੨੮ ਅੱਸੂ ੨੦੧੮ ਬਿਕ੍ਰਮੀ ਚਰਨ ਸਿੰਘ ਦੇ ਘਰ
ਸੇਵਾ ਕਰੇ ਸ੍ਰੀ ਭਗਵਾਨ, ਭਗਤਨ ਚਾਕਰ ਚਾਕ ਅਖਵਾਇੰਦਾ। ਭਗਤ ਝੁਲਾਏ ਸਚ ਨਿਸ਼ਾਨ, ਨਿਸ਼ਾਨਾ ਆਪ ਉਠਾਇੰਦਾ। ਦਰ ਘਰ ਕਰ ਪਰਵਾਨ, ਨਾਮ ਪਰਵਾਨਾ ਇਕ ਵਖਾਇੰਦਾ। ਗ੍ਰਹਿ ਗ੍ਰਹਿ ਹੋਏ ਜਾਣੀ ਜਾਣ, ਜਾਨਣਹਾਰਾ ਭੇਵ ਖੁਲ੍ਹਾਇੰਦਾ। ਕਲਜੁਗ ਅੰਤਮ ਦੇਵੇ ਮਾਣ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਸੋਭਾ ਪਾਇੰਦਾ। ਸਾਚਾ ਮੰਦਰ ਹਰਿ ਕਾ ਦਵਾਰ, ਹਰੀ ਹਰਿ ਆਪ ਉਪਜਾਈਆ। ਭਗਤਨ ਮੇਲੇ ਹਰਿ ਜੂ ਆਣ, ਭਗਤੀ ਦੇਵੇ ਮਾਣ ਵਡਿਆਈਆ। ਨਾਤਾ ਤੋੜ ਜਗਤ ਜਹਾਨ, ਸਾਚੀ ਸ਼ਰਅ ਦਏ ਸਮਝਾਈਆ। ਚਾਰ ਵਰਨਾਂ ਇਕ ਗਿਆਨ, ਏਕਾ ਅੱਖਰ ਕਰੇ ਪੜ੍ਹਾਈਆ। ਅਲਿਫ਼ ਯੇ ਕਰ ਕਰ ਥੱਕੀ ਬਿਆਨ, ਪੈਂਤੀਸ ਅੱਖਰ ਦੇਣ ਗਵਾਹੀਆ। ਬਾਵਨ ਖੇਲ ਕਰੇ ਮਿਹਰਵਾਨ, ਅਛਲ ਅਛੱਲ ਵਡੀ ਵਡਿਆਈਆ। ਕਲਜੁਗ ਅੰਤਮ ਵੇਖੇ ਮਾਰ ਧਿਆਨ, ਆਪਣੀ ਦਇਆ ਆਪ ਕਮਾਈਆ। ਦਇਆਵਾਨ ਹੋਏ ਮਿਹਰਵਾਨ, ਮਹਿਬਾਨ ਨੂਰ ਅਲਾਹੀਆ। ਹਰਿਜਨ ਸਾਚੇ ਕਰੇ ਸਵਾਧਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਸੁਹਾਈਆ। ਸਚ ਦਵਾਰਾ ਹਰਿ ਸੁਹੌਣਾ, ਸੋਭਾਵੰਤਾ ਆਪ ਸੁਹਾਇੰਦਾ। ਸਚਖੰਡ ਲੋਕਮਾਤ ਬਣੌਣਾ, ਤ੍ਰੈਗੁਣ ਨਾਤਾ ਤੋੜ ਤੁੜਾਇੰਦਾ। ਪੰਚਮ ਰੰਗ ਇਕ ਚੜ੍ਹੌਣਾ, ਨਾੜ ਬਹੱਤਰ ਵੇਖ ਵਖਾਇੰਦਾ। ਸਚ ਸਿੰਘਾਸਣ ਸੋਭਾ ਪੌਣਾ, ਤਖ਼ਤ ਨਿਵਾਸੀ ਆਸਣ ਲਾਇੰਦਾ। ਨਾਮ ਨਿਧਾਨਾ ਏਕਾ ਗੌਣਾ, ਦੂਸਰ ਰਾਗ ਨਾ ਕੋਇ ਅਲਾਇੰਦਾ। ਹਰਿਜਨ ਸੱਜਣ ਆਪ ਮਿਲੌਣਾ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਲੋਕਮਾਤ ਪੁਰਖ ਅਬਿਨਾਸ਼ੀ ਸਚ ਨਿਸ਼ਾਨ ਝਲੌਣਾ, ਸਚ ਨਿਸ਼ਾਨਾ ਆਪ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਦਰ ਦਰਬਾਰਾ ਆਪ ਸੁਹਾਇੰਦਾ। ਦਰ ਦਰਬਾਰ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਕਰੇ ਖੇਲ ਸ੍ਰੀ ਭਗਵੰਤ, ਭਗਵਨ ਆਪਣੀ ਧਾਰ ਚਲਾਈਆ। ਹਰਿਜਨ ਉਠਾਏ ਸਾਚੇ ਸੰਤ, ਸਤਿਗੁਰ ਸੱਚਾ ਬੇਪਰਵਾਹੀਆ। ਇਕ ਜਪਾਏ ਨਾਮ ਮੰਤ, ਮਨ ਕਾ ਮਣਕਾ ਆਪ ਭੁਆਈਆ। ਗੜ੍ਹ ਤੋੜੇ ਹਉਮੇ ਹੰਗਤ, ਹੰ ਬ੍ਰਹਮ ਦਏ ਦਰਸਾਈਆ। ਜਿਉਂ ਨਾਨਕ ਅੰਗ ਲਗਾਇਆ ਅੰਗਦ, ਅੰਗੀਕਾਰ ਆਪ ਹੋ ਜਾਈਆ। ਮੇਲ ਮਿਲਾਵਾ ਸਾਚੀ ਸੰਗਤ, ਘਰ ਸਾਚੇ ਵੱਜੇ ਵਧਾਈਆ। ਕਾਇਆ ਚੋਲੀ ਚਾੜ੍ਹੇ ਰੰਗਤ, ਰੰਗ ਚਿੱਟਾ ਇਕ ਵਖਾਈਆ। ਨਾਤਾ ਤੋੜੇ ਭੁੱਖ ਨੰਗਤ, ਜਗਤ ਤ੍ਰਿਸ਼ਨਾ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦਏ ਵਡਿਆਈਆ। ਸਚ ਦਵਾਰੇ ਸੇਵਕ ਬਣ, ਹਰਿ ਜੂ ਹਰਿ ਹਰਿ ਸੇਵ ਕਮਾਇੰਦਾ। ਆਪ ਉਠਾਏ ਆਪਣੇ ਜਨ, ਜਨ ਜਨਨੀ ਵੇਖ ਵਖਾਇੰਦਾ। ਰਾਗੀ ਰਾਗ ਸੁਣਾਏ ਕੰਨ, ਤਾਰ ਸਤਾਰ ਨਾ ਕੋਈ ਹਿਲਾਇੰਦਾ। ਭਾਂਡਾ ਭਰਮ ਦੇਵੇ ਭੰਨ, ਮਨ ਕਾ ਭਰਮ ਚੁਕਾਇੰਦਾ। ਭਾਗ ਲਗਾਏ ਸਾਚੇ ਤਨ, ਪੰਜ ਤਤ ਕਾਇਆ ਚੋਲਾ ਆਪ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਆਪ ਪਰਗਟਾਇੰਦਾ। ਭਗਤ ਦਵਾਰਾ ਕਰੇ ਪਰਗਟ, ਪਰਗਟ ਹੋਏ ਆਪ ਨਿਰੰਕਾਰਾ। ਲਹਿਣਾ ਚੁੱਕੇ ਚੌਦਾਂ ਲੋਕ ਚੌਦਾਂ ਹੱਟ, ਚੌਦਾਂ ਤਬਕ ਕਰੇ ਨਿਮਸਕਾਰਾ। ਨਾਤਾ ਤੁੱਟੇ ਅਠਸਠ, ਪੰਧ ਮੁੱਕੇ ਤਟ ਕਿਨਾਰਾ। ਲਹਿਣਾ ਚੁੱਕੇ ਮੰਦਰ ਮਸਜਿਦ ਮਠ, ਕਰੇ ਖੇਲ ਅਪਰ ਅਪਾਰਾ। ਹਰਿਜਨ ਸਾਚੇ ਲਏ ਰੱਖ, ਨਿਹਕਲੰਕ ਨਰਾਇਣ ਨਰ ਅਵਤਾਰਾ। ਲੋਕਮਾਤ ਕਰੇ ਪ੍ਰਤੱਖ, ਕਰੇ ਸਚ ਵਿਹਾਰਾ। ਲੱਖ ਚੁਰਾਸੀ ਨਾਰੀ ਕਰੇ ਵੱਖ, ਇਕ ਬਣਾਏ ਨਾਮ ਵਣਜਾਰਾ। ਸਤਿਜੁਗ ਸਾਚਾ ਮਾਰਗ ਦੱਸ, ਦੇਵੇ ਨਾਮ ਸਹਾਰਾ। ਮੇਲ ਮਿਲਾਏ ਹੱਸ ਹੱਸ, ਇਕ ਅਕੱਲਾ ਏਕੰਕਾਰਾ। ਜੁਗ ਚੌਕੜੀ ਪੂਰੀ ਕਰੇ ਆਸ, ਖੋਲ੍ਹੇ ਸਚ ਕਿਵਾੜਾ। ਲਹਿਣਾ ਦੇਣਾ ਚੁੱਕੇ ਜਗਤ ਪ੍ਰਭਾਸ, ਮੰਦਰ ਸੋਹੇ ਅਪਰ ਅਪਾਰਾ। ਜਨ ਭਗਤਾਂ ਮਿਲ ਮਿਲ ਪਾਏ ਰਾਸ, ਗੋਪੀ ਕਾਹਨ ਖੇਲ ਨਿਆਰਾ। ਸੇਵਾ ਕਰੇ ਬਣ ਬਣ ਦਾਸ, ਸੇਵਕ ਰੂਪ ਆਪ ਨਿਰੰਕਾਰਾ। ਲਹਿਣਾ ਵੇਖੇ ਪ੍ਰਿਥਮੀ ਅਕਾਸ਼, ਭੇਵ ਚੁਕਾਏ ਰਵ ਸਸ ਸਤਾਰਾ। ਜਨ ਭਗਤਾਂ ਕਰੇ ਬੰਦ ਖ਼ਲਾਸ, ਲੱਖ ਚੁਰਾਸੀ ਪਾਰ ਕਿਨਾਰਾ। ਅੱਠੇ ਪਹਿਰ ਰਹੇ ਪ੍ਰਭਾਤ, ਵੇਲਾ ਵਕ਼ਤ ਨਾ ਕੋਈ ਵਿਚਾਰਾ। ਨਿਰਗੁਣ ਸਰਗੁਣ ਦੇਵੇ ਸਾਥ, ਹਰਿ ਸੱਜਣ ਮੀਤ ਮੁਰਾਰਾ। ਨਾਮ ਨਿਧਾਨ ਸੁਣਾਏ ਗਾਥ, ਲਿਖਣ ਪੜ੍ਹਣ ਤੇ ਵਸੇ ਬਾਹਰਾ। ਲੇਖਾ ਜਾਣੇ ਤੱਤ ਅੱਠ ਅਪ ਤੇਜ ਵਾਏ ਪ੍ਰਿਥਮੀ ਆਕਾਸ, ਮਨ ਮਤ ਬੁਧ ਦਏ ਸਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਬਣਾਏ ਸਚ ਮੁਨਾਰਾ। ਸਚ ਮੁਨਾਰਾ ਸਾਢੇ ਤਿੰਨ ਹੱਥ, ਤ੍ਰੈਗੁਣ ਅਤੀਤਾ ਆਪ ਬਣਾਈਆ। ਕਰੇ ਖੇਲ ਪੁਰਖ ਸਮਰਥ, ਸਮਰਥ ਹੱਥ ਵਡਿਆਈਆ। ਸੰਤ ਸੁਹੇਲੇ ਕਰ ਇਕੱਠ, ਭਗਤ ਭਗਵੰਤ ਲਏ ਜਗਾਈਆ। ਸਗਲ ਵਿਸੂਰੇ ਜਾਇਣ ਲਥ, ਜਿਸ ਜਨ ਆਪਣਾ ਦਰਸ ਦਿਖਾਈਆ। ਲੇਖੇ ਲਾਏ ਰਤੀ ਰਤ, ਪੰਜ ਪਿਆਰੇ ਸੇਵ ਕਮਾਈਆ। ਬੀਜ ਬੀਜਿਆ ਆਪਣੇ ਵਤ, ਫਲ ਆਪੇ ਵੇਖ ਵਖਾਈਆ। ਗੋਬਿੰਦ ਨੀਆਂ ਗਿਆ ਰੱਖ, ਬਾਲੇ ਨੀਆਂ ਹੇਠ ਚਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵਾ ਦਏ ਜਣਾਈਆ। ਭੇਵ ਜਣੌਣਾ ਗੋਬਿੰਦ ਧਾਰ, ਧਾਰ ਧਾਰ ਨਾਲ ਮਿਲਾਈਆ। ਸੱਥਰ ਹੰਢਾਇਆ ਸਾਚੇ ਯਾਰ, ਸੂਲਾਂ ਸੇਜ ਇਕ ਵਿਛਾਈਆ। ਮੇਲ ਮਿਲਾਵਾ ਅੰਤਮ ਵਾਰ, ਏਕਾ ਘਰ ਵੱਜੇ ਵਧਾਈਆ। ਪਹਿਲਾ ਕਰਜ਼ਾ ਦਏ ਉਤਾਰ, ਅਗੇ ਲਹਿਣਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰਾ ਦਏ ਸੁਹਾਈਆ। ਸਚ ਦਰਬਾਰਾ ਡੂੰਘੀ ਗਾਰ, ਸਾਢੇ ਤਿੰਨ ਤਿੰਨ ਆਪ ਜਣਾਇੰਦਾ। ਆਪੇ ਜਾਣੇ ਆਪਣੀ ਕਾਰ, ਕਰਨੀ ਕਰਤਾ ਕਾਰ ਕਮਾਇੰਦਾ। ਨਗਰ ਖੇੜਾ ਵੇਖੇ ਵਿਚ ਸੰਸਾਰ, ਜਗ ਆਪਣਾ ਰੂਪ ਵਟਾਇੰਦਾ। ਗੁਰਮੁਖਾਂ ਮਹੱਲ ਅਪਰ ਅਪਾਰ, ਨਿਰਗੁਣ ਦੀਪ ਇਕ ਜਗਾਇੰਦਾ। ਕਮਲਾਪਾਤੀ ਮੀਤ ਮੁਰਾਰ, ਘਰ ਘਰ ਵਿਚ ਖ਼ੁਸ਼ੀ ਮਨਾਇੰਦਾ। ਗਾਵੇ ਗੀਤ ਸੁਹਾਗੀ ਆਪਣੀ ਵਾਰ, ਛੱਤੀ ਰਾਗ ਭੇਵ ਨਾ ਆਇੰਦਾ। ਭਗਤਨ ਸਾਚੇ ਲਏ ਉਠਾਲ, ਭਗਵਨ ਦਇਆ ਕਮਾਇੰਦਾ। ਛੱਤੀ ਜੁਗ ਦੀ ਨਿਭੇ ਨਾਲ, ਨੌਂ ਨੌਂ ਚਾਰ ਬੰਧਨ ਪਾਇੰਦਾ। ਨੌਂ ਨੌਂ ਚਾਰ ਖਾ ਖਾ ਗਿਆ ਕਾਲ, ਹੱਡ ਮਾਸ ਨਾੜੀ ਰਤ ਨਜ਼ਰ ਕਿਸੇ ਨਾ ਆਇੰਦਾ। ਅੰਤਮ ਖੇਲ ਕਰੇ ਹੋ ਮਿਹਰਵਾਨ, ਆਪਣੀ ਦਇਆ ਕਮਾਇੰਦਾ। ਮਾਨਸ ਮਾਨਸ ਕਰ ਪਰਵਾਨ, ਮਾਨਸ ਜਨਮ ਦਵਾਇੰਦਾ। ਆਪਣਾ ਮੇਲਾ ਮੇਲੇ ਆਣ, ਮਿਲਿਆ ਮੇਲ ਨਾ ਕੋਈ ਤੁੜਾਇੰਦਾ। ਆਪਣੀ ਬਖ਼ਸ਼ੇ ਆਪ ਪਹਿਚਾਨ, ਬੇਪਹਿਚਾਨ ਪਹਿਚਾਨ ਵਿਚ ਕਦੇ ਨਾ ਆਇੰਦਾ। ਇਕ ਵਖਾਏ ਸਚ ਮਕਾਨ, ਭਗਤ ਦਵਾਰਾ ਸੋਭਾ ਪਾਇੰਦਾ। ਸ੍ਰਿਸ਼ਟ ਸਬਾਈ ਹੋਏ ਹੈਰਾਨ, ਹਰਿ ਕਵਣ ਖੇਲ ਕਰਾਇੰਦਾ। ਜਿਸ ਸਿਰ ਹੱਥ ਧਰੇ ਹੋ ਮਿਹਰਵਾਨ, ਸੋ ਜਨ ਭਗਤ ਭਗਵੰਤ ਅਖਵਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਨ ਪੜ੍ਹਿਆਂ ਦੇਵੇ ਇਕ ਗਿਆਨ, ਜਗਤ ਵਿਦਿਆ ਲੇਖੇ ਕਿਸੇ ਨਾ ਲਾਇੰਦਾ।
