Granth 09 Likhat 182: 24 Bhadro 2017 Bikarmi Gurdas Singh de Greh Pind Shahwala Jila Ferozepur

੨੪ ਭਾਦਰੋਂ ੨੦੧੭ ਬਿਕ੍ਰਮੀ ਗੁਰਦਾਸ ਸਿੰਘ ਦੇ ਗ੍ਰਹਿ ਪਿੰਡ ਸ਼ਾਹ ਵਾਲਾ ਜ਼ਿਲਾ ਫਿਰੋਜਪੁਰ

ਜੁਗ ਜੁਗ ਖੇਲ ਨਿਰੰਕਾਰ ਦਾ, ਕਰੇ ਕਰਾਏ ਕਰਨੇ ਜੋਗ। ਜੁਗ ਜੁਗ ਜਨ ਭਗਤਾਂ ਪੈਜ ਸੁਆਰਦਾ, ਲੇਖਾ ਜਾਣੇ ਧੁਰ ਸੰਜੋਗ। ਜੁਗ ਜੁਗ ਸਾਚੇ ਸੰਤ ਵਾਜਾਂ ਮਾਰਦਾ, ਦਰਸ ਦਿਖਾਏ ਦਰ ਅਮੋਘ। ਜੁਗ ਜੁਗ ਗੁਰਮੁਖ ਸਾਚੇ ਆਪ ਉਭਾਰਦਾ, ਸ਼ਬਦ ਜਣਾਏ ਇਕ ਸਲੋਕ। ਜੁਗ ਜੁਗ ਗੁਰਸਿਖ ਸਾਚੇ ਤਾਰਦਾ, ਚਰਨ ਪ੍ਰੀਤੀ ਬਖ਼ਸ਼ੇ ਸਾਚੀ ਮੋਖ। ਜੁਗ ਜੁਗ ਸ਼ਬਦ ਵਿਚੋਲਾ ਬਣੇ ਸਰਬ ਸੰਸਾਰ ਦਾ, ਲੇਖਾ ਜਾਣੇ ਲੋਕ ਪਰਲੋਕ। ਜੁਗ ਜੁਗ ਭੇਸ ਅਵੱਲਾ ਕਰੇ ਗੁਰ ਕਰਤਾਰ ਦਾ, ਇਕ ਇਕੱਲਾ ਨਾ ਕੋਈ ਹਰਖ ਸੋਗ। ਜੁਗ ਜੁਗ ਲੇਖਾ ਆਪਣਾ ਆਪ ਵਿਚਾਰ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰੂਪ ਪਰਗਟਾਏ ਕੋਟੀ ਕੋਟ। ਜੁਗ ਜੁਗ ਚਾਲ ਨਿਰਾਲੀਆ, ਨਿਰਗੁਣ ਨਿਰਵੈਰ ਖੇਲ ਖਲਾਏ। ਜੁਗ ਜੁਗ ਜੋਤ ਅਕਾਲੀਆ, ਅਕਲ ਕਲ ਰੂਪ ਪਰਗਟਾਏ। ਜੁਗ ਜੁਗ ਵੇਖੇ ਸਚਖੰਡ ਸੱਚੀ ਧਰਮਸਾਲੀਆ, ਲੋਕਮਾਤ ਬੰਕ ਵਡਿਆਏ। ਜੁਗ ਜੁਗ ਰੰਗੇ ਰੰਗ ਗੁਲਾਲੀਆ, ਰੰਗ ਗੁਲਾਲਾ ਆਪ ਚੜ੍ਹਾਏ। ਜੁਗ ਜੁਗ ਗਗਨ ਮਸਤਕ ਵੇਖੇ ਸਾਚੀ ਥਾਲੀਆ, ਦੀਪਕ ਦੀਆ ਆਪ ਟਿਕਾਏ। ਜੁਗ ਜੁਗ ਜਪਾਏ ਆਪਣਾ ਨਾਮ ਸੁਖਾਲੀਆ, ਮੰਤਰ ਨਾਮ ਇਕ ਦ੍ਰਿੜਾਏ। ਜੁਗ ਜੁਗ ਫੇਰੇ ਸਾਚੀ ਮਾਲੀਆ, ਨਾਮ ਮਾਲਾ ਇਕ ਵਖਾਏ। ਜੁਗ ਜੁਗ ਤੋੜੇ ਜਗਤ ਜੰਜਾਲੀਆ, ਜਾਗਰਤ ਜੋਤ ਕਰ ਰੁਸ਼ਨਾਏ। ਜੁਗ ਜੁਗ ਘਾਲੇ ਸਾਚੀ ਘਾਲੀਆ, ਘਾਲਣਹਾਰਾ ਦਿਸ ਨਾ ਆਏ। ਜੁਗ ਜੁਗ ਲੱਖ ਚੁਰਾਸੀ ਫਲ ਲਾਏ ਡਾਲੀਆ, ਫੁਲ ਫੁਲਵਾੜੀ ਵੇਖ ਵਖਾਏ। ਜੁਗ ਜੁਗ ਧੁਰ ਦਰਗਾਹੀ ਬਣੇ ਸੱਚਾ ਮਾਲੀਆ, ਮਾਲਕ ਆਪਣੀ ਦਇਆ ਕਮਾਏ। ਜੁਗ ਜੁਗ ਖ਼ਾਲਕ ਖ਼ਲਕ ਬਣੇ ਸਵਾਲੀਆ, ਆਪਣੀ ਮੰਗਣ ਮੰਗ ਮੰਗਾਏ। ਜੁਗ ਜੁਗ ਕਰੇ ਪ੍ਰਿਤਪਾਲਕ ਕਰੇ ਖੇਲ ਦੋ ਜਹਾਨਿਆ, ਲੋਆਂ ਪੁਰੀਆਂ ਵੇਸ ਧਰਾਏ। ਜੁਗ ਜੁਗ ਕਰੇ ਪਰਕਾਸ਼ ਰਵ ਸਸ ਕੋਟਨ ਭਾਨਿਆ, ਅੰਧ ਅੰਧੇਰ ਆਪ ਗਵਾਏ। ਜੁਗ ਜੁਗ ਪੜ੍ਹੇ ਅਨਹਦ ਅਨਾਦੀ ਸਾਚੀ ਬਾਣੀਆ, ਸ਼ਬਦ ਅਗੰਮੀ ਰਾਗ ਅਲਾਏ। ਜੁਗ ਜੁਗ ਜਾਣੇ ਅਕਥ ਕਹਾਣੀਆ, ਕਥਨੀ ਕਥ ਨਾ ਸਕੇ ਰਾਏ। ਜੁਗ ਜੁਗ ਬਣੇ ਸਚ ਸਵਾਣੀਆ, ਸਾਚਾ ਕੰਤ ਆਪ ਹੰਢਾਏ। ਜੁਗ ਜੁਗ ਦੇਵੇ ਧੁਰ ਫ਼ਰਮਾਣਿਆ, ਆਪਣੀ ਸਿਖ਼ਿਆ ਸਿੱਖ ਸਮਝਾਏ। ਜੁਗ ਜੁਗ ਹੋਵੇ ਜਾਣ ਜਾਣਿਆ, ਜਾਨਣਹਾਰ ਬੇਪਰਵਾਹੇ। ਜੁਗ ਜੁਗ ਜਨ ਭਗਤਾਂ ਦੇਵੇ ਮਾਣ ਨਿਮਾਣਿਆ, ਗ਼ਰੀਬ ਨਿਮਾਣੇ ਗਲੇ ਲਗਾਏ। ਜੁਗ ਜੁਗ ਵੇਖੇ ਚਤਰ ਸੁਘੜ ਸਿਆਣਿਆ, ਮੂਰਖ ਮੂੜ੍ਹੇ ਭੇਵ ਨਾ ਰਾਏ। ਜੁਗ ਜੁਗ ਤਖ਼ਤ ਬਹਾਏ ਰਾਜੇ ਰਾਣਿਆ, ਜੁਗ ਜੁਗ ਖ਼ਾਕੀ ਖ਼ਾਕ ਮਿਲਾਏ। ਜੁਗ ਜੁਗ ਇਸ਼ਟ ਦੇਵ ਗੁਰ ਵੇਖ ਵਖਾਨਿਆ, ਜੁਗ ਜੁਗ ਨਿਉਂ ਨਿਉਂ ਸੀਸ ਝੁਕਾਏ। ਜੁਗ ਜੁਗ ਹੋਏ ਦਰ ਦਰਬਾਨਿਆ, ਜੁਗ ਜੁਗ ਅਲੱਖ ਨਿਰੰਜਣ ਅਲੱਖ ਜਗਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਬੇਪਰਵਾਹੇ। ਜੁਗ ਜੁਗ ਸ਼ਾਹ ਸੁਲਤਾਨ, ਤਖ਼ਤ ਤਾਜ ਹੰਢਾਈਆ। ਜੁਗ ਜੁਗ ਵਸੇ ਸਚ ਮਕਾਨ, ਸਚਖੰਡ ਦਵਾਰਾ ਸੋਭਾ ਪਾਈਆ। ਜੁਗ ਜੁਗ ਖੇਲੇ ਖੇਲ ਸ੍ਰੀ ਭਗਵਾਨ, ਨਿਰਗੁਣ ਸਰਗੁਣ ਰੂਪ ਧਰਾਈਆ। ਜੁਗ ਜੁਗ ਬ੍ਰਹਮਾ ਵਿਸ਼ਨ ਸ਼ਿਵ ਪਾਏ ਆਣ, ਜੁਗ ਜੁਗ ਹੁਕਮੀ ਹੁਕਮ ਚਲਾਈਆ। ਜੁਗ ਜੁਗ ਲੱਖ ਚੁਰਾਸੀ ਉਪਜਾਏ ਇਕ ਨਿਸ਼ਾਨ, ਜੁਗ ਜੁਗ ਗੇੜਾ ਗੇੜ ਦਵਾਈਆ। ਜੁਗ ਜੁਗ ਏਕਾ ਰਾਗ ਸੁਣਾਏ ਕਾਨ, ਜੁਗ ਜੁਗ ਵੇਦ ਬ੍ਰਹਮਾ ਮੁਖ ਪੜ੍ਹਾਈਆ। ਜੁਗ ਜੁਗ ਨਾਤਾ ਤੋੜੇ ਪੰਜ ਸ਼ੈਤਾਨ, ਜੁਗ ਜੁਗ ਮੇਲ ਮਿਲਾਏ ਪੰਚਮ ਸਹਿਜ ਸੁਖਦਾਈਆ। ਜੁਗ ਜੁਗ ਆਪਣੀ ਕਰੇ ਆਪ ਪਛਾਣ, ਆਪਣਾ ਪਰਦਾ ਆਪ ਉਠਾਈਆ। ਜੁਗ ਜੁਗ ਆਪਣਾ ਆਪ ਕਰੇ ਪਰਵਾਨ, ਆਪ ਆਪਣੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਸਾਚੀ ਕਾਰ, ਕਰੇ ਕਰਾਏ ਏਕੰਕਾਰ, ਕਲ ਕੁਦਰਤ ਰੂਪ ਪਰਗਟਾਈਆ। ਜੁਗ ਜੁਗ ਪੁਰਖ ਸਮਰਥ, ਸਰਬ ਕਲਾ ਅਖਵਾਇੰਦਾ। ਜੁਗ ਜੁਗ ਚਲਾਏ ਆਪਣਾ ਰਥ, ਰਥ ਰਥਵਾਹੀ ਸੇਵ ਕਮਾਇੰਦਾ। ਜੁਗ ਜੁਗ ਸੁਣਾਏ ਗਾਥ, ਬੋਧ ਅਗਾਧੀ ਸ਼ਬਦ ਉਪਾਇੰਦਾ। ਜੁਗ ਜੁਗ ਜਪਾਏ ਪੂਜਾ ਪਾਠ, ਇਸ਼ਟ ਦੇਵ ਗੁਰ ਰੂਪ ਪਰਗਟਾਇੰਦਾ। ਜੁਗ ਜੁਗ ਸਰ ਸਰੋਵਰ ਮਾਰੇ ਠਾਠ, ਜਲਧਾਰਾ ਨੀਰ ਸਮਾਇੰਦਾ। ਜੁਗ ਜੁਗ ਖੋਲੇ੍ਹੇ ਆਪਣਾ ਹਾਟ, ਵਣਜ ਵਣਜਾਰਾ ਆਪ ਅਖਵਾਇੰਦਾ। ਜੁਗ ਜੁਗ ਆਤਮ ਸੇਜਾ ਸੋਏ ਖਾਟ, ਪਲੰਘ ਰੰਗੀਲਾ ਇਕ ਸੁਹਾਇੰਦਾ। ਜੁਗ ਜੁਗ ਸਵਾਂਗੀ ਸਵਾਂਗ ਕਰੇ ਨਟੂਆ ਨਾਟ, ਠਗ ਠਗੌਰੀ ਆਪੇ ਪਾਇੰਦਾ। ਜੁਗ ਜੁਗ ਹੋਏ ਕਮਲਾਪਾਤ, ਕੰਤ ਕੰਤੂਲ ਆਪਣੀ ਖੇਲ ਖਿਲਾਇੰਦਾ। ਜੁਗ ਜੁਗ ਉਪਜਾਏ ਕਵਲ ਫੂਲ, ਕਵਲ ਆਪਣਾ ਨਾਉਂ ਰਖਾਇੰਦਾ। ਜੁਗ ਜੁਗ ਜਲ ਬੰਧਾਏ ਧਰਤ ਧਵਲ ਧੌਲ, ਧਰਨੀ ਧਰਤ ਆਪ ਸੁਹਾਇੰਦਾ। ਜੁਗ ਜੁਗ ਲੱਖ ਚੁਰਾਸੀ ਜਾਏ ਮੌਲ, ਰੂਪ ਰੇਖ ਰੰਗ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਵੇਸ ਵਟਾਇੰਦਾ। ਜੁਗ ਜੁਗ ਜੋਗ ਅਭਿਆਸ, ਮੰਤਰ ਅੰਤਰ ਨਾਮ ਦ੍ਰਿੜਾਇੰਦਾ। ਜੁਗ ਜੁਗ ਖੇਲ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਵੇਖ ਵਖਾਇੰਦਾ। ਜੁਗ ਜੁਗ ਲੇਖਾ ਜਾਣੇ ਪਵਣ ਸਵਾਸ, ਰਸਨਾ ਜਿਹਵਾ ਆਪ ਹਲਾਇੰਦਾ। ਜੁਗ ਜੁਗ ਮੰਡਲ ਮੰਡਪ ਪਾਵੇ ਰਾਸ, ਗੋਪੀ ਕਾਹਨ ਆਪ ਨਚਾਇੰਦਾ। ਜੁਗ ਜੁਗ ਕਰੇ ਖੇਲ ਪੁਰਖ ਅਬਿਨਾਸ, ਅਬਿਨਾਸੀ ਕਰਤਾ ਆਪਣਾ ਨਾਉਂ ਧਰਾਇੰਦਾ। ਜੁਗ ਜੁਗ ਜਨ ਭਗਤਾਂ ਹੋਏ ਦਾਸੀ ਦਾਸ, ਸੇਵਕ ਸੇਵਾ ਆਪ ਕਰਾਇੰਦਾ। ਜੁਗ ਜੁਗ ਸੰਤਨ ਪੂਰੀ ਕਰੇ ਆਸ, ਨਿਰਾਸਾ ਕੋਇ ਨਾ ਮਾਤ ਦਸਾਇੰਦਾ। ਜੁਗ ਜੁਗ ਗੁਰਮੁਖਾਂ ਬੁਝਾਏ ਪਿਆਸ, ਅੰਮ੍ਰਿਤ ਆਤਮ ਮੇਘ ਬਰਸਾਇੰਦਾ। ਜੁਗ ਜੁਗ ਗੁਰਸਿਖਾਂ ਅੰਦਰ ਕਰੇ ਵਾਸ, ਸਾਚੀ ਸਿਖ਼ਿਆ ਇਕ ਪੜ੍ਹਾਇੰਦਾ। ਜੁਗ ਜੁਗ ਹੋਏ ਨਾ ਕਦੇ ਵਿਨਾਸ, ਆਵਣ ਜਾਵਣ ਖੇਲ ਖਿਲਾਇੰਦਾ। ਜੁਗ ਜੁਗ ਲਹਿਣਾ ਦੇਣਾ ਜਾਣੇ ਦਸ ਦਸ ਮਾਸ, ਮਾਤ ਗਰਭ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਬੰਧਾਇੰਦਾ। ਜੁਗ ਜੁਗ ਨਾਮ ਸ਼ਬਦ ਭੰਡਾਰ, ਏਕਾ ਏਕ ਵਰਤਾਈਆ। ਗੁਰ ਗੁਰ ਰੂਪ ਵਿਚ ਸੰਸਾਰ, ਜੁਗ ਕਰਤਾ ਭੇਵ ਨਾ ਰਾਈਆ। ਜੁਗ ਜੁਗ ਲੇਖਾ ਲਿਖੇ ਅਗੰਮ ਅਪਾਰ, ਅਗੰਮ ਅਗੰਮੜੀ ਕਾਰ ਕਮਾਈਆ। ਜੁਗ ਜੁਗ ਮਾਤ ਪਿਤ ਅੰਮੜੀ ਨਾ ਕੋਇ ਪਿਆਰ, ਗੋਦੀ ਗੋਦ ਨਾ ਕੋਇ ਸੁਹਾਈਆ। ਜੁਗ ਜੁਗ ਬਾਲੀ ਬੁਧ ਨਾ ਕੋਇ ਆਧਾਰ, ਜਵਾਨੀ ਜੋਬਨ ਨਾ ਕੋਇ ਹੰਢਾਈਆ। ਜੁਗ ਜੁਗ ਬੁੜ੍ਹਾਪਾ ਨਾ ਕਰੇ ਮਾਤ ਖ਼ਵਾਰ, ਵੇਲੇ ਅੰਤ ਨਾ ਕੋਇ ਦੁਖਦਾਈਆ। ਜੁਗ ਜੁਗ ਕਰੇ ਖੇਲ ਆਪ ਨਿਰੰਕਾਰ, ਕੁਦਰਤ ਕਾਦਰ ਵੇਖ ਵਖਾਈਆ। ਜੁਗ ਜੁਗ ਵਰਤੇ ਵਰਤਾਵੇ ਸਚ ਵਰਤਾਰ, ਵਰਤਾਵਣਹਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਭੇਵ ਨਾ ਰਾਈਆ। ਜੁਗ ਕਰਤਾ ਸਿਫ਼ਤ ਸਾਲਾਹੀਆ, ਸਰਬ ਗੁਣਾਂ ਭਰਪੂਰ। ਜੁਗ ਜੁਗ ਵੇਸ ਵਟਾਈਆ, ਆਦਿਨ ਅੰਤਾ ਹਾਜ਼ਰ ਹਜ਼ੂਰ। ਜੁਗ ਜੁਗ ਜੋਤ ਜਗਾਈਆ, ਜੋਤ ਉਜਾਲਾ ਨੂਰੋ ਨੂਰ। ਜੁਗ ਜੁਗ ਜੋਗ ਕਮਾਈਆ, ਜੁਗ ਜੁਗ ਵੇਖੇ ਚਰਨਾਂ ਧੂੜ। ਜੁਗ ਜੁਗ ਰੋਗ ਮਿਟਾਈਆ, ਲੱਖ ਚੁਰਾਸੀ ਕੱਟੇ ਜੂੜ। ਜੁਗ ਜੁਗ ਲੋਕ ਪਰਲੋਕ ਸਹਾਈਆ, ਲੇਖਾ ਜਾਣੇ ਨੇੜਾ ਦੂਰ। ਜੁਗ ਜੁਗ ਸਚ ਸਲੋਕ ਸੁਣਾਈਆ, ਰਾਗ ਅਨਾਦੀ ਏਕਾ ਤੂਰ। ਜੁਗ ਜੁਗ ਹਰਖ ਸੋਗ ਮਿਟਾਈਆ, ਚਿੰਤਾ ਦੁਖ ਕਰੇ ਚੂਰ। ਜੁਗ ਜੁਗ ਦਰਸ ਅਮੋਘ ਕਰਾਈਆ, ਇਕ ਇਕੱਲਾ ਹਾਜ਼ਰ ਹਜ਼ੂਰ। ਜੁਗ ਜੁਗ ਜਨ ਭਗਤਾਂ ਘਰ ਭੋਗ ਲਗਾਈਆ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਸਾ ਮਨਸਾ ਪੂਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਰਬ ਕਲ ਭਰਪੂਰ। ਸਰਬ ਕਲ ਭਰਪੂਰਿਆ, ਪੂਰਨ ਬ੍ਰਹਮ ਸਮਾਏ। ਕਰੇ ਖੇਲ ਜੋਤੀ ਨੂਰਿਆ, ਨੂਰੀ ਜਲਵਾ ਡਗਮਗਾਏ। ਤਨ ਕਫ਼ਨੀ ਵੇਖੇ ਭੂਰਿਆ, ਗਲ ਮਾਲਾ ਮਣਕਾ ਲਏ ਲਟਕਾਏ। ਵੇਸ ਵਟਾਏ ਕੂੜੋ ਕੂੜਿਆ, ਕੂੜੀ ਕਿਰਿਆ ਦਏ ਖਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਣਾ ਆਪ ਮਨਾਏ। ਜੁਗ ਜੁਗ ਭਾਣਾ ਜਾਣਿਆ, ਜਾਨਣਹਾਰ ਕਰਤਾਰ। ਜੁਗ ਜੁਗ ਰੰਗ ਮਾਣਿਆ, ਰੰਗ ਮਾਣੇ ਵਿਚ ਸੰਸਾਰ। ਜੁਗ ਜੁਗ ਹੋਏ ਨਿਮਾਣਿਆ, ਦਰ ਭਗਤਾਂ ਬਣੇ ਭਿਖਾਰ। ਜੁਗ ਜੁਗ ਤਖ਼ਤੋਂ ਲਾਹੇ ਰਾਜੇ ਰਾਣਿਆਂ, ਸ਼ਬਦ ਖੰਡਾ ਫੜ ਕਟਾਰ। ਜੁਗ ਜੁਗ ਤੋੜੇ ਮਾਣ ਅਭਮਾਨਿਆ, ਗ਼ਰੀਬ ਨਿਮਾਣਿਆ ਜਾਏ ਤਾਰ। ਜੁਗ ਜੁਗ ਚਿਲਾ ਫੜੇ ਤੀਰ ਕਮਾਨਿਆ, ਜੁਗ ਜੁਗ ਅਸਵ ਹੋਏ ਅਸਵਾਰ। ਜੁਗ ਜੁਗ ਪਾਏ ਸਾਰ ਦੋ ਜਹਾਨਿਆ, ਲੋਕਮਾਤ ਲਏ ਅਵਤਾਰ। ਜੁਗ ਜੁਗ ਪਹਿਰੇ ਨੀਲਾ ਬਾਣਿਆ, ਨੀਲੇ ਵਾਲਾ ਪਰਵਰਦਿਗਾਰ। ਕਲਜੁਗ ਵੇਲਾ ਵਕਤ ਪਛਾਣਿਆ, ਮੇਲ ਮਿਲਾਇਆ ਮੁਹੰਮਦੀ ਯਾਰ। ਚਾਰ ਕਹਾਰ ਕਰ ਪਰਵਾਨਿਆ, ਸੇਵਾ ਲਾਏ ਦਰ ਦਰਬਾਨ। ਗੋਬਿੰਦ ਬਣਿਆ ਮਾਣ ਨਿਮਾਣਿਆ, ਗਲ ਅਲਫ਼ੀ ਤਨ ਸ਼ੰਗਾਰ। ਖੁਲੜੇ ਕੇਸ ਇਕ ਵਖਾਨਿਆ, ਦਰ ਦਰਵੇਸ਼ ਪਰਵਰਦਿਗਾਰ। ਬ੍ਰਹਮਾ ਵਿਸ਼ਨ ਸ਼ਿਵ ਸੀਸ ਨਿਵਾਨਿਆ, ਨੇਤਰ ਰੋਵਣ ਜ਼ਾਰ ਜ਼ਾਰ। ਕਵਣ ਜਾਣੇ ਤੇਰੇ ਭਾਣਿਆ, ਕਵਣ ਰੂਪ ਵਰਤੇ ਵਿਚ ਸੰਸਾਰ । ਵਿਸ਼ਨੂੰ ਦੇਵੇ ਤੇਰਾ ਦਿਤਾ ਪੀਣਾ ਖਾਣਿਆ, ਵਰਤੇ ਵਰਤਾਵੇ ਆਪ ਕਰਤਾਰ। ਬ੍ਰਹਮੇ ਰੰਗ ਏਕਾ ਮਾਣਿਆ, ਬ੍ਰਹਮ ਰੂਪ ਸਿਰਜਣਹਾਰ। ਸ਼ੰਕਰ ਹੱਥ ਤ੍ਰਸ਼ੂਲ ਵਖਾਨਿਆ, ਤਿੰਨਾਂ ਲੋਕਾਂ ਮਿਲੇ ਬਾਹਰ। ਕਰੇ ਖੇਲ ਸ੍ਰੀ ਭਗਵਾਨਿਆ, ਲੋਕਮਾਤ ਲਏ ਅਵਤਾਰ। ਪੁਰਖ ਅਕਾਲ ਖੇਲ ਦੋ ਜਹਾਨਿਆ, ਨਿਰਗੁਣ ਸਰਗੁਣ ਬੰਨ੍ਹੇ ਧਾਰ। ਸੁਤ ਦੁਲਾਰਾ ਆਪ ਉਠਾਨਿਆ, ਜੋਤੀ ਜੋਤ ਕਰ ਪਿਆਰ। ਆਪਣਾ ਇਸ਼ਟ ਆਪ ਵਖਾਨਿਆ, ਨਾਤਾ ਤੋੜ ਸਰਬ ਸੰਸਾਰ। ਮਾਤ ਪਿਤ ਪੁਤਰ ਧੀਆਂ ਸੰਗ ਨਾ ਕੋਇ ਵਖਾਨਿਆ, ਕਿਲਾ ਕੋਟ ਨਾ ਮਹੱਲ ਉਸਾਰ। ਗੁਰਮੁਖ ਗੁਰਸਿਖ ਭਗਤ ਭਗਵੰਤ ਸ਼ਬਦ ਸਰੂਪੀ ਆਪਣੇ ਰੰਗ ਰੰਗਾਨਿਆ, ਆਪ ਆਪਣਾ ਕਰੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜਾਣੇ ਆਪਣੀ ਕਾਰ। ਜੁਗ ਜੁਗ ਕਾਰ ਕਮਾਇੰਦਾ, ਵੇਖੇ ਝੂਠੀ ਸ਼ਾਹ। ਜੁਗ ਜੁਗ ਹੁਕਮ ਸੁਣਾਇੰਦਾ, ਵਡ ਦਾਤਾ ਬੇਪਰਵਾਹ। ਜੁਗ ਜੁਗ ਤਖ਼ਤ ਤਾਜ ਉਲਟਾਇੰਦਾ, ਲੱਖ ਚੁਰਾਸੀ ਕਰੇ ਸਫ਼ਾ। ਜੁਗ ਜੁਗ ਆਪਣਾ ਭੇਸ ਧਰਾਇੰਦਾ, ਨਿਰਗੁਣ ਨਿਰਵੈਰ ਰੂਪ ਖ਼ੁਦਾ। ਜੁਗ ਜੁਗ ਆਪਣਾ ਨਾਮ ਵਡਿਆਇੰਦਾ, ਨਾਉਂ ਨਿਰੰਕਾਰਾ ਆਪ ਅਖਵਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪੇ ਲਾਹਿੰਦਾ। ਜੁਗ ਜੁਗ ਝੂਠੀ ਸ਼ਾਹੀ ਕਰ ਤਿਆਰ, ਲੋਕਮਾਤ ਦਏ ਵਡਿਆਈਆ। ਜੁਗ ਜੁਗ ਸੁਹਾਏ ਗੜ੍ਹ ਹੰਕਾਰ, ਮਾਇਆ ਮਮਤਾ ਮੇਲ ਮਿਲਾਈਆ। ਜੁਗ ਜੁਗ ਆਸਾ ਤ੍ਰਿਸ਼ਨਾ ਕਰੇ ਪਿਆਰ, ਜੁਗ ਜੁਗ ਜੂਠ ਝੂਠ ਕਰੇ ਕੁੜਮਾਈਆ। ਜੁਗ ਜੁਗ ਹਉਮੇ ਹੰਗਤਾ ਕਰੇ ਉਡਾਰ, ਜੁਗ ਜੁਗ ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਜੁਗ ਜੁਗ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਘਰ ਘਰ ਕਰਾਏ ਵਿਭਚਾਰ, ਵਿਦਿਆ ਅੱਖਰ ਜਗਤ ਪੜ੍ਹਾਈਆ। ਕਲਜੁਗ ਅੰਤਮ ਖੇਲ ਅਪਾਰ, ਮੁਖ ਮੁਖ ਚਾਰ ਵੇਖ ਵਖਾਈਆ। ਬੱਤੀ ਦੰਦ ਗਏ ਹਾਰ, ਬੱਤੀ ਹਜ਼ਾਰ ਰਹਿਣ ਨਾ ਪਾਈਆ। ਕਾਲਾ ਵੇਸ ਕਰਿਆ ਗੁਰ ਕਰਤਾਰ, ਗੋਬਿੰਦ ਅਲਫ਼ੀ ਤਨ ਛੁਹਾਈਆ। ਚਾਰ ਵਰਨਾਂ ਵਸਿਆ ਬਾਹਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਪਣਾ ਵਰਨ ਨਾ ਕੋਇ ਜਣਾਈਆ। ਨੇਹਕਰਮੀ ਕਰਮ ਕਰੇ ਸੰਸਾਰ, ਕਰਮ ਕਾਂਡ ਮੂੰਡ ਮੁੰਡਾਈਆ। ਸਾਚਾ ਧਰਮ ਇਸ਼ਟ ਪੂਜਾ ਪੁਰਖ ਅਕਾਲ, ਦੂਸਰ ਗੁਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਭੋਜਨ ਵੇਖੇ ਬੇਪਰਵਾਹੀਆ। ਜਗਤ ਭੋਜਨ ਚਾਰ ਜੁਗ, ਚਾਰੇ ਰੰਗ ਵਟਾਇੰਦਾ। ਨੌਂ ਚਾਰ ਵੇਖੇ ਚੁਗ ਚੁਗ, ਛੱਤੀ ਗੇੜਾ ਆਪ ਰਖਾਇੰਦਾ। ਆਪੇ ਲੇਖਾ ਜਾਣੇ ਲੁਕ ਲੁਕ, ਜੀਅ ਦਾਨ ਦਾਤਾ ਆਪ ਉਪਜਾਇੰਦਾ। ਆਪੇ ਤ੍ਰਿਸ਼ਨਾ ਆਪੇ ਭੁੱਖ, ਆਪੇ ਤ੍ਰਿਪਤ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਆਪਣੇ ਹਸਤ ਰਖਾਇੰਦਾ। ਵਸਤ ਰਖਾਏ ਦਾਮਨਗੀਰ, ਦਹਿ ਦਿਸ਼ਾ ਵੇਖ ਵਖਾਈਆ। ਨੀਲੇ ਬਸਤਰ ਪਹਿਨਿਆ ਚੀਰ, ਗੁਣੀ ਗਹੀਰ ਵਡ ਵਡਿਆਈਆ। ਆਪਣੀ ਰਸਨਾ ਮੁਖੀ ਰੱਖੀ ਤੀਰ, ਤਨ ਕਮਾਨ ਇਕ ਸੁਹਾਈਆ। ਲੱਖ ਚੁਰਾਸੀ ਬਣਿਆ ਦਰ ਫ਼ਕੀਰ, ਸ਼ਾਹ ਹਕੀਰ ਨਾ ਕੋਇ ਵਡਿਆਈਆ। ਆਪਣਾ ਤੋੜ ਆਪ ਜ਼ੰਜ਼ੀਰ, ਆਪਣਾ ਰੂਪ ਆਪ ਵਟਾਈਆ। ਆਪੇ ਬਣਿਆ ਉਚ ਪੀਰ, ਗੋਬਿੰਦ ਸੀਸ ਕਲਗੀ ਤੋੜਾ ਨਾ ਕੋਇ ਰਖਾਈਆ। ਉਚੀ ਕੂਕ ਬੋਲੇ ਅਖ਼ੀਰ, ਚਾਰ ਯਾਰਾਂ ਰਿਹਾ ਸਮਝਾਈਆ। ਕਲਜੁਗ ਵੇਲਾ ਔਣਾ ਅੰਤ ਅਖ਼ੀਰ, ਹਿੰਦੂ ਮੁਸਲਮ ਸਿੱਖ ਈਸਾਈ ਲੱਭਣ ਥਾਉਂ ਥਾਈਆ। ਕਿਸੇ ਹੱਥ ਨਾ ਆਵੇ ਦਸਤਗੀਰ, ਦਾਮਨ ਫੜੇ ਨਾ ਕੋਇ ਸ਼ਾਹੀਆ। ਆਪਣੀ ਖਿਚੇ ਆਪ ਲਕੀਰ, ਆਰ ਪਾਰ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਵਿਚ ਟਿਕਾਈਆ। ਜਗਤ ਸ਼ਾਹੀ ਖੇਲ ਅਪਾਰ, ਨਿਉਂ ਨਿਉਂ ਸੀਸ ਝੁਕਾਇਆ। ਕਲਮੀ ਕਲਮਾ ਕਰ ਸ਼ਿਕਾਰ, ਬਿਸਮਲ ਅਗੇ ਰੂਪ ਟਿਕਾਇਆ। ਸਵਾ ਗਿਠ ਖਿਚ ਕਟਾਰ, ਕਵਚ ਆਪਣੇ ਹੱਥ ਉਠਾਇਆ। ਉਤਰ ਪੱਛਮ ਖਿਚੇ ਪਹਿਲੀ ਵਾਰ, ਪੱਛਮ ਪੂਰਬ ਫੇਰ ਫਿਰਾਇਆ। ਗੇੜਾ ਦੇਵੇ ਚਾਰ ਦੀਵਾਰ, ਨੌਂ ਖੰਡ ਪ੍ਰਿਥਮੀ ਘੇਰਾ ਆਪੇ ਪਾਇਆ। ਨਾਤਾ ਤੋੜ ਸ਼ਰਅ ਸ਼ਰੀਯਤ ਕਰੇ ਖ਼ਵਾਰ, ਅਮਾਮ ਅਮਾਮਾਂ ਸਿਰ ਆਪ ਹੋ ਜਾਇਆ। ਹੱਥੀਂ ਮਹਿਦੀ ਰੰਗ ਲਗਾਏ ਅਪਰ ਅਪਾਰ, ਲਹਿੰਦੀ ਦਿਸ਼ਾ ਵੇਖ ਵਖਾਇਆ। ਸਾਚੀ ਦੇਗ ਕਰ ਤਿਆਰ, ਨਾਮ ਤੇਗ ਵਿਚ ਫਿਰਾਇਆ। ਕਲਜੁਗ ਅੰੰਤਮ ਪਾਵੇ ਸਾਰ, ਅਮਾਮ ਮਹਿੰਦੀ ਆਪਣਾ ਰੂਪ ਵਟਾਇਆ। ਗੋਬਿੰਦ ਸੂਰਾ ਸੂਰਬੀਰ ਬਲਕਾਰ, ਸ਼ਬਦ ਨਿਸ਼ਾਨ ਤੀਰ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਦਏ ਮੁਕਾਇਆ। ਸ਼ਬਦ ਖੰਡੇ ਭੋਗ ਲਗਾਇੰਦਾ, ਤਿਖੀ ਰੱਖੀ ਧਾਰ। ਆਪਣਾ ਈਮਾਨ ਆਪ ਧਰਾਇੰਦਾ, ਈਮਾਨ ਈਮਾਨਾਂ ਸਿਰ ਸਿਕਦਾਰ। ਸਚ ਕਲਾਮ ਆਪ ਸੁਣਾਇੰਦਾ, ਏਕਾ ਬੋਲ ਹਕ ਜੈਕਾਰ। ਏਕਾ ਕਲਮਾ ਆਪ ਪੜ੍ਹਾਇੰਦਾ, ਕਾਇਆ ਕਾਅਬਾ ਕਰ ਵਿਚਾਰ। ਏਕਾ ਆਬੇ ਹਯਾਤ ਆਪ ਪਿਲਾਇੰਦਾ, ਪੀਵਤ ਪੀ ਹੋਏ ਖ਼ੁਮਾਰ। ਏਕਾ ਦਰਦੀ ਦਰਦ ਵੰਡਾਇੰਦਾ, ਦੋਜ਼ਖ਼ ਬਹਿਸ਼ਤ ਪਾਵੇ ਸਾਰ। ਏਕਾ ਗ਼ਰਜ਼ੀ ਗ਼ਰਜ਼ ਰਖਾਇੰਦਾ, ਕਾਇਨਾਤ ਕਰੇ ਪਿਆਰ। ਏਕਾ ਅਰਜ਼ੀ ਚਾਰ ਹੱਥੀਂ ਆਪ ਲਿਖਾਇੰਦਾ, ਆਪੇ ਬੋਲ ਸ਼ਬਦ ਜੈਕਾਰ। ਆਪਣੀ ਅਸਤੀ ਤੁਹਾਡੇ ਸੀਸ ਟਿਕਾਇੰਦਾ, ਅਰਥੀ ਚੁੱਕੇ ਨਾ ਕੋਇ ਵਿਚ ਸੰਸਾਰ। ਅੰਤਮ ਅੰਤ ਤੁਹਾਡਾ ਪ੍ਰੇਮ ਆਪਣੀ ਅਗਨੀ ਲੰਬੂ ਲਾਇੰਦਾ, ਜੋਤੀ ਨੂਰ ਹੋਏ ਉਜਿਆਰ। ਕਾਲਾ ਸੂਸਾ ਤਨ ਛੁਹਾਇੰਦਾ, ਨੀਲਾ ਕਰੇ ਖ਼ਬਰਦਾਰ। ਹੱਕ ਜੈਕਾਰਾ ਏਕਾ ਲਾਇੰਦਾ, ਮਲਕ ਉਲ ਮੌਤ ਕਰੇ ਖ਼ਵਾਰ। ਰੂਹ ਬੁਤ ਨਾ ਕੋਇ ਅਖਵਾਇੰਦਾ, ਸੁਤ ਮਿਲੇ ਪੁਰਖ ਅਕਾਲ। ਦੂਜੀ ਰੁਤ ਆਪ ਸੁਹਾਇੰਦਾ, ਫਲ ਲਗਾਏ ਆਪਣੇ ਡਾਲ੍ਹ। ਚੌਥਾ ਜੁਗ ਵੇਖ ਵਖਾਇੰਦਾ, ਕਲਜੁਗ ਅੰਤਮ ਖੇਲ ਨਿਰਾਲ। ਨਿਹਕਲੰਕੀ ਜਾਮਾ ਪਾਇੰਦਾ, ਅਬਿਨਾਸ਼ੀ ਕਰਤਾ ਨੌਂਜਵਾਨ। ਮੇਰੀ ਸੇਵਾ ਸੰਗ ਰਖਾਇੰਦਾ, ਕਿਰਪਾ ਕਰ ਸ੍ਰੀ ਭਗਵਾਨ। ਨਾਮ ਮਰਦੰਗ ਇਕ ਵਜਾਇੰਦਾ, ਹੱਥ ਰਖਾਏ ਸਚ ਨਿਸ਼ਾਨ। ਚਾਰ ਚਾਰੇ ਮੇਲ ਮਿਲਾਇੰਦਾ, ਚੋਰੀ ਕਰੇ ਗੁਣ ਨਿਧਾਨ। ਸਤਾਰਾਂ ਸੌ ਬਿਕ੍ਰਮੀ ਵੇਖ ਵਖਾਇੰਦਾ, ਸੰਮਤ ਸਤਾਰਾਂ ਪੂਰੀ ਕਰੇ ਆਣ। ਕਲਜੁਗ ਜੀਵ ਸਰਬ ਕੁਰਲਾਇੰਦਾ, ਦਿਸ ਨਾ ਆਏ ਗੁਣ ਨਿਧਾਨ। ਗੁਰਮੁਖ ਵਿਛੜੇ ਮੇਲ ਮਿਲਾਇੰਦਾ, ਨਿਰਗੁਣ ਸਰਗੁਣ ਕਰ ਪਛਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ।