Granth 09 Likhat 209: 14 Assu 2017 Bikarmi Bali Singh de Ghar Pind Kairon Jila Amritsar

੧੪ ਅੱਸੂ ੨੦੧੭ ਬਿਕ੍ਰਮੀ ਬਲੀ ਸਿੰਘ ਦੇ ਘਰ ਪਿੰਡ ਕੈਰੋਂ ਜ਼ਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ, ਅਲੱਖ ਅਗੋਚਰ ਅਗੰਮ ਅਥਾਹ। ਹਰਿ ਪੁਰਖ ਨਿਰੰਜਣ ਵੇਖ ਵਖਾਇੰਦਾ, ਆਦਿ ਜੁਗਾਦੀ ਇਕ ਮਲਾਹ। ਏਕੰਕਾਰਾ ਬੰਕ ਸੁਹਾਇੰਦਾ, ਸਚਖੰਡ ਦਵਾਰਾ ਆਪ ਉਪਾ। ਆਦਿ ਨਿਰੰਜਣ ਜੋਤ ਜਗਾਇੰਦਾ, ਘਰ ਸਾਚੇ ਕਰੇ ਰੁਸ਼ਨਾ। ਸ੍ਰੀ ਭਗਵਾਨ ਸੇਵ ਕਮਾਇੰਦਾ, ਥਿਰ ਘਰ ਸਾਚੀ ਬਣਤ ਬਣਾ। ਅਬਿਨਾਸ਼ੀ ਕਰਤਾ ਸੋਭਾ ਪਾਇੰਦਾ, ਸਚ ਸਿੰਘਾਸਣ ਵੇਖ ਵਖਾ। ਪਾਰਬ੍ਰਹਮ ਪ੍ਰਭ ਆਪਣਾ ਚਰਨ ਟਿਕਾਇੰਦਾ, ਸ਼ਹਿਨਸ਼ਾਹ ਸੱਚਾ ਪਾਤਸ਼ਾਹ। ਨਿਰਗੁਣ ਆਪਣੀ ਧਾਰ ਬੰਧਾਇੰਦਾ, ਨਿਰਵੈਰ ਕਲ ਵਰਤਾ। ਜੂਨੀ ਰਹਿਤ ਨਜ਼ਰ ਨਾ ਆਇੰਦਾ, ਅਨਭਵ ਪਰਕਾਸ਼ ਰਿਹਾ ਵਖਾ। ਪੁਰਖ ਅਕਾਲ ਨਾਉਂ ਧਰਾਇੰਦਾ, ਨਾਉਂ ਨਿਰੰਕਾਰ ਆਪ ਪਰਗਟਾ। ਆਪਣਾ ਆਪ ਆਪੇ ਵੇਖ ਵਖਾਇੰਦਾ, ਆਪਣਾ ਪਰਦਾ ਲਏ ਉਠਾ। ਦਰਗਹਿ ਸਾਚੀ ਸੋਭਾ ਪਾਇੰਦਾ, ਆਦਿ ਜੁਗਾਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸੇ ਆਪਣੇ ਥਾਂ। ਸਾਚਾ ਥਾਨ ਸੁਹਾਇੰਦਾ, ਸੋਭਾਵੰਤ ਗਹਿਰ ਗੰਭੀਰ। ਇਕ ਇਕੱਲਾ ਆਸਣ ਲਾਇੰਦਾ, ਏਕੰਕਾਰਾ ਚੋਟੀ ਚੜ੍ਹ ਅਖ਼ੀਰ। ਸਾਚੀ ਸੇਜ ਆਪ ਹੰਢਾਇੰਦਾ, ਪਾਤਸ਼ਾਹ ਵਡ ਪੀਰਨ ਪੀਰ। ਏਕਾ ਹੁਕਮ ਆਪ ਵਰਤਾਇੰਦਾ, ਆਪੇ ਦੇਵਣਹਾਰਾ ਧੀਰ। ਆਪਣਾ ਰਾਜ ਆਪ ਕਮਾਇੰਦਾ, ਆਪੇ ਹੋਏ ਸ਼ਾਹ ਫ਼ਕੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਬੰਨ੍ਹੇ ਆਪਣੀ ਬੀੜ। ਨਿਰਗੁਣ ਦਾਤਾ ਹਰਿ ਭਗਵੰਤ, ਏਕਾ ਰੰਗ ਸਮਾਇਆ। ਆਪ ਬਣਾਏ ਆਪਣੀ ਬਣਤ, ਦੂਜਾ ਘਾੜਨ ਨਾ ਕੋਇ ਘੜਾਇਆ। ਲੇਖਾ ਜਾਣੇ ਆਦਿ ਅੰਤ, ਜੁਗ ਜੁਗ ਆਪਣਾ ਖੇਲ ਖਿਲਾਇਆ। ਆਪ ਉਪਜਾਏ ਆਪਣਾ ਨਾਉਂ ਮੰਤ, ਏਕਾ ਮੰਤਰ ਆਪ ਦ੍ਰਿੜਾਇਆ। ਲੇਖਾ ਜਾਣੇ ਨਾਰੀ ਕੰਤ, ਨਰ ਨਰਾਇਣ ਸੇਜ ਹੰਢਾਇਆ। ਇਕ ਸੁਹਾਏ ਰੁਤ ਬਸੰਤ, ਦਰਗਹਿ ਸਾਚੀ ਧਾਮ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਆਪਣਾ ਖੇਲ ਆਪ ਖਲਾਇਆ। ਆਪਣਾ ਖੇਲ ਖਲੰਦੜਾ, ਏਕਾ ਏਕੰਕਾਰ। ਸਚਖੰਡ ਦਵਾਰ ਸੁਹੰਦੜਾ, ਨਿਰਗੁਣ ਦੀਵਾ ਬਾਤੀ ਕਰ ਉਜਿਆਰ। ਸਾਚਾ ਤਖ਼ਤ ਆਪ ਵਛੰਦੜਾ, ਹਰਿ ਸਚ ਸਿੰਘਾਸਣ ਕਰ ਤਿਆਰ। ਸ਼ਾਹੋ ਭੂਪ ਆਸਣ ਆਪ ਲਗੰਦੜਾ, ਰਾਜ ਰਾਜਾਨਾ ਬਣ ਸਿਕਦਾਰ। ਹੁਕਮੀ ਹੁਕਮ ਆਪ ਵਰਤੰਦੜਾ, ਦੋ ਜਹਾਨਾਂ ਪਾਵੇ ਸਾਰ। ਸ਼ਬਦ ਨਾਦ ਇਕ ਵਜੰਦੜਾ, ਨਾਦ ਅਨਾਦੀ ਕਰ ਤਿਆਰ। ਥਿਰ ਘਰ ਸਾਚਾ ਆਪ ਖੁਲੰਦੜਾ, ਬੰਕ ਦਵਾਰੀ ਖੋਲ੍ਹ ਕਿਵਾੜ। ਆਪਣਾ ਰੂਪ ਆਪ ਰਗੰਦੜਾ, ਰੇਖ ਰੰਗ ਨਾ ਕੋਇ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਆਪੇ ਬੰਨ੍ਹੇ ਆਪਣੀ ਧਾਰ। ਆਪਣੀ ਧਾਰ ਬੰਧਾਇੰਦਾ, ਨਿਰਗੁਣ ਰੂਪ ਸ੍ਰੀ ਭਗਵਾਨ। ਸਚਖੰਡ ਦਵਾਰਾ ਆਪ ਸੁਹਾਇੰਦਾ, ਸਾਚੇ ਤਖ਼ਤ ਬੈਠ ਸੁਲਤਾਨ। ਸ਼ਬਦੀ ਸ਼ਬਦ ਹੁਕਮ ਵਰਤਾਇੰਦਾ, ਦੇਵਣਹਾਰਾ ਧੁਰ ਫ਼ਰਮਾਣ। ਸ਼ਾਹੋ ਭੂਪ ਇਕ ਅਖਵਾਇੰਦਾ, ਵਡ ਦਾਤਾ ਰਾਜ ਰਾਜਾਨ। ਲੋਆਂ ਪੁਰੀਆਂ ਰਚਨ ਰਚਾਇੰਦਾ, ਬ੍ਰਹਿਮੰਡ ਖੰਡ ਕਰੇ ਪਰਧਾਨ। ਆਪਣਾ ਬੰਸ ਆਪ ਸੁਹਾਇੰਦਾ, ਵਿਸ਼ਨ ਦੇਵੇ ਏਕਾ ਦਾਨ। ਅੰਮ੍ਰਿਤ ਰਸ ਆਪ ਚੁਆਇੰਦਾ, ਨਾਭੀ ਕਵਲ ਹੋ ਮਿਹਰਵਾਨ। ਬ੍ਰਹਮ ਰੂਪ ਆਪ ਪਰਗਟਾਇੰਦਾ, ਪਾਰਬ੍ਰਹਮ ਕਰ ਪਛਾਣ। ਸੁੰਨ ਅਗੰਮ ਆਪ ਸਮਾਇੰਦਾ, ਆਪੇ ਹੋਏ ਜਾਣੀ ਜਾਣ। ਆਪਣਾ ਪਰਦਾ ਆਪੇ ਲਾਹਿੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਹਰਿ ਮਹਾਨ। ਹਰਿ ਸਾਚਾ ਖੇਲ ਖਿਲਾਇੰਦਾ, ਖੇਲਣਹਾਰ ਪੁਰਖ ਅਗੰਮ। ਸਚਖੰਡ ਦਵਾਰ ਸੁਹਾਇੰਦਾ, ਆਪਣਾ ਬੇੜਾ ਆਪੇ ਬੰਨ੍ਹ। ਨਿਰਗੁਣ ਆਪਣਾ ਨੂਰ ਰਖਾਇੰਦਾ, ਨਾ ਮਰੇ ਨਾ ਪਏ ਜੰਮ। ਜਾਗਰਤ ਜੋਤ ਜੋਤ ਡਗਮਗਾਇੰਦਾ, ਕਰੇ ਪਰਕਾਸ਼ ਰਵ ਸਸ ਸੂਰਜ ਚੰਨ। ਵਿਸ਼ਨ ਬ੍ਰਹਮਾ ਸ਼ਿਵ ਆਪ ਪਰਗਟਾਇੰਦਾ, ਏਕਾ ਰਾਗ ਸੁਣਾਏ ਕੰਨ। ਤ੍ਰੈਗੁਣ ਮਾਇਆ ਰੰਗ ਰੰਗਾਇੰਦਾ, ਦੇਵੇ ਵਸਤ ਅਮੁਲੜਾ ਧਨ। ਪੰਜ ਤਤ ਨਾਤਾ ਜੋੜ ਜੁੜਾਇੰਦਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਲੇਖਾ ਜਾਣੇ ਛੱਪਰ ਛੰਨ। ਸਾਚਾ ਮਾਰਗ ਆਪੇ ਲਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਆਪੇ ਜਨਨੀ ਆਪੇ ਜਨ। ਆਪੇ ਜਨ ਜਣੇਂਦੀ ਮਾਈ, ਪਾਰਬ੍ਰਹਮ ਅਖਵਾਇੰਦਾ। ਆਪੇ ਨਿਰਗੁਣ ਜੋਤ ਨੂਰ ਕਰ ਰੁਸ਼ਨਾਈ, ਆਦਿ ਸ਼ਕਤ ਵੇਸ ਵਟਾਇੰਦਾ। ਆਪੇ ਚਤਰਭੁਜ ਸਾਚਾ ਥਾਨ ਰਿਹਾ ਸੁਹਾਈ, ਦਰਗਹਿ ਸਾਚੀ ਸੋਭਾ ਪਾਇੰਦਾ। ਆਪੇ ਨਾਦ ਧੁਨ ਧੁਨ ਨਾਦ ਰਿਹਾ ਵਜਾਈ, ਸ਼ਬਦ ਅਨਾਦੀ ਨਾਦ ਅਲਾਇੰਦਾ। ਆਪੇ ਅਲੱਖ ਅਗੋਚਰ ਅਗੰਮ ਅਥਾਹ, ਬੇਪਰਵਾਹ ਬੇੜਾ ਰਿਹਾ ਚਲਾਈ, ਸਚ ਮਲਾਹ ਸੇਵ ਕਮਾਇੰਦਾ। ਆਪੇ ਸਚ ਸਿੰਘਾਸਣ ਪੁਰਖ ਅਬਿਨਾਸ਼ਨ ਸੋਭਾ ਰਿਹਾ ਪਾਈ, ਸੀਸ ਤਾਜ ਆਪ ਟਿਕਾਇੰਦਾ। ਆਪੇ ਸਤਿ ਨਿਸ਼ਾਨਾ ਸਤਿ ਸਤਿਵਾਦੀ ਰਿਹਾ ਝੁਲਾਈ, ਸਤਿ ਪੁਰਖ ਨਿਰੰਜਣ ਆਪਣੀ ਕਾਰ ਆਪ ਕਰਾਇੰਦਾ। ਆਪੇ ਬ੍ਰਹਿਮੰਡ ਖੰਡ ਰਚਨਾ ਰਿਹਾ ਰਚਾਈ, ਰਚ ਰਚ ਆਪੇ ਵੇਖ ਵਖਾਇੰਦਾ। ਆਪੇ ਵਿਸ਼ਨ ਬ੍ਰਹਮਾ ਸ਼ਿਵ ਰਿਹਾ ਉਪਜਾਈ, ਆਪੇ ਆਪਣਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਪੁਰਖ ਅਬਿਨਾਸ਼ਾ, ਆਪੇ ਵੇਖੇ ਆਪਣਾ ਖੇਲ ਤਮਾਸ਼ਾ, ਦੂਸਰ ਸੰਗ ਨਾ ਕੋਇ ਰਖਾਈਆ। ਨਾ ਕੋਈ ਸੰਗ ਨਾ ਕੋਈ ਸਾਥਾ, ਇਕ ਇਕੱਲਾ ਖੇਲ ਖਿਲਾਇੰਦਾ। ਪਾਰਬ੍ਰਹਮ ਪ੍ਰਭ ਪੁਰਖ ਸਮਰਾਥਾ, ਦਰ ਘਰ ਸਾਚੇ ਸੋਭਾ ਪਾਇੰਦਾ। ਆਪ ਚਲਾਏ ਆਪਣਾ ਰਾਥਾ, ਰਥ ਰਥਵਾਹੀ ਦਿਸ ਨਾ ਆਇੰਦਾ। ਸ਼ਬਦ ਅਗੰਮੀ ਗਾਏ ਗਾਥਾ, ਲਿਖਣ ਪੜ੍ਹਨ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਸੋ ਏਕਾ ਅੱਖਰ ਨਿਸ਼ਅੱਖਰ ਆਪ ਉਪਾਇੰਦਾ। ਨਿਸ਼ਅੱਖਰ ਹਰਿ ਕੀ ਧਾਰ, ਜੋਤੀ ਜੋਤ ਜੋਤ ਜਗਾਈਆ। ਨਿਸ਼ਅੱਖਰ ਏਕੰਕਾਰ, ਓਅੰਕਾਰ ਲਏ ਵਡਿਆਈਆ। ਨਿਸ਼ਅੱਖਰ ਸਾਂਝਾ ਯਾਰ, ਆਦਿ ਜੁਗਾਦਿ ਰਿਹਾ ਸਮਾਈਆ। ਨਿਸ਼ਅੱਖਰ ਹਰਿ ਭੰਡਾਰ, ਜੁਗਾ ਜੁਗੰਤਰ ਰਿਹਾ ਵਰਤਾਈਆ। ਨਿਸ਼ ਅੱਖਰ ਵਸੇ ਧਾਮ ਨਿਆਰ, ਦਰਗਹਿ ਸਾਚੀ ਆਪ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਮਹਿਮਾ ਆਪ ਗਣਾਈਆ। ਆਪਣੀ ਮਹਿਮਾ ਆਪੇ ਗਾਏ, ਰਸਨਾ ਜਿਹਵਾ ਨਾ ਕੋਇ ਹਲਾਈਆ। ਆਪਣੀ ਧੁਨ ਆਪ ਉਪਜਾਏ, ਧੁਨ ਧੁਨ ਵਿਚ ਟਿਕਾਈਆ। ਆਪਣੀ ਸੁੰਨ ਆਪ ਖੁਲ੍ਹਾਏ, ਸੁੰਨ ਸਮਾਧ ਵੇਖ ਵਖਾਈਆ। ਆਪਣੀ ਕੁਲ ਆਪ ਪਰਗਟਾਏ, ਕੁਲਵੰਤਾ ਸੱਚਾ ਸ਼ਹਿਨਸ਼ਾਹੀਆ। ਆਪਣੀ ਜੋਤ ਆਪ ਜਗਾਏ, ਨਿਰਗੁਣ ਨਿਰਗੁਣ ਮੇਲ ਮਿਲਾਈਆ। ਆਪਣਾ ਕੋਟ ਆਪ ਬਣਾਏ, ਥਿਰ ਘਰ ਸਾਚਾ ਹਰਿ ਮੰਦਰ ਆਪ ਸੁਹਾਈਆ। ਆਪਣੀ ਓਟ ਆਪ ਤਕਾਏ, ਆਪੇ ਹੋਏ ਸਦਾ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਸੁਹਾਏ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ, ਦਰ ਘਰ ਸਾਚੇ ਆਪ ਖੁਲ੍ਹਾਇੰਦਾ। ਸਚ ਸਿੰਘਾਸਣ ਸਾਚਾ ਰਾਜਾ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਸ਼ਬਦ ਅਗੰਮੀ ਮਾਰੇ ਵਾਜਾ, ਆਪਣਾ ਨਾਉਂ ਆਪ ਸਾਲਾਹਿੰਦਾ। ਲੇਖਾ ਜਾਣੇ ਅਨਹਦ ਵਾਜਾ, ਹਦ ਹਦ ਨਾ ਕੋਇ ਵਖਾਇੰਦਾ। ਸਾਚੇ ਮੰਦਰ ਬਹਿ ਬਹਿ ਰਚਿਆ ਕਾਜਾ, ਕਰਤਾ ਪੁਰਖ ਕਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਬਿਨਾਸ਼ੀ ਕਰਤਾ, ਆਪਣੀ ਕਰਨੀ ਆਪ ਕਰਾਇੰਦਾ। ਆਪਣੀ ਕਰਨੀ ਆਪੇ ਕਰ, ਆਪੇ ਦਏ ਸਲਾਹੀਆ। ਆਪੇ ਦੇਵਣਹਾਰਾ ਵਰ, ਆਪੇ ਝੋਲੀ ਰਿਹਾ ਭਰਾਈਆ। ਆਪੇ ਕਰੇ ਸਚ ਪਿਆਰ, ਨਾਰੀ ਕੰਤ ਰੂਪ ਵਟਾਈਆ। ਆਪੇ ਕਰੇ ਸਤਿ ਸ਼ੰਗਾਰ, ਸਤਿ ਸਤਿਵਾਦੀ ਬੇਪਰਵਾਹੀਆ। ਆਪੇ ਗਾਏ ਆਪਣਾ ਮੰਗਲਾਚਾਰ, ਘਰ ਵੱਜਦੀ ਰਹੇ ਵਧਾਈਆ। ਆਪੇ ਲੇਖਾ ਜਾਣੇ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਰਾਈਆ। ਆਪੇ ਸੁਤ ਦੁਲਾਰਾ ਕਰਿਆ ਖ਼ਬਰਦਾਰ, ਸ਼ਬਦੀ ਸ਼ਬਦ ਦਏ ਵਡਿਆਈਆ। ਆਪੇ ਵਿਸ਼ਨ ਵਿਸ਼ਵ ਦੇਵੇ ਧਾਰ, ਨਿਰਗੁਣ ਨਿਰਵੈਰ ਦਇਆ ਕਮਾਈਆ। ਆਪੇ ਪਾਰਬ੍ਰਹਮ ਬ੍ਰਹਮ ਲਏ ਆਧਾਰ, ਆਪ ਆਪਣੀ ਗੋਦ ਸੁਹਾਈਆ। ਆਪੇ ਸ਼ੰਕਰ ਸੰਸਾ ਦਏ ਨਵਾਰ, ਏਕਾ ਹੁਕਮੀ ਹੁਕਮ ਸੁਣਾਈਆ। ਆਪੇ ਤਿੰਨਾਂ ਕਰੇ ਸਚ ਪਿਆਰ, ਏਕਾ ਚੇਲਾ ਗੁਰ ਗੁਰ ਮਾਈਆ। ਆਪੇ ਦੇਵੇ ਦਾਤਾ ਦਾਨ, ਗੁਣ ਨਿਧਾਨ ਵਸਤ ਅਮੋਲਕ ਝੋਲੀ ਪਾਈਆ। ਆਪ ਜਣਾਏ ਧੁਰ ਫ਼ਰਮਾਣ, ਸੋ ਪੁਰਖ ਨਿਰੰਜਣ ਕਰੇ ਪੜ੍ਹਾਈਆ। ਹੰ ਰੂਪ ਹੋਏ ਪਰਧਾਨ, ਸੋਹੰ ਆਪਣੀ ਬਣਤ ਬਣਾਈਆ। ਨਾ ਕੋਈ ਜ਼ਿਮੀ ਨਾ ਅਸਮਾਨ, ਧਰਤ ਧਵਲ ਨਾ ਕੋਇ ਵਡਿਆਈਆ। ਲੇਖਾ ਜਾਣੇ ਸ੍ਰੀ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਸ੍ਰੀ ਭਗਵਾਨ ਗਹਿਰ ਗੁਣ ਸਾਗਰ, ਭੇਵ ਕੋਇ ਨਾ ਆਇੰਦਾ। ਆਦਿ ਜੁਗਾਦੀ ਇਕ ਸੌਦਾਗਰ, ਸਾਚਾ ਵਣਜ ਇਕ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਉਜਾਗਰ, ਆਪਣਾ ਅੱਖਰ ਆਪ ਪੜ੍ਹਾਇੰਦਾ। ਆਪੇ ਦੇਵੇ ਸਾਚਾ ਆਦਰ, ਸਿਰ ਆਪਣਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਜਾਣੇ ਸਾਚਾ ਹਰਿ, ਦੂਸਰ ਭੇਵ ਕੋਇ ਨਾ ਪਾਇੰਦਾ। ਹਰਿ ਕਾ ਭੇਵ ਨਾ ਜਾਣੇ ਕੋਇ, ਮਹਿਮਾ ਅਕਥ ਕਥੀ ਨਾ ਜਾਈਆ। ਸਚਖੰਡ ਦਵਾਰੇ ਏਕਾ ਸੋਏ, ਨਿਰਗੁਣ ਬੈਠਾ ਸੇਜ ਵਿਛਾਈਆ। ਆਦਿ ਜੁਗਾਦੀ ਏਕਾ ਹੋਏ, ਨਾ ਮਰੇ ਨਾ ਜਾਈਆ। ਨਿਰਗੁਣ ਜੋਤ ਬਖ਼ਸ਼ੇ ਲੋਏ, ਲੋਇਣ ਆਪਣਾ ਆਪ ਖੁਲਾਈਆ। ਵਿਸ਼ਨ ਬ੍ਰਹਮਾ ਸ਼ਿਵ ਬੀਜ ਆਪੇ ਬੋਏ, ਮਾਤ ਪਿਤ ਨਾ ਕੋਇ ਬਣਾਈਆ। ਏਕੰਕਾਰਾ ਦੇਵੇ ਸਾਚੇ ਢੋਏ, ਨਾਮ ਵਸਤ ਅਮੋਲਕ ਝੋਲੀ ਪਾਈਆ। ਅੰਮ੍ਰਿਤ ਮੁਖ ਸੱਚਾ ਚੋਏ, ਚਰਨ ਚਰਨੋਦਕ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਏਕੰਕਾਰਾ, ਆਦਿ ਪੁਰਖ ਆਪਣਾ ਕਰੇ ਸਚ ਪਸਾਰਾ, ਸਚ ਸਾਚੀ ਜੋਤ ਟਿਕਾਈਆ। ਵਿਸ਼ਨ ਪਸਾਰਾ ਸੱਚੇ ਹਰਿ, ਸਚ ਸਾਚਾ ਮੇਲ ਮਿਲਾਇਆ। ਕਵਲ ਕਵਲਾ ਕਰ ਉਤਪਤ, ਨਾਭੀ ਅੰਮ੍ਰਿਤ ਆਪ ਭਰਾਇਆ। ਪਾਰਬ੍ਰਹਮ ਬ੍ਰਹਮ ਉਪਜਾਏ ਆਪਣੀ ਰਤ, ਰਕਤ ਬੂੰਦ ਨਾ ਮੇਲ ਮਿਲਾਇਆ। ਆਪਣੇ ਮੰਦਰ ਆਪੇ ਰੱਖ, ਆਪੇ ਬਣੇ ਜਣੇਂਦੀ ਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਖੇਲ ਅਪਾਰਾ, ਕਰੇ ਕਰਾਏ ਕਰਨਹਾਰਾ, ਧੁਰ ਦਰਬਾਰਾ ਆਪ ਸੁਹਾਇਆ। ਧੁਰ ਦਰਬਾਰਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਏਕਾ ਕੰਤ, ਨਰ ਨਰਾਇਣ ਨਾਉਂ ਵਡਿਆਇੰਦਾ। ਏਕੰਕਾਰਾ ਬਣਾਏ ਆਪਣੀ ਬਣਤ, ਸਾਚਾ ਘਾੜਨ ਵੇਖ ਵਖਾਇੰਦਾ। ਆਦਿ ਨਿਰੰਜਣ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਇੰਦਾ। ਸ੍ਰੀ ਭਗਵਾਨ ਰੂਪ ਅਨੂਪ ਆਦਿ ਅੰਤ, ਜੁਗ ਜੁਗ ਆਪਣੀ ਖੇਲ ਖਿਲਾਇੰਦਾ, ਅਬਿਨਾਸ਼ੀ ਕਰਤਾ ਆਪ ਉਪਾਏ ਆਪਣਾ ਮੰਤ, ਨਾਉਂ ਨਿਰੰਕਾਰਾ ਆਪ ਸੁਣਾਇੰਦਾ। ਪਾਰਬ੍ਰਹਮ ਪ੍ਰਭ ਬਣਿਆ ਰਹੇ ਮੰਗਤ, ਆਪਣੀ ਝੋਲੀ ਆਪਣੇ ਅੱਗੇ ਡਾਹਿੰਦਾ। ਵਿਸ਼ਨੂੰ ਚਾੜ੍ਹੇ ਏਕਾ ਰੰਗਤ, ਰੰਗ ਰੰਗੀਲਾ ਰੰਗ ਇਕ ਵਖਾਇੰਦਾ। ਬ੍ਰਹਮਾ ਦਰ ਭਿਖਾਰ ਪ੍ਰਭ ਲਾਏ ਆਪਣੇ ਅੰਗਦ, ਅੰਗੀਕਾਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸਾਚਾ ਹਰਿ, ਦਰ ਘਰ ਸਾਚੇ ਸੋਭਾ ਪਾਇੰਦਾ। ਸਾਚਾ ਘਰ ਪੁਰਖ ਬਿਧਾਤਾ, ਏਕਾ ਏਕ ਸੁਹਾਈਆ। ਆਦਿ ਜੁਗਾਦੀ ਗਾਏ ਆਪਣੀ ਗਾਥਾ, ਨਿਰਵੈਰ ਕਰੇ ਪੜ੍ਹਾਈਆ। ਏਕਾ ਪੂਜਾ ਏਕਾ ਪਾਠਾ, ਏਕਾ ਮੰਤਰ ਲਏ ਉਪਜਾਈਆ। ਏਕਾ ਸਤਿਗੁਰ ਏਕਾ ਸਾਥਾ, ਏਕਾ ਸਗਲਾ ਸੰਗ ਨਿਭਾਈਆ। ਏਕਾ ਦੇਵਣਹਾਰਾ ਦਾਤਾ, ਦਾਤਾ ਦਾਨੀ ਇਕ ਅਖਵਾਈਆ। ਏਕਾ ਤ੍ਰੈਗੁਣ ਮਾਇਆ ਰੂਪ ਪਛਾਤਾ, ਕਰੇ ਕਿਰਪਾ ਸੱਚਾ ਗੋਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਵਿਸ਼ਨ ਸ਼ਿਵ ਆਪਣੀ ਜੋਤ ਧਰ, ਨੂਰੋ ਨੂਰ ਕਰੇ ਰੁਸ਼ਨਾਈਆ। ਨੂਰ ਉਜਾਲਾ ਹਰਿ ਗੋਪਾਲਾ, ਪਾਰਬ੍ਰਹਮ ਪ੍ਰਭ ਦਇਆ ਕਮਾਇੰਦਾ। ਕਰੇ ਖੇਲ ਸੱਚੀ ਧਰਮਸਾਲਾ, ਦਰ ਦਵਾਰ ਆਪ ਸੁਹਾਇੰਦਾ। ਸ਼ਬਦ ਸਰੂਪੀ ਬਣ ਦਲਾਲਾ, ਆਦਿ ਪੁਰਖ ਸੇਵ ਕਮਾਇੰਦਾ। ਆਪਣੀ ਚਲੀ ਅਵੱਲੜੀ ਚਾਲਾ, ਲੇਖਾ ਲੇਖ ਨਾ ਕੋਇ ਵਖਾਇੰਦਾ। ਸ਼ਬਦ ਜਣਾਏ ਦਇਆ ਕਮਾਏ ਸੇਵ ਲਗਾਏ ਰੂਪ ਮਹਾਂਕਾਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ। ਵੇਸ ਵਟਾਏ ਇਕ ਇਕੱਲਾ, ਏਕਾ ਰੰਗ ਸਮਾਇਆ। ਵਸਣਹਾਰਾ ਉਚ ਮਹੱਲਾ, ਸਚ ਮੁਨਾਰਾ ਸੋਭਾ ਪਾਇਆ। ਸਚ ਸੰਦੇਸ਼ ਏਕਾ ਘੱਲਾ, ਵਿਸ਼ਨ ਬ੍ਰਹਮਾ ਸ਼ਿਵ ਸਮਝਾਇਆ। ਤ੍ਰੈਗੁਣ ਮਾਇਆ ਫੜਾਏ ਪੱਲਾ, ਰਜੋ ਤਮੋ ਸਤੋ ਸੰਗ ਨਿਭਾਇਆ। ਆਪੇ ਕਰੇ ਖੇਲ ਕਰ ਕਰ ਵਲ ਛਲਾ, ਅਛੱਲ ਛਲ ਧਾਰੀ ਆਪਣਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ ਨਰ ਨਰੇਸ਼, ਨਰ ਨਰਾਇਣ ਆਪ ਅਲਾਇਆ। ਸਚ ਸੰਦੇਸ਼ਾ ਹਰਿ ਕਾ ਨਾਉਂ, ਪੁਰਖ ਅਬਿਨਾਸ਼ੀ ਆਪ ਜਣਾਈਆ। ਸਚਖੰਡ ਦਵਾਰ ਵਸੇ ਏਕਾ ਨਗਰ ਗਰਾਉਂ, ਸਾਚੇ ਖੇੜੇ ਮਿਲੇ ਵਡਿਆਈਆ। ਤਿੰਨਾਂ ਮੇਲਾ ਏਕਾ ਪਿਤਾ ਏਕਾ ਮਾਉਂ, ਏਕਾ ਨੈਣ ਵੇਖ ਵਖਾਈਆ। ਏਕਾ ਪਕੜਨਹਾਰਾ ਬਾਹੋਂ, ਸਮਰਥ ਪੁਰਖ ਇਕ ਹੋ ਜਾਈਆ। ਏਕਾ ਦੇਵੇ ਠੰਡੀ ਛਾਉਂ, ਜੁਗ ਜੁਗ ਹੋਏ ਸਦਾ ਸਹਾਈਆ। ਏਕਾ ਕਰੇ ਸਚ ਨਿਆਉਂ, ਨਿਰੰਕਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਘਾੜਨ ਘੜ, ਲੋਆਂ ਪੁਰੀਆਂ ਆਪੇ ਵੜ, ਨਿਰਗੁਣ ਨਿਰਾਕਾਰ ਸਾਕਾਰ ਖੇਲ ਖਿਲਾਈਆ। ਸਾਕਾਰ ਖੇਲ ਅਪਾਰਾ, ਨਿਰਾਕਾਰਾ ਆਪ ਖਲਾਇੰਦਾ। ਜੋਤੀ ਜੋਤ ਕਰ ਉਜਿਆਰਾ, ਤਤਵ ਤਤ ਮੇਲ ਮਿਲਾਇੰਦਾ। ਤ੍ਰੈਗੁਣ ਮਾਇਆ ਇਕ ਭੰਡਾਰਾ, ਹਰਿ ਨਿਰੰਕਾਰਾ ਆਪ ਵਰਤਾਇੰਦਾ। ਵਿਸ਼ਨੂੰ ਬਣੇ ਸੇਵਾਦਾਰਾ, ਸਾਚੀ ਸੇਵਾ ਇਕ ਵਖਾਇੰਦਾ। ਬ੍ਰਹਮਾ ਬਣੇ ਘਾੜਨ ਘੜਨਹਾਰ ਠਠਿਆਰਾ, ਲੱਖ ਚੁਰਾਸੀ ਭਾਂਡੇ ਆਪ ਘੜਾਇੰਦਾ। ਸ਼ੰਕਰ ਲੇਖਾ ਅੰਤਮ ਦਏ ਨਵਾਰਾ, ਸਤਿ ਤ੍ਰਸੂਲ ਹੱਥ ਫੜਾਇੰਦਾ। ਤਿੰਨਾਂ ਵਿਚੋਲਾ ਬਣ ਗਿਰਧਾਰਾ, ਗ੍ਰਹਿ ਆਪਣੇ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖ਼ਿਆ ਸ਼ਾਹ ਸੁਲਤਾਨ ਏਕਾ ਏਕ ਸਮਝਾਇੰਦਾ। ਏਕਾ ਸਿਖ਼ਿਆ ਏਕਾ ਗੁਰ, ਏਕਾ ਰੂਪ ਦਏ ਦਰਸਾਈਆ । ਏਕਾ ਮੇਲਾ ਪਾਰਬ੍ਰਹਮ ਪ੍ਰਭ ਦਰਗਹਿ ਸਾਚੀ ਧੁਰ, ਧੁਰ ਬੈਠਾ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਾਦਿ ਚੜ੍ਹਿਆ ਰਹੇ ਆਪਣੇ ਘੋੜ, ਸ਼ਾਹ ਸਵਾਰਾ ਨਾਉਂ ਰਖਾਈਆ। ਵਿਸ਼ਨ ਬ੍ਰਹਮਾ ਸ਼ਿਵ ਹਰਿ ਸਾਚਾ ਜਾਏ ਬੌਹੜ, ਏਕਾ ਦੂਜਾ ਭੌ ਚੁਕਾਈਆ। ਏਕਾ ਨੈਣ ਦਿਸੇ ਨਾ ਕੋਏ ਅਵਰ ਔਰ, ਗਹਿਰ ਗੰਭੀਰ ਵੱਡੀ ਵਡਿਆਈਆ। ਚੌਥੇ ਪਦ ਲਾਇਆ ਪੌੜ, ਘਰ ਸੁਹੰਜਣਾ ਸੇਜ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਵਰ ਦਾਤਾ ਸੱਚਾ ਸ਼ਹਿਨਸ਼ਾਹੀਆ। ਦੇਵੇ ਵਰ ਸ੍ਰੀ ਭਗਵਾਨ, ਦਾਤਾ ਦਾਨੀ ਇਕ ਅਖਵਾਈਆ। ਲੱਖ ਚੁਰਾਸੀ ਹੋਏ ਪਰਵਾਨ, ਘਟ ਘਟ ਆਪਣੀ ਜੋਤ ਕਰੇ ਰੁਸ਼ਨਾਈਆ। ਪੰਜ ਤਤ ਵੇਖੇ ਜਗਤ ਮਕਾਨ, ਕਾਇਆ ਬੰਕ ਆਪ ਸੁਹਾਈਆ । ਨੌਂ ਦਰ ਵੇਖੇ ਮਾਤ ਦੁਕਾਨ, ਵੇਖਣਹਾਰਾ ਦਿਸ ਨਾ ਆਈਆ। ਘਰ ਵਿਚ ਘਰ ਖੇਲ ਮਹਾਨ, ਡੂੰਘੀ ਕੰਦਰ ਫੋਲ ਫੁਲਾਈਆ। ਆਦਿ ਨਿਰੰਜਣ ਜੋਤ ਨਿਰੰਜਣ ਜਗਾਏ ਮਹਾਨ, ਦੀਪਕ ਦੀਆ ਡਗਮਗਾਈਆ। ਅੰਮ੍ਰਿਤ ਆਤਮ ਦੇਵੇ ਦਾਨ, ਨਿਝਰ ਝਿਰਨਾ ਆਪ ਝਿਰਾਈਆ। ਆਤਮ ਸੇਜਾ ਕਰੇ ਪਰਵਾਨ, ਬ੍ਰਹਮ ਮੇਲਾ ਸਹਿਜ ਸਭਾਈਆ । ਸ਼ਬਦ ਨਾਦ ਵਜਾਏ ਅਨਹਦ ਧੁਨਕਾਨ, ਤਾਰ ਸਤਾਰ ਨਾ ਕੋਇ ਹਲਾਈਆ। ਈਸ਼ ਜੀਵ ਕਰੇ ਕਲਿਆਣ, ਕਾਗਦ ਕਲਮ ਨਾ ਲਿਖੇ ਛਾਹੀਆ। ਜੁਗ ਜੁਗ ਹੋਏ ਮਾਤ ਪਰਧਾਨ, ਨਿਰਗੁਣ ਸਰਗੁਣ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਏਕਾ ਕਰੇ ਸਚ ਪੜ੍ਹਾਈਆ। ਸਚ ਪੜ੍ਹਾਈ ਏਕੰਕਾਰ, ਏਕਾ ਅੱਖਰ ਆਪ ਜਣਾਇੰਦਾ। ਤ੍ਰੈਗੁਣ ਮਾਇਆ ਵਸੇ ਬਾਹਰ, ਤ੍ਰੈਗੁਣ ਅਤੀਤਾ ਖੇਲ ਖਿਲਾਇੰਦਾ। ਲੱਖ ਚੁਰਾਸੀ ਕਰ ਤਿਆਰ, ਘਟ ਘਟ ਆਪਣਾ ਨੂਰ ਟਿਕਾਇੰਦਾ। ਮਾਣਸ ਮਾਨੁਸ਼ ਕਰੇ ਵਿਚਾਰ, ਮਾਨੁਖ ਆਪਣਾ ਮੇਲ ਮਿਲਾਇੰਦਾ। ਧਰਤ ਧਵਲ ਪਾਵੇ ਸਾਰ, ਆਦਿ ਜੁਗਾਦਿ ਵੇਸ ਵਟਾਇੰਦਾ। ਜੁਗਾਂ ਜੁਗੰਤਰ ਸਾਚੀ ਕਾਰ, ਕਰਨੇਹਾਰਾ ਆਪ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਰਹਿਣਾ ਖ਼ਬਰਦਾਰ, ਆਲਸ ਨਿੰਦਰਾ ਨਾ ਕੋਇ ਵਖਾਇੰਦਾ। ਜੁਗ ਚੌਕੜੀ ਵਰਤੇ ਵਰਤਾਰ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰ, ਆਪਣਾ ਹੁਕਮ ਆਪ ਅਲਾਇੰਦਾ। ਚਾਰੇ ਮੁਖ ਕਰੇ ਪੁਕਾਰ, ਚਾਰੇ ਕੂਟਾਂ ਫੋਲ ਫੁਲਾਇੰਦਾ। ਚਾਰੇ ਜੁਗ ਬੰਨ੍ਹੇ ਧਾਰ, ਚਾਰੇ ਵੇਦਾਂ ਆਪੇ ਗਾਇੰਦਾ। ਏਕਾ ਚੌਕੜ ਕਰ ਪਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਖੇਲ ਅਪਾਰਾ, ਵਿਸ਼ਨ ਬ੍ਰਹਮਾ ਸ਼ਿਵ ਅਵਤਾਰਾ, ਲੋਕਮਾਤ ਹਰਿ ਕਰ ਉਜਿਆਰਾ, ਵਸੇ ਧਾਮ ਨਿਆਰਾ, ਸਾਚੀ ਸੇਵਾ ਸੇਵ ਲਗਾਇੰਦਾ। ਸਾਚੀ ਸੇਵਾ ਕਰ ਪਰਵਾਨ, ਤਿੰਨੇ ਬੈਠੇ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਵੇਖੇ ਮਾਰ ਧਿਆਨ, ਨੈਨਣ ਨੈਣ ਇਕ ਖੁਲ੍ਹਾਈਆ। ਏਕਾ ਦੇਵੇ ਨਾਮ ਨਿਧਾਨ, ਵਸਤ ਅਮੋਲਕ ਝੋਲੀ ਪਾਈਆ। ਜੁਗ ਜੁਗ ਆਪਣੇ ਹੱਥ ਰੱਖੇ ਨਿਸ਼ਾਨ, ਸ੍ਰਿਸ਼ਟ ਸਬਾਈ ਆਪ ਉਠਾਈਆ। ਲੱਖ ਚੁਰਾਸੀ ਬਣਿਆ ਰਹੇ ਕਾਹਨ, ਨਵ ਸਤ ਗੋਪੀ ਆਪ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਏਕਾ ਅੱਖਰ ਰਿਹਾ ਸਮਝਾਈਆ। ਏਕਾ ਅੱਖਰ ਲੈਣਾ ਪੜ੍ਹ, ਬ੍ਰਹਮ ਪਾਰਬ੍ਰਹਮ ਪੜ੍ਹਾਇਆ। ਅਗਨੀ ਹਵਨ ਨਾ ਜਾਣਾ ਸੜ, ਮੜੀ ਗੌਰ ਨਾ ਕੋਇ ਦਬਾਇਆ। ਤਾਣਾ ਪੇਟਾ ਬਹੱਤਰ ਨੜ, ਹੱਡ ਮਾਸ ਨਾੜੀ ਰਤ ਜੋੜ ਜੁੜਾਇਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਘਾੜਨ ਘੜ, ਮਨ ਮਤ ਬੁਧ ਵਿਚ ਰਖਾਇਆ। ਘਰ ਵਿਚ ਸੁਹਾਏ ਘਰ, ਬ੍ਰਹਮ ਸਾਚੀ ਵੰਡ ਵੰਡਾਇਆ। ਡੂੰਘੀ ਕੰਦਰ ਬੈਠਾ ਵੜ, ਦਿਸ ਕਿਸੇ ਨਾ ਆਇਆ। ਇਕ ਫੜਾਏ ਆਪਣਾ ਲੜ, ਏਕਾ ਡੋਰੀ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਚੌਕੜੀ ਖੇਲ ਖਿਲਾਇਆ। ਜੁਗ ਚੌਕੜੀ ਖੇਲੇ ਜੁਗ ਚਾਰ, ਚਾਰ ਵੇਦ ਕਰੇ ਪੜ੍ਹਾਈਆ। ਚਾਰੇ ਖਾਣੀ ਪਾਵੇ ਸਾਰ, ਉਤਭੁਜ ਸੇਤਜ ਜੇਰਜ ਅੰਡ ਵੰਡ ਵੰਡਾਈਆ। ਚਾਰੇ ਬਾਣੀ ਕਰੇ ਪਿਆਰ, ਪਰਾ ਪਸੰਤੀ ਮਧਮ ਬੈਖਰੀ ਆਪੇ ਗਾਈਆ। ਚਾਰੇ ਵਰਨਾਂ ਦਏ ਆਧਾਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰੰਗ ਰੰਗਾਈਆ। ਚਾਰੋਂ ਕੁੰਟ ਹੋਏ ਉਜਿਆਰ, ਉਤਰ ਪੂਰਬ ਪੱਛਮ ਦੱਖਣ ਫੇਰਾ ਪਾਈਆ । ਚਾਰੇ ਜੁਗ ਕਰੇ ਵਿਚਾਰ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਨਿਰਗੁਣ ਸਰਗੁਣ ਵੇਸ ਵਟਾਈਆ। ਚਾਰੇ ਘਰ ਕਰੇ ਖ਼ਬਰਦਾਰ, ਚੌਥੇ ਪਦ ਇਕ ਵਡਿਆਈਆ। ਤ੍ਰੈਗੁਣ ਮਾਇਆ ਤੇਰੀ ਧਾਰ, ਲੋਕਮਾਤ ਆਪ ਚਲਾਈਆ। ਠਾਂਡਾ ਸੀਤਾ ਵਸੇ ਸਚ ਦਰਬਾਰ, ਸਚਖੰਡ ਨਿਵਾਸੀ ਬੇਪਰਵਾਹੀਆ। ਆਪਣੀ ਰੀਤਾ ਜਾਣੇ ਆਪ ਨਿਰੰਕਾਰ, ਪਤਿਤ ਪੁਨੀਤਾ ਭੇਵ ਨਾ ਰਾਈਆ। ਨੌਂ ਦਰ ਖੋਲ੍ਹੇ ਜਗਤ ਦਵਾਰ, ਦਸਵਾਂ ਆਪਣੇ ਹੱਥ ਰਖਾਈਆ। ਨੌਂ ਖੰਡ ਪ੍ਰਿਥਮੀ ਕਰ ਪਸਾਰ, ਲੱਖ ਚੁਰਾਸੀ ਜੂਨ ਗੇੜਾ ਰਿਹਾ ਦੁਆਈਆ। ਚਾਰੇ ਜੁਗ ਕਰ ਖ਼ੁਵਾਰ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਨੌਂ ਨੌਂ ਚਾਰ ਏਕਾ ਧਾਰ, ਨੌਂ ਸੌ ਚੁਰਾਨਵੇ ਚੌਕੜੀ ਜੁਗ ਜੋੜ ਜੁੜਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣਿਆ ਰਹਿਣਾ ਸੇਵਾਦਾਰ, ਤੇਰਾ ਮਨਵੰਤਰ ਤੇਰੀ ਝੋਲੀ ਪਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਅੰਤਮ ਲਹਿਣਾ ਦੇਣਾ ਲਏ ਵਿਚਾਰ, ਅਭੁੱਲ ਅਭੁੱਲ ਸੱਚਾ ਸ਼ਹਿਨਸ਼ਾਹੀਆ। ਕਰਤਾ ਕੀਮਤ ਪਾਏ ਵਿਚ ਸੰਸਾਰ, ਨਿਰਗੁਣ ਨਿਰਗੁਣ ਨਿਰਗੁਣ ਵੇਖ ਵਖਾਈਆ। ਕਲਜੁਗ ਆਏ ਅੰਤਮ ਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤਿੰਨਾਂ ਏਕਾ ਗੁਣ ਰਿਹਾ ਸਮਝਾਈਆ। ਨੌਂ ਸੌ ਚੁਰਾਨਵੇਂ ਚੌਕੜੀ ਪੰਧ ਮੁਕੌਣਾ, ਆਪਣਾ ਗੇੜਾ ਆਪ ਦੁਆਈਆ। ਕਲਜੁਗ ਵੇਲਾ ਅੰਤਮ ਔਣਾ, ਪੁਰਖ ਅਬਿਨਾਸ਼ੀ ਹੋਏ ਸਹਾਈਆ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਫੇਰਾ ਪੌਣਾ, ਗਗਨ ਗਗਨੰਤਰ ਵੇਖੇ ਥਾਉਂ ਥਾਈਂਆ। ਜ਼ਿਮੀ ਅਸਮਾਨਾਂ ਪੰਧ ਮੁਕੌਣਾ, ਪਾਂਧੀ ਬਣੇ ਸੱਚਾ ਮਾਹੀਆ। ਚੌਦਾਂ ਲੋਕ ਵੇਖ ਵਖੌਣਾ, ਚੌਦਾਂ ਤਬਕਾਂ ਹੱਟ ਕੁੰਡਾ ਲਾਹੀਆ। ਤੀਰਥ ਤੱਟਾਂ ਭੇਵ ਖੁਲੌਣਾ, ਅਠਸਠ ਫੋਲੇ ਫੋਲ ਫੁਲਾਈਆ। ਚਾਰ ਵਰਨ ਚਾਰ ਕੁੰਟ ਅਠਾਰਾਂ ਬਰਨ ਅੰਦਰ ਮੰਦਰ ਵੇਖ ਵਖੌਣਾ, ਕਾਇਆ ਬੰਕ ਕਵਣ ਸੁਹਾਈਆ। ਗੁਰ ਪੀਰ ਅਵਤਾਰ ਸਾਧ ਸੰਤ ਭਗਵੰਤ ਸਾਚੇ ਮੰਦਰ ਆਪ ਬਹੌਣਾ, ਮਹੱਲ ਅਟੱਲ ਉਚ ਮੁਨਾਰ ਸੋਭਾ ਪਾਈਆ। ਸ਼ਬਦ ਅਨਾਦਿ ਬ੍ਰਹਿਮਾਦਿ ਹੁਕਮ ਸੁਨੌਣਾ, ਨਾਦ ਅਨਾਦੀ ਢੋਲਾ ਗਾਈਆ। ਤ੍ਰੈਗੁਣ ਮਾਇਆ ਫੰਦ ਕਟੌਣਾ, ਜਗਤ ਜੰਜਾਲ ਰਹਿਣ ਨਾ ਪਾਈਆ। ਨਿਹਕਲੰਕਾ ਨਾਉਂ ਧਰੌਣਾ, ਨਿਰਗੁਣ ਨਿਰਵੈਰ ਪੁਰਖ ਅਕਾਲ ਬ੍ਰਹਮਾ ਵਿਸ਼ਨ ਸ਼ਿਵ ਰਿਹਾ ਸਮਝਾਈਆ। ਵਿਸ਼ਨੂੰ ਸਾਚਾ ਸੰਗ ਰਖੌਣਾ, ਵਿਛੜ ਕਦੇ ਨਾ ਜਾਈਆ। ਬ੍ਰਹਮੇ ਪਾਰਬ੍ਰਹਮ ਬ੍ਰਹਮ ਮੇਲ ਮਿਲੌਣਾ, ਏਕਾ ਘਰ ਵੱਜੇ ਵਧਾਈਆ। ਸ਼ੰਕਰ ਜੋਤੀ ਜੋਤ ਸਮੌਣਾ, ਹੱਥ ਤ੍ਰਸੂਲ ਰਹਿਣ ਨਾ ਪਾਈਆ। ਏਕਾ ਢੋਲਾ ਦੋ ਜਹਾਨਾਂ ਸਭ ਨੇ ਗੌਣਾ, ਸੋਹੰ ਸ਼ਬਦ ਸੱਚੀ ਪੜ੍ਹਾਈਆ। ਤਖ਼ਤ ਨਿਵਾਸੀ ਸਾਚਾ ਤਖ਼ਤ ਸੁਹੌਣਾ, ਸਾਚੇ ਤਖ਼ਤ ਬਹੇ ਸੱਚਾ ਸ਼ਹਿਨਸ਼ਾਹੀਆ। ਚਾਰੇ ਬਾਣੀ ਏਕਾ ਰਾਗ ਅਲੌਣਾ, ਚਾਰੇ ਖਾਣੀ ਦਏ ਵਡਿਆਈਆ। ਚਾਰੇ ਵਰਨਾਂ ਏਕਾ ਰੰਗ ਰੰਗੌਣਾ, ਊਚ ਨੀਚ ਰਾਓ ਰੰਕ ਕੋਇ ਰਹਿਣ ਨਾ ਪਾਈਆ। ਸ੍ਰਿਸ਼ਟ ਸਬਾਈ ਇਸ਼ਟ ਦ੍ਰਿਸ਼ਟ ਇਕ ਵਖੌਣਾ, ਏਕਾ ਰੂਪ ਅਨੂਪ ਪਰਗਟਾਈਆ। ਘਰ ਘਰ ਦੀਪਕ ਮੰਦਰ ਜੋਤ ਜਗੌਣਾ, ਘਰ ਘਰ ਵਿਚ ਕਰੇ ਰੁਸ਼ਨਾਈਆ। ਘਰ ਘਰ ਅਨਹਦ ਸ਼ਬਦ ਵਜੌਣਾ, ਛੱਤੀ ਰਾਗ ਰਹੇ ਜਸ ਗਾਈਆ। ਘਰ ਘਰ ਬ੍ਰਹਮ ਪਾਰਬ੍ਰਹਮ ਮਿਲੌਣਾ, ਜਗਤ ਵਿਛੋੜਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗਾ ਜੁਗੰਤਰ ਆਪ ਚਲਾਏ ਆਪਣਾ ਮੰਤਰ, ਆਪਣੇ ਨਾਮ ਕਰੇ ਪੜ੍ਹਾਈਆ। ਸਾਚਾ ਨਾਮ ਹਰੀ ਹਰਿ ਮੰਤਰ, ਨਮੋ ਦੇਵ ਵਾਸਤਕ ਰੂਪ ਸਰਬ ਸਮਾਈਆ। ਲੇਖਾ ਜਾਣੇ ਜੁਗਾ ਜੁਗੰਤਰ, ਜੁਗ ਕਰਤਾ ਸੱਚਾ ਪਾਤਸ਼ਾਹੀਆ। ਸਰਬ ਜੀਆਂ ਬਿਧ ਜਾਣੇ ਅੰਤਰ, ਘਟ ਘਟ ਬੈਠਾ ਆਸਣ ਲਾਈਆ। ਸਤਿਜੁਗ ਸਾਚੀ ਬਣਾਏ ਬਣਤਰ, ਕਲਜੁਗ ਮੇਟੇ ਝੂਠੀ ਸ਼ਾਹੀਆ। ਏਕਾ ਨਾਉਂ ਪਰਗਟਾਏ ਗਗਨ ਗਗਨੰਤਰ, ਲੋਕਮਾਤ ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਏਕਾ ਪੁਰਖ ਅਕਾਲ ਦੀਨ ਦਿਆਲ ਆਪਣਾ ਨਾਉਂ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦਾਤਾ ਪੁਰਖ ਬਿਧਾਤਾ ਉਤਮ ਰੱਖੇ ਆਪਣੀ ਜ਼ਾਤਾ, ਸ੍ਰਿਸ਼ਟ ਸਬਾਈ ਪਿਤਾ ਮਾਤਾ, ਲੱਖ ਚੁਰਾਸੀ ਪੂਤ ਸਪੂਤਾ ਵੇਖਣਹਾਰਾ ਦਹਿ ਦਿਸ਼ਾਂ ਚਾਰੇ ਕੂਟਾਂ, ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਮੇਲ ਮਿਲਾਏ ਥਾਉਂ ਥਾਈਂਆ। ਸਤਿ ਸਤਿਵਾਦੀ ਲਾਏ ਬੂਟਾ, ਅੰਮ੍ਰਿਤ ਸਿੰਚ ਹਰਿਆ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਲੇਖਾ ਜਾਣੇ ਦੋ ਜਹਾਨ, ਆਪਣਾ ਲੇਖਾ ਆਪਣੇ ਲੇਖੇ ਪਾਈਆ।