੨੩ ਭਾਦਰੋਂ ੨੦੧੭ ਬਿਕ੍ਰਮੀ ਜਰਨੈਲ ਸਿੰਘ ਦੇ ਗ੍ਰਹਿ ਸ਼ਾਹ ਵਾਲਾ ਜ਼ਿਲਾ ਫਿਰੋਜ਼ਪੁਰ
ਸਤਿਗੁਰ ਪੂਰਾ ਬੇਪਰਵਾਹ, ਬੇਪਰਵਾਹੀ ਖੇਲ ਖਿਲਾਇੰਦਾ। ਚੁਰਾਸੀ ਕਲੀਆਂ ਅਲਫ਼ੀ ਪਾ, ਆਰਫ਼ਾਂ ਮੂਲ ਚੁਕਾਇੰਦਾ। ਦੋਹਰਫੀ ਲੇਖਾ ਲਿਖੇ ਖ਼ੁਦਾ, ਲੇਖਾ ਲੇਖ ਦਿਸ ਨਾ ਆਇੰਦਾ। ਆਇਤ ਸ਼ਰਾਇਤ ਆਪ ਪੜ੍ਹਾ, ਸ਼ਰਅ ਸ਼ਰੀਅਤ ਵਿਚ ਟਿਕਾਇੰਦਾ। ਐਨ ਗ਼ੈਨ ਅੱਖ ਖੁਲ੍ਹਾ, ਐਨਲਹਕ ਰੂਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭਾਣਾ ਆਪਣੇ ਹੱਥ ਰਖਾਇੰਦਾ। ਏਕਾ ਅਲਫ਼ੀ ਸੱਤ ਰੰਗ, ਕਲੀ ਕਲੀ ਨਾਲ ਬੰਧਾਈਆ। ਸਤਿਗੁਰ ਪੂਰਾ ਬਣਿਆ ਆਪ ਮਲੰਗ, ਨਾਮ ਮਤਿਹਰਾ ਹੱਥ ਉਠਾਈਆ। ਮਨ ਕਾ ਮਣਕਾ ਵਜਾਏ ਮਰਦੰਗ, ਦੋ ਜਹਾਨਾਂ ਆਪ ਸੁਣਾਈਆ। ਕਰੇ ਖੇਲ ਸੂਰਾ ਸਰਬੰਗ, ਸੂਰਤ ਰੱਬ ਦੀ ਆਪਣੇ ਵਿਚ ਛੁਪਾਈਆ। ਆਪੇ ਸੁੱਤਾ ਜਗਤ ਪਲੰਘ, ਦਿਸ਼ਾ ਕੂਟ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਏਕਾ ਅਲਫ਼ੀ ਤਨ ਸ਼ੰਗਾਰ, ਬਸਤਰ ਬਨਵਾਰੀ ਆਪ ਸੁਹਾਇੰਦਾ। ਕਲਗੀ ਤੋੜਾ ਨਾ ਕੋਈ ਦਸਤਾਰ, ਸੀਸ ਜਗਦੀਸ਼ ਨਾ ਕੋਈ ਸੁਹਾਇੰਦਾ। ਅਸਵ ਘੋੜੇ ਨਾ ਹੋਏ ਅਸਵਾਰ, ਸ਼ਾਹ ਅਸਵਾਰਾ ਰੂਪ ਪਰਗਟਾਇੰਦਾ। ਖੜਗ ਖੰਡਾ ਨਾ ਕੋਈ ਕਟਾਰ, ਚੰਡ ਪਰਚੰਡ ਨਾ ਕੋਈ ਚਮਕਾਇੰਦਾ। ਕਮਰ ਕਸਾ ਨਾ ਕੋਈ ਤਿਆਰ, ਤਰਕਸ਼ ਤੀਰ ਨਾ ਹੱਥ ਉਠਾਇੰਦਾ। ਖਿਚੇ ਚਿਲਾ ਨਾ ਕੋਈ ਕਮਾਨ, ਸਚ ਨਿਸ਼ਾਨ ਨਾ ਕੋਈ ਵਖਾਇੰਦਾ। ਗਫ਼ਲਤ ਵੇਖੇ ਬੇਈਮਾਨ, ਜਗਤ ਈਮਾਨ ਡੇਰਾ ਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਧਰਾਇੰਦਾ। ਏਕਾ ਅਲਫ਼ੀ ਤਨ ਤਨ ਬਸਤਰ, ਪੰਜ ਤਤ ਸੋਭਾ ਪਾਇੰਦਾ। ਆਪ ਬਣਾਏ ਆਪਣੀ ਬਣਤਰ, ਦੂਸਰ ਸੰਗ ਨਾ ਕੋਈ ਰਖਾਇੰਦਾ। ਸ਼ਬਦ ਅਗੰਮੀ ਫੜਿਆ ਸ਼ਸਤਰ, ਲੋਹਾਰ ਤਰਖਾਣ ਨਾ ਕੋਈ ਘੜਾਇੰਦਾ। ਵਾਹਿਗੁਰੂ ਪੜ੍ਹੇ ਨਾ ਕੋਈ ਮੂਲ ਮੰਤਰ, ਨਾਮ ਸਤਿ ਨਾ ਕੋਈ ਜਣਾਇੰਦਾ। ਆਪਣੀ ਬਿਧ ਜਾਣੇ ਅੰਤਰ, ਜਗਤ ਬਸੰਤਰ ਆਪ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਧਾਰ ਵਖਾਇੰਦਾ। ਸਾਚੀ ਚੋਲੀ ਖੇਲ ਕਰਤਾਰ, ਕਾਇਆ ਡੋਲੀ ਆਪ ਸੁਹਾਈਆ। ਹੌਲੀ ਹੌਲੀ ਅੰਦਰ ਵੜਿਆ ਨਿਰਗੁਣ ਨਿਰਾਕਾਰ, ਨਿਰਵੈਰ ਨਜ਼ਰ ਨਾ ਆਈਆ। ਕਰੇ ਕਰਾਏ ਸਚ ਪਿਆਰ, ਉਮਤ ਉਮਤੀ ਵੇਖ ਵਖਾਈਆ। ਨਬੀ ਰਸੂਲ ਬੁਲਾਏ ਦਰ ਦਰਬਾਰ, ਕਲਮਾ ਅਮਾਮ ਇਕ ਸੁਣਾਈਆ। ਮੁਲਾ ਸ਼ੇਖ਼ ਮੁਸਾਇਕ ਕਰੇ ਸ਼ੰਗਾਰ ਤਾਲੀਮ, ਤਾਜ਼ੀਮ ਇਕ ਦਰਸਾਈਆ। ਰੂਪ ਅਨੂਪ ਹਰਿ ਅਜ਼ੀਮ, ਅਜ਼ਮਤ ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਗੁਰ ਸਤਿਗੁਰ ਪੂਰਾ, ਨਿਰਗੁਣ ਸਰਗੁਣ ਖੇਲ ਖਿਲਾਇਆ। ਸਤਿਜੁਗ ਤ੍ਰੇਤਾ ਦੁਆਪਰ ਕੀਤਾ ਕੌਲ ਕਰੇ ਪੂਰਾ, ਆਦਿ ਜੁਗਾਦਿ ਭੁੱਲ ਨਾ ਜਾਇਆ। ਭਗਤ ਭਗਵੰਤ ਹਾਜ਼ਰ ਹਜ਼ੂਰਾ, ਜ਼ਾਹਿਰ ਜ਼ਹੂਰ ਦਰਸ ਦਿਖਾਇਆ। ਨੂਰ ਅਲਾਹੀ ਨੂਰੋ ਨੂਰਾ, ਨੂਰ ਨੁਰਾਨਾ ਡਗਮਗਾਇਆ। ਬਾਂਗ ਸਦਾ ਸੁਣਾਏ ਸ਼ਬਦ ਅਨਾਦੀ ਤੂਰਾ, ਸਚ ਮਹਿਰਾਬੇ ਆਸਣ ਲਾਇਆ। ਖ਼ੁਦੀ ਖ਼ੁਦਾਈ ਤੋੜ ਗਰੂਰਾ, ਆਸਾ ਮਨਸਾ ਪੂਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਰੰਗ ਆਪਣਾ ਵੇਸ ਵਟਾਇਆ। ਚੋਲੀ ਰੰਗ ਅਨਮੋਲ, ਲਾਲਨ ਲਾਲ ਰੰਗਾਈਆ। ਆਪੇ ਤੋਲੇ ਆਪਣਾ ਤੋਲ, ਤੋਲਣਹਾਰਾ ਇਕ ਖ਼ੁਦਾਈਆ। ਆਦਿ ਜੁਗਾਦਿ ਰਹੇ ਅਡੋਲ, ਦਰਗਹਿ ਸਾਚੀ ਧਾਮ ਸੁਹਾਈਆ। ਕਲਮੀ ਕਲਮਾ ਆਪੇ ਬੋਲ, ਆਪਣੀ ਕਰੇ ਸਚ ਪੜ੍ਹਾਈਆ। ਆਪ ਵਜਾਏ ਅਗੰਮੀ ਢੋਲ, ਧੁਨੀ ਧੁਨ ਵਿਚ ਉਪਜਾਈਆ। ਆਪਣਾ ਮੰਦਰ ਆਪੇ ਫੋਲ, ਆਪਣਾ ਕਾਅਬਾ ਵੇਖ ਵਖਾਈਆ। ਆਪਣੀ ਫੁਲਵਾੜੀ ਆਪੇ ਮੌਲ, ਮੌਲਾ ਆਪਣਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਈਆ। ਲੱਖ ਚੁਰਾਸੀ ਸੁਣ ਪੁਕਾਰ, ਏਕਾ ਅਲਫ਼ੀ ਗਲ ਸੁਹਾਇੰਦਾ। ਚਾਰ ਵੇਦ ਕਰਨ ਪੁਕਾਰ, ਪੁਰਾਨ ਅਠਾਰਾਂ ਨੀਰ ਵਹਾਇੰਦਾ। ਗੀਤਾ ਗਿਆਨ ਹਾਹਾਕਾਰ, ਨਾਮ ਨਿਧਾਨ ਨਾ ਕੋਈ ਝੋਲੀ ਪਾਇੰਦਾ। ਅੰਜੀਲ ਕੁਰਾਨ ਉਚੀ ਕੂਕ ਗਾਵਣ ਵਾਰੋ ਵਾਰ, ਹਕ ਹਕੀਕਤ ਨਾ ਕੋਈ ਸਲਾਹਿੰਦਾ। ਖਾਣੀ ਬਾਣੀ ਕਰੇ ਵਿਚਾਰ, ਸਾਚੇ ਹਾਣੀ ਨਾ ਕੋਈ ਮਿਲਾਇੰਦਾ। ਸ੍ਰਿਸ਼ਟ ਸਬਾਈ ਹੋਈ ਵਿਭਚਾਰ, ਸ਼ਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਕੰਤ ਨਾ ਕੋਈ ਹੰਢਾਇੰਦਾ। ਚਾਰ ਵਰਨ ਭ੍ਰਿਸ਼ਟਾਚਾਰ, ਇਸ਼ਟ ਦ੍ਰਿਸ਼ਟ ਨਾ ਕੋਈ ਖੁਲਾਇੰਦਾ। ਸ਼ਾਹ ਸੁਲਤਾਨ ਗਏ ਹਾਰ, ਸਾਚਾ ਧਰਮ ਨਾ ਕੋਈ ਧਰਾਇੰਦਾ। ਗ਼ਰੀਬ ਨਿਮਾਣਿਆਂ ਸੁਣੇ ਨਾ ਕੋਈ ਪੁਕਾਰ, ਫੜ ਬਾਂਹੋ ਗਲੇ ਨਾ ਕੋਈ ਲਗਾਇੰਦਾ। ਧੀਆਂ ਭੈਣਾਂ ਹੋਏ ਵਾਪਾਰ, ਕੁਆਰੀ ਕੰਨਿਆ ਹੱਟ ਵਿਕਾਇੰਦਾ। ਤੀਰਥ ਤਟ ਹੋਏ ਭਿਖਾਰ, ਅੰਮ੍ਰਿਤ ਸਰੋਵਰ ਹੱਥ ਕੋਇ ਨਾ ਆਇੰਦਾ। ਭਗਤ ਭਗਵੰਤ ਨਾ ਕੋਈ ਅਧਾਰ, ਭਗਤੀ ਭਾਵ ਨਾ ਕੋਈ ਜਣਾਇੰਦਾ। ਸਾਧ ਸੰਤ ਨਾ ਦਿਸੇ ਕੋਈ ਸਹਾਰ, ਸਾਚੇ ਪੌੜੇ ਨਾ ਕੋਈ ਚੜ੍ਹਾਇੰਦਾ। ਮੁਲਾਂ ਸ਼ੇਖ਼ ਹੋਏ ਗਵਾਰ, ਕਲਜੁਗ ਗਫਲਤ ਸਭ ਤੇ ਪਾਇੰਦਾ। ਪੀਰ ਦਸਤਗੀਰ ਨਾ ਚੁੱਕੇ ਕੋਈ ਭਾਰ, ਲੱਖ ਚੁਰਾਸੀ ਫੰਦ ਨਾ ਕੋਈ ਕਟਾਇੰਦਾ। ਪੰਡਤ ਪਾਂਧੇ ਦਰ ਦਵਾਰੇ ਕਰਨ ਪੁਕਾਰ, ਉਚੀ ਕੂਕ ਸਰਬ ਕੁਰਲਾਇੰਦਾ। ਰਾਮ ਨਾਮ ਨਾ ਪਾਏ ਕੋਈ ਤਨ ਹਾਰ, ਸੀਤਾ ਸੁਰਤੀ ਨਾ ਕੋਇ ਪਰਨਾਇੰਦਾ। ਕਾਹਨਾ ਬੰਸਰੀ ਵਜਾਏ ਨਾ ਉਚੀ ਕੂਕ ਬੋਲੇ ਜੈਕਾਰ, ਸਖ਼ੀਆਂ ਮੰਗਲ ਰਾਸ ਨਾ ਕੋਈ ਰਚਾਇੰਦਾ। ਚਾਰੋਂ ਕੁੰਟ ਆਈ ਹਾਰ, ਕਲਜੁਗ ਕੂੜਾ ਡੌਰੂ ਵਾਹਿੰਦਾ। ਪੁਰਖ ਅਬਿਨਾਸ਼ੀ ਭੇਵ ਨਿਆਰ, ਸ਼ਬਦ ਅਨਾਦੀ ਹੁਕਮ ਸੁਣਾਇੰਦਾ। ਗੋਬਿੰਦ ਸੂਰਾ ਕਰ ਤਿਆਰ, ਸੁਤ ਦੁਲਾਰਾ ਆਪ ਉਠਾਇੰਦਾ। ਮੇਟੇ ਰੈਣ ਅੰਧੇਰੀ ਅੰਧ ਅੰਧਿਆਰ, ਧੂਆਂਧਾਰ ਸਰਬ ਚੁਕਾਇੰਦਾ। ਆਪ ਆਪਣਾ ਆਪਾ ਵਾਰ, ਲਹਿਣਾ ਦੇਣਾ ਮੂਲ ਚੁਕਾਇੰਦਾ। ਭਾਣਾ ਮੰਨੇ ਇਕ ਕਰਤਾਰ, ਏਕਾ ਅਲਫ਼ੀ ਤਨ ਰਖਾਇੰਦਾ। ਏਕਾ ਹਲਫੀਆ ਦਏ ਬਿਆਨ, ਹਿੰਦੂ ਮੁਸਲਮ ਆਪ ਸਮਝਾਇੰਦਾ। ਮੇਰੀ ਇਛਿਆ ਅੰਜੀਲ ਕੁਰਾਨ, ਜਗਤ ਭਿਛਿਆ ਝੋਲੀ ਪਾਇੰਦਾ। ਮੇਰਾ ਦਰਸ ਸਿਦਕ ਈਮਾਨ, ਸ਼ਰਾ ਸ਼ਰੀਯਤ ਇਕ ਵਖਾਇੰਦਾ। ਚਾਰੇ ਮੁਗਲ ਨੌਜਵਾਨ, ਆਪ ਆਪਣੇ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਸ ਆਪ ਧਰਾਇੰਦਾ। ਆਪੇ ਮੁਗਲ ਮੁਗਲਾਨਾ, ਸ਼ਾਹ ਨਵਾਬ ਆਪ ਅਖਵਾਈਆ। ਆਪੇ ਬੇਈਮਾਨ ਹੋਏ ਸ਼ੈਤਾਨਾ, ਆਪੇ ਦੂਈ ਦਵੈਤੀ ਵੰਡ ਵੰਡਾਈਆ। ਆਪੇ ਦੇਵਣਹਾਰਾ ਧੁਰ ਫ਼ਰਮਾਣਾ, ਧੁਰ ਦੀ ਕਾਰ ਆਪ ਕਰਾਈਆ। ਆਪੇ ਸ਼ਾਹੋ ਭੂਪ ਬਣ ਸੁਲਤਾਨਾ, ਦਰਗਹਿ ਸਾਚੀ ਧਾਮ ਸੁਹਾਈਆ। ਆਪੇ ਸਚਖੰਡ ਉਡਾਏ ਇਕ ਬਿਬਾਨਾ, ਨਾਮ ਬਿਬਾਣ ਬੇਪਰਵਾਹੀਆ । ਆਪੇ ਦੇਵੇ ਧੁਰ ਫਰਮਾਣਾ, ਧੁਰ ਦੀ ਬਾਣੀ ਬਾਣ ਲਗਾਈਆ। ਆਪੇ ਖੇਲੇ ਖੇਲ ਦੋ ਜਹਾਨਾਂ, ਲੋਆਂ ਪੁਰੀਆਂ ਆਪਣਾ ਬਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਚੋਲੀ ਆਪ ਹੰਢਾਈਆ। ਸਾਚੀ ਚੋਲੀ ਸਤਿਗੁਰ ਪੂਰਾ, ਆਪਣੇ ਰੰਗ ਰੰਗਾਇੰਦਾ। ਗੁਰਮੁਖਾਂ ਆਸਾ ਮਨਸਾ ਕਰੇ ਪੂਰਾ, ਪੂਰਬ ਲਹਿਣਾ ਝੋਲੀ ਪਾਇੰਦਾ। ਅੰਮ੍ਰਿਤ ਆਤਮ ਬਖ਼ਸ਼ੇ ਸਤਿ ਸਰੂਰਾ, ਦਿਵਸ ਰੈਣ ਖ਼ੁਮਾਰ ਰਖਾਇੰਦਾ। ਨਾਤਾ ਤੋੜੇ ਕੂੜੋ ਕੂੜਾ, ਮਸਤਕ ਟਿੱਕਾ ਧੂੜ ਲਗਾਇੰਦਾ। ਚਤਰ ਸੁਘੜ ਬਣਾਏ ਮੂਰਖ ਮੂੜਾ, ਜਿਸ ਸਿਰ ਆਪਣਾ ਹੱਥ ਰਖਾਇੰਦਾ। ਕਿਰਪਾ ਨਿਧ ਸਤਿਗੁਰ ਪੂਰਾ, ਕਾਰਜ ਸਿਧ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਤਰ ਦੱਖਣ ਵਾਲੀ ਵੰਡ ਵੰਡਾਇੰਦਾ। ਉਤਰ ਦੱਖਣ ਵਾਲੀ ਵੰਡ, ਪਾਰਬ੍ਰਹਮ ਆਪ ਕਰਾਈਆ। ਪੂਰਬ ਪੱਛਮ ਖੇਲ ਬ੍ਰਹਿਮੰਡ, ਵਡ ਵੱਡਾ ਦਏ ਸਲਾਹੀਆ। ਚਾਰੋਂ ਵਖਾਏ ਏਕਾ ਕੰਡ, ਆਪਣੀ ਕਰਵਟ ਆਪ ਬਦਲਾਈਆ। ਇਕ ਸੁਣਾਇਆ ਸੁਹਾਗੀ ਛੰਦ, ਕਲਮਾ ਨਬੀ ਆਪ ਅਲਾਈਆ। ਸੋਹੰ ਰੂਪ ਪਰਮਾਨੰਦ, ਗੋਬਿੰਦ ਗੋਬਿੰਦ ਵਿਚ ਟਿਕਾਈਆ। ਹੰ ਬ੍ਰਹਮ ਇਕ ਅਨੰਦ, ਆਤਮ ਪਰਮਾਤਮ ਵੇਖ ਵਖਾਈਆ। ਪਰਮਾਤਮ ਸਦਾ ਬਖ਼ਸ਼ੰਦ, ਬਖ਼ਸ਼ਣਹਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਚੀ ਸੇਵਾ ਆਪ ਲਗਾਈਆ। ਸਾਚੀ ਸੇਵਾ ਚਾਰ ਕਹਾਰ, ਉਚ ਪੀਰ ਉਠਾਇਆ। ਹੱਕ ਮੁਸੱਲਾ ਕਰ ਤਿਆਰ, ਬਗਲ ਕੁਰਾਨ ਇਕ ਈਮਾਨ ਸ਼ਰਅ ਸ਼ਰੀਯਤ ਦਏ ਸਮਝਾਇਆ। ਅੰਮ੍ਰਿਤ ਰਸ ਪੀਣ ਖਾਣ, ਲੇਖਾ ਚੁੱਕੇ ਦੋ ਜਹਾਨ, ਨਾਮ ਖੰਡਾ ਵਿਚ ਫਿਰਾਇਆ। ਨੇੜ ਨਾ ਆਇਣ ਪੰਜ ਸ਼ੈਤਾਨ, ਕਰੇ ਖੇਲ ਸ੍ਰੀ ਭਗਵਾਨ, ਸਾਖ਼ਯਾਤ ਆਪਣਾ ਰੂਪ ਕਰਾਇਆ। ਵੇਖੇ ਕੁਰਾ ਜ਼ਿਮੀ ਅਸਮਾਨ, ਆਲਮ ਉਲਮਾ ਮਾਰ ਧਿਆਨ, ਭੇਵ ਅਭੇਦਾ ਭੇਵ ਖੁਲ੍ਹਾਇਆ। ਝੂਠੀ ਸ਼ਾਹੀ ਮਿਟੇ ਨਿਸ਼ਾਨ, ਸਚ ਸੁੱਚ ਹੋਏ ਮਾਤ ਪਰਧਾਨ, ਏਕਾ ਕੂਕੇ ਸੂਰਾ ਸ਼ੂਰਬੀਰ ਨੌਂਜਵਾਨ, ਦੂਸਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਲਾਈਆ। ਚਾਰ ਕਹਾਰ ਚੁੱਕਿਆ ਭਾਰ, ਕਦਮ ਕਦਮ ਉਠਾਇਆ। ਚੌਦਾਂ ਤਬਕਾਂ ਬੇੜਾ ਪੈਰਾਂ ਥੱਲੇ ਦਏ ਲਤਾੜ, ਉਪਰ ਆਪਣਾ ਭਾਰ ਰਖਾਇਆ। ਕਰੇ ਪਰਕਾਸ਼ ਬਹੱਤਰ ਨਾੜ, ਜੋਤੀ ਜੋਤ ਡਗਮਗਾਇਆ। ਚਾਰੇ ਜੁਗ ਇਕ ਜੁਗ, ਜੁਗ ਆਪਣਾ ਮੇਲ ਮਿਲਾਇਆ। ਕਲਜੁਗ ਔਧ ਰਹੀ ਪੁਗ, ਵੇਲਾ ਵਕਤ ਰਿਹਾ ਸਮਝਾਇਆ। ਨੌਂ ਸੌ ਚੁਰਾਨਵੇਂ ਚੌਕੜੀ ਜੋ ਬੈਠਾ ਰਿਹਾ ਲੁਕ, ਵੇਲੇ ਅੰਤ ਜੋਤੀ ਨੂਰ ਕਰੇ ਰੁਸ਼ਨਾਇਆ। ਚਾਰ ਕੁਹਾਰਾ ਆਪਣੀ ਗੋਦ ਲਏ ਚੁੱਕ, ਗੋਬਿੰਦ ਸੇਵਾ ਆਪ ਕਰਾਇਆ। ਆਪਣੀ ਰੱਖੇ ਉਲਟਾ ਕੁੱਖ, ਧੰਨ ਧੰਨ ਜਣੇਂਦੀ ਮਾਇਆ। ਦੋ ਜਹਾਨਾ ਮੇਟੇ ਤ੍ਰਿਸ਼ਨਾ ਭੁੱਖ, ਤ੍ਰੈਗੁਣ ਮਾਇਆ ਨੇੜ ਨਾ ਆਇਆ। ਉਜਲ ਕਰੇ ਮਾਤ ਮੁਖ, ਬਚਨ ਅਮੋਲਕ ਆਪ ਸੁਣਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਲਿਖਾਇਆ। ਚਾਰ ਕਹਾਰ ਕਰ ਨਿਮਸਕਾਰ, ਦੋਏ ਮੰਗ ਮੰਗਾਈਆ। ਕਵਣ ਰੂਪ ਤੇਰਾ ਕਰਤਾਰ, ਕਵਣ ਘਰ ਵੱਜੇ ਵਧਾਈਆ। ਕਵਣ ਮੰਦਰ ਤੇਰਾ ਦਰਬਾਰ, ਕਵਣ ਬੰਕ ਲਏ ਸੁਹਾਈਆ। ਕਵਣ ਡੰਕ ਵਜੇ ਸੰਸਾਰ, ਕਵਣ ਵੇਖੇ ਥਾਉਂ ਥਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਭਿਛਿਆ ਆਪੇ ਝੋਲੀ ਪਾਈਆ। ਸਤਿਗੁਰ ਪੂਰਾ ਹੋ ਮਿਹਰਵਾਨ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਨੌਂ ਨੌਂ ਜਨਮ ਦੇਵੇ ਦਾਨ, ਮਾਨਸ ਮਾਨਸ ਰੂਪ ਪਰਗਟਾਇੰਦਾ। ਈਸਾ ਮੂਸਾ ਚੁੱਕੇ ਕਾਨ, ਕਾਲਾ ਸੂਸਾ ਇਕ ਵਖਾਇੰਦਾ। ਸ਼ਬਦ ਅਗੰਮੀ ਝੁੱਲੇ ਨਿਸ਼ਾਨ, ਪਰਵਰਦਿਗਾਰ ਆਪ ਝੁਲਾਇੰਦਾ। ਨੌਂ ਖੰਡ ਪ੍ਰਿਥਮੀ ਵਖਾਏ ਇਕ ਈਮਾਨ, ਏਕਾ ਕਲਮਾ ਨਬੀ ਪੜ੍ਹਾਇੰਦਾ। ਏਕਾ ਮਸਜਿਦ ਮੰਦਰ ਵਸੇ ਮਕਾਨ, ਵੁਜ਼ੂ ਨਮਾਜ਼ ਇਕ ਕਰਾਇੰਦਾ। ਏਕਾ ਵਾਹਦ ਹੋਏ ਪਰਧਾਨ, ਦੂਸਰ ਸੰਗ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲੇਖਾ ਆਪ ਸਮਝਾਇੰਦਾ। ਅੰਤਮ ਲੇਖਾ ਗੁਰ ਸਮਝਾਇਆ, ਭੁੱਲ ਰਹੇ ਨਾ ਰਾਈਆ। ਕਲਜੁਗ ਵੇਲਾ ਦਏ ਮੁਕਾਇਆ, ਢਈਆ ਨਈਆ ਮਾਤ ਚਲਾਈਆ। ਚੌਦਾਂ ਚੌਦਾਂ ਪੰਧ ਮੁਕਾਇਆ, ਥਿਰ ਕੋਇ ਰਹਿਣ ਨਾ ਪਾਈਆ। ਗੁਰ ਪੀਰ ਅਵਤਾਰ ਦਏ ਸਲਾਹਿਆ, ਜੁਗਾਂ ਜੁਗੰਤਰ ਗਾਈਆ। ਪੁਰਖ ਅਕਾਲ ਹੋਏ ਰੁਸ਼ਨਾਇਆ, ਨਿਰਗੁਣ ਆਪਣਾ ਨਾਉਂ ਧਰਾਈਆ। ਗੋਬਿੰਦ ਸੂਰਾ ਸੰਗ ਨਿਭਾਇਆ, ਨਾ ਮਰੇ ਨਾ ਜਾਈਆ। ਮੇਰਾ ਨਾਉਂ ਸ਼ਬਦ ਤੂਰਾ, ਘਰ ਘਰ ਰਾਗ ਸੁਣਾਈਆ। ਅੰਤਮ ਮਨਸਾ ਕਰਾਂ ਪੂਰਾ, ਆਸਾ ਆਸ਼ਾ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅਲਫ਼ ਰਿਹਾ ਪੜ੍ਹਾਈਆ। ਏਕਾ ਅਲਫ਼ ਲੈਣੀ ਪੜ੍ਹ, ਦੂਈ ਪਰਦਾ ਰਹਿਣ ਨਾ ਪਾਇੰਦਾ। ਏਕਾ ਮੰਦਰ ਜਾਣਾ ਚੜ੍ਹ, ਸਚ ਮਹੱਲਾ ਆਪ ਬੁਝਾਇੰਦਾ। ਏਕਾ ਲੜ ਲੈਣਾ ਫੜ, ਨਾ ਪੱਲੂ ਕੋਈ ਛੁਡਾਇੰਦਾ। ਏਕਾ ਅੰਤਮ ਵੇਖਣਾ ਸਾਚਾ ਘਰ, ਦਰ ਘਰ ਸਾਚਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਕਲਜੁਗ ਵੇਲਾ ਅੰਤਮ ਔਣਾ, ਗੁਰ ਗੋਬਿੰਦ ਗਿਆ ਸਮਝਾਈਆ। ਪੁਰਖ ਅਬਿਨਾਸ਼ੀ ਜਾਮਾ ਪੌਣਾ, ਨਿਹਕਲੰਕ ਨਾਉਂ ਧਰਾਈਆ। ਗੋਬਿੰਦ ਸਾਚਾ ਸੰਗ ਨਿਭੌਣਾ, ਦਿਸ ਕਿਸੇ ਨਾ ਆਈਆ। ਚੌਥੇ ਜੁਗ ਚਾਰ ਕਹਾਰਾ ਜਨਮ ਦਵੌਣਾ, ਲੋਕਮਾਤ ਵੇਖ ਵਖਾਈਆ। ਸਾਚੀ ਸੇਵਾ ਆਪ ਕਰੌਣਾ, ਸੇਵਕ ਸੇਵਾ ਇਕ ਸਮਝਾਈਆ । ਚੁਰਾਸੀ ਕਲੀਆਂ ਅਲਫ਼ੀ ਤਨ ਸੁਹੌਣਾ, ਸੋਹਣੀ ਰਚਨਾ ਆਪ ਰਚਾਈਆ। ਟਿੱਕਾ ਤਾਜ ਸੀਸ ਫੇਰ ਟਿਕੌਣਾ, ਪਰਗਟ ਹੋਵੇ ਸੱਚਾ ਸ਼ਹਿਨਸ਼ਾਹੀਆ। ਚਾਰ ਮੁਖ ਚਾਰ ਕਹਾਰ ਦਰਸੌਣਾ ਪੰਜਵਾਂ ਮੁਖ ਪਾਤਸ਼ਾਹ ਸ਼ਾਹ ਪਾਤਸ਼ਾਹ ਆਪ ਅਖਵਾਈਆ। ਗੁਰਸਿਖਾਂ ਮਿਟੌਣਾ ਦੁੱਖ, ਜਗਤ ਦਲਿਦਰ ਰਹੇ ਨਾ ਰਾਈਆ। ਆਪਣੀ ਗੋਦੀ ਲਏ ਚੁੱਕ, ਜਿਉਂ ਬਾਲਕ ਮਾਤਾ ਗੋਦ ਸੁਹਾਈਆ। ਜਨ ਜਨਨੀ ਕਰੇ ਉਜਲ ਮੁਖ, ਰਵ ਸਸ ਮੁਖ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਦਾਤਾ ਆਪ ਅਖਵਾਈਆ। ਕਲਜੁਗ ਅੰਤ ਸੁਹਾਵਣਾ, ਕਿਰਪਾ ਕਰੇ ਸ੍ਰੀ ਭਗਵਾਨ। ਚਾਰੇ ਜੁਗ ਪੰਧ ਮੁਕਾਵਣਾ, ਲੇਖਾ ਚੁੱਕੇ ਜਗਤ ਨਿਸ਼ਾਨ। ਸਾਚਾ ਸਗਨ ਆਪ ਮਨਾਵਣਾ, ਚਾਰ ਵਰਨਾਂ ਇਕ ਗਿਆਨ। ਸ੍ਰਿਸ਼ਟ ਸਬਾਈ ਰੰਗ ਰੰਗਾਵਣਾ, ਲੇਖਾ ਜਾਣੇ ਦੋ ਜਹਾਨ। ਧੁਰ ਫ਼ਰਮਾਣਾ ਆਪ ਸੁਣਾਵਣਾ, ਨਾਤਾ ਤੋੜੇ ਬੇਈਮਾਨ। ਹਰਿਜਨ ਸਾਚੇ ਵੇਖ ਵਖਾਵਣਾ, ਪੂਰਨ ਕਰੇ ਆਪਣਾ ਕਾਮ। ਨਗਰ ਖੇੜਾ ਗਰਾਮ ਵਸਾਵਣਾ, ਲੇਖੇ ਲਾਏ ਹੱਡ ਮਾਸ ਨਾੜੀ ਚਾਮ। ਆਪਣਾ ਦਾਮਨ ਆਪ ਫੜਾਵਣਾ, ਚਰਨ ਕਵਲ ਬਖ਼ਸ਼ੇ ਮਾਣ। ਜਰਨੈਲ ਗੁਰਦਾਸ ਸੰਗ ਸਮਾਵਣਾ, ਜਿਉਂ ਆਕਾਸ਼ ਚਮਕੇ ਰਵ ਸਸ ਸੂਰਜ ਭਾਨ। ਪੂਰਬ ਲਹਿਣਾ ਆਪ ਮੁਕਾਵਣਾ, ਦੇਵੇ ਦਰਸ ਸ੍ਰੀ ਭਗਵਾਨ। ਆਪਣਾ ਨਿਉਂ ਨਿਉਂ ਸੀਸ ਝੁਕਾਵਣਾ, ਗੁਰਸਿਖਾਂ ਉਤੋਂ ਵਿਟਹੁ ਕੁਰਬਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਲੇਖਾ ਜਾਣੇ ਦੋ ਜਹਾਨ। ਗੁਰਮੁਖ ਲੇਖ ਚੁਕਾਇਆ, ਕਰ ਕਿਰਪਾ ਆਪ ਨਿਰੰਕਾਰ। ਚਾਰ ਵਰਨਾਂ ਵੇਖ ਵਖਾਇਆ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦਏ ਆਧਾਰ। ਸਾਚੀ ਸਰਨ ਇਕ ਬਹਾਇਆ, ਮਰੇ ਨਾ ਜੰਮੇ ਵਿਚ ਸੰਸਾਰ। ਕੂੜਾ ਨਾਤਾ ਤੋੜ ਤੁੜਾਇਆ, ਪੁਰਖ ਬਿਧਾਤਾ ਮਿਲਿਆ ਏਕਾ ਯਾਰ। ਜਗਤ ਸੱਥਰ ਪਰੇ ਹਟਾਇਆ, ਸੱਥਰ ਵਿਛਾਇਆ ਏਕੰਕਾਰ। ਏਕਾ ਅੱਖਰ ਆਪ ਪੜ੍ਹਾਇਆ, ਅੱਖ ਖੋਲ੍ਹ ਬੰਦ ਕਿਵਾੜ। ਉਤਰ ਪੂਰਬ ਪੱਛਮ ਦੱਖਣ ਫੇਰਾ ਪਾਇਆ, ਆਪ ਆਪਣਾ ਬਲ ਧਾਰ। ਦਰ ਦਰਵੇਸ਼ ਨਾਉਂ ਧਰਾਇਆ, ਭਿਖਕ ਬਣੇ ਆਪ ਨਿਰੰਕਾਰ। ਗੋਬਿੰਦ ਸਗਲਾ ਸੰਗ ਰਖਾਇਆ, ਪੰਜ ਤਤ ਨਾ ਕੋਇ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਸਰਬ ਜੀਆਂ ਦਾ ਸਾਂਝਾ ਯਾਰ।
