Granth 09 Likhat 170: 17 Bhadro 2017 Bikarmi Hajura Singh de Greh Pind Gole Wala Jila Ferozepur

੧੭ ਭਾਦੋਂ ੨੦੧੭ ਬਿਕ੍ਰਮੀ ਹਜੂਰਾ ਸਿੰਘ ਦੇ ਗ੍ਰਹਿ ਪਿੰਡ ਗੋਲੇ ਵਾਲਾ ਜ਼ਿਲਾ ਫਿਰੋਜ਼ ਪੁਰ

ਸਤਿਗੁਰ ਪੂਰਾ ਹਰਿ ਨਿਰੰਕਾਰਾ, ਆਦਿ ਜੁਗਾਦਿ ਸਮਾਇੰਦਾ। ਗੁਰ ਗੁਰ ਰੂਪ ਵਿਚ ਸੰਸਾਰਾ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਭਗਤਨ ਦੇਵੇ ਨਾਮ ਭੰਡਾਰਾ, ਸਾਚੀ ਭਗਤੀ ਝੋਲੀ ਪਾਇੰਦਾ। ਸੰਤਨ ਵਖਾਏ ਇਕ ਦਵਾਰਾ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਗੁਰਮੁਖਾਂ ਬਖ਼ਸ਼ੇ ਚਰਨ ਪਿਆਰਾ, ਚਰਨ ਚਰਨੋਦਕ ਮੁਖ ਚੁਆਇੰਦਾ । ਗੁਰਮੁਖਾਂ ਲੇਖਾ ਲਿਖੇ ਅਪਰ ਅਪਾਰਾ, ਪੂਰਬ ਲਹਿਣਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸਾਚਾ ਰੂਪ ਧਰਾਇੰਦਾ। ਸਤਿਗੁਰ ਸੱਚਾ ਸ਼ਾਹ ਸੁਲਤਾਨ, ਪਾਰਬ੍ਰਹਮ ਵੱਡੀ ਵਡਿਆਈਆ। ਗੁਰ ਗੁਰ ਰੂਪ ਪਰਗਟ ਹੋਏ ਵਿਚ ਜਹਾਨ, ਲੋਕਮਾਤ ਕਰ ਰੁਸ਼ਨਾਈਆ। ਭਗਤਨ ਦੇਵੇ ਬ੍ਰਹਮ ਗਿਆਨ, ਆਤਮ ਬ੍ਰਹਮ ਇਕ ਵਡਿਆਈਆ। ਸੰਤਨ ਵਿਖਾਏ ਇਕ ਨਿਸ਼ਾਨ, ਦਰ ਘਰ ਸਾਚੇ ਆਪ ਸਲਾਹੀਆ। ਗੁਰਮੁਖਾਂ ਰੱਖੇ ਏਕਾ ਮਾਣ, ਆਪ ਆਪਣੇ ਅੰਗ ਲਗਾਈਆ। ਗੁਰਮੁਖ ਵੇਖੇ ਬਾਲ ਨਿਧਾਨ, ਬਾਲੀ ਬੁਧ ਬੁਧ ਸਮਝਾਈਆ। ਗੁਰਮੁਖ ਬਣਾਏ ਚਤਰ ਸੁਜਾਣ, ਤਤਵ ਤਤ ਇਕ ਰਖਾਈਆ। ਗੁਰਮੁਖਾਂ ਪਾਏ ਆਪਣੀ ਆਣ, ਹੁਕਮੀ ਹੁਕਮ ਆਪ ਸੁਣਾਈਆ। ਸੰਤਨ ਰਾਗ ਸੁਣਾਏ ਸਾਚਾ ਕਾਨ, ਅਨਹਦ ਧੁਨ ਆਪ ਵਜਾਈਆ। ਭਗਤਾਂ ਆਤਮ ਜਗੇ ਮਹਾਨ, ਜੋਤ ਨਿਰੰਜਣ ਕਰ ਰੁਸ਼ਨਾਈਆ। ਗੁਰ ਗੁਰ ਰੂਪ ਸ੍ਰੀ ਭਗਵਾਨ, ਪੰਜ ਤਤ ਚੋਲਾ ਆਪ ਹੰਢਾਈਆ। ਸਤਿਗੁਰ ਪੂਰਾ ਦੇਵਣਹਾਰਾ ਦਾਨੀ ਦਾਨ, ਪੁਰਖ ਅਕਾਲ ਇਕ ਅਖਵਾਈਆ। ਪੁਰਖ ਅਕਾਲ ਦੀਨ ਦਿਆਲ, ਦਇਆਨਿਧ ਭੇਵ ਨਾ ਰਾਈਆ। ਜੁਗਾ ਜੁਗੰਤਰ ਚਲੇ ਅਵੱਲੜੀ ਚਾਲ, ਗੁਰ ਮੂਰਤ ਰੂਪ ਪਰਗਟਾਈਆ। ਸੰਤਾਂ ਦੱਸੇ ਰਾਹ ਸੁਖ਼ਾਲ, ਸਾਚੇ ਮੰਦਰ ਆਪ ਸੁਹਾਈਆ। ਸੰਤਨ ਤੋੜ ਜਗਤ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਗੁਰਮੁਖਾਂ ਬਖ਼ਸ਼ੇ ਪੀਣ ਖਾਣ, ਅੰਮ੍ਰਿਤ ਆਤਮ ਸਚ ਪਿਆਲਾ ਜਾਮ ਪਿਆਈਆ। ਗੁਰਸਿੱਖਾਂ ਦੇਵੇ ਇਕ ਗਿਆਨ, ਏਕਾ ਅੱਖਰ ਕਰੇ ਪੜ੍ਹਾਈਆ। ਖੇਲੇ ਖੇਲ ਦੋ ਜਹਾਨ, ਗੁਰਮੁਖ ਸਾਚੇ ਲਏ ਮਿਲਾਈਆ। ਸੰਤਨ ਮੇਲਾ ਸਾਚੇ ਕਾਹਨ, ਸੁਰਤ ਸ਼ਬਦ ਕਰੇ ਕੁੜਮਾਈਆ। ਭਗਤਨ ਵਖਾਏ ਇਕ ਦੁਕਾਨ, ਦਰ ਦਰਵਾਜ਼ਾ ਆਪੇ ਲਾਹੀਆ। ਗੁਰ ਗੁਰ ਰੂਪ ਨੌਜਵਾਨ, ਨਾ ਮਰੇ ਨਾ ਜਾਈਆ। ਸਤਿਗੁਰ ਪੂਰਾ ਸਦ ਮਿਹਰਵਾਨ, ਇਕ ਇਕੱਲਾ ਆਦਿ ਜੁਗਾਦਿ ਆਪਣਾ ਖੇਲ ਰਿਹਾ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਬੰਕ ਆਪ ਸੁਹਾਈਆ। ਸਤਿਗੁਰ ਪੂਰਾ ਸੋਭਾਵੰਤ, ਬੰਕ ਦਵਾਰੀ ਆਪ ਅਖਵਾਇੰਦਾ। ਆਪੇ ਨਾਰੀ ਆਪੇ ਕੰਤ, ਆਪੇ ਆਪਣੀ ਸੇਜ ਹੰਢਾਇੰਦਾ। ਆਪੇ ਰੂਪ ਪਰਗਟਾਏ ਸ੍ਰੀ ਭਗਵੰਤ, ਗੁਰ ਗੁਰ ਮਾਤ ਵੇਖ ਵਖਾਇੰਦਾ। ਗੁਰ ਗੁਰ ਮਹਿਮਾ ਅਗਣਤ, ਵੇਦ ਕਤੇਬ ਭੇਵ ਨਾ ਪਾਇੰਦਾ। ਭਗਤਨ ਵਡਿਆਈ ਜੀਵ ਜੰਤ, ਆਪ ਆਪਣਾ ਘਰ ਸੁਹਾਇੰਦਾ। ਲੇਖਾ ਜਾਣੇ ਆਦਿ ਅੰਤ, ਜੁਗ ਕਰਤਾ ਵੇਖ ਵਖਾਇੰਦਾ। ਸੰਤਨ ਦੇਵੇ ਮਣੀਆ ਮੰਤ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਆਪ ਬਣਾਏ ਸਾਚੀ ਬਣਤ, ਦੂਸਰ ਘਾੜਨ ਨਾ ਕੋਇ ਘੜਾਇੰਦਾ। ਗੁਰਮੁਖਾਂ ਤੋੜੇ ਗੜ੍ਹ ਹਉਮੇ ਹੰਗਤ, ਮਾਇਆ ਮਮਤਾ ਮੋਹ ਚੁਕਾਇੰਦਾ। ਨਾਤਾ ਤੋੜੇ ਭੁੱਖ ਨੰਗਤ, ਸਿਰ ਆਪਣਾ ਹੱਥ ਟਿਕਾਇੰਦਾ। ਗੁਰਮੁਖਾਂ ਕਾਇਆ ਚੋਲੀ ਚਾੜ੍ਹੇ ਰੰਗਤ, ਨਾਮ ਮਜੀਠੀ ਰੰਗ ਰੰਗਾਇੰਦਾ। ਦੂਜੇ ਦਰ ਨਾ ਜਾਏ ਮੰਗਤ, ਸ਼ਬਦ ਭੰਡਾਰੀ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਲਾਇੰਦਾ। ਸਤਿਗੁਰ ਪੂਰਾ ਸ਼ਾਹ ਪਾਤਸ਼ਾਹ, ਪਾਰਬ੍ਰਹਮ ਵੱਡੀ ਵਡਿਆਈਆ। ਸਚ ਸਿੰਘਾਸਣ ਰਿਹਾ ਸੁਹਾ, ਸਚਖੰਡ ਵੱਜੇ ਵਧਾਈਆ। ਧੁਰ ਫ਼ਰਮਾਣਾ ਰਿਹਾ ਸੁਣਾ, ਹੁਕਮੀ ਹੁਕਮ ਆਪੇ ਵਰਤਾਈਆ। ਸ਼ਬਦ ਗੁਰ ਜੋਤ ਜਗਾ, ਲੋਕਮਾਤ ਲਏ ਅੰਗੜਾਈਆ। ਵਰਨ ਗੋਤ ਨਾ ਕੋਇ ਵਖਾ, ਬਰਨੀ ਬਰਨ ਨਾ ਵਡ ਵਡਿਆਈਆ। ਕਿਲਾ ਕੋਟ ਆਪ ਸੁਹਾ, ਪੰਜ ਤਤ ਡੇਰਾ ਰਿਹਾ ਲਗਾਈਆ। ਭਗਤਨ ਮੀਤਾ ਭਗਤ ਲਏ ਜਗਾ, ਸ਼ਬਦ ਨਾਦ ਧੁਨ ਸੁਣਾਈਆ। ਸਾਚੀ ਰੀਤਾ ਦਏ ਵਖਾ, ਮੰਦਰ ਮਸੀਤ ਨਾ ਕੋਇ ਬਣਾਈਆ। ਧਾਮ ਅਨਡੀਠਾ ਸੋਭਾ ਰਿਹਾ ਪਾ, ਦੀਵਾ ਬਾਤੀ ਨਾ ਕੋਇ ਜਗਾਈਆ। ਸੰਤਨ ਮੇਲਾ ਮੇਲ ਮਿਲਾ, ਮਿਲ ਮਿਲ ਆਪਣੇ ਰੰਗ ਰੰਗਾਈਆ। ਗੁਰ ਚੇਲਾ ਏਕਾ ਰੂਪ ਵਖਾ, ਦੂਈ ਦਵੈਤੀ ਮੇਟ ਮਿਟਾਈਆ। ਸੱਜਣ ਸੁਹੇਲਾ ਪਕੜੇ ਬਾਂਹ, ਜੁਗ ਜੁਗ ਆਪਣੀ ਸੇਵਾ ਆਪ ਕਰਾਈਆ। ਗੁਰਮੁਖਾਂ ਬਣੇ ਪਿਤਾ ਮਾਂ, ਪੂਤ ਸਪੂਤਾ ਗੋਦ ਸੁਹਾਈਆ। ਇਕ ਜਪਾਏ ਆਪਣਾ ਨਾਂ, ਨਾਮ ਨਿਧਾਨਾ ਝੋਲੀ ਪਾਈਆ। ਫੜ ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਆਪ ਉਡਾਈਆ। ਗੁਰਸਿਖ ਨਿਮਾਣਿਆਂ ਦੇਵੇ ਸਾਚਾ ਥਾਂ, ਦਰਗਹਿ ਸਾਚੀ ਇਕ ਸੁਹਾਈਆ। ਅੰਮ੍ਰਿਤ ਆਤਮ ਜਾਮ ਦਏ ਪਿਆ, ਮਦਿ ਪਿਆਲਾ ਹੱਥ ਉਠਾਈਆ। ਏਕਾ ਮਾਰਗ ਦੇਵੇ ਲਾ, ਪੂਰਬ ਲਹਿਣਾ ਮੂਲ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਧਰਾਈਆ। ਸਤਿਗੁਰ ਸੱਚਾ ਅਲੱਖ ਅਭੇਵ, ਅਗੰਮ ਅਗੋਚਰ ਭੇਵ ਨਾ ਆਇੰਦਾ। ਸਚਖੰਡ ਨਿਵਾਸੀ ਕਰੇ ਸਾਚੀ ਸੇਵ, ਸਾਚਾ ਹੁਕਮ ਆਪ ਮਨਾਇੰਦਾ। ਦਾਤਾ ਦਾਨੀ ਵਡ ਦੇਵੀ ਦੇਵ, ਦੇਵ ਆਤਮਾ ਸਰਬ ਸਮਾਇੰਦਾ।  ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਸਦਾ ਨੇਹਕੇਵ, ਨੇਹਚਲ ਧਾਮ ਸੋਭਾ ਪਾਇੰਦਾ। ਗੁਰ ਗੁਰ ਰੂਪ ਸੂਰਾ ਸਰਬੰਗ, ਨਿਰਗੁਣ ਨਿਰਵੈਰ ਆਪ ਅਖਵਾਈਆ। ਸ਼ਬਦ ਨਾਦ ਵਜਾਏ ਮਰਦੰਗ, ਦੋ ਜਹਾਨਾ ਰਿਹਾ ਸੁਣਾਈਆ। ਆਪਣਾ ਦਵਾਰਾ ਆਪੇ ਲੰਘ, ਆਪੇ ਵੇਖੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਅਸਵ ਕਸੇ ਤੰਗ, ਸ਼ਾਹ ਅਸਵਾਰ ਆਪ ਹੋ ਜਾਈਆ। ਭਗਤਨ ਮੀਤਾ ਹਰਿ ਭਗਵਾਨਾ, ਭੇਵ ਅਭੇਦਾ ਆਪ ਖੁਲਾਇੰਦਾ। ਸਾਚੀ ਰੀਤਾ ਵਿਚ ਜਹਾਨਾ, ਨਾਮ ਗੀਤਾ ਇਕ ਪੜ੍ਹਾਇੰਦਾ। ਇਕ ਅਤੀਤਾ ਨਿਗਹਬਾਨਾ, ਦਿਸ ਕਿਸੇ ਨਾ ਆਇੰਦਾ। ਠਾਂਡਾ ਸੀਤਾ ਏਕਾ ਬਖ਼ਸ਼ੇ ਚਰਨ ਧਿਆਨਾ, ਚਰਨ ਕਵਲ ਆਪ ਸਮਝਾਇੰਦਾ। ਸੰਤਨ ਮੇਲਾ ਹਰਿ ਭਗਵਾਨਾ, ਭਾਵੀ ਭੈ ਨਾ ਕੋਇ ਵਖਾਇੰਦਾ। ਅੰਤਰ ਆਤਮ ਇਕ ਨਿਸ਼ਾਨਾ, ਧੁਰ ਦਾ ਬਾਣ ਲਗਾਇੰਦਾ। ਨਾ ਕੋਈ ਤੀਰ ਨਾ ਕਮਾਨਾ, ਮੁਖੀ ਤਿਖੀ ਨਾ ਕੋਇ ਰਖਾਇੰਦਾ।  ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,  ਸ਼ਬਦ ਅਨਾਦੀ ਮਾਰੇ ਇਕ ਨਿਸ਼ਾਨਾ, ਬ੍ਰਹਮ ਬ੍ਰਹਿਮਾਦਿ ਖੋਜ ਖੁਜਾਇੰਦਾ। ਗੁਰਮੁਖਾਂ ਰੰਗ ਰੰਗਾਇੰਦਾ, ਰੰਗ ਅਮੋਲ ਅਮੁਲ। ਕਾਇਆ ਚੋਲੀ ਵੇਖ ਵਖਾਇੰਦਾ, ਤੋਲਣਹਾਰਾ ਸਾਚਾ ਤੋਲ। ਏਕਾ ਅੱਖਰ ਨਾਮ ਪੜ੍ਹਾਇੰਦਾ, ਨਿਜ ਅੱਖਰ ਵੱਖਰ ਆਪੇ ਬੋਲ। ਏਕਾ ਰੂਪ ਅਨੂਪ ਦਰਸਾਇੰਦਾ, ਕਾਇਆ ਮਾਟੀ ਪੰਜ ਤਤ ਫੋਲ। ਗੁਰਮੁਖ ਸਾਚੇ ਆਪ ਜਗਾਇੰਦਾ, ਦਿਵਸ ਰੈਣ ਵਸੇ ਕੋਲ। ਘਰ ਨਾਦ ਧੁਨ ਸੁਣਾਇੰਦਾ, ਅਨਹਦ ਵਜਾਏ ਢੋਲ। ਬਜਰ ਕਪਾਟੀ ਖੋਲ੍ਹ ਵਖਾਇੰਦਾ, ਸੁਰਤੀ ਸ਼ਬਦੀ ਰਿਹਾ ਮੌਲ। ਕੀਤਾ ਕੌਲ ਪੂਰ ਕਰਾਇੰਦਾ, ਭੁੱਲ ਨਾ ਜਾਏ ਉਪਰ ਧੌਲ। ਧਰਤ ਧਵਲ ਆਪ ਸੁਹਾਇੰਦਾ, ਆਦਿ ਜੁਗਾਦੀ ਰਹੇ ਅਡੋਲ। ਸਚ ਸਿੰਘਾਸਣ ਸੋਭਾ ਪਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਆਪਣੀ ਸੇਵਾ ਕਰ, ਆਪੇ ਆਪ ਆਪਣਾ ਘੋਲੀ ਰਿਹਾ ਘੋਲ। ਸਤਿਗੁਰ ਪੂਰਾ ਗਹਿਰ ਗੰਭੀਰਾ, ਸਤਿ ਪੁਰਖ ਨਿਰੰਜਣ ਆਪ ਅਖਵਾਇੰਦਾ। ਸਚਖੰਡ ਦਵਾਰਾ ਉਚ ਮੁਨਾਰਾ ਸਚ ਸਿੰਘਾਸਣ ਬੈਠਾ ਪੀਰਨ ਪੀਰਾ, ਸ਼ਾਹ ਹਕੀਰਾ ਨਾਉਂ ਧਰਾਇੰਦਾ। ਸੀਸ ਤਾਜ ਸਾਚਾ ਚੀਰਾ, ਪੰਚਮ ਰਾਜ ਜੋਗ ਕਮਾਇੰਦਾ। ਲੇਖਾ ਜਾਣੇ ਅੰਤ ਅਖ਼ੀਰਾ, ਆਦਿ ਆਪਣੀ ਕਲ ਵਰਤਾਇੰਦਾ। ਆਪਣਾ ਚੁੱਕੇ ਆਪੇ ਬੀੜਾ, ਦੂਸਰ ਸੰਗ ਨਾ ਕੋਇ ਰਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਰੂਪ ਲੋਕਮਾਤ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਇਕ ਇਕੱਲਾ ਵੇਖੇ ਮਾਰ ਝਾਤ, ਘਰ ਮੰਦਰ ਸੋਭਾ ਪਾਇੰਦਾ । ਬੰਦ ਕਿਵਾੜੀ ਖੋਲ੍ਹੇ ਤਾਕ, ਦੀਵਾ ਬਾਤੀ ਆਪ ਜਗਾਇੰਦਾ। ਬੋਧ ਅਗਾਧੀ ਭਵਿਖਤ ਵਾਕ, ਸ਼ਬਦ ਅਨਾਦੀ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਪਤ ਆਪੇ ਰਾਖ, ਢਾਕਣ ਕੋ ਪਤ ਆਪ ਹੋ ਜਾਇੰਦਾ। ਭਗਤ ਮੇਲਾ ਸਾਚੇ ਘਰ, ਘਰ ਸੁਹੰਜਣਾ ਇੱਕ ਸੁਹਾਇੰਦਾ। ਪਾਰਬ੍ਰਹਮ ਪ੍ਰਭ ਮਿਲੇ ਵਰ, ਨਾਰੀ ਕੰਤ ਅੰਤ ਪ੍ਰਨਾਇੰਦਾ। ਇਕ ਖੁਲ੍ਹਾਏ ਸਾਚਾ ਦਰ, ਦਰਗਾਹ ਸਾਚੀ ਧਾਮ ਸੁਹਾਇੰਦਾ। ਲੇਖਾ ਚੁੱਕੇ ਨਾਰੀ ਨਰ, ਨਰ ਨਰਾਇਣ ਮੇਲ ਮਿਲਾਇੰਦਾ। ਆਪ ਬੰਧਾਏ ਆਪਣੇ ਲੜ, ਏਕਾ ਬੰਧਨ ਹੱਥ ਰਖਾਇੰਦਾ। ਸੰਤ ਸਾਜਨ ਮੀਤੜਾ, ਪਾਰਬ੍ਰਹਮ ਗੁਰ ਕਰਤਾਰ। ਏਕਾ ਸ਼ਬਦ ਜਣਾਏ ਮੀਠੜਾ, ਰਸ ਰਸਕ ਝਿਰਨਾ ਝਿਰੇ ਅਪਾਰ। ਸ਼ਬਦ ਸੁਣਾਏ ਸੁਹਾਗੀ ਗੀਤੜਾ, ਪੰਚਮ ਗਾਈਣ ਵਾਰੋ ਵਾਰ। ਕਰੇ ਕਰਾਏ ਠੰਡਾ ਸੀਤੜਾ, ਅਗਨੀ ਤਤ ਦਏ ਨਿਵਾਰ। ਮੀਠਾ ਕਰੇ ਕੌੜਾ ਰੀਠੜਾ, ਅੰਮ੍ਰਿਤ ਰਸ ਭਰੇ ਭੰਡਾਰ। ਗੁਰਮੁਖ ਸਾਚਾ ਸੋਭਾਵੰਤ, ਹਰਿ ਸੱਜਣ ਆਪ ਮਿਲਾਇੰਦਾ। ਆਦਿ ਜੁਗਾਦੀ ਮਹਿਮਾ ਅਗਣਤ, ਵੇਦ ਕਤੇਬ ਸਰਬ ਜਸ ਗਾਇੰਦਾ। ਏਕਾ ਮਣੀਆ ਏਕਾ ਮੰਤ, ਏਕਾ ਮੰਤਰ ਸ਼ਬਦ ਦ੍ਰਿੜਾਇੰਦਾ। ਏਕਾ ਆਦਿ ਏਕਾ ਅੰਤ, ਮਧ ਏਕਾ ਖੇਲ ਖਿਲਾਇੰਦਾ। ਏਕਾ ਬਣਾਵਣਹਾਰਾ ਬਣਤ, ਘੜਨ ਭੰਨਣਹਾਰ ਇਕ ਅਖਵਾਇੰਦਾ।  ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਲਗਾਏ ਆਪਣੇ ਅੰਗ, ਅੰਗੀਕਾਰ ਆਪ ਹੋ ਜਾਇੰਦਾ। ਸਿਖ ਗੁਰਸਿਖ ਸਿਖ ਸਾਖਿਆਤ, ਗੁਰ ਗੁਰ ਦਰਸਨ ਪਾਇੰਦਾ। ਗੁਰ ਗੁਰ ਮੇਲਾ ਪਾਰਜਾਤ, ਜਾਤ ਅਜਾਤੀ ਮੇਟ ਮਿਟਾਇੰਦਾ। ਨਾਤਾ ਤੁਟੇ ਅੰਧੇਰੀ ਰਾਤ, ਸਾਚਾ ਚੰਦ ਆਪ ਵਖਾਇੰਦਾ। ਸ਼ਬਦ ਅਗੰਮੀ ਜਣਾਏ ਗਾਥ, ਲਿਖਣ ਪੜ੍ਹਣ ਵਿਚ ਨਾ ਆਇੰਦਾ। ਦੁਰਮਤ ਮੈਲ ਦੇਵੇ ਕਾਟ, ਪਤਿਤ ਪਾਪੀ ਆਪ ਤਰਾਇੰਦਾ। ਜੁਗਾਂ ਜੁਗੰਤਰ ਖੋਲ੍ਹੇ ਹਾਟ, ਹਟ ਹਟਵਾਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਹਿਬ ਦੇਵੇ ਵਰ, ਗੁਰ ਗੁਰ ਜੋਤ ਮਾਤ ਧਰ, ਭਗਤ ਭਗਵੰਤ ਲਏ ਫੜ, ਸੰਤ ਲਗਾਏ ਆਪਣੇ ਲੜ, ਗੁਰਮੁਖਾਂ ਅੰਦਰ ਆਪੇ ਚੜ੍ਹ, ਗੁਰਸਿਖ ਸਰਨ ਸਰਨਾਈ ਜਾਏ ਪੜ, ਜਿਸ ਜਨ ਆਪਣੀ ਦਇਆ ਕਮਾਇੰਦਾ। ਗੁਰਸਿਖ ਸੋਇਆ ਜਾਗਿਆ, ਹਰਿ ਸਾਚਾ ਆਪ ਜਗਾਇੰਦਾ। ਗੁਰਮੁਖ ਉਪਜੇ ਮਨ ਵੈਰਾਗਿਆ, ਨਰ ਹਰਿ ਆਪ ਉਪਜਾਇੰਦਾ। ਸੰਤਨ ਮਿਲੇ ਕੰਤ ਸੁਹਾਗਿਆ, ਸਚ ਸੁਹੰਜਣੀ ਸੇਜ ਹੰਢਾਇੰਦਾ। ਭਗਤਨ ਬਹਿ ਬਹਿ ਮਾਰੇ ਵਾਜਿਆ, ਦਿਵਸ ਰੈਣ ਏਕਾ ਰੰਗ ਰੰਗਾਇੰਦਾ। ਗੁਰ ਗੁਰ ਫਿਰੇ ਭਾਜਿਆ, ਚਾਰ ਕੁੰਟ ਦਹਿ ਦਿਸ਼ਾ ਲੋਆਂ ਪੁਰੀਆਂ ਵੇਖ ਵਖਾਇੰਦਾ। ਸਤਿਗੁਰ ਪੂਰੇ ਰਚਿਆ ਕਾਜਿਆ, ਅਨਭਵ ਪਰਕਾਸ਼ ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਆਦਿ ਜੁਗਾਦੀ ਗ਼ਰੀਬ ਨਿਵਾਜਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਿਲਾਇੰਦਾ। ਸਤਿਗੁਰ ਪੂਰਾ ਸੂਰਬੀਰ, ਸ਼ਹਿਨਸ਼ਾਹ ਵਡਾ ਪਾਤਸ਼ਾਹੀਆ। ਗੁਰ ਗੁਰ ਫੜਾਏ ਏਕਾ ਤੀਰ, ਦੋ ਜਹਾਨਾ ਰਿਹਾ ਚਲਾਈਆ। ਭਗਤਨ ਪੈਂਡਾ ਦੇਵੇ ਚੀਰ, ਪਾਂਧੀ ਆਪਣਾ ਪੰਧ ਮੁਕਾਈਆ। ਸੰਤਨ ਅੰਮ੍ਰਿਤ ਬਖ਼ਸ਼ੇ ਠਾਂਡਾ ਸੀਰ, ਨਿਝਰ ਝਿਰਨਾ ਆਪ ਝਿਰਾਈਆ। ਗੁਰਮੁਖਾਂ ਕੱਢੇ ਹਉਮੇ ਪੀੜ, ਬਿਰਹੋਂ ਰੋਗ ਰਹਿਣ ਨਾ ਪਾਈਆ। ਗੁਰਸਿਖਾਂ ਲੱਖ ਚੁਰਾਸੀ ਕੱਟੇ ਜੰਜੀਰ, ਰਾਏ ਧਰਮ ਨਾ ਦਏ ਸਜਾਈਆ। ਜੁਗਾ ਜੁਗੰਤਰ ਘਤਦਾ ਰਿਹਾ ਵਹੀਰ, ਆਉਂਦਾ ਜਾਂਦਾ ਦਿਸ ਨਾ ਆਈਆ। ਲੇਖਾ ਜਾਣੇ ਸ਼ਾਹ ਫਕੀਰ, ਦਸਤਗੀਰ ਵੇਖੇ ਥਾਉਂ ਥਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਸਾਚੀ ਕਾਰ, ਕਰੇ ਕਰਾਏ ਕਰਨੇਹਾਰ, ਕਰਤਾ ਕਾਦਰ ਬੇਐਬ ਪਰਵਰਦਿਗਾਰ, ਨੂਰੀ ਜਲਵਾ ਨੂਰ ਇਲਾਹੀਆ। ਸਤਿਗੁਰ ਸੱਚਾ ਸਰਬ ਗੁਣ ਦਾਤਾ, ਗੁਣਵੰਤਾ ਗੁਣ ਨਿਧਾਨਿਆ। ਗੁਰ ਗੁਰ ਬਣੇ ਪਿਤਾ ਮਾਤਾ, ਪੂਤ ਸਪੂਤਾ ਵੇਖੇ ਸ੍ਰੀ ਭਗਵਾਨਿਆ। ਭਗਤਾਂ ਦੇਵੇ ਸਾਚੀ ਦਾਤਾ, ਵਸਤ ਅਮੋਲਕ ਇਕ ਵਖਾਨਿਆ। ਸੰਤਨ ਬੰਨੇ ਏਕਾ ਨਾਤਾ, ਨਾ ਕੋਈ ਤੋੜਨ ਤੋੜ ਤੁੜਾਨਿਆ। ਗੁਰਮੁਖਾਂ ਸੁਣਾਏ ਆਪਣੀ ਗਾਥਾ, ਬੋਧ ਅਗਾਧ ਸ਼ਬਦ ਨਾਦ ਤਰਾਨਿਆ। ਗੁਰਸਿਖਾਂ ਲਹਿਣਾ ਦੇਣਾ ਚੁਕਾਏ ਤੀਰਥ ਅਠ ਸਾਠਾ, ਚਰਨ ਕਵਲ ਧੂੜ ਬਖ਼ਸ਼ੇ ਸਚ ਅਸ਼ਨਾਨਿਆ। ਪੰਧ ਮੁਕਾਏ ਚੌਦਾਂ ਹਾਟਾ, ਚੌਦਾਂ ਲੋਕਾਂ ਵੇਖਣਹਾਰਾ ਉਚ ਨਿਸ਼ਾਨਿਆ, ਆਪੇ ਸੋਇਆ ਸਾਚੀ ਖਾਟਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਬੀਨਾ ਦਾਨਿਆ। ਬੀਨਾ ਦਾਨਾ ਸਤਿਗੁਰ ਸਾਹਿਬ ਸੁਲਤਾਨ, ਇਕ ਇਕੱਲਾ ਖੇਲ ਖਿਲਾਇੰਦਾ। ਲੋਕਾਂ ਤੀਨਾਂ ਦੇਵੇ ਦਾਨ, ਵਡ ਪਰਧਾਨ ਭੇਵ ਨਾ ਆਇੰਦਾ। ਭਗਵਨ ਮੇਲਾ ਗੋਪੀ ਕਾਹਨ, ਸੰਤਨ ਸੁਰਤੀ ਸੀਤਾ ਰਾਮ ਪਰਨਾਇੰਦਾ। ਗੁਰਮੁਖਾਂ ਵਸਾਏ ਨਗਰ ਗਰਾਮ, ਗੁਰਸਿਖਾਂ ਖੇੜਾ ਆਪ ਸੁਹਾਇੰਦਾ। ਜੁਗਾ ਜੁਗੰਤਰ ਕਰੇ ਖੇਲ ਸ੍ਰੀ ਭਗਵਾਨ, ਸਤਿ ਸਤਿਵਾਦੀ ਆਪਣੀ ਧਾਰ ਚਲਾਇੰਦਾ। ਬ੍ਰਹਮ ਬ੍ਰਹਿਮਾਦੀ ਹੋ ਤਿਆਰ, ਆਦਿ ਜੁਗਾਦੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਏਕਾ ਰੰਗ ਰੰਗਾਇੰਦਾ। ਏਕਾ ਧਾਰ ਸਤਿਗੁਰ, ਦੂਜੀ ਗੁਰ ਗੁਰ ਵਿਚ ਸਮਾਈਆ। ਤੀਜੇ ਭਗਤ ਚੜ੍ਹਾਏ ਆਪਣੇ ਘੋੜ, ਚੌਥੇ ਸੰਤ ਵੱਜੇ ਵਧਾਈਆ। ਪੰਚਮ ਗੁਰਮੁਖਾਂ ਆਪੇ ਜਾਏ ਬੌਹੜ, ਛੇਵੇਂ ਗੁਰਸਿਖ ਆਪੇ ਲਏ ਤਰਾਈਆ। ਸਤਵੇਂ ਸਤਿ ਸਤਿਵਾਦੀ ਜੁਗਾਂ ਜੁਗਾਂ ਦੀ ਲੱਗੀ ਬੁਝਾਏ ਔੜ, ਅੰਮ੍ਰਿਤ ਮੇਘ ਆਪ ਬਰਸਾਈਆ। ਲੱਖ ਚੁਰਾਸੀ ਰੀਠਾ ਕਰਾਏ ਮਿਠਾ ਕੌੜ, ਪਤ ਡਾਲ੍ਹੀ ਫੋਲ ਫੁਲਾਈਆ। ਦੋ ਜਹਾਨਾਂ ਲਾਏ ਏਕਾ ਪੌੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਗੁਰੂ ਗੁਰਦੇਵ, ਭਗਤ ਭਗਵਾਨ ਸੰਤ ਕੰਤ ਲਾਏ ਏਕਾ ਸੇਵ, ਗੁਰਮੁਖ ਗੁਰਸਿਖ ਕਰੇ ਜਣਾਈਆ। ਸਤਿਗੁਰ ਪੂਰਾ ਉਠਿਆ, ਕਲਜੁਗ ਤੇਰੀ ਅੰਤਮ ਵਾਰ। ਤੇਰਾ ਵਕਾਰਾ ਫੜ ਫੜ ਕੁਠਿਆ, ਤ੍ਰੈਗੁਣ ਮਾਰਨਹਾਰਾ ਮਾਰ। ਜੂਠਾ ਝੂਠਾ ਧਨ ਜਾਏ ਲੁੱਟਿਆ, ਨਾ ਕੋਈ ਰਹੇ ਹੱਟ ਬਾਜ਼ਾਰ। ਸ਼ਾਹ ਸੁਲਤਾਨ ਹੱਥ ਫੜਾਏ ਖ਼ਾਲੀ ਠੂਠਿਆ, ਘਰ ਘਰ ਮੰਗਣ ਭਿੱਖ ਭਿਖਾਰ। ਸਤਿਗੁਰ ਸੂਰਾ ਏਕਾ ਰੁਠਿਆ, ਕੋਈ ਨਾ ਪਾਵੇ ਕਿਸੇ ਸਾਰ। ਜਗਤ ਜੀਵ ਦਿਨ ਦਿਹਾੜੇ ਜਾਏ ਲੁੱਟਿਆ, ਕਲਜੁਗ ਮਾਰੇ ਅੰਤਮ ਮਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸਾਹਿਬ ਹੋਏ ਤਿਆਰ। ਸਤਿਗੁਰ ਸਾਚਾ ਗੁਣ ਨਿਧਾਨਾ, ਆਪਣੀ ਕਰਵਟ ਆਪ ਬਦਲਾਇੰਦਾ। ਜੁਗਾਂ ਜੁਗੰਤਰ ਖੇਲੇ ਖੇਲ ਮਹਾਨਾ, ਸਤਿਜੁਗ ਤ੍ਰੇਤਾ ਦਵਾਪਰ ਪੰਧ ਚੁਕਾਇੰਦਾ। ਕਲਜੁਗ ਅੰਤਮ ਵੇਖੇ ਕੂੜ ਪਰਧਾਨਾ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਸਚ ਸੁੱਚ ਨਾ ਕੋਇ ਨਿਸ਼ਾਨਾ, ਗੁਰ ਪੀਰ ਨਾ ਕੋਇ ਮਨਾਇੰਦਾ। ਸਤਿਗੁਰ ਭੁੱਲਿਆ ਜੀਵ ਨਾਦਾਨਾ, ਬ੍ਰਹਮ ਪਾਰਬ੍ਰਹਮ ਨਾ ਕੋਇ ਸਮਝਾਇੰਦਾ। ਮਾਇਆ ਮਮਤਾ ਬੱਧਾ ਗਾਨਾ, ਆਸਾ ਤ੍ਰਿਸ਼ਨਾ ਸਗਨ ਮਨਾਇੰਦਾ। ਹਉਮੇ ਹੰਗਤਾ ਬਣਿਆ ਜਗਤ ਮਕਾਨਾ, ਕੰਚਨ ਗੜ੍ਹ ਨਾ ਕੋਇ ਵਡਿਆਇੰਦਾ। ਏਕਾ ਮਿਲੇ ਨਾ ਨਾਮ ਸ੍ਰੀ ਭਗਵਾਨਾ, ਰਸਨਾ ਜਿਹਵਾ ਸਰਬ ਹਲਾਇੰਦਾ। ਪੜ੍ਹ ਪੜ੍ਹ ਥੱਕੇ ਵੇਦ ਪੁਰਾਨਾ, ਸ਼ਾਸਤਰ ਸਿਮਰਤ ਭੇਵ ਨਾ ਆਇੰਦਾ। ਗੀਤਾ ਅਠਾਰਾਂ ਧਿਆਏ ਕਰ ਗਿਆਨਾ, ਅੱਠ ਦਸ ਪੰਧ ਨਾ ਕੋਇ ਮੁਕਾਇੰਦਾ। ਅੰਜੀਲ ਕੁਰਾਨ ਸੁਣਾਇਣ ਤਰਾਨਾ, ਬੀਸ ਤੀਸ ਬਤੀਸ ਸਰਬ ਅਲਾਇੰਦਾ। ਨੂਰ ਇਲਾਹੀ ਨਾ ਮਿਲਿਆ ਇਕ ਨਿਸ਼ਾਨਾ, ਜਲਵਾ ਜਲਾਲ ਨਾ ਕੋਇ ਰਖਾਇੰਦਾ। ਪੜ੍ਹ ਪੜ੍ਹ ਬਾਣੀ ਬਾਣ ਲਾਣ ਪੰਜ ਸ਼ੈਤਾਨਾ, ਘਾਇਲ ਕਰ ਨਾ ਕੋਇ ਵਖਾਇੰਦਾ। ਅਠਸਠ ਤੀਰਥ ਕਰ ਅਸ਼ਨਾਨਾ, ਦੁਰਮਤ ਮੈਲ ਨਾ ਕੋਇ ਧਵਾਇੰਦਾ। ਪੂਜਾ ਕਰ ਕਰ ਥੱਕੇ ਸੀਤਾ ਰਾਮਾ, ਰਾਮ ਇਸ਼ਟ ਨਾ ਨਜ਼ਰੀ ਆਇੰਦਾ। ਪਾ ਪਾ ਰਾਸ ਮੰਡਲ ਥੱਕੇ ਕ੍ਰਿਸ਼ਨਾ ਕਾਹਨਾ, ਨਾਮ ਬੰਸਰੀ ਨਾ ਕੋਇ ਵਜਾਇੰਦਾ। ਉਚੀ ਕੂਕ ਸੁਣਾਇਣ ਬਾਂਗਾਂ, ਸਚ ਮਹਿਰਾਬ ਏਕਾ ਹੁਜਰੇ ਸਯਦਾ ਨਬੀ ਨਾ ਕੋਇ ਕਰਾਇੰਦਾ। ਪੀਰ ਫ਼ਕੀਰ ਪੜ੍ਹਨ ਕਲਾਮਾਂ, ਇਲਾਹੀ ਕਲਾਮ ਨਾ ਕੋਇ ਸੁਣਾਇੰਦਾ। ਛੱਤੀ ਰਾਗ ਗਾਇਣ ਗਾਣਾ, ਧੁਨ ਨਾਦ ਨਾ ਕੋਇ ਵਜਾਇੰਦਾ। ਰੂਪ ਨਜ਼ਰ ਨਾ ਆਏ ਹਰਿ ਭਗਵਾਨਾ, ਹਰਿ ਕੀ ਪੌੜੀ ਚੜ੍ਹ ਚੜ੍ਹ ਜੀਵ ਜੰਤ ਸਭ ਤਾਰੀਆਂ ਲਾਇੰਦਾ। ਮਨਮੁਖ ਜੀਵ ਹੋਇਆ ਅਞਾਣਾ, ਕਲਜੁਗ ਕੂੜਾ ਕਪੜ ਤਨ ਸੁਹਾਇੰਦਾ। ਮਾਇਆ ਮਮਤਾ ਮਨ ਲੋਭਾਨਾ, ਕਾਮ ਕਰੋਧ ਲੋਭ ਮੋਹ ਹੰਕਾਰ ਸਾਚਾ ਮੇਲਾ ਮੇਲ ਮਿਲਾਇੰਦਾ। ਅੰਗੀਕਾਰ ਕਰੇ ਪੰਜ ਸ਼ੈਤਾਨਾ, ਪੰਚਮ ਸ਼ਬਦ ਨਾ ਕੋਇ ਸੁਣਾਇੰਦਾ। ਲਾੜੀ ਮੌਤ ਬੱਧਾ ਗਾਨਾਂ, ਸਤਿਗੁਰ ਪੂਰਾ ਨਜ਼ਰ ਨਾ ਆਇੰਦਾ। ਚਾਰ ਕੁੰਟ ਦਹਿ ਦਿਸ਼ਾ ਨੌਂ ਖੰਡ ਪ੍ਰਿਥਮੀ ਸੱਤ ਦੀਪ ਹੋਏ ਵੈਰਾਨਾ, ਕਲਜੁਗ ਆਪਣਾ ਡੌਰੂ ਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਵੇਸ ਧਰ, ਲੋਕਮਾਤ ਫੇਰੀ ਪਾਇੰਦਾ। ਲੋਕਮਾਤ ਹਰਿ ਜੁਗ ਜੁਗ ਆਏ, ਜੁਗਾ ਜੁਗੰਤਰ ਸੇਵ ਕਮਾਈਆ। ਭਗਤ ਭਗਵੰਤ ਲਏ ਤਰਾਏ, ਭਾਵੀ ਭਗਤ ਨੇੜ ਨਾ ਆਈਆ। ਸੰਤ ਸਾਜਣ ਲਏ ਮਿਲਾਏ, ਸਤਿਗੁਰ ਪੂਰੇ ਹੱਥ ਵਡਿਆਈਆ। ਗੁਰਮੁਖ ਗੁਰ ਗੁਰ ਲਏ ਉਠਾਏ, ਗੁਰ ਸ਼ਬਦੀ ਸ਼ਬਦ ਸੁਣਾਈਆ। ਗੁਰਸਿਖ ਸਾਚੇ ਮਾਰਗ ਆਪੇ ਪਾਏ, ਪਿਛਲਾ ਪੈਂਡਾ ਦਏ ਮੁਕਾਈਆ। ਕਲਜੁਗ ਅੰਤਮ ਖੇਲ ਰਚਾਏ, ਨਿਰਗੁਣ ਨਿਰਵੈਰ ਆਪਣੀ ਕਲ ਧਰਾਈਆ। ਜੂਨੀ ਰਹਿਤ ਰੂਪ ਪਰਗਟਾਏ, ਪੁਰਖ ਅਕਾਲ ਨਜ਼ਰ ਨਾ ਆਈਆ। ਕਰਤਾ ਕਰਨੀ ਕਿਰਤ ਕਮਾਏ, ਜੋਤੀ ਜੋਤ ਕਰੇ ਰੁਸ਼ਨਾਈਆ। ਨਿਹਕਲੰਕਾ ਨਾਉਂ ਧਰਾਏ, ਸ਼ਬਦ ਡੰਕਾ ਇਕ ਵਜਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦਏ ਹਲਾਏ, ਬ੍ਰਹਮਾ ਵਿਸ਼ਨ ਸ਼ਿਵ ਕਰੋੜ ਤੇਤੀਸਾ ਸਰਪਤ ਰਾਜਾ ਇੰਦ ਰਹਿਣ ਨਾ ਪਾਈਆ। ਏਕਾ ਖੰਡਾ ਹੱਥ ਚਮਕਾਏ, ਬ੍ਰਹਿਮੰਡਾਂ ਦੇਵਣਹਾਰ ਸਜਾਏ, ਲੱਖ ਚੁਰਾਸੀ ਡੇਰਾ ਢਾਹੀਆ। ਜੇਰਜ ਅੰਡਾਂ ਫੋਲ ਫੁਲਾਏ, ਉਤਭੁਜ ਸੇਤਜ ਵੇਖੇ ਥਾਉਂ ਥਾਏਂ, ਜੰਗਲ ਜੂਹ ਊਜਾੜ ਪਹਾੜ ਡੂੰਘੀ ਕੰਦਰ ਸਮੁੰਦ ਸਾਗਰ ਫੋਲ ਫੁਲਾਈਆ। ਕਲਜੁਗ ਅੰਤਮ ਪੰਜ ਤਤ ਕਾਇਆ ਵੇਖੇ ਮੰਦਰ, ਹਟ ਵਣਜਾਰਾ ਫੇਰੀ ਪਾਈਆ। ਕੂੜੀ ਕਿਰਿਆ ਤੋੜੇ ਜੰਦਰ, ਨਾਮ ਹਥੌੜਾ ਏਕਾ ਲਾਈਆ। ਸ੍ਰਿਸ਼ਟ ਸਬਾਈ ਕਰੇ ਖੰਡਰ, ਖੰਡ ਖੰਡ ਆਪਣੀ ਵੰਡ ਵੰਡਾਈਆ। ਗੁਰਸਿਖਾਂ ਮੇਲ ਮਿਲਾਏ ਅੰਦਰੇ ਅੰਦਰ, ਸੁਰਤ ਸ਼ਬਦ ਕਰ ਕੁੜਮਾਈਆ। ਮਨੂਆ ਮਨ ਨਾ ਭਵੇ ਬੰਦਰ, ਦਹਿ ਦਿਸ਼ਾਂ ਨਾ ਉਠ ਉਠ ਧਾਈਆ। ਪਾਏ ਡੋਰੀ ਡੂੰਘੀ ਕੰਦਰ, ਆਪਣੇ ਹੱਥ ਰੱਖੇ ਵਡਿਆਈਆ। ਉਚੇ ਟਿੱਲੇ ਲਾਹੇ ਗ਼ੋਰਖ ਮਛੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਲਏ ਤਰਾਈਆ। ਗੁਰਮੁਖ ਸਾਚਾ ਤਾਰਿਆ, ਤਾਰਨਹਾਰ ਨਿਰੰਕਾਰ। ਗੁਰ ਗੁਰ ਪੈਜ ਮਾਤ ਸੁਆਰਿਆ, ਭਵਜਲ ਕਰੇ ਪਾਰ। ਮਾਣਸ ਜਨਮ ਨਾ ਆਏ ਹਾਰਿਆ, ਜਿਸ ਪਾਇਆ ਧੁਰ ਦਰਬਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਚੇ ਲਏ ਉਭਾਰ। ਗੁਰਮੁਖ ਸੱਜਣ ਸਰਬ ਗੁਣਵੰਤ, ਸਤਿਗੁਰ ਪੂਰਾ ਆਪ ਬਣਾਇੰਦਾ। ਨਾਰੀ ਨਰ ਏਕਾ ਰੰਗ ਚੜ੍ਹਾਏ ਬਸੰਤ, ਨਾਰੀ ਪੁਰਸ਼ ਵੰਡ ਨਾ ਕੋਇ ਵੰਡਾਇੰਦਾ। ਸਤਿਗੁਰ ਦਵਾਰੇ ਏਕਾ ਸੰਗਤ, ਦੂਜਾ ਰੂਪ ਨਾ ਕੋਈ ਵਖਾਇੰਦਾ। ਏਕਾ ਭਿਖਿਆ ਮੰਗੇ ਮੰਗਤ, ਨਾਮ ਭਿਛਿਆ ਝੋਲੀ ਪਾਇੰਦਾ। ਲੇਖਾ ਜਾਣੇ ਜਿਉਂ ਗੁਰ ਨਾਨਕ ਅੰਗਦ, ਅੰਗੀਕਾਰ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਵਖਾਇੰਦਾ। ਗੁਰਮੁਖਾਂ ਦੁਖ ਨਿਵਾਰ, ਦੁਖ ਸੁਖ ਵਿਚ ਸਮਾਈਆ। ਕਿਰਪਾ ਕਰ ਆਪ ਕਰਤਾਰ, ਕੂੜੀ ਕਿਰਿਆ ਦਏ ਉਠਾਈਆ। ਸਫਾ ਉਠੇ ਮਲੇਛ ਵਿਚ ਸੰਸਾਰ, ਮਾਇਆ ਮਮਤਾ ਰਹਿਣ ਨਾ ਪਾਈਆ। ਗਣਪਤ ਗਣੇਸ਼ ਨਾ ਕੋਈ ਅਧਾਰ, ਬ੍ਰਹਮਾ ਵਿਸ਼ਨ ਸ਼ਿਵ ਕੋਇ ਨਾ ਸੀਸ ਝੁਕਾਈਆ। ਦਰ ਖੋਲ੍ਹੇ ਇਕ ਨਿਰੰਕਾਰ, ਚਾਰ ਵਰਨਾਂ ਕਰੇ ਪੜ੍ਹਾਈਆ। ਊਚਾਂ ਨੀਚਾਂ ਇਕ ਘਰ ਬਾਰ, ਸਚਖੰਡ ਦਵਾਰਾ ਇਕ ਸੁਹਾਈਆ। ਪੁਰਖ ਅਕਾਲ ਕਰੇ ਪਿਆਰ, ਸ੍ਰਿਸ਼ਟ ਸਬਾਈ ਪਿਤਾ ਮਾਈਆ। ਗੁਰਸਿਖ ਸੱਜਣ ਸੋਹਨ ਸਚ ਦਰਬਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜਨ ਭਗਤਾਂ ਦੇਵੇ ਸਾਚਾ ਵਰ, ਜਗਤ ਦਲਿਦਰ ਦੇਵੇ ਕੱਟ, ਦੂਈ ਦਵੈਤੀ ਮੇਟੇ ਫੱਟ, ਰਤੀ ਰਤ ਆਪ ਰੰਗਾਈਆ। ਰਤੀ ਰਤ ਰੰਗ ਚਾੜ੍ਹੇ ਗੂੜ੍ਹ, ਉਤਰ ਕਦੇ ਨਾ ਜਾਇਆ। ਚਤਰ ਸੁਘੜ ਬਣਾਏ ਮੂਰਖ ਮੂੜ, ਜਿਸ ਸਿਰ ਆਪਣਾ ਹੱਥ ਟਿਕਾਇਆ। ਹਰਿਜਨ ਬਖ਼ਸ਼ੇ ਏਕਾ ਧੂੜ, ਚਰਨ ਚਰਨੋਦਕ ਤਿਲਕ ਲਗਾਇਆ। ਨਾਤਾ ਤੋੜੇ ਕੂੜੋ ਕੂੜ, ਸਚ ਸਮਗਰੀ, ਇਕ ਇਕ ਵਖਾਇਆ। ਆਸਾ ਮਨਸਾ ਕਰੇ ਪੂਰ, ਜੋ ਜਨ ਸਰਨਾਈ ਆਇਆ। ਮਨਮੁਖਾਂ ਤੋਂ ਵਸੇ ਦੂਰ, ਮੁਖ ਆਪਣਾ ਪੜਦਾ ਪਾਇਆ। ਗੁਰਮੁਖਾਂ ਅੱਗੇ ਹਾਜ਼ਰ ਹਜ਼ੂਰ, ਜੁਗ ਜੁਗ ਰੂਪ ਅਨੂਪ ਵਟਾਇਆ। ਸਰਬ ਕਲਾ ਆਪੇ ਭਰਪੂਰ, ਸਮਰਥ ਪੁਰਖ ਆਪਣਾ ਨਾਉਂ ਧਰਾਇਆ। ਜਗਤ ਵਿਕਾਰਾ ਕਰੇ ਚੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਪਣੀ ਸੇਜ ਸੁਹਾਇਆ। ਗੁਰਸਿਖ ਸੇਜ ਸੁਹਾਵਨੀ ਰੰਗੀਲਾ ਪਲੰਘ, ਲੁਹਾਰ ਤਰਖਾਨ ਨਾ ਕੋਈ ਬਣਾਈਆ। ਪਾਰਬ੍ਰਹਮ ਪ੍ਰਭ ਚਾੜ੍ਹੇ ਆਪਣਾ ਰੰਗ, ਰੰਗਣਹਾਰ ਏਕਾ ਮਾਹੀਆ। ਉਪਰ ਬੈਠ ਸੂਰਾ ਸਰਬੰਗ, ਆਪਣੀ ਸੇਜਾ ਆਪ ਸੁਹਾਈਆ। ਸ਼ਬਦ ਅਗੰਮੀ ਇਕ ਮਰਦੰਗ, ਨਿਰਗੁਣ ਆਪਣਾ ਆਪ ਵਜਾਈਆ। ਗੁਰਮੁਖਾਂ ਕੋਲੋਂ ਮੰਗੇ ਮੰਗ, ਸਚ ਪ੍ਰੀਤੀ ਵਡ ਵਡਿਆਈਆ। ਹੋ ਨਿਧੜਕ ਦਸਮ ਦੁਆਰੀ ਲੰਘ, ਅਧਵਿਚਕਾਰ ਨਾ ਕੋਈ ਲਟਕਾਈਆ। ਤ੍ਰੈਗੁਣ ਮਾਇਆ ਨਾ ਮਾਰੇ ਡੰਗ, ਪੰਜ ਚੋਰ ਨਾ ਕਰਨ ਲੜਾਈਆ। ਸੁਖਮਨ ਨਾੜੀ ਨਾ ਅੰਧੇਰਾ ਅੰਧ, ਈੜਾ ਪਿੰਗਲ ਨਾ ਮੁਖ ਭਵਾਈਆ। ਸਤਿਗੁਰ ਪੂਰਾ ਗੁਰਸਿਖ ਤੇਰਾ ਆਪ ਮੁਕਾਏ ਪੰਧ, ਔਣਾ ਜਾਣਾ ਲੇਖੇ ਲਾਈਆ। ਮਦਿਰਾ ਮਾਸ ਤਜਾਇਆ ਰਸਨਾ ਗੰਦ, ਘਰ ਮੇਲਾ ਸਹਿਜ ਸੁਭਾਈਆ। ਜੋਤ ਨਿਰੰਜਣ ਚਾੜ੍ਹੇ ਚੰਦ, ਸੂਰਜ ਚੰਨ ਮੁਖ ਸ਼ਰਮਾਈਆ। ਅੱਠੇ ਪਹਿਰ ਪਰਮਾਨੰਦ, ਨਿਝ ਰਸ ਆਪਣਾ ਆਪ ਵਖਾਈਆ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀਖ਼ਾਨਾ ਤੋੜ ਸਾਚੇ ਘੋੜ ਲਏ ਚੜ੍ਹਾਈਆ। ਰਸਨਾ ਗਾਈਣ ਬੱਤੀ ਦੰਦ, ਜਿਹਵਾ ਰਸਨਾ ਰਸ ਧਿਆਈਆ। ਆਪੇ ਢਾਹੇ ਭਰਮਾਂ ਕੰਧ, ਦੂਈ ਦਵੈਤੀ ਰਹਿਣ ਨਾ ਪਾਈਆ। ਜਿਸ ਜਨ ਗਾਇਆ ਸੋਹੰ ਸੁਹਾਗੀ ਛੰਦ, ਜਨਮ ਮਰਨ ਵਿਚ ਨਾ ਆਈਆ। ਤਖ਼ਤ ਸੁਲਤਾਨ ਸ੍ਰੀ ਭਗਵਾਨ ਹੋ ਮਿਹਰਵਾਨ ਆਪ ਸੁਹਾਏ ਆਪਣਾ ਪਖ, ਆਸਣ ਸਿੰਘਾਸਣ ਖੇਲ ਤਮਾਸ਼ਣ ਪ੍ਰਿਥਮੀ ਆਕਾਸ਼ਨ ਸੋਭਾ ਪਾਈਆ। ਗੁਰਮੁਖਾਂ ਕੱਟੇ ਭੁੱਖ ਨੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜਨਮ ਜੁਗ ਧਰਾਏ, ਕਲਜੁਗ ਅੰਤਮ ਲਏ ਮਿਲਾਈਆ।