Granth 09 Likhat 086: 27 Chet 2017 Bikarmi Babe Mota Singh de Ghar dayea hoyi Kalsian Jila Amritsar

੨੭ ਚੇਤ ੨੦੧੭ ਬਿਕ੍ਰਮੀ ਬਾਬੇ ਮੋਤਾ ਸਿੰਘ ਦੇ ਘਰ ਦਇਆ ਹੋਈ ਕਲਸੀਆਂ ਜ਼ਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਗੁਣ ਨਿਧਾਨ, ਹਰਿ ਵੱਡਾ ਵਡਿਆਈਆ। ਹਰਿ ਪੁਰਖ ਨਿਰੰਜਣ ਮਿਹਰਵਾਨ, ਨਿਰਗੁਣ ਦਾਤਾ ਬੇਪਰਵਾਹੀਆ। ਏਕੰਕਾਰਾ ਨੌਜਵਾਨ, ਨਾ ਮਰੇ ਨਾ ਜਾਈਆ। ਆਦਿ ਨਿਰੰਜਣ ਖੇਲ ਮਹਾਨ, ਇਕ ਇਕੱਲਾ ਖੇਲ ਖਿਲਾਈਆ। ਸ੍ਰੀ ਭਗਵਾਨ ਦਾਤਾ ਦਾਨੀ ਦੇਵੇ ਦਾਨ, ਆਦਿ ਜੁਗਾਦੀ ਵਡ ਵਡਿਆਈਆ। ਅਬਿਨਾਸ਼ੀ ਕਰਤਾ ਪਾਏ ਏਕਾ ਆਣ, ਆਪ ਆਪਣਾ ਹੁਕਮ ਚਲਾਈਆ। ਪਾਰਬ੍ਰਹਮ ਵੇਖੇ ਮਾਰ ਧਿਆਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਏਕਾ ਨੈਣ ਉਠਾਈਆ। ਏਕਾ ਮੰਤਰ ਇਕ ਗਿਆਨ, ਸਚਖੰਡ ਦੁਆਰੇ ਆਪ ਜਣਾਈਆ। ਸਤਿ ਪੁਰਖ ਨਿਰੰਜਣ ਧੁਰ ਦੀਬਾਣ, ਬੇਅੰਤ ਬੇਪਰਵਾਹ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਿਵਾਸਾ ਖੇਲ ਤਮਾਸ਼ਾ, ਅਗੰਮ ਅਗੰਮੜਾ ਅਗੰਮੜੀ ਕਾਰ ਕਰਾਈਆ। ਅਗੰਮ ਅਗੰਮੜਾ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਇਕ ਇਕੱਲਾ, ਏਕੰਕਾਰਾ ਸੰਗ ਰਲਾਇੰਦਾ। ਆਦਿ ਨਿਰੰਜਣ ਵਸਣਹਾਰਾ ਜਲਾਂ ਥਲਾਂ, ਅਬਿਨਾਸ਼ੀ ਕਰਤਾ ਘਟ ਘਟ ਡੇਰਾ ਲਾਇੰਦਾ। ਸ੍ਰੀ ਭਗਵਾਨ ਜੋਤੀ ਸ਼ਬਦੀ ਆਪੇ ਰਲਾ, ਨਿਰਗੁਣ ਨਿਰਗੁਣ ਰੰਗ ਰੰਗਾਇੰਦਾ। ਪਾਰਬ੍ਰਹਮ ਸਚ ਸਿੰਘਾਸਣ ਏਕਾ ਮੱਲਾ, ਥਿਰ ਘਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਸਚਖੰਡ ਨਿਵਾਸਾ ਖੇਲ ਤਮਾਸ਼ਾ, ਸੋ ਪੁਰਖ ਨਿਰੰਜਣ ਆਪ ਖਲਾਈਆ। ਹਰਿ ਪੁਰਖ ਨਿਰੰਜਣ ਪ੍ਰਿਥਮੀ ਆਕਾਸ਼ਾ, ਗਗਨ ਮੰਡਲ ਮੰਡਪ ਵੇਖ ਵਖਾਈਆ। ਇਕ ਇਕੱਲਾ ਪਾਵੇ ਰਾਸਾ, ਰਵ ਸਸ ਸੂਰਜ ਚੰਨ ਹੁਕਮੀ ਹੁਕਮ ਫਿਰਾਈਆ। ਆਦਿ ਨਿਰੰਜਣ ਹੋ ਪ੍ਰਕਾਸ਼ਾ, ਜੋਤੀ ਨੂਰ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਦਾਸੀ ਦਾਸਾ, ਸੇਵਕ ਸਾਚੀ ਸੇਵ ਕਮਾਈਆ। ਪੁਰਖ ਅਬਿਨਾਸ਼ੀ ਪੂਰੀ ਕਰਨਹਾਰਾ ਆਸਾ, ਇਛਿਆ ਭਿਛਿਆ ਝੋਲੀ ਪਾਈਆ। ਪਾਰਬ੍ਰਹਮ ਘਟ ਘਟ ਅੰਦਰ ਕਰੇ ਵਾਸਾ, ਨਿਜ ਆਪਣੀ ਜੋਤ ਜਗਾਈਆ। ਸਚਖੰਡ ਨਿਵਾਸੀ ਸ਼ਾਹੋ ਸ਼ਾਬਾਸ਼ਾ, ਸਾਚੇ ਤਖ਼ਤ ਆਪ ਸੁਹਾਈਆ। ਬ੍ਰਹਮਾ ਵਿਸ਼ਨ ਸ਼ਿਵ ਬਖ਼ਸ਼ੇ ਚਰਨ ਭਰਵਾਸਾ, ਕਵਲ ਕਵਲਾ ਨੈਣ ਖੁਲ੍ਹਾਈਆ। ਅੰਮ੍ਰਿਤ ਆਤਮ ਦੇ ਬੁਝਾਏ ਪਿਆਸਾ, ਸਾਂਤਕ ਸਤਿ ਸਤਿ ਵਰਤਾਈਆ। ਆਦਿ ਜੁਗਾਦਿ ਨਾ ਕਦੇ ਵਿਨਾਸਾ, ਜੁਗਾ ਜੁਗੰਤਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਬੇਪਰਵਾਹੀਆ। ਬੇਪਰਵਾਹ ਇਕ ਇਕੱਲਾ ਸਚਖੰਡ ਦੁਆਰੇ ਸੋਭਾ ਪਾਇੰਦਾ। ਵਸਣਹਾਰਾ ਸਚ ਮਹੱਲਾ, ਬੰਕ ਦੁਆਰਾ ਆਪ ਸੁਹਾਇੰਦਾ। ਬੈਠਾ ਰਹੇ ਨਿਹਚਲ ਧਾਮ ਅਟੱਲਾ, ਉਚ ਮਹੱਲ ਅਟੱਲ ਆਪ ਉਪਾਇੰਦਾ। ਆਪਣੇ ਦੀਪਕ ਆਪੇ ਬਲਾ, ਸਤਿ ਪਰਕਾਸ਼ ਆਪ ਕਰਾਇੰਦਾ। ਸਚ ਸੁਨੇਹੁੜਾ ਸ਼ਬਦ ਅਗੰਮੀ ਆਪੇ ਘੱਲਾ, ਜੁਗ ਜੁਗ ਆਪਣਾ ਹੁਕਮ ਚਲਾਇੰਦਾ। ਤ੍ਰੈ ਤ੍ਰੈ ਫੜਾਏ ਆਪੇ ਪੱਲਾ, ਆਪ ਆਪਣੇ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਬੰਧਨ ਆਪੇ ਪਾਇੰਦਾ। ਜੁਗ ਜੁਗ ਬੰਧਨ ਹਰਿ ਕਰਤਾਰ, ਲੋਆਂ ਪੁਰੀਆਂ ਆਪੇ ਪਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰ ਖ਼ਬਰਦਾਰ, ਧੁਰ ਫ਼ਰਮਾਣਾ ਦਏ ਜਣਾਈਆ। ਤ੍ਰੈਗੁਣ ਮਾਇਆ ਭਰ ਭੰਡਾਰ, ਏਕਾ ਬੰਕ ਸੁਹਾਈਆ। ਪੰਜ ਤਤ ਕਰ ਅਕਾਰ, ਨਿਰਾਕਾਰ ਵਿਚ ਸਮਾਈਆ। ਹੱਡ ਮਾਸ ਨਾੜੀ ਕਰ ਸ਼ਿੰਗਾਰ, ਤਨ ਬਸਤਰ ਇਕ ਸੁਹਾਈਆ। ਅੰਦਰ ਮੰਦਰ ਖੋਲ੍ਹ ਕਿਵਾੜ, ਸਾਚੀ ਹਾਟੀ ਵੇਖ ਵਖਾਈਆ। ਚੌਦਾਂ ਲੋਕਾਂ ਬੰਨ੍ਹੇ ਧਾਰ, ਚੌਦਾਂ ਤਬਕਾਂ ਵੇਖ ਵਖਾਈਆ। ਬ੍ਰਹਿਮੰਡ ਖੰਡ ਅੰਦਰ ਦੇਵੇ ਵਾੜ, ਸਤਿ ਸਰੂਪੀ ਦਇਆ ਕਮਾਈਆ। ਆਪੇ ਹੋਏ ਪਹਿਰੇਦਾਰ, ਦਿਵਸ ਰੈਣ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਇਕ ਅਖਵਾਈਆ। ਜੁਗ ਕਰਤਾ ਪੁਰਖ ਸਮਰਥ, ਹਰਿ ਸਾਚਾ ਹਰਿ ਅਖਵਾਇੰਦਾ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਨਾ ਕੋਇ ਵਖਾਇੰਦਾ। ਲੱਖ ਚੁਰਾਸੀ ਪਾਏ ਨੱਥ, ਚਾਰ ਕੁੰਟ ਦਹਿ ਦਿਸ਼ਾ ਜੂਨ ਅਜੂਨ ਆਪ ਫਿਰਾਇੰਦਾ। ਆਪ ਜਣਾਏ ਪੂਜਾ ਪਾਠ, ਅਬਿਨਾਸ਼ੀ ਕਰਤਾ ਨਾਮ ਦ੍ਰਿੜਾਇੰਦਾ। ਚਾਰੇ ਵੇਦਾਂ ਖੋਲ੍ਹ ਹਾਟ, ਸ਼ਬਦ ਅਨਾਦੀ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਨੀ ਕਰਤਾ ਕਿਰਤ ਕਮਾਇੰਦਾ। ਜੁਗ ਕਰਤਾ ਹਰਿ ਭਗਵਾਨ, ਵਡ ਦਾਤਾ ਬੇਪਰਵਾਹੀਆ। ਸਤਿ ਸਰੂਪ ਸਤਿ ਨਿਸ਼ਾਨ, ਸਚ ਦੁਆਰੇ ਆਪ ਝੁਲਾਈਆ। ਨੌ ਖੰਡ ਵੇਖੇ ਮਾਰ ਧਿਆਨ, ਸੱਤਾਂ ਦੀਪਾਂ ਫੋਲ ਫੁਲਾਈਆ। ਲੱਖ ਚੁਰਾਸੀ ਹੋ ਪਰਧਾਨ, ਘਰ ਘਰ ਬੈਠਾ ਅਲੱਖ ਜਗਾਈਆ। ਆਪੇ ਗਾਏ ਨਾਦ ਧੁਨਕਾਨ, ਧੁਨ ਆਤਮਕ ਸ਼ਬਦ ਸੁਣਾਈਆ। ਆਪੇ ਲੇਖਾ ਜਾਣੇ ਪੰਜ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਹੋਏ ਹਲਕਾਈਆ। ਆਸਾ ਤ੍ਰਿਸ਼ਨਾ ਪੀਣ ਖਾਣ, ਮਾਇਆ ਮਮਤਾ ਆਪਣੇ ਰੰਗ ਰੰਗਾਈਆ। ਆਪੇ ਬਿਰਹੋਂ ਤੀਰ ਨਿਰਾਲਾ ਮਾਰੇ ਬਾਣ, ਨਿਮਖ ਨਿਮਖ ਆਪ ਕਟਾਈਆ। ਆਪ ਜੋਤ ਸਤਿ ਜਗਾਏ ਮਹਾਨ, ਅੰਧ ਅੰਧੇਰ ਦਏ ਗੁਆਈਆ। ਆਪ ਸੁਣਾਏ ਧੁਰ ਫ਼ਰਮਾਣ, ਘਰ ਸਾਚੇ ਵੱਜੇ ਵਧਾਈਆ। ਆਪੇ ਸੰਤ ਉਠਾਏ ਦੇਵੇ ਮਾਣ, ਭਗਤ ਭਗਵੰਤ ਇਕ ਵਡਿਆਈਆ। ਆਪੇ ਜੋਧਾ ਸੂਰਬੀਰ ਬਲਵਾਨ, ਤੀਰ ਕਮਾਨ ਆਪ ਉਠਾਈਆ। ਆਪ ਖੜਗ ਖੰਡਾ ਤੇਜ਼ ਕਿਰਪਾਨ, ਸੰਖ ਚੱਕਰ ਗਦਾ ਆਪ ਭੁਆਈਆ। ਆਪੇ ਬ੍ਰਹਿਮੰਡ ਖੰਡ ਹੋ ਪਰਧਾਨ, ਆਪ ਆਪਣਾ ਵੇਸ ਧਰਾਈਆ। ਆਪੇ ਲੇਖਾ ਜਾਣੇ ਗੋਪੀ ਕਾਹਨ, ਆਪੇ ਸਈਆਂ ਮੰਡਲ ਰਾਸ ਰਚਾਈਆ । ਆਪੇ ਮੇਲ ਮਿਲਾਏ ਸੀਤਾ ਰਾਮ, ਸੀਤਾ ਸੁਰਤੀ ਰਾਮ ਸ਼ਬਦ ਪ੍ਰਨਾਈਆ। ਆਪੇ ਅੰਮ੍ਰਿਤ ਪਿਆਏ ਸਾਚਾ ਜਾਮ, ਨਾਮ ਪਿਆਲਾ ਹੱਥ ਉਠਾਈਆ। ਆਪੇ ਸਾਚਾ ਸਯਦਾ ਕਰ ਪ੍ਰਨਾਮ, ਆਪੇ ਨਿਉਂ ਨਿਉਂ ਸੀਸ ਝੁਕਾਈਆ। ਆਪੇ ਕਲਮੀ ਕਲਮਾ ਪੜ੍ਹੇ ਅਮਾਮ, ਕਾਇਨਾਤ ਆਪ ਪੜ੍ਹਾਈਆ। ਆਪੇ ਇਸਮ ਆਜ਼ਮ ਹੋਏ ਇਸਲਾਮ, ਨਬੀ ਰਸੂਲ ਆਪ ਅਖਵਾਈਆ। ਆਪੇ ਆਪ ਹਯਾਤ ਪਿਆਏ ਜਾਮ, ਮਲਕੁਲਮੌਤ ਆਪਣਾ ਰੂਪ ਵਟਾਈਆ। ਆਪੇ ਪ੍ਰਗਟ ਕਰਾਏ ਸਤਿਨਾਮ, ਨਾਮ ਨਾਮੇ ਵਡ ਵਡਿਆਈਆ। ਆਪੇ ਵਸੇ ਕਾਇਆ ਖੇੜਾ ਸਾਚੇ ਨਗਰ ਗ੍ਰਾਮ, ਘਰ ਮੰਦਰ ਸੋਭਾ ਪਾਈਆ। ਆਪੇ ਭਾਗ ਲਗਾਏ ਮਾਟੀ ਚਾਮ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼, ਮਨ ਮਤ ਬੁੱਧ ਆਪਣੇ ਵਿਚ ਟਿਕਾਈਆ। ਆਪੇ ਮੇਟੇ ਰੈਣ ਅੰਧੇਰੀ ਸ਼ਾਮ, ਸਾਚੀ ਸਚ ਕਰੇ ਰੁਸ਼ਨਾਈਆ। ਆਪੇ ਲੇਖਾ ਜਾਣੇ ਕੋਟਨ ਕੋਟੀ ਭਾਨ, ਕੋਟ ਕੋਟੀ ਇਕਾ ਕਿਰਨ ਦਏ ਵਡਿਆਈਆ। ਆਪੇ ਆਦਿ ਜੁਗਾਦੀ ਜਾਣੀ ਜਾਣ, ਜੁਗ ਜੁਗ ਆਪਣਾ ਵੇਸ ਵਟਾਈਆ। ਆਪੇ ਸਤਿਜੁਗ ਸਾਚੇ ਕਰੇ ਪਰਧਾਨ, ਆਪੇ ਤ੍ਰੇਤਾ ਤੀਰ ਚਲਾਈਆ। ਆਪੇ ਦੁਆਪਰ ਹੋਇਆ ਨੌਜਵਾਨ, ਮੁਕੰਦ ਮਨੋਹਰ ਲਖ਼ਮੀ ਨਰਾਇਣ ਵਡ ਵਡਿਆਈਆ। ਆਪੇ ਕਲਜੁਗ ਖੇਲੇ ਖੇਲ ਦੋ ਜਹਾਨ, ਲੋਕਮਾਤ ਫੇਰਾ ਪਾਈਆ। ਆਪੇ ਈਸਾ ਮੂਸਾ ਜਗਤ ਨਿਸ਼ਾਨ, ਕਾਲਾ ਸੂਸਾ ਤਨ ਪਹਿਨਾਈਆ। ਆਪੇ ਮਜ਼੍ਹਬ ਦੀਨ ਇਸਲਾਮ, ਅੰਜੀਲ ਕੁਰਾਨਾ ਆਪੇ ਗਾਈਆ। ਆਪੇ ਵੇਦ ਸ਼ਾਸਤਰ ਸਿਮਰਤ ਹੋਏ ਪੁਰਾਨ, ਗਾਇਤਰੀ ਮੰਤਰ ਆਪ ਪੜ੍ਹਾਈਆ। ਆਪੇ ਓਅੰ ਰੂਪ ਆਪ ਭਗਵਾਨ, ਸੋਇਮ ਰੂਪ ਸਰਬ ਦਰਸਾਈਆ। ਆਪੇ ਭਗਵਤ ਭਗੌਤੀ ਖਿਚੇ ਮਿਆਨ, ਸਿੰਘ ਅਸਵਾਰ ਆਪ ਹੋ ਜਾਈਆ। ਆਪੇ ਹੋਏ ਬਾਲ ਨਾਦਾਨ, ਰੂਪ ਅਨੂਪ ਆਪ ਵਟਾਈਆ। ਆਪੇ ਨਾਨਕ ਨਿਰਗੁਣ ਦੇਵੇ ਦਾਨ, ਸਾਚੀ ਵਸਤ ਝੋਲੀ ਪਾਈਆ। ਆਪੇ ਗੋਬਿੰਦ ਜੋਧਾ ਬਣੇ ਬਲਵਾਨ, ਏਕਾ ਖੰਡਾ ਹੱਥ ਚਮਕਾਈਆ। ਆਪੇ ਅੰਮ੍ਰਿਤ ਆਤਮ ਕਰੇ ਪਾਨ, ਪਤਿਤ ਪੁਨੀਤ ਆਪ ਕਰਾਈਆ। ਆਪੇ ਬਖ਼ਸ਼ੇ ਸੱਚਾ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਗੁਆਈਆ। ਆਪੇ ਜੁਗਾ ਜੁਗੰਤਰ ਹੋ ਪਰਧਾਨ, ਲੋਕਮਾਤ ਨਿਰਗੁਣ ਜੋਤ ਕਰੇ ਰੁਸ਼ਨਾਈਆ। ਆਪੇ ਸਰਗੁਣ ਸ਼ਬਦ ਸੁਣਾਏ ਕਾਨ, ਨਿਰਗੁਣ ਆਪਣਾ ਨਿਸ਼ਅੱਖਰ ਕਰੇ ਪੜ੍ਹਾਈਆ। ਕਲਜੁਗ ਅੰਤਮ ਲਏ ਪਛਾਣ, ਚਾਰੋਂ ਕੁੰਟ ਅੰਧੇਰਾ ਛਾਈਆ। ਰਵ ਸਸ ਮੁਖ ਸ਼ਰਮਾਣ, ਸੀਤਲ ਧਾਰ ਨਾ ਕੋਇ ਵਹਾਈਆ। ਕਾਗਦ ਕਲਮ ਹੋਏ ਹੈਰਾਨ, ਲਿਖ ਲਿਖ ਥੱਕੀ ਸੱਤ ਸਰੋਵਰ ਤੇਰੀ ਸਿਆਹੀਆ। ਬਸੁੱਧਾ ਗੁਣ ਨਾ ਜਾਣੇ ਗੁਣ ਨਿਧਾਨ, ਉਚੀ ਕੂਕੇ ਦਏ ਦੁਹਾਈਆ। ਕਰੋੜ ਤੇਤੀਸਾ ਚਰਨ ਦੁਆਰੇ ਮੰਗਣ ਆਣ, ਖ਼ਾਲੀ ਝੋਲੀ ਰਹੇ ਵਖਾਈਆ। ਬ੍ਰਹਮਾ ਨੇਤਰ ਅੱਠੇ ਰੋਵੇ ਨੀਰ ਵਿਰੋਲੇ ਆਪਣਾ ਆਪ ਨਾ ਰਿਹਾ ਪਛਾਣ, ਧੀਰਜ ਧੀਰ ਨਾ ਕੋਇ ਧਰਾਈਆ। ਸ਼ੰਕਰ ਬੈਠਾ ਸੁੰਞ ਮਸਾਣ, ਸ੍ਰਿਸ਼ਟ ਸਬਾਈ ਰਿਹਾ ਜਣਾਈਆ। ਵਿਸ਼ਨੂੰ ਸੁਣੇ ਹਰਿ ਕਾ ਸ਼ਬਦ ਲਾ ਲਾ ਕਾਨ, ਬਾਸ਼ਕ ਸਾਂਗੋ ਪਾਂਗ, ਸੇਜ ਬੈਠਾ ਆਸਣ ਲਾਈਆ। ਏਕੰਕਾਰਾ ਸ੍ਰੀ ਭਗਵਾਨ, ਨਿਰਗੁਣ ਦਾਤਾ ਆਪਣੀ ਖੇਲ ਰਿਹਾ ਖਿਲਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਪਰਗਟ ਹੋਏ ਵਾਲੀ ਦੋ ਜਹਾਨ। ਘਨਕ ਪੁਰ ਵਾਸੀ ਆਪਣਾ ਨਾਉਂ ਧਰਾਈਆ। ਸ਼ਬਦ ਉਠਾਏ ਸਚ ਨਿਸ਼ਾਨ, ਦਰਗਹਿ ਸਾਚੀ ਆਪ ਝੁਲਾਈਆ। ਲੋਕਮਾਤ ਵੇਖੇ ਮਾਰ ਧਿਆਨ, ਹਰਿਜਨ ਸਾਚੇ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰਾ ਖੇਲ ਅਪਾਰਾ ਜੁਗ ਜੁਗ ਪਸਾਰਾ, ਆਪ ਆਪਣਾ ਵੇਖ ਵਖਾਈਆ। ਹਰਿ ਪਸਾਰਾ ਪੇਖਿਆ, ਨਿਰਗੁਣ ਰੂਪ ਅਪਾਰ। ਬ੍ਰਹਮਾ ਵਿਸ਼ਨ ਸ਼ਿਵ ਨਾ ਜਾਣੇ ਲੇਖਿਆ, ਚਾਰੇ ਵੇਦ ਰਹੇ ਪੁਕਾਰ। ਹਰਿ ਕਾ ਰੂਪ ਮੁਛ ਦਾੜ੍ਹੀ ਨਾ ਦਿਸੇ ਕੇਸਿਆ, ਮੂੰਡ ਮੁੰਡਾਏ ਨਾ ਵਿਚ ਸੰਸਾਰ। ਭਾਣਾ ਜਾਣੇ ਗੁਰੂ ਦਸ ਦਸਮੇਸ਼ਿਆ, ਕਲਜੁਗ ਅੰਤਮ ਵਰਤੇ ਵਰਤਾਵੇ ਜੋ ਕਰਤਾਰ। ਤਖ਼ਤ ਤਾਜ ਨਾ ਦਿਸੇ ਨਰ ਨਰੇਸਿਆ, ਨਰ ਨਰਾਇਣ ਕਰੇ ਖੁਆਰ। ਜੋਤੀ ਜਾਮਾ ਧਾਰੇ ਭੇਖਿਆ, ਨਿਹਕਲੰਕ ਲਏ ਅਵਤਾਰ। ਸ਼ਬਦੀ ਵਿਚੋਲਾ ਦੇਸ ਪਰਦੇਸਿਆ, ਢੋਲਾ ਗਾਏ ਆਪ ਆਪਣੀ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ। ਅਗੰਮ ਅਪਾਰ ਹਰਿ ਹਰਿ ਖੇਲ, ਭੇਵ ਕੋਇ ਨਾ ਪਾਇੰਦਾ। ਜੁਗ ਜੁਗ ਹਰਿਜਨ ਹਰਿ ਭਗਤ ਸਾਚੇ ਸੰਤ ਲਏ ਮੇਲ, ਆਪ ਆਪਣਾ ਮੇਲ ਮਿਲਾਇੰਦਾ। ਆਦਿ ਨਿਰੰਜਣ ਚਾੜ੍ਹੇ ਤੇਲ, ਜੋਤ ਨਿਰੰਜਣ ਸਗਨ ਮਨਾਇੰਦਾ। ਅਚਰਜ ਪਾਰਬ੍ਰਹਮ ਪ੍ਰਭ ਖੇਲੇ ਖੇਲ, ਗੁਰਮੁਖ ਵਿਰਲੇ ਬੂਝ ਬੁਝਾਇੰਦਾ। ਸਖਾ ਸਖਾਈ ਸੱਜਣ ਸੁਹੇਲ, ਨਿਰਗੁਣ ਸਰਗੁਣ ਰੰਗ ਰੰਗਾਇੰਦਾ। ਵਸਣਹਾਰਾ ਧਾਮ ਨਵੇਲ, ਧਰਤੀ ਧਵਲ ਆਪ ਸੁਹਾਇੰਦਾ। ਲੇਖਾ ਜਾਣੇ ਗੁਰੂ ਗੁਰ ਚੇਲ, ਗੁਰ ਸਤਿਗੁਰ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜੋਤੀ ਜਾਮਾ ਭੇਖ ਵਟਾਇੰਦਾ। ਜੋਤੀ ਜਾਮਾ ਹਰਿ ਗੋਪਾਲ, ਨਿਹਕਲੰਕ ਨਾਉਂ ਰਖਾਈਆ। ਪੁਰਖ ਅਬਿਨਾਸ਼ੀ ਦੀਨ ਦਿਆਲ, ਦਰ ਘਰ ਸਾਚੇ ਬੈਠਾ ਸੋਭਾ ਪਾਈਆ। ਗੁਰਮੁਖ ਵੇਖੇ ਸਾਚੇ ਲਾਲ, ਜੁਗ ਵਿਛੜੇ ਮੇਲ ਮਿਲਾਈਆ। ਨਾਤਾ ਤੋੜੇ ਕਾਲ ਮਹਾਂਕਾਲ, ਆਪ ਅਪਣੀ ਗੋਦ ਬਹਾਈਆ। ਕਲਜੁਗ ਅੰਤਮ ਚਲੀ ਅਵੱਲੜੀ ਚਾਲ, ਲੇਖਾ ਲਿਖ ਨਾ ਸਕੇ ਕੋਈ ਰਾਈਆ। ਸ਼ਬਦ ਸਰੂਪੀ ਬਣ ਦਲਾਲ, ਗੁਰ ਗੋਬਿੰਦ ਦਏ ਗਵਾਹੀਆ। ਨੌ ਖੰਡ ਪ੍ਰਿਥਮੀ ਤੇਰਾ ਸੁਹਾਏ ਸਾਚਾ ਤਾਲ, ਅਠਸਠ ਲੇਖਾ ਦਏ ਮੁਕਾਈਆ। ਸਤਿਜੁਗ ਸਾਚੀ ਵਸਤ ਦੇਵੇ ਸੱਚਾ ਧਨ ਮਾਲ, ਨਾਮ ਖਜ਼ਾਨਾ ਇਕ ਵਖਾਈਆ। ਏਕਾ ਰੰਗ ਰੰਗਾਏ ਸ਼ਾਹ ਕੰਗਾਲ, ਊਚ ਨੀਚ ਰਹਿਣ ਨਾ ਪਾਈਆ। ਲੱਖ ਚੁਰਾਸੀ ਫਲ ਲਗਾਏ ਏਕਾ ਡਾਲ੍ਹ, ਫੁੱਲ ਫੁਲਵਾੜੀ ਮਾਤ ਮਹਿਕਾਈਆ। ਗੁਰਸਿਖ ਸੱਜਣ ਸਾਚੇ ਭਾਲ, ਭਵਜਲ ਅੰਤਮ ਪਾਰ ਕਰਾਈਆ। ਦਿਵਸ ਰੈਣ ਵਸੇ ਨਾਲ, ਰਵ ਸਸ ਰਹੇ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜਾਮਾ ਭੇਖ ਵਟਾਇਆ, ਹਰਿ ਵੱਡਾ ਵਡ ਵਡਿਆਈਆ। ਘਨਕ ਪੁਰ ਵਾਸੀ ਫੇਰਾ ਪਾਇਆ, ਸੰਬਲ ਬੈਠਾ ਜੋਤ ਜਗਾਈਆ। ਨਿਰਗੁਣ ਸਰਗੁਣ ਬਣ ਕੇ ਆਇਆ, ਸਰਗੁਣ ਨਿਰਗੁਣ ਵਿਚ ਸਮਾਈਆ। ਨਿਰਗੁਣ ਨਿਰਗੁਣ ਘੋੜੇ ਚੜ੍ਹ ਕੇ ਆਇਆ, ਲੋਆਂ ਪੁਰੀਆਂ ਚਰਨਾਂ ਹੇਠ ਦਬਾਈਆ। ਸ਼ਬਦ ਅਗੰਮੀ ਖੰਡਾ ਫੜ ਕੇ ਆਇਆ, ਬਹੱਤਰ ਨਾੜ ਰਹੀ ਕੁਰਲਾਈਆ। ਕਲਜੁਗ ਅਗਨੀ ਆਪੇ ਸੜ ਕੇ ਆਇਆ, ਗੁਰਸਿਖਾਂ ਅਗਨੀ ਦਏ ਬੁਝਾਈਆ। ਧੁਰਦਰਗਾਹੀ ਧੁਰ ਦਾ ਸ਼ਬਦ ਏਕਾ ਪੜ੍ਹ ਕੇ ਆਇਆ, ਸੋ ਪੁਰਖ ਨਿਰੰਜਣ ਕਰੇ ਸਚ ਪੜ੍ਹਾਈਆ। ਚਾਰ ਵਰਨਾਂ ਲੜ ਫੜ ਕੇ ਆਇਆ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰਾ ਪੁਰਖ ਅਕਾਲਾ, ਆਪੇ ਚਲੇ ਅਵੱਲੜੀ ਚਾਲਾ, ਜਗਤ ਅਵੱਲੜੀ ਚਾਲ ਚਲਾਈਆ। ਚਾਲ ਅਵੱਲੜੀ ਹਰਿ ਨਰਾਇਣ, ਨਿਰਗੁਣ ਆਪਣੀ ਆਪ ਚਲਾਇੰਦਾ। ਸਰਗੁਣ ਕੋਇ ਨਾ ਸਕੇ ਕਹਿਣ, ਲੇਖਾ ਦੂਸਰ ਹੱਥ ਨਾ ਕਿਸੇ ਫੜਾਇੰਦਾ। ਦਿਸ ਨਾ ਆਏ ਦੋਏ ਨੈਣ, ਜਗਤ ਨੇਤਰ ਸਰਬ ਤਰਸਾਇੰਦਾ। ਜਿਸ ਜਨ ਸਤਿਗੁਰ ਪੂਰਾ ਮਿਲਿਆ ਸਾਕ ਸੱਜਣ ਸੈਣ, ਨਿਜ ਨੇਤਰ ਇੱਕ ਖੁਲ੍ਹਾਇੰਦਾ। ਨਾਤਾ ਤੁਟੇ ਮਾਤ ਪਿਤ ਭਾਈ ਭੈਣ, ਗੁਰ ਸ਼ਬਦੀ ਜੋੜ ਜੁੜਾਇੰਦਾ। ਨੇੜ ਨਾ ਆਏ ਲਾੜੀ ਮੌਤ ਡਾਇਣ, ਧਰਮ ਰਾਏ ਨਾ ਬੰਧਨ ਪਾਇੰਦਾ। ਜੋ ਜਨ ਸੋਹੰ ਸ਼ਬਦ ਰਸਨਾ ਕਹਿਣ, ਲੱਖ ਚੁਰਾਸੀ ਫੰਦ ਕਟਾਇੰਦਾ। ਕਲਜੁਗ ਅੰਤ ਚੁਕਾਏ ਲਹਿਣ ਦੇਣ, ਦੇਵਣਹਾਰ ਆਪ ਅਖਵਾਇੰਦਾ। ਗੁਰੂ ਗੁਰ ਗੁਰਸਿਖ ਧਾਮ ਇਕੱਠੇ ਸਾਚੇ ਬਹਿਣ, ਸਚਖੰਡ ਦੁਆਰਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਆਪਣਾ ਭੇਵ ਖੁਲ੍ਹਾਇੰਦਾ। ਨਿਰਗੁਣ ਭੇਵ ਅਵੱਲੜਾ, ਵੇਦ ਕਤੇਬ ਕਹਿਣ ਨਾ ਜਾਈਆ। ਪੁਰਖ ਅਬਿਨਾਸ਼ੀ ਇਕ ਇਕੱਲੜਾ, ਜੁਗ ਜੁਗ ਆਪਣੀ ਰਚਨ ਰਚਾਈਆ। ਸਚਖੰਡ ਦੁਆਰਾ ਏਕੰਕਾਰਾ ਥਿਰ ਦਰਬਾਰਾ ਆਪੇ ਖੁਲ੍ਹੜਾ, ਸਿੰਘਾਸਣ ਆਸਣ ਕਰ ਰੁਸ਼ਨਾਈਆ। ਗੁਰ ਪੀਰ ਅਵਤਾਰ ਫੜਾਏ ਪੱਲੜਾ, ਲੋਕਮਾਤ ਸ਼ਬਦ ਕੁੜਮਾਈਆ। ਸਚ ਸੰਦੇਸ਼ ਹਰਿ ਨਰੇਸ਼ ਜੁਗਾ ਜੁਗੰਤਰ ਆਪ ਆਪਣਾ ਘਲੜਾ, ਹੁਕਮੀ ਹੁਕਮ ਸਰਬ ਚਲਾਈਆ। ਕਲਜੁਗ ਅੰਤਮ ਵੇਸ ਅਵੱਲੜਾ, ਨਿਰਗੁਣ ਆਪਣਾ ਰੰਗ ਵਟਾਈਆ। ਹੱਡ ਮਾਸ ਨਾੜੀ ਨਾ ਦੀਸੇ ਚਮੜਾ, ਜੋਤੀ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਖੇਲ ਕਰੇ ਹਰਿ, ਹਰੀ ਹਰਿ ਆਪ ਅਖਵਾਈਆ। ਹਰੀ ਹਰਿ ਖੇਲ ਅਪਾਰਾ, ਹਰਿ ਸਾਚਾ ਵੇਸ ਵਟਾਇੰਦਾ। ਨਿਰਗੁਣ ਸਰਗੁਣ ਦੋਵੇਂ ਧਾਰਾ, ਲੋਕਮਾਤ ਚਲਾਇੰਦਾ। ਗੁਰ ਸਤਿਗੁਰ ਸਾਚਾ ਲਏ ਅਵਤਾਰਾ, ਆਪਣਾ ਖੇਲ ਖਿਲਾਇੰਦਾ। ਸ਼ਬਦ ਅਨਾਦੀ ਇਕ ਜੈਕਾਰਾ, ਸ੍ਰਿਸ਼ਟ ਸਬਾਈ ਆਪ ਸੁਣਾਇੰਦਾ। ਵਰਨਾਂ ਬਰਨਾਂ ਵਸੇ ਬਾਹਰਾ, ਜ਼ਾਤ ਪਾਤ ਨਾ ਕੋਇ ਬਣਾਇੰਦਾ। ਪੈਂਤੀਸ ਅੱਖਰ ਨਾ ਪਾਵੇ ਸਾਰਾ, ਬਾਵਨ ਅੱਖਰ ਨਾ ਕੋਇ ਪੜ੍ਹਾਇੰਦਾ। ਚਾਰ ਵੇਦ ਨਾ ਬਣੇ ਲਿਖਾਰਾ, ਬ੍ਰਹਮਾ ਮੁਖ ਨਾ ਚਾਰ ਸਾਲਾਹਿੰਦਾ। ਵਿਸ਼ਨੂੰ ਨਿਉਂ ਨਿਉਂ ਨਾ ਕਰੇ ਨਿਮਸਕਾਰਾ, ਨੇਤਰ ਧਿਆਨ ਨਾ ਕੋਇ ਲਗਾਇੰਦਾ। ਸਚਖੰਡ ਵਸੇ ਆਪ ਨਿਰੰਕਾਰਾ, ਸਚ ਸਿੰਘਾਸਣ ਆਸਣ ਲਾਇੰਦਾ। ਕਲਜੁਗ ਅੰਤਮ ਖੇਲ ਨਿਆਰਾ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਬੇਐਬ ਖ਼ੁਦਾਈ ਪਰਵਰਦਿਗਾਰਾ, ਨੂਰੋ ਨੂਰ ਡਗਮਗਾਇੰਦਾ। ਮਨ ਮਤ ਪਾਵੇ ਸਾਰਾ, ਲਾਸ਼ਰੀਕ ਵੇਖ ਵਖਾਇੰਦਾ। ਅਜ਼ਮਤੋ ਕਸਮਤੋ ਰੰਗ ਰੰਗੇ ਰੰਗਣਹਾਰਾ, ਰੰਗ ਰੰਗੀਲਾ ਆਪ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਚੌਦਾਂ ਤਬਕਾਂ ਇਕ ਹੁਲਾਰਾ, ਪੀਰ ਦਸਤਗੀਰ ਲੇਖਾ ਜਾਣੇ ਗੁਪਤ ਜ਼ਾਹਰਾ, ਜਗਤ ਨੇਤਰ ਵੇਖ ਵਖਾਇੰਦਾ। ਪੀਰ ਦਸਤਗੀਰ ਸ਼ਾਹ ਹਕੀਰ, ਹਰਿ ਸਾਚਾ ਸਚ ਉਪਜਾਈਆ। ਖ਼ੁਦੀ ਖ਼ੁਦਾਈ ਮਾਰੇ ਤੀਰ, ਬੇਨਜ਼ੀਰ ਬੇਪਰਵਾਹੀਆ। ਲੇਖਾ ਚੁੱਕੇ ਬਵਿੰਜਾ ਬੀਰ, ਬੇਤਾਲ ਦਏ ਦੁਹਾਈਆ। ਸ਼ਰਅ ਸ਼ਰੀਅਤ ਤੋੜ ਜ਼ੰਜੀਰ, ਇਕਾ ਕਲਮਾ ਦਏ ਪੜ੍ਹਾਈਆ। ਮੁਕਾਮੇ ਹੱਕ ਚੋਟੀ ਚਾੜ੍ਹੇ ਇਕ ਅਖੀਰ, ਐਨਲਹੱਕ ਬਹੱਕ ਦਏ ਵਖਾਈਆ। ਕਲਜੁਗ ਤੇਰੀ ਮੇਟ ਤਕਦੀਰ ਵੇਖੇ ਤਕਸੀਰ, ਆਪਣੀ ਤਦਬੀਰ ਆਪ ਬਣਾਈਆ। ਰਾਹ ਤੱਕਦੇ ਨੇਤਰ ਪੀਰ ਫ਼ਕੀਰ, ਅਮਾਮ ਅਮਾਮਾ ਨੂਰ ਇਲਾਹੀਆ। ਪੁਰਖ ਅਬਿਨਾਸ਼ੀ ਸ਼ਬਦ ਅਗੰਮੀ ਘਤ ਵਹੀਰ, ਚਾਰੇ ਕੂਟਾਂ ਪੰਧ ਮੁਕਾਈਆ । ਚਾਰ ਯਾਰੀ ਮੰਗੇ ਸੀਰ, ਆਬ ਬੇਆਬ ਵੇਖ ਵਖਾਈਆ। ਸ਼ਾਹ ਨਵਾਬ ਨਾ ਕੱਟੇ ਕੋਈ ਭੀੜ, ਦੇਵਣਹਾਰ ਅਜ਼ਾਬ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਖੇਲੇ ਖੇਲ ਬੇਪਰਵਾਹੀਆ। ਬੇਪਰਵਾਹ ਮੌਲਾ ਅਲਾ, ਨੂਰੋ ਨੂਰ ਸਮਾਇਆ। ਚੌਦਾਂ ਤਬਕਾਂ ਬਣ ਮਲਾਹ, ਸਦੀ ਚੌਧਵੀਂ ਚੱਪੂ ਦਏ ਲਗਾਇਆ। ਅੰਤਮ ਭੁੱਲੇ ਏਕਾ ਰਾਹ, ਨੂਹ ਹੱਥ ਕਿਸੇ ਨਾ ਆਇਆ। ਸਖੀ ਸਰਵਰ ਨਾ ਪਕੜੇ ਕੋਈ ਬਾਂਹ, ਸਖਾਵਤ ਸਕੇ ਨਾ ਕੋਈ ਤਰਾਇਆ। ਪੰਖੀ ਪੰਛੀ ਤਰਵਰ ਸਰਵਰ ਕੂਕਣ ਕੁਰਲਾਣ ਕਾਂ, ਕਾਗ ਹੰਸ ਨਾ ਰੂਪ ਵਟਾਇਆ। ਸੀਸ ਨਾ ਰੱਖੇ ਕੋਈ ਠੰਡੀ ਛਾਂ, ਕਲਜੁਗ ਅਗਨੀ ਤਤ ਤਪਾਇਆ। ਨਾ ਕੋਈ ਸਹਾਰਾ ਪਿਤਾ ਮਾਂ, ਪਿਤਾ ਪੂਤ ਨਾ ਮੇਲ ਮਿਲਾਇਆ। ਲੇਖਾ ਚੁਕਾਏ ਸੂਰ ਗਾਂ, ਜਗਤ ਕਸਾਈ ਛੁਰੀ ਹੱਥ ਨਾ ਕੋਇ ਰਖਾਇਆ। ਸ੍ਰਿਸ਼ਟ ਸਬਾਈ ਲੇਖਾ ਦਏ ਚੁਕਾ, ਕਲਜੁਗ ਵੇਲਾ ਅੰਤਮ ਆਇਆ। ਏਕਾ ਨਾਮ ਡੰਕਾ ਦਏ ਵਜਾ, ਸੋਹੰ ਅੱਖਰ ਇਕ ਪੜ੍ਹਾਇਆ। ਸਿੰਘ ਸ਼ੇਰ ਹਰਿ ਨਾਉਂ ਧਰਾ, ਸਿੰਘ ਰੂਪ ਲਏ ਵਟਾਇਆ। ਆਦਿ ਸ਼ਕਤ ਜਗਤ ਭੁਆਨੀ ਸੇਵਾ ਲਾ, ਭਗਤ ਭਗਤੀ ਲਏ ਤਰਾਇਆ। ਜੁਗ ਜੁਗ ਦਾ ਬਾਨੀ ਆਪ ਅਖਵਾ, ਸਤਿਜੁਗ ਮਾਰਗ ਦਏ ਵਖਾਇਆ। ਕਲਜੁਗ ਝੂਠਾ ਮੰਦਰ ਦੇਵੇ ਢਾਹ, ਕਾਮ ਕਰੋਧ ਲੋਭ ਮੋਹ ਹੰਕਾਰ ਗੜ੍ਹ ਕੋਇ ਦਿਸ ਨਾ ਆਇਆ। ਪੁਰਖ ਅਕਾਲ ਏਕਾ ਨਾਮ ਦਏ ਜਪਾ, ਲੱਖ ਚੁਰਾਸੀ ਜਿਹਵਾ ਹਰਿ ਗੁਣ ਗਾਇਆ। ਭਰ ਪਿਆਲਾ ਅੰਮ੍ਰਿਤ ਜਾਮ ਦਏ ਪਿਆ, ਜਾਗਰਤ ਜੋਤ ਕਰੇ ਰੁਸ਼ਨਾਇਆ। ਕਾਗੋਂ ਹੰਸ ਦਏ ਬਣਾ, ਮਾਣਕ ਮੋਤੀ ਚੋਗ ਚੁਗਾਇਆ। ਸ਼ਾਹ ਰਗ ਉਪਰ ਦਰਸ ਦਿਖਾ, ਜਗਤ ਤ੍ਰਿਸ਼ਨਾ ਅੱਗ ਦਏ ਬੁਝਾਇਆ। ਅੰਮ੍ਰਿਤ ਮੇਘ ਇਕ ਬਰਸਾ, ਨਿਝਰ ਝਿਰਨਾ ਦਏ ਝਿਰਾਇਆ। ਰਾਜ ਰਾਜਾਨਾ ਸ਼ਾਹ ਸੁਲਤਾਨਾਂ ਦੇਵੇ ਖ਼ਾਕ ਮਿਲਾ, ਗ਼ਰੀਬ ਨਿਮਾਣੇ ਗਲੇ ਲਗਾਇਆ। ਸੱਤ ਰੰਗ ਨਿਸ਼ਾਨਾ ਦਏ ਝੁਲਾ, ਸੱਤਾਂ ਦੀਪਾਂ ਹੁਕਮ ਸੁਣਾਇਆ। ਪੁਰਖ ਅਬਿਨਾਸ਼ੀ ਖੇਲੇ ਖੇਲ ਥਾਉਂ ਥਾਂ, ਥਾਨ ਥਨੰਤਰ ਵੇਖ ਵਖਾਇਆ। ਕਿਸੇ ਨਾ ਵਸੇ ਨਗਰ ਗਰਾਂ, ਗੁਰਸਿਖ ਤੇਰੀ ਕਾਇਆ ਮੰਦਰ ਅੰਦਰ ਡੇਰਾ ਲਾਇਆ। ਆਦਿ ਅੰਤ ਪਕੜੇ ਬਾਂਹ, ਜਿਉਂ ਮਾਤਾ ਪੂਤ ਗੋਦ ਉਠਾਇਆ। ਇਕ ਜਪਾਏ ਆਪਣਾ ਨਾਂ, ਦੂਜਾ ਇਸ਼ਟ ਨਾ ਕੋਇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਡੰਕਾ ਆਪ ਵਜਾਇਆ। ਏਕਾ ਡੰਕਾ ਸ਼ਬਦ ਨਿਰੰਕਾਰ, ਹਰਿ ਆਪਣਾ ਆਪ ਵਜਾਈਆ। ਕਲਜੁਗ ਕੂੜਾ ਮੇਟ ਪਸਾਰ, ਸਤਿਜੁਗ ਸਾਚਾ ਮਾਰਗ ਲਾਈਆ। ਚਾਰ ਵਰਨ ਸੋਹਣ ਇਕ ਦੁਆਰ, ਹਿੰਦੂ ਮੁਸਲਿਮ ਸਿਖ ਈਸਾਈ, ਨਾਤਾ ਬਣਾਏ ਭੈਣਾਂ ਭਾਈਆ। ਮੰਦਰ ਮਸਜਿਦ ਸ਼ਿਵਦੁਆਲਾ ਮੱਠ ਏਕਾ ਬੋਲੇ ਨਾਮ ਜੈਕਾਰ, ਗੁਰ ਦਰ ਮੰਦਰ ਏਕਾ ਕੂਕ ਸੁਣਾਈਆ। ਏਕਾ ਡੰਕਾ ਵੱਜੇ ਵਿਚ ਸੰਸਾਰ, ਫਤਿਹ ਵਾਹਿਗੁਰੂ ਆਪ ਆਪਣੀ ਆਪਣੇ ਹੱਥ ਰਖਾਈਆ। ਮਹਾਰਾਜ ਸ਼ੇਰ ਸਿੰਘ ਹੋ ਤਿਆਰ, ਵਿਸ਼ਨੂੰ ਖੇਲ ਕਰੇ ਬੇਪਰਵਾਹੀਆ। ਭਗਵਨ ਜੋਤੀ ਜੋਤ ਕਰ ਉਜਿਆਰ, ਹੰ ਬ੍ਰਹਮ ਕਰੇ ਕੁੜਮਾਈਆ। ਸੋ ਪੁਰਖ ਨਿਰੰਜਣ ਮੀਤ ਮੁਰਾਰ, ਸਗਲਾ ਸੰਗ ਨਿਭਾਈਆ। ਰਾਜ ਜੋਗ ਸੱਚਾ ਸਿਕਦਾਰ, ਸਾਚੀ ਰਈਅਤ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਵਡ ਵਡਿਆਈਆ। ਅਲੱਖ ਅਗੋਚਰ ਘਨਕ ਪੁਰ ਵਾਸ, ਪੁਰੀ ਘਨਕ ਆਪ ਤਜਾਈਆ। ਸਚਖੰਡ ਦੁਆਰੇ ਕਰ ਪਰਕਾਸ਼, ਲੋਕਮਾਤ ਵੇਖ ਵਖਾਈਆ। ਗੋਬਿੰਦ ਰੱਖੀ ਏਕਾ ਆਸ, ਪੁਰਖ ਅਕਾਲ ਰਾਹ ਤਕਾਈਆ। ਸਾਹਿਬ ਸਤਿਗੁਰ ਦਾਸੀ ਦਾਸ, ਸੇਵਕ ਯਾਚਕ ਚਾਕਰ ਸੇਵ ਕਮਾਈਆ। ਜਨ ਭਗਤਾਂ ਪੂਰੀ ਕਰੇ ਆਸ, ਜੁਗਾ ਜੁਗੰਤਰ ਹਰਿ ਸੰਤ ਲਏ ਤਰਾਈਆ। ਪਾਰ ਕਿਨਾਰਾ ਜਾਏ ਪ੍ਰਿਥਮੀ ਆਕਾਸ਼, ਪਰਮ ਪੁਰਖ ਵੱਡੀ ਵਡਿਆਈਆ। ਧਰਤੀ ਤੇਰਾ ਵੇਖੇ ਖੇਲ ਤਮਾਸ਼, ਜਲ ਧਾਰਾ ਆਪ ਸਮਾਈਆ। ਸਮੁੰਦ ਸਾਗਰ ਨਾ ਹੋਏ ਨਿਰਾਸ, ਉਚੇ ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ ਵੇਖ ਵਖਾਈਆ। ਮਾਨ ਸਰੋਵਰ ਰੱਖੇ ਆਸ, ਕਵਣ ਪਿਆਸ ਦਏ ਬੁਝਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਨਿਰਗੁਣ ਰੂਪ ਸਤਿ ਸਰੂਪ ਪੂਰੀ ਕਰਨਹਾਰਾ ਆਸ, ਪੂਰਬ ਪੂਰਬ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦਾਤਾ ਇਕ ਅਖਵਾਈਆ। ਨਿਰਗੁਣ ਦਾਤਾ ਹਰਿ ਬੇਅੰਤ, ਪਰਮ ਪੁਰਖ ਅਖਵਾਇੰਦਾ। ਗੁਰਮੁਖ ਵਿਰਲਾ ਜਾਣੇ ਸੰਤ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਹਰਿਜਨ ਮੇਲਾ ਨਾਰੀ ਕੰਤ, ਨਰ ਨਰਾਇਣ ਆਪ ਪਰਨਾਇੰਦਾ। ਭਗਤਨ ਮਹਿਮਾ ਗਣਤ ਅਗਣਤ, ਲੇਖਾ ਲੇਖ ਨਾ ਕੋਇ ਲਿਖਾਇੰਦਾ। ਭਰਮੇ ਭੁੱਲਾ ਜੀਵ ਜੰਤ, ਜਾਗਰਤ ਜੋਤ ਨਾ ਕੋਇ ਜਗਾਇੰਦਾ। ਗੁਰਸਿਖ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਨਾਮ ਮਜੀਠੀ ਰੰਗ ਰੰਗਾਇੰਦਾ। ਧੰਨ ਸੁਹਾਗ ਹੋਏ ਧੰਨ ਧੰਨਵੰਤ, ਪ੍ਰਿਯਾ ਪ੍ਰੀਤਮ ਮੇਲ ਮਿਲਾਇੰਦਾ। ਮਨਮੁੱਖ ਮਾਇਆ ਪਾਏ ਬੇਅੰਤ, ਕਾਇਆ ਕੱਪੜ ਗੂੜ੍ਹੀ ਨੀਂਦ ਸੁਆਇੰਦਾ। ਆਪੇ ਜਾਣੇ ਜਣਾਏ ਆਪਣਾ ਮੰਤ, ਅੱਖਰ ਵੱਖਰ ਸ਼ਬਦ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋੜਾ ਸ਼ਬਦੀ ਘੋੜਾ ਚਾਰੋਂ ਕੁੰਟ ਦੌੜਾਇੰਦਾ। ਚਾਰੋਂ ਕੁੰਟ ਰਿਹਾ ਦੌੜ, ਸਤਿਗੁਰ ਪੂਰਾ ਵਡ ਵਡਿਆਈਆ। ਨਿਰਗੁਣ ਲਾਇਆ ਏਕਾ ਪੌੜ, ਦੋ ਜਹਾਨਾਂ ਵੇਖ ਵਖਾਈਆ। ਲੱਖ ਚੁਰਾਸੀ ਵੇਖੇ ਫਲ ਮਿੱਠਾ ਕੌੜ, ਘਟ ਘਟ ਬੈਠਾ ਡੇਰਾ ਲਾਈਆ। ਗੁਰਸਿਖ ਵਿਰਲੇ ਜਾਏ ਬੌਹੜ, ਬਾਹੋਂ ਪਕੜ ਗਲੇ ਲਗਾਈਆ। ਜੁਗ ਜੁਗ ਦੀ ਲੱਗੀ ਬੁਝਾਏ ਔੜ, ਦੇ ਦਰਸ ਤ੍ਰਿਪਤ ਕਰਾਈਆ। ਕਿਸੇ ਹੱਥ ਨਾ ਆਏ ਪੂਤ ਸਪੂਤਾ ਬ੍ਰਹਿਮਣ ਗੌੜ, ਉਚੇ ਟਿੱਲੇ ਪਰਬਤ ਬੈਠੇ ਰਾਹ ਤਕਾਈਆ। ਸੰਬਲ ਨਗਰ ਕੋਇ ਨਾ ਜਾਣੇ ਲੰਮਾਂ ਚੌੜ, ਗੁਰ ਗੋਬਿੰਦ ਗਿਆ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਤਰਾਨਾ ਹਰਿ ਭਗਵਾਨਾ ਦੋ ਜਹਾਨਾਂ ਆਪ ਸੁਣਾਈਆ। ਸ਼ਬਦ ਤਰਾਨਾ ਸਾਚਾ ਰਾਗ, ਹਰਿ ਸਾਚਾ ਸਚ ਅਲਾਇੰਦਾ। ਗੁਰਮੁਖ ਵਿਰਲੇ ਵਡ ਵਡ ਭਾਗ, ਜਿਸ ਜਨ ਆਤਮ ਅੰਤਰ ਖੋਜ ਖੁਜਾਇੰਦਾ। ਦੁਰਮਤ ਮੈਲ ਧੋਵੇ ਦਾਗ਼, ਸਾਚੀ ਰੰਗਣ ਨਾਮ ਰੰਗਾਇੰਦਾ। ਫੜ ਫੜ ਹੰਸ ਬਣਾਏ ਕਾਗ, ਜਿਸ ਜਨ ਆਪਣੇ ਚਰਨ ਲਗਾਇੰਦਾ। ਦੀਪਕ ਜੋਤ ਜਗੇ ਚਿਰਾਗ, ਗਿਆਨ ਭਾਨ ਪਰਕਾਸ਼ ਆਪ ਵਖਾਇੰਦਾ। ਘਰ ਮੇਲਾ ਨਾਰੀ ਕੰਤ ਸੁਹਾਗ, ਸੁਰਤੀ ਸ਼ਬਦੀ ਮੇਲ ਮਿਲਾਇੰਦਾ। ਚਰਨ ਧੂੜ ਕਰਾਏ ਮਜਨ ਮਾਘ, ਅਠਸਠ ਪੈਂਡਾ ਆਪ ਮੁਕਾਇੰਦਾ। ਏਥੇ ਓਥੇ ਦੋ ਜਹਾਨੀ ਪਕੜੇ ਵਾਗ, ਅੱਧਵਿਚਕਾਰ ਨਾ ਕੋਇ ਅਟਕਾਇੰਦਾ। ਜਿਸ ਜਗਾਏ ਸੋ ਜਨ ਜਾਏ ਜਾਗ, ਦੂਸਰ ਅੱਖ ਨਾ ਕੋਇ ਖੁਲ੍ਹਾਇੰਦਾ। ਤ੍ਰੈਗੁਣ ਮਾਇਆ ਲੱਗੀ ਆਗ, ਪੰਜ ਤਤ ਬਸੰਤਰ ਨਾ ਕੋਇ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਾਮ ਅੱਖਰ ਇਕ ਵਡਿਆਇੰਦਾ। ਏਕਾ ਅੱਖਰ ਹਰਿ ਕਾ ਨਾਉਂ, ਲਿਖਣ ਪੜ੍ਹਣ ਵਿਚ ਨਾ ਆਈਆ। ਏਕਾ ਅੱਖਰ ਵਸੇ ਹਰ ਘਟ ਥਾਉਂ, ਦਿਸ ਕਿਸੇ ਨਾ ਪਾਈਆ। ਏਕਾ ਅੱਖਰ ਕਰੇ ਸਚ ਨਿਆਉਂ, ਆਦਿ ਜੁਗਾਦਿ ਵੱਡੀ ਵਡਿਆਈਆ। ਏਕਾ ਅੱਖਰ ਪਿਤਾ ਮਾਉਂ, ਏਕਾ ਅੱਖਰ ਬਾਲ ਸਖਾਈਆ। ਏਕਾ ਅੱਖਰ ਦੇਵੇ ਸਦਾ ਠੰਡੀ ਛਾਉਂ, ਚਾਰੇ ਵੇਦ ਦੇਣ ਗਵਾਹੀਆ। ਏਕਾ ਅੱਖਰ ਸਤਿਗੁਰ ਪੂਰਾ ਆਪੇ ਜਾਣੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਨਾਮ ਕਰੇ ਪੜ੍ਹਾਈਆ। ਏਕਾ ਅੱਖਰ ਸ਼ਬਦ ਬਬਾਣਾ, ਗੁਰ ਸਤਿਗੁਰ ਹੱਥ ਰਖਾਇਆ। ਏਕਾ ਅੱਖਰ ਪੰਧ ਮੁਕਾਏ ਆਵਣ ਜਾਣਾ, ਲੱਖ ਚੁਰਾਸੀ ਗੇੜ ਚੁਕਾਇਆ। ਏਕਾ ਅੱਖਰ ਗੁਰੂਆਂ ਪੀਰਾਂ ਰੱਖੇ ਆਪਣੇ ਭਾਣਾ, ਹਰਿ ਭਾਣਾ ਵਡ ਵਡਿਆਇਆ। ਏਕਾ ਅੱਖਰ ਲਹਿਣਾ ਦੇਣਾ ਚੁਕਾਏ ਰਾਜਾ ਰਾਣਾ, ਰਾਜ ਰਾਜਾਨਾਂ ਦਏ ਸਜ਼ਾਈਆ। ਏਕਾ ਅੱਖਰ ਭਿਛਿਆ ਮੰਗੇ ਦਰ ਦਰਬਾਣਾ, ਦਰ ਦਰ ਫੇਰੀ ਅਲੱਖ ਜਗਾਇਆ। ਏਕਾ ਅੱਖਰ ਹੋਏ ਪਰਵਾਨਾ, ਪਰਮ ਪੁਰਖ ਮੇਲ ਮਿਲਾਇਆ। ਏਕਾ ਅੱਖਰ ਰੂਪ ਸ੍ਰੀ ਭਗਵਾਨਾ, ਨਾ ਮਰੇ ਨਾ ਜਾਇਆ। ਸੋ ਅੱਖਰ ਸਤਿਜੁਗ ਸਾਚੇ ਚੜ੍ਹੇ ਨਿਸ਼ਾਨਾ, ਪੁਰਖ ਅਬਿਨਾਸ਼ੀ ਆਪ ਚੜ੍ਹਾਇਆ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਹਰਿ ਹਰਿ ਹਰਿ ਗਾਏ ਗਾਣਾ, ਪਾਰਬ੍ਰਹਮ ਦਏ ਸਾਲਾਹਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ, ਨਿਰਗੁਣ ਨਿਰਗੁਣ ਨਿਰਗੁਣ ਨਿਰਗੁਣ ਖੇਲ ਖਿਲਾਇਆ।