Granth 09 Likhat 126: 10 Jeth 2017 Bikarmi Bibi Ram Kaur de Ghar Chhamb Jila Jammu

੧੦ ਜੇਠ ੨੦੧੭ ਬਿਕ੍ਰਮੀ ਬੀਬੀ ਰਾਮ ਕੌਰ ਦੇ ਘਰ ਛੰਬ ਜ਼ਿਲਾ ਜੰਮੂ

ਥਿਰ ਘਰ ਸਾਚਾ ਸਚ ਦਰਬਾਰਾ, ਸੋ ਪੁਰਖ ਨਿਰੰਜਣ ਆਪ ਬਣਾਇੰਦਾ। ਮਹੱਲ ਅਟੱਲ ਉਚ ਮੁਨਾਰਾ, ਹਰਿ ਪੁਰਖ ਨਿਰੰਜਣ ਆਪ ਸੁਹਾਇੰਦਾ। ਨਾ ਕੋਈ ਦੀਸੇ ਚਾਰ ਦੀਵਾਰਾ, ਏਕੰਕਾਰਾ ਖੇਲ ਖਿਲਾਇੰਦਾ। ਛੱਪਰ ਛੰਨ ਨਾ ਕੋਇ ਸਹਾਰਾ, ਆਦਿ ਨਿਰੰਜਣ ਜੋਤ ਜਗਾਇੰਦਾ। ਨਾ ਕੋਈ ਮੰਦਰ ਦਿਸੇ ਗੁਰੂਦੁਆਰਾ, ਸਚਖੰਡ ਸਾਚਾ ਆਪ ਸੁਹਾਇੰਦਾ। ਅਬਿਨਾਸ਼ੀ ਕਰਤਾ ਹੋ ਉਜਿਆਰਾ, ਸਚ ਸਿੰਘਾਸਣ ਆਸਣ ਲਾਇੰਦਾ। ਸ੍ਰੀ ਭਗਵਾਨ ਆਪੇ ਹੋਇਆ ਖ਼ਬਰਦਾਰਾ, ਆਪਣਾ ਹੁਕਮ ਆਪ ਵਰਤਾਇੰਦਾ। ਪਾਰਬ੍ਰਹਮ ਪ੍ਰਭ ਕਰ ਪਸਾਰਾ, ਆਪ ਆਪਣਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਆਪ ਵਡਿਆਇੰਦਾ । ਥਿਰ ਘਰ ਸਾਚਾ ਸਚ ਮਹੱਲਾ, ਹਰਿ ਸਾਚੇ ਜੋਤ ਜਗਾਈਆ। ਏਕਾ ਬੈਠਾ ਇਕ ਇਕੱਲਾ, ਏਕੰਕਾਰਾ ਰੂਪ ਰੇਖ ਨਾ ਕੋਇ ਵਖਾਈਆ। ਸਚ ਸਿੰਘਾਸਣ ਏਕਾ ਮੱਲਾ, ਦਰਗਹਿ ਸਾਚੀ ਸਚ ਵਡਿਆਈਆ। ਆਪਣੇ ਦੀਪਕ ਆਪੇ ਬਲਾ, ਤੇਲ ਬਾਤੀ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚਾ ਸਚ ਦਰਵਾਜ਼ਾ, ਗ਼ਰੀਬ ਨਿਵਾਜ਼ਾ ਆਪ ਖੁਲ੍ਹਾਈਆ। ਥਿਰ ਘਰ ਸਾਚਾ ਧੁਰ ਦਰਬਾਰਾ, ਹਰਿ ਸਾਚਾ ਸਚ ਵਡਿਆਇੰਦਾ। ਤਖ਼ਤ ਨਿਵਾਸੀ ਏਕੰਕਾਰਾ, ਸ਼ਾਹੋ ਭੂਪ ਆਪ ਅਖਵਾਇੰਦਾ। ਹੁਕਮੀ ਹੁਕਮ ਵਰਤੇ ਵਰਤਾਰਾ, ਸ਼ਬਦੀ ਸ਼ਬਦ ਆਪ ਜਣਾਇੰਦਾ। ਕਰੇ ਖੇਲ ਵਿਚ ਸੰਸਾਰਾ, ਹਰਿਜਨ ਸਾਚੇ ਆਪ ਉਠਾਇੰਦਾ। ਏਕਾ ਦੇਵੇ ਨਾਮ ਆਧਾਰਾ, ਨਾਮ ਨਾਮਾ ਝੋਲੀ ਪਾਇੰਦਾ। ਏਕਾ ਵਣਜ ਕਰਾਏ ਵਣਜਾਰਾ, ਸਾਚੀ ਵਸਤ ਹੱਥ ਰਖਾਇੰਦਾ। ਉਚੀ ਕੂਕ ਬੋਲੇ ਜੈਕਾਰਾ, ਸਾਚਾ ਢੋਲਾ ਆਪੇ ਗਾਇੰਦਾ। ਗੁਰਮੁਖ ਵਿਰਲਾ ਥਿਰ ਘਰ ਬੈਠੇ ਹੋ ਨਿਆਰਾ, ਮਨਮੁਖ ਜੀਵ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚਾ ਸਾਚਾ ਖੋਲ੍ਹ, ਸ਼ਬਦ ਅਗੰਮੀ ਏਕਾ ਬੋਲ, ਹਰਿਜਨ ਸਾਚੇ ਆਪ ਜਗਾਇੰਦਾ। ਥਿਰ ਘਰ ਬੈਠਣ ਹਰਿਜਨ ਸੰਤ, ਦੂਸਰ ਹੱਥ ਕਿਸੇ ਨਾ ਆਇਆ। ਗੁਰਮੁਖ ਨਾਰੀ ਮੇਲਾ ਹਰਿ ਹਰਿ ਕੰਤ, ਸਾਚੀ ਸੇਜ ਇਕ ਹੰਢਾਇਆ। ਦਰਗਹਿ ਚੜ੍ਹੇ ਰੰਗ ਬਸੰਤ, ਪੁਰਖ ਅਬਿਨਾਸ਼ੀ ਆਪ ਚੜ੍ਹਾਇਆ। ਰਸਨਾ ਜਿਹਵਾ ਹਰਿ ਹਰਿ ਮਣੀਆ ਮੰਤ, ਮਨ ਮਣਕਾ ਦਏ ਭੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚਾ ਇਕ ਵਖਾਇਆ। ਥਿਰ ਘਰ ਸਾਚਾ ਸੋਭਾਵੰਤ, ਪੁਰਖ ਅਬਿਨਾਸ਼ੀ ਆਪ ਸੁਹਾਇਆ। ਜਨ ਭਗਤਾਂ ਵਖਾਏ ਜੁਗਾ ਜੁਗੰਤ, ਜੁਗ ਜੁਗ ਆਪਣੀ ਖੇਲ ਖਿਲਾਇਆ। ਲੇਖਾ ਜਾਣੇ ਆਦਿ ਅੰਤ, ਨਾ ਮਰੇ ਨਾ ਕਦੇ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਨਿਵਾਸੀ ਪੁਰਖ ਅਬਿਨਾਸ਼ੀ, ਮੰਡਲ ਰਾਸ ਆਪ ਰਚਾਇਆ। ਥਿਰ ਘਰ ਸਾਚੇ ਖੇਲ ਅਪਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ । ਲੋਕਮਾਤ ਗੁਰ ਲੈ ਅਵਤਾਰ, ਨਿਰਗੁਣ ਸਰਗੁਣ ਖੇਲ ਖਿਲਾਈਆ। ਸਤਿਗੁਰ ਪੂਰਾ ਜਨ ਭਗਤਾਂ ਕਾਜ ਆਪ ਸੁਆਰ, ਦਿਵਸ ਰੈਣ ਸੇਵ ਕਮਾਈਆ। ਘਰ ਘਰ ਵਰਤੇ ਨਾਮ ਭੰਡਾਰ, ਖ਼ਾਲੀ ਭਾਂਡੇ ਆਪ ਭਰਾਈਆ। ਮਨਮੁਖ ਸੁੱਤੇ ਰਹਿਣ ਪੈਰ ਪਸਾਰ, ਮਾਇਆ ਪਰਦਾ ਉਪਰ ਪਾਈਆ। ਹਉਮੇ ਗੜ੍ਹ ਬਣੇ ਹੰਕਾਰ, ਹਰਿ ਕਾ ਰੂਪ ਦਿਸ ਨਾ ਆਈਆ। ਧੰਨ ਸੁਲੱਖਣੀ ਸੋਭਾਵੰਤੀ ਨਾਰ, ਜੋ ਏਕਾ ਪੁਰਖ ਰਹੀ ਮਨਾਈਆ। ਅਸਥਲ ਸੋਹਿਣ ਸਚ ਸਚ ਚੁਬਾਰ, ਥਿਰ ਘਰ ਸਾਚੇ ਮਾਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਇਕ ਸਮਝਾਈਆ। ਦਰ ਘਰ ਸਾਚਾ ਹਰਿ ਸਮਝਾਵਣਾ, ਹਰਿ ਹਰਿ ਸਾਚੀ ਸੇਵ ਕਮਾਇੰਦਾ। ਦੂਤੀ ਦੁਸ਼ਟ ਆਪ ਮੁਕਾਵਣਾ, ਨਾਮ ਖੰਡਾ ਇਕ ਚਮਕਾਇੰਦਾ। ਸਾਚਾ ਇਸ਼ਟ ਇਕ ਜਣਾਵਣਾ, ਗੁਰ ਗੋਬਿੰਦ ਰੂਪ ਦਰਸਾਇੰਦਾ। ਫੜ ਬਾਹੋਂ ਮਾਰਗ ਪਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚਾ ਇਕ ਵਡਿਆਇੰਦਾ। ਥਿਰ ਘਰ ਸਾਚਾ ਡੂੰਘਾ ਸਾਗਰ, ਮਛਲੀ ਨੀਰ ਵਿਛੁਨੀ ਰਹੀ ਬਿਲਲਾਈਆ। ਗੁਰਮੁਖਾਂ ਵਖਾਏ ਕਾਇਆ ਗਾਗਰ, ਅੰਮ੍ਰਿਤ ਜਲ ਭਰਿਆ ਸਚ ਸੁਰਾਹੀਆ। ਦੇਵੇ ਨਾਮ ਰੱਤੀ ਰਤਨਾਗਰ, ਸਾਚਾ ਵਣਜ ਇਕ ਕਰਾਈਆ। ਪੀਆ ਪ੍ਰੀਤਮ ਬਣੇ ਜਗਤ ਸੌਦਾਗਰ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਗੁਰਸਿਖਾਂ ਕਰੇ ਨਿਰਮਲ ਕਰਮ ਉਜਾਗਰ, ਜਾਗਰਤ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚਾ ਇਕ ਸੁਹਾਈਆ। ਥਿਰ ਘਰ ਸਾਚਾ ਹਰਿ ਸੁਹੰਜਣਾ, ਲੇਖਾ ਜਾਣੇ ਇਕ ਇਕਾਂਤ। ਜਗੇ ਜੋਤ ਆਦਿ ਨਿਰੰਜਣਾ, ਏਕਾ ਰੰਗ ਰੈਣ ਦਿਵਸ ਪਰਭਾਤ। ਗੁਰਮੁਖ ਮੇਲਾ ਸਾਚੇ ਸੱਜਣਾ, ਲੇਖਾ ਚੁੱਕੇ ਜ਼ਾਤ ਪਾਤ। ਕਾਇਆ ਭਾਂਡਾ ਸਭ ਦਾ ਭੱਜਣਾ, ਸਾਚੀ ਵਸਤ ਨਾ ਕਿਸੇ ਕੋਲ ਰੱਖੀ ਦਾਤ। ਗੁਰਮੁਖ ਵਿਰਲੇ ਅੰਮ੍ਰਿਤ ਪੀ ਪੀ ਰੱਜਣਾ, ਬੰਦ ਕਵਾੜਾ ਖੋਲ੍ਹ ਤਾਕ। ਥਿਰ ਘਰ ਸਾਚੇ ਬਹਿ ਬਹਿ ਸਜਣਾ, ਨਾਤਾ ਤੁੱਟੇ ਸੱਜਣ ਸਾਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਵੇਖੇ ਸਾਚਾ ਘਰ, ਘਰ ਸਾਚਾ ਪਾਕੀ ਪਾਕ।