੭ ਜੇਠ ੨੦੧੭ ਬਿਕ੍ਰਮੀ ਦੇਵਾ ਸਿੰਘ ਦੇ ਘਰ ਪਿੰਡ ਧਿੰਗਾਲੀ ਜ਼ਿਲਾ ਜੰਮੂ
ਹਰਿ ਸਤਿਗੁਰ ਪੂਰਾ ਉਠਿਆ, ਅਬਿਨਾਸ਼ੀ ਕਰਤਾ ਨੌਜਵਾਨ। ਜਨ ਭਗਤਾਂ ਉਪਰ ਤੁਠਿਆ, ਨਿਰਗੁਣ ਹੋਇਆ ਆਪ ਮਿਹਰਵਾਨ। ਅੰਮ੍ਰਿਤ ਪਿਆਏ ਸਾਚੇ ਘੁੱਟਿਆ, ਧਰਮ ਵਖਾਏ ਇਕ ਨਿਸ਼ਾਨ। ਆਪੇ ਚੜ੍ਹਿਆ ਸਾਚੀ ਚੋਟੀਆ, ਕਾਇਆ ਮੰਦਰ ਵੇਖ ਮਕਾਨ। ਵਿਚੋਂ ਕੱਢੇ ਵਾਸਨਾ ਖੋਟੀਆ, ਦਾਤਾ ਦਾਨੀ ਗੁਣ ਨਿਧਾਨ। ਏਕਾ ਬਖ਼ਸ਼ੇ ਚਰਨ ਓਟੀਆ, ਜੁਗਾ ਜੁਗੰਤਰ ਹੋ ਮਿਹਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ੇ ਬ੍ਰਹਮ ਗਿਆਨ। ਸਤਿਗੁਰ ਪੂਰਾ ਜਾਗਿਆ, ਦੀਨਾਂ ਬੰਧਪ ਦੀਨ ਦਿਆਲ। ਲੋਕਮਾਤ ਆਇਆ ਭਾਗਿਆ, ਨਿਰਗੁਣ ਖੇਲ ਕਰੇ ਦੋ ਜਹਾਨ। ਗੁਰਮੁਖ ਉਪਜਾਏ ਇਕ ਵੈਰਾਗਿਆ, ਸ਼ਬਦ ਅਨਾਦ ਵਜਾਏ ਤਾਲ। ਜਨਮ ਜਨਮ ਦਾ ਧੋਵੇ ਦਾਗਿਆ, ਆਪ ਆਪਣੀ ਕਰੇ ਪ੍ਰਿਤਪਾਲ। ਘਰ ਘਰ ਦੀਪਕ ਜਗਾਵੇ ਚਿਰਾਗਿਆ, ਆਦਿ ਨਿਰੰਜਣ ਏਕਾ ਜੋਤੀ ਦੀਪਕ ਬਾਲ। ਮੇਲ ਮਿਲਾਏ ਕੰਤ ਸੁਹਾਗਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਨਾਮ ਸੱਚਾ ਧੰਨ ਮਾਲ। ਸਤਿਗੁਰ ਸੱਚਾ ਬੌਹੜਿਆ, ਪਾਰਬ੍ਰਹਮ ਬੇਅੰਤ। ਗੁਰਮੁਖਾਂ ਪਿਆਸ ਬੁਝਾਏ ਲੱਗੀ ਔੜਿਆ, ਸੋਹੰ ਜਣਾਏ ਸਾਚਾ ਮੰਤ। ਆਪ ਚੜ੍ਹਾਏ ਸੱਚੇ ਪੌੜਿਆ, ਦਰਗਹਿ ਸਾਚੇ ਧਾਮ ਸੁਹੰਤ। ਫਲ ਵੇਖੇ ਮਿੱਠਾ ਕੌੜਿਆ, ਲੱਖ ਚੁਰਾਸੀ ਜੀਵ ਜੰਤ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਫਿਰੇ ਦੌੜਿਆ, ਵੇਸ ਅਨੇਕਾ ਆਦਿ ਅੰਤ। ਵੇਸ ਅਧਾਰ ਬ੍ਰਹਿਮਣ ਗੌੜਿਆ, ਪੂਤ ਸਪੂਤਾ ਬਣਾਏ ਬਣਤ। ਗੁਰਸਿਖ ਆਪ ਆਪਣੇ ਨਾਲ ਜੋੜਿਆ, ਗੜ੍ਹ ਤੋੜਿਆ ਹਉਮੇ ਹੰਗਤ। ਹਰਿਜਨ ਉਪਾਇਆ ਜੈਸਾ ਲੋੜਿਆ, ਮਿਲਿਆ ਮੇਲ ਸਾਚੀ ਸੰਗਤ। ਕਲਜੁਗ ਅੰਤਮ ਦਰ ਤੋਂ ਹੋੜਿਆ, ਦਰ ਦਰ ਭਿਖਾਰੀ ਫਿਰੇ ਨੰਗਤ। ਪੁਰਖ ਅਬਿਨਾਸ਼ੀ ਚੜ੍ਹੇ ਸਾਚੇ ਘੋੜਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਮੰਤ। ਸਤਿਗੁਰ ਪੂਰਾ ਸੂਰਬੀਰ, ਸਤਿ ਪੁਰਖ ਨਿਰੰਜਣ ਆਪ ਅਖਵਾਈਆ। ਏਕਾ ਚਿੱਲਾ ਫੜਿਆ ਤੀਰ, ਸੋਹੰ ਮੁਖੀ ਆਪ ਲਗਾਈਆ। ਦੋ ਜਹਾਨਾਂ ਪੈਂਡਾ ਆਇਆ ਚੀਰ, ਲੋਕਮਾਤ ਜੋਤ ਜਗਾਈਆ। ਸ਼ਾਹ ਸੁਲਤਾਨਾਂ ਕਰੇ ਫ਼ਕੀਰ, ਦਰ ਦਰ ਆਪ ਫਿਰਾਈਆ। ਗੁਰਮੁਖਾਂ ਕੱਢੇ ਹਉਮੇ ਪੀੜ, ਬਿਰਹੋਂ ਰੋਗ ਰਹਿਣ ਨਾ ਪਾਈਆ। ਅੰਮ੍ਰਿਤ ਬਖ਼ਸ਼ੇ ਸਾਚਾ ਸੀਰ, ਭਰ ਪਿਆਲਾ ਜਾਮ ਪਿਆਈਆ। ਚਰਨ ਦਵਾਰ ਬਣਾਏ ਭਿਖਾਰ ਵਡ ਬੀਰਨ ਬੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਤਿਗੁਰ ਸੱਚਾ ਹਰਿ ਗੋਬਿੰਦ, ਗੋਬਿੰਦ ਮਹਿਮਾ ਕਥਨ ਨਾ ਜਾਈਆ। ਗੋਬਿੰਦ ਮੇਟੇ ਸਗਲੀ ਚਿੰਦ, ਸਾਖਯਾਤ ਦਰਸ ਦਿਖਾਈਆ। ਗਹਿਰ ਗੰਭੀਰ ਗੁਣੀ ਗਹਿੰਦ, ਵਡ ਮਰਗਿੰਦ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਮੇਲ ਮਿਲਾਈਆ। ਸਤਿਗੁਰ ਪੂਰਾ ਪਾਰਬ੍ਰਹਮ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਨਾ ਕੋਈ ਖ਼ੁਸ਼ੀ ਨਾ ਕੋਈ ਗ਼ਮ, ਚਿੰਤਾ ਸੋਗ ਨਾ ਕੋਇ ਰਖਾਇੰਦਾ। ਇਕ ਜਪਾਏ ਸਾਚਾ ਨਾਮ, ਅੰਮ੍ਰਿਤ ਜਾਮ ਆਪ ਪਿਲਾਇੰਦਾ। ਪੂਰਨ ਕਰਨ ਆਇਆ ਪੂਰੇ ਕਾਮ, ਪੂਰਬ ਲਹਿਣਾ ਵੇਖ ਵਖਾਇੰਦਾ। ਪੱਲੇ ਬੰਨ੍ਹੇ ਸਾਚਾ ਦਾਮ, ਦਾਮਨਗੀਰ ਦਇਆ ਕਮਾਇੰਦਾ। ਗੁਰਮੁਖ ਤੇਰਾ ਨਗਰ ਖੇੜਾ ਵਸੇ ਗਰਾਮ, ਘਰ ਮੰਦਰ ਸੋਭਾ ਪਾਇੰਦਾ। ਲੇਖਾ ਜਾਣੇ ਮਾਟੀ ਚਾਮ, ਰਵ ਸਸ ਆਪ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਵਡਿਆਇੰਦਾ। ਗੁਰਮੁਖ ਵਡਿਆਈ ਧੰਨ, ਹਰਿ ਸਤਿਗੁਰ ਸੱਚਾ ਪਾਇਆ। ਗੁਰਸਿਖ ਵਡਿਆਈ ਧੰਨ, ਘਰ ਸਾਚਾ ਮੰਗਲ ਗਾਇਆ। ਗੁਰਮੁਖ ਵਡਿਆਈ ਧੰਨ, ਘਰ ਅੰਜਨ ਨੇਤਰ ਪਾਇਆ। ਗੁਰਸਿਖ ਵਡਿਆਈ ਧੰਨ, ਦੁੱਖ ਭੰਜਣ ਮੇਲ ਮਿਲਾਇਆ। ਗੁਰਮੁਖ ਵਡਿਆਈ ਧੰਨ, ਘਰ ਸੱਜਣ ਵੇਖਣ ਆਇਆ। ਗੁਰਸਿਖ ਵਡਿਆਈ ਧੰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਚੁਕਾਇਆ। ਹਰਿ ਭਗਤ ਵਡਿਆਈ ਧੰਨ, ਘਰ ਧੰਨ ਹਰਿ ਨਾਮਾ ਪਾਇਆ। ਹਰਿ ਸੰਤ ਵਡਿਆਈ ਧੰਨ, ਘਰ ਦੀਪਕ ਜੋਤ ਜਗਾਇਆ। ਹਰਿ ਭਗਤ ਵਡਿਆਈ ਧੰਨ, ਘਰ ਅਨਾਦੀ ਸ਼ਬਦ ਅਲਾਇਆ। ਹਰਿ ਸੰਤ ਵਡਿਆਈ ਧੰਨ, ਬ੍ਰਹਮ ਬ੍ਰਹਿਮਾਦੀ ਖੋਜ ਖੁਜਾਇਆ। ਹਰਿ ਭਗਤ ਵਡਿਆਈ ਧੰਨ, ਆਦਿ ਜੁਗਾਦੀ ਏਕਾ ਇਸ਼ਟ ਰਖਾਇਆ। ਹਰਿ ਸੰਤ ਵਡਿਆਈ ਧੰਨ, ਆਤਮ ਦ੍ਰਿਸ਼ਟੀ ਇਕ ਖੁਲ੍ਹਾਇਆ। ਹਰਿ ਭਗਤ ਵਡਿਆਈ ਧੰਨ, ਸਰਬ ਸ੍ਰਿਸ਼ਟੀ ਦਏ ਤਜਾਇਆ। ਹਰਿ ਸੰਤ ਵਡਿਆਈ ਧੰਨ, ਏਕਾ ਹਰਿ ਹਰਿ ਰਿਹਾ ਮਨਾਇਆ। ਹਰਿ ਭਗਤ ਵਡਿਆਈ ਧੰਨ, ਨਿਰਭੌ ਸਾਚਾ ਭੌ ਚੁਕਾਇਆ। ਹਰਿ ਸੰਤ ਵਡਿਆਈ ਧੰਨ, ਆਤਮ ਸੇਜਾ ਸਾਚੀ ਸੋਤੀ, ਘਰ ਸਾਚਾ ਕੰਤ ਹੰਢਾਇਆ। ਹਰਿ ਭਗਤ ਵਡਿਆਈ ਧੰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇਆ। ਗੁਰ ਗੁਰ ਵਡਿਆਈ ਧੰਨ, ਲੋਕਮਾਤ ਵੇਸ ਵਟਾਇੰਦਾ। ਸਤਿਗੁਰ ਵਡਿਆਈ ਧੰਨ, ਘਰ ਸਾਚੇ ਸੋਭਾ ਪਾਇੰਦਾ। ਗੁਰ ਵਡਿਆਈ ਧੰਨ, ਧੁਰ ਫ਼ਰਮਾਣਾ ਹੁਕਮ ਜਣਾਇੰਦਾ । ਸਤਿਗੁਰ ਵਡਿਆਈ ਧੰਨ, ਹੁਕਮੀ ਹੁਕਮ ਆਪ ਫਿਰਾਇੰਦਾ। ਗੁੁਰ ਗੁਰ ਵਡਿਆਈ ਧੰਨ, ਏਕਾ ਅੱਖਰ ਜਗਤ ਪੜ੍ਹਾਇੰਦਾ। ਸਤਿਗੁਰ ਵਡਿਆਈ ਧੰਨ, ਦਰਗਹਿ ਸਾਚੀ ਧਾਮ ਸੁਹਾਇੰਦਾ। ਗੁਰ ਗੁਰ ਵਡਿਆਈ ਧੰਨ, ਡੁੱਬਦੇ ਪਾਥਰ ਮਾਤ ਤਰਾਇੰਦਾ। ਸਤਿਗੁਰ ਵਡਿਆਈ ਧੰਨ, ਸਚਖੰਡ ਦਵਾਰਾ ਇਕਓਅੰਕਾਰਾ ਏਕਾ ਘਰ ਦਸਾਇੰਦਾ। ਗੁਰ ਗੁਰ ਵਡਿਆਈ ਧੰਨ, ਜੀਆਂ ਜੰਤਾਂ ਦਏ ਆਧਾਰਾ, ਏਕਾ ਸਿਖਿਆ ਸਿਖ ਸਮਝਾਇੰਦਾ। ਸਤਿਗੁਰ ਵਡਿਆਈ ਧੰਨ, ਲੱਖ ਚੁਰਾਸੀ ਕਰ ਪਸਾਰਾ, ਬ੍ਰਹਮਾ ਵਿਸ਼ਨ ਸ਼ਿਵ ਸੇਵ ਲਗਾਇੰਦਾ। ਗੁਰ ਗੁਰ ਵਡਿਆਈ ਧੰਨ, ਨਿਰਗੁਣ ਸ਼ਬਦ ਬੋਲ ਜੈਕਾਰਾ, ਆਪਣੀ ਧਾਰਾ ਆਪ ਬੰਧਾਇੰਦਾ। ਸਤਿਗੁਰ ਵਡਿਆਈ ਧੰਨ, ਜੁਗਾ ਜੁਗੰਤਰ ਖੇਲ ਅਪਾਰਾ, ਨਿਰਾਕਾਰਾ ਆਪ ਕਰਾਇੰਦਾ। ਗੁਰ ਗੁਰ ਵਡਿਆਈ ਧੰਨ, ਖਾਣੀ ਬਾਣੀ ਕਰੇ ਵਿਚਾਰਾ, ਬੋਧ ਅਗਾਧ ਗਿਆਨ ਆਪ ਸੁਣਾਇੰਦਾ। ਸਤਿਗੁਰ ਵਡਿਆਈ ਧੰਨ, ਮਹੱਲ ਅਟੱਲ ਉਚ ਮੁਨਾਰਾ, ਦੀਪਕ ਜੋਤੀ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇੰਦਾ। ਗੁਰਸਿਖ ਵਡਿਆਈ ਧੰਨ, ਧਰਤ ਧਵਲ ਮਿਲੇ ਵਡਿਆਈਆ। ਗੁਰਮੁਖ ਵਡਿਆਈ ਧੰਨ, ਘਰ ਮੰਦਰ ਸੋਭਾ ਪਾਈਆ। ਹਰਿ ਸੰਤ ਵਡਿਆਈ ਧੰਨ, ਪੀਆ ਪ੍ਰੀਤਮ ਵੇਖ ਵਖਾਈਆ। ਹਰਿ ਭਗਤ ਵਡਿਆਈ ਧੰਨ, ਪ੍ਰੀਤ ਇਕ ਭਗਵਾਨ ਲਗਾਈਆ। ਗੁਰ ਗੁਰ ਵਡਿਆਈ ਧੰਨ, ਸ਼ਬਦ ਸ਼ਬਦੀ ਕਰੇ ਪੜ੍ਹਾਈਆ। ਸਤਿਗੁਰ ਵਡਿਆਈ ਧੰਨ, ਆਪਣੀ ਰਚਨਾ ਆਪ ਰਚਾਈਆ। ਅਬਿਨਾਸ਼ੀ ਕਰਤਾ ਆਪਣਾ ਬੇੜਾ ਆਪੇ ਬੰਨ੍ਹ, ਆਦਿ ਜੁਗਾਦਿ ਰਿਹਾ ਚਲਾਈਆ। ਸੋ ਪੁਰਖ ਨਿਰੰਜਣ ਆਪ ਚੜ੍ਹਾਏ ਸਾਚਾ ਚੰਨ, ਰਵ ਸਸ ਕਰੇ ਰੁਸ਼ਨਾਈਆ । ਹਰਿ ਪੁਰਖ ਨਿਰੰਜਣ ਦੇਵੇ ਗਿਆਨ ਆਤਮ ਅੰਨ੍ਹ, ਏਕੰਕਾਰ ਰੂਪ ਸਮਾਈਆ। ਆਦਿ ਨਿਰੰਜਣ ਕਿਸੇ ਨਾ ਜਨਣੀ ਜਣਿਆ ਜਨ, ਮਾਤ ਪਿਤ ਨਾ ਕੋਇ ਬਣਾਈਆ। ਅਬਿਨਾਸ਼ੀ ਕਰਤਾ ਪੰਜ ਤਤ ਨਾ ਦਿਸੇ ਤਨ, ਤ੍ਰੈਗੁਣ ਨਾ ਰੂਪ ਦਰਸਾਈਆ। ਸ੍ਰੀ ਭਗਵਾਨ ਨਾ ਦੇਵੇ ਕੋਈ ਡੰਨ, ਘੜ ਭੰਨ ਨਾ ਕੋਇ ਬਣਾਈਆ। ਅਬਿਨਾਸ਼ੀ ਕਰਤਾ ਪਾਰਬ੍ਰਹਮ ਨਾ ਮਰੇ ਨਾ ਪਏ ਜੰਮ, ਜਨਨੀ ਗੋਦ ਨਾ ਕੋਇ ਉਠਾਈਆ। ਜੁਗਾ ਜੁਗੰਤਰ ਜਾਣੇ ਆਪਣਾ ਕੰਮ, ਨਿਰਗੁਣ ਸਰਗੁਣ ਵੇਸ ਵਟਾਈਆ। ਸਤਿਗੁਰ ਵਡਿਆਈ ਧੰਨ, ਅਲੱਖ ਨਿਰੰਜਣ ਖੇਲ ਖਿਲਾਇੰਦਾ। ਗੁਰ ਗੁਰ ਵਡਿਆਈ ਧੰਨ, ਹੋ ਪਰਤੱਖ ਦਰਸ ਦਖਾਇੰਦਾ। ਭਗਤ ਵਡਿਆਈ ਧੰਨ, ਗੀਤ ਗੋਬਿੰਦ ਏਕਾ ਗਾਇੰਦਾ। ਸੰਤ ਵਡਿਆਈ ਧੰਨ, ਮੋਹਣ ਮਾਧਵ ਘਰ ਆਪਣੇ ਆਪ ਦਸਾਇੰਦਾ। ਗੁਰਮੁਖ ਵਡਿਆਈ ਧੰਨ, ਦੀਨ ਦੁਨੀ ਸਰਬ ਤਜਾਇੰਦਾ। ਗੁਰਸਿਖ ਵਡਿਆਈ ਧੰਨ, ਏਕਾ ਰਾਗ ਸੁਣੇ ਕੰਨ, ਦੂਜਾ ਰਾਗ ਨਾ ਕੋਇ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਸ਼ਬਦ ਸੰਦੇਸ਼, ਆਪ ਸੁਣਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਕਰੋੜ ਤੇਤੀਸਾ ਆਪ ਸਮਝਾਇੰਦਾ। ਸਤਿਗੁਰ ਪੂਰਾ ਪਾਰਬ੍ਰਹਮ, ਅਬਿਨਾਸ਼ੀ ਕਰਤਾ ਨਾਉਂ ਧਰਾਇੰਦਾ। ਗੁਰ ਗੁਰ ਨਾ ਮਰੇ ਨਾ ਪਏ ਜੰਮ, ਨਿਤ ਨਵਿਤ ਵੇਸ ਵਟਾਇੰਦਾ। ਭਗਤ ਭਗਵੰਤ ਗਾਏ ਦਮਾਂ ਦਮ, ਆਪ ਆਪਣੀ ਕਿਰਤ ਕਮਾਇੰਦਾ। ਸੰਤ ਸਾਜਣ ਜਾਏ ਮੰਨ, ਮਨ ਮਣਕਾ ਆਪ ਫਿਰਾਇੰਦਾ। ਗੁਰਮੁਖ ਵੇਖੇ ਚੜ੍ਹਿਆ ਸਾਚਾ ਚੰਨ, ਅੰਧ ਅੰਧੇਰ ਸਰਬ ਗਵਾਇੰਦਾ। ਗੁਰਸਿਖਾਂ ਭਾਂਡਾ ਭਰਮ ਭੌ ਦੇਵੇ ਭੰਨ, ਏਕਾ ਦੂਜਾ ਭੌ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਬਾਰ, ਆਦਿ ਜਗਾਦੀ ਸਾਚੀ ਕਾਰ, ਕਰਨੇਹਾਰਾ ਆਪ ਕਰਾਇੰਦਾ। ਗੁਰਸਿਖ ਵਡਿਆਈ ਧੰਨ, ਧੰਨ ਧੰਨ ਜਣੇਂਦੀ ਮਾਈਆ। ਗੁਰਮੁਖ ਵਡਿਆਈ ਧੰਨ, ਰਸਨਾ ਗੌਂਦੀ ਸਾਚਾ ਮਾਹੀਆ। ਹਰਿ ਸੰਤ ਵਡਿਆਈ ਧੰਨ, ਦਿਵਸ ਰੈਣ ਵਿਛੜ ਨਾ ਜਾਈਆ। ਹਰਿ ਭਗਤ ਵਡਿਆਈ ਧੰਨ, ਅੰਤਰ ਆਤਮ ਇਕ ਲਿਵ ਲਾਈਆ। ਗੁਰ ਗੁਰ ਵਡਿਆਈ ਧੰਨ, ਹਰਿ ਕਾ ਸ਼ਬਦ ਦਏ ਸੁਣਾਈਆ। ਸਤਿਗੁਰ ਵਡਿਆਈ ਧੰਨ, ਜੁਗ ਜੁਗ ਆਪਣੀ ਕਰੇ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪ ਵਖਾਈਆ। ਸਤਿਗੁਰ ਵਡਿਆਈ ਧੰਨ, ਥਿਰ ਘਰ ਸਾਚੇ ਸੋਭਾ ਪਾਇੰਦਾ। ਗੁਰ ਗੁਰ ਵਡਿਆਈ ਧੰਨ, ਸੁਨ ਅਗੰਮੀ ਪੰਧ ਮੁਕਾਇੰਦਾ। ਗੁਰਮੁਖ ਵਡਿਆਈ ਧੰਨ, ਚੌਥੇ ਪਦ ਸਦਾ ਰਹਾਇੰਦਾ। ਗੁਰਸਿਖ ਵਡਿਆਈ ਧੰਨ, ਘਰ ਘਰ ਮੰਦਰ ਹਰਿ ਹਰਿ ਦਰਸ਼ਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਸਰਗੁਣ ਬੰਨ੍ਹੇ ਨਿਰਗੁਣ ਧਾਰ, ਨਿਰਗੁਣ ਨਿਰਗੁਣ ਵਿਚ ਟਿਕਾਈਆ। ਨਿਰਗੁਣ ਸਰਗੁਣ ਕਰੇ ਪਿਆਰ, ਗੁਰ ਗੁਰ ਨਾਉਂ ਉਪਜਾਈਆ। ਗੁਰ ਗੁਰ ਕਿਰਪਾ ਕਰੇ ਵਿਚ ਸੰਸਾਰ, ਗੁਰਮੁਖ ਸਾਚੇ ਲਏ ਤਰਾਈਆ। ਗੁਰਮੁਖ ਸਾਚਾ ਹੋਏ ਖ਼ਬਰਦਾਰ, ਗੁਰਸਿਖ ਸਾਚੇ ਲਏ ਉਠਾਈਆ। ਗੁਰਸਿਖ ਉਠਿਆ ਵਿਚ ਸੰਸਾਰ, ਆਲਸ ਨਿੰਦਰਾ ਦਏ ਮਿਟਾਈਆ। ਕਰੇ ਦਰਸ ਹਰਿ ਨਿਰੰਕਾਰ, ਚਿੰਤਾ ਸੋਗ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਨਰ ਨਰੇਸ਼ਾ ਆਦਿ ਜੁਗਾਦੀ ਇਕ ਸੁਣਾਈਆ। ਸਤਿਗੁਰ ਪੂਰਾ ਆਦਿ ਜੁਗਾਦਿ, ਆਬਿਨਾਸ਼ੀ ਕਰਤਾ ਆਪ ਸਮਾਇਆ। ਗੁਰ ਗੁਰ ਖੇਲੇ ਖੇਲ ਵਿਚ ਬ੍ਰਹਿਮਾਦ, ਜੁਗ ਜੁਗ ਆਪਣਾ ਡੰਕ ਵਜਾਇਆ। ਭਗਤ ਵਜਾਏ ਸਾਚਾ ਨਾਦ, ਦਰ ਘਰ ਸਾਚੇ ਆਪ ਸੁਣਾਇਆ। ਸੰਤਨ ਹਰਿ ਹਰਿ ਲਿਆ ਲਾਧ, ਦੂਸਰ ਹੱਥ ਕਿਸੇ ਨਾ ਆਇਆ। ਗੁਰਮੁਖ ਮੇਲਾ ਮਾਧਵ ਮਾਧ, ਘਰ ਸਾਚਾ ਵੇਖ ਵਖਾਇਆ। ਗੁਰਸਿਖ ਮਿਲੀ ਸਾਚੀ ਦਾਦ, ਸਾਚੀ ਭਿਛਿਆ ਝੋਲੀ ਪਾਇਆ। ਜੁਗ ਜੁਗ ਸੁਣਦਾ ਆਇਆ ਆਪ ਫ਼ਰਯਾਦ, ਜੋ ਜਨ ਰਹੇ ਬਿਲਲਾਇਆ। ਮੇਟਣਹਾਰਾ ਵਾਦ ਵਿਵਾਦ, ਸਾਚੀ ਸਿਖਿਆ ਇਕ ਸਮਝਾਇਆ। ਲੱਖ ਚੁਰਾਸੀ ਵਿਚੋਂ ਕਾਢ, ਜਮ ਕੀ ਫਾਸੀ ਦਏ ਤੁੜਾਇਆ। ਲੇਖੇ ਲਾਏ ਚੰਮ ਮਾਸ ਨਾੜੀ ਹਾਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਦੇਵੇ ਸਾਚਾ ਵਰ, ਸਮਰਥ ਪੁਰਖ ਆਪ ਅਖਵਾਇਆ। ਸਤਿਗੁਰ ਪੂਰਾ ਪੁਰਖ ਸਮਰਥ, ਦਰਗਹਿ ਸਾਚੀ ਧਾਮ ਸੁਹਾਇੰਦਾ। ਗੁਰ ਗੁਰ ਚਲਾਏ ਆਪਣਾ ਰਥ, ਰਥ ਰਥਵਾਹੀ ਖੇਲ ਖਿਲਾਇੰਦਾ। ਭਗਤਾਂ ਦੇਵੇ ਸਾਚੀ ਵਥ, ਏਕਾ ਵਸਤ ਹੱਥ ਫੜਾਇੰਦਾ। ਸੰਤਨ ਸੁਣਾਏ ਮਹਿਮਾ ਅਕਥ, ਅਕਥ ਕਹਾਣੀ ਆਪ ਜਣਾਇੰਦਾ। ਗੁਰਮੁਖਾਂ ਸਗਲ ਵਸੂਰੇ ਜਾਇਣ ਲੱਥ, ਦਰ ਘਰ ਸਾਚੇ ਦਰਸ ਕਰਾਇੰਦਾ। ਗੁਰਸਿਖ ਚਰਨ ਸਰਨ ਸਰਨਾਈ ਜਾਏ ਢੱਠ, ਫੜ ਬਾਹੋਂ ਗਲੇ ਲਗਾਇੰਦਾ। ਜੁਗ ਜੁਗ ਗੇੜੇ ਆਪਣੀ ਲੱਠ, ਸ੍ਰਿਸ਼ਟ ਸਬਾਈ ਆਪ ਭਵਾਇੰਦਾ। ਬਿਨ ਹਰਿ ਖੇੜਾ ਦਿਸੇ ਭੱਠ, ਸੱਥਰ ਯਾਰ ਨਾ ਕੋਇ ਸੁਹਾਇੰਦਾ। ਕਲਜੁਗ ਪੈਂਡਾ ਮੁੱਕੇ ਨਾ ਨੱਠ ਨੱਠ, ਜੀਵ ਜੰਤ ਸਰਬ ਕੁਰਲਾਇੰਦਾ। ਤ੍ਰੈਗੁਣ ਮਾਇਆ ਪੰਜ ਤਤ ਵਿਕਾਰਾਂ ਪਾਈ ਨੱਥ, ਕਾਲ ਕਲੰਦਰ ਆਪ ਨਚਾਇੰਦਾ। ਰਾਏ ਧਰਮ ਦੂਰ ਦੁਰਾਡਾ ਬੈਠਾ ਰਿਹਾ ਹੱਸ, ਵੇਲਾ ਅੰਤਮ ਆਇੰਦਾ। ਲਾੜੀ ਮੌਤ ਲਾਲ ਮਹਿੰਦੀ ਹੱਥੀਂ ਰਹੀ ਝੱਸ, ਸੰਮਤ ਸਤਾਰਾਂ ਵੇਖ ਵਖਾਇੰਦਾ। ਸਤਿਗੁਰ ਪੂਰਾ ਗੁਰਮੁਖਾਂ ਮਾਰਗ ਏਕਾ ਦੱਸ, ਸਾਚਾ ਮੰਤਰ ਨਾਮ ਦ੍ਰਿੜਾਇੰਦਾ। ਚਾਰ ਦਵਾਰੇ ਕਰ ਇਕੱਠ, ਦੀਨਾਂ ਨਾਥਾਂ ਦਰਦ ਵੰਡਾਇੰਦਾ। ਅੰਤਮ ਅੰਤ ਪਤ ਲਏ ਰੱਖ, ਪਤ ਪਤਵੰਤਾ ਦਇਆ ਕਮਾਇੰਦਾ। ਗੁਰਸਿਖ ਤੇਰਾ ਨੇਤਰ ਨਿਰਗੁਣ ਅੱਖ, ਨੈਣ ਨਰਾਇਣ ਆਪ ਮਟਕਾਇੰਦਾ। ਤੇਰਾ ਬੁਰਜ ਨਾ ਜਾਏ ਢੱਠ, ਹਰਿ ਮੰਦਰ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਇੰਦਾ। ਸਤਿਗੁਰ ਪੂਰਾ ਗਹਿਰ ਗੰਭੀਰ, ਅਲੱਖ ਅਗੋਚਰ ਭੇਵ ਨਾ ਆਇੰਦਾ। ਗੁਰ ਗੁਰ ਦਾਤਾ ਪੀਰਨ ਪੀਰ, ਸ਼ਾਹ ਹਕੀਰ ਵੇਖ ਵਖਾਇੰਦਾ। ਭਗਤਨ ਚੜ੍ਹਾਏ ਚੋਟੀ ਇਕ ਅਖ਼ੀਰ, ਜੁਲਾਹਾ ਕਬੀਰ ਆਖ ਸੁਣਾਇੰਦਾ। ਸੰਤਨ ਬਖ਼ਸ਼ੇ ਠਾਂਡਾ ਸੀਰ, ਸਤਿ ਸਤਿਵਾਦ ਧਰਮ ਦ੍ਰਿੜਾਇੰਦਾ। ਗੁਰਮੁਖਾਂ ਦੋ ਜਹਾਨਾਂ ਪੈਂਡਾ ਜਾਏ ਚੀਰ, ਅੱਧਵਿਚਕਾਰ ਨਾ ਕੋਇ ਅਟਕਾਇੰਦਾ। ਗੁਰਸਿਖ ਤੋੜ ਜਗਤ ਜੰਜ਼ੀਰ, ਆਪਣਾ ਫੰਦਨ ਆਪ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਸਤਿਗੁਰ ਸਾਚਾ ਸਰਬ ਜੀਆਂ ਦਾਤਾ, ਲੱਖ ਚੁਰਾਸੀ ਵਿਚ ਸਮਾਈਆ। ਗੁਰ ਗੁਰ ਦੇਵੇ ਇਕ ਗਿਆਤਾ, ਗਿਆਨ ਗੋਝ ਵਡ ਵਡਿਆਈਆ। ਭਗਤਨ ਦੇਵੇ ਸਾਚਾ ਸਾਥਾ, ਸਗਲਾ ਸੰਗ ਬੇਪਰਵਾਹੀਆ। ਸੰਤਨ ਲੇਖਾ ਚੁੱਕੇ ਮਸਤਕ ਮਾਥਾ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਗੁਰਮੁਖ ਵਿਕਾਏ ਸਾਚੇ ਹਾਟਾ, ਕਰਤਾ ਕੀਮਤ ਆਪੇ ਪਾਈਆ। ਗੁਰਸਿਖਾਂ ਪਿਆਏ ਅੰਮ੍ਰਿਤ ਬਾਟਾ, ਕਾਇਆ ਕਾਸਾ ਆਪ ਭਰਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਅੰਤਮ ਪੂਰ ਕਰਾਏ ਘਾਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਸੰਗ ਰਖਾਈਆ। ਗੁਰਸਿਖ ਤੇਰੀ ਵਡਿਆਈ ਧੰਨ, ਤੇਰੀ ਗਤ ਮਿਤ ਆਪ ਜਣਾਇੰਦਾ। ਗੁਰਮੁਖ ਵਡਿਆਈ ਧੰਨ, ਕਮਲਾਪਤ ਮੇਲ ਮਿਲਾਇੰਦਾ। ਹਰਿ ਸੰਤ ਵਡਿਆਈ ਧੰਨ, ਬ੍ਰਹਮ ਮਤ ਇਕ ਸਮਝਾਇੰਦਾ। ਹਰਿ ਭਗਤ ਵਡਿਆਈ ਧੰਨ, ਰੱਤੀ ਰੱਤ ਲੇਖੇ ਲਾਇੰਦਾ। ਗੁਰ ਗੁਰ ਵਡਿਆਈ ਧੰਨ, ਉਤਪਤ ਸਾਰੀ ਝੋਲੀ ਪਾਇੰਦਾ। ਸਤਿਗੁਰ ਵਡਿਆਈ ਧੰਨ, ਜੋ ਘੜਿਆ ਸੋ ਭੰਨ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਚਾਲ ਚਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਚਾਲ ਨਿਰਾਲੀ, ਹਰਿ ਪੁਰਖ ਨਿਰੰਜਣ ਆਪ ਚਲਾਈਆ। ਕਲਜੁਗ ਅੰਤਮ ਜਗੀ ਜੋਤ ਇਕ ਅਕਾਲੀ, ਕਾਲ ਦਿਆਲ ਰੂਪ ਵਟਾਈਆ। ਆਪਣੇ ਹੱਥ ਰੱਖੇ ਖ਼ਾਲੀ, ਖੰਡਾ ਤੀਰ ਤੁਫ਼ੰਗ, ਕਟਾਰ ਹੱਥ ਨਾ ਕੋਇ ਉਠਾਈਆ। ਲੱਖ ਚੁਰਾਸੀ ਬ੍ਰਹਮੇ ਵਿਸ਼ਨ ਸ਼ਿਵ ਤੇਰੀ ਵੇਖੇ ਪਤ ਪਤ ਡਾਲ੍ਹੀ, ਫੁੱਲ ਫੁਲਵਾੜੀ ਜੋ ਮਾਤ ਲਗਾਈਆ। ਚਾਰ ਜੁਗ ਦੇਂਦਾ ਆਇਆ ਆਪ ਦਲਾਲੀ, ਗੁਰ ਪੀਰ ਅਵਤਾਰ ਸੇਵ ਕਮਾਈਆ। ਆਪੇ ਲੇਖਾ ਜਾਣੇ ਜਲਵਾ ਨੂਰ ਜਲਾਲੀ, ਜ਼ਾਹਰ ਜ਼ਹੂਰ ਹਰਿ ਗ਼ਫ਼ੂਰ ਆਪ ਅਖਵਾਈਆ । ਆਪਣਾ ਬਗ਼ੀਚਾ ਵੇਖਣ ਆਇਆ ਆਪੇ ਮਾਲੀ, ਨਿਰਗੁਣ ਜੋਤ ਕਰ ਰੁਸ਼ਨਾਈਆ। ਸਾਚੇ ਬੂਟੇ ਲੱਖ ਚੁਰਾਸੀ ਵਿਚੋਂ ਰਿਹਾ ਭਾਲੀ, ਗੁਰਮੁਖ ਸੱਜਣ ਆਪ ਉਠਾਈਆ। ਕਲੀ ਕਲੀ ਵੇਖੀ ਲੱਗੀ ਪਤ ਡਾਲ੍ਹੀ, ਚਾਰੋਂ ਕੁੰਟ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਜਗਤ ਬਗ਼ੀਚਾ ਵੇਖਣ ਆਇਆ, ਨੀਚ ਨੀਚਾਂ ਵਿਚ ਸਮਾਇੰਦਾ। ਸਚ ਹਦੀਸਾ ਪੜ੍ਹਾਵਣ ਆਇਆ, ਬੀਸ ਬੀਸਾ ਰਾਹ ਤਕਾਇੰਦਾ। ਛਤਰ ਸੀਸ ਆਪ ਝੁਲਾਵਣ ਆਇਆ, ਸ਼ਾਹ ਸੁਲਤਾਨਾਂ ਮੇਟ ਮਿਟਾਇੰਦਾ। ਖ਼ਾਲੀ ਖ਼ੀਸਾ ਸਭ ਦਾ ਕਰਨ ਆਇਆ, ਤ੍ਰੈਗੁਣ ਮਾਇਆ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸਾਚਾ ਸੰਗ ਰਖਾਇੰਦਾ। ਗੁਰਮੁਖ ਸਾਚਾ ਸੰਗ, ਹਰਿ ਸੱਜਣ ਆਪ ਰਖਾਈਆ। ਘਰ ਘਰ ਭਿਛਿਆ ਮੰਗੇ ਮੰਗ, ਦਰ ਦਰ ਅਲਖ ਜਗਾਈਆ। ਨੌ ਦਰ ਵੇਖੇ ਆਪੇ ਲੰਘ, ਦਸਵੇਂ ਪੰਧ ਮੁਕਾਈਆ। ਆਤਮ ਸੇਜਾ ਸਚ ਪਲੰਘ, ਗੁਰ ਸਤਿਗੁਰ ਆਪ ਹੰਢਾਈਆ। ਕਾਇਆ ਚੋਲੀ ਚਾੜ੍ਹੇ ਰੰਗ, ਰੰਗਣਹਾਰਾ ਇਕ ਅਖਵਾਈਆ। ਸੁਰਤੀ ਡੋਰੀ ਨਾਮ ਪਤੰਗ, ਬ੍ਰਹਿਮੰਡ ਖੰਡ ਆਪ ਉਡਾਈਆ। ਕਲਜੁਗ ਭੰਨੇ ਕਾਚੀ ਵੰਗ, ਕਾਚੀ ਗਗਰੀਆ ਰਹਿਣ ਨਾ ਪਾਈਆ। ਜੂਠ ਝੂਠ ਚਾਰੋਂ ਕੁੰਟ ਨੱਚੇ ਬਣ ਮਲੰਗ, ਮਾਇਆ ਅਲਫ਼ੀ ਗਲ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰਮੁਖ ਲਏ ਸਮਾਈਆ। ਸਤਿਗੁਰ ਸਾਚਾ ਜਾਗਿਆ, ਗੁਰ ਗੁਰ ਮੇਲ ਮਿਲਾਏ। ਹਰਿ ਭਗਤ ਉਪਜਾਏ ਇਕ ਵੈਰਾਗਿਆ, ਸੰਤਨ ਮੇਲਾ ਸਹਿਜ ਸੁਭਾਏ। ਗੁਰਮੁਖ ਮਿਲਾਵਾ ਕੰਤ ਸੁਹਾਗਿਆ, ਗੁਰਸਿਖ ਮੰਗਲ ਬਹਿ ਬਹਿ ਗਾਏ। ਮਨਮੁਖ ਦਹਿ ਦਿਸ਼ਾ ਫਿਰੇ ਭਾਗਿਆ, ਮਨ ਠੌਰ ਨਾ ਕੋਇ ਰਖਾਏ। ਕਾਗਾਂ ਡਾਰ ਰਲਿਆ ਬਣ ਬਣ ਕਾਗਿਆ, ਸੋਹੰ ਮਾਣਕ ਮੋਤੀ ਚੋਗ ਨਾ ਕੋਇ ਚੁਗਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤਖ਼ਤ ਤਾਜ ਇਕ ਸੁਹਾਏ। ਤਖ਼ਤ ਤਾਜ ਸੁਹੰਜਣਾ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ । ਸਚਖੰਡ ਨਿਵਾਸੀ ਬਹਿ ਬਹਿ ਸਜਣਾ, ਧੁਰ ਦਰਬਾਰੇ ਆਸਣ ਲਾਇੰਦਾ। ਗੁਰਸਿਖ ਸੁਣ ਮੀਤ ਹਮਾਰੇ ਸੱਜਣਾ, ਤੇਰਾ ਸਾਚਾ ਸੰਗ ਨਿਭਾਇੰਦਾ। ਅੰਤਮ ਆਪੇ ਪਰਦਾ ਕੱਜਣਾ, ਤੇਰੀ ਲੱਜ ਪੱਤ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸਦ ਸਮਾਇੰਦਾ। ਗੁਰਮੁਖ ਸਮਾਇਆ ਆਪ ਹਰਿ, ਦਿਸ ਕਿਸੇ ਨਾ ਆਈਆ। ਗੁਰਸਿਖਾਂ ਅੰਦਰ ਗਿਆ ਵੜ, ਆਪਣਾ ਰੂਪ ਆਪ ਵਟਾਈਆ। ਸੰਤ ਸੁਹੇਲੇ ਲਏ ਫੜ, ਜਾਗਰਤ ਜੋਤ ਕਰ ਰੁਸ਼ਨਾਈਆ। ਭਗਤਾਂ ਫੜਾਇਆ ਆਪਣਾ ਲੜ, ਏਕਾ ਪੌੜੇ ਲਏ ਚੜ੍ਹਾਈਆ। ਗੁਰ ਗੁਰ ਵਿਦਿਆ ਗਿਆ ਪੜ੍ਹ, ਸਾਚੀ ਪੜ੍ਹੇ ਨਾਮ ਪੜ੍ਹਾਈਆ। ਸਤਿਗੁਰ ਪੂਰਾ ਅਗੰਮ ਅਥਾਹ ਬੇਪਰਵਾਹ ਦਰਸ ਦਿਖਾਏ ਅੱਗੇ ਖੜ, ਨਿਰਗੁਣ ਆਪਣਾ ਰੂਪ ਵਟਾਈਆ। ਗੁਰਮੁਖਾਂ ਲਗਾਏ ਸਾਚੀ ਜੜ੍ਹ, ਨਾ ਸਕੇ ਕੋਇ ਉਖੜਾਈਆ। ਮਨਮੁਖ ਜੀਵ ਝੂਠੇ ਵਹਿਣ ਜਾਇਣ ਹੜ, ਪਾਰ ਕਿਨਾਰਾ ਨਾ ਕੋਇ ਦਰਸਾਈਆ। ਜਮ ਕੇ ਦੂਤ ਅੱਧਵਿਚਕਾਰ ਲੈਣ ਫੜ, ਰਾਏ ਧਰਮ ਹੱਥ ਫੜਾਈਆ। ਚਿਤਰ ਗੁਪਤ ਲੇਖਾ ਲਿਖਿਆ ਅੱਗੇ ਦੇਵੇ ਧਰ, ਮਾਣਸ ਜਨਮ ਜੋ ਰਹੇ ਕੁਕਰਮ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਤਰਾਈਆ। ਗੁਰਮੁਖ ਤਾਰਨਹਾਰਾ ਆ ਗਿਆ, ਕਲ ਕਲਕੀ ਅਵਤਾਰ। ਸੀਸ ਸਾਚਾ ਤਾਜ ਟਿਕਾ ਲਿਆ, ਸ੍ਰਿਸ਼ਟ ਸਬਾਈ ਕਰੇ ਖ਼ਵਾਰ। ਉਚੀ ਕੂਕ ਸ਼ਬਦ ਜਣਾ ਲਿਆ, ਆਪ ਆਪਣਾ ਪਰਦਾ ਦਏ ਉਤਾਰ। ਨਿਰਭੌ ਆਪਣਾ ਨਾਉਂ ਰਖਾ ਲਿਆ, ਲੱਖ ਚੁਰਾਸੀ ਮਾਰੇ ਮਾਰ। ਕਾਲ ਮਹਾਂਕਾਲ ਆਪਣਿਆਂ ਚਰਨਾਂ ਹੇਠ ਦਬਾ ਲਿਆ, ਉਤੇ ਪਾਏ ਆਪਣਾ ਭਾਰ। ਬ੍ਰਹਮਾ ਵਿਸ਼ਨ ਸ਼ਿਵ ਆਪ ਉਠਾ ਲਿਆ, ਪੁਰੀਆਂ ਲੋਆਂ ਕਰੇ ਖ਼ਬਰਦਾਰ। ਸੁਰਪਤ ਰਾਜਾ ਇੰਦ ਨਾਲ ਰਲਾ ਲਿਆ, ਕਰੋੜ ਤੇਤੀਸਾ ਨੈਣ ਉਘਾੜ। ਗਣ ਗੰਧਰਬ ਆਪ ਹਲਾ ਲਿਆ, ਕਿਨਰ ਯਛਪ ਕਰੇ ਪੁਕਾਰ। ਲੋਕਮਾਤ ਜੋਤ ਜਗਾ ਲਿਆ, ਪਰਗਟ ਹੋ ਚਵੀਆਂ ਅਵਤਾਰ। ਸ਼ਬਦ ਖੰਡਾ ਹੱਥ ਉਠਾ ਲਿਆ, ਤਿਖੀ ਰੱਖੇ ਦੋਵੇਂ ਧਾਰ। ਧਰਮ ਜੈਕਾਰਾ ਏਕਾ ਲਾ ਲਿਆ, ਚਾਰ ਵਰਨਾਂ ਕਰ ਪਿਆਰ। ਅਠਾਰਾਂ ਬਰਨਾਂ ਮੇਟ ਮਿਟਾ ਰਿਹਾ, ਕਰੇ ਖੇਲ ਵਿਚ ਸੰਸਾਰ। ਸਾਚੀ ਸਰਨਾ ਇਕ ਤਕਾ ਰਿਹਾ, ਨੌ ਖੰਡ ਪ੍ਰਿਥਮੀ ਖੋਲ੍ਹ ਦਵਾਰ। ਸੱਤਾਂ ਦੀਪਾਂ ਰਾਹੇ ਪਾ ਰਿਹਾ, ਭੁਲਿਆ ਰਹੇ ਨਾ ਜੀਵ ਗਵਾਰ। ਸ਼ਾਹ ਸੁਲਤਾਨਾਂ ਆਪ ਨਿਵਾ ਰਿਹਾ ਦੋ ਜਹਾਨਾਂ ਕਰੇ ਖੇਲ ਨਿਰੰਕਾਰ। ਸਿਆਸਤ ਵਿਰਾਸਤ ਸਰਬ ਮਿਟਾ ਲਿਆ, ਏਕਾ ਹੁਕਮ ਸੱਚੀ ਸਰਕਾਰ। ਤਖ਼ਤ ਤਾਜ ਆਪ ਸੁਹਾ ਲਿਆ, ਸ਼ਾਹੋ ਭੂਪ ਬਣ ਸਿਕਦਾਰ। ਗੁਰਮੁਖ ਸਾਚਾ ਆਪ ਬਹਾ ਲਿਆ, ਆਪ ਆਪਣੇ ਚਰਨ ਦਵਾਰ। ਸਤਿਗੁਰ ਉਠਿਆ ਪੁਰਖ ਅਕਾਲਿਆ, ਕਲਜੁਗ ਕਾਲੀ ਰੈਣ ਮੇਟੇ ਅੰਧਿਆਰ। ਘਰ ਘਰ ਦੀਪਕ ਗੁਰਮੁਖਾਂ ਆਪੇ ਬਾਲਿਆ, ਜਿਉਂ ਅਯੁਧਿਆ ਰਾਮ ਕਰੇ ਪਿਆਰ। ਸਾਚੀ ਧਰਮਸਾਲ ਆਪ ਬਹਾ ਲਿਆ, ਨਾ ਕੋਈ ਦਿਸੇ ਚਾਰ ਦੀਵਾਰ। ਛੱਪਰ ਛੰਨ ਨਾ ਕੋਇ ਛੁਹਾ ਲਿਆ, ਘਰ ਵਿਚ ਮੰਦਰ ਇਕ ਤਿਆਰ। ਗੁਰਮੁਖ ਤੇਰਾ ਰੰਗ ਪਾਰਬ੍ਰਹਮ ਆਪਣੀ ਚੋਲੀ ਆਪ ਚੜ੍ਹਾ ਲਿਆ, ਚੁਰਾਸੀ ਕਲੀਆਂ ਕਰ ਤਿਆਰ। ਤੇਰਾ ਪ੍ਰੇਮ ਪਿਆਰ ਆਪਣੀ ਅਲਫ਼ੀ ਆਪ ਹੰਢਾ ਰਿਹਾ, ਤਨ ਕਰੇ ਸਚ ਸ਼ਿੰਗਾਰ। ਤੇਰਾ ਚੰਦ ਸਤਿਜੁਗ ਸਾਚਾ ਆਪ ਚੜ੍ਹਾ ਰਿਹਾ, ਨਿਰਗੁਣ ਜੋਤ ਕਰ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਆਪ ਬਹਾਏ ਸਾਚੇ ਦਰਬਾਰ। ਦਰ ਦਰਬਾਰ ਪਾਰਬ੍ਰਹਮ, ਬ੍ਰਹਿਮੰਡ ਉਪਰ ਆਪ ਰਖਾਇੰਦਾ। ਗੁਰਮੁਖਾਂ ਸੁਆਰੇ ਆਪੇ ਕੰਮ, ਦਿਵਸ ਰੈਣ ਸੇਵ ਕਮਾਇੰਦਾ। ਜੋ ਜਨ ਰਸਨਾ ਸੋਹੰ ਗਾਏ ਦਮ, ਦਰਗਹਿ ਸਾਚੀ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਤੇਰਾ ਸਾਚਾ ਘਰ, ਸਚਖੰਡ ਦਵਾਰਾ ਆਪ ਬਣਾਇੰਦਾ। ਸਚਖੰਡ ਦਵਾਰਾ ਜਾਣੀਏ, ਜਿਥੇ ਨਿਰਮਲ ਜੋਤ ਹੋਏ ਪਰਕਾਸ਼। ਸਚਖੰਡ ਦਵਾਰਾ ਜਾਣੀਏ, ਜਿਥੇ ਭਗਤਾਂ ਪੂਰੀ ਹੋਵੇ ਆਸ। ਸਚਖੰਡ ਦਵਾਰਾ ਜਾਣੀਏ, ਜਿਥੇ ਮਿਲੇ ਸ਼ਾਹੋ ਸ਼ਾਬਾਸ਼। ਸਤਿਗੁਰ ਪੂਰਾ ਏਕਾ ਹੁਕਮ ਵਖਾਣੀਏ, ਘਰ ਮੰਦਰ ਪਾਵੇ ਰਾਸ। ਸਚਖੰਡ ਦੁਆਰਾ ਜਾਣੀਏ, ਜਿਥੇ ਕੋਇ ਨਾ ਜਾਏ ਨਿਰਾਸ। ਸਚਖੰਡ ਦਵਾਰਾ ਜਾਣੀਏ, ਲੇਖਾ ਚੁੱਕੇ ਪ੍ਰਿਥਮੀ ਆਕਾਸ਼। ਸਚਖੰਡ ਦਵਾਰਾ ਜਾਣੀਏ, ਸਤਿਗੁਰ ਪੂਰਾ ਗੁਰਸਿਖਾਂ ਅੰਦਰ ਕਰੇ ਵਾਸ। ਸਤਿਗੁਰ ਪੂਰਾ ਜਾਣੀਏ, ਗ਼ਰੀਬ ਨਿਮਾਣਿਆਂ ਕਰੇ ਬੰਦ ਖ਼ਲਾਸ। ਸਚਖੰਡ ਸਾਚਾ ਜਾਣੀਏ, ਜਿਥੇ ਧਰੂ ਪ੍ਰਹਿਲਾਦ ਉਧਾਰੇ ਵਿਚ ਪਰਭਾਸ। ਸਚਖੰਡ ਸਾਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਵਸੇ ਸਦਾ ਪਾਸ। ਗੁਰਮੁਖ ਤੇਰੇ ਸੰਗ ਵਸੇਰਾ, ਅੰਗ ਸੰਗ ਹੋਏ ਆਪ ਸਹਾਈਆ। ਤੇਰਾ ਘਰ ਬਣਾਏ ਆਪਣਾ ਵਸੇਰਾ, ਮੇਰਾ ਤੇਰਾ ਰਹਿਣ ਨਾ ਪਾਈਆ। ਤੇਰਾ ਘਰ ਮੇਰਾ ਡੇਰਾ, ਤੇਰਾ ਵਰ ਮੇਰੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਫੜਾਏ ਆਪਣਾ ਲੜ, ਆਪ ਆਪਣੇ ਨਾਲ ਬੰਧਾਈਆ। ਸਾਚਾ ਲੜ ਸਾਚਾ ਪੱਲਾ, ਹਰਿਜਨ ਸਾਚੇ ਆਪ ਫੜਾਇੰਦਾ। ਪੁਰਖ ਅਬਿਨਾਸ਼ੀ ਆਦਿ ਜੁਗਾਦਿ ਬਣਿਆ ਰਿਹਾ ਝੱਲਾ, ਵਲ ਛਲ ਧਾਰੀ ਖੇਲ ਖਿਲਾਇੰਦਾ। ਹਰਿ ਭਗਤ ਹਰਿਜਨ ਗੁਰਮੁਖ ਗੁਰਸਿਖ ਮਿਟਾਏ ਦੂਈ ਦਵੈਤੀ ਸੱਲਾ, ਏਕਾ ਸਾਚੇ ਮਾਰਗ ਲਾਇੰਦਾ। ਕਰੇ ਖੇਲ ਇਕ ਇਕੱਲਾ, ਵਿਸ਼ਨੂੰ ਵਿਸ਼ਵ ਰੂਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਕਰਤਾ ਹਰਿ ਭਗਵਾਨ, ਆਪੇ ਵਿਸ਼ਨੂੰ ਦੇਵੇ ਦਾਨ, ਆਪੇ ਬ੍ਰਹਮਾ ਬ੍ਰਹਮ ਉਤਪਤ ਕਰੇ ਸੰਤਾਨ, ਆਪੇ ਸ਼ੰਕਰ ਮੇਟੇ ਸਰਬ ਨਿਸ਼ਾਨ, ਪੁਰਖ ਅਬਿਨਾਸ਼ੀ ਆਪਣੀ ਕਲ ਵਰਤਾਈਆ। ਆਪੇ ਵਿਸ਼ਨੂੰ ਬਾਸ਼ਕ ਸੇਜ ਹੰਢਾਏ, ਸਾਂਗੋ ਪਾਂਗ ਨਾਮ ਧਰਾਈਆ। ਆਪੇ ਬ੍ਰਹਮਾ ਚਾਰੇ ਵੇਦ ਸੁਣਾਏ, ਏਕਾ ਅੱਖਰ ਕਰੇ ਪੜ੍ਹਾਈਆ। ਆਪੇ ਸ਼ੰਕਰ ਹੱਥ ਤਰਸੂਲ ਫੜਾਏ, ਬਾਸ਼ਕ ਤਸ਼ਕਾ ਗਲ ਲਟਕਾਈਆ। ਆਪੇ ਸਮੁੰਦ ਸਾਗਰ ਵਿਰੋਲ ਵਖਾਏ, ਚੌਦਾਂ ਰਤਨ ਆਪ ਕਢਾਈਆ। ਆਪੇ ਜਲ ਬਿੰਬ ਡੇਰਾ ਲਾਏ, ਧਰਤ ਧਵਲ ਉਪਰ ਆਪ ਟਿਕਾਈਆ। ਆਪੇ ਰਵ ਸਸ ਸੂਰਜ ਚੰਨ ਚੜ੍ਹਾਏ, ਮੰਡਲ ਮੰਡਪ ਆਪ ਸੁਹਾਈਆ। ਲੋਆਂ ਪੁਰੀਆਂ ਆਪੇ ਰਚਨ ਰਚਾਏ, ਬ੍ਰਹਿਮੰਡ ਖੰਡ ਆਪੇ ਵੇਖ ਵਖਾਈਆ। ਆਪੇ ਲੱਖ ਚੁਰਾਸੀ ਭਾਂਡੇ ਘੜ ਵਖਾਏ, ਭੰਨਣਹਾਰ ਆਪ ਹੋ ਜਾਈਆ। ਆਪੇ ਚਾਰ ਜੁਗ ਜੁਗ ਜੁਗ ਵੇਸ ਵਟਾਏ, ਨਿਤ ਨਵਿਤ ਆਪਣੀ ਖੇਲ ਖਿਲਾਈਆ। ਆਪੇ ਆਪਣਾ ਮੰਤਰ ਨਾਮ ਜਪਾਏ ਦ੍ਰਿੜਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਹੋ ਮਿਹਰਵਾਨ, ਸਤਿਜੁਗ ਝੁਲਾਏ ਸਚ ਨਿਸ਼ਾਨ, ਲੇਖਾ ਜਾਣੇ ਜ਼ਿਮੀਂ ਅਸਮਾਨ, ਚੌਦਾਂ ਤਬਕਾਂ ਵੇਖੇ ਮਾਰ ਧਿਆਨ, ਚੌਦਾਂ ਲੋਕਾਂ ਦੇਵੇ ਇਕ ਗਿਆਨ, ਏਕਾ ਸ਼ਬਦ ਕਰੇ ਪੜ੍ਹਾਈਆ।
