੧੬ ਭਾਦਰੋਂ ੨੦੧੭ ਬਿਕ੍ਰਮੀ ਕਿਰਪਾਲ ਸਿੰਘ ਦੇ ਗ੍ਰਹਿ ਪਿੰਡ ਗੋਲੇ ਵਾਲਾ ਜ਼ਿਲਾ ਫਿਰੋਜ਼ ਪੁਰ
ਸਤਿ ਪੁਰਖ ਨਿਰੰਜਣ ਅਗੰਮ ਅਥਾਹ, ਇਕ ਅਕੱਲਾ ਭੇਵ ਨਾ ਆਇੰਦਾ। ਸੋ ਪੁਰਖ ਨਿਰੰਜਣ ਬੇਪਰਵਾਹ, ਆਪ ਆਪਣਾ ਰੂਪ ਪਰਗਟਾਇੰਦਾ। ਹਰਿ ਪੁਰਖ ਨਿਰੰਜਣ ਵਸੇ ਸਾਚੇ ਥਾਂ, ਅਗੰਮ ਅਗੰਮੜਾ ਧਾਮ ਸੁਹਾਇੰਦਾ। ਏਕੰਕਾਰਾ ਆਪਣਾ ਨਾਉਂ ਧਰਾ, ਨਾਉਂ ਨਿਰੰਕਾਰਾ ਆਪ ਅਖਵਾਇੰਦਾ। ਆਦਿ ਨਿਰੰਜਣ ਆਪਣਾ ਆਪ ਕਰ ਰੁਸ਼ਨਾ, ਜੋਤੀ ਜੋਤ ਜੋਤ ਪਰਗਟਾਇੰਦਾ। ਸ੍ਰੀ ਭਗਵਾਨ ਕਰੇ ਸਚ ਨਿਆਂ, ਆਪ ਆਪਣਾ ਖੇਲ ਖਿਲਾਇੰਦਾ। ਅਬਿਨਾਸ਼ੀ ਕਰਤਾ ਬਣ ਮਲਾਹ, ਸਾਚਾ ਬੇੜਾ ਆਪ ਚਲਾਇੰਦਾ। ਪਾਰਬ੍ਰਹਮ ਬਣਿਆ ਪਿਤਾ ਮਾਂ, ਪੂਤ ਸਪੂਤਾ ਆਪੇ ਜਾਇੰਦਾ। ਸ਼ਬਦ ਅਨਾਦੀ ਨਾਉਂ ਧਰਾ, ਨਿਰਗੁਣ ਆਪਣਾ ਰੂਪ ਪਰਗਟਾਇੰਦਾ। ਕਰਤਾ ਪੁਰਖ ਖੇਲ ਖਿਲਾ, ਸਾਚਾ ਕਾਮ ਆਪ ਕਰਾਇੰਦਾ। ਮੂਰਤ ਅਕਾਲ ਅਨਭਵ ਪਰਕਾਸ਼ ਕਰਾ, ਅਨਭਵ ਆਪਣਾ ਰੂਪ ਵਸਾਇੰਦਾ। ਅਜੂਨੀ ਰਹਿਤ ਨਾ ਕੋਈ ਨਿਸ਼ਾਨ, ਰੂਪ ਰੰਗ ਰੇਖ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਆਪਣੀ ਕਲ ਆਪ ਵਰਤਾਇੰਦਾ। ਸਤਿ ਪੁਰਖ ਨਿਰੰਜਣ ਸਰਬ ਗੁਣਵੰਤਾ, ਮਹਿਮਾ ਅਕਥ ਕਥੀ ਨਾ ਜਾਈਆ। ਸੋ ਪੁਰਖ ਨਿਰੰਜਣ ਆਦਿਨ ਅੰਤਾ, ਏਕਾ ਰੰਗ ਰਿਹਾ ਸਮਾਈਆ। ਹਰਿ ਪੁਰਖ ਨਿਰੰਜਣ ਬਣਾਏ ਬਣਤਾ, ਨਿਰਗੁਣ ਆਪਣਾ ਘਾੜਨ ਆਪ ਘੜਾਈਆ। ਆਦਿ ਨਿਰੰਜਣ ਧਾਮ ਸੁਹੰਤਾ, ਦੀਪਕ ਨੂਰ ਕਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਵੇਸ ਵਟੰਤਾ, ਰੂਪ ਅਨੂਪ ਆਪ ਦਰਸਾਈਆ। ਸ੍ਰੀ ਭਗਵਾਨ ਸਾਚਾ ਘਰ ਸੁਹੰਤਾ, ਥਿਰ ਦਰਬਾਰ ਵੱਜੇ ਵਧਾਈਆ। ਪਾਰਬ੍ਰਹਮ ਪ੍ਰਭ ਬਣੇ ਮੰਗਤਾ, ਆਪੇ ਆਪਣੀ ਝੋਲੀ ਡਾਹੀਆ। ਨਿਰਗੁਣ ਨਿਰਵੈਰ ਨਿਰਾਕਾਰ ਆਪ ਲਗਾਏ ਆਪਣੇ ਅੰਗਤਾ, ਅੰਗੀਕਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਘਰ ਆਪ ਸੁਹਾਈਆ। ਸਤਿ ਪੁਰਖ ਨਿਰੰਜਣ ਸਤਿ ਵਸੇਰਾ, ਦਰਗਹਿ ਸਾਚੀ ਧਾਮ ਸੁਹਾਇੰਦਾ। ਸੋ ਪੁਰਖ ਨਿਰੰਜਣ ਗਹਿਰ ਗੰਭੀਰਾ, ਲੇਖਾ ਲੇਖ ਨਾ ਕੋਈ ਜਣਾਇੰਦਾ। ਹਰਿ ਪੁਰਖ ਨਿਰੰਜਣ ਚੋਟੀ ਚੜ੍ਹੇ ਇਕ ਅਖ਼ੀਰਾ, ਮਹੱਲ ਅਟੱਲ ਆਪ ਉਪਾਇੰਦਾ। ਏਕੰਕਾਰਾ ਨਾ ਕੋਈ ਬਸਤਰ ਨਾ ਕੋਈ ਚੀਰਾ, ਆਪਣਾ ਰੂਪ ਆਪ ਸੁਹਾਇੰਦਾ। ਆਦਿ ਨਿਰੰਜਣ ਵਡ ਪੀਰਨ ਪੀਰਾ, ਸ਼ਾਹ ਪਾਤਸ਼ਾਹ ਰੂਪ ਪਰਗਟਾਇੰਦਾ। ਅਬਿਨਾਸ਼ੀ ਕਰਤਾ ਆਪਣਾ ਮੰਗੇ ਆਪੇ ਸੀਰਾ, ਅੰਮ੍ਰਿਤ ਆਪਣਾ ਆਪ ਉਪਾਇੰਦਾ। ਸ੍ਰੀ ਭਗਵਾਨ ਬਣ ਹਕੀਰਾ, ਆਪਣੀ ਭਿਛਿਆ ਝੋਲੀ ਪਾਇੰਦਾ। ਪਾਰਬ੍ਰਹਮ ਆਪੇ ਬਖ਼ਸ਼ੇ ਆਪਣੀ ਧੀਰਾ, ਧੀਰਜ ਆਪਣੀ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਇੰਦਾ। ਸੋ ਪੁਰਖ ਨਿਰੰਜਣ ਬਣ ਦਲਾਲਾ, ਦੋ ਜਹਾਨਾ ਵੇਖ ਵਖਾਈਆ। ਹਰਿ ਪੁਰਖ ਨਿਰੰਜਣ ਵਸੇ ਸੱਚੀ ਧਰਮਸਾਲਾ, ਸਚਖੰਡ ਦਵਾਰੇ ਸੋਭਾ ਪਾਈਆ। ਏਕੰਕਾਰਾ ਹਰਿ ਗੋਪਾਲਾ, ਥਿਰ ਘਰ ਬੈਠਾ ਸੇਜ ਹੰਢਾਈਆ। ਆਦਿ ਨਿਰੰਜਣ ਜੋਤ ਉਜਾਲਾ, ਨੂਰੋ ਨੂਰ ਡਗਮਗਾਈਆ। ਅਬਿਨਾਸ਼ੀ ਕਰਤਾ ਰੂਪ ਪਰਗਟਾਏ ਮਹਾਂਕਾਲਾਂ, ਬਲ ਆਪਣਾ ਆਪ ਵਖਾਈਆ। ਸ੍ਰੀ ਭਗਵਾਨ ਮਾਰੇ ਇਕ ਉਛਾਲਾ, ਸਰ ਸਰੋਵਰ ਧਾਰ ਵਹਾਈਆ। ਪਾਰਬ੍ਰਹਮ ਕਰੇ ਖੇਲ ਨਿਰਾਲਾ, ਨਿਰਗੁਣ ਨਿਰਵੈਰ ਆਪਣੀ ਕਲ ਵਰਤਾਈਆ। ਸ਼ਬਦ ਸੁਤ ਨਿਧਾਨਾ ਬਾਲਾ, ਪੂਤ ਸਪੂਤਾ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਏਕੰਕਾਰ, ਕਰੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਰਾਈਆ। ਅਲੱਖ ਅਗੋਚਰ ਭੇਵ ਨਾ ਰਾਇਆ, ਬ੍ਰਹਮ ਰੂਪ ਨਾ ਕੋਈ ਦਿਸਾਇੰਦਾ। ਆਦਿ ਆਦਿ ਆਪਣਾ ਨਾਉਂ ਧਰਾਇਆ, ਧਰਨੀ ਧਰਤ ਧਵਲ ਨਾ ਕੋਈ ਸੁਹਾਇੰਦਾ। ਬ੍ਰਹਮ ਬ੍ਰਹਿਮਾਦਿ ਨਾ ਕੋਈ ਰਚਾਇਆ, ਬ੍ਰਹਿਮੰਡ ਨਾ ਰਾਸ ਰਚਾਇੰਦਾ। ਵਿਸ਼ਨ ਸ਼ਿਵ ਨਾ ਕੋਈ ਜਗਾਇਆ, ਬ੍ਰਹਮਾ ਨਾਉਂ ਨਾ ਕੋਈ ਰਖਾਇੰਦਾ। ਰਵ ਸਸ ਨਾ ਕੋਈ ਚਮਕਾਇਆ, ਦਿਵਸ ਰੈਣ ਨਾ ਕੋਈ ਬਣਾਇੰਦਾ। ਇਕ ਅਕੱਲਾ ਸਤਿ ਪੁਰਖ ਨਿਰੰਜਣ ਦਰ ਘਰ ਸਾਚਾ ਆਪ ਸਜਾਇਆ, ਸਚ ਦਵਾਰਾ ਵਡ ਵਡਿਆਇੰਦਾ। ਸੋ ਪੁਰਖ ਨਿਰੰਜਣ ਆਪਣੀ ਕਲ ਆਪ ਧਰਾਇਆ, ਅਕਲ ਕਲ ਆਪਣੀ ਖੇਲ ਆਪ ਖਿਲਾਇੰਦਾ। ਹਰਿ ਪੁਰਖ ਨਿਰੰਜਣ ਸੇਵਾ ਲਾਇਆ, ਸੇਵਕ ਚਾਕਰ ਆਪ ਬਣ ਜਾਇੰਦਾ। ਏਕੰਕਾਰਾ ਰਾਹ ਤਕਾਇਆ, ਸਚ ਮਲਾਹ ਰੂਪ ਪਰਗਟਾਇੰਦਾ। ਆਦਿ ਨਿਰੰਜਣ ਕਰੇ ਖੇਲ ਦਾਈ ਦਾਇਆ, ਦੂਸਰ ਹੋਰ ਨਾ ਕੋਈ ਦਿਸਾਇੰਦਾ। ਅਬਿਨਾਸ਼ੀ ਕਰਤਾ ਸਾਚਾ ਤਖ਼ਤ ਰਿਹਾ ਸੁਹਾਇਆ, ਸਚ ਸਿੰਘਾਸਣ ਸੋਭਾ ਪਾਇੰਦਾ। ਅਬਿਨਾਸ਼ੀ ਕਰਤਾ ਰਾਜ ਰਾਜਾਨ ਸਚ ਨਿਸ਼ਾਨ ਰਿਹਾ ਝੁਲਾਇਆ, ਸਤਿ ਦਵਾਰੇ ਆਪ ਉਠਾਇੰਦਾ। ਪਾਰਬ੍ਰਹਮ ਨਿਉਂ ਨਿਉਂ ਰਿਹਾ ਸੀਸ ਝੁਕਾਇਆ, ਦੋਏ ਜੋੜ ਚਰਨ ਧਿਆਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਮਹੱਲਾ ਕਰ ਤਿਆਰ, ਏਕਾ ਵਸੇ ਏਕੰਕਾਰ, ਨਿਰਗੁਣ ਨਿਰਵੈਰ ਅਜੂਨੀ ਰਹਿਤ ਅਨਭਵ ਪਰਕਾਸ਼ ਆਪ ਕਰਾਇੰਦਾ। ਅਨਭਵ ਪਰਕਾਸ਼ ਸਮਾਇਆ, ਪਾਰਬ੍ਰਹਮ ਵੱਡੀ ਵਡਿਆਈਆ। ਅਬਿਨਾਸ਼ੀ ਕਰਤਾ ਵੇਖ ਵਖਾਇਆ, ਸ੍ਰੀ ਭਗਵਾਨ ਵੱਜੀ ਵਧਾਈਆ। ਆਦਿ ਨਿਰੰਜਣ ਸੰਗ ਨਿਭਾਇਆ, ਏਕੰਕਾਰਾ ਅੰਗ ਸਮਾਈਆ। ਹਰਿ ਪੁਰਖ ਨਿਰੰਜਣ ਰੰਗ ਰੰਗਾਇਆ, ਸੋ ਪੁਰਖ ਨਿਰੰਜਣ ਵੇਖੇ ਚਾਈਂ ਚਾਈਆ। ਸਤਿ ਪੁਰਖ ਨਿਰੰਜਣ ਸਤਿ ਸਤਿਵਾਦ ਆਪਣੀ ਰਚਨਾ ਆਪ ਰਚਾਇਆ, ਦੂਸਰ ਵੰਡ ਨਾ ਕੋਈ ਵੰਡਾਈਆ। ਸਚਖੰਡ ਦਵਾਰਾ ਆਪ ਸੁਹਾਇਆ, ਨਿਰਮਲ ਜੋਤ ਕਰ ਰੁਸ਼ਨਾਈਆ। ਸਾਚੇ ਤਖ਼ਤ ਸ਼ਾਹ ਸੁਲਤਾਨਾ ਡੇਰਾ ਲਾਇਆ, ਤਖ਼ਤ ਤਾਜ ਇਕ ਵਡਿਆਈਆ। ਹੁਕਮੀ ਹੁਕਮ ਆਪ ਵਰਤਾਇਆ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਪਣੀ ਕਾਰ ਆਪ ਕਮਾਇਆ, ਕਰਤਾ ਆਪੇ ਵੇਖ ਵਖਾਈਆ। ਥਿਰ ਘਰ ਸਾਚੇ ਰੂਪ ਪਰਗਟਾਇਆ, ਛੱਪਰ ਛੰਨ ਨਾ ਕੋਈ ਛੁਹਾਈਆ। ਚਾਰ ਦਿਵਾਰ ਨਾ ਕੋਈ ਵਖਾਇਆ, ਨਾ ਕੋਈ ਬਾਢੀ ਬਣਤ ਬਣਾਈਆ। ਗੁਰ ਪੀਰ ਅਵਤਾਰ ਸਾਧ ਸੰਤ ਨਾ ਕੋਈ ਨਜ਼ਰੀ ਆਇਆ, ਆਦਿ ਪੁਰਖ ਆਪਣੀ ਜੋਤ ਆਪ ਜਗਾਈਆ। ਸਾਚਾ ਮੰਦਰ ਰਿਹਾ ਸੁਹਾਇਆ, ਹਰਿ ਜੂ ਹਰਿ ਮੰਦਰ ਡੇਰਾ ਲਾਈਆ। ਉਤਰ ਪੂਰਬ ਪੱਛਮ ਦੱਖਣ ਚਾਰੇ ਦਿਸ਼ਾ ਨਾ ਵੇਖ ਵਖਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਕਰ ਪਸਾਰਾ, ਆਪੇ ਵੇਖੇ ਵੇਖਣਹਾਰਾ ਦਿਸ ਕਿਸੇ ਨਾ ਆਇਆ। ਸਤਿ ਪੁਰਖ ਨਿਰੰਜਣ ਸਤਿ ਸਤਿਵਾਦ, ਦਰ ਘਰ ਸਾਚਾ ਆਪ ਸੁਹਾਇੰਦਾ। ਖੇਲੇ ਖੇਲ ਆਦਿ ਜੁਗਾਦਿ, ਜੁਗ ਕਰਤਾ ਨਾਉਂ ਧਰਾਇੰਦਾ। ਸ਼ਬਦ ਅਗੰਮੀ ਏਕਾ ਨਾਦ, ਧੁਨ ਤਰਾਨਾ ਆਪ ਸੁਣਾਇੰਦਾ। ਸ਼ਬਦ ਦੁਲਾਰਾ ਆਪੇ ਲਾਧ, ਪੂਤ ਸਪੂਤ ਸੇਵਾ ਲਾਇੰਦਾ। ਨਾਮ ਜਣਾਏ ਬੋਧ ਅਗਾਧ, ਨਿਸ਼ ਅੱਖਰ ਵੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਮਹਿਮਾ ਆਪ ਅਲਾਇੰਦਾ। ਆਪਣੀ ਮਹਿਮਾ ਆਪ ਜਣਾ, ਆਪੇ ਭੇਵ ਖੁਲ੍ਹਾਈਆ। ਆਪਣਾ ਤਖ਼ਤ ਆਪ ਸੁਹਾ, ਆਪੇ ਬੈਠਾ ਆਸਣ ਲਾਈਆ। ਆਪਣਾ ਰਾਜ ਆਪ ਕਮਾ, ਆਪੇ ਰਈਯਤ ਵੇਖ ਵਖਾਈਆ। ਆਪਣਾ ਹੁਕਮ ਆਪ ਚਲਾ, ਹੁਕਮੀ ਹੁਕਮ ਦਏ ਵਡਿਆਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਚਨ ਰਚਾ, ਬ੍ਰਹਮਾ ਵਿਸ਼ਨ ਸ਼ਿਵ ਤੇਰੀ ਝੋਲੀ ਪਾਈਆ। ਤ੍ਰੈਗੁਣ ਮਾਇਆ ਹੱਥ ਉਠਾ, ਏਕਾ ਕੰਗਨ ਤਨ ਪਹਿਨਾਈਆ। ਪੰਜ ਤਤ ਘਾੜਨ ਆਪ ਘੜਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਦਏ ਵਡਿਆਈਆ। ਲੱਖ ਚੁਰਾਸੀ ਰਚਨ ਰਚਾ, ਘਟ ਘਟ ਜੋਤ ਕਰੇ ਰੁਸ਼ਨਾਈਆ। ਆਪਣੀ ਵਿਦਿਆ ਆਪ ਪੜ੍ਹਾ, ਚਾਰੇ ਵੇਦਾਂ ਕਰੇ ਸੁਣਾਈਆ। ਚਾਰੇ ਜੁਗ ਵੰਡ ਵੰਡਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖ ਵਖਾਈਆ। ਚਾਰੇ ਬਾਣੀ ਆਪ ਅਲਾ, ਚਾਰੇ ਖਾਣੀ ਆਪ ਸਮਝਾਈਆ। ਲੱਖ ਚੁਰਾਸੀ ਡੇਰਾ ਲਾ, ਕਾਇਆ ਖੇੜਾ ਆਪ ਵਸਾਈਆ। ਨਿਰਗੁਣ ਨਿਬੇੜਾ ਦਏ ਕਰਾ, ਪੰਚਮ ਝੇੜਾ ਵੇਖੇ ਥਾਉਂ ਥਾਈਆ। ਸਾਚਾ ਬੇੜਾ ਰਿਹਾ ਚਲਾ, ਜੁਗ ਜੁਗ ਦਾਤਾ ਬੇਪਰਵਾਹੀਆ। ਆਪਣਾ ਗੇੜਾ ਰਿਹਾ ਦਵਾ, ਗੇੜਨਹਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਏਕੰਕਾਰ, ਆਦਿ ਜੁਗਾਦੀ ਸਾਚੀ ਕਾਰ, ਜੁਗ ਕਰਤਾ ਆਪ ਕਰਾਈਆ। ਸਾਚੀ ਕਾਰ ਕਮਾਇੰਦਾ, ਪਾਰਬ੍ਰਹਮ ਗੁਰ ਕਰਤਾਰ। ਨਿਰਗੁਣ ਸਰਗੁਣ ਰੂਪ ਪਰਗਟਾਇੰਦਾ, ਲੋਕਮਾਤ ਲੈ ਅਵਤਾਰ। ਭਗਤਨ ਭਗਤੀ ਮੇਲ ਮਿਲਾਇੰਦਾ, ਆਤਮ ਅੰਤਰ ਕਰ ਪਿਆਰ। ਸਾਚੇ ਸੰਤਨ ਰੰਗ ਰੰਗਾਇੰਦਾ, ਉਤਰ ਨਾ ਜਾਏ ਵਿਚ ਸੰਸਾਰ। ਗੁਰਮੁਖ ਆਪਣੀ ਗੋਦ ਬਹਾਇੰਦਾ, ਦਰ ਘਰ ਸਾਚੇ ਕਰ ਪਿਆਰ। ਗੁਰਸਿਖ ਸਾਚੇ ਏਕਾ ਨੈਣ ਖੁਲਾਇੰਦਾ, ਨੇਤਰ ਲੋਚਣ ਕਰ ਉਜਿਆਰ। ਮਾਇਆ ਮਮਤਾ ਪਰਦਾ ਲਾਹਿੰਦਾ, ਹਉਮੇ ਹੰਗਤਾ ਕਰ ਖ਼ਵਾਰ। ਆਸਾ ਤ੍ਰਿਸ਼ਨਾ ਮੇਟ ਮਿਟਾਇੰਦਾ, ਦੇਵੇ ਸ਼ਬਦ ਨਾਮ ਭੰਡਾਰ। ਪੰਚ ਵਿਕਾਰਾ ਆਪ ਖਪਾਇੰਦਾ, ਕਾਗਦ ਕਲਮ ਨਾ ਲਿਖਣਹਾਰ। ਪੰਚਮ ਧੁਨ ਆਪ ਉਪਜਾਇੰਦਾ, ਅਨਹਦ ਸ਼ਬਦ ਸੱਚੀ ਧੁਨਕਾਰ। ਅੰਮ੍ਰਿਤ ਜਾਮ ਆਪ ਪਿਆਇੰਦਾ, ਨਿਝਰ ਝਿਰਨਾ ਠੰਡਾ ਠਾਰ। ਬਜਰ ਕਪਾਟੀ ਪਰਦਾ ਲਾਹਿੰਦਾ, ਕਿਰਪਾ ਕਰ ਆਪ ਕਰਤਾਰ। ਗੁਰ ਸ਼ਬਦੀ ਮੇਲ ਮਿਲਾਇੰਦਾ, ਨਾਤਾ ਤੋੜ ਸਰਬ ਸੰਸਾਰ। ਸਾਚੇ ਮੰਦਰ ਆਪ ਬਹਾਇੰਦਾ, ਹਰਿ ਸੰਤਨ ਕਰੇ ਪਿਆਰ। ਆਤਮ ਸੇਜਾ ਸੋਭਾ ਪਾਇੰਦਾ, ਘਰ ਘਰ ਵਿਚ ਕਰ ਤਿਆਰ। ਨਿਰਗੁਣ ਸਰਗੁਣ ਮੇਲ ਮਿਲਾਇੰਦਾ, ਜੀਵ ਆਤਮ ਪਾਏ ਸਾਰ। ਪਰਮ ਆਤਮ ਵੇਖ ਵਖਾਇੰਦਾ, ਬ੍ਰਹਮ ਪਾਰਬ੍ਰਹਮ ਨਾਰੀ ਕੰਤ ਭਤਾਰ। ਦੋਹਾਂ ਵਿਚੋਲਾ ਸ਼ਬਦ ਜਣਾਇੰਦਾ, ਜੁਗਾਂ ਜੁਗੰਤਰ ਸਾਚੀ ਕਾਰ। ਆਪਣਾ ਢੋਲਾ ਆਪ ਸੁਣਾਇੰਦਾ, ਨਿਰਗੁਣ ਬੋਲ ਨਾਮ ਜੈਕਾਰ। ਆਪਣਾ ਚੋਲਾ ਆਪ ਬਦਲਾਇੰਦਾ, ਮਰੇ ਨਾ ਜੰਮੇ ਵਿਚ ਸੰਸਾਰ। ਸਾਚਾ ਤੋਲਾ ਇਕ ਅਖਵਾਇੰਦਾ, ਤ੍ਰੈਗੁਣ ਮਾਇਆ ਤੋਲਣਹਾਰਾ ਆਪਣਾ ਤਤ ਤੋਲੇ ਭਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਖੇਲੇ ਖੇਲ ਅਪਰ ਅਪਾਰ। ਸਾਚਾ ਖੇਲ ਖਿਲੰਦੜਾ, ਪਾਰਬ੍ਰਹਮ ਬੇਅੰਤ। ਜੁਗ ਜੁਗ ਵੇਸ ਵਟੰਦੜਾ, ਲੇਖਾ ਜਾਣੇ ਸਾਚੇ ਸੰਤ। ਸਾਚਾ ਧਾਮ ਇਕ ਸੁਹੰਦੜਾ, ਪੁਰਖ ਅਬਿਨਾਸ਼ੀ ਮਹਿਮਾ ਅਗਣਤ। ਆਪਣਾ ਭੇਵ ਆਪ ਖੁਲੰਦੜਾ, ਗੁਰਮੁਖ ਮੇਲਾ ਨਾਰੀ ਕੰਤ। ਗੀਤ ਸੁਹਾਗੀ ਆਪ ਸੁਨੰਦੜਾ, ਆਪੇ ਮਣੀਆ ਆਪੇ ਮੰਤ। ਦੀਪਕ ਜੋਤ ਇਕ ਜਗੰਦੜਾ, ਅੰਧ ਅੰਧੇਰਾ ਕਰੇ ਖੰਡਤ। ਸਾਚਾ ਅੱਖਰ ਆਪ ਪੜ੍ਹੰਦੜਾ, ਭੇਵ ਨਾ ਜਾਣੇ ਪਾਂਧਾ ਪੰਡਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਕਰਨੇਹਾਰ, ਦੂਸਰ ਦਰ ਨਾ ਜਾਏ ਮੰਗਤ। ਦੂਸਰ ਦਰ ਨਾ ਮੰਗਦਾ, ਬੇਐਬ ਪਰਵਰਦਿਗਾਰ। ਕਰੇ ਖੇਲ ਸੂਰੇ ਸਰਬੰਗਦਾ, ਨਿਰਗੁਣ ਨਿਰਵੈਰ ਨਿਰਾਕਾਰ। ਆਪਣਾ ਦਾਮਨ ਆਪੇ ਰੰਗਦਾ, ਰੰਗਣਹਾਰ ਆਪ ਕਰਤਾਰ। ਆਪਣੇ ਅਸਵ ਆਪੇ ਤੰਗ ਕਸਦਾ, ਆਪੇ ਹੋਏ ਅਸਵ ਅਸਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਖੇਲੇ ਖੇਲ ਸ੍ਰੀ ਭਗਵੰਤ, ਆਪਣਾ ਰੂਪ ਕਰੇ ਅਪਾਰ। ਰੂਪ ਅਪਾਰਾ ਹਰਿ ਨਿਰੰਕਾਰਾ, ਵੇਦ ਕਤੇਬ ਕਹਿਣ ਨਾ ਜਾਈਆ। ਵਿਸ਼ਨੂੰ ਕਰੇ ਨਿਉਂ ਨਿਉਂ ਨਿਮਸਕਾਰਾ, ਚਰਨ ਕਵਲ ਧਿਆਨ ਲਗਾਈਆ। ਬ੍ਰਹਮਾ ਦਰ ਬਣੇ ਭਿਖਾਰਾ, ਖ਼ਾਲੀ ਝੋਲੀ ਰਿਹਾ ਭਰਾਈਆ। ਸ਼ੰਕਰ ਵੇਖੇ ਇਕ ਦਵਾਰਾ, ਪਾਰਬ੍ਰਹਮ ਸੱਚੀ ਸਰਨਾਈਆ। ਤਿੰਨਾਂ ਵਿਚੋਲਾ ਬਣ ਸੱਚੀ ਸਰਕਾਰਾ, ਸਾਚਾ ਹੁਕਮ ਆਪ ਸੁਣਾਈਆ। ਏਕਾ ਢੋਲਾ ਸ਼ਬਦ ਜੈਕਾਰਾ, ਨਿਰਗੁਣ ਨਿਰਗੁਣ ਲਏ ਉਪਜਾਈਆ। ਸਰਗੁਣ ਸਾਚਾ ਕਰ ਤਿਆਰਾ, ਮਹੱਲ ਮੁਨਾਰਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਆਪ ਬੁਝਾਏ ਲੱਗੀ ਬਸੰਤਰ, ਤ੍ਰੈਗੁਣ ਤਤ ਵੇਖ ਵਖਾਈਆ। ਆਦਿ ਜੁਗਾਦਿ ਹੋਏ ਪਰਗਟ, ਆਦਿ ਬੈਠਾ ਵੇਸ ਵਟਾਈਆ। ਸ਼ਬਦ ਨਾਦ ਵਜਾਏ ਸੱਟ, ਧੁਨ ਅਨਹਦ ਤਾਲ ਰਲਾਈਆ। ਵਸਣਹਾਰਾ ਘਟ ਘਟ, ਲੱਖ ਚੁਰਾਸੀ ਫੋਲ ਫੁਲਾਈਆ। ਖੇਲੇ ਖੇਲ ਬਾਜ਼ੀਗਰ ਨਟ, ਸਵਾਂਗੀ ਆਪਣਾ ਸਾਂਗ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤ੍ਰੇਤਾ ਦਵਾਪਰ ਆਪਣੇ ਲੇਖੇ ਲਾਈਆ। ਸਤਿਜੁਗ ਤ੍ਰੇਤਾ ਦੁਆਪਰ ਪਾਰ ਉਤਾਰਿਆ, ਕਰ ਕਿਰਪਾ ਗੁਣ ਨਿਧਾਨ। ਨਿਰਗੁਣ ਸਰਗੁਣ ਲਏ ਅਵਤਾਰਾ, ਭਗਤ ਭਗਵੰਤ ਕਰ ਪਛਾਣ। ਗ਼ਰੀਬ ਨਿਮਾਣਿਆਂ ਦੇਵੇ ਸਹਾਰਿਆ, ਹੰਕਾਰੀਆਂ ਮੇਟੇ ਜਗਤ ਨਿਸ਼ਾਨ। ਏਕਾ ਵਣਜ ਕਰੇ ਵਾਪਾਰਿਆ, ਵਡ ਦਾਤਾ ਬੇਪਰਵਾਹਿਆ ਗੁਣ ਨਿਧਾਨ। ਏਕਾ ਰਾਮ ਨਾਮ ਜੈਕਾਰਿਆ, ਇਕ ਝੁਲਾਏ ਸਚ ਨਿਸ਼ਾਨ। ਏਕਾ ਲੇਖਾ ਜਾਣੇ ਆਰ ਪਾਰ ਕਿਨਾਰਿਆ, ਏਕਾ ਬੇੜਾ ਚਲਾਏ ਦੋ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਕਰੇ ਖੇਲ ਮਹਾਨ। ਖੇਲ ਮਹਾਨਾ ਸ੍ਰੀ ਭਗਵਾਨਾ, ਆਪਣਾ ਆਪ ਕਰਾਇੰਦਾ। ਸਤਿ ਸਤਿਵਾਦੀ ਸਤਿ ਨਿਸ਼ਾਨਾ, ਲੋਕਮਾਤ ਆਪ ਚਲਾਇੰਦਾ। ਗੁਰਮੁਖ ਅੰਦਰ ਬ੍ਰਹਮ ਗਿਆਨਾ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਗੁਰਮੁਖਾਂ ਇਕ ਸੁਣਾਏ ਧੁਨ ਤਰਾਨਾ, ਅਨਹਦ ਸਾਚੀ ਤਾਰ ਹਿਲਾਇੰਦਾ। ਏਕਾ ਬਖ਼ਸ਼ੇ ਪੀਣਾ ਖਾਣਾ, ਤ੍ਰਿਸ਼ਨਾ ਭੁੱਖ ਸਰਬ ਮਿਟਾਇੰਦਾ। ਇਕ ਵਖਾਏ ਪਦ ਨਿਰਬਾਨਾ, ਮਹੱਲ ਅਟੱਲ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਜੁਗ ਜੁਗ ਖੇਲ ਖਿਲਾਵਣਹਾਰਾ, ਏਕਾ ਏਕ ਏਕੰਕਾਰ। ਤ੍ਰੈ ਤ੍ਰੈ ਕਰਿਆ ਪਾਰ ਕਿਨਾਰਾ, ਚੌਥੇ ਜੁਗ ਆਈ ਵਾਰ। ਚਾਰੇ ਵੇਦਾਂ ਪਾਵੇ ਸਾਰਾ, ਪੁਰਾਨ ਅਠਾਰਾਂ ਖੋਲ੍ਹ ਕਿਵਾੜ। ਸ਼ਾਸਤਰ ਸਿਮਰਤ ਦਏ ਹੁਲਾਰਾ, ਲੇਖਾ ਜਾਣੇ ਅੰਦਰ ਬਾਹਰ। ਜਗਤ ਗਿਆਨ ਇਕ ਅਧਾਰਾ, ਦੇਵਣਹਾਰ ਸ੍ਰੀ ਭਗਵਾਨ। ਅੰਜੀਲਾ ਕੁਰਾਨਾਂ ਕਰੇ ਕਿਨਾਰਾ, ਸ਼ਰਅ ਸ਼ਰੀਅਤ ਵੇਖੇ ਵਿਚ ਜਹਾਨ। ਖਾਣੀ ਬਾਣੀ ਬਣ ਵਰਤਾਰਾ, ਦਾਤਾ ਦਾਨੀ ਗੁਣ ਨਿਧਾਨ। ਕਲਜੁਗ ਅੰਤਮ ਰੋਵੇ ਜ਼ਾਰੋ ਜ਼ਾਰਾ, ਦਿਵਸ ਰੈਣ ਸਕੇ ਨਾ ਕੋਈ ਪਛਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਆਪ ਉਠਾਏ ਆਪਣਾ ਬਾਣ। ਜੁਗ ਜੁਗ ਬਾਣ ਉਠਾਇੰਦਾ, ਹਰਿ ਸਤਿਗੁਰ ਸੱਚਾ ਪਾਤਸ਼ਾਹ। ਗੜ੍ਹ ਹੰਕਾਰੀ ਆਪ ਤੁੜਾਇੰਦਾ, ਸ਼ਬਦ ਨਿਸ਼ਾਨਾ ਏਕਾ ਲਾ। ਗੁਰ ਪੀਰ ਆਪ ਅਖਵਾਇੰਦਾ, ਕਲਧਾਰੀ ਬੇਪਰਵਾਹ। ਖੜਗ ਖੰਡਾ ਇਕ ਚਮਕਾਇੰਦਾ, ਚੰਡ ਪਰਚੰਡ ਹੱਥ ਉਠਾ। ਬ੍ਰਹਿਮੰਡਾਂ ਖੰਡਾਂ ਵੇਖ ਵਖਾਇੰਦਾ, ਤ੍ਰੈਭਵਨ ਫੇਰਾ ਪਾ। ਲੋਆਂ ਪੁਰੀਆਂ ਫੇਰਾ ਪਾਇੰਦਾ, ਬ੍ਰਹਮਾ ਵਿਸ਼ਨ ਸ਼ਿਵ ਦਏ ਜਗਾ। ਕ੍ਰੋੜ ਤਤੀਸਾ ਰਹਿਣ ਨਾ ਪਾਇੰਦਾ, ਸੁਰਪਤ ਰੋਵੇ ਮਾਰੇ ਧਾ। ਸ਼ਾਹ ਸੁਲਤਾਨਾਂ ਹਰਿ ਭਗਵਾਨਾ ਆਪਣਾ ਬਲ ਆਪ ਧਰਾਇੰਦਾ, ਆਪਣੀਆਂ ਭੁਜਾਂ ਰਿਹਾ ਉਠਾ। ਦੋ ਜਹਾਨਾ ਵੇਖ ਵਖਾਇੰਦਾ, ਤ੍ਰਲੋਕੀ ਚਰਨਾਂ ਹੇਠ ਦਬਾ। ਚੌਦਾਂ ਲੋਕਾਂ ਕੁੰਡਾ ਲਾਹਿੰਦਾ, ਚੌਦਾਂ ਤਬਕਾਂ ਪੰਧ ਮੁਕਾ। ਰਵ ਸਸ ਮੁਖ ਸ਼ਰਮਾਇੰਦਾ, ਨੇਤਰ ਨੀਰ ਰਿਹਾ ਵਹਾ। ਪਾਰਬ੍ਰਹਮ ਪ੍ਰਭ ਖੇਲ ਖਿਲਾਇੰਦਾ, ਕਲਜੁਗ ਵੇਲਾ ਅੰਤਮ ਗਿਆ ਆ। ਵੇਦ ਕਤੇਬ ਭੇਵ ਨਾ ਪਾਇੰਦਾ, ਗੁਰ ਪੀਰ ਦੇ ਦੇ ਥੱਕੇ ਸਲਾਹ। ਵੇਦ ਵਿਆਸਾ ਲੇਖ ਲਿਖਾਇੰਦਾ, ਪੂਤ ਸਪੂਤਾ ਬ੍ਰਹਿਮਣ ਗੌੜਾ ਉਚੇ ਟਿੱਲੇ ਪਰਬਤ ਫੇਰਾ ਜਾਏ ਪਾ। ਨਾਨਕ ਨਿਰਗੁਣ ਵੇਖ ਵਖਾਇੰਦਾ, ਜੋਤੀ ਜੋਤ ਜੋਤ ਜਗਾ। ਹਰਿ ਹਰਿ ਆਪਣਾ ਰੂਪ ਪਰਗਟਾਇੰਦਾ, ਕਲਜੁਗ ਵੇਖੇ ਥਾਉਂ ਥਾਂ। ਜ਼ਿਮੀ ਅਸਮਾਨਾਂ ਫੇਰੀ ਪਾਇੰਦਾ, ਜੁਗਾਂ ਜੁਗੰਤਰ ਛੱਡੇ ਨਾ ਕੋਈ ਥਾਂ। ਸੱਤਾਂ ਦੀਪਾਂ ਡੇਰਾ ਢਾਇੰਦਾ, ਨੌਂ ਖੰਡ ਪ੍ਰਿਥਮੀ ਦਏ ਹਿਲਾ। ਨੌਂ ਦਵਾਰੇ ਖੋਜ ਖੁਜਾਇੰਦਾ, ਲੱਖ ਚੁਰਾਸੀ ਮੰਦਰ ਵੇਖੇ ਆ। ਮਾਤ ਪਿਤਾ ਨਾ ਕੋਈ ਬਣਾਇੰਦਾ, ਜਨਣੀ ਕੁਖੋਂ ਨਾ ਲਏ ਜਾ। ਮਹਾਂਬਲੀ ਆਪ ਅਖਵਾਇੰਦਾ, ਸੂਰਬੀਰ ਬੇਪਰਵਾਹ। ਨਿਹਕਲੰਕ ਨਾਉਂ ਧਰਾਇੰਦਾ, ਜੋਤੀ ਜਾਮਾ ਭੇਖ ਵਟਾ। ਏਕਾ ਜੋਤੀ ਡਗਮਗਾਇੰਦਾ, ਵੇਖ ਵਖਾ। ਪੁਰਖ ਅਕਾਲ ਇਕ ਮਨਾਇੰਦਾ, ਦੋ ਜਹਾਨਾ ਪਿਤਾ ਮਾਂ। ਦੂਸਰ ਇਸ਼ਟ ਨਾ ਕੋਈ ਜਣਾਇੰਦਾ, ਚਾਰ ਵਰਨਾਂ ਰਿਹਾ ਸਮਝਾ। ਕਲਜੁਗ ਜੀਵ ਭੇਵ ਨਾ ਪਾਇੰਦਾ, ਭਰਮੇ ਭੁੱਲਾ ਸਰਬ ਜਹਾਂ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਸਾਚਾ ਕਰਮ ਨਾ ਕੋਈ ਕਮਾਇੰਦਾ, ਨੇਹਕਰਮੀ ਕਰੇ ਖੇਲ ਬੇਪਰਵਾਹ। ਵਰਨ ਬਰਨ ਆਪ ਮਿਟਾਇੰਦਾ, ਊਚਾਂ ਨੀਚਾਂ ਲਏ ਮਿਲਾ। ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਥਾਂ ਬਹਾਇੰਦਾ, ਰਾਜੇ ਰਾਣੇ ਤਖਤੋਂ ਦੇਵੇ ਲਾਹ। ਵੇਲੇ ਅੰਤਮ ਆਪ ਸੁਹਾਇੰਦਾ, ਕਲਜੁਗ ਰੈਣ ਅੰਧੇਰੀ ਮੇਟੇ ਛਾਂ। ਸਾਚਾ ਖੰਡਾ ਹੱਥ ਚਮਕਾਇੰਦਾ, ਸ਼ਬਦ ਅਗੰਮੀ ਘਾੜਤ ਲਏ ਘੜਾ। ਲੁਹਾਰ ਤਰਖਾਨ ਨਾ ਕੋਈ ਬਣਾਇੰਦਾ, ਕਲਜੁਗ ਮੁੱਠੀ ਨਾ ਦੇਵੇ ਲਾ। ਜਗਤ ਗਿਆਨ ਨਾ ਕੋਈ ਰਖਾਇੰਦਾ, ਤ੍ਰੈਗੁਣ ਮਾਇਆ ਨਾ ਸਕੇ ਛੁਪਾ। ਪੁਰਖ ਅਬਿਨਾਸ਼ੀ ਆਪਣਾ ਖੇਲ ਆਪ ਖਲਾਇੰਦਾ, ਆਪ ਆਪਣੀ ਕਲ ਵਰਤਾ। ਨਿਹਕਲੰਕ ਨਾਉਂ ਧਰਾਇੰਦਾ, ਧਰਤੀ ਧਵਲ ਭਾਗ ਲਗਾ। ਸਾਚਾ ਖੰਡਾ ਆਪ ਚਮਕਾਇੰਦਾ, ਬ੍ਰਹਿਮੰਡਾਂ ਦਏ ਡਰਾ। ਜੇਰਜ ਅੰਡਾਂ ਵੇਖ ਵਖਾਇੰਦਾ, ਉਤਭੁਜ ਸੇਤਜ ਦਏ ਹਿਲਾ। ਸੱਤ ਸਮੁੰਦਰ ਫੋਲ ਫੁਲਾਇੰਦਾ, ਸਾਗਰ ਰਿੜਕੇ ਆਪਣੀ ਬਾਂਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਨਾਉਂ ਆਪ ਪਰਗਟਾਇੰਦਾ। ਆਪਣਾ ਨਾਉਂ ਆਪ ਪਰਗਟੌਣਾ, ਹਰਿ ਵੱਡਾ ਵਡ ਵਡਿਆਈਆ। ਸਤਿ ਪੁਰਖ ਨਿਰੰਜਣ ਵੇਸ ਵਟੌਣਾ, ਅਲੱਖ ਅਲੱਖਣਾ ਏਕਾ ਅਲੱਖ ਦਏ ਜਗਾਈਆ। ਅਗੰਮ ਅਗੰਮੜਾ ਧਾਮ ਸੁਹੌਣਾ, ਧਾਮ ਅਵੱਲਾ ਇਕ ਬਣਾਈਆ। ਸੰਬਲ ਨਗਰੀ ਨਾਉਂ ਰਖੌਣਾ, ਆਪਣੇ ਹੱਥ ਰੱਖੇ ਵਡਿਆਈਆ। ਇਟ ਗਾਰਾ ਨਾ ਕੋਈ ਲਗੌਣਾ, ਛੱਪਰ ਛੰਨ ਨਾ ਕੋਈ ਛੁਹਾਈਆ। ਨੌਂ ਖੰਡ ਪ੍ਰਿਥਮੀ ਵਿਚ ਫਿਰੌਣਾ, ਸਤਿ ਸਤਿ ਡੇਰਾ ਰਿਹਾ ਢਾਈਆ। ਚਾਰ ਵਰਨ ਚਾਰ ਜੁਗ ਚਾਰ ਖਾਣੀ ਚਾਰ ਬਾਣੀ ਰਾਹ ਤਕੌਣਾ, ਚਾਰ ਵਰਨ ਧਿਆਨ ਲਗਾਈਆ । ਉਚ ਮਹੱਲ ਅਟੱਲ ਇਕ ਵਸੌਣਾ, ਥਿਰ ਦਰਬਾਰਾ ਆਪ ਬਣਾਈਆ। ਰਾਗ ਅਨਾਦੀ ਏਕਾ ਗੌਣਾ, ਛੱਤੀ ਰਾਗ ਭੇਵ ਨਾ ਰਾਈਆ। ਨਾਰਦ ਸੁਰਸਤੀ ਮੁਖ ਸ਼ਰਮੌਣਾ, ਨੇਤਰ ਨੈਣਾਂ ਨੀਰ ਰਿਹਾ ਵਹਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਏਕਾ ਆਪਣਾ ਖੇਲ ਖਿਲੌਣਾ, ਖ਼ਾਲਕ ਖ਼ਲਕ ਵੇਖੇ ਬੇਪਰਵਾਹੀਆ। ਏਕਾ ਕਲਮਾ ਆਪ ਪੜ੍ਹੌਣਾ, ਸ਼ਰਅ ਸ਼ਰੀਯਤ ਇਕ ਜਣਾਈਆ। ਆਲਮ ਉਲਮਾ ਆਪ ਸਮਝੌਣਾ, ਤਾਲਬ ਤੁਲਬਾ ਆਪ ਸਮਝਾਈਆ। ਨੂਨ ਨੁਕਤਾ ਮੇਟ ਮਿਟੌਣਾ, ਪਾਰਬ੍ਰਹਮ ਆਪਣੇ ਹੱਥ ਰੱਖੇ ਵਡਿਆਈਆ। ਸਾਬਤ ਈਮਾਨ ਇਕ ਜਣੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਲੇਖਾ ਹੱਥ ਕਰਤਾਰ, ਕਾਗਦ ਕਲਮ ਨਾ ਲਿਖੇ ਸ਼ਾਹੀਆ। ਬ੍ਰਹਮਾ ਵੇਦ ਨਾ ਪਾਵੇ ਸਾਰ, ਚਾਰੇ ਮੁਖ ਦਏ ਦੁਹਾਈਆ। ਪੁਰਾਨ ਅਠਾਰਾਂ ਕਰਨ ਪੁਕਾਰ, ਵੇਦ ਸੰਗ ਰਲਾਈਆ। ਸ਼ਾਸਤਰ ਸਿਮਰਤ ਹੋਏ ਲਾਚਾਰ, ਜੀਵ ਜੰਤ ਕਰਨ ਪੜ੍ਹਾਈਆ। ਗੀਤਾ ਗੋਝ ਇਕ ਗਿਆਨ ਗਿਆਨ ਵਿਚ ਟਿਕਾ ਬੀਸ ਬੀਸਾ ਅੰਜੀਲ ਕੁਰਾਨ, ਰਸਨਾ ਜਿਹਵਾ ਰਹੇ ਗਾਈਆ। ਖਾਣੀ ਬਾਣੀ ਗੁਣ ਨਿਧਾਨ, ਗੁਣਵੰਤ ਕਹਿਣ ਨਾ ਜਾਈਆ। ਕਲਜੁਗ ਨਿਹਕਲੰਕ ਨਾ ਸਕੇ ਕੋਈ ਪਛਾਣ, ਚਾਰੋਂ ਕੁੰਟ ਅੰਧੇਰਾ ਛਾਈਆ। ਸਚ ਧਰਮ ਨਾ ਕੋਈ ਨਿਸ਼ਾਨ, ਜੂਠ ਝੂਠ ਵੱਜੇ ਵਧਾਈਆ। ਹਰਿ ਕਾ ਨਾਉਂ ਰਸਨਾ ਗਾਨ, ਹਿਰਦੇ ਹਰਿ ਨਾ ਕੋਈ ਵਸਾਈਆ। ਅਠਸਠ ਤੀਰਥ ਕਰਨ ਅਸ਼ਨਾਨ, ਆਤਮ ਸਰੋਵਰ ਨਾ ਕੋਈ ਨਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਅੰਤਮ ਵੇਖਣਹਾਰਾ, ਨਿਰਗੁਣ ਰੂਪ ਸਮਾਇੰਦਾ। ਲੱਖ ਚੁਰਾਸੀ ਵੇਖੇ ਕਾਇਆ ਮਹੱਲ ਮੁਨਾਰਾ, ਘਰ ਘਰ ਆਪਣੀ ਜੋਤ ਜਗਾਇੰਦਾ। ਅੰਦਰ ਮੰਦਰ ਡੂੰਘੀ ਗਾਰਾ, ਅੰਧ ਅੰਧੇਰ ਆਪ ਸਮਾਇੰਦਾ। ਪਾਵੇ ਸਾਰ ਗੜ੍ਹ ਹੰਕਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਆਪਣੀ ਖੇਲ ਖਿਲਾਇੰਦਾ। ਨਿਰਗੁਣ ਖੇਲ ਸਰਗੁਣ ਧਾਰ, ਗੁਰ ਸਤਿਗੁਰ ਨਾਉਂ ਧਰਾਇੰਦਾ। ਇਕ ਅਕੱਲਾ ਏਕੰਕਾਰ, ਅਕਲ ਕਲ ਰੂਪ ਪਰਗਟਾਇੰਦਾ। ਜੁਗਾ ਜੁਗੰਤਰ ਹੋ ਤਿਆਰ, ਲੋਕਮਾਤ ਵੇਖ ਵਖਾਇੰਦਾ। ਸ਼ਬਦ ਅਨਾਦੀ ਬੋਲ ਜੈਕਾਰ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਕੂੜ ਕੁੜਿਆਰਾ ਕਰੇ ਖ਼ਵਾਰ, ਸਚ ਸੁੱਚ ਮਾਰਗ ਏਕਾ ਲਾਇੰਦਾ। ਕਲਜੁਗ ਦੁਹਾਗਣ ਦਿਸੇ ਨਾਰ, ਕੰਤ ਸੁਹਾਗ ਨਾ ਕੋਈ ਹੰਢਾਇੰਦਾ। ਮਨ ਬੈਰਾਗਣ ਕਵਣ ਮਿਲੇ ਯਾਰ, ਪੀਆ ਪ੍ਰੀਤਮ ਕਵਣ ਸੇਜ ਸੁਹਾਇੰਦਾ। ਕਵਣ ਬਾਣੀ ਬੋਲ ਕਰੇ ਜੈਕਾਰ, ਕਵਣ ਨਾਦ ਧੁਨ ਵਜਾਇੰਦਾ। ਕਵਣ ਪਾਣੀ ਮਿਲੇ ਠੰਡਾ ਠਾਰ, ਨਿਰਗੁਣ ਤਤ ਕਵਣ ਬੁਝਾਇੰਦਾ। ਕਵਣ ਮੰਦਰ ਸੋਹੇ ਗੁਰੂਦਵਾਰ, ਜਿਸ ਦਵਾਰੇ ਸਤਿਗੁਰ ਵੇਸ ਵਟਾਇੰਦਾ। ਕਲਜੁਗ ਜੀਵ ਹੋਏ ਗਵਾਰ, ਮਨਮਤ ਸਰਬ ਪਰਨਾਇੰਦਾ। ਮਨਮਤ ਨਾ ਕਰੇ ਕੋਈ ਪਿਆਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਸਰਬ ਤੜਪਾਇੰਦਾ। ਜਾਗਰਤ ਜੋਤ ਨਾ ਜਗੇ ਹੋਏ ਉਜਿਆਰ, ਗੋਬਿੰਦ ਮੇਲ ਨਾ ਕੋਈ ਮਿਲਾਇੰਦਾ। ਸੁਰਤ ਸਵਾਣੀ ਸੁਤੀ ਪੈਰ ਪਸਾਰ, ਆਲਸ ਨਿੰਦਰਾ ਨਾ ਕੋਈ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਤੇਰਾ ਕੂੜ ਪਸਾਰਾ, ਤੇਰਾ ਰੰਗ ਰਿਹਾ ਰੰਗਾਈਆ। ਚਾਰੋਂ ਕੁੰਟ ਹਾਹਾਕਾਰਾ, ਸਤਿ ਸੰਤੋਖ ਨਾ ਕੋਈ ਦਸਾਈਆ। ਸਾਚਾ ਦਿਸੇ ਨਾ ਕੋਈ ਦਰਬਾਰਾ, ਠਾਂਡਾ ਦਰ ਨਾ ਕੋਈ ਵਖਾਈਆ। ਪੰਡਤ ਪਾਂਧੇ ਮੁਲਾਂ ਸ਼ੇਖ਼ ਮਸਾਇਕ ਉਚੀ ਕੂਕਨ ਕਰਨ ਪੁਕਾਰਾ, ਰਸਨਾ ਜਿਹਵਾ ਕਾਗ ਵਾਂਗ ਕੁਰਲਾਈਆ। ਮਿਲਿਆ ਮੇਲ ਨਾ ਸਾਂਝੇ ਯਾਰਾ, ਖ਼ੁਦੀ ਖ਼ੁਦ ਨਾ ਕੋਈ ਗਵਾਈਆ। ਨਾਤਾ ਤੁੱਟੇ ਨਾ ਜਗਤ ਸੰਸਾਰਾ, ਸਾਚੀ ਸਿਖ਼ਿਆ ਨਾ ਕੋਈ ਸਮਝਾਈਆ। ਨੌਂ ਖੰਡ ਪ੍ਰਿਥਮੀ ਬਣਿਆ ਜਗਤ ਅਖਾੜਾ, ਸਿਆਸਤ ਵਰਾਸਤ ਦਏ ਦੁਹਾਈਆ। ਕਲਜੁਗ ਅੰਤਮ ਪਰਗਟ ਹੋੇਏ ਪਾਰਬ੍ਰਹਮ ਅਬਿਨਾਸ਼ੀ ਕਰਤਾ ਧੁਰ ਦਰਬਾਰਾ ਸਾਚਾ ਲਾੜਾ, ਨਰ ਹਰਿ ਆਪਣਾ ਰੂਪ ਪਰਗਟਾਈਆ। ਚਾਰੋਂ ਕੁੰਟ ਕਰੇ ਖਵਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਭਗਤਨ ਮੇਲ ਮਿਲਾਈਆ। ਜਗੇ ਜੋਤ ਜੋਤ ਨਿਰੰਕਾਰਾ, ਕਲਜੁਗ ਅੰਤਮ ਅੰਤ ਸੁਹਾਇੰਦਾ। ਮਿਲੇ ਮੇਲ ਭਗਤ ਭਗਵੰਤ ਧੁਰ ਦਰਬਾਰ, ਦਰ ਦਰਵਾਜ਼ਾ ਆਪ ਖੁਲਾਇੰਦਾ। ਲੋਕਮਾਤ ਪਾਵੇ ਸਾਰਾ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਦਰ ਦਰ ਬਣੇ ਆਪ ਭਿਖਾਰਾ, ਦਰ ਦਰਵੇਸ਼ ਵੇਸ ਵਟਾਇੰਦਾ। ਏਕਾ ਅਲਫ਼ੀ ਹਰਿ ਸ਼ੰਗਾਰਾ, ਚੁਰਾਸੀ ਕਲੀਆਂ ਰੰਗ ਰੰਗਾਇੰਦਾ। ਗ਼ਰੀਬ ਨਿਮਾਣਿਆਂ ਪਾਵੇ ਸਾਰਾ, ਹੰਕਾਰੀਆਂ ਗੜ੍ਹ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਆਪਣੇ ਘਰ, ਘਰ ਸਾਚਾ ਆਪ ਸੁਹਾਇੰਦਾ। ਹਰਿਜਨ ਸਾਚਾ ਮੇਲਣਹਾਰਾ, ਪਾਰਬ੍ਰਹਮ ਇਕ ਅਖਵਾਇੰਦਾ। ਕਲਜੁਗ ਅੰਤਮ ਪਾਵੇ ਸਾਰਾ, ਜੁਗ ਵਿਛੜੇ ਵੇਖ ਵਖਾਇੰਦਾ। ਘਰ ਦੀਪਕ ਜੋਤੀ ਕਰ ਉਜਿਆਰਾ, ਅੰਧ ਅੰਧੇਰ ਮਿਟਾਇੰਦਾ। ਸ਼ਬਦ ਸੁਣਾਏ ਸੱਚੀ ਧੁਨਕਾਰਾ, ਅਨਹਦ ਸਾਚਾ ਤਾਲ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਵਿਰੋਲੇ ਛਾਛ, ਲੇਖਾ ਜਾਣੇ ਪ੍ਰਿਥਮੀ ਅਕਾਸ਼, ਗੁਰਮੁਖ ਸਾਚੇ ਮੇਲ ਮਿਲਾਇੰਦਾ। ਗੁਰਮੁਖ ਸੱਜਣ ਮੀਤ, ਸਤਿਗੁਰ ਸਾਚਾ ਮੀਤ ਮੇਲ ਮਿਲਾਈਆ। ਆਦਿ ਜੁਗਾਦੀ ਧੁਰ ਦੀ ਰੀਤ, ਨਾ ਕੋਇ ਮੇਟੇ ਮੇਟ ਮਿਟਾਈਆ। ਏਕਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਦਏ ਇਕ ਵਡਿਆਈਆ। ਧਾਮ ਵਖਾਏ ਇਕ ਅਨਡੀਠ, ਜਗਤ ਨੇਤਰ ਦਿਸ ਨਾ ਆਈਆ। ਗੁਰਸਿਖ ਕਰੇ ਪਤਿਤ ਪੁਨੀਤ, ਪਤਿਤ ਪਾਵਨ ਦਇਆ ਕਮਾਈਆ। ਕਾਇਆ ਕਰੇ ਠੰਡੀ ਸੀਤ, ਬਿਰਹੋਂ ਵਿਛੋੜਾ ਸਰਗੁਣ ਦਏ ਕਟਾਈਆ। ਮਾਨਸ ਜਨਮ ਜਨ ਜਾਏ ਜਗ ਜੀਤ, ਜਿਸ ਮਿਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਲੇਖਾ ਲੇਖੇ ਲਾਈਆ। ਗੁਰਸਿਖ ਵੇਖਣਹਾਰਾ ਗੋਪਾਲਾ, ਗੋਬਿੰਦ ਮਹਿਮਾ ਕਹਿਣ ਨਾ ਜਾਈਆ। ਜੁਗਾ ਜੁਗੰਤਰ ਤੋੜੇ ਜਗਤ ਜੰਜਾਲਾ, ਅਗਨ ਬਸੰਤਰ ਦਏ ਬੁਝਾਈਆ। ਏਥੇ ਉਥੇ ਹੋਏ ਰਖਵਾਲਾ, ਸਿਰ ਸਮਰਥ ਹੱਥ ਟਿਕਾਈਆ। ਨੇੜ ਨਾ ਆਏ ਕਾਲ ਮਹਾਂਕਾਲਾ, ਰਾਏ ਧਰਮ ਨਾ ਦਏ ਸਜਾਈਆ। ਧਾਮ ਵਖਾਏ ਸਚਖੰਡ ਸਾਚੀ ਧਰਮਸਾਲਾ, ਇਕ ਅਕੱਲਾ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਮਾਨਸ ਮਾਨਸ ਲਏ ਮਿਲਾਈਆ। ਮਾਨਸ ਉਪਜਿਆ ਮਾਨਸ ਜਾਤ, ਪੁਰਖ ਅਕਾਲ ਦਇਆ ਕਮਾਇੰਦਾ। ਲੱਖ ਚੁਰਾਸੀ ਨਾ ਕੋਈ ਨਾਤ, ਜੂਨੀ ਜੂਨ ਨਾ ਕੋਈ ਫਿਰਾਇੰਦਾ। ਜੀਵ ਆਤਮ ਨਾ ਹੋਏ ਘਾਤ, ਪਰਮ ਆਤਮ ਮੇਲ ਮਿਲਾਇੰਦਾ। ਨਾ ਕੋਈ ਵਰਨ ਨਾ ਕੋਈ ਜ਼ਾਤ, ਜ਼ਾਤ ਅਜ਼ਾਤੀ ਆਪ ਅਖਵਾਇੰਦਾ। ਇਕ ਅਕੱਲਾ ਏਕੰਕਾਰਾ ਪਿਤਾ ਮਾਤ, ਆਪ ਆਪਣੀ ਗੋਦ ਬਹਾਇੰਦਾ। ਜੁਗ ਜੁਗ ਵੇਸ ਕਰੇ ਬਿਧ ਨਾਤ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਜਨ ਭਗਤ਼ਾਂ ਨਿਭਾਏ ਆਪਣੇ ਸਾਥ, ਏਕਾ ਸੰਗ ਆਪ ਰਖਾਇੰਦਾ। ਜਿਉਂ ਦੁਆਪਰ ਮੇਲਾ ਗੋਪੀ ਨਾਥ, ਕਾਹਨਾ ਕ੍ਰਿਸ਼ਨਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਜਣਾਇੰਦਾ। ਜੁਗ ਜੁਗ ਲੇਖਾ ਜਾਨਣਹਾਰਾ, ਸਚਖੰਡ ਨਿਵਾਸੀ ਆਪ ਅਖਵਾਈਆ। ਗੁਰਮੁਖ ਸਾਜਨ ਸਾਚੇ ਕਰ ਪਸਾਰਾ, ਲੋਕਮਾਤ ਵੇਖ ਵਖਾਈਆ। ਮਾਨਸ ਮਾਨਸ ਦਏ ਸਹਾਰਾ, ਮਾਨੁਖ ਆਪਣਾ ਰੂਪ ਪਰਗਟਾਈਆ। ਪਿਤਾ ਪੂਤ ਕਰੇ ਪਿਆਰਾ, ਗੋਦੀ ਮਾਤ ਆਪ ਸੁਹਾਈਆ। ਆਪੇ ਵਣਜ ਆਪ ਵਣਜਾਰਾ, ਆਪੇ ਖੇਵਟ ਖੇਟਾ ਬੇੜਾ ਰਿਹਾ ਚਲਾਈਆ। ਆਪੇ ਪਾਵਣਹਾਰਾ ਸਾਰਾ, ਮਹਾਂਸਾਰਥੀ ਸ਼ਹਿਨਸ਼ਾਹੀਆ। ਦੁਆਪਰ ਤੇਰਾ ਖੇਲ ਨਿਆਰਾ, ਰਥ ਚਲਾਏ ਬਣ ਰਥਵਾਹੀਆ। ਤੀਰ ਕਮਾਨ ਨਾ ਕੋਈ ਸਹਾਰਾ, ਅਰਜਨ ਬਲ ਨਾ ਕੋਈ ਵਖਾਈਆ। ਪੁਤਰ ਧੀ ਨਾ ਕੋਈ ਸਹਾਰਾ, ਭੈਣ ਭਾਈ ਨਾ ਲਾਡ ਲਡਾਈਆ। ਨਾ ਕੋਈ ਪੁਰਖ ਨਾ ਦਿਸੇ ਨਾਰਾ, ਰੂਪ ਅਨੂਪ ਖੇਲ ਖਿਲਾਈਆ। ਸੀਸ ਪਗ ਨਾ ਕੋਈ ਦਸਤਾਰਾ, ਚੂੰਡੀ ਗੁੰਦ ਨਾ ਕੋਈ ਵਖਾਈਆ। ਵੇਖਣ ਵੇਖੇ ਜਗਤ ਅਠਾਰਾਂ ਅਕਸ਼ੂਣੀਆਂ ਧਿਆਨ ਲਗਾਈਆ। ਅਠਾਈ ਲੱਖ ਦਏ ਹੁਲਾਰਾ, ਏਕਾ ਨੈਣ ਨੈਣ ਖੁਲ੍ਹਾਈਆ। ਪੁਰਖ ਅਬਿਨਾਸ਼ੀ ਪਾਵੇ ਸਾਰਾ, ਆਪਣੀ ਧਾਰਾ ਧਾਰ ਵਿਚ ਟਿਕਾਈਆ। ਦੇਵੇ ਹੁਕਮ ਗੁਪਤ ਜ਼ਾਹਰਾ, ਗੁਪਤ ਗੁਪਤੀ ਆਪ ਅਖਵਾਈਆ। ਤੇਰਾ ਮੇਰਾ ਇਕ ਪਿਆਰਾ, ਲੋਕਮਾਤ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਏਕਾ ਤਤ ਰਿਹਾ ਸਮਝਾਈਆ। ਦੁਆਪਰ ਨਾਤਾ ਤੁੱਟਣਾ, ਰਹੇ ਨਾ ਵਿਚ ਸੰਸਾਰ। ਕਲਜੁਗ ਲੋਕਮਾਤ ਬੁੱਕਣਾ, ਕਾਲਾ ਸੂਸਾ ਕਰ ਸ਼ੰਗਾਰ। ਨੌਂ ਖੰਡ ਪ੍ਰਿਥਮੀ ਬੂਟਾ ਸੁੱਕਣਾ, ਹਰਿਆ ਹੋਏ ਨਾ ਪਤ ਡਾਲ੍ਹ। ਸਰੋਵਰ ਅਠਸਠ ਪਾਣੀ ਮੁੱਕਣਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨਾ ਦਏ ਉਛਾਲ। ਸਤਿ ਧਰਮ ਪੈਂਡਾ ਮੁਕਣਾ, ਨਾ ਕੋਈ ਦਿਸੇ ਰਾਹ ਸੁਖ਼ਾਲ। ਸਾਧਾਂ ਸੰਤਾਂ ਕਾਇਆ ਝੂਠੇ ਗੜ੍ਹ ਵਿਚ ਲੁਕਣਾ, ਮਾਇਆ ਪਰਦਾ ਉਪਰ ਡਾਲ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਨਿਰਗੁਣ ਰੂਪ ਹੋ ਹੋ ਬੁੱਕਣਾ, ਲੋਕਮਾਤ ਲਏ ਅਵਤਾਰ। ਬ੍ਰਹਮਾ ਵਿਸ਼ਨ ਸ਼ਿਵ ਦਰ ਦਵਾਰੇ ਸੀਸ ਝੁਕਨਾ, ਰਵ ਸਸ ਕਰਨ ਨਿਮਸਕਾਰ। ਧਰਤ ਮਾਤ ਦੀ ਸੁਫ਼ਲ ਕਰਾਏ ਕੁੱਖਣਾ, ਦੁਖੀ ਦੁੱਖ ਦਏ ਨਿਵਾਰ। ਜਨ ਭਗਤਾਂ ਭਾਰ ਆਪਣੇ ਸੀਸ ਚੁੱਕਣਾ, ਨਿਹਕਲੰਕ ਲਏ ਅਵਤਾਰ। ਮਨਮੁਖਾਂ ਮੁਖ ਪੈਣਾ ਥੁੱਕਨਾ, ਚਾਰੋਂ ਕੁੰਟ ਹੋਇਣ ਖ਼ਵਾਰ। ਹਰਿ ਕਾ ਭਾਣਾ ਕਦੇ ਨਾ ਰੁਕਣਾ, ਨਾ ਕੋਈ ਰੋਕੇ ਵਿਚ ਸੰਸਾਰ। ਕੰਢੀ ਬੂਟਾ ਤੇਰਾ ਸੁੱਕਣਾ, ਫਲ ਦਿਸੇ ਨਾ ਕਿਸੇ ਡਾਲ। ਸਿਮਲ ਸਮੇਰੂ ਦਿਸੇ ਰੁਖਨਾ, ਊਚੀ ਕੂਕ ਕਰੇ ਪੁਕਾਰ। ਪ੍ਰਭ ਤੇਰੇ ਦਰਸ ਇਕ ਭੁੱਖਣਾ, ਨੇਤਰ ਨੈਣਾਂ ਕਰ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਜਾਣੇ ਆਪ ਕਰਤਾਰ। ਪੂਰਬ ਲੇਖਾ ਝੋਲੀ ਪਾਇਆ, ਹਰਿ ਵੱਡਾ ਵਡ ਵਡਿਆਈਆ। ਕਲਜੁਗ ਅੰਤਮ ਵੇਖ ਵਖਾਇਆ, ਮਾਨਸ ਮਾਨਸ ਰੂਪ ਵਟਾਈਆ। ਨਪੁੰਸਕ ਰੰਗ ਨਾ ਕੋਇ ਰੰਗਾਇਆ, ਰੰਗ ਰੰਗੀਲਾ ਬੇਪਰਵਾਹੀਆ। ਕਾਇਆ ਚੋਲੀ ਰੰਗ ਦਏ ਰੰਗਾਇਆ, ਜਗ਼ਤ ਵਾਸਨਾ ਦਏ ਮਿਟਾਈਆ। ਨਿਰਮਲ ਨਿਰਵੈਰ ਆਪ ਕਰਾਇਆ, ਵਡ ਦਾਤਾ ਸ਼ਹਿਨਸ਼ਾਹੀਆ । ਸਚ ਭੰਡਾਰਾ ਖੋਲ੍ਹ ਵਖਾਇਆ, ਵਰਤਾਵਣਹਾਰ ਇਕ ਅਖਵਾਈਆ। ਬ੍ਰਹਮਾ ਵਿਸ਼ਨ ਸ਼ਿਵ ਝੋਲੀ ਰਿਹਾ ਭਰਾਇਆ, ਲੱਖ ਚੁਰਾਸੀ ਜੂਨ ਧਰਾਈਆ। ਪੰਜ ਤਤ ਘਾੜਨ ਦਏ ਘੜਾਇਆ, ਰਕਤ ਬੂੰਦ ਮੇਲ ਮਿਲਾਈਆ। ਆਤਮ ਬ੍ਰਹਮ ਆਪਣੀ ਅੰਸ ਉਪਾਇਆ, ਨਿਰਗੁਣ ਆਪਣੀ ਵੰਡ ਵੰਡਾਈਆ। ਸਰਬੰਸ ਬੰਸ ਆਪ ਸੁਹਾਇਆ, ਸਹੰਸ ਸਹੰਸਾ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਪੂਰਬ ਲੇਖਾ ਦਏ ਚੁਕਾਈਆ। ਪਹਿਲਾ ਪੂਰਬ ਲੇਖ ਚੁਕਾਵਨਾ, ਕਰਮ ਕੁਕਰਮਾਂ ਕਰ ਵਿਚਾਰ। ਦੂਜਾ ਆਪਣਾ ਨਾਮ ਜਪਾਵਣਾ, ਕਰ ਕਿਰਪਾ ਆਪ ਨਿਰੰਕਾਰ। ਤੀਜਾ ਨੇਤਰ ਨੈਣ ਖੁਲ੍ਹਾਵਣਾ, ਨੈਣ ਵਖਾਏ ਅਗੰਮ ਅਪਾਰ। ਚੌਥਾ ਪਦ ਇਕ ਵਖਾਵਣਾ, ਘਰ ਸਚ ਸੱਚਾ ਘਰ ਬਾਰ। ਪੰਚਮ ਮੇਲਾ ਸਹਿਜ ਸੁਭਾਵਣਾ, ਮੇਲ ਮਿਲਾਏ ਗੁਰ ਕਰਤਾਰ। ਛੇਵੇਂ ਛੱਪਰ ਛੰਨ ਰੰਗ ਰੰਗਾਵਣਾ, ਰੰਗ ਰੰਗੇ ਅਪਰ ਅਪਾਰ। ਸੱਤਵੇਂ ਸਤਿ ਸਤਿਵਾਦੀ ਦਇਆ ਕਮਾਵਣਾ, ਆਪ ਆਪਣੀ ਕਿਰਪਾ ਧਾਰ। ਅਠਵੇਂ ਅੱਠਾ ਤੱਤਾਂ ਖੋਜ ਖੁਜਾਵਣਾ, ਅੰਦਰ ਬਾਹਰ ਪਾਵੇ ਸਾਰ। ਨੌਂਵੇ ਨੌਂ ਦਰ ਵਾਸਨਾ ਬਾਹਰ ਕਢਾਵਣਾ, ਦਸਵੇਂ ਦਸਮ ਦਵਾਰੀ ਕਰ ਪਿਆਰ। ਗੁਰਮੁਖ ਆਤਮ ਸੇਜਾ ਡੇਰਾ ਲਾਵਣਾ, ਘਰ ਮੰਦਰ ਜੋਤ ਕਰ ਉਜਿਆਰ। ਸੋ ਪੁਰਖ ਨਿਰੰਜਣ ਏਕਾ ਨਾਮ ਜਪਾਵਣਾ, ਹੋ ਬ੍ਰਹਮ ਕਰ ਪਿਆਰ। ਹੰ ਝੋਲੀ ਆਪ ਭਰਾਵਣਾ, ਘਰ ਘਰ ਵਿਚ ਕਰ ਤਿਆਰ। ਦਰ ਦਰਵਾਜ਼ਾ ਆਪ ਖੁਲਾਵਣਾ, ਨਾਭੀ ਕਵਲੀ ਪਾਵੇ ਸਾਰ। ਪਤ ਪਰਮੇਸ਼ਵਰ ਰੂਪ ਵਟਾਵਣਾ, ਆਪ ਆਪਣਾ ਕਰ ਵਿਚਾਰ। ਸੁਖਲਾ ਪੱਖ ਆਪ ਸੁਹਾਵਣਾ, ਕਿਸ਼ਨਾ ਮਾਰੇ ਮਾਰ। ਬੂੰਦ ਰਕਤ ਲੇਖੇ ਲਾਵਣਾ, ਨਾਤਾ ਜੁੜੇ ਵਿਚ ਸੰਸਾਰ। ਸਾਚੀ ਵਸਤ ਏਕਾ ਵੰਡ ਵੰਡਾਵਣਾ, ਨਿਖੁਟ ਨਾ ਜਾਏ ਅੰਤਮ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵਣਹਾਰ ਪਿਆਰ । ਸਚ ਪਿਆਰਾ ਨਾਮ ਵਸਤ ਅਨਮੋਲ, ਹਰਿਜਨ ਹਰਿ ਹਰਿ ਝੋਲੀ ਪਾਇੰਦਾ। ਪਹਿਲਾਂ ਆਪਣੇ ਕੰਡੇ ਦੇਵੇ ਤੋਲ, ਦੂਜੀ ਧਾਰ ਵਹਾਇੰਦਾ। ਤੀਜਾ ਨੇਤਰ ਖੋਲ੍ਹ ਵਸੇ ਕੋਲ, ਮਰਦੰਗ ਢੋਲ ਆਪ ਵਜਾਇੰਦਾ। ਚੌਥੇ ਪਦ ਪਏ ਬੋਲ, ਪੰਜ ਤਤ ਨਾ ਕੋਈ ਹੱਡ ਮਾਸ ਨਾੜੀ ਰਤ ਨਾ ਕੋਈ ਰਖਾਇੰਦਾ। ਪੰਚਮ ਪੂਰ ਕਰੇ ਕੀਤਾ ਕੌਲ, ਦੇਵੇ ਵਡਿਆਈ ਉਪਰ ਧੌਲ, ਧਰਨੀ ਬੂਟਾ ਆਪੇ ਲਾਇੰਦਾ। ਫੁਲ ਫੁਲਵਾੜੀ ਜਾਏ ਮੌਲ, ਰੁਤ ਬਸੰਤੀ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਵਰ ਦਾਤਾ ਆਪ ਹੋ ਜਾਇੰਦਾ। ਫੁਲ ਫੁਲਵਾੜੀ ਲਾਏ ਬੂਟਾ, ਕਵਲ ਕਵਲਾ ਆਪ ਉਪਜਾਈਆ। ਲੋਕਮਾਤ ਹੁਲਾਰਾ ਦੇਵੇ ਸਾਚਾ ਝੂਟਾ, ਮਾਤ ਪਿਤ ਖ਼ੁਸ਼ੀ ਮਨਾਈਆ। ਰਸ ਵਖਾਏ ਇਕ ਅਨੂਠਾ, ਰਸਨਾ ਜੇਹਵਾ ਚਖ ਨਾ ਪਾਈਆ। ਜਿਸ ਜਨ ਉਪਰ ਸਤਿਗੁਰ ਪੂਰਾ ਤੁਠਾ, ਦੇਵੇ ਵਸਤ ਸਹਿਜ ਸਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਦੁਆਪਰ ਨਾਤਾ ਤੁਟਾ, ਕਲਜੁਗ ਲਏ ਮਿਲਾਈਆ। ਕਲਜੁਗ ਆਪ ਮਿਲਾਵਣਹਾਰਾ, ਸ਼ਬਦ ਸ਼ਬਦੀ ਖੇਲ ਖਿਲਾਇੰਦਾ। ਪੂਤ ਸਪੂਤਾ ਸੁਤ ਦੁਲਾਰਾ, ਹਰਿ ਨਿਰੰਕਾਰਾ ਝੋਲੀ ਪਾਇੰਦਾ। ਵਸਦਾ ਰਹੇ ਜਗਤ ਦਵਾਰਾ, ਸਾਚਾ ਖੇੜਾ ਆਪ ਸੁਹਾਇੰਦਾ। ਭੁੱਲ ਨਾ ਜਾਏ ਵਿਚ ਸੰਸਾਰਾ, ਅਭੁੱਲ ਗੁਰ ਭੁੱਲ ਕਦੇ ਨਾ ਜਾਇੰਦਾ। ਗੁਰਮੁਖਾਂ ਕਰੇ ਜਗਤ ਪਿਆਰਾ, ਜਾਗਰਤ ਜੋਤ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਏਕਾ ਦਾਤਾ ਏਕਾ ਏਕ ਰੰਗ ਰੰਗਾਇੰਦਾ। ਏਕਾ ਰੰਗ ਰੰਗੇ ਕਰਤਾਰਾ, ਕੁਦਰਤ ਕਾਦਰ ਵੇਖ ਵਖਾਈਆ। ਜਿਸ ਜਨ ਬਖ਼ਸ਼ੇ ਚਰਨ ਪਿਆਰਾ, ਚਾਤ੍ਰਿਕ ਜੀਵ ਨਾ ਕੋਈ ਬਿਲਲਾਈਆ। ਬੂੰਦ ਸਵਾਂਤੀ ਦੇਵੇ ਠੰਡੀ ਠਾਰਾ, ਘਰ ਪਿਆਲਾ ਅੰਮ੍ਰਿਤ ਬੂੰਦ ਜਾਮ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਸਾਚੇ ਤੇਰਾ ਲੇਖਾ ਲੇਖੇ ਪਾਈਆ। ਲੇਖਾ ਲੇਖੇ ਪਾਵਨਾ, ਲਿਖਿਆ ਧੁਰ ਦਰਬਾਰ। ਵੇਲਾ ਵਕਤ ਆਪ ਸੁਹਾਵਣਾ, ਸੋਹੇ ਬੰਕ ਦੁਆਰ। ਫਲ ਫੁਲ ਆਪ ਮਹਿਕਾਵਣਾ, ਫੁਲ ਫੁਲਵਾੜੀ ਖਿੜੇ ਸਚ ਗੁਲਜ਼ਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਬਖ਼ਸ਼ਿਸ਼ ਕਰੇ ਆਪ ਨਿਰੰਕਾਰ।
