ਖੇਲ ਨਿਆਰਾ, ਸਾਚਾ ਸ਼ਬਦ ਸੱਚੀ ਧੁਨਕਾਰਾ, ਰਾਗ ਅਨਾਦੀ ਆਪ ਅਲਾਇੰਦਾ। ਹੁਕਮੀ ਹੁਕਮ ਵਰਤੇ ਵਰਤਾਰਾ, ਆਪਣੀ ਇਛਿਆ ਭਰੇ ਭੰਡਾਰਾ, ਸਾਚੀ ਸਿਖਿਆ ਧੁਰ ਦਰਬਾਰਾ, ਦਰਗਹਿ ਸਾਚੀ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਿਵਾਸਾ ਖੇਲ ਤਮਾਸ਼ਾ, ਪੁਰਖ ਅਬਿਨਾਸ਼ਾ ਆਪ ਕਰਾਇੰਦਾ। ਪੁਰਖ ਅਬਿਨਾਸ਼ਾ ਇਕ ਇਕੱਲਾ, ਆਦਿ ਜੁਗਾਦੀ ਖੇਲ ਖਿਲਾਈਆ। ਨਿਰਗੁਣ ਵਸੇ ਸਚ ਮਹੱਲਾ, ਨਿਰਾਕਾਰ ਰੂਪ ਦਰਸਾਈਆ। ਊਚੋ ਊਚ ਉਚ ਅਟੱਲਾ, ਨੇਹਚਲ ਆਪਣਾ ਧਾਮ ਸੁਹਾਈਆ। ਆਪੇ ਫੜਿਆ ਆਪਣਾ ਪੱਲਾ, ਆਪਣਾ ਬੰਧਨ ਆਪੇ ਪਾਈਆ। ਆਪਣੀ ਸ਼ਕਤੀ ਆਪਣੀ ਜੋਤੀ ਆਪੇ ਰਲਾ, ਆਪ ਆਪਣਾ ਬਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਖੇਲ ਅਪਾਰਾ, ਏਕੰਕਾਰਾ ਆਪ ਕਰਾਈਆ। ਏਕੰਕਾਰਾ ਨਿਰਗੁਣ ਧਾਰ, ਸਚਖੰਡ ਦੁਆਰੇ ਆਪ ਚਲਾਇੰਦਾ। ਕਮਲਾਪਾਤੀ ਮੀਤ ਮੁਰਾਰ, ਕਵਲ ਨੈਣ ਆਪ ਮਟਕਾਇੰਦਾ। ਸਾਚੀ ਗਾਥੀ ਕਰ ਤਿਆਰ, ਸ਼ਬਦ ਅਨਾਦੀ ਨਾਦ ਵਜਾਇੰਦਾ। ਪੁਰਖ ਬਿਧਾਤੀ ਧੁਰ ਦਰਬਾਰ, ਦਰ ਘਰ ਸਾਚਾ ਆਪ ਸੁਹਾਇੰਦਾ। ਸਤਿ ਸਤਿਵਾਦ ਹੋ ਉਜਿਆਰ, ਅਗੰਮ ਅਗੰਮੜੀ ਕਾਰ ਕਰਾਇੰਦਾ। ਅਲੱਖ ਨਿਰੰਜਣ ਬੋਲ ਜੈਕਾਰ, ਆਪਣੀ ਅਲੱਖ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਸੋਭਾਵੰਤ, ਆਪੇ ਵਸੇ ਸ੍ਰੀ ਭਗਵੰਤ, ਨਾਰੀ ਕੰਤ ਰੂਪ ਵਟਾਇੰਦਾ। ਨਾਰੀ ਕੰਤ ਹਰਿ ਭਗਵਾਨਾ, ਆਪਣੀ ਸੇਜ ਹੰਢਾਈਆ। ਏਕਾ ਮਰਦ ਇਕ ਮਰਦਾਨਾ, ਮਿਹਰਵਾਨ ਇਕ ਅਖਵਾਈਆ। ਏਕਾ ਬੰਨ੍ਹੇ ਸਾਚਾ ਗਾਨਾਂ, ਏਕਾ ਘਰ ਘਰ ਸਗਨ ਮਨਾਈਆ। ਏਕਾ ਗਾਏ ਰਾਗ ਤਰਾਨਾ, ਤੁਰੀਆ ਰਾਗ ਨਾਦ ਵਜਾਈਆ। ਏਕਾ ਖੋਲ੍ਹੇ ਸਚ ਦੁਕਾਨਾ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਏਕਾ ਦੱਸੇ ਪਦ ਨਿਰਬਾਨਾ, ਪਾਰਬ੍ਰਹਮ ਵੱਡੀ ਵਡਿਆਈਆ। ਏਕਾ ਬਖ਼ਸ਼ੇ ਬ੍ਰਹਮ ਗਿਆਨਾ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਉਜਾਲਾ ਨਿਰਗੁਣ ਦਾਤਾ ਖੇਲੇ ਖੇਲ ਪੁਰਖ ਬਿਧਾਤਾ, ਇਕ ਇਕਾਂਤਾ ਆਸਣ ਲਾਈਆ। ਸਾਚਾ ਆਸਣ ਸ਼ਾਹ ਸੁਲਤਾਨ, ਥਿਰ ਘਰ ਸਾਚੇ ਆਪੇ ਲਾਇੰਦਾ। ਆਪੇ ਗੋਪੀ ਆਪੇ ਕਾਹਨ, ਆਪੇ ਮੰਡਲ ਰਾਸ ਰਚਾਇੰਦਾ। ਆਪੇ ਸੀਤਾ ਆਪੇ ਰਾਮ, ਰਾਮ ਆਪਣਾ ਰੂਪ ਵਟਾਇੰਦਾ। ਆਪੇ ਨਿਰਗੁਣ ਨਿਰਗੁਣ ਕਰੇ ਕਾਮ, ਆਪੇ ਸਾਚਾ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਬੇਪਰਵਾਹ, ਆਦਿ ਜੁਗਾਦੀ ਸਚ ਮਲਾਹ, ਸਾਚਾ ਬੇੜਾ ਆਪ ਚਲਾਇੰਦਾ। ਸਾਚਾ ਬੇੜਾ ਹਰਿ ਭਗਵੰਤ, ਆਦਿ ਜੁਗਾਦਿ ਚਲਾਇੰਦਾ। ਲੇਖਾ ਜਾਣੇ ਜੁਗਾ ਜੁਗੰਤ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਆਪੇ ਸ਼ਬਦ ਹੋਏ ਮਣੀਆ ਮੰਤ, ਆਪ ਆਪਣਾ ਨਾਉਂ ਧਰਾਇੰਦਾ। ਆਪਣੀ ਮਹਿਮਾ ਜਾਣੇ ਅਗਣਤ, ਲੇਖਾ ਲੇਖ ਨਾ ਕੋਈ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਖੋਲ੍ਹ ਦਰਵਾਜ਼ਾ, ਖੇਲੇ ਖੇਲ ਗ਼ਰੀਬ ਨਿਵਾਜ਼ਾ, ਆਪ ਵਜਾਏ ਆਪਣਾ ਵਾਜਾ, ਤਾਰ ਸਤਾਰ ਨਾ ਕੋਈ ਰਖਾਇੰਦਾ। ਸਚਾ ਸ਼ਬਦ ਦਰ ਘਨਘੋਰ, ਘਰ ਮੰਦਰ ਆਪ ਸੁਣਾਈਆ। ਕਰੇ ਖੇਲ ਅੰਧ ਘੋਰ, ਨਿਰਗੁਣ ਨੂਰ ਕਰ ਰੁਸ਼ਨਾਈਆ। ਆਪੇ ਚੜ੍ਹੇ ਆਪਣੇ ਘੋੜ, ਦੂਰ ਦੁਰਾਡਾ ਸਾਚਾ ਮਾਹੀਆ। ਸਾਚੇ ਘਰ ਲਾਏ ਏਕਾ ਪੌੜ, ਉਚਾ ਡੰਡਾ ਆਪਣੇ ਹੱਥ ਰਖਾਈਆ। ਆਪੇ ਹੋਏ ਬ੍ਰਹਿਮਣ ਗੌੜ, ਪੂਤ ਸਪੂਤਾ ਬੇਪਰਵਾਹੀਆ। ਲੋਆਂ ਪੁਰੀਆਂ ਰਿਹਾ ਦੌੜ, ਦੋ ਜਹਾਨਾਂ ਬ੍ਰਹਿਮੰਡਾਂ ਖੰਡਾਂ ਫੇਰੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਪੁਰਖ ਅਕਾਲਾ, ਆਪਣੀ ਧਾਰ ਆਪ ਚਲਾਇੰਦਾ। ਆਪ ਆਪਣੀ ਕਰੇ ਸਦਾ ਪ੍ਰਿਤਪਾਲ, ਪ੍ਰਿਤਪਾਲਕ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚੇ ਘਰ, ਘਰ ਸਾਚਾ ਇਕ ਸੁਹਾਇੰਦਾ। ਸਾਚਾ ਘਰ ਘਰ ਸੁਹੰਜਣਾ, ਹਰਿ ਸਾਚੀ ਜੋਤ ਜਗਾਈਆ। ਪੁਰਖ ਅਬਿਨਾਸ਼ੀ ਆਦਿ ਨਿਰੰਜਣਾ, ਨਿਰਗੁਣ ਬੈਠਾ ਆਸਣ ਲਾਈਆ। ਦੀਨਾਂ ਨਾਥ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਆਪ ਤਰਾਈਆ। ਸਰਬ ਜੀਆਂ ਦਾ ਸਾਚਾ ਸੱਜਣਾ, ਏਕੰਕਾਰਾ ਇਕ ਅਖਵਾਈਆ। ਨਾ ਘੜਿਆ ਨਾ ਭੱਜਣਾ, ਘੜੇ ਭੰਨੇ ਸ੍ਰਿਸ਼ਟ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਘਰ ਥਿਰ ਦਰਬਾਰਾ ਪੁਰਖ ਅਬਿਨਾਸ਼ੀ ਪਾਵੇ ਸਾਰਾ, ਰਵ ਸਸ ਨਾ ਕੋਈ ਸਤਾਰਾ, ਜ਼ਿਮੀ ਅਸਮਾਨਾ ਦਏ ਹੁਲਾਰਾ, ਏਕੰਕਾਰਾ ਖੇਲ ਖਿਲਾਈਆ। ਏਕੰਕਾਰਾ ਹਰਿ ਗੋਬਿੰਦ, ਮਹਿਮਾ ਅਕਥ ਕਥੀ ਨਾ ਜਾਈਆ। ਆਪ ਉਪਜਾਏ ਆਪਣਾ ਸੁੱਤ ਦੁਲਾਰਾ, ਸ਼ਬਦ ਸ਼ਬਦੀ ਨਾਉਂ ਧਰਾਈਆ। ਆਪੇ ਹੋਏ ਗੁਣੀ ਗਹੀਰਾ, ਗਹਿਰ ਗੰਭੀਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸੁੱਤ ਕਰ ਤਿਆਰ, ਅਬਿਨਾਸ਼ੀ ਅਚੁੱਤ ਪਾਵੇ ਸਾਰ, ਸੁਹਾਏ ਰੁੱਤ ਅਗੰਮ ਅਪਾਰ, ਆਪ ਆਪਣੀ ਵੇਖ ਵਖਾਈਆ। ਸੁੱਤ ਦੁਲਾਰਾ ਨੌਜਵਾਨਾ, ਹਰਿ ਸਾਚੇ ਘਰ ਉਪਾਇਆ। ਸ਼ਬਦ ਅਨਾਦੀ ਧੁਰ ਫ਼ਰਮਾਣਾ, ਆਦਿ ਜੁਗਾਦੀ ਆਪ ਸੁਣਾਇਆ। ਚਰਨ ਕਵਲ ਬਖ਼ਸ਼ੇ ਇਕ ਧਿਆਨਾ, ਨੇਤਰ ਲੋਚਣ ਇਕ ਖੁਲ੍ਹਾਇਆ। ਅੰਤਰ ਆਤਮ ਇਕ ਗਿਆਨਾ, ਏਕਾ ਇਸ਼ਟ ਦੇਵ ਵਖਾਇਆ। ਏਕਾ ਮੰਦਰ ਇਕ ਮਕਾਨਾ, ਇਕ ਸਿੰਘਾਸਣ ਸੋਭਾ ਪਾਇਆ। ਏਕਾ ਸ਼ਾਹ ਇਕ ਸੁਲਤਾਨਾ, ਏਕਾ ਬੈਠਾ ਜੋਤ ਜਗਾਇਆ। ਏਕਾ ਚਿਲਾ ਤੀਰ ਕਮਾਨਾ, ਏਕਾ ਸ਼ਸਤਰ ਬਸਤਰ ਆਪ ਸਜਾਇਆ। ਏਕਾ ਮਾਰਨਹਾਰਾ ਬਾਣਾ, ਆਰ ਪਾਰ ਏਕਾ ਰੂਪ ਦਰਸਾਇਆ। ਏਕਾ ਬੰਨ੍ਹੇ ਸਾਚਾ ਗਾਨਾਂ, ਦਰਗਹਿ ਸਾਚੀ ਸਗਨ ਮਨਾਇਆ। ਏਕਾ ਦੇਵੇ ਸਾਚਾ ਦਾਨਾ, ਸਾਚੀ ਭਿਛਿਆ ਝੋਲੀ ਪਾਇਆ। ਇਕ ਸੁਣਾਏ ਸਚ ਤਰਾਨਾ, ਰਾਗ ਅਨਾਦੀ ਆਪੇ ਗਾਇਆ। ਇਕ ਵਖਾਏ ਆਪਣਾ ਭਾਣਾ, ਹਰਿ ਭਾਣੇ ਸਦ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਰਚਨਾ ਲਏ ਰਚ, ਅੰਦਰ ਵੜੇ ਹੋ ਹੋ ਸੱਚ, ਸਾਚਾ ਵੇਸ ਵਟਾਇਆ। ਹਰਿ ਸਾਚਾ ਸ਼ਾਹ ਸੁਲਤਾਨ, ਏਕਾ ਏਕ ਏਕੰਕਾਰਿਆ। ਸਚਖੰਡ ਝੁਲਾਏ ਇਕ ਨਿਸ਼ਾਨ, ਦੋ ਜਹਾਨਾਂ ਪਾਵੇ ਸਾਰਿਆ। ਲੋਆਂ ਪੁਰੀਆਂ ਵੇਖੇ ਮਾਰ ਧਿਆਨ, ਚੌਦਾਂ ਲੋਕਾਂ ਦਏ ਹੁਲਾਰਿਆ। ਅਵਣ ਗਵਣ ਧੁਰ ਫ਼ਰਮਾਣ, ਪਵਣ ਪਵਣੀ ਆਪ ਸੁਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸੁੱਤ ਕਰ ਤਿਆਰ, ਅਬਿਨਾਸ਼ੀ ਅਚੁਤ ਪਾਵੇ ਸਾਰ, ਸੁਹਾਏ ਰੁੱਤ ਸਚਖੰਡ ਨਿਵਾਸਾ ਦਾਸੀ ਦਾਸਾ, ਸੇਵਕ ਸਾਚੀ ਸੇਵ ਕਮਾ ਰਿਹਾ। ਸਾਚੀ ਸੇਵਾ ਹਰਿ ਹਰਿ ਮੀਤ, ਏਕਾ ਏਕ ਕਮਾਇੰਦਾ। ਸ਼ਬਦ ਸੁਣਾਇਆ ਸਾਚਾ ਗੀਤ, ਸੁੱਤ ਦੁਲਾਰਾ ਵੇਖ ਵਖਾਇੰਦਾ। ਆਪ ਚਲਾਈ ਆਪਣੀ ਰੀਤ, ਆਪਣਾ ਬੰਸ ਆਪ ਸੁਹਾਇੰਦਾ। ਆਪੇ ਹੋਏ ਠਾਂਡਾ ਸੀਤ, ਸਾਂਤਕ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵਸੇ ਸਚ ਦੁਆਰ, ਦੂਜੀ ਦੱਸੇ ਨਾ ਕੋਈ ਧਾਰ, ਤੀਜੇ ਖੋਲ੍ਹੇ ਬੰਦ ਕਿਵਾੜ, ਚੌਥੇ ਪਦ ਹੋਏ ਉਜਿਆਰ, ਪੰਚਮ ਮੇਲਾ ਸੱਚੀ ਸਰਕਾਰ, ਛੇਵੇਂ ਛੱਪਰ ਨਾ ਕੋਈ ਵਿਚਾਰ, ਸਤਵੇਂ ਸਤਿ ਸਤਿ ਕਰੇ ਸਾਚੀ ਕਾਰ, ਅਠਵੇਂ ਅੱਠਾਂ ਤੱਤਾਂ ਕਰ ਪਿਆਰ, ਨੌਵੇਂ ਨੌ ਦਰ ਖੋਲ੍ਹੇ ਬੰਕ ਦੁਆਰ, ਦਸਵੇਂ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਘਰ ਸਾਚਾ ਹਰਿ ਸਾਚਾ ਵਰ ਏਕਾ ਕੰਤ ਮਨਾਇੰਦਾ। ਏਕਾ ਕੰਤ ਗਾਏ ਢੋਲਾ, ਸ਼ਬਦ ਅਨਾਦੀ ਗੀਤ ਗਾਈਆ। ਨਿਰਗੁਣ ਆਪਣਾ ਬਦਲਾ ਚੋਲਾ, ਸਰਗੁਣ ਆਪਣਾ ਰੂਪ ਦਰਸਾਈਆ। ਸ਼ਬਦ ਸਰੂਪੀ ਬਣ ਵਿਚੋਲਾ, ਦੋਹਾਂ ਏਕਾ ਮੇਲ ਮਿਲਾਈਆ। ਆਪੇ ਵਿਸ਼ਨੂੰ ਹੋਏ ਗੋਲਾ, ਆਦਿ ਜੁਗਾਦੀ ਸੇਵ ਕਮਾਈਆ। ਆਪੇ ਪਾਰਬ੍ਰਹਮ ਬ੍ਰਹਮ ਬਣਿਆ ਤੋਲਾ, ਆਪਣਾ ਕੰਡਾ ਹੱਥ ਉਠਾਈਆ। ਆਪ ਚੁਕਾਏ ਆਪਣਾ ਪਰਦਾ ਓਹਲਾ, ਆਪ ਆਪਣਾ ਵਿਚ ਟਿਕਾਈਆ। ਆਪਣੇ ਕਵਲ ਆਪੇ ਮੌਲਾ, ਆਪੇ ਅੰਮ੍ਰਿਤ ਤਾਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਅੰਦਰ ਬੈਠਾ ਵੜ, ਬਾਹਰ ਮੁਖ ਆਪ ਖੁਲ੍ਹਾਈਆ। ਆਪੇ ਅੰਦਰ  ਆਪੇ ਬਾਹਰ, ਗੁਪਤ ਜ਼ਾਹਰ ਜ਼ਹੂਰ ਆਪ ਅਖਵਾਇੰਦਾ। ਆਪੇ ਪੁਰਖ ਆਪੇ ਨਾਰ, ਨਰ ਨਰਾਇਣ ਆਪਣੀ ਸੇਜ ਆਪ ਸੁਹਾਇੰਦਾ। ਆਪੇ ਜੋਤੀ ਕਰੇ ਸਚ ਪਿਆਰ, ਵਰਨ ਗੋਤੀ ਨਾ ਰੂਪ ਦਰਸਾਇੰਦਾ। ਆਪੇ ਉਚੀ ਚੋਟੀ ਚੜ੍ਹੇ ਆਪ ਨਿਰੰਕਾਰ, ਮਹੱਲ ਅਟੱਲ ਆਪ ਸੁਹਾਇੰਦਾ। ਸ਼ਬਦ ਸਰੂਪੀ ਵਰ ਘਰ ਪਾ, ਘਰ ਸਾਚੇ ਸ਼ਬਦ ਜਣਾਇੰਦਾ। ਪੁਰਖ ਅਬਿਨਾਸ਼ੀ ਏਕਾ ਗਾ, ਏਕਾ ਹਰਿ ਅਲਾਇੰਦਾ। ਏਕਾ ਵੇਖੇ ਸਾਚਾ ਥਾਂ, ਥਾਨ ਥਨੰਤਰ ਆਪ ਸੁਹਾਇੰਦਾ। ਏਕਾ ਪਿਤਾ ਏਕਾ ਮਾਂ, ਰੂਪ ਰੰਗ ਨਾ ਕੋਇ ਵਖਾਇੰਦਾ। ਏਕਾ ਵਿਸ਼ਨੂੰ ਲਏ ਉਪਜਾ, ਏਕਾ ਕਵਲ ਨਾਭ ਆਪ ਉਪਾਇੰਦਾ। ਏਕਾ ਫੁੱਲ ਲਏ ਖਿਲਾ, ਏਕਾ ਬ੍ਰਹਮਾ ਰੂਪ ਵਟਾਇੰਦਾ। ਏਕਾ ਚਾਰ ਮੁਖ ਲਏ ਬਣਾ, ਚਾਰੇ ਕੂਟਾਂ ਵੇਖ ਵਖਾਇੰਦਾ। ਏਕਾ ਚਾਰੇ ਵੇਦਾਂ ਦਏ ਲਿਖਾ, ਚਾਰੇ ਨਾਉਂ ਆਪ ਅਲਾਇੰਦਾ। ਏਕਾ ਚਾਰੇ ਖਾਣੀ ਲਏ ਰਚਾ, ਆਪ ਆਪਣੀ ਰਚਨ ਰਚਾਇੰਦਾ। ਏਕਾ ਚਾਰੇ ਜੁਗ ਵੰਡ ਵੰਡਾ, ਵੰਡਣਹਾਰਾ ਦਿਸ ਨਾ ਆਇੰਦਾ। ਏਕਾ ਲੱਖ ਚੁਰਾਸੀ ਬਣਤ ਬਣਾ, ਪੰਜ ਤਤ ਮੇਲ ਮਿਲਾਇੰਦਾ। ਏਕਾ ਤ੍ਰੈਗੁਣ ਮਾਇਆ ਜੋੜ ਜੁੜਾ, ਜਾਗਰਤ ਜੋਤ ਵਿਚ ਟਿਕਾਇੰਦਾ। ਏਕਾ ਅਪ ਤੇਜ ਵਾਏ ਪ੍ਰਿਥਮੀ ਅਕਾਸ ਰੰਗ ਰੰਗਾ, ਮਨ ਮਤ ਮੇਲ ਮਿਲਾਇੰਦਾ। ਏਕਾ ਨੌ ਦਵਾਰੇ ਦਏ ਖੁਲ੍ਹਾ, ਜਗਤ ਵਾਸਨਾ ਵਿਚ ਭਰਾਇੰਦਾ। ਏਕਾ ਰਥ ਰਥਵਾਹੀ ਰਥ ਲਏ ਚਲਾ, ਸ੍ਰਿਸ਼ਟ ਸਬਾਈ ਆਪ ਹਿਲਾਇੰਦਾ। ਏਕਾ ਆਪਣਾ ਰੂਪ ਵਟਾ, ਸੁੰਨ ਸਮਾਧੀ ਫੋਲ ਫੁਲਾਇੰਦਾ। ਏਕਾ ਧੂਆਂਧਾਰ ਰਿਹਾ ਸਮਾ, ਦਿਸ ਕਿਸੇ ਨਾ ਆਇੰਦਾ। ਏਕਾ ਸ਼ੰਕਰ ਲਏ ਉਪਜਾ, ਬਾਸ਼ਕ ਤਸ਼ਕਾ ਗਲ ਲਟਕਾਇੰਦਾ। ਏਕਾ ਤ੍ਰਸੂਲ ਹੱਥ ਉਠਾ, ਚਾਰੋਂ ਕੁੰਟ ਫੇਰੀ ਪਾਇੰਦਾ। ਏਕਾ ਸ੍ਰਿਸ਼ਟ ਸਬਾਈ ਵੇਖੇ ਥਾਉਂ ਥਾਂ, ਜੋ ਘੜਿਆ ਭੰਨ ਵਖਾਇੰਦਾ। ਏਕਾ ਬਣੇ ਆਪ ਮਲਾਹ, ਖੇਵਟ ਖੇਟਾ ਆਪ ਅਖਵਾਇੰਦਾ। ਏਕਾ ਦੇਵੇ ਸਿਫ਼ਤ ਸਲਾਹ, ਸਾਚੀ ਸਿਖਿਆ ਇਕ ਸਮਝਾਇੰਦਾ। ਇਕ ਵਖਾਏ ਸਾਚਾ ਨਾਂ, ਨਾਉਂ ਨਿਰੰਕਾਰਾ ਆਪ ਜਪਾਇੰਦਾ। ਏਕਾ ਮਾਰਗ ਦਏ ਦ੍ਰਿੜਾ, ਦੋ ਜਹਾਨਾਂ ਆਪ ਚਲਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਲਏ ਸਮਝਾ, ਏਕਾ ਅੱਖਰ ਆਪ ਪੜ੍ਹਾਇੰਦਾ। ਨਿਸ਼ਅੱਖਰ ਆਪਣਾ ਰੂਪ ਦਰਸਾ, ਆਪ ਆਪਣੇ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਬੰਨ੍ਹੇ ਆਪਣੀ ਧਾਰ, ਆਦਿ ਜੁਗਾਦੀ ਖੇਲ ਅਪਾਰ, ਕਰੇ ਕਰਾਏ ਕਰਨੇਹਾਰ, ਕਰਤਾ ਪੁਰਖ ਹੋ ਉਜਿਆਰ, ਅਜੂਨੀ ਰਹਿਤ ਵਿਚ ਸੰਸਾਰ, ਨਿਰਭੈ ਹੋਏ ਸੱਚੀ ਸਰਕਾਰ, ਮੂਰਤ ਅਕਾਲ ਪਾਵੇ ਸਾਰ, ਦੀਨ ਦਿਆਲ ਆਪਣਾ ਨਾਉਂ ਧਰਾਇੰਦਾ। ਲੱਖ ਚੁਰਾਸੀ ਜੰਤ ਉਪਾਇਆ, ਘਰ ਸਾਚੇ ਵੱਜੀ ਵਧਾਈਆ। ਪਾਰਬ੍ਰਹਮ ਪ੍ਰਭ ਰੂਪ ਵਟਾਇਆ, ਜਗਤ ਆਪਣਾ ਨਾਉਂ ਧਰਾਈਆ। ਸੋਇਮ ਰੂਪ ਸੋਹੰ ਹੋ ਹੋ ਲੋਕਮਾਤ ਫੇਰਾ ਪਾਇਆ, ਇਕ ਦੂਜੇ ਨਾਲ ਕਰੇ ਕੁੜਮਾਈ, ਏਕਾ ਸ਼ਬਦ ਸੱਚੀ ਧਾਰ ਬੰਧਾਇਆ, ਨੇਤਰ ਲੋਚਣ ਨੈਣ ਦਿਸ ਨਾ ਆਈਆ। ਘਟ ਘਟ ਅੰਦਰ ਜੋਤ ਜਗਾਇਆ, ਈਸ਼ ਜੀਵ ਮੇਲ ਮਿਲਾਈਆ। ਜਗਤ ਜਗਦੀਸ਼ ਖੇਲ ਰਚਾਇਆ, ਖ਼ਾਲਕ ਖ਼ਲਕ ਵਿਚ ਸਮਾਈਆ। ਰਫ਼ੀਕ ਤੌਫੀਕ ਦਏ ਇਕ ਖ਼ੁਦਾਇਆ। ਆਪ ਆਪਣੀ ਰਚਨ ਰਚਾਈਆ। ਲਾਸ਼ਰੀਕ ਪਾਏ ਆਪਣੀ ਮਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵੇ ਆਪਣਾ ਵਰ, ਦੂਸਰ ਸੰਗ ਨਾ ਕੋਇ ਰਲਾਈਆ। ਸਾਚਾ ਵਰ ਤ੍ਰੈਗੁਣ ਦਾਤ, ਬ੍ਰਹਮਾ ਵਿਸ਼ਨ ਝੋਲੀ ਪਾਇੰਦਾ। ਲੱਖ ਚੁਰਾਸੀ ਬੱਧਾ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਆਪੇ ਬੈਠਾ ਰਹੇ ਇਕ ਇਕਾਂਤ, ਦਰ ਘਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾਇੰਦਾ। ਸਾਚੀ ਖੇਲ ਲੋਕਮਾਤ, ਜੁਗ ਜੁਗ ਆਪ ਕਰਾਇੰਦਾ। ਆਪੇ ਵੇਖੇ ਮਾਰ ਝਾਤ, ਆਪ ਆਪਣਾ ਮੁਖ ਛੁਪਾਇੰਦਾ। ਲੇਖਾ ਜਾਣੇ ਦਿਵਸ ਰਾਤ, ਘੜੀ ਪਲ ਗਣਤ ਗਣਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੰਡਣਹਾਰਾ ਸਾਚੀ ਵੰਡ, ਖੇਲੇ ਖੇਲ ਵਿਚ ਬ੍ਰਹਿਮੰਡ, ਲੇਖਾ ਜਾਣੇ ਜੇਰਜ ਅੰਡ, ਉਤਭੁਜ ਸੇਤਜ ਵੇਖ ਵਖਾਇੰਦਾ। ਚਾਰੇ ਖਾਣੀ ਕਰ ਤਿਆਰ, ਹਰਿ ਸਾਚਾ ਵੇਖ ਵਖਾਇੰਦਾ। ਚਾਰੇ ਬਾਣੀ ਭਰ ਭੰਡਾਰ, ਏਕਾ ਸ਼ਬਦ ਸੁਣਾਇੰਦਾ। ਚਾਰੇ ਜੁਗ ਵਰਤੇ ਵਰਤਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮੇਲ ਮਿਲਾਇੰਦਾ। ਚਾਰੇ ਵੇਦਾਂ ਕਰ ਤਿਆਰ, ਸਾਚੀ ਭਿਛਿਆ ਝੋਲੀ ਪਾਇੰਦਾ। ਚਾਰ ਵਰਨਾਂ ਏਕਾ ਧਾਰ, ਜੁਗਾ ਜੁਗੰਤਰ ਆਪ ਚਲਾਇੰਦਾ। ਮਾਨਸ ਮਾਨੁਸ਼ ਕਰ ਪਿਆਰ, ਮਾਨੁਖ ਆਪਣੀ ਬੂਝ ਬੁਝਾਇੰਦਾ। ਸ਼ਬਦ ਅਗੰਮੀ ਹਰਿ ਗੁਫ਼ਤਾਰ, ਅੰਤਰ ਧਾਰ ਆਪ ਅਲਾਇੰਦਾ। ਸਾਚੇ ਸੰਤ ਕਰ ਤਿਆਰ, ਸਾਚੀ ਸਿਖਿਆ ਇਕ ਸਮਝਾਇੰਦਾ। ਭਗਤ ਭਗਵੰਤ ਮੀਤ ਮੁਰਾਰ, ਘਰ ਸਾਚੇ ਮੇਲ ਮਿਲਾਇੰਦਾ। ਇਕ ਵਖਾਏ ਸਚ ਦਰਬਾਰ, ਦਰਗਹਿ ਸਾਚੀ ਆਪ ਲਗਾਇੰਦਾ। ਸੀਸ ਰੱਖ ਤਾਜ ਨਿਰੰਕਾਰ, ਪੰਚਮ ਮੁਖ ਸਾਲਾਇੰਦਾ। ਪੰਚਮ ਦਰ ਖੋਲ੍ਹ ਕਿਵਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪ ਗਿਣਾਇੰਦਾ। ਸਾਚਾ ਲੇਖਾ ਲਿਖਣਹਾਰਾ, ਜੁਗ ਜੁਗ ਆਪਣੀ ਵੰਡ ਵੰਡਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰੇ ਪਾਰ ਕਿਨਾਰਾ, ਕਲਜੁਗ ਵੇਲਾ ਅੰਤਮ ਆਇੰਦਾ। ਤੋੜਣਹਾਰਾ ਗੜ੍ਹ ਹੰਕਾਰਾ, ਹਉਮੇ ਹੰਗਤਾ ਰੋਗ ਮਿਟਾਇੰਦਾ। ਖੜਗ ਖੰਡਾ ਤੇਜ਼ ਕਟਾਰਾ, ਚੰਡ ਪ੍ਰਚੰਡ ਆਪ ਚਲਾਇੰਦਾ। ਅਸ਼ਟਭੁਜ ਹੋ ਉਜਿਆਰਾ, ਸ਼ਾਹ ਅਸਵਾਰਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲੇ ਖੇਲ ਅਗੰਮ ਅਪਾਰ, ਏਕਾ ਹੁਕਮ ਸੁਣਾਇੰਦਾ। ਬੋਧ ਅਗਾਧ ਸ਼ਬਦ ਜੈਕਾਰਾ, ਹਰਿ ਸਾਚਾ ਸਚ ਲਗਾਇੰਦਾ। ਭਗਤ ਭਗਵੰਤ ਮੀਤ ਮੁਰਾਰਾ, ਘਰ ਸੰਤਨ ਮੇਲ ਮਿਲਾਇੰਦਾ। ਦੂਤੀ ਦੁਸ਼ਟ ਦਰ ਦੁਰਕਾਰਾ, ਦਰ ਦਰ ਮੇਲ ਨਾ ਕੋਈ ਮਿਲਾਇੰਦਾ। ਲੇਖਾ ਜਾਣੇ ਆਰ ਪਾਰ ਕਿਨਾਰਾ, ਮੰਝਧਾਰਾ ਫੇਰੀ ਪਾਇੰਦਾ। ਲੱਖ ਚੁਰਾਸੀ ਦਏ ਸਹਾਰਾ, ਆਪਣਾ ਗੇੜਾ ਆਪ ਦਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਦਾਤਾ ਬੇਪਰਵਾਹ, ਤ੍ਰੇਤਾ ਬਣੇ ਆਪ ਮਲਾਹ, ਦੁਆਪਰ ਬੰਨੇ ਦੇਵੇ ਲਾ, ਕਲਜੁਗ ਅੰਤਮ ਤੱਕੇ ਰਾਹ, ਚਾਰੋਂ ਕੁੰਟ ਧੂਆਂਧਾਰ ਸਾਚਾ ਚੰਦ ਨਾ ਕੋਈ ਚੜ੍ਹਾਇੰਦਾ। ਸ਼ਾਹ ਸੁਲਤਾਨ ਗਏ ਹਾਰ, ਰਾਜ ਰਾਜਾਨ ਪਾਂਧੀ ਰਾਹੀਆ। ਸਾਧ ਸੰਤ ਹੋਏ ਖ਼ਵਾਰ, ਹਰਿ ਕਾ ਪੌੜਾ ਨਜ਼ਰ ਨਾ ਆਈਆ। ਪੜ੍ਹ ਪੜ੍ਹ ਵੇਦ ਨਾ ਸਕੇ ਵਿਚਾਰ, ਪੁਰਾਨ ਅਠਾਰਾਂ ਨਾ ਮਿਲਿਆ ਸਾਚਾ ਮਾਹੀਆ। ਸ਼ਾਸਤਰ ਸਿਮਰਤ ਰਹੇ ਪੁਕਾਰ, ਉਚੀ ਕੂਕ ਦੇਣ ਦੁਹਾਈਆ। ਗੀਤਾ ਗਿਆਨ ਦਏ ਉਚਾਰ, ਅਠਾਰਾਂ ਧਿਆਏ ਦਏ ਗਵਾਹੀਆ। ਅੰਜੀਲ ਕੁਰਾਨ ਸਰਬ ਪਛਤਾਣ, ਮੁਲਾਂ ਸ਼ੇਖ਼ ਮੁਸਾਇਕ ਪੀਰ ਸਚ ਮਸੱਲਾ ਹੇਠ ਨਾ ਕੋਈ ਵਿਛਾਈਆ। ਖਾਣੀ ਬਾਣੀ ਨਾ ਕੋਈ ਧਾਰ, ਧਰਤ ਧਵਲ ਦਏ ਵਡਿਆਈਆ। ਪੜ੍ਹ ਪੜ੍ਹ ਥੱਕੇ ਜੀਵ ਗਵਾਰ, ਰਸਨਾ ਜਿਹਵਾ ਵਾਦ ਵਿਵਾਦ ਵਧਾਈਆ। ਗੁਰਮੁਖ ਵਿਰਲੇ ਮਿਲਿਆ ਹਰਿ ਨਿਰੰਕਾਰ, ਕਲਜੁਗ ਅੰਤਮ ਬੇਪਰਵਾਹੀਆ। ਨਾਤਾ ਤੋੜ ਸਰਬ ਸੰਸਾਰ, ਏਕਾ ਸਤਿਗੁਰ ਲਏ ਮਨਾਈਆ। ਸਾਚੇ ਸ਼ਬਦ ਕਰੇ ਪਿਆਰ, ਪੁੱਤਰ ਧੀ ਭੈਣ ਭਾਈ ਨਾ ਕੋਈ ਧੀ ਜਵਾਈਆ। ਵਰਨ ਗੋਤ ਤੋਂ ਵਸਿਆ ਬਾਹਰ, ਜ਼ਾਤ ਪਾਤ ਨਾ ਕੋਈ ਰਖਾਈਆ । ਇਕ ਇਕਾਂਤ ਬੋਲ ਜੈਕਾਰ, ਬੇਐਬ ਪਰਵਰਦਿਗਾਰ ਮੁਕਾਮੇ ਹੱਕ ਏਕਾ ਨਾਅਰਾ ਰਿਹਾ ਲਗਾਈਆ। ਰਾਮ ਨਾਮ ਬੋਲ ਜੈਕਾਰ, ਕਰੇ ਪਿਆਰ ਜੋ ਜਨ ਰਸਨਾ ਜਿਹਵਾ ਰਹੇ ਗਾਈਆ। ਏਕਾ ਨਾਦ ਸ਼ਬਦ ਧੁਨਕਾਰ, ਮੁਕੰਦ ਮਨੋਹਰ ਲਖ਼ਮੀ ਨਰਾਇਣ ਨਾਮ ਬੰਸਰੀ ਇਕ ਵਜਾਈਆ। ਏਕਾ ਅੱਲਾ ਹੂ ਹੂ ਕਰੇ ਪੁਕਾਰ, ਅੱਨਾ ਹੂ ਐਨਲਹੱਕ ਵੇਖ ਵਖਾਈਆ। ਏਕਾ ਬੋਲੇ ਨਾਮ ਸਤਿ ਧੁਰ ਦੀ ਧਾਰ, ਸਤਿ ਸਤਿਵਾਦੀ ਲਏ ਉਠਾਈਆ। ਏਕਾ ਗੁਰੂ ਫ਼ਤਹਿ ਕਰ ਪਿਆਰ, ਵਾਹ ਵਾਹ ਗੁਰੂ ਦਏ ਸਮਝਾਈਆ। ਸਰਬ ਜੀਆਂ ਦਾ ਏਕੰਕਾਰ, ਦੂਸਰ ਵੰਡ ਨਾ ਕੋਈ ਵੰਡਾਈਆ। ਚਾਰ ਜੁਗ ਕਰੌਂਦਾ ਲੋਕਮਾਤ ਵਿਹਾਰ, ਵਰਨ ਬਰਨ ਖੇਲ ਖਿਲਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਰ ਉਜਿਆਰ, ਘਰ ਘਰ ਆਪਣੀ ਵੰਡ ਵੰਡਾਈਆ। ਆਪੇ ਵਸਿਆ ਸਭ ਤੋਂ ਬਾਹਰ, ਜਗਤ ਵਿਦਿਆ ਜੁਗ ਫੜਾਈਆ। ਕਿਸੇ ਹੱਥ ਨਾ ਆਏ ਮੰਦਰ ਮਸਜਿਦ ਗੁਰੂਦੁਆਰ, ਘਰ ਘਰ ਬੈਠਾ ਜੋਤ ਜਗਾਈਆ। ਕਾਇਆ ਕਾਅਬਾ ਖੋਲ੍ਹ ਕਿਵਾੜ, ਚੌਦਾਂ ਤਬਕਾਂ ਵੇਖੇ ਬਣ ਮਲਾਹੀਆ। ਸੰਤ ਭਗਤ ਦਏ ਅਧਾਰ, ਤਨ ਮੰਦਰ ਸੋਭਾ ਪਾਈਆ। ਘਰ ਸ਼ਬਦ ਸੱਚੀ ਧੁਨਕਾਰ, ਘਰ ਸਖੀਆਂ ਮੰਗਲ ਗਾਈਆ। ਘਰ ਅੰਮ੍ਰਿਤ ਠੰਡਾ ਠਾਰ, ਭਰ ਪਿਆਲਾ ਜਾਮ ਪਿਆਈਆ। ਘਰ ਆਤਮ ਸੇਜਾ ਕਰੇ ਸ਼ਿੰਗਾਰ, ਸੋਲਾਂ ਕਲੀਆਂ ਆਪ ਸੁਹਾਈਆ। ਸੋਲਾਂ ਇਛਿਆ ਭਰੇ ਭੰਡਾਰ, ਆਸਾ ਤ੍ਰਿਸ਼ਨਾ ਦਏ ਮਿਟਾਈਆ। ਨਾਰੀ ਮੇਲਾ ਕੰਤ ਭਤਾਰ, ਘਰ ਸਾਚੇ ਵੱਜੇ ਵਧਾਈਆ। ਮੂਰਖ ਮੁਗਧ ਨਾ ਪਾਵਣ ਸਾਰ, ਚਾਰੋਂ ਕੂਟ ਉਚੀ ਕੂਕ ਦੇਣ ਦੁਹਾਈਆ। ਕਿਸੇ ਨਾ ਮਿਲਿਆ ਸਾਂਝਾ ਯਾਰ, ਸਖੀ ਸਰਵਰ ਸੁਲਤਾਨ ਰਹੇ ਮਨਾਈਆ। ਡੂੰਘੀ ਕੰਦਰ ਕਰੇ ਪਿਆਰ, ਮਨ ਬੰਦਰ ਆਪਣੀ ਡੋਰ ਬੰਧਾਈਆ। ਬਜ਼ਰ ਕਪਾਟੀ ਲੱਗਾ ਤੋੜੇ ਜੰਦਰ, ਨਾਮ ਖੰਡਾ ਹੱਥ ਉਠਾਈਆ। ਉਚੇ ਟਿੱਲੇ ਚੜ੍ਹ ਚੜ੍ਹ ਥੱਕੇ ਗੋਰਖ ਮਛੰਦਰ, ਗੁਰ ਪੀਰ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਖੇਲ ਅਪਾਰਾ, ਕਰੇ ਕਰਾਏ ਹਰਿ ਨਿਰੰਕਾਰਾ, ਵਰਤੇ ਵਰਤਾਵੇ ਵਿਚ ਸੰਸਾਰਾ, ਧਰਤ ਧਵਲ ਵੇਖ ਵਖਾਈਆ। ਧਰਤ ਧਵਲ ਹਰਿ ਵੇਖਣ ਆਇਆ, ਲੋਕਮਾਤ ਜੋਤ ਰੁਸ਼ਨਾਈਆ। ਚਾਰ ਵਰਨਾਂ ਹਰਨਾ ਫਰਨਾ ਖੋਲ੍ਹਣ ਆਇਆ, ਦਿਬ ਨੇਤਰ ਇਕ ਦਰਸਾਈਆ। ਚੌਥੇ ਪਦ ਚੜ੍ਹ ਚੜ੍ਹ ਮੇਲਾ ਮੇਲ ਮਿਲਾਵਣ ਆਇਆ, ਘਰ ਸਾਚੇ ਵੱਜੀ ਵਧਾਈਆ। ਪੰਚਮ ਸਖੀਆਂ ਬਹਿ ਬਹਿ ਮੰਗਲ ਗਾਇਆ, ਗੀਤ ਗੋਬਿੰਦ ਇਕ ਅਲਾਈਆ। ਕਾਗਦ ਕਲਮ ਕੋਈ ਲਿਖਣ ਨਾ ਪਾਇਆ, ਸੱਤ ਸਮੁੰਦਰ ਰਹੇ ਕੁਰਲਾਈਆ। ਬਸੁੱਧਾ ਆਪਣਾ ਮੁਖ ਛੁਪਾਇਆ, ਬਨਾਸਪਤ ਰਹੀ ਨੈਣ ਸ਼ਰਮਾਈਆ। ਬਿਨ ਹਰਿ ਭਗਤ ਹਰਿ ਜੂ ਹਰਿ ਮੰਦਰ ਦਿਸ ਨਾ ਆਇਆ, ਨੇਤਰ ਲੋਚਣ ਨੈਣ ਦਰਸ ਨਾ ਕੋਈ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਖੇਲ ਨਿਰਾਲਾ, ਕਿਰਪਾ ਕਰੇ ਪੁਰਖ ਅਕਾਲਾ, ਚਾਰ ਵਰਨਾਂ ਏਕਾ ਸਰਨਾ ਏਕਾ ਰੰਗ ਰੰਗਾਈਆ। ਚਾਰ ਵਰਨਾਂ ਇਕ ਗਿਆਨ, ਏਕਾ ਨਾਮ ਸ਼ਬਦ ਪੜ੍ਹਾਈਆ। ਚਾਰ ਵਰਨਾਂ ਇਕ ਧਿਆਨ, ਸਤਿ ਸਤਿਵਾਦੀ ਇਕ ਸਰਨਾਈਆ। ਚਾਰ ਵਰਨਾਂ ਏਕਾ ਦਾਨ, ਆਤਮ ਭਿਛਿਆ ਬ੍ਰਹਮ ਵਖਾਈਆ। ਚਾਰ ਵਰਨਾਂ ਏਕਾ ਕਾਹਨ, ਸਾਚੀ ਸਖੀਆਂ ਵੇਖ ਵਖਾਈਆ। ਚਾਰ ਵਰਨਾਂ ਏਕਾ ਰਾਮ, ਸੀਤਾ ਸੁਰਤੀ ਲਏ ਪ੍ਰਨਾਈਆ। ਚਾਰ ਵਰਨਾਂ ਦੱਸੇ ਏਕਾ ਭਾਨ, ਏਕਾ ਨੂਰ ਕਰੇ ਰੁਸ਼ਨਾਈਆ। ਚਾਰ ਵਰਨ ਸੁਣਾਏ ਏਕਾ ਗਾਨ, ਧੁਨ ਆਤਮਕ ਆਪ ਅਲਾਹੀਆ। ਚਾਰ ਵਰਨਾਂ ਦੇਵੇ ਏਕਾ ਮਾਣ, ਹਿੰਦੂ ਮੁਸਲਮ ਸਿਖ ਈਸਾਈ ਨਾ ਕਰੇ ਵਡਿਆਈਆ। ਚਾਰ ਵਰਨਾਂ ਕਰੇ ਆਪ ਪਛਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸ੍ਰੀ ਭਗਵੰਤ, ਲੇਖਾ ਜਾਣੇ ਆਦਿ ਅੰਤ, ਅੰਤ ਆਦਿ ਆਪ ਅਖਵਾਈਆ। ਆਦਿ ਅੰਤ ਭੇਵ ਅਭੇਦਾ, ਪੁਰਖ ਅਬਿਨਾਸ਼ੀ ਖੇਲ ਖਿਲਾਇੰਦਾ। ਲੇਖਾ ਜਾਣੇ ਚਾਰ ਵੇਦਾਂ, ਵੇਦ ਵਿਦਾਂਤਾਂ ਆਪ ਉਪਾਇੰਦਾ। ਕਲਜੁਗ ਮੇਟੇ ਅੰਧੇਰੀ ਰਾਤਾ, ਅਥਰਬਣ ਅੰਤ ਕਰਾਇੰਦਾ। ਅੱਲਾ ਰਾਣੀ ਪੁੱਛੇ ਵਾਤਾ, ਸੰਗ ਮੁਹੰਮਦ ਵੇਖ ਵਖਾਇੰਦਾ। ਲੇਖਾ ਜਾਣੇ ਤ੍ਰਲੋਕੀ ਨਾਥਾ, ਆਪ ਆਪਣਾ ਰੂਪ ਵਟਾਇੰਦਾ। ਸਤਿਜੁਗ ਚਲਾਏ ਸਾਚੀ ਗਾਥਾ, ਸੋ ਨਿਸ਼ਅੱਖਰ ਆਪ ਪੜ੍ਹਾਇੰਦਾ। ਲਹਿਣਾ ਦੇਣ ਚੁਕਾਏ ਮਸਤਕ ਮਾਥਾ, ਪੂਰਬ ਲੇਖਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮੰਤਰ ਪੂਜਾ ਪਾਠਾ, ਏਕਾ ਸਰੋਵਰ ਮਾਰੇ ਠਾਠਾ, ਤੀਨ ਲੋਕ ਖੁਲ੍ਹਾਏ ਏਕਾ ਹਾਟਾ, ਅੰਮ੍ਰਿਤ ਪਿਆਏ ਸਾਚੇ ਬਾਟਾ, ਲੇਖਾ ਜਾਣੇ ਜੋਤ ਲਿਲਾਟਾ, ਜੋਤੀ ਨੂਰ ਆਪ ਜਗਾਇੰਦਾ। ਜੋਤੀ ਨੂਰ ਜਗਾਵਣ ਆਇਆ, ਜਾਗਰਤ ਜੋਤ ਹਰਿ ਰਘੁਰਾਈਆ। ਕਲਜੁਗ ਅੰਤਮ ਲੇਖ ਮਿਟਾਵਣ ਆਇਆ, ਹਰਿ ਸੱਚਾ ਸ਼ਹਿਨਸ਼ਾਹੀਆ। ਸਤਿਜੁਗ ਸਾਚਾ ਮਾਰਗ ਆਪ ਵਖਾਵਣ ਆਇਆ, ਨਿਰਗੁਣ ਬਣਿਆ ਆਪ ਮਲਾਹੀਆ। ਜੁਗ ਜੁਗ ਵਿਛੜੇ ਸੰਤ ਕੰਤ ਭਗਵੰਤ ਮੇਲ ਮਿਲਾਵਣ ਆਇਆ, ਆਪ ਆਪਣੇ ਲਏ ਜਗਾਈਆ। ਮਨਮੁਖ ਗੂੜੀ੍ਹ ਨੀਂਦ ਸੁਆਵਣ ਆਇਆ, ਮਾਇਆ ਪਰਦਾ ਉਪਰ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਹਿਰਦੇ ਅੰਦਰ ਜਾਏ ਵਸ, ਏਕਾ ਮਾਰਗ ਦੇਵੇ ਦੱਸ, ਆਪ ਆਪਣੀ ਬੂਝ ਬੁਝਾਈਆ। ਸਾਚਾ ਮਾਰਗ ਹਰਿ ਹਰਿ ਪੰਥ, ਹਰੀ ਹਰਿ ਆਪਣਾ ਆਪ ਜਣਾਇੰਦਾ। ਲੇਖਾ ਜਾਣੇ ਸੰਖ ਅਸੰਖ, ਕੋਟਨ ਕੋਟ ਗਣਤ ਗਣਾਇੰਦਾ। ਵੇਦ ਪੁਰਾਨ ਪੁਕਾਰਨ ਗ੍ਰੰਥ, ਬਿਨ ਸਤਿਗੁਰ ਪਾਰ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਫੜ, ਆਪ ਆਪਣੀ ਬੂਝ ਬੁਝਾਇੰਦਾ। ਹਰਿਜਨ ਹਰਿ ਹਰਿ ਬੁਝਿਆ, ਕਿਰਪਾ ਕਰੀ ਆਪ ਭਗਵਾਨ। ਭੇਵ ਚੁਕਾਏ ਏਕਾ ਦੂਜਿਆ, ਤੀਜਾ ਨੇਤਰ ਖੋਲ੍ਹ ਮਹਾਨ। ਘਰ ਆਪਣਾ ਆਪੇ ਸੂਝਿਆ, ਤਨ ਮੰਦਰ ਸਚ ਮਕਾਨ। ਜੋ ਜਨ ਚਰਨ ਕਵਲ ਹਰਿ ਹਰਿ ਝੂਜਿਆ, ਮਿਲੇ ਵਡਿਆਈ ਦੋ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਸਾਚਾ ਮਾਣ। ਮਾਣ ਨਿਮਾਣਿਆਂ ਆਪ ਹਰਿ, ਜੁਗ ਜੁਗ ਵੇਖ ਵਖਾਇੰਦਾ। ਭਗਤ ਭਗਵੰਤ ਆਏ ਦਰ, ਦਰ ਦਰਵੇਸ਼ ਫੇਰੀ ਪਾਇੰਦਾ। ਕਰਨੀ ਕਰਤਾ ਆਪੇ ਕਰ, ਆਪਣੀ ਕਰਵਟ ਆਪ ਬਦਲਾਇੰਦਾ। ਲੇਖਾ ਜਾਣੇ ਨਾਰੀ ਨਰ, ਬਿਰਧ ਬਾਲ ਜਵਾਨ ਨਾ ਰੂਪ ਧਰਾਇੰਦਾ। ਲੱਖ ਚੁਰਾਸੀ ਭਾਂਡਾ ਘੜ, ਘਟ ਵਸਤੂ ਥਿਰ ਧਰਾਇੰਦਾ। ਹਰਿਜਨ ਸਾਚੇ ਲਏ ਫੜ, ਆਪ ਆਪਣਾ ਮੇਲ ਮਿਲਾਇੰਦਾ। ਸਤਿਗੁਰ ਪੂਰਾ ਨਾ ਸੀਸ ਨਾ ਦਿਸੇ ਧੜ, ਪੰਜ ਤਤ ਨਾ ਕੋਈ ਵਖਾਇੰਦਾ। ਕਾਇਆ ਅੰਦਰ ਸਾਚੇ ਪੌੜੇ ਆਪੇ ਜਾਏ ਚੜ੍ਹ, ਔਂਦਾ ਜਾਂਦਾ ਦਿਸ ਨਾ ਆਇੰਦਾ। ਹਰਿਜਨ ਚੁਕਾਏ ਜਗਤ ਡਰ, ਨਿਰਭੈ ਆਪਣਾ ਭੈ ਕਰਾਇੰਦਾ। ਜੋ ਜਨ ਏਕਾ ਅੱਖਰ ਜਾਏ ਪੜ੍ਹ, ਨਿਸ਼ਅੱਖਰ ਵੇਖ ਵਖਾਇੰਦਾ। ਕਲਜੁਗ ਅਗਨ ਨਾ ਜਾਏ ਸੜ, ਤ੍ਰੈਗੁਣ ਤਤਵ ਤਤ ਬੁਝਾਇੰਦਾ। ਸਚ ਭੰਡਾਰਾ ਆਪਣਾ ਭਰ, ਅਤੋਟ ਅਤੁਟ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਸਾਚਾ ਵਰ, ਵਰ ਦਾਤਾ ਆਪ ਅਖਵਾਇੰਦਾ। ਦੇਵੇ ਵਰ ਰੰਗਣ ਨਾਮ, ਰੰਗ ਮਜੀਠੀ ਇਕ ਚੜ੍ਹਾਈਆ। ਲੇਖਾ ਜਾਣੇ ਕਾਇਆ ਮਾਟੀ ਚਾਮ, ਸਾਚਾ ਦਾਮ ਇਕ ਬੰਧਾਈਆ। ਆਪ ਵਸਾਏ ਨਗਰ ਗਰਾਮ, ਕਾਇਆ ਖੇੜਾ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦੇਵੇ ਵਰ, ਨਾਮ ਨਿਧਾਨਾ ਹਰਿ ਮਿਹਰਵਾਨਾ ਏਕਾ ਝੋਲੀ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਆ ਦਾਤਾ ਪੁਰਖ ਬਿਧਾਤਾ, ਪੁਰਖ ਪਰਖੋਤਮ ਆਪ ਅਖਵਾਈਆ।