Granth 09 Likhat 207: 13 Assu 2017 Bikarmi Gandha Singh de Ghar Pind Drajke Jila Amritsar

੧੩ ਅੱਸੂ ੨੦੧੭ ਬਿਕ੍ਰਮੀ ਗੰਡਾ ਸਿੰਘ ਦੇ ਘਰ ਪਿੰਡ ਦਰਾਜਕੇ ਜ਼ਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ, ਜੁਗਾ ਜੁਗੰਤਰ ਸਾਚੀ ਕਾਰ। ਨਿਰਗੁਣ ਨਿਰਵੈਰ ਆਪਣਾ ਵੇਸ ਵਟਾਇੰਦਾ, ਜੂਨੀ ਰਹਿਤ ਅਗੰਮ ਅਪਾਰ। ਨਿਰਭੌ ਆਪਣਾ ਨਾਉਂ ਧਰਾਇੰਦਾ, ਭੈ ਜਣਾਏ ਸਰਬ ਸੰਸਾਰ। ਮੂਰਤ ਅਕਾਲ ਆਪ ਅਖਵਾਇੰਦਾ, ਅਨਭਵ ਪਰਕਾਸ਼ ਕਰ ਉਜਿਆਰ। ਸਾਚੇ ਤਖ਼ਤ ਸੋਭਾ ਪਾਇੰਦਾ, ਕਰਤਾ ਪੁਰਖ ਹਰਿ ਕਰਨੇਹਾਰ। ਤ੍ਰੈਗੁਣ ਮਾਇਆ ਵਿਚ ਨਾ ਆਇੰਦਾ, ਆਦਿ ਜੁਗਾਦੀ ਖੇਲ ਨਿਆਰ। ਧੁਰ ਫ਼ੁਰਮਾਣਾ ਸ਼ਬਦ ਜਣਾਇੰਦਾ, ਅਗੰਮ ਅਗੰਮ ਅਗੰਮੜੀ ਕਾਰ। ਅਲੱਖ ਨਿਰੰਜਣ ਏਕਾ ਅਲੱਖ ਜਗਾਇੰਦਾ, ਦਰ ਘਰ ਸਾਚੇ ਬੋਲ ਜੈਕਾਰ। ਸ਼ਬਦ ਅਨਾਦੀ ਨਾਦ ਵਜਾਇੰਦਾ, ਲੋਆਂ ਪੁਰੀਆਂ ਕਰੇ ਖ਼ਬਰਦਾਰ। ਵਿਸ਼ਨ ਬ੍ਰਹਮਾ ਸ਼ਿਵ ਆਪ ਉਠਾਇੰਦਾ, ਉਠਾਵਣਹਾਰ ਹਰਿ ਨਿਰੰਕਾਰ। ਭੇਵ ਅਭੇਦਾ ਆਪ ਖੁਲਾਇੰਦਾ, ਲੋਕਮਾਤ ਲੈ ਅਵਤਾਰ। ਗੁਰ ਪੀਰ ਆਪ ਅਖਵਾਇੰਦਾ, ਭਗਤ ਭਗਵੰਤ ਮੇਲ ਮਿਲਾਏ ਨਾਰੀ ਕੰਤ ਭਤਾਰ। ਸਾਚੇ ਸੰਤ ਸੰਗ ਰਖਾਇੰਦਾ, ਸ਼ਬਦ ਜਣਾਏ ਬੋਧ ਗਿਆਨ। ਗੁਰਮੁਖ ਆਪਣੇ ਰੰਗ ਰੰਗਾਇੰਦਾ, ਸੂਰਬੀਰ ਵਡ ਬਲਵਾਨ। ਗੁਰਸਿਖ ਆਪਣੀ ਗੋਦ ਬਹਾਇੰਦਾ, ਦੇਵਣਹਾਰਾ ਧੁਰ ਫ਼ਰਮਾਣ। ਨਾਮ ਅਨਮੁਲਾ ਝੋਲੀ ਪਾਇੰਦਾ, ਲੇਖਾ ਜਾਣੇ ਦੋ ਜਹਾਨ। ਸਤਿਜੁਗ ਸਾਚਾ ਸਚ ਵਰਤਾਇੰਦਾ, ਤਖ਼ਤ ਨਿਵਾਸੀ ਵਡ ਮਿਹਰਵਾਨ। ਤ੍ਰੇਤਾ ਤ੍ਰੈ ਤ੍ਰੈ ਵੇਸ ਵਟਾਇੰਦਾ, ਰੂਪ ਅਨੂਪ ਸ੍ਰੀ ਭਗਵਾਨ। ਦਵਾਪਰ ਦੋਏ ਦੋਏ ਨੈਣ ਖੁਲਾਇੰਦਾ, ਕਵਲ ਨੈਣ ਨੌਜਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸੱਚੀ ਸਰਕਾਰ। ਜੁਗ ਜੁਗ ਖੇਲ ਖਿਲਾਇੰਦਾ, ਇਕ ਇਕੱਲਾ ਏਕੰਕਾਰ। ਨਿਰਗੁਣ ਆਪਣਾ ਰਥ ਚਲਾਇੰਦਾ, ਦਰਗਹਿ ਸਾਚੀ ਖੋਲ੍ਹ ਕਿਵਾੜ। ਸਾਚੇ ਮੰਦਰ ਸੋਭਾ ਪਾਇੰਦਾ, ਥਿਰ ਘਰ ਬੈਠ ਸੱਚੇ ਦਰਬਾਰ। ਧੁਰ ਫ਼ਰਮਾਣਾ ਹੁਕਮ ਸੁਣਾਇੰਦਾ, ਹੁਕਮੀ ਹੁਕਮ ਕਰ ਆਕਾਰ। ਬ੍ਰਹਮਾ ਵਿਸ਼ਨ ਸ਼ਿਵ ਉਠਾਇੰਦਾ, ਤ੍ਰੈਗੁਣ ਮਾਇਆ ਭਰ ਭੰਡਾਰ। ਲੱਖ ਚੁਰਾਸੀ ਭਾਂਡਾ ਆਪ ਘੜਾਇੰਦਾ, ਨਿਰਗੁਣ ਸਰਗੁਣ ਕਰ ਪਿਆਰ। ਤਤਵ ਤਤ ਵਿਚ ਟਿਕਾਇੰਦਾ, ਜੋਤੀ ਜਾਤਾ ਹੋ ਉਜਿਆਰ। ਸ਼ਬਦ ਨਾਦ ਧੁਨ ਵਜਾਇੰਦਾ, ਧੁਨੀ ਨਾਦ ਸੱਚੀ ਸਰਕਾਰ। ਆਪਣਾ ਹੁਕਮ ਆਪ ਵਰਤਾਇੰਦਾ, ਵੇਖੇ ਵਿਗਸੇ ਕਰੇ ਵਿਚਾਰ। ਲੋਕਮਾਤ ਖੇਲ ਖਿਲਾਇੰਦਾ, ਪੰਜ ਤਤ ਸੁਹਾਏ ਬੰਕ ਦਵਾਰ। ਮਨ ਮਤ ਬੁਧ ਰਾਹ ਚਲਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਖੇਲ ਕਰੇ ਅਪਾਰ। ਜੁਗ ਜੁਗ ਖੇਲ ਅਵੱਲੜਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਸਚਖੰਡ ਦਵਾਰੇ ਬੈਠਾ ਇਕ ਇਕੱਲੜਾ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਲੱਖ ਚੁਰਾਸੀ ਫੜਾਏ ਪੱਲੜਾ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਸ਼ਬਦ ਸੰਦੇਸ਼ ਏਕਾ ਘਲੜਾ, ਗੁਰ ਸ਼ਬਦੀ ਰੂਪ ਵਟਾਇੰਦਾ। ਸਚ ਸਿੰਘਾਸਣ ਏਕਾ ਮਲੜਾ, ਬ੍ਰਹਮ ਪਾਰਬ੍ਰਹਮ ਵੇਖ ਵਖਾਇੰਦਾ। ਆਪਣੀ ਜੋਤੀ ਆਪੇ ਰਲੜਾ, ਜੋਤੀ ਜੋਤ ਡਗਮਗਾਇੰਦਾ। ਜੁਗ ਜੁਗ ਮਾਰਗ ਲਾਏ ਇਕ ਸੁਖ਼ੱਲੜਾ, ਲੱਖ ਚੁਰਾਸੀ ਪਾਂਧੀ ਆਪ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਮੰਦਰ ਸੋਭਾ ਪਾਇੰਦਾ। ਜੁਗ ਜੁਗ ਮੰਦਰ ਸੁਹੰਜਣਾ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਖੇਲੇ ਖੇਲ ਦਰਦ ਦੁਖ ਭੈ ਭੰਜਨਾ, ਰੂਪ ਅਨੂਪ ਆਪ ਵਟਾਈਆ। ਜੋਤ ਜਗਾਏ ਆਦਿ ਨਿਰੰਜਣਾ, ਏਕਾ ਨੂਰ ਨੂਰ ਰੁਸ਼ਨਾਈਆ। ਜਨ ਭਗਤਾਂ ਬਣੇ ਸਾਕ ਸੈਣ ਸੱਜਣਾ, ਏਕਾ ਨਾਤਾ ਜੋੜ ਜੁੜਾਈਆ। ਚਰਨ ਕਵਲ ਕਰਾਏ ਸਾਚਾ ਮਜਨਾ, ਸਰ ਸਰੋਵਰ ਇਕ ਨੁਹਾਈਆ। ਜਾਮ ਪਿਆਏ ਏਕਾ ਮਧਨਾ, ਅੰਮ੍ਰਿਤ ਝਿਰਨਾ ਆਪ ਝਿਰਾਈਆ। ਲੇਖਾ ਜਾਣੇ ਵਿਸ਼ਨੂੰ ਯਦਨਾ, ਵਿਸ਼ਵ ਆਪਣਾ ਰੂਪ ਦਰਸਾਈਆ। ਆਦਿ ਅੰਤ ਕਿਸੇ ਨਾ ਬੱਧਨਾ, ਜਿਸ ਸਿਰ ਆਪਣਾ ਹੱਥ ਟਿਕਾਈਆ। ਅੰਤਕਾਲ ਘਰ ਆਪਣੇ ਸੱਦਣਾ, ਦਰਗਹਿ ਸਾਚੀ ਵੱਜੇ ਵਧਾਈਆ। ਨੌਂ ਖੰਡ ਪ੍ਰਿਥਮੀ ਸਤ ਦੀਪ ਜੀਵ ਜੰਤ ਲੱਖ ਚੁਰਾਸੀ ਆਪੇ ਹੋਇਆ ਰਹੇ ਅਦਨਾ, ਮਾਣ ਨਿਮਾਣਾ ਆਪ ਹੋ ਜਾਈਆ। ਆਪੇ ਵਸੇ ਚੌਥੇ ਘਰ ਸਾਚੇ ਪਦਨਾ, ਪਾਰਬ੍ਰਹਮ ਵੱਡੀ ਵਡਿਆਈਆ। ਆਪੇ ਬ੍ਰਹਮ ਬ੍ਰਹਿਮਾਦਿ ਵਜਾਏ ਨਦਨਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਸ਼ਬਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗਾ ਜੁਗੰਤਰ ਬੇਪਰਵਾਹੀਆ। ਜੁਗਾ ਜੁਗੰਤਰ ਬੇਪਰਵਾਹ, ਸਾਚਾ ਖੇਲ ਖਿਲਾਇੰਦਾ। ਨਿਰਗੁਣ ਨਿਰਵੈਰ ਬਣ ਮਲਾਹ, ਸਾਚਾ ਬੇੜਾ ਆਪ ਤਰਾਇੰਦਾ। ਜਨ ਭਗਤਾਂ ਦੇਵੇ ਸਚ ਸਲਾਹ, ਸਿਫ਼ਤ ਸਾਲਾਹੀ ਆਪ ਅਖਵਾਇੰਦਾ। ਇਕ ਜਪਾਏ ਸਾਚਾ ਨਾਂ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ। ਦੋ ਜਹਾਨਾਂ ਪਕੜੇ ਬਾਂਹ, ਸਗਲਾ ਸੰਗ ਨਿਭਾਇੰਦਾ। ਆਦਿ ਜੁਗਾਦਿ ਕਰੇ ਸਚ ਨਿਆਂ, ਸਾਚੇ ਤਖ਼ਤ ਸੋਭਾ ਪਾਇੰਦਾ। ਗੁਰਮੁਖਾਂ ਬਣੇ ਪਿਤਾ ਮਾਂ, ਬਾਲ ਅੰਞਾਣੇ ਗੋਦ ਬਹਾਇੰਦਾ। ਫੜ ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਆਪ ਉਡਾਇੰਦਾ। ਜਿਸ ਸਿਰ ਰੱਖੇ ਠੰਡੀ ਛਾਂ, ਸੋ ਜਨ ਦਰ ਘਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਸਾਚੀ ਕਾਰ, ਕਰੇ ਕਰਾਏ ਏਕੰਕਾਰ, ਇਕ ਇਕੱਲਾ ਵੇਸ ਵਟਾਇੰਦਾ। ਵੇਸ ਵਟਾਏ ਇਕ ਇਕੱਲਾ, ਸ੍ਰੀ ਭਗਵਾਨ ਵੱਡੀ ਵਡਿਆਈਆ। ਵਸੇ ਨੇਹਚਲ ਧਾਮ ਅਟੱਲਾ, ਸਚਖੰਡ ਦਵਾਰ ਸੁਹਾਈਆ। ਕਰੇ ਖੇਲ ਅਛਲ ਅਛੱਲਾ, ਵਲ ਛਲ ਧਾਰੀ ਭੇਵ ਨਾ ਰਾਈਆ। ਸਚ ਸਿੰਘਾਸਣ ਏਕਾ ਮੱਲਾ, ਸ਼ਾਹੋ ਭੂਪ ਸੋਭਾ ਪਾਈਆ। ਆਪੇ ਰਵਿਆ ਜਲਾ ਥਲਾ, ਜਲ ਥਲ ਮਹੀਅਲ ਆਪ ਸਮਾਈਆ। ਏਕਾ ਸ਼ਬਦ ਅਨਾਦਿ ਜੁਗਾ ਜੁਗੰਤਰ ਲੋਕਮਾਤ ਘੱਲਾ, ਗੁਰ ਪੀਰ ਅਵਤਾਰ ਦੇਣ ਗਵਾਹੀਆ। ਹਰਿ ਸੰਤ ਫੜਾਏ ਸਾਚਾ ਪੱਲਾ, ਸਤਿ ਸਤਿਵਾਦੀ ਡੋਰੀ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗ ਜੁਗ ਆਪਣੀ ਜੋਤ ਕਰੇ ਰੁਸ਼ਨਾਈਆ। ਜੁਗਾ ਜੁਗੰਤਰ ਸਾਚੀ ਜੋਤ, ਨਿਰਗੁਣ ਨਿਰਵੈਰ ਆਪ ਪਰਗਟਾਇੰਦਾ। ਨਾ ਕੋਈ ਕਿਲਾ ਨਾ ਕੋਈ ਕੋਟ, ਸਾਚੇ ਮੰਦਰ ਆਪ ਸੁਹਾਇੰਦਾ। ਲੱਖ ਚੁਰਾਸੀ ਅੰਦਰ ਲਾਏ ਸ਼ਬਦ ਚੋਟ, ਘਟ ਘਟ ਨਗਾਰਾ ਆਪ ਵਜਾਇੰਦਾ। ਨਾ ਕੋਈ ਵਰਨ ਨਾ ਕੋਈ ਗੋਤ, ਜ਼ਾਤ ਪਾਤ ਨਾ ਕੋਏ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਜੁਗ ਜੁਗ ਆਪਣਾ ਨਾਉਂ ਰੱਖ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਸਤਿ ਸਰੂਪੀ ਹੋ ਪਰਤਖ, ਬ੍ਰਹਮ ਪਾਰਬ੍ਰਹਮ ਦਇਆ ਕਮਾਇੰਦਾ। ਆਪ ਆਪਾ ਕਰੇ ਵੱਖ, ਆਪ ਆਪਣੀ ਕਲ ਧਰਾਇੰਦਾ। ਆਪਣਾ ਮਾਰਗ ਆਪੇ ਦੱਸ, ਗੁਰ ਪੀਰ ਅਵਤਾਰ ਸੇਵਾ ਲਾਇੰਦਾ। ਸੰਤਨ ਹਿਰਦੇ ਆਪੇ ਵਸ, ਹਰਿ ਕੀ ਪੌੜੀ ਆਪ ਚੜ੍ਹਾਇੰਦਾ। ਭਗਤਾਂ ਮਾਰੇ ਤੀਰ ਨਿਰਾਲਾ ਕਸ, ਬਜਰ ਕਪਾਟੀ ਤੋੜ ਤੁੜਾਇੰਦਾ। ਗੁਰਮੁਖ ਮੇਲ ਮਿਲਾਏ ਹੱਸ ਹੱਸ, ਹੰਸ ਮੁਖ ਸੋਭਾ ਪਾਇੰਦਾ। ਗੁਰਸਿਖਾਂ ਦੇਵੇ ਏਕਾ ਰਸ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਕਰੇ ਪਰਕਾਸ਼ ਮੇਟੇ ਅੰਧੇਰ ਰੈਣ ਮਸ, ਸਾਚਾ ਚੰਦ ਆਪ ਚੜ੍ਹਾਇੰਦਾ। ਤ੍ਰੈਗੁਣ ਮਾਇਆ ਨਾ ਡੱਸਣੀ ਸਕੇ ਡੱਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਰੰਗ ਰੰਗਾਇੰਦਾ। ਜੁਗ ਜੁਗ ਰੰਗ ਰਤੜਾ, ਪਾਰਬ੍ਰਹਮ ਗੁਰ ਕਰਤਾਰ। ਆਦਿ ਜੁਗਾਦੀ ਨਾ ਠੰਡਾ ਨਾ ਤੱਤੜਾ, ਏਕਾ ਵਸੇ ਧਾਮ ਨਿਆਰ। ਜਨ ਭਗਤਾਂ ਦੇਵੇ ਏਕਾ ਮਤੜਾ, ਬ੍ਰਹਮ ਮਤ ਕਰ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਬੰਨ੍ਹੇ ਅਪਣੀ ਧਾਰ। ਜੁਗ ਜੁਗ ਧਾਰ ਚਲਾਇੰਦਾ, ਧਰਨੀ ਧਰਤ ਧਵਲ ਕਰ ਵਿਚਾਰ। ਜੁਗ ਜੁਗ ਕਾਰ ਕਮਾਇੰਦਾ, ਲੱਖ ਚੁਰਾਸੀ ਪਾਵੇ ਸਾਰ। ਜੁਗ ਜੁਗ ਵੇਖ ਵਖਾਇੰਦਾ, ਚਾਰ ਵਰਨ ਕਰ ਪਿਆਰ। ਜੁਗ ਜੁਗ ਭੇਖ ਵਟਾਇੰਦਾ, ਸ਼ਬਦ ਅਨਾਦਿ ਬੋਲ ਜੈਕਾਰ। ਜੁਗ ਜੁਗ ਲੇਖ ਲਿਖਾਇੰਦਾ, ਚਾਰੇ ਵੇਦ ਕਰਨ ਪੁਕਾਰ। ਜੁਗ ਜੁਗ ਜੋਗ ਸਿਖਾਇੰਦਾ, ਜਾਗਰਤ ਜੋਤ ਕਰ ਉਜਿਆਰ। ਜੁਗ ਜੁਗ ਭੋਗ ਭੋਗਾਇੰਦਾ, ਨਾਰੀ ਕੰਤ ਦਏ ਆਧਾਰ। ਜੁਗ ਜੁਗ ਸੰਜੋਗ ਹੰਢਾਇੰਦਾ, ਗੁਰਮੁਖ ਸੱਜਣ ਕਰ ਤਿਆਰ। ਜੁਗ ਜੁਗ ਹਉਮੇ ਰੋਗ ਮਿਟਾਇੰਦਾ, ਚਿੰਤਾ ਸੋਗ ਦਏ ਨਿਵਾਰ। ਜੁਗ ਜੁਗ ਸਾਚੀ ਚੋਗ ਚੁਗਾਇੰਦਾ, ਹਰਿ ਕਾ ਨਾਉਂ ਅਪਰ ਅਪਾਰ। ਜੁਗ ਜੁਗ ਦਰਸ ਅਮੋਘ ਵਖਾਇੰਦਾ, ਮਾਤਲੋਕ ਲੈ ਅਵਤਾਰ। ਜੁਗ ਜੁਗ ਚੌਦਾਂ ਲੋਕ ਫੇਰਾ ਪਾਇੰਦਾ, ਇਕ ਇਕੱਲਾ ਏਕੰਕਾਰ। ਜੁਗ ਜੁਗ ਆਪ ਸਲੋਕ ਸੁਣਾਇੰਦਾ, ਨਿਰਗੁਣ ਬੋਲੇ ਬੋਲਣਹਾਰ। ਜੁਗ ਜੁਗ ਵੇਦ ਪੁਰਾਨ ਸ਼ਾਸਤਰ ਸਿਮਰਤ ਲੇਖ ਲਿਖਾਇੰਦਾ, ਜੁਗ ਜੁਗ ਗੀਤਾ ਗਿਆਨ ਦਏ ਆਧਾਰ। ਜੁਗ ਜੁਗ ਅੰਜੀਲ ਕੁਰਾਨ ਪੜ੍ਹਾਇੰਦਾ, ਲੇਖਾ ਜਾਣੇ ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰ। ਜੁਗ ਜੁਗ ਨਾਨਕ ਨਿਰਗੁਣ ਵੇਖ ਵਖਾਇੰਦਾ, ਸਤਿ ਨਾਮ ਕਰੇ ਪਰਧਾਨ। ਜੁਗ ਜੁਗ ਜੋਤੀ ਜੋਤ ਡਗਮਗਾਇੰਦਾ, ਏਕਾ ਸ਼ਬਦ ਇਕ ਗਿਆਨ। ਜੁਗ ਜੁਗ ਚਾਰੇ ਬਾਣੀ ਵੇਖ ਵਖਾਇੰਦਾ, ਜੁਗ ਜੁਗ ਚਾਰੇ ਖਾਣੀ ਕਰੇ ਕਲਿਆਣ। ਜੁਗ ਜੁਗ ਸੁਰਤ ਸਵਾਣੀ ਸ਼ਬਦ ਮਿਲਾਇੰਦਾ, ਅੰਮ੍ਰਿਤ ਪਾਣੀ ਦੇਵੇ ਠੰਡੀ ਆਣ। ਜੁਗ ਜੁਗ ਸੁਤ ਦੁਲਾਰਾ ਆਪਣਾ ਨਾਉਂ ਰਖਾਇੰਦਾ, ਗੋਬਿੰਦ ਸੂਰਾ ਨੌਜਵਾਨ। ਜੁਗ ਜੁਗ ਚੰਡ ਪਰਚੰਡ ਚਮਕਾਇੰਦਾ, ਜੁਗ ਜੁਗ ਲੇਖਾ ਜਾਣੇ ਦੋ ਜਹਾਨ। ਜੁਗ ਜੁਗ ਬ੍ਰਹਮ ਬ੍ਰਹਿਮੰਡ ਵੇਖ ਵਖਾਇੰਦਾ, ਲੋਆਂ ਪੁਰੀਆਂ ਵੇਖੇ ਮਾਰ ਧਿਆਨ। ਜੁਗ ਜੁਗ ਜੇਰਜ ਅੰਡਜ ਡੇਰਾ ਢਾਇੰਦਾ, ਉਤਭੁਜ ਸੇਤਜ ਕਰੇ ਵੈਰਾਨ। ਜੁਗ ਜੁਗ ਖੰਡ ਖੰਡ ਕਰਾਇੰਦਾ, ਖ਼ਾਲਕ ਮੇਟੇ ਜੀਵ ਬੇਈਮਾਨ। ਜੁਗ ਜੁਗ ਲੱਖ ਚੁਰਾਸੀ ਰੰਡ ਵਖਾਇੰਦਾ, ਨਾਤਾ ਤੋੜੇ ਸ੍ਰੀ ਭਗਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣੀ ਧਾਰ ਚਲਾਇੰਦਾ। ਜੁਗ ਜੁਗ ਧਾਰ ਚਲਾਵਣਹਾਰਾ, ਏਕਾ ਰੰਗ ਸਮਾਈਆ। ਆਦਿ ਜੁਗਾਦੀ ਲੈ ਅਵਤਾਰਾ, ਗੁਰ ਗੁਰ ਵੇਸ ਧਰਾਈਆ। ਸ਼ਬਦ ਅਨਾਦੀ ਬੋਲ ਜੈਕਾਰਾ, ਬ੍ਰਹਮ ਬ੍ਰਹਿਮਾਦੀ ਆਪ ਸੁਣਾਈਆ। ਭਗਤ ਭਗਵੰਤ ਬਖ਼ਸ਼ੇ ਚਰਨ ਪਿਆਰਾ, ਸੰਤ ਸਾਜਣ ਲਏ ਮਿਲਾਈਆ। ਗੁਰਮੁਖਾਂ ਖੋਲ੍ਹੇ ਬੰਦ ਕਿਵਾੜਾ, ਗੁਰਸਿਖ ਏਕਾ ਰੰਗ ਰੰਗਾਈਆ। ਮਨਮੁਖਾਂ ਮਾਰੇ ਆਦਿ ਅੰਤ ਮਾਰਾ, ਬਚਿਆ ਕੋਇ ਰਹਿਣ ਨਾ ਪਾਈਆ। ਸਤਿਜੁਗ ਤ੍ਰੇਤਾ ਦਵਾਪਰ ਉਤਰਿਆ ਪਾਰ ਕਿਨਾਰਾ, ਥਿਰ ਕੋਇ ਰਹਿਣ ਨਾ ਪਾਈਆ। ਕਲਜੁਗ ਆਈ ਅੰਤਮ ਵਾਰਾ, ਚਾਰੋਂ ਕੁੰਟ ਰੈਣ ਅੰਧੇਰੀ ਛਾਈਆ। ਨੌਂ ਖੰਡ ਪ੍ਰਿਥਮੀ ਬਣਿਆ ਜਗਤ ਅਖਾੜਾ, ਚਾਰ ਵਰਨ ਦੇਣ ਦੁਹਾਈਆ। ਉਚੀ ਕੂਕੇ ਪੰਚਮ ਧਾੜਾ, ਕਾਮ ਕਰੋਧ ਲੋਭ ਮੋਹ ਹੰਕਾਰ ਹੋਏ ਹਲਕਾਈਆ। ਲੱਗੀ ਅੱਗ ਬਹੱਤਰ ਨਾੜਾ, ਸਾਂਤਕ ਸਤਿ ਨਾ ਕੋਇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਵਟਾਇੰਦਾ, ਅਲੱਖ ਅਗੋਚਰ ਅਗੰਮ ਅਪਾਰ। ਨਿਰਗੁਣ ਸਰਗੁਣ ਖੇਲ ਖਿਲਾਇੰਦਾ, ਖੇਲਣਹਾਰ ਬੇਐਬ ਪਰਵਰਦਿਗਾਰ। ਨੂਰੋ ਨੂਰ ਡਗਮਗਾਇੰਦਾ, ਖ਼ਲਕ ਖ਼ੁਦਾਈ ਸਾਂਝਾ ਯਾਰ। ਸਾਚੇ ਦਰ ਸੋਭਾ ਪਾਇੰਦਾ, ਹੱਕ ਹਕੀਕਤ ਕਰੇ ਵਿਚਾਰ। ਲਾਸ਼ਰੀਕ ਰੂਪ ਵਟਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਸਾਚੀ ਧਾਰ ਬੰਧਾਇੰਦਾ। ਜੁਗ ਜੁਗ ਧਾਰ ਬੰਧਾਇੰਦਾ, ਪਾਰਬ੍ਰਹਮ ਬੇਅੰਤ। ਕਲਜੁਗ ਅੰਤਮ ਵੇਸ ਵਟਾਇੰਦਾ, ਪੂਰਨ ਜੋਤ ਸ੍ਰੀ ਭਗਵੰਤ। ਨਿਰਗੁਣ ਨਰ ਨਰਾਇਣ ਆਪਣਾ ਨਾਉਂ ਰਖਾਇੰਦਾ, ਲੇਖਾ ਜਾਣੇ ਆਦਿ ਅੰਤ। ਨਿਹਕਲੰਕਾ ਵੇਸ ਵਟਾਇੰਦਾ, ਸ੍ਰਿਸ਼ਟ ਸਬਾਈ ਸਾਚਾ ਕੰਤ। ਲੱਖ ਚੁਰਾਸੀ ਆਪ ਪਰਨਾਇੰਦਾ, ਬਚਿਆ ਰਹੇ ਨਾ ਕੋਇ ਜੀਵ ਜੰਤ। ਗੁਰਮੁਖ ਨਾਰੀ ਸੁਘੜ ਸਵਾਣੀ ਸਾਚੇ ਦਰ ਬਹਾਇੰਦਾ, ਮਾਇਆ ਰਾਣੀ ਕਰੇ ਭਸਮੰਤ। ਸਰ ਸਰੋਵਰ ਅੰਮ੍ਰਿਤ ਆਤਮ ਠੰਡਾ ਪਾਣੀ ਆਪ ਪਿਆਇੰਦਾ, ਹਰਿ ਹਰਿ ਮਹਿਮਾ ਗਣਤ ਅਗਣਤ। ਖਾਣੀ ਬਾਣੀ ਫੋਲ ਫੁਲਾਇੰਦਾ, ਲੇਖਾ ਜਾਣੇ ਸਾਚੇ ਸੰਤ। ਸ਼ਬਦ ਹਾਣੀ ਇਕ ਮਿਲਾਇੰਦਾ, ਮੇਲ ਮਿਲਾਵਾ ਆਦਿ ਅੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵੇਸ ਵਟਾਏ ਜੁਗਾਂ ਜੁਗੰਤ। ਜੁਗ ਜੁਗ ਵੇਸ ਵਟਾਇੰਦਾ, ਨਿਰਧਨ ਸਰਧਨ ਕਰੇ ਪਿਆਰ। ਕਲਜੁਗ ਅੰਤਮ ਖੇਲ ਖਿਲਾਇੰਦਾ, ਕਲ ਕਲਕੀ ਲੈ ਅਵਤਾਰ। ਸੰਬਲ ਨਗਰੀ ਧਾਮ ਸੁਹਾਇੰਦਾ, ਸਾਢੇ ਤਿੰਨ ਹੱਥ ਮੰਦਰ ਕਰ ਤਿਆਰ। ਨਿਹਕਲੰਕ ਜੋਤ ਜਗਾਇੰਦਾ, ਜੋਤੀ ਜੋਤ ਹੋਏ ਉਜਿਆਰ। ਸ਼ਬਦ ਡੰਕਾ ਇਕ ਵਜਾਇੰਦਾ, ਸ਼ਾਹ ਸੁਲਤਾਨਾ ਕਰੇ ਖ਼ਬਰਦਾਰ। ਏਕਾ ਅੰਕ ਸ਼ਬਦ ਸੁਣਾਇੰਦਾ, ਸੋਹੰ ਰੂਪ ਸੱਚੀ ਸਰਕਾਰ। ਬ੍ਰਹਮ ਪਾਰਬ੍ਰਹਮ ਮਿਲਾਇੰਦਾ, ਏਕਾ ਦੂਜਾ ਦੂਜਾ ਏਕਾ ਲੇਖਾ ਚੁੱਕੇ ਏਕਾ ਵਾਰ। ਅੰਦਰ ਬਾਹਰ ਆਪਣੀ ਖੇਲ ਖਿਲਾਇੰਦਾ, ਗੁਪਤ ਜ਼ਾਹਰ ਕਰੇ ਪਿਆਰ। ਸਾਚਾ ਸਾਕੀ ਜਾਮ ਪਿਆਇੰਦਾ, ਅੰਮ੍ਰਿਤ ਪਿਆਲਾ ਭਰ ਭੰਡਾਰ। ਗੁਰਮੁਖ ਬੰਦ ਤਾਕੀ ਆਪ ਖੁਲਾਇੰਦਾ, ਡੂੰਘੀ ਕੰਦਰ ਕਰ ਉਜਿਆਰ। ਸਾਚਾ ਰਾਕੀ ਸ਼ਬਦ ਦੌੜਾਇੰਦਾ, ਸਾਚੇ ਅਸਵ ਹੋ ਅਸਵਾਰ। ਜੁਗ ਜੁਗ ਲਹਿਣਾ ਦੇਣਾ ਬਾਕੀ ਆਪ ਚੁਕਾਇੰਦਾ, ਕਲਜੁਗ ਰਹੇ ਨਾ ਵਿਚ ਸੰਸਾਰ। ਅੰਤਮ ਅੰਤ ਕਾਲ ਖ਼ਾਕੀ ਖ਼ਾਕ ਮਿਲਾਇੰਦਾ, ਚਾਰੋਂ ਕੁੰਟ ਉਡੇ ਛਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲ ਕਰੇ ਕਰਤਾਰ। ਜੁਗ ਜੁਗ ਖੇਲ ਕਰੇ ਕਰਤਾਰਾ, ਕੁਦਰਤ ਕਾਦਰ ਵੇਖ ਵਖਾਈਆ। ਕਲਜੁਗ ਅੰਤਮ ਆਈ ਵਾਰਾ, ਬਿਸਮਲ ਵੇਖੇ ਥਾਉਂ ਥਾਈਂਆ। ਐਨਲਹਕ ਹਕੀਕਤ ਨਾਅਰਾ, ਲਾਸ਼ਰੀਕ ਆਪ ਸੁਣਾਈਆ। ਲੇਖਾ ਜਾਣੇ ਮੁਲਾਂ ਸ਼ੇਖ਼ ਮਸਾਇਕ ਪੀਰ ਦਸਤਗੀਰ ਸਾਂਝਾ ਯਾਰਾ, ਲਾਸ਼ਰੀਕ ਇਕ ਖ਼ੁਦਾਈਆ। ਚੌਦਾਂ ਤਬਕਾਂ ਖੋਲ੍ਹ ਕਿਵਾੜਾ, ਨੂਰੀ ਜਲਵਾ ਦਏ ਦਰਸਾਈਆ। ਜ਼ਿਮੀ ਅਸਮਾਨਾਂ ਚੁੱਕੇ ਪਾੜਾ, ਮਹਿਬਾਨ ਮਿਹਰਵਾਨ ਖੇਲ ਖਿਲਾਈਆ। ਨੌਂ ਖੰਡ ਪ੍ਰਿਥਮੀ ਮਲਕਉਲ ਮੌਤ ਬਹੱਤਰ ਨਾੜ ਵਜਾਏ ਤਾੜਾ, ਕਾਇਨਾਤ ਰਹੀ ਕੁਰਲਾਈਆ। ਧੁਰ ਦਰਗਾਹੀ ਛੈਲ ਛਬੀਲਾ ਇਕ ਇਕੱਲਾ ਸਾਚਾ ਲਾੜਾ, ਸਾਚੇ ਅਸਵ ਸੋਲਾਂ ਕਲੀਆਂ ਆਸਣ ਪਾਈਆ। ਨੌਂ ਖੰਡ ਪ੍ਰਿਥਮੀ ਵੇਖੇ ਇਕ ਅਖਾੜਾ, ਪੰਚਮ ਧਾੜਾ ਨਾਲ ਮਿਲਾਈਆ। ਕਰੇ ਖੇਲ ਜੰਗਲ ਜੂਹ ਉਜਾੜ ਪਹਾੜਾ, ਸਮੁੰਦ ਸਾਗਰ ਫੇਰਾ ਪਾਈਆ। ਕੂੜੀ ਕਿਰਿਆ ਕਰੇ ਪਾਰ ਕਿਨਾਰਾ, ਜੂਠ ਝੂਠ ਬੇੜਾ ਦਏ ਡੁਬਾਈਆ। ਨਾ ਕੋਈ ਦੀਸੇ ਸ਼ਾਹ ਸਿਕਦਾਰਾ, ਸੀਸ ਤਾਜ ਨਾ ਕੋਇ ਰਖਾਈਆ। ਲੱਖ ਚੁਰਾਸੀ ਆਵੇ ਹਾਰਾ, ਏਕਾ ਭੁੱਲਿਆ ਹਰਿ ਹਰਿ ਸੱਚਾ ਮਾਹੀਆ। ਚਾਰ ਵਰਨ ਅਠਾਰਾਂ ਬਰਨ ਰੋਵਣ ਜ਼ਾਰੋ ਜ਼ਾਰਾ, ਜ਼ਾਹਰ ਜ਼ਹੂਰ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਆਪ ਖਲਾਈਆ। ਕਲਜੁਗ ਅੰਤਮ ਖੇਲ ਖਲਾਵਣਾ, ਪੁਰਖ ਅਬਿਨਾਸ਼ੀ ਸਾਚੀ ਕਾਰ। ਜੀਵ ਜੰਤ ਜਗਤ ਰੁਲਾਵਣਾ, ਚਾਰੋਂ ਕੁੰਟ ਧੂਆਂਧਾਰ। ਗੁਰਮੁਖ ਵਿਰਲਾ ਆਪ ਬਚਾਵਣਾ, ਜਿਸ ਜਨ ਬਖ਼ਸ਼ੇ ਚਰਨ ਪਿਆਰ। ਸ਼ਾਹ ਸੁਲਤਾਨਾਂ ਖ਼ਾਕ ਮਿਲਾਵਣਾ, ਖ਼ਾਕੀ ਖ਼ਾਕ ਉਡੇ ਛਾਰ। ਮਾਇਆ ਮਮਤਾ ਹਉਮੇ ਹੰਗਤਾ ਗੜ੍ਹ ਤੁੜਾਵਣਾ, ਨਾਮ ਖੰਡਾ ਮਾਰ ਕਟਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲ ਕਰੇ ਅਗੰਮ ਅਪਾਰ। ਅਗੰਮ ਅਪਾਰ ਅਲੱਖਣਾ ਅਲੱਖ, ਲੇਖਾ ਲਿਖਤ ਵਿਚ ਨਾ ਆਈਆ। ਲੱਖ ਚੁਰਾਸੀ ਭਾਂਡੇ ਕਰੇ ਸਖ, ਪਾਰਬ੍ਰਹਮ ਬ੍ਰਹਮ ਆਪਣੇ ਵਿਚ ਸਮਾਈਆ। ਜੂਨ ਅਜੂਨ ਹੋਏ ਪਰਤਖ, ਬੇਅੰਤ ਸੱਚਾ ਸ਼ਹਿਨਸ਼ਾਹੀਆ। ਭਗਤ ਭਗਵੰਤ ਸਾਚੇ ਸੰਤ ਕਰੇ ਵੱਖ, ਲੱਖ ਚੁਰਾਸੀ ਫੋਲ ਫੁਲਾਈਆ। ਮਨਮੁਖ ਜੀਵਾਂ ਅੰਤਮ ਮੁਲ ਪਏ ਨਾ ਕੌਡੀ ਕੱਖ, ਹੱਟੋ ਹੱਟ ਆਪ ਵਿਕਾਈਆ। ਗੁਰਸਿਖਾਂ ਸਗਲ ਵਿਸੂਰੇ ਜਾਇਣ ਲੱਥ, ਜਿਸ ਸਤਿਗੁਰ ਪੂਰਾ ਦਰਸ ਦਿਖਾਈਆ। ਏਕਾ ਦੇਵੇ ਵਸਤ ਨਾਮ ਸਾਚੀ ਵੱਥ, ਵਾਹ ਵਾ ਗੁਰੂ ਵੱਡੀ ਵਡਿਆਈਆ। ਗੁਰ ਗੋਬਿੰਦ ਸਿੰਘ ਸੂਰਾ ਏਕਾ ਮਾਰਗ ਗਿਆ ਦੱਸ, ਪੁਰਖ ਅਕਾਲ ਇਕ ਮਨਾਈਆ। ਗੁਰਸਿਖ ਤੇਰਾ ਸੀਸ ਦੂਜੇ ਦਰ ਨਾ ਜਾਏ ਢੱਠ, ਤੇਰੀ ਕੀਮਤ ਕਰਤਾ ਆਪੇ ਪਾਈਆ। ਆਦਿ ਜੁਗਾਦਿ ਲਏ ਰੱਖ, ਰੱਖਣਹਾਰਾ ਇਕ ਅਖਵਾਈਆ। ਜਿਸ ਦਾ ਸੱਥਰ ਹਉਂ ਬੈਠਾ ਘਤ, ਲੇਖਾ ਜਾਣੇ ਥਾਉਂ ਥਾਈਆ। ਗੁਰਸਿਖ ਤੇਰਾ ਬੂਟਾ ਲਗਾਇਆ ਆਪਣੀ ਰੱਤ, ਰੱਤੀ ਰਤ ਆਪ ਸੁਕਾਈਆ। ਮੇਰਾ ਨਾਉਂ ਤੇਰੀ ਮਤ, ਦੂਜੀ ਧਾਰ ਨਾ ਕੋਇ ਵਖਾਈਆ। ਏਕਾ ਮਿਲੇ ਕਮਲਾਪਤ, ਪਾਰਬ੍ਰਹਮ ਵੱਡੀ ਵਡਿਆਈਆ। ਵੇਲੇ ਅੰਤਮ ਲਏ ਰੱਖ, ਰਾਏ ਧਰਮ ਨਾ ਦਏ ਸਜ਼ਾਈਆ। ਦੇਵੇ ਦਰਸ ਹੋ ਪਰਤੱਖ, ਨਿਹਕਲੰਕ ਨਿਰਗੁਣ ਨੂਰ ਨੂਰ ਰੁਸ਼ਨਾਈਆ। ਹਰਿ ਕਾ ਮੰਦਰ ਗੁਰੂਦਵਾਰ ਕਦੇ ਨਾ ਜਾਏ ਢੱਠ, ਇਟ ਗਾਰਾ ਨਾ ਕੋਇ ਲਗਾਈਆ। ਦਿਵਸ ਰੈਣ ਵਜਾਏ ਅਨਹਦ ਸੱਟ, ਤਾਲ ਤਲਵਾੜਾ ਆਪਣੇ ਹੱਥ ਰਖਾਈਆ। ਤੇਰੇ ਅੰਦਰ ਦੂਈ ਦਵੈਤ ਨਾ ਹੋਵੇ ਫਟ, ਆਪਣਾ ਫਟ ਅੰਤਮ ਗਿਆ ਖੁਲਾਈਆ। ਨੌਂ ਖੰਡ ਵਖਾਏ ਤੇਰਾ ਹੱਟ, ਲੋਕਮਾਤ ਦਏ ਵਡਿਆਈਆ। ਆਵਣ ਜਾਵਣ ਛੁੱਟੇ ਤੀਰਥ ਤੱਟ, ਗੰਗਾ ਗੋਦਾਵਰੀ ਜਮਨਾ ਸੁਰਸਤੀ ਫੇਰਾ ਕੋਇ ਨਾ ਪਾਈਆ। ਸਾਚਾ ਮਾਰਗ ਏਕਾ ਦੱਸ, ਸਤਿਜੁਗ ਸਾਚਾ ਰਾਹ ਵਖਾਈਆ। ਏਕਾ ਤਖ਼ਤ ਬਹੇ ਸਜ, ਤਖ਼ਤ ਤਾਜਾਂ ਵਾਲਾ ਸੱਚਾ ਸ਼ਹਿਨਸ਼ਾਹੀਆ। ਆਪਣਾ ਚਰਨ ਦਵਾਰ ਵਖਾਏ ਸਾਚਾ ਹਜ, ਮੱਕਾ ਮਦੀਨਾ ਫੇਰਾ ਕੋਇ ਨਾ ਪਾਈਆ। ਸ੍ਰਿਸ਼ਟ ਸਬਾਈ ਪਰਦਾ ਲਏ ਕਜ, ਜੋ ਜਨ ਆਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਰ, ਗੁਰ ਪੀਰ ਅਵਤਾਰ ਇਸ਼ਟ ਦੇਵ ਨਮੋ ਨਮੋ ਆਪਣਾ ਸੀਸ ਆਪ ਝੁਕਾਈਆ।