੧੦ ਜੇਠ ੨੦੧੭ ਬਿਕ੍ਰਮੀ ਗੁਰਦਿਤ ਸਿੰਘ ਦੇ ਘਰ ਛੰਬ ਜ਼ਿਲਾ ਜੰਮੂ
ਸਤਿਗੁਰ ਪੂਰਾ ਹਰਿ ਨਿਰੰਕਾਰ, ਇਕ ਇਕੱਲਾ ਹਰਿ ਅਖਵਾਇੰਦਾ। ਗੁਰ ਗੁਰ ਰੂਪ ਵਿਚ ਸੰਸਾਰ, ਸ਼ਬਦੀ ਢੋਲਾ ਏਕਾ ਗਾਇੰਦਾ। ਭਗਤੀ ਭਗਤ ਕਰ ਤਿਆਰ, ਭਗਵਨ ਆਪਣੀ ਬੂਝ ਬੁਝਾਇੰਦਾ। ਸੰਤਨ ਦੇਵੇ ਨਾਮ ਆਧਾਰ, ਸਾਚਾ ਮਾਰਗ ਇਕ ਵਖਾਇੰਦਾ। ਗੁਰਮੁਖ ਸੱਜਣ ਲਏ ਉਭਾਰ, ਅੰਤਰ ਆਤਮ ਪਰਦਾ ਲਾਹਿੰਦਾ। ਗੁਰਸਿਖ ਸਾਚੇ ਕਰੇ ਪਿਆਰ, ਚਰਨ ਦਵਾਰਾ ਇਕ ਵਖਾਇੰਦਾ। ਆਦਿ ਜੁਗਾਦੀ ਖੇਲ ਅਪਾਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਲੋਕਮਾਤ ਪਾਵੇ ਸਾਰ, ਲੱਖ ਚੁਰਾਸੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸਾਚਾ ਆਪ ਅਖਵਾਇੰਦਾ। ਸਤਿਗੁਰ ਸਾਚਾ ਹਰਿ ਮਿਹਰਵਾਨ, ਦਰ ਘਰ ਸਾਚੇ ਸੋਭਾ ਪਾਈਆ। ਗੁਰ ਗੁਰ ਦੇਵੇ ਇਕ ਨਿਸ਼ਾਨ, ਸ਼ਬਦ ਨਿਸ਼ਾਨਾ ਹੱਥ ਫੜਾਈਆ। ਭਗਤਾਂ ਦੇਵੇ ਭਗਤੀ ਦਾਨ, ਸਾਚੀ ਭਿਛਿਆ ਝੋਲੀ ਪਾਈਆ। ਸੰਤਨ ਦੇਵੇ ਬ੍ਰਹਮ ਗਿਆਨ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਗੁਰਮੁਖ ਵੇਖੇ ਗੁਣ ਨਿਧਾਨ, ਗੁਣਵੰਤਾ ਬੇਪਰਵਾਹੀਆ। ਗੁਰਸਿਖਾਂ ਚਰਨ ਧੂੜ ਕਰਾਏ ਅਸ਼ਨਾਨ, ਅੰਮ੍ਰਿਤ ਸਾਚਾ ਜਾਮ ਪਿਆਈਆ। ਖੇਲੇ ਖੇਲ ਦੋ ਜਹਾਨ, ਜੁਗ ਜੁਗ ਆਪਣਾ ਵੇਸ ਵਟਾਈਆ। ਦਾਤਾ ਦਾਨੀ ਸ੍ਰੀ ਭਗਵਾਨ, ਸਾਚੀ ਵਸਤ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਏਕੰਕਾਰਾ, ਆਦਿ ਜੁਗਾਦੀ ਖੇਲ ਅਪਾਰਾ, ਦਰ ਘਰ ਸਾਚੇ ਆਪ ਕਰਾਈਆ। ਸਤਿਗੁਰ ਸੱਚਾ ਸਰਬ ਗੁਣਵੰਤ, ਸਤਿ ਪੁਰਖ ਨਿਰੰਜਣ ਆਪ ਅਖਵਾਇੰਦਾ। ਗੁਰ ਗੁਰ ਬਣਾਏ ਆਪੇ ਬਣਤ, ਆਪਣੀ ਜੋਤੀ ਆਪ ਜਗਾਇੰਦਾ। ਭਗਤਨ ਮੇਲਾ ਹਰਿ ਹਰਿ ਕੰਤ, ਘਰ ਸਾਚਾ ਵੇਖ ਵਖਾਇੰਦਾ। ਸੰਤਨ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਰੰਗ ਮਜੀਠੀ ਇਕ ਰੰਗਾਇੰਦਾ। ਗੁਰਮੁਖਾਂ ਦੇਵੇ ਏਕਾ ਮੰਤ, ਮੰਤਰ ਨਾਮ ਦ੍ਰਿੜਾਇੰਦਾ। ਗੁਰਸਿਖਾਂ ਬਣਾਏ ਸਾਚੀ ਬਣਤ, ਸਿਰ ਆਪਣਾ ਹੱਥ ਰਖਾਇੰਦਾ। ਲੇਖਾ ਜਾਣੇ ਆਦਿ ਅੰਤ, ਆਦਿ ਜੁਗਾਦੀ ਭੇਵ ਨਾ ਆਇੰਦਾ। ਤ੍ਰੈਗੁਣ ਮਾਇਆ ਰੱਖੇ ਬੇਅੰਤ, ਲੱਖ ਚੁਰਾਸੀ ਪਰਦਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣੀ ਧਾਰ ਚਲਾਇੰਦਾ। ਸਤਿਗੁਰ ਪੂਰਾ ਹਰਿ ਮਿਹਰਵਾਨਾ, ਸਚਖੰਡ ਦਵਾਰੇ ਸੋਭਾ ਪਾਈਆ। ਗੁਰ ਗੁਰ ਸ਼ਬਦ ਕਰ ਪਰਧਾਨਾ, ਲੋਕਮਾਤ ਕਰੇ ਰੁਸ਼ਨਾਈਆ। ਭਗਤਾਂ ਬੰਨ੍ਹੇ ਸਾਚਾ ਗਾਨਾਂ, ਆਪ ਆਪਣਾ ਸਗਨ ਮਨਾਈਆ। ਸੰਤਨ ਦੇਵੇ ਇਕ ਤਰਾਨਾ, ਅਨਹਦ ਨਾਦੀ ਨਾਦ ਵਜਾਈਆ। ਗੁਰਮੁਖਾਂ ਬਖ਼ਸ਼ੇ ਇਕ ਧਿਆਨਾ, ਅੰਤਰ ਆਤਮ ਹਰਿ ਲਿਵ ਲਾਈਆ। ਗੁਰਸਿਖਾਂ ਕਰੇ ਆਪ ਪਛਾਣਾ, ਦੂਈ ਦਵੈਤੀ ਪਰਦਾ ਦਏ ਚੁਕਾਈਆ। ਇਕ ਵਖਾਏ ਪਦ ਨਿਰਬਾਣਾ, ਪਰਮ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕ ਇਕੱਲਾ, ਇਕ ਵਸਾਏ ਸਚ ਮਹੱਲਾ, ਥਿਰ ਘਰ ਬੈਠਾ ਜੋਤ ਜਗਾਈਆ। ਸਤਿਗੁਰ ਪੂਰਾ ਨੌਜਵਾਨ, ਅਗੰਮ ਅਗੰਮੜੀ ਕਾਰ ਕਮਾਇੰਦਾ। ਗੁਰ ਗੁਰ ਰੂਪ ਸ੍ਰੀ ਭਗਵਾਨ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਭਗਤਨ ਮੇਲਾ ਦੋ ਜਹਾਨ, ਆਪ ਆਪਣਾ ਸੰਗ ਨਿਭਾਇੰਦਾ। ਸੰਤਨ ਪਾਏ ਸਾਚੀ ਆਣ, ਆਪਣੇ ਭਾਣੇ ਵਿਚ ਰਖਾਇੰਦਾ। ਗੁਰਮੁਖਾਂ ਚੁਕਾਏ ਜਮ ਕੀ ਕਾਣ, ਲੱਖ ਚੁਰਾਸੀ ਫੰਦ ਕਟਾਇੰਦਾ। ਗੁਰਸਿਖਾਂ ਰਾਗ ਸੁਣਾਏ ਏਕਾ ਕਾਨ, ਆਪਣਾ ਢੋਲਾ ਆਪੇ ਗਾਇੰਦਾ। ਇਕ ਵਖਾਏ ਸਚ ਮਕਾਨ, ਘਰ ਘਰ ਵਿਚ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਸਤਿਗੁਰ ਪੂਰਾ ਸਤਿ ਰੰਗ, ਸਤਿ ਸਤਿਵਾਦੀ ਆਪ ਸਮਾਇਆ। ਗੁਰ ਗੁਰ ਮੰਗੇ ਏਕਾ ਮੰਗ, ਨਿਰਗੁਣ ਸਰਗੁਣ ਝੋਲੀ ਪਾਇਆ। ਭਗਤ ਵਜਾਇਣ ਨਾਮ ਮਰਦੰਗ, ਪੁਰਖ ਅਬਿਨਾਸ਼ੀ ਹੱਥ ਫੜਾਇਆ। ਸੰਤ ਸੁਹੇਲੇ ਨਹਾਵਣ ਸਾਚੀ ਗੰਗ, ਅੰਮ੍ਰਿਤ ਸਰੋਵਰ ਇਕ ਵਖਾਈਆ। ਗੁਰਮੁਖ ਨੌ ਦਵਾਰੇ ਜਾਇਣ ਲੰਘ, ਆਪਣਾ ਪਰਦਾ ਆਪ ਤੁੜਾਇਆ। ਗੁਰਸਿਖ ਜਗਤ ਮਾਇਆ ਨਾ ਮਾਰੇ ਡੰਗ, ਮਮਤਾ ਮੋਹ ਦਏ ਚੁਕਾਇਆ। ਸਤਿਗੁਰ ਪੂਰਾ ਸਾਹਿਬ ਸੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਕਲ ਕਲ ਆਪ ਵਰਤਾਇਆ। ਸਤਿਗੁਰ ਪੂਰਾ ਅਕਲ ਕਲ ਧਾਰ, ਜੁਗਾ ਜੁਗੰਤਰ ਵੇਸ ਵਟਾਇੰਦਾ। ਗੁਰ ਗੁਰ ਰੂਪ ਵਿਚ ਸੰਸਾਰ, ਪੰਜ ਤਤ ਚੋਲਾ ਆਪ ਹੰਢਾਇੰਦਾ। ਸ਼ਬਦ ਨਾਦ ਧੁਨ ਜੈਕਾਰ, ਆਪਣਾ ਰਾਗ ਸੁਣਾਇੰਦਾ। ਨਿਰਗੁਣ ਜੋਤੀ ਕਰ ਉਜਿਆਰ, ਘਰ ਦੀਪਕ ਆਪ ਟਿਕਾਇੰਦਾ। ਹੰਕਾਰੀਆਂ ਤੋੜੇ ਗੜ੍ਹ ਹੰਕਾਰ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਏਕਾ ਬਖ਼ਸ਼ੇ ਚਰਨ ਪਿਆਰ, ਚਰਨ ਚਰਨੋਦਕ ਮੁਖ ਚੁਆਇੰਦਾ। ਏਕ ਇਸ਼ਟ ਗੁਰਦੇਵ ਵਖਾਏ ਸੱਚੀ ਸਰਕਾਰ, ਨਮੋ ਨਿਮਸਕਾਰ ਆਪ ਕਰਾਇੰਦਾ। ਵਾਸਤਕ ਰੂਪ ਵਿਚ ਸੰਸਾਰ, ਵਿਸ਼ਵ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਇਕ ਵਡਿਆਇੰਦਾ। ਸਤਿਗੁਰ ਪੂਰਾ ਆਦਿ ਨਿਰੰਜਣ, ਆਦਿ ਜੁਗਾਦਿ ਸਮਾਇਆ। ਗੁਰ ਗੁਰ ਨੇਤਰ ਪਾਏ ਅੰਜਣ, ਗਿਆਨ ਨੇਤਰ ਇਕ ਖੁਲ੍ਹਾਇਆ। ਦੀਨਾਂ ਨਾਥਾ ਦਰਦ ਦੁੱਖ ਭੈ ਭੰਜਣ, ਦੀਨ ਦੁਨੀ ਵੇਖ ਵਖਾਇਆ। ਸਰਬ ਜੀਆਂ ਦਾ ਸਾਚਾ ਸੱਜਣ, ਬੇਪਰਵਾਹ ਮੌਲਾ ਆਪਣਾ ਨਾਉਂ ਧਰਾਇਆ। ਜੁਗ ਜੁਗ ਆਵੇ ਭਗਤਾਂ ਪਰਦੇ ਕੱਜਣ, ਮਨਮੁਖਾਂ ਦਏ ਸਜਾਇਆ । ਗੁਰਮੁਖਾਂ ਰੱਖੇ ਲੋਕਮਾਤ ਲੱਜਣ, ਨਾਮ ਦੋਸ਼ਾਲਾ ਹੱਥ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਲਏ ਪ੍ਰਗਟਾਇਆ। ਸਤਿਗੁਰ ਪੂਰਾ ਸ਼ਾਹੋ ਭੂਪ, ਸ਼ਾਹ ਪਾਤਸ਼ਾਹ ਆਪ ਅਖਵਾਈਆ। ਗੁਰ ਗੁਰ ਵੇਖੇ ਚਾਰੇ ਕੂਟ, ਦਹਿ ਦਿਸ਼ਾ ਫੇਰੀਆਂ ਪਾਈਆ। ਇਕ ਇਕੱਲਾ ਸਤਿ ਸਰੂਪ, ਸਤਿ ਸਤਿਵਾਦੀ ਆਪ ਅਖਵਾਈਆ। ਨਾਤਾ ਤੋੜੇ ਜੂਠ ਝੂਠ, ਸਚ ਸੁੱਚ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਸ਼ਬਦ ਭੰਡਾਰਾ, ਲੋਕਮਾਤ ਬਣੇ ਵਰਤਾਰਾ, ਆਪਣਾ ਹੱਟ ਆਪ ਖੁਲ੍ਹਾਈਆ। ਸਤਿਗੁਰ ਪੂਰਾ ਖੋਲ੍ਹੇ ਹੱਟ, ਚੌਦਾਂ ਲੋਕਾਂ ਵੰਡ ਵੰਡਾਇੰਦਾ। ਗੁਰ ਗੁਰ ਲਾਹਾ ਰਿਹਾ ਖੱਟ, ਅੱਗੇ ਆਪਣੀ ਝੋਲੀ ਡਾਹਿੰਦਾ। ਲੋਕਮਾਤ ਹੋ ਪਰਗਟ, ਪਾਰਬ੍ਰਹਮ ਬ੍ਰਹਮ ਲੇਖਾ ਆਪ ਜਣਾਇੰਦਾ । ਵੇਖ ਵਖਾਏ ਕਾਇਆ ਮੱਟ, ਪੰਜ ਤਤ ਫੋਲ ਫੁਲਾਇੰਦਾ। ਲੇਖਾ ਜਾਣੇ ਹੱਡ ਮਾਸ ਨਾੜੀ ਰੱਤ, ਰਕਤ ਬੂੰਦ ਵੇਖ ਵਖਾਇੰਦਾ। ਹਰਿਜਨ ਦੇਵੇ ਸਾਚੀ ਮਤ, ਬ੍ਰਹਮ ਮਤ ਇਕ ਦਰਸਾਇੰਦਾ। ਆਪੇ ਜਾਣੇ ਮਿਤ ਗਤ, ਗਤ ਮਿਤ ਆਪਣੇ ਹੱਥ ਰਖਾਇੰਦਾ। ਸ਼ਬਦ ਜਣਾਈ ਏਕਾ ਤਤ, ਤਤਵ ਤਤ ਮਿਟਾਇੰਦਾ। ਨਾਮ ਚੜ੍ਹਾਏ ਸਾਚੇ ਰਥ, ਰਥ ਰਥਵਾਹੀ ਫੇਰਾ ਪਾਇੰਦਾ। ਸ਼ਬਦ ਸੁਣਾਏ ਸਾਚੀ ਗਾਥ, ਅਨਮੋਲਾ ਢੋਲਾ ਆਪੇ ਗਾਇੰਦਾ। ਜੁਗ ਜੁਗ ਵੇਖੇ ਆਪਣਾ ਘਾਟ, ਸਾਚੇ ਪੱਤਣ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਆਪਣਾ ਨਾਉਂ ਧਰਾਇੰਦਾ। ਸਤਿਗੁਰ ਸੱਚਾ ਦੀਨ ਦਿਆਲ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਗੁਰ ਗੁਰ ਉਪਜਾਏ ਸਾਚਾ ਲਾਲ, ਸ਼ਬਦ ਸ਼ਬਦੀ ਵੇਖ ਵਖਾਈਆ। ਬ੍ਰਹਿਮੰਡ ਬਠਾਏ ਸੱਚੀ ਧਰਮਸਾਲ, ਨਵ ਨਵ ਲੇਖਾ ਆਪ ਗਿਣਾਈਆ। ਜਨ ਭਗਤਾਂ ਬਣੇ ਦਲਾਲ, ਸਾਚਾ ਵਣਜ ਇਕ ਵਖਾਈਆ। ਏਕਾ ਦੇਵੇ ਵਸਤ ਨਾਮ ਧਨ ਮਾਲ, ਸਚ ਖ਼ਜ਼ਾਨਾ ਦਏ ਲੁਟਾਈਆ। ਨੇੜ ਨਾ ਆਏ ਝੂਠਾ ਕਾਲ, ਦਿਆਲ ਸਿਰ ਆਪਣਾ ਹੱਥ ਟਿਕਾਈਆ। ਮਹਾਂਕਾਲ ਕਰੇ ਪ੍ਰਿਤਪਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਸਹਿਜ ਸੁਖਦਾਈਆ। ਸਤਿਗੁਰ ਸੱਚਾ ਹਰਿ ਪੁਰਖ ਨਿਰੰਜਣ ਦਾਤਾ, ਭੇਵ ਅਭੇਦ ਨਾ ਕੋਇ ਖੁਲ੍ਹਾਇੰਦਾ। ਗੁਰ ਗੁਰ ਰੂਪ ਹਰਿ ਆਪ ਪਛਾਤਾ, ਰੰਗ ਰੇਖ ਨਾ ਕੋਇ ਵਖਾਇੰਦਾ। ਖੇਲ ਖਲਾਏ ਤ੍ਰਲੋਕੀ ਨਾਥਾ, ਲੋਆਂ ਪੁਰੀਆਂ ਫੇਰਾ ਪਾਇੰਦਾ। ਚਤੁਰਭੁਜ ਪੁਰਖ ਸਮਰਾਥਾ, ਆਪਣੀਆਂ ਭੁਜਾਂ ਆਪ ਉਠਾਇੰਦਾ। ਜਨ ਭਗਤਾਂ ਨਿਭਾਏ ਸਾਚਾ ਸਾਥਾ, ਅਸ਼ਟਭੁਜ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਲ ਵਰਤਾਇੰਦਾ। ਸਤਿਗੁਰ ਪੂਰਾ ਪੁਰਖ ਅਬਿਨਾਸ਼ੀ, ਸਚਖੰਡ ਦਵਾਰਾ ਇਕ ਸੁਹਾਇੰਦਾ। ਗੁਰ ਗੁਰ ਰੂਪ ਜੋਤ ਪਰਕਾਸ਼ੀ, ਨਿਰਗੁਣ ਸਰਗੁਣ ਵਿਚ ਟਿਕਾਇੰਦਾ। ਭਗਤਾਂ ਅੰਦਰ ਕਰੇ ਨਿਵਾਸੀ, ਨਿਜ ਆਤਮ ਡੇਰਾ ਲਾਇੰਦਾ। ਨਾਮ ਜਪਾਏ ਪਵਣ ਸਵਾਸੀ, ਬੰਦ ਖ਼ਲਾਸੀ ਆਪ ਕਰਾਇੰਦਾ। ਕਾਇਆ ਮੰਡਲ ਪਾਵੇ ਰਾਸੀ, ਰਵ ਸਸ ਆਪ ਚਮਕਾਇੰਦਾ। ਮਨ ਮਤ ਨਾ ਹੋਏ ਕੋਇ ਉਦਾਸੀ, ਜਗਤ ਵੈਰਾਗ ਨਾ ਕੋਇ ਵਖਾਇੰਦਾ। ਸੁਰਤ ਸਵਾਣੀ ਰਹੇ ਪਿਆਸੀ, ਹਰਿ ਦਰਸ਼ਨ ਤ੍ਰਿਪਤ ਕਰਾਇੰਦਾ। ਨਿਰਗੁਣ ਜੋਤ ਆਦਿ ਜੁਗਾਦਿ ਨਾ ਕਦੇ ਵਿਨਾਸੀ, ਜੁਗ ਜੁਗ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਰੂਪ ਵਟਾਇੰਦਾ। ਸਤਿਗੁਰ ਪੂਰਾ ਜੋਧਾ ਬਲਕਾਰ, ਸ਼ਸਤਰ ਬਸਤਰ ਆਪ ਉਠਾਈਆ। ਗੁਰ ਗੁਰ ਰੂਪ ਵਿਚ ਸੰਸਾਰ, ਤ੍ਰੈਗੁਣ ਅਤੀਤ ਬੇਪਰਵਾਹੀਆ। ਸਤਿਜੁਗ ਸਾਚੇ ਪਾਈ ਸਾਰ, ਸਨਕ ਸਨੰਦਨ ਸਨਾਤਨ ਸੰਤ ਕੁਮਾਰ ਨਾਉਂ ਰਖਾਈਆ। ਬਰਾਹ ਰੂਪ ਧਰ ਅਪਰ ਅਪਾਰ, ਯਗੈ ਪੁਰਸ਼ ਦਏ ਵਡਿਆਈਆ। ਹਾਵ ਗ਼ਰੀਵ ਖੇਲ ਨਿਆਰ, ਨਰ ਨਰਾਇਣ ਜੋਤ ਕਰੇ ਰੁਸ਼ਨਾਈਆ। ਕਪਲ ਮੁਨ ਬੰਨ੍ਹੇ ਧਾਰ, ਏਕਾ ਤਤ ਗਿਆਨ ਦ੍ਰਿੜਾਈਆ। ਦਤਾ ਤ੍ਰੈ ਪਾਵੇ ਸਾਰ, ਰਿਖਪ ਦੇਵ ਵੱਜੇ ਵਧਾਈਆ। ਪ੍ਰਿਥੂ ਰਿੜਕੇ ਜ਼ਿਮੀ ਅਸਮਾਨ, ਪੁਰਖ ਅਬਿਨਾਸ਼ੀ ਸੇਵਾ ਲਾਈਆ। ਮਤਸ ਵਸੇ ਵਿਚ ਜਲ ਧਾਰ, ਮੀਨ ਆਪਣੀ ਕਲ ਧਰਾਈਆ। ਕਛਪ ਚੁੱਕੇ ਸਾਚਾ ਭਾਰ, ਮਿੰਦਰਾ ਆਪਣੀ ਪਿਠ ਉਠਾਈਆ। ਧਨੰਤਰ ਵੈਦ ਹੋਏ ਉਜਿਆਰ, ਔਖਦ ਸਾਰੇ ਵੇਖ ਵਖਾਈਆ। ਮੋਹਣੀ ਰੂਪ ਵਰਤੇ ਵਰਤਾਰ, ਸ਼ੰਕਰ ਲੇਖਾ ਦਏ ਚੁਕਾਈਆ। ਬਾਵਣ ਧਰ ਰੂਪ ਨਿਰੰਕਾਰ, ਬਲ ਰਾਜਾ ਲਏ ਤਰਾਈਆ। ਨਰ ਸਿੰਘ ਜੋਤ ਕਰ ਉਜਿਆਰ, ਪ੍ਰਹਿਲਾਦ ਅਗਨੀ ਪੋਹੇ ਨਾ ਪਾਈਆ। ਹੰਸਾ ਚੋਗ ਚੁਗੇ ਅਪਾਰ, ਪੰਖੀ ਪੰਛੀਆਂ ਵਿਚ ਸੁਹਾਈਆ। ਹਰੀ ਹਰਿ ਕਰੇ ਪਿਆਰ, ਧਰੂ ਪ੍ਰਹਿਲਾਦ ਨਾਲ ਤਰਾਈਆ। ਹਰਿ ਨਰ ਆਪਣੀ ਖੇਲ ਅਪਾਰ, ਗਜ ਤੰਦਵੇ ਤੰਦ ਲਏ ਕਟਾਈਆ। ਸਤਿਜੁਗ ਜੋਤ ਜਗੇ ਅਪਾਰ, ਨਿਰਗੁਣ ਸਰਗੁਣ ਵੇਸ ਵਟਾਈਆ। ਤ੍ਰੇਤਾ ਤੇਰਾ ਕਰਮ ਵਿਚਾਰ, ਪਾਰਬ੍ਰਹਮ ਪ੍ਰਭ ਖੇਲ ਖਿਲਾਈਆ। ਪਰਸ ਰਾਮ ਦਏ ਆਧਾਰ, ਪਿਤਾ ਪੂਤ ਕਰੇ ਕੁੜਮਾਈਆ। ਕੌਰੋ ਕੁਸ਼ੇਤਰ ਖੇਲ ਅਪਾਰ, ਸਾਚਾ ਸਾਗਰ ਇਕ ਸੁਹਾਈਆ। ਰਾਮ ਰਾਮਾ ਲੈ ਅਵਤਾਰ, ਘਰ ਦਸਰਥ ਵੱਜੀ ਵਧਾਈਆ। ਸੀਤਾ ਸੁਰਤੀ ਕਰ ਪਿਆਰ, ਜਨਕ ਸਪੁਤਰੀ ਲਏ ਪਰਨਾਈਆ। ਚੜ੍ਹੇ ਚਿਲਾ ਤੀਰ ਕਮਾਨ, ਸਾਚਾ ਧਨੁਖ ਆਪ ਉਠਾਈਆ। ਬਨ ਬਨ ਖੋਜੇ ਅਪਰ ਅਪਾਰ, ਜੰਗਲ ਜੂਹ ਫੇਰਾ ਪਾਈਆ। ਬਾਨਰ ਬਾਂਦਰ ਦਏ ਤਾਰ, ਬਾਲੀ ਸੁਗਰੀਵ ਅੰਗਦ ਗਲੇ ਲਗਾਈਆ। ਹਨਵੰਤਾ ਦੇਵੇ ਇਕ ਆਧਾਰ, ਮਹਾਂਬੀਰ ਵੱਡੀ ਵਡਿਆਈਆ। ਗ਼ਰੀਬ ਨਿਮਾਣਿਆਂ ਲਾਏ ਪਾਰ, ਜਗਤ ਭੀਲਣੀ ਆਪ ਉਠਾਈਆ। ਲੰਕਾ ਤੋੜ ਗੜ੍ਹ ਹੰਕਾਰ, ਹੰਕਾਰੀ ਰਾਵਣ ਦਏ ਖਪਾਈਆ। ਚਾਰ ਵੇਦ ਛੇ ਸ਼ਾਸਤਰ ਨਾ ਕਰੇ ਵਿਚਾਰ, ਦਹਿਸਿਰ ਆਪਣਾ ਨਾਉਂ ਧਰਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਜੁਗ ਜੁਗ ਆਪਣਾ ਵੇਖ ਵਖਾਈਆ। ਦੁਆਪਰ ਤੇਰਾ ਹੋ ਉਜਿਆਰ, ਤੇਰਾ ਰੂਪ ਵੇਖ ਵਖਾਈਆ। ਕਵਾਰੀ ਕੰਨਿਆ ਭਰੇ ਭੰਡਾਰ, ਵੇਦ ਵਿਆਸਾ ਸੁੱਤ ਉਪਜਾਈਆ। ਪੁਰਾਨ ਅਠਾਰਾਂ ਲਿਖੇ ਲੇਖ ਅਪਾਰ, ਨਾਰਦ ਮੁਨ ਨਾਲ ਰਲਾਈਆ। ਬਾਰਾਂ ਅੱਖਰ ਕਰ ਤਿਆਰ, ਬ੍ਰਹਮੇ ਦੇਣ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਇਕ ਅਖਵਾਈਆ। ਸਤਿਗੁਰ ਪੂਰਾ ਹਰਿ ਭਗਵਾਨ, ਦੂਸਰ ਅਵਰ ਨਾ ਕੋਇ ਵਖਾਇੰਦਾ। ਜਾਮਾ ਧਾਰੇ ਕ੍ਰਿਸ਼ਨਾ ਕਾਹਨ, ਮੁਕੰਦ ਮਨੋਹਰ ਲਖਮੀ ਨਰਾਇਣ ਨਾਉਂ ਧਰਾਇੰਦਾ। ਪੰਜਾਂ ਦੇਵੇ ਇਕ ਗਿਆਨ, ਸਾਚੀ ਸਿਖਿਆ ਇਕ ਸਮਝਾਇੰਦਾ। ਦਰੋਪਦ ਸੁੱਤ ਕਰੇ ਪਰਵਾਨ, ਆਪਣਾ ਪਰਦਾ ਉਪਰ ਪਾਇੰਦਾ। ਬਿਦਰ ਸੁਦਾਮਾ ਕਰ ਪਛਾਣ, ਗ਼ਰੀਬ ਨਿਮਾਣੇ ਗਲੇ ਲਗਾਇੰਦਾ । ਅਰਜਨ ਦੇਵੇ ਇਕ ਗਿਆਨ, ਅਠਾਰਾਂ ਧਿਆਏ ਆਪ ਸੁਣਾਇੰਦਾ। ਗੀਤਾ ਗਿਆਨ ਕਰ ਪਰਧਾਨ, ਲੋਕਮਾਤ ਰਾਹ ਚਲਾਇੰਦਾ। ਜੂਠਾ ਝੂਠਾ ਮੇਟ ਨਿਸ਼ਾਨ, ਧਰਮ ਯੁਧ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਖੇਲ ਖਿਲਾਇੰਦਾ। ਦਵਾਪਰ ਤੇਰਾ ਪਾਰ ਕਿਨਾਰਾ, ਯਾਦਵ ਬੰਸ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਹੋ ਉਜਿਆਰਾ, ਅਥਰਬਨ ਵੇਦ ਵੇਖ ਵਖਾਈਆ। ਈਸਾ ਮੂਸਾ ਕਰ ਉਜਿਆਰਾ, ਜਲਵਾ ਨੂਰ ਕਰੇ ਰੁਸ਼ਨਾਈਆ। ਏਕਾ ਹੁਕਮ ਧੁਰ ਦਰਬਾਰਾ, ਕਲਮਾ ਕਲਮੀ ਆਪ ਪੜ੍ਹਾਈਆ। ਨਬੀ ਰਸੂਲ ਕਰ ਪਿਆਰਾ, ਸ਼ਰਅ ਸ਼ਰੀਅਤ ਇਕ ਵਖਾਈਆ। ਏਕਾ ਧਾਮ ਵਖਾਏ ਸਾਂਝਾ ਯਾਰਾ, ਮੁਕਾਮੇ ਹੱਕ ਹੱਕ ਵਡਿਆਈਆ। ਸਚ ਤੌਫ਼ੀਕ ਬੇਐਬ ਪਰਵਰਦਿਗਾਰਾ, ਰਹੀਮ ਰਫ਼ੀਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਗ ਮੁਹੰਮਦ ਚਾਰ ਯਾਰ, ਲੇਖਾ ਜਾਣੇ ਪਰਵਰਦਿਗਾਰ, ਬੇਪਰਵਾਹ ਆਪਣਾ ਨਾਉਂ ਧਰਾਈਆ। ਚਾਰ ਯਾਰੀ ਪਾਰ ਕਿਨਾਰਾ, ਪੁਰਖ ਅਬਿਨਾਸ਼ੀ ਖੇਲ ਖਿਲਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰਾ, ਨਾਨਕ ਜੋਤੀ ਜੋਤ ਜਗਾਇੰਦਾ। ਏਕਾ ਜੋਤੀ ਦਸ ਅਵਤਾਰਾ, ਗੁਰ ਗੋਬਿੰਦ ਲੇਖਾ ਆਪ ਜਣਾਇੰਦਾ। ਪਿਤਾ ਪੂਤ ਕਰ ਪਿਆਰਾ, ਘਰ ਮੰਦਰ ਇਕ ਵਖਾਇੰਦਾ। ਸਚਖੰਡ ਨਿਵਾਸੀ ਵਸੇ ਸਚ ਦਵਾਰਾ, ਆਦਿ ਜੁਗਾਦੀ ਵੇਸ ਵਟਾਇੰਦਾ। ਕਲਜੁਗ ਕੂੜਾ ਕੂੜ ਕੁੜਿਆਰਾ, ਚਾਰ ਕੁੰਟ ਅੰਧੇਰਾ ਛਾਇੰਦਾ। ਵਰਨਾਂ ਬਰਨਾਂ ਹਾਹਾਕਾਰਾ ਏਕਾ ਰੰਗ ਨਾ ਕੋਇ ਰੰਗਾਇੰਦਾ। ਗੁਰ ਪੀਰ ਲੇਖਾ ਜਾਣੇ ਜੀਵ ਗਵਾਰਾ, ਦੇ ਮਤ ਸਰਬ ਸਮਝਾਇੰਦਾ। ਕਲਜੁਗ ਤੇਰੀ ਬੰਨ੍ਹੇ ਧਾਰਾ, ਬੁੱਧ ਬਬੇਕ ਬਬੇਕੀ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸੱਚਾ ਸ਼ਹਿਨਸ਼ਾਹ, ਗੁਰ ਗੁਰ ਬਣੇ ਮਾਤ ਮਲਾਹ, ਆਪਣਾ ਬੇੜਾ ਆਪ ਚਲਾਇੰਦਾ। ਸਤਿਗੁਰ ਸਦਾ ਸਾਲਾਹੀਏ, ਨਿਰਗੁਣ ਰੂਪ ਅਗੰਮ। ਸਤਿਗੁਰ ਸਦਾ ਸਾਲਾਹੀਏ, ਨਾ ਮਰੇ ਨਾ ਪਏ ਜੰਮ। ਸਤਿਗੁਰ ਸਦਾ ਸਾਲਾਹੀਏ, ਗਗਨ ਪਾਤਾਲ ਰਖਾਏ ਬਿਨ ਬਿਨ ਥੰਮ। ਸਤਿਗੁਰ ਸਦਾ ਸਾਲਾਹੀਏ, ਲੋਆਂ ਪੁਰੀਆਂ ਬੇੜਾ ਰਿਹਾ ਬੰਨ੍ਹ। ਸਤਿਗੁਰ ਸਦਾ ਸਾਲਾਹੀਏ,ਕਰੇ ਪਰਕਾਸ਼ ਸੂਰਜ ਚੰਨ। ਸਤਿਗੁਰ ਸਦਾ ਸਾਲਾਹੀਏ, ਸਾਚਾ ਰਾਗ ਸੁਣਾਏ ਕੰਨ। ਸਤਿਗੁਰ ਸਦਾ ਸਾਲਾਹੀਏ, ਪੰਚ ਵਿਕਾਰੇ ਦੇਵੇ ਡੰਨ। ਸਤਿਗੁਰ ਸਦਾ ਸਾਲਾਹੀਏ, ਲੇਖਾ ਚੁਕਾਏ ਛੱਪਰੀ ਛੰਨ। ਸਤਿਗੁਰ ਸਦਾ ਸਾਲਾਹੀਏ, ਕਰ ਕਿਰਪਾ ਜਾਏ ਮੰਨ। ਸਤਿਗੁਰ ਸਦਾ ਸਾਲਾਹੀਏ, ਲੇਖੇ ਲਾਏ ਜਨਨੀ ਜਨ। ਸਤਿਗੁਰ ਸਦਾ ਸਾਲਾਹੀਏ, ਦੇਵੇ ਗਿਆਨ ਆਤਮ ਅਨ੍ਹ। ਸਤਿਗੁਰ ਸਦਾ ਸਾਲਾਹੀਏ, ਦੇਵੇ ਨਾਮ ਸੱਚਾ ਧੰਨ। ਸਤਿਗੁਰ ਸਦਾ ਸਾਲਾਹੀਏ, ਹੰਕਾਰੀ ਗੜ੍ਹ ਦੇਵੇ ਭੰਨ। ਸਤਿਗੁਰ ਸਦਾ ਸਾਲਾਹੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਇਕ ਭਗਵਾਨ। ਸਤਿਗੁਰ ਪੂਰਾ ਸਦਾ ਸਾਲਾਹੀਏ, ਮਿਹਰਵਾਨ ਮਿਹਰਵਾਨਾ। ਸਤਿਗੁਰ ਪੂਰਾ ਸਦਾ ਸਾਲਾਹੀਏ, ਆਦਿ ਜੁਗਾਦੀ ਨੌਜਵਾਨਾ। ਸਤਿਗੁਰ ਪੂਰਾ ਸਦਾ ਸਾਲਾਹੀਏ, ਧੁਨ ਆਤਮਕ ਨਾਦ ਸੁਣਾਏ ਰਾਗ ਤਰਾਨਾ। ਸਤਿਗੁਰ ਪੂਰਾ ਸਦਾ ਸਾਲਾਹੀਏ, ਦੇਵੇ ਗੁਣ ਗੁਣ ਨਿਧਾਨਾ। ਸਤਿਗੁਰ ਪੂਰਾ ਸਦਾ ਸਾਲਾਹੀਏ, ਅੰਤਰ ਬਿਧ ਕਰੇ ਆਪ ਪਛਾਨਾ। ਸਤਿਗੁਰ ਸਦਾ ਸਾਲਾਹੀਏ, ਲੇਖਾ ਜਾਣੇ ਪਵਣ ਮਸਾਣਾ। ਸਤਿਗੁਰ ਪੂਰਾ ਸਦਾ ਸਾਲਾਹੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਧੁਰ ਫ਼ਰਮਾਣਾ। ਸਤਿਗੁਰ ਪੂਰਾ ਹਰਿ ਗੋਬਿੰਦ, ਸਿੰਘ ਸਾਚਾ ਰੂਪ ਵਟਾਇੰਦਾ। ਆਪੇ ਮੇਟੇ ਆਪਣੀ ਚਿੰਦ, ਹਰਖ ਸੋਗ ਨਾ ਕੋਇ ਰਖਾਇੰਦਾ। ਲੇਖਾ ਜਾਣੇ ਇੰਦਰਾਸਣ ਇੰਦ, ਕਰੋੜ ਤੇਤੀਸਾ ਵੇਖ ਵਖਾਇੰਦਾ। ਵੇਖ ਵਖਾਏ ਬ੍ਰਹਮਾ ਵਿਸ਼ਵ ਸ਼ਿਵ ਮਰਗਿੰਦ, ਆਪ ਆਪਣਾ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਏਕਾ ਏਕ, ਲੱਖ ਚੁਰਾਸੀ ਬਖ਼ਸ਼ੇ ਟੇਕ, ਏਕਾ ਰੂਪ ਅਨੂਪ ਦਰਸਾਇੰਦਾ। ਜੁਗ ਜੁਗ ਸਤਿਗੁਰ ਸੱਚਾ ਏਕੋ ਏਕਾ, ਏਕਾ ਰੰਗ ਸਮਾਇਆ। ਚਾਰ ਜੁਗ ਲੱਖ ਚੁਰਾਸੀ ਜੀਵ ਜੰਤ ਗੁਰ ਪੀਰ ਅਵਤਾਰ ਸਾਧ ਸੰਤ ਰੱਖਦੇ ਆਏ ਟੇਕਾ, ਰਸਨਾ ਜਿਹਵਾ ਗੁਣ ਗੁਣ ਗਾਇਆ। ਨਾਨਕ ਕਬੀਰ ਉਪਰ ਚੜ੍ਹ ਚੜ੍ਹ ਵੇਖਾ, ਆਪਣੀ ਤ੍ਰਿਸ਼ਨਾ ਆਪ ਬੁਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਖੇਲ ਖਿਲਾਇਆ। ਜੁਗ ਜੁਗ ਅਵਤਾਰਾ ਹਰਿ ਨਿਰੰਕਾਰਾ, ਨਿਰਗੁਣ ਧਾਰ ਆਪ ਚਲਾਇੰਦਾ। ਲੋਕਮਾਤ ਖੇਲ ਅਪਾਰਾ ਵਿਚ ਸੰਸਾਰਾ, ਪੁਰਖ ਅਬਿਨਾਸ਼ੀ ਆਪ ਕਰਾਇੰਦਾ। ਨਿਰਗੁਣ ਜੋਤੀ ਕਰ ਉਜਿਆਰਾ ਪਾਵੇ ਸਾਰਾ, ਹਰਿਜਨ ਸਾਚੇ ਆਪ ਜਗਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰਾ ਅਗੰਮ ਅਪਾਰਾ, ਅਲੱਖ ਅਲੱਖਣਾ ਖੇਲ ਖਿਲਾਇੰਦਾ। ਪਰਗਟ ਹੋਵੇ ਵਿਚ ਸੰਸਾਰਾ, ਨਿਹਕਲੰਕ ਨਰ ਅਵਤਾਰਾ ਆਪਣਾ ਨਾਉਂ ਧਰਾਇੰਦਾ। ਖੜਗ ਖੰਡਾ ਤੇਜ਼ ਕਟਾਰਾ, ਚੰਡ ਪਰਚੰਡਾ ਆਪ ਉਠਾਇੰਦਾ। ਵੰਡੇ ਵੰਡ ਵੰਡਣਹਾਰਾ, ਬ੍ਰਹਿਮੰਡ ਖੰਡ ਆਪਣੀ ਵੰਡ ਵੰਡਾਇੰਦਾ। ਸਤਿਗੁਰ ਪੂਰਾ ਹੋ ਤਿਆਰਾ, ਲੋਕਮਾਤ ਫੇਰੀ ਪਾਇੰਦਾ। ਕਰੇ ਖੇਲ ਚਵੀਆਂ ਅਵਤਾਰਾ, ਚੌਦਾਂ ਦਸ ਮੇਲ ਮਿਲਾਇੰਦਾ। ਆਪੇ ਜਾਣੇ ਪਾਰ ਕਿਨਾਰਾ, ਲੇਖਾ ਆਪਣਾ ਆਪ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਜਣ ਸੱਚਾ ਏਕਾ ਮੀਤ, ਬੈਠਾ ਰਹੇ ਇਕ ਅਤੀਤ, ਸ਼ਬਦ ਸੁਣਾਏ ਸੁਹਾਗੀ ਗੀਤ, ਸਾਚਾ ਮੰਤਰ ਆਪ ਦ੍ਰਿੜਾਈਆ। ਸਤਿਗੁਰ ਪੂਰਾ ਜਾਗਿਆ, ਨਿਰਗੁਣ ਜੋਤੀ ਜਾਮਾ ਧਾਰ। ਕਲਜੁਗ ਤੇਰੀ ਪਕੜੀ ਹੱਥ ਆਪਣੇ ਵਾਗਿਆ, ਚਾਰੋਂ ਕੁੰਟ ਦਏ ਹੁਲਾਰ। ਬਾਦਸ਼ਾਹ ਸ਼ਾਹ ਸੁਲਤਾਨਾਂ ਲੱਥੇ ਤਾਜਿਆ, ਸੀਸ ਰਹਿਣ ਨਾ ਦੇਵੇ ਕਿਸੇ ਦਸਤਾਰ। ਪਰਗਟ ਹੋਇਆ ਦੇਸ ਮਾਝਿਆ, ਨਿਹਕਲੰਕੀ ਲੈ ਅਵਤਾਰ। ਸਿੰਘ ਸ਼ੇਰ ਹੋ ਹੋ ਗਾਜਿਆ, ਚਾਰ ਕੁੰਟ ਦਹਿ ਦਿਸ਼ਾ ਮਾਰੇ ਲਲਕਾਰ। ਆਪਣੇ ਚੜ੍ਹਿਆ ਅਸਵ ਤਾਜਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਕਰਤਾਰ। ਸਤਿਗੁਰ ਪੂਰਾ ਉਠਿਆ, ਨਿਰਗੁਣ ਰੂਪ ਨਿਰਾਕਾਰ। ਗੁਰਮੁਖਾਂ ਉਪਰ ਤੁਠਿਆ, ਸਤਿਜੁਗ ਤ੍ਰੇਤਾ ਦੁਆਪਰ ਵਿਛੜੇ ਮੇਲੇ ਯਾਰ। ਅੰਮ੍ਰਿਤ ਜਾਮ ਪਿਆਏ ਸਾਚਾ ਘੁੱਟਿਆ, ਮਿਟੇ ਰੈਣ ਅੰਧੇਰੀ ਧੂਆਂਧਾਰ। ਆਪ ਚੜ੍ਹਾਏ ਸਾਚੀ ਚੋਟੀਆਂ, ਸ਼ਬਦ ਹੁਲਾਰਾ ਏਕਾ ਮਾਰ। ਵਿਚੋਂ ਕੱਢੇ ਵਾਸਨਾ ਖੋਟੀਆ, ਪੰਚ ਵਿਕਾਰਾ ਦੇਵੇ ਮਾਰ। ਇਕ ਰਖਾਏ ਚਰਨ ਓਟੀਆ, ਸੋਹੰ ਸ਼ਬਦ ਪੜ੍ਹਾਏ ਸਚ ਜੈਕਾਰ। ਲੱਭਦੇ ਫਿਰਦੇ ਕੋਟਨ ਕੋਟੀਆ, ਜੰਗਲ ਜੂਹ ਵਿਚ ਉਜਾੜ। ਮਾਣਸ ਦੇਹੀ ਪੜ੍ਹ ਪੜ੍ਹ ਥੱਕੀ ਪੋਥੀਆਂ, ਦਰਸ ਨਾ ਪਾਇਆ ਹਰਿ ਨਿਰੰਕਾਰ। ਹੰਕਾਰੀ ਗੱਲਾਂ ਕਰਨ ਥੋਥੀਆਂ, ਥਿਰ ਰਹਿਣਾ ਕਿਸੇ ਨਾ ਵਿਚ ਸੰਸਾਰ। ਪੁਰਖ ਅਬਿਨਾਸ਼ੀ ਅੰਤਮ ਫੜ ਫੜ ਮੁੰਨੇ ਚੋਟੀਆਂ, ਚਾਰੋਂ ਕੁੰਟ ਕਰੇ ਖ਼ਵਾਰ। ਰਾਏ ਧਰਮ ਤੋੜੇ ਬੋਟੀਆਂ, ਕੁੰਭੀ ਨਰਕ ਕਰੇ ਵਿਚਾਰ। ਗੁਰਸਿਖਾਂ ਘਰ ਘਰ ਜਗਣ ਜੋਤੀਆਂ, ਨਿਰਮਲ ਜੋਤ ਹੋਏ ਉਜਿਆਰ। ਆਪ ਉਠਾਏ ਰੂਹਾਂ ਸੋਤੀਆਂ, ਸ਼ਬਦ ਹੁਲਾਰਾ ਦਏ ਮਾਰ। ਗੁਰਮੁਖ ਵਿਰਲੇ ਆਪਣੀ ਦੁਰਮਤ ਮੈਲ ਧੋਤੀਆ, ਜੋ ਆਏ ਚਲ ਦਵਾਰ। ਮਨਮੁਖ ਮਮਤਾ ਦਿਵਸ ਰੈਣ ਰੋਂਦੀਆ, ਉਚੀ ਕੂਕੇ ਕਰੇ ਪੁਕਾਰ। ਦੁਹਾਗਣ ਨਾਰ ਆਪਣੀ ਮੀਂਢੀ ਖੋਂਹਦੀਆ, ਸਿਰ ਨੰਗੀ ਫਿਰੇ ਵਿਚ ਸੰਸਾਰ। ਗੁਰਮੁਖ ਸਵਾਣੀ ਗੀਤ ਸੁਹਾਗੀ ਗੌਂਦੀਆ, ਘਰ ਪਾਇਆ ਵਰ ਕਰਤਾਰ। ਮਨਮੁਖ ਤੇਰਾ ਮੁਲ ਨਾ ਪਏ ਕੌਡੀਆ, ਖ਼ਾਲੀ ਹੱਥ ਜਾਏਂ ਵਿਚੋਂ ਸੰਸਾਰ। ਗੁਰਮੁਖ ਸਾਚੇ ਦਰਗਹਿ ਸਾਚੀ ਲਾਈਆਂ ਪੌੜੀਆਂ, ਸਤਿਗੁਰ ਪੂਰਾ ਆਪ ਚੜ੍ਹਾਵਣਹਾਰ। ਮਨਮੁਖਾਂ ਵੇਲਾਂ ਹੋਈਆਂ ਕੌੜੀਆਂ, ਆਪੇ ਪੁੱਟ ਪੁੱਟ ਸੁੱਟੇ ਬਾਹਰ। ਗੁਰਮੁਖਾਂ ਬੁਝਾਏ ਲੱਗੀ ਔੜਿਆ, ਅੰਮ੍ਰਿਤ ਬਰਖੇ ਠੰਡੀ ਠਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਪੂਰਾ ਸਿਰਜਣਹਾਰ। ਸਤਿਗੁਰ ਪੂਰਾ ਰਿਜ਼ਕ ਸਬਾਇੰਦਾ, ਜੁਗਾ ਜੁਗੰਤਰ ਕਾਰ। ਸਤਿਗੁਰ ਪੂਰਾ ਗੁਰਮੁਖਾਂ ਮੇਲ ਮਿਲਾਇੰਦਾ, ਲੋਕਮਾਤ ਲੈ ਅਵਤਾਰ। ਸਤਿਗੁਰ ਪੂਰਾ ਮਨਮੁਖਾਂ ਦਰ ਦੁਰਕਾਇੰਦਾ, ਏਕਾ ਧੱਕਾ ਦੇਵੇ ਮਾਰ। ਸਤਿਗੁਰ ਪੂਰਾ ਗੁਰਮੁਖ ਸਾਚੇ ਧਾਮ ਬਹਾਇੰਦਾ, ਸੇਵਾ ਕਰੇ ਸੇਵਾਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਲਏ ਅਵਤਾਰ। ਨਿਹਕਲੰਕ ਹਰਿ ਬੁੱਕਿਆ, ਸ਼ਬਦ ਡੰਕਾ ਵੱਜੇ ਅਨੰਤ। ਲੋਕਮਾਤ ਕਿਸੇ ਕੋਲੋਂ ਨਾ ਰੁਕਿਆ, ਖੇਲੇ ਖੇਲ ਹਰਿ ਬੇਅੰਤ। ਕਲਜੁਗ ਵੇਲਾ ਅੰਤਮ ਢੁਕਿਆ, ਘਰ ਘਰ ਰੋਵੇ ਜੀਵ ਜੰਤ। ਗੁਰਮੁਖ ਬੂਟਾ ਕਦੇ ਨਾ ਸੁੱਕਿਆ, ਜੋ ਜਨ ਸੋਹੰ ਗਾਏ ਮਣੀਆਂ ਮੰਤ। ਅੰਤਮ ਕਿਸੇ ਪਾਣੀ ਨਾ ਦਿਸੇ ਹੁੱਕਿਆ, ਹਰਿਜਨ ਬਣਾਏ ਸਾਚੇ ਸੰਤ। ਮਦਿਰਾ ਮਾਸ ਪੈਂਡਾ ਮੁਕਿਆ, ਗੁਰਮੁਖ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ। ਗੁਰ ਕਾ ਸ਼ਬਦ ਕਦੇ ਨਾ ਉਕਿਆ, ਆਦਿ ਜੁਗਾਦੀ ਮਾਰੇ ਆਦਿ ਅੰਤ। ਚਾਰ ਕੁੰਟ ਨਾ ਰਹੇ ਕੋਇ ਲੁਕਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਅੰਤ ਬੇਅੰਤ ਬੇਅੰਤ, ਖੇਲ ਬੇਅੰਤਾ ਬੇਪਰਵਾਹ ਅਨਭਵ ਪਰਕਾਸ਼ ਵਖਾਈਆ। ਆਪ ਉਠਾਏ ਸਾਚੇ ਸੰਤਾ, ਅਨਡਿਠ ਧਾਮ ਦਏ ਵਡਿਆਈਆ। ਏਕਾ ਮੰਦਰ ਏਕਾ ਬੰਕ ਏਕਾ ਹਰਿ ਸੁਹੰਤਾ, ਏਕਾ ਹਰਿਜਨ ਵੇਖ ਵਖਾਈਆ। ਏਕਾ ਰਾਗ ਧੁਨ ਸੁਨ ਸਮਾਧ ਆਪ ਉਪਜੰਤਾ, ਪੁਰਖ ਅਬਿਨਾਸ਼ੀ ਖੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸੱਚਾ ਕਾਇਆ ਮਾਟੀ ਭਾਂਡਾ ਵੇਖੇ ਕੱਚਾ, ਵਸਤ ਅਮੋਲਕ ਆਪਣੇ ਹੱਥ ਰਖਾਈਆ। ਵਸਤ ਅਮੋਲਕ ਕਾਇਆ ਗੋਲਕ, ਗੁਰ ਸਤਿਗੁਰ ਆਪ ਟਿਕਾਇੰਦਾ। ਅਨਹਦ ਵਜਾਏ ਸਾਚੀ ਢੋਲਕ, ਤਾਰ ਸਤਾਰ ਨਾ ਕੋਇ ਵਖਾਇੰਦਾ। ਦਰਸ ਦਖਾਏ ਇਕ ਅਮੋਲਕ, ਮੁਲ ਕੋਇ ਨਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਮੀਤ ਸਤਿਜੁਗ ਚਲਾਏ ਸਾਚੀ ਰੀਤ, ਚਾਰ ਵਰਨ ਏਕਾ ਸਰਨ ਏਕਾ ਬਰਨ ਵਖਾਇੰਦਾ।
