੧੧ ਚੇਤ ੨੦੧੭ ਬਿਕ੍ਰਮੀ ਇੰਦਰ ਸਿੰਘ ਦਰਸ਼ਨ ਸਿੰਘ ਕਰਮ ਸਿੰਘ ਦੇ ਘਰ ਪਿੰਡ ਆਦੀ ਜ਼ਿਲਾ ਗੁਰਦਾਸ ਪੁਰ
ਸੋ ਪੁਰਖ ਨਿਰੰਜਣ ਸਰਬ ਗੁਣਵੰਤ, ਆਦਿ ਜੁਗਾਦਿ ਸਮਾਇਆ। ਹਰਿ ਪੁਰਖ ਨਿਰੰਜਣ ਮਹਿਮਾ ਅਗਣਤ, ਭੇਵ ਕਿਸੇ ਨਾ ਪਾਇਆ। ਏਕੰਕਾਰਾ ਬਣਾਏ ਬਣਤ, ਆਪਣੀ ਰਚਨਾ ਆਪ ਰਚਾਇਆ। ਆਦਿ ਨਿਰੰਜਣ ਸਾਚਾ ਧਾਮ ਸੋਹੰਤ, ਸਚਖੰਡ ਦੁਆਰਾ ਆਸਣ ਲਾਇਆ। ਅਬਿਨਾਸ਼ੀ ਕਰਤਾ ਸਾਚਾ ਕੰਤ, ਨਿਰਗੁਣ ਨਿਰਗੁਣ ਲਏ ਪ੍ਰਨਾਇਆ। ਪਾਰਬ੍ਰਹਮ ਆਦਿ ਅੰਤ, ਆਪ ਆਪਣਾ ਖੇਲ ਖਿਲਾਇਆ। ਪਾਰਬ੍ਰਹਮ ਲੇਖਾ ਜਾਣੇ ਸਾਚੇ ਸੰਤ, ਸ਼ਬਦ ਅਨਾਦੀ ਧਾਰ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਿਵਾਸਾ ਖੇਲ ਤਮਾਸ਼ਾ, ਆਪਣਾ ਆਪ ਕਰਾਇਆ। ਸਚਖੰਡ ਸਚ ਮਹੱਲਾ, ਹਰਿ ਸਾਚਾ ਸਚ ਵਸਾਇੰਦਾ। ਸੋ ਪੁਰਖ ਨਿਰੰਜਣ ਇਕ ਇਕੱਲਾ, ਹਰਿ ਪੁਰਖ ਨਿਰੰਜਣ ਆਸਣ ਲਾਇੰਦਾ। ਏਕੰਕਾਰਾ ਵਸਣਹਾਰਾ ਜਲਾ ਥਲਾ, ਆਦਿ ਨਿਰੰਜਣ ਜੋਤ ਨਿਰੰਜਣ ਜਗਾਇੰਦਾ। ਸ੍ਰੀ ਭਗਵਾਨ ਸ਼ਬਦ ਸੁਨੇਹੁੜਾ ਏਕਾ ਘੱਲਾ, ਅਬਿਨਾਸ਼ੀ ਕਰਤਾ ਲੱਖ ਚੁਰਾਸੀ ਆਪ ਸੁਣਾਇੰਦਾ। ਪਾਰਬ੍ਰਹਮ ਬ੍ਰਹਮ ਪਾਏ ਹੱਲਾ, ਹੰ ਬ੍ਰਹਮ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਰ, ਅਲੱਖ ਅਲੱਖਣਾ ਭੇਵ ਨਾ ਕੋਈ ਜਣਾਇੰਦਾ। ਸੋ ਪੁਰਖ ਨਿਰੰਜਣ ਠਾਂਡਾ ਸੀਤਾ, ਆਦਿ ਜੁਗਾਦਿ ਸਮਾਇਆ। ਆਪ ਚਲਾਏ ਆਪਣੀ ਰੀਤਾ, ਆਪ ਆਪਣਾ ਵੇਸ ਵਟਾਇਆ। ਖੇਲੇ ਖੇਲ ਹਸਤ ਕੀਟਾ, ਜੂਨ ਅਜੂਨੀ ਆਪ ਫਿਰਾਇਆ। ਆਪਣਾ ਰਸ ਜਾਣੇ ਮੀਠਾ, ਅਨਰਸ ਆਪਣਾ ਆਪ ਵਖਾਇਆ। ਏਕਾ ਧਾਮ ਅਵੱਲੜੇ ਬੈਠਾ, ਸਚ ਸਿੰਘਾਸਣ ਸੋਭਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਜੋਤ ਪੁਰਖ ਬਿਧਾਤਾ, ਉਤਮ ਜ਼ਾਤਾ ਇਕ ਕਰਾਇਆ। ਨਿਰਗੁਣ ਦਾਤਾ ਬੇਪਰਵਾਹ, ਏਕਾ ਰੰਗ ਸਮਾਇੰਦਾ। ਜੁਗਾ ਜੁਗੰਤਰ ਬਣ ਮਲਾਹ, ਲੋਕਮਾਤ ਵੇਸ ਵਟਾਇੰਦਾ। ਸ਼ਬਦ ਸਰੂਪੀ ਸ਼ਬਦ ਸਲਾਹ, ਆਪ ਆਪਣੀ ਬੂਝ ਬੁਝਾਇੰਦਾ। ਸਾਚੇ ਸੰਤਾਂ ਦਇਆ ਕਮਾ, ਆਤਮ ਅੰਤਰ ਬ੍ਰਹਮ ਗਿਆਨ ਦ੍ਰਿੜਾਇੰਦਾ। ਗੁਰਮੁਖ ਸਾਚੇ ਮੇਲ ਮਿਲਾ, ਏਕਾ ਦੂਜਾ ਭੌ ਚੁਕਾਇੰਦਾ। ਗੁਰਮੁਖ ਸਾਚੇ ਸੰਗ ਰਲਾ, ਆਪ ਆਪਣਾ ਦਰਸ ਵਖਾਇੰਦਾ। ਸੂਰਾ ਸਰਬੰਗ ਆਪ ਅਖਵਾ, ਨਾਮ ਮਰਦੰਗ ਇਕ ਵਜਾਇੰਦਾ। ਕਾਇਆ ਮੰਦਰ ਡੇਰਾ ਲਾ, ਅਨਹਦ ਤਾਲ ਇਕ ਵਜਾਇੰਦਾ। ਸਰ ਸਰੋਵਰ ਇਕ ਵਖਾ, ਅੰਮ੍ਰਿਤ ਆਤਮ ਆਪ ਭਰਾਇੰਦਾ। ਬਜ਼ਰ ਕਪਾਟੀ ਤੋੜ ਤੁੜਾ, ਸਾਚੀ ਸੇਜਾ ਆਪ ਸੁਹਾਇੰਦਾ। ਪਾਰਬ੍ਰਹਮ ਪ੍ਰਭ ਵੇਸ ਵਟਾ, ਘਰ ਘਰ ਵਿਚ ਆਪ ਟਿਕਾਇੰਦਾ। ਦੀਵਾ ਬਾਤੀ ਇਕ ਜਗਾ, ਜੋਤ ਨਿਰੰਜਣ ਇਕ ਵਖਾਇੰਦਾ। ਬੂੰਦ ਸਵਾਂਤੀ ਦਏ ਪਿਆ, ਸੀਤਲ ਧਾਰ ਇਕ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਖੇਲ ਖਿਲਾਇੰਦਾ। ਅਕਲ ਕਲਾ ਕਲ ਧਾਰ, ਖੇਲ ਖਿਲਾਇੰਦਾ। ਲੋਕਮਾਤੀ ਲਏ ਅਵਤਾਰ, ਜੁਗ ਜੁਗ ਵੇਸ ਵਟਾਇੰਦਾ। ਆਪ ਲਗਾਏ ਸਾਚੀ ਕਾਰ, ਹਰਿਜਨ ਸਾਚੀ ਕਾਰੇ ਲਾਇੰਦਾ। ਅੰਦਰ ਮੰਦਰ ਗੁਪਤ ਜ਼ਾਹਰ, ਆਪ ਆਪਣੇ ਰੰਗ ਰੰਗਾਇੰਦਾ। ਸ਼ਬਦ ਅਨਾਦ ਸੱਚੀ ਧੁਨਕਾਰ, ਆਪੇ ਅੰਤਰ ਸ਼ਬਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਨਾਉਂ ਧਰਾਈਆ। ਜੁਗ ਕਰਤਾ ਹਰਿ ਕਰਨੇਹਾਰ, ਪਾਰਬ੍ਰਹਮ ਵੱਡੀ ਵਡਿਆਈਆ। ਖੇਲੇ ਖੇਲ ਅਗੰਮ ਅਪਾਰ, ਲੋਕਮਾਤ ਵੇਸ ਵਟਾਈਆ। ਸ਼ਬਦ ਅਗੰਮੀ ਬੋਲ ਜੈਕਾਰ, ਨਿਰਗੁਣ ਢੋਲਾ ਏਕਾ ਗਾਈਆ। ਲੱਖ ਚੁਰਾਸੀ ਪਾਵੇ ਸਾਰ, ਬ੍ਰਹਮਾ ਵਿਸ਼ਨ ਸ਼ਿਵ ਲਏ ਉਠਾਈਆ। ਸੁਰਪਤ ਦਏ ਇਕ ਅਧਾਰ, ਭੁੱਲ ਰਹੇ ਨਾ ਰਾਈਆ। ਸਾਚੇ ਸੰਤਾਂ ਕਰ ਪਿਆਰ, ਆਪ ਆਪਣਾ ਮੇਲ ਮਿਲਾਈਆ। ਲੇਖਾ ਜਾਣੇ ਰਵ ਸਸ ਸੂਰਜ ਚੰਨ ਸਤਾਰ, ਮੰਡਲ ਮੰਡਪ ਖੋਜ ਖੁਜਾਈਆ। ਬ੍ਰਹਿਮੰਡ ਖੰਡ ਦਏ ਆਧਾਰ, ਨੌ ਖੰਡ ਸੱਤਾਂ ਦੀਪਾਂ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਚਲਾਈਆ। ਜੁਗ ਜੁਗ ਧਾਰ ਹਰਿ ਕਰਤਾਰ, ਲੋਕਮਾਤ ਚਲਾਇੰਦਾ। ਹਰਿਜਨ ਸਾਚੇ ਲਾਏ ਪਾਰ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਨਾਤਾ ਤੋੜੇ ਕਾਮ ਕਰੋਧ ਲੋਭ ਮੋਹ ਹੰਕਾਰ, ਆਸਾ ਤ੍ਰਿਸ਼ਨਾ ਮੇਟ ਮਿਟਾਇੰਦਾ। ਸਾਚੀ ਵਸਤ ਰੱਖੇ ਘਰ ਥਾਰ, ਥਿਰ ਘਰ ਵਾਸੀ ਦਇਆ ਕਮਾਇੰਦਾ। ਕਾਗਦ ਕਲਮ ਨਾ ਲਿਖਣਹਾਰ, ਵੇਦ ਕਤੇਬ ਨਾ ਕੋਈ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਇੰਦਾ। ਹਰਿਜਨ ਸਾਚੇ ਵੇਖਣਹਾਰਾ, ਏਕਾ ਰੰਗ ਸਮਾਇਆ। ਏਕਾ ਬਖ਼ਸ਼ੇ ਚਰਨ ਪਿਆਰਾ, ਚਰਨ ਚਰਨੋਦਕ ਮੁਖ ਚੁਆਇਆ। ਆਪੇ ਖੋਲ੍ਹੇ ਬੰਦ ਕਿਵਾੜਾ, ਡੂੰਘੀ ਕੰਦਰ ਫੇਰਾ ਪਾਇਆ। ਇਕ ਕਰਾਏ ਸਚ ਜੈਕਾਰਾ, ਵਾਹ ਵਾਹ ਗੁਰੂ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਇਕ ਜਣਾਇਆ। ਸ਼ਬਦ ਗੁਰ ਸਤਿਗੁਰ ਪੂਰਾ, ਦੂਸਰ ਅਵਰ ਨਾ ਕੋਈ ਜਣਾਇੰਦਾ। ਜੁਗਾ ਜੁਗੰਤਰ ਹਾਜ਼ਰ ਹਜ਼ੂਰਾ, ਰੂਪ ਰੰਗ ਨਾ ਕੋਈ ਵਖਾਇੰਦਾ। ਅਜੂਨੀ ਰਹਿਤ ਨੂਰੋ ਨੂਰਾ, ਪੁਰਖ ਅਕਾਲ ਆਪ ਅਖਵਾਇੰਦਾ। ਆਪ ਵਜਾਏ ਅਨਾਦੀ ਤੂਰਾ, ਤਾਰ ਸਤਾਰ ਆਪ ਹਿਲਾਇੰਦਾ। ਸੰਤਾਂ ਭਗਤਾਂ ਆਸਾ ਮਨਸਾ ਕਰੇ ਪੂਰਾ, ਸਰਬ ਕਲ ਆਪ ਅਖਵਾਇੰਦਾ। ਨਾਤਾ ਤੋੜੇ ਕੂੜੋ ਕੂੜਾ, ਸਾਚਾ ਮੰਤਰ ਨਾਮ ਦ੍ਰਿੜਾਇੰਦਾ। ਗੁਰਮੁਖ ਵਿਰਲਾ ਬਖ਼ਸ਼ੇ ਚਰਨ ਧੂੜਾ, ਚਰਨ ਧੂੜਾ ਆਪ ਸੁਹਾਇੰਦਾ। ਕਾਇਆ ਚੋਲੀ ਰੰਗ ਚਾੜ੍ਹੇ ਗੂੜ੍ਹਾ, ਉਤਰ ਕਦੇ ਨਾ ਜਾਇੰਦਾ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹਾ, ਜਿਸ ਜਨ ਆਪਣਾ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਸਚ ਨਿਸ਼ਾਨ ਵੇਖਣਹਾਰਾ ਦੋ ਜਹਾਨ, ਲੋਆਂ ਪੁਰੀਆਂ ਫੇਰਾ ਪਾਇੰਦਾ। ਸ਼ਬਦ ਗੁਰ ਵਡ ਬਲਵਾਨਾ, ਹਰਿ ਸਾਚਾ ਸਚ ਧਰਾਇੰਦਾ। ਸਚਖੰਡ ਨਿਵਾਸੀ ਝੁਲਾਏ ਸਚ ਨਿਸ਼ਾਨਾ, ਦਰਗਹਿ ਸਾਚੀ ਆਪ ਚੜ੍ਹਾਇੰਦਾ। ਲੋਆਂ ਪੁਰੀਆਂ ਪਾਏ ਆਣਾ, ਹੁਕਮੀ ਹੁਕਮ ਆਪ ਸੁਣਾਇੰਦਾ। ਲੱਖ ਚੁਰਾਸੀ ਕਰ ਪਰਧਾਨਾ, ਆਤਮ ਬ੍ਰਹਮ ਵਿਚ ਟਿਕਾਇੰਦਾ। ਸ਼ਬਦ ਸੁਣਾਏ ਇਕ ਤਰਾਨਾ, ਰਾਗ ਰਾਗਨੀ ਮੁਖ ਸ਼ਰਮਾਇੰਦਾ। ਗੁਰਮੁਖ ਵਿਰਲੇ ਬੰਨ੍ਹੇ ਗਾਨਾ, ਸਤਿਗੁਰ ਪੂਰਾ ਸਗਨ ਮਨਾਇੰਦਾ। ਆਪੇ ਹੋਏ ਬੀਨਾ ਦਾਨਾ, ਦਾਤਾ ਦਾਨੀ ਨਾਉਂ ਧਰਾਇੰਦਾ। ਸਰਬ ਜੀਆਂ ਹਰਿ ਜਾਣੀ ਜਾਣਾ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਆਪ ਅਖਵਾਇੰਦਾ। ਸਤਿਗੁਰ ਪੂਰਾ ਹਰਿ ਕਰਤਾਰ, ਅਚਰਜ ਖੇਲ ਖਿਲਾਈਆ। ਵਰਤੇ ਵਰਤਾਵੇ ਵਿਚ ਸੰਸਾਰ, ਜੁਗ ਜੁਗ ਆਪਣਾ ਰੂਪ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ, ਕਲਜੁਗ ਖੇਲੇ ਖੇਲ ਬੇਪਰਵਾਹੀਆ। ਸਚਖੰਡ ਨਿਵਾਸੀ ਹੋ ਤਿਆਰ, ਪੁਰਖ ਅਬਿਨਾਸ਼ੀ ਸੇਵ ਕਮਾਈਆ। ਬ੍ਰਹਮਾ ਵੇਦ ਨਾ ਪਾਏ ਸਾਰ, ਚਾਰੇ ਮੁਖ ਰਿਹਾ ਸਾਲਾਹੀਆ। ਪੁਰਾਨ ਅਠਾਰਾਂ ਗਏ ਹਾਰ, ਵੇਦ ਵਿਆਸਾ ਗਿਆ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਮਲਾਹ ਜੁਗ ਜੁਗ ਆਪਣਾ ਵੇਸ ਧਰਾਈਆ। ਸ਼ਬਦ ਗੁਰ ਸੂਰਾ ਸਰਬੰਗ, ਏਕਾ ਏਕ ਅਖਵਾਇਆ। ਜੁਗ ਜੁਗ ਵਜਾਏ ਆਪਣਾ ਮਰਦੰਗ, ਨਾਮ ਸਤਾਰ ਹੱਥ ਉਠਾਇਆ। ਬ੍ਰਹਿਮੰਡ ਖੰਡ ਲੋਆਂ ਪੁਰੀਆਂ ਆਪੇ ਲੰਘ, ਗਗਨ ਪਤਾਲਾਂ ਫੇਰਾ ਪਾਇਆ। ਲੋਕਮਾਤ ਜਨ ਭਗਤਾਂ ਨਿਭਾਏ ਸਦਾ ਸੰਗ, ਵਿਛੜ ਕਦੇ ਨਾ ਜਾਇਆ। ਨਾਤਾ ਤੋੜੇ ਭੁੱਖ ਨੰਗ, ਸਾਚੀ ਵਸਤ ਏਕਾ ਝੋਲੀ ਪਾਇਆ। ਕਲਜੁਗ ਕੂੜੀ ਚੜ੍ਹੀ ਕੰਗ, ਚਾਰੋਂ ਕੁੰਟ ਲਹਿਰ ਲਹਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਦੇਵੇ ਏਕਾ ਵਰ, ਲੱਖ ਚੁਰਾਸੀ ਝੋਲੀ ਪਾਇਆ। ਸਤਿਗੁਰ ਸੱਚੀ ਸਰਕਾਰ, ਹਰਿ ਸਾਚਾ ਸਚ ਉਪਜਾਇੰਦਾ। ਸਚਖੰਡ ਨਿਵਾਸੀ ਖੇਲ ਅਪਾਰ, ਬ੍ਰਹਿਮੰਡ ਵੇਖ ਵਖਾਇੰਦਾ। ਜੇਰਜ ਅੰਡ ਪਾਵੇ ਸਾਰ, ਉਤਭੁਜ ਸੇਤਜ ਫੋਲ ਫੁਲਾਇੰਦਾ। ਭੇਖ ਪਖੰਡਾ ਵਿਚ ਸੰਸਾਰ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਆਤਮ ਰੰਡਾ ਜੀਵ ਗਵਾਰ, ਸਾਚਾ ਕੰਤ ਨਾ ਕੋਈ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰੂ ਗੁਰ ਪੂਰਾ, ਏਕਾ ਆਪ ਅਖਵਾਇੰਦਾ। ਏਕਾ ਸ਼ਬਦ ਸਤਿਗੁਰ ਦੇਵ, ਹਰਿ ਸਾਚਾ ਸਚ ਉਪਜਾਇੰਦਾ। ਅਬਿਨਾਸ਼ੀ ਅਲੱਖ ਅਭੇਵ, ਭੇਵ ਅਭੇਦ ਖੁਲ੍ਹਾਇੰਦਾ। ਹਰਿਜਨ ਲਾਏ ਸਾਚੀ ਸੇਵ, ਸੇਵਕ ਸੇਵਾ ਸਚ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਵਡ ਬਲਵਾਨ, ਦੋ ਜਹਾਨਾਂ ਫੇਰਾ ਪਾਇੰਦਾ। ਹਰਿ ਸ਼ਬਦ ਗੁਰ ਨੌਜਵਾਨਾ, ਨਾ ਮਰੇ ਨਾ ਜਾਈਆ। ਖੇਲੇ ਖੇਲ ਸ੍ਰੀ ਭਗਵਾਨਾ, ਆਪਣੀ ਇਛਿਆ ਰੂਪ ਵਟਾਈਆ। ਲੱਖ ਚੁਰਾਸੀ ਹੋ ਪਰਧਾਨਾ, ਲੁਕ ਲੁਕ ਬੈਠਾ ਆਸਣ ਲਾਈਆ। ਆਪੇ ਚਿਲਾ ਤੀਰ ਨਿਸ਼ਾਨਾ, ਸ਼ਸਤਰ ਬਸਤਰ ਆਪ ਸੁਹਾਈਆ। ਆਪੇ ਮਰਦ ਮਰਦ ਮਰਦਾਨਾ, ਪਾਰਬ੍ਰਹਮ ਇਕ ਅਖਵਾਈਆ। ਆਪੇ ਬੰਨਣਹਾਰਾ ਘਰ ਘਰ ਗਾਨਾਂ, ਆਪ ਆਪਣਾ ਸਗਨ ਮਨਾਈਆ। ਆਪੇ ਦੇਵੇ ਪ੍ਰਕਾਸ਼ ਰਵ ਸਸ ਸੂਰਜ ਭਾਨਾ, ਆਪਣਾ ਤੇਜ ਆਪ ਚਮਕਾਈਆ। ਆਪੇ ਵਰਤੇ ਆਪਣਾ ਭਾਣਾ, ਹਰਿ ਭਾਣੇ ਸਦ ਸਮਾਈਆ। ਗੁਰਮੁਖ਼ ਵਿਰਲੇ ਹਰਿ ਕਾ ਸ਼ਬਦ ਮਾਤ ਪਛਾਣਾ, ਨੇਤਰ ਨੈਣ ਦਿਸ ਨਾ ਆਈਆ। ਹਰਿਜਨ ਹੋਇਆ ਚਤੁਰ ਸੁਘੜ ਸਿਆਣਾ, ਜਿਸ ਸਿਰ ਸਮਰਥ ਹੱਥ ਟਿਕਾਈਆ। ਆਵਣ ਜਾਵਣ ਚੁੱਕੇ ਕਾਨਾ, ਲੱਖ ਚੁਰਾਸੀ ਫੰਦ ਕਟਾਈਆ। ਸ਼ਬਦ ਸਰੂਪੀ ਮਿਲੇ ਇਕ ਬਿਬਾਨਾ, ਸਤਿਗੁਰ ਦਏ ਚੜ੍ਹਾਈਆ। ਸਚਖੰਡ ਸਾਚਾ ਧਾਮ ਸੁਹਾਨਾ, ਥਿਰ ਘਰ ਸਾਚੇ ਵੱਜੇ ਵਧਾਈਆ। ਨਾਤਾ ਤੁੱਟਾ ਆਵਣ ਜਾਣਾ, ਵਿਚ ਜੋਤੀ ਜੋਤ ਸਮਾਈਆ। ਗੁਰਮੁਖ ਵਿਰਲਾ ਪਾਏ ਪਦ ਨਿਰਬਾਣਾ, ਪਰਮ ਪੁਰਖ ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵ ਜੰਤ ਸਾਧ ਸੰਤ ਆਦਿ ਅੰਤ ਹਰਿ ਭਗਵੰਤ ਸਾਚਾ ਕੰਤ ਸਾਚੀ ਆਤਮ ਸੇਜ ਸੋਭਾ ਪਾਈਆ।
