Granth 09 Likhat 190: Sri Harmandir Sahib Panth Khalsa Sri Amritsar Sahib

ਸ੍ਰੀ ਹਰਿਮੰਦਰ ਸਾਹਿਬ ਪੰਥ ਖ਼ਾਲਸਾ ਸ੍ਰੀ ਅੰਮ੍ਰਿਤਸਰ ਸਾਹਿਬ

ਪੁਰਖ ਅਕਾਲ ਖੇਲ ਰਚਾਇਆ, ਗੋਬਿੰਦ ਸੂਰਾ ਨਾਲ ਰਲਾਇੰਦਾ। ਨਾਮ ਖੰਡਾਂ ਹੱਥ ਉਠਾਇਆ, ਲੋਹਾਰ ਤਰਖਾਣ ਨਾ ਕੋਇ ਘੜਾਇੰਦਾ। ਧੁਰ ਦਾ ਤਾਜ ਸੀਸ ਟਿਕਾਇਆ, ਰਾਜ ਰਾਜਾਨ ਨਾ ਕੋਇ ਸੁਹਾਇੰਦਾ। ਸ਼ਬਦ ਅਗੰਮੀ ਬਾਜ ਉਡਾਇਆ, ਲੋਆਂ ਪੁਰੀਆਂ ਆਪ ਫਿਰਾਇੰਦਾ। ਦੋ ਜਹਾਨਾਂ ਕਾਜ ਰਚਾਇਆ, ਨਿਰਗੁਣ ਆਪੇ ਵੇਖ ਵਖਾਇੰਦਾ। ਫ਼ਤਹਿ ਡੰਕਾ ਇਕ ਵਜਾਇਆ, ਨੌਂ ਖੰਡ ਪ੍ਰਿਥਮੀ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰ ਆਪ ਬੰਧਾਇੰਦਾ। ਪੰਥ ਖ਼ਾਲਸਾ ਉਠਣਾ ਜਾਗ, ਗੁਰ ਗੋਬਿੰਦ ਸਿੰਘ ਸੂਰਬੀਰ ਜੋਤ ਜਗਾਈਆ। ਪਹਿਲੀ ਚੇਤਰ ਦਿੱਲੀ ਦੁਆਰੇ ਲਾਏ ਭਾਗ, ਨੰਗੀ ਕਟਾਰ ਹੱਥ ਉਠਾਈਆ । ਨੌਂ ਖੰਡ ਪ੍ਰਿਥਮੀ ਜਗਾਏ ਇਕ ਚਰਾਗ, ਘਰ ਘਰ ਦੀਵਾ ਦਏ ਬੁਝਾਈਆ। ਸ਼ਬਦ ਉਪਜਾਏ ਧੁਨ ਵੈਰਾਗ, ਧੁਰ ਦੀ ਬਾਣੀ ਬਾਣ ਲਗਾਈਆ। ਕਲਜੁਗ ਅੰਤਮ ਜੀਵ ਕਿਉਂ ਬਣਿਆ ਕਾਗ, ਹੰਸ ਹੰਸਾ ਚੋਗੀ ਚੋਗ ਚੁਗਾਈਆ। ਜਿਸ ਉਪਜਾਇਆ ਤਿਸ ਪਕੜੀ ਵਾਗ, ਡੋਰੀ ਹੱਥ ਨਾ ਕਿਸੇ ਫੜਾਈਆ। ਤ੍ਰੈਗੁਣ ਮਾਇਆ ਡੱਸਣੀ ਨਾਗ, ਘਰ ਘਰ ਆਪਣਾ ਡੰਗ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਧੁਰ ਫ਼ਰਮਾਣਾ ਦਏ ਸਮਝਾਈਆ। ਧੁਰ ਫ਼ਰਮਾਣਾ ਹਰਿ ਭਗਵਾਨਾ, ਆਪਣਾ ਆਪ ਜਣਾਇੰਦਾ। ਨਿਹਕਲੰਕੀ ਪਹਿਰਿਆ ਬਾਣਾ, ਜੋਤੀ ਜਾਮਾ ਭੇਖ ਵਟਾਇੰਦਾ। ਗੋਬਿੰਦ ਸੂਰਾ ਸਿੰਘ ਬਲਵਾਨਾ, ਸ਼ਸਤਰ ਬਸਤਰ ਤਨ ਸਜਾਇੰਦਾ। ਸਾਚਾ ਖੰਡਾ ਰੱਖੇ ਸਚ ਮਿਆਨਾ, ਦੋ ਜਹਾਨਾ ਆਪ ਚਮਕਾਇੰਦਾ। ਨੌਂ ਖੰਡ ਪ੍ਰਿਥਮੀ ਸੁਣਾਏ ਏਕਾ ਗਾਣਾ, ਏਕ ਅੱਖਰ ਆਪ ਅਲਾਇੰਦਾ। ਸਭ ਨੂੰ ਮੰਨਣਾ ਪਏ ਭਾਣਾ, ਪੁਰਖ ਅਬਿਨਾਸ਼ੀ ਸਦ ਭਾਣੇ ਵਿਚ ਰਹਾਇੰਦਾ। ਤਖਤੋਂ ਲਾਹੇ ਰਾਜਾ ਰਾਣਾ, ਸੀਸ ਤਾਜ ਨਾ ਕੋਇ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਹੁਕਮ ਸੁਣਾਇੰਦਾ। ਰਾਮ ਰਾਮ ਹਰਿ ਜੋਤ ਜਗਾਈ, ਸ੍ਰਿਸ਼ਟ ਸਬਾਈ ਸੁਰਤ ਲਏ ਪਰਨਾਇਆ। ਸੀਤਾ ਸੁਰਤ ਹੋਏ ਕੁੜਮਾਈ, ਘਰ ਸਾਚੇ ਵੱਜੇ ਵਧਾਈਆ। ਸ਼ਾਸਤਰ ਸਿਮਰਤ ਦੇਣ ਗਵਾਹੀ, ਜੁਗਾ ਜੁਗੰਤਰ ਸੇਵ ਕਮਾਈਆ। ਕਲਜੁਗ ਅੰਤਮ ਕੱਟੇ ਫ਼ਾਹੀ, ਨਿਹਕਲੰਕ ਵੱਡੀ ਵਡਿਆਈਆ। ਕਾਇਆ ਬਣ ਫਿਰੇ ਸਾਚਾ ਮਾਹੀ, ਦਿਵਸ ਰੈਣ ਫੇਰੀ ਪਾਈਆ। ਜਨ ਭਗਤਾਂ ਮੇਟੇ ਲੱਗੀ ਸ਼ਾਹੀ, ਦੁਰਮਤ ਮੈਲ ਧੁਆਈਆ। ਸੀਤਾ ਰਾਮ ਗਾਉਂਦੇ ਭੁੱਲੇ ਰਾਹੀ, ਆਪਣਾ ਪੰਧ ਨਾ ਕੋਇ ਮੁਕਾਈਆ। ਪੰਡਤ ਪਾਂਧੇ ਥੱਕੇ ਮਾਂਦੇ ਸਾਚਾ ਰਾਹ ਨਾ ਕੋਇ ਵਖਾਈ, ਸਾਚੇ ਪੌੜੇ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਤਤ ਦਏ ਸਮਝਾਈਆ। ਰਾਧਾ ਕ੍ਰਿਸ਼ਨ ਕਰ ਧਿਆਨ, ਨਿਰਗੁਣ ਨਿਰਵੈਰ ਆਪਣਾ ਖੇਲ ਖਿਲਾਇਆ। ਅਠਾਰਾਂ ਧਿਆਏ ਗੀਤਾ ਦੇਵੇ ਇਕ ਗਿਆਨ, ਜਿਸ ਜਨ ਆਪਣਾ ਦਰਸ ਦਿਖਾਇਆ। ਕੂੜਾ ਤੋੜੇ ਮਾਣ ਅਭਿਮਾਨ, ਮਾਇਆ ਮਮਤਾ ਮੋਹ ਚੁਕਾਇਆ। ਸਤਿ ਸਤਿਵਾਦੀ ਵਖਾਏ ਇਕ ਨਿਸ਼ਾਨ, ਦਰ ਘਰ ਸਾਚੇ ਆਪ ਝੁਲਾਇਆ। ਕਲਜੁਗ ਅੰਤਮ ਵੇਖੇ ਆਣ, ਵੇਦ ਵਿਆਸ ਗਿਆ ਲਿਖਾਇਆ। ਨਿਹਕਲੰਕ ਬਲੀ ਬਲਵਾਨ, ਨਾ ਮਰੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਬੇਪਰਵਾਹਿਆ। ਖੇਲ ਅਵੱਲਾ ਇਕ ਇਕੱਲਾ, ਕਾਇਨਾਤ ਆਪ ਕਰਾਇੰਦਾ। ਆਪਣਾ ਰੂਪ ਬਣਾਏ ਹਰਿ ਬਿਸਮਿਲਾ, ਬਿਸਮਿਲ ਆਪਣੀ ਧਾਰ ਚਲਾਇੰਦਾ। ਲੇਖਾ ਜਾਣੇ ਰਾਣੀ ਅੱਲਾ, ਸੰਗ ਮੁਹੰਮਦ ਸੰਗ ਜਣਾਇੰਦਾ। ਚੌਦਾਂ ਤਬਕਾਂ ਏਕਾ ਬੱਲਾ, ਐਨਲਹਕ ਬੋਲ ਸੁਣਾਇੰਦਾ। ਹਕ ਹਕੀਕੀ ਲਾਸ਼ਰੀਕੀ ਹੱਕ ਮਕਾਨ ਏਕਾ ਮੱਲਾ, ਦੂਸਰ ਦਰ ਨਾ ਕੋਇ ਸੁਹਾਇੰਦਾ। ਨੂਰ ਨੁਰਾਨਾ ਨੂਰ ਇਲਾਹੀ ਆਪੇ ਰਲਾ, ਨੂਰੀ ਜਲਵਾ ਡਗਮਗਾਇੰਦਾ। ਅਮਾਮ ਮਹਿਦੀ ਦਿਸ਼ਾ ਲਹਿੰਦੀ ਫੜਾਏ ਆਪਣਾ ਪੱਲਾ, ਏਕਾ ਪੱਲੂ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇੰਦਾ। ਵਾਲੀ ਹਿੰਦ ਕਰ ਧਿਆਨ, ਹਰਿ ਸ਼ਬਦ ਸੱਚੀ ਜਣਾਈਆ। ਚਾਰ ਵਰਨ ਕਰ ਪਛਾਣ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਹਰਿ ਸਮਝਾਈਆ। ਪਰਗਟ ਹੋਇਆ ਹਰਿ ਮਿਹਰਵਾਨ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਦੇਵਣਹਾਰਾ ਧੁਰ ਫ਼ਰਮਾਣ, ਧੁਰ ਦੀ ਬਾਣੀ ਬਾਣ ਲਗਾਈਆ। ਕਲਜੁਗ ਅੰਤਮ ਚੁੱਕਣੀ ਕਾਣ, ਲੋਕਮਾਤ ਰਹਿਣ ਨਾ ਪਾਈਆ। ਵਰਨ ਬਰਨ ਸਰਬ ਮਿਟ ਜਾਣ, ਦੀਨ ਮਜ਼੍ਹਬ ਨਾ ਕੋਇ ਵਡਿਆਈਆ। ਸ੍ਰਿਸ਼ਟ ਸਬਾਈ ਏਕਾ ਪੀਣ ਖਾਣ, ਇਸ਼ਟ ਦੇਵ ਗੁਰ ਇਕ ਅਖਵਾਈਆ। ਪੰਥ ਖ਼ਾਲਸਾ ਨਾ ਬਣ ਅੰਞਾਣ, ਵੇਲਾ ਗਿਆ ਹੱਥ ਨਾ ਆਈਆ। ਮੁਸਲਮ ਸੁੰਨੀ ਤੇਰਾ ਇਕ ਈਮਾਨ, ਆਲਮਗੀਰ ਬੇਪਰਵਾਹੀਆ। ਪੰਡਤ ਪਾਂਧੇ ਕਵਣ ਕਰੇ ਤੇਰੀ ਕਲਿਆਣ, ਆਪ ਮੇਟੇ ਝੂਠੀ ਸ਼ਾਹੀਆ। ਜਗਤ ਸਮਾਜ ਵੇਖੇ ਵਿਧਾਨ, ਆਪ ਆਪਣੀ ਜੋਤ ਕਰ ਰੁਸ਼ਨਾਈਆ। ਨੌਂ ਖੰਡ ਪ੍ਰਿਥਮੀ ਦੇਵੇ ਏਕਾ ਦਾਨ, ਪਾਰਬ੍ਰਹਮ ਪ੍ਰਭ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣਾ ਬਲ ਰਖਾਈਆ। ਬਲ ਰਖਾਏ ਹਰਿ ਭਗਵੰਤ, ਮਹਿਮਾ ਕਥ ਕਥੀ ਨਾ ਜਾਈਆ। ਕਲਜੁਗ ਲਹਿਣਾ ਦੇਣ ਚੁਕਾਏ ਅੰਤ, ਅੰਤਮ ਆਪਣੀ ਕਲ ਵਰਤਾਈਆ। ਸਤਿਜੁਗ ਫੁਲਵਾੜੀ ਲਾਏ ਸੁਹਾਏ ਰੁਤ ਬਸੰਤ, ਗੁਰਮੁਖ ਸਾਚੇ ਮੇਲ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਵਾਂ ਦੇਵੇ ਇਕ ਗਿਆਨ, ਜੀਆ ਦਾਨ ਆਪ ਅਖਵਾਈਆ। ਹਰਿ ਸਤਿਗੁਰ ਭੋਗ ਲਗਾਇੰਦਾ, ਕਰ ਕਿਰਪਾ ਗੁਣ ਨਿਧਾਨ, ਹਰਿ ਸੰਗਤ ਘਾਲ ਲੇਖੇ ਪਾਇੰਦਾ, ਪੁਰਖ ਅਬਿਨਾਸ਼ੀ ਵਾਲੀ ਦੋ ਜਹਾਨ। ਕਾਲ ਮਹਾਂਕਾਲ ਹਰਿ ਸੰਗਤ ਚਰਨਾਂ ਹੇਠ ਰਖਾਇੰਦਾ, ਉਪਰ ਬਠਾਏ ਸਾਚੇ ਲਾਲ। ਸ਼ਬਦ ਸਰੂਪੀ ਤਾਲ ਵਜਾਇੰਦਾ, ਦੋ ਜਹਾਨਾਂ ਬਣ ਦਲਾਲ। ਨਾਮ ਧਨ ਵਸਤ ਝੋਲੀ ਪਾਇੰਦਾ, ਨਾਤਾ ਤੋੜ ਜਗਤ ਜੰਜਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਸਦਾ ਪ੍ਰਿਤਪਾਲ। ਹਰਿ ਰਸਨਾ ਭੋਗ ਅਪਾਰਾ, ਨਿਰਗੁਣ ਸਰਗੁਣ ਚੋਗ ਚੁਗਾਇੰਦਾ। ਹਰਿ ਅੰਮ੍ਰਿਤ ਭਰ ਭੰਡਾਰਾ, ਆਪਣੀ ਦ੍ਰਿਸ਼ਟੀ ਵਿਚ ਸਮਾਇੰਦਾ। ਹਰਿ ਵਸਤ ਵੇਖ ਹਰਿ ਥਾਰਾ, ਦਰ ਘਰ ਸਾਚੇ ਆਪ ਸੁਹਾਇੰਦਾ। ਹਰਿ ਭਗਤਨ ਕਰੇ ਪਿਆਰਾ, ਪੀਆ ਪ੍ਰੀਤਮ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਸ ਰਸ ਭੋਗੀ ਆਪ ਅਖਵਾਇੰਦਾ। ਰਸਨਾ ਭੋਗ ਨਿਰਗੁਣ ਧਾਰ, ਸਰਗੁਣ ਸਤਿਗੁਰ ਰੂਪ ਸਮਾਇੰਦਾ। ਆਦਿ ਜੁਗਾਦੀ ਸਾਚੀ ਕਾਰ, ਸਤਿ ਸਤਿਵਾਦੀ ਆਪ ਕਰਾਇੰਦਾ। ਪਹਿਲਾ ਭੋਗ ਲਾਇਆ ਹਰਿ ਨਿਰੰਕਾਰ, ਵਿਸ਼ਨੂੰ ਆਪਣਾ ਜਲ ਪਿਆਇੰਦਾ। ਦੂਜਾ ਰੰਗ ਚਾੜ੍ਹੇ ਅਪਰ ਅਪਾਰ, ਬ੍ਰਹਮੇ ਕਵਲ ਨਾਭ ਭਰਾਇੰਦਾ। ਤੀਜੇ ਸ਼ੰਕਰ ਕਰ ਪਿਆਰ, ਸੰਸਾ ਰੋਗ ਸਰਬ ਮਿਟਾਇੰਦਾ। ਚੌਥੇ ਰੱਖ ਸਚਖੰਡ ਸੱਚੇ ਦਰਬਾਰ, ਆਪਣੇ ਚਰਨਾਂ ਹੇਠ ਦਬਾਇੰਦਾ। ਜੁਗ ਜੁਗ ਗੁਰੂਆਂ ਪੀਰਾਂ ਦੇਵੇ ਬਣ ਵਰਤਾਰ, ਆਪਣੀ ਭਿਛਿਆ ਝੋਲੀ ਪਾਇੰਦਾ। ਸਾਧ ਸੰਤ ਮੰਗਦੇ ਰਹਿਣ ਬਣ ਭਿਖਾਰ, ਨੇਤਰ ਨੈਣ ਸਰਬ ਰਾਹ ਤਕਾਇੰਦਾ। ਪੁਰਖ ਅਬਿਨਾਸ਼ੀ ਬੇਪਰਵਾਹ, ਕਰੇ ਖੇਲ ਅਗੰਮ ਅਪਾਰ, ਸਾਚਾ ਅੰਮ੍ਰਿਤ ਸਾਚਾ ਰਸ ਆਪਣੇ ਹੱਥ ਰਖਾਇੰਦਾ। ਜੁਗ ਜੁਗ ਗੁਰਮੁਖ ਵਿਰਲੇ ਦੇਵੇ ਹੱਸ ਹੱਸ, ਲੱਖ ਚੁਰਾਸੀ ਸਰਬ ਤਰਸਾਇੰਦਾ। ਅਠਸਠ ਤੀਰਥ ਨੌਂ ਖੰਡ ਪ੍ਰਿਥਮੀ ਰਹੇ ਨੱਠ, ਸਾਚਾ ਅੰਮ੍ਰਿਤ ਹੱਥ ਨਾ ਆਇੰਦਾ। ਸਤਿਗੁਰ ਪੂਰਾ ਗਹਿਰ ਗੰਭੀਰ ਗੁਣੀ ਗਹੀਰਾ ਗਿਆ ਦਸ, ਸਚ ਪਿਆਲਾ ਸਤਿਗੁਰ ਹੱਥ ਉਠਾਇੰਦਾ। ਜਿਸ ਜਨ ਹਿਰਦੇ ਅੰਦਰ ਜਾਏ ਵਸ, ਤਿਸ ਅੰਮ੍ਰਿਤ ਜਾਮ ਪਿਆਇੰਦਾ। ਮੇਟੇ ਰੈਣ ਅੰਧੇਰੀ ਮਸ, ਕੋਟਨ ਕੋਟ ਰਵ ਸਸ ਆਪ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਸਾਚਾ ਭੋਗੀ, ਨਿਰਗੁਣ ਨਿਰਗੁਣ ਭੋਗ ਵਖਾਇੰਦਾ। ਨਿਰਗੁਣ ਭੋਗ ਹਰਿ ਸੰਜੋਗ, ਸਚਖੰਡ ਦਵਾਰੇ ਆਪ ਲਗਾਈਆ। ਨਾ ਕੋਈ ਲੇਖਾ ਜਾਣੇ ਚੌਦਾਂ ਲੋਕ, ਚੌਦਾਂ ਤਬਕ ਭੇਵ ਨਾ ਰਾਈਆ। ਨਾ ਕੋਈ ਚਾਰੇ ਬਾਣੀ ਗਾਏ ਸਲੋਕ, ਬ੍ਰਹਮਾ ਵੇਦ ਨਾ ਦਏ ਗਵਾਹੀਆ। ਬ੍ਰਹਮਾ ਵਿਸ਼ਨ ਸ਼ੰਕਰ ਮੰਗੇ ਮੋਖ, ਪ੍ਰਭ ਅੰਮ੍ਰਿਤ ਰਿਹਾ ਪਿਆਈਆ। ਹਰਿ ਕਾ ਅੰਮ੍ਰਿਤ ਮਿਟਾਏ ਹਰਖ ਸੋਗ, ਚਿੰਤਾ ਦੁੱਖ ਨੇੜ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੋਗ ਆਪ ਲਗਾਈਆ। ਲਗਾਏ ਭੋਗ ਭਵ ਪ੍ਰਸਾਦਿ, ਤ੍ਰੈਗੁਣ ਭੇਵ ਮਿਟਾਇਆ। ਪੁਰਖ ਅਕਾਲ ਆਦਿ ਜੁਗਾਦਿ, ਜੁਗ ਜੁਗ ਆਪਣਾ ਵੇਸ ਵਟਾਇਆ। ਲੇਖਾ ਜਾਣੇ ਬ੍ਰਹਮ ਬ੍ਰਹਿਮਾਦਿ, ਪਾਰਬ੍ਰਹਮ ਭੇਵ ਨਾ ਰਾਇਆ। ਸ਼ਬਦ ਵਜਾਏ ਸਾਚਾ ਨਾਦ, ਦੂਜਾ ਸੰਖ ਨਾ ਹੱਥ ਉਠਾਇਆ। ਹੱਥ ਜੋੜ ਨਾ ਕਿਸੇ ਅਗੇ ਕਰੇ ਕੋਈ ਅਰਦਾਸ, ਆਪਣਾ ਭੋਗ ਆਪ ਲਗਾਇਆ। ਗੁਰਮੁਖਾਂ ਲਹਿਣਾ ਦੇਣਾ ਕੱਟੇ ਦਸ ਦਸ ਮਾਸ, ਮਾਤ ਗਰਭ ਫੇਰ ਨਾ ਆਇਆ। ਰਸਨਾ ਗਾਇਆ ਲੇਖੇ ਲਾਏ ਸਵਾਸ ਸਵਾਸ, ਜੋ ਜਨ ਸਰਨਾਈ ਆਇਆ। ਲਹਿਣਾ ਦੇਣਾ ਚੁਕਿਆ ਪ੍ਰਿਥਮੀ ਆਕਾਸ਼, ਗਗਨ ਮੰਡਲ ਗੁਰਸਿਖ ਚਰਨਾਂ ਹੇਠ ਦਬਾਇਆ। ਸਤਿਗੁਰ ਸਾਹਿਬ ਸੁਲਤਾਨ ਜਨ ਭਗਤਾਂ ਕਰੇ ਪੂਰੀ ਆਸ, ਹਰਿਜਨ ਨਿਰਾਸ ਨਾ ਕੋਇ ਰਖਾਇਆ। ਨਿਜ ਘਰ ਨਿਜ ਆਤਮ ਨਿਜ ਦਾਤਾ ਕਰੇ ਵਾਸ, ਨਿਜ ਖੇੜਾ ਆਪ ਸੁਹਾਇਆ। ਨਿਰਗੁਣ ਸਰਗੁਣ ਹੋਇਆ ਦਾਸੀ ਦਾਸ, ਜੁਗ ਜੁਗ ਆਪਣੀ ਸੇਵ ਕਮਾਈਆ। ਨਾਤਾ ਤੁਟਾ ਜੰਗਲ ਜੂਹ ਉਜਾੜ ਪਰਭਾਸ, ਗੁਰਮੁਖ ਤੀਰਥ ਤਟ ਨਹਾਵਣ ਕੋਇ ਨਾ ਜਾਇਆ। ਘਰ ਮੰਦਰ ਮਸਜਿਦ ਜੋਤ ਕਰੇ ਪਰਕਾਸ਼, ਘਰ ਗੁਰ ਸ਼ਬਦੀ ਮੇਲ ਮਿਲਾਇਆ। ਦੂਜੇ ਦਰ ਨਾ ਰੱਖਣੀ ਕੋਈ ਆਸ, ਕਲਜੁਗ ਕੂਕੇ ਦਏ ਦੁਹਾਇਆ। ਸਾਚੀ ਵਸਤ ਨਾ ਕਿਸੇ ਪਾਸ, ਕਲਜੁਗ ਸੰਤ ਖ਼ਾਲੀ ਠੂਠੇ ਹੱਥ ਰਖਾਇਆ। ਪਰਗਟ ਹੋਇਆ ਸ਼ਾਹੋ ਸ਼ਾਬਾਸ, ਸ਼ਾਹ ਸੁਲਤਾਨ ਵੱਡੀ ਵਡਿਆਇਆ। ਆਪਣੀ ਖੇਲੀ ਆਪੇ ਰਾਸ, ਦੇਵਣਹਾਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰਸਾਦਿ ਗੁਰ ਕਿਰਪਾ ਨਾਉਂ ਧਰਾਇਆ। ਸਚ ਪ੍ਰਸਾਦਿ ਸ਼ਬਦ ਭੰਡਾਰਾ, ਸਤਿਗੁਰ ਪੂਰਾ ਆਪ ਵਰਤਾਈਆ। ਜਨ ਭਗਤ ਸੋਹਣ ਸਚ ਦਵਾਰਾ, ਘਰ ਸਾਚੇ ਵੱਜੀ ਵਧਾਈਆ। ਜਿਸ ਜਨ ਨੇਤਰ ਲੋਚਣ ਨੈਣ ਦਰਸਨ ਪਾਇਆ ਏਕਾ ਵਾਰਾ, ਸ਼ਿਵਦਵਾਲਾ ਮਠ ਨਾ ਪੂਜਣ ਜਾਈਆ। ਹਰਿ ਕਾ ਰੂਪ ਅਗੰਮ ਅਪਾਰਾ, ਘਰ ਘਰ ਬੈਠਾ ਮੁਖ ਛੁਪਾਈਆ। ਜਿਸ ਜਨ ਕਿਰਪਾ ਕਰੇ ਆਪ ਨਿਰੰਕਾਰਾ, ਨਿਰਗੁਣ ਨਿਰਵੈਰ ਦਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭੰਡਾਰਾ ਨਾਮ ਵਰਤਾਈਆ। ਸਚ ਭੰਡਾਰਾ ਰਸ ਰਸਨਾ ਭੋਗ, ਰਸ ਰਸੀਆ ਆਪ ਕਰਾਇੰਦਾ। ਨਾਤਾ ਤੋੜੇ ਜਗਤ ਵਿਜੋਗ, ਜੁਗਤ ਜਗ ਆਪਣੇ ਹੱਥ ਰਖਾਇੰਦਾ। ਗੁਰ ਸ਼ਬਦ ਮਿਲਾਵਾ ਧੁਰ ਸੰਜੋਗ, ਦਰ ਘਰ ਸਾਚਾ ਆਪ ਸੁਹਾਇੰਦਾ। ਲੇਖਾ ਚੁੱਕੇ ਲੋਕ ਪਰਲੋਕ, ਮੋਖ ਮੁਕਤ ਚਰਨ ਦਾਸੀ ਆਪ ਕਰਾਇੰਦਾ। ਹਰਿ ਸੰਗਤ ਪੁਰਖ ਅਕਾਲ ਰੱਖਣੀ ਏਕਾ ਓਟ, ਸ਼ਬਦ ਗੁਰੂ ਸੰਗ ਨਿਭਾਇੰਦਾ। ਕਲਜੁਗ ਮਾਇਆ ਮਮਤਾ ਮਨਮੁਖ ਜੀਵਾਂ ਭਰੀ ਨਾ ਪੋਟ, ਦਿਵਸ ਰੈਣ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਾਚਾ ਰਸ ਅੰਮ੍ਰਿਤ ਧਾਰ ਗੁਰਸਿਖਾਂ ਮੁਖ ਚੁਆਇੰਦਾ। ਗੁਰਮੁਖਾਂ ਮੁਖ ਅੰਮ੍ਰਿਤ ਧਾਰ, ਨਿਝਰ ਝਿਰਨਾ ਆਪ ਝਿਰਾਈਆ। ਕਵਲ ਕਵਲਾ ਕਰ ਉਜਿਆਰ, ਪਤ ਡਾਲ੍ਹੀ ਫੂਲ ਮਹਿਕਾਈਆ। ਫੁਲ ਫਲਵਾੜੀ ਵੇਖ ਸੰਸਾਰ, ਸਾਚੀ ਮਾਲਣ ਬੇਪਰਵਾਹੀਆ। ਜੋਤ ਅਕਾਲਣ ਹੋ ਤਿਆਰ, ਕਲਜੁਗ ਅੰਤਮ ਵੇਸ ਵਟਾਈਆ। ਗੁਰਮੁਖਾਂ ਦਵਾਰੇ ਬਣੇ ਸਵਾਲਣ ਖ਼ਾਲੀ ਝੋਲੀ ਅਗੇ ਡਾਹੀਆ। ਜਿਸ ਜਨ ਸਤਿਗੁਰ ਪੂਰਾ ਮਿਲਿਆ ਪ੍ਰਿਤਪਾਲਣ, ਪੂਰੀ ਇਛਿਆ ਦਏ ਕਰਾਈਆ। ਜੋ ਜਨ ਪਹਿਲੀ ਅਸੂ ਆਏ ਘਾਲ ਘਾਲਣ, ਕੋਟਨ ਕੋਟ ਜਨਮ ਦੇ ਪਾਪ ਦਏ ਮਿਟਾਈਆ। ਕਲਜੁਗ ਤੇਰੀ ਗਲੇ ਨਾ ਕੋਇ ਦਾਲਣ, ਦਲਿਦਰੀ ਦੁੱਖ ਆਪ ਮਿਟਾਈਆ। ਤ੍ਰੈਗੁਣ ਹੱਡੀਆਂ ਨਾ ਪਾਏ ਬਾਲਣ, ਚਿੰਤਾ ਚਿਖਾ ਨਾ ਕੋਇ ਵਖਾਈਆ। ਜੋਤ ਨਿਰੰਜਣ ਬਖ਼ਸ਼ੇ ਚਾਨਣ, ਚੰਦ ਚਾਂਦਨੀ ਮੁਖ ਸ਼ਰਮਾਈਆ। ਆਪ ਉਠਾਏ ਪੰਛੀ ਡਿਗੇ ਆਹਲਣ, ਗੁਰਮੁਖ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਅੰਮ੍ਰਿਤ ਰਸ ਚਖਾਈਆ। ਜਿਸ ਜਨ ਅੰਮ੍ਰਿਤ ਚਾਖਿਆ, ਮਿਟਿਆ ਜਗਤ ਅੰਧੇਰ। ਗੁਰ ਸਤਿਗੁਰ ਪੂਰਾ ਭਾਖਿਆ, ਨਾਤਾ ਤੁਟਾ ਸੰਝ ਸਵੇਰ। ਗੁਣ ਗਾਇਆ ਅਲੱਖ ਅਲਾਖਿਆ, ਅਲੱਖ ਅਲੱਖਣਾ ਮੇਲੇ ਅੰਤਮ ਵੇਰ। ਧੁਰ ਦਰਗਾਹੀ ਮਿਲਿਆ ਸਾਚਾ ਸਾਕੀਆ, ਭਰ ਪਿਆਲਾ ਦੇਵੇ ਸਿੰਘ ਸ਼ੇਰ ਦਲੇਰ। ਲਹਿਣਾ ਦੇਣਾ ਚੁੱਕੇ ਬਾਕੀਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਦਏ ਨਬੇੜ। ਪੂਰਬ ਲਹਿਣਾ ਮੁਕਾਇਆ, ਕਰ ਕਿਰਪਾ ਆਪ ਕਰਤਾਰ। ਅੰਮ੍ਰਿਤ ਆਤਮ ਜਾਮ ਪਿਆਇਆ, ਭਰ ਸੁਰਾਹੀ ਮੀਤ ਮੁਰਾਰ। ਸਾਚੇ ਹੁਜਰੇ ਬਹਿ ਬਹਿ ਪਰਦਾ ਲਾਹਿਆ, ਮੁਖ ਨਕਾਬ ਦਏ ਉਤਾਰ। ਅਹਿਬਾਬ ਰਬਾਬ ਇਕ ਵਜਾਇਆ, ਸਤਿ ਸਤਿਵਾਦੀ ਸਚ ਸਤਾਰ। ਆਦਿ ਜੁਗਾਦੀ ਖੇਲ ਖਿਲਾਇਆ, ਬੋਧ ਅਗਾਧ ਸ਼ਬਦ ਧੁਨਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਲਾਏ ਪਾਰ। ਲੱਗਿਆ ਭੋਗ ਹੋਇਆ ਪਰਵਾਨ, ਪਰਮ ਪੁਰਖ ਪਤਿ ਪਰਮੇਸ਼ਵਰ ਦਇਆ ਕਮਾਈਆ। ਸਾਚੀ ਸਖੀਆਂ ਮਿਲਿਆ ਸਾਚਾ ਕਾਹਨ, ਜਿਉਂ ਸੀਤਾ ਰਾਮ ਸੁਹਾਈਆ। ਸਾਚੇ ਮੰਦਰ ਪਰਕਾਸ਼ ਕੋਟਨ ਭਾਨ, ਅੰਧ ਅੰਧੇਰ ਰਹਿਣ ਨਾ ਪਾਈਆ। ਸਚ ਦਵਾਰ ਧਰਮ ਨਿਸ਼ਾਨ, ਦਰਗਹਿ ਸਾਚੀ ਆਪ ਝੁਲਾਈਆ। ਕਲਜੁਗ ਅੰਤ ਕਰੇ ਪਛਾਣ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦਵਾਪਰ ਵਿਛੜੇ ਮੇਲੇ ਆਣ, ਵੇਖਣਹਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਨਰਾਇਣ ਆਪ ਅਖਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲਾ ਲੇਖਾ ਦਏ ਨਬੇੜ, ਬਿਨ ਕਾਗਦ ਕਲਮ ਛਾਹੀਆ। ਕਾਗਦ ਕਲਮ ਛਾਹੀ ਕਰੇ ਪਿਆਰ, ਤੇਰਾ ਲੇਖ ਲਿਖਿਆ ਨਾ ਜਾਈਆ। ਅਲੱਖ ਅਲੱਖਨਾ ਜਗਤ ਲੇਖੇ ਵਸੇ ਬਾਹਰ, ਜੁਗਤ ਜਗਤ ਨਾ ਕੋਇ ਰਖਾਈਆ। ਨੌਂ ਨੌਂ ਚਾਰ ਚੌਕੜੀ ਜੁਗ ਨਿਰਗੁਣ ਸਰਗੁਣ ਕਰਿਆ ਖੇਲ ਗੁਪਤ ਜ਼ਾਹਰ, ਕਲਜੁਗ ਅੰਤਮ ਗੁਪਤ ਧਾਰ ਵਖਾਈਆ। ਗੁਰਮੁਖਾਂ ਕਰੇ ਆਪ ਪਿਆਰ, ਪ੍ਰੇਮ ਪਿਆਲਾ ਜਾਮ ਪਿਆਈਆ। ਲੇਖਾ ਜਾਣੇ ਧੁਰ ਦਰਬਾਰ, ਦੀਨ ਦਿਆਲਾ ਦਇਆ ਕਮਾਈਆ। ਕਾਗਦ ਕਲਮ ਨਾ ਲਿਖਣਹਾਰ, ਸਤ ਸਮੁੰਦਰ ਬਣੇ ਮਸ, ਕੋਟਨ ਕੋਟ ਕੋਟ ਜੁਗ ਸੇਵ ਕਮਾਈਆ। ਬਨਾਸਪਤ ਅਠਾਰਾਂ ਭਾਰ ਨਾ ਕੋਇ ਵਿਚਾਰ, ਮੁਖੀ ਮੁਖ ਨਾ ਕੋਇ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਅੰਤ ਅੰਤ ਹਰਿ ਭਗਵੰਤ, ਆਪਣੀ ਕਲ ਆਪ ਵਰਤਾਈਆ।