Granth 09 Likhat 130: 11 Jeth 2017 Bikarmi Parkash Chand de Ghar Jammu Shehar

੧੧ ਜੇਠ ੨੦੧੭ ਬਿਕ੍ਰਮੀ ਪਰਕਾਸ਼ ਚੰਦ ਦੇ ਘਰ ਜੰਮੂ ਸ਼ਹਿਰ

ਸੋ ਪੁਰਖ ਸਾਹਿਬ ਸੁਲਤਾਨ, ਹਰਿ ਵੱਡਾ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਮਿਹਰਵਾਨ, ਆਦਿ ਜੁਗਾਦਿ ਇਕ ਅਖਵਾਈਆ। ਏਕੰਕਾਰਾ ਖੇਲ ਮਹਾਨ, ਅਗੰਮ ਅਗੰਮੜੀ ਖੇਲ ਖਿਲਾਈਆ। ਆਦਿ ਨਿਰੰਜਣ ਜੋਤ ਮਹਾਨ, ਨੂਰ ਨੁਰਾਨਾ ਡਗਮਗਾਈਆ। ਸ੍ਰੀ ਭਗਵਾਨ ਹੋ ਪਰਧਾਨ, ਅਕਲ ਕਲ ਆਪ ਅਖਵਾਈਆ। ਅਬਿਨਾਸ਼ੀ ਕਰਤਾ ਨੌਜਵਾਨ, ਏਕਾ ਏਕ ਸਮਾਈਆ। ਪਾਰਬ੍ਰਹਮ ਪ੍ਰਭ ਖੇਲ ਮਹਾਨ, ਆਪ ਆਪਣਾ ਵੇਸ ਵਟਾਈਆ। ਬ੍ਰਹਮ ਬ੍ਰਹਮ ਕਰ ਪਰਧਾਨ, ਤ੍ਰੈ ਤ੍ਰੈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਸੋ ਪੁਰਖ ਨਿਰੰਜਣ ਸ਼ਾਹ ਪਾਤਸ਼ਾਹ, ਏਕਾ ਏਕ ਅਖਵਾਇਆ। ਹਰਿ ਪੁਰਖ ਨਿਰੰਜਣ ਸਚ ਮਲਾਹ, ਸਾਚਾ ਬੇੜਾ ਆਪ ਚਲਾਇਆ। ਏਕ ਏਕੰਕਾਰਾ ਏਕਾ ਆਪਣਾ ਨਾਉਂ ਰਖਾ, ਏਕਾ ਡੰਕਾ ਨਾਮ ਵਜਾਇਆ। ਆਦਿ ਨਿਰੰਜਣ ਦਰ ਘਰ ਸਾਚਾ ਕਰ ਰੁਸ਼ਨਾ, ਦੀਪਕ ਸਾਚਾ ਇਕ ਵਖਾਇਆ। ਅਬਿਨਾਸ਼ੀ ਕਰਤਾ ਬੇਪਰਵਾਹ, ਸਾਚੀ ਸੇਜਾ ਆਪਣਾ ਆਸਣ ਲਾਇਆ। ਸ੍ਰੀ ਭਗਵਾਨ ਸੁਹਾਏ ਥਾਂ, ਥਿਰ ਘਰ ਰੂਪ ਅਨੂਪ ਵਟਾਇਆ। ਪਾਰਬ੍ਰਹਮ ਕਰੇ ਕਰਾਏ ਆਪਣਾ ਆਪ ਨਿਆਂ, ਧੁਰ ਦਰ ਲੇਖਾ ਆਪਣੇ ਹੱਥ ਰਖਾਇਆ। ਪਾਰਬ੍ਰਹਮ ਬ੍ਰਹਮ ਰੂਪ ਧਰਾ, ਨਿਰਗੁਣ ਸਰਗੁਣ ਜੋਤ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇਆ। ਸੋ ਪੁਰਖ ਨਿਰੰਜਣ ਗਹਿਰ ਗੰਭੀਰਾ, ਬੇਅੰਤ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਆਦਿ ਜੁਗਾਦੀ ਠਾਂਡਾ ਧੀਰਾ, ਸਤਿ ਸੰਤੋਖ ਇਕ ਰਖਾਈਆ। ਏਕੰਕਾਰਾ ਸ਼ਾਹ ਫ਼ਕੀਰਾ, ਦਾਤਾ ਦਾਨੀ ਦਰ ਘਰ ਸਾਚੇ ਸੋਭਾ ਪਾਈਆ। ਆਦਿ ਨਿਰੰਜਣ ਏਕਾ ਘਰ ਕਰੇ ਵਸੇਰਾ, ਦੂਸਰ ਦਰ ਨਾ ਕੋਈ ਬਣਾਈਆ। ਅਬਿਨਾਸ਼ੀ ਕਰਤਾ ਆਪੇ ਕਰੇ ਆਪਣੀ ਮਿਹਰਾ, ਮਿਹਰਵਾਨ ਆਪ ਹੋ ਜਾਈਆ। ਸ੍ਰੀ ਭਗਵਾਨ ਸਚਖੰਡ ਦਵਾਰਾ ਇਕ ਵਸਾਏ ਸਾਚਾ ਡੇਰਾ, ਏਕਾ ਆਸਣ ਆਪੇ ਲਾਈਆ। ਪਾਰਬ੍ਰਹਮ ਬ੍ਰਹਮ ਵਸੇ ਨੇੜਨ ਨੇੜਾ, ਦੂਰ ਦੁਰਾਡਾ ਨਾ ਕੋਈ ਅਖਵਾਈਆ। ਬ੍ਰਹਮ ਬ੍ਰਹਮ ਬ੍ਰਹਮ ਪੰਜ ਤਤ ਕਰੇ ਵਸੇਰਾ, ਤ੍ਰੈ ਤ੍ਰੈ ਆਪਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਸੋ ਪੁਰਖ ਨਿਰੰਜਣ ਸਾਚਾ ਮੀਤਾ, ਏਕਾ ਰੰਗ ਸਮਾਇਆ। ਹਰਿ ਪੁਰਖ ਨਿਰੰਜਣ ਸਦਾ ਅਤੀਤਾ, ਜਨਮ ਮਰਨ ਵਿਚ ਨਾ ਆਇਆ। ਆਦਿ ਨਿਰੰਜਣ ਜੋਤ ਜਗਾਏ ਹਵਨੀ ਇਕ ਅੰਗੀਠਾ, ਆਪਣਾ ਤਤ ਆਪ ਰਖਾਇਆ। ਸ੍ਰੀ ਭਗਵਾਨ ਠਾਂਡਾ ਸੀਤਾ, ਸੀਤਲ ਧਾਰਾ ਆਪ ਵਹਾਇਆ। ਅਬਿਨਾਸ਼ੀ ਕਰਤਾ ਆਪ ਆਪਣਾ ਰਿਹਾ ਜੀਤਾ, ਹਾਰ ਜਿਤ ਆਪਣੇ ਹੱਥ ਰਖਾਇਆ। ਪਾਰਬ੍ਰਹਮ ਸਦ ਪੁਨੀਤਾ, ਪਤਿਤ ਕੋਇ ਨਾ ਰੂਪ ਵਟਾਇਆ। ਬ੍ਰਹਮ ਉਪਜਾਏ ਹਸਤ ਕੀਟਾ, ਘਰ ਘਰ ਆਪਣਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਵੈਰ ਆਪਣਾ ਨਾਉਂ ਰਖਾਇਆ। ਸੋ ਪੁਰਖ ਨਿਰੰਜਣ ਪੁਰਖ ਅਕਾਲਾ, ਏਕਾ ਏਕ ਅਖਵਾਈਆ। ਹਰਿ ਪੁਰਖ ਨਿਰੰਜਣ ਦੀਨ ਦਿਆਲਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਏਕੰਕਾਰਾ ਅਵੱਲੜੀ ਚਾਲਾ, ਜੁਗਾ ਜੁਗੰਤਰ ਆਪ ਚਲਾਈਆ। ਆਦਿ ਨਿਰੰਜਣ ਵਸੇ ਸਚ ਸੱਚੀ ਧਰਮਸਾਲਾ, ਜੋਤ ਨਿਰੰਜਣ ਡਗਮਗਾਈਆ। ਸ੍ਰੀ ਭਗਵਾਨ ਤੋੜੇ ਜਗਤ ਜੰਜਾਲਾ, ਨਿਰਗੁਣ ਜੋਤ ਕਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਸੰਗ ਰਖਾਏ ਕਾਲ ਮਹਾਂਕਾਲਾ, ਬਲਧਾਰੀ ਆਪਣਾ ਬਲ ਧਰਾਈਆ। ਪਾਰਬ੍ਰਹਮ ਆਪਣਾ ਨਾਉਂ ਗਲ ਪਾਏ ਆਪਣੀ ਮਾਲਾ, ਆਪ ਆਪਣੀ ਸੇਵ ਕਮਾਈਆ। ਬ੍ਰਹਮ ਵਸਾਏ ਪੰਜ ਤਤ ਸੱਚੀ ਧਰਮਸਾਲਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਗੜ੍ਹ ਬਣਾਈਆ। ਤ੍ਰੈਗੁਣ ਮਾਇਆ ਤਤ ਆਪੇ ਢਾਲਾ, ਬ੍ਰਹਮਾ ਵਿਸ਼ਨ ਸ਼ਿਵ ਸੇਵ ਕਮਾਈਆ। ਲੱਖ ਚੁਰਾਸੀ ਖੇਲ ਨਿਰਾਲਾ, ਘੜ ਭਾਂਡੇ ਆਪ ਵਖਾਈਆ। ਆਪਣੇ ਫਲ ਲਗਾਏ ਡਾਲ੍ਹਾ, ਮੁੱਛ ਦਾੜ੍ਹੀ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹੀਆ। ਸੋ ਪੁਰਖ ਨਿਰੰਜਣ ਹਰਿ ਹਰਿ ਕੰਤ, ਘਰ ਸਾਚੇ ਸੋਭਾ ਪਾਇੰਦਾ। ਹਰਿ ਪੁਰਖ ਨਿਰੰਜਣ ਏਕਾ ਰੰਗ ਰੰਗੇ ਬਸੰਤ, ਦੂਸਰ ਰੰਗ ਨਾ ਕੋਈ ਚੜ੍ਹਾਇੰਦਾ। ਏਕੰਕਾਰਾ ਮਹਿਮਾ ਅਗਣਤ, ਲਿਖ ਲਿਖ ਲੇਖ ਨਾ ਕੋਈ ਵਖਾਇੰਦਾ। ਆਦਿ ਨਿਰੰਜਣ ਲੇਖਾ ਜਾਣੇ ਆਦਿ ਅੰਤ, ਮਧ ਆਪਣਾ ਵੇਸ ਵਟਾਇੰਦਾ। ਸ੍ਰੀ ਭਗਵਾਨ ਦੇਵੇ ਜੋਤ ਜੀਵ ਜੰਤ, ਲੱਖ ਚੁਰਾਸੀ ਜੀਆਂ ਦਾਨ ਝੋਲੀ ਪਾਇੰਦਾ। ਅਬਿਨਾਸ਼ੀ ਕਰਤਾ ਏਕਾ ਸ਼ਬਦ ਉਪਜਾਏ ਮਣੀਆ ਮੰਤ, ਆਪ ਆਪਣੀ ਧੁਨ ਰਖਾਇੰਦਾ। ਪਾਰਬ੍ਰਹਮ ਲੇਖਾ ਜਾਣੇ ਸਾਚੇ ਸੰਤ, ਲੋਕਮਾਤ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਆਇੰਦਾ। ਅਲੱਖ ਅਗੋਚਰ ਸ੍ਰੀ ਭਗਵਾਨਾ, ਭੇਵ ਅਭੇਦਾ ਭੇਵ ਛੁਪਾਈਆ। ਸਚਖੰਡ ਦਵਾਰੇ ਵਸੇ ਇਕ ਮਕਾਨਾ, ਦਰਗਹਿ ਸਾਚੀ ਧਾਮ ਸੁਹਾਈਆ। ਥਿਰ ਘਰ ਵੇਖੇ ਮਾਰ ਧਿਆਨਾ, ਘਰ ਘਰ ਵਿਚ ਕਰੇ ਰੁਸ਼ਨਾਈਆ। ਸ਼ਾਹੋ ਭੂਪ ਵਡ ਸੁਲਤਾਨਾ, ਸਚ ਸਿੰਘਾਸਣ ਆਸਣ ਇਕ ਵਛਾਈਆ। ਉਪਰ ਬੈਠ ਰਾਜ ਰਾਜਾਨਾ, ਆਪ ਆਪਣਾ ਬਲ ਧਰਾਈਆ। ਆਪ ਵਖਾਏ ਸਚ ਨਿਸ਼ਾਨਾ, ਦੋ ਜਹਾਨਾਂ ਆਪ ਝੁਲਾਈਆ। ਆਪੇ ਵੇਖੇ ਪੰਚਮ ਮੁਖ ਪੰਚਮ ਤਾਜ ਗੁਣ ਨਿਧਾਨਾ, ਨਿਰਗੁਣ ਨਿਰਗੁਣ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ, ਖੇਲ ਤਮਾਸ਼ਾ ਆਪਣਾ ਆਪ ਰਚਾਈਆ। ਸਚਖੰਡ ਦਵਾਰਾ ਉਚ ਮਹੱਲਾ, ਹਰਿ ਸਾਚਾ ਸਚ ਸੁਹਾਇੰਦਾ। ਏਕੰਕਾਰਾ ਇਕ ਇਕੱਲਾ, ਏਕਾ ਆਸਣ ਲਾਇੰਦਾ। ਵਸਣਹਾਰਾ ਜਲਾਂ ਥਲਾਂ, ਦਰ ਘਰ ਸਾਚੇ ਸੋਭਾ ਪਾਇੰਦਾ। ਕਰੇ ਖੇਲ ਅਛਲ ਅਛੱਲਾ, ਵਲ ਛਲ ਧਾਰੀ ਆਪਣਾ ਨਾਉਂ ਧਰਾਇੰਦਾ। ਸਚਖੰਡ ਦਵਾਰਾ ਏਕਾ ਮੱਲਾ, ਸੀਸ ਜਗਦੀਸ਼ ਆਪਣਾ ਆਪ ਸੁਹਾਇੰਦਾ। ਸ਼ਬਦੀ ਜੋਤੀ ਆਪੇ ਰਲਾ, ਹੁਕਮੀ ਹੁਕਮ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਵੇਸ ਵਟਾਇੰਦਾ। ਲੋਕਮਾਤ ਖੇਲ ਅਪਾਰਾ, ਨਿਰਗੁਣ ਸਰਗੁਣ ਰੂਪ ਵਟਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰ ਤਿਆਰਾ, ਲੱਖ ਚੁਰਾਸੀ ਵੇਖ ਵਖਾਈਆ। ਤ੍ਰੈਗੁਣ ਮਾਇਆ ਭਰ ਭੰਡਾਰਾ, ਪੰਜ ਤਤ ਕਰੇ ਕੁੜਮਾਈਆ। ਆਦਿ ਜੁਗਾਦੀ ਦੇਵਣਹਾਰਾ, ਦੇਂਦਿਆਂ ਤੋਟ ਨਾ ਆਈਆ। ਅਜੂਨੀ ਰਹਿਤ ਸਭ ਤੋਂ ਵਸੇ ਬਾਹਰਾ, ਅਜੂਨ ਅਜੂਨੀ ਆਪ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਖੇਲ ਵੇਖੇ ਬੇਪਰਵਾਹੀਅ। ਸਰਗੁਣ ਖੇਲ ਹਰਿ ਨਿਰੰਕਾਰਾ, ਨਿਰਗੁਣ ਵੇਖ ਵਖਾਇੰਦਾ। ਨਿਰਗੁਣ ਜੋਤ ਜਗੇ ਅਪਾਰਾ, ਸਰਗੁਣ ਅੰਦਰ ਆਪ ਟਿਕਾਇੰਦਾ। ਸਰਗੁਣ ਦੇਵੇ ਨਾਮ ਆਧਾਰਾ, ਘਰ ਮੰਦਰ ਇਕ ਵਖਾਇੰਦਾ। ਨਿਰਗੁਣ ਬੋਲ ਸ਼ਬਦ ਜੈਕਾਰਾ, ਸਰਗੁਣ ਸਾਚੇ ਆਪ ਸੁਣਾਇੰਦਾ। ਸਰਗੁਣ ਮੰਗੇ ਬਣ ਭਿਖਾਰਾ, ਅੱਗੇ ਆਪਣੀ ਝੋਲੀ ਡਾਹਿੰਦਾ। ਨਿਰਗੁਣ ਬਣਿਆ ਰਹੇ ਵਰਤਾਰਾ, ਸਾਚਾ ਹੱਟ ਆਪ ਖੁਲ੍ਹਾਇੰਦਾ। ਸਰਗੁਣ ਢਹਿ ਢਹਿ ਪਏ ਦਵਾਰਾ, ਦੋਏ ਜੋੜ ਸੀਸ ਝੁਕਾਇੰਦਾ। ਨਿਰਗੁਣ ਮੇਲ ਮਿਲਾਏ ਮੇਲਣਹਾਰਾ, ਆਪ ਆਪਣਾ ਰੰਗ ਰੰਗਾਇੰਦਾ। ਪਾਰਬ੍ਰਹਮ ਬ੍ਰਹਮ ਕਰ ਪਿਆਰਾ, ਏਕਾ ਰੂਪ ਦਰਸਾਇੰਦਾ। ਸੋਹੰ ਸ਼ਬਦ ਸ਼ਬਦ ਨਿਆਰਾ, ਲੋਕਮਾਤ ਆਪ ਚਲਾਇੰਦਾ। ਜਗਤ ਰਤ ਪਾਰ ਕਿਨਾਰਾ, ਬ੍ਰਹਮ ਮਤ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਘਰ ਜੋਤੀ ਆਪ ਟਿਕਾਇੰਦਾ। ਘਰ ਘਰ ਜੋਤੀ ਪੁਰਖ ਅਕਾਲਾ, ਦੀਨ ਦਿਆਲਾ ਲੱਖ ਚੁਰਾਸੀ ਆਪ ਜਗਾਈਆ। ਕਾਇਆ ਮਾਟੀ ਵੇਖ ਧਰਮਸਾਲਾ, ਫਲ ਲਗਾਏ ਸਾਚੇ ਡਾਲ੍ਹਾ, ਲੋਕਮਾਤ ਵੱਡੀ ਵਡਿਆਈਆ। ਸ਼ਬਦ ਸਰੂਪੀ ਬਣੇ ਦਲਾਲਾ, ਘਰ ਘਰ ਧੁਨ ਨਾਦ ਸ਼ਬਦ ਰਿਹਾ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਖੇਲ ਅਪਾਰਾ, ਵਰਤੇ ਵਰਤਾਵੇ ਵਿਚ ਸੰਸਾਰਾ, ਜੁਗਾ ਜੁਗੰਤਰ ਸਾਚੀ ਕਾਰਾ, ਨਿਰਗੁਣ ਸਰਗੁਣ ਵੇਖ ਵਖਾਈਆ। ਹਰਿ ਭਗਵਾਨ ਨਿਰਗੁਣ ਦਾਤਾ, ਸਰਗੁਣ ਜੀਵ ਦਾਨ ਝੋਲੀ ਪਾਇੰਦਾ। ਉਤਮ ਰੱਖੇ ਆਪਣੀ ਜ਼ਾਤਾ, ਵਰਨ ਗੋਤ ਨਾ ਕੋਇ ਰਖਾਇੰਦਾ। ਬ੍ਰਹਮ ਪਾਰਬ੍ਰਹਮ ਬੰਧੇ ਨਾਤਾ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਲੇਖਾ ਜਾਣੇ ਅੱਠ ਤਾਤਾ, ਨੌ ਦਵਾਰੇ ਖੋਜ ਖੁਜਾਇੰਦਾ। ਏਕਾ ਮੰਤਰ ਏਕਾ ਪੂਜਾ ਏਕਾ ਪਾਠਾ, ਇਸ਼ਟ ਦੇਵ ਇਕ ਅਖਵਾਇੰਦਾ। ਏਕਾ ਤੀਰਥ ਏਕਾ ਤਾਟਾ, ਸਰ ਸਰੋਵਰ ਇਕ ਨੁਹਾਇੰਦਾ। ਏਕਾ ਜੋਤੀ ਇਕ ਲਲਾਟਾ, ਏਕਾ ਘਾਟ ਆਪ ਵਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਨਿਰਗੁਣ ਸਰਗੁਣ ਰੂਪ ਪ੍ਰਗਟਾਇੰਦਾ। ਨਿਰਗੁਣ ਮੇਲਾ ਲੋਕਮਾਤ, ਪੁਰਖ ਨਿਰੰਜਣ ਆਪ ਕਰਾਈਆ। ਸਰਗੁਣ ਚੇਲਾ ਬਖ਼ਸ਼ੇ ਦਾਤ, ਦਾਤਾ ਦਾਨੀ ਵਡ ਵਡਿਆਈਆ। ਨਿਰਗੁਣ ਪੁਛੇ ਜੁਗਾ ਜੁਗੰਤਰ ਵਾਤ, ਸਰਗੁਣ ਸਾਚੀ ਦਏ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਹਰਿ ਕਰਣੇਹਾਰਾ, ਆਪਣਾ ਜਾਣੇ ਆਪ ਪਸਾਰਾ, ਲੇਖਾ ਜਾਣੇ ਰਵ ਸਸ ਸੂਰਜ ਚੰਨ ਸਿਤਾਰਾ, ਮੰਡਲ ਮੰਡਪ ਖੋਜ ਖੁਜਾਈਆ। ਮੰਡਲ ਮੰਡਪ ਵੇਖੇ ਬ੍ਰਹਿਮੰਡ, ਅਲੱਖ ਅਲੱਖਣਾ ਲਖਿਆ ਨਾ ਜਾਈਆ। ਭੇਵ ਚੁਕਾਏ ਜੇਰਜ ਅੰਡ, ਉਤਭੁਜ ਸੇਤਜ ਆਪਣਾ ਪਰਦਾ ਲਾਹੀਆ। ਆਪੇ ਵੰਡੇ ਆਪਣੀ ਵੰਡ, ਵੰਡਣਹਾਰਾ ਦਿਸ ਨਾ ਆਈਆ। ਲੇਖਾ ਜਾਣੇ ਨੌ ਦਵਾਰ ਨੌ ਖੰਡ, ਨੌ ਗ੍ਰਹਿ ਆਪਣੇ ਹੁਕਮ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਖੇਲੇ ਖੇਲ ਸ੍ਰਿਸ਼ਟ ਸਬਾਈਆ। ਸ੍ਰਿਸ਼ਟ ਸਬਾਈ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਹੋ ਤਿਆਰਾ, ਇਕਉਂਕਾਰ ਮੇਲ ਮਿਲਾਇੰਦਾ। ਹਰਿ ਪੁਰਖ ਨਿਰੰਜਣ ਖੋਲ੍ਹ ਕਿਵਾੜਾ, ਅਬਿਨਾਸ਼ੀ ਕਰਤਾ ਰਾਹ ਤਕਾਇੰਦਾ। ਸ੍ਰੀ ਭਗਵਾਨ ਬਣ ਸਿਕਦਾਰਾ, ਪਾਰਬ੍ਰਹਮ ਪ੍ਰਭ ਆਪ ਉਠਾਇੰਦਾ। ਬ੍ਰਹਮ ਦੇਵੇ ਧੁਰ ਫ਼ਰਮਾਣਾ, ਲੋਕਮਾਤ ਹੁਕਮ ਚਲਾਇੰਦਾ। ਸ਼ਬਦ ਸਰੂਪੀ ਅਨਹਦ ਗਾਣਾ, ਘਰ ਘਰ ਤਾਲ ਆਪ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਤਤ ਤਤ ਅਪਾਰ, ਆਪ ਉਪਜਾਏ ਵਿਚ ਸੰਸਾਰ, ਸਾਰ ਸ਼ਬਦ ਸ਼ਬਦ ਚਲਾਇੰਦਾ। ਪੰਜ ਤਤ ਕਰ ਪਸਾਰਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮੇਲ ਮਿਲਾਇੰਦਾ। ਬੂੰਦ ਰਕਤ ਕਰ ਪਿਆਰਾ, ਏਕਾ ਦੂਜਾ ਜੋੜ ਜੁੜਾਇੰਦਾ। ਨੌ ਦਰ ਖੋਲ੍ਹ ਜਗਤ ਕਵਾੜਾ, ਪੰਚਮ ਧਾੜਾ ਨਾਲ ਮਿਲਾਇੰਦਾ। ਕਾਇਆ ਮੰਦਰ ਡੂੰਘੀ ਗਾਰਾ, ਸਚ ਅਖਾੜਾ ਆਪ ਵਖਾਇੰਦਾ। ਘਰ ਵਿਚ ਘਰ ਕਰ ਤਿਆਰਾ, ਮਹੱਲ ਅਟੱਲ ਨਾਉਂ ਧਰਾਇੰਦਾ। ਪੰਚਮ ਸ਼ਬਦ ਬੋਲ ਜੈਕਾਰਾ, ਸਾਚਾ ਮੰਗਲ ਆਪੇ ਗਾਇੰਦਾ। ਅੰਮ੍ਰਿਤ ਭਰ ਠੰਡੀ ਠਾਰਾ, ਕਵਲ ਨਾਭ ਮੁਖ ਉਲਟਾਇੰਦਾ। ਆਪੇ ਕਰੇ ਬੰਦ ਕਿਵਾੜਾ, ਆਪ ਆਪਣਾ ਕੁੰਡਾ ਲਾਇੰਦਾ। ਆਪੇ ਸਾਚੀ ਸੇਜਾ ਕਰ ਪਸਾਰਾ, ਨਿਰਗੁਣ ਆਪਣਾ ਮੁਖ ਛੁਪਾਇੰਦਾ। ਆਪੇ ਵਸੇ ਦਸਮ ਦਵਾਰਾ, ਨੇਤਰ ਨੈਣ ਦਿਸ ਕਿਸੇ ਨਾ ਆਇੰਦਾ। ਆਪੇ ਜਾਣੇ ਸਚ ਮੁਨਾਰਾ, ਉਚ ਅਟੱਲ ਏਕਾ ਧਾਮ ਸੁਹਾਇੰਦਾ। ਆਪੇ ਰੂਪ ਵਟਾਏ ਏਕੰਕਾਰਾ, ਅਕਲ ਕਲ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਉਜਾਲਾ ਹਰਿ ਗੋਪਾਲਾ, ਗੋਬਿੰਦ ਅਪਣਾ ਨਾਉਂ ਰਖਾਇੰਦਾ। ਗੋਬਿੰਦ ਗੋਪਾਲ ਪੁਰਖ ਅਬਿਨਾਸ਼ਾ, ਏਕਾ ਏਕ ਅਖਵਾਇੰਦਾ। ਜੁਗਾ ਜੁਗੰਤਰ ਵੇਖੇ ਜਗਤ ਤਮਾਸ਼ਾ, ਲੋਕਮਾਤ ਵੇਸ ਵਟਾਇੰਦਾ। ਆਪਣੇ ਮੰਡਲ ਪਾਵੇ ਸਾਚੀ ਰਾਸਾ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਲੇਖਾ ਜਾਣੇ ਪ੍ਰਿਥਮੀ ਆਕਾਸ਼ਾ, ਆਕਾਸ਼ ਪਰਕਾਸ਼ ਆਪ ਧਰਾਇੰਦਾ। ਲੱਖ ਚੁਰਾਸੀ ਕਰ ਕਰ ਵਾਸਾ, ਨਿਵਾਸ ਨਿਵਾਸਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਾਗਰਤ ਜੋਤ ਇਕ ਜਗਾਇੰਦਾ। ਜਾਗਰਤ ਜੋਤ ਘਰ ਘਰ ਅੰਦਰ, ਬ੍ਰਹਮ ਆਪ ਟਿਕਾਇੰਦਾ। ਆਪੇ ਵਸੇ ਆਪਣੇ ਮੰਦਰ, ਆਪਣੀ ਸੋਭਾ ਆਪ ਗਣਾਇੰਦਾ। ਨਾ ਕੋਈ ਤੋੜੇ ਲੱਗਾ ਜੰਦਰ, ਪਰਦਾ ਕੋਇ ਨਾ ਪਰੇ ਹਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਨਿਰਗੁਣ ਸਰਗੁਣ ਖੇਲ ਅਪਾਰਾ, ਪਾਰਬ੍ਰਹਮ ਵੱਡੀ ਵਡਿਆਈਆ। ਲੋਕਮਾਤ ਲੈ ਅਵਤਾਰਾ, ਗੁਰ ਸਤਿਗੁਰ ਨਾਉਂ ਧਰਾਈਆ। ਸ਼ਬਦ ਖੰਡਾ ਤੇਜ਼ ਕਟਾਰਾ, ਏਕਾ ਆਪਣੇ ਹੱਥ ਉਠਾਈਆ। ਆਪੇ ਆਏ ਭਗਤਨ ਚਲ ਦਵਾਰਾ, ਸਾਚੇ ਸੰਤ ਲਏ ਉਠਾਈਆ। ਪੰਚ ਵਿਕਾਰਾ ਕਰ ਖ਼ਵਾਰਾ, ਕਾਮ ਕਰੋਧ ਲੋਭ ਮੋਹ ਹੰਕਾਰ ਗਵਾਈਆ। ਆਸਾ ਤ੍ਰਿਸ਼ਨਾ ਮਾਰੇ ਮਾਰਾ, ਹਉਮੇ ਹੰਗਤਾ ਗੜ੍ਹ ਦੇਵੇ ਢਾਹੀਆ। ਏਕਾ ਨਾਮ ਕਰੇ ਉਜਿਆਰਾ, ਰਾਮ ਨਾਮ ਸਚ ਪੜ੍ਹਾਈਆ। ਅੰਤਰ ਆਤਮ ਸੁਣੇ ਆਪ ਪੁਕਾਰਾ, ਘਰ ਬੈਠਾ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਕਰੇ ਪੜ੍ਹਾਈਆ। ਏਕਾ ਅੱਖਰ ਬੋਧ ਗਿਆਨਾ, ਅਗਾਧ ਬੋਧ ਆਪ ਜਣਾਇੰਦਾ। ਏਕਾ ਪੰਡਤ ਹਰਿ ਭਗਵਾਨਾ, ਸ੍ਰਿਸ਼ਟ ਸਬਾਈ ਆਪ ਪੜ੍ਹਾਇੰਦਾ। ਏਕਾ ਸ਼ਾਹ ਇਕ ਰਾਜ ਰਾਜਾਨਾ, ਸਚ ਸੁਲਤਾਨ ਇਕ ਅਖਵਾਇੰਦਾ । ਇਕ ਸਿਕਦਾਰ ਦੋ ਜਹਾਨਾਂ, ਦੋ ਜਹਾਨੀਂ ਆਪਣਾ ਹੁਕਮ ਚਲਾਇੰਦਾ। ਏਕਾ ਹੁਕਮ ਧੁਰ ਫ਼ਰਮਾਣਾ, ਸੰਤਾਂ ਭਗਤਾਂ ਆਪ ਸੁਣਾਇੰਦਾ। ਏਕਾ ਰਾਗ ਇਕ ਤਰਾਨਾ, ਗੀਤ ਅਨਾਦੀ ਏਕਾ ਗਾਇੰਦਾ। ਏਕਾ ਮੰਦਰ ਇਕ ਮਕਾਨਾ, ਬੰਕ ਦਵਾਰ ਇਕ ਸੁਹਾਇੰਦਾ। ਏਕਾ ਪੁਰਖ ਚਤਰ ਸੁਜਾਨਾ, ਦਰ ਘਰ ਸਾਚੇ ਸੋਭਾ ਪਾਇੰਦਾ। ਏਕਾ ਪਦ ਪਦ ਨਿਰਬਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਜੁਗ ਜੁਗ ਖੇਲ ਕਰ ਕਰਤਾਰ, ਲੋਕਮਾਤ ਗੇੜਾ ਆਪਣੇ ਹੱਥ ਰਖਾਈਆ। ਸਰਗੁਣ ਸਤਿਗੁਰ ਲੈ ਅਵਤਾਰ, ਗੁਰ ਗੁਰ ਆਪਣਾ ਰੂਪ ਵਟਾਈਆ। ਸ਼ਬਦ ਮੰਤਰ ਕਰ ਉਜਿਆਰ, ਸਾਚੀ ਸਿਖਿਆ ਕਰੇ ਪੜ੍ਹਾਈਆ। ਸੰਤ ਭਗਤ ਭਗਵੰਤ ਦੇਵੇ ਤਾਰ, ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਧਰਾਈਆ। ਜੁਗ ਜੁਗ ਵੇਸ ਵਟੰਦੜਾ, ਪੁਰਖ ਅਗੰਮ ਅਥਾਹ। ਸਾਚਾ ਮਾਰਗ ਆਪ ਵਖੰਦੜਾ, ਏਕਾ ਅੱਖਰ ਨਾਮ ਜਪਾ। ਸਤਿਜੁਗ ਸਾਚਾ ਵੇਖ ਵਖੰਦੜਾ, ਲੋਕਮਾਤ ਬਣ ਮਲਾਹ। ਦੁਆਪਰ ਤ੍ਰੇਤਾ ਪਾਰ ਕਰੰਦੜਾ, ਗ਼ਰੀਬ ਨਿਮਾਣਿਆਂ ਗਲੇ ਲਗਾ। ਗੜ੍ਹ ਹੰਕਾਰੀਆਂ ਆਪ ਤੁੜੰਦੜਾ, ਏਕਾ ਧੱਕਾ ਦੇਵੇ ਲਾ। ਰਾਮ ਨਾਮ ਆਪ ਜਪੰਦੜਾ, ਦੋ ਦੋ ਅੱਖਰ ਦਏ ਵਖਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਹਨਾ ਕ੍ਰਿਸ਼ਨਾ ਰੂਪ ਵਟੰਦੜਾ, ਸੋਲਾਂ ਕਲ ਕਲ ਵਰਤਾ। ਦੁਆਪਰ ਤ੍ਰੇਤਾ ਸਤਿਜੁਗ ਉਤਰਿਆ ਪਾਰ, ਕਲਜੁਗ ਲੋਕਮਾਤ ਲਏ ਅੰਗੜਾਈਆ। ਈਸਾ ਮੂਸਾ ਹੋਇਆ ਖ਼ਬਰਦਾਰ, ਸੰਗ ਮੁਹੰਮਦ ਚਾਰ ਯਾਰ ਕਰੀ ਕੁੜਮਾਈਆ। ਅੱਲਾ ਰਾਣੀ ਬੋਲ ਜੈਕਾਰ, ਉਚੀ ਕੂਕ ਕਰੇ ਸੁਣਾਈਆ। ਮੁਕਾਮੇ ਹੱਕ ਏਕਾ ਯਾਰ, ਪਰਵਰਦਿਗਾਰ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਰੂਪ ਪ੍ਰਗਟਾਈਆ। ਰੂਪ ਅਪਾਰਾ ਏਕੰਕਾਰਾ, ਵੇਦ ਕਤੇਬ ਭੇਵ ਨਾ ਪਾਇੰਦਾ। ਲਿਖ ਲਿਖ ਥੱਕਾ ਵੇਦ ਵਿਆਸ ਬਣ ਲਿਖਾਰਾ, ਬ੍ਰਹਮਾ ਚਾਰੇ ਮੁਖ ਸਾਲਾਹਿੰਦਾ। ਚਾਰੇ ਵੇਦ ਕਰੇ ਪੁਕਾਰਾ, ਅਥਰਬਣ ਆਪਣਾ ਲੇਖਾ ਆਪ ਵਖਾਇੰਦਾ। ਗੀਤਾ ਗਿਆਨ ਇਕ ਸਹਾਰਾ, ਬਰਨ ਅਠਾਰਾਂ ਮੇਟ ਮਿਟਾਇੰਦਾ। ਚਾਰ ਵਰਨਾਂ ਕਰੇ ਸਚ ਪਿਆਰਾ, ਸ਼ੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਇ ਵੰਡ ਵੰਡਾਇੰਦਾ। ਜਿਸ ਜਨ ਮਿਲੇ ਆਪ ਕਰਤਾਰਾ, ਨੀਚੋਂ ਊਚ ਆਪ ਕਰਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰਾ, ਲਾਸ਼ਰੀਕ ਇਕ ਅਖਵਾਇੰਦਾ। ਹੱਕ ਹਕੀਕਤ ਬੋਲ ਜੈਕਾਰਾ, ਸ਼ਰਅ ਸ਼ਰੀਅਤ ਵੇਖ ਵਖਾਇੰਦਾ। ਏਕਾ ਜੋਤੀ ਨੂਰ ਉਜਿਆਰਾ, ਜਲਵਾ ਨੂਰ ਆਪ ਵਖਾਇੰਦਾ। ਚੌਦਾਂ ਤਬਕਾਂ ਪਾਵੇ ਸਾਰਾ, ਚੌਦਾਂ ਲੋਕਾਂ ਖੋਜ ਖੁਜਾਇੰਦਾ। ਤਿੰਨਾਂ ਲੋਕਾਂ ਵਸੇ ਬਾਹਰਾ, ਲੋਆਂ ਪੁਰੀਆਂ ਚਰਨਾਂ ਹੇਠ ਦਬਾਇੰਦਾ। ਸਚਖੰਡ ਨਿਵਾਸੀ ਖੇਲ ਅਪਾਰਾ, ਪੁਰਖ ਅਬਿਨਾਸ਼ੀ ਆਪ ਕਰਾਇੰਦਾ। ਅਲੱਖ ਅਗੋਚਰ ਹੋ ਉਜਿਆਰਾ, ਅਲੱਖ ਅਲੱਖਣਾ ਖੇਲ ਖਿਲਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਗਿਆਨ ਧਿਆਨ ਨਾ ਕੋਇ ਰਖਾਇੰਦਾ। ਰਾਓ ਰੰਕ ਨਾ ਪਾਵੇ ਸਾਰਾ, ਰਾਜ ਰਾਜਾਨਾ ਮੁਖ ਸ਼ਰਮਾਇੰਦਾ। ਏਕਾ ਭਗਤਾਂ ਦਏ ਆਧਾਰਾ, ਆਪ ਆਪਣੀ ਦਇਆ ਕਮਾਇੰਦਾ। ਸਾਚੇ ਸੰਤਾਂ ਦੇਵੇ ਨਾਮ ਸਚ ਹੁਲਾਰਾ, ਆਪਣਾ ਪਰਦਾ ਆਪੇ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਹਰਿ ਕਰਣੇਜੋਗ, ਗੁਰਮੁਖਾਂ ਕਰੇ ਸਚ ਸੰਜੋਗ, ਸਤਿਗੁਰ ਸਾਚਾ ਮੇਲ ਮਿਲਾਇੰਦਾ। ਸਾਚਾ ਮੇਲਾ ਹਰਿ ਕਰਤਾਰ, ਜਨ ਭਗਤਾਂ ਆਪ ਕਰਾਈਆ। ਆਦਿ ਜੁਗਾਦੀ ਖੇਲ ਅਪਾਰ, ਜੁਗਾ ਜੁਗੰਤਰ ਆਪ ਕਰਾਈਆ। ਏਕਾ ਬਖ਼ਸ਼ੇ ਚਰਨ ਪਿਆਰ, ਇਛਿਆ ਭਿਛਿਆ ਇਕ ਵਖਾਈਆ। ਸਾਚੀ ਸਿਖਿਆ ਧੁਰ ਦਰਬਾਰ, ਧੁਰ ਦੀ ਧਾਰ ਆਪ ਚਲਾਈਆ। ਜੁਗਾ ਜੁਗੰਤਰ ਖੇਲ ਨਿਆਰ, ਇਕ ਇਕੱਲਾ ਆਪ ਕਰਾਈਆ। ਕਲਜੁਗ ਪ੍ਰਗਟ ਹੋ ਵਿਚ ਸੰਸਾਰ, ਸਾਚਾ ਸੰਗ ਆਪ ਨਿਭਾਈਆ। ਮੇਟ ਮਿਟਾਏ ਅੰਧ ਅੰਧਿਆਰ, ਏਕਾ ਜੋਤ ਕਰੇ ਰੁਸ਼ਨਾਈਆ। ਨਾਤਾ ਤੋੜੇ ਕਾਮ ਕਰੋਧ ਲੋਭ ਮੋਹ ਹੰਕਾਰ, ਆਸਾ ਤ੍ਰਿਸ਼ਨਾ ਦਏ ਖਪਾਈਆ। ਮਾਇਆ ਮਮਤਾ ਕਰੇ ਖ਼ਵਾਰ, ਜੂਠ ਝੂਠ ਦਏ ਮਿਟਾਈਆ। ਸ਼ਬਦ ਅਗੰਮੀ ਮਾਰੇ ਮਾਰ, ਕਲਜੁਗ ਕੂੜਾ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲੇਖਾ ਦਏ ਮਿਟਾਈਆ। ਕਲਜੁਗ ਤੇਰਾ ਲੇਖ ਮਿਟੌਣਾ, ਤੇਰਾ ਲੇਖਾ ਰਹੇ ਨਾ ਰਾਈਆ। ਕੂੜ ਕੁੜਿਆਰਾ ਮੇਟ ਮਿਟੌਣਾ, ਸਦੀ ਚੌਧਵੀਂ ਦਏ ਮਿਟਾਈਆ। ਅੱਲਾ ਰਾਣੀ ਮੁਖ ਸ਼ਰਮੌਣਾ, ਮੁਖ ਘੁੰਗਟ ਏਕਾ ਪਾਈਆ। ਪੁਰਖ ਅਬਿਨਾਸ਼ੀ ਕਲਮਾ ਇਕ ਪੜ੍ਹੌਣਾ, ਕਾਇਨਾਤ ਵੇਖ ਵਖਾਈਆ। ਸਾਚੀ ਸ਼ਰੀਅਤ ਇਕ ਜਣੌਣਾ, ਕਾਇਆ ਮੱਕਾ ਕਾਅਬਾ ਦਏ ਵਖਾਈਆ। ਏਕਾ ਇਸ਼ਟ ਆਪ ਮਨੌਣਾ, ਲਾਸ਼ਰੀਕ ਰੂਪ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਪਾਰ ਕਿਨਾਰਾ, ਅੰਤਮ ਕੂਕੇ ਦਏ ਦੁਹਾਈਆ। ਕਲਜੁਗ ਅੰਤਮ ਉਤਰਨਾ ਪਾਰ, ਲੋਕਮਾਤ ਰਹਿਣ ਨਾ ਪਾਈਆ। ਵਰਨ ਬਰਨ ਹੋਣ ਖ਼ਵਾਰ ਚਾਰ ਵਰਨ ਦੇਣ ਦੁਹਾਈਆ। ਭਗਤ ਭਗਵੰਤ ਕਰੇ ਪਿਆਰ, ਘਰ ਮੇਲਾ ਸਹਿਜ ਸੁਭਾਈਆ। ਏਕਾ ਗਾਏ ਸ਼ਬਦ ਜੈਕਾਰ, ਗੀਤ ਗੋਬਿੰਦ ਇਕ ਅਲਾਈਆ। ਏਕਾ ਮੰਦਰ ਵੇਖੇ ਦਰ ਦਰਬਾਰ, ਇੱਟਾਂ ਗਾਰਾ ਨਾ ਕੋਇ ਲਗਾਈਆ। ਛੱਪਰ ਛੰਨ ਨਾ ਕਰੇ ਤਿਆਰ, ਕਾਇਆ ਮੰਦਰ ਸੋਭਾ ਪਾਈਆ। ਆਪਣਾ ਦੀਪਕ ਕਰ ਉਜਿਆਰ, ਦੀਵਾ ਬਾਤੀ ਨਾ ਕੋਇ ਟਿਕਾਈਆ। ਅੱਠੇ ਪਹਿਰ ਸ਼ਬਦ ਧੁਨਕਾਰ, ਢੋਲਕ ਛੈਣਾ ਨਾ ਕੋਇ ਵਜਾਈਆ। ਮਨਮੁਖ ਭੁਲਾਏ ਬਾਹਰ, ਸਤਿਗੁਰ ਬੈਠਾ ਅੰਦਰ ਤਾੜੀ ਲਾਈਆ। ਕਲਜੁਗ ਕੂੜਾ ਕਰੇ ਖ਼ਵਾਰ, ਮਨ ਮਨੂਆ ਟਿਕਣ ਨਾ ਪਾਈਆ। ਦਹਿ ਦਿਸ਼ਾ ਮਾਰੇ ਉਡਾਰ, ਸ਼ਾਂਤ ਸਤਿ ਨਾ ਕੋਇ ਕਰਾਈਆ। ਮਤ ਮਤਵਾਲੀ ਹੋਈ ਖ਼ਵਾਰ, ਮਾਇਆ ਮਮਤਾ ਮੋਹ ਹਲਕਾਈਆ। ਬੁੱਧ ਬਬੇਕੀ ਗਈ ਹਾਰ, ਘਰ ਮਿਲਿਆ ਨਾ ਸਾਚਾ ਮਾਹੀਆ। ਜੂਠ ਝੂਠ ਕਰ ਪਿਆਰ, ਕਲਜੁਗ ਜੀਵ ਭੁੱਲੇ ਪਾਂਧੀ ਰਾਹੀਆ। ਸਾਚੇ ਦਰ ਨਾ ਚੜ੍ਹੇ ਕੋਈ ਦਵਾਰ, ਬੰਦ ਤਾਕ ਨਾ ਕੋਇ ਖੁਲ੍ਹਾਈਆ। ਅੰਮ੍ਰਿਤ ਮਿਲਿਆ ਨਾ ਠੰਡਾ ਠਾਰ, ਅਠਸਠ ਤੀਰਥ ਨੁਹਾਵਣ ਰਹੇ ਨੁਹਾਈਆ। ਘਰ ਜੋਤ ਨਾ ਜਗੀ ਨਿਰੰਕਾਰ, ਮੰਦਰ ਦੀਪਕ ਰਹੇ ਟਿਕਾਈਆ। ਘਰ ਮਿਲਿਆ ਨਾ ਮੀਤ ਮੁਰਾਰ, ਪੜ੍ਹ ਪੜ੍ਹ ਵਿਦਿਆ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਕੂੜ ਪਸਾਰਾ, ਅੰਤਮ ਕਰੇ ਪਾਰ ਕਿਨਾਰਾ, ਮਾਤਲੋਕ ਰਹਿਣ ਨਾ ਪਾਈਆ। ਕਲਜੁਗ ਮੇਟੇ ਅੰਧੇਰਾ ਅੰਧ, ਮੱਸਿਆ ਰੈਣ ਆਪ ਚੁਕਾਈਆ। ਜੂਠਾ ਝੂਠਾ ਮੁੱਕੇ ਪੰਧ, ਅਗਲਾ ਮਾਰਗ ਆਪ ਵਖਾਈਆ। ਚਾਰ ਵਰਨ ਬਖ਼ਸ਼ੇ ਪਰਮਾਨੰਦ, ਨਿਜ ਆਤਮ ਵੱਜੇ ਵਧਾਈਆ। ਸਤਿਜੁਗ ਸਾਚੇ ਕੋਇ ਨਾ ਲਾਏ ਰਸਨਾ ਮਦਿਰਾ ਮਾਸ ਗੰਦ, ਅੰਮ੍ਰਿਤ ਜਾਮ ਇਕ ਪਿਆਈਆ । ਪਸੂ ਪੰਖੀ ਪੰਛੀ ਮਾਣਸ ਗੌਣ ਇਕ ਸੁਹਾਗੀ ਛੰਦ, ਸੋਹੰ ਸ਼ਬਦ ਵੱਡੀ ਵਡਿਆਈਆ। ਘਰ ਘਰ ਦੀਪਕ ਹੋਏ ਉਜਾਲਾ ਚੜ੍ਹੇ ਚੰਦ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਦਵੈਤੀ ਦੂਈ ਢਾਏੇ ਕੰਧ, ਭਰਮਾਂ ਗੜ੍ਹ ਆਪ ਤੁੜਾਈਆ। ਕਦੇ ਨਾ ਸੋਵੇ ਦੇ ਕਰ ਕੰਡ, ਗੁਰਮੁਖਾਂ ਮੁਖ ਵੇਖ ਵਖਾਈਆ। ਦਾਤਾ ਦਾਨੀ ਸਤਿਗੁਰ ਸਦਾ ਬਖ਼ਸ਼ੰਦ, ਬਖ਼ਸ਼ਣਹਾਰਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਮਾਰਗ ਦਏ ਵਖਾਈਆ। ਕਲਜੁਗ ਤੇਰਾ ਤੋੜੇ ਨਾਤਾ, ਵਰਨ ਬਰਨ ਮੇਟ ਮਿਟਾਇੰਦਾ। ਮਨ ਮਤ ਰਹੇ ਨਾ ਨਾਰ ਕਮਜ਼ਾਤਾ, ਗੁਰਮਤ ਇਕ ਸਮਝਾਇੰਦਾ। ਏਕਾ ਪੂਜਾ ਏਕਾ ਪਾਠਾ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਏਕਾ ਖੋਲ੍ਹੇ ਸਾਚਾ ਹਾਟਾ, ਹਰਿਜੂ ਘਟ ਘਟ ਨਜ਼ਰੀ ਆਇੰਦਾ। ਏਕਾ ਨਿਭਾਏ ਸਗਲਾ ਸਾਥਾ, ਆਦਿ ਜੁਗਾਦਿ ਸੇਵ ਕਮਾਇੰਦਾ। ਏਕਾ ਚਲਾਏ ਸਾਚਾ ਰਾਥਾ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਏਕਾ ਚੁਕਾਏ ਲਹਿਣਾ ਮਸਤਕ ਮਾਥਾ, ਪੂਰਬ ਲਹਿਣਾ ਝੋਲੀ ਪਾਇੰਦਾ। ਏਕਾ ਵੇਖੇ ਆਦਿ ਸ਼ਕਤ ਜੋਤ ਲਲਾਟਾ, ਆਦਿ ਭਵਾਨੀ ਏਕਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਇਸ਼ਟ ਦੇਵ ਗੁਰ ਵਾਸਤਕ ਰੂਪ ਆਪ ਸਮਾਇੰਦਾ। ਵਾਸਤਕ ਰੂਪ ਵਿਸ਼ਵ ਧਾਰ, ਵਿਸ਼ਨ ਨਾਉਂ ਕਰੇ ਪਰਗਟਾਈਆ। ਬ੍ਰਹਮਾ ਲੇਖਾ ਜਾਣੇ ਵੇਦ ਚਾਰ, ਚਾਰੇ ਜੁਗ ਆਪ ਭਵਾਈਆ। ਸ਼ੰਕਰ ਤੇਰੀ ਸਾਚੀ ਸਾਰ, ਜਗਤ ਸੰਘਾਰ ਸੇਵਾ ਲਾਈਆ। ਤਿੰਨਾਂ ਵਿਚੋਲਾ ਆਪ ਨਿਰੰਕਾਰ, ਨਿਰਗੁਣ ਨਿਰਵੈਰ ਇਕ ਅਖਵਾਈਆ। ਆਪੇ ਆਪਣੀ ਕਰੇ ਵਿਚਾਰ, ਵਿਚਾਰ ਵਿਚ ਕਿਸੇ ਨਾ ਆਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਕਰਿਆ ਖੇਲ ਅਗੰਮ ਅਪਾਰ, ਚਾਰ ਜੁਗ ਚੌਕੜੀ ਇਕ ਗਣਾਈਆ। ਬ੍ਰਹਮੇ ਮਨਵੰਤਰ ਇਕੱਤਰ ਕਰੇ ਪਾਰ ਕਿਨਾਰ, ਆਪਣੀ ਧਾਰ ਵਖਾਈਆ। ਸਾਚਾ ਸ਼ਸਤਰ ਨਾ ਤਨ ਕਟਾਰ, ਜ਼ਰਾ ਬਕਤਰ ਨਾ ਤਨ ਵਖਾਈਆ। ਏਕਾ ਅਸਤਰ ਹਰਿ ਨਿਰੰਕਾਰ, ਸ਼ਬਦ ਘੋੜਾ ਰਿਹਾ ਦੌੜਾਈਆ। ਲੋਆਂ ਪੁਰੀਆਂ ਕਰੇ ਪਾਰ, ਬ੍ਰਹਿਮੰਡ ਖੰਡ ਵੇਖ ਵਖਾਈਆ। ਲੋਕਮਾਤ ਖੇਲ ਅਪਾਰ, ਨੌ ਖੰਡ ਪ੍ਰਿਥਮੀ ਖੋਜ ਖੁਜਾਈਆ। ਸੱਤਾਂ ਦੀਪਾਂ ਪਰਦਾ ਦਏ ਉਤਾਰ, ਸੱਤ ਸਮੁੰਦਰ ਵਿਰੋਲੇ ਛਾਛ, ਨਾਮ ਮਧਾਣਾ ਏਕਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਖੇਲ ਅਵੱਲਾ, ਲੇਖਾ ਜਾਣੇ ਰਾਣੀ ਅੱਲਾ, ਬਿਸਮਿਲ ਰੂਪ ਆਪ ਸਮਾਈਆ। ਬਿਸਮਿਲ ਰੂਪ ਆਪ ਅਨਾਦਿ, ਬ੍ਰਹਿਮਾਦ ਵੇਖ ਵਖਾਇੰਦਾ। ਜੋਤੀ ਜਗੇ ਆਦਿ ਜੁਗਾਦਿ, ਜੁਗ ਜੁਗ ਆਪਣਾ ਰੂਪ ਆਪ ਪਰਗਟਾਇੰਦਾ। ਲੇਖਾ ਜਾਣੇ ਸੰਤ ਸਾਧ, ਭਗਤ ਭਗਵੰਤ ਮੇਲ ਮਿਲਾਇੰਦਾ। ਪਰਗਟ ਹੋ ਮੋਹਣ ਮਾਧਵ ਮਾਧ, ਆਪਣੀ ਬੰਸਰੀ ਨਾਮ ਵਜਾਇੰਦਾ। ਜਨ ਭਗਤਾਂ ਸੁਣੇ ਸਦ ਫਰਿਆਦਿ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਏਕਾ ਦੇਵੇ ਸਾਚੀ ਦਾਦ, ਹਰਿ ਕਾ ਨਾਮ ਝੋਲੀ ਪਾਇੰਦਾ। ਲੱਖ ਚੁਰਾਸੀ ਵਿਚੋਂ ਕਾਢ, ਆਪਣੀ ਗੋਦੀ ਆਪ ਬਹਾਇੰਦਾ। ਸਦਾ ਸਦਾ ਪ੍ਰਭ ਕਰੇ ਲਾਡ, ਲਾਲ ਲਾਲਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲੇਖਾ ਜਾਵੇ ਮੁੱਕ ਲੱਖ ਚੁਰਾਸੀ ਬੂਟਾ ਜਾਏ ਸੁੱਕ, ਹਰਿਆ ਅੰਮ੍ਰਿਤ ਸਿੰਚ ਨਾ ਕੋਇ ਕਰਾਇੰਦਾ। ਕਲਜੁਗ ਤੇਰਾ ਕੂੜਾ ਰੰਗ, ਨੌ ਖੰਡ ਪ੍ਰਿਥਮੀ ਵੇਖ ਵਖਾਈਆ। ਕਲਜੁਗ ਤੇਰੀ ਝੂਠੀ ਕੰਗ, ਜੀਵਾਂ ਜੰਤਾਂ ਰਹੀ ਹੰਢਾਈਆ। ਕਲਜੁਗ ਤੇਰੀ ਸੇਜ ਪਲੰਘ, ਕਾਮ ਕਾਮਨੀ ਰੂਪ ਵਟਾਈਆ। ਕਲਜੁਗ ਤੇਰੀ ਅੰਤਮ ਮੰਗ, ਸੰਗ ਮੁਹੰਮਦ ਚਾਰ ਯਾਰ ਹੋਏ ਕੁੜਮਾਈਆ। ਕਲਜੁਗ ਤੇਰੀ ਢਾਏ ਕੰਧ, ਕੱਲਰ ਕੰਧ ਰਹਿਣ ਨਾ ਪਾਈਆ। ਕਲਜੁਗ ਤੇਰਾ ਮੁੱਕੇ ਗੰਦ, ਜਗਤ ਵਿਕਾਰ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੇਰਾ ਲੇਖਾ ਦਏ ਚੁਕਾਈਆ। ਕਲਜੁਗ ਤੇਰਾ ਚੁੱਕਣਾ ਲੇਖਾ, ਵੇਲਾ ਅੰਤਮ ਆਇੰਦਾ। ਪੁਰਖ ਅਬਿਨਾਸ਼ੀ ਕੱਢੇ ਭਰਮ ਭੁਲੇਖਾ, ਸ੍ਰਿਸ਼ਟ ਸਬਾਈ ਆਪ ਸਮਝਾਇੰਦਾ। ਨਾ ਕੋਈ ਜਾਣੇ ਧਾਰੀ ਕੇਸਾ, ਮੂੰਡ ਮੁੰਡਾਏ ਸਰਬ ਭੁਲਾਇੰਦਾ। ਆਪੇ ਹੋਏ ਨਰ ਨਰੇਸ਼ਾ, ਦਸ ਦਸਮੇਸਾ ਰੂਪ ਵਟਾਇੰਦਾ । ਆਪੇ ਹੋਏ ਦਰ ਦਰਵੇਸ਼ਾ, ਭਗਤ ਭਿਖਾਰੀ ਨਾਉਂ ਧਰਾਇੰਦਾ। ਆਪੇ ਲੇਖਾ ਜਾਣੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਾ, ਸ਼ਿਵ ਸ਼ੰਕਰ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਪੰਧ ਮੁਕਾਇੰਦਾ। ਤੇਰਾ ਪੰਧ ਹਰਿ ਮੁਕਾਵਣਾ, ਕਲਜੁਗ ਅੰਤਮ ਖੇਲ ਅਪਾਰ। ਸਤਿਜੁਗ ਸਾਚਾ ਮਾਰਗ ਲਾਵਣਾ, ਬੀਸ ਬੀਸਾ ਕਰ ਵਿਚਾਰ। ਜਗਤ ਜਗਦੀਸ਼ਾ ਇਕ ਅਖਵਾਵਣਾ, ਦੂਜਾ ਇਸ਼ਟ ਨਾ ਵਿਚ ਸੰਸਾਰ। ਰਾਮ ਕ੍ਰਿਸ਼ਨ ਮੇਲ ਮਿਲਾਵਣਾ, ਨਾਨਕ ਗੋਬਿੰਦ ਇਕ ਪਿਆਰ। ਈਸਾ ਮੂਸਾ ਲੜ ਬੰਧਾਵਣਾ, ਸੰਗ ਮੁਹੰਮਦ ਚਾਰ ਯਾਰ। ਵੇਦ ਪੁਰਾਨਾਂ ਆਪੇ ਗਾਵਣਾ, ਗੀਤਾ ਗਿਆਨ ਦਏ ਆਧਾਰ। ਅੰਜੀਲ ਕੁਰਾਨਾ ਹੁਕਮ ਸੁਣਾਵਣਾ, ਸਚ ਈਮਾਨਾ ਪਰਵਰਦਿਗਾਰ। ਖਾਣੀ ਬਾਣੀ ਵੇਖ ਵਖਾਵਣਾ, ਪਰਾ ਪਸੰਤੀ ਮਧਮ ਬੈਖ਼ਰੀ ਇਕ ਵਿਚਾਰ। ਸਤਿਜੁਗ ਸਾਚਾ ਰੰਗ ਚੜ੍ਹਾਵਣਾ, ਏਕਾ ਖੋਲ੍ਹ ਸਚ ਦਵਾਰ। ਏਕੰਕਾਰ ਸਭ ਨੂੰ ਨਜ਼ਰੀ ਆਵਣਾ, ਜਗਮਗ ਜੋਤ ਜਗੇ ਅਪਾਰ। ਪੰਜ ਤਤ ਨਾ ਕੋਇ ਵਖਾਵਣਾ, ਮਨਮਤ ਨਾ ਕੋਇ ਧਾਰ। ਗੁਰ ਦਰ ਮੰਦਰ ਮਸਜਿਦ ਏਕਾ ਰੂਪ ਵਟਾਵਣਾ, ਸ਼ਿਵਦੁਆਲਾ ਮੱਠ ਪਾਵੇ ਸਾਰ। ਕਾਇਆ ਬੰਕ ਇਕ ਖੁਲ੍ਹਾਵਣਾ, ਸੁਖਮਨ ਟੇਢੀ ਬੰਕ ਕਰ ਪਾਰ। ਤ੍ਰਬੈਣੀ ਨੈਣੀ ਆਪ ਨੁਹਾਵਣਾ, ਸਿਰ ਰੱਖ ਹੱਥ ਕਰਤਾਰ। ਅੰਮ੍ਰਿਤ ਸਾਚਾ ਜਾਮ ਪਿਆਵਣਾ, ਨਿਝਰ ਝਿਰਨਾ ਝਿਰੇ ਅਪਾਰ। ਉਲਟੀ ਨਾਭੀ ਮੁਖ ਉਲਟਾਵਣਾ, ਕਵਲ ਨਾਭ ਖਿੜੇ ਗੁਲਜ਼ਾਰ। ਫੜ ਕਾਗੋਂ ਹੰਸ ਬਣਾਵਣਾ, ਸੋਹੰ ਹੰਸਾ ਕਰੇ ਪਿਆਰ। ਬਜ਼ਰ ਕਪਾਟੀ ਤੋੜ ਤੁੜਾਵਣਾ, ਦੂਈ ਦਵੈਤੀ ਦਏ ਨਿਵਾਰ। ਅਨਹਦ ਸ਼ਬਦ ਇਕ ਸੁਣਾਵਣਾ, ਧੁਨ ਆਤਮਕ ਸੱਚੀ ਧੁਨਕਾਰ। ਆਤਮ ਸੇਜਾ ਪਰਦਾ ਲਾਹਵਣਾ, ਦਸਮ ਦੁਆਰੀ ਮੇਲਾ ਕੰਤ ਭਤਾਰ। ਹਿੰਦੂ ਮੁਸਲਮ ਸਿਖ ਨਾ ਕੋਇ ਵਖਾਵਣਾ, ਬ੍ਰਹਮ ਪਾਰਬ੍ਰਹਮ ਅੰਸ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੀ ਚਲੇ ਚਾਲ। ਸਤਿਜੁਗ ਚਲੇ ਚਾਲ ਨਿਰਾਲੀ, ਮਹਿਮਾ ਗਣਤ ਗਣੀ ਨਾ ਜਾਈਆ। ਕਲਜੁਗ ਮੇਟੇ ਰੈਣ ਅੰਧੇਰੀ ਕਾਲੀ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਫਲ ਨਾ ਦਿਸੇ ਕਿਸੇ ਡਾਲ੍ਹੀ, ਪਤਝੜ ਆਪ ਵਖਾਈਆ। ਵੇਲੇ ਅੰਤ ਨਾ ਦੇਵੇ ਕੋਇ ਦਲਾਲੀ, ਜੂਠ ਝੂਠ ਨਾ ਦਏ ਗਵਾਹੀਆ। ਚਾਰ ਵਰਨ ਦਿਸਣ ਹੱਥਾਂ ਖ਼ਾਲੀ, ਰਾਮ ਕ੍ਰਿਸ਼ਨ ਨਾਨਕ ਗੋਬਿੰਦ ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰ ਮਿਲਿਆ ਮੇਲ ਨਾ ਸਾਚੇ ਮਾਹੀਆ। ਸੰਮਤ ਸਤਾਰਾਂ ਧਰਮ ਰਾਏ ਵਖਾਏ ਹੱਕ ਹਲਾਲੀ, ਚਿਤਰ ਗੁਪਤ ਆਪ ਉਠਾਈਆ। ਪਰਗਟ ਹੋਇਆ ਦੋ ਜਹਾਨਾਂ ਵਾਲੀ, ਵਰਭੰਡ ਖੋਜ ਖੁਜਾਈਆ। ਸਭ ਤੋਂ ਮੰਗਣ ਆਇਆ ਆਪਣਾ ਹਾਲੀ, ਲੱਖ ਚੁਰਾਸੀ ਕਾਇਆ ਧਰਤੀ ਫੋਲ ਫੁਲਾਈਆ। ਬ੍ਰਹਮੇ ਵਿਸ਼ਨ ਸ਼ਿਵ ਲਗਾਇਆ ਬੂਟਾ ਵੇਖਣਹਾਰਾ ਹਰਿ ਹਰਿ ਮਾਲੀ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਗੁਰਮੁਖ ਵੇਖੇ ਜਿਨ੍ਹਾਂ ਘਾਲ ਘਾਲੀ, ਹਰਿ ਹਰਿ ਕਾ ਨਾਮ ਰਹੇ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਮਾਰਗ ਦੱਸ, ਹਰ ਹਿਰਦੇ ਅੰਦਰ ਜਾਏ ਵਸ, ਹਰਿ ਕੇ ਪੌੜੇ ਆਪ ਚੜ੍ਹਾਈਆ। ਸਤਿਜੁਗ ਮਾਰਗ ਸਾਚਾ ਦੱਸਣਾ, ਚਾਰ ਵਰਨਾਂ ਇਕ ਪਿਆਰ। ਕੂੜ ਕੁੜਿਆਰਾਂ ਕੋਲੋਂ ਨੱਸਣਾ, ਜੋ ਜਨ ਸੋਹੰ ਬੋਲੇ ਸ਼ਬਦ ਜੈਕਾਰ। ਮੇਟੇ ਰੈਣ ਅੰਧੇਰੀ ਮੱਸਣਾ, ਘਰ ਦੀਪਕ ਜੋਤ ਜਗੇ ਨਿਰੰਕਾਰ। ਭਗਤ ਭਗਵੰਤ ਏਕਾ ਘਰ ਵਸਣਾ, ਦੂਸਰ ਕੋਇ ਨਾ ਹੋਰ ਵਿਚਾਰ। ਕਰੇ ਪਰਕਾਸ਼ ਕੋਟਨ ਰਵ ਸਸਨਾ, ਰਵ ਸਸ ਕਰਨ ਨਿਮਸਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚਾ ਕਰੇ ਵਿਹਾਰ। ਸਤਿਜੁਗ ਸਾਚਾ ਮਾਤ ਰੱਖ, ਬੀਸ ਬੀਸਾ ਕਰੇ ਕੁੜਮਾਈਆ। ਨਿਰਗੁਣ ਰੂਪ ਹੋ ਪਰਤੱਖ, ਜਗਤ ਜਗਦੀਸਾ ਵੇਖ ਵਖਾਈਆ। ਈਸਾ ਮੂਸਾ ਉਡਣੇ ਕੱਖ, ਉਨੀ ਉਨੀਸਾ ਦਏ ਦੁਹਾਈਆ। ਨਵ ਨਵ ਕਰੇ ਵਖੋ ਵੱਖ, ਬੰਧਨ ਬੰਧ ਨਾ ਕੋਇ ਬੰਧਾਈਆ। ਆਪੇ ਕਰੇ ਲੱਖੋਂ ਕੱਖ, ਹੱਟੋ ਹੱਟ ਆਪ ਵਿਕਾਈਆ। ਅੰਜੀਲ ਕੁਰਾਨਾ ਬਹਿ ਬਹਿ ਰਹੀ ਹੱਸ, ਸਦੀ ਚੌਧਵੀਂ ਖ਼ੁਸ਼ੀ ਮਨਾਈਆ। ਚਾਰ ਯਾਰ ਨੱਸ ਨੱਸ, ਆਪਣਾ ਪੰਧ ਰਹੇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਤਿਜੁਗ ਸਾਚਾ ਧਰਨਾ ਮਾਤ, ਧਰਤ ਧਵਲ ਆਪ ਵਡਿਆਇੰਦਾ। ਕਲਜੁਗ ਤੇਰੀ ਕੋਈ ਨਾ ਦਿਸਣੀ ਜ਼ਾਤ, ਵਰਨ ਬਰਨ ਨਾ ਕੋਇ ਰਖਾਇੰਦਾ। ਸਤਿਜੁਗ ਬਣੇ ਸਚ ਜਮਾਤ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਕਲਜੁਗ ਤੇਰਾ ਕਰੇ ਘਾਤ, ਦਸ ਅੱਠ ਅਠਾਰਾਂ ਰਾਹ ਤਕਾਇੰਦਾ। ਸਤਿਜੁਗ ਤੇਰੀ ਹੋਏ ਪ੍ਰਭਾਤ, ਅੰਮ੍ਰਿਤ ਵੇਲਾ ਆਪ ਸੁਹਾਇੰਦਾ। ਕਲਜੁਗ ਮੇਟੇ ਅੰਧੇਰੀ ਰਾਤ, ਅੰਧ ਅੰਧੇਰ ਨਾ ਕੋਇ ਵਖਾਇੰਦਾ। ਸਤਿਜੁਗ ਤੇਰਾ ਉਪਜੇ ਧੀਰਜ ਸਤਿ, ਕਲਜੁਗ ਧੀਰਜ ਜਤ ਨਾ ਕੋਇ ਧਰਾਇੰਦਾ। ਸਤਿਜੁਗ ਬੀਜ ਬੀਜੇ ਆਪਣੇ ਵਤ, ਕਲਜੁਗ ਤੇਰੀ ਜੜ੍ਹ ਉਖੜਾਇੰਦਾ। ਵਸਣਹਾਰਾ ਘਟ ਘਟ, ਜੀਵ ਜੰਤ ਵੇਖ ਵਖਾਇੰਦਾ। ਸਵਾਂਗੀ ਸਵਾਂਗ ਰਚਿਆ ਬਾਜ਼ੀਗਰ ਨਟ, ਨਟ ਨਟੂਆ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਖੇਲ ਖਿਲਾਇੰਦਾ। ਖੇਲ ਖਲਾਵਣਹਾਰਾ ਹਰਿ ਭਗਵਾਨ, ਮਹਿਮਾ ਕਥ ਕਥੀ ਨਾ ਜਾਈਆ। ਸਤਿਜੁਗ ਰੂਪ ਹੋ ਮਿਹਰਵਾਨ, ਬਲ ਬਾਵਣ ਭੇਖ ਧਰਾਈਆ। ਤ੍ਰੇਤਾ ਰਾਮ ਨਾਮ ਕਰ ਪਰਧਾਨ, ਦਹਿਸਰ ਬਾਣਾਂ ਨਾਲ ਘਾਈਆ। ਦੁਆਪਰ ਰੂਪ ਵਟਾਏ ਕ੍ਰਿਸ਼ਨਾ ਕਾਹਨ, ਮੋਰ ਮੁਕਟ ਸੀਸ ਟਿਕਾਈਆ। ਏਕਾ ਭਗਤ ਦਏ ਗਿਆਨ, ਗਿਆਨ ਗੀਤਾ ਆਪ ਦ੍ਰਿੜਾਈਆ। ਸੋਲ ਕਲਾ ਹੋ ਪਰਧਾਨ, ਸੋਲਾਂ ਇਛਿਆ ਪੂਰ ਕਰਾਈਆ। ਸੋਲਾਂ ਕਲੀਆਂ ਸਚ ਨਿਸ਼ਾਨ, ਵਲੀਆ ਛਲੀਆ ਆਪ ਵਖਾਈਆ। ਸਾਚੀ ਗੋਪੀਆਂ ਦੇਵੇ ਮਾਣ, ਜੋ ਕ੍ਰਿਸ਼ਨ ਕ੍ਰਿਸ਼ਨ ਕ੍ਰਿਸ਼ਨ ਧਿਆਈਆ। ਗ਼ਰੀਬ ਨਿਮਾਣਿਆਂ ਵੇਖੇ ਮਾਰ ਧਿਆਨ, ਬਿਦਰ ਸੁਦਾਮਾ ਗਲੇ ਲਗਾਈਆ। ਜੁਗਾ ਜੁਗੰਤਰ ਖੇਲ ਮਹਾਨ, ਹੰਕਾਰੀ ਦੁਸ਼ਟ ਦਏ ਖਪਾਈਆ। ਕਲਜੁਗ ਅੰਤਮ ਵੇਖੇ ਮਾਰ ਧਿਆਨ, ਸ੍ਰਿਸ਼ਟ ਸਬਾਈ ਰਹੀ ਕੁਰਲਾਈਆ। ਕਿਸੇ ਹੱਥ ਨਾ ਆਏ ਸਚ ਗਿਆਨ, ਚੌਦਾਂ ਵਿਦਿਆ ਦਏ ਦੁਹਾਈਆ। ਪੰਡਤ ਪਾਂਧਾ ਮੁਲਾਂ ਸ਼ੇਖ਼ ਗ੍ਰੰਥੀ ਪੰਥੀ ਕੋਇ ਨਾ ਵੜਿਆ ਆਪਣੇ ਸਚ ਮਕਾਨ, ਦੂਰ ਦੁਰਾਡੇ ਬੈਠੇ ਰਾਹ ਤਕਾਈਆ। ਗੁਰ ਦਰ ਮੰਦਰ ਮਸਜਿਦ ਬਹਿ ਬਹਿ ਗਾਣ, ਕਾਇਆ ਮੰਦਰ ਨਾ ਕੋਇ ਵਸਾਈਆ। ਪੜ੍ਹ ਪੜ੍ਹ ਸੁਣੌਂਦੇ ਨਾਮ ਭਗਵਾਨ, ਭਗਵਨ ਦਰਸ਼ਨ ਕੋਇ ਨਾ ਪਾਈਆ। ਮਾਇਆ ਮਮਤਾ ਲੋਭੀ ਹੋਏ ਨਾਦਾਨ, ਗੁਣ ਨਿਧਾਨ ਦਿਸ ਨਾ ਆਈਆ। ਨਾਤਾ ਤੁੱਟਾ ਨਾ ਪੰਜ ਸ਼ੈਤਾਨ, ਪੰਜ ਵਕਤ ਨਿਮਾਜ਼ ਸੁਣਾਈਆ। ਬਾਣੀ ਮਾਰੇ ਨਾ ਸਾਚਾ ਬਾਣ, ਮਨ ਘਾਇਲ ਨਾ ਕੋਇ ਕਰਾਈਆ। ਗਾਇਤਰੀ ਮੰਤਰ ਨਾ ਦੇਵੇ ਦੇਵੰਦ ਪੁਰਾਣ, ਦੇਵੀ ਦੇਵਾ ਦਿਸ ਨਾ ਆਈਆ। ਕਲਜੁਗ ਸੁੰਞਾ ਜੀਵ ਨਾਦਾਨ, ਘਰ ਵਸਤ ਨਾ ਸਚ ਟਿਕਾਈਆ। ਜੂਠ ਝੂਠ ਪੀਣ ਖਾਣ ਆਸਾ ਤ੍ਰਿਸ਼ਨਾ ਜਿਹਵਾ ਹਲਕਾਈਆ। ਕਲਜੁਗ ਅੰਤਮ ਪੁਰਖ ਅਬਿਨਾਸ਼ੀ ਕਰੇ ਪਛਾਣ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪਣਾ ਨਾਉਂ ਰਖਾਈਆ। ਨਿਹਕਲੰਕ ਹਰਿ ਭਗਵਾਨ, ਪੰਜ ਤਤ ਨਾ ਕੋਇ ਰਖਾਇੰਦਾ। ਸ਼ਬਦ ਸਰੂਪੀ ਇਕ ਗਿਆਨ, ਆਤਮ ਬ੍ਰਹਮ ਆਪ ਜਣਾਇੰਦਾ। ਸਚ ਵਖਾਏ ਇਕ ਨਿਸ਼ਾਨ, ਸਚਖੰਡ ਦਵਾਰੇ ਆਪ ਝੁਲਾਇੰਦਾ। ਨਿਰਮਲ ਜੋਤ ਜਗੇ ਭਗਵਾਨ, ਵਰਨ ਗੋਤ ਨਾ ਕੋਇ ਰਖਾਇੰਦਾ। ਚੌਦਾਂ ਲੋਕਾਂ ਵੇਖੇ ਆਪ ਦੁਕਾਨ, ਆਪ ਆਪਣਾ ਖੇਲ ਖਿਲਾਇੰਦਾ। ਲੋਕਮਾਤ ਹੋਏ ਮਿਹਰਵਾਨ, ਹਰਿਜਨ ਸਾਚੇ ਆਪ ਉਠਾਇੰਦਾ। ਦਰਸ ਦਖਾਏ ਦਰ ਘਰ ਆਣ, ਪੂਰਬ ਲਹਿਣਾ ਵੇਖ ਵਖਾਇੰਦਾ। ਨਾਮ ਨਿਧਾਨਾ ਬਖ਼ਸ਼ੇ ਸਾਚੀ ਖਾਣ, ਚਾਰ ਯਾਰ ਲੁੱਟ ਕੋਇ ਨਾ ਜਾਇੰਦਾ। ਇਕ ਰਖਾਏ ਆਪਣੀ ਆਣ, ਦੂਸਰ ਦਰ ਨਾ ਕਿਸੇ ਫਿਰਾਇੰਦਾ। ਸ਼ਬਦ ਅਗੰਮੀ ਇਕ ਬਬਾਣ, ਭਗਤ ਭਗਵੰਤ ਆਪ ਚੜ੍ਹਾਇੰਦਾ। ਲੱਖ ਚੁਰਾਸੀ ਮਿਟੇ ਕਾਣ, ਰਾਏ ਧਰਮ ਨਾ ਡੰਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਅੰਤ ਕਿਨਾਰਾ, ਪਰਗਟ ਹੋਏ ਹਰਿ ਅਵਤਾਰਾ, ਲੋਕਮਾਤ ਖੇਲ ਵਖਾਇੰਦਾ। ਲੋਕਮਾਤ ਖੇਲ ਨਿਆਰਾ, ਪੁਰਖ ਅਬਿਨਾਸ਼ੀ ਆਪ ਕਰਾਈਆ। ਚੌਥੇ ਜੁਗ ਚਵੀਆਂ ਅਵਤਾਰਾ, ਕਲ ਕਲਕੀ ਆਪ ਅਖਵਾਈਆ। ਸ਼ਬਦੀ ਜੋਤੀ ਜੋੜਾ ਕਲਗੀ ਤੋੜਾ ਸੀਸ ਦਸਤਾਰਾ, ਨਾਮ ਘੋੜਾ ਇਕ ਦੌੜਾਈਆ। ਗੁਰਮੁਖਾਂ ਬੌਹੜਾ ਆਪ ਨਿਰੰਕਾਰਾ, ਜਨਮ ਜਨਮ ਦੀ ਲੱਗੀ ਔੜ ਪਿਆਸ ਬੁਝਾਈਆ। ਅੰਮ੍ਰਿਤ ਬਰਖ਼ੇ ਠੰਡੀ ਠਾਰਾ, ਨਿਝਰ ਝਿਰਨਾ ਅਨਡਿਠਾ ਰਸ ਮੁਖ ਚੁਆਈਆ। ਦਰਸ ਦਖਾਏ ਅਗੰਮ ਅਪਾਰਾ, ਸਵਛ ਸਰੂਪੀ ਰੂਪ ਵਟਾਈਆ। ਸੰਮਤ ਵੀਹ ਸੌ ਸਤਾਰਾਂ ਬਿਕਰਮੀ ਹੋ ਉਜਿਆਰਾ, ਭਾਰਤ ਖੰਡ ਕਰੇ ਰੁਸ਼ਨਾਈਆ। ਇਲਾਬੁਤ ਕੇਤਮਾਲ ਦਏ ਹੁਲਾਰਾ, ਹਰਵਰਖ ਵੇਖ ਵਖਾਈਆ। ਕਿਹਪੁਰਖ ਕਰੇ ਪਿਆਰਾ, ਭਦਰ ਨਿਰਗੁਣ ਜੋਤ ਕਰੇ ਰੁਸ਼ਨਾਈਆ। ਸ਼ਾਹ ਸੁਲਤਾਨਾਂ ਏਕਾ ਸ਼ਬਦ ਸੁਣਾਏ ਬੋਲ ਜੈਕਾਰਾ, ਵਾਲੀ ਹਿੰਦ ਆਪ ਉਠਾਈਆ। ਬਿਨ ਹਰਿ ਨਰ ਨਰਾਇਣ ਕੋਇ ਨਾ ਬੇੜਾ ਲਾਏ ਪਾਰ ਕਿਨਾਰਾ, ਕਲਜੁਗ ਨੱਯਾ ਰਿਹਾ ਡੁਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਬਣੇ ਸਾਚਾ ਸੱਯਾ, ਧਰਮ ਰਾਏ ਨਾ ਕੱਢੇ ਵਹੀਆ। ਬਾਕੀ ਲੇਖਾ ਦਏ ਮੁਕਾਈਆ। ਗੁਰਮੁਖ ਲੇਖ ਮੁਕਾਵਣਾ, ਕਰ ਕਿਰਪਾ ਆਪ ਕਰਤਾਰ। ਸਾਚੇ ਬੇੜੇ ਨਾਮ ਚੜ੍ਹਾਵਣਾ, ਆਪੇ ਲਾਏ ਪਾਰ ਕਿਨਾਰ। ਖੇਵਟ ਖੇਟਾ ਆਪ ਅਖਵਾਵਣਾ, ਸੇਵਾ ਕਰੇ ਵਿਚ ਸੰਸਾਰ। ਮਸਤਕ ਲੇਖਾ ਆਪ ਚੁਕਾਵਣਾ, ਪੁਰਖ ਅਬਿਨਾਸ਼ੀ ਕਿਰਪਾ ਧਾਰ। ਔਲੀਆ ਪੀਰ ਸ਼ੇਖ਼ ਮੁਸਾਇਕ ਮੇਟ ਮਿਟਾਵਣਾ, ਉਚੀ ਕੂਕ ਨਾ ਕਰੇ ਕੋਇ ਪੁਕਾਰ। ਸਤਿਜੁਗ ਸਾਚਾ ਰਾਹ ਚਲਾਵਣਾ, ਸਤਿ ਪੁਰਖ ਨਿਰੰਜਣ ਸਾਚੀ ਕਾਰ। ਗੁਰਮੁਖ ਰੰਗ ਰੰਗੀਲਾ ਆਪ ਰੰਗਾਵਣਾ, ਚਾਰ ਵਰਨਾਂ ਕਰ ਪਿਆਰ। ਨੌ ਖੰਡ ਪ੍ਰਿਥਮੀ ਸ੍ਰਿਸ਼ਟ ਸਬਾਈ ਕਬੀਲਾ ਇਕ ਬਣਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਲਾਵਣਾ। ਨੌ ਖੰਡ ਪ੍ਰਿਥਮੀ ਇਕ ਕਬੀਲਾ, ਘਰ ਮੰਦਰ ਇਕ ਸੁਹਾਈਆ। ਸੋਹੰ ਸ਼ਬਦ ਬਣੇ ਵਸੀਲਾ, ਦੂਈ ਦਵੈਤੀ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਮਿਲੇ ਮੇਲ ਛੈਲ ਛਬੀਲਾ, ਨਿਰਗੁਣ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਲਏ ਉਪਜਾਈਆ। ਸਤਿਜੁਗ ਸਾਚਾ ਪਰਗਟਾਏ, ਪਰਗਟ ਆਪ ਨਿਰੰਕਾਰ। ਵਣਜ ਵਣਜਾਰਾ ਏਕਾ ਹੱਟ ਵਖਾਏ, ਪੁਰਖ ਅਬਿਨਾਸ਼ੀ ਚਰਨ ਦਵਾਰ ਲੱਖ ਚੁਰਾਸੀ ਫੜ ਉਠਾਏ, ਸੋਇਆ ਰਹੇ ਨਾ ਕੋਇ ਵਿਚ ਸੰਸਾਰ। ਸੋਹੰ ਸ਼ਬਦ ਆਪ ਪੜ੍ਹਾਏ, ਏਕਾ ਅੱਖਰ ਬੋਲ ਜੈਕਾਰ। ਘਟ ਘਟ ਮੰਦਰ ਦੀਪ ਜਗਾਏ, ਕਮਲਾਪਾਤੀ ਨੈਣ ਮੁੰਧਾਰ। ਨੈਣ ਕਵਲ ਹਰਿ ਆਪ ਮਟਕਾਏ, ਵਿਸ਼ਨੂੰ ਕਰੇ ਖੇਲ ਅਪਾਰ। ਸਾਂਗੋ ਪਾਂਗ ਸੇਜ ਆਪ ਹੰਢਾਏ, ਬਾਸ਼ਕ ਤਸ਼ਕਾ ਕਰ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਆਪਣੀ ਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਨੂਰ ਮਹਾਨ, ਕਰੇ ਪਰਕਾਸ਼ ਦੋ ਜਹਾਨ, ਨਵ ਸਤ ਇਕ ਗਿਆਨ, ਬ੍ਰਹਮ ਮਤ ਦੇਵੇ ਦਾਨ, ਆਤਮ ਵਤ ਏਕਾ ਬੀਜ ਬਜਾਈਆ।