੮ ਜੇਠ ੨੦੧੭ ਬਿਕ੍ਰਮੀ ਰੋਲੂ ਦੇ ਘਰ ਪਿੰਡ ਬਾਣੀਆਂ ਜ਼ਿਲਾ ਜੰਮੂ
ਬਿਰਧ ਅਵਸਥਾ ਬਣੀ ਬਿਧ, ਬਿਧ ਬਿਧਨਾ ਲੇਖ ਚੁਕਾਈਆ। ਹਰਿ ਕਰਤਾ ਕਾਰਜ ਕਰੇ ਸਿਧ, ਸਿਦਕ ਸਬੂਰੀ ਆਪ ਨਿਭਾਈਆ। ਘਰ ਉਪਜਾਏ ਨਵ ਨਿਧ, ਅਠਾਰਾਂ ਸਿਧ ਫਿਰੇ ਹਲਕਾਈਆ। ਆਤਮ ਅੰਤਰ ਦੇਵੇ ਵਿਧ, ਸੂਈ ਸਾਰ ਸ਼ਬਦ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਅਜਨਮਾਂ ਵੇਖ ਵਖਾਈਆ। ਬਿਰਧ ਅਵਸਥਾ ਅੰਤਰ ਗਤ ਜਾਣੀ, ਪੰਜ ਤਤ ਕਾਇਆ ਵੇਖ ਵਖਾਈਆ। ਨਾਤਾ ਤੁੱਟੇ ਪੰਜ ਸ਼ੈਤਾਨੀ, ਸ਼ਾਹ ਸੁਲਤਾਨ ਏਕਾ ਨਜ਼ਰੀ ਆਈਆ। ਏਕਾ ਬਖ਼ਸ਼ੇ ਚਰਨ ਧਿਆਨੀ, ਗਿਆਨ ਧਿਆਨ ਇਕ ਦ੍ਰਿੜਾਈਆ। ਤੀਰ ਨਿਰਾਲੀ ਮਾਰੇ ਕਾਨੀ, ਆਰ ਪਾਰ ਆਪ ਕਰਾਈਆ। ਘਰ ਆਇਆ ਦੇ ਕੇ ਜਾਵੇ ਸਚ ਨਿਸ਼ਾਨੀ, ਦਰਸ਼ਨ ਹੋਏ ਰੈਣ ਸੁਬਾਈਆ। ਘਰ ਅੰਮ੍ਰਿਤ ਬਖ਼ਸ਼ੇ ਠੰਡਾ ਪਾਣੀ, ਬਾਣੀ ਆਪਣੀ ਆਪ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਬੁੜੇਪਾ ਵੇਖ ਵਖਾਈਆ। ਜਗਤ ਬੁੜੇਪਾ ਬੁੱਢਾ ਹੋਏ ਨੱਢਾ, ਗੁਰਮੁਖਾਂ ਘਰ ਜਨਮ ਦਵਾਈਆ। ਪੰਜ ਤਤ ਨਾਤਾ ਤੋੜ ਕਰੋ ਅੱਡੋ ਅੱਡਾ, ਹੱਡ ਮਾਸ ਨਾੜੀ ਅਗਨ ਜਲਾਈਆ। ਦਸ ਮਾਸ ਮਾਤ ਗਰਭ ਨਾ ਰੱਖੇ ਡੂੰਘੀ ਖੱਡਾ, ਤਤ ਆਪਣੇ ਨਾਲ ਮਿਲਾਈਆ। ਨੌ ਮਹੀਨੇ ਅਠਾਰਾਂ ਦਿਵਸ ਕੁੰਭ ਅੰਧੇਰੇ ਵਿਚੋਂ ਕੱਢਾ, ਪੰਜ ਤਤ ਆਪਣੀ ਵਸਤੂ ਦਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚਾ ਇਕ ਵਖਾਈਆ। ਜਗਤ ਬੁਢੇਪਾ ਦੇਣਾ ਕੱਟ, ਕੱਟਣਹਾਰਾ ਇਕ ਅਖਵਾਇੰਦਾ। ਆਪਣੀ ਕੀਮਤ ਪਾਏ ਆਪਣੇ ਹੱਟ, ਕਰਤਾ ਕੀਮਤ ਆਪ ਚੁਕਾਇੰਦਾ। ਇਕ ਨੁਹਾਏ ਸਾਚੇ ਤੱਟ, ਸਰੋਵਰ ਤੀਰਥ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਘਰ ਸਾਚੇ ਜਨਮ ਦਵਾਇੰਦਾ। ਹੋਏ ਜਨਮ ਘਰ ਸਾਚੇ ਮੀਤ, ਗੁਰਮੁਖ ਮੁਖ ਵਡਿਆਈਆ। ਤੇਰਾ ਬੁਢੇਪਾ ਛੋਟੇ ਬੱਚਿਆਂ ਦੱਸੇ ਰੀਤ, ਬਾਲੀ ਬੁੱਧ ਸੋਹੰ ਢੋਲਾ ਗਾਈਆ। ਤੇਰੀ ਕਾਇਆ ਪਤਿਤ ਪੁਨੀਤ, ਪਤਿਤ ਪਾਵਣ ਦਏ ਕਰਾਈਆ। ਮਾਣਸ ਜਨਮ ਜਾਏ ਸਾਚੀ ਜਗ ਜੀਤ, ਜਗ ਜੀਵਣ ਦਾਤਾ ਜੁਗਤੀ ਆਪਣੀ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਦੇਵੇ ਹਰ, ਅੱਗੇ ਆਪਣਾ ਪੰਧ ਵਖਾਈਆ। ਸਾਚਾ ਪੰਧ ਮਾਰਗ ਹਰਿ, ਸਰਨ ਸੋਭਤ ਸੋਭ ਸੁਖ ਪਾਇਆ। ਗਿਆਨ ਨੇਤਰ ਖੁਲ੍ਹੇ ਹਰਨ ਫਰਨ, ਮਰਨ ਡਰਨ ਭੌ ਚੁਕਾਇਆ। ਨਾਤਾ ਤੁੱਟਾ ਵਰਨ ਬਰਨ, ਕਰਨੀ ਕਰਨ ਆਪਣਾ ਮੇਲ ਮਿਲਾਇਆ। ਧੰਨ ਸੁਹੰਜਣੀ ਸੋਹੇ ਧਰਤੀ ਧਵਲ ਧਰਨ, ਜਿਥੇ ਹਰਿ ਹਰਿ ਦਰਸ ਦਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਲਹਿਣਾ ਝੋਲੀ ਪਾਇਆ। ਲਹਿਣਾ ਲਹਿਣਾ ਦੇਵਣਹਾਰਾ, ਏਕਾ ਏਕ ਅਖਵਾਇੰਦਾ। ਜੁਗ ਜੁਗ ਦੇਵੇ ਭਰ ਭੰਡਾਰਾ, ਵਡ ਭੰਡਾਰੀ ਵੇਸ ਵਟਾਇੰਦਾ। ਆਦਿ ਜੁਗਾਦਿ ਬਣਿਆ ਰਹੇ ਵਰਤਾਰਾ, ਲੋਕ ਪਰਲੋਕ ਵੇਖ ਵਖਾਇੰਦਾ। ਸਚ ਸਲੋਕ ਬੋਲੇ ਇਕ ਜੈਕਾਰਾ, ਧੁਰ ਦਰਬਾਰਾ ਆਪੇ ਗਾਇੰਦਾ। ਜਗਤ ਬੁੜੇਪਾ ਹੋਏ ਪਾਰ ਕਿਨਾਰਾ, ਆਪਣੀ ਧਾਰਾ ਆਪ ਬੰਧਾਇੰਦਾ। ਕਿਰਪਾ ਕਰੇ ਹਰਿ ਨਿਰੰਕਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲੇਖ ਮੁਕਾਇੰਦਾ। ਹਰਿਜਨ ਲੇਖਾ ਮੁੱਕਿਆ, ਮੁੱਕਿਆ ਪੰਧ ਅਖ਼ੀਰ। ਕਾਇਆ ਪਿੰਜਰ ਜੋ ਬੈਠਾ ਲੁਕਿਆ, ਚੋਟੀ ਚੜ੍ਹੇ ਅੰਤ ਅਖ਼ੀਰ। ਜਨ ਭਗਤਾਂ ਦਰਸ ਪਿਆਸਾ ਫਿਰੇ ਭੁੱਖਿਆ, ਆਪੇ ਹੋਇਆ ਹਾਲ ਬੇਹਾਲ ਫ਼ਕੀਰ। ਗੁਰਸਿਖ ਗੁਰਮੁਖ ਹਰਿਭਗਤ ਹਰਿਸੰਤ ਲੋਕਮਾਤ ਨਾ ਰਹੇ ਰੁੱਸਿਆ, ਪ੍ਰਭ ਮਿਲੇ ਹੋ ਹੋ ਆਪ ਹਕੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਰਧ ਵੇਖੇ ਲੇਖਾ ਬਾਲ, ਸਾਚੀ ਗੋਦੀ ਦਏ ਬਹਾਲ, ਆਪੇ ਕਰੇ ਸਾਚੀ ਰੱਖਿਆ। ਰੱਖਿਆ ਕਰਨੇਹਾਰਾ ਹਰਿ ਗੋਪਾਲ, ਗੋਬਿੰਦ ਆਪਣਾ ਨਾਉਂ ਧਰਾਈਆ। ਫੁਲ ਫਲਵਾੜੀ ਮਹਿਕਾਏ ਸਾਚੇ ਡਾਲ੍ਹ, ਆਪ ਆਪਣੀ ਮਹਿਕ ਮਹਿਕਾਈਆ। ਘਰ ਸੁਹਾਏ ਸੁਹੰਜਣਾ ਤਾਲ, ਤਰਵਰ ਸਰਵਰ ਪੰਖੀ ਪੰਛੀ ਤਾਰੀਆਂ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨਮ ਕਰਮ ਧਰਮ ਆਪਣੇ ਹੱਥ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਰਖਾਏ ਸਾਚੀ ਸਰਨ, ਸਰਨਗਤ ਇਕ ਬੇਪਰਵਾਹੀਆ।
