Granth 09 Likhat 125: 10 Jeth 2017 Bikarmi Dhunda Ram de Ghar Dayea hoi Chhamb Jila Jammu

੧੦ ਜੇਠ ੨੦੧੭ ਬਿਕ੍ਰਮੀ ਧੂੰਦਾ ਰਾਮ ਦੇ ਘਰ ਦਇਆ ਹੋਈ ਛੰਬ ਜ਼ਿਲਾ ਜੰਮੂ

ਨੇਤਰ ਦਰਸ਼ਨ ਹਰਿ ਹਰਿ ਪਾ, ਹਰਿਜਨ ਚਿੰਤਾ ਸਰਬ ਮਿਟਾਈਆ। ਪੂਰਬ ਲਹਿਣਾ ਵੇਖ ਵਖਾ, ਗੁਰ ਸਤਿਗੁਰ ਪਿਆਸ ਬੁਝਾਈਆ। ਮਾਣਸ ਜਨਮ ਲੇਖੇ ਲਾ, ਅਗਲਾ ਲੇਖਾ ਆਪ ਚੁਕਾਈਆ। ਸਤਿਗੁਰ ਪੂਰਾ ਸਿਰ ਹੱਥ ਟਿਕਾ, ਦੇਵੇ ਮਾਤ ਜਗਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਥਾਨ ਥਨੰਤਰ ਹਰਿ ਸੁਹਾਇਆ, ਪਾਰਬ੍ਰਹਮ ਵੱਡੀ ਵਡਿਆਈਆ। ਘਟ ਘਟ ਅੰਦਰ ਵੇਖ ਵਖਾਇਆ, ਜਿਸ ਜਨ ਅੰਤਰ ਹਰਿ ਲਿਵ ਲਾਈਆ। ਰਸਨਾ ਜਿਹਵਾ ਜੋ ਰਹੇ ਧਿਆਇਆ, ਮੇਲ ਮਿਲਾਏ ਸਹਿਜ ਸੁਭਾਈਆ। ਜਗਤ ਤ੍ਰਿਸ਼ਨਾ ਅੱਗ ਬੁਝਾਇਆ, ਅੰਮ੍ਰਿਤ ਮੇਘ ਇਕ ਬਰਸਾਈਆ। ਜਗਤ ਜਲੰਦੇ ਆਣ ਤਰਾਇਆ, ਡੁੱਬਦੇ ਪਾਥਰ ਬਾਹਰ ਕਢਾਈਆ। ਪੁਰਖ ਅਬਿਨਾਸ਼ੀ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਹਰਿ ਏਕਾ ਬੂਝ ਬੁਝਾਈਆ। ਮਾਨਸ ਜਨਮ ਕਰਮ ਵਿਚਾਰ, ਨੇਹਕਰਮੀ ਕਰਮ ਕਮਾਇੰਦਾ। ਲੇਖਾ ਜਾਣੇ ਧੁਰ ਦਰਬਾਰ, ਦਰਗਹਿ ਸਾਚੀ ਵੇਖ ਵਖਾਇੰਦਾ। ਲੋਕਮਾਤ ਹੋ ਉਜਿਆਰ, ਹਰਿਜਨ ਸਾਚੇ ਆਪੇ ਤਰਾਇੰਦਾ। ਗ਼ਰੀਬ ਨਿਮਾਣਿਆਂ ਪਾਵੇ ਸਾਰ, ਸ਼ਾਹ ਸੁਲਤਾਨਾਂ ਦਰ ਦੁਰਕਾਇੰਦਾ। ਜਿਸ ਅੰਦਰ ਆਪਣਾ ਰੱਖੇ ਸਚ ਪਿਆਰ, ਸੋ ਮੰਦਰ ਆਪ ਸੁਹਾਇੰਦਾ। ਕਾਇਆ ਬੰਦ ਖੋਲ੍ਹ ਕਿਵਾੜ, ਪੰਚਮ ਧਾੜ ਮੇਟ ਮਿਟਾਇੰਦਾ। ਅੱਗ ਨਾ ਲੱਗੇ ਤੱਤੀ ਹਾੜ, ਸੀਤਲ ਸਾਂਤਕ ਸਤਿ ਆਪ ਕਰਾਇੰਦਾ। ਹੋਏ ਪਰਕਾਸ਼ ਬਹੱਤਰ ਨਾੜ, ਜੋਤ ਨਿਰੰਜਣ ਇਕ ਜਗਾਇੰਦਾ। ਦਰਗਹਿ ਸਾਚੀ ਦੇਵੇ ਵਾੜ, ਸਚਖੰਡ ਦੁਆਰਾ ਇਕ ਵਖਾਇੰਦਾ। ਬਿਰਧ ਅਵਸਥਾ ਲਾਏ ਪਾਰ, ਜਗਤ ਬੁੜੇਪਾ ਆਪਣੇ ਹੱਥ ਰਖਾਇੰਦਾ। ਕਰ ਕਿਰਪਾ ਲੇਖਾ ਲਿਖੇ ਲਿਖਣਹਾਰ, ਲਿਖ ਲਿਖ ਆਪਣੇ ਲੇਖੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਅੰਤਰ ਦੇਵੇ ਏਕਾ ਰਸ, ਰਸ ਆਪਣਾ ਇਕ ਵਖਾਇੰਦਾ। ਸਾਚਾ ਰਸ ਮਿੱਠਾ ਨਾਉਂ, ਹਰਿ ਨਾਮੇ ਵਡ ਵਡਿਆਈਆ। ਕਾਇਆ ਵਸਾਏ ਨਗਰ ਗਰਾਉਂ, ਘਰ ਵਜਦੀ ਰਹੇ ਵਧਾਈਆ। ਹਰਿਜਨ ਉਠਾਏ ਫੜ ਫੜ ਬਾਹੋਂ, ਨਿਰਗੁਣ ਸਰਗੁਣ ਮੇਲ ਮਿਲਾਈਆ। ਕਰੇ ਕਰਾਏ ਸਚ ਨਿਆਉਂ, ਜੁਗ ਜੁਗ ਵੱਡੀ ਵਡਿਆਈਆ। ਜਨ ਭਗਤਾਂ ਬਣੇ ਪਿਤਾ ਮਾਉਂ, ਆਪ ਆਪਣੀ ਗੋਦ ਬਹਾਈਆ। ਫੜ ਫੜ ਹੰਸ ਬਣਾਏ ਕਾਉਂ, ਕਾਗੋਂ ਹੰਸ ਆਪ ਉਡਾਈਆ। ਭੇਵ ਅਭੇਦਾ ਸਿਰ ਰੱਖੇ ਠੰਡੀ ਛਾਉਂ, ਸਿਰ ਆਪਣਾ ਹੱਥ ਟਿਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਜੀਆ ਦਾਨ, ਜਗਤ ਜੁਗਤ ਭਗਤ ਭਗਵੰਤ ਚਰਨ ਸੱਚੀ ਸਰਨਾਈਆ।