Granth 09 Likhat 115: 8 Jeth 2017 Bikarmi Inder Singh de Ghar Dayea Hoyi Pind Dhingali

੮ ਜੇਠ ੨੦੧੭ ਬਿਕ੍ਰਮੀ ਇੰਦਰ ਸਿੰਘ ਦੇ ਘਰ ਦਇਆ ਹੋਈ ਪਿੰਡ ਧਿੰਗਾਲੀ

ਸਾਧ ਸੰਗਤ ਹਰਿ ਬਖ਼ਸ਼ੇ ਦਾਨ, ਦਰਗਹਿ ਸਾਚੀ ਵਡ ਵਡਿਆਈਆ। ਚਰਨ ਪ੍ਰੀਤੀ ਚਰਨ ਧਿਆਨ, ਚਰਨ ਕਵਲ ਚਿਤ ਲਾਈਆ। ਸਾਚੀ ਨੀਤੀ ਵਿਚ ਜਹਾਨ, ਜੂਠ ਝੂਠ ਨਾ ਮੁਖ ਵਖਾਈਆ। ਕਾਇਆ ਪਤਿਤ ਪੁਨੀਤੀ ਸੁਰਤੀ ਸ਼ਬਦ ਗਿਆਨ, ਏਕਾ ਕਰੇ ਨਾਮ ਪੜ੍ਹਾਈਆ। ਅੰਮ੍ਰਿਤ ਬਖ਼ਸ਼ੇ ਸਾਚਾ ਪੀਣ ਖਾਣ, ਜਗਤ ਕਾਮਨਾ ਮੇਟ ਮਿਟਾਈਆ। ਧੂੜ ਕਰਾਏ ਸਚ ਇਸ਼ਨਾਨ, ਮੁਖ ਉਜਲ ਆਪ ਵਖਾਈਆ। ਬਿਰਹੋਂ ਮਾਰੇ ਤੀਰ ਨਿਰਾਲਾ ਬਾਣ, ਮਨ ਮਨੂਆ ਲਏ ਢਾਹੀਆ। ਮਤ ਮਤਵਾਲੀ ਪਾਏ ਏਕਾ ਆਣ, ਗੁਰਮਤ ਇਕ ਸਮਝਾਈਆ। ਬੁੱਧ ਬਿਬੇਕੀ ਕਰ ਪਛਾਣ, ਸਾਚੀ ਸੁੱਧ ਆਪ ਕਰਾਈਆ। ਭੇਵ ਖੁਲ੍ਹਾਏ ਗੁੱਝ ਸਤਿਗੁਰ ਪੂਰਾ ਹੋ ਮਿਹਰਵਾਨ, ਆਪ ਆਪਣੀ ਬੂਝ ਬੁਝਾਈਆ। ਨੇਤਰ ਲੋਚਣ ਨੈਣ ਦੇਵੇ ਦਰਸ ਮਹਾਨ, ਦਾਸੀ ਦਾਸ ਸੇਵ ਕਮਾਈਆ। ਸ਼ਬਦ ਸੁਣਾਏ ਧੁਰ ਫ਼ਰਮਾਣ, ਆਦਿ ਜੁਗਾਦਿ ਵੱਡੀ ਵਡਿਆਈਆ। ਤੋਲਾ ਬਣਿਆ ਗੁਣ ਨਿਧਾਨ, ਰਾਮ ਨਾਮ ਕੰਡਾ ਹੱਥ ਉਠਾਈਆ। ਲੱਖ ਚੁਰਾਸੀ ਕਰੇ ਪਛਾਣ, ਘਟ ਘਟ ਅੰਦਰ ਖੋਜ ਖੁਜਾਈਆ। ਗੁਰਸਿਖ ਗੁਰਮੁਖ ਦੇਵੇ ਆਪਣਾ ਦਾਨ, ਇਛਿਆ ਭਿਛਿਆ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਧ ਸੰਗਤ ਵਿਚ ਸਮਾਈਆ। ਸਾਧ ਸੰਗਤ ਹਰਿ ਦੇਵੇ ਮਾਣਾ, ਜਗਤ ਅਭਿਮਾਣ ਰਹਿਣ ਨਾ ਪਾਈਆ। ਏਕਾ ਅੱਖਰ ਪੜ੍ਹਾਏ ਵਡ ਵਿਦਵਾਨਾ, ਜਗਤ ਵਿਦਿਆ ਮੂਲ ਚੁਕਾਈਆ। ਸਤਿ ਸੰਤੋਖੀ ਬੰਨ੍ਹੇ ਗਾਨਾ, ਧੀਰਜ ਧਰਮ ਸਰਬ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਵਡ ਵਡਿਆਈਆ। ਸਾਧ ਸੰਗਤ ਵਿਟਹੁ ਕੁਰਬਾਨ, ਹਰਿ ਹਰਿ ਸਾਚੀ ਸੇਵ ਕਮਾਇੰਦਾ। ਸ਼ਬਦ ਸਰੂਪੀ ਸਚ ਬਿਬਾਣ, ਗੁਣ ਨਿਧਾਨ ਆਪ ਵਖਾਇੰਦਾ। ਆਪੇ ਹੋਇਆ ਜਾਣੀ ਜਣ, ਜੀਵਣ ਜੁਗਤ ਆਪ ਸਿਖਾਇੰਦਾ। ਲੇਖਾ ਚੁੱਕੇ ਪਵਣ ਮਸਾਣ, ਪਵਣ ਪਾਣੀ ਧਰਤ ਧਵਲ ਵੇਖ ਵਖਾਇੰਦਾ। ਅਕਥ ਕਹਾਣੀ ਸੁਣਾਏ ਏਕਾ ਕਾਨ, ਆਪ ਆਪਣਾ ਨਾਮ ਅਲਾਇੰਦਾ। ਕਲਜੁਗ ਜੀਵ ਸਰਬ ਪਛਤਾਣ, ਵੇਲਾ ਗਿਆ ਹੱਥ ਨਾ ਆਇੰਦਾ। ਗੁਰਮੁਖ ਘਰ ਘਰ ਬੈਠੇ ਖ਼ੁਸ਼ੀ ਮਨਾਣ, ਗੋਬਿੰਦ ਸਾਚਾ ਮੇਲ ਮਿਲਾਇੰਦਾ। ਹਰੀ ਹਰਿ ਨਰ ਨਰਾਇਣ ਨੌਜਵਾਨ, ਬਿਰਧ ਬਾਲਾਂ ਵੇਖ ਵਖਾਇੰਦਾ। ਨਾਰੀ ਕੰਤ ਕਰੇ ਪਛਾਣ, ਰੂਪ ਬਸੰਤ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਧ ਸੰਗਤ ਮਾਤ ਵਡਿਆਇੰਦਾ। ਹਰਿ ਸੰਗਤ ਹਰਿ ਦਾਨਾ ਬੀਨਾ, ਏਕੰਕਾਰਾ ਇਕ ਅਖਵਾਈਆ। ਗੁਰਮੁਖ ਉਧਾਰੇ ਜਿਉਂ ਜਲ ਮੀਨਾ, ਜਲ ਅੰਮ੍ਰਿਤ ਤਾਲ ਸੁਹਾਈਆ। ਅਗਨੀ ਤਤ ਬੁਝਾਏ ਠਾਂਡਾ ਕਰੇ ਸੀਨਾ, ਸੀਤਲ ਸੀਤਲ ਧਾਰ ਵਹਾਈਆ। ਲੇਖਾ ਚੁੱਕੇ ਲੋਕ ਤੀਨਾਂ, ਤ੍ਰੈਗੁਣ ਫੰਦਨ ਦਏ ਕਟਾਈਆ। ਗੜ੍ਹ ਹੰਕਾਰੀ ਭੰਨੇ ਬੀਨਾ, ਮੈਂ ਤੂੰ ਨਾ ਕੋਇ ਜਣਾਈਆ। ਗੁਰ ਚਰਨ ਦਵਾਰੇ ਵਸੇ ਸਾਚਾ ਜੀਣਾ, ਆਪੇ ਮੇਟੇ ਭਰਮ ਦੀ ਕਾਈਆ। ਆਪਣਾ ਤਨ ਪਾਟਾ ਆਪੇ ਸੀਣਾ, ਸੋਹੰ ਸੂਈ ਹੱਥ ਫੜਾਈਆ। ਏਕਾ ਰੰਗ ਚੜ੍ਹਾਏ ਹਰਿ ਹਰਿ ਭੀਨਾ, ਭਿੰਨੜੀ ਰੈਣ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਸੰਗ ਨਿਭਾਈਆ। ਸਾਧ ਸੰਗਤ ਬਖ਼ਸ਼ੇ ਹਰਿ ਦਾਤ, ਦਾਤਾ ਦਾਨੀ ਨਾਉਂ ਧਰਾਇੰਦਾ। ਹਰਿ ਦਰਸ ਵਡ ਕਰਾਮਾਤ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਚਾਰ ਵਰਨ ਬੰਧਾਏ ਨਾਤ, ਜ਼ਾਤ ਪਾਤ ਨਾ ਕੋਇ ਵਖਾਇੰਦਾ। ਕਲਜੁਗ ਮੇਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਆਪ ਉਤਾਰੇ ਆਪਣੇ ਘਾਟ, ਸਾਚੇ ਪੱਤਣ ਡੇਰਾ ਲਾਇੰਦਾ। ਸਦਾ ਸੁਹੇਲਾ ਹੋਏ ਖੇਵਟ ਖਾਟ, ਖੇਟਾ ਆਪਣਾ ਰੂਪ ਵਟਾਇੰਦਾ। ਏਕਾ ਜੋਤ ਜਗਾਏ ਲਲਾਟ, ਨੂਰ ਨੁਰਾਨਾ ਡਗਮਗਾਇੰਦਾ। ਗੁਰਮੁਖਾਂ ਵਖਾਏ ਏਕਾ ਹਾਟ, ਪੁਰਖ ਅਬਿਨਾਸ਼ੀ ਆਪ ਖੁਲ੍ਹਾਇੰਦਾ। ਸਚ ਵਸਤ ਹਰਿ ਰੱਖੇ ਪਾਸ, ਮੰਗਣ ਦਰ ਨਾ ਕਿਸੇ ਜਾਇੰਦਾ। ਗੁਰਸਿਖਾਂ ਲੇਖੇ ਲਾਏ ਸਵਾਸ ਸਵਾਸ, ਜੋ ਜਨ ਰਸਨਾ ਸੋਹੰ ਗਾਇੰਦਾ। ਜਨਮ ਜਨਮ ਦੀ ਲੱਗੀ ਬੁਝਾਏ ਪਿਆਸ, ਘਰ ਅੰਮ੍ਰਿਤ ਮੇਘ ਵਰਸਾਇੰਦਾ। ਹਰਿ ਸੰਗਤ ਹੋਇਆ ਹਰਿ ਦਾਸੀ ਦਾਸ, ਦਰ ਦਰ ਘਰ ਘਰ ਸੇਵ ਕਮਾਇੰਦਾ। ਕਰਤਾ ਕਰੇ ਪੂਰੀ ਆਸ, ਨਿਜ ਆਤਮ ਵਾਸ ਆਪਣਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਧ ਸੰਗਤ ਦੇਵੇ ਜੀਆ ਦਾਨ, ਜੁਗਤ ਜਗਤ ਮੁਕਤ ਹੱਥ ਭਗਵਾਨ, ਭਗਵਨ ਭਗਤਨ ਵੇਖ ਵਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਵਾਰ ਦੀਨਾਂ ਅਨਾਥਾਂ ਬਖ਼ਸ਼ੇ ਮਾਣ, ਅਭਿਮਾਨੀਆਂ ਮਾਣ ਦਏ ਗਵਾਈਆ।