Granth 09 Likhat 118: 8 Jeth 2017 Bikarmi Katha Singh de Ghar Pind Moyel Jila Jammu

੮ ਜੇਠ ੨੦੧੭ ਬਿਕ੍ਰਮੀ ਕਥਾ ਸਿੰਘ ਜੀਵਣ ਸਿੰਘ ਦੇ ਘਰ ਪਿੰਡ ਮੋਇਲ ਜ਼ਿਲਾ ਜੰਮੂ

ਹਰਿ ਪੁਰਖ ਨਿਰੰਜਣ ਇਕ ਇਕੱਲੜਾ, ਜੁਗਾ ਜੁਗੰਤਰ ਖੇਲ ਖਿਲਾਇੰਦਾ। ਦਰਗਹਿ ਸਾਚੀ ਧਾਮ ਸੁਹੰਦੜਾ, ਨਿਰਗੁਣ ਆਪਣੀ ਜੋਤ ਜਗਾਇੰਦਾ। ਸਰਗੁਣ ਆਪਣਾ ਵੇਸ ਵਟੰਦੜਾ, ਲੋਕਮਾਤ ਫੇਰਾ ਪਾਇੰਦਾ। ਲੱਖ ਚੁਰਾਸੀ ਵੇਖ ਵਖੰਦੜਾ, ਘਰ ਘਰ ਆਪਣਾ ਆਸਣ ਲਾਇੰਦਾ। ਸੰਤ ਸੁਹੇਲੇ ਆਪ ਉਠੰਦੜਾ, ਆਤਮ ਅੰਤਰ ਗਿਆਨ ਦ੍ਰਿੜਾਇੰਦਾ। ਸਾਚਾ ਸ਼ਬਦ ਇਕ ਸੁਨੰਦੜਾ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੁਗਾ ਜੁਗੰਤਰ ਵੇਸ ਅਵੱਲਾ, ਹਰਿ ਸਾਚਾ ਸਚ ਕਰਾਈਆ। ਲੱਖ ਚੁਰਾਸੀ ਭੁਲਾਏ ਕਰ ਕਰ ਵਲ ਛਲਾ, ਨਿਰਗੁਣ ਸਰਗੁਣ ਰੂਪ ਵਟਾਈਆ। ਕਲਜੁਗ ਅੰਤਮ ਲੇਖਾ ਜਾਣੇ ਰਾਣੀ ਅੱਲਾ, ਐਨਲਹੱਕ ਵੇਖੇ ਖ਼ੁਦਾਈਆ। ਸੰਗ ਮੁਹੰਮਦ ਫੜਾਏ ਆਪਣਾ ਪੱਲਾ, ਚਾਰੋਂ ਕੁੰਟ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਕਲਜੁਗ ਅੰਤਮ ਕਾਲਾ ਰੰਗ, ਨੌ ਖੰਡ ਪ੍ਰਿਥਮੀ ਆਪ ਚੜ੍ਹਾਇੰਦਾ। ਜੂਠ ਝੂਠ ਜਗਤ ਮਰਦੰਗ, ਸ੍ਰਿਸ਼ਟ ਸਬਾਈ ਆਪ ਵਜਾਇੰਦਾ। ਗ਼ਰੀਬ ਨਿਮਾਣੇ ਹੋਏ ਨੰਗ, ਸਿਰ ਹੱਥ ਨਾ ਕੋਇ ਰਖਾਇੰਦਾ। ਰਾਜ ਰਾਜਾਨ ਸ਼ਾਹ ਸੁਲਤਾਨ ਮਾਇਆ ਮਮਤਾ ਹੋਏ ਅੰਧ, ਨੇਤਰ ਨੈਣ ਨਾ ਕੋਇ ਖੁਲ੍ਹਾਇੰਦਾ। ਸਾਚਾ ਦਿਸੇ ਨਾ ਕਿਸੇ ਚੰਦ, ਮੱਸਿਆ ਰੈਣ ਸਰਬ ਵਖਾਇੰਦਾ। ਵਰਨਾਂ ਬਰਨਾਂ ਹੋਈ ਕੰਧ, ਭਾਂਡਾ ਭਰਮ ਨਾ ਕੋਇ ਭੰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਨਾਉਂ ਉਪਜਾਇੰਦਾ। ਕਲਜੁਗ ਤੇਰਾ ਕੂੜ ਪਸਾਰਾ, ਚਾਰੋਂ ਕੁੰਟ ਦਏ ਦੁਹਾਈਆ। ਚੌਦਾਂ ਤਬਕਾਂ ਖੇਲ ਨਿਆਰਾ, ਜ਼ਿਮੀ ਆਸਮਾਨਾਂ ਵੇਖ ਵਖਾਈਆ। ਸ਼ਰਅ ਸ਼ਰੀਅਤ ਪਾਵੇ ਸਾਰਾ, ਲਾਸ਼ਰੀਕ ਇਕ ਖ਼ੁਦਾਈਆ। ਗ਼ਫ਼ਲਤ ਕਰੇ ਨਾ ਬੇਐਬ ਪਰਵਰਦਿਗਾਰਾ, ਗ਼ਾਫਲ ਕਰੇ ਸ੍ਰਿਸ਼ਟ ਸੁਬਾਈਆ। ਉਚੀ ਕੂਕੇ ਲਾਏ ਨਾਅਰਾ, ਆਪਣੀ ਸਦਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਰਚਨ ਰਚਾਈਆ। ਕਲਜੁਗ ਕੂੜਾ ਵੱਜਿਆ ਡੰਕ, ਚਾਰੋਂ ਕੁੰਟ ਉਠ ਕੁਰਲਾਇਆ। ਨਾਤਾ ਤੁਟਾ ਰਾਓ ਰੰਕ, ਸ਼ਾਹ ਸੁਲਤਾਨ ਦੇਣ ਦੁਹਾਇਆ। ਸਚ ਦਵਾਰਾ ਦਿਸੇ ਨਾ ਕੋਇ ਬੰਕ, ਸਾਚਾ ਮੰਦਰ ਨਾ ਕੋਇ ਸੁਹਾਇਆ। ਪਰਗਟ ਹੋਇਆ ਵਾਸੀ ਪੁਰੀ ਘਨਕ, ਅਕਲ ਕਲ ਧਾਰੀ ਆਪਣਾ ਨਾਉਂ ਰਖਾਇਆ। ਹਰਿਜਨ ਵੇਖੇ ਜਿਉਂ ਜਨ ਜਨਕ, ਜਨ ਜਨਨੀ ਲੇਖੇ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਮੇਟੇ ਕੂੜ ਪਸਾਰਾ, ਸਾਚਾ ਚੰਦ ਇਕ ਚੜ੍ਹਾਇਆ। ਕਲਜੁਗ ਕੰਸਾ ਅੰਤਮ ਅੰਤ, ਹਰਿ ਪੁਰਖ ਨਿਰੰਜਣ ਆਪ ਮਿਟਾਈਆ। ਚਾਰੋਂ ਕੁੰਟ ਮਾਇਆ ਪਾਏ ਬੇਅੰਤ, ਤ੍ਰੈਗੁਣ ਆਪਣਾ ਰੂਪ ਦਰਸਾਈਆ। ਹਰੀ ਹਰਿ ਨਾ ਮਿਲੇ ਕੋਈ ਸੰਤ, ਚਾਰੋਂ ਕੁੰਟ ਠਗੋਰੀ ਪਾਈਆ। ਅਬਿਨਾਸ਼ੀ ਕਰਤਾ ਮਹਿਮਾ ਬੇਅੰਤ, ਲੇਖਾ ਗਣਤ ਨਾ ਕੋਇ ਗਿਣਾਈਆ। ਲੇਖਾ ਜਾਣੇ ਜੀਵ ਜੰਤ, ਸ੍ਰਿਸ਼ਟ ਸਬਾਈ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾਈਆ। ਲੇਖਾ ਲਿਖਣਹਾਰ ਨਿਰੰਕਾਰ, ਆਦਿ ਜੁਗਾਦਿ ਸਮਾਇੰਦਾ। ਵਿਸ਼ਨੂੰ ਕਰੇ ਸਚ ਪਿਆਰ, ਵੰਸ ਆਪਣਾ ਵੇਖ ਵਖਾਇੰਦਾ। ਬ੍ਰਹਮਾ ਨੇਤਰ ਰਿਹਾ ਉਘਾੜ, ਚਾਰੇ ਕੂਟਾਂ ਵੇਖ ਵਖਾਇੰਦਾ। ਸ਼ੰਕਰ ਆਪਣਾ ਖੋਲ੍ਹ ਕਿਵਾੜ, ਹੱਥ ਤਰਸੂਲ ਚਮਕਾਇੰਦਾ। ਪੁਰਖ ਅਬਿਨਾਸ਼ੀ ਕਰਿਆ ਖ਼ਬਰਦਾਰ, ਸ਼ਬਦ ਸੁਨੇਹੁੜਾ ਇਕ ਘਲਾਇੰਦਾ। ਚੌਥੇ ਜੁਗ ਆਈ ਹਾਰ, ਬ੍ਰਹਮ ਮਤ ਨਾ ਕੋਇ ਪੜ੍ਹਾਇੰਦਾ। ਪੰਜ ਤਤ ਕਾਇਆ ਤਪਿਆ ਅੰਗਿਆਰ, ਕਾਮ ਕਰੋਧ ਲੋਭ ਮੋਹ ਹੰਕਾਰ ਸਰਬ ਜਲਾਇੰਦਾ। ਰੱਤੀ ਰੱਤ ਨਾ ਦਿਸੇ ਵਿਚ ਸੰਸਾਰ, ਆਸਾ ਤ੍ਰਿਸ਼ਨਾ ਸਰਬ ਭਰਾਇੰਦਾ। ਸਾਚੀ ਖਾਟ ਨਾ ਸੋਵੇ ਕੋਈ ਪੈਰ ਪਸਾਰ, ਹਰਿ ਹਰਿ ਕੰਤ ਨਾ ਕੋਇ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਨੇਹੜਾ ਇਕ ਸੰਸਾਰ, ਵਿਸ਼ਨੂੰ ਉਠ ਹੋ ਤਿਆਰ, ਪੁਰਖ ਅਬਿਨਾਸ਼ੀ ਆਪ ਜਗਾਈਆ। ਤੇਰਾ ਵਿਸ਼ਵ ਰੂਪ ਨਾ ਦਿਸੇ ਵਿਚ ਸੰਸਾਰ, ਨਰ ਨਾਰੀ ਗਏ ਭੁਲਾਈਆ। ਤੇਰਾ ਭਰਿਆ ਇਕ ਭੰਡਾਰ, ਤੂੰ ਦਾਤਾ ਰਿਜ਼ਕ ਸਬਾਈਆ। ਤੂੰ ਘਰ ਘਰ ਬਣੇ ਜਗਤ ਵਰਤਾਰ, ਤੇਰੀ ਸੇਵਾ ਸਚ ਕਮਾਈਆ। ਤੇਰਾ ਲੇਖਾ ਲਿਖਿਆ ਨਾ ਸਕੇ ਕੋਇ ਵਿਚਾਰ, ਭਰਮੇੇ ਭੁੱਲੀ ਸਰਬ ਲੋਕਾਈਆ। ਪੜ੍ਹ ਪੜ੍ਹ ਥੱਕੇ ਜੀਵ ਗਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਤ ਰਿਹਾ ਸਮਝਾਈਆ। ਬ੍ਰਹਮੇ ਉਠ ਕਰ ਧਿਆਨ, ਪੁਰੀ ਬ੍ਰਹਮ ਆਪ ਹਲਾਇੰਦਾ। ਚਾਰੇ ਜੁਗ ਗੇੜੇ ਮਿਹਰਵਾਨ, ਚਾਰੇ ਵੇਦ ਮੇਲ ਮਿਲਾਇੰਦਾ। ਅਥਰਬਣ ਅੰਤਮ ਆਈ ਹਾਣ, ਚਾਰੋਂ ਕੁੰਟ ਸਰਬ ਵਖਾਇੰਦਾ। ਅੱਲਾ ਰਾਣੀ ਹੋਈ ਨਾਦਾਨ, ਨੇਤਰ ਸਚ ਨਾ ਕੋਇ ਖੁਲ੍ਹਾਇੰਦਾ। ਵਿਭਚਾਰੀ ਜੀਵ ਨਾ ਸਕੇ ਕੋਇ ਪਛਾਣ, ਸਾਚਾ ਕਰਮ ਨਾ ਕੋਇ ਕਰਾਇੰਦਾ। ਤੇਰਾ ਤੇਜ ਲੁਕਿਆ ਵਿਚ ਜਹਾਨ, ਬ੍ਰਹਮ ਜੋਤ ਨਾ ਕੋਇ ਜਗਾਇੰਦਾ। ਆਤਮ ਬ੍ਰਹਮ ਨਾ ਸਕੇ ਕੋਇ ਪਛਾਣ, ਈਸ਼ ਜੀਵ ਨਾ ਕੋਇ ਮਿਲਾਇੰਦਾ। ਕਲਜੁਗ ਕੂੜਾ ਹੋਇਆ ਪਰਧਾਨ, ਡੋਰੂ ਡੰਕਾ ਇਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਅੱਖਰ ਇਕ ਪੜ੍ਹਾਇੰਦਾ। ਸ਼ੰਕਰ ਉਠ ਹੋ ਤਿਆਰ, ਹਰਿ ਸਾਚੇ ਸਚ ਜਣਾਈਆ। ਕਲਜੁਗ ਅੰਤਮ ਕੂਕੇ ਕਰੇ ਪੁਕਾਰ, ਰਾਹ ਤੱਕੇ ਤੇਰਾ ਵਾਹੋ ਦਾਹੀਆ। ਜੋ ਘੜਿਆ ਸੋ ਭੰਨ ਵਿਚ ਸੰਸਾਰ, ਤੇਰੀ ਸੇਵਾ ਸਚ ਵਖਾਈਆ। ਲੱਖ ਚੁਰਾਸੀ ਹੋਏ ਖ਼ਵਾਰ, ਸਾਚੇ ਤਖ਼ਤ ਨਾ ਕਿਸੇ ਵਡਿਆਈਆ। ਰਾਜ ਰਾਜਾਨ ਕਰਨ ਹਾਹਾਕਾਰ, ਉਚੀ ਕੂਕਣ ਦੇਣ ਦੁਹਾਈਆ। ਤ੍ਰੈਗੁਣ ਮਾਇਆ ਦੇਣੀ ਸਾੜ, ਪੰਜ ਤਤ ਨਜ਼ਰ ਨਾ ਆਈਆ। ਏਕਾ ਅਗਨੀ ਲੌਣੀ ਹਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨਾਂ ਵੇਖੇ ਏਕੋ ਥਾਈਂਆ। ਵਿਸ਼ਨੂੰ ਤੇਰੀ ਸਾਚੀ ਕਾਰ, ਹਰਿ ਕਰਤਾ ਆਪ ਕਰਾਇੰਦਾ। ਬ੍ਰਹਮੇ ਤੇਰਾ ਬ੍ਰਹਮ ਪਿਆਰ, ਪਾਰਬ੍ਰਹਮ ਵੇਖ ਵਖਾਇੰਦਾ। ਸ਼ੰਕਰ ਤੇਰਾ ਅੰਤ ਸ਼ਿੰਗਾਰ, ਬਾਸ਼ਕ ਤਸ਼ਕਾ ਗਲ ਲਟਕਾਇੰਦਾ। ਦੋ ਜਹਾਨਾਂ ਪਾਵੇ ਸਾਰ, ਲੋਕਮਾਤ ਜੋਤ ਜਗਾਇੰਦਾ। ਮਾਇਆ ਭੁੱਲੇ ਭਰਮੀ ਜੀਵ ਗਵਾਰ, ਹਰਿ ਕਾ ਨਾਮ ਨਾ ਕੋਇ ਧਿਆਇੰਦਾ। ਘਰ ਘਰ ਭਰਿਆ ਲੋਭ ਹੰਕਾਰ, ਧੀਰਜ ਜਤ ਨਾ ਕੋਇ ਧਰਾਇੰਦਾ। ਨਾਰੀ ਕੰਤ ਨਾ ਕੋਇ ਪਿਆਰ, ਸਾਚਾ ਮੰਦਰ ਨਾ ਕੋਇ ਸੁਹਾਇੰਦਾ। ਧਰਮ ਰਾਏ ਧੁਰ ਦਰਬਾਰ ਬੈਠਾ ਕਰੇ ਵਿਚਾਰ, ਚਿਤਰ ਗੁਪਤ ਨਾਲ ਰਲਾਇੰਦਾ। ਚੌਥੇ ਜੁਗ ਖੋਲ੍ਹ ਕਿਵਾੜ, ਆਪਣਾ ਲੇਖਾ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਪੰਧ ਮੁਕਾਇੰਦਾ। ਕਲਜੁਗ ਅੰਤਮ ਪੰਧ ਮੁਕੌਣਾ, ਚਾਰ ਵਰਨ ਰਹਿਣ ਨਾ ਪਾਈਆ। ਸ਼ਾਹ ਸੁਲਤਾਨਾਂ ਤਖ਼ਤੋਂ ਲੌਹਣਾ, ਸੀਸ ਤਾਜ ਨਾ ਕੋਇ ਟਿਕਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰੰਗ ਰੰਗੌਣਾ, ਏਕਾ ਅੱਖਰ ਕਰੇ ਪੜ੍ਹਾਈਆ। ਹਿੰਦੂ ਮੁਸਲਮ ਨਾ ਕਿਸੇ ਅਖਵੌਣਾ, ਰੋਜ਼ਾ ਬਾਂਗ ਨਾ ਕੋਇ ਸੁਣਾਈਆ। ਸਾਚੇ ਹੁਜਰੇ ਬਹਿ ਕਿਸੇ ਨਾ ਗੌਣਾ, ਮੱਕਾ ਕਾਅਬਾ ਫੋਲ ਫੁਲਾਈਆ। ਪੰਡਤ ਪਾਂਧਾ ਵੇਦ ਸ਼ਾਸਤਰ ਸਿਮਰਤ ਏਕਾ ਰੰਗ ਰੰਗੌਣਾ, ਰੰਗ ਰੰਗੀਲਾ ਇਕ ਅਖਵਾਈਆ। ਸਚ ਦਵਾਰਾ ਇਕ ਖਲੌਣਾ, ਊਚ ਨੀਚ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਮੇਟੇ ਕੂੜੀ ਸ਼ਾਹੀਆ। ਕਲਜੁਗ ਮਿਟੇ ਕੂੜਾ ਸ਼ਾਹ, ਜਗਤ ਸਿਕਦਾਰ ਰਹਿਣ ਨਾ ਪਾਈਆ। ਏਕੰਕਾਰਾ ਬਣੇ ਇਕ ਮਲਾਹ, ਸ੍ਰੀ ਭਗਵਾਨ ਬੇੜਾ ਆਪ ਚਲਾਈਆ। ਅਬਿਨਾਸ਼ੀ ਕਰਤਾ ਦੇਵੇ ਸਚ ਸਲਾਹ, ਸਾਚੀ ਸਿਖਿਆ ਮਾਤ ਸਿਖਾਈਆ। ਨਾ ਕੋਈ ਸਜਦਾ ਕਰੇ ਸੀਸ ਨਵਾ, ਪੰਜ ਵਕਤ ਨਿਮਾਜ਼ ਨਾ ਕੋਇ ਪੜ੍ਹਾਈਆ। ਨਾ ਕੋਈ ਮੁਸੱਲਾ ਸਕੇ ਹੇਠ ਵਿਛਾ, ਵੁਜ਼ੂ ਬਾਂਗ ਨਾ ਕੋਇ ਜਣਾਈਆ। ਨਾ ਕੋਈ ਮਸਤਕ ਤਿਲਕ ਲਏ ਲਗਾ, ਜੋਤ ਲਲਾਟੀ ਇਕ ਵਖਾਈਆ। ਏਕਾ ਬ੍ਰਹਮ ਦਏ ਦ੍ਰਿੜਾ, ਪਾਰਬ੍ਰਹਮ ਵੱਡੀ ਵਡਿਆਈਆ। ਸਤਿਜੁਗ ਸਾਚਾ ਮਾਰਗ ਲਾ, ਸਾਚੀ ਸਿਖਿਆ ਇਕ ਸਮਝਾਈਆ। ਨੌ ਖੰਡ ਪ੍ਰਿਥਮੀ ਵਸੇ ਏਕਾ ਥਾਂ, ਸੱਤਾਂ ਦੀਪਾਂ ਮੇਲ ਮਿਲਾਈਆ। ਸਚ ਸੰਦੇਸ਼ਾ ਦਏ ਸੁਣਾ, ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਾ, ਆਪਣੇ ਰੰਗ ਰੰਗਾਈਆ। ਨਾ ਕੋਈ ਜਾਣੇ ਧਾਰੀ ਕੇਸਾ, ਮੂੰਡ ਮੰਡਾਏ ਆਪੇ ਵੇਖ ਵਖਾਈਆ। ਆਪੇ ਧਾਰੇ ਆਪਣਾ ਵੇਸਾ, ਨਿਰਗੁਣ ਸਰਗੁਣ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਰਚਨ ਰਚਾਈਆ। ਸਤਿਜੁਗ ਉਤਰਿਆ ਪਾਰ ਕਿਨਾਰਾ, ਬਾਵਣ ਬਲ ਬਲ ਭੇਖ ਵਟਾਇਆ। ਤ੍ਰੇਤਾ ਤੇਰੀ ਪਾਵੇ ਸਾਰਾ, ਰਾਮ ਰਘਵੰਸ ਆਪ ਕਹਾਇਆ। ਦਵਾਪਰ ਤੇਰਾ ਅੰਤ ਕਿਨਾਰਾ, ਮੁਕੰਦ ਮਨੋਹਰ ਆਪ ਕਰਾਇਆ। ਕਲਜੁਗ ਅੰਤਮ ਲੈ ਅਵਤਾਰਾ, ਨਿਹਕਲੰਕਾ ਨਾਉਂ ਰਖਾਇਆ। ਵੇਦ ਵਿਆਸਾ ਬਣ ਲਿਖਾਰਾ, ਬ੍ਰਹਿਮਣ ਗੌੜਾ ਗਿਆ ਸਮਝਾਇਆ। ਪੂਤ ਸਪੂਤਾ ਹੋ ਤਿਆਰਾ, ਉਚੇ ਟਿੱਲੇ ਪਰਬਤ ਬੈਠਾ ਆਸਣ ਲਾਇਆ। ਨਾਨਕ ਉਚੀ ਕੂਕੇ ਕਰੇ ਪੁਕਾਰਾ, ਏਕੰਕਾਰਾ ਇਕ ਮਨਾਇਆ। ਗੋਬਿੰਦ ਬੋਲੇ ਸਚ ਜੈਕਾਰਾ, ਸੰਬਲ ਨਗਰੀ ਨਾਉਂ ਉਪਾਇਆ। ਪਰਗਟ ਹੋਏ ਹਰਿ ਸਿਰਜਣਹਾਰਾ, ਜੋਤੀ ਨੂਰ ਕਰ ਰੁਸ਼ਨਾਇਆ। ਏਕਾ ਡੰਕ ਵਜਾਏ ਵਜਾਵਣਹਾਰਾ, ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲੇਖੇ ਲਾਇਆ। ਕਲਜੁਗ ਕੂੜ ਪਸਾਰਾ ਕੂੜਿਆ, ਕੂੜੀ ਰੈਣ ਅੰਧਿਆਰ। ਲੱਖ ਚੁਰਾਸੀ ਚੁੱਕੇ ਲਹਿਣ ਦੇਣਿਆ, ਜੀਵ ਜੰਤ ਕੋਇ ਨਾ ਉਤਰੇ ਪਾਰ। ਨਾਤਾ ਤੁਟੇ ਸਾਕ ਸੱਜਣ ਸੈਣਿਆ, ਬੇੜਾ ਡੁੱਬੇ ਵਿਚ ਮੰਝਧਾਰ। ਲਾੜੀ ਮੌਤ ਖਾਏ ਡੈਣਿਆ, ਤਨ ਸੋਲਾਂ ਕਰ ਸ਼ਿੰਗਾਰ। ਗੁਰਮੁਖ ਵਿਰਲੇ ਹਰਿ ਹਰਿ ਰਸਨਾ ਕਹਿਣ, ਹਰਿ ਸਤਿਗੁਰ ਕਰੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਅਗੰਮ ਅਪਾਰ। ਖੇਲ ਅਗੰਮੜਾ ਅਗੰਮੜੀ ਕਾਰ, ਸਤਿ ਪੁਰਖ ਨਿਰੰਜਣ ਆਪ ਕਰਾਈਆ। ਸੋ ਪੁਰਖ ਨਿਰੰਜਣ ਹੋ ਤਿਆਰ, ਆਪ ਆਪਣੀ ਰਚਨ ਰਚਾਈਆ। ਸਚਖੰਡ ਨਿਵਾਸੀ ਖੇਲ ਅਪਾਰ, ਘਨਕ ਪੁਰ ਵਾਸੀ ਆਪ ਕਰਾਈਆ। ਬੰਦ ਖ਼ੁਲਾਸੀ ਕਰੇ ਵਿਚ ਸੰਸਾਰ, ਗੁਰਮੁਖ ਸੱਜਣ ਆਪ ਉਠਾਈਆ। ਜਮ ਕੀ ਫਾਂਸੀ ਦਏ ਹੁਲਾਰ, ਜੋ ਜਨ ਹਰਿ ਹਰਿ ਗਏ ਭੁਲਾਈਆ। ਪੰਡਤ ਕਾਂਸ਼ੀ ਨਾ ਕਰੇ ਵਿਚਾਰ, ਗ੍ਰੰਥੀ ਪੰਥੀ ਦੇਣ ਦੁਹਾਈਆ। ਜੋਤ ਪਰਕਾਸ਼ੀ ਨਿਰਗੁਣ ਧਾਰ, ਆਦਿ ਨਿਰੰਜਣ ਆਪ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਖੇੜਾ ਵੇਖ ਵਖਾਈਆ। ਕਲਜੁਗ ਖੇੜਾ ਨੌ ਖੰਡ, ਧਰਤ ਧਵਲ ਆਪ ਵਸਾਇਆ। ਪੁਰਖ ਅਬਿਨਾਸ਼ੀ ਵੰਡੇ ਵੰਡ, ਚਾਰੇ ਕੂਟਾਂ ਵੇਖ ਵਖਾਇਆ। ਦਹਿ ਦਿਸ਼ਾ ਵੇਖੇ ਭੇਖ ਪਖੰਡ, ਸਚ ਸੁੱਚ ਨਾ ਕੋਇ ਦ੍ਰਿੜਾਇਆ। ਮਨ ਮਤ ਨਾਰ ਦੁਹਾਗਣ ਹੋਈ ਰੰਡ, ਘਰ ਕੰਤ ਸੁਹਾਗ ਨਜ਼ਰ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਸਾਚਾ ਵਰ, ਗੁਰਮੁਖ ਸਾਚੇ ਲਏ ਤਰਾਇਆ। ਸਾਚਾ ਖੇੜਾ ਸਾਚੀ ਸੰਗਤ, ਹਰਿ ਸਾਚਾ ਸੰਗ ਨਿਭਾਈਆ। ਅੰਦਰੇ ਅੰਦਰ ਬਣਨ ਮੰਗਤ, ਰਸਨਾ ਕਹਿਣ ਨਾ ਸਕਣ ਰਾਈਆ। ਪੁਰਖ ਅਬਿਨਾਸ਼ੀ ਕੱਟੇ ਭੁੱਖ ਨੰਗਤ, ਭੁੱਖਿਆਂ ਨੰਗਿਆਂ ਦੇਵੇ ਰਿਜ਼ਕ ਸੁਬਾਈਆ। ਗ਼ਰੀਬ ਨਿਮਾਣੇ ਲਾਏ ਅੰਗਤ, ਅੰਗੀਕਾਰ ਆਪ ਕਰਾਈਆ। ਤੁਟੇ ਗੜ੍ਹ ਹਉਮੇ ਹੰਗਤ, ਘਰ ਘਰ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਦਰਸ ਬੇਪਰਵਾਹੀਆ। ਸਾਚਾ ਖੇੜਾ ਵਸਿਆ ਜੀਵ ਜੰਤਿਆ, ਬਿਰਧ ਬਾਲ ਜਵਾਨ ਵੇਖ ਵਖਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤਿਆ, ਹਰੀ ਹਰਿ ਚੋਲਾ ਆਪ ਰੰਗਾਇੰਦਾ। ਏਕਾ ਦੇਵੇ ਮਣੀਆ ਮਣਤਿਆ, ਸ਼ਬਦ ਸ਼ਬਦੀ ਝੋਲੀ ਪਾਇੰਦਾ। ਤੁਟੇ ਗੜ੍ਹ ਹਉਮੇ ਹੰਗਤਿਆ, ਹਰਿ ਹਰਿ ਰੂਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਿਰ ਆਪਣਾ ਹੱਥ ਰਖਾਇੰਦਾ। ਸਾਚਾ ਖੇੜਾ ਸੰਗਤ ਵਸੇਰਾ, ਘਰ ਸਾਚੇ ਮੇਲ ਮਿਲਾਇਆ। ਦੁੱਖਾਂ ਦਰਦਾਂ ਢਾਹੇ ਡੇਰਾ, ਜੋ ਜਨ ਸਰਨਾਈ ਆਇਆ। ਚਾਰੋਂ ਕੁੰਟ ਪਾਏ ਸ਼ਬਦੀ ਘੇਰਾ, ਕਿਲਾ ਕੋਟ ਨਾ ਕੋਇ ਵਖਾਇਆ। ਆਪੇ ਵਸੇ ਨੇਰਨ ਨੇਰਾ, ਨਿਝਰ ਘਰ ਆਪਣਾ ਡੇਰਾ ਲਾਇਆ। ਗ਼ਰੀਬ ਨਿਮਾਣਿਆਂ ਬੰਨ੍ਹੇ ਬੇੜਾ, ਏਕਾ ਚੱਪੂ ਹੱਥ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਵੇਲਾ ਦਏ ਸੁਹਾਇਆ। ਦੁੱਖਾਂ ਰੋਗਾਂ ਤੋੜੇ ਨਾਤਾ, ਜਿਸ ਜਨ ਨੇਤਰ ਦਰਸ਼ਨ ਪਾਇਆ। ਮੇਟੇ ਰੈਣ ਅੰਧੇਰੀ ਰਾਤਾ, ਅੰਧ ਅੰਧੇਰਾ ਦਏ ਗਵਾਇਆ। ਇਕ ਵਖਾਏ ਪੂਜਾ ਪਾਠਾ, ਰਾਮ ਨਾਮ ਇਕ ਦ੍ਰਿੜਾਇਆ। ਇਕ ਵਖਾਏ ਸਾਚਾ ਹਾਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਰੰਗਾਇਆ। ਸਾਚਾ ਖੇੜਾ ਨਗਰ ਗਿਰਾਂ, ਗ੍ਰਹਿ ਆਪਣੇ ਵਿਚ ਰਖਾਈਆ। ਸਦਾ ਸੁਹੇਲਾ ਸਿਰ ਰੱਖੇ ਠੰਡੀ ਛਾਂ, ਤੱਤੀ ਵਾ ਨਾ ਲੱਗੇ ਰਾਈਆ। ਦੁੱਖ ਦਲਿਦਰ ਤੋੜੇ ਫੜ ਫੜ ਬਾਂਹ, ਦਰ ਆਇਆ ਦੁਖੀਆ ਕੋਇ ਰਹਿਣ ਨਾ ਪਾਈਆ। ਜੋ ਜਨ ਸੋਹੰ ਸ਼ਬਦ ਗਾਏ ਸਾਚਾ ਨਾਂ, ਜਮ ਕੀ ਫਾਸੀ ਦਏ ਕਟਾਈਆ। ਨਿਥਾਵਿਆਂ ਦੇਵੇ ਸਾਚਾ ਥਾਂ, ਥਾਨ ਥਨੰਤਰ ਇਕ ਸੁਹਾਈਆ। ਫੜ ਫੜ ਹੰਸ ਬਣਾਏ ਕਾਂ, ਏਕਾ ਮਾਣਕ ਮਣੀਆ ਹੰਸਾ ਸਾਚੀ ਚੋਗ ਚੁਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਇਸ਼ਟ ਇਕ ਵਖਾਈਆ। ਸਾਚਾ ਖੇੜਾ ਸਾਚਾ ਇਸ਼ਟ, ਦੇਵੀ ਦੇਵਾ ਆਪ ਵਖਾਇੰਦਾ। ਭਗਤਨ ਖੋਲ੍ਹੇ ਭਗਤੀ ਦ੍ਰਿਸ਼ਟ, ਆਪਣਾ ਪਰਦਾ ਆਪੇ ਲਾਹਿੰਦਾ। ਨਾਤਾ ਤੋੜੇ ਝੂਠੀ ਸ੍ਰਿਸ਼ਟ, ਦਰ ਘਰ ਸਾਚੇ ਮੇਲ ਮਿਲਾਇੰਦਾ। ਮੇਲ ਮਿਲਾਵਾ ਜਿਉਂ ਰਾਮਾ ਵਸ਼ਿਸ਼ਟ, ਗੁਰ ਚੇਲਾ ਏਕਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਆਪ ਵਡਿਆਇੰਦਾ। ਸਾਚਾ ਨਗਰ ਦਇਆ ਪ੍ਰਭ ਧਾਰ, ਦੀਨਾਂ ਅਨਾਥਾਂ ਵੱਡੀ ਵਡਿਆਈਆ। ਖ਼ਾਲੀ ਕੁਖ ਨਾ ਰਹੇ ਕੋਈ ਘਰ ਘਰ ਗੋਦੀ ਵਿਚ ਦਏ ਹੁਲਾਰ, ਸੁੱਕੇ ਰੁਖੜੇ ਆਪ ਹਰੇ ਕਰਾਈਆ । ਆਪਣਾ ਅੰਮ੍ਰਿਤ ਨਿਝਰ ਬਰਸੇ ਠੰਡੀ ਠਾਰ, ਸਾਂਤਕ ਸਤਿ ਸਤਿ ਵਰਤਾਈਆ। ਜੋ ਜਨ ਆਏ ਚਲ ਦੁਆਰ, ਦਰ ਦਵਾਰਕਾ ਦਏ ਵਖਾਈਆ। ਮੇਲ ਮਿਲਾਵਾ ਕ੍ਰਿਸ਼ਨ ਮੁਰਾਰ, ਸਾਚੀ ਬੰਸਰੀ ਇਕ ਵਜਾਈਆ। ਰਾਧਾ ਕੂਕੇ ਕਰੇ ਪੁਕਾਰ, ਕਵਲ ਨੈਣ ਰਾਹ ਤਕਾਈਆ। ਮੋਰ ਮੁਕਟ ਸੀਸ ਦਸਤਾਰ, ਛੈਲ ਛਬੀਲਾ ਸਾਚਾ ਮਾਹੀਆ। ਪਨ ਘਟ ਆਇਆ ਵੇਖੇ ਤੱਟ ਕਿਨਾਰ, ਜਮਨ ਕਿਨਾਰਾ ਸੋਭਾ ਪਾਈਆ। ਗੋਕਲ ਬਿੰਦਰਾਬਨ ਬਨ ਬਨ  ਵਾਜ਼ਾਂ ਮਾਰ, ਆਪ ਆਪਣੀ ਖੇਲ ਖਿਲਾਈਆ। ਸਾਚੀ ਸਖੀਆਂ ਕਰੇ ਪਿਆਰ, ਘਰ ਮੰਗਲ ਏਕਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਉਠਾਈਆ। ਨਗਰ ਖੇੜਾ ਊਚੋ ਊਚ, ਪਾਰਬ੍ਰਹਮ ਪ੍ਰਭ ਪਾਇਆ। ਲੇਖਾ ਚੁੱਕਿਆ ਨੀਚੋ ਨੀਚ, ਨੀਚਾਂ ਅੰਦਰ ਆਪ ਸਮਾਇਆ। ਵੇਖਣਹਾਰਾ ਖੇਵਟ ਖੇਟ, ਅਨਡਿਠ ਰੂਪ ਵਟਾਇਆ। ਪੀਤ ਪੀਤੰਬਰ ਸੋਹੇ ਸੀਸ, ਜਗਤ ਜਗਦੀਸ਼ ਖੇਲ ਖਿਲਾਇਆ। ਚਾਰੋਂ ਕੁੰਟ ਪੀਸਣ ਰਿਹਾ ਪੀਸ, ਕਲਜੁਗ ਚੱਕੀ ਇਕ ਚਲਾਇਆ। ਅੱਲਾ ਰਾਣੀ ਪੜ੍ਹੇ ਹਦੀਸ, ਕਲਮਾ ਅਮਾਮ ਆਪ ਸੁਣਾਇਆ। ਪੜ੍ਹ ਪੜ੍ਹ ਥੱਕੇ ਰਾਗ ਛਤੀਸ, ਰਾਗਾਂ ਵਾਲਾ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਖੇੜਾ ਦਏ ਵਸਾਇਆ। ਹਰਿਜਨ ਖੇੜਾ ਉਚਾ ਘਰ, ਮਹੱਲ ਅਟੱਲ ਵਖਾਈਆ। ਸਤਿਗੁਰ ਪੂਰਾ ਅੰਦਰ ਵੜ, ਦਿਸ ਕਿਸੇ ਨਾ ਆਈਆ। ਆਪਣੇ ਪੌੜੇ ਗਿਆ ਚੜ੍ਹ, ਕਾਇਆ ਮੰਦਰ ਅੰਦਰ ਆਪ ਲਗਾਈਆ। ਨਾ ਕੋਈ ਸੀਸ ਨਾ ਕੋਈ ਧੜ, ਸਾਚੀ ਸੇਜਾ ਰਿਹਾ ਹੰਢਾਈਆ। ਆਪਣੀ ਵਿਦਿਆ ਨਿਸ਼ਅੱਖਰ ਆਪੇ ਪੜ੍ਹ, ਗੁਰਮੁਖ ਸਾਚੀ ਕਰੇ ਪੜ੍ਹਾਈਆ। ਜਿਸ ਫੜਾਇਆ ਆਪਣਾ ਲੜ, ਦੋ ਜਹਾਨੀ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਜਗਾਈਆ। ਨਗਰ ਖੇੜਾ ਸਚ ਟਿਕਾਨਾ, ਹਰਿਜਨ ਸਾਚੇ ਸੋਭਾ ਪਾਈਆ। ਗੁਰ ਗੁਰ ਦੇਵੇ ਸ਼ਬਦ ਬਬਾਣਾ, ਸੇਵਕ ਸਾਚੀ ਸੇਵ ਕਮਾਈਆ। ਧੁਰਦਰਗਾਹੀ ਸਾਚਾ ਰਾਣਾ, ਸਤਿਜੁਗ ਸਾਚੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਸਾਚਾ ਵਰ, ਖ਼ਾਲੀ ਕੁੱਖ ਨਾ ਰਖਾਈਆ। ਖ਼ਾਲੀ ਕੁੱਖ ਨਾ ਜਾਏ ਰਹਿ, ਗੁਰ ਸਤਿਗੁਰ ਦਇਆ ਕਮਾਇੰਦਾ। ਜੋ ਜਨ ਸੰਗਤ ਵਿਚ ਆਏ ਬਹਿ, ਮੰਦ ਭਾਗੀ ਭਾਗ ਲਗਾਇੰਦਾ। ਰਸਨਾ ਕੋਈ ਕਹੇ ਨਾ ਕਹੇ, ਘਟ ਘਟ ਅੰਦਰ ਵੇਖ ਵਖਾਇੰਦਾ। ਦੁਖੀਆਂ ਅੰਦਰ ਦੁੱਖ ਨਾ ਰਹੇ, ਬਾਂਝ ਨਾਰ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਫਲ ਆਪ ਲਗਾਇੰਦਾ। ਸਾਚਾ ਫਲ ਫਲ ਆਪ ਲਗਾਏ, ਕਾਇਆ ਕੰਚਨ ਗੜ੍ਹ ਸੁਹਾਈਆ। ਅੰਮ੍ਰਿਤ ਸਿੰਚ ਹਰਾ ਕਰਾਏ, ਪਤ ਡਾਲ੍ਹੀ ਆਪ ਮਹਿਕਾਈਆ। ਖ਼ਾਲੀ ਭਾਂਡੇ ਦਏ ਭਰਾਏ, ਭਰਨਹਾਰ ਆਪ ਅਖਵਾਈਆ। ਮਾਤਾ ਨਾ ਰੋਵੇ ਪੁੱਤਰ ਦੇ ਹਾਵੇ, ਪੂਰੀ ਇਛਿਆ ਆਸ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਡੁਬਦੇ ਪਾਥਰ ਲਏ ਤਰਾਈਆ। ਡੁਬਦੇ ਪਾਥਰ ਤਾਰਨਹਾਰ ਗੋਪਾਲਾ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਹਰਿਜਨ ਉਪਜਾਏ ਸਾਚੇ ਲਾਲਾ, ਲਾਲ ਅਨਮੋਲਾ ਨਾਉਂ ਰਖਾਇੰਦਾ। ਗਲ ਵਿਚ ਪਾਏ ਸੋਹੰ ਮਾਲਾ, ਹੰ ਬ੍ਰਹਮ ਮੇਲ ਮਿਲਾਇੰਦਾ। ਪਾਰਬ੍ਰਹਮ ਪ੍ਰਭ ਚਲੇ ਅਵੱਲੜੀ ਚਾਲਾ, ਲੋਕਮਾਤ ਖੇਲ ਖਿਲਾਇੰਦਾ। ਸੰਗ ਰਖਾਏ ਕਾਲ ਮਹਾਂਕਾਲਾ, ਲੱਖ ਚੁਰਾਸੀ ਫੋਲ ਫੁਲਾਇੰਦਾ। ਹਰਿਜਨ ਬਹਾਏ ਸਚ ਸੱਚੀ ਧਰਮਸਾਲਾ, ਸਚਖੰਡ ਦਵਾਰਾ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਕਰਾਇੰਦਾ। ਹਰਿ ਸੰਗਤ ਹਰਿ ਤਾਰਿਆ, ਦੀਨਾਂ ਨਾਥ ਦਇਆਨਿਧ ਧਾਰ। ਗੁਰਮੁਖ ਉਤਰੇ ਪਾਰ ਕਿਨਾਰਿਆ, ਪਾਇਆ ਪੁਰਖ ਅਗੰਮ ਅਪਾਰ। ਘਰ ਵਸਦਾ ਰਹੇ ਦਵਾਰਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ੇ ਸਚ ਪਿਆਰ। ਸਚ ਪਿਆਰ ਚਰਨ ਕਵਲ, ਨਾਭੀ ਕਵਲ ਮੁਖ ਖੁਲ੍ਹਾਈਆ। ਮਿਲੇ ਵਡਿਆਈ ਉਪਰ ਧਵਲ, ਧਰ ਧਰਨੀ ਦਏ ਸਾਲਾਹੀਆ। ਆਤਮ ਅੰਤਰ ਜਾਏ ਮਵਲ, ਮੌਲਾ ਰੂਪ ਆਪ ਅਖਵਾਈਆ। ਮੇਲ ਮਿਲਾਵਾ ਸੁੰਦਰ ਸਵਲ, ਘਰ ਵੇਖ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਲਏ ਲਗਾਈਆ। ਹਰਿਜਨ ਲੇਖਾ ਲਾਵਣਾ, ਲਿਖਿਆ ਧੁਰ ਕਰਤਾਰ। ਸਾਚੇ ਮੰਦਰ ਆਪ ਬਹਾਵਣਾ, ਉਚ ਮਹੱਲ ਅਟੱਲ ਮੁਨਾਰ। ਸਾਚੀ ਸਖੀਆਂ ਮੇਲ ਮਿਲਾਵਣਾ, ਸੋਲਾਂ ਕਲੀਆਂ ਕਰ ਸ਼ਿੰਗਾਰ। ਗੀਤ ਗੋਬਿੰਦ ਏਕਾ ਗਾਵਣਾ, ਸੋਹੰ ਸ਼ਬਦ ਬੋਲ ਜੈਕਾਰ। ਪੁਰਖ ਅਬਿਨਾਸ਼ੀ ਦਰ ਘਰ ਪਾਵਣਾ, ਘਰ ਮੇਲਾ ਕੰਤ ਭਤਾਰ। ਆਵਣ ਜਾਵਣ ਫੰਦ ਕਟਾਵਣਾ, ਨਾਤਾ ਛੁੱਟੇ ਸਰਬ ਸੰਸਾਰ। ਸੇਜ ਰੰਗੀਲੀ ਇਕ ਹੰਢਾਵਣਾ, ਦਰਗਹਿ ਸਾਚੀ ਧੁਰ ਦਰਬਾਰ। ਪੁਰਖ ਅਗੰਮੜਾ ਇਕ ਮਨਾਵਣਾ, ਜਨਮੇ ਨਾ ਮਰੇ ਆਵੇ ਜਾਵੇ ਵਾਰੋ ਵਾਰ। ਸਤਿਜੁਗ ਤ੍ਰੇਤਾ ਦੁਆਪਰ ਵੇਖ ਵਖਾਵਣਾ, ਰਾਮਾ ਕ੍ਰਿਸ਼ਨਾ ਲੈ ਅਵਤਾਰ। ਕਲਜੁਗ ਅੰਤਮ ਪੰਧ ਮੁਕਾਵਣਾ, ਨਿਹਕਲੰਕੀ ਜਾਮਾ ਧਾਰ। ਸਤਿਜੁਗ ਸਾਚਾ ਮਾਰਗ ਲਾਵਣਾ, ਚਾਰ ਵਰਨ ਕਰੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਭਾਰ। ਹਰਿਜਨ ਸਾਚਾ ਸੋਹਿਆ, ਤੇਰਾ ਬੰਕ ਦਵਾਰ। ਹਰਿ ਜੂ ਸਾਚਾ ਬੀਜ ਬੋਇਆ, ਫਲ ਲੱਗੇ ਅਪਰ ਅਪਾਰ। ਧੁਰ ਦਾ ਲੈ ਕੇ ਆਇਆ ਢੋਆ, ਕਰਾਏ ਵਣਜ ਸੱਚਾ ਵਪਾਰ। ਮੁਖ ਅੰਮ੍ਰਿਤ ਸਾਚਾ ਚੋਇਆ, ਖਿੜਿਆ ਫੁੱਲ ਹੋਈ ਗੁਲਜ਼ਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਖਾਏ ਸਚ ਬਹਾਰ। ਸਚ ਬਹਾਰ ਬਸੰਤੀ ਰੁੱਤ, ਗੁਰਮੁਖ ਤੇਰੀ ਆਪ ਬਣਾਇੰਦਾ। ਲੇਖਾ ਜਾਣੇ ਅਬਿਨਾਸ਼ੀ ਅਚੁੱਤ, ਪਾਰਬ੍ਰਹਮ ਪ੍ਰਭ ਖੇਲ ਖਿਲਾਇੰਦਾ। ਆਪ ਉਪਜਾਏ ਸਾਚੇ ਸੁੱਤ, ਬ੍ਰਹਮ ਤਤ ਇਕ ਵਖਾਇੰਦਾ। ਪੰਚ ਵਿਕਾਰਾ ਕੱਢੇ ਕੁੱਟ, ਏਕਾ ਖੰਡਾ ਹੱਥ ਚਮਕਾਇੰਦਾ। ਅੰਮ੍ਰਿਤ ਜਾਮ ਪਿਆਏ ਸਾਚਾ ਘੁੱਟ, ਭਰ ਪਿਆਲਾ ਹੱਥ ਉਠਾਇੰਦਾ । ਲੱਖ ਚੁਰਾਸੀ ਜਾਏ ਛੁੱਟ, ਜਿਸ ਜਨ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਰੰਗ ਰੰਗਾਇੰਦਾ। ਹਰਿਜਨ ਹਰਿ ਹਰਿ ਰੰਗਿਆ, ਰੰਗੇ ਨਾਮ ਚਲੂਲ। ਦੇਵੇ ਦਾਨ ਮੂੰਹੋਂ ਮੰਗਿਆ, ਜੋ ਜਨ ਸਰਨਾਈ ਆਏ ਭੂਲ। ਗੁਰਮੁਖ ਗੁਰ ਦਰ ਕਦੇ ਨਾ ਸੰਗਿਆ, ਮੇਲ ਮਿਲਾਵਾ ਕੰਤ ਕੰਤੂਹਲ। ਆਪੇ ਜਾਣੇ ਆਪਣਾ ਬਾਲ ਭੁਯੰਗੀਆ, ਜੁਗਾ ਜੁਗੰਤਰ ਨਾ ਜਾਏ ਭੂਲ। ਸਾਚਾ ਮੇਲ ਮਿਲਾਇਆ ਸਾਚੇ ਸੰਗੀਆਂ, ਆਪਣਾ ਤੋੜੇ ਨਾ ਕਦੇ ਅਸੂਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪ ਕਰ, ਗ਼ਰੀਬ ਨਿਮਾਣੇ ਕਰੇ ਕਬੂਲ। ਗ਼ਰੀਬ ਨਿਮਾਣੇ ਝੋਲੀ ਪਾ, ਆਪਣਾ ਸ਼ੁਕਰ ਮਨਾਇੰਦਾ। ਆਪਣਾ ਕਰਜ਼ਾ ਦੇਵੇ ਲਾਹ, ਮਕਰੂਜ਼ ਨਾ ਕੋਇ ਅਖਵਾਇੰਦਾ। ਆਪਣਾ ਫ਼ਰਜ਼ ਕਰੇ ਅਦਾ, ਆਦਲ ਸਾਚਾ ਅਦਲ ਕਮਾਇੰਦਾ। ਗੁਰਸਿਖਾਂ ਕੋਲੋਂ ਹੋਏ ਨਾ ਕਦੇ ਜੁਦਾ, ਜੁਗ ਜੁਗ ਸਾਚਾ ਸੰਗ ਨਿਭਾਇੰਦਾ। ਕਲਜੁਗ ਅੰਤਮ ਆਪਣਾ ਆਪ ਕਰ ਫ਼ਿਦਾ, ਆਪਣੀ ਫ਼ਿਤਰਤ ਨਾ ਕੋਇ ਵਖਾਇੰਦਾ। ਸ਼ਬਦ ਅਗੰਮੀ ਨਾਦ ਵਜਾ, ਹਜ਼ਰਤ ਅਪਣਾ ਨਾਉਂ ਰਖਾਇੰਦਾ। ਕਾਗਦ ਕਲਮ ਕੋਈ ਲੇਖਾ ਜਾਣੇ ਨਾ, ਬੇਅੰਤ ਬੇਅੰਤ ਬੇਅੰਤ ਸਰਬ ਗਾਇੰਦਾ। ਗੁਰਮੁਖ ਵਿਰਲੇ ਆਪਣੀ ਬੂਝ ਦਏ ਬੁਝਾ, ਗਿਆਨ ਗੋਝ ਆਪ ਦ੍ਰਿੜਾਇੰਦਾ। ਤੀਜਾ ਨੇਤਰ ਦਏ ਖੁਲ੍ਹਾ, ਨਿਜ ਨੇਤਰ ਵੇਖ ਵਖਾਇੰਦਾ। ਚੌਥੇ ਪਦ ਦਏ ਬਹਾ, ਘਰ ਚੌਥੇ ਮੇਲ ਮਿਲਾਇੰਦਾ। ਪੰਚਮ ਢੋਲਾ ਦੇਵੇ ਗਾ, ਸ਼ਬਦ ਵਿਚੋਲਾ ਰੂਪ ਵਟਾਇੰਦਾ। ਗੁਰਸਿਖ ਕਾਇਆ ਚੋਲਾ ਦਏ ਬਦਲਾ, ਜੀਵਣ ਮੁਕਤ ਆਪ ਕਰਾਇੰਦਾ। ਸੋਲਾਂ ਕਲਾ ਰੂਪ ਪਰਗਟਾ, ਰੂਪ ਬਰਾਟੀ ਆਪ ਅਖਵਾਇੰਦਾ। ਅਕਲ ਕਲ ਕਲ ਵੇਸ ਵਟਾ, ਨਿਹਕਲੰਕਾ ਨਾਉਂ ਰਖਾਇੰਦਾ। ਹਰਿਜਨ ਸਾਚੇ ਲਏ ਜਗਾ, ਜਾਗਰਤ ਜੋਤ ਇਕ ਜਗਾਇੰਦਾ। ਸਾਚੇ ਖੇੜੇ ਚਰਨ ਟਿਕਾ, ਉਜੜਿਆ ਖੇੜਾ ਆਪ ਵਸਾਇੰਦਾ। ਡੁਬਦਾ ਬੇੜਾ ਲਏ ਤਰਾ, ਸਾਚੀ ਸੇਵਾ ਸੇਵ ਕਮਾਇੰਦਾ। ਨੌ ਖੰਡ ਪ੍ਰਿਥਮੀ ਉਲਟਾ ਗੇੜਾ ਦਏ ਦੁਆ, ਕਲਜੁਗ ਝੇੜਾ ਆਪ ਮੁਕਾਇੰਦਾ। ਧਰਤ ਮਾਤ ਦਾ ਖੁਲ੍ਹਾ ਵੇਹੜਾ ਦਏ ਕਰਾ, ਚਾਰੋਂ ਕੁੰਟ ਵੇਖ ਵਖਾਇੰਦਾ। ਗੁਰਮੁਖਾਂ ਉਪਰ ਆਪਣਾ ਹੱਥ ਟਿਕਾ, ਵੇਲੇ ਅੰਤ ਆਪ ਬਚਾਇੰਦਾ। ਸਮਰਥ ਪੁਰਖ ਨਾਉਂ ਧਰਾ, ਸਾਚਾ ਰਥ ਆਪ ਚਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਏਕਾ ਵਰ, ਰਾਤੀ ਸੁਤਿਆਂ ਨਾ ਆਵੇ ਕਿਸੇ ਡਰ, ਦੁੱਖ ਰੋਗ ਸੋਗ ਚਿੰਤਾ ਜਾਏ ਹਰ, ਜੋ ਜਨ ਚਰਨੀ ਸੀਸ ਨਿਵਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਕੇ ਜਾਵੇ ਜੀਆਂ ਦਾਨ, ਜੋ ਜਨ ਕਰੇ ਚਰਨ ਧੂੜ ਸੱਚਾ ਅਸ਼ਨਾਨ, ਦੁਰਮਤ ਮੈਲ ਆਪ ਗਵਾਇੰਦਾ ।