Granth 09 Likhat 116: 8 Jeth 2017 Bikarmi Vakil Chand de Ghar Pind Dhingali Jila Jammu

੮ ਜੇਠ ੨੦੧੭ ਬਿਕ੍ਰਮੀ ਵਕੀਲ ਚੰਦ ਦੇ ਘਰ ਪਿੰਡ ਧਿੰਗਾਲੀ ਜ਼ਿਲਾ ਜੰਮੂ

ਹਰਿ ਘਟ ਦੀਪਕ ਬਾਲਿਆ, ਘਰ ਘਰ ਕਰੇ ਰੁਸ਼ਨਾਈਆ। ਘਟ ਘਟ ਜੋਤ ਜਵਾਲਿਆ, ਲਾਟ ਲਲਾਟੀ ਇਕ ਵਖਾਈਆ। ਘਰ ਘਰ ਪੁਰਖ ਅਕਾਲਿਆ, ਕਾਲਖ ਟਿੱਕਾ ਦਏ ਮਿਟਾਈਆ। ਘਰ ਘਰ ਬਣਾਏ ਸੱਚੀ ਧਰਮਸਾਲਿਆ, ਘਰ ਘਰ ਸਾਚਾ ਨਾਦ ਸੁਣਾਈਆ। ਘਰ ਘਰ ਤੋੜੇ ਜਗਤ ਜੰਜਾਲਿਆ, ਘਰ ਘਰ ਵਜਦੀ ਰਹੇ ਵਧਾਈਆ। ਘਰ ਘਰ ਕਰੇ ਸਦਾ ਪ੍ਰਿਤਪਾਲਿਆ, ਘਰ ਘਰ ਗੁਰਮੁਖ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਦਏ ਵਡਿਆਈਆ। ਘਰ ਘਰ ਗੁਰੂ ਗੁਰੂ ਗੁਰਦੇਵ, ਘਰ ਘਰ ਨਮੋ ਦੇਵ ਨਿਮਸਕਾਰ ਕਰਾਇੰਦਾ। ਘਰ ਘਰ ਪਰਗਟ ਹੋਏ ਅਲੱਖ ਅਭੇਵ, ਘਰ ਘਰ ਆਪਣੀ ਅਲਖ ਜਗਾਇੰਦਾ। ਘਰ ਘਰ ਦੇਵਤ ਸੁਰ ਲਗਾਏ ਸੇਵ, ਘਰ ਘਰ ਆਪਣਾ ਹੁਕਮ ਚਲਾਇੰਦਾ। ਘਰ ਘਰ ਵਸੇ ਰਸਨਾ ਜਿਹਵ, ਘਰ ਘਰ ਬੱਤੀ ਦੰਦ ਸਾਲਾਹਿੰਦਾ। ਘਰ ਘਰ ਅੰਮ੍ਰਿਤ ਬਖ਼ਸ਼ੇ ਸੋਹੰ ਸਾਚਾ ਮੇਵ, ਘਰ ਘਰ ਅੰਮ੍ਰਿਤ ਫਲ ਆਪ ਖਵਾਇੰਦਾ। ਘਰ ਘਰ ਕਰਮ ਕੱਟੇ ਨੇਹਕਰਮੀ ਨੇਹਕੇਵ, ਘਰ ਘਰ ਧਰਮੀ ਧਰਮ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਰੂਪ ਦਰਸਾਇੰਦਾ। ਘਰ ਘਰ ਦੀਵਾ ਘਰ ਘਰ ਬਾਤੀ, ਘਰ ਘਰ ਜੋਤ ਜਗਾਈਆ। ਘਰ ਘਰ ਦਿਵਸ ਘਰ ਘਰ ਰਾਤੀ, ਘਰ ਘਰ ਸੂਰਜ ਚੰਨ ਕਰੇ ਰੁਸ਼ਨਾਈਆ। ਘਰ ਘਰ ਬੂੰਦ ਘਰ ਸਵਾਂਤੀ, ਘਰ ਘਰ ਸਾਂਤਕ ਸਤਿ ਵਰਤਾਈਆ। ਘਰ ਘਰ ਮੇਲਾ ਕਮਲਾਪਾਤੀ, ਘਰ ਘਰ ਕਵਲ ਨੈਣ ਨੈਣ ਮਟਕਾਈਆ। ਘਰ ਘਰ ਬਣੇ ਹਰਿ ਹਰਿ ਰਾਥੀ, ਘਰ ਘਰ ਰਥ ਰਥਵਾਹੀ, ਆਪ ਦਇਆ ਕਮਾਈਆ। ਘਰ ਘਰ ਜਣਾਏ ਪੂਜਾ ਪਾਠੀ, ਘਰ ਘਰ ਸੋਹੰ ਸ਼ਬਦ ਕਰੇ ਪੜ੍ਹਾਈਆ। ਘਰ ਘਰ ਲਹਿਣਾ ਦੇਣਾ ਚੁਕਾਏ ਬਾਕੀ, ਘਰ ਘਰ ਸਾਚਾ ਸਾਕੀ ਜਾਮ ਪਿਆਈਆ। ਘਰ ਘਰ ਮਨ ਮਨੂਆ ਤਨ ਰਹੇ ਨਾ ਆਕੀ, ਘਰ ਘਰ ਗੁਰਮੁਖ ਰਿਹਾ ਉਠਾਈਆ। ਘਰ ਘਰ ਖੋਲ੍ਹੇ ਬੰਦ ਕਿਵਾੜਾ ਤਾਕੀ, ਘਰ ਘਰ ਦਸਮ ਦਵਾਰੀ ਡੇਰਾ ਲਾਈਆ। ਘਰ ਘਰ ਰੱਖੇ ਚਾਲ ਬਾਂਕੀ, ਘਰ ਘਰ ਅਸਵ ਘੋੜਾ ਆਪ ਦੌੜਾਈਆ। ਘਰ ਘਰ ਬੰਧਾਏ ਐਰਾਪਤ ਹਾਥੀ, ਚੌਦਾਂ ਰਤਨਾਂ ਵਿਰੋਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਖੋਜ ਖੁਜਾਈਆ। ਘਰ ਮੀਤਾ ਘਰ ਕਵਲ ਨੈਣ, ਘਰ ਨਰ ਨਰਾਇਣ ਸੁਹਾਇੰਦਾ। ਘਰ ਮੀਤਾ ਘਰ ਸੱਜਣ ਸੈਣ, ਘਰ ਸਾਕ ਸਬੰਧ ਮਿਲਾਇੰਦਾ। ਘਰ ਨਾਤਾ ਵੇਖੇ ਭਾਈ ਭੈਣ, ਘਰ ਮਾਤ ਪਿਤ ਦਰਸਾਇੰਦਾ। ਘਰ ਨਾਰੀ ਕੰਤ ਇਕੱਠੇ ਬਹਿਣ, ਘਰ ਸਾਚੀ ਸੇਜ ਸੁਹਾਇੰਦਾ। ਘਰ ਘਰ ਚੁਕਾਏ ਲਹਿਣ ਦੇਣ, ਘਰ ਪੂਰਬ ਲੇਖਾ ਝੋਲੀ ਪਾਇੰਦਾ। ਗੁਰਮੁਖ ਝੂਠੇ ਵਹਿਣ ਕਦੇ ਨਾ ਵਹਿਣ, ਸਾਚੇ ਬੇੜੇ ਆਪ ਚੜ੍ਹਾਇੰਦਾ। ਲਾੜੀ ਮੌਤ ਨਾ ਖਾਏ ਡਾਇਣ, ਵੇਲੇ ਅੰਤ ਆਪਣੀ ਗੋਦ ਬਹਾਇੰਦਾ। ਕਲਜੁਗ ਅੰਤਮ ਆਇਆ ਲੈਣ, ਪਿਛਲਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਏਕਾ ਕਾਹਨ, ਏਕਾ ਮੰਡਲ ਰਾਸ ਰਚਾਇੰਦਾ।