੨ ਜੇਠ ੨੦੧੭ ਬਿਕ੍ਰਮੀ ਜਗੀਰ ਸਿੰਘ ਦੇ ਘਰ ਪਿੰਡ ਸੋਲ੍ਹ ਜ਼ਿਲਾ ਗੁਰਦਾਸ ਪੁਰ
ਸੋ ਪੁਰਖ ਨਿਰੰਜਣ ਸਦ ਮਿਹਰਵਾਨ, ਹਰਿ ਦਾਤਾ ਬੇਪਰਵਾਹੀਆ। ਹਰਿ ਪੁਰਖ ਨਿਰੰਜਣ ਸਚ ਨਿਸ਼ਾਨ, ਆਦਿ ਜੁਗਾਦਿ ਝੁਲਾਈਆ। ਇਕਓਅੰਕਾਰਾ ਨੌਜਵਾਨ, ਨਰ ਹਰਿ ਨਾ ਮਰੇ ਨਾ ਜਾਈਆ। ਆਦਿ ਨਿਰੰਜਣ ਜੋਤ ਮਹਾਨ, ਪਰਮ ਪੁਰਖ ਆਪ ਜਗਾਈਆ। ਸ੍ਰੀ ਭਗਵਾਨ ਸਾਚਾ ਦਾਨ, ਤਖ਼ਤ ਨਿਵਾਸੀ ਆਪ ਵਰਤਾਈਆ। ਅਬਿਨਾਸ਼ੀ ਕਰਤਾ ਖੇਲ ਮਹਾਨ, ਇਕ ਇਕੱਲਾ ਆਪ ਕਰਾਈਆ। ਪਾਰਬ੍ਰਹਮ ਪ੍ਰਭ ਗੁਣ ਨਿਧਾਨ, ਗੁਣਵੰਤਾ ਵਡ ਵਡਿਆਈਆ। ਸਚਖੰਡ ਵਸੇ ਸਚ ਮਕਾਨ, ਮਹੱਲ ਅਟੱਲ ਉਚ ਮਿਨਾਰ ਇਕ ਵਖਾਈਆ। ਦੂਸਰ ਦਿਸੇ ਨਾ ਕੋਇ ਨਿਸ਼ਾਨ, ਨਿਰਗੁਣ ਬੈਠਾ ਮੁਖ ਛੁਪਾਈਆ। ਆਪੇ ਗੋਪੀ ਆਪੇ ਕਾਹਨ, ਆਪੇ ਸਗਲਾ ਸੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਰੰਗ ਰੰਗਾਈਆ। ਸੋ ਪੁਰਖ ਨਿਰੰਜਣ ਹਰਿ ਹਰਿ ਦਾਤਾ, ਏਕਾ ਰੰਗ ਸਮਾਇੰਦਾ। ਹਰਿ ਪੁਰਖ ਨਿਰੰਜਣ ਸ਼ਬਦ ਗਿਆਤਾ, ਧੁਨ ਅਨਾਦੀ ਨਾਦ ਵਜਾਇੰਦਾ। ਏਕੰਕਾਰਾ ਗਾਏ ਆਪਣੀ ਗਾਥਾ, ਬੋਧ ਅਗਾਧ ਆਪ ਅਖਵਾਇੰਦਾ। ਸ੍ਰੀ ਭਗਵਾਨ ਸਗਲਾ ਸਾਥਾ, ਦਰ ਘਰ ਸਾਚੇ ਆਪ ਨਿਭਾਇੰਦਾ। ਅਬਿਨਾਸ਼ੀ ਕਰਤਾ ਆਪੇ ਖੇਲੇ ਖੇਲ ਤਮਾਸ਼ਾ, ਮੰਡਲ ਰਾਸ ਆਪ ਰਚਾਇੰਦਾ। ਪਾਰਬ੍ਰਹਮ ਦਰ ਘਰ ਸਾਚੇ ਕਰ ਵਾਸਾ, ਬੰਕ ਦੁਆਰਾ ਇਕ ਸੁਹਾਇੰਦਾ। ਸਚਖੰਡ ਦੁਆਰਾ ਜੋਤ ਪਰਕਾਸ਼ਾ, ਨਿਰਗੁਣ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕੰਕਾਰਾ ਖੇਲੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਭੇਵ ਨਾ ਆਇੰਦਾ। ਸੋ ਪੁਰਖ ਨਿਰੰਜਣ ਸੋਭਾਵੰਤ, ਹਰਿ ਪੁਰਖ ਨਿਰੰਜਣ ਵਡ ਵਡਿਆਈਆ। ਏਕੰਕਾਰਾ ਆਦਿ ਅੰਤ, ਆਦਿ ਨਿਰੰਜਣ ਸੋਭਾ ਪਾਈਆ। ਸ੍ਰੀ ਭਗਵਾਨ ਸਾਚਾ ਕੰਤ, ਅਬਿਨਾਸ਼ੀ ਕਰਤਾ ਸੇਜ ਹੰਢਾਈਆ। ਪਾਰਬ੍ਰਹਮ ਬਣਾਏ ਆਪਣੀ ਬਣਤ, ਦੂਸਰ ਸੰਗ ਨਾ ਕੋਇ ਰਖਾਈਆ। ਸਚਖੰਡ ਦੁਆਰਾ ਮਹਿਮਾ ਅਗਣਤ, ਲੇਖਾ ਲੇਖ ਨਾ ਕੋਇ ਵਖਾਈਆ। ਆਪੇ ਆਦਿ ਆਪੇ ਅੰਤ, ਸਚ ਸਿੰਘਾਸਣ ਪੁਰਖ ਅਬਿਨਾਸ਼ਣ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਖੇਲ ਅਪਾਰਾ, ਕਰੇ ਕਰਾਏ ਕਰਨੇਹਾਰਾ, ਕਰਨੀ ਕਰਤਾ ਨਾਉਂ ਧਰਾਇੰਦਾ। ਕਰਨੀ ਕਰਤਾ ਕਰਨੇ ਯੋਗ, ਦੂਸਰ ਅਵਰ ਨਾ ਕੋਇ ਵਖਾਇੰਦਾ। ਨਿਰਗੁਣ ਨਿਰਗੁਣ ਕਰੇ ਭੋਗ, ਸਚ ਸੰਜੋਗ ਆਪ ਹੰਢਾਇੰਦਾ। ਆਪੇ ਵਸੇ ਆਪਣੇ ਲੋਕ, ਦੋ ਜਹਾਨਾਂ ਆਪ ਸਮਾਇੰਦਾ। ਆਪੇ ਸ਼ਬਦ ਸਚ ਸਲੋਕ, ਰਾਗ ਤਰਾਨਾ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲਾ ਦੀਨ ਦਿਆਲਾ, ਥਿਰ ਘਰ ਸਾਚੇ ਆਸਣ ਲਾਇੰਦਾ। ਥਿਰ ਘਰ ਸਾਚਾ ਸਚ ਮਹੱਲਾ, ਸੋ ਪੁਰਖ ਨਿਰੰਜਣ ਆਸਣ ਲਾਇੰਦਾ। ਹਰਿ ਪੁਰਖ ਨਿਰੰਜਣ ਆਪ ਆਪਣਾ ਫੜਾਏ ਪੱਲਾ, ਆਪ ਆਪਣੀ ਵੰਡ ਵੰਡਾਇੰਦਾ। ਏਕੰਕਾਰਾ ਮਾਰਗ ਲਾਏ ਆਪ ਸੁਖੱਲਾ, ਸਾਚਾ ਪੌੜਾ ਆਪ ਵਖਾਇੰਦਾ। ਆਦਿ ਨਿਰੰਜਣ ਆਪਣੇ ਦੀਪਕ ਆਪੇ ਬਲਾ, ਬਾਤੀ ਤੇਲ ਨਾ ਕੋਇ ਟਿਕਾਇੰਦਾ। ਸ੍ਰੀ ਭਗਵਾਨ ਸਚ ਸੰਦੇਸ਼ ਏਕਾ ਘੱਲਾ, ਨਰ ਨਰਾਇਣ ਹੁਕਮ ਸੁਣਾਇੰਦਾ। ਅਬਿਨਾਸ਼ੀ ਕਰਤਾ ਆਪਣੀ ਜੋਤੀ ਆਪੇ ਰਲਾ, ਤਤਵ ਤਤ ਨਾ ਕੋਇ ਦਿਖਾਇੰਦਾ। ਪਾਰਬ੍ਰਹਮ ਆਪੇ ਜਾਣੇ ਆਪਣਾ ਵਲ ਛਲਾ, ਅਛਲ ਅਛੱਲ ਆਪ ਹੋ ਜਾਇੰਦਾ। ਸਚਖੰਡ ਦਵਾਰਾ ਇਕ ਮੁਨਾਰਾ ਨੇਹਚਲ ਧਾਮ ਅਟੱਲਾ, ਨਿਰਗੁਣ ਦਾਤਾ ਆਪ ਵਸਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਿੰਘਾਸਣ ਸਚ ਸੁਲਤਾਨ, ਬੈਠਣਹਾਰਾ ਹਰਿ ਮਿਹਰਵਾਨ, ਦੂਸਰ ਦਰ ਨਾ ਕੋਇ ਉਪਾਇੰਦਾ। ਸੋ ਪੁਰਖ ਨਿਰੰਜਣ ਸਚ ਸੁਲਤਾਨਾ, ਸਚਖੰਡ ਦਵਾਰੇ ਸੋਭਾ ਪਾਈਆ। ਹਰਿ ਪੁਰਖ ਨਿਰੰਜਣ ਆਪੇ ਜਾਣੇ ਏਕਾ ਪਦ ਨਿਰਬਾਣਾ, ਨਿਰ ਭੈ ਆਪਣਾ ਨਾਉਂ ਰਖਾਈਆ। ਏਕੰਕਾਰ ਖੇਲ ਮਹਾਨਾ, ਜੂਨੀ ਰਹਿਤ ਵਡ ਵਡਿਆਈਆ। ਅਬਿਨਾਸ਼ੀ ਕਰਤਾ ਗੁਣ ਨਿਧਾਨਾ, ਅਵਗੁਣ ਵਿਚ ਨਾ ਕੋਇ ਟਿਕਾਈਆ। ਸ੍ਰੀ ਭਗਵਾਨ ਵਡ ਬਲਵਾਨਾ, ਜੋਧਾ ਸੂਰਬੀਰ ਇਕ ਅਖਵਾਈਆ। ਪਾਰਬ੍ਰਹਮ ਲੇਖਾ ਜਾਣੇ ਦਰ ਦਰਬਾਨਾ, ਦਰ ਦਰਵੇਸ਼ ਅਲੱਖ ਜਗਾਈਆ। ਸਚਖੰਡ ਦੁਆਰਾ ਇਕ ਮਕਾਨਾ, ਚਾਰ ਦੀਵਾਰ ਨਾ ਕੋਇ ਰਖਾਈਆ। ਥਿਰ ਘਰ ਵਾਸਾ ਪੁਰਖ ਅਬਿਨਾਸ਼ਾ, ਘਰ ਘਰ ਵਿਚ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸੁਹੰਜਣਾ ਜੋਤ ਜਗਾਏ ਆਦਿ ਨਿਰੰਜਣਾ, ਨੂਰ ਨੁਰਾਨਾ ਨੂਰ ਧਰਾਈਆ। ਸੋ ਪੁਰਖ ਨਿਰੰਜਣ ਸਾਚਾ ਨੂਰ, ਨਿਰਗੁਣ ਆਪਣਾ ਆਪ ਧਰਾਇੰਦਾ। ਹਾਜ਼ਰ ਹਜ਼ੂਰ, ਹਰਿ ਹਰਿ ਆਪਣਾ ਵੇਸ ਵਟਾਇੰਦਾ। ਏਕੰਕਾਰਾ ਆਸਾ ਮਨਸਾ ਪੂਰ, ਆਪਣੀ ਆਸਾ ਆਸਾ ਵਿਚ ਰਖਾਇੰਦਾ। ਆਦਿ ਨਿਰੰਜਣ ਜੋਤ ਜਗਾਏ ਹਾਜ਼ਰ ਹਜ਼ੂਰ, ਦਰ ਘਰ ਸਾਚੇ ਆਪ ਰਖਾਇੰਦਾ। ਸ੍ਰੀ ਭਗਵਾਨ ਆਪੇ ਵਸੇ ਨੇੜੇ ਦੂਰ, ਦੂਰ ਦੁਰਾਡਾ ਪੰਧ ਨਾ ਕੋਇ ਜਣਾਇੰਦਾ। ਅਬਿਨਾਸ਼ੀ ਕਰਤਾ ਆਪੇ ਚਾੜ੍ਹੇ ਆਪਣਾ ਰੰਗ ਗੂੜ੍ਹ, ਲਾਲ ਗੁਲਾਲਾ ਰੰਗ ਰੰਗਾਇੰਦਾ। ਪਾਰਬ੍ਰਹਮ ਮੰਗੇ ਸਾਚੀ ਧੂੜ, ਆਪਣੀ ਧੂੜੀ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦੁਆਰਾ ਸੋਭਾਵੰਤ, ਹਰਿ ਹਰਿ ਵਸੇ ਸਾਚਾ ਕੰਤ, ਨਰ ਹਰਿ ਵੱਡੀ ਵਡਿਆਈਆ। ਨਰ ਹਰਿ ਨਰਾਇਣ ਪੁਰਖ ਭਤਾਰਾ, ਪਾਰਬ੍ਰਹਮ ਅਖਵਾਇੰਦਾ। ਸਚਖੰਡ ਸੁਹਾਏ ਏਕਾ ਦੁਆਰਾ, ਸਚ ਸਿੰਘਾਸਣ ਆਸਣ ਲਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਹੁਕਮੀ ਹੁਕਮ ਸੁਣਾਇੰਦਾ। ਧੁਰ ਫ਼ਰਮਾਣਾ ਬੋਲ ਜੈਕਾਰਾ, ਸ਼ਬਦ ਅਨਾਦੀ ਨਾਦ ਵਜਾਇੰਦਾ। ਆਪੇ ਬੰਨ੍ਹੇ ਆਪਣੀ ਧਾਰਾ, ਕਾਗਦ ਕਲਮ ਨਾ ਲੇਖ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵਸੇ ਸਾਚੇ ਘਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਦਰ ਦਰਵਾਜ਼ਾ ਪਰਵਰਦਿਗਾਰ, ਦਰਗਹਿ ਸਾਚੀ ਆਪ ਖੁਲ੍ਹਾਈਆ। ਇਕ ਇਕੱਲਾ ਕਰ ਪਸਾਰ, ਨਿਰਗੁਣ ਬੈਠਾ ਬੇਪਰਵਾਹੀਆ। ਜਲਵਾ ਨੂਰ ਨੂਰ ਉਜਿਆਰ, ਨੂਰ ਨੁਰਾਨਾ ਸ਼ਹਿਨਸ਼ਾਹੀਆ। ਸਾਚੇ ਤਖ਼ਤ ਸੋਹੇ ਸੱਚੀ ਸਰਕਾਰ, ਸੀਸ ਜਗਦੀਸ਼ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਦਰ ਘਰ ਸਾਚਾ ਬੰਕ ਉਪਾਈਆ। ਬੰਕ ਦਵਾਰਾ ਹਰਿ ਸੁਹਾਏ, ਭੇਵ ਕੋਇ ਨਾ ਪਾਇੰਦਾ। ਸਚਖੰਡ ਦੁਆਰਾ ਜੋਤ ਜਗਾਏ, ਜੋਤੀ ਜੋਤ ਡਗਮਗਾਇੰਦਾ। ਸੋ ਪੁਰਖ ਨਿਰੰਜਣ ਆਪਣਾ ਨਾਉਂ ਧਰਾਏ, ਹਰਿ ਪੁਰਖ ਨਿਰੰਜਣ ਗੀਤ ਸੁਹਾਗੀ ਆਪੇ ਗਾਇੰਦਾ। ਏਕੰਕਾਰਾ ਸਗਨ ਮਨਾਏ, ਆਪ ਆਪਣੇ ਰੰਗ ਰੰਗਾਇੰਦਾ। ਆਦਿ ਨਿਰੰਜਣ ਏਕਾ ਰੂਪ ਦਰਸਾਏ, ਰੇਖ ਭੇਖ ਨਾ ਕੋਇ ਵਟਾਇੰਦਾ। ਅਬਿਨਾਸ਼ੀ ਕਰਤਾ ਦਰ ਦਰਵੇਸ਼ ਫੇਰੀ ਪਾਏ, ਸ੍ਰੀ ਭਗਵਾਨ ਮੇਲ ਮਿਲਾਇੰਦਾ। ਪਾਰਬ੍ਰਹਮ ਨਿਉਂ ਨਿਉਂ ਦਰ ਦਵਾਰੇ ਆਪਣੇ ਸੀਸ ਝੁਕਾਏ, ਆਪਣੀ ਝੋਲੀ ਅੱਗੇ ਡਾਹਿੰਦਾ। ਸ਼ਾਹ ਸੁਲਤਾਨ ਆਪ ਬਣ ਜਾਏ, ਆਪ ਆਪਣੀ ਵੰਡ ਵੰਡਾਇੰਦਾ। ਏਕਾ ਵਸਤ ਹੱਥ ਉਠਾਏ, ਨੇਤਰ ਨੈਣ ਨਾ ਕੋਇ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਖੇਲ ਅਵੱਲਾ, ਕਰੇ ਕਰਾਏ ਇਕ ਇਕੱਲਾ, ਏਕਾ ਏਕ ਏਕ ਅਖਵਾਇੰਦਾ। ਏਕਾ ਪੁਰਖ ਅਗੰਮ ਅਪਾਰ, ਦਰ ਘਰ ਘਰ ਸਾਚੇ ਆਸਣ ਲਾਇੰਦਾ। ਆਪ ਸੁਹਾਏ ਸਚ ਦਰਬਾਰ, ਦਰ ਦਰਬਾਰੀ ਵੇਸ ਵਟਾਇੰਦਾ। ਛਤਰ ਝੁਲਾਏ ਏਕੰਕਾਰ, ਸੇਵਕ ਸਾਚੀ ਸੇਵ ਕਮਾਇੰਦਾ। ਸ਼ਾਹੋ ਭੂਪ ਬਣ ਸਿਕਦਾਰ, ਚੋਬਦਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰਗਹਿ ਸਾਚੀ ਸਾਚਾ ਘਰ, ਏਕਾ ਵਸੇ ਹਰੀ ਹਰਿ, ਹਰਿ ਹਰਿ ਆਪਣਾ ਨਾਉਂ ਧਰਾਇੰਦਾ। ਹਰਿ ਹਰਿ ਆਪਣਾ ਨਾਉਂ ਰੱਖ, ਨਰ ਨਿਰੰਕਾਰ ਆਪ ਵਡਿਆਈਆ। ਸਾਚੇ ਮੰਦਰ ਹੋ ਪਰਤੱਖ, ਹਰਿ ਮੰਦਰ ਦਏ ਸੁਹਾਈਆ। ਨਿਰਗੁਣ ਅੰਦਰ ਨਿਰਗੁਣ ਬਾਹਰ, ਨਿਰਗੁਣ ਗੁਪਤ ਨਿਰਗੁਣ ਜ਼ਾਹਰ ਨਿਰਗੁਣ ਵਿਚੋਂ ਨਿਰਗੁਣ ਹੋਇਆ ਵੱਖ, ਨਿਰਗੁਣ ਨਿਰਗੁਣ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਸਰਬ ਕਲਾ ਸਮਰਥ, ਅਕਲ ਕਲ ਵਡ ਵਡਿਆਈਆ। ਅਕਲ ਕਲਾ ਹਰਿ ਭਗਵਾਨਾ, ਏਕਾ ਰੰਗ ਸਮਾਇੰਦਾ। ਸਚਖੰਡ ਦਵਾਰੇ ਗਾਏ ਇਕ ਤਰਾਨਾ, ਆਪ ਆਪਣਾ ਨਾਦ ਵਜਾਇੰਦਾ। ਏਕਾ ਹੁਕਮ ਧੁਰ ਫ਼ਰਮਾਣਾ, ਧੁਰ ਦੀ ਧਾਰ ਬੰਧਾਇੰਦਾ। ਮਾਤ ਪਿਤ ਕਰ ਨਿਸ਼ਾਨਾ, ਪੂਤ ਸਪੂਤਾ ਆਪ ਅਖਵਾਇੰਦਾ। ਪੰਜ ਤਤ ਨਾ ਕੋਇ ਗਿਆਨਾ, ਬ੍ਰਹਮ ਮਤ ਨਾ ਕੋਇ ਧਰਾਇੰਦਾ। ਰੱਤੀ ਰੱਤ ਨਾ ਕੋਇ ਪਛਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰਗਹਿ ਸਾਚੀ ਵੰਡੇ ਵੰਡ, ਵੰਡਣਹਾਰਾ ਆਪ ਅਖਵਾਇੰਦਾ। ਵੰਡਣਹਾਰਾ ਪੁਰਖ ਅਕਾਲ, ਆਪ ਆਪਣੀ ਵੰਡ ਵੰਡਾਈਆ। ਸਚਖੰਡ ਦਵਾਰੇ ਹੋ ਦਿਆਲ, ਦਇਆਨਿਧ ਆਪ ਅਖਵਾਈਆ। ਲੇਖਾ ਜਾਣੇ ਕਾਲ ਮਹਾਂਕਾਲ, ਅਵੱਲੜੀ ਚਾਲ ਆਪ ਚਲਾਈਆ। ਆਪ ਆਪਣਾ ਤੋੜ ਜੰਜਾਲ, ਆਪਣਾ ਬੰਧਨ ਦਏ ਗਵਾਈਆ। ਆਪਣੇ ਸਰੋਵਰ ਮਾਰੇ ਉਛਾਲ, ਆਪਣਾ ਮਾਣਕ ਲਏ ਉਠਾਈਆ। ਆਪ ਸੁਹਾਏ ਸਾਚਾ ਤਾਲ, ਅੰਮ੍ਰਿਤ ਆਪਣਾ ਨਾਉਂ ਵਖਾਈਆ। ਆਪ ਉਪਜਾਏ ਆਪਣਾ ਲਾਲ, ਸ਼ਬਦ ਦੁਲਾਰਾ ਆਪ ਸਾਚਾ ਨਾਉਂ ਰਖਾਈਆ। ਆਪੇ ਬਣੇ ਹਰਿ ਦਲਾਲ, ਆਪਣੇ ਹੱਥ ਰੱਖੇ ਵਡਿਆਈਆ। ਆਪੇ ਆਪਣਾ ਤਤ ਦਏ ਢਾਲ, ਹੱਡ ਮਾਸ ਨਾੜੀ ਰੱਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਏਕਾ ਵੜ, ਨਾ ਕੋਈ ਸੀਸ ਨਾ ਕੋਈ ਧੜ, ਰੂਪ ਰੰਗ ਨਾ ਕੋਇ ਵਖਾਈਆ। ਆਪਣੇ ਅੰਦਰ ਆਪੇ ਵੜਿਆ, ਸਚਖੰਡ ਦਵਾਰਾ ਸੋਭਾ ਪਾਇੰਦਾ। ਸੋ ਪੁਰਖ ਨਿਰੰਜਣ ਦਰ ਦਰਵੇਸ਼ ਹੋ ਹੋ ਅੱਗੇ ਖੜਿਆ, ਨਿਰਗੁਣ ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਹਰਿ ਪੁਰਖ ਨਿਰੰਜਣ ਆਪਣੀ ਵਿਦਿਆ ਆਪੇ ਪੜ੍ਹਿਆ, ਬਾਵਨ ਰੂਪ ਨਾ ਕੋਇ ਧਰਾਇੰਦਾ। ਏਕੰਕਾਰਾ ਆਪਣਾ ਫੜੇ ਆਪੇ ਲੜਿਆ, ਆਪਣੀ ਓਟ ਆਪ ਰਖਾਇੰਦਾ। ਆਦਿ ਨਿਰੰਜਣ ਅਗਨੀ ਤਤ ਕਦੇ ਨਾ ਸੜਿਆ, ਜੋਤੀ ਜੋਤ ਡਗਮਗਾਇੰਦਾ। ਸ੍ਰੀ ਭਗਵਾਨ ਨਾ ਕੋਈ ਭੰਨੇ ਨਾ ਕਿਸੇ ਘੜਿਆ, ਭੰਨਣ ਘੜਣਹਾਰ ਆਪ ਹੋ ਜਾਇੰਦਾ। ਅਬਿਨਾਸ਼ੀ ਕਰਤਾ ਸਾਚੇ ਪੌੜੇ ਆਪੇ ਚੜ੍ਹਿਆ, ਸਚਖੰਡ ਦੁਆਰੇ ਡੇਰਾ ਲਾਇੰਦਾ। ਪਾਰਬ੍ਰਹਮ ਨਰ ਨਰੇਸ਼ ਨਰਾਇਣ ਨਰਿਆ, ਨਰ ਹਰਿ ਹਰੀ ਆਪਣਾ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵੇ ਆਪਣਾ ਵਰ, ਆਪਣੀ ਇਛਿਆ ਆਪੇ ਭਿਛਿਆ ਝੋਲੀ ਪਾਇੰਦਾ। ਸਾਚੀ ਭਿਛਿਆ ਹਰਿ ਭਗਵੰਤ, ਆਪਣੀ ਆਪੇ ਝੋਲੀ ਪਾਈਆ। ਦਰਗਹਿ ਸਾਚੀ ਬਣਿਆ ਨਾਰੀ ਕੰਤ, ਨਿਰਗੁਣ ਨਿਰਗੁਣ ਸੇਜ ਹੰਢਾਈਆ। ਸਚਖੰਡ ਦਵਾਰਾ ਬਣਾਈ ਬਣਤ, ਬ੍ਰਹਮਾ ਵਿਸ਼ਨ ਸ਼ਿਵ ਭੇਵ ਨਾ ਰਾਈਆ। ਆਪਣਾ ਚਾੜ੍ਹੇ ਆਪੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਆਪਣੀ ਧੁਨ ਉਪਜਾਏ ਆਪਣਾ ਮੰਤ, ਸ਼ਬਦ ਸ਼ਬਦੀ ਨਾਉਂ ਰਖਾਈਆ। ਨਾ ਕੋਈ ਸਾਧ ਨਾ ਕੋਈ ਸੰਤ, ਸਤਿ ਸਤਿਵਾਦੀ ਬੈਠਾ ਜੋਤ ਜਗਾਈਆ। ਲੇਖਾ ਜਾਣੇ ਆਦਿ ਅੰਤ, ਆਪ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਹਰਿ ਹਰਿ ਵਸਿਆ, ਆਦਿ ਜੁਗਾਦੀ ਫਿਰੇ ਨੱਸਿਆ, ਆਪ ਆਪਣੀ ਸੇਵ ਕਮਾਈਆ। ਸਾਚੀ ਸੇਵਾ ਹਰਿ ਨਿਰੰਕਾਰ, ਦਰ ਘਰ ਸਾਚੇ ਆਪ ਕਮਾਇੰਦਾ। ਆਪਣਾ ਰੂਪ ਕਰ ਤਿਆਰ, ਆਪ ਆਪਣੇ ਵਿਚ ਰਖਾਇੰਦਾ। ਆਪ ਆਪਣਾ ਕਰ ਪਸਾਰ, ਆਪੇ ਵੇਖ ਵਖਾਇੰਦਾ। ਆਪ ਬਣਾਏ ਸੱਚਾ ਘਰ ਬਾਰ, ਸਚਖੰਡ ਦਵਾਰਾ ਨਾਉਂ ਧਰਾਇੰਦਾ। ਘਰ ਵਿਚ ਘਰ ਕਰ ਤਿਆਰ, ਥਿਰ ਘਰ ਆਪਣਾ ਆਸਣ ਲਾਇੰਦਾ। ਚਾਰ ਕੁੰਟ ਦਹਿ ਦਿਸ਼ਾ ਦਿਸੇ ਨਾ ਕੋਈ ਦਵਾਰ, ਵੰਡਣ ਵੰਡ ਨਾ ਕੋਇ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇੰਦਾ। ਆਪ ਆਪਣਾ ਆਪੇ ਵੇਖ, ਆਪਣੀ ਖ਼ੁਸ਼ੀ ਮਨਾਈਆ। ਆਪਣਾ ਧਾਰਿਆ ਆਪੇ ਭੇਖ, ਮਾਤ ਪਿਤ ਨਾ ਕੋਇ ਬਣਾਈਆ। ਆਪਣਾ ਲਿਖਿਆ ਆਪੇ ਲੇਖ, ਕਾਗਦ ਕਲਮ ਨਾ ਰੱਖੇ ਕੋਈ ਛਾਹੀਆ। ਮੁੱਛ ਦਾੜ੍ਹੀ ਨਾ ਦਿਸੇ ਕੇਸ, ਨਾ ਕੋਈ ਹਰਿ ਹਰਿ ਮੂੰਡ ਮੁੰਡਾਈਆ। ਗਣਪਤ ਨਾ ਕੋਇ ਗਣੇਸ਼, ਬ੍ਰਹਮਾ ਵਿਸ਼ਨ ਸ਼ਿਵ ਇਸ਼ਟ ਨਾ ਕੋਇ ਜਣਾਈਆ। ਇਕ ਇਕੱਲਾ ਆਪ ਆਪਣੀ ਕਰੇ ਆਦੇਸ, ਆਪ ਆਪਣਾ ਸੀਸ ਝੁਕਾਈਆ। ਜੁਗਾ ਜੁਗੰਤਰ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰ ਕਰ ਪਸਾਰਾ ਆਪੇ ਜਾਣੇ ਆਪਣੀ ਕਾਰਾ, ਕਰਤਾ ਪੁਰਖ ਆਪ ਅਖਵਾਈਆ। ਕਰਤਾ ਪੁਰਖ ਕਰਨਹਾਰਾ, ਆਪਣੀ ਕਰਨੀ ਕਿਰਤ ਕਮਾਇੰਦਾ। ਆਪਣੇ ਘਰ ਹੋ ਉਜਿਆਰਾ, ਆਪਣਾ ਦੀਪਕ ਆਪ ਜਗਾਇੰਦਾ। ਆਪਣੇ ਘਰ ਭਰ ਭੰਡਾਰਾ, ਆਪ ਆਪਣਾ ਨਾਉਂ ਵਖਾਇੰਦਾ। ਆਪਣੇ ਘਰ ਬਣ ਵਣਜਾਰਾ, ਆਪ ਆਪਣਾ ਵਣਜ ਕਰਾਇੰਦਾ। ਆਪਣੇ ਘਰ ਬਣ ਵਰਤਾਰਾ, ਹਰਿ ਆਪਣਾ ਹੱਟ ਚਲਾਇੰਦਾ। ਆਪੇ ਵਸਤ ਰੱਖੇ ਇਕ ਥਾਰਾ, ਥਿਰ ਘਰ ਸਾਚੇ ਖੇਲ ਖਿਲਾਇੰਦਾ। ਨਿਰਗੁਣ ਬੰਨ੍ਹੇ ਨਿਰਗੁਣ ਧਾਰਾ, ਨਿਰਗੁਣ ਰੰਗ ਰੰਗਾਇੰਦਾ। ਨਿਰਗੁਣ ਹੁਕਮ ਸੱਚੀ ਸਰਕਾਰਾ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਨਿਰਗੁਣ ਬੋਲ ਸਚ ਜੈਕਾਰਾ, ਸਾਚਾ ਨਾਅਰਾ ਏਕਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਸੋਭਾਵੰਤ, ਖੇਲੇ ਖੇਲ ਨਾਰੀ ਕੰਤ, ਕੰਤ ਕੰਤੂਹਲ ਆਪਣਾ ਰੂਪ ਵਟਾਇੰਦਾ। ਕੰਤ ਕੰਤੂਹਲ ਪਾਰਬ੍ਰਹਮ, ਘਰ ਸਾਚੇ ਵੱਜੇ ਵਧਾਈਆ। ਨਾ ਮਰੇ ਨਾ ਪਏ ਜੰਮ, ਲੱਖ ਚੁਰਾਸੀ ਨਾ ਕੋਇ ਭੁਆਈਆ। ਕਰੇ ਕਰਾਏ ਆਪਣਾ ਕੰਮ, ਆਪਣੀ ਕਰਨੀ ਆਪ ਕਰਾਈਆ। ਨਾ ਖ਼ੁਸ਼ੀ ਨਾ ਕੋਈ ਗ਼ਮ, ਨੇਤਰ ਨੀਰ ਨਾ ਕੋਇ ਵਹਾਈਆ। ਨਾ ਕੋਈ ਪਵਣ ਸਵਾਸੀ ਲਏ ਦਮ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਨਾ ਕੋਈ ਸੂਰਜ ਨਾ ਕੋਈ ਚੰਨ, ਤਾਰਾ ਮੰਡਲ ਨਾ ਕੋਇ ਦਖਾਈਆ। ਨਾ ਕੋਈ ਗੰਧਰਬ ਨਾ ਕੋਈ ਗਣ, ਕਰੋੜ ਤੇਤੀਸਾ ਵੇਖ ਵਖਾਈਆ। ਨਾ ਕੋਈ ਛੱਪਰ ਨਾ ਕੋਈ ਛੰਨ, ਨਾ ਕੋਈ ਬਾਢੀ ਬਣਤ ਬਣਾਈਆ। ਨਾ ਕੋਈ ਤ੍ਰੈਗੁਣ ਮਾਇਆ ਮਮਤਾ ਵਸੇ ਤਨ, ਨਾ ਕੋਈ ਡੰਨ ਰਖਾਈਆ। ਨਾ ਕੋਈ ਜਨਨੀ ਜਣੇ ਜਨ, ਮਾਤ ਗਰਭ ਨਾ ਕੋਇ ਟਿਕਾਈਆ। ਨਾ ਕੋਈ ਬੁੱਧ ਮਤ ਨਾ ਦਿਸੇ ਮਨ, ਪੰਜ ਤਤ ਨਾ ਕੋਇ ਹੰਢਾਈਆ। ਨਾ ਕੋਈ ਦਿਸੇ ਮੁਖ ਨੱਕ ਕੰਨ, ਗੀਤ ਗਾ ਨਾ ਕੋਇ ਸੁਣਾਈਆ। ਪੁਰਖ ਅਬਿਨਾਸ਼ੀ ਆਪਣੇ ਘਰ ਨਰ ਹਰਿ ਆਪਣਾ ਬੇੜਾ ਆਪੇ ਬੈਠਾ ਬੰਨ, ਆਪੇ ਰਿਹਾ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਖੋਲ੍ਹ ਕਿਵਾੜ, ਭੇਵ ਅਭੇਦਾ ਭੇਵ ਖੁਲ੍ਹਾਇਆ। ਨਿਰਗੁਣ ਕੰਤ ਨਿਰਗੁਣ ਨਾਰੀ, ਨਿਰਗੁਣ ਆਪਣਾ ਆਪ ਪਰਨਾਇਆ। ਨਿਰਗੁਣ ਮਹੱਲ ਨਿਰਗੁਣ ਅਟਾਰੀ, ਨਿਰਗੁਣ ਆਪਣੀ ਸੇਜ ਵਿਛਾਇਆ। ਨਿਰਗੁਣ ਤਤ ਨਿਰਗੁਣ ਸ਼ਿੰਗਾਰੀ, ਨਿਰਗੁਣ ਕਮਲਾਪਤ ਵੇਖ ਵਖਾਇਆ। ਨਿਰਗੁਣ ਪਾਏ ਆਪਣੀ ਸਾਰੀ, ਆਪ ਆਪਣਾ ਪਰਦਾ ਲਾਹਿਆ। ਨਿਰਗੁਣ ਕਰੇ ਇਕ ਪਿਆਰੀ, ਪੀਆ ਪ੍ਰੀਤਮ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸਗਨ ਮਨਾਇਆ। ਸਗਨ ਮਨੰਦੜਾ ਹਰਿ ਹਰਿ ਕਾਹਨ, ਦਰਗਹਿ ਸਾਚੀ ਵੇਖ ਵਖਾਈਆ। ਆਪਣੇ ਦਰ ਦਵਾਰ ਹੋਏ ਪਰਧਾਨ, ਪਾਰਬ੍ਰਹਮ ਵੱਡੀ ਵਡਿਆਈਆ। ਆਪਣਾ ਦੇਵੇ ਸਚ ਫ਼ਰਮਾਣ, ਸਾਚਾ ਹੁਕਮੀ ਹੁਕਮ ਅਲਾਈਆ। ਲਾਲਣ ਰੰਗੇ ਲਾਲ ਰੰਗ ਮਹਾਨ, ਦੀਨ ਦਿਆਲਾ ਹਰਿ ਗੋਪਾਲਾ ਆਪਣਾ ਰੂਪ ਆਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰ ਹੋ ਉਜਿਆਰ, ਕਰੇ ਖੇਲ ਅਗੰਮ ਅਪਾਰ, ਅਗੰਮ ਅਗੰਮੜੀ ਚਾਲ ਚਲਾਈਆ। ਅਗੰਮ ਅਗੰਮੜਾ ਅਗੰਮੜੀ ਚਾਲ, ਹਰਿ ਸਾਚਾ ਸਚ ਚਲਾਇੰਦਾ। ਸ਼ਬਦ ਸਰੂਪ ਵਜਾਏ ਤਾਲ, ਨਾਦ ਅਨਾਦੀ ਰਾਗ ਅਲਾਇੰਦਾ। ਆਪਣੀ ਘਾਲ ਆਪੇ ਘਾਲ, ਆਪ ਆਪਣੀ ਸੇਵ ਕਮਾਇੰਦਾ। ਆਪੇ ਕਰੇ ਸਦਾ ਪ੍ਰਿਤਪਾਲ, ਪ੍ਰਿਤਪਾਲਕ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਪੁਰਖ ਅਬਿਨਾਸ਼ਣ ਖੇਲ ਤਮਾਸ਼ਨ ਆਪ ਕਰਾਇੰਦਾ । ਖੇਲ ਤਮਾਸ਼ਾ ਸੱਚੀ ਰਹਿਰਾਸ, ਦਰ ਘਰ ਸਾਚੇ ਆਪ ਵਖਾਈਆ। ਦਾਤਾ ਦਾਨੀ ਸਰਬ ਗੁਣਤਾਸ, ਗੁਣਵੰਤ ਬੇਪਰਵਾਹੀਆ। ਆਪਣੀ ਪੂਰੀ ਕਰੇ ਆਸ, ਆਪਣੀ ਤ੍ਰਿਖਾ ਆਪ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸ਼ਬਦ ਸੁੱਤ ਲਏ ਉਠਾਈਆ। ਉਠ ਸੁੱਤ ਨੌਜਵਾਨ, ਹਰਿ ਸਾਚਾ ਆਪ ਉਠਾਇੰਦਾ। ਹੱਥ ਫੜਾਏ ਸਚ ਨਿਸ਼ਾਨ, ਦਰਗਹਿ ਸਾਚੀ ਆਪ ਝੁਲਾਇੰਦਾ। ਮੇਰੀ ਤੇਰੀ ਏਕੋ ਆਣ, ਏਕਾ ਰੰਗ ਰੰਗਾਇੰਦਾ। ਮੇਰਾ ਹੁਕਮ ਧੁਰ ਫ਼ਰਮਾਨ, ਤੇਰੀ ਧਾਰ ਬੰਧਾਇੰਦਾ। ਤੂੰ ਪੂਤ ਸਪੂਤਾ ਬਣ ਨਿਧਾਨ, ਹਉਂ ਤੇਰਾ ਬਿਰਦ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਆਪ ਵਡਿਆਇੰਦਾ। ਹਰਿ ਸ਼ਬਦ ਬਲਕਾਰ, ਪੁਰਖ ਅਬਿਨਾਸ਼ੀ ਆਪ ਉਠਾਇਆ। ਦੇਵੇ ਵਡ ਸੱਚੀ ਸਰਕਾਰ, ਸਾਚਾ ਲਹਿਣਾ ਝੋਲੀ ਪਾਇਆ। ਤੇਰੀ ਵੰਡ ਅਪਰ ਅਪਾਰ, ਨਿਰਗੁਣ ਨਿਰਗੁਣ ਦਏ ਸਮਝਾਇਆ। ਲੋਆਂ ਪੁਰੀਆਂ ਬ੍ਰਹਿਮੰਡ ਖੰਡ ਮਹੱਲ ਲਏ ਉਸਾਰ, ਤੇਰਾ ਮੰਡਲ ਵੇਖ ਵਖਾਇਆ। ਤੇਰੀ ਰਸਨ ਬਣਾਏ ਰਵ ਸਸ ਸਤਾਰ, ਬੰਸ ਸਰਬੰਸਾ ਨਾਉਂ ਰਖਾਇਆ। ਤੇਰੀ ਜੋਤ ਜਗੇ ਅਪਾਰ, ਤੇਰੇ ਘਰ ਹੋਏ ਰੁਸ਼ਨਾਇਆ। ਪਾਰਬ੍ਰਹਮ ਕਰੇ ਪਿਆਰ, ਸਾਚੀ ਸੇਜ ਆਪ ਹੰਢਾਇਆ। ਏਕਾ ਮੰਦਰ ਕਰ ਤਿਆਰ, ਹਰਿ ਹਰਿ ਜੂ ਡੇਰਾ ਲਾਇਆ। ਤੇਰਾ ਭਰੇ ਸਤਿ ਭੰਡਾਰ, ਸਚ ਭੰਡਾਰ ਆਪ ਵਰਤਾਇਆ। ਨਿਰਾਕਾਰ ਹੋਏ ਸਾਕਾਰ, ਨਿਰਗੁਣ ਸਰਗੁਣ ਵੇਸ ਕਰਾਇਆ। ਵਿਸ਼ਨ ਰੂਪ ਅਪਰ ਅਪਾਰ, ਆਪ ਆਪਣਾ ਲਏ ਪਰਗਟਾਇਆ। ਕਵਲ ਨੈਣ ਕਰ ਉਜਿਆਰ, ਨੈਣ ਨੈਣਾਂ ਵਿਚ ਰਖਾਇਆ। ਆਪ ਆਪਣਾ ਕਰ ਪਸਾਰ, ਆਪ ਆਪੇ ਵੇਖ ਵਖਾਇਆ। ਵਿਸ਼ਨੂੰ ਅੰਦਰ ਅੰਮ੍ਰਿਤ ਧਾਰ, ਨਾਭੀ ਕਵਲ ਆਪ ਉਪਜਾਇਆ। ਖਿਲੇ ਕਵਲ ਹੋਏ ਗੁਲਜ਼ਾਰ, ਬ੍ਰਹਮ ਬ੍ਰਹਮ ਲਏ ਪਰਗਟਾਇਆ। ਬ੍ਰਹਮ ਬੋਲੇ ਇਕ ਜੈਕਾਰ, ਪੁਰਖ ਅਬਿਨਾਸ਼ੀ ਹੁਕਮ ਸੁਣਾਇਆ। ਘਰ ਸਾਚੇ ਬੈਠ ਸੱਚੇ ਦਰਬਾਰ, ਸਾਚੀ ਵੰਡਣ ਇਕ ਰਖਾਇਆ। ਚਾਰੇ ਬਾਣੀ ਕਰ ਤਿਆਰ, ਤੁਰੀਆ ਨਾਦ ਇਕ ਸੁਣਾਇਆ। ਚਾਰੇ ਜੁਗ ਕਰ ਵਰਤਾਰ, ਚਾਰੇ ਖਾਣੀ ਲਏ ਉਪਾਇਆ। ਚਾਰ ਵਰਨਾਂ ਭਰ ਭੰਡਾਰ, ਚਾਰ ਮੁਖ ਦਏ ਸਲਾਹਿਆ। ਚਾਰ ਵੇਦਾਂ ਲਏ ਉਚਾਰ, ਭੇਵ ਅਭੇਦਾ ਭੇਵ ਖੁਲ੍ਹਾਇਆ। ਅਛਲ ਅਛੱਲ ਆਪ ਨਿਰੰਕਾਰ, ਦਿਸ ਕਿਸੇ ਨਾ ਆਇਆ। ਆਪੇ ਸ਼ੰਕਰ ਬੰਨ੍ਹੇ ਧਾਰ, ਧੂਆਂਧਾਰ ਵੇਖ ਵਖਾਇਆ। ਸੁੰਨ ਅਗੰਮ ਹੋ ਉਜਿਆਰ, ਆਪਣਾ ਨੂਰ ਲਏ ਚਮਕਾਇਆ। ਏਕਾ ਸ਼ਬਦ ਭਰ ਭੰਡਾਰ, ਤ੍ਰੈ ਤ੍ਰੈ ਦਏ ਵਰਤਾਇਆ। ਤ੍ਰੈ ਤ੍ਰੈ ਵੇਸ ਕਰੇ ਸੱਚੀ ਸਰਕਾਰ, ਤ੍ਰੈਗੁਣ ਆਪਣਾ ਤਤ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਹਰਿ ਬ੍ਰਹਿਮਾਦ, ਬ੍ਰਹਮ ਬ੍ਰਹਮ ਵੇਖ ਵਖਾਇਆ। ਪਾਰਬ੍ਰਹਮ ਬ੍ਰਹਮ ਪਾਇਆ, ਘਰ ਬ੍ਰਹਮੇ ਵੱਜੀ ਵਧਾਈ। ਵਿਸ਼ਨੂੰ ਵੇਖਣ ਆਇਆ, ਵਿਸ਼ਨੂੰ ਆਪਣਾ ਨਾਉਂ ਧਰਾਈ। ਆਪੇ ਦੇਵੇ ਰਿਜ਼ਕ ਸਬਾਇਆ, ਰਾਜ਼ਕ ਰਹੀਮ ਆਪ ਹੋ ਜਾਈ। ਆਪੇ ਲਏ ਅੰਤ ਖਪਾਇਆ, ਸ਼ੰਕਰ ਹੱਥ ਤ੍ਰਸੂਲ ਉਠਾਈ। ਆਪਣਾ ਬੁਰਜ ਆਪੇ ਢਾਇਆ, ਆਪ ਆਪਣਾ ਖੇਲ ਖਲਾਈ। ਆਪੇ ਤ੍ਰੈਗੁਣ ਲੜ ਫੜਾਇਆ, ਰਜੋ ਤਮੋ ਸਤੋ ਕਰੀ ਕੁੜਮਾਈ। ਆਪੇ ਪੰਜ ਤਤ ਮੇਲ ਮਿਲਾਇਆ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪਣਾ ਅੰਕ ਬਣਾਈ। ਆਪ ਆਪਣਾ ਕਰ ਪਰਵੇਸ਼, ਦਰ ਦਰਵੇਸ਼ ਖੇਲ ਖਲਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤਤ ਕਰ ਪਸਾਰਾ, ਖੇਲੇ ਖੇਲ ਏਕੰਕਾਰਾ, ਸੋ ਪੁਰਖ ਨਿਰੰਜਣ ਰੱਖੇ ਸਾਚੀ ਧਾਰਾ, ਹਰਿ ਪੁਰਖ ਨਿਰੰਜਣ ਸ਼ਬਦ ਅਨਾਦੀ ਰਿਹਾ ਉਚਾਰਾ, ਆਪ ਆਪਣਾ ਨਾਦ ਵਜਾਈ। ਪੰਜ ਤਤ ਹਰਿ ਹਰਿ ਘਾੜਣ ਘੜਿਆ, ਤ੍ਰੈਗੁਣ ਮੇਲ ਮਿਲਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਆਪੇ ਫੜਿਆ, ਆਪ ਆਪਣਾ ਹੁਕਮ ਸੁਣਾਇੰਦਾ। ਆਪਣਾ ਅੱਖਰ ਆਪੇ ਪੜ੍ਹਿਆ, ਅੱਖਰ ਵੱਖਰ ਆਪ ਸੁਣਾਇੰਦਾ। ਆਪਣੇ ਮੰਦਰ ਆਪੇ ਖੜਿਆ, ਆਪ ਆਪਣਾ ਦਰਸ ਦਿਖਾਇੰਦਾ। ਆਪਣੇ ਘਰ ਆਪੇ ਲੜਿਆ, ਆਪ ਆਪਣੀ ਰਚਨ ਰਚਾਇੰਦਾ। ਆਪਣੇ ਦਰ ਹੀਰੇ ਮਾਣਕ ਮੋਤੀ ਲਾਲ ਜਵਾਹਰ ਆਪੇ ਜੜਿਆ, ਹਰਿ ਮੰਦਰ ਆਪ ਸਮਾਇੰਦਾ। ਆਪਣੇ ਘਰ ਆਪੇ ਵਸੇ ਡੂੰਘੀ ਗਾਰਿਆ, ਅੰਧ ਅੰਧੇਰਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤਤ ਕਰ ਪਰਧਾਨ, ਲੋਕਮਾਤ ਵਖਾਏ ਇਕ ਨਿਸ਼ਾਨ, ਜਗਤ ਨਿਸ਼ਾਨ ਆਪ ਝੁਲਾਇੰਦਾ। ਪੰਜ ਤਤ ਕਾਇਆ ਗੜ੍ਹ ਕਰ ਤਿਆਰ, ਤ੍ਰੈਗੁਣ ਬੰਧਨ ਪਾਇਆ। ਪੰਚਮ ਪੰਚ ਕਰ ਜੈਕਾਰ, ਪੰਚ ਰਾਗ ਨਾਦ ਵਜਾਇਆ। ਪੰਚਮ ਕਾਮ ਕਰੋਧ ਲੋਭ ਮੋਹ ਹੰਕਾਰ, ਪੰਚਮ ਮੇਲਾ ਸਹਿਜ ਸੁਭਾਇਆ। ਪੰਜ ਦਸ ਕਰੇ ਵਿਚਾਰ, ਹੱਸ ਹੱਸ ਵੇਖ ਵਖਾਇਆ। ਮਤ ਬੁੱਧ ਦੇ ਆਧਾਰ, ਨਿਰਗੁਣ ਆਪਣੀ ਵੰਡ ਵਖਾਇਆ। ਮਨ ਮਨੂਆ ਕਰ ਸਿਕਦਾਰ, ਨੌ ਦੁਆਰੇ ਤਖ਼ਤ ਸਜਾਇਆ। ਕਰੇ ਖੇਲ ਆਪ ਨਿਰੰਕਾਰ, ਆਪਣੀ ਰਚਨਾ ਵੇਖ ਵਖਾਇਆ। ਘਰ ਵਿਚ ਘਰ ਕਰ ਪਸਾਰ, ਬਜ਼ਰ ਕਪਾਟੀ ਕੁੰਡਾ ਲਾਹਿਆ। ਸੁਖਮਨ ਟੇਢੀ ਬੰਕ ਕਰ ਤਿਆਰ, ਸਾਚੀ ਪੌੜੀ ਆਪ ਛੁਪਾਇਆ। ਅੰਮ੍ਰਿਤ ਸਰੋਵਰ ਭਰ ਭੰਡਾਰ, ਆਪਣਾ ਕੁੰਡ ਰਿਹਾ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਸੋਹੇ ਸੱਚਾ ਦਰਬਾਰ, ਆਤਮ ਸੇਜਾ ਇਕ ਆਧਾਰ, ਦਰ ਘਰ ਸਾਚਾ ਆਪ ਸੁਹਾਇਆ। ਆਤਮ ਸੇਜਾ ਖੇਲ ਅਪਾਰਾ, ਹਰਿ ਸਾਚਾ ਸਚ ਕਰਾਈਆ। ਨਾਦ ਸ਼ਬਦ ਸੱਚੀ ਧੁਨਕਾਰਾ, ਹਰਿ ਬਹਿ ਬਹਿ ਮੰਗਲ ਗਾਈਆ। ਪਰਕਾਸ਼ ਆਕਾਸ਼ ਕਰ ਉਜਿਆਰਾ, ਵਾਸ ਨਿਵਾਸ ਆਪ ਵਖਾਈਆ। ਪਵਣ ਸਵਾਸ ਨਾ ਲਏ ਹੁਲਾਰਾ, ਦਾਸ ਦਾਸੀ ਆਪ ਜਣਾਈਆ। ਨਿਜ ਘਰ ਵਾਸ ਨਿਜ ਆਤਮ ਕਰੇ ਪਿਆਰਾ, ਈਸ਼ ਜੀਵ ਵਡ ਵਡਿਆਈਆ। ਜਗਦੀਸ਼ ਸੋਹੇ ਸਚ ਦੁਆਰਾ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਪਾਰਬ੍ਰਹਮ ਹਰਿ ਹਰਿ ਮੇਲਾ ਕੰਤ ਭ਼ਤਾਰਾ, ਹਰਿ ਸਾਚਾ ਕੰਤ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਅੰਦਰ ਨਿਰਗੁਣ ਵੜ, ਮੇਲ ਮਿਲਾਏ ਸਹਿਜ ਸੁਭਾਈਆ। ਨਿਰਗੁਣ ਸਰਗੁਣ ਹਰਿ ਹਰਿ ਮੇਲਾ, ਲੋਕਮਾਤ ਕਰਾਇਆ। ਲੱਖ ਚੁਰਾਸੀ ਗੁਰੂ ਗੁਰ ਚੇਲਾ, ਗੁਰ ਹਰਿ ਹਰਿ ਰੂਪ ਵਟਾਇਆ। ਜੁਗਾ ਜੁਗੰਤਰ ਸੱਜਣ ਸੁਹੇਲਾ, ਸਾਕੀ ਆਪਣਾ ਨਾਉਂ ਧਰਾਇਆ। ਆਪੇ ਜਾਣੇ ਆਪਣਾ ਵਕਤ ਵੇਲਾ, ਵੇਦ ਕਤੇਬ ਭੇਵ ਨਾ ਆਇਆ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਾ, ਲੋਕਮਾਤ ਵਡ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਕਰ ਤਿਆਰ, ਮਾਨਸ ਮਨੁੱਖ ਕਰ ਪਿਆਰ, ਰੂਪ ਅਨੂਪ ਆਪ ਦਰਸਾਇਆ। ਰੂਪ ਅਨੂਪਾ ਸ਼ਾਹੋ ਭੂਪਾ, ਹਰਿ ਸਤਿਗੁਰ ਪੁਰਖ ਅਖਵਾਇੰਦਾ। ਵਸਣਹਾਰਾ ਚਾਰੇ ਕੂਟਾ, ਦਹਿ ਦਿਸ਼ਾ ਫੇਰੀ ਪਾਇੰਦਾ। ਆਪੇ ਲਾਏ ਆਪਣਾ ਬੂਟਾ, ਆਪੇ ਜੜ੍ਹ ਉਖੜਾਇੰਦਾ। ਆਪੇ ਲੇਖਾ ਜਾਣੇ ਜੂਠਾ ਝੂਠਾ, ਸਚ ਸੁੱਚ ਆਪ ਵਰਤਾਇੰਦਾ। ਆਪੇ ਕਰੇ ਖ਼ਾਲੀ ਠੂਠਾ, ਭਰ ਪਿਆਲਾ ਆਪੇ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਵਿਸ਼ਨ ਸ਼ਿਵ ਦੇਵੇ ਵਰ, ਹੁਕਮੀ ਹੁਕਮ ਆਪ ਸੁਣਾਇੰਦਾ। ਸਾਚਾ ਹੁਕਮ ਧੁਰ ਫ਼ਰਮਾਣਾ, ਬ੍ਰਹਮਾ ਵਿਸ਼ਨ ਸ਼ਿਵ ਕਰੇ ਜਣਾਈਆ। ਚਾਰੇ ਜੁਗ ਵਰਤੇ ਆਪਣਾ ਭਾਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਦੋ ਜਹਾਨੀ ਸਾਚਾ ਰਾਣਾ, ਪਾਤਸ਼ਾਹ ਆਪ ਅਖਵਾਈਆ। ਲੋਕਮਾਤ ਸੰਤ ਭਗਤ ਕਰੇ ਪਰਧਾਨਾ, ਆਪ ਆਪਣਾ ਗੀਤ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤਿੰਨਾਂ ਦੇਵੇ ਏਕਾ ਵਰ, ਏਕਾ ਸਿਖਿਆ ਸਿਖ ਸਮਝਾਈਆ। ਤਿੰਨਾਂ ਸੁੱਤ ਕਰ ਧਿਆਨ, ਹਰਿ ਸਾਚੇ ਸਚ ਸੁਹਾਇਆ। ਚਾਰ ਵੇਦ ਜਗਤ ਗਿਆਨ, ਬ੍ਰਹਮੇ ਵਿਦਿਆ ਇਕ ਪੜ੍ਹਾਇਆ। ਵਿਸ਼ਨੂੰ ਤੇਰਾ ਰੱਖੇ ਮਾਣ, ਸਚ ਭੰਡਾਰਾ ਆਪ ਵਰਤਾਇਆ। ਸ਼ੰਕਰ ਤੇਰੀ ਏਕਾ ਕਾਨ, ਬਾਸ਼ਕ ਤਸ਼ਕਾ ਵੇਖ ਵਿਖਾਇਆ। ਸਾਂਗੋ ਪਾਂਗ ਸੇਜ ਕਰ ਪਰਵਾਨ, ਆਪ ਬੈਠਾ ਆਸਣ ਲਾਇਆ। ਨੌ ਸੌ ਚੁਰਾਨਵੇ ਚੌਕੜੀ ਜੁਗ ਬ੍ਰਹਮੇ ਮਨਵੰਤਰ ਤੇਰਾ ਝੁਲਦਾ ਰਿਹਾ ਨਿਸ਼ਾਨ, ਪੁਰਖ ਅਬਿਨਾਸ਼ੀ ਆਪ ਝੁਲਾਇਆ। ਸਤਿਜੁਗ ਤ੍ਰੇਤਾ ਦੁਆਪਰ ਚਲੇ ਮਾਤ ਦੁਕਾਨ, ਚੌਦਾਂ ਹੱਟ ਵੇਖ ਵਖਾਇਆ। ਜੁਗ ਜੁਗ ਹੋਏ ਆਪ ਮਿਹਰਵਾਨ, ਆਪਣਾ ਰੂਪ ਲਏ ਪ੍ਰਗਟਾਇਆ। ਨਿਰਗੁਣ ਸਰਗੁਣ ਦੇਵੇ ਮਾਣ, ਜੋਤ ਸ਼ਬਦ ਸ਼ਬਦ ਜੋਤ ਵਿਚ ਟਿਕਾਇਆ। ਆਪੇ ਰਾਮ ਹੋਏ ਬਲਵਾਨ, ਆਪੇ ਰਾਵਣ ਦਹਿਸਿਰ ਘਾਇਆ। ਆਪੇ ਵੇਖੇ ਗੋਪੀ ਕਾਹਨ, ਦੁਸ਼ਟ ਹੰਕਾਰੀ ਮੇਟ ਮਿਟਾਇਆ। ਆਪੇ ਭਗਤਾਂ ਕਰੇ ਪਰਵਾਨ, ਗ਼ਰੀਬ ਨਿਮਾਣੇ ਗਲੇ ਲਗਾਇਆ। ਆਪੇ ਕਲਜੁਗ ਵੇਖੇ ਕ਼ੂੜ ਨਿਸ਼ਾਨ, ਕੂੜਾ ਡੰਕਾ ਜਗਤ ਸੁਣਾਇਆ। ਆਪੇ ਈਸਾ ਮੂਸਾ ਹੋ ਪਰਧਾਨ, ਕਾਲਾ ਸੂਸਾ ਤਨ ਵਖਾਇਆ। ਆਪੇ ਅੰਜੀਲ ਕੁਰਾਨ ਗਾਏ ਗਾਣ, ਤੀਸ ਬਤੀਸਾ ਆਪ ਸਮਾਇਆ। ਆਪੇ ਸੰਗ ਮੁਹੰਮਦ ਚਾਰ ਯਾਰੀ ਦੇਵੇ ਧੁਰ ਫ਼ਰਮਾਣ, ਅੱਲਾ ਰਾਣੀ ਮਤਾ ਆਪ ਪਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸ਼ਬਦ ਸਚ ਸੰਦੇਸ਼, ਆਪ ਸੁਣਾਏ ਨਰ ਨਰੇਸ਼, ਸਚਖੰਡ ਬੈਠਾ ਹੁਕਮ ਸੁਣਾਇਆ। ਸਾਚਾ ਹੁਕਮ ਸਾਚਾ ਸ਼ਾਹ, ਹਰਿ ਸਾਚਾ ਸਚ ਸੁਣਾਇੰਦਾ। ਜੁਗਾ ਜੁਗੰਤਰ ਬਣੇ ਮਲਾਹ, ਜੁਗ ਜੁਗ ਬੇੜਾ ਆਪ ਤਰਾਇੰਦਾ। ਜਨ ਭਗਤਾਂ ਦੇਵੇ ਸਚ ਸਲਾਹ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਫੜ ਫੜ ਹੰਸ ਬਣਾਏ ਕਾਂ, ਸਾਚੀ ਮਾਣਕ ਮੋਤੀ ਚੋਗ ਚੁਗਾਇੰਦਾ। ਦਰਗਹਿ ਸਾਚੀ ਰਖਾਏ ਸਾਚਾ ਥਾਂ, ਥਾਨ ਥਨੰਤਰ ਇਕ ਵਡਿਆਇੰਦਾ। ਕਰੇ ਕਰਾਏ ਸਚ ਨਿਆਂ, ਹੰਕਾਰੀ ਦੁਸ਼ਟਾਂ ਆਪ ਖਪਾਇੰਦਾ। ਕਲਜੁਗ ਖੇੜਾ ਵੇਖੇ ਨਗਰ ਗਰਾਂ, ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਫੋਲ ਫੁਲਾਇੰਦਾ। ਨਾਨਕ ਨਿਰਗੁਣ ਗਿਆ ਸੁਣਾ, ਬਿਨ ਹਰਿ ਕੋਇ ਨਾ ਪਾਰ ਲੰਘਾਇੰਦਾ। ਏਕਾ ਮੰਤਰ ਗਿਆ ਜਣਾ, ਨਾਮ ਸਤਿ ਸਰਬ ਪੜ੍ਹਾਇੰਦਾ। ਊਚ ਨੀਚਾਂ ਏਕਾ ਰੰਗ ਰੰਗਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਧਾਮ ਬਹਾਇੰਦਾ। ਏਕਾ ਕਲਮਾ ਨਬੀ ਗਿਆ ਲਿਖਾ, ਜਗਤ ਰਸੂਲ ਆਪ ਵਡਿਆਇੰਦਾ। ਮਹਿਬਾਨ ਬੀਦੋ ਬੀਖੈਰ ਯਾ ਅੱਲਾ ਬਣੇ ਸਚ ਮਲਾਹ, ਚੌਦਾਂ ਤਬਕਾਂ ਬੇੜਾ ਆਪ ਤਰਾਇੰਦਾ। ਏਕਾ ਜੋਤੀ ਦਸ ਦਸ ਨਾਉਂ ਰਖਾ, ਨੂਰੋ ਨੂਰ ਨੂਰ ਆਪ ਧਰਾਇੰਦਾ। ਸ਼ਬਦ ਅਗੰਮੀ ਹੁਕਮ ਸੁਣਾ, ਸ੍ਰਿਸ਼ਟ ਸਬਾਈ ਆਪ ਜਗਾਇੰਦਾ। ਕਲਜੁਗ ਅੰਤਮ ਵੇਲਾ ਜਾਏ ਆ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਨਾਤਾ ਤੁਟੇ ਪੁਤਰ ਮਾਂ, ਪਿਤਾ ਪੂਤ ਨਾ ਵੇਖ ਵਖਾਇੰਦਾ। ਨਾ ਕੋਈ ਦਿਸੇ ਭੈਣ ਭਰਾ, ਭੈਣਾ ਭਈਆ ਨਾ ਸੰਗ ਰਲਾਇੰਦਾ। ਬੁੱਧ ਬਬੇਕੀ ਕਾਗ ਵਾਂਗ ਰਹੀ ਕੁਰਲਾ, ਚਾਰੋਂ ਕੁੰਟ ਕੂਕ ਸੁਣਾਇੰਦਾ। ਕਿਸੇ ਨਾ ਮਿਲੇ ਸੱਚਾ ਥਾਂ, ਧੀਰਜ ਧੀਰ ਨਾ ਕੋਇ ਧਰਾਇੰਦਾ। ਰਾਜ ਰਾਜਾਨ ਨਾ ਕਰੇ ਸਚ ਨਿਆਂ, ਗ਼ਰੀਬ ਨਿਮਾਣਿਆਂ ਕੋਇ ਨਾ ਗਲੇ ਲਗਾਇੰਦਾ। ਜਗਤ ਨਿਤਾਣਿਆਂ ਪਕੜੇ ਕੋਈ ਨਾ ਬਾਂਹ, ਫੜ ਬਾਹੋਂ ਨਾ ਕੋਇ ਉਠਾਇੰਦਾ। ਪੁਰਖ ਅਬਿਨਾਸ਼ੀ ਬੇਪਰਵਾਹ, ਦਰਗਹਿ ਸਾਚੀ ਵੇਖ ਵਖਾਇੰਦਾ। ਅੰਤਮ ਪਰਗਟ ਹੋਵੇ ਆ, ਨਿਹਕਲੰਕਾ ਨਾਉਂ ਧਰਾਇੰਦਾ। ਸ਼ਬਦ ਡੰਕਾ ਦਏ ਵਜਾ, ਰਾਓ ਰੰਕਾਂ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਰੱਖੇ ਆਪਣੀ ਧਾਰ, ਪੁਰਖ ਅਬਿਨਾਸ਼ੀ ਖੇਲ ਅਪਾਰ, ਲੋਕਮਾਤ ਆਪ ਖਿਲਾਇੰਦਾ। ਨਾਨਕ ਧਾਰ ਨਿਰਗੁਣ ਰੂਪ, ਨਰ ਨਰਾਇਣ ਚਲਾਈਆ। ਗੋਬਿੰਦ ਸੂਰਾ ਸਤਿ ਸਰੂਪ, ਸੁੱਤ ਦੁਲਾਰਾ ਵਡ ਵਡਿਆਈਆ। ਲੇਖਾ ਜਾਣੇ ਜੂਠ ਝੂਠ, ਹਉਮੇ ਹੰਗਤਾ ਗੜ੍ਹ ਤੁੜਾਈਆ। ਪੁਰਖ ਅਕਾਲ ਜਾਏ ਤੂਠ, ਮਿਹਰਵਾਨ ਮਿਹਰਵਾਨ ਮਿਹਰਵਾਨ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਬੰਧਾਈਆ। ਜੁਗ ਜੁਗ ਧਾਰ ਹਰਿ ਚਲਾਏ, ਵੇਦ ਕਤੇਬ ਭੇਵ ਨਾ ਰਾਇਆ। ਸਾਧ ਸੰਤ ਸਦ ਰਹੇ ਗਾਏ, ਰਸਨਾ ਜਿਹਵਾ ਜਗਤ ਹਿਲਾਇਆ। ਧੁਰ ਫ਼ਰਮਾਣਾ ਆਪ ਸੁਣਾਏ, ਆਪ ਆਪਣੀ ਦਇਆ ਕਮਾਇਆ। ਬੋਧ ਅਗਾਧਾ ਸ਼ਬਦ ਅਲਾਏ, ਨਿਰਗੁਣ ਸਰਗੁਣ ਮੇਲ ਮਿਲਾਇਆ। ਆਪਣਾ ਪਰਦਾ ਦਏ ਚੁਕਾਏ, ਭਗਤ ਭਗਵੰਤ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਖੇਲ ਖਿਲਾਇਆ। ਕਲਜੁਗ ਵੇਲਾ ਅੰਤਮ ਆਉਣਾ, ਚਾਰ ਕੁੰਟ ਜੰਤ ਕੁਰਲਾਏ। ਸ੍ਰਿਸ਼ਟ ਸਬਾਈ ਧੀਰ ਨਾ ਕੋਇ ਧਰਾਉਣਾ, ਸਤਿ ਸੰਤੋਖ ਨਾ ਕੋਇ ਵਖਾਏ। ਸਾਚਾ ਮੰਤਰ ਨਾ ਕਿਸੇ ਦ੍ਰਿੜਾਉਣਾ, ਹਰੀ ਹਰਿ ਨਾ ਕੋਇ ਮਿਲਾਏ। ਪੜ੍ਹ ਪੜ੍ਹ ਵਿਦਿਆ ਵਾਦ ਵਧਾਉਣਾ, ਗਿਆਨ ਧਿਆਨ ਨਾ ਵਿਚ ਟਿਕਾਏ। ਸਾਧ ਸੰਤ ਸਰਬ ਕੁਰਲਾਉਣਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਈ ਮੇਟੇ ਮੇਟ ਮਿਟਾਏ। ਸਾਚਾ ਤਖ਼ਤ ਨਾ ਕਿਸੇ ਵਖਾਉਣਾ, ਸਾਚਾ ਅਦਲ ਨਾ ਕੋਇ ਕਮਾਏ। ਏਕਾ ਰੰਗ ਨਾ ਕਿਸੇ ਰੰਗਾਉਣਾ, ਨਾਮ ਲਲਾਰੀ ਦਿਸ ਨਾ ਆਏ। ਨਿਹਕਲੰਕ ਹਰਿ ਜਾਮਾ ਪਾਉਣਾ, ਜੋਤ ਨੂਰ ਕਰੇ ਰੁਸ਼ਨਾਏ। ਸਾਚਾ ਸ਼ਬਦ ਡੰਕ ਵਜਾਉਣਾ, ਲੋਆਂ ਪੁਰੀਆਂ ਬf੍ਰਹਮੰਡਾਂ ਖੰਡਾਂ ਉਤਭੁਜ ਅੰਡਜ ਜੇਰਜ ਸੇਤਜ ਲਏ ਜਗਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਪ੍ਰਗਟਾਏ। ਹਰਿ ਨਿਹਕਲੰਕ ਲੋਕਮਾਤ ਅਵਤਾਰਾ, ਦਿਸ ਕਿਸੇ ਨਾ ਆਈਆ। ਜੋਤੀ ਨੂਰ ਜੋਤ ਉਜਿਆਰਾ, ਜੋਤ ਜੋਤ ਵਿਚ ਟਿਕਾਈਆ। ਸ਼ਬਦ ਨਾਮ ਸੱਚਾ ਜੈਕਾਰਾ, ਸਾਚਾ ਨਾਅਰਾ ਦਏ ਸੁਣਾਈਆ। ਚਾਰੇ ਵਰਨਾਂ ਦੇ ਹੁਲਾਰਾ, ਚਾਰੋਂ ਕੁੰਟ ਆਪ ਉਠਾਈਆ। ਨੌ ਖੰਡ ਵੇਖੇ ਆਰ ਪਾਰਾ, ਦੀਪ ਸੱਤ ਫੋਲ ਫੁਲਾਈਆ। ਬ੍ਰਹਮੇ ਨੇਤਰ ਨੈਣ ਉਘਾੜਾ, ਆਲਸ ਨਿੰਦਰਾ ਦਏ ਮਿਟਾਈਆ। ਵਿਸ਼ਨੂੰ ਵੇਖੇ ਮਾਤ ਸੰਸਾਰਾ, ਦਿਵਸ ਰੈਣ ਸੇਵ ਕਮਾਈਆ। ਸ਼ੰਕਰ ਚਾਰੋਂ ਕੁੰਟ ਦੇ ਲਲਕਾਰਾ, ਉਚੀ ਕੂਕੇ ਕੂਕ ਸੁਣਾਈਆ। ਰਾਏ ਧਰਮ ਖੋਲ੍ਹ ਕਿਵਾੜਾ, ਦਰ ਦਰਵਾਜਾ ਰਿਹਾ ਖੁਲ੍ਹਾਈਆ। ਚਿਤਰ ਗੁਪਤ ਬਣ ਲਿਖਾਰਾ, ਆਪਣਾ ਲੇਖਾ ਰਿਹਾ ਸਮਝਾਈਆ। ਲਾੜੀ ਮੌਤ ਕਰੇ ਸ਼ਿੰਗਾਰਾ, ਨੈਣ ਕੱਜਲ ਰਹੀ ਪਾਈਆ। ਕਲਜੁਗ ਆਈ ਅੰਤਮ ਵਾਰਾ, ਸਾਲੂ ਰੱਤੜੀ ਆਪਣਾ ਰੰਗ ਰੰਗਾਈਆ। ਲੱਖ ਚੁਰਾਸੀ ਵਰੇ ਕੰਤ ਭਤਾਰਾ, ਘਰ ਘਰ ਫੇਰੀ ਪਾਈਆ। ਗੁਰਮੁਖ ਵਿਰਲਾ ਉਤਰੇ ਪਾਰਾ, ਜਿਸ ਸਤਿਗੁਰ ਸੱਚਾ ਮਿਲਿਆ ਬੇਪਰਵਾਹੀਆ। ਸੰਮਤ ਸੰਮਤੀ ਦੇ ਹੁਲਾਰਾ, ਸਿੰਮਲ ਰੁੱਖ ਸ੍ਰਿਸ਼ਟ ਸਬਾਈਆ। ਫਲ ਨਾ ਦਿਸੇ ਕਿਸੇ ਡਾਲ੍ਹਾ, ਪਤ ਡਾਲ੍ਹੀ ਰਹੀ ਕੁਮਲਾਈਆ। ਚਾਰੋਂ ਕੁੰਟ ਆਈ ਹਾਰਾ, ਸ਼ਾਹ ਸੁਲਤਾਨ ਪੰਜ ਸ਼ੈਤਾਨ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਜੋਤ ਉਜਾਲਾ ਹਰਿ ਗੋਪਾਲਾ, ਨਿਹਕਲੰਕਾ ਨਾਉਂ ਰਖਾਇੰਦਾ। ਲੋਕਮਾਤ ਭਗਤ ਦਲਾਲਾ ਬਣੇ ਰਖਵਾਲਾ, ਸੇਵਕ ਸਾਚੀ ਸੇਵ ਕਮਾਇੰਦਾ। ਨਾਲ ਰਲਾਏ ਕਾਲ ਮਹਾਂਕਾਲਾ, ਅਵੱਲੜੀ ਚਾਲਾ ਜਗਤ ਜੰਜਾਲਾ ਤੋੜ ਤੁੜਾਇੰਦਾ। ਕਾਇਆ ਮੰਦਰ ਵਖਾਏ ਸੱਚੀ ਧਰਮਸਾਲਾ, ਅੰਮ੍ਰਿਤ ਸੁਹਾਏ ਏਕਾ ਤਾਲਾ, ਸਰ ਸਰੋਵਰ ਆਪ ਨੁਹਾਇੰਦਾ। ਏਕਾ ਨਾਮ ਗਲ ਪਾਏ ਸਾਚੀ ਮਾਲਾ, ਮਨ ਕਾ ਮਣਕਾ ਆਪ ਫਿਰਾਇੰਦਾ। ਅਨਹਦ ਸ਼ਬਦ ਵੱਜੇ ਸਾਚਾ ਤਾਲਾ, ਧੁਨ ਆਤਮਕ ਰਾਗ ਨਾਦ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸ੍ਰਿਸ਼ਟ ਸਬਾਈ ਆਪ ਉਠਾਇੰਦਾ। ਸ੍ਰਿਸ਼ਟ ਸਬਾਈ ਉਠਣਾ ਜਾਗ, ਹਰਿ ਸਤਿਗੁਰ ਆਪ ਜਗਾਇੰਦਾ। ਨੌ ਖੰਡ ਪ੍ਰਿਥਮੀ ਲੱਗੀ ਆਗ, ਲੋਕਮਾਤ ਨਾ ਕੋਈ ਬੁਝਾਇੰਦਾ। ਕਿਸੇ ਘਰ ਨਾ ਦਿਸੇ ਚਿਰਾਗ, ਦੀਵਾ ਬਾਤੀ ਨਾ ਕੋਈ ਜਗਾਇੰਦਾ। ਚਾਰੋਂ ਕੁੰਟ ਉਡਣੇ ਕਾਗ, ਹੰਸ ਰੂਪ ਨਾ ਕੋਇ ਵਟਾਇੰਦਾ। ਨਾਰੀ ਮਿਲੇ ਨਾ ਕੰਤ ਸੁਹਾਗ, ਸੁਹਾਗੀ ਰੁੱਤ ਨਾ ਕੋਇ ਵਖਾਇੰਦਾ। ਮਾਇਆ ਮਮਤਾ ਜੂਠਾ ਝੂਠਾ ਲੱਗਾ ਦਾਗ, ਬਿਨ ਸਤਿਗੁਰ ਪੂਰੇ ਨਾ ਕੋਇ ਧੁਆਇੰਦਾ। ਅੰਤ ਨਾ ਪਕੜੇ ਕੋਈ ਵਾਗ, ਕੰਤ ਭਗਵੰਤ ਮੁਖ ਛੁਪਾਇੰਦਾ। ਮਾਇਆ ਮਮਤਾ ਡੱਸਣੀ ਡੱਸੇ ਨਾਗ, ਕਲਜੁਗ ਆਪਣਾ ਖੇਲ ਵਖਾਇੰਦਾ। ਹਰਿ ਭਗਤ ਨਾ ਉਪਜੇ ਮਨ ਵੈਰਾਗ, ਬਿਰਹੋਂ ਤੀਰ ਨਾ ਕੋਇ ਲਗਾਇੰਦਾ। ਝੂਠੇ ਦਿਸਣ ਸੱਜਣ ਸਾਕ, ਅੰਤ ਸੰਗ ਨਾ ਕੋਇ ਨਿਭਾਇੰਦਾ। ਜੋ ਜਨ ਹਰਿ ਸਰਨਾਈ ਜਾਏ ਲਾਗ, ਸਿਰ ਸਮਰਥ ਹੱਥ ਰਖਾਇੰਦਾ। ਚਰਨ ਧੂੜ ਕਰਾਏ ਮਜਨ ਮਾਘ, ਅਠਸਠ ਤੀਰਥ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜੀਵ ਜੰਤ ਆਪ ਸਮਝਾਇੰਦਾ। ਜੀਵ ਜੰਤ ਉਠਣਾ ਜਾਗ, ਹਰਿ ਜਾਗਰਤ ਜੋਤ ਕਰੇ ਰੁਸ਼ਨਾਈਆ। ਸ਼ਬਦ ਸਰੂਪੀ ਬੰਨ੍ਹੇ ਤਾਗ, ਤ੍ਰੈਗੁਣ ਅਗਨੀ ਦਏ ਬੁਝਾਈਆ। ਇਕ ਸੁਣਾਏ ਸਾਚਾ ਰਾਗ, ਲਿਖਣ ਪੜ੍ਹਣ ਵਿਚ ਨਾ ਆਈਆ। ਕਾਇਆ ਮੰਦਰ ਅੰਦਰ ਜੋਤੀ ਜਗੇ ਚਿਰਾਗ, ਹਰਿ ਮੰਦਰ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਘਰ ਸਾਚੇ ਮੇਲ ਮਿਲਾਈਆ। ਹਰਿਜਨ ਹਰਿ ਹਰਿ ਪਾਇਆ, ਗੁਰ ਸਤਿਗੁਰ ਗਹਿਰ ਗੰਭੀਰ। ਕਲਜੁਗ ਅੰਤਮ ਪੰਧ ਮੁਕਾਇਆ, ਲੱਖ ਚੁਰਾਸੀ ਕੱਟੀ ਭੀੜ। ਪਰਮਾਨੰਦ ਆਪ ਸਮਾਇਆ, ਚੌਥੇ ਪਦ ਚੜ੍ਹ ਅਖੀਰ। ਨੇਤਰ ਤੀਜਾ ਆਪ ਖੁਲ੍ਹਾਇਆ, ਅੰਮ੍ਰਿਤ ਬਖ਼ਸ਼ੇ ਠਾਂਡਾ ਸੀਰ। ਦੂਈ ਦਵੈਤੀ ਪੰਧ ਕਟਾਇਆ, ਏਕਾ ਰੰਗ ਵਖਾਣੇ ਹਸਤ ਕੀਟ। ਏਕਓਅੰਕਾਰ ਮੇਲ ਮਿਲਾਇਆ, ਵਡ ਦਾਤਾ ਪੀਰਨ ਪੀਰ। ਘਰ ਸੱਚਾ ਸ਼ਾਹੋ ਪਾਇਆ, ਲੋਕਮਾਤ ਮਿਟੇ ਤਕਸੀਰ। ਨਾਰੀ ਬਹਿ ਬਹਿ ਕੰਤ ਮਨਾਇਆ, ਬਿਰਹੋਂ ਨਾਠੀ ਘਰੋਂ ਪੀੜ। ਪੀਆ ਪ੍ਰੀਤਮ ਮੰਗਲ ਗਾਇਆ, ਲਾਲਣ ਰੰਗਿਆ ਆਪਣਾ ਚੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਦੇਵੇ ਧੀਰ। ਧੀਰਜ ਦੇਵੇ ਸਤਿ ਗਿਆਨ, ਚਰਨ ਕਵਲ ਵਡਿਆਈਆ। ਆਤਮ ਅੰਤਰ ਮਾਰੇ ਬਾਣ, ਬ੍ਰਹਮ ਸ਼ਸਤਰ ਆਪ ਚਲਾਈਆ। ਪੰਜਾਂ ਚੋਰਾਂ ਲਾਹੇ ਘਾਣ, ਆਸਾ ਤ੍ਰਿਸ਼ਨਾ ਦਏ ਮਿਟਾਈਆ। ਮੇਟ ਮਿਟਾਏ ਝੂਠ ਨਿਸ਼ਾਨ, ਗੜ੍ਹ ਹੰਕਾਰ ਰਹਿਣ ਨਾ ਪਾਈਆ। ਏਕਾ ਦੇਵੇ ਨਾਮ ਨਿਧਾਨ, ਨਿਜ ਨੇਤਰ ਆਪ ਖੁਲ੍ਹਾਈਆ। ਏਕਾ ਸ਼ਬਦ ਸੁਣਾਏ ਕਾਨ, ਆਪ ਆਪਣੀ ਧੁਨ ਉਪਜਾਈਆ। ਸਚਖੰਡ ਦੁਆਰੇ ਦੇਵੇ ਸਾਚਾ ਮਾਣ, ਮੁਕਤੀ ਗੁਰਸਿਖਾਂ ਚਰਨਾਂ ਹੇਠ ਦਬਾਈਆ। ਬ੍ਰਹਮਾ ਵਿਸ਼ਨੂੰ ਸ਼ਿਵ ਰਾਹ ਤੱਕਣ ਆਣ, ਜਿਸ ਮਾਰਗ ਗੁਰਸਿਖ ਜਾਈਆ। ਸਤਿਗੁਰ ਪੂਰਾ ਸੂਰਬੀਰ ਬਲਵਾਨ, ਦੋ ਜਹਾਨਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਲਗਾਏ ਆਪਣੇ ਲੜ, ਆਪ ਆਪਣਾ ਬੰਧਨ ਪਾਈਆ। ਬੰਧਨ ਬੰਧਪ ਦੇਵੇ ਪਾ, ਪਾਵਣਹਾਰ ਨਿਰੰਕਾਰਾ। ਸੰਤ ਸਤਿਗੁਰ ਲਏ ਮਿਲਾ, ਲੋਕਮਾਤ ਖੇਲ ਅਪਾਰਾ। ਭਗਤ ਭਗਵੰਤ ਹੋਏ ਸਹਾ, ਨਿਰਗੁਣ ਜੋਤ ਕਰ ਉਜਿਆਰਾ। ਲੱਖ ਚੁਰਾਸੀ ਲਏ ਭੁੱਲਾ, ਮਾਇਆ ਮਮਤਾ ਖੇਲ ਨਿਆਰਾ। ਜੁਗ ਜੁਗ ਵਿਛੜੇ ਲਏ ਮਿਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਸੁਹਾਏ ਬੰਕ ਦੁਆਰਾ। ਬੰਕ ਦੁਆਰਾ ਸੋਹਿਆ, ਲੋਕਮਾਤ ਵਡਿਆਈਆ। ਗੁਰਸਿਖ ਗੁਰ ਗੁਰ ਜਿਹਾ ਹੋਇਆ, ਜਿਸ ਜਨ ਆਪਣੀ ਦਇਆ ਕਮਾਈਆ। ਆਲਸ ਨਿੰਦਰਾ ਵਿਚ ਨਾ ਸੋਇਆ, ਜਿਸ ਜਨ ਹਰਿ ਹਰਿ ਆਪ ਜਗਾਈਆ। ਘਰ ਸਾਚੇ ਲੈ ਕੇ ਆਇਆ ਢੋਆ, ਏਕਾ ਨਾਮ ਵਸਤ ਦਿਖਾਈਆ। ਹਰਿ ਬਿਨ ਅਵਰ ਨਾ ਜਾਣੇ ਕੋਆ, ਨੇਤਰ ਲੋਚਣ ਦਿਸ ਕਿਸੇ ਨਾ ਆਈਆ। ਗੁਰਸਿਖ ਬੀਜ ਸਾਚਾ ਬੋਆ, ਫੁਲ ਫੁਲਵਾੜੀ ਆਪ ਮਹਿਕਾਈਆ। ਕਰੇ ਪ੍ਰਕਾਸ਼ ਤ੍ਰੈ ਤ੍ਰੈ ਲੋਆ, ਲੋਆਂ ਪੁਰੀਆਂ ਸਚ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸਾਚਾ ਵਰ, ਸਾਚੀ ਵਸਤ ਝੋਲੀ ਪਾਈਆ। ਸਾਚੀ ਵਸਤ ਨਾਮ ਜਗੀਰ, ਸਿੰਘ ਜਗੀਰ ਵਖਾਈਆ। ਸੰਗ ਰਖਾਏ ਅੰਤ ਅਖੀਰ, ਚੋਰ ਯਾਰ ਲੁੱਟ ਕੋਇ ਨਾ ਜਾਈਆ। ਸਤਿਗੁਰ ਪੂਰਾ ਕੱਟਣਹਾਰਾ ਭੀੜ, ਜਗਤ ਜੰਜਾਲਾ ਦਏ ਤੁੜਾਈਆ। ਭਰ ਪਿਆਲਾ ਪਿਆਏ ਅੰਮ੍ਰਿਤ ਸੀਰ, ਮਦਿ ਪਿਆਲਾ ਦਏ ਸੁਟਾਈਆ। ਤਨ ਪਹਿਨਾਏ ਸਾਚਾ ਚੀਰ, ਬਸਤਰ ਆਪਣਾ ਸ਼ਬਦ ਵਖਾਈਆ। ਅਠਸਠ ਕਾਇਆ ਅੰਦਰ ਵਿਰੋਲੇ ਨੀਰ, ਨਿਝਰ ਝਿਰਨਾ ਅੰਮ੍ਰਿਤ ਆਪ ਝਿਰਾਈਆ। ਜਨਮ ਜਨਮ ਦੀ ਨਿਕਲੇ ਪੀੜ, ਮਾਨਸ ਜਨਮ ਲੇਖੇ ਲਾਈਆ। ਗੁਰਸਿਖਾਂ ਗੁਰਸਿਖ ਮਿਲਿਆ ਵਿਛੜਿਆ ਵੀਰ, ਰਾਹ ਤੱਕੇ ਸਰਬ ਲੋਕਾਈਆ। ਰਸ ਵਿਚ ਰਸ ਜਿਉਂ ਮਿੱਠਾ ਰਸ ਖੀਰ, ਦੋਧੀ ਧਾਰ ਆਪ ਵਹਾਈਆ। ਕਿਸੇ ਹੱਥ ਨਾ ਆਏ ਪੀਰ ਫਕੀਰ, ਮੁਲਾਂ ਸ਼ੇਖ਼ ਮਸਾਇਕ ਰਹੇ ਕੁਰਲਾਈਆ। ਪੰਡਿਤ ਪਾਂਧੇ ਨੇਤਰ ਵਹਾਇਣ ਨੀਰ, ਵਿਸ਼ਨੂੰ ਭਗਵਾਨ ਦਰਸ ਨਾ ਕਿਸੇ ਦਿਖਾਈਆ। ਗੁਰਸਿਖ ਸਾਚੇ ਬੰਨ੍ਹੇ ਧੀਰ, ਧਰਨੀ ਧਰਤ ਧਵਲ ਆਪਣੇ ਰੰਗ ਰੰਗਾਈਆ। ਪਹਿਲਾਂ ਕੱਟੇ ਜਗਤ ਜ਼ੰਜੀਰ, ਦੂਜੀ ਡੋਰੀ ਨਾਮ ਬੰਧਾਈਆ। ਤੀਜੇ ਹਰਨ ਫਰਨ ਨੇਤਰ ਵਖਾਏ ਪੀਰਨ ਪੀਰ, ਚੌਥੇ ਪਦ ਆਪ ਸਮਾਈਆ। ਪੰਚਮ ਰੰਗ ਰੰਗਾਏ ਸ਼ਾਹ ਹਕੀਰ, ਸ਼ਾਹ ਸੁਲਤਾਨ ਰੂਪ ਵਟਾਈਆ। ਛੇਵੇਂ ਛੱਪਰ ਛੰਨ ਨਾ ਦਿਸੇ ਬੇਨਜ਼ੀਰ, ਰਹਿਮਤ ਰਹਿਮਾਨ ਆਪ ਅਖਵਾਈਆ। ਸਤਵੇਂ ਸਤਿ ਸਤਿ ਸਤਿ ਮੇਟੇ ਆਪ ਤਕਦੀਰ, ਤਕਸੀਰ ਆਪਣੀ ਵੰਡ ਵੰਡਾਈਆ। ਅੱਠਵੇਂ ਅੱਠ ਤਤ ਨਾ ਪਾਇਣ ਵੈਣ ਕੀਰ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁੱਧ ਨਾ ਕੋਇ ਸਦਾਈਆ। ਨੌਵੇਂ ਨੌ ਦੁਆਰੇ ਕੱਟੇ ਭੀੜ, ਨੌ ਦਰ ਖੋਜੇ ਸਹਿਜ ਸੁਭਾਈਆ। ਦਸਵੇਂ ਬਖ਼ਸ਼ੇ ਅੰਮ੍ਰਿਤ ਸੀਰ, ਭਰ ਪਿਆਲਾ ਆਪ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸੱਜਣ ਚਰਨ ਧੂੜ ਕਰਾਏ ਏਕਾ ਮਜਣ, ਦੁਰਮਤ ਮੈਲ ਆਪ ਗਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੱਚਾ ਸੱਚੀ ਸ਼ਹਿਨਸ਼ਾਹੀਆ।
