Granth 09 Likhat 123: 9 Jeth 2017 Bikarmi Dharam Chand de Ghar Pind Bale Wala Jila Jammu

੯ ਜੇਠ ੨੦੧੭ ਬਿਕ੍ਰਮੀ ਧਰਮ ਚੰਦ ਦੇ ਘਰ ਪਿੰਡ ਬਾਲੇ ਵਾਲਾ ਜ਼ਿਲਾ ਜੰਮੂ

ਸੋ ਪੁਰਖ ਨਿਰੰਜਣ ਖੇਲ ਅਪਾਰਿਆ, ਆਦਿਨ ਅੰਤਾ ਇਕ ਰਘੁਰਾਈਆ। ਹਰਿ ਪੁਰਖ ਨਿਰੰਜਣ ਜੋਤ ਉਜਾਰਿਆ, ਨੂਰ ਨੁਰਾਨਾ ਬੇਪਰਵਾਹੀਆ। ਏਕੰਕਾਰਾ ਨਿਰਗੁਣ ਧਾਰਿਆ, ਰੂਪ ਅਨੂਪ ਆਪ ਦਰਸਾਈਆ। ਆਦਿ ਨਿਰੰਜਣ ਡਗਮਗਾ ਰਿਹਾ, ਅਲੱਖ ਅਲੱਖਣਾ ਲਖਿਆ ਨਾ ਜਾਈਆ । ਸ੍ਰੀ ਭਗਵਾਨ ਤਖ਼ਤ ਸੁਹਾ ਰਿਹਾ। ਦਰਗਹਿ ਸਾਚੀ ਆਸਣ ਲਾਈਆ। ਅਬਿਨਾਸ਼ੀ ਕਰਤਾ ਹੁਕਮ ਚਲਾ ਰਿਹਾ, ਧੁਰ ਫ਼ਰਮਾਣਾ ਆਪ ਸੁਣਾਈਆ। ਪਾਰਬ੍ਰਹਮ ਪ੍ਰਭ ਵੇਸ ਵਟਾ ਰਿਹਾ, ਵੇਸ ਅਨੇਕਾ ਆਪ ਰਖਾਈਆ। ਲੋਆਂ ਪੁਰੀਆਂ ਰਚਨ ਰਚਾ ਰਿਹਾ, ਮੰਡਲ ਮੰਡਪ ਆਪ ਸੁਹਾਈਆ। ਸ਼ਬਦ ਦੁਲਾਰਾ ਸੁੱਤ ਆਪ ਉਪਾ ਰਿਹਾ, ਦੇਵੇ ਮਾਣ ਵੱਡੀ ਵਡਿਆਈਆ। ਰਵ ਸਸ ਦੀਪਕ ਆਪ ਜਗਾ ਰਿਹਾ, ਤਾਰ ਸਤਾਰ ਕਰੇ ਰੁਸ਼ਨਾਈਆ। ਵਿਸ਼ਨੂੰ ਰੂਪ ਆਪ ਧਰਾ ਰਿਹਾ, ਵਿਸ਼ਨੂੰ ਮੇਲਾ ਸਹਿਜ ਸੁਭਾਈਆ। ਨਾਭੀ ਕਵਲ ਫੁੱਲ ਖਿਲਾ ਰਿਹਾ, ਅੰਮ੍ਰਿਤ ਧਾਰਾ ਆਪ ਚਲਾਈਆ। ਬ੍ਰਹਮ ਆਪਣਾ ਨਾਉਂ ਧਰਾ ਰਿਹਾ, ਅੰਦਰ ਬਾਹਰ ਭੇਵ ਨਾ ਰਾਈਆ। ਧੂਆਂਧਾਰ ਆਪ ਸਮਾ ਰਿਹਾ, ਸੁੰਨ ਅਗੰਮੀ ਡੇਰਾ ਲਾਈਆ। ਸ਼ੰਕਰ ਆਪਣਾ ਅੰਗ ਕਟਾ ਰਿਹਾ, ਹੱਥ ਤ੍ਰਸੂਲ ਫੜਾਈਆ। ਵਿਸ਼ਨੂੰ ਵਿਸ਼ਵ ਇਕ ਉਪਾ ਲਿਆ, ਦੇ ਮਤ ਏਕਾ ਸਮਝਾਈਆ। ਬ੍ਰਹਮਾ ਚਾਰੇ ਮੁਖ ਖੁਲ੍ਹਾ ਲਿਆ, ਅੱਠੇ ਨੇਤਰ ਰਾਹ ਤਕਾਈਆ। ਸ਼ੰਕਰ ਸਾਚਾ ਸੰਗ ਨਿਭਾ ਲਿਆ, ਏਕਾ ਅਕਲ ਕਲ ਵਰਤਾਈਆ। ਵਿਸ਼ਨੂੰ ਏਕਾ ਵਸਤ ਝੋਲੀ ਪਾ ਰਿਹਾ, ਦਾਤਾ ਦੇਵੇ ਰਿਜ਼ਕ ਸਬਾਈਆ। ਬ੍ਰਹਮਾ ਏਕਾ ਹਰਿ ਹਰਿ ਗਿਆਨ ਦ੍ਰਿੜਾ ਰਿਹਾ, ਚਾਰੇ ਵੇਦਾਂ ਦਏ ਲਿਖਾਈਆ। ਸ਼ੰਕਰ ਏਕਾ ਰੰਗ ਰੰਗਾ ਲਿਆ, ਬਾਸ਼ਕ ਤਸ਼ਕਾ ਗਲ ਲਟਕਾਈਆ। ਵਿਸ਼ਨੂੰ ਆਪਣਾ ਰੰਗ ਵਟਾ ਲਿਆ, ਨਿਰਗੁਣ ਨੂਰ ਸਰਗੁਣ ਨੂਰ ਕਰੇ ਰੁਸ਼ਨਾਈਆ। ਬ੍ਰਹਮਾ ਆਪਣੀ ਵੰਡ ਵੰਡਾ ਰਿਹਾ, ਚਾਰ ਚਾਰ ਕਰੇੇ ਪੜ੍ਹਾਈਆ। ਸ਼ੰਕਰ ਸਾਚਾ ਘਰ ਵਸਾ ਲਿਆ, ਪੁਰਖ ਅਬਿਨਾਸ਼ੀ ਵੇਖ ਵਖਾਈਆ। ਪੁਰਖ ਅਬਿਨਾਸ਼ੀ ਆਪਣਾ ਰਾਹ ਚਲਾ ਰਿਹਾ, ਬੇਅੰਤ ਬੇਪਰਵਾਹੀਆ। ਤ੍ਰੈਗੁਣ ਆਪਣਾ ਤਤ ਬਣਾ ਲਿਆ, ਰਜੋ ਤਮੋ ਸਤੋ ਨਾਮ ਰਖਾਈਆ। ਸਤੋ ਵਿਸ਼ਨੂੰ ਝੋਲੀ ਪਾ ਰਿਹਾ, ਰਜੋ ਬ੍ਰਹਮੇ ਅੰਗ ਲਗਾਈਆ। ਤਾਮਸ ਸ਼ੰਕਰ ਹੱਥ ਫੜਾ ਰਿਹਾ, ਲਹਿਣਾ ਲਹਿਣਾ ਰਿਹਾ ਵਖਾਈਆ। ਤਿੰਨਾਂ ਏਕਾ ਹੁਕਮ ਸੁਣਾ ਲਿਆ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਸਤਿ ਆਪਣੀ ਧਾਰ ਆਪ ਬਣਾ ਰਿਹਾ। ਸੋ ਪੁਰਖ ਨਿਰੰਜਣ ਏਕਾ ਗਾਵਨਾ, ਦੂਸਰ ਹੋਰ ਨਾ ਕੋਈ ਜਣਾਇੰਦਾ। ਹਰਿ ਪੁਰਖ ਨਿਰੰਜਣ ਏਕਾ ਗਾਵਣਾ, ਏਕਾ ਇਸ਼ਟ ਆਪ ਧਰਾਇੰਦਾ। ਏਕੰਕਾਰਾ ਨਿਰਾਕਾਰਾ ਵੇਖ ਵਖਾਵਣਾ, ਰੂਪ ਰੰਗ ਨਾ ਕੋਈ ਵਖਾਇੰਦਾ। ਆਦਿ ਪੁਰਖ ਨਿਰੰਜਣ ਸਾਚਾ ਦੀਪ ਜੋਤ ਜਗਾਵਣਾ, ਆਦਿ ਜੁਗਾਦੀ ਡਗਮਗਾਇੰਦਾ। ਅਬਿਨਾਸ਼ੀ ਕਰਤਾ ਘਰ ਘਰ ਪਾਵਣਾ, ਸਾਚੇ ਖੰਡ ਸਾਚੇ ਆਸਣ ਲਾਇੰਦਾ। ਸ੍ਰੀ ਭਗਵਾਨ ਏਕਾ ਸੰਗ ਰਖਾਵਣਾ, ਵਿਛੜ ਕਦੇ ਨਾ ਜਾਇੰਦਾ। ਬ੍ਰਹਮ ਪਾਰਬ੍ਰਹਮ ਰੂਪ ਵਟਾਵਣਾ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਤ੍ਰੈ ਤ੍ਰੈ ਸਾਚਾ ਵੇਸ ਕਰਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪ ਖੁਲ੍ਹਾਵਣਾ। ਆਪਣਾ ਭੇਵ ਅਗੰਮੀ ਖੋਲ੍ਹ, ਆਪਣਾ ਪਰਦਾ ਦਏ ਚੁਕਾਈਆ। ਸਤਿ ਪੁਰਖ ਨਿਰੰਜਣ ਸਾਚੀ ਵਸਤ ਰੱਖੇ ਕੋਲ, ਦੂਸਰ ਹੱਥ ਨਾ ਕਿਸੇ ਫੜਾਈਆ। ਅਲੱਖ ਨਿਰੰਜਣ ਅਲੱਖ ਜੈਕਾਰਾ ਏਕਾ ਬੋਲ, ਆਪਣਾ ਨਾਅਰਾ ਇਕ ਲਗਾਈਆ। ਸਚਖੰਡ ਦਵਾਰੇ ਵੱਜੇ ਢੋਲ, ਸਾਜ ਮਰਦੰਗਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਚਰਜ ਆਪਣੀ ਰੀਤ ਚਲਾਈਆ। ਅਚਰਜ ਰੀਤ ਹਰਿ ਭਗਵਾਨ, ਆਦਿ ਆਦਿ ਆਪਣੀ ਆਪ ਚਲਾਇੰਦਾ। ਆਪਣੇ ਤਖ਼ਤ ਬੈਠ ਸੁਲਤਾਨ, ਸਾਚਾ ਹੁਕਮ ਆਪ ਵਰਤਾਇੰਦਾ। ਸ਼ਾਹੋ ਭੂਪ ਰਾਜ ਰਾਜਾਨ, ਰਾਜ ਜੋਗ ਆਪ ਕਮਾਇੰਦਾ। ਸਾਚੇ ਮੰਦਰ ਬੈਠ ਮਕਾਨ, ਥਿਰ ਘਰ ਸਾਚਾ ਆਪ ਸੁਹਾਇੰਦਾ। ਸਾਚਾ ਦੀਪਕ ਜਗੇ ਮਹਾਨ, ਤੇਲ ਬਾਤੀ ਨਾ ਕੋਇ ਟਿਕਾਇੰਦਾ। ਸਾਚਾ ਰਾਗ ਗਾਏ ਗਾਨ, ਗਾਵਣਹਾਰਾ ਦਿਸ ਨਾ ਆਇੰਦਾ। ਖੇਲੇ ਖੇਲ ਸ੍ਰੀ ਭਗਵਾਨ, ਸਾਰਿੰਗ ਧਰ ਆਪ ਅਖਵਾਇੰਦਾ। ਆਪਣੀ ਕਰੇ ਆਪ ਪਛਾਣ, ਆਪਣਾ ਮੇਲਾ ਆਪ ਮਿਲਾਇੰਦਾ। ਆਪੇ ਹੋਏ ਨੌਜਵਾਨ, ਆਪਣਾ ਰੂਪ ਅਨੂਪ ਆਪਣਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚਾ ਆਪ ਸੁਹਾਇੰਦਾ । ਦਰ ਘਰ ਸਾਚਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ । ਜਗੇ ਜੋਤ ਆਦਿ ਨਿਰੰਜਣ ਏਕਾ ਬੈਠਾ ਹਰਿ ਹਰਿ ਕੰਤ, ਕੰਤੂਹਲ ਵੱਡੀ ਵਡਿਆਈਆ। ਆਦਿ ਜੁਗਾਦੀ ਦਰਦ ਦੁੱਖ ਭੈ ਭੰਜਣ ਸ਼ਬਦ ਜਾਏ ਆਪਣਾ ਸੁੱਤ, ਨਾਦ ਅਨਾਦੀ ਨਾਦ ਵਜਾਈਆ। ਸਚਖੰਡ ਨਿਵਾਸਾ ਸਾਚੇ ਧਾਮ ਸਾਚਾ ਸੱਜਣ ਕਰੇ ਖੇਲ ਬੇਅੰਤ, ਅਗੰਮ ਅਥਾਹ ਬੇਅੰਤ ਬੇਪਰਵਾਹ ਆਪਣਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਲੇਖਾ ਜਾਣੇ ਆਪਣੇ ਜੰਤ, ਜੀਵ ਜੰਤ ਲਏ ਉਪਾਈਆ। ਬ੍ਰਹਮੇ ਦੇਵੇ ਇਕ ਗਿਆਨ, ਏਕਾ ਅੱਖਰ ਆਪ ਪੜ੍ਹਾਇਆ। ਵਿਸ਼ਨੂੰ ਦੇਵੇ ਧੁਰ ਫ਼ਰਮਾਣ, ਧੁਰ ਦਾ ਸ਼ਬਦ ਆਪ ਜਣਾਇਆ। ਸ਼ੰਕਰ ਸੁਣਨਾ ਲਾ ਲਾ ਕਾਨ, ਸਹਿੰਸਾ ਰੋਗ ਰਹੇ ਨਾ ਰਾਇਆ। ਚੌਦਾਂ ਲੋਕ ਖੋਲ੍ਹ ਦੁਕਾਨ, ਪੁਰਖ ਅਬਿਨਾਸ਼ੀ ਡੇਰਾ ਲਾਇਆ। ਤ੍ਰੈਲੋਕ ਇਕ ਨਿਸ਼ਾਨ, ਆਪ ਆਪਣਾ ਦਏ ਝੁਲਾਇਆ। ਸਾਚਾ ਹੁਕਮ ਧੁਰ ਫ਼ਰਮਾਣ, ਧੁਰ ਦੀ ਵਾਦੀ ਧੁਰ ਦੀ ਧਾਰ ਬੰਧਾਇਆ। ਲੱਖ ਚੁਰਾਸੀ ਦੇਵੇ ਦਾਨ, ਏਕਾ ਝੋਲੀ ਵਸਤ ਟਿਕਾਇਆ। ਬ੍ਰਹਮਾ ਕਰੇ ਦਰ ਪਰਵਾਨ, ਨਿਉਂ ਨਿਉਂ ਸੀਸ ਝੁਕਾਇਆ। ਪੁਰਖ ਅਬਿਨਾਸ਼ੀ ਹੋਇਆ ਮਿਹਰਵਾਨ, ਦੇ ਮਤ ਰਿਹਾ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਬੇਪਰਵਾਹਿਆ। ਬ੍ਰਹਮਾ ਸੇਵਕ ਸੇਵਾਦਾਰ, ਤ੍ਰੈ ਪੰਜ ਜੋੜ ਜੁੜਾਇੰਦਾ। ਘਾੜਣ ਘੜੇ ਅਪਰ ਅਪਾਰ, ਇੱਟ ਗਾਰਾ ਨਾ ਕੋਇ ਵਖਾਇੰਦਾ। ਅੰਦਰ ਮੰਦਰ ਖੇਲ ਅਪਾਰ, ਡੂੰਘੀ ਕੰਦਰ ਆਪ ਕਰਾਇੰਦਾ। ਲੱਖ ਚੁਰਾਸੀ ਕਰ ਤਿਆਰ, ਲੋਕਮਾਤ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਆਪਣਾ ਨਾਉਂ ਧਰਾਇੰਦਾ। ਲੱਖ ਚੁਰਾਸੀ ਕਰ ਤਿਆਰ, ਬ੍ਰਹਮਾ ਵਿਸ਼ਨ ਸ਼ਿਵ ਖ਼ੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਤੇਰੀ ਸਾਰ, ਹਉਂ ਸੇਵਕ ਮੂਲ ਨਾ ਪਾਈਆ। ਤੂੰ ਸ਼ਾਹ ਸੱਚਾ ਸਿਕਦਾਰ, ਹਉਂ ਰਈਅਤ ਸੇਵ ਕਮਾਈਆ। ਤੂੰ ਦਾਤਾ ਦਾਨੀ ਗੁਰ ਕਰਤਾਰ, ਹਉਂ ਭਿਛਕ ਝੋਲੀ ਅੱਗੇ ਡਾਹੀਆ। ਤੂੰ ਸਾਹਿਬ ਸੱਚਾ ਦਾਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮਤ ਰਿਹਾ ਸਮਝਾਈਆ। ਬ੍ਰਹਮੇ ਸੁਣ ਸਚ ਗਿਆਨ, ਪੁਰਖ ਅਬਿਨਾਸ਼ੀ ਆਪ ਜਣਾਇੰਦਾ। ਲੱਖ ਚੁਰਾਸੀ ਦਿਤਾ ਦਾਨ, ਤੇਰੀ ਝੋਲੀ ਪਾਇੰਦਾ। ਵਿਸ਼ਨੂੰ ਸੇਵਾ ਕਰੇ ਮਹਾਨ, ਘਰ ਘਰ ਰਿਜ਼ਕ ਪੁਚਾਇੰਦਾ। ਸ਼ੰਕਰ ਅੰਤ ਕਰੇ ਕਲਿਆਣ, ਜੋ ਘੜਿਆ ਭੰਨ ਵਖਾਇੰਦਾ। ਸਚਖੰਡ ਨਿਵਾਸੀ ਕਰੇ ਖੇਲ ਮਹਾਨ, ਆਪਣੀ ਵੰਡਣ ਵੰਡ ਵੰਡਾਇੰਦਾ। ਚਾਰੇ ਵੇਦ ਤੇਰਾ ਧਿਆਨ, ਤੇਰੀ ਇਛਿਆ ਭਿਛਿਆ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਸਾਚਾ ਵਰ, ਸਾਚੀ ਸਿਖਿਆ ਆਖ ਸੁਣਾਇੰਦਾ। ਬ੍ਰਹਮਾ ਉਠ ਲਏ ਅੰਗੜਾਈ, ਨੇਤਰ ਨੈਣ ਉਘਾੜਿਆ। ਪੁਰਖ ਅਬਿਨਾਸ਼ੀ ਤੇਰੀ ਵਡਿਆਈ, ਤੇਰਾ ਭੇਵ ਕਿਸੇ ਨਾ ਪਾ  ਲਿਆ। ਤੇਰਾ ਹੁਕਮ ਮੰਨਾਂ ਮੇਰੇ ਸੱਚੇ ਸਾਈਂ, ਤੇਰਾ ਸਾਇਆ ਸਿਰ ਰਖਾ ਲਿਆ। ਤੇਰੀ ਸੇਵ ਕਮਾਵਾਂ ਚਾਈਂ ਚਾਈਂ, ਲੱਖ ਚੁਰਾਸੀ ਭਾਰ ਉਠਾ ਲਿਆ। ਤੇਰਾ ਦਰਸ਼ਨ ਮੰਗਾਂ ਉਚੀਆਂ ਕਰ ਕਰ ਬਾਹੀਂ, ਨੇਤਰ ਨੈਣ ਰਾਹ ਤਕਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾ ਰਿਹਾ। ਬ੍ਰਹਮੇ ਸੁਣ ਤੇਰੀ ਫ਼ਰਿਆਦ, ਨਰ ਹਰਿ ਸਾਚਾ ਦਇਆ ਕਮਾਇੰਦਾ। ਏਕਾ ਦੇਵੇ ਤੇਰੀ ਦਾਦ, ਤੇਰੀ ਵਸਤੂ ਝੋਲੀ ਪਾਇੰਦਾ। ਖੇਲੇ ਖੇਲ ਵਿਚ ਬ੍ਰਹਿਮਾਦ, ਆਦਿ ਜੁਗਾਦਿ ਰਚਨ ਰਚਾਇੰਦਾ। ਚਾਰ ਜੁਗ ਨੌ ਸੌ ਚੁਰਾਨਵੇਂ ਚੌਕੜੀ ਜੁਗ ਤੇਰਾ ਮੇਲਾ ਕਰਦਾ ਰਹੇ ਸੰਤ ਸਾਧ, ਗੁਰ ਪੀਰ ਅਵਤਾਰ ਨਾਲ ਰਲਾਇੰਦਾ। ਲੋਕਮਾਤ ਵਜੌਂਦਾ ਰਹੇ ਨਾਦ, ਜੁਗ ਜੁਗ ਆਪਣਾ ਹੁਕਮ ਸੁਣਾਇੰਦਾ। ਸ਼ਬਦ ਜਣਾਏ ਬੋਧ ਅਗਾਧ, ਧੁਰ ਬਾਣੀ ਲੇਖ ਲਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਬ੍ਰਹਮਾ ਦੋਏ ਜੋੜ ਕਰੇ ਨਿਮਸਕਾਰ, ਪ੍ਰਭ ਚਰਨ ਸੀਸ ਝੁਕਾਈਆ। ਜੁਗ ਜੁਗ ਰਾਹ ਤੱਕਾਂ ਤੇਰਾ ਪਰਵਰਦਿਗਾਰ, ਬਿਨ ਤੇਰੇ ਮੇਰਾ ਹੋਏ ਨਾ ਕੋਇ ਸਹਾਈਆ। ਜੋ ਲੋਕਮਾਤ ਆਵੇ ਅਵਤਾਰ, ਜਸ ਤੇਰਾ ਆਪਣਾ ਦਏ ਗਵਾਈਆ। ਜੋ ਸਾਧ ਸੰਤ ਕਰੇ ਪਸਾਰ, ਉਚੀ ਕੂਕਣ ਦੇਣ ਦੁਹਾਈਆ। ਸ੍ਰਿਸ਼ਟ ਸਬਾਈ ਕਰਨ ਪੁਕਾਰ, ਏਕਾ ਅੱਖਰ ਕਰਨ ਪੜ੍ਹਾਈਆ। ਜੁਗਾ ਜੁਗੰਤਰ ਖੇਲ ਨਿਆਰ, ਰੂਪ ਅਨੂਪਾ ਲਏ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਦਰਸ ਮੋਹੇ ਭਾਈਆ। ਪੁਰਖ ਅਬਿਨਾਸ਼ੀ ਦੀਨ ਦਿਆਲਾ, ਦਇਆਨਿਧ ਆਪ ਅਖਵਾਇੰਦਾ। ਬ੍ਰਹਮੇ ਦੱਸੇ ਰਾਹ ਸੁਖਾਲਾ, ਆਪ ਆਪਣੀ ਬੂਝ ਬੁਝਾਇੰਦਾ। ਆਪਣਾ ਨਾਉਂ ਰਖਾਏ ਕਾਲ ਮਹਾਂਕਾਲਾ, ਅਵੱਲੜੀ ਚਾਲਾ ਆਪ ਚਲਾਇੰਦਾ। ਤ੍ਰੈਗੁਣ ਮਾਇਆ ਪਾਏ ਜੰਜਾਲਾ, ਸਾਚਾ ਗਾਣਾ ਆਪ ਗਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵੇਖ ਵਖਾਇੰਦਾ। ਲੱਖ ਚੁਰਾਸੀ ਗੁਰ ਪੀਰ ਅਵਤਾਰ, ਸਾਧ ਸੰਤ ਕਰੇ ਜਣਾਈਆ। ਏਕਾ ਸ਼ਬਦ ਬੋਲ ਜੈਕਾਰ, ਆਪਣਾ ਨਾਅਰਾ ਦਏ ਸੁਣਾਈਆ। ਏਕਾ ਜੋਤ ਕਰ ਆਕਾਰ, ਨਿਰਗੁਣ ਧਾਰਾ ਦਏ ਬੰਧਾਈਆ। ਏਕਾ ਖੋਲ੍ਹ ਬੰਦ ਕਿਵਾੜ, ਆਪਣਾ ਦਰਸ ਦਏ ਵਖਾਈਆ। ਏਕਾ ਮੇਲ ਮਿਲਾਏ ਸਾਚੇ ਲਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ। ਬ੍ਰਹਮਾ ਲੇਖਾ ਰਿਹਾ ਪੁੱਛ, ਘਰ ਸਾਚੇ ਕਰ ਪੁਕਾਰਿਆ। ਲੋਕਮਾਤ ਤੇਰਾ ਰੂਪ ਨਿਰਗੁਣ ਸਰਗੁਣ ਦੇਵੇ ਸੁੱਖ, ਸਾਚਾ ਸੁੱਖ ਕਵਣ ਵਖਾ ਰਿਹਾ। ਲੱਖ ਚੁਰਾਸੀ ਮੇਟੇ ਕਵਣ ਦੁੱਖ, ਦੁਖੀਆਂ ਦੁੱਖ ਕਵਣ ਵੰਡਾ ਰਿਹਾ। ਨਿਮਾਣਿਆਂ ਮੇਟੇ ਕਵਣ ਭੁੱਖ, ਭੁਖਿਆਂ ਰਿਜ਼ਕ ਕਵਣ ਪੁਚਾ ਰਿਹਾ। ਮਾਰ ਝਾਤ ਲੇਖਾ ਚੁਕਾਏ ਕਵਣ ਉਲਟਾ ਰੁਖ, ਮਾਤ ਗਰਭ ਫੰਦ ਕਵਣ ਕਟਾ ਰਿਹਾ। ਪੁਰਖ ਅਬਿਨਾਸ਼ੀ ਕਿਰਪਾ ਕਰ, ਦਏ ਸੰਦੇਸ਼ ਬ੍ਰਹਮੇ ਨਿਰਗੁਣ ਆਪੇ ਬਣ ਮਾਨੁਖ, ਪੰਜ ਤਤ ਚੋਲਾ ਆਪ ਹੰਢਾ ਰਿਹਾ। ਗੁਰਮੁਖ ਸੰਤ ਭਗਤ ਲੱਖ ਚੁਰਾਸੀ ਵਿਚੋਂ ਚੁਗ, ਆਪ ਆਪਣੀ ਬੂਝ ਬੁਝਾ ਰਿਹਾ। ਹੱਥ ਫੜਾਏ ਨਾਮ ਧੁਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਦਇਆ ਕਮਾਇੰਦਾ। ਬ੍ਰਹਮਾ ਅੱਗੇ ਕਰੇ ਪੁਕਾਰ, ਸੁਣ ਦਾਤਾ ਬੇਪਰਵਾਹੀਆ। ਕਵਣ ਪੁਰਖ ਹੋਏ ਵਿਚ ਸੰਸਾਰ, ਗੁਰ ਪੀਰ ਅਵਤਾਰ ਕਵਣ ਅਖਵਾਈਆ। ਕਵਣ ਮੇਟੇ ਸੋਗ ਹਰਖ, ਏਕਾ ਰੰਗ ਰੰਗਾਈਆ। ਕਵਣ ਕਰੇ ਤੇਰੀ ਰਚਨਾ ਉਤੇ ਤਰਸ, ਤੇਰਾ ਤੇਰਾ ਹੋਏ ਸਹਾਈਆ। ਕਵਣ ਅੰਮ੍ਰਿਤ ਮੇਘ ਦੇਵੇ ਬਰਸ, ਸਾਂਤਕ ਸਤਿ ਦਏ ਵਰਤਾਈਆ। ਕਵਣ ਮੇਟੇ ਮੇਰੀ ਹਰਸ, ਹਵਸ ਰਹਿਣ ਨਾ ਪਾਈਆ। ਕਵਣ ਲੇਖਾ ਜਾਣੇ ਅਰਸ਼ ਫ਼ਰਸ਼, ਕੁਰਸ਼ ਕੁਰਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਰਿਹਾ ਬੁਝਾਈਆ। ਲੋਕਮਾਤ ਅਵਤਾਰ ਨਿਸ਼ਾਨੀ, ਬ੍ਰਹਮੇ ਬ੍ਰਹਮ ਰਿਹਾ ਸਮਝਾਈਆ। ਜੁਗ ਅੰਤ ਕਰੇ ਜੀਵ ਸ਼ੈਤਾਨੀ, ਚੋਲਾ ਚੋਲਾ ਲਏ ਬਦਲਾਈਆ। ਆਪੇ ਜਾਣੇ ਆਪਣੀ ਬਾਣੀ, ਰਾਮ ਨਾਮ ਕਰੇ ਪੜ੍ਹਾਈਆ। ਲੇਖਾ ਜਾਣੇ ਅਕਥ ਕਹਾਣੀ, ਅਕਥ ਅਕਥਨਾ ਆਪ ਅਖਵਾਈਆ। ਜਨ ਭਗਤਾਂ ਦੇਵੇ ਠੰਡਾ ਪਾਣੀ, ਅੰਮ੍ਰਿਤ ਆਤਮ ਜਾਮ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਏਕਾ ਰੰਗ ਰੰਗਾਈਆ। ਸੰਤ ਨਿਸ਼ਾਨਾ ਹਰਿ ਭਗਵਾਨਾ, ਏਕਾ ਏਕ ਸਮਝਾਇੰਦਾ। ਪੰਜ ਤਤ ਦੇਵੇ ਮਾਣਾ, ਅਭਿਮਾਣਾ ਮੇਟ ਮਿਟਾਇੰਦਾ। ਆਪਣਾ ਰਾਗ ਸੁਣਾਏ ਤਰਾਨਾ, ਧੁਨ ਆਤਮਕ ਆਪ ਵਜਾਇੰਦਾ। ਏਕਾ ਬੰਨ੍ਹੇ ਸਾਚਾ ਗਾਨਾ, ਪੁਰਖ ਅਬਿਨਾਸ਼ੀ ਸਗਨ ਮਨਾਇੰਦਾ। ਏਕਾ ਦੇਵੇ ਧੁਰ ਫ਼ਰਮਾਣਾ, ਆਪਣਾ ਅੱਖਰ ਆਪ ਵਖਾਇੰਦਾ। ਜੀਵਾਂ ਜੰਤਾਂ ਵਿਚ ਵਸੇ ਹੋ ਹੋ ਨਿਮਾਣਾ, ਨਿਮਾਣ ਨਿਮਾਣਿਆਂ ਆਪ ਅਖਵਾਇੰਦਾ। ਹਰਿ ਕਾ ਸਿਰ ਤੇ ਮੰਨੇ ਭਾਣਾ, ਸੋ ਸੰਤ ਮਾਤ ਅਖਵਾਇੰਦਾ। ਬ੍ਰਹਮੇ ਬ੍ਰਹਮ ਰੂਪ ਵਖਾਨਾ, ਪਾਰਬ੍ਰਹਮ ਆਪ ਸਮਝਾਇੰਦਾ। ਗੁਰ ਗੁਰ ਵੇਖ ਜਗਤ ਵਿਚਾਰ, ਹਰਿ ਸਾਚਾ ਬੂਝ ਬੁਝਾਇੰਦਾ। ਸਤਿਗੁਰ ਕਿਰਪਾ ਕਰੇ ਆਪ ਕਰਤਾਰ, ਗੁਰ ਗੁਰ ਜਨਮ ਦਵਾਇੰਦਾ। ਮਾਤ ਗਰਭ ਵਸੇ ਬਾਹਰ, ਦਸ ਮਾਸ ਨਾ ਅੰਦਰ ਆਇੰਦਾ। ਨੌ ਅਠਾਰਾਂ ਕਰ ਕਰ ਪਾਰ, ਆਪਣਾ ਚੋਲਾ ਰੂਪ ਵਟਾਇੰਦਾ। ਬ੍ਰਹਮ ਪਾਰਬ੍ਰਹਮ ਕਰ ਪਿਆਰ, ਜੋਤੀ ਜੋਤ ਵਿਚ ਟਿਕਾਇੰਦਾ। ਆਪ ਸੁਣਾਏ ਸੱਚੀ ਧੁਨਕਾਰ, ਧੁਰ ਦਾ ਸ਼ਬਦ ਆਪ ਅਲਾਇੰਦਾ। ਆਪੇ ਲੇਖਾ ਜਾਣੇ ਧੁਰ ਦਰਬਾਰ, ਦਰਗਹਿ ਸਾਚੀ ਆਪ ਬਹਾਇੰਦਾ। ਆਪੇ ਵਣਜ ਕਰਾਏ ਵਪਾਰ, ਸਾਚੀ ਵਸਤੂ ਹੱਟ ਵਕਾਇੰਦਾ। ਆਪੇ ਨਾਮ ਭਰੇ ਭੰਡਾਰ, ਆਪਣੀ ਵੰਡਣ ਆਪਣੇ ਹੱਥ ਰਖਾਇੰਦਾ। ਆਪੇ ਗੰਢ ਪਾਵੇ ਸੰਸਾਰ, ਲੋਕਮਾਤ ਜੋੜ ਜੁੜਾਇੰਦਾ। ਆਪੇ ਸਤਿ ਸਤਿ ਬੋਲ ਜੈਕਾਰ, ਜਗਤ ਜੈਕਾਰਾ ਇਕ ਵਖਾਇੰਦਾ। ਆਪੇ ਵਰਨ ਬਰਨ ਕਰ ਪਿਆਰ, ਦੂਈ ਦਵੈਤੀ ਮੇਟ ਮਿਟਾਇੰਦਾ। ਆਪੇ ਸਾਚੀ ਸਰਨ ਦੱਸੇ ਨਿਰੰਕਾਰ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਗੁਰ ਗੁਰ ਕਰੇ ਖੇਲ ਅਪਾਰ, ਗੁਰਮਤ ਸਿਖਿਆ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਬ੍ਰਹਮਾ ਸੁਣ ਉਠਿਆ ਨੌਜਵਾਨ, ਪ੍ਰਭ ਸਾਚੇ ਸਚ ਸਮਝਾਇੰਦਾ। ਚਾਰ ਜੁਗ ਤੇਰਾ ਆਵੇ ਜਾਵੇ ਧੁਰ ਫ਼ਰਮਾਣ, ਜੀਵ ਜੰਤ ਸਰਬ ਗਾਇੰਦਾ। ਤੇਰਾ ਸ਼ਬਦ ਡੰਕਾ ਵੱਜੇ ਵਿਚ ਜਹਾਨ, ਤੇਰਾ ਨਾਮ ਸਰਬ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਤੂੰ ਕਵਣ ਰੂਪ ਪਰਗਟਾਇੰਦਾ । ਸਾਚਾ ਵਰ ਦੇ ਪ੍ਰਿਤਪਾਲਕ, ਬ੍ਰਹਮਾ ਪਾਰਬ੍ਰਹਮ ਸੁਣਾਇੰਦਾ। ਕਵਣ ਖੇਲ ਕਰੇ ਵਿਚ ਖ਼ਾਲਕ, ਨਿਰਗੁਣ ਨਿਰਗੁਣ ਰੂਪ ਵਟਾਇੰਦਾ। ਕਵਣ ਜੁਗ ਬਣੇਂ ਸਾਲਸ, ਸਚ ਸਾਲਸੀ ਮਾਤ ਕਰਾਇੰਦਾ। ਕਵਣ ਰੂਪ ਹੋਏ ਖ਼ਾਲਸ, ਸ੍ਰਿਸ਼ਟ ਸਬਾਈ ਬੰਦ ਖ਼ਲਾਸ ਕਰਾਇੰਦਾ। ਕਵਣ ਰੂਪ ਨਾ ਨਿੰਦਰਾ ਨਾ ਰੱਖੇ ਆਲਸ, ਜੂਨੀ ਰਹਿਤ ਕਵਣ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਦੇਵੇ ਸਾਚਾ ਵਰ, ਆਪਣਾ ਪਰਦਾ ਆਪੇ ਲਾਇੰਦਾ। ਪੁਰਖ ਅਬਿਨਾਸ਼ੀ ਸਚ ਜਣਾਇਆ, ਆਪ ਆਪਣਾ ਭੇਵ ਖੁਲ੍ਹਾਇੰਦਾ। ਸਚਖੰਡ ਦਵਾਰੇ ਆਸਣ ਲਾਇਆ, ਥਿਰ ਘਰ ਸਾਚਾ ਆਪ ਵਡਿਆਇੰਦਾ। ਸੁੱਤ ਦੁਲਾਰਾ ਇਕ ਉਪਜਾਇਆ, ਹਰਿ ਸ਼ਬਦੀ ਨਾਉਂ ਧਰਾਇੰਦਾ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਹੁਕਮ ਚਲਾਇਆ, ਲੱਖ ਚੁਰਾਸੀ ਬੰਧਨ ਪਾਇੰਦਾ। ਗੁਰ ਪੀਰ ਅਵਤਾਰ ਸਾਧ ਸੰਤ ਹੁਕਮੀ ਹੁਕਮ ਫਿਰਾਇਆ, ਆਪਣਾ ਭਾਣਾ ਆਪ ਮਨਾਇੰਦਾ। ਆਪਣਾ ਨਾਮ ਸਚ ਜੈਕਾਰਾ ਇਕ ਸੁਣਾਇਆ, ਰਸਨਾ ਜਿਹਵਾ ਸਰਬ ਗਾਇੰਦਾ। ਇਕ ਧਿਆਨ ਇਸ਼ਟ ਗੁਰ ਆਪ ਅਖਵਾਇਆ, ਏਕਾ ਨੇਤਰ ਨੈਣ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੂਪ ਵਟਾਇੰਦਾ। ਬ੍ਰਹਮਾ ਰੋਵੇ ਧਾਹਾਂ ਮਾਰ, ਪ੍ਰਭ ਸਾਚੀ ਕਰ ਜਣਾਈਆ। ਕਵਣ ਜੁਗ ਸੁਣੇ ਸਰਬ ਪੁਕਾਰ, ਲੋਕ ਪਰਲੋਕ ਬ੍ਰਹਿਮੰਡ ਖੰਡ ਤੇਰਾ ਰਾਹ ਰਹੇ ਤਕਾਈਆ। ਕਵਣ ਰੂਪ ਸੁਣਾਏ ਸਚ ਸਲੋਕ, ਲੱਖ ਚੁਰਾਸੀ ਤੇਰਾ ਏਕਾ ਨਾਉਂ ਗਾਈਆ। ਕਵਣ ਰੂਪ ਬਖ਼ਸ਼ੇ ਸਾਚੀ ਮੋਖ, ਮੁਕਤੀ ਚਰਨਾਂ ਹੇਠ ਰਖਾਈਆ। ਕਵਣ ਰੂਪ ਮੇਰੀ ਰਚਨਾ ਦੇਵੇ ਝੋਕ, ਏਕਾ ਜੋਤੀ ਲੰਬੂ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਬੂਝ ਦਏ ਬੁਝਾਈਆ। ਬ੍ਰਹਮੇ ਬੂਝ ਕਰ ਵਿਚਾਰ, ਹਰਿ ਪੁਰਖ ਨਿਰੰਜਣ ਆਪ ਸੁਣਾਇਆ। ਚਾਰ ਜੁਗ ਏਕਾ ਬੰਨ੍ਹੇ ਧਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਬੰਧਨ ਪਾਇਆ। ਇਕ ਚੌਕੜੀ ਚਵੀ ਅਵਤਾਰ, ਦਸ ਅੱਠ ਅਠਾਰਾਂ ਵੇਖ ਵਖਾਇਆ। ਬਾਵਨ ਅੱਖਰ ਕਰੇ ਤਿਆਰ, ਪੈਂਤੀ ਅੱਖਰ ਲੋਕਮਾਤ ਪ੍ਰਗਟਾਇਆ। ਸਤਾਰਾਂ ਅੱਖਰ ਗੁਰ ਪੀਰ ਨਾ ਪਾਵਣ ਸਾਰ, ਆਪਣੇ ਅੰਦਰ ਬੰਦ ਕਰਾਇਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਤੇਰਾ ਕਰ ਕਰ ਪਸਾਰ, ਤੇਰਾ ਲੇਖਾ ਵੇਖ ਵਖਾਇਆ। ਵਿਸ਼ਨੂੰ ਦੇ ਦੇ ਥੱਕੇ ਸਰਬ ਭੰਡਾਰ, ਜੀਵ ਜੰਤ ਤ੍ਰਿਪਤ ਨਾ ਕੋਇ ਕਰਾਇਆ। ਅੰਤਮ ਆਏ ਚਲ ਦਰਬਾਰ, ਆਪਣੀ ਵਿਥਿਆ ਦਏ ਸੁਣਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਹਉਂ ਢੱਠਾ ਤੇਰੀ ਸਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਏਕਾ ਅੱਖਰ ਰਿਹਾ ਪੜ੍ਹਾਇਆ। ਨੌ ਸੌ ਚੁਰਾਨਵੇ ਚੌਕੜੀ ਤੇਰਾ ਪਸਾਰਾ, ਇਕੱਤਰ ਮਨਵੰਤਰ ਦੇਣ ਗਵਾਹੀਆ। ਰਵ ਸਸ ਪਾਣੀ ਹਾਰਾ, ਸੂਰਜ ਚੰਨ ਨੱਚਣ ਵਾਹੋ ਦਾਹੀਆ। ਮੰਡਲ ਮੰਡਪ ਇਕ ਸਹਾਰਾ, ਸ਼ਬਦ ਡੋਰੀ ਬੰਧਨ ਪਾਈਆ। ਨੌ ਗ੍ਰਹਿ ਕਰੇ ਚਰਨ ਭਿਖਾਰਾ, ਧਰੂ ਦਰਬਾਰਾ ਇਕ ਸੁਹਾਈਆ। ਲੇਖਾ ਚੁਕਾਏ ਨੌ ਨੌ ਵਾਰਾ, ਚਾਰ ਜੁਗ ਆਪ ਭਵਾਈਆ। ਨੌ ਖੰਡ ਪ੍ਰਿਥਮੀ ਦਏ ਹੁਲਾਰਾ, ਸਚ ਹਲੂਣਾ ਏਕਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦੇਵੇ ਭੇਵ ਖੋਲ੍ਹ, ਸ਼ਬਦ ਅਨਾਦੀ ਏਕਾ ਬੋਲ, ਬੋਲਣਹਾਰਾ ਇਕ ਅਖਵਾਈਆ। ਸ਼ਬਦ ਅਨਾਦੀ ਬੋਲਿਆ, ਸਾਚੀ ਧੁਨ ਜੈਕਾਰ। ਬ੍ਰਹਮੇ ਪਰਦਾ ਖੋਲ੍ਹਿਆ, ਪੁਰਖ ਅਬਿਨਾਸ਼ੀ ਖੇਲ ਅਪਾਰ। ਨੌ ਸੌ ਚੁਰਾਨਵੇਂ ਚੌਕੜੀ ਜੁਗ ਤੇਰਾ ਬਾਗ਼ੀਚਾ ਮੌਲਿਆ, ਲੋਕਮਾਤ ਖਿੜੀ ਗੁਲਜ਼ਾਰ। ਕਲਜੁਗ ਅੰਤਮ ਕਰੇ ਹੌਲਿਆ, ਚਾਰੋਂ ਕੁੰਟ ਫੇਰਾ ਮਾਰ। ਨਰ ਹਰਿ ਬਣੇ ਸਾਚਾ ਤੋਲਿਆ, ਨਾਮ ਕੰਡਾ ਹੱਥ ਉਠਾਲ। ਤੇਰਾ ਪੂਰਾ ਕਰੇ ਕੀਤਾ ਕੌਲਿਆ, ਭੁੱਲ ਨਾ ਜਾਏ ਬੇਐਬ ਪਰਵਰਦਿਗਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੱਸੇ ਆਪਣੀ ਧਾਰ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪੰਧ ਮੁਕੌਣਾ, ਚਾਰ ਜੁਗ ਗੇੜਾ ਆਪ ਦੁਆਈਆ। ਚਾਰ ਵੇਦ ਪ੍ਰਭ ਭੇਵ ਖੁਲੌਣਾ, ਚਾਰੇ ਮੁਖ ਸਾਲਾਹੀਆ। ਚਾਰ ਕੁੰਟ ਪ੍ਰਭ ਫੇਰਾ ਪੌਣਾ, ਚਾਰ ਵਰਨ ਵੇਖ ਵਖਾਈਆ। ਚਾਰੇ ਬਾਣੀ ਆਪ ਪੜ੍ਹੌਣਾ, ਪਰਾ ਪਸੰਤੀ ਮਧਮ ਬੈਖ਼ਰੀ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਲਿਖਾਈਆ। ਬ੍ਰਹਮੇ ਕਲਜੁਗ ਅੰਤਮ ਔਣਾ, ਨੌ ਨੌਂ ਚਾਰ ਪੰਧ ਮੁਕਾਵਣਾ। ਸਤਿਜੁਗ ਤ੍ਰੇਤਾ ਦੁਆਪਰ ਪਾਰ ਲੰਘੌਣਾ, ਕਲਜੁਗ ਅੰਤਮ ਵੇਖ ਵਖਾਵਣਾ। ਰਾਮਾ ਕ੍ਰਿਸ਼ਨਾ ਮੇਲ ਮਿਲੌਣਾ, ਈਸਾ ਮੂਸਾ ਆਪ ਜਗਾਵਣਾ। ਸੰਗ ਮੁਹੰਮਦ ਚਾਰ ਯਾਰ ਢੋਲਾ ਗੌਣਾ, ਐਨਲਹੱਕ ਨਾਅਰਾ ਲਾਵਣਾ। ਮੁਕਾਮੇ ਹੱਕ ਇਕ ਵਖੌਣਾ, ਸਚ ਅਮਾਮ ਰੂਪ ਪਰਗਟਾਵਣਾ। ਏਕਾ ਕਲਮਾ ਨਬੀ ਪੜ੍ਹੌਣਾ, ਨਬੀ ਰਸੂਲਾਂ ਆਪ ਸਮਝਾਵਣਾ। ਮੁਲਾਂ ਸ਼ੇਖ਼ ਮੁਸਾਇਕ ਆਪ ਉਠੌਣਾ, ਪੀਰ ਦਸਤਗੀਰਾਂ ਰਾਹ ਵਖਾਵਣਾ। ਹੱਕ ਹਕੀਕਤ ਵੇਖ ਵਖੌਣਾ, ਲਾਸ਼ਰੀਕ ਡੰਕ ਵਜਾਵਣਾ। ਸਾਚੀ ਤਾਰੀਖ ਇਕ ਜਣੌਣਾ, ਨਾ ਕੋਈ ਮੇਟੇ ਮੇਟ ਮਟਾਵਣਾ। ਚੌਦਾਂ ਤਬਕਾਂ ਡੇਰਾ ਢੌਣਾ, ਉਚੀ ਕੂਕ ਆਪ ਸੁਣਾਵਣਾ। ਦਾਮਨਗੀਰ ਨਾ ਕਿਸੇ ਅਖਵੌਣਾ, ਹੱਥ ਦਾਮਨ ਨਾ ਕਿਸੇ ਫੜਾਵਣਾ। ਜ਼ਾਮਨ ਹੋ ਨਾ ਕਿਸੇ ਛੁਡੌਣਾ, ਅੱਲਾ ਰਾਣੀ ਮੁਖ ਸ਼ਰਮਾਵਣਾ। ਨਾਨਕ ਨਿਰਗੁਣ ਜੋਤ ਜਗੌਣਾ, ਸਰਗੁਣ ਆਪਣਾ ਰੂਪ ਧਰਾਵਣਾ। ਪੁਰਖ ਅਕਾਲ ਏਕਾ ਗੌਣਾ, ਏਕੰਕਾਰਾ ਘਰ ਬਹਾਵਣਾ। ਸਤਿ ਨਾਮ ਨਾਮ ਸਤਿ ਮੰਤਰ ਦ੍ਰਿੜੌਣਾ, ਚਾਰ ਵਰਨਾਂ ਇਕ ਪੜ੍ਹਾਵਣਾ। ਹਿੰਦੂ ਮੁਸਲਮ ਏਕਾ ਰੰਗ ਰੰਗੌਣਾ, ਦੂਈ ਦਵੈਤੀ ਮੇਟ ਮਿਟਾਵਣਾ। ਕਲਜੁਗ ਮਾਰਗ ਇਕ ਵਖੌਣਾ, ਝੂਠਾ ਠੂਠਾ ਭੰਨ ਵਖਾਵਣਾ। ਤਾਣਾ ਪੇਟਾ ਏਕਾ ਪੌਣਾ, ਏਕਾ ਸੂਤਰ ਰੰਗ ਰੰਗਾਵਣਾ। ਊਚਾਂ ਨੀਚਾਂ ਰਾਓ ਰੰਕਾਂ ਏਕਾ ਧਾਮ ਬਹੌਣਾ, ਸਾਚਾ ਤਖ਼ਤ ਇਕ ਵਖਾਵਣਾ। ਅੰਗਦ ਅੰਗੀਕਾਰ ਕਰੌਣਾ, ਅਮਰੂ ਅਮਰਾਪਦ ਦਰਸਾਵਣਾ। ਰਾਮਦਾਸ ਸਾਚਾ ਸਰ ਭਰੌਣਾ, ਅੰਮ੍ਰਿਤ ਤਾਲ ਸੁਹਾਵਣਾ। ਅਰਜਨ ਲੇਖਾ ਬੋਧ ਗਿਆਨ ਦ੍ਰਿੜੌਣਾ, ਗੁਰੂ ਗਰੰਥ ਇਕ ਲਿਖਾਵਣਾ। ਹਰਿ ਗੋਬਿੰਦ ਸਾਚੇ ਘੌੜੇ ਆਪ ਚੜ੍ਹੌਣਾ, ਦੋ ਧਾਰਾ ਆਪ ਬੰਧਾਵਣਾ। ਹਰਿ ਰਾਏ ਹਰਿ ਆਪ ਮਿਲੌਣਾ, ਹਰਿ ਕ੍ਰਿਸ਼ਨਾ ਵੇਖ ਵਖਾਵਣਾ। ਤੇਗ਼ ਬਹਾਦਰ ਤੇਗ਼ ਉਠੌਣਾ, ਧਰਤ ਧਵਲ ਹੌਲਾ ਭਾਰ ਕਰਾਵਣਾ। ਗੋਬਿੰਦ ਸੁੱਤ ਆਪ ਉਪਜੌਣਾ, ਤਨ ਕਟਾਰ ਆਪ ਸਜਾਵਣਾ। ਕਲਗ਼ੀ ਤੋੜਾ ਸੀਸ ਟਿਕੌਣਾ, ਪੰਜ ਪਿਆਰੇ ਮੇਲ ਮਿਲਾਵਣਾ। ਅੰਮ੍ਰਿਤ ਬਾਟੇ ਜਾਮ ਪਿਔਣਾ, ਊਚਾਂ ਨੀਚਾਂ ਰੰਗ ਰੰਗਾਵਣਾ। ਆਪ ਆਪਣਾ ਵਾਰ ਵਖੌਣਾ, ਸਿਰ ਭਾਣਾ ਸਚ ਮਨਾਵਣਾ। ਮਾਛੂਵਾੜੇ ਇਕ ਧਿਔਣਾ, ਸੂਲਾਂ ਸੱਥਰ ਹੇਠ ਵਿਛਾਵਣਾ। ਸ਼ਬਦ ਸੁਨੇਹੜਾ ਇਕ ਘਲੌਣਾ, ਮਿੱਤਰ ਪਿਆਰੇ ਹਾਲ ਸੁਣਾਵਣਾ। ਪੁਰਖ ਅਬਿਨਾਸ਼ੀ ਦਇਆ ਕਮੌਣਾ, ਗੁਰ ਗੋਬਿੰਦ ਮੇਲ ਮਿਲਾਵਣਾ। ਬ੍ਰਹਮੇ ਤੇਰਾ ਰੰਗ ਚੜ੍ਹੌਣਾ, ਰੰਗ ਰਤੜਾ ਆਪ ਅਖਵਾਵਣਾ। ਗੋਬਿੰਦ ਗੋਬਿੰਦ ਘਰ ਸੁਹੌਣਾ, ਗੋਬਿੰਦ ਗੋਬਿੰਦ ਸੋਭਾ ਪਾਵਣਾ। ਗੋਬਿੰਦ ਡੰਕਾ ਇਕ ਵਜੌਣਾ, ਪੁਰਖ ਅਬਿਨਾਸ਼ੀ ਆਪ ਵਜਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕੰਕਾਰ, ਖੇਲੇ ਖੇਲ ਵਿਚ ਸੰਸਾਰ, ਨਿਰਗੁਣ ਸਰਗੁਣ ਰੱਖੇ ਧਾਰ, ਧਾਰ ਅਵੱਲੀ ਆਪ ਚਲਾਵਣਾ। ਨਿਰਗੁਣ ਮਿਲਿਆ ਗੁਰ ਗੋਬਿੰਦ, ਪਾਰਬ੍ਰਹਮ ਵੱਡੀ ਵਡਿਆਈਆ। ਤੇਰਾ ਅੰਮ੍ਰਿਤ ਸਾਗਰ ਸਿੰਧ, ਲੋਕਮਾਤ ਦਏ ਵਹਾਈਆ। ਚਾਰ ਵਰਨ ਬਣਾਏ ਤੇਰੀ ਬਿੰਦ, ਤੇਰਾ ਡੰਕਾ ਇਕ ਵਜਾਈਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਮੇਲਾ ਸਾਚੇ ਘਰ, ਘਰ ਸਾਚਾ ਇਕ ਵਡਿਆਈਆ। ਬ੍ਰਹਮੇ ਸੁਣ ਕਰ ਵਿਚਾਰ, ਹਰਿ ਪੁਰਖ ਨਿਰੰਜਣ ਆਪ ਸੁਣਾਇੰਦਾ। ਵੇਦ ਵਿਆਸਾ ਬਣੇ ਲਿਖਾਰ, ਲੇਖਾ ਆਪਣਾ ਆਪ ਜਣਾਇੰਦਾ। ਗੋਬਿੰਦ ਜੋਧਾ ਬਣ ਬਲਕਾਰ, ਏਕਾ ਭਿਛਿਆ ਮੰਗ ਮੰਗਾਇੰਦਾ। ਨਾਨਕ ਬੋਲੇ ਸਚ ਜੈਕਾਰ, ਸ੍ਰਿਸ਼ਟ ਸਬਾਈ ਆਪ ਸਮਝਾਇੰਦਾ। ਪੁਰਖ ਅਬਿਨਾਸ਼ੀ ਖੇਲ ਅਪਾਰ, ਜੁਗਾ ਜੁਗੰਤਰ ਆਪ ਕਰਾਇੰਦਾ। ਕਲਜੁਗ ਆਏ ਅੰਤਮ ਵਾਰ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਸ੍ਰਿਸ਼ਟ ਸਬਾਈ ਹੋਏ ਨਾਰ ਵਿਭਚਾਰ, ਸਾਚਾ ਕੰਤ ਨਾ ਕੋਇ ਹੰਢਾਇੰਦਾ। ਵਰਨ ਬਰਨ ਆਪਣਾ ਧਰਮ ਜਾਇਣ ਹਾਰ, ਸਾਚਾ ਧਰਮ ਨਾ ਕੋਇ ਵਖਾਇੰਦਾ। ਘਰ ਘਰ ਭਰੇ ਇਕ ਹੰਕਾਰ, ਮਾਇਆ ਮਮਤਾ ਮੋਹ ਹਲਕਾਇੰਦਾ। ਆਸਾ ਤ੍ਰਿਸ਼ਨਾ ਕਰੇ ਖ਼ਵਾਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਸਿਖ ਨਾਲ ਸਿਖ ਨਾ ਕਰੇ ਪਿਆਰ, ਸਿਖਿਆ ਸਿਖ ਸਿਖੀ ਤੋੜ ਨਾ ਕੋਇ ਨਿਭਾਇੰਦਾ। ਅੰਤਮ ਲਏ ਨਿਹਕਲੰਕ ਨਰਾਇਣ ਨਰ ਅਵਤਾਰ, ਜੋਤੀ ਜਾਮਾ ਭੇਖ ਵਟਾਇੰਦਾ। ਗੋਬਿੰਦ ਤੇਰਾ ਕਰੇ ਸਚ ਪਿਆਰ, ਤੇਰੀ ਨਗਰੀ ਆਪ ਸੁਹਾਇੰਦਾ। ਸੰਬਲ ਤੇਰਾ ਧਾਮ ਅਪਾਰ, ਉਚੇ ਟਿੱਲੇ ਡੇਰਾ ਲਾਇੰਦਾ। ਅੰਮ੍ਰਿਤ ਜਾਮ ਭਰ ਭੰਡਾਰ, ਹਰਿ ਵਰਤਾਰਾ ਇਕ ਵਰਤਾਇੰਦਾ। ਨੌ ਖੰਡ ਪ੍ਰਿਥਮੀ ਬੋਲ ਜੈਕਾਰ, ਵਾਹਵਾ ਗੁਰੂ ਫ਼ਤਹਿ ਇਕ ਗਜਾਇੰਦਾ। ਰਾਮ ਨਾਮ ਕਰੇ ਪਿਆਰ, ਕਾਹਨਾ ਗੀਤ ਆਪਣੇ ਆਪ ਅਲਾਇੰਦਾ। ਏਕਾ ਕਲਮਾ ਸਚ ਨਿਆਰ, ਉਚੀ ਕੂਕ ਆਪ ਸੁਣਾਇੰਦਾ। ਆਪੇ ਵਸੇ ਸਭ ਤੋਂ ਬਾਹਰ, ਦਿਸ ਕਿਸੇ ਨਾ ਆਇੰਦਾ। ਕਲਜੁਗ ਮੇਟੇ ਕੂੜ ਪਸਾਰ, ਕੂੜੀ ਕਿਰਿਆ ਵੇਖ ਵਖਾਇੰਦਾ। ਲੋਕਮਾਤ ਲਾਏ ਸਚ ਦਰਬਾਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਬ੍ਰਹਮੇ ਬਣਨਾ ਪਏ ਭਿਖਾਰ, ਸ਼ਿਵ ਸ਼ੰਕਰ ਨਾਲ ਰਲਾਇੰਦਾ। ਵਿਸ਼ਨ ਰੂਪ ਕਰੇ ਤਿਆਰ, ਤ੍ਰੈ ਤ੍ਰੈ ਆਪਣਾ ਖੇਲ ਖਿਲਾਇੰਦਾ। ਭਗਵਨ ਜੋਤ ਜਗੇ ਸੰਸਾਰ, ਨਿਰਗੁਣ ਦੀਆ ਆਪ ਜਗਾਇੰਦਾ। ਬ੍ਰਹਮੇ ਤੇਰੀ ਪਾਏ ਸਾਰ, ਹੰ ਰੂਪ ਤੇਰਾ ਵੇਖ ਵਖਾਇੰਦਾ। ਸੋਇਮ ਰੂਪ ਹੋਏ ਸਿਰਜਣਹਾਰ, ਸੋ ਪੁਰਖ ਨਿਰੰਜਣ ਆਪਣਾ ਨਾਉਂ ਉਪਜਾਇੰਦਾ। ਸੋਹੰ ਸ਼ਬਦ ਕਰ ਤਿਆਰ, ਲੋਕਮਾਤ ਆਪ ਧਰਾਇੰਦਾ। ਸਤਿਜੁਗ ਬੇੜਾ ਕਰੇ ਤਿਆਰ, ਸਾਚਾ ਬਾਢੀ ਬਣਤ ਬਣਾਇੰਦਾ। ਲੱਖ ਚੁਰਾਸੀ ਪਾਵੇ ਸਾਰ, ਘਰ ਘਰ ਭਾਂਡੇ ਫੋਲ ਫੁਲਾਇੰਦਾ। ਹਿੰਦੂ ਮੁਸਲਮ ਸਿਖ ਈਸਾਈ ਨਾ ਕਰੇ ਕੋਈ ਵਿਚਾਰ, ਜ਼ਾਤ ਪਾਤ ਵਿਚ ਨਾ ਆਇੰਦਾ। ਦੀਨ ਮਜ਼੍ਹਬ ਨਾ ਕੋਇ ਆਧਾਰ, ਸ਼ਰਅ ਸ਼ਰੀਅਤ ਨਾ ਬੰਧਨ ਪਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰ, ਪੁਰਖ ਅਕਾਲ ਇਕ ਅਖਵਾਇੰਦਾ। ਕਲਜੁਗ ਅੰਤਮ ਖੇਲ ਕਰੇ ਅਪਾਰ, ਨਿਰਗੁਣ ਆਪਣਾ ਰੂਪ ਵਟਾਇੰਦਾ। ਭਰਮੇ ਭੁੱਲਾ ਸਰਬ ਸੰਸਾਰ, ਭਰਮ ਗੜ੍ਹ ਨਾ ਕੋਇ ਤੁੜਾਇੰਦਾ। ਕਾਇਆ ਚੁਲ੍ਹੇ ਤਪੇ ਇਕ ਅੰਗਿਆਰ, ਤ੍ਰੈਗੁਣ ਮਾਇਆ ਅਗਨੀ ਲਾਇੰਦਾ। ਗੁਰਮੁਖਾਂ ਖੁਲ੍ਹੇ ਦੇਵੇ ਆਪ ਭੰਡਾਰ, ਸਾਚਾ ਨਾਮ ਆਪ ਵਰਤਾਇੰਦਾ। ਕਲਜੁਗ ਕਲਕੀ ਲੈ ਅਵਤਾਰ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਅਮਾਮ ਮਹਿੰਦੀ ਪਾਵੇ ਸਾਰ, ਦਿਸ਼ਾ ਲਹਿੰਦੀ ਫੋਲ ਫੁਲਾਇੰਦਾ। ਅੰਜੀਲ ਕੁਰਾਨ ਇਕੱਠੀ ਹੋ ਹੋ ਬਹਿੰਦੀ, ਕਵਣ ਕੂਟੇ ਹਰਿ ਹਰਿ ਜੋਤ ਜਗਾਇੰਦਾ। ਲਾਲ ਰੰਗਣ ਰੰਗਾਏ ਸਾਚੀ ਮਹਿੰਦੀ, ਘਰ ਸਾਚਾ ਸਗਨ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨੂਰ ਆਪੇ ਡਗਮਗਾਇੰਦਾ। ਨੂਰ ਨੁਰਾਨਾ ਸ਼ਾਹ ਸੁਲਤਾਨਾ ਮਿਹਰਵਾਨ ਇਕ ਅਖਵਾਈਆ । ਸ਼ਾਹਸਵਾਰ ਨੌਜਵਾਨਾ, ਸ਼ਾਹ ਪਾਤਸ਼ਾਹ ਬੇਪਰਵਾਹੀਆ। ਚੌਦਾਂ ਤਬਕਾਂ ਵੇਖੇ ਮਾਰ ਧਿਆਨਾ, ਜਲਵਾ ਨੂਰ ਨੂਰ ਇਲਾਹੀਆ। ਏਕਾ ਕਲਮਾ ਕਲਾਮ ਕਰ ਪਰਵਾਨਾ, ਉਲਮਾ ਉਲਮਾ ਦਏ ਪੜ੍ਹਾਈਆ। ਏਕਾ ਰੱਖੇ ਤੀਰ ਕਮਾਨਾ, ਸ਼ਾਹ ਅਫ਼ਗਾਨਾ ਵੇਖ ਵਖਾਈਆ। ਲੇਖਾ ਜਾਣੇ ਗ਼ਫ਼ੂਰ ਈਰਾਨਾ, ਮਹਿਬਾਨ ਭੇਵ ਨਾ ਰਾਈਆ। ਮੇਟ ਮਿਟਾਏ ਪੰਚ ਸ਼ੈਤਾਨਾ, ਇਕ ਨਿਸ਼ਾਨਾ ਦਏ ਲਗਾਈਆ। ਕਰੇ ਖੇਲ ਵਾਲੀ ਦੋ ਜਹਾਨਾਂ, ਬੇਐਬ ਪਰਵਰਦਿਗਾਰ ਆਪਣਾ ਨਾਉਂ ਰਖਾਈਆ। ਤਾਲਬ ਤੁਲਬਾ ਆਪ ਪੜ੍ਹਾਣਾ, ਏਕਾ ਮੰਤਰ ਨਾਮ ਦ੍ਰਿੜਾਈਆ। ਲੇਖਾ ਜਾਣੇ ਅੰਜੀਲ ਕੁਰਾਨਾ, ਤੀਸ ਬਤੀਸਾ ਦਏ ਗਵਾਹੀਆ। ਚਾਰ ਯਾਰੀ ਕਰ ਪਰਧਾਨਾ, ਸੰਗ ਮੁਹੰਮਦ ਮੇਲ ਮਿਲਾਈਆ। ਇਜ਼ਰਾਈਲ ਜ਼ਬਰਾਈਲ ਮੇਕਾਈਲ ਅਸਰਾਫ਼ੀਲ ਗਾਇਣ ਇਕ ਤਰਾਨਾ, ਵਾਹਦੇ ਲਾਸ਼ਰੀਕ ਏਕਾ ਏਕ ਖ਼ੁਦਾਈਆ। ਪੁਰਖ ਅਬਿਨਾਸ਼ੀ ਖੇਲ ਮਹਾਨਾ, ਅਮਾਮ ਅਮਾਮਾ ਸਿਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਾਲਾ ਸੂਸਾ ਤਨ ਛੁਹਾਈਆ। ਕਾਲਾ ਸੂਸਾ ਤਨ ਸ਼ਿੰਗਾਰ, ਆਪਣੀ ਅਲਫ਼ੀ ਆਪ ਹੰਢਾਇੰਦਾ। ਈਸਾ ਮੂਸਾ ਪਾਵੇ ਸਾਰ, ਮੁਸਲਮ ਸੁੰਨੀ ਵੇਖ ਵਖਾਇੰਦਾ। ਮੱਕਾ ਕਾਅਬਾ ਖੋਲ੍ਹ ਕਿਵਾੜ, ਦੋ ਦੋ ਆਬਾ ਖੋਜ ਖੁਜਾਇੰਦਾ। ਸ਼ਾਹ ਨਵਾਬਾ ਸਾਂਝਾ ਯਾਰ, ਚਰਨ ਰਕਾਬੇ ਆਪ ਟਿਕਾਇੰਦਾ। ਦਹਿ ਦਿਸ਼ਾ ਫਿਰੇ ਸ਼ਾਹ ਸਵਾਰ, ਆਪਣਾ ਘੋੜਾ ਆਪ ਦੌੜਾਇੰਦਾ। ਹਰਿਜਨ ਸਾਚੇ ਲਏ ਉਭਾਰ, ਉਮਤ ਉਮਤੀ ਵੇਖ ਵਖਾਇੰਦਾ। ਸੂਫ਼ੀਆਂ ਸੂਫ਼ੀ ਕਰੇ ਪਿਆਰ, ਆਪਣਾ ਨਸ਼ਾ ਨਾਮ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਚੁਕਾਏ ਤੇਰਾ ਲਹਿਣਾ, ਤੇਰਾ ਬਸਤਰ ਤੇਰੇ ਗਲ ਪਹਿਨਾਏ ਗਹਿਣਾ, ਜੂਠ ਝੂਠ ਨਾਲ ਲਟਕਾਈਆ। ਜੂਠਾ ਝੂਠਾ ਤੇਰਾ ਬਸਤਰ, ਕਲਜੁਗ ਤੇਰਾ ਸੰਗ ਰਖਾਇੰਦਾ। ਮਾਇਆ ਰਾਣੀ ਤੇਰਾ ਸ਼ਸਤਰ, ਤੇਰੀ ਕਮਰ ਬੰਧਾਇੰਦਾ। ਤੇਰੀ ਬਿਧ ਜਾਣੇ ਅੰਤਰ, ਕਾਮ ਕਰੋਧ ਲੋਭ ਮੋਹ ਹੰਕਾਰ ਤੇਰਾ ਗੜ੍ਹ ਬਣਾਇੰਦਾ। ਤ੍ਰੈਗੁਣ ਮਾਇਆ ਤੇਰੀ ਬਸੰਤਰ, ਘਰ ਘਰ ਅੱਗ ਲਗਾਇੰਦਾ। ਸਤਿਜੁਗ ਚਲਾਏ ਆਪਣਾ ਮੰਤਰ, ਸੋਹੰ ਸਾਚਾ ਜਾਪ ਜਪਾਇੰਦਾ। ਗੁਰਮੁਖ ਸਦਾ ਰਹੇ ਸੁਤੰਤਰ, ਦੁਰਮਤ ਮੈਲ ਧਵਾਇੰਦਾ। ਆਪ ਬਣਾਏ ਭਗਤਾਂ ਬਣਤਰ, ਬ੍ਰਹਮ ਗਿਆਨ ਆਪ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਖੇਲ ਨਿਆਰਾ, ਕਰੇ ਕਰਾਏ ਕਰਣੇਹਾਰਾ, ਕਰਨਹਾਰ ਆਪ ਅਖਵਾਇੰਦਾ। ਕਲਜੁਗ ਤੇਰਾ ਕਾਲਾ ਚੋਲਾ, ਚਾਰੇ ਕੰਨੀਆਂ ਰਿਹਾ ਵਖਾਈਆ। ਤੇਰੀ ਸ੍ਰਿਸ਼ਟੀ ਖੇਲੇ ਹੋਲਾ, ਲਾਲ ਰੰਗਣ ਇਕ ਵਖਾਈਆ। ਚਾਰੇ ਜੁਗ ਚੁੱਕਣ ਡੋਲਾ, ਨੌ ਖੰਡ ਪ੍ਰਿਥਮੀ ਵਿਚ ਬਹਾਈਆ। ਰਾਣੀ ਮੌਤ ਆਪਣਾ ਗੀਤ ਗਾਏ ਢੋਲਾ, ਨੈਣ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਖਲਾਈਆ। ਖੇਲੇ ਖੇਲ ਹਰੀ ਦਵਾਰ, ਹਰੀ ਹਰਿ ਆਪਣਾ ਰੂਪ ਵਟਾਇੰਦਾ। ਰਾਏ ਧਰਮ ਹੋ ਤਿਆਰ, ਪੁਰਖ ਅਬਿਨਾਸ਼ੀ ਹੁਕਮ ਸੁਣਾਇੰਦਾ। ਵਰਨ ਬਰਨ ਹੋਏ ਖ਼ਵਾਰ, ਸਾਚੀ ਸਰਨ ਨਾ ਕੋਇ ਰਖਾਇੰਦਾ। ਧੀਰਜ ਜਤ ਤੁੱਟਾ ਸੰਸਾਰ, ਸਾਚੀ ਪਤ ਨਾ ਕੋਇ ਰਖਾਇੰਦਾ। ਰੱਤੀ ਰੱਤ ਗਈ ਹਾਰ, ਬ੍ਰਹਮ ਮਤ ਨਾ ਕੋਇ ਧਰਾਇੰਦਾ। ਅਠਸਠ ਹੋਇਆ ਵਿਭਚਾਰ, ਨਾਰੀ ਪੁਰਸ਼ ਨੰਗਾ ਤਾਰੀਆਂ ਲਾਇੰਦਾ। ਗੁਰਦਰ ਮੰਦਰ ਮਸਜਿਦ ਸਚ ਧਰਮ ਨਾ ਦਿਸੇ ਇਕੱਠ, ਜਗਤ ਸਿਆਸਤ ਨਾਚ ਕਰਾਇੰਦਾ। ਪੁਰਖ ਅਬਿਨਾਸ਼ੀ ਵੇਖਣਹਾਰਾ ਇਕ ਸਮਰਥ, ਸਰਬ ਕਲ ਆਪਣਾ ਨਾਉਂ ਧਰਾਇੰਦਾ। ਕਲਜੁਗ ਅੰਤਮ ਹੋਏ ਪਰਗਟ, ਨਿਹਕਲੰਕਾ ਜਾਮਾ ਪਾਇੰਦਾ। ਗੁਰਮੁਖ ਸੱਜਣ ਕਰੇ ਵੱਖ, ਸਿਰ ਆਪਣਾ ਹੱਥ ਰਖਾਇੰਦਾ। ਸਤਿਜੁਗ ਮਾਰਗ ਸਾਚਾ ਦੱਸ, ਭੁੱਲੇ ਪਾਂਧੀ ਰਾਹੇ ਪਾਇੰਦਾ। ਗੁਰ ਗੋਬਿੰਦ ਮਿਲਾਏ ਮੇਲਾ ਨੱਠ ਨੱਠ, ਦਿਵਸ ਰੈਣ ਸੇਵ ਕਮਾਇੰਦਾ। ਕਲਜੁਗ ਬੁਰਜ ਰਿਹਾ ਢੱਠ, ਕੱਲਰ ਕੰਧ ਨਾ ਕੋਇ ਬਚਾਇੰਦਾ। ਝੂਠਾ ਖੇੜਾ ਹੋਣਾ ਭੱਠ, ਬਣ ਯਾਰ ਸੱਥਰ ਨਾ ਕੋਇ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਮੇਲ ਮਿਲਾਵਾ ਹਰਿ ਗੋਬਿੰਦ, ਚਿੰਤਾ ਸੋਗ ਰਹੇ ਨਾ ਰਾਈਆ। ਸਤਿਗੁਰ ਪੂਰਾ ਸਦਾ ਬਖ਼ਸ਼ੰਦ, ਨਾ ਮਰੇ ਨਾ ਜਾਈਆ। ਮਨਮੁਖ ਲਗਾਏ ਆਪਣੀ ਨਿੰਦ, ਨਿੰਦਕ ਨਿੰਦਿਆ ਮੁਖ ਭਰਾਈਆ। ਹਰਿਜਨ ਉਪਜਾਏ ਸਾਚੀ ਬਿੰਦ, ਮਾਤ ਪਿਤ ਆਪ ਅਖਵਾਈਆ। ਦਰ ਆਇਆਂ ਮੇਟੇ ਸਗਲੀ ਚਿੰਦ, ਸਾਂਤਕ ਸਤਿ ਸਤਿ ਵਰਤ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਜਗਾਈਆ। ਹਰਿਜਨ ਸਾਚਾ ਜਾਗਿਆ, ਪ੍ਰਭ ਕਿਰਪਾ ਕਰੀ ਅਪਾਰ। ਸ਼ਾਹੋ ਮਿਲਿਆ ਵਡ ਰਾਜਨ ਰਾਜਿਆ, ਨਾਤਾ ਤੁੱਟਾ ਸਰਬ ਸੰਸਾਰ। ਮਨਮੁਖ ਜੀਵ ਚਾਰੋਂ ਕੁੰਟ ਫਿਰੇ ਭਾਜਿਆ, ਮਗਰ ਲੱਗਾ ਕਾਮ ਕਰੋਧ ਹੰਕਾਰ। ਘਰ ਮਿਲਿਆ ਨਾ ਗ਼ਰੀਬ ਨਿਵਾਜ਼ਿਆ, ਦੇਵੇ ਪੈਜ ਸਵਾਰ। ਅਨਹਦ ਵੱਜੇ ਨਾ ਸਾਚਾ ਵਾਜਿਆ, ਧੁਨੀ ਸੁਣੇ ਨਾ ਨਾਦ ਧੁਨਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਆਪ ਨਿਵਾਜ਼ਿਆ, ਨਿਰਗੁਣ ਸਰਗੁਣ ਕਰ ਪਿਆਰ। ਨਿਰਗੁਣ ਮੇਲਾ ਮੇਲਿਆ, ਸਰਗੁਣ ਪ੍ਰੇਮ ਪਿਆਰ। ਨਿਰਗੁਣ ਖੇਲ ਗੁਰੂ ਗੁਰ ਚੇਲਿਆ, ਗੁਰ ਚੇਲਾ ਬੰਨ੍ਹੇ ਧਾਰ। ਨਿਰਗੁਣ ਸਤਿਗੁਰ ਸੱਜਣ ਸੁਹੇਲਿਆ, ਸਰਗੁਣ ਵੇਖੇ ਇਕ ਦਵਾਰ। ਨਿਰਗੁਣ ਕੱਟੇ ਧਰਮ ਰਾਏ ਦੀ ਜੇਲਿਆ, ਸਰਗੁਣ ਲੱਖ ਚੁਰਾਸੀ ਉਤਰੇ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਲੇਖਾ ਜਾਣੇ ਕਲਗੀ ਤੋੜਾ, ਜੋੜੀ ਜੋੜਾ ਸ਼ਾਹ ਅਸਵਾਰ। ਕਲਗੀ ਤੋੜਾ ਹਰਿ ਨਿਰੰਕਾਰ, ਆਦਿ ਅੰਤ ਰਖਾਇੰਦਾ। ਸ਼ਬਦ ਘੋੜੇ ਹੋ ਅਸਵਾਰ, ਜੁਗ ਜੁਗ ਫੇਰਾ ਪਾਇੰਦਾ। ਮਿੱਠਾ ਕੌੜਾ ਪਰਖੇ ਪਰਖਣਹਾਰ, ਲੱਖ ਚੁਰਾਸੀ ਫੋਲ ਫੁਲਾਇੰਦਾ। ਗੁਰਮੁਖਾਂ ਖੋਲ੍ਹੇ ਬੰਦ ਕਿਵਾੜ, ਆਪਣੀ ਦ੍ਰਿਸ਼ਟੀ ਆਪੇ ਪਾਇੰਦਾ। ਕਰੇ ਪਰਕਾਸ਼ ਬਹੱਤਰ ਨਾੜ, ਜੋਤ ਨਿਰੰਜਣ ਆਪ ਜਗਾਇੰਦਾ। ਅੰਮ੍ਰਿਤ ਬਖ਼ਸ਼ੇ ਠੰਡਾ ਠਾਰ, ਘਰ ਸਰੋਵਰ ਆਪ ਪਿਆਇੰਦਾ। ਆਤਮ ਸੇਜਾ ਹੋ ਤਿਆਰ, ਸਚ ਸਿੰਘਾਸਣ ਆਸਣ ਲਾਇੰਦਾ। ਸੁਰਤ ਸਵਾਣੀ ਮੇਲੇ ਸ਼ਬਦ ਭਤਾਰ, ਘਰ ਸਖੀਆਂ ਮੰਗਲ ਗਾਇੰਦਾ। ਪੰਚਮ ਸ਼ਬਦ ਬੋਲ ਜੈਕਾਰ, ਆਪ ਆਪਣਾ ਖੇਲ ਖਿਲਾਇੰਦਾ। ਰੰਗਣ ਰੰਗ ਚੜ੍ਹੇ ਅਪਾਰ, ਚੜ੍ਹਿਆ ਰੰਗ ਉਤਰ ਨਾ ਜਾਇੰਦਾ। ਚਾਰੇ ਜੁਗ ਗਏ ਹਾਰ, ਵੇਲਾ ਅੰਤਮ ਆਇੰਦਾ। ਨਾਰਦ ਮੁਨ ਵੇਸ ਕਰੇ ਅਪਾਰ, ਕਲਜੁਗ ਤੇਰਾ ਸੰਗ ਨਿਭਾਇੰਦਾ। ਬਾਰਾਂ ਅਕਸ਼ਰ ਕਰੇ ਤਿਆਰ, ਬ੍ਰਹਮਾ ਵੇਤਾ ਨਾਲ ਰਲਾਇੰਦਾ। ਜਗਤ ਸੁਰਸਤੀ ਕਰੇ ਪਿਆਰ, ਛੱਤੀ ਰਾਗ ਅਲਾਇੰਦਾ। ਪਾਰਬ੍ਰਹਮ ਪ੍ਰਭ ਭੇਵ ਨਿਆਰ, ਲੇਖਾ ਲੇਖ ਨਾ ਕੋਇ ਜਣਾਇੰਦਾ। ਜੀਵ ਜੰਤ ਚਾਰੋਂ ਕੁੰਟ ਰਹੇ ਝੱਖ ਮਾਰ, ਹਕੀਕੀ ਜਾਮ ਨਾ ਕੋਇ ਪਿਆਇੰਦਾ। ਪੁਰਖ ਅਕਾਲ ਦੀਨ ਦਿਆਲ ਆਦਿ ਜੁਗਾਦੀ ਇਕ ਅਵਤਾਰ, ਦੂਸਰ ਗੁਰੂ ਨਾ ਕੋਇ ਵਖਾਇੰਦਾ। ਜਿਸ ਤਨ ਚੋਲੇ ਕਰੇ ਪਿਆਰ, ਪੰਜ ਤਤ ਬੰਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਬਲ ਨਗਰ ਬੈਠਾ ਵੜ, ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਜੀਵ ਜੰਤ ਸਕੇ ਫੜ, ਦਰ ਦਰ ਘਰ ਘਰ ਬੈਠ ਰਹੇ ਕੁਰਲਾਈਆ। ਪੁਰਖ ਅਬਿਨਾਸ਼ੀ ਕਰਿਆ ਖੇਲ ਅਪਾਰਾ, ਚਾਰ ਜੁਗ ਮੁਖ ਸ਼ਰਮਾਇਆ। ਲੇਖ ਨਾ ਲਿਖਿਆ ਕਿਸੇ ਕਰ ਉਜਿਆਰਾ, ਗੁਰ ਪੀਰ ਅਵਤਾਰ ਰਹੇ ਰਾਹ ਤਕਾਈਆ। ਕਵਣ ਰੂਪ ਪਰਗਟੇ ਵਿਚ ਸੰਸਾਰਾ, ਨਿਹਕਲੰਕ ਕਵਣ ਅਖਵਾਈਆ। ਗੁਰ ਗੋਬਿੰਦ ਬਣਿਆ ਸਚ ਲਿਖਾਰਾ, ਲਿਖ ਲਿਖ ਲੇਖਾ ਦਏ ਗਵਾਹੀਆ। ਸੋਹੰ ਸ਼ਬਦ ਹੋਏ ਉਜਿਆਰਾ, ਚਿਲਾ ਤੀਰ ਕਮਾਨ ਨਾ ਕੋਇ ਵਖਾਈਆ। ਦੋ ਜਹਾਨਾਂ ਮਾਰੇ ਮਾਰਾ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਗ਼ਰੀਬ ਨਿਮਾਣਿਆਂ ਪਾਵੇ ਸਾਰਾ, ਗੜ੍ਹ ਹੰਕਾਰੀਆਂ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਇਕ ਵਜਾਏ ਸਾਚਾ ਡੰਕਾ, ਆਪ ਉਠਾਏ ਰਾਓ ਰੰਕਾ, ਰਾਜ ਰਾਜਾਨ ਸੋਇਆ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰ ਵਰਨ ਏਕਾ ਘਰ, ਸਤਿਜੁਗ ਸਾਚਾ ਘਾੜਣ ਘੜ, ਨੌ ਖੰਡ ਪ੍ਰਿਥਮੀ ਸੱਤ ਦੀਪ ਬ੍ਰਹਿਮੰਡ ਖੰਡ ਉਤਭੁਜ ਸੇਤਜ ਜੇਰਜ ਅੰਡ ਏਕਾ ਏਕ ਰੰਗ ਰੰਗਾਈਆ।